19 March 2024

ਔਰਤ, ਸ਼ਕਤੀ ਅਤੇ ਸਿਆਣਪ—ਸੁਰਜੀਤ (ਟੋਰਾਂਟੋ)

ਔਰਤ ਸਿਆਣਪ ਅਤੇ ਸ਼ਕਤੀ ਦਾ ਮੁਜੱਸਮਾ ਹੈ!

ਔਰਤ ਸਿਆਣਪ ਅਤੇ ਸ਼ਕਤੀ ਦਾ ਮੁਜੱਸਮਾ ਹੈ! ਉਸਦੇ ਹੌਸਲੇ ਹਮੇਸ਼ਾ ਬੁਲੰਦ ਰਹੇ। ਹੌਸਲੇ ਦਾ ਸੰਬੰਧ ਹਾਲਾਤਾਂ ਅਤੇ ਪ੍ਰਸਥਿਤੀਆਂ ਨਾਲ ਹੁੰਦਾ ਹੈ ਕਿਸੇ ਜੈਂਡਰ ਨਾਲ ਨਹੀਂ। ਔਰਤ ਆਪਣੀ ਜ਼ਿੰਦਗੀ ਦੌਰਾਨ ਪ੍ਰਸੂਤੀ ਪੀੜਾਂ ਝੱਲਣ ਤੋਂ ਲੈ ਕੇ ਆਪਣੇ ਆਪ ਨੂੰ ਦੂਜੈਲੇ ਦਰਜੇ ਦੀ ਵਿਅੱਕਤੀ ਹੋਣ ਦੀ ਹੀਣਤਾ ਵਰਗੇ ਬਹੁਤ ਸਾਰੇ ਚੈਲੰਜਾਂ ਦਾ ਸਾਹਮਣਾ ਕਰਦੀ ਆ ਰਹੀ ਹੈ। ਦੁਨੀਆ ਦੇ ਤਕਰੀਬਨ ਹਰ ਖਿੱਤੇ ਵਿਚ ਸਦੀਆਂ ਤੋਂ ਮਰਦ ਵਲੋਂ ਔਰਤ ਨੂੰ ਪਛਾੜਣ ਦੀ ਕੋਸ਼ਿਸ਼ ਹੁੰਦੀ ਰਹੀ ਪਰ ਜਿਸ ਬੀਜ ਨੂੰ ਜ਼ਿਆਦਾ ਦਬਾਇਆ ਜਾਵੇ ਉਹ ਉੱਨੀ ਹੀ ਤੀਬਰਤਾ ਨਾਲ ਧਰਤੀ ‘ਚੋਂ ਬਾਹਰ ਫੁੱਟ ਨਿਕੱਲਦਾ ਹੈ; ਕਈ ਵਾਰ ਤਾਂ ਪੱਥਰ ਦਾ ਸੀਨਾ ਪਾੜ ਕੇ ਵੀ ਬੜੀ ਸ਼ਾਨ ਨਾਲ ਉੱਗ ਆਉਂਦਾ ਹੈ। ਔਰਤ ਆਪਣੇ ਹੌਸਲੇ ਬੁਲੰਦ ਰੱਖਦਿਆਂ, ਵਿਪਰੀਤ ਪ੍ਰਸਥਿਤੀਆਂ ਦਾ ਸਾਹਮਣਾ ਕਰਦਿਆਂ, ਹਮੇਸ਼ਾ ਮਰਦ ਦੇ ਬਰਾਬਰ ਖੜੀ ਹੋਈ। ਅੱਜ ‘ਵੁਮੈਨ ਇੰਪਾਵਰਮੈਂਟ’ ਦੀ ਗੱਲ ਕਰਨਾ ਫੈਸ਼ਨ ਜਿਹਾ ਬਣਦਾ ਜਾ ਰਿਹੈ ਪਰ ਔਰਤ ਤਾਂ ਹਮੇਸ਼ਾ ਤੋਂ ਹੀ ਸਸ਼ੱਕਤ ਹੈ, ਮਰਦ ਪ੍ਰਧਾਨ ਸੋਚ ਨੇ ਹੀ ਉਸਨੂੰ ਦਬਾ ਕੇ ਰੱਖਿਆ ਹੈ।

ਹੁਣ ਪਹਿਲੇ ਵਿਸ਼ਵ ਯੁੱਧ ਦੀ ਗੱਲ ਹੀ ਲੈ ਲਵੋ। ਇਸ ਸਮੇਂ ਦੌਰਾਨ (1914-1918) ਜਦੋਂ ਘਰ ਦੇ ਸਾਰੇ ਮਰਦਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਜਾਣਾ ਪਿਆ ਤਾਂ ਕਮਾਈ ਕਰਕੇ ਘਰ ਚਲਾਉਣ ਵਾਲੇ ਮਰਦਾਂ ਦਾ ਰੋਲ ਔਰਤਾਂ ਨੇ ਅਪਣਾ ਲਿਆ। ਸਕਰਟਾਂ ਪਹਿਨਣ ਵਾਲੀਆਂ ਬਰਤਾਨਵੀ ਔਰਤਾਂ ਨੇ ਜੀਨਾਂ ਪਹਿਨ ਲਈਆਂ ਅਤੇ ਮਰਦਾਂ ਵਾਲੇ ਸਾਰੇ ਕੰਮਾਂ ਨੂੰ ਆਪਣੇ ਹੱਥਾਂ ਵਿਚ ਲੈ ਲਿਆ। ਇਹ ਮੁਹਾਵਰਾ ਵੀ ਪ੍ਰਚੱਲਤ ਹੋ ਗਿਆ ਕਿ ‘ਵੰਨ ਹੂ ਵੇਅਰਜ਼ ਜੀਨਜ਼’ ਭਾਵ ਕਿ ਰੋਜ਼ੀ ਰੋਟੀ ਕਮਾਉਣ ਵਾਲੀ ਵਿਅਕਤੀ।

ਬਾਰੂਦ ਦੀਆਂ ਫ਼ੈਕਟਰੀਆਂ ਵਿਚ ਕਾਮਿਆਂ ਦੀ ਕਮੀ ਕਾਰਣ ਬਾਰੂਦ ਦੀ ਥੋੜ ਨੂੰ ਪੂਰਾ ਕਰਨ ਲਈ ਸਰਕਾਰ ਦੀ ਇਜਾਜ਼ਤ ਨਾਲ ਔਰਤਾਂ ਭਰਤੀ ਕੀਤੀਆਂ ਗਈਆਂ। ਔਰਤਾਂ ਨੇ ਘਰ ਦੀ ਚਾਰ ਦੀਵਾਰੀ ਛੱਡ ਕੇ ਫੈਕਟਰੀਆਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਗੱਲ ਕੀ ਮਰਦਾਂ ਦੀ ਗੈਰ ਹਾਜ਼ਰੀ ਵਿਚ ਔਰਤਾਂ ਨੇ ਮਰਦਾਂ ਦੇ ਸਾਰੇ ਕੰਮ-ਬੱਸਾਂ, ਰੇਲ ਗੱਡੀਆਂ ਅਤੇ ਟਰਾਮਾਂ ਦੇ ਵਾਹਨ-ਚਾਲਕ, ਕੰਡਕਟਰ, ਰੇਲਵੇ ਗਾਰਡ, ਡਾਕ-ਵਿਭਾਗ ਅਤੇ ਬੈਂਕਾਂ ਵਿਚ ਕਲਰਕ ਆਦਿ ਦੇ ਸਾਰੇ ਕੰਮ ਔਰਤਾਂ ਨੇ ਸੰਭਾਲ ਲਏ, ਇੱਥੋਂ ਤੱਕ ਕਿ ਬਹੁਤ ਸਾਰੀਆਂ ਔਰਤਾਂ ਨੇ ਖੇਤਾਂ ਅਤੇ ਫਾਰਮਾਂ ਦੇ ਭਾਰੀ ਭਰਕਮ ਕੰਮਾਂ ਅਤੇ ਫੌਜ ਵਿਚ ਭਰਤੀ ਹੋਣ ਵਰਗੇ ਜ਼ੋਖਮ ਭਰੇ ਕੰਮਾਂ ਨੂੰ ਕਰਨ ਤੋਂ ਵੀ ਗੁਰੇਜ ਨਾ ਕੀਤਾ।ਉਨ੍ਹਾਂ ਦੇ ਇਸ ਹੌਸਲੇ ਦੀ ਕਦਰ ਕਰਨ ਦੀ ਬਜਾਇ ਮਰਦਾਂ ਨੇ ਕੀ ਕੀਤਾ? ਜੰਗ ਦੌਰਾਨ ਔਰਤਾਂ ਦੇ ਬਲਾਤਕਾਰ? ਮਰਦਾਂ ਦੇ ਬਰਾਬਰ ਕੰਮ ਕਰਨ ਤੇ ਵੀ ਔਰਤਾਂ ਲਈ ਘੱਟ ਮਿਹਨਤਾਨਾ?

ਯੁੱਧ ਵਿਚ ਬਰਤਾਨਵੀ ਫੌਜਾਂ ਵਲੋਂ ਵਰਤੇ ਜਾਂਦੇ ਹੱਥਿਆਰਾਂ ਅਤੇ ਬਾਰੂਦ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਰਸਾਇਣਕ ਪਦਾਰਥ ਨਾਲ ਔਰਤਾਂ ਦੀ ਚਮੜੀ ਪੀਲੀ ਪੈ ਗਈ ਅਤੇ ਇਸ ਜ਼ਹਿਰੀਲੇ ਪਦਾਰਥ ਦੀ ਵਰਤੋਂ ਕਾਰਣ ਤਕਰੀਬਨ ਚਾਰ ਸੌ ਔਰਤਾਂ ਨੇ ਆਪਣੀ ਜਾਨ ਗੁਆ ਲਈ। ਸਸ਼ੱਕਤ ਹੋਣ ਦੀ ਇਸ ਤੋਂ ਵੱਡੀ ਔਰਤ ਲਈ ਹੋਰ ਕਿਹੜੀ ਉਦਾਹਰਣ ਹੋ ਸਕਦੀ ਹੈ? ਦੇਸ਼ ਜਾਂ ਪਰਿਵਾਰ ਨੂੰ ਜਰੂਰਤ ਪੈਣ ਤੇ ਉਹ ਬਿਨਾ ਆਪਣੀ ਜਾਨ ਦੀ ਪਰਵਾਹ ਕੀਤਿਆਂ ਕੁਰਬਾਨੀ ਦਾ ਬੱਕਰਾ ਬਣ ਜਾਂਦੀ ਹੈ।

ਔਰਤ ਦੀਆਂ ਕੁਰਬਾਨੀਆਂ ਦੇ ਬਾਵਜੂਦ ਵੀ ਯੁੱਧ ਜਾਂ ਵਿਗੜੇ ਹੋਏ ਹਾਲਾਤਾਂ ਵਿਚ ਸਭ ਤੋਂ ਵਧੇਰੇ ਨੁਕਸਾਨ ਔਰਤ ਦਾ ਹੁੰਦਾ ਹੈ। ਉਸ ਦੀ ਇੱਜ਼ਤ ਤਾਰ ਤਾਰ ਕਰ ਦਿੱਤੀ ਜਾਂਦੀ ਹੈ। ਮਰਦ ਇਕ ਨਿਹੱਥੀ ਅਤੇ ਮਜਬੂਰ ਔਰਤ ਨਾਲ ਜ਼ਬਰ-ਜਿਨਾਹ ਕਰਕੇ ਆਪਣੇ ਆਪ ਨੂੰ ਸੂਰਮਾ ਸਮਝਦਾ ਹੈ। ਹੁਣ ਸਸ਼ਕਤ ਹੋਣ ਦੀ ਜਰੂਰਤ ਮਰਦ ਨੂੰ ਹੈ ਜੋ ਕਿਸੇ ਔਰਤ ਨੂੰ ਬੇਬਸ ਅਤੇ ਕਮਜ਼ੋਰ ਵੇਖ ਕੇ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦਾ ਹੈ; ਇੱਥੋਂ ਤੱਕ ਕਿ ਔਰਤ ਦੀ ਉਮਰ ਅਤੇ ਹਾਲਤ ਤੱਕ ਨਹੀਂ ਵੇਖਦਾ। ਕਿੰਨੀਆਂ ਦਿਮਾਗੀ ਤੌਰ ਤੇ ਬਿਮਾਰ, ਕੋਮਾਂ ਵਿਚ ਬਿਸਤਰ ‘ਤੇ ਪਈਆਂ ਔਰਤਾਂ ਨੂੰ ਮਰਦਾਂ ਨੇ ਗਰਭਵਤੀਆਂ ਕੀਤਾ? ਕੀ ਅਜਿਹਾ ਕਰਕੇ ਅਜੇ ਵੀ ਮਰਦ ਆਪਣੇ ਆਪ ਨੂੰ ਸਿਆਣਾ ਅਤੇ ਤਾਕਤਵਰ ਸਮਝਦਾ ਹੈ? ਉਹ ਤਾਂ ਆਪਣੀਆਂ ਇੰਦਰੀਆਂ ਤੇ ਕਾਬੂ ਵੀ ਨਹੀਂ ਪਾ ਸਕਿਆ। ਇਕੱਲੇ ਕੋਂਗੋ ਵਿਚ ਹੀ ਲੜਾਈ ਦੌਰਾਨ ਇਕ ਦਹਾਕੇ ਵਿਚ ਦੋ ਲੱਖ ਤੋਂ ਵਧੇਰੇ ਔਰਤਾਂ ਦੇ ਬਲਾਤਕਾਰ ਹੋਏ। ਸਾਊਥ ਅਫਰੀਕਾ ਵਿਚ ਇਕ ਮਿਨਟ ਵਿਚ ਦੋ ਕੁੜੀਆਂ ਜਾਂ ਔਰਤਾਂ ਦਾ ਬਲਾਤਕਾਰ ਕੀਤਾ ਜਾਂਦਾ ਹੈ। ਅਮਰੀਕਾ ਵਿਚ ਹਰ ਰੋਜ਼ ਘੱਟੋ ਘੱਟ ਤਿੰਨ ਔਰਤਾਂ ਆਪਣੇ ਹੀ ਪਾਰਟਨਰ ਵਲੋਂ ਕਤਲ ਕਰ ਦਿੱਤੀਆਂ ਜਾਦੀਆਂ ਹਨ। ਕਰੋੜਾਂ ਕੁੜੀਆਂ ਕੁੱਖਾਂ ਵਿਚ ਮਾਰ ਦਿੱਤੀਆਂ ਗਈਆਂ ਜਾਂ ਮਰਨ ਲਈ ਛੱਡ ਦਿੱਤੀਆਂ ਗਈਆਂ, ਸਿਰਫ ਇਸ ਲਈ ਕਿ ਉਹ ਕੁੜੀਆਂ ਸਨ।

ਔਰਤ ਨੇ ਫਿਰ ਵੀ ਕਦੇ ਹਾਰ ਨਹੀਂ ਮੰਨੀ। ਉਹ ਜਾਨ ਤੇ ਖੇਲ ਕੇ ਵੀ ਆਪਣੇ ਹੱਕਾਂ ਲਈ ਲੜਦੀ ਆਈ ਹੈ। ਪਾਕਿਸਤਾਨ ਦੀ ਮੁਖਤਾਰਾਂ ਮਾਈ ਦਾ ਜਦੋਂ ਪੂਰੇ ਪਿੰਡ ਵਲੋਂ ਬਲਾਤਕਾਰ ਹੋਇਆ ਤਾਂ ਉਸਨੇ ਬੜੀ ਹਿੰਮਤ ਅਤੇ ਹੌਸਲੇ ਨਾਲ ਗੁਨਾਹਗਾਰਾਂ ਦਾ ਸਾਹਮਣਾ ਕੀਤਾ ਅਤੇ ਆਪਣੇ ਨਾਲ ਹੋਏ ਜ਼ੁਲਮ ਵਿਰੁੱਧ ਕਾਨੂੰਨੀ ਲੜਾਈ ਲੜੀ। ਅੱਜ ਬਹੁਤ ਸਾਰੀਆਂ ਹੋਰ ਉਦਾਹਰਣਾਂ ਮਿਲ ਜਾਣਗੀਆਂ ਜਿਨ੍ਹਾਂ ਇਹੋ ਜਿਹੇ ਜ਼ੁਲਮ ਦਾ ਸ਼ਿਕਾਰ ਹੋਣ ਉਪਰੰਤ ਆਪਣੇ ਹੌਸਲੇ ਢਹਿਣ ਨਹੀਂ ਦਿੱਤੇ ਸਗੋਂ ਦੋਸ਼ੀਆਂ ਨੂੰ ਸਜ਼ਾ ਤੱਕ ਦੁਆਈ। ਤਾਕਤ ਕੇਵਲ ਸਰੀਰਕ ਨਹੀਂ ਹੁੰਦੀ ਮਾਨਸਿਕ ਵੀ ਹੁੰਦੀ ਹੈ। ਜਦੋਂ ਕੋਈ ਵਿਅਕਤੀ ਆਪਣੇ ਹੱਕਾਂ ਲਈ ਖੜਾ ਹੁੰਦਾ ਹੈ ਇਹ ਉਸਦੀ ਤਾਕਤ ਦੀ ਹੀ ਉਦਾਹਰਣ ਹੈ। ਆਪਣੀ ਸਰੀਰਕ ਕਮਜ਼ੋਰੀ ਤੇ ਕਾਬੂ ਪਾਉਣ ਲਈ ਅੱਜ ਕੁੜੀਆਂ ਮਾਰਸ਼ਲ ਆਰਟ ਵਰਗੇ ਗੁਰ ਸਿੱਖ ਰਹੀਆਂ ਹਨ ਤਾਂ ਕਿ ਉਹ ਮਰਦ ਦੀ ਹਵਸ ਦਾ ਸ਼ਿਕਾਰ ਹੋਣੋਂ ਬੱਚ ਸਕਣ। ਮਰਦ ਪ੍ਰਧਾਨ ਸਮਾਜ ਨੇ ਭਾਂਵੇਂ ਉਸਨੂੰ ਲਿਤਾੜੀ ਰੱਖਿਆ ਪਰ ਉਹ ਹੌਸਲਾ ਨਹੀਂ ਹਾਰਦੀ ਸਗੋਂ ਅੱਜ ਤੱਕ ਮਰਦਾਂ ਦੇ ਬਰਾਬਰ ਮਜਦੂਰੀ ਮਿਲਣ ਦੇ ਆਪਣੇ ਹੱਕ ਦੀ ਮੰਗ ਨੂੰ ਜਾਰੀ ਰੱਖ ਰਹੀ ਹੈ।

ਸਮਾਜ ਵਲੋਂ ਆਪਣੇ ਨਾਲ ਹੋਣ ਵਾਲੀਆਂ ਵਧੀਕੀਆਂ ਦੇ ਬਾਵਜੂਦ ਔਰਤ ਸ਼ਾਂਤੀ ਦੀ ਪੁਜਾਰਨ ਹੈ। ਉਹ ਕਦੇ ਯੁੱਧ ਵਰਗੇ ਘਿਨਾਉਣੇ ਹੱਥਕੰਡੇ ਨਹੀਂ ਅਪਣਾਉਂਦੀ, ਨਾ ਹੀ ਦੰਗੇ ਕਰਦੀ ਹੈ। ਉਹ ਸ਼ਾਂਤੀ ਦੇ ਹੱਕ ਵਿਚ ਖੜੀ ਹੁੰਦੀ ਹੈ। ਜੇ ਸਮਾਜ ਨੂੰ ਔਰਤ ਦੀ ਅਗਵਾਈ ਪ੍ਰਾਪਤ ਹੋਵੇ ਤਾਂ ਦੁਨੀਆ ਵਿਚ ਵਧੇਰੇ ਸ਼ਾਂਤੀ ਅਤੇ ਸੁੱਰਖਿਅਤ ਸਮਾਜ ਦੀ ਵਿਵਸਥਾ ਹੋਵੇਗੀ। ਸਮਾਜ ਵਿਚ ਅਮਨ ਚੈਨ ਅਤੇ ਭਰਾਤ੍ਰੀ-ਭਾਵ ਵਧੇਗਾ। ਅਮਰੀਕਾ ਦੇ 44ਵੇਂ ਪਰੈਜ਼ੀਡੈਂਟ ਬਰਾਕ ਉਬਾਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਜੇ ਔਰਤ ਤਰੱਕੀ ਕਰਦੀ ਹੈ ਤਾਂ ਕੌਮਾਂ ਵਧੇਰੇ ਸੁਰੱਖਿਅਤ ਅਤੇ ਖੁਸ਼ਹਾਲ ਹੋਣਗੀਆਂ। ਨੋਬਲ ਪਰਾਈਜ਼ ਵਿਜੇਤਾ ਅਮਰਤਿਆ ਸੈਨ ਨੇ ਕਿਹਾ ਕਿ ਔਰਤ ਨੂੰ ਸਸ਼ੱਕਤ ਕਰਕੇ ਭਵਿੱਖ ਦਾ ਮੂੰਹ ਮੱਥਾ ਸਵਾਰਿਆ ਜਾ ਸਕਦਾ ਹੈ। ਔਰਤਾਂ ਪੁਲ ਤੋੜਦੀਆਂ ਨਹੀਂ ਸਗੋਂ ਪੁਲ ਬੰਨਣ ਵਿਚ ਸਹਾਈ ਹੁੰਦੀਆਂ ਹਨ। ਉਸਦੇ ਅੰਦਰਲਾ ਮਾਂ ਵਾਲਾ ਕੋਮਲ ਹਿਰਦਾ ਸੂਝ ਅਤੇ ਸਿਆਣਪ ਨਾਲ ਮਨੁੱਖ ਦਾ ਭਵਿੱਖ ਸੁਆਰਦਾ ਹੈ । ਉਸਦੇ ਅੰਦਰ ਘਰ ਵਸਾਉਣ ਵਾਲੀ ਉਸਾਰੂ ਸੋਚ ਢਾਹੁਣ ਨਾਲੋਂ ਵਧੇਰੇ ਉਸਾਰਨ ਦਾ ਕੰਮ ਕਰਦੀ ਹੈ।

ਪ੍ਰਸਿੱਧ ਵਿਗਿਅਨੀ ਐਡੀਸਨ ਦੀ ਉਦਾਹਰਣ ਹੀ ਲੈ ਲਉ, ਬਚਪਨ ਵਿਚ ਇਕ ਦਿਨ ਥੌਮਸ ਐਲਵਾ ਐਡੀਸਨ ਨੇ ਸਕੂਲੋਂ ਘਰ ਆਕੇ ਆਪਣੀ ਮਾਂ ਨੂੰ ਇਕ ਚਿੱਠੀ ਫੜਾਈ ਜੋ ਕਿ ਉਸਦੇ ਅਧਿਆਪਕ ਨੇ ਉਸਦੀ ਮਾਂ ਲਈ ਲਿਖੀ ਸੀ। ਉਸਨੇ ਮਾਂ ਨੂੰ ਪੁੱਛਿਆ ਕਿ ਮਾਂ ਇਸ ਵਿਚ ਕੀ ਲਿਖਿਆ ਹੈ? ਮਾਂ ਨੇ ਜਵਾਬ ਦਿੱਤਾ ਕਿ ਬੇਟਾ ਇਸ ਵਿਚ ਲਿਖਿਆ ਹੈ ਕਿ ਤੇਰਾ ਪੁੱਤਰ ਜੀਨੀਅਸ ਹੈ ਤੇ ਸਾਡੇ ਸਕੂਲ ਵਿਚ ਅਜਿਹਾ ਕੋਈ ਅਧਿਆਪਕ ਨਹੀਂ ਹੈ ਜੋ ਇਸ ਨੂੰ ਪੜ੍ਹਾ ਸਕੇ ਸੋ ਇਸ ਨੂੰ ਘਰ ਹੀ ਰੱਖ ਕੇ ਪੜ੍ਹਾਉ। ਮਾਂ ਨੇ ਅਜਿਹਾ ਹੀ ਕੀਤਾ ਅਤੇ ਇਕ ਦਿਨ ਐਡੀਸਨ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਸੱਚਮੁਚ ਜੀਨੀਅਸ ਹੈ। ਆਪਣੀ ਮਾਂ ਦੀ ਮੌਤ ਤੋਂ ਬਾਅਦ ਉਸਨੂੰ ਆਪਣੇ ਅਧਿਆਪਕ ਵਲੋਂ ਭੇਜੀ ਗਈ ਉਹ ਚਿੱਠੀ ਲੱਭ ਪਈ। ਉਸਨੇ ਜਦੋਂ ਚਿੱਠੀ ਪੜ੍ਹੀ ਤਾਂ ਉਸਦੀਆਂ ਅੱਖਾਂ ਵਿਚੋਂ ਹੰਝੂ ਵਗ ਤੁਰੇ ਤੇ ਆਪਣੀ ਮਾਂ ਦੀ ਸਿਆਣਪ ਨੂੰ ਨਤ-ਮਸਤਕ ਹੋਇਆ। ਚਿੱਠੀ ਵਿਚ ਲਿਖਿਆ ਹੋਇਆ ਸੀ ਕਿ ਤੇਰਾ ਪੁੱਤਰ ਮੰਦਬੁੱਧੀ ਦਾ ਮਾਲਕ ਹੈ, ਅਸੀਂ ਇਸ ਨੂੰ ਨਹੀਂ ਪੜ੍ਹਾ ਸਕਦੇ। ਇਸ ਨੂੰ ਘਰ ਹੀ ਰੱਖੋ। ਮਾਂ ਨੇ ਆਪਣੀ ਸਿਆਣਪ ਨਾਲ ਬੱਚੇ ਨੂੰ ਪੌਜ਼ਿਟਿਵ ਗੱਲ ਦੱਸੀ ਅਤੇ ਉਸਤੇ ਮਿਹਨਤ ਕਰਕੇ ਉਸਨੂੰ ਦੁਨੀਆਂ ਦਾ ਸਭ ਤੋਂ ਵੱਡਾ ਵਿਗਿਆਨੀ/ਕਾਢੀ ਬਣਾ ਦਿੱਤਾ।

ਸਾਡੇ ਲੋਕ ਗੀਤਾਂ ਵਿਚ ਪੰਜਾਬੀ ਔਰਤਾਂ ਨੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਸਮੇਂ ਅਤੇ ਸਮਾਜ ਦੇ ਯਥਾਰਥ ਨੂੰ ਪੇਸ਼ ਕੀਤਾ ਜੋ ਕਿ ਬੀਤੇ ਸਮੇਂ ਦੇ ਹਾਲਾਤਾਂ ਦੇ ਪ੍ਰਮਾਣੀਕ ਤੱਥ ਹਨ। ਉਹ ਸਮਕਾਲੀ ਸਰੋਕਾਰਾਂ ਅਤੇ ਇਤਿਹਾਸ ਨੂੰ ਮੁਖਾਤਿਬ ਹੋਈਆਂ। ਔਰਤ ਮਨ ਦੀਆਂ ਗੁੱਝੀਆਂ ਰਮਜ਼ਾਂ ਗੀਤਾਂ ਰਾਹੀਂ ਖੋਲ੍ਹੀਆਂ। ਮਰਦ ਦੇ ਵੈਲੀ ਹੋਣ ਤੇ ਘਰ ਵਿਚਲੀਆਂ ਤੰਗੀਆਂ ਦਾ ਵਰਨਣ ਕੀਤਾ ਜੋ ਕਿ ਉਸਦੀ ਸਿਆਣਪ ਅਤੇ ਸੂਝ-ਬੂਝ ਦੀ ਨਿਸ਼ਾਨ ਦੇਹੀ ਕਰਦਾ ਹੈ। ਸੱਸ ਨੂੰਹ, ਨਨਾਣ ਭਰਜਾਈ, ਦੇਰ, ਜੇਠ ਨਾਲ ਆਪਣੇ ਰਿਸ਼ਤੇ ਦੀ ਸ਼ਨਾਖਤ ਕੀਤੀ। ਬਸਰੇ ਦੀ ਲਾਮ ਦਾ ਜ਼ਿਕਰ ਵੇਖੋ:

‘ਵੇ ਮੈਂ ਰੰਡੀਉਂ ਸੁਹਾਗਣ ਹੋਵਾਂ ਬਸਰੇ ਦੀ ਲਾਮ ਟੁੱਟ ਜੇ… ’
‘ਲੈ ਆ ਗਿਆ ਦਾਰੂ ਪੀ ਕੇ, ਲੈ ਕੁੱਟੀ ਅੰਦਰ ਵੜ ਕੇ…’

ਕਿਸਾਨ ਦਾ ਹੱਥ ਕਦੇ ਵੀ ਸੌਖਾ ਨਹੀਂ ਹੁੰਦਾ ਜਿਸ ਬਾਰੇ ਉਹ ਕਹਿੰਦੀ ਹੈ:
‘ਤੇਰਾ ਮਾਮਲਾ ਨਾ ਹੋਇਆ ਪੂਰਾ ਕੱਤੇ ਦੀ ਕਪਾਹ ਵੇਚ ਕੇ…’

ਦਾਜ ਵਰਗੀ ਲਾਹਨਤ ‘ਤੇ :
‘ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ’ ਜਾਂ ‘ਵਿੱਦਿਆ ਪੜ੍ਹਾ ਦੇ ਬਾਬਲਾ ਭਾਂਵੇ ਦਈਂ ਨਾ ਦਾਜ ਵਿਚ ਗਹਿਣੇ’

ਅਜੋੜ ਤੇ ਬਾਲ-ਵਿਆਹ ਤੇ:
‘ਮਾਂਵਾਂ ਮਾਂਵਾਂ ਹਰ ਕੋਈ ਕਹਿੰਦਾ, ਮਾਂਵਾਂ ਬੁਰੀਆਂ ਬਲਾਵਾਂ
ਨਿੱਕੇ ਜਿਹੇ ਨਾਲ ਵਿਆਹ ਕਰ ਦਿੰਦੀਆਂ ਦੇ ਕੇ ਚਾਰ ਕੁ ਲਾਵਾਂ…’

ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਣਾਂ ਹਨ ਜਿਨ੍ਹਾਂ ਵਿਚੋਂ ਔਰਤਾਂ ਦੀ ਪੰਜਾਬੀ ਜਨਜੀਵਨ ਪ੍ਰਤੀ ਤਿੱਖੀ ਸੂਝ ਬੂਝ ਦੇ ਦਰਸ਼ਨ ਹੁੰਦੇ ਹਨ।

ਦੁਨੀਆ ਦੇ ਸਭ ਤੋਂ ਸਸ਼ੱਕਤ ਅਤੇ ਅਗਾਂਹਵਧੂ ਦੇਸ਼ ਅਮਰੀਕਾ ਵਿਚ ਵੀ ਔਰਤ ਨੂੰ ਮਰਦ ਤੋਂ ਪਿਛਾਂਹ ਰੱਖਿਆ ਜਾਂਦਾ ਹੈ। ਹਾਲ ਹੀ ਵਿਚ ਹੋਈ ਹਿੱਲਰੀ ਕਲਿੰਟਨ ਦੀ ਹਾਰ ਇਸਦੀ ਇਕ ਅਹਿਮ ਉਦਾਹਰਣ ਕਹੀ ਜਾ ਸਕਦੀ ਹੈ। ਮਰਦ ਵਲੋਂ ਨਕਾਰੇ ਜਾਣ ਜਾਂ ਸਦੀਆਂ ਤੋਂ ਹੀਣ ਸਮਝੇ ਜਾਣ ਦਾ ਸਾਹਮਣਾ ਕਰਦੀ ਆ ਰਹੀ ਔਰਤ ਫਿਰ ਵੀ ਲਗਾਤਾਰ ਆਪਣੇ ਹੌਸਲੇ ਸਹਾਰੇ ਅੱਜ ਬੁਲੰਦੀਆਂ ਨੂੰ ਛੂਹ ਰਹੀ ਹੈ। ਵੱਡੇ ਵੱਡੇ ਅਹੁਦਿਆਂ ‘ਤੇ ਉਹ ਕੰਮ ਕਰ ਰਹੀ ਹੈ; ਪਾਇਲੈਟ, ਪੁਲਾੜ, ਫੌਜ, ਪੁਲੀਸ ਅਤੇ ਹੋਰ ਸਰਕਾਰੀ ਅਹੁਦਿਆਂ ‘ਤੇ ਸੁਸ਼ੋਭਿਤ ਹੈ। 

ਇਤਿਹਾਸ, ਮਿਥਿਹਾਸ ਅਤੇ ਸਾਹਿਤ ਵਿਚ ਔਰਤ ਦੇ ਹੌਸਲੇ ਅਤੇ ਹਿੰਮਤ ਦੀਆਂ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਂਦੀਆਂ ਹਨ। ਵੀਹਵੀਂ ਸਦੀ ਦੀਆਂ ਕੁਝ ਨਾਰਥ ਅਮਰੀਕਨ ਔਰਤਾਂ ਦੀ ਜਦੋ-ਜਹਿਦ ਦੀ ਗੱਲ ਹੀ ਲੈ ਲਵੋ। ਪ੍ਰਸਿੱਧ ‘ਐਕਟਿਵਿਸਟ’ ਤੇ ‘ਫੈਮੀਨਿਸਟ’ ਰੋਜ਼ਾ ਪਾਰਕਸ ਐਲਾਬਾਮਾ ਵਿਚ ਪੈਦਾ ਹੋਈ। ਸਾਰੀ ਜਿੰਦਗੀ ਗਰੀਬੀ ਨਾਲ ਘੁੱਲਦੀ ਰਹੀ ਪਰ ਮਨੁੱਖੀ ਅਧਿਕਾਰਾਂ ਲਈ ਉਸਦੀ ਦੇਣ ਅਦੁੱਤੀ ਤੇ ਬੇਮਿਸਾਲ ਹੈ, ਹੋਇਆ ਇੰਜ ਕਿ ਇਕ ਦਿਨ ਰੋਜ਼ਾ ਪਬਲਿਕ ਬੱਸ ਵਿਚ ਸਫ਼ਰ ਕਰ ਰਹੀ ਸੀ ਕਿ ਇਕ ਗੋਰੇ ਯਾਤਰੂ ਨੇ ਉਸ ਨੂੰ ਆਪਣੀ ਸੀਟ ਤੋਂ ਉੱਠ ਜਾਣ ਦਾ ਹੁਕਮ ਦਿੱਤਾ। ਗੱਲ ਇਉਂ ਸੀ ਕਿ ਉਨ੍ਹਾਂ ਦਿਨਾਂ ਵਿਚ ਕਾਨੂੰਨੀ ਤੌਰ ਤੇ ਬੱਸਾਂ ਵਿਚ ਬੈਠੇ ਕਾਲਿਆਂ ਨੂੰ ਗੋਰੇ ਯਾਤਰੂਆਂ ਲਈ ਸੀਟ ਛੱਡਣੀ ਪੈਂਦੀ ਸੀ। ਰੋਜ਼ਾ ਨੇ ਸੀਟ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਉਸਨੇ ਟਿਕਟ ਖਰੀਦੀ ਹੈ ਇਸ ਲਈ ਸੀਟ ਤੇ ਬੈਠਣਾ ਉਸ ਦਾ ਹੱਕ ਹੈ। ਇਸ ਵਿਰੋਧਤਾ ਲਈ ਉਸਨੂੰ ਕਾਨੂੰਨੀ ਦੋਸ਼ੀ ਠਹਿਰਾਇਆ ਗਿਆ ਅਤੇ ਉਸਨੂੰ ਸਜ਼ਾ ਭੁਗਤਣੀ ਪਈ। ਇਸ ਘਟਨਾ ਨੇ ‘ਸਿਵਲ ਰਾਈਟਜ਼ ਮੂਵਮੈਂਟ’ ਦਾ ਮੁੱਢ ਬੰਨ ਦਿੱਤਾ। ਜੇ ਉਸ ਦਿਨ ਰੋਜ਼ਾ ਬੱਸ ਵਿਚ ਆਪਣੀ ਸੀਟ ਛੱਡ ਦਿੰਦੀ ਤਾਂ ਅੱਜ ਪੱਛਮੀਂ ਦੇਸ਼ਾਂ ਵਿਚ ਸਾਡੀ ਸਾਰਿਆਂ ਦੀ ਹਾਲਤ ਉਹੋ ਹੀ ਹੋਣੀ ਸੀ ਜੋ ਉਸ ਵੇਲੇ ਅਫਰੀਕਨ ਲੋਕਾਂ ਦੀ ਹੁੰਦੀ ਸੀ। ਟਿਕਟ ਲੈ ਕੇ ਬੱਸ ਦੀ ਸੀਟ ਤੇ ਬਹਿਣ ਦੇ ਆਪਣੇ ਅਧਿਕਾਰ ਨੂੰ ਨਾ ਸਮਝਕੇ ਜੇ ਗੋਰਿਆਂ ਨੂੰ ਆਪਣੀ ਸੀਟ ਦੇਣੀ ਰੋਜ਼ਾ ਨੂੰ ਮਨਜ਼ੂਰ ਹੋ ਜਾਂਦੀ ਤਾਂ ਅੱਜ ‘ਅਮਰੀਕਨ ਸਿਵਲ ਰਾਈਟਸ’ ਦਾ ਮੁਹਾਂਦਰਾ ਵੀ ਕੁਝ ਹੋਰ ਹੀ ਹੋਣਾ ਸੀ।

ਐਲਿਸ ਵਾਕਰ ਇਕ ਅਫ਼ਰੀਕਨ ‘ਵੁਮੈਨ ਐਕਟਿਵਿਸਟ’ ਤੇ ਸੰਸਾਰ ਪ੍ਰਸਿੱਧ ਲੇਖਕ ਹੈ। ਉਸਨੇ ਔਰਤ ਦੇ  ਸੰਘਰਸ਼ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਸਨੇ ਪੁਰਸਕਾਰ ਜੇਤੂ ਨਾਵਲ ‘ਦਾ ਕਲਰ ਪਰਪਲ’ ਲਿਖ ਕੇ ਲਿਤਾੜੀਆਂ ਹੋਈਆਂ ਅਫ਼ਰੀਕਨ ਔਰਤਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਜ਼ੁਰੱਅਤ ਕੀਤੀ। ਇਸ ਨਾਵਲ ਵਿਚ ਉਸਨੇ 1930 ਦੌਰਾਨ ਅਮਰੀਕਾ ਦੀ ਜੌਰਜੀਆ ਸਟੇਟ ‘ਚ ਵਸਦੇ ਅਫ਼ਰੀਕਨ ਖੇਤ ਮਜ਼ਦੂਰਾਂ ਉਪੱਰ ਗੋਰਿਆਂ ਦੁਆਰਾ ਕੀਤੇ ਜਾਣ ਵਾਲੇ ਸੋਸ਼ਣ ਦਾ ਦਿਲ ਵਿਨ੍ਹਵਾਂ ਜ਼ਿਕਰ ਕੀਤਾ ਹੈ। ਗੋਰਿਆਂ ਦੇ ਸਤਾਏ ਹੋਏ ਇਹ ਮਜ਼ਦੂਰ ਘਰ ਜਾਕੇ ਆਪਣੀਆਂ ਔਰਤਾਂ ਤੇ ਗੁੱਸਾ ਕੱਢਦੇ, ਉਨ੍ਹਾਂ ਨੂੰ ਮਾਰਦੇ ਕੁੱਟਦੇ। ਐਲਿਸ ਵਾਕਰ ਨੇ ਇਸ ਨਾਵਲ ਰਾਹੀਂ ਇਕ ਮਨੁੱਖ ਵਲੋਂ ਦੂਜੇ ਮਨੁੱਖ ਉੱਤੇ ਹੋਣ ਵਾਲੇ ਸ਼ਰੀਰਕ ਤੇ ਮਾਨਸਿਕ ਸੋਸ਼ਣ ਦੀ ਇਕ ਦਿਲ-ਦਹਿਲਾ ਦੇਣ ਵਾਲੀ ਤਸਵੀਰ ਪੇਸ਼ ਕੀਤੀ ਹੈ।

ਇਸ ਨਾਵਲ ਵਿਚ ਸੋਸ਼ਣ ਦੀਆਂ ਸ਼ਿਕਾਰ ਔਰਤਾਂ ਵਿਚੋਂ ਹੀ ਇਕ ਔਰਤ ਜਿਸ ਦਾ ਨਾਮ ‘ਸੀਲੀ’ ਹੈ, ਦੂਜੀਆਂ ਔਰਤਾਂ ਨੂੰ ਆਪਣੇ ਤੇ ਹੋਣ ਵਾਲੇ ਤਸ਼ੱਦਦ ਦੇ ਵਿਰੁੱਧ ਖੜੇ ਹੋਣ ਦੀ ਪ੍ਰੇਰਨਾ ਦਿੰਦੀ ਹੈ। ਇਸ ਪ੍ਰੇਰਨਾ ਸਦਕਾ ਇਹ ਔਰਤਾਂ ਇਕੱਠੀਆਂ ਹੋਕੇ ਆਪਣੇ ਪਤੀਆਂ ਵਲੋਂ ਹੋ ਰਹੇ ਤਸ਼ੱਦਦ ਦਾ ਵਿਰੋਧ ਕਰਦੀਆਂ ਹਨ। ਉਸ ਵੇਲੇ ਉਹਨਾਂ ਔਰਤਾਂ ਨੂੰ ਮਰਦ ਦੇ ਪੈਰਾਂ ਜਾਂ ਗੋਡਿਆਂ ਵੱਲ ਵੇਖ ਕੇ ਹੀ ਗੱਲ ਕਰਨ ਦੀ ਇਜਾਜ਼ਤ ਹੁੰਦੀ ਸੀ। ਸੀਲੀ ਦੀ ਹਿੰਮਤ ਨਾਲ ਉਹਨਾਂ ਵਿਚ ਸਵੈਮਾਣ ਅਤੇ ਭਰੋਸਾ ਭਰ ਜਾਂਦਾ ਹੈ। ਉਹ ‘ਸਿਸਟਰਹੁੱਡ’ ਨਾਂ ਦੀ ਜਥੇਬੰਦੀ ਹੇਠਾਂ ਇਕਜੁੱਟ ਹੋ ਕੇ ਆਪਣੇ ‘ਤੇ ਹੋ ਰਹੇ ਤਸ਼ੱਦਦ ਵਿਰੁੱਧ ਲੜ੍ਹਦੀਆਂ ਹਨ। ਕਸੀਦਾਕਾਰੀ ਅਤੇ ਸੀਊਣ-ਕਲਾ ਰਾਹੀਂ ਆਰਥਿਕ ਅਜ਼ਾਦੀ ਹਾਸਿਲ ਕਰਦੀਆਂ ਹਨ। ਇਸ ਤਰ੍ਹਾਂ ਔਰਤਾਂ ਨੇ ਗਰੀਬੀ, ਲਿੰਗ-ਭੇਦ, ਜੌਨ-ਸੋਸ਼ਣ ਅਤੇ ਜਾਤੀਵਾਦ ਦਾ ਰਲ਼ ਕੇ ਵਿਰੋਧ ਕੀਤਾ।1985 ਵਿਚ ‘ਦਾ ਕਲਰ ਪਰਪਲ’ ਨਾਵਲ ਤੇ ਸਟੀਵਨ ਸਪੀਲਬਰਗ ਨੇ ਇਕ ਫਿਲਮ ਬਣਾਈ, ਜਿਸਨੇ ‘ਓਸਕਰ’ ਅਵਾਰਡ ਜਿਤਿੱਆ। ਇਸ ਪਿਕਚਰ ਨੇ ਵੀ ਲੋਕ-ਦਿਲਾਂ ‘ਤੇ ਕਾਫ਼ੀ ਅਸਰ ਪਾਇਆ। ਇਹ ਹੈ ਔਰਤ ਦਾ ਜਜ਼ਬਾ ਅਤੇ ਸਿਆਣਪ ਦੀ ਮਿਸਾਲ।

ਇਸ ਫਿਲਮ ਵਿਚ ਪ੍ਰਸਿੱਧ ਅਦਾਕਾਰਾ ਵੂਫ਼ੀ ਗੋਲਡਬਰਗ ਅਤੇ ਓਪਰਾ ਵਿਨਫ਼ਰੇ ਨੇ ਕਮਾਲ ਦੀ ਅਦਾਇਗੀ ਕੀਤੀ। ਜੇ ਓਪਰਾ ਵਿਨਫ਼ਰੇ ਦੀ ਗੱਲ ਕਰੀਏ ਤਾਂ ਉਹ ਅੱਜ ਦੇ ਮੀਡੀਏ ਦੀ ਦੁਨੀਆ ਦੀ ਇਕ ਸੁਪ੍ਰਸਿੱਧ ਹਸਤੀ, ਮਾਨਵ-ਪ੍ਰੇਮ ਦੇ ਜਜ਼ਬੇ ਨਾਲ ਭਰਪੂਰ ਸ਼ਖਸੀਅਤ ਅਤੇ ਵੀਹਵੀਂ ਸਦੀ ਦੀ ਸਭ ਤੋਂ ਅਮੀਰ ਅਫ਼ਰੀਕਨ-ਅਮਰੀਕਨ ਔਰਤ ਹੈ। ਉਹ ਮਿਸੀਸਿੱਪੀ ਵਿਚ ਇਕ ਬਹੁਤ ਹੀ ਗਰੀਬ ਘਰ ਵਿਚ ਪੈਦਾ ਹੋਈ। ਗਰੀਬੀ ਕਾਰਣ ਬਚਪਨ ਵਿਚ ਉਸ ਨੇ ਦਰ ਦਰ ਦੀਆਂ ਠੋਕਰਾਂ ਖਾਧੀਆਂ। ਨਿੱਕੀ ਉਮਰੇ ਆਪਣੇ ਅਨੇਕਾਂ ਰਿਸ਼ਤੇਦਾਰਾਂ ਅਤੇ ਹੋਰ ਮਰਦਾਂ ਦੀ ਹਵਸ ਦਾ ਸ਼ਿਕਾਰ ਹੋਈ। ਆਪਣੀ ਪੜ੍ਹਾਈ ਅਤੇ ਕਰੜੀ ਮਿਹਨਤ ਸਦਕਾ ਅੱਜ ਉਹ ਦੁਨੀਆਂ ਦੀਆਂ ਔਰਤਾਂ ਲਈ ਇਕ ਰੋਲ ਮਾਡਲ ਹੈ।

ਓਪਰਾ ਦਾ ਪਾਲਣ-ਪੋਸ਼ਣ ਉਸਦੀ ਨਾਨੀ ਨੇ ਕੀਤਾ। ਜਦੋਂ ਅਜੇ ਉਹ ਛੋਟੀ ਹੀ ਸੀ ਉਸਨੂੰ ਉਸਦੀ ਨਾਨੀ ਕਿਹਾ ਕਰਦੀ ਸੀ, ‘ਮੇਰੇ ਨਾਲ ਗੋਰਿਆਂ ਦੇ ਕੱਪੜੇ ਧੋਇਆ ਕਰ ਕਿਉਂਕਿ ਅੰਤ ਵਿਚ ਤੈਨੂੰ ਵੀ ਇਹੋ ਕੰਮ ਕਰਨਾ ਪੈਣਾ ਹੈ।’ ਪਰ ਉਹ ਸਵੈ-ਵਿਸ਼ਵਾਸ ਨਾਲ ਕਹਿੰਦੀ ਸੀ, ‘ਨਹੀਂ, ਮੈਂ ਕਦਾਚਿਤ ਅਜਿਹਾ ਨਹੀਂ ਕਰਾਂਗੀ।’ ਸੱਚਮੁਚ ਹੀ  ਅੱਜ ਉਹ ਆਪਣੀ ਹਿੰਮਤ ਅਤੇ ਸੂਝ ਨਾਲ ਇਕ ਵੱਡੀ ਐਕਟਰੈੱਸ, ਟਾਕ ਸ਼ੋਅ ਹੋਸਟ, ਫ਼ਿਲਮ ਪ੍ਰਡਿਊਸਰ, ਲੇਖਕ ਤੇ ਮੈਗਜ਼ੀਨ ਐਡੀਟਰ ਹੈ। ਉਸਨੇ ਬੱਚਿਆਂ ਦਾ ਜੌਨ-ਸੋਸ਼ਣ ਕਰਨ ਵਾਲਿਆਂ ਦੀ ਸ਼ਨਾਖਤ ਕਰਣ ਲਈ ਕਈ ਟਾਕ-ਸ਼ੋਅ ਕੀਤੇ। ਉਹ ਬਹੁਤ ਸਾਰੀਆਂ ਕਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਜੀਫ਼ੇ ਦਿੰਦੀ ਹੈ ਤੇ ਗਰੀਬਾਂ ਦੀ ਮਦਦ ਕਰਦੀ ਹੈ। ਸਾਊਥ ਅਫ਼ਰੀਕਾ ਵਿਚ ਉਸਨੇ 450 ਕੁੜੀਆਂ ਲਈ ਇਕ ਬਹੁਤ ਵਧੀਆ ਸਕੂਲ ਖੋਲ੍ਹਿਆ ਹੋਇਆ ਹੈ, ਜਿਸ ਵਿਚ ਗਰੀਬ ਘਰਾਂ ਦੀਆਂ ਲਾਇਕ ਕੁੜੀਆਂ ਨੂੰ ਪੜ੍ਹਾ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਲਈ ਤਿਆਰ ਕੀਤਾ ਜਾਂਦਾ ਹੈ। 

ਕੈਨੇਡਾ ਦੀਆਂ ‘ਦਾ ਫੇਮਸ ਫਾਈਵ’ ਵਜੋਂ ਜਾਣੀਆਂ ਜਾਂਦੀਆਂ ਔਰਤਾਂ ਨੇ ਵੀ ਇਹੋ ਜਿਹੀ ਇਕ ਲੜਾਈ ਲੜੀ ਸੀ। ਅੱਜ ਕੈਨੇਡਾ ਵਿਚ ਔਰਤ ਰਾਜਨੀਤੀਕ ਖੇਤਰ ਵਿਚ ਜੋ ਅਧਿਕਾਰ ਮਾਣ ਰਹੀ ਹੈ, ਇਹ ਇਹਨਾਂ ‘ਫੇਮਸ ਫਾਈਵ’ ਦੀ ਹੀ ਦੇਣ ਹੈ। ਕੈਨੇਡਾ ਵਿਚ ਔਰਤਾਂ ਹਮੇਸ਼ਾ ਅੱਜ ਜਿੰਨੀਆਂ ਆਜ਼ਾਦ ਨਹੀਂ ਸਨ। ਇਨ੍ਹਾਂ ਦੀ ਗਿਣਤੀ ‘ਪਰਸਨਜ਼’ ਵਿਚ ਵੀ ਨਹੀਂ ਗਿਣੀ ਜਾਂਦੀ ਸੀ। 1927 ਵਿਚ ਪੰਜ ਔਰਤਾਂ- ਐਮਲੀ ਮਰਫ਼ੀ, ਆਇਰਨ ਮਾਰਟਿਨ ਪਰਲਬੀ, ਨੈਨੀ ਮੂਲੀ ਮੈਕਲੰਗ, ਲੂਈਸ ਮਕੀਨੀ ਤੇ ਹੈਨਰੀਅਟਾ ਮਯੂਰ ਨੇ ਇਕੱਠਿਆਂ ਹੋ ਕੇ ਕੈਨੇਡਾ ਦੀ ਸੁਪਰੀਮ ਕੋਰਟ ਤੋਂ ਬ੍ਰਿਟਿਸ਼ ਸੰਵਿਧਾਨ ਵਿਚ ਲਿਖੇ ‘ਕੁਆਲੀਫਾਈਡ ਪਰਸਨਜ਼’ ਦੀ ਪਰਿਭਾਸ਼ਾ ਪੁੱਛੀ। ਉਹਨਾਂ ਦਾ ਭਾਵ ਸੀ ਕਿ ਕੀ ਔਰਤਾਂ ‘ਪਰਸਨਜ਼’ ਦੀ ਪਰਿਭਾਸ਼ਾ ਵਿਚ ਸ਼ਾਮਿਲ ਸਨ ਕਿ ਨਹੀਂ। ਅਸਲ ਵਿਚ ਉਹ ਇਹ ਜਾਨਣਾ ਚਾਹੁੰਦੀਆਂ ਸਨ ਕਿ ਔਰਤਾਂ ਨੂੰ ਸੈਨੇਟ ਦੀ ਨੁਮਾਂਇੰਦਗੀ ਕਰਨ ਦਾ ਅਧਿਕਾਰ ਹੈ ਜਾਂ ਨਹੀਂ?

1928 ਵਿਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਕਿ ਔਰਤਾਂ ‘ਪਰਸਨਜ਼’ ਵਿਚ ਸ਼ਾਮਿਲ ਨਹੀਂ ਸਨ। ਇਸ ਫੈਸਲੇ ਦੀ ਆਖਿਰੀ ਸਤਰ ਵਿਚ ਲਿਖਿਆ ਗਿਆ ਸੀ ਕਿ ਔਰਤਾਂ ਨੂੰ ਕੈਨੇਡਾ ਦੀ ਸੈਨੇਟ ਦਾ ਮੈਂਬਰ ਬਨਣ ਦਾ ਅਧਿਕਾਰ ਨਹੀਂ ਹੈ। ਇਸ ਕੇਸ ਨੂੰ ‘ਪਰਸਨਜ਼ ਕੇਸ’ ਦਾ ਨਾਂ ਦਿਤਾ ਗਿਆ। ਪਰ ਇਹ ਔਰਤਾਂ ਹਾਰੀਆਂ ਨਹੀਂ। ਇਨ੍ਹਾਂ ਨੇ ਇਸ ਕੇਸ ਦੀ ਇੰਗਲੈਂਡ ਵਿਚ ਬ੍ਰਿਟਿਸ਼ ਸਰਕਾਰ ਦੀ ‘ਜੂਡੀਸ਼ੀਅਲ ਪ੍ਰੀਵੀ ਕੌਂਸਲ’ ਅੱਗੇ ਪਟੀਸ਼ਨ ਕੀਤੀ। 18 ਅਕਤੂਬਰ 1929 ਨੂੰ ਪਹਿਲੇ ਫੈਸਲੇ ਨੂੰ ਰੱਦ ਕਰ ਦਿਤਾ ਗਿਆ ਤੇ ‘ਪਰਸਨਜ਼’ ਵਿਚ ਔਰਤਾਂ ਵੀ ਸ਼ਾਮਿਲ ਕੀਤੀਆ ਗਈਆਂ। ਇਸ ਤਰ੍ਹਾਂ ਔਰਤਾਂ ਨੂੰ ਕੈਨੇਡਾ ਦੀ ਸੈਨੇਟ ਦੀਆਂ ਮੈਂਬਰ ਬਨਣ ਦੇ ਅਧਿਕਾਰ ਮਿਲ ਗਏ।

ਇਹ ਪੰਜੇ ਕੈਨੇਡਾ ਦੇ ਸੂਬੇ ਅਲਬਰਟਾ ਦੀਆਂ ਰਹਿਣ ਵਾਲੀਆਂ ਸਨ। ਕੇਸ ਜਿੱਤਣ ਤੋਂ ਬਾਅਦ ਇਨ੍ਹਾਂ ਨੇ ਕੈਨੇਡੀਅਨ ਔਰਤਾਂ ਦੇ ਹੱਕਾਂ ਲਈ ਬਹੁਤ ਸਾਰੇ ਲਾਹੇਵੰਦ ਕੰਮ ਕੀਤੇ। ਕੰਮ ਤੇ ਔਰਤ ਕਾਮਿਆਂ ਲਈ ਸੁਖਾਵਾਂ ਮਾਹੌਲ, ਅੋਰਤਾਂ ਦੀ ਸਿਹਤ ਸੰਬੰਧੀ ਸੇਵਾਵਾਂ, ਵਿਆਹੁਤਾ ਔਰਤਾਂ ਦੇ ਅਧਿਕਾਰ, ਬੱਚਿਆਂ ਦੇ ਪਾਲਣ-ਪੋਸ਼ਣ ਦੇ ਅਧਿਕਾਰ, ਰਾਜਨੀਤੀ ਵਿਚ ਹਿੱਸਾ ਲੈਣ ਦੇ ਅਧਿਕਾਰ ਆਦਿ। ਵਿਦਿੱਅਕ ਅਦਾਰਿਆਂ ਵਿਚ ਵੀ ਔਰਤਾਂ ਦੇ ਹਰ ਮਸਲੇ ਲਈ ਇਨ੍ਹਾਂ ਪੰਜਾਂ ਨੇ ਸਾਰੀ ਜ਼ਿੰਦਗੀ ਲਗਨ ਅਤੇ ਹਿੰਮਤ ਨਾਲ ਅੱਗੇ ਹੋਕੇ ਕੰਮ ਕੀਤਾ। ਔਰਤਾਂ ਨੂੰ ਹੱਕ ਦੁਆਉਣ ਵੇਲੇ ਇਨ੍ਹਾਂ ਰੰਗ-ਭੇਦ ਅਤੇ ਨਸਲ ਦੀ ਪਰਵਾਹ ਨਹੀਂ ਕੀਤੀ।

ਅੱਜ ਇਹ ਪੰਜੇ ਔਰਤਾਂ ‘ਦਾ ਫੇਮਸ ਫਾਈਵ’ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਕੈਨੇਡਾ ਸਰਕਾਰ ਤੋਂ ਬਹੁਤ ਮਾਣ ਪ੍ਰਾਪਤ ਹੋਇਆ। ਸਰਕਾਰ ਦੁਆਰਾ ਇਨ੍ਹਾਂ ਦੀਆਂ ਜੀਵਨੀਆਂ ਤਿਆਰ ਕਰਵਾਈਆਂ ਗਈਆਂ। ਇਨ੍ਹਾਂ ਦੀ ਤਸਵੀਰ ਪੰਜਾਹਾਂ ਦੇ ਨੋਟ ਤੇ ਛਾਪੀ ਗਈ। ਕੈਨੇਡਾ ਦੀ ਸਰਕਾਰ ਨੇ ਇਨ੍ਹਾਂ ਨੂੰ ਟਰਾਫ਼ੀਆਂ ਦੇ ਕੇ ਵੀ ਸਨਮਾਨਿਤ ਕੀਤਾ। ਇਨ੍ਹਾਂ ਦੇ ਬੁੱਤ ਮਸ਼ਹੂਰ ਬੁੱਤਘਾੜੀ ਬਾਰਬਰਾ ਪੈਟਰਸਨ ਤੋਂ ਬਣਵਾ ਕੇ ‘ਪਾਰਲੀਮੈਂਟ ਹਿੱਲ’, ਔਟਵਾ ਅਤੇ ‘ਉਲਿੰਪਕ ਪਲਾਜ਼ਾ’ ਕੈਲਗਰੀ ਵਿਚ ਲਗਵਾਏ ਗਏ ਹਨ। ਇਨ੍ਹਾਂ ਦੀ ਇਸ ਪ੍ਰਾਪਤੀ ਤੇ ਸਾਰੀ ਇਸਤਰੀ ਜਾਤੀ ਨੂੰ ਮਾਣ ਹੈ। 

ਅਜੇ ਵੀ ਔਰਤ ਜਾਤੀ ਦੇ ਸਾਹਮਣੇ ਅਨੇਕਾਂ ਚੁਣੌਤੀਆਂ ਹਨ। ਉਹ ਅੱਜ ਵੀ ਦੂਜੇ ਦਰਜੇ ਦੀ ਸ਼ਹਿਰੀ ਹੈ। ਇਸ ਦਾ ਭਾਵ ਇਹ ਨਹੀਂ ਕਿ ਉਹ ਹਾਰ ਕੇ ਬੈਠ ਜਾਵੇ ਜਾਂ ਰੋਂਦੀ ਰਹੇ ਤੇ ਹਾਰੀ ਹੋਈ ਅਬਲਾ ਦੀਆਂ ਕਥਾਵਾਂ ਲਿਖਦੀ ਰਹੇ। ਸਾਡੀ ਔਰਤ ਨੂੰ ਆਪਣੇ ਅਧਿਕਾਰਾਂ ਨੂੰ ਚੰਗੀ ਤਰ੍ਹਾਂ ਸਮਝਣਾ ਪੈਣਾ ਹੈ। ਕੈਨੇਡਾ ਵਰਗੇ ਪੱਛਮੀ ਦੇਸਾਂ ਵਿਚ ਆਕੇ ਉਸਨੂੰ ਇਕ ਚੰਗੀ ਜ਼ਿੰਦਗੀ ਜੀਉਣ ਦਾ ਮੌਕਾ ਮਿਲਦਾ ਹੈ। ਉਹ ਇਥੋਂ ਦੇ ਸਿਸਟਮ ਨੂੰ ਸਮਝੇ। ਆਪਣੀ ਵਿਦਿੱਅਕ ਯੋਗਤਾ ਨੂੰ ਵਰਤੋਂ ‘ਚ ਲਿਆਵੇ। ਵੇਖਣ ਵਿਚ ਆਇਆ ਹੈ ਕਿ ਸਾਡੀਆਂ ਬਹੁਤੀਆਂ ਲੜਕੀਆਂ ਜੋ ਕੈਨੇਡਾ ਪੜ੍ਹਣ ਆਉਂਦੀਆਂ ਹਨ ਇੱਥੇ ਆਕੇ ਬਹੁਤ ਮਿਹਨਤ ਕਰਦੀਆਂ ਹਨ ਅਤੇ ਆਪਣੇ ਮੁਕਾਮ ਤੇ ਪਹੁੰਚ ਕੇ ਆਪਣੇ ਮਾਪਿਆਂ ਨੂੰ ਵੀ ਇੱਥੇ ਬੁਲਾਉਂਦੀਆਂ ਹਨ। ਉਨ੍ਹਾਂ ਧੀਆਂ ਨੂੰ ਵੀ ਸਾਡਾ ਸਲਾਮ ਹੈ ਜਿਨ੍ਹਾਂ ਨੇ ਨੌਕਰੀਆਂ ਕਰਕੇ ਆਪਣੇ ਘਰਾਂ ਵਿਚੋਂ ਗਰੀਬੀ ਦੂਰ ਕੀਤੀ। ਅੱਜਕਲ ਰਾਜਨੀਤੀ ਵਿਚ ਵੀ ਬਹੁਤ ਸਾਰੀਆਂ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਸਾਡੀਆਂ ਔਰਤਾਂ ਕੈਨੇਡਾ ਵਰਗੇ ਅਗਾਂਹਵਧੂ ਦੇਸਾਂ ਵਿਚ ਆ ਕੇ ਕੇਵਲ ਆਪਣੇ ਪਹਿਰਾਵੇ ਨੂੰ ਹੀ ਕੈਨੇਡੀਅਨ ਨਹੀਂ ਬਣਾਉਂਦੀਆਂ ਸਗੋਂ ਇਥੋਂ ਦੀ ਭਾਸ਼ਾ ਤੇ ਸਿਸਟਮ ਨੂੰ ਸਿੱਖ ਕੇ ਚੰਗੀਆਂ ਚੰਗੀਆਂ ਨੌਕਰੀਆਂ ਅਤੇ ਆਪਣੇ ਕਾਰੋਬਾਰ ਵੀ ਕਰਦੀਆਂ ਹਨ।

ਭਵਿੱਖ ਵਿਚ ਵੀ ਔਰਤ ਹੀ ਔਰਤ ਦਾ ਮਾਣ ਵਧਾਉਣ ਵਿਚ ਸਹਾਇਤਾ ਕਰ ਸਕਦੀ ਹੈ। ਮਾਂ ਹੋਣ ਦੇ ਨਾਤੇ ਘਰ ਵਿਚ ਪੁੱਤਰ ਅਤੇ ਧੀ ਵਿਚ ਫ਼ਰਕ ਨਾ ਕਰੇ ਅਤੇ ਆਪਣੇ ਪੁੱਤਰ ਨੂੰ ਇਹੋ ਜਿਹੇ ਸੰਸਕਾਰ ਦੇਵੇ ਕਿ ਉਹ ਵੱਡਾ ਹੋ ਕੇ ਹਰ ਔਰਤ ਦਾ ਸਤਿਕਾਰ ਕਰੇ। ਫਿਰ ਉਹ ਦਿਨ ਦੂਰ ਨਹੀਂ ਜਦੋਂ ਮਰਦ ਅਤੇ ਔਰਤ ਵਿਚ ਕੋਈ ਫਰਕ ਨਹੀਂ ਹੋਵੇਗਾ। ਪਰਿਵਰਤਨ ਲਿਆਉਣ ਲਈ ਜਰੂਰੀ ਨਹੀਂ ਕਿ ਬਹੁਤ ਵੱਡੀਆਂ ਘਾਲਣਾ ਘਾਲੀਆਂ ਜਾਣ, ਆਪਣੇ ਪਰਿਵਾਰ ਵਿਚ ਬੱਚਿਆਂ ਦੀ ਪਾਲਣਾ-ਪੋਸ਼ਣਾ ਕਰਦਿਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖ ਕੇ ਅਗਲੀ ਪੀੜੀ ਦੀ ਸੋਚ ਵਿਚ ਬਦਲਾਉ ਲਿਆਂਦਾ ਜਾ ਸਕਦਾ ਹੈ।

ਹੁਣ ‘ਵੁਮੈਨ ਇੰਪਾਵਰਮੈਂਟ’ ਦੀ ਜਗ੍ਹਾ ‘ਮੈੱਨ ਇਮਪਾਵਰਮੈਂਟ’ ਦੀ ਜਰੂਰਤ ਹੈ ਤਾਂ ਕਿ  ਮਰਦ ਔਰਤ ਵਾਂਗ ਆਪਣੀਆਂ ਇੰਦਰੀਆਂ ‘ਤੇ ਕਾਬੂ ਪਾਉਣਾ ਸਿੱਖ ਸਕੇ ਤੇ ਆਪਣੀ ਪੈਤਰਿਕ ਸੋਚ ਤੋਂ ਨਿਜਾਤ ਪਾ ਕੇ ਔਰਤ ਦੀ ਸਿਆਣਪ ਅਤੇ ਸ਼ਕਤੀ ਨੂੰ ਸਵਿਕਾਰ ਕਰ ਸਕੇ।

*
ਸੁਰਜੀਤ (ਟੋਰਾਂਟੋ)
416-605-3784

***
ਪਹਿਲੀ ਵਾਰ ਛਪਿਆ 1 ਅਕਤੂਬਰ 2021
***
408
***

About the author

ਸੁਰਜੀਤ (ਟੋਰਾਂਟੋ)
416-605-3784 | surjitk33@gmail.com | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਮ:  ਸੁਰਜੀਤ (ਟੋਰਾਂਟੋ)
ਵਿੱਦਿਆ - ਬੀ. ਏ. ਆਨਰਜ਼, ਐਮ. ਏ., ਐਮ. ਫਿਲ.
ਕਿੱਤਾ – ਅਧਿਆਪਨ, ਹਿਊਮਨ ਰਿਸੋਰਸ, ਇੰਸ਼ੋਰੈਂਸ ਬਰੋਕਰ
ਕਿਤਾਬਾਂ: ਸ਼ਿਕਸਤ ਰੰਗ, ਹੇ ਸਖੀ, ਵਿਸਮਾਦ- -ਕਾਵਿ-ਸੰਗ੍ਰਹਿ,ਕਹਾਣੀ ਸੰਗ੍ਰਹਿ- ਪਾਰਲੇ ਪੁਲ਼
ਸਹਿ-ਸੰਪਾਦਿਤ – ਕੂੰਜਾਂ– ਕੈਨੇਡਾ ਦਾ ਨਾਰੀ ਕਾਵਿ
ਆਲੋਚਨਾ – ਪਰਵਾਸੀ ਪੰਜਾਬੀ ਸਾਹਿਤ – ਸ਼ਬਦ ਅਤੇ ਸੰਵਾਦ
      - ਬਹੁਤ ਸਾਰੇ ਪੰਜਾਬੀ ਅਤੇ ਹਿੰਦੀ ਮੈਗ਼ਜ਼ੀਨਾਂ, ਅਖਬਾਰਾਂ ਅਤੇ ਕਵਿਤਾ/ਕਹਾਣੀ
        ਸੰਗ੍ਰਹਿਆਂ ਵਿਚ ਕਵਿਤਾਵਾਂ, ਆਰਟੀਕਲ, ਇੰਟਰਵਿਊ ਅਤੇ ਕਹਾਣੀਆਂ ਛਪਦੀਆਂ ਹਨ।
 ਮੇਘਲਾ ਮੈਗ਼ਜ਼ੀਨ ਨੇ ‘ਸੁਰਜੀਤ ਵਿਸ਼ੇਸ਼ ਅੰਕ’ ਅਤੇ ਏਕਮ ਨੇ ਕਵੀ ਵਿਸ਼ੇਸ਼ ਵਜੋਂ ਛਾਪਿਆ
Forthcoming titles:  ਵਾਰਤਕ ਅਤੇ ਟਰਾਂਸਲੇਸ਼ਨ ਦੀਆਂ ਪੁਸਤਕਾਂ ਛਪਣ ਲਈ ਤਿਆਰ

ਮੀਡੀਆ:  ਟੀ.ਵੀ. ਤੇ ਰੇਡਿਓ ਹੋਸਟ
Phone Numbers:               416-605-3784
E-mail:                                surjitk33@gmail.com
Co-Director                        The Literary Reflections
Secretary                         DISHA– An organization of Canadian Punjabi Women
Blogs/ website:  www.surjitkaur.blogspot.com, www.sirjanhari.blogspot.com 

ਸੁਰਜੀਤ (ਟੋਰਾਂਟੋ)

ਨਾਮ:  ਸੁਰਜੀਤ (ਟੋਰਾਂਟੋ) ਵਿੱਦਿਆ - ਬੀ. ਏ. ਆਨਰਜ਼, ਐਮ. ਏ., ਐਮ. ਫਿਲ. ਕਿੱਤਾ – ਅਧਿਆਪਨ, ਹਿਊਮਨ ਰਿਸੋਰਸ, ਇੰਸ਼ੋਰੈਂਸ ਬਰੋਕਰ ਕਿਤਾਬਾਂ: ਸ਼ਿਕਸਤ ਰੰਗ, ਹੇ ਸਖੀ, ਵਿਸਮਾਦ- -ਕਾਵਿ-ਸੰਗ੍ਰਹਿ,ਕਹਾਣੀ ਸੰਗ੍ਰਹਿ- ਪਾਰਲੇ ਪੁਲ਼ ਸਹਿ-ਸੰਪਾਦਿਤ – ਕੂੰਜਾਂ– ਕੈਨੇਡਾ ਦਾ ਨਾਰੀ ਕਾਵਿ ਆਲੋਚਨਾ – ਪਰਵਾਸੀ ਪੰਜਾਬੀ ਸਾਹਿਤ – ਸ਼ਬਦ ਅਤੇ ਸੰਵਾਦ       - ਬਹੁਤ ਸਾਰੇ ਪੰਜਾਬੀ ਅਤੇ ਹਿੰਦੀ ਮੈਗ਼ਜ਼ੀਨਾਂ, ਅਖਬਾਰਾਂ ਅਤੇ ਕਵਿਤਾ/ਕਹਾਣੀ         ਸੰਗ੍ਰਹਿਆਂ ਵਿਚ ਕਵਿਤਾਵਾਂ, ਆਰਟੀਕਲ, ਇੰਟਰਵਿਊ ਅਤੇ ਕਹਾਣੀਆਂ ਛਪਦੀਆਂ ਹਨ।  ਮੇਘਲਾ ਮੈਗ਼ਜ਼ੀਨ ਨੇ ‘ਸੁਰਜੀਤ ਵਿਸ਼ੇਸ਼ ਅੰਕ’ ਅਤੇ ਏਕਮ ਨੇ ਕਵੀ ਵਿਸ਼ੇਸ਼ ਵਜੋਂ ਛਾਪਿਆ Forthcoming titles:  ਵਾਰਤਕ ਅਤੇ ਟਰਾਂਸਲੇਸ਼ਨ ਦੀਆਂ ਪੁਸਤਕਾਂ ਛਪਣ ਲਈ ਤਿਆਰ ਮੀਡੀਆ:  ਟੀ.ਵੀ. ਤੇ ਰੇਡਿਓ ਹੋਸਟ Phone Numbers:               416-605-3784 E-mail:                                surjitk33@gmail.com Co-Director                        The Literary Reflections Secretary                         DISHA– An organization of Canadian Punjabi Women Blogs/ website:  www.surjitkaur.blogspot.com, www.sirjanhari.blogspot.com 

View all posts by ਸੁਰਜੀਤ (ਟੋਰਾਂਟੋ) →