17 September 2024
gursharan singh kumar

ਜ਼ਿੰਦਗੀ ਦੇ ਕਪਤਾਨ ਬਣੋ—ਗੁਰਸ਼ਰਨ ਸਿੰਘ ਕੁਮਾਰ

ਅਸੀਂ ਕਿਉਂ ਭਰੋਸਾ ਕਰੀਏ ਗ਼ੈਰਾਂ ’ਤੇ,
ਸਾਨੂੰ ਚੱਲਣਾ ਹੀ ਪੈਣੇ, ਆਪਣੇ ਹੀ ਪੈਰਾਂ ’ਤੇ।
ਗੁਰਸ਼ਰਨ ਸਿੰਘ ਕੁਮਾਰ ਜੀ ਦੀਅਾਂ 9 ਪੁਸਤਕਾਂ

ਕਈ ਮਨੁੱਖ 60/70 ਪੱਤਝੜ ਅਤੇ ਬਸੰਤ ਦੇਖਦੇ ਹੋਏ ਆਪਣੀ ਜ਼ਿੰਦਗੀ ਦੀ ਸ਼ਾਮ ਵਲ ਵਧ ਰਹੇ ਹੁੰਦੇ ਹਨ ਪਰ ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦੀ ਜਾਂਚ ਹਾਲੀ ਵੀ ਨਹੀਂ ਆਉਂਦੀ। ਉਨ੍ਹਾਂ ਵਿਚ ਆਤਮ ਵਿਸ਼ਵਾਸ ਪੈਦਾ ਹੀ ਨਹੀਂ ਹੁੰਦਾ ਕਿ ਉਹ ਕਿਸੇ ਵੀ ਕੰਮ ਨੂੰ ਠੀਕ ਢੰਗ ਨਾਲ ਕਰ ਸਕਦੇ ਹਨ। ਉਨ੍ਹਾਂ ਨੂੰ ਹਰ ਸਮੇਂ  ਅੰਦਰੋਂ ਇਹ ਡਰ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਮੇਰੇ ਕੋਲੋਂ ਇਹ ਕੰਮ ਠੀਕ ਤਰ੍ਹਾਂ ਹੋਵੇਗਾ ਜਾਂ ਨਹੀਂ? ਲੋਕ ਕੀ ਕਹਿਣਗੇ? ਮੇਰਾ ਮਜ਼ਾਕ ਹੀ ਤਾਂ ਨਹੀਂ ਉਡਾਉਣਗੇ? ਇਸ ਲਈ ਉਹ ਕੋਈ ਵੀ ਕਦਮ ਪੱਕੇ ਪੈਰੀਂ ਨਹੀਂ ਚੁੱਕ ਸਕਦੇ। ਇਹ ਕਿਹਾ ਜਾ ਸਕਦਾ ਹੈ ਕਿ ਉਹ ਸਾਰੀ ਉਮਰ ਹੀ ਆਪਣੇ ਪੈਰਾਂ ਤੇ ਆਪ ਖੜ੍ਹੇ ਨਹੀਂ ਹੋ ਸਕਦੇ। ਉਹ ਛੋਟੇ ਤੋਂ ਛੋਟੇ ਕੰਮ ਲਈ ਵੀ ਦੂਸਰੇ ਦਾ ਆਸਰਾ ਹੀ ਲੱਭਦੇ ਰਹਿੰਦੇ ਹਨ। ਇਸ ਤੋਂ ਇਹ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਜਾਂ ਪਾਲਣਹਾਰੇ ਤੋਂ ਉਨ੍ਹਾਂ ਦੀ ਪਰਵਰਿਸ਼ ਵਿਚ ਕੋਈ ਕਮੀ ਰਹਿ ਗਈ ਹੈ। ਅਜਿਹੇ ਮਾਂ-ਪਿਓ ਆਪਣੇ ਬੱਚਿਆਂ ਦੀ ਵੀ ਠੀਕ ਅਗਵਾਈ ਨਹੀਂ ਕਰ ਪਾਉਂਦੇ। ਕਈ ਵਾਰੀ ਉਨ੍ਹਾਂ ਦੇ ਬੱਚੇ ਮੰਦ-ਬੁੱਧੀ ਹੋ ਕੇ ਹੀ ਰਹਿ ਜਾਂਦੇ ਹਨ।

ਕਹਿੰਦੇ ਹਨ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਜਿਸ ਨੇ ਉਸ ਵਿਚ ਗ਼ਲਤ ਆਦਤਾਂ ਪਲਰਨ ਦਿੱਤੀਆਂ ਹਨ। ਜਦ ਬੱਚੇ ਕੋਈ ਗ਼ਲਤ ਕੰਮ ਕਰਦੇ ਹਨ ਤਾਂ ਉਸ ਦਾ ਉਲ੍ਹਾਂਭਾ ਉਨ੍ਹਾਂ ਦੇ ਮਾਂ-ਪਿਓ ਨੂੰ ਹੀ ਜਾਂਦਾ ਹੈ। ਬੱਚਿਆਂ ਨੂੰ ਕੇਵਲ ਨੌਕਰਾਂ ਦੇ ਸਹਾਰੇ ਹੀ ਨਾ ਛੱਡੋ। ਨੌਕਰ ਬੱਚਿਆਂ ਨੂੰ ਕੋਈ ਸੰਸਕਾਰ ਨਹੀਂ ਦੇ ਸਕਦੇ। ਇਸ ਲਈ ਬੱਚਿਆਂ ਨੂੰ ਆਪ ਚੰਗੇ ਸੰਸਕਾਰ ਦਿਉ। ਆਪਣੇ ਬੱਚਿਆਂ ਲਈ ਖ਼ੁਦ ਆਪਣਾ ਸਮਾਂ ਕੱਢੋ। ਉਨ੍ਹਾਂ ਨਾਲ ਖੇਡ ਕੇ ਉਨ੍ਹਾਂ ਦਾ ਮਨੋਰੰਜਨ ਵੀ ਕਰੋ ਇਸ ਤਰ੍ਹਾਂ ਬੱਚੇ ਤੁਹਾਡੇ ਨਾਲ ਦਿਲੋਂ ਜੁੜੇ ਰਹਿਣਗੇ। ਉਨ੍ਹਾਂ ਦੇ ਵਿਗੜਨ ਦਾ ਵੀ ਡਰ ਨਹੀਂ ਰਹੇਗਾ। ਉਨ੍ਹਾਂ ’ਤੇ ਨਿਗਰਾਨੀ ਰੱਖੋ ਕਿ ਉਹ ਕੀ ਕੰਮ ਕਰਦੇ ਹਨ। ਉਨ੍ਹਾਂ ਦੀ ਸੰਗਤ ਕੈਸੀ ਹੈ? ਉਹ ਕਿਸ ਤਰ੍ਹਾਂ ਸੋਚਦੇ ਹਨ? ਸਮੇਂ ਸਮੇਂ ਉਨ੍ਹਾਂ ਨੂੰ ਚੰਗੀਆਂ ਗੱਲਾਂ ਸਿਖਾਉਂਦੇ ਰਹੋ। ਉਨ੍ਹਾਂ ਨੂੰ ਚੰਗੇ ਮਾੜੇ ਦਾ ਫ਼ਰਕ ਸਮਝਾਓ। ਉਨ੍ਹਾਂ ਨੂੰ ਮਹਾਂਪੁਰਖਾਂ ਦੀਆਂ ਜੀਵਨੀਆਂ ਸੁਣਾ ਕੇ ਸੱਚੇ ਮਾਰਗ ਤੇ ਚੱਲਣ ਲਈ ਪ੍ਰੇਰਤ ਕਰੋ। ਬੱਚਿਆਂ ਦੀਆਂ ਦਾਦੀਆਂ-ਨਾਨੀਆਂ ਇਹ ਕੰਮ ਬਹੁਤ ਚੰਗੀ ਤਰ੍ਹਾਂ ਕਰ ਲੈਂਦੀਆਂ ਹਨ।

ਬੱਚਿਆਂ ਦੀਆਂ ਚੰਗੀਆਂ ਆਦਤਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਨਿੱਖਰਦੀ ਹੈ ਅਤੇ ਭੈੜੀਆਂ ਆਦਤਾਂ ਨਾਲ ਬਿਖਰਦੀ ਹੈ। ਇਸ ਲਈ ਬੱਚੇ ਦੀ ਪਹਿਲੀ ਗ਼ਲਤੀ ਨੂੰ ਹੀ ਮਾਮੂਲੀ ਗੱਲ ਕਹਿ ਕੇ ਅਣਗੋਲਿਆ ਨਾ ਕਰੋ। ਉਸ ਨੂੰ ਸਮਝਾਉ ਕਿ ਇਹ ਕੰਮ ਗ਼ਲਤ ਹੈ ਤਾਂ ਕਿ ਉਹ ਉਸ ਗ਼ਲਤੀ ਨੂੰ ਦੁਬਾਰਾ ਨਾ ਦੁਹਰਾਏ। ਬੱਚਿਆਂ ਦਾ ਪਾਲਣ-ਪੋਸਣ ਬੜੇ ਧਿਆਨ ਨਾਲ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਬਹੁਤ ਦਬਾ ਕੇ ਜਾਂ ਡਰਾ ਕੇ ਵੀ ਨਹੀਂ ਰੱਖਣਾ ਚਾਹੀਦਾ। ਇਸ ਤਰ੍ਹਾਂ ਉਹ ਦੱਬੂ ਬਣ ਕੇ ਰਹਿ ਜਾਂਦੇ ਹਨ। ਉਨ੍ਹਾਂ ਵਿਚ ਆਤਮਵਿਸ਼ਵਾਸ ਪੈਦਾ ਨਹੀਂ ਹੋ ਸਕਦਾ। ਉਨ੍ਹਾਂ ਦੇ ਚੰਗੇ ਕੰਮਾਂ ਦੀ ਤਰੀਫ਼ ਕਰ ਕੇ ਉਨ੍ਹਾਂ ਨੂੰ ਉਸਾਰੂ ਕੰਮ ਕਰਨ ਲਈ ਉਤਸਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਵਿਚ ਆਤਮਵਿਸ਼ਵਾਸ ਵਧੇ ਅਤੇ ਉਹ ਵੱਡੇ ਹੋ ਕੇ ਆਪਣੀ ਜ਼ਿੰਮੇਵਾਰੀ ਚੁੱਕ ਸਕਣ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਦਲੇਰੀ ਨਾਲ ਕਰ ਸੱਕਣ।

ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਨਾਲ ਆਪਣੀ ਜ਼ਿੰਦਗੀ ਵੀ ਖ਼ੁਦ ਹੀ ਬਣਾਉਣੀ ਹੈ। ਜੇ ਤੁਸੀਂ ਜ਼ਿੰਦਗੀ ਵਿਚ ਕੁਝ ਬਣਨਾ ਚਾਹੁੰਦੇ ਹੋ ਤਾਂ ਆਪਣੀ ਜ਼ਿੰਦਗੀ ਦੀ ਕਿਸ਼ਤੀ ਦੇ ਮਲਾਹ ਆਪ ਬਣੋ। ਤੁਸੀਂ ਹਰ ਸਮੇਂ ਕਿਸਮਤ ਦੇ ਰੌਣੇ ਹੀ ਨਾ ਰੌਦੇ ਰਹੋ। ਹਰ ਸਮੇਂ ਰੱਬ ਨੂੰ ਉਲ੍ਹਾਂਭੇ ਹੀ ਨਾ ਦਿੰਦੇ ਰਹੋ ਕਿ ਮੈਂਨੂੰ ਇਹ ਨਹੀਂ ਮਿਲਿਆ—ਮੈਂਨੂੰ ਉਹ ਨਹੀਂ ਮਿਲਿਆ। ਜੋ ਮਿਲਿਆ ਹੈ ਉਸ ਤੇ ਸਬਰ ਕਰੋ। ਆਪਣੇ ਸਰੀਰਕ ਅੰਗਾਂ, ਦਿਮਾਗ਼ ਅਤੇ ਆਪਣੇ ਹੁਨਰ ਨਾਲ ਆਪਣੀ ਪ੍ਰਤਿਭਾ ਨੂੰ ਨਿਖ਼ਾਰੋ। ਆਪਣੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾਉ ਅਤੇ ਕੁਝ ਕਰ ਕੇ ਦਿਖਾਉ। ਬੇਸ਼ੱਕ ਹਰ ਕੋਈ ਉੱਚੀ ਤੋਂ ਉੱਚੀ ਚੋਟੀ ਤੇ ਪਹੁੰਚਣਾ ਚਾਹੁੰਦਾ ਹੈ ਪਰ ਇਹ ਯਾਦ ਰੱਖੋ ਕਿ ਸਭ ਤੋਂ ਉੱਚੀ ਚੋਟੀ ਤੇ ਹਰ ਕੋਈ ਬਿਰਾਜ਼ਮਾਨ ਨਹੀਂ ਹੋ ਸਕਦਾ। ਉੱਥੇ ਜਗ੍ਹਾ ਬਹੁਤ ਘੱਟ ਹੁੰਦੀ ਹੈ ਅਤੇ ਇਕ ਸਮੇਂ ਕੇਵਲ ਇਕ ਵਿਅਕਤੀ ਹੀ ਉੱਥੇ ਬਿਰਾਜ਼ਮਾਨ ਹੋ ਸਕਦਾ ਹੈ (ਜਿਵੇਂ ਰਾਜਨੀਤੀ ਵਿਚ ਜਾਂ ਕਿਸੇ ਦਫ਼ਤਰ ਦੀ ਸਭ ਤੋਂ ਵੱਡੀ ਕੁਰਸੀ ’ਤੇ)। ਉਸ ਚੋਟੀ ਤੋਂ ਡਿਗੱਣ ਦਾ ਵੀ ਬਹੁਤ ਖ਼ਤਰਾ ਹੁੰਦਾ ਹੈ ਕਿਉਂਕਿ ਥੱਲਿਓਂ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਹਨ। ਇਸ ਲਈ ਨਿਰਾਸ਼ਾ ਹੀ ਹੱਥ ਲੱਗਦੀ ਹੈ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕੁਦਰਤ ਨੇ ਸਾਨੂੰ ਜੋ ਵੀ ਹੁਨਰ ਅਤੇ ਲਿਆਕਤ ਦਿੱਤੀ ਹੈ ਉਸ ਦਾ ਸਭ ਤੋਂ ਵਧੀਆ ਅਤੇ ਪੂਰਾ ਪੂਰਾ ਇਸਤੇਮਾਲ ਕਰਕੇ ਸਭ ਤੋਂ ਉੱਤਮ ਕੰਮ ਕਰੀਏ। ਇਸ ਲਈ ਸਾਨੂੰ ਅੱਗੇ ਵਧਣ ਦਾ ਸਹੀ ਮਾਰਗ ਅਖਤਿਆਰ ਕਰਨਾ ਪਵੇਗਾ। ਆਮ ਤੋਰ ਤੇ ਹਰ ਕੰਮ ਦੇ ਦੋ ਪਹਿਲੂ ਹੁੰਦੇ ਹਨ, ਇਕ ਸਾਰਥਕ ਅਤੇ ਇਕ ਨਿਰਾਰਥਕ ਭਾਵ ਇਕ ਚੰਗਾ ਅਤੇ ਦੂਜਾ ਮਾੜਾ। ਚੰਗਾ ਅਤੇ ਠੀਕ ਰਸਤਾ ਸਾਨੂੰ ਉਸਾਰੂ ਪਾਸੇ ਲੈ ਜਾਂਦਾ ਹੈ। ਇਹ ਰਸਤਾ ਸਾਨੂੰ ਸ਼ਾਂਤੀ ਦਿੰਦਾ ਹੈ ਅਤੇ ਬੁਲੰਦੀਆਂ ਤੇ ਪਹੁੰਚਾਉਂਦਾ ਹੈ। ਸਮਾਜ ਵਿਚ ਸਾਡੀ ਪਹਿਚਾਨ ਬਣਦੀ ਹੈ। ਅਸੀਂ ਆਪਣੇ ਮਾਂ-ਪਿਓ ਦਾ ਨਾਮ ਰੋਸ਼ਨ ਕਰਦੇ ਹਾਂ। ਸਭ ਨੂੰ ਪਤਾ ਚੱਲਦਾ ਹੈ ਕਿ ਸਾਨੂੰ ਉਨ੍ਹਾਂ ਨੇ ਚੰਗੇ ਸੰਸਕਾਰ ਦਿੱਤੇ ਹਨ। ਦੂਜਾ ਰਸਤਾ ਸਾਨੂੰ ਬਰਬਾਦ ਕਰਕੇ ਤਬਾਹੀ ਵਾਲੇ ਪਾਸੇ ਲੈ ਜਾਂਦਾ ਹੈ। ਇਹ ਰਸਤਾ ਪਿੱਛੇ ਰਾਖ ਦੇ ਢੇਰ ਤੋਂ ਸਿਵਾ ਕੁਝ ਨਹੀਂ ਛੱਡਦਾ। ਸਾਡੇ ਕੋਲ ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ ਰਹਿੰਦਾ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਮਾਂ-ਪਿਓ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਨਹੀਂ ਦਿੱਤੇ। ਜਿਹੜੇ ਲੋਕ ਆਪਣੀ ਬੁੱਧੀ ਦਾ ਉਸਾਰੂ ਪਾਸੇ ਪ੍ਰਯੋਗ ਕਰਦੇ ਹਨ ਉਹ ਦੇਸ਼ ਦਾ ਵਿਕਾਸ ਕਰਦੇ ਹਨ। ਉਹ ਸਮਾਜ ਅਤੇ ਦੁਨੀਆਂ ਦਾ ਵੀ ਭਲਾ ਹੀ ਸੋਚਦੇ ਹਨ। ਦੂਜੇ ਪਾਸੇ ਜਿਹੜੇ ਲੋਕ ਨਾਂਹ ਪੱਖੀ ਸੋਚਦੇ ਹਨ, ਉਹ ਚੋਰ, ਡਾਕੂ ਅਤੇ ਅੱਤਵਾਦੀ ਬਣਦੇ ਹਨ। ਉਹ ਮਨੁੱਖਤਾ ਨੂੰ ਰਸਾਤਲ ਵੱਲ  ਲੈ ਜਾਂਦੇ ਹਨ।

ਦੂਸਰੇ ਦੇ ਹੁਕਮ ਮੁਤਾਬਕ ਚੱਲਣਾ ਜਾਂ ਉਸ ਦੀ ਇੱਛਾ ਮੁਤਾਬਕ ਕੰਮ ਕਰਨਾ ਇਕ ਤਰ੍ਹਾਂ ਦੀ ਮਾਨਸਿਕ ਗ਼ੁਲਾਮੀ ਹੁੰਦੀ ਹੈ, ਜੋ ਮਨੁੱਖ ਨੂੰ ਕਦੀ ਆਤਮ ਨਿਰਭਰ ਬਣਨ ਨਹੀਂ ਦਿੰਦੀ। ਦੂਸਰੇ ਦੇ ਪਰਛਾਵੇਂ ਵਿਚ ਖੜ੍ਹੇ ਰਹਿ ਕੇ ਅਸੀਂ ਆਪਣਾ ਪਰਛਾਵਾਂ (ਹੱਸਤੀ) ਹੀ ਗੁਵਾ ਬੈਠਦੇ ਹਾਂ। ਆਪਣੇ ਪਰਛਾਵੇਂ ਲਈ ਸਾਨੂੰ ਖੁਦ ਹੀ ਧੁੱਪ ਵਿਚ ਖੜ੍ਹੇ ਹੋਣਾ ਪਵੇਗਾ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਜਹਾਜ ਦੇ ਕਪਤਾਨ ਆਪ ਬਣ ਕੇ ਉਸ ਨੂੰ ਠੀਕ ਮੰਜ਼ਿਲ ਤੇ ਪਹੁੰਚਾਉਣਾ ਹੈ ਜਾਂ ਦੁਚਿੱਤੀ ਵਿਚ ਪੈ ਕੇ ਘੁਮਣਘੇਰੀ ਵਿਚ ਡੁਬੋਣਾ ਹੈ ਜਾਂ ਇਸ ਦੀ ਵਾਗਡੋਰ ਕਿਸੇ ਹੋਰ ਦੇ ਹੱਥ ਵਿਚ ਫੜਾ ਕੇ ਇਸ ਜਹਾਜ ਨੂੰ ਚੱਟਾਨਾਂ ਨਾਲ ਟਕਰਾ ਕੇ ਤਬਾਹ ਕਰਨਾ ਹੈ। ਸੰਤ-ਸਿਪਾਹੀ ਤਲਵਾਰ ਨੂੰ ਗ਼ਰੀਬ-ਗ਼ੁਰਬੇ ਅਤੇ ਕਮਜੋਰ ਬੰਦਿਆਂ ਦੀ ਰੱਖਿਆ ਲਈ ਧਾਰਨ ਕਰਦੇ ਹਨ ਪਰ ਇਸੇ ਤਲਵਾਰ ਨੂੰ ਕਈ ਲੋਕ ਦੂਸਰੇ ਦਾ ਗਲਾ ਕੱਟਣ ਲਈ ਵੀ ਵਰਤਦੇ ਹਨ। ਇਹ ਸਾਡੀ ਸੋਚ ਅਤੇ ਕੰਮ ਕਰਨ ਦੇ ਢੰਗ ਦਾ ਫ਼ਰਕ ਹੈ। ਹਮੇਸ਼ਾਂ ਆਪਣੇ ਵਿਚਾਰ ਉਸਾਰੂ ਅਤੇ ਲੋਕ ਭਲਾਈ ਵਾਲੇ ਰੱਖੋ। ਤੁਸੀਂ ਮਨੁੱਖ ਹੋ ਅਤੇ ਮਨੁੱਖਤਾ ਵਾਲੇ ਹੀ ਕੰਮ ਕਰੋ।ਇਨਸਾਨੀਅਤ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾਉ। ਚੰਗੇ ਵਿਉਹਾਰ ਦੀ ਵੈਸੇ ਤਾਂ ਕੋਈ ਆਰਥਕ ਕੀਮਤ ਨਹੀਂ ਪਾਈ ਜਾ ਸਕਦੀ ਪਰ ਤੁਹਾਡਾ ਚੰਗਾ ਵਿਉਹਾਰ ਸੈਂਕੜੇ ਦਿਲਾਂ ਨੂੰ ਖ਼ਰੀਦਣ ਦੀ ਸ਼ਕਤੀ ਰੱਖਦਾ ਹੈ। ਪ੍ਰਮਾਤਮਾ ਚਾਹੁੰਦਾ ਹੈ ਕਿ ਉਸ ਨੇ ਜੋ ਤੁਹਾਨੂੰ ਗੁਣ ਦਿੱਤੇ ਹਨ, ਤੁਸੀਂ ਉਨ੍ਹਾਂ ਦਾ ਸਭ ਤੋਂ ਵਧੀਆ ਇਸਤੇਮਾਲ ਕਰਕੇ ਦਿਖਾਉ। ਇਸ ਨਾਲ ਤੁਹਾਡੀ ਸ਼ਖਸੀਅਤ ਬਣੇਗੀ ਜਿਸ ਵਿਚੋਂ ਤੁਹਾਨੂੰ ਸਿਰਜਣ ਵਾਲੇ ਪ੍ਰਮਾਤਮਾ ਦੀ ਸ਼ਖਸੀਅਤ ਝਲਕੇਗੀ।

ਇਹ ਵੀ ਯਾਦ ਰੱਖੋ ਕਿ ਚੰਗੇ ਲੋਕਾਂ ਦੀ ਨੁਕਤਾਚੀਨੀ ਵੀ ਹੁੰਦੀ ਹੀ ਰਹਿੰਦੀ ਹੈ ਕਿਉਂਕਿ ਦੂਸਰੇ ਲੋਕ ਆਪ ਉਨ੍ਹਾਂ ਜਿਹਾ ਸ਼ਾਨਦਾਰ ਕੰਮ ਨਹੀਂ ਕਰ ਸਕਦੇ। ਇਸ ਲਈ ਉਹ ਚੰਗੇ ਲੋਕਾਂ ਨਾਲ ਈਰਖਾ ਕਰਦੇ ਰਹਿੰਦੇ ਹਨ। ਜੇ ਤੁਸੀਂ ਕੋਈ ਚੰਗਾ ਕੰਮ ਕਰ ਰਹੇ ਹੋ ਤਾਂ ਆਤਮਵਿਸ਼ਵਾਸ ਰੱਖ ਕੇ ਆਪਣੇ ਰਸਤੇ ਤੇ ਚੱਲਦੇ ਰਹੋ। ਲੋਕਾਂ ਦੇ ਮਾੜੇ ਵਿਚਾਰਾਂ ਨੂੰ ਆਪਣੇ ਅੰਦਰ ਨਾ ਆਉਣ ਦਿਉ। ਕਿਉਂਕਿ ਜਹਾਜ਼ ਆਸ-ਪਾਸ ਦੇ ਪਾਣੀ ਨਾਲ ਕਦੀ ਨਹੀਂ ਡੁੱਬਦਾ, ਜਹਾਜ਼ ਡੁੱਬਦਾ ਹੈ ਉਸ ਪਾਣੀ ਨਾਲ ਜਿਹੜਾ ਉਸ ਦੇ ਅੰਦਰ ਆ ਜਾਂਦਾ ਹੈ। ਜੇ ਤੁਸੀਂ ਦੂਸਰੇ ਦੇ ਮਾੜੇ ਅਤੇ ਘਟੀਆ ਵਿਚਾਰਾਂ ਨੂੰ ਆਪਣੇ ਅੰਦਰ ਸਥਾਨ ਦਿਉਗੇ ਤਾਂ ਤੁਹਾਡੇ ਅੰਦਰ ਆਪਣੇ ਆਪ ਵਿਚ ਘਟੀਆ ਹੋਣ ਦਾ ਅਹਿਸਾਸ ਆਵੇਗਾ। ਤੁਸੀਂ ਨਿਰਾਸ਼ਾ ਵਿਚ ਡੁੱਬ ਜਾਵੋਗੇ ’ਤੇ ਕੋਈ ਕੰਮ ਪੱਕੇ ਪੈਰੀਂ, ਠੀਕ ਢੰਗ ਨਾਲ ਨਹੀਂ ਕਰ ਪਾਵੋਗੇ। ਕੰਮ ਦੀ ਪੂਰਨਤਾ ਤੋਂ ਪਹਿਲਾਂ ਹੀ ਹੌਸਲਾ ਛੱਡ ਜਾਵੋਗੇ ਅਤੇ ਉਹ ਕੰਮ ਅਧੂਰਾ ਜਾਂ ਬੇਸੁਰਾ ਹੀ ਰਹਿ ਜਾਵੇਗਾ।

ਜਦ ਅਸੀਂ ਕੋਈ ਗੱਡੀ ਚਲਾਉਂਦੇ ਹਾਂ ਤਾਂ ਕਈ ਵਾਰੀ ਉਹ ਰਸਤੇ ਵਿਚ ਹੀ ਪੈਂਚਰ ਹੋ ਜਾਂਦੀ ਹੈ। ਕਈ ਵਾਰੀ ਕੋਈ ਹੋਰ ਨੁਕਸ ਪੈ ਜਾਂਦਾ ਹੈ ਜਾਂ ਕੋਈ ਪੁਰਜਾ ਹੀ ਖ਼ਰਾਬ ਹੋ ਜਾਂਦਾ ਹੈ। ਕਈ ਵਾਰੀ ਰਸਤੇ ਵਿਚ ਸਾਡਾ ਚਲਾਨ ਵੀ ਹੋ ਸਕਦਾ ਹੈ। ਅਜਿਹੀ ਹਾਲਤ ਵਿਚ ਅਸੀਂ ਗੱਡੀ ਦਾ ਨੁਕਸ ਠੀਕ ਕਰਾ ਕੇ ਜਾਂ ਚਲਾਨ ਭਰ ਕੇ ਆਪਣਾ ਅਗਲਾ ਸਫ਼ਰ ਜਾਰੀ ਰੱਖਦੇ ਹਾਂ। ਇਹ ਹੀ ਅਸੂਲ ਸਾਡੀ ਜ਼ਿੰਦਗੀ ਦੀ ਗੱਡੀ ਤੇ ਲਾਗੂ ਹੁੰਦਾ ਹੈ। ਜ਼ਿੰਦਗੀ ਦੇ ਸਫ਼ਰ ਵਿਚ ਸਾਨੂੰ ਕਈ ਅਸਫ਼ਲਤਾਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸਾਨੂੰ ਕਦੀ ਕੋਈ ਸੱਟ ਫੇਟ ਵੀ ਲੱਗ ਸਕਦੀ ਹੈ ਜਾਂ ਅਸੀਂ ਕਦੀ ਬਿਮਾਰ ਵੀ ਹੋ ਸਕਦੇ ਹਾਂ। ਸਾਡਾ ਕੋਈ ਹੋਰ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਸਾਨੂੰ ਇਹੋ ਜਹੀਆਂ ਰੁਕਾਵਟਾਂ ਤੋਂ ਘਭਰਾਉਣਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਨੂੰ ਜ਼ਿੰਦਗੀ ਦਾ ਇਕ ਹਿੱਸਾ ਸਮਝ ਕੇ ਸਹਿਜ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਆਪਣੀ ਮੰਜ਼ਿਲ ਵਲ ਵਧਦੇ ਜਾਣਾ ਚਾਹੀਦਾ ਹੈ। ਯਾਦ ਰੱਖੋ ਕਿ ਮੰਜ਼ਿਲ ਮੰਜ਼ਿਲ ਹੀ ਹੁੰਦੀ ਹੈ ਅਤੇ ਪੜਾਅ ਪੜਾਅ ਹੀ ਹੁੰਦੇ ਹਨ। ਪੜਾਅ ਤੇ ਕੁਝ ਦੇਰ ਰੁਕ ਕੇ ਤਾਜ਼ਾ ਦਮ ਤਾਂ ਹੋਇਆ ਜਾ ਸਕਦਾ ਹੈ ਪਰ ਸਦਾ ਲਈ ਨਹੀਂ ਰੁਕਿਆ ਜਾ ਸਕਦਾ। ਇਸ ਲਈ ਮੰਜ਼ਿਲ ਤੋਂ ਪਹਿਲਾਂ ਕਦੀ ਹਾਰ ਮੰਨਣੀ ਨਹੀਂ ਚਾਹੀਦੀ।

ਜਦ ਘਰ ਦੇ ਝਗੜੇ ਘਰੋਂ ਬਾਹਰ ਚਲੇ ਜਾਂਦੇ ਹਨ ਤਾਂ ਫ਼ੈਸਲੇ ਵੀ ਦੂਜੇ ਲੋਕਾਂ ਦੇ ਹੱਥ ਚਲੇ ਜਾਂਦੇ ਹਨ। ਘਰ ਵਾਲਿਆਂ ਦੀ ਆਪਣੇ ਮਾਮਲਿਆਂ ਵਿਚ ਆਪਣੀ ਮਰਜ਼ੀ ਹੀ ਨਹੀਂ ਚੱਲਦੀ। ਕਈ ਵਾਰੀ ਦੋ ਬਿੱਲ਼ੀਆਂ ਅਤੇ ਇਕ ਬਾਂਦਰ ਵਾਲਾ ਹਿਸਾਬ ਹੀ ਹੁੰਦਾ ਹੈ ਅਤੇ ਹੱਥ ਪੱਲੇ ਕੁਝ ਵੀ ਨਹੀਂ ਪੈਂਦਾ। ਤੁਸੀਂ ਆਪਣੀ ਜ਼ਿੰਦਗੀ ਆਪ ਬਣਾਉਣੀ ਹੈ। ਤੁਸੀਂ ਆਪਣੀ ਜ਼ਿੰਦਗੀ ਦੇ ਜਹਾਜ ਦੇ ਕਪਤਾਨ ਆਪ ਬਣੋ। ਤੁਸੀਂ ਆਪਣੇ ਫ਼ੈਸਲੇ ਆਪ ਕਰੋ। ਉਨ੍ਹਾਂ ਫ਼ੈਸਲਿਆਂ ਦੇ ਚੰਗੇ ਮਾੜੇ ਨਤੀਜਿਆਂ ਦਾ ਸਾਹਮਣਾ ਕਰਨ ਦੀ ਦਲੇਰੀ ਕਰੋ। ਕਿਸੇ ਦੂਸਰੇ ਨੂੰ ਕੋਈ ਹੱਕ ਨਹੀਂ ਕਿ ਉਹ ਤੁਹਾਡੀ ਜ਼ਿੰਦਗੀ ਦੀ ਗੱਡੀ ਦਾ ਚਾਲਕ ਬਣੇ। ਦੂਸਰਾ ਚਾਲਕ ਤੁਹਾਡੀ ਜ਼ਿੰਦਗੀ ਨੂੰ ਆਪਣੇ ਹਿਸਾਬ ਸਿਰ ਹੀ ਦਿਸ਼ਾ ਦੇਵੇਗਾ। ਉਹ ਤੁਹਾਡੀ ਗੱਡੀ ਨੂੰ ਤੋੜ ਭੰਨ ਕੇ ਵੀ ਰੱਖ ਸਕਦਾ ਹੈ। ਉਹ ਜੋ ਤੁਹਾਡੀ ਜ਼ਿੰਦਗੀ ਬਣਾਵੇਗਾ ਉਸ ਜ਼ਿੰਦਗੀ ਵਿਚੋਂ ਤੁਹਾਡੀ ਸ਼ਖਸੀਅਤ ਨਜ਼ਰ ਨਹੀਂ ਆਵੇਗੀ। ਤੁਸੀਂ ਜ਼ਿੰਦਗੀ ਦੇ ਸ਼ੀਸ਼ੇ ਵਿਚੋਂ ਆਪਣਾ ਅਸਲੀ ਅਕਸ ਕਦੀ ਨਹੀਂ ਦੇਖ ਸਕੋਗੇ। ਤੁਸੀਂ ਉਸ ਮੁਕਾਮ ’ਤੇ ਕਦੀ ਨਹੀਂ ਪਹੁੰਚ ਸਕੋਗੇ ਜਿੱਥੇ ਤੁਸੀਂ ਆਪ ਪਹੁੰਚਣਾ ਚਾਹੁੰਦੇ ਹੋ। ਇਸ ਲਈ ਜ਼ਰੂਰੀ ਨਹੀਂ ਕਿ ਤੁਸੀਂ ਉਹ ਵਿਅਕਤੀ ਬਣ ਸਕੋ ਜੋ ਤੁਸੀਂ ਬਣਨਾ ਚਾਹੁੰਦੇ ਸੀ। ਤੁਸੀਂ ਦੂਸਰੇ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਜਾਵੋਗੇ। ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਹਰ ਕੰਮ ਦੂਸਰੇ ਤੋਂ ਪੁੱਛ ਪੁੱਛ ਕੇ ਹੀ ਕਰੋ। ਆਪਣੀ ਜ਼ਿੰਦਗੀ ਦੇ ਮਾਲਕ ਆਪ ਬਣੋ। ਜ਼ਿੰਦਗੀ ਵਿਚ ਜੇ ਖ਼ੁਦ ’ਤੇ ਭਰੋਸਾ ਹੋਵੇ ਤਾਂ ਉਹ ਇਕ ਤਾਕਤ ਬਣ ਜਾਂਦਾ ਹੈ ਪਰ ਜੇ ਕਿਸੇ ਹੋਰ ’ਤੇ ਹੋਵੇ ਤਾਂ ਉਹ ਇਕ ਕਮਜ਼ੋਰੀ ਬਣ ਜਾਂਦਾ ਹੈ। ਇੱਥੇ ਇਹ ਗਲ ਠੀਕ ਢੁਕਦੀ ਹੈ ਕਿ:

ਅਸੀਂ ਕਿਉਂ ਭਰੋਸਾ ਕਰੀਏ ਗ਼ੈਰਾਂ ’ਤੇ,

ਸਾਨੂੰ ਚੱਲਣਾ ਹੀ ਪੈਣੇ, ਆਪਣੇ ਹੀ ਪੈਰਾਂ ’ਤੇ।

ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਜਿਊਣਾ ਹੈ? ਜ਼ਿੰਦਗੀ ਵਿਚ ਕੀ ਬਣਨਾ ਹੈ ਅਤੇ ਉਸ ਲਈ ਕਿਹੜਾ ਢੰਗ ਇਸਤੇਮਾਲ ਕਰਨਾ ਹੈ ਇਸ ਦਾ ਫ਼ੈਸਲਾ ਆਪ ਕਰਨਾ ਹੈ। ਤੁਹਾਨੂੰ ਆਪਣੀ ਇਸ ਮੰਜ਼ਿਲ ਤੱਕ ਪਹੁੰਚਣ ਲਈ ਤੁਹਾਨੂੰ ਜਿੰਨੀ ਮਿਹਨਤ, ਜਿਹੜੇ ਹੁਨਰ ਅਤੇ ਵਸੀਲੇ ਦੀ ਲੋੜ ਹੈ, ਇਸ ਸਭ ਦਾ ਫ਼ੈਸਲਾ ਵੀ ਤੁਸੀਂ ਆਪ ਹੀ ਕਰਨਾ ਹੈ। ਇਹ ਸਭ ਤਾਂ ਹੀ ਹੋ ਸਕੇਗਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਜਹਾਜ਼ ਦੇ ਕਪਤਾਨ ਆਪ ਬਣੋਗੇ।

***

ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861

***
(ਪਹਿਲੀ ਵਾਰ ਛਪਿਆ 13 ਸਤੰਬਰ 2021)
***

354
***
ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →