19 June 2024

ਸਵੈ ਕਥਨ: ‘ਹੁੰਗਾਰਾ ਕੌਣ ਭਰੇ’ ਦੀ ਸੰਪਾਦਨ ਪ੍ਰਕ੍ਰਿਆ ‘ਚੋਂ ਲੰਘਦੇ ਹੋਏ—ਰਵਿੰਦਰ ਸਿੰਘ ਸੋਢੀ

‘ਹੁੰਗਾਰਾ ਕੌਣ ਭਰੇ’ ਮੇਰੇ ਵੱਲੋਂ ਸੰਪਾਦਿਤ ਕੀਤੀ ਦੂਜੀ ਪੁਸਤਕ ਹੈ। ਇਸ ਤੋਂ ਪਹਿਲਾਂ ਫਰਵਰੀ 2022 ਵਿਚ ਹੀ ਮੈਨੂੰ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ. ਕੇ. ਅਤੇ ਕੈਨੇਡਾ ਦੇ ਵੀਹ ਪਰਵਾਸੀ ਲੇਖਕਾਂ ਦੀਆਂ ਕਹਾਣੀਆਂ, ਕਵਿਤਾਵਾਂ ਅਤੇ ਵਾਰਤਕ ਰਚਨਾਵਾਂ ਦੀ ਪੁਸਤਕ ‘ਪਰਵਾਸੀ ਕਲਮਾਂ’ ਸੰਪਾਦਿਤ ਕਰਨ ਦਾ ਮੌਕਾ ਮਿਲਿਆ ਸੀ। ਇਸ ਪੁਸਤਕ ਦੀ ਤਿਆਰੀ ਸੰਬੰਧੀ ਕਈ ਨਵੇਂ ਸਾਹਿਤਕ ਮਿੱਤਰਾਂ ਨਾਲ ਨੇੜੇ ਹੋਣ ਦਾ ਮੌਕਾ ਮਿਲਿਆ, ਪੁਸਤਕ ਦੇ ਸੰਪਾਦਨ ਦਾ ਵਧੀਆ ਤਜ਼ਰਬਾ ਪ੍ਰਾਪਤ ਹੋਇਆ ਅਤੇ ਸਭ ਤੋਂ ਵੱਧ ਕਈ ਵਿਦਵਾਨ ਆਲੋਚਕਾਂ ਵੱਲੋਂ ਹੱਲਾ-ਸ਼ੇਰੀ ਵੀ ਮਿਲੀ। ‘ਪਰਵਾਸੀ ਕਲਮਾਂ’ ਦੇ ਜਿੰਨੇ ਵੀ ਰਿਵੀਊ ਆਏ, ਸਾਰਿਆਂ ਵਿਚ ਹੀ ਇਸ ਸਾਂਝੇ ਉੱਦਮ ਦੀ ਪ੍ਰਸੰਸਾ ਕੀਤੀ ਗਈ। ਇਸ ਤੋਂ ਹੀ ਪ੍ਰੇਰਨਾ ਲੈ ਕੇ ਦੂਜੀ ਪੁਸਤਕ ਦੀ ਸੰਪਾਦਨ ਦਾ ਬੀੜਾ ਉਠਾਇਆ। ਇਸ ਵਾਰ ਪੁਸਤਕ ਨੂੰ ਬਹੁ-ਵਿਧਾਵੀ ਬਣਾਉਣ ਦੀ ਥਾਂ ਕਹਾਣੀਆਂ ਤੱਕ ਹੀ ਸੀਮਤ ਰੱਖਿਆ ਗਿਆ।

ਮੇਰਾ ਨਿਜੀ ਵਿਚਾਰ ਹੈ ਕਿ ਜਿਵੇਂ ਕਿਸੇ ਵੀ ਲੇਖਕ ਨੂੰ ਆਪਣੀ ਮੌਲਿਕ ਪੁਸਤਕ ਵਿਚ ਲਿਖਤਾਂ ਦੀ ਚੋਣ ਕਰਨ ਸਮੇਂ ਕਈ ਚੁਣੌਤੀਆਂ ਦਾ ਮੁਕਾਬਲਾ ਕਰਨਾ ਪੈਂਦਾ ਹੈ, ਉਸੇ ਤਰਾਂ ਹੀ ਕਈ ਲੇਖਕਾਂ ਦੀਆਂ ਰਚਨਾਵਾਂ ਨੂੰ ਇਕ ਜਿਲਦ ਵਿਚ ਇਕੱਠਾ ਕਰਨ ਸਮੇਂ ਸੰਪਾਦਕ ਨੂੰ ਵੀ ਕਈ ਮੁਸ਼ਕਲ ਸਥਿਤੀਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਮੌਲਿਕ ਲੇਖਕ ਲਈ ਚੁਣੌਤੀ ਇਹ ਹੁੰਦੀ ਹੈ ਕਿ ਉਹ ਆਪਣੀ ਪੁਸਤਕ ਵਿਚ ਕਿਹੜੀ ਕਹਾਣੀ, ਕਵਿਤਾ, ਇਕਾਂਗੀ, ਵਾਰਤਕ ਆਦਿ ਨੂੰ ਲਵੇ ਅਤੇ ਕਿਹੜੀ ਨੂੰ ਛੱਡੇ। ਸੰਪਾਦਕ ਲਈ ਸਭ ਤੋਂ ਪਹਿਲੀ ਵੱਡੀ ਮੁਸ਼ਕਲ ਘਾਟੀ ਸਰ ਕਰਨ ਵਾਲੀ ਗੱਲ ਹੁੰਦੀ ਹੈ ਕਿ ਕਿਹੜੇ-ਕਿਹੜੇ ਲੇਖਕਾਂ ਦੀ ਚੋਣ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਉਹਨਾਂ ਲੇਖਕਾਂ ਦੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਜਾਵੇ। ਅਜਿਹੀ ਚੋਣ ਸਮੇਂ ਇਹ ਵੀ ਧਿਆਨ ਵਿਚ ਰੱਖਣਾ ਪੈਂਦਾ ਹੈ ਕਿ ਪੁਸਤਕ ਵਿਚ ਸ਼ਾਮਲ ਕੀਤੇ ਜਾ ਰਹੇ ਲੇਖਕਾਂ ਅਤੇ ਉਹਨਾਂ ਦੀਆਂ ਕਿਰਤਾਂ ਦੇ ਸਾਹਿਤਕ ਪੱਧਰ ਵਿਚ ਵੀ ਸਮਾਨਤਾ ਬਣੀ ਰਹੇ। ਇਹ ਨਾ ਹੋਵੇ ਕਿ ਵੱਡੇ ਲੇਖਕ ਦੇ ਪਰਛਾਵੇਂ ਵਿਚ ਨਵੇਂ ਲੇਖਕ ਗੁੰਮ ਹੀ ਹੋ ਜਾਣ ਜਾਂ ਇਕ ਸਾਹਿਤਕਾਰ ਦੀਆਂ ਰਚਨਾਵਾਂ ਅਤੇ ਦੂਜੇ ਸਾਹਿਤਕਾਰ ਦੀਆਂ ਰਚਨਾਵਾਂ ਦੇ ਪੱਧਰ ਵਿਚ ਹੀ ਜ਼ਮੀਨ-ਅਸਮਾਨ ਦਾ ਫਰਕ ਹੋਵੇ। ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣਾ ਐਨਾ ਸਹਿਜ ਨਹੀਂ ਹੁੰਦਾ, ਖਾਸ ਕਰ ਇਕ ਨਵੇਂ ਸੰਪਾਦਕ ਲਈ।

ਇਹ ਸਾਫਗੋਈ ਹੈ ਕਿ ਪ੍ਰਸਤੁਤ ਪੁਸਤਕ ਦੇ ਸੰਪਾਦਨ ਸਮੇਂ ਮੇਰੇ ਲਈ ਇਹ ਇਕ ਬਹੁਤ ਵੱਡੀ ਚੁਣੌਤੀ ਸੀ। ਮੇਰੇ ਕੋਲ ਇਕ ਪਾਸੇ ਐਸ.ਸਾਕੀ ਅਤੇ ਸ੍ਰੀਮਤੀ ਆਸ਼ਾ ਸਾਕੀ ਦੀਆਂ ਕਹਾਣੀਆਂ ਸਨ ਅਤੇ ਦੂਜੇ ਪਾਸੇ ਪੰਜ ਹੋਰ ਕਹਾਣੀਕਾਰ (ਮੇਰੇ ਸਮੇਤ) ਦੀਆਂ ਕਹਾਣੀਆਂ। ਆਸਟ੍ਰੇਲੀਆ ਵਾਸੀ ਜਸਬੀਰ ਸਿੰਘ ਆਹਲੂਵਾਲੀਆ ਭਾਵੇਂ ਉਮਰ ਪੱਖੋਂ ਵੀ ਤਜ਼ਰਬੇਕਾਰ ਹਨ, ਬਤੌਰ ਕਹਾਣੀਕਾਰ ਵੀ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ। ਉਹ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਵੀ ਸਰਗਰਮ ਰਹੇ ਹਨ ਅਤੇ ਇਸ ਖੇਤਰ ਵਿਚ ਨਾਮਣਾ ਵੀ ਖੱਟਿਆ ਹੈ, ਪਰ ਉਹਨਾਂ ਦੇ ਆਪਣੇ ਦਾਇਰੇ ਵਿਚ ਸਿਮਟੇ ਰਹਿਣ ਦੀ ਬਿਰਤੀ ਕਾਰਨ ਉਹ ਪੰਜਾਬੀ ਆਲੋਚਕਾਂ ਦੀਆਂ ਨਜ਼ਰਾਂ ਤੋਂ ਦੂਰ ਹੀ ਰਹੇ ਹਨ। ਅਮਰੀਕਾ ਦੇ ਰਹਿਣ ਵਾਲਾ ਚਰਨਜੀਤ ਸਿੰਘ ਮਿਨਹਾਸ ਪਿਛਲੇ ਕਈ ਸਾਲਾਂ ਤੋਂ ਕਹਾਣੀ ਰਚਨਾ ਵੱਲ ਪ੍ਰੇਰਿਤ ਹੈ ਅਤੇ ਪੰਜਾਬੀ ਦੇ ਕਈ ਚੰਗੇ ਮੈਗਜ਼ੀਨ ਉਸ ਦੀਆਂ ਕਹਾਣੀਆਂ ਨੂੰ ਪ੍ਰਕਾਸ਼ਿਤ ਕਰਦੇ ਹਨ। ਉਹ ਆਪਣੀਆਂ ਕਹਾਣੀਆਂ ਦੇ ਵਿਸ਼ੇ ਅਤੇ ਪਾਤਰ ਆਪਣੇ ਆਲੇ-ਦੁਆਲੇ ਵਿਚੋਂ ਲੈ ਕੇ, ਉਹਨਾਂ ਦੇ ਇਰਦ-ਗਿਰਦ ਹੀ ਆਪਣੀ ਕਹਾਣੀ ਦੀ ਉਸਾਰੀ ਕਰਦਾ ਹੈ। ਇਸੇ ਲਈ ਉਸ ਦੀਆਂ ਕਹਾਣੀਆਂ ਪਾਠਕਾਂ ਨੂੰ ਪਸੰਦ ਆਉਂਦੀਆਂ ਹਨ, ਪਰ ਕਹਾਣੀ ਰਚਨਾ ਉਸ ਲਈ ਕਿੱਤਾ ਨਾ ਹੋ ਕੇ ਸ਼ੌਕ ਹੀ ਹੈ। ਉਹ ਕਹਾਣੀਆਂ ਲਿਖਣ ਦੀ ਗਿਣਤੀ ਵਿਚ ਨਹੀਂ ਉਲਝਦਾ ਬਲਕਿ ਕਹਾਣੀ ਦੇ ਗੁਣਾਤਮਕ ਪੱਖਾਂ ਤੇ ਸਮਾਂ ਲਾਉਂਦਾ ਹੈ। ‘ਪਰਵਾਸੀ ਕਲਮਾਂ’ ਵਿਚ ਵੀ ਮੈਂ ਉਸ ਦੀਆਂ ਕਹਾਣੀਆਂ ਸ਼ਾਮਲ ਕੀਤੀਆਂ ਸਨ। ਚਰਨਜੀਤ ਜਦੋਂ ਵੀ ਨਵੀਂ ਕਹਾਣੀ ਲਿਖਦਾ ਹੈ ਤਾਂ ਮੈਨੂੰ ਪੜ੍ਹਨ ਲਈ ਜਰੂਰ ਭੇਜ ਦਿੰਦਾ ਹੈ। ਇਸ ਲਈ ਮੈਨੂੰ ਉਸ ਨੂੰ ਇਹ ਕਹਿਣ ਦੀ ਲੋੜ ਨਹੀਂ ਪਈ ਕਿ ਉਹ ਆਪਣੀਆਂ ਕਹਾਣੀਆਂ ਭੇਜੇ। ਮੈਂ ਆਪ ਹੀ ਉਸ ਨੂੰ ਦੱਸ ਦਿੱਤਾ ਕਿ ਮੈਂ ਉਸ ਦੀਆਂ ਕਹਾਣੀਆਂ ਦੀ ਚੋਣ ਆਪਣੀ ਨਵੀਂ ਕਿਤਾਬ ਲਈ ਕਰ ਲਈ ਹੈ। ਅਮਰੀਕਾ ਰਹਿਣ ਵਾਲਾ ਡਾ. ਕੰਵਲ ਸਿੱਧੂ ਆਪਣੇ ਪਲੇਠੇ ਕਾਵਿ ਸੰਗ੍ਰਿਹ ‘ਅੱਕ ਰਸ’ ਨਾਲ ਪੰਜਾਬੀ ਸਾਹਿਤਕ ਪਿੜ ਵਿਚ ਆਪਣੀ ਹਾਜ਼ਰੀ ਲਗਵਾ ਚੁੱਕਿਆ ਹੈ। ਉਹ ਪੰਜਾਬ ਤੋਂ ਸੱਤ ਸਮੁੰਦਰ ਪਾਰ ਬੈਠਾ ਵੀ ਪੰਜਾਬ ਦੇ ਪੇਂਡੂ ਜੀਵਨ ਅਤੇ ਦੇਸ਼ ਦੇ ਸਮਾਜਿਕ, ਧਾਰਮਿਕ, ਰਾਜਨੀਤਕ ਹਾਲਾਤ ਨਾਲ ਨੇੜੇ ਦਾ ਰਾਬਤਾ ਰੱਖਦਾ ਹੈ। ਇਸੇ ਲਈ ਉਸ ਦੀਆਂ ਕਵਿਤਾਵਾਂ ਵਿਚੋਂ ਪੰਜਾਬ ਅਤੇ ਭਾਰਤ ਦੀ ਤਸਵੀਰ ਝਲਕਦੀ ਹੈ। ‘ਪਰਵਾਸੀ ਕਲਮਾਂ’ ਵਿਚ ਮੈਂ ਉਸ ਦੀਆਂ ਕੁਝ ਕਵਿਤਾਵਾਂ ਉਚੇਚੇ ਤੌਰ ਤੇ ਸ਼ਾਮਲ ਕੀਤੀਆਂ ਸਨ। ਮੈਨੂੰ ਨਹੀਂ ਸੀ ਪਤਾ ਕਿ ਉਹ ਕਹਾਣੀ ਵੀ ਲਿਖਦਾ ਹੈ। ਪ੍ਰਸਤੁਤ ਪੁਸਤਕ ਦੀ ਤਿਆਰੀ ਸਮੇਂ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਕਹਾਣੀਆਂ ਵੀ ਲਿਖਦਾ ਹੈ? ਇਸ ਦੇ ਉੱਤਰ ਵੱਜੋਂ ਉਸ ਨੇ ਮੈਨੂੰ ਆਪਣੀਆਂ ਤਿੰਨ ਕਹਾਣੀਆਂ ਭੇਜ ਦਿੱਤੀਆਂ। ਕਹਾਣੀਆਂ ਪੜ੍ਹਦੇ ਹੀ ਮੈਂ ਇਹ ਕਹਾਣੀਆਂ ਆਪਣੀ ਪੁਸਤਕ ਵਿਚ ਸ਼ਾਮਲ ਕਰਨ ਦਾ ਫੈਸਲਾ ਕਰ ਲਿਆ ਅਤੇ ਨਾਲ ਹੀ ਉਸ ਨੂੰ ਹੋਰ ਕਹਾਣੀਆਂ ਭੇਜਣ ਨੂੰ ਵੀ ਕਹਿ ਦਿੱਤਾ।

ਸੰਨੀ ਧਾਲੀਵਾਲ ਨੂੰ ਮੈਂ ਬਤੌਰ ਕਵੀ ਜਾਣਦਾ ਹਾਂ। ਉਸ ਦੀਆਂ ਕਵਿਤਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਸਰਲ ਭਾਸ਼ਾ ਵਿਚ ਦਿਲ ਦੀ ਗੱਲ ਕਹਿ ਜਾਂਦਾ ਹੈ। ਅਸਲ ਵਿਚ ਉਹ ਗੱਲ ਨਹੀਂ ਕਹਿੰਦਾ, ਉਹ ਤਾਂ ਇਕ ਕਹਾਣੀ ਹੀ ਹੂ-ਬ-ਹੂ ਪੇਸ਼ ਕਰ ਜਾਂਦਾ ਹੈ। ਉਸ ਦੀ ਇਹ ਸਰਲਤਾ ਅਤੇ ਸਪੱਸ਼ਟਤਾ ਹੀ ਉਸ ਦੀ ਕਵਿਤਾ ਦਾ ਮੀਰੀ ਗੁਣ ਹੈ। ਉਸ ਦੀਆਂ ਕਵਿਤਾਵਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਉਸ ਨੂੰ ਸੰਪਰਕ ਕੀਤਾ ਅਤੇ ਉਸ ਦੇ ਸਾਹਿਤਕ ਸ਼ੋਕ ਸੰਬੰਧੀ ਹੋਰ ਜਾਣਕਾਰੀ ਲਈ। ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਉਹ ਕਹਾਣੀ ਰਚਨਾ ਵੀ ਕਰਦਾ ਹੈ ਅਤੇ ਉਸ ਦੀਆਂ ਕੁਝ ਕਹਾਣੀਆਂ ਅਮਰੀਕਾ ਅਤੇ ਕੈਨੇਡਾ ਦੇ ਪਰਚਿਆਂ ਵਿਚ ਛਪ ਚੁੱਕੀਆਂ ਹਨ, ਤਾਂ ਮੈਂ ਉਸ ਨੂੰ ਵੀ ਕਹਾਣੀਆਂ ਭੇਜਣ ਲਈ ਕਿਹਾ। ਉਸ ਦੀਆਂ ਕਹਾਣੀਆਂ ਪੜ੍ਹ ਕੇ ਮੈਂ ਮਹਿਸੂਸ ਕੀਤਾ ਕਿ ਜੇ ਇਕ ਦੋ ਕਹਾਣੀਆਂ ਵਿਚ ਕੁਝ ਬਦਲਾਅ ਕੀਤੇ ਜਾਣ ਤਾਂ ਕਹਾਣੀਆਂ ਦਾ ਸਾਹਿਤਕ ਪੱਧਰ ਹੋਰ ਉੱਚਾ ਹੋ ਸਕਦਾ ਹੈ। ਇਸ ਸੰਬੰਧੀ ਮੈਂ ਉਸ ਨਾਲ ਵਿਸਤਾਰ ਵਿਚ ਗੱਲ ਕੀਤੀ। ਮੈਨੂੰ ਖੁਸ਼ੀ ਹੈ ਕਿ ਉਸ ਦਾ ਹੁੰਗਾਰਾ ਹਾਂ-ਪੱਖੀ ਸੀ ਅਤੇ ਉਸ ਨੇ ਮੇਰੇ ਸੁਝਾਅ ਆਪਣੇ ਮੁਤਾਬਕ ਢਾਲ ਕੇ ਕਹਾਣੀਆਂ ਵਿਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ।

ਮੈਂ ਆਪਣੇ ਆਪ ਨੂੰ ਕਿਸੇ ਇਕ ਸਾਹਿਤਕ ਵਿਧਾ ਦੀ ਪਕੜ ਵਿਚ ਨਹੀਂ ਬੰਨ੍ਹਿਆ। ਨਾਟਕ, ਕਵਿਤਾ, ਆਲੋਚਨਾ, ਵਾਰਤਕ ਅਤੇ ਕਹਾਣੀ ਵਿਚ ਕਲਮ ਚਲਾਈ ਹੈ। ਭਾਵੇਂ ਨਾਟਕ ਮੇਰੇ ਦਿਲ ਦੇ ਸਭ ਤੋਂ ਨੇੜੇ ਰਿਹਾ ਹੈ, ਪਰ ਤਾਂ ਵੀ ਦੂਜੀਆਂ ਵਿਧਾਵਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਿਆ। ਇਸ ਪੁਸਤਕ ਵਿਚ ਸ਼ਾਮਲ ਮੇਰੀਆਂ ਚਾਰ ਕਹਾਣੀਆਂ ਕੁਝ ਅਖ਼ਬਾਰਾਂ ਅਤੇ ਮੈਗਜ਼ੀਨ ਵਿਚ ਪਹਿਲਾਂ ਹੀ ਹਾਜ਼ਰੀ ਲਗਵਾ ਚੁੱਕੀਆਂ ਹਨ।

ਮੈਂ ਕੋਸ਼ਿਸ਼ ਕੀਤੀ ਹੈ ਕਿ ਨਵੇਂ ਕਹਾਣੀਕਾਰਾਂ ਦੀਆਂ ਵੀ ਸਾਹਿਤਕ ਮਿਆਰ ਤੇ ਖਰੀਆਂ ਉਤਰਦੀਆਂ ਕਹਾਣੀਆਂ ਨੂੰ ਹੀ ਇਸ ਪੁਸਤਕ ਵਿਚ ਦਰਜ ਕਰਾਂ ਤਾਂ ਜੋ ਐਸ ਸਾਕੀ ਸਾਹਿਬ ਵਰਗੇ ਸਾਹਿਤਕਾਰ ਦੀਆਂ ਕਹਾਣੀਆਂ ਦੀ ਸਾਹਿਤਕ ਰੰਗਤ ਬਰਕਰਾਰ ਰਹੇ ਅਤੇ ਨਵੇਂ ਕਹਾਣੀਕਾਰ ਉਹਨਾਂ ਤੋਂ ਪ੍ਰੇਰਿਤ ਵੀ ਹੋ ਸਕਣ। ਇਸ ਮੰਤਵ ਵਿਚ ਕਿੰਨਾ ਕੁ ਸਫਲ ਹੋਇਆ ਹਾਂ ਇਸ ਦਾ ਫੈਸਲਾ ਤਾਂ ਪਾਠਕਾਂ ਅਤੇ ਆਲੋਚਕਾਂ ਨੇ ਹੀ ਕਰਨਾ ਹੈ। ਐਸ ਸਾਕੀ ਦੀਆਂ ਚਾਰ ਕਹਾਣੀਆਂ(82 ਨੰਬਰ, ਸਨ ਹੈਲਪ ਮੀ, ਮੰਗਤੇ ਅਤੇ ਨੰਗੀਆਂ ਲੱਤਾਂ ਵਾਲਾ ਮੁੰਡਾ) ਵੱਖਰੇ-ਵੱਖਰੇ ਅੰਦਾਜ਼ ਦੀਆਂ ਹਨ। ਸ੍ਰੀਮਤੀ ਆਸ਼ਾ ਸਾਕੀ ਦੀ ਕਹਾਣੀ ‘ਇਕ ਕਿੱਸੀ ਲੈ ਲਵਾਂ’ ਵਿਚ ਜਿੱਥੇ ਬੱਚਿਆਂ ਦੇ ਮਨੋਵਿਗਿਆਨਕ ਪੱਖ ਨੂੰ ਪੇਸ਼ ਕੀਤਾ ਹੈ, ਉਥੇ ‘ਕਛੁਏ’ ਆਪਣੀ ਕਿਸਮ ਦੀ ਹੀ ਕਹਾਣੀ ਹੈ। ਜਸਬੀਰ ਸਿੰਘ ਆਹਲੂਵਾਲੀਆ ਦੀ ਕਹਾਣੀ ‘ਦੋ ਕੱਪ ਚਾਹ’, ‘ਇਹ ਕੈਸੀ ਅੱਗ’ ਦੋ ਅਜਿਹੀਆਂ ਕਹਾਣੀਆਂ ਹਨ, ਜੋ ਪਾਠਕਾਂ ਨੂੰ ਲੰਬੇ ਸਮੇਂ ਤੱਕ ਯਾਦ ਰਹਿਣ ਗੀਆਂ। ਚਰਨਜੀਤ ਸਿੰਘ ਮਿਨਹਾਸ ਦੀਆਂ ਕਹਾਣੀਆਂ—ਕਿਉਂ, ਮੇਰੇ ਨਾਲ ਹੀ ਕਿਉਂ? ਅਤੇ ਪਤਾ ਨਹੀਂ ਕਿਥੇ ਜਾਊਂਗਾ? ਵਿਚ ਜੋ ਸਵਾਲ ਉਠਾਏ ਗਏ ਹਨ, ਉਹਨਾਂ ਦਾ ਜੁਆਬ ਸ਼ਾਇਦ ਸਾਨੂੰ ਨਹੀਂ ਮਿਲ ਸਕਦਾ। ਇਸ ਨੂੰ ਅਜੋਕੇ ਇਨਸਾਨ ਦੀ ਹੋਣੀ ਹੀ ਕਿਹਾ ਜਾ ਸਕਦਾ ਹੈ। ਡਾ. ਕੰਵਲ ਸਿੱਧੂ ਆਪਣੀਆਂ ਕਹਾਣੀਆਂ ਨੂੰ ਅਜਿਹੇ ਮੋੜ ਤੇ ਲਿਆ ਕੇ ਖਤਮ ਕਰਦਾ ਹੈ ਕਿ ਪਾਠਕ ਕਹਾਣੀ ਪੜ੍ਹਨ ਤੋਂ ਬਾਅਦ ਵੀ ਉਸ ਸੰਬੰਧੀ ਸੋਚਦਾ ਰਹਿੰਦਾ ਹੈ। ਇਕ ਹੋਰ ਸੰਯੋਗ ਅਤੇ ਮੈਂ ਚੁੱਪ ਹੀ ਰਹਿੰਦਾ ਹਾਂ ਅਜਿਹੀਆਂ ਹੀ ਕਹਾਣੀਆਂ ਹਨ। ਸੰਨੀ ਧਾਲੀਵਾਲ ਦੀ ‘ਮੰਮ ਆਈ ਐਮ ਸਾਰੀ’ ਕਹਾਣੀ ਵਰਗੀਆਂ ਕਹਾਣੀਆਂ ਪੰਜਾਬੀ ਸਾਹਿਤ ਵਿੱਚ ਘੱਟ ਹੀ ਲਿਖੀਆਂ ਗਈਆਂ ਹਨ। ਇਸ ਨੂੰ ‘ਸਾਇੰਸ ਫਿਕਸ਼ਨ’ ਦਾ ਨਾਂ ਦਿੱਤਾ ਜਾ ਸਕਦਾ ਹੈ। ਇਕ ਨਵੇਂ ਕਹਾਣੀਕਾਰ ਦੀ ਅਜਿਹੀ ਕਹਾਣੀ ਤੇ ਚਰਚਾ ਹੋਣੀ ਚਾਹੀਦੀ ਹੈ।

ਦੋ ਕੁ ਗੱਲਾਂ ਇਸ ਪੁਸਤਕ ਦੇ ਮੁੱਖ ਬੰਦ ਸੰਬੰਧੀ ਵੀ ਕਰਨੀਆਂ ਚਾਹੁੰਦਾ ਹਾਂ, ਜਿਸ ਨੂੰ ਮੈਂ ਗੈਰ ਰਸਮੀ ਮੁੱਖ ਬੰਦ ਕਿਹਾ ਹੈ ਅਤੇ ਮੁੱਖ ਬੰਦ ਦੇ ਸਿਰਲੇਖ ‘ਹੁੰਗਾਰਾ ਕੌਣ ਭਰੇ’ ਤੇ ਹੀ ਪੁਸਤਕ ਦਾ ਨਾਮਕਰਨ ਕੀਤਾ ਹੈ। ਅੱਜ ਕੱਲ੍ਹ ਪੰਜਾਬੀ ਸਾਹਿਤਕ ਹਲਕਿਆਂ ਵਿਚ ਇਸ ਗੱਲ ਦੀ ਆਮ ਚਰਚਾ ਹੈ ਕਿ ਪੰਜਾਬੀ ਪੁਸਤਕਾਂ ਨੂੰ ਪਾਠਕਾਂ ਦਾ ਹੁੰਗਾਰਾ ਮੱਠਾ ਹੀ ਮਿਲ ਰਿਹਾ ਹੈ ਅਤੇ ਵੱਖ-ਵੱਖ ਸਾਹਿਤਕ ਮੱਠਾਂ ਦੀ ਸਥਾਪਨਾ ਹੋ ਚੁੱਕੀ ਹੈ ਅਤੇ ਹਰ ਮੱਠ ਦੇ ਆਲੋਚਕ ਵੀ ਆਪਣੇ-ਆਪਣੇ ਹਨ। ਅਜਿਹੇ ਹਾਲਾਤ ਵਿਚ ਨਵੇਂ ਲੇਖਕਾਂ ਦੀਆਂ ਚੰਗੀਆਂ ਸਾਹਿਤਕ ਕ੍ਰਿਤਾਂ ਨੂੰ ਯੋਗ ਹੁੰਗਾਰਾ ਨਹੀਂ ਮਿਲਦਾ। ਹੁੰਗਾਰਿਆਂ ਲਈ ਯਤਨ ਕਰਨੇ ਪੈਂਦੇ ਹਨ। ਅਜਿਹੇ ਗੈਰ ਸਾਹਿਤਕ ਮਾਹੌਲ ਜਾਂ ਸਾਹਿਤਕ ਪ੍ਰਦੂਸ਼ਨ ਤੋਂ ਬਚਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਆਸ ਹੈ ਪੰਜਾਬੀ ਸਾਹਿਤ ਦੇ ਕੁਝ ਹਿਤੈਸ਼ੀ ਇਸ ਸੰਬੰਧੀ ਸੰਵਾਦ ਰਚਾਉਣ ਦੀ ਪਹਿਲ ਕਰਨ ਗੇ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
970
***

About the author

ਰਵਿੰਦਰ ਸਿੰਘ ਸੋਢੀ