ਗੁਰੂ ਕੇ ਬਾਗ਼ ਦਾ ਬਦਲਾ ਇਕ ਮੁਲਾਂਕਣ 40 ਸਾਲ ਪਹਿਲਾਂ ਲਿਖਿਆ ਇਹ ਨਾਟਕ ਗੁੱਡਵਿਲ ਪਬਲਿਕੇਸ਼ਨ ਵੱਲੋਂ 2023 ਵਿਚ ਛਾਪਿਆ ਗਿਆ ਹੈ। ਇਸਦੇ 50 ਸਫ਼ੇ ਹਨ। ਨਿਰੰਜਨ ਸਿੰਘ ਪ੍ਰੇਮੀ ਬਹੁਤ ਸਾਲ ਕਮਿਊਨਿਸਟ ਪਾਰਟੀ ਮੈਂਬਰ ਰਿਹਾ ਤੇ ਨਿੱਠ ਕੇ ਕੰਮ ਕੀਤਾ। ਬਾਅਦ ਵਿਚ ਐਂਮਰਜੈਂਸੀ ਤੋਂ ਬਾਅਦ ਉਹ ਸਿੱਖ ਸਟੂਡੈਂਟਸ ਫੇਡਰੇਸ਼ਨ ਤੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ। ਉਸਨੇ ਪੱਤਰਕਾਰੀ, ਸਾਹਿਤਕਾਰੀ ਅਤੇ ਨਾਟਕ ਵਿੱਚ ਅਦਾਕਾਰੀ ਵੀ ਕੀਤੀ। ਹੁਣ ਉਹ ਸਿਰਫ਼ ਗੁਰਬਾਣੀ ਤੇ ਨਾਮ ਸਿਮਰਨ ਵਿੱਚ ਜੁੜਿਆ ਹੋਇਆ ਹੈ। ਲੇਖਕ ਦੇ ਦੱਸਣ ਅਨੁਸਾਰ ਇਹ ਇਕ ਇਤਿਹਾਸਕ ਨਾਟਕ ਹੈ ਜਿਸ ਦੀ ਕਹਾਣੀ ਉਸਨੇ ਆਪਣੇ ਦਾਦਾ ਜੀ ਕੋਲੋਂ ਸੁਣੀ ਤੇ ਉਹਨਾਂ ਨੇ ਸੰਤ ਤੱਖਾ ਸਿੰਘ ਜੀ ਤੋਂ ਤੇ ਉਹਨਾਂ ਨੇ ਹੀਰੋ ਕਲਾਂ ਦੇ ਸੰਤਾਂ ਕੋਲੋਂ। ਇਹ ਉਹਨਾਂ ਦਾ ਕਹਿਣਾ ਹੈ ਤੇ ਮੈਂ ਮੰਨ ਲਿਆ ਹੈ। ਇਸ ਨਾਟਕ ਦਾ ਸਮਾਂ 22 ਅਗਸਤ 1922 ਤੋਂ 1940 ਦੇ ਵਿਚਕਾਰ ਦਾ ਹੈ। ਨਾਟਕ ਵਿਚ ਧਾਰਮਿਕ ਅਸਥਾਨਾਂ ਜਿਵੇਂ ਅੰਮ੍ਰਿਤਸਰ, ਨਨਕਾਣਾ ਸਾਹਿਬ, ਗੁਰਦੁਆਰਾ ਗੁਰੂ ਕਾ ਬਾਗ਼ ਪਿੰਡ ਘੁੱਕੇਵਾਲੀ ਰੌੜ ਤੇ ਪਿੰਡ ਚੱਠੇ ਸੇਖਵਾਂ ਜ਼ਿਲਾ ਬਰਨਾਲਾ, ਰਾਮੀਆਣਾ ਆਦਿ ਦਾ ਜਿਕਰ ਮਿਲਦਾ। ਇਸ ਵਿੱਚ 10 ਦ੍ਰਿਸ਼ ਹਨ। ਅਸੀਂ ਜਦੋਂ ਵੀ ਕੀ ਡਰਾਮਾ ਜਾਂ ਨਾਟਕ ਸਟੇਜ ਤੇ ਵੇਖਣ ਜਾਂਦੇ ਹਾਂ ਅਕਸਰ ਦਿਲ ਦੀ ਧੜਕਣ ਉਤੇਜਿਤ ਹੋ ਜਾਂਦੀ ਹੈ। ਉਤੇਜਿਤ ਹੋਣਾ ਹੀ ਨਾਟਕ ਕਲਾ ਦਾ ਜਾਦੂ ਹੈ ਕਿਉਂਕਿ ਅਸੀਂ ਇਕ ਕਹਾਣੀ ਨੂੰ ਆਪਣੇ ਸਾਹਮਣੇ ਵਾਪਰਦਾ ਵੇਖਦੇ ਹਾਂ। ਇਹ ਨਾਟਕ ਕਲਾ ਦਾ ਖਾਸ ਗੁਣ ਹੈ ਕਿ ਭਾਵੁਕਤਾ, ਜੋਸ਼ ਅਤੇ ਰੌਚਕਤਾ ਸਾਡੇ ਅੰਦਰਲੇ ਨੂੰ ਛੁਹ ਜਾਂਦੇ ਹਨ। ਇਸ ਲਈ ਕਹਿ ਸਕਦੇ ਹਾਂ ਕਿ ਨਾਟਕ ਉਹ ਕਲਾਤਮਕ ਕੰਮ ਹੈ ਜਿਸ ਨੂੰ ਅਦਾਕਾਰ ਦਰਸ਼ਕਾਂ ਦੇ ਸਾਹਮਣੇ ਆਮ ਤੌਰ ਤੇ ਇਕ ਸਟੇਜ ਤੋਂ ਪੇਸ਼ ਕਰਦੇ ਹਨ। ਪਰ ਅੱਜ ਕੱਲ ਇਸਨੂੰ ਰੇਡੀਓ ਅਤੇ ਟੀ ਵੀ ਤੇ ਵੀ ਪੇਸ਼ ਕੀਤਾ ਜਾਂਦਾ ਹੈ। ਡਰਾਮਾ ਇਕ ਯੂਨਾਨੀ ਸ਼ਬਦ ਹੈ ਜਿਸਦਾ ਅਰਥ ਹੈ ਐਕਸ਼ਨ ਭਾਵ ਅਦਾਕਾਰੀ। ਜਿਸ ਦਾ ਅਰਥ ਹੋਇਆ ਅਦਾਕਾਰੀ ਕਰਨਾ ਨਾ ਕਿ ਵਰਨਣ ਕਰਨਾ। ਇਸ ਬਾਰੇ ਅਗਰ ਗੱਲ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ: ਸੰਤ ਸੇਖੋਂ ਜੀ ਕਿਹਾ ਕਰਦੇ ਸਨ ਕਿ ਜੋ ਨਾਟਕ ਸਟੇਜ ਤੇ ਖੇਡਿਆ ਨਾ ਜਾ ਸਕੇ ਉਹ ਨਾਟਕ ਹੀ ਨਹੀਂ ਹੁੰਦਾ। ਉਹਨਾਂ ਤੇ ਇਲਜ਼ਾਮ ਲਗਦਾ ਰਿਹਾ ਉਹਨਾਂ ਦੇ ਨਾਟਕ ਤਾਂ ਸਟੇਜ ਦੇ ਯੋਗ ਨਹੀਂ ਹਨ ਉਹਨਾਂ ਦਾ ਜੁਆਬ ਹੁੰਦਾ ਮੇਰੇ ਨਾਟਕ ਖੇਡਣ ਦਾ ਅਜੇ ਵਕਤ ਨਹੀਂ ਆਇਆ। ਪਰ ਹੁਣ ਆਧੁਨਿਕ ਤਕਨੀਕ ਤੇ ਸਟੇਜ ਕਰਕੇ ਉਹਨਾਂ ਦੇ ਨਾਟਕ ਖੇਡੇ ਜਾ ਰਹੇ ਹਨ। ਹਰ ਨਾਟਕ ਇਕ ਕਹਾਣੀ ਦਰਸਾਉਂਦਾ ਹੈ ਭਾਵੇਂ ਉਹ ਹਾਸ ਰਸ, ਦੁਖਾਂਤਕ, ਇਤਿਹਾਸਕ, ਸਮਾਜਿਕ ਚੇਤਨਾ ਵਾਲੀ ਹੋਵੇ। ਕਈ ਛੋਟੀਆਂ ਵੱਡੀਆਂ ਘਟਨਾਵਾਂ ਦੀ ਬੁਣਤੀ ਇਕ ਪਲਾਟ ਸਿਰਜਦੀ ਹੈ। ਨਾਟਕ ਉਹ ਹੁੰਦਾ ਹੈ ਜੋ ਦਰਸ਼ਕਾਂ ਨੂੰ ਬੰਨ੍ਹ ਕੇ ਰੱਖੇ। ਡਰਾਮਾ ਇਕ ਐਸੀ ਕਲਾ ਹੈ ਜੋ ਤੁਹਾਡੀਆਂ ਭਾਵਨਾਵਾਂ ਨੂੰ ਟੁੰਬਦਾ ਹੈ, ਤੁਹਾਡੇ ਅੰਦਰ ਨਵੇਂ ਵਿਚਾਰ ਉਤਪੰਨ ਕਰਦਾ ਹੈ, ਨਵੀਂ ਵਿਚਾਰਧਾਰਾ ਨਾਲ ਜੋੜਦਾ ਹੈ ਅਤੇ ਉਸ ਵਿਚਾਰ ਜਾਂ ਵਿਚਾਰਧਾਰਾ ਬਾਰੇ ਸੋਚਣ ਲਈ ਉਤਸ਼ਾਹਿਤ ਕਰਦਾ ਹੈ। ਇਸ ਤਰਾਂ ਨਾਟਕ ਕਲਾ ਸਮਾਜ ਵਿਚ ਇਕ ਬਦਲਾਵ ਲਿਆਉਣ ਲਈ ਜ਼ਮੀਨ ਤਿਆਰ ਕਰਦਾ ਹੈ। ਇਸ ਨਾਟਕ ‘ਗੁਰੂ ਕੇ ਬਾਗ਼ ਦਾ ਬਦਲਾ’ ਵਿੱਚ ਵੀ ਬਦਲਾਅ ਦੀ ਕੋਸ਼ਿਸ਼ ਕੀਤੀ ਮਿਲਦੀ ਹੈ। ਨਾਟਕ ਕਲਾ ਦੀ ਵਰਤੋਂ ਅਰਸਤੂ ਨੇ ਕਾਵਿਕ ਰੂਪ ਵਿੱਚ 335 ਬੀਸੀ ਵਿੱਚ ਕੀਤੀ ਮੰਨੀ ਜਾਂਦੀ ਹੈ। ਸ਼ੈਕਸ਼ਪੀਅਰ ਨਾਟ ਕਲਾ ਦੀ ਸਿਖਰ ਹੈ। ਖਾਸ ਤੌਰ ਤੇ ਰਾਜਨੀਤਕ ਸਮਾਜਿਕ ਤੇ ਇਤਿਹਾਸਕ ਨਾਟਕਾਂ ਵਿੱਚ ਉਸਦਾ ਵੱਡਾ ਕੰਮ ਹੈ। ‘ਪੰਜਾਬੀ ਵਿਚ ਮੌਲਿਕ ਨਾਟਕ ਰਚਣ ਦੀ ਸ਼ੁਰੂਆਤ ‘ਬਾਵਾ ਬੁੱਧ ਸਿੰਘ’ ਨੇ 1909 ਈ: ਵਿੱਚ ‘ਚੰਦਰ ਹਰੀ’ ਨਾਟਕ ਨਾਲ ਕੀਤੀ। 1910 ਈ: ਵਿੱਚ ਭਾਈ ਵੀਰ ਸਿੰਘ ਨੇ ‘ਰਾਜਾ ਲਖਦਾਤਾ ਸਿੰਘ’ ਦੀ ਰਚਨਾ ਕੀਤੀ ਅਤੇ 1911 ਈ: ਵਿੱਚ ਅਰੂੜ ਸਿੰਘ ਤਾਇਬ ਨੇ ‘ਸੁੱਕਾ ਸਮੁੰਦਰ’ ਅਤੇ 1912 ਈ: ਵਿੱਚ ‘ਨਲ ਦਮਯੰਤੀ’ ਦੀ ਰਚਨਾ ਕੀਤੀ’। ਇਤਿਹਾਸਕ ਨਾਟਕ ਭੂਤ ਕਾਲ ਵਿੱਚ ਵਾਪਰੀਆਂ ਇਤਿਹਾਸਕ ਘਟਨਾਵਾਂ ਦਾ, ਇਤਿਹਾਸਕ ਅਤੇ ਗਲਪੀ ਪਾਤਰਾਂ ਦੀ ਮਦਦ, ਗਲਪੀ ਯੁਕਤ ਦੀ ਵਰਤੋਂ ਅਤੇ ਸੰਵਾਦ ਵਿਧੀ ਰਾਹੀਂ ਦ੍ਰਿਸ਼ ਚਿਤਰਣ ਕਰਕੇ, ਇਤਿਹਾਸਕ ਘਟਨਾਵਾਂ ਨੂੰ ਵੱਡੀ ਸੱਚਾਈ ਦੇ ਰੂਪ ਵਿੱਚ ਪੇਸ਼ ਕਰਨ ਦਾ ਨਾਟਕੀ ਤਰੀਕਾ ਹੈ। ਇਸ ਵਿਚ ਦੁਖਾਂਤਕ, ਹਾਸ ਰਸੀ, ਅਤੀ ਨਾਟਕ (ਮੈਲੋ ਡਰਾਮਾ), ਸਵਾਂਗ, ਪ੍ਰਹਸਨ ਨਕਲਾਂ (ਫ਼ਾਰਸ) ਆਦਿ ਨਾਟਕ ਦੀਆਂ ਹੋਰ ਕਿਸਮਾਂ ਕਹੀਆਂ ਜਾ ਸਕਦੀਆਂ ਹਨ । ਹੱਥਲੀ ਰਚਨਾ ਇਕ ਗੰਭੀਰ ਇਤਿਹਾਸਕ ਨਾਟਕ ਹੈ ਪਰ ਲੇਖਕ ਨੇ ਪੋਸਤੀ ਦੇ ਪਾਤਰ ਦੁਆਰਾ ਹਾਸ ਰਸ ਵੀ ਪੈਦਾ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਪਲਾਟ: ਇਕ ਨਾਟਕ ਦੀ ਕਹਾਣੀ ਦੱਸਦਾ ਹੈ ਜਿਸ ਵਿੱਚ ਵੱਖ ਵੱਖ ਘਟਨਾਵਾਂ ਨੂੰ ਪਾਤਰਾਂ ਦੇ ਸੰਵਾਦ ਰਾਹੀਂ ਦਰਸ਼ਕਾਂ ਦੇ ਸਾਹਮਣੇ ਸ਼ੁਰੂ ਤੋਂ ਅੰਤ ਤੱਕ ਖੋਲ੍ਹਿਆ ਜਾਂਦਾ ਹੈ। ਇਸ ਨਾਟਕ ਦਾ ਪਲਾਟ ਇਹ ਕਿ 1, ਕੁੰਡਾ ਸਿੰਘ ਰਾਮੀਆਣਾ ਜੋ ਇਕ ਭਗੋੜਾ ਫੌਜੀ ਸੀ ਜਿਸਨੂੰ ਦੇਸ਼ ਭਗਤ ਕਹਿਣਾ ਚਾਹੀਦਾ ਹੈ। ਕੁੰਡਾ ਸਿੰਘ ਬੀ ਟੀ ਨੂੰ ਮਾਰ ਕੇ ਗੁਰੂ ਕੇ ਬਾਗ਼ ਦੇ ਮੋਰਚੇ ਵਿੱਚ ਸਿੰਘਾਂ ਨੂੰ ਸਰੀਰਕ ਕਸ਼ਟ ਦੇਣ ਅਤੇ ਸਿੱਖ ਜੱਥਿਆਂ ਤੇ ਕੀਤੇ ਜੁਲਮਾਂ ਦਾ ਬਦਲਾ ਲੈਂਦਾ ਹੈ। ਇਹ ਨਾਟਕ ਇਤਿਹਾਸਕ ਗੁਰਦਵਾਰਾ ਸੁਧਾਰ ਲਹਿਰ ਦੌਰਾਨ ਮਹੰਤਾਂ ਦੇ ਕਬਜ਼ੇ ਚੋਂ ਗੁਰਦਵਾਰਾ ਮੁਕਤ ਕਰਾਉਣ ਦੀ ਮਹਿੰਮ ਬਾਰੇ ਹੈ। ਮਹੰਤ ਅਤੇ ਉਹਨਾਂ ਦੇ ਚੇਲੇ ਚਾਟੜੇ, ਬਦਨਾਮ ਗੁੰਡੇ, ਔਰਤਾਂ ਨਾਲ ਭੋਗ ਵਿਲਾਸ ਤੇ ਹੋਰ ਕੁਕਰਮ ਸਰਕਾਰ ਦੀ ਸ਼ਹਿ ਤੇ ਗੁਰਦਵਾਰਿਆਂ ਵਿੱਚ ਰਹਿੰਦੇ ਹੋਏ ਕਰ ਰਹੇ ਸਨ। ਸ਼ਰਾਬ, ਭੰਗ, ਪੋਸਤ ਤੇ ਔਰਤਾਂ ਦਾ ਸਰੀਰਕ ਸ਼ੋਸ਼ਣ ਵਰਗੇ ਕੁਕਰਮ ਰੋਕਣ ਤੇ ਗੁਰਦਵਾਰਿਆਂ ਦੀ ਪਵਿੱਤਰਤਾ ਨੂੰ ਮੁੜ ਕਾਇਮ ਕਰਨ ਲਈ ਮੋਰਚੇ ਲੱਗਣੇ ਸ਼ੁਰੂ ਹੋਏ। ਉਹਨਾਂ ਵਿੱਚੋਂ ਇਕ ਸੀ ਗੁਰੂ ਕੇ ਬਾਗ਼ ਦਾ ਮੋਰਚਾ ਜੋ ਅੰਮ੍ਰਿਤਸਰ ਤੋਂ 14 ਕਿਲੋ ਮੀਟਰ ਦੂਰ ਘੁੱਕੇਵਾਲੀ ਰੌੜ ਵਿੱਚ ਲਗਿਆ ਸੀ। ਗੁਰੂ ਕੇ ਬਾਗ਼ ਦਾ ਮੋਰਚਾ ਲਗਦਾ, ਸਰਕਾਰ ਸਿੰਘਾਂ ਤੇ ਤਸ਼ੱਦਦ ਢਾਹੁੰਦੀ ਹੈ ਅੰਤ ਮਹੰਤ ਸੁੰਦਰ ਦਾਸ ਕੋਲੋਂ ਉਸ ਦਾ ਕਬਜ਼ਾ ਛੁਡਵਾ ਕੇ ਸ਼ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ ਹੈ। ਮੋਰਚਾ ਕਿੰਨੇ ਯੋਜਨਾਬੱਧ ਅਤੇ ਸੰਗਠਿਤ ਤਰੀਕੇ ਨਾਲ ਚਲਾਇਆ ਗਿਆ ਇਸ ਦਾ ਬਾਖੂਬੀ ਜ਼ਿਕਰ ਹੈ। ਇਸੇ ਤਰਾਂ ਪੁਲਸ ਦੀ ਕੁੱਟ ਮਾਰ ਅਤੇ ਜ਼ੁਲਮ ਵੀ ਢੰਗ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਮੋਰਚੇ ਵਿੱਚ ਐਫ ਸੀ ਐਂਡੀਰੀਓ ਪਾਦਰੀ, ਕਾਂਗਰਸੀ ਆਗੂ ਮਦਨ ਮੋਹਨ ਮਾਲਵੀਆ, ਪੰਡਤ ਮੋਟੀ ਲਾਲ ਨਹਿਰੂ, ਸ੍ਰੀ ਮਤੀ ਸਰੋਜਨੀ ਨਾਇਡੂ ਵੀ ਸ਼ਾਮਿਲ ਹੋਏ ਦੱਸੇ ਗਏ ਹਨ। ਇਸ ਮੋਰਚੇ ਵਿੱਚ 1,000 ਸਿੰਘ ਜ਼ਖ਼ਮੀ ਹੁੰਦੇ ਹਨ 6,505 ਕੈਦ ਕੀਤੇ ਜਾਂਦੇ ਹਨ। ਇਸ ਤੋਂ ਇਸ ਮੋਰਚੇ ਦੀ ਮਹਾਨਤਾ ਦਾ ਪਤਾ ਲਗਦਾ ਹੈ। ਦੂਜਾ ਇਸ ਵਿਚ ਨਨਕਾਣਾ ਸਾਹਿਬ ਵਾਲੇ ਮੋਰਚੇ ਦਾ ਕਥਾਨਕ ਵੀ ਮਹੰਤ ਸੁੰਦਰ ਦਾਸ ਦੇ ਮੂੰਹੋਂ ਸਰਕਾਰੀ ਪੱਖ ਤੋਂ ਦਰਸਾਇਆ ਗਿਆ ਹੈ ਪਰ ਉਸ ਵਿੱਚ ਵੀ ਸਿੰਘਾਂ ਦੇ ਹੌਸਲੇ, ਸਿਰੜ ਤੇ ਸਿਦਕ ਭਰੀ ਕੁਰਬਾਨੀ ਦਾ ਬਿਆਨ ਮਿਲਦਾ ਹੈ। ਭਾਈ ਲਛਮਣ ਸਿੰਘ ਜੀ ਨੂੰ ਜੰਡ ਨਾਲ ਬੰਨ੍ਹ ਕੇ ਪੁੱਠਾ ਲਟਕਾ ਕੇ ਜਿੰਦਾ ਸਾੜਿਆ ਜਾਂਦਾ ਹੈ। 55 ਸਿੰਘ ਅਤੇ ਇਕ ਬੱਚਾ ਵੀ ਸ਼ਹੀਦ ਵੀ ਹੁੰਦੇ ਹਨ। ਤੀਜਾ ਇਤਿਹਾਸਕ ਪਾਤਰ ਕਾਕਾ ਸਿੰਘ ਆਪਣੀ ਭਰਜਾਈ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਂਦਾ ਹੈ। ਉਸਦੀ ਭਰਜਾਈ ਹਰਨਾਮੀ ਨੇ ਆਪਣੇ ਜੀਜੇ ਨਾਲ ਮਿਲ ਕੇ ਬਾਈ ਭਾਵ ਕਾਕੇ ਦੇ ਭਰਾ ਨੂੰ ਮਾਰਿਆ ਸੀ। ਹਰਨਾਮੀ ਦੇ ਵਿਆਹ ਤੋਂ ਪਹਿਲਾਂ ਆਪਣੇ ਜੀਜੇ ਜਮੇਰ ਨਾਲ ਸਰੀਰਕ ਸਬੰਧ ਸਨ। ਜਮੇਰ ਵਿਆਹ ਤੋਂ ਬਾਅਦ ਅਕਸਰ ਹਰਨਾਮੀ ਦੇ ਘਰ ਆ ਕੇ ਰਹਿੰਦਾ ਰਿਹਾ। ਇਕ ਦਿਨ ਉਸ ਦੇ ਦਿਉਰ ਕਾਕੇ ਨੂੰ ਉਹਨਾਂ ਦੇ ਇਤਰਾਜ਼ ਯੋਗ ਸਬੰਧਾਂ ਦਾ ਪਤਾ ਲੱਗ ਜਾਂਦਾ ਹੈ। ਹਰਨਾਮੀ ਆਪਣੇ ਜੀਜੇ ਜਮੇਰ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰ ਦਿੰਦੀ ਹੈ। ਗ੍ਰਿਫਤਾਰ ਹੋਣ ਤੋਂ ਬਾਅਦ ਵੀ ਉਹ ਆਪਣੀ ਸਰੀਰਕ ਸੁੰਦਰਤਾ ਵਰਤ ਕੇ ਥਾਣੇਦਾਰ ਸੋਹਣ ਸਿੰਘ ਰਾਹੀਂ, ਬੀਟੀ ਤੱਕ ਪਹੁੰਚ ਜਾਂਦੀ ਹੈ। ਬੀਟੀ ਉਸਨੂੰ ਕੇਸ ਵਿੱਚੋਂ ਕਢਵਾ ਕੇ ਆਪਣੀ ਰਖੇਲ ਬਣਾ ਲੈਂਦਾ ਹੈ। ਆਪਣੇ ਸਹੁਰੇ ਪਿੰਡ ਹੀ ਨਵੀਂ ਕੋਠੀ ਪਾ ਕੇ ਸ਼ਰੇਆਮ ਬੀਟੀ ਨਾਲ ਰਹਿੰਦੀ ਹੈ। ਆਪਣੇ ਦਿਉਰ ਕਾਕਾ ਸਿੰਘ ਨੂੰ ਪੁਲਸ ਕੋਲੋਂ ਕਟਵਾਉਂਦੀ ਹੈ ਅਤੇ ਕਾਕਾ ਸਿੰਘ ਡਾਕੂਆਂ ਨਾਲ ਮਿਲ ਜਾਂਦਾ ਹੈ। ਅਕਸਰ ਸੁਣਦੇ ਹਾਂ ਕਿ ਜੋ ਨੌਜਵਾਨ ਮਜ਼ਬੂਰ ਤੇ ਕਮਜ਼ੋਰ ਹੁੰਦੇ ਸਨ ਅਤੇ ਸਰਕਾਰ ਜਾਂ ਸਮੇਂ ਦੇ ਭ੍ਰਿਸ਼ਟਾਚਾਰ ਸਰਕਾਰੀ ਪਿੱਠੂ ਸਰਦਾਰਾਂ ਤੇ ਜ਼ੈਲਦਾਰਾਂ ਦਾ ਜ਼ੁਲਮ ਸਹਿਣ ਤੋਂ ਇਨਕਾਰੀ ਹੁੰਦੇ ਸਨ, ਉਹ ਅਕਸਰ ਡਾਕੂਆਂ ਨਾਲ ਮਿਲ ਜਾਂਦੇ ਸਨ। ਇੱਥੇ ਇਹ ਕਥਾ ਮੈਨੂੰ ਸੁੱਚੇ ਸੂਰਮੇ ਤੇ ਘੂਕਰ ਵਰਗੀ ਲਗਦੀ ਹੈ। ਉਸ ਵਿੱਚ ਫੌਜੀ ਜੇਠ ਸੁੱਚਾ ਸੂਰਮਾ ਦੁਸ਼ਮਣਾਂ ਨੇ ਨਾਲ ਆਪਣੀ ਵੈਲਣ ਭਰਜਾਈ ਨੂੰ ਵੀ ਮਾਰ ਦਿੰਦਾ। ਜਸਬੀਰ ਬੋਪਾਰਾਇ ਨੇ “ਦਾ ਬਲੱਡ ਸਟਰੀਮ” ਫਿਲਮ ਵਿੱਚ ਪੁਲਸ ਤਸ਼ੱਦਦ ਤੇ ਬਦਲਾ ਲੈਣ ਦੀ ਕਹਾਣੀ ਦੱਸੀ ਹੈ। ਇਸ ਤਰਾਂ ਹੋਰ ਵੀ ਕਾਫੀ ਫਿਲਮਾਂ ਵੇਖਣ ਨੂੰ ਮਿਲਦੀਆਂ ਹਨ। ਪ੍ਰੇਮੀ ਜੀ ਵੀ ਇਸ ਨਾਟਕ ਦੀ ਫਿਲਮ ਬਣਾਉਣੀ ਚਾਹੁੰਦੇ ਹਨ। ਇਸ ਵਿਸ਼ੇ ਉਪਰ ਬਹੁਤ ਸਾਰੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਵੇਖਣ ਨੂੰ ਵੀ ਮਿਲ ਜਾਂਦੀਆਂ ਹਨ। ਇਸ ਨਾਟਕ ਵਿੱਚ ਪਿੰਡਾਂ ਦੇ ਲੋਕ ਸਿੱਖ, ਹਿੰਦੂ ਤੇ ਮੁਸਲਮਾਨਾਂ ਨੂੰ ਆਪਸੀ ਮਿਲਵਰਤਨ ਤੇ ਪਿਆਰ ਨਾਲ ਰਹਿੰਦੇ ਵਿਖਾਇਆ ਗਿਆ ਹੈ। ਸਰਕਾਰ ਅਤੇ ਕੁਝ ਇਕ ਸਰਕਾਰੀ ਕਰਮਚਾਰੀ ਉਦੋਂ ਵੀ ਸ਼ਰਾਰਤੀ ਅਨਸਰਾਂ ਨੂੰ ਸ਼ਹਿ ਦਿੰਦੇ ਸਨ ਤੇ ਅੱਜਕੱਲ ਵੀ ਇਹੀ ਵਰਤਾਰਾ ਹੈ। ਪਾਤਰ: ਨਾਟਕ ਦੀ ਕਹਾਣੀ ਦੇ ਪਾਤਰ ਵਿਅਕਤੀਗਤ ਹੁੰਦੇ ਹਨ ਉਹ ਲੋਕ, ਜਾਨਵਰ ਜਾਂ ਵਸਤੂਆਂ ਵੀ ਹੋ ਸਕਦੇ ਹਨ ਉਹਨਾਂ ਦੇ ਕਲਾਤਮਕ ਪ੍ਰਦਰਸ਼ਨ ਤੇ ਅਭੀਵਿਅਕਤੀ ਨਾਲ ਹੀ ਪਲਾਟ ਅੱਗੇ ਵੱਧਦਾ ਹੈ। ਉਹ ਪਾਤਰ ਇਕ ਦੂਜੇ ਨੂੰ ਕੀ ਕਹਿੰਦੇ ਹਨ, ਉਹ ਕਿਸ ਤਰਾਂ ਦੀ ਭਾਸ਼ਾ ਵਰਤਦੇ ਹਨ, ਕਿਸ ਭਾਵਨਾ ਨਾਲ ਅਤੇ ਕਿਸ ਤਰਾਂ ਦੇ ਇਸ਼ਾਰਿਆਂ ਨਾਲ ਗੱਲ ਕਰਦੇ ਹਨ, ਉਹਨਾਂ ਵਿੱਚੋਂ ਉਹਨਾਂ ਦੀ ਪਾਤਰ ਉਸਾਰੀ ਹੁੰਦੀ ਹੈ। ਜਿਵੇਂ ਕੁੰਡਾ ਤੇ ਪਿਆਰੋ ਚੜ੍ਹਦੀ ਕਲਾ ਵਾਲੇ, ਪੋਸਤੀ ਗਾਲ੍ਹੜੀ, ਕੈਲੀ ਬਦਮਾਸ਼, ਇਸ਼ਰੋ, ਸ਼ਿੰਦੋ, ਹਰਨਾਮੀ ਚੰਗੀਆਂ ਔਰਤਾਂ ਨਹੀਂ ਹਨ ਬੀਟੀ ਹੈਂਕੜ ਬਾਜ, ਮਹੰਤ ਸਰਕਾਰੀ ਪਿੱਠੂ ਤੇ ਗੰਦਾ ਬੰਦਾ ਹੈ, ਪਿੰਡ ਵਾਲੇ ਸ਼ਰੀਫ਼ ਹਨ, ਪਾਦਰੀ ਐਂਦਰੀਉ ਚੰਗਾ ਮਨੁੱਖ ਹੈ। ਸਟੇਜ ਸਥਾਪਨਾ: ਜਿੱਥੇ ਨਾਟਕ ਵਾਪਰਦਾ ਹੈ। ਇਹ, ਇਕ ਪਿੰਡ ਦੀ ਸੱਥ, ਸ਼ਹਿਰ ਦਾ ਚੌਕ, ਸਟੇਜ, ਗੱਡਾ, ਟਰਾਲੀ, ਡਰਾਇੰਗ ਰੂਮ, ਪਾਰਕ ਕੁਝ ਵੀ ਹੋ ਸਕਦਾ ਹੈ। ਇਸ ਡਰਾਮੇ ਵਿੱਚ ਸੱਥ, ਗੁਰਦਵਾਰੇ ਦਾ ਗੇਟ ਹੈ, ਜੰਗਲ ਹੈ, ਰਾਹ ਹੈ, ਹਰਨਾਮੀ ਦੀ ਕੋਠੀ ਹੈ। ਵਿਸ਼ਾ ਵਸਤੂ ਤੇ ਕੇਂਦਰੀ ਭਾਵ: ਥੀਮ ਵਿੱਚ ਨਾਟਕ ਦਾ ਮੁੱਖ ਮੰਤਵ ਸਾਹਮਣੇ ਆਉਂਦਾ ਹੈ। ਇਸ ਵਿੱਚ ਨਾਟਕਕਾਰ ਕਿਸੇ ਪਾਤਰ ਦੇ ਜੀਵਨ ਦਾ ਮੰਤਵ, ਸੁਭਾਅ ਤੇ ਸਮਾਜਿਕ ਦਸ਼ਾ ਬਾਰੇ ਦੱਸਦਾ ਹੈ। ਇਸ ਨਾਟਕ ਵਿੱਚ ਕੁੰਡਾ ਸਿੰਘ ਰਾਮੀਆਣਾ ਬੀਟੀ ਮਾਰਨ ਦਾ ਸੰਕਲਪ ਲੈਂਦਾ ਤੇ ਉਸ ਨੂੰ ਪੂਰਾ ਕਰਦਾ ਹੈ। ਉਸਦੀ ਮੰਗੇਤਰ ਪਿਆਰੋ ਉਸ ਨੂੰ ਹੌਸਲਾ ਦਿੰਦੀ ਹੈ। ਕਾਕਾ ਸਿੰਘ ਆਪਣੀ ਭਰਜਾਈ ਹਰਨਾਮੀ ਨੂੰ ਮਾਰਨ ਦਾ ਸੰਕਲਪ ਲੈਂਦਾ ਤੇ ਪੂਰਾ ਕਰਦਾ ਹੈ। ਕੁੰਡਾ ਸਿੰਘ ਉਸਦੀ ਮਦਦ ਕਰਦਾ ਹੈ। ਪਿੰਡ ਵਾਲੇ ਜੱਥੇਦਾਰ ਤੇ ਖਾਲਸਾ ਪੰਥ ਦੀ ਮਦਦ ਨਾਲ ਗੁਰੂ ਕੇ ਬਾਗ਼ ਨੂੰ ਮਹੰਤ ਸੁੰਦਰ ਦਾਸ ਦੇ ਚੁੰਗਲ ਵਿੱਚੋਂ ਛੁਡਵਾਉਣਾ ਚਾਹੁੰਦੇ ਹਨ ਅਤੇ ਛੁਡਵਾ ਲੈਂਦੇ ਹਨ । ਸੰਵਾਦ : ਸੰਵਾਦ ਨਾਟਕ ਦੀ ਜਾਨ ਹੁੰਦੇ ਹਨ। ਸੰਵਾਦ ਹੀ ਨਾਟਕ ਨੂੰ ਅੱਗੇ ਤੋਰਦਾ ਤੇ ਕਹਾਣੀ ਦੀਆਂ ਪਰਤਾਂ ਨੂੰ ਖੋਲਦਾ ਹੈ। ਇਸ ਨਾਟਕ ਦੇ ਸੰਵਾਦ ਬਹੁਤ ਚੁਸਤ ਹਨ। ਪਾਤਰ ਜੋ ਆਪਸ ਵਿੱਚ ਅਤੇ ਦੂਜਿਆਂ ਬਾਰੇ ਜੋ ਅਤੇ ਜਿਵੇਂ ਗੱਲਾਂ ਬਾਤਾਂ ਕਰਦੇ ਹਨ ਉਹਨਾਂ ਤੋਂ ਪਾਤਰਾਂ ਦਾ, ਪਾਤਰਾਂ ਦੇ ਆਪਸੀ ਸੰਬੰਧਾਂ ਦਾ, ਉਹਨਾਂ ਦੇ ਵਿਚਾਰਾਂ ਦਾ, ਭਾਵਾਂ ਦਾ ਅਤੇ ਉਹਨਾਂ ਦੇ ਅਚਰਣ ਦਾ ਵੀ ਪਤਾ ਲਗਦਾ ਹੈ। ਜਿਵੇਂ ਇਸ ਨਾਟਕ ਦੇ ਪਾਤਰਾਂ ਦਾ ਪਤਾ ਗੱਲਬਾਤ ਤੋਂ ਪਤਾ ਲਗਦਾ ਹੈ ਕਿ, ਕੂੰਡਾ ਸਿੰਘ ਭਗੌੜਾ ਫੌਜੀ ਹੈ ਬੀਟੀ ਨੂੰ ਮਾਰਦਾ ਹੈ, ਬੀਟੀ ਜ਼ਾਲਮ ਅਫਸਰ ਹੈ ਤੇ ਵੈਲੀ ਵੀ, ਠਾਣੇਦਾਰ ਵੀ ਮਹੰਤ ਦਾ ਸਾਥੀ ਹੈ ਅਤੇ ਜਨਾਨੀਆਂ ਦਾ ਸ਼ੌਂਕੀ ਹੈ। ਮਹੰਤ ਸ਼ਰਾਬੀ ਕਬਾਬੀ ਤੇ ਔਰਤ ਬਾਜ਼ ਹੈ। ਇਸ਼ਰੋ, ਸ਼ਿੰਦੋ ਤੇ ਹਰਨਾਮੀ ਵੀ ਵੈਲਣਾਂ ਹਨ। ਉਹ ਅਫਸਰਾਂ ਤੇ ਵੱਡੇ ਲੋਕਾਂ ਦੀਆਂ ਰਖੈਲਾਂ ਬਣ ਕੇ ਆਮ ਲੋਕਾਂ ਤੇ ਔਰਤਾਂ ਦੇ ਦੁੱਖਾਂ ਦਾ ਕਾਰਣ ਬਣਦੀਆਂ ਹਨ। ਪੋਸਤੀ ਚੋਟਵੀਂ ਗੱਲ ਕਰਦਾ ਹੈ। ਕੈਲੂ ਬਦਮਾਸ਼ੀ ਕਰਦਾ ਹੈ। ਟਕਰਾਅ: ਨਾਟਕ ਵਿੱਚ ਟਕਰਾਅ ਦਾ ਹੋਣਾ ਜਰੂਰੀ ਹੈ। ਇਹ ਸੰਘਰਸ਼ ਨੂੰ ਜਨਮ ਦਿੰਦਾ ਹੈ। ਇਸ ਨਾਲ ਪਲਾਟ ਅੱਗੇ ਵੱਧਦਾ ਹੈ ਅਤੇ ਰੋਚਕਤਾ ਪੈਦਾ ਹੁੰਦੀ ਹੈ। ਇਸ ਨਾਟਕ ਵਿੱਚ ਕੂੰਡਾ ਸਿੰਘ, ਪਿਆਰੋ, ਮਹੰਤ ਸੁੰਦਰ ਦਾਸ ਤੇ ਉਸ ਦੇ ਚੇਲੇ, ਬੀਟੀ, ਠਾਣੇਦਾਰ, ਸਿਪਾਹੀ, ਹਰਨਾਮੀ, ਕਾਕਾ ਸਿੰਘ, ਪਿੰਡ ਵਾਲੇ, ਸਿੰਘਾ ਦੇ ਜਥੇ ਸਭ ਟਕਰਾਅ ਵਿੱਚ ਹਨ। ਇਹ ਸਭ ਨਾਟਕ ਵਿੱਚ ਉਤਸੁਕਤਾ ਅਤੇ ਰੌਚਕਤਾ ਪੈਦਾ ਕਰਦੇ ਹਨ। ਇਸ ਨਾਲ ਨਾਟਕ ਨੂੰ ਅੱਗੇ ਪੜ੍ਹਨ ਲਈ ਤੀਬਰਤਾ ਪੈਦਾ ਹੁੰਦੀ ਹੈ। ਭਾਸ਼ਾ: ਪੇਂਡੂ ਭਾਸ਼ਾ ਦਾ ਪ੍ਰਯੋਗ ਬਹੁਤ ਵਧੀਆ ਕੀਤਾ ਗਿਆ ਹੈ। ਬੀਟੀ ਤੇ ਪਾਦਰੀ ਦੀ ਭਾਸ਼ਾ ਅੰਗਰੇਜ਼ੀ ਤੇ ਹਿੰਦੀ ਵਰਤੀ ਗਈ ਹੈ। ਜੱਥੇਦਾਰ ਤੇ ਹੋਰ ਸਿੱਖ ਧਾਰਮਿਕ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ। ਆਮ ਮੁਹਾਵਰੇ ਤੇ ਸੋਫਟ ਗਾਹਲਾਂ ਨਾਲ ਭਰਪੂਰ ਮੁਹਾਵਰੇ ਵੀ ਦਿਲ ਖੋਲ੍ਹ ਕੇ ਵਰਤੇ ਗਏ ਹਨ। ਗਾਹਲਾਂ ਦੀ ਵਰਤੋਂ ਕਈ ਪਾਤਰਾਂ ਦਾ ਤਕੀਆ ਕਲਾਮ ਵੀ ਹੋ ਸਕਦਾ ਹੈ ਤੇ ਨਾਟਕਕਾਰ ਜਾਂ ਫਿਲਮਕਾਰ ਜਾਂ ਅਦਾਕਾਰ ਵੱਲੋਂ ਆਮ ਪੇਂਡੂ ਦਰਸ਼ਕ ਨੂੰ ਪ੍ਰਭਾਵਿਤ ਕਰਨ ਲਈ ਵਰਤੀ ਗਈ ਤਕਨੀਕ ਵਜੋਂ ਵੀ। ਅੱਜ ਕੱਲ ਪੰਜਾਬੀ ਤੇ ਹਿੰਦੀ ਫਿਲਮਾਂ, ਵੈੱਬ ਸੀਰੀਜ ਵਿੱਚ ਆਮ ਗਾਹਲਾਂ, ਗੰਦੀਆਂ ਅਤੇ ਬੇਹੱਦ ਭੱਦੀਆਂ ਗਾਹਲਾਂ ਵੀ ਲਗਾਤਾਰ ਵਰਤੀਆਂ ਜਾਣ ਲਗੀਆਂ ਹਨ। ਪ੍ਰੇਮੀ ਜੀ ਇਸ ਨਾਟਕ ਵਿਚ ਉਸ ਹੱਦ ਤੱਕ ਨਹੀਂ ਗਏ ਤੇ ਉਹਨਾਂ ਕੁੱਝ ਆਮ ਗਾਹਲਾਂ ਹੀ ਵਰਤੀਆਂ ਹਨ। ਭੈਣ ਦੀ ਗਾਹਲ ਸੱਭ ਤੋਂ ਵੱਧ ਵਰਤੀ ਗਈ ਹੈ। ਉਦਾਹਰਣ ਲਈ: ਸਰਕਾਰ ਵੀ ਸਾਲੀ ਪੁੱਠੇ ਪੰਗੇ ਲੈਂਦੀ ਹੈ ਭਣੋਈਆਂ ਨਾਲ, ਤੀਮੀਂ ਵੇਖ ਕੇ ਹਰਾ ਹੋ ਜਾਂਦੈ, ਬਾਜਰੇ ਵਾਂਗੂੰ ਗੋਭਾ ਕੱਢਣ ਲੱਗ ਜਉ, ਭੈਣ ਦੇਣੇਂ ਨੇ ਕੰਜਰਖ਼ਾਨਾ ਖੋਲ ਛਡਿਐ, ਮੇਰੇ ਸਾਲਕੜੇ ਦੇ ਘੀਸਵਾਲ ਕੱਢ ਕੇ ਛੱਡਾਂਗੇ, ਭੈਣ ਦੇਣੈਂ ਨੇ ਕੀ ਚਿੜੇ ਖਾਧੇ ਨੇ, ਕਿੱਥੇ ਜਾਏਂਗਾ ਬੂਬਨਿਆਂ ਸਾਧਾ ਛੇੜ ਕੇ ਭਰਿੰਡ ਰੰਗੀ ਨੂੰ, ਸਾਲਾ ਬੂਬਨਾ, ਸਾਲਾ ਬਿੱਲਾ, ਸਾਲੀ ਲੁਤਰੋ, ਭੇਣ ਦੇਣਾਂ ਅਮਰ ਟਾਊਟ, ਭੇਣ ਦੇਣੇ ਦੀ ਮੇਮ ਬਣੀ ਫਿਰਦੀ ਹੈ ਐਨਕਾਂ ਲਾ ਕੇ, ਆਪਣੀ ਭੈਣ ਦਾ ਟਣਾ ਮਰਾਵੇ, ਤਪਤੀਸ਼ ਕਰੂਗਾ ਉਹ ਭੈਣ ਦਾ ਫੇਰਾ ਆਬਦੀ ਦਾ ਆਦਿ। ਲੇਖਕ ਦਾ ਕਹਿਣਾ ਹੈ ਕਿ ਗਾਹਲ ਕੱਢਣਾ ਉਹਨਾਂ ਦੇ ਇਲਾਕੇ ਵਿੱਚ ਇਕ ਆਮ ਵਰਤਾਰਾ ਹੈ। ਡਾ. ਅਜੀਤ ਸਿੰਘ ਔਲਖ ਕਹਿੰਦਾ ਹੈ ਕਿ ਘਗਰੀ ਪਿੜ ਵਿੱਚ ਜਦ ਜਨਾਨੀਆਂ ਗੀਤਾਂ ਦੀ ਸਹਾਇਤਾ ਨਾਲ ਗਿੱਧੇ ਦੀ ਤਾਲ ਵਿੱਚ ਕਿਸੇ ਘਰੋਗੀ ਕਹਾਣੀ ਦਾ ਸਾਂਗ ਭਰਨ ਤਾਂ ਉਹ ਗਿੱਧਾ ਨਾਟ ਜਾਂ ਨਾਟਕ ਬਣ ਜਾਂਦਾ ਹੈ। ਨਾਟਾਂ ਨੂੰ ਕੋਈ ਮਰਦ ਨਹੀਂ ਦੇਖ ਸਕਦਾ। ਜਿੰਨੀ ਅਸ਼ਲੀਲ ਗੱਲ ਔਰਤਾਂ ਕਰ ਸਕਦੀਆਂ ਹਨ, ਓਨੀ ਮਰਦ ਨਹੀਂ ਕਰ ਸਕਦਾ। ਇਹ ਸਾਰੇ ਗਿੱਧਾ ਨਾਟ ਅਸ਼ਲੀਲਤਾ ਨਾਲ ਜੁੜੇ ਸਨ। ਕੁਝ ਇਕ ਨਾਮਾਤਰ ਊਣਤਾਈਆਂ ਦਾ ਜ਼ਿਕਰ ਕਰਨਾ ਹੋਵੇ ਤਾਂ ਕਿ ਗਾਹਲਾਂ ਦੀ ਭਰਪੂਰ ਵਰਤੋਂ ਰਾਹੀਂ ਨਾਟਕਕਾਰ ਕੀ ਦਿਖਾਉਣਾ ਚਾਹੁੰਦਾ ਹੈ? ਕੀ ਸਮਾਜ ਨੂੰ ਅੰਦਰ ਖਾਤੇ ਖੋਰਾ ਲੱਗ ਚੁੱਕਾ ਹੈ? ਜਾਂ ਸਾਨੂੰ ਮਾੜੀਆਂ ਗੱਲਾਂ ਚੰਗੀਆਂ ਤੇ ਅਨੰਦ-ਦਾਇਕ ਲਗਦੀਆਂ ਹਨ। ਇਹ ਵਰਤਾਰਾ ਟਿਕ-ਟਾਕ ਤੇ ਇੰਸਟਾ ਤੇ ਵੀ ਭਾਰੂ ਹੋ ਰਿਹਾ ਹੈ। ਇਸ ਨਾਟਕ ਦਾ ਕਥਾਨਕ 100 ਸਾਲ ਪੁਰਾਣਾ ਹੈ, ਨਾਟਕ 2023 ਵਿੱਚ ਛਪਿਆ ਹੈ। ਭਾਸ਼ਾ ਤੇ ਗਾਹਲਾਂ ਆਧੁਨਿਕ ਹਨ। ਜੇ ਇਹ ਵਰਤਾਰਾ ਹੈ ਤਾਂ ਅਜੇ ਵੀ ਔਰਤ ਪ੍ਰਤੀ ਸਮਾਜਿਕ ਸੂਝ ਉਸਾਰੂ ਅਤੇ ਉਪਰ ਨਹੀਂ ਉੱਠ ਰਹੀ। ਕਿਉਂਕਿ ਉਦੋਂ ਮਹੰਤ ਸਨ ਅੱਜ ਬਾਬੇ ਹਨ। ਕਈ ਬਾਬਿਆਂ ਦੇ ਡੇਰਿਆਂ ਵਿੱਚ ਜੋ ਵਰਤਾਰਾ ਵਰਤ ਰਿਹਾ ਉਹ ਵੀ ਕਿਸੇ ਕੋਲੋਂ ਗੁੱਝਾ ਨਹੀਂ। ਨਾਟਕ ਦਾਦੇ ਪੋਤੇ ਦੇ ਸੂਤਰਧਾਰ ਰੂਪੀ ਪਾਤਰਾਂ ਨਾਲ ਸ਼ੁਰੂ ਹੁੰਦਾ ਹੈ। ਚੰਗਾ ਹੁੰਦਾ ਜੇ ਅੰਤ ਵੀ ਉਹਨਾਂ ਨਾਲ ਕਰਕੇ ਬਹੁਤ ਸਾਰੇ ਖੁੱਲੇ ਰਹਿ ਗਏ ਸਵਾਲਾਂ ਦਾ ਜਵਾਬ ਦਿੱਤੇ ਜਾਂਦੇ। ਗੁਰੂ ਕੇ ਬਾਗ਼ ਦਾ ਮੋਰਚਾ 1922 ਵਿੱਚ ਲਗਦਾ ਪਰ ਬੀਟੀ ਦੀ ਮੌਤ 1939 – 1940 ਦੀ ਹੈ। ਹਰਨਾਮੀ ਦੀ ਵੀ। ਐਨੇ ਸਾਲ ਕਾਕਾ ਸਿੰਘ ਤੇ ਕੁੰਡਾ ਜੰਗਲਾਂ ਵਿੱਚ ਜਾਂ ਕਿਤੇ ਹੋਰ ਕਿਵੇਂ ਰਹੇ? 10 ਦ੍ਰਿਸ਼ਾਂ ਵਿੱਚੋਂ 4 ਵਿੱਚ ਕੁੰਡੇ ਦਾ ਜਿਕਰ ਹੈ। ਮੋਰਚਾ ਜਿੱਤਣ ਤੋਂ ਬਾਅਦ ਮਹੰਤ ਸੁੰਦਰ ਦਾਸ ਅਤੇ ਉਸ ਦੇ ਚੇਲੇ ਚੇਲੀਆਂ ਕਿਥੇ ਗਏ ? ਦ੍ਰਿਸ਼ 4 ਵਿੱਚ ਉਹ ਮੁਆਫ਼ੀ ਨਾਮਾਂ ਜ਼ਰੂਰ ਲਿਖਦੇ ਹਨ, ਅੰਮ੍ਰਿਤ ਛਕਣ ਲਈ ਤਿਆਰ ਵੀ ਹੁੰਦੇ ਹਨ ਪਰ ਪੰਜਵੇਂ ਦ੍ਰਿਸ਼ ਵਿੱਚ ਉਹ ਪੁਲਸ ਬੁਲਾ ਲੈਂਦੇ ਹਨ। ਫਿਰ ਮੋਰਚਾ ਚਲਦਾ ਅਤੇ ਕੁਰਬਾਨੀਆਂ ਹੁੰਦੀਆਂ ਹਨ ਪਰ ਉਹ ਗਏ ਕਿਥੇ? ਕੀ ਉਹਨਾਂ ਨੂੰ ਸੋਧਿਆ ਗਿਆ ਕਿ ਉਹ ਭੱਜ ਗਏ ਜਾਂ ਜੇਲ੍ਹ ਹੋਈ? ਪਾਤਰਾਂ ਦੇ ਨਾਵਾਂ ਵਿੱਚ ਗੜਬੜ ਹੈ ਜਿਵੇਂ ਮਹੰਤ ਸੁੰਦਰ ਦਾਸ ਕਿਤੇ ਸੁੰਦਰ ਤੇ ਕਿਤੇ ਮਹੰਤ, ਸੇਠ ਕਿਤੇ ਰਾਮ ਜੀ ਤੇ ਕਿਤੇ ਸੇਠ ਹੈ। ਭਾਸ਼ਾ ਸਿਰਫ ਮਲਵਈ ਹੀ ਵਰਤੀ ਗਈ ਹੈ। ਮਾਝੇ ਦੇ ਇਲਾਕੇ ਵਿੱਚ ਮਾਝੀ ਜਾਂ ਕੇਂਦਰੀ ਭਾਸ਼ਾ ਦਾ ਪ੍ਰਯੋਗ ਹੋ ਸਕਦਾ ਤਾਂ ਨਾਟਕ ਹੋਰ ਵੀ ਜਾਨਦਾਰ ਹੋ ਸਕਦਾ ਸੀ। ਅੰਤ ਵਿੱਚ ਲੇਖਕ ਨੂੰ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਇਕ ਇਤਿਹਾਸਕ ਨਾਟਕ ਲਿੱਖ ਕੇ ਲੋਕਾਂ ਨੂੰ ਕੂੰਡਾ ਸਿੰਘ ਤੇ ਕਾਕਾ ਸਿੰਘ ਚੰਗੇ ਦੇਸ਼ ਭਗਤ ਅਤੇ ਬੀਟੀ ਤੇ ਹਰਨਾਮੀ ਵਰਗੇ ਖਲਨਾਇਕ ਪਾਤਰਾਂ ਨਾਲ ਜਾਣੂ ਕਰਵਾਇਆ। ਇਹ ਪ੍ਰੇਮੀ ਜੀ ਦੀ ਸਫ਼ਲ ਨਾਟਕ ਕਲਾ ਦਾ ਲਖਾਇਕ ਹੈ। ਉਹਨਾਂ ਕੋਲੋਂ ਅਸੀਂ ਹੋਰ ਵੀ ਵੱਡੀਆਂ ਆਸਾਂ ਰੱਖ ਸਕਦੇ ਹਾਂ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |