19 March 2024

ਕੁਝ ਆਮ ਪੁੱਛੇ ਜਾਂਦੇ ਸਵਾਲ

ਕੁਝ ਆਮ ਪੁੱਛੇ ਜਾਂਦੇ ਸਵਾਲ:

(1) ਰਚਨਾ ਕਿਸ ਫੌਂਟ ਵਿਚ ਭੇਜੀ ਜਾਵੇ?

ਹੁਣ ਅਸੀਂ ‘ਲਿਖਾਰੀ’ ਵੈੱਬ ਸਾਈਟ ਉੱਤੇ ਯੂਨੀਕੋਡ ਫੌਂਟ ਵਰਤਦੇ ਹਾਂ। ਇਸ ਫੌਂਟ ਵਿਚ ਭੇਜੀ ਰਚਨਾ ਸਾਨੂੰ ਕਨਵਰਟ ਨਹੀਂ ਕਰਨੀ ਪੈਂਦੀ ਪਰ ਜੇਕਰ ਕਿਸੇ ਕਾਰਨ ਤੁਸੀਂ ਹਾਲਾਂ ਵੀ ਯੂਨੀਕੋਡ ਫੌਂਟ ਦੀ ਵਰਤੋਂ ਨਹੀ ਕਰ ਰਹੇ ਤਾਂ ਹਾਲ ਦੀ ਘੜੀ ਭਾਵ ਜਦੋਂ ਤੱਕ ਤੁਸੀਂ ਯੂਨੀਕੋਡ ਫੌਂਟ ਦੀ ਵਰਤੋਂ ਕਰਨਾ ਆਰੰਭ ਨਹੀਂ ਕਰ ਲੈਂਦੇ, ਤੁਸੀਂ ਆਪਣੀ ਰਚਨਾ ਕਿਸੇ ਵੀ ਫੌਂਟ ਵਿਚ ਭੇਜ ਸਕਦੇ ਹੋ। ਸਾਡੇ ਪਾਸ ਕਨਵਰਸ਼ਨ ਦਾ ਪ੍ਰਬੰਧ ਹੈ ਪਰ ਸਮੱਸਿਆ ਇਹ ਹੈ ਕਿ ਕਰਵਰਸ਼ਨ ਕਰਨ ਤੋਂ ਬਾਅਦ ਕਾਫੀ ਸਮਾਂ ਸੋਧ ਉੱਤੇ ਲਾਉਣਾ ਪੈਂਦਾ ਹੈ। ਜੇ ਕਿਸੇ ਰਚਨਾ ਵਿਚ ਅੰਗਰੇਜ਼ੀ ਦੇ ਅੱਖਰਾਂ ਦੀ ਵਰਤੋਂ ਕੀਤੀ ਗਈ ਹੋਵੇ ਉਸ ਉੱਤੇ ਕਨਵਰਸ਼ਨ ਕਰਨ ਤੋਂ ਬਾਅਦ ਹੋਰ ਵੀ ਵਧੇਰੇ ਸਮਾਂ ਲਾਉਣਾ ਪੈਂਦਾ ਹੈ। ਯੂਨੀਕੋਡ ਫੌਂਟਾਂ ਵਿਚ ਇਹ ਸਮੱਸਿਆ ਨਹੀਂ ਆਉਂਦੀ। ਇਸੇ ਕਰਕੇ ਅਸੀਂ ਯੂਨੀਕੋਡ ਫੌਂਟਾਂ ਨੂੰ ਤਰਜੀਹ ਦਿੰਦੇ ਹਾਂ।

(2) “ਲਿਖਾਰੀ” ਵਿੱਚ ਨਵੀਆਂ ਰਚਨਾਵਾਂ ਕਿੰਨੇ ਦਿਨਾਂ ਬਾਅਦ ਲਾਈਆਂ ਜਾਂਦੀਆਂ ਹਨ?

ਜਦੋਂ ਵਕਤ ਮਿਲ ਜਾਵੇ। ਕਦੇ ਹਫਤੇ ਬਾਅਦ, ਕਦੇ ਤਿੰਨ-ਚਾਰ ਦਿਨ ਬਾਅਦ ਅਤੇ ਕਦੇ ਰੋਜ਼ ਹੀ।

(3) ਕੀ ਲਿਖਾਰੀ ਵਿੱਚ ਕੋਈ ਵੀ ਛਪ ਸਕਦਾ ਹੈ?

ਬਿਲਕੁੱਲ ਕੋਈ ਵੀ। ਤਜਰਬਾਕਾਰ ਲਿਖਾਰੀ ਅਤੇ ਨਵੇਂ ਲਿਖਾਰੀ/ਲਿਖਣ ਦੇ ਚਾਹਵਾਨ, ਜਿਹਨਾਂ ਪਾਸ ਛਪਣ ਯੋਗ ਮਿਆਰੀ (ਸਿਰਜਣਾਤਮਕ ਜਾਂ ਆਮ ਜਾਣਕਾਰੀ ਵਾਲਾ) ਕੁੱਝ ਹੈ। ‘ਲਿਖਾਰੀ’ ਇੱਕ ਗ਼ੈਰ-ਵਿਉਪਾਰਕ, ਆਰਥਕ-ਲਾਭ ਦੀ ਲਾਲਸਾ ਰਹਿਤ ਲੋਕ ਭਲਾਈ ਦੀਆਂ ਲੀਹਾਂ ਤੇ ਚਲਣ ਵਾਲਾ ਨਿਰਪੱਖ ਅਤੇ ਨਿਰ-ਗੁੱਟ ਪਰਚਾ ਹੈ। ਇਸ ਵਿੱਚ ਹਰ ਇੱਕ ਲਿਖਾਰੀ ਨੂੰ ਲਿਖਣ ਦਾ ਸੱਦਾ ਹੈ। ਨਵੇਂ ਲਿਖਾਰੀਆਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਰਚਨਾਵਾਂ ਸਬੰਧੀ ਹੋਰ ਤਜਰਬਾਕਾਰ ਲੇਖਕ ਮਿੱਤਰਾਂ/ਜਾਂ ਲਿਖਾਰੀ ਸਭਾਵਾਂ ਦੀਆਂ ਬੈਠਕਾਂ ਵਿੱਚ ਜਾ ਕੇ ਜਾਂ ਲਿਖਾਰੀ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਅਤੇ ਲੋੜੀਂਦੀ ਸੋਧ-ਸੁਧਾਈ/ਵਾਧ-ਘਾਟ ਕਰਕੇ ਹੀ ਰਚਨਾ “ਲਿਖਾਰੀ” ਨੂੰ ਭੇਜਣ। ਜਿਹੜੇ ਲਿਖਾਰੀ ਧੜਾਧੜ ਕੱਚੀਆਂ ਪਿੱਲੀਆਂ ਰਚਨਾਵਾਂ ਭੇਜਦੇ ਰਹਿੰਦੇ ਹਨ, ਉਨ੍ਹਾਂ ਦੀਆਂ ਰਚਨਾਵਾਂ ਪੜ੍ਹਨ/ਵਿਚਾਰਨ ਲਈ ਸਮਾਂ ਕੱਢ ਸਕਣਾ ਸਾਡੇ ਲਈ ਸੰਭਵ ਨਹੀਂ।

(4) ‘ਲਿਖਾਰੀ’ ਵਿੱਚ ਛਪਣ ਲਈ ਆਪਣੀਆਂ ਲਿਖਤਾਂ ਕਿਵੇਂ ਭੇਜੀਆਂ ਜਾਣ?

‘ਲਿਖਾਰੀ’ ਨੂੰ ਭੇਜੀ ਜਾਣ ਵਾਲੀ ਰਚਨਾ ਤੁਸੀਂ ਸਾਨੂੰ ਈ-ਮੇਲ ਕਰ ਸਕਦੇ ਹੋ ਜਾਂ ਵਟਸਅੱਪ ਤੇ ਭੇਜ ਸਕਦੇ ਹੋ। ‘ਲਿਖਾਰੀ’ ਦਾ ਈ-ਮੇਲ ਹੈ: likhari2001@gmail.com ਅਤੇ ਵਟਸਅੱਪ ਨੰਬਰ ਹੈ: +44 7814567077
ਅਸੀਂ ਹੱਥ ਲਿਖਤ ਰਚਨਾਵਾਂ ਛਾਪਣ ਤੋਂ ਅਸਮਰਥ ਹਾਂ। ‘ਲਿਖਾਰੀ’ ਨੂੰ ਭੇਜੀ ਜਾਣ ਵਾਲੀ ਰਚਨਾ, ਕਿਸੇ ਪਰਕਾਰ ਦਾ ਵੀ ਰਾਜਨੀਤਕ ਜਾਂ ਧਾਰਮਕ ਵਾਦ-ਵਿਵਾਦ ਛੇੜਨ ਵਾਲੀ, ਸੱਭਿਅਤਾ ਅਤੇ ਅਦਬ ਤੋਂ ਵਿਹੂਣੀ ਨਹੀਂ ਹੋਣੀ ਚਾਹੀਦੀ। ‘ਲਿਖਾਰੀ’ ਹਰ ਧਰਮ, ਫਿਰਕੇ, ਰੰਗ, ਨਸਲ ਦੇ ਲੇਖਕਾਂ/ਲੇਖਕਾਵਾਂ ਦਾ ਸਤਿਕਾਰ ਕਰਦਾ— ਨਿਰਪੱਖ, ਗੁਟਬੰਦੀ ਤੋਂ ਰਹਿਤ ਅਤੇ ਹਰ ਕਿਸਮ ਦੇ ਵਿਤਕਰੇ ਦਾ ਵਿਰੋਧੀ ਮੈਗ਼ਜ਼ੀਨ ਹੈ।

(5) ਕੀ ‘ਲਿਖਾਰੀ’ ਵਿੱਚ ਪਾਠਕਾਂ ਦੇ ਪੱਤਰ ਅਤੇ ਵਿਚਾਰ ਛਾਪਣ ਦਾ ਪਰਬੰਧ ਹੈ?

ਜੀ ਹਾਂ। ‘ਲਿਖਾਰੀ’ ਤੁਹਾਡਾ ਆਪਣਾ ਪਰਚਾ ਹੈ ਅਤੇ ਇਹ ਤੁਹਾਡੇ ਲਈ ਭਾਵ ਲੇਖਕਾਂ, ਪਾਠਕਾਂ, ਚਿੰਤਕਾਂ, ਵਿਚਾਰਵਾਨਾਂ, ਵਿਦਵਾਨਾਂ, ਵਿਦਿਅਕ ਮਾਹਿਰਾਂ, ਸਾਹਿਤ ਪਰੇਮੀਆਂ ਅਤੇ ਵਿਦਿਆਰਥੀਆਂ ਲਈ ਹੀ “ਇੰਟਰਨੈੱਟ” ਤੇ ਪਰਕਾਸ਼ਿਤ ਕੀਤਾ ਜਾ ਰਿਹਾ ਹੈ। ਪਾਠਕਾਂ ਦੇ ਪੱਤਰਾਂ ਜਾਂ ਵਿਚਾਰਾਂ ਜਾਂ ਲਿਖਤਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਅਤੇ ਪਰਚੇ ਵਿੱਚ ਯਥਾ-ਯੋਗ ਥਾਂ ਵੀ ਦਿੰਦੇ ਹਾਂ। ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਨਾਲ ਸਾਨੂੰ, ਪਰਚੇ ਨੂੰ ਹੁਣ ਨਾਲੋਂ ਹੋਰ ਵੀ ਵੱਧ ਚੰਗਾ ਬਨਾਉਣ ਵਿੱਚ ਸਹਾਇਤਾ ਮਿਲਦੀ ਹੈ। ਹਰ ‘ਲਿਖਾਰੀ’ ਆਪਣੀ ਕਲਮ ਪ੍ਰਤੀ ਈਮਾਨਦਾਰ ਰਹਿੰਦਿਆਂ ਇੱਕ ਜ਼ਿੰਮੇਵਾਰ ਲਿਖਤ ਹੀ ਲਿਖਦਾ ਹੈ ਜਾਂ ਲਿਖੇਗਾ ਇਹ ਸਾਡਾ ਵਿਸ਼ਵਾਸ਼ ਹੈ। ਲਿਖਣ ਲਈ ਲੇਖਕ ਹਰ ਤਰ੍ਹਾਂ ਸੁਤੰਤਰ ਹੈ ਪਰ ਇਸ ਆਜ਼ਾਦੀ ਦਾ ਇਹ ਅਰਥ ਕਦਾਚਿਤ ਨਹੀਂ ਕਿ ‘ਲਿਖਤ’ ਅਦਬ ਦੇ ਕਾਇਦੇ-ਕਾਨੂੰਨ ਨੂੰ ਹੀ ਛਿੱਕੇ ਟੰਗ ਦੇਵੇ। ਅਸੀਂ ਭੈੜੀ ਬੋਲੀ ਵਾਲੇ, ਵਾਦ-ਵਿਵਾਦ ਛੇੜਨ ਵਾਲੇ ਜਾਂ ਕਾਨੂੰਨੀ ਅੜਚਨਾਂ ਪੈਦਾ ਕਰਨ ਵਾਲੇ ਪੱਤਰ ਜਾਂ ਰਚਨਾਵਾਂ ਛਾਪਣ ਤੋਂ ਅਸਮਰਥ ਹਾਂ। ਇੰਟਰਨੈੱਟ ਦੀ ਆਪਣੀ ਇੱਕ ਮਰਿਆਦਾ ਹੈ ਅਤੇ ਅਸੀਂ ਇਸ ਮਰਿਆਦਾ ਦਾ ਉਲੰਘਣ ਨਹੀਂ ਕਰ ਸਕਦੇ।

ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕਰਦੀਆਂ ਜਾਂ ਸਮਾਜ ਵਿਰੋਧੀ ਰੁਝਾਨ ਨੂੰ ਉਤਸ਼ਾਹਤ ਕਰਦੀਆਂ ਰਚਨਾਵਾਂ ਅਸੀਂ ਨਹੀਂ ਛਾਪ ਸਕਾਂਗੇ। 

ਧਿਆਨ ਰਹੇ ਕਿ ‘ਲਿਖਾਰੀ’ ਵਿੱਚ ਛਪਣ ਵਾਲੀ ਹਰ ਰਚਨਾ/ਪੱਤਰ ਵਿੱਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਰਚਨਾ ਦਾ ਕਰਤਾ ਹੋਵੇਗਾ, ਕਿਸੇ ਤਰ੍ਹਾਂ ਵੀ ਅਦਾਰਾ ‘ਲਿਖਾਰੀ’ ਨਹੀਂ।

(6) ਕੀ ‘ਲਿਖਤਾਂ’ ਛਪਾਉਣ ਲਈ ‘ਲਿਖਾਰੀ’ ਨੂੰ ਕੋਈ ਪੈਸੇ ਦੇਣੇ ਪੈਂਦੇ ਹਨ? ਕੀ ‘ਲਿਖਾਰੀ’ ਵੱਲੋਂ ਰਚਨਾਵਾਂ ਲਈ ‘ਲਿਖਾਰੀਅਾਂ’ ਨੂੰ ਕੋਈ ਇਵਜ਼ਾਨਾ ਦਿੱਤਾ ਜਾਂਦਾ ਹੈ?

‘ਲਿਖਾਰੀ’ ਵਿੱਚ ਛਪਣ ਹਿੱਤ ਆਪ ਦੇ ਜ਼ਿੰਮੇ ਕੋਈ ਖਰਚ ਨਹੀਂ ਅਤੇ ਨਾ ਹੀ ‘ਲਿਖਾਰੀ’ ਆਪਦੀਆਂ ਅਣਮੋਲ ਰਚਨਾਵਾਂ ਲਈ ਕੋਈ ਇਵਜ਼ਾਨਾ ਦੇਣ ਦੇ ਸਮਰੱਥ ਹੈ।
ਆਪਦੀਆਂ ਸਿਰਜਣਾਤਮਕ ਰਚਨਾਵਾਂ ਦਾ ਇਵਜ਼ਾਨਾ ਇਹ ਹੀ ਹੈ ਕਿ ਇਹ ‘ਰਚਨਾਵਾਂ’ ਜਦੋਂ ਤੱਕ ‘ਲਿਖਾਰੀ’ ਕਾਇਮ ਹੈ ਸਦਾ ਹੀ ਪਾਠਕਾਂ, ਲੇਖਕਾਂ ਅਤੇ ਖੋਜੀਆਂ ਲਈ ਉਪਲਭਦ ਰਹਿਣਗੀਆਂ।

Please also do note that you will not receive any monetary compensation for your work published on LIKHARI site. The actual/immediate compensation we offer to all our contributors is a home for your creative work.

ਜੇਕਰ ਕਿਸੇ ਰਚਨਾ ਦਾ ਅਨੁਵਾਦ ਭੇਜਣਾ ਹੋਵੇ ਤਾਂ ਇਹ ਮੂਲ ਲੇਖਕ ਦੀ ਰਜ਼ਾਮੰਦੀ ਨਾਲ ਹੀ ਭੇਜਿਆ ਜਾਵੇ।

‘ਲਿਖਾਰੀ’ ਵਿਚ ਛਪਣ ਵਾਲੀਆਂ ਰਚਨਾਵਾਂ ਨਾਲ ਅਦਾਰਾ ‘ਲਿਖਾਰੀ’ ਦੀ ਸਹਿਮਤੀ ਜ਼ਰੂਰੀ ਨਹੀਂ।

ਕਹਾਣੀਆਂ ਅਤੇ ਹੋਰ ਕਈ ਰਚਨਾਵਾਂ ਵਿਚ ਨਾਮ ਅਤੇ ਸਥਾਨ ਆਦਿ ਫਰਜ਼ੀ ਹੁੰਦੇ ਹਨ। ਜੇਕਰ ਇਹ ਕਿਸੇ ਜਿਉਂਦੇ ਜਾਂ ਮਰ ਚੁੱਕੇ ਵਿਅਕਤੀ ਨਾਲ ਮਿਲ ਜਾਣ ਤਾਂ ਇਸ ਨੂੰ ਸੰਯੋਗ ਸਮਝਿਆ ਜਾਵੇ। ਅਦਾਰਾ ‘ਲਿਖਾਰੀ’ ਅਜਿਹੇ ਮੇਲ ਦਾ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਨਹੀਂ ਹੋਵੇਗਾ।
*****

(1) ‘ਲਿਖਾਰੀ’ ਨੂੰ ਭੇਜੀ ਗਈ ਹਰ ਰਚਨਾ (ਕਵਿਤਾ, ਗਜ਼ਲ, ਵਿਅੰਗ, ਕਹਾਣੀ, ਲੇਖ) ਦੇ ਨਾਲ, ਲੇਖਕ ਵਲੋਂ ਮੌਲਿਕਤਾ, ਅਣਛਪੀ ਹੋਣ ਅਤੇ ‘ਕਿਸੇ ਹੋਰ ਇੰਟਰਨੈੱਟ ਪਰਚੇ ਨੂੰ ਨਹੀਂ ਭੇਜੀ ਗਈ ਹੈ’ ਭਾਵ ‘ਲਿਖਾਰੀ’ ਵਿੱਚ ਛਪਣ ਹਿਤ ਭੇਜੀ ਗਈ ਰਚਨਾ ਕੇਵਲ ਲਿਖਾਰੀ ਲਈ ਹੀ ਹੈ, ਦਾ ਪ੍ਰਮਾਣ-ਪੱਤਰ ਆਉਣਾ ਲਾਜ਼ਮੀ ਹੈ।

(2) ਕਿਸੇ ਗੰਭੀਰ ਸਮੱਸਿਆ ਬਾਰੇ ਬਹੁਤ ਹੀ ਮਿਹਨਤ ਨਾਲ ਲਿਖਿਆ ਲੇਖ ਇੱਕੋ ਸਮੇਂ ਕਿਸੇ ਹੋਰ ਵੈੱਬਸਾਈਟ ਨੂੰ ਵੀ ਭੇਜਿਆ ਜਾ ਸਕਦਾ ਹੈ, ਪਰ ਸਾਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਇਹ ਛੋਟ ਕੇਵਲ ਲੇਖਾਂ ਵਾਸਤੇ ਹੀ ਹੈ। ਜਿਹੜੇ ਲੇਖਕ ਇਸ ਨਿਯਮ ਵੱਲ ਧਿਆਨ ਨਹੀਂ ਦੇਣਗੇ, ਅਸੀਂ ਉਨ੍ਹਾਂ ਦੀਆਂ ਲਿਖਤਾਂ ਵੱਲ ਧਿਆਨ ਨਹੀਂ ਦੇ ਸਕਾਂਗੇ।

(3) ਲਿਖਾਰੀ ਲਈ ਭੇਜੀ ਗਈ ਕੋਈ ਵੀ ਰਚਨਾ, ਕਿਸੇ ਹੋਰ ਇੰਟਰਨੈੱਟ ਪਰਚੇ ਨੂੰ, ਉਸ ਸਮੇਂ ਤੱਕ ਨਾ ਭੇਜੀ ਜਾਵੇ ਜਦੋਂ ਤੱਕ ਕਿ ਰਚਨਾ ਛਪਣ ਉਪਰੰਤ ਮੁੱਖ ਪੰਨੇ ਤੋਂ ਉਤਾਰ ਕੇ ਆਰਕਾਈਵ ਵਿੱਚ ਨਹੀਂ ਸਾਂਭ ਲਈ ਜਾਂਦੀ।

(4) ‘ਲਿਖਾਰੀ’ ਵਿਚ ਛਪਣ ਲਈ ਸਾਡੇ ਪਾਸ ਲੇਖਕਾਂ ਵੱਲੋਂ ਅਣਗਿਣਤ ਰਚਨਾਵਾਂ ਪੁੱਜਦੀਆਂ ਹਨ। ਅਸੀਂ ਉਹ ਰਚਨਾਵਾਂ ਪੜ੍ਹਨ ਲਈ ਅਜੇ ਵਕਤ ਵੀ ਨਹੀਂ ਕੱਢ ਸਕੇ ਹੁੰਦੇ ਕਿ ਉਨ੍ਹਾਂ ਦੇ ਛਪਣ ਜਾਂ ਨਾ ਛਪਣ ਬਾਰੇ ਲੇਖਕਾਂ ਵੱਲੋਂ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ। ਇਹ ਪੁੱਛਗਿੱਛ ਸਾਡਾ ਬਹੁਤ ਸਮਾਂ ਲੈ ਜਾਂਦੀ ਹੈ। ਜੇਕਰ ਕਿਸੇ ਲੇਖਕ ਦੀ ਭੇਜੀ ਹੋਈ ਕੋਈ ਰਚਨਾ ਇਕ ਮਹੀਨੇ ਦੇ ਅੰਦਰ-ਅੰਦਰ ‘ਲਿਖਾਰੀ’ ਦੇ ਮੁੱਖ ਪੰਨੇ ਉੱਤੇ ਨਹੀਂ ਲੱਗਦੀ ਤਾਂ ਇਹ ਸਮਝ ਲਿਆ ਜਾਵੇ ਕਿ ਉਹ ‘ਲਿਖਾਰੀ’ ਦੇ ਸਲਾਹਕਾਰ ਬੋਰਡ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ; ਇਸ ਲਈ ‘ਲਿਖਾਰੀ’ ਵਿੱਚ ਨਹੀਂ ਛਪੇਗੀ। ਛਪਣਯੋਗ ਰਚਨਾਵਾਂ ਵਾਸਤੇ ਸਮਾਂ ਬਚਾਉਣ ਲਈ ਸਾਨੂੰ ਅਜਿਹਾ ਕਰਨਾ ਪੈ ਰਿਹਾ ਹੈ। ਇਸ ਮਜਬੂਰੀ ਲਈ ਅਸੀਂ ਲੇਖਕਾਂ ਪਾਸੋਂ ਖ਼ਿਮਾ ਚਾਹੁੰਦੇ ਹਾਂ।

(5) ਹੁਣ ਤੋਂ ਹਰ ਰਚਨਾ ਦੇ ਅੰਤ ਵਿੱਚ, ਰਚਨਾ ਦੇ ‘ਲਿਖਾਰੀ’ ਵਿੱਚ ਛਪਣ ਸਬੰਧੀ ਤਰੀਕ ਦਿੱਤੀ ਜਾਵੇਗੀ। ਹਰ ਸਾਹਿਤਕ ਰਚਨਾ ਛੇ ਹਫਤੇ ਤੋਂ ਦੋ ਮਹੀਨੇ ਤੱਕ ਮੁੱਖ ਪੰਨੇ ਉੱਤੇ ਰਹੇਗੀ ਅਤੇ ਬਾਅਦ ਵਿੱਚ ‘ਆਰਕਾਈਵ’ ਵਿੱਚ ਚਲੀ ਜਾਵੇਗੀ ਅਤੇ ਲਿਖਾਰੀ ਦੇ ਪਾਠਕਾਂ/ਲੇਖਕਾਂ ਲਈ ਹਰ ਸਮੇਂ ਉਪਲਭਦ ਹੋਵੇਗੀ।

(6) ਸਾਡੀ ਸਾਰੇ ਲਿਖਾਰੀਆਂ ਨੂੰ ਬੇਨਤੀ ਹੈ ਕਿ ‘ਲਿਖਾਰੀ’ ਨੂੰ ਭੇਜੀਆਂ ਜਾ ਚੁੱਕੀਆਂ ਜਾਂ ਅਗਾਂਹ ਭੇਜੀਆਂ ਜਾਣ ਵਾਲੀਆਂ ਰਚਨਾਵਾਂ ਦੀ ‘ਹਾਰਡ ਅਤੇ ਸੌਫਟ’ ਕਾਪੀ ਆਪਣੇ ਪਾਸ ਜ਼ਰੂਰ ਸੰਭਾਲ ਕੇ ਰੱਖਣ। ਕੰਪਿਊਟਰ ਦੀ ਗੜਬੜ ਅਤੇ ਹੋਰ ਕਈ ਕਾਰਨਾਂ ਕਰਕੇ ਰਚਨਾਵਾਂ ਦੀ ਕਾਪੀ ਵਾਪਸ ਕਰਨ ਲਈ ਅਸੀਂ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਨਹੀਂ ਹੋਵਾਂਗੇ।

(7) ਸਾਡੇ ਪਾਸੇ ਅਨੇਕਾਂ ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਪਹੁੰਚਦੀ ਹੈ। ਅਸੀਂ ਸਮੇਂ ਦੀ ਘਾਟ ਕਾਰਨ ਸਾਰੀਆਂ ਪੁਸਤਕਾਂ ਦੀ ਜਾਣਕਾਰੀ ‘ਲਿਖਾਰੀ’ ਵਿਚ ਨਹੀਂ ਛਾਪ ਸਕਦੇ। ਜੇ ਕਿਸੇ ਲੇਖਕ ਵੱਲੋਂ ਆਪਣੀ ਪੁਸਤਕ ਬਾਰੇ ਭੇਜੀ ਗਈ ਜਾਣਕਾਰੀ ਇਕ ਮਹੀਨੇ ਦੇ ਅੰਦਰ-ਅੰਦਰ ‘ਲਿਖਾਰੀ’ ਵਿੱਚ ਨਹੀਂ ਛਪਦੀ ਤਾ ਸਮਝ ਲਿਆ ਜਾਵੇ ਕਿ ਉਸ ਪੁਸਤਕ ਵਾਸਤੇ ਅਸੀਂ ਸਮਾਂ ਨਹੀਂ ਕੱਢ ਸਕਾਂਗੇ। ਇਸ ਬਾਰੇ ਕੋਈ ਪੁੱਛ-ਪੜਤਾਲ ਨਾ ਕੀਤੀ ਜਾਵੇ। ਮੁਆਫੀ ਚਾਹੁੰਦੇ ਹਾਂ।

(9) ਹੁਣ ਅਸੀਂ ‘ਲਿਖਾਰੀ’ ਵਿੱਚ ਸਾਹਿਤ ਸਭਾਵਾਂ ਦੀਆਂ ਕੇਵਲ ਤਿਮਾਹੀ, ਛਿਮਾਹੀ, ਵਾਰਸ਼ਕ ਜਾਂ ਸਨਮਾਨ ਸਮਾਰੋਹਾਂ ਦੀਆਂ ਰਿਪੋਰਟਾਂ ਹੀ ਪ੍ਰਕਾਸ਼ਿਤ ਕਰ ਸਕਾਂਗੇ। ਸਥਾਨਕ ਮਾਸਿਕ ਇਕੱਤਰਤਾਵਾਂ ਦੀਆਂ ਰਿਪੋਰਟਾਂ ਸਾਨੂੰ ਨਾ ਭੇਜੀਆਂ ਜਾਣ। ਰਿਪੋਰਟ ਦੇ ਨਾਲ ਕੇਵਲ ਇਕ ਹੀ ਛੋਟੇ ਆਕਾਰ ਦੀ ਤਸਵੀਰ ਭੇਜੀ ਜਾਵੇ।

ਜੇਕਰ ਆਪ ਦੇ ਮਨ ਵਿੱਚ ਕੋਈ ਹੋਰ ਸਵਾਲ ਹੈ ਤਾਂ ਅਸੀਂ ਉਸਦਾ ਵੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

****
ਟਿੱਪਣੀ: ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।