23 May 2024

ਮਾਸਟਰ ਜੀ ਦਾ ਖੌਫ ਜੋ ਸੁਧਾਰਨ ਵਿੱਚ ਸਹਾਈ ਹੋਇਆ — ਸੰਜੀਵ ਝਾਂਜੀ, ਜਗਰਾਉਂ

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਪੰਜਵੀਂ ਜਮਾਤ ਵਿਚ ਪੜ੍ਹਦਾ ਹੁੰਦਾ ਸੀ। ਇਸ ਜਮਾਤ ਵਿੱਚ ਚੌਥੀ ਪਾਸ ਕਰਕੇ ਆਏ ਸਾਰੇ ਵਿਦਿਆਰਥੀ ਸਨ। ਸ਼ਹਿਰ ਵਾਲੇ ਆਰੀਆ (ਆਰ ਕੇ) ਸਕੂਲ ਤੋਂ ਚੌਥੀ ਪਾਸ ਕਰਨ ਵਾਲੇ ਵਿਦਿਆਰਥੀ ਵੀ ਇਧਰ ਹੀ ਆ ਗਏ ਸਨ ਅਤੇ ਦੂਜੇ ਸੈਕਸ਼ਨ ਵਿੱਚ ਸਨ। ਸਾਡੇ ਸੈਕਸ਼ਨ ਦੇ ਅਧਿਆਪਕ ਸ਼੍ਰੀ ਗੁਲਸ਼ਨ ਰਾਏ ਜੀ ਚੰਗੇ ਸੁਭਾਅ ਦੇ ਮਾਲਕ ਸਨ। ਹੁਣ ਇਸ ਸੰਸਾਰ ‘ਚੋਂ ਰੁਖਸਤ ਕਰ ਗਏ ਹਨ। ਮੈਂ ਪੜ੍ਹਾਈ ਵਿੱਚ ਹੁਸ਼ਿਆਰ ਸੀ ਇਸ ਲਈ ਮੇਰੇ ਕਿਸੇ ਵੀ ਅਧਿਆਪਕ ਤੋ ਛਿੱਤਰ ਪੋਲਾ ਘਟ ਹੀ ਹੁੰਦਾ ਸੀ।

ਪਰ ਪੰਜਵੀਂ ਜਮਾਤ ਵਿੱਚ ਆ ਕੇ ਸਾਰੇ ਵਿਦਿਆਰਥੀਆਂ ਨੂੰ ਹੀ ਇੱਕ ਨਵਾਂ ਜਿਹਾ ਡਰ ਸਤਾਉਣ ਲੱਗ ਪਿਆ ਸੀ। ਡਰ ਸੀ ਛੇਵੀਂ ਜਮਾਤ ਵਿੱਚ ਪੜ੍ਹਾਉਣ ਵਾਲੇ ਮਾਸਟਰ ਜੀ ਦਾ। ਉਹਨਾਂ ਸਮਿਆਂ ਵਿੱਚ ਛੇਵੀਂ ਜਮਾਤ ਨੂੰ ਮਾਸਟਰ ਪਵਨ ਕੁਮਾਰ ਜੀ ਪੜ੍ਹਾਇਆ ਕਰਦੇ ਸਨ। ਬੱਚਿਆਂ ਨੇ ਸੱਤ-ਅੱਠ ਮਹੀਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਦੇਖੀਓ ਛੇਵੀਂ ਚ ਪਟਾਕੇ ਪੈਂਦੇ। ਮਾਸਟਰ ਜੀ ਦਾ ਡਰ ਵਾਹਵਾ ਹੁੰਦਾ ਸੀ। ਵੱਡੇ ਵਿਦਿਆਰਥੀ ਦੱਸਦੇ ਹੁੰਦੇ ਸਨ ਕਿ ਮਾਸਟਰ ਜੀ ਉਂਗਲਾਂ ਵਿਚ ਪੈਨਸਿਲ ਫਸਾ ਕੇ ਡੰਡੇ ਮਾਰਦੇ ਹੁੰਦੇ ਸਨ। ਮਾਸਟਰ ਜੀ ਦੀਆਂ ਨਿੱਤ ਨਵੀਆਂ ਗੱਲਾਂ ਸੁਣਦੇ ਅਤੇ ਡਰਦੇ-ਡਰਾਂਦੇ ਆਖਿਰ ਅਸੀਂ ਪੰਜਵੀ ਜਮਾਤ ਪਾਸ ਕਰਕੇ ਛੇਵੀ ਵਿੱਚ ਹੋ ਗਏ। ਮਾਸਟਰ ਜੀ ਅਕਸਰ ਛੇਵੀਂ ਜਮਾਤ ਦੇ ਹੀ ਇੰਚਾਰਜ ਹੁੰਦੇ ਸਨ ਤੇ ਰੱਬ ਸਬੱਬੀ ਮੈਨੂੰ ਵੀ ਉਹਨਾਂ ਵਾਲੇ ਸੈਕਸ਼ਨ ਵਿੱਚ ਹੀ ਕਰ ਦਿੱਤਾ ਗਿਆ। ਹੁਣ ਜਦੋਂ ਇੱਕ ਨਵਾਂ ਸੈਕਸ਼ਨ ਬਣਾਉਣਾ ਸੀ ਤਾਂ ਮੈਂ ਮਾਸਟਰ ਜੀ ਦੇ ਨਾਂਅ ਤੋਂ ਡਰਦਾ ਹੋਇਆ ‘ਸੀ’ ਸੈਕਸ਼ਨ ਵਿਚ ਸ਼ਿਫਟ ਹੋ ਗਿਆ। ਓਥੇ ਵੀ ਮਾਸਟਰ ਜੀ ਹਿੰਦੀ ਪੜ੍ਹਾਉਣ ਲੱਗ ਗਏ। ਮਾਸਟਰ ਜੀ ਦਾ ਡਰ ਜਿਉਂ ਦਾ ਤਿਉਂ ਬਣਿਆ ਰਿਹਾ। ਉਹ ਲਿਖਣ ਲਈ ਰੋਜ਼ ਕੰਮ ਦਿਆ ਕਰਦੇ ਸਨ। ਕੰਮ ਤਾਂ ਮੈਂ ਅਮੂਮਨ ਕਰ ਹੀ ਲੈਂਦਾ ਸੀ ਪਰ ਇੱਕ ਦਿਨ ਕਿਸੇ ਕਾਰਨ ਮੇਰੇ ਤੋਂ ਕੰਮ ਨਾ ਕਰ ਹੋਇਆ। ਉਹਨਾਂ ਨੇ ਮੈਨੂੰ ਕੁੱਟਿਆ ਤਾਂ ਨਹੀਂ ਪਰ ਮੈਨੂੰ ਲਿਖਣ ਲਈ ਫੱਟੀ ਲਗਾ ਦਿੱਤੀ ਤੇ ਹਿਦਾਇਤ ਕਰ ਦਿੱਤੀ ਕਿ ਮੈਂ ਰੋਜ਼ ਘਰੋਂ ਫੱਟੀ ਲਿਖ ਕੇ ਲਿਆਉਣੀ ਹੈ ਅਤੇ ਚੈੱਕ ਕਰਵਾਉਣੀ ਹੈ। ਉਹਨਾਂ ਸਮਿਆਂ ਵਿੱਚ ਫੱਟੀ ਪੰਜਵੀਂ ਜਮਾਤ ਤੱਕ ਹੀ ਲੱਗਦੀ ਸੀ। ਜੇ ਕਿਸੇ ਨੂੰ ਛੇਵੀਂ ਜਮਾਤ ਵਿੱਚ ਫੱਟੀ ਲਗਾ ਦਿੱਤੀ ਜਾਂਦੀ ਤਾਂ ਇਹ ਬੇਇੱਜ਼ਤੀ ਵਾਲੀ ਗੱਲ ਸਮਝੀ ਜਾਂਦੀ ਸੀ। ਖੈਰ ਕਰ ਕੀ ਸਕਦੇ ਸੀ? ਫੱਟੀ ਲਿਖ ਕੇ ਲਿਆਉਣ ਲੱਗੇ ਲਿਖਾਈ ਤਾਂ ਪਹਿਲਾਂ ਹੀ ਚੰਗੀ ਸੀ ਹੁਣ ਹੋਰ ਵੀ ਸੋਹਣੀ ਹੋਣ ਲੱਗ ਗਈ।

ਜਿਥੇ ਮਾਸਟਰ ਜੀ ਦਾ ਡਰ ਸੀ ਉਥੇ ਮਾਸਟਰ ਜੀ ਵਿੱਚ ਗੁਣ ਵੀ ਸਨ। ਜਿਹੜੇ ਉਹਨਾਂ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੇ ਸਨ। ਉਹ ਦਿਨ ਢਲੇ ਰਾਤ ਦੀ ਸ਼ੁਰੂਆਤ ਵਿੱਚ ਬੱਚਿਆਂ ਦੇ ਘਰਾਂ ਵਿੱਚ ਸਾਇਕਲ ਤੇ ਆ ਕੇ ਛਾਪਾ ਮਾਰਦੇ ਸਨ ਅਤੇ ਚੈੱਕ ਕਰਦੇ ਸਨ ਕਿ ਬੱਚਾ ਪੜ੍ਹ ਰਿਹਾ ਹੈ ਜਾਂ ਨਹੀਂ? ਜੇ ਬੱਚਾ ਪੜ੍ਹ ਰਿਹਾ ਹੁੰਦਾ ਤਾਂ ਅਗਲੇ ਦਿਨ ਜਮਾਤ ਵਿੱਚ ਸਾਰੇ ਸ਼ਾਗਿਰਦਾਂ ਦੇ ਸਾਹਮਣੇ ਉਸ ਦੀ ਹੌਸਲਾ-ਅਫਜ਼ਾਈ ਵੀ ਕਰਦੇ ਸਨ। ਉਸ ਨੂੰ ਇਨਾਮ ਵੀ ਦਿੰਦੇ ਸਨ। ਪਰ ਜੇ ਬੱਚਾ ਖੇਡਦਾ ਜਾਂ ਟੀ ਵੀ ਦੇਖਦਾ ਮਿਲ ਜਾਂਦਾ ਤਾਂ ਉਸ ਦੀ ਉਸ ਦੇ ਮਾਪਿਆਂ ਸਾਹਮਣੇ ਹੀ ਭੁਗਤ ਸਵਾਰੀ ਕਰ ਦਿੰਦੇ ਸਨ। ਮਾਪੇ ਵੀ ਅਜਿਹੀ ਸਥਿਤੀ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਸਨ। ਸਿਰਫ ਸਵੀਕਾਰ ਹੀ ਨਹੀਂ ਕਰਦੇ ਸਨ ਸਗੋਂ ਇੱਕ ਦੋ ਆਪ ਵੀ ਟਿਕਾ ਦਿੰਦੇ ਸਨ।ਪਰ ਅੱਜ ਹਾਲਾਤ ਬਦਲ ਗਏ ਹਨ। ਆਰ ਟੀ ਈ ਦੇ ਨਾਮ ਤੇ ਵੱਡਾ ਦੈਤ ਲਿਆ ਖੜਾ ਕੀਤਾ ਗਿਆ ਹੈ। ਬੱਚਿਆਂ ਨੂੰ ਮਾਨਸਿਕ ਤੇ ਸ਼ਰੀਰਕ ਸਜ਼ਾ ਸਜ਼ਾਯੋਗ ਹੋ ਗਈ ਹੈ ਜਿਸ ਨੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਅਤੇ ਅਧਿਆਪਕਾਂ ਨੂੰ ਪੜ੍ਹਾਉਣ ਪ੍ਰਤੀ ਅਵੇਸਲਾ ਕਰ ਦਿੱਤਾ ਹੈ। ਨਾ ਫੇਲ ਕਰਨ ਦੀ ਨੀਤੀ ਨੇ ਇਸ ਨੂੰ ਹੋਰ ਹੱਲਾਸ਼ੇਰੀ ਦਿੱਤੀ ਹੈ। ਬੱਚਿਆਂ ਵਿੱਚ ਇਸ ਨੇ ਡਰ ਭੌ ਹੀ ਖਤਮ ਕਰ ਦਿੱਤਾ ਹੈ। ਇਹ ਇੱਕ ਅਜਿਹਾ ਡਰ ਸੀ ਜਿਹੜਾ ਬੱਚਿਆਂ ਨੂੰ ਪੜ੍ਹਨ ਲਈ ਮਜ਼ਬੂਰ ਕਰਦਾ ਸੀ। ਅਧਿਆਪਕਾਂ ਵੱਲੋਂ ਦਿੱਤੀ ਜਾਂਦੀ ਪਿਆਰ ਭਰੀ ਸਜ਼ਾ ਅਤੇ ਝਿੜਕ ਵੱਧ ਨੰਬਰ ਲੈਣ ਵਿੱਚ ਸਹਾਈ ਹੁੰਦੀ ਸੀ। ਪਰ ਪੱਛਮ ਦੀ ਤਰਜ਼ ਤੇ ਬੱਚਿਆਂ ਨੂੰ ਕੁਝ ਨਾ ਕਹਿਣ ਦੀ ਜੋ ਪੰਜਾਲੀ ਪਈ ਹੈ ਉਹ ਵਿਦਿਆਰਥੀ ਜੀਵਨ ਲਈ ਬਿਲਕੁਲ ਵੀ ਲਾਹੇਵੰਦ ਨਹੀਂ ਜਾਪਦੀ ਹੈ।

ਕਿਹਾ ਜਾਂਦਾ ਹੈ ਕਿ ਬੱਚੇ ਨੂੰ ਆਪਣੇ ਹਿਸਾਬ ਨਾਲ ਪੜ੍ਹਨ ਦਿੱਤਾ ਜਾਣਾ ਚਾਹੀਦਾ ਹੈ। ਇਹ ਚੰਗੀ ਗੱਲ ਤਾਂ ਹੈ ਪਰ ਸਾਰੇ ਬੱਚਿਆਂ ਲਈ ਇਹ ਨਾ ਤਾਂ ਚੰਗੀ ਹੋ ਸਕਦੀ ਹੈ ਤੇ ਨਾ ਹੀ ਉਨ੍ਹਾਂ ਤੇ ਲਾਗੂ ਹੋ ਸਕਦੀ ਹੈ। ਬੱਚਿਆਂ ਦਾ ਮਨ ਚੰਚਲ ਤੇ ਸ਼ਰਾਰਤੀ ਹੁੰਦਾ ਹੈ। ਉਨ੍ਹਾਂ ਵਿੱਚ ਆਪਣੇ ਆਪ ਕੁਝ ਕਰਨ ਅਤੇ ਬਨਣ ਦੀ ਸੋਝੀ ਘੱਟ ਹੁੰਦੀ ਹੈ। ਇਸ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਅਧਿਆਪਕਾਂ ਦਾ ਪਿਆਰ ਅਤੇ ਉਹਨਾਂ ਦਾ ਡਰ ਹੀ ਵਿਦਿਆਰਥੀ ਨੂੰ ਅਜਿਹਾ ਕੁਝ ਕਰਨ ਲਈ ਪ੍ਰੇਰਿਤ ਅਤੇ ਮਜਬੂਰ ਕਰਦਾ ਹੈ। ਚਾਹੇ ਅੱਜ ਅਜਿਹੇ ਕਾਨੂੰਨ ਬਣ ਗਏ ਹਨ ਜਿਹੜੇ ਬੱਚੇ ਨੂੰ ਸਜ਼ਾ ਦੇਣ ਤੋਂ ਰੋਕਦੇ ਹਨ ਪਰ ਫਿਰ ਵੀ ਅਧਿਆਪਕਾਂ ਨੂੰ ਪਵਨ ਕੁਮਾਰ ਜੀ ਵਰਗਾ ਹੋਣਾ ਚਾਹੀਦਾ ਹੈ। ਉਨ੍ਹਾਂ ਵਰਗਾ ਪੂਰਾ ਨਾ ਸਹੀ ਕੁਝ ਨਾ ਕੁਝ ਉਨ੍ਹਾਂ ਵਾਂਗ ਕਰਕੇ ਬੱਚੇ ਨੂੰ ਸੁਧਾਰਨਾ ਅਤੇ ਉਸ ਨੂੰ ਸੇਧ ਦੇਣੀ ਚਾਹੀਦੀ ਹੈ। ਕਰਮ ਕਰਦੇ ਰਹਿਣਾ ਚਾਹੀਦਾ ਹੈ।

ਵਿਦਿਆਰਥੀ ਤਾਂ ਗ਼ਲਤੀਆਂ ਦਾ ਪੁਤਲਾ ਹੈ। ਗ਼ਲਤੀਆਂ ਤੇ ਗ਼ਲਤੀਆਂ ਕਰਦਾ ਰਹਿੰਦਾ ਹੈ। ਅਧਿਆਪਕ ਦਾ ਕੰਮ ਪੜ੍ਹਾਉਣਾ ਹੈ। ਉਸ ਦਾ ਕਾਰਜ ਜਮਾਤ ‘ਚ ਸਿਲੇਬਸ ਕਰਵਾਉਣਾ ਹੈ ਪਰ ਜੇ ਅਧਿਆਪਕ ਸਿਲੇਬਸ ਤੋਂ ਬਾਹਰ ਅਤੇ ਜਮਾਤੀ ਕ੍ਰਿਆਵਾਂ ਤੋਂ ਬਾਅਦ ਵੀ ਆਪਣੇ ਵਿਦਿਆਰਥੀਆਂ ਨੂੰ ਸਹੀ ਮਾਰਗ-ਦਰਸ਼ਨ ਦਿੰਦਾ ਰਹਿੰਦਾ ਹੈ ਅਤੇ ਉਸ ਵੱਲੋਂ ਕੀਤੀਆਂ ਜਾਂਦੀਆਂ ਗਲਤੀਆਂ ਨੂੰ ਸੁਧਾਰਦਾ ਰਹਿੰਦਾ ਹੈ ਤਾਂ ਉਹ ਆਪਣੇ ਅਧਿਆਪਕ ਹੋਣ ਦਾ ਅਸਲ ਫਰਜ਼ ਪੂਰਾ ਕਰਦਾ ਹੈ। ਉਹ ਅਸਲ ‘ਚ ਆਪਣੇ ਸੇਵਾਕਾਲ ‘ਚ ਅਤੇ ਸੇਵਾਕਾਲ ਤੋਂ ਬਾਅਦ ਵੀ ਕਾਰਜਸ਼ੀਲ ਰਹਿੰਦਾ ਹੈ। ਸ਼੍ਰੀ ਪਵਨ ਕੁਮਾਰ ਜੀ ਵਾਂਗ ਬਹੁਤ ਸਾਰੇ ਅਜਿਹੇ ਅਧਿਆਪਕ ਹੋਣਗੇ ਜੋ ਅਧਿਆਪਕ ਦੀ ਅਸਲ ਪ੍ਰੀਭਾਸ਼ਾ ‘ਚ ਸਹੀ ਬੈਠਦੇ ਹਨ। ਮੈਂ ਉਨ੍ਹਾਂ ਸਾਰੇ ਅਧਿਆਪਕਾਂ ਨੂੰ ਸਲਾਮ ਕਰਦਾ ਹਾਂ ਅਤੇ ਬਾਕੀ ਅਧਿਆਪਕਾਂ ਵੱਲੋਂ ਵੀ ਅਜਿਹੀ ਫਰਜ਼ ਪੂਰਤੀ ਦੀ ਕਾਮਨਾ ਕਰਦਾ ਹਾਂ।
***
ਸੰਜੀਵ ਝਾਂਜੀ ਜਗਰਾਉਂ।
ਸੰਪਰਕ: +91 8004910000

SANJEEV JHANJI

M.Sc.B.Ed
Master of Mass Communication
Post grad.Dip. in Journalism & Mass Communication
PGDHRD

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1147
***

About the author

ਸੰਜੀਵ ਝਾਂਜੀ, ਜਗਰਾਉਂ     
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →