6 February 2023

ਆਉ ਆਲੋਚਨਾ ਦਾ ਤਿਆਗ ਕਰੀਏ – -ਡਾ਼ ਗੁਰਦਿਆਲ ਸਿੰਘ ਰਾਏ

ਆਉ ਆਲੋਚਨਾ ਦਾ ਤਿਆਗ ਕਰੀਏ – ਡਾ਼ ਗੁਰਦਿਆਲ ਸਿੰਘ ਰਾਏ

ਡਾ. ਗੁਰਦਿਆਲ ਸਿੰਘ ਰਾਏ

ਯਕੀਨਨ ਇਹ ਡਾਇਰੀ ਮੇਰੀ ਨਹੀਂ। ਤਾਂ ਫਿਰ? ਡਰਨਾ ਨਹੀਂ, ਇਹ ਡਾਇਰੀ ਤੁਹਾਡੀ ਵੀ ਨਹੀਂ। ਦੂਜੀ ਸੋਚ ਵਿਚ ਜੇਕਰ ਮੈਂ ਆਖ ਦਿਆਂ ਕਿ ਸ਼ਾਇਦ ਇਹ ਡਾਇਰੀ ਤੁਹਾਡੀ ਹੈ ਜਾਂ ਤੁਹਾਡੀ ਹੋ ਸਕਦੀ ਹੈ, ਮੇਰੀ ਹੈ ਜਾਂ ਮੇਰੀ ਹੋ ਸਕਦੀ ਹੈ ਤਾਂ ਵੀ ਕੀ ਫਰਕ ਪੈਂਦਾ ਹੈ ਕਿ ਇਹ ਡਾਇਰੀ ਕਿਸ ਦੀ ਹੈ? ਮਨੁੱਖ ਦਾ ਕੰਮ ਹੈ ਮਿੱਠਾ ਅੰਬ ਚੂਪਣਾ। ਇਸ ਲਈ ਸ੍ਰੀਮਾਨ ਜੀ ਅੰਬ ਚੂਪੋ, ਅੰਬਾਂ ਦੇ ਦਰਖਤ ਗਿਨਣ ਦੀ ਕੀ ਲੋੜ ਹੈ? ਹਾਂ ਤੇ ਇਹ, ਇਕ ਡਾਇਰੀ ਦਾ, ਇਕ ਪੰਨਾ ਹੈ। ਅਜਿਹੇ ਕੁਝ ਹੋਰ ਵੀ ਪੰਨੇ ਹਨ ਲੇਖਕ ਪਾਸ। ਪੂਰੇ ਯਕੀਨ ਨਾਲ ਤਾਂ ਕਦੇ ਵੀ ਕੋਈ ਕੁਝ ਨਹੀਂ ਆਖ ਸਕਦਾ ਅਤੇ ਨਾ ਹੀ ਕਦੇ ਅਜਿਹੇ ਯਕੀਨ ਦੀ ਸ਼ਾਹਦੀ ਹੀ ਭਰਨੀ ਚਾਹੀਦੀ ਹੈ ਪਰ ਫਿਰ ਵੀ ਵਿਚਾਰ ਹੈ ਕਿ ਸ਼ਾਇਦ ਇਹ ਪੰਨੇ ਸਾਡੇ ਕਿਸੇ ਕੰਮ ਹੀ ਆ ਹੀ ਜਾਣ। ਅਤੇ ਜੇ ਆ ਗਏ ਤਾਂ ਵਾਹ ਵਾਹ ਭਲੀ ਅਤੇ ਜੇ ਨਾ ਆਏ ਤਾਂ ਰੱਦੀ ਤਾਂ ਵਧੇਗੀ ਹੀ।

ਸੋੋਹੋ ਰੋਡ ਸਥਿਤ ਲਾਇਬਰੇਰੀ ਪੁੱਜਦਾ ਹਾਂ। ਦਰਵਾਜ਼ਾ ਖੋਲ੍ਹਦਿਆਂ ਹੀ ਉਚੀ ਉਚੀ ਗਲਾਂ ਕਰਦੇ ਪੰਜਾਬੀਆਂ ਦੀ ਆਵਾਜ਼ ਕੰਨੀ ਪੈਂਦੀ ਹੈ। ਕਾਊਂਟਰ ਦੇ ਲਾਗੇ ਪੁੱਜਦਿਆਂ ਖੱਬੇ ਪਾਸੇ ਚੋਰ ਅੱਖੀਂ ਵੇਖਦਾ ਹਾਂ। ਕੁਝ ਦੇਸੀ ਭਾਈ ਬੰਦ ਅਖਬਾਰਾਂ ਵਾਲੀ ਮੇਜ਼ ਦੁਆਲੇ ਕੁਰਸੀਆਂ ਤੇ ਬੈਠੇ ਹਨ ਅਤੇ ਭਾਰਤ ਦੀ ਸਿਆਸਤ ਉਤੇ ਗਰਮਾ ਗਰਮ ਬਹਿਸ ਹੋ ਰਹੀ ਹੈ। ਥਾਂ ਥਾਂ ਕੰਧਾਂ ਤੇ ਟੰਗੇ ‘ਚੁੱਪ ਰਹੋ’ ਦੇ ਨੋਟਿਸ ਦਾ ਕੋਈ ਭੋਰਾ ਭਰ ਵੀ ਨੋਟਿਸ ਨਹੀਂ ਲੈ ਰਿਹਾ। ਲਾਇਬਰੇਰੀਅਨ ਬੇ-ਬਸ ਲੱਗਦੀ ਹੈ। ਸੋਚਦਾ ਹਾਂ ਉਹਨਾਂ ਭਾਈਬੰਦਾਂ ਪਾਸ ਜਾਵਾਂ? ਪਰ ਮਨ ਕਹਿੰਦਾ ਹੈ ਤੈਨੂੰ ਕੀ? ਅਤੇ ਫਿਰ ਸੋਚ ਨੂੰ ਮਨ ਜਿੱਤ ਲੈਂਦਾ ਹੈ। ਚੁੱਪ ਕਰਕੇ, ਕੰਨ ਵਲੇਟ ਕੇ ਆਪਣਾ ਕੰਮ ਕਰਨ ਉਪਰੰਤ, ਖਿਸਕ ਜਾਣ ਵਿਚ ਹੀ ਗ਼ਨੀਮਤ ਸਮਝਦਾ ਹਾਂ।

ਮੇਰੇ ਪਾਸ ਤਿੰਨ ਪੁਸਤਕਾਂ ਹਨ: ਦੋ ਪੰਜਾਬੀ ਦੀਆਂ ਅਤੇ ਇਕ ਉਰਦੂ ਦੀ। ਮੈਂ ਇਹ ਤਿੰਨੇ ਹੀ ਪੁਸਤਕਾਂ ਵਾਪਸ ਵੀ ਕਰਨੀਆਂ ਹਨ ਅਤੇ ਮੁੜ ਕੇ ਜਾਰੀ ਵੀ। ਭਾਈਬੰਦਾਂ ਦੀਆਂ, ਰੌਲਾ ਰੱਪਾ ਪਾਉਂਦੀਆਂ, ਆਵਾਜ਼ਾਂ ਤੋਂ ਧਿਆਨ ਹਟਾ ਕੇ ਬੜੀ ਹੀ ਧੀਮੀ ਆਵਾਜ਼ ਵਿਚ ਲਾਇਬਰੇਰੀਅਨ ਨੂੰ ਆਪਣੀ ਗੱਲ ਦਸਦਾ ਹਾਂ। ਸ਼ਾਇਦ ਮੇਰੀ ਧੀਮੀ ਆਵਾਜ਼ ਕਾਰਨ ਉਸਨੂੰ ਧੱਕਾ ਲੱਗਦਾ ਹੈ। ਤ੍ਰਭਕ ਕੇ ਉਸ ਨੇ ਪਹਿਲਾਂ ਮੇਰੀ ਵਲਾਂ ਅਤੇ ਫਿਰ ਗੱਲਾਂ ਕਰਦੇ ਭਾਈਬੰਦਾਂ ਵੱਲ ਇਕ ਨਜ਼ਰ ਸੁੱਟੀ। ਉਸਨੇ, ਬਿਨਾਂ ਕੁਝ ਆਖੇ-ਚਾਖੇ, ਕਿਤਾਬਾਂ ਨੂੰ ਵਾਪਸ ਅਤੇ ਜਾਰੀ ਕਰਨ ਲਈ ਸਟੈਂਪਾਂ ਲਗਾ ਕੇ, ਪੁਸਤਕਾਂ ਮੇਰੇ ਵਲਾਂ ਵੱਧਾ ਦਿੱਤੀਆਂ। ਹੌਲੀ ਦੇਕੇ ਧੰਨਵਾਦ ਆਖਿਆ ਤਾਂ ਇਸ ਵਾਰੀ ਉਹ ਮੇਰੀ ਧੀਮੀ ਆਵਾਜ਼ ਤੇ ਮੁਸਕਰਾਈ। ਪਤਾ ਨਹੀਂ ਕਿਉਂ ਉਸਦੀ ਮੁਸਕਾਨ ਨੇ ਮੈਂਨੂੰ ਸ਼ਰਮਿੰਦਾ ਕਰ ਦਿੱਤਾ?

ਕਿਤਾਬਾਂ ਲੈ ਕੇ ਜਿਉਂ ਹੀ ਅਗ੍ਹਾਂ ਕਦਮ ਪੁੱਟਿਆ ਤਾਂ ਸਾਹਮਣੀ ਸ਼ੈਲਫ਼ ਉਤੇ ਹੁਣੇ ਹੁਣੇ ਹੀ ਆਈਆਂ ਨਵੀਆਂ ਪੁਸਤਕਾਂ ਉਤੇ ਨਜ਼ਰ ਪਈ। ‘ਲੋਕ ਵਿਹਾਰ’ ਨਾਂ ਦੀ ਪੁਸਤਕ ਚੁੱਕਦਾ ਹਾਂ। ਟਾਈਟਲ ਪੜ੍ਹਦਾ ਹਾਂ: ਦੋਸਤ ਬਨਾਉਣ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀਆਂ ਵਿਧੀਆਂ ਲੋਕ ਵਿਹਾਰ ਕਰੋੜਾਂ ਦੀ ਗਿਣਤੀ ਵਿਚ ਛੱਪਣ ਵਾਲੀ ਪੁਸਤਕ। ਇਹ ਪੁਸਤਕ, ਲੇਖਕ ਡੇਲ ਕਾਰਨੇਗੀ ਦੀ ਅੰਗਰੇਜੀ ਵਿਚ ਲਿਖੀ ਪੁਸਤਕ ‘HOW TO WIN FRIENDS AND INFLUENCE PEOPLE’ ਦਾ ਪੰਜਾਬੀ ਅਨੁਵਾਦ ਹੈ। ਅਨੁਵਾਦਕ ਦਾ ਨਾਂ ਗ਼ਾਇਬ ਹੈ ਅਤੇ ਬੇਨਤੀ ਦੇ ਸਿਰਲੇਖ ਹੇਠ ਮੁੱਖਬੰਦ ਤੋਂ ਪਤਾ ਲੱਗਿਆ ਕਿ ਪਹਿਲਾਂ ਇਸ ਪੁਸਤਕ ਦਾ ਅਨੁਵਾਦ ਹਿੰਦੀ ਵਿਚ ਅਤੇ ਸ਼ਾਇਦ ਫਿਰ ਹਿੰਦੀ ਤੋਂ ਪੰਜਾਬੀ ਵਿਚ ਕੀਤਾ ਗਿਆ ਸੀ। ਪਰ ਕਿਉਂਕਿ ਪੁਸਤਕ ਸਬੰਧੀ ਦਾਅਵਾ ਸੀ ਕਿ ਇਹ 1991 ਤੱਕ ਕਰੋੜਾਂ ਦੀ ਗਿਣਤੀ ਵਿਚ ਛੱਪ ਚੁੱਕੀ ਹੈ ਇਸ ਲਈ ਮਨ ਹੋਇਆ ਕਿ ਇਸ ਨੂੰ ਪੜ੍ਹ ਕੇ ਦੇਖਣਾ ਚਾਹੀਦਾ ਹੈ ਕਿ ਇਸ ਪੁਸਤਕ ਵਿਚ ਅਜਿਹਾ ਕੀ ਹੈ ਕਿ ਇਹ ਪੁਸਤਕ ਕਰੋੜਾਂ ਵਿਚ ਛਪੀ ਤੇ ਪੜ੍ਹੀ ਗਈ। ਨਾਲ ਹੀ ਸੋਚਦਾ ਹਾਂ: ਮੈਂ ਨਾ ਤਾਂ ਅੱਜ ਤੱਕ ਬਹੁਤੇ ਦੋਸਤ ਹੀ ਬਣਾ ਸਕਿਆਂ ਹਾਂ ਅਤੇ ਨਾ ਹੀ ਕਿਸੇ ਨੂੰ ਪ੍ਰਭਾਵਤ ਹੀ ਕਰ ਸਕਿਆ ਹਾਂ। ਸ਼ਾਇਦ ਪੁਸਤਕ ਦੀ ਕੋਈ ਗੱਲ ਮੇਰੇ ਆਪਣੇ ਹੀ ਕਿਸੇ ਕੰਮ ਆ ਸਕੇ। ਇਹ ਪੁਸਤਕਾਂ ਅਤੇ ਇਹਨਾਂ ਦਾ ਮੋਹ ਵੀ ਕਿਆ ਚੀਜ ਹੈ। ਇਹ ਪੁਸਤਕ ਵੀ ਆਪਣੇ ਨਾਂ ਜਾਰੀ ਕਰਵਾ ਲੈਂਦਾ ਹਾਂ।

ਲਾਇਬਰੇਰੀ ਦੇ ਖੱਬੇ ਪਾਸੇ ਹਾਲਾਂ ਵੀ ਗਲਾਂ-ਬਾਤਾਂ ਦਾ ਗਰਮ ਦੌਰ ਜਾਰੀ ਹੈ। ਉਹਨਾਂ ਦੀ ਜਾਣੇ ਜੁੱਤੀ ਕਿ ਲਾਇਬਰੇਰੀ ਕਿਸ ਕੰਮ ਲਈ ਹੁੰਦੀ ਹੈ। ਭਾਈਬੰਦਾਂ ਦੀ ਰੌਲਾ ਪਾਉਂਦੀ ਬਹਿਸ ਨਾਲ ਪੱਕੇ ਕੰਨ ਲੈ ਕੇ ਘਰ ਪੁੱਜਿਆ ਅਤੇ ਸਭ ਤੋਂ ਪਹਿਲਾਂ ‘ਲੋਕ ਵਿਹਾਰ’ ਨੂੰ ਹੀ ਪੜ੍ਹਨਾ ਆਰੰਭ ਕੀਤਾ। 256 ਪੰਨਿਆਂ ਦੀ ਇਹ ਪੁਸਤਕ ਮੈਂ ਤਿੰਨ ਦਿਨਾਂ ਵਿਚ ਪੜ੍ਹ ਲਈ। ਕੇਵਲ ਪੜ੍ਹੀ ਹੀ ਨਹੀਂ, ਇਸ ਵਿਚ ਆਖੀਆਂ ਗਈਆਂ ਬਹੁਤ ਸਾਰੀਆਂ ਗੱਲਾਂ ਦੇ ਨੋਟਸ ਵੀ ਲਏ। ਸੁਝਾਵਾਂ ਨੂੰ ਹੂ-ਬ-ਹੂ ਅਤੇ ਵਾਧ-ਘਾਟ ਨਾਲ, ਆਪਣੇ ਲਈ ਉਚਿੱਤ ਵੇਰਵਿਆਂ ਸਮੇਤ ਲਿਖਿਆ। ਪੁਸਤਕ ਪੜ੍ਹਕੇ ਮੈਂਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਮੈਂਨੂੰ ਇਹ ਪੁਸਤਕ ਅੱਜ ਤੋਂ ਚਾਲੀ-ਪੰਜਾਹ ਵਰ੍ਹੇ ਪਹਿਲਾਂ ਕਿਉਂ ਨਾ ਮਿਲ ਸਕੀ। ‘ਕਾਸ਼’ ਅਜਿਹਾ ਹੁੰਦਾ ਅਤੇ ਇਹ ਪੁਸਤਕ ਮੈਂ ਪਹਿਲਾਂ ਪੜ੍ਹ ਸਕਦਾ ਤਾਂ ਅੱਜ ਮੈਂ ਜੋ ਕੁਝ ਵੀ ਹਾਂ ਉਹ ਨਾ ਹੁੰਦਾ। ਸ਼ਾਇਦ ਕੁਝ ਹੋਰ ਹੁੰਦਾ। ਪਰ ਜੋ ਕੁਝ ਹੋਣਾ ਹੁੰਦਾ ਹੈ ਉਹ ਜਦੋਂ ਵੀ ਹੋਣਾ ਹੁੰਦਾ ਹੈ ਉਦੋਂ ਹੀ ਹੁੰਦਾ ਹੈ। ਮਨੁੱਖ ਦਾ ਆਪਣਾ ਇਸ ਵਿਚ ਕੁਝ ਵੀ ਦਖ਼ਲ ਨਹੀਂ।
ਦਖ਼ਲ ਨਹੀਂ? ਨਾਲੇ ‘ਕਾਸ਼’ ਹੀ ਤਾਂ ਇਕ ਅਜਿਹਾ ਸ਼ਬਦ ਹੈ ਜੋ ਕਿਸੇ ਦੀ ਵੀ ਪੇਸ਼ ਨਹੀਂ ਜਾਣ ਦਿੰਦਾ। ‘ਬੇਨਤੀ’ (ਮੁੱਖਬੰਦ) ਵਿਚ ਦਰਜ ਹੈ: ਜੀਵਨ ਸੰਗਰਾਮ ਵਿਚ ਸਫ਼ਲ ਹੋਣ ਦੇ ਲਈ ਜੈਸੀਆਂ ਚੰਗੀਆਂ ਤੇ ਵਿਹਾਰਕ ਸੂਚਨਾਵਾਂ ਇਸ (ਪੁਸਤਕ) ਵਿਚ ਦਿੱਤੀਆਂ ਗਈਆਂ ਹਨ, ਵੈਸੀਆਂ ਕਿਸੇ ਦੂਜੀ ਪੁਸਤਕ ਵਿਚ ਬਹੁਤ ਹੀ ਘੱਟ ਮਿਲਣਗੀਆਂ।

ਮੈਂ ਸਮਝਦਾ ਹਾਂ ਕਿ ਇਸ ਪੁਸਤਕ ਦੀ ਲੋੜ ਸਭ ਨੂੰ ਹੀ ਹੈ। ਵਪਾਰੀ, ਡਾਕਟਰ, ਵਕੀਲ, ਠੇਕੇਦਾਰ, ਰਾਜਾ, ਪ੍ਰਜਾ, ਪ੍ਰਬੰਧਕ, ਮਿੱਲ ਮਾਲਕ, ਮਜ਼ਦੂਰ, ਕਿਸਾਨ, ਸ਼ਿਲਪੀ, ਦੁਕਾਨਦਾਰ, ਸੇਲਜ਼ਮੈਨ, ਵਕਤਾ, ਉਪਦੇਸ਼ਕ, ਵਿਦਿਆਰਥੀ, ਇਸਤਰੀ, ਪੁਰਸ਼, ਜਵਾਨ, ਬ੍ਰਿਧ, ਪਤੀ, ਪਤਨੀ, ਪ੍ਰੇਮੀ, ਪ੍ਰੇਮਿਕਾ, ਲੇਖਕ, ਲੇਖਕਾ, ਕਵੀ, ਕਵਿਤਰੀ। ਗੱਲ ਕੀ ਸਭ ਨੂੰ ਹੀ ਇਸਦੀ ਜ਼ਰੂਰਤ ਹੈ। ਜ਼ਰੂਰਤ ਮਹਿਸੂਸ ਹੋ ਸਕਦੀ ਹੈ। ਲੇਖਕ ਦਾ ਦਾਅਵਾ ਹੈ। ਦਾਅਵਾ ਹੈ? ਹਾਂ ਦਾਅਵਾ—

ਪੁਸਤਕ ਦਾ ਲੇਖਕ, ਇਸ ਪੁਸਤਕ ਦੇ ਪੰਨਾ 26 ਤੇ ਲਿਖਦਾ ਹੈ: “ਜੇ ਇਸ ਪੁਸਤਕ ਦੇ ਪਹਿਲੇ ਤਿੰਨ ਅਧਿਆਇ ਪੜ੍ਹ ਚੁੱਕਣ ਦੇ ਸਮੇਂ ਤੱਕ ਤੁਸੀਂ ਜੀਵਨ ਦੀਆਂ ਸਥਿਤੀਆਂ ਦਾ ਸਾਹਮਣਾ ਕਰਨ ਦੇ ਕੁਝ ਜ਼ਿਆਦਾ ਯੋਗ ਨਹੀਂ ਹੋ ਜਾਂਦੇ, ਤਾਂ, ਜਿੱਥੋਂ ਤੱਕ ਤੁਹਾਡਾ ਸਬੰਧ ਹੈ, ਮੈਂ ਸਮਝਾਂਗਾ ਇਹ ਪੁਸਤਕ ਬਿਲਕੁਲ ਨਿਕੰਮੀ ਹੈ।”

ਵੇਖਦਾ ਹਾਂ, ਤਿੰਨ ਅਧਿਆਇ ਕੋਈ ਬਹੁਤੇ ਲੰਬੇ ਨਹੀਂ। ਮੁੱਖਬੰਦ ਸਣੇ 60 ਪੰਨੇ ਹੀ ਤਾਂ ਹਨ। ਸਮੇਂ ਵਜੋਂ ਸੌਦਾ ਕੋਈ ਬਹੁਤਾ ਮਹਿੰਗਾ ਨਹੀਂ ਲੱਗਦਾ। ਬਹੁਤ ਸੱਸਤਾ ਹੈ।

ਪਰ— ਪਰ ਧਿਆਨ ਰੱਖਣ ਵਾਲੀ ਇੱਕ ਹੋਰ ਗੱਲ ਹੈ: ਸਿੱਖਿਆ ਕੀ ਹੁੰਦੀ ਹੈ? ਸਿੱਖਿਆ ਦਾ ਉਦੇਸ਼ ਕੀ ਹੰਦਾ ਹੈ? ਸਿੱਖਿਆ ਦਾ ਮਹਾਨ ਉਦੇਸ਼ ਗਿਆਨ ਦੀ ਪਰਾਪਤੀ ਨਹੀਂ ਅਤੇ ਨਾ ਹੀ ਗਿਆਨ ਦੀ ਪਰਾਪਤੀ ਕਰ ਕਰਕੇ, ਗਿਆਨ ਦਾ ਭੰਡਾਰ ਹੀ ਇਕੱਠੇ ਕਰੀ ਜਾਣਾ ਹੈ। ਸਿੱਖਿਆ ਦਾ ਮੁੱਖ ਉਦੇਸ਼ ‘ਕਰਮ’ ਹੈ।

ਕਰਮ, ਕੇਵਲ ਕਰਮ ਹੀ।

*********

ਮੇਰੀ, ਤੁਹਾਡੀ, ਕਿਸੇ ਹੋਰ ਦੀ ਜਾਂ ਸਾਡੀ ਸਭ ਦੀ ਹੀ ਅੱਜ ਦੀ ਮੁੱਖ ਲੋੜ ਕੀ ਹੈ? ਲੋੜ ਹੈ:

* ਕਿ ਕੋਈ ਦੂਜਾ ਤੁਹਾਨੂੰ, ਸਾਨੂੰ, ਤੁਹਾਡੀ, ਸਾਡੀ ਮਾਨਸਿਕ ਲਕੀਰ ਵਿਚੋਂ ਕੱਢ ਕੇ ਤੁਹਾਡੇ, ਸਾਡੇ ਮਨਾਂ ਵਿਚ ਨਵੀਨ ਵਿਚਾਰ, ਨਵੀਨ ਕਲਪਨਾਵਾਂ ਅਤੇ ਨਵੀਆਂ ਉਮੰਗਾਂ ਭਰ ਦੇਵੇ।

* ਕਿ ਕੋਈ ਸਾਨੂੰ-ਤੁਹਾਨੂੰ ਬਹੁਤ ਹੀ ਸਹਿਜ ਨਾਲ, ਬਿਨਾਂ ਕਿਸੇ ਵੱਡੀ ਮਿਹਨਤ ਕੀਤਿਆਂ ਤੁਹਾਡੀ-ਸਾਡੀ ਲੋਕ-ਪ੍ਰਿਅਤਾ ਵਧਾ ਕੇ ਤੁਹਾਡੇ-ਸਾਡੇ ਮਿੱਤਰਾਂ ਦਾ ਘੇਰਾ ਵਧਾ ਦੇਵੇ।

* ਲੋਕੀਂ ਤੁਹਾਡੇ-ਸਾਡੇ ਵਿਚਾਰ ਨਹੀਂ ਸੁਣਦੇ। ਵਿਚਾਰਾਂ ਦੀ ਕਦਰ ਨਹੀਂ ਕਰਦੇ। ਵਿਚਾਰਾਂ ਨੂੰ ਅਹਿਮੀਅਤ ਨਹੀਂ ਦਿੰਦੇ। ਕਿਵੇਂ ਨਾ ਕਿਵੇਂ ਉਹ ਆਪੂੰ ਹੀ ਸਾਡੇ ਤੁਹਾਡੇ ਵਿਚਾਰਾਂ ਨੂੰ ਸੁਨਣ, ਉਹਨਾਂ ਦੀ ਕਦਰ ਕਰਨ, ਉਹਨਾਂ ਨੂੰ ਸੁਨਣ ਅਤੇ ਅਪਨਾਉਣ ਲਈ ਉਤਾਵਲੇ ਹੋ ਜਾਣ ਅਤੇ ਤੁਹਾਡੇ ਸਾਡੇ ਵਿਚਾਰਾਂ ਦੇ ਧਾਰਨੀ ਹੋ ਜਾਣ।

* ਤੁਹਾਡਾ-ਸਾਡਾ ਪ੍ਰਭਾਵ ਵੱਧੇ। ਅਧਿਕਾਰਾਂ ਦਾ ਖੇਤਰ ਸੁਰੱਖਿਅਤ ਹੋਵੇ ਅਤੇ ਦੂਜਿਆਂ ਪਾਸੋਂ ਕੰਮ ਕਰਵਾਉਣ ਦੀ ਯੋਗਤਾ ਵਿਚ ਵਾਧਾ ਹੋਵੇ।

* ਸ਼ਕਾਇਤਾਂ ਨੂੰ ਨਿਪਟਾਉਣ ਵਿਚ ਔਖ ਨਾ ਆਵੇ। ਸ਼ਿਕਾਇਤਾਂ ਤੋਂ ਕਿਵੇਂ ਬਚੀਏ? ਕਿਵੇਂ ਉਹਨਾਂ ਦਾ ਸਾਹਮਣਾ ਕਰੀਏ? ਦੂਜਿਆਂ ਪਾਸੋਂ ਆਪਣੇ ਮਨ-ਭਾਉਂਦਾ ਜਾਇਜ਼ ਕੰਮ ਕਿਵੇਂ ਕਰਵਾ ਸਕੀਏ? ਕਿਵੇਂ ਬਹਿਸਾਂ ਤੋਂ ਬਚਿਆ ਜਾਵੇ? ਦੂਜਿਆਂ ਨਾਲ ਸਾਡੇ-ਤੁਹਾਡੇ ਸੰਪਰਕ ਕਿਵੇਂ ਵੱਧਣ? ਕਿਵੇਂ ਇਹਨਾਂ ਵਿਚ ਗੂੜ੍ਹਤਾ ਅਤੇ ਨੇੜਤਾ ਆ ਸਕੇ? ਕਿਵੇਂ ਵਿਹਾਰ ਸੁਖਾਵਾਂ ਅਤੇ ਦਿਲ ਖਿਚ੍ਹਵਾਂ ਹੋ ਸਕੇ?

* ਸੰਗੀ-ਸਾਥੀਆਂ ਵਿਚ ਉਤਸ਼ਾਹ ਅਤੇ ਉਮੰਗ ਦੀਆਂ ਲਹਿਰਾਂ-ਬਹਿਰਾਂ ਕਿਵੇਂ ਕੀਤੀਆਂ ਜਾ ਸਕਦੀਆਂ ਹਨ। ਚੰਗੇ ਬੁਲਾਰੇ ਅਤੇ ਚੰਗੇ ਲਿਖਾਰੀ ਕਿਵੇਂ ਬਣਿਆ ਜਾਵੇ?

* ਅਤੇ ਮਿੱਤਰਤਾ ਦੇ ਘੇਰੇ ਕਿਵੇਂ ਵਧਾਏ ਜਾਣ। ਸ਼ੁਭ-ਚਿੰਤਕ ਕਿਵੇਂ ਬਣਾਈਏ? ਵੈਰੀ ਕਿਵੇ ਘਟਾਈਏ ਅਤੇ ਅਸ਼ੁਭ-ਚਿੰਤਕਾਂ ਨੂੰ ਕਿਵੇਂ ਸ਼ੁਭ-ਚਿੰਤਕਾਂ ਦੀ ਸੂਚੀ ਵਿਚ ਸ਼ਾਮਲ ਕਰੀਏ?

ਪਰ ਪਹਿਲਾ ਸਬਕ ਪਹਿਲਾਂ—

******
ਪਹਿਲਾ ਸਬਕ ਜੋ ਮੈਂ ਪਹਿਲਾਂ ਪੱਲੇ ਬੰਨ੍ਹਿਆ ਕਿਸੇ ਹੋਰ ਦੇ ਵੀ ਬੰਨ੍ਹਣ ਯੋਗ ਹੈ। ਬੰਨ੍ਹਣ ਯੋਗ ਹੋ ਸਕਦਾ ਹੈ। ਪੱਲੇ ਬੰਨ੍ਹ ਸਕੋ ਤਾਂ ਬੰਨ੍ਹ ਲਉ। ਨਹੀਂ ਬੰਨਣਾ ਤਾਂ ਢੱਠੇ ਖੂਹ ਵਿਚ ਜਾਉ।

ਪਹਿਲੇ ਸਬਕ (ਪਾਠ) ਦੇ ਪਹਿਲੇ ਵਾਕ ਵਿਚ ਇਕ ਸ਼ਬਦ ਹੈ: ਆਲੋਚਨਾ।

ਪੂਰਾ ਸਬਕ ਹੈ: ਕਿਸੇ ਦੀ ਆਲੋਚਨਾ ਨਾ ਕਰੋ।

ਆਲੋਚਨਾ ਨਾ ਕਰੋ? ਹਾਂ, ਹਾਂ, ਆਲੋਚਨਾ ਨਾ ਕਰੋ।

ਇਹ ਗੱਲ ਮੈਂ ਪੱਲੇ ਬੰਨ੍ਹ ਲਈ ਹੈ। ਹੋ ਸਕੇ ਤਾਂ ਤੁਸੀਂ ਵੀ ਬਿਨਾਂ ਹੀਲ-ਹੁੱਜਤ ਇਸ ਨੂੰ ਪੱਲੇ ਬੰਨ੍ਹ ਹੀ ਲਉ। ਸੰਸਾਰ ਦਾ ਕੋਈ ਵੀ ਮਨੁੱਖ, ਭਾਵੇਂ ਕਿੰਨਾ ਹੀ ਉਦਾਰ-ਚਿੱਤ ਬਣ ਕੇ ਦਿਖਾਵੇ, ਕਦੇ ਵੀ ਖੁੱਦ ਨੂੰ ਕਿਸੇ ਵੀ ਗੱਲ ਲਈ ਦੋਸ਼ੀ ਨਹੀਂ ਠਹਿਰਾਉਂਦਾ। ਚਾਹੇ ਉਹ ਕਿੰਨਾ ਵੀ ਗਲਤ ਕਿਉਂ ਨਾ ਹੋਵੇ, ਚਾਹੇ ਉਸਦੀ ਕਿੰਨੀ ਹੀ ਭਾਰੀ ਭੁੱਲ ਕਿਉਂ ਨਾ ਹੋਵੇ ਉਹ ਸਦਾ ਹੀ ਆਪਣੇ ਵਰਤਾਰੇ ਨੂੰ ਠੀਕ ਹੀ ਸਮਝਦਾ ਹੈ ਅਤੇ ਸਹੀ ਹੀ ਦਰਸਾਂਦਾ ਹੈ। ਇਸ ਲਈ ਆਲੋਚਨਾ ਵਿਅਰਥ ਹੁੰਦੀ ਹੈ ਕਿਉਂਕਿ ਇਸ ਵਿਚ ਦੋਸ਼ੀ ਖੁੱਦ ਨੂੰ ਬੇ-ਗੁਨਾਹ ਸਿੱਧ ਕਰਨ ਲੱਗਦਾ ਹੈ।

ਆਲੋਚਨਾ ਬਹੁਤ ਖਤਰਨਾਕ ਹੁੰਦੀ ਹੈ। ਕਿਉਂਕਿ ਆਲੋਚਨਾ ਮਨੁੱਖ ਦੇ ਬਹੁਮੁੱਲੇ ਮਾਣ ਨੂੰ ਜ਼ਖਮੀ ਕਰਦੀ ਹੈ। ਆਲੋਚਨਾ ਉਸਦੀ ਮਹੱਤਤਾ ਦੇ ਚੀਥੜੇ ਉਡਾ ਦਿੰਦੀ ਹੈ। ਆਲੋਚਨਾ ਉਸਦੀ ਭਾਵਨਾ ਨੂੰ ਠੇਸ ਪਹੁੰਚਾਉਂਦੀ ਹੈ। ਸਿੱਟੇ ਵਜੋਂ, ਆਲੋਚਨਾ ਉਸਦੇ ਕਰੋਧ ਨੂੰ ਭੜਕਾਉਂਦੀ ਹੈ। ਭਾਵ ਆਲੋਚਨਾ ਨਾਲ ਕਰੋਧ ਵਿਚ ਵਾਦਾ ਹੋਈ ਜਾਂਦਾ ਹੈ। ਇਸ ਲਈ ਦੂਜਿਆਂ ਦੀ ਆਲੋਚਨਾ ਕਰਨੀ ਬੇ-ਅਰਥ ਹੈ। ਯਕੀਨ ਕਰਨਾ ਕਿਸੇ ਪਰਕਾਰ ਦੇ ਕਿੰਤੂ-ਪਰੰਤੂ ਲਈ ਕੋਈ ਗੁੰਜਾਇਸ਼ ਨਹੀਂ। ਇਸ ਲਈ ਕਿੰਤੂ-ਪਰੰਤੂਆਂ ਦੇ ਚੱਕਰ ਤਿਆਗਕੇ ਜੇਕਰ ਈਮਾਨਦਾਰੀ ਨਾਲ ਆਪਣੇ ਅੰਦਰ ਝਾਕੀਏ ਤਾਂ ਆਲੋਚਨਾ ਦੇ ਕਾਰਨਾਮੇ ਸਾਡੀ ਹਿੱਕ ਅੰਦਰ ਨੰਗਾ ਨਾਚ ਕਰਦੇ ਵਿਖਾਈ ਦੇ ਜਾਣਗੇ।

ਉਪਰ ਆਖਿਆ ਸੀ: ਕਿਸੇ ਦੂਜੇ ਦੀ, ਭਾਵੇਂ ਉਹ ਦੂਜਾ ਕਿੰਨਾ ਵੀ ਅਪਰਾਧੀ ਜਾਂ ਦੋਸ਼ੀ ਕਿਉਂ ਨਾ ਹੋਵੇ, ਆਲੋਚਨਾ ਕਰਨੀ ਬੇਅਰਥ ਅਤੇ ਬੇਲੋੜੀ ਹੈ। ਮਨੁੱਖ, ਮਨੁੱਖ ਹੋਣ ਕਾਰਨ ਆਪਣੇ ਸੁਭਾ ਤੋਂ ਮਜ਼ਬੂਰ ਹੈ। ਉਹ, ਅਪਰਾਧੀ ਹੋਣ ਤੇ ਵੀ ਦੋਸ਼ ਸਵੀਕਾਰ ਨਹੀਂ ਕਰਦਾ, ਨਹੀਂ ਕਰ ਸਕਦਾ। ਉਹ ਆਪਣੇ ਦੋਸ਼ਾਂ ਲਈ ਸਦਾ ਹੀ ਦੂਜੇ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ।

ਮਿੱਠੀ ਆਲੋਚਨਾ? ਆਲੋਚਨਾ ਭਾਵੇਂ ਮਿੱਠੀ ਹੋਵੇ ਜਾਂ ਤਿੱਖੀ, ਆਲੋਚਨਾ ਹੀ ਹੁੰਦੀ ਹੈ। ਤਿੱਖੀ ਜਾਂ ਮਿੱਠੀ ਆਲੋਚਨਾ ਇਕ ਪਰਕਾਰ ਦੀ ਨਿੰਦਾ ਹੀ ਹੈ। ਇਸ ਲਈ ਆਲੋਚਨਾ ਭਾਵ ਨਿੰਦਾ ਕਰਨ ਦਾ ਨਤੀਜਾ ਅਕਸਰ ਚੰਗਾ ਨਹੀਂ ਨਿਕਲਦਾ।

ਮੈਂਨੂੰ ਪਤਾ ਤੁਸੀਂ ਕਹਿਣਾ ਚਾਹੁੰਦੇ ਹੋ: ਨਹੀਂ, ਮੈਂ ਦੂਜੇ ਦੀ ਆਲੋਚਨਾ ਕਰਕੇ ਉਸਦੀ ਨਿੰਦਾ ਨਹੀਂਂ ਕਰਨਾ ਚਾਹੁੰਦਾ ਮੈਂ ਤਾਂ ਉਸਨੂੰ ਸੁਧਾਰਨਾ ਚਾਹੁੰਦਾ ਹਾਂ, ਬਦਲਨਾ ਚਾਹੁੰਦਾ ਹਾਂ।

ਅਛਾ, ਅਛਾ, ਤੁਸੀਂ ਇਹ ਫੈਸਲਾ ਕਰ ਲਿਆ ਹੈ ਕਿ ਦੂਜੇ ਬੰਦੇ ਨੂੰ ਸੁਧਰਨ ਦੀ ਲੋੜ ਹੈ, ਬਦਲਣ ਦੀ ਲੋੜ ਹੈ। ਤੁਸੀਂ ਉਸਨੂੰ ਸੁਧਾਰ ਕੇ, ਬਦਲਕੇ, ਉਸਦਾ ਭਲਾ ਕਰਨਾ ਚਾਹੁੰਦੇ ਹੋ। ਬੜਾ ਚੰਗਾ ਵਿਚਾਰ ਹੈ। ਬੜੀ ਚੰਗੀ ਸੋਚ ਹੈ। ਬਸ, ਇੱਕ ਪੱਲ ਰੁੱਕ ਜਾਣਾ—-

ਤੁਸੀਂ ਬਹੁਤ ਹੀ ਭਲਾ ਕਾਰਜ ਕਰਨਾ ਲੋੜਦੇ ਹੋ। ਤੁਸੀਂ ਆਪਣੀ ਇਸ ਸੋਚ ਲਈ ਵਧਾਈ ਦੇ ਪਾਤਰ ਹੋ। ਪਰ ਕਿੰਨਾ ਚੰਗਾ ਹੋਵੇ ਜੇਕਰ ਇਹ ਭਲਾਈ ਦਾ ਕੰਮ ਤੁਸੀਂ-ਅਸੀਂ ਆਪਣੇ ਤੋਂ ਹੀ ਆਰੰਭ ਕਰੀਏ। ਖੁੱਦਗ਼ਰਜ਼ ਬਣਦਿਆਂ ਵੀ, ਆਪਣੇ ਆਪ ਨੂੰ ਬਦਲਣ ਜਾਂ ਸੁਧਾਰਨ ਦਾ ਯਤਨ ਕਰਨਾ, ਕਿਸੇ ਦੂਜੇ ਨੂੰ ਬਦਲਣ ਦਾ ਯਤਨ ਕਰਨ ਤੋਂ ਕਿਤੇ ਵੱਧ ਆਸਾਨ ਅਤੇ ਘੱਟ ਭਿਆਨਕ ਵੀ ਹੈ

ਬ੍ਰਾਊਨਿੰਗ ਦਾ ਆਖਾ ਮੈਂ ਡਾਇਰੀ ਵਿਚ ਮੋਟੇ ਅੱਖਰਾਂ ਵਿਚ ਨੋਟ ਕਰ ਲਿਆ ਹੈ। ਉਹ ਆਖਦਾ ਹੈ: “ਜਦੋਂ ਮਨੁੱਖ ਦਾ ਯੁੱਧ ਆਪਣੇ ਆਪ ਨਾਲ ਆਰੰਭ ਹੁੰਦਾ ਹੈ, ਉਦੋਂ ਹੀ ਉਸਦਾ ਕੁਝ ਮੁੱਲ ਪੈਂਦਾ ਹੈ।”

ਆਲੋਚਨਾ ਇਕ ਅੱਗ ਦੀ ਚੰਗਿਆੜੀ ਹੈ। ਬਹੁਤ ਹੀ ਖਤਰਨਾਕ। ਇਕ ਅਜਿਹੀ ਖਤਰਨਾਕ ਅਤੇ ਭਿਆਨਕ ਚੰਗਿਆੜੀ ਜੋ ਹੰਕਾਰ ਦੇ ਰੂਪ ਵਿਚ ਭਰੇ ਗੋਦਾਮ ਵਿਚ ਵਿਸਫੋਟ ਕਰਨ ਦੀ ਤਾਕਤ ਰੱਖਦੀ ਹੈ। ਅਤੇ ਅਜਿਹਾ ਵਿਸਫੋਟ ਕਦੇ ਕਦੇ ਮੌਤ ਨੂੰ ਵੀ ਬੁਲਾਵਾ ਦੇ ਦਿੰਦਾ ਹੈ।

ਸਭ ਤਰ੍ਹਾਂ ਦੇ ਲੋਕਾਂ ਨਾਲ ਹੀ ਵਿਹਾਰ ਕਰਦੇ ਸਮੇਂ, ਸਾਨੂੰ ਇਹ ਗੱਲ ਸਦਾ ਹੀ ਚੇਤੇ ਰੱਖਣੀ ਚਾਹੀਦੀ ਹੈ ਕਿ ਅਸੀਂ ਸਾਰੇ ਹੀ ਲੋਕ ਇਕ ਤਰ੍ਹਾਂ ਦੇ ਮਾਨਸਿਕ ਆਵੇਗ ਦੇ ਸ਼ਿਕਾਰ ਹਾਂ, ਪੱਖਪਾਤ ਨਾਲ ਭਰੇ ਪਏ ਹਾਂ ਅਤੇ ਮਾਣ-ਹੰਕਾਰ ਨਾਲ ਪ੍ਰਵਾਹਿਤ ਹਾਂ। ਤਰਕ ਸ਼ਾਸਤਰੀਆਂ ਨਾਲ ਵੀ ਕੀਤੀ ਜਾਣ ਵਾਲੀ ਬਹਿਸ ਜਾਂ ਆਲੋਚਨਾ ਸਮੇਂ ਧਿਆਨ ਰੱਖਣ ਦੀ ਜ਼ਰੂਰਤ ਹੈ

ਨਿੱਜੀ ਤਾਂ ਨਿੱਜੀ, ਵਿਹਾਰਕ, ਸਾਹਿਤਕ, ਰਾਜਨੀਤਕ, ਧਾਰਮਿਕ, ਸਮਾਜਿਕ, ਇਤਿਹਾਸਕ, ਪਰਿਵਾਰਕ ਅਤੇ ਸਭਿਆਚਾਰਿਕ ਆਲੋਚਨਾ ਵੀ ਅਕਸਰ ਖਤਰਨਾਕ ਸਾਬਤ ਹੁੰਦੀ ਹੈ। ਆਲੋਚਨਾ ਤੋਂ ਬਚਿਆ ਜਾਣਾ ਚਾਹੀਦਾ ਹੈ

ਅੰਗਰੇਜੀ ਸਾਹਿਤ ਦੇ ਭੰਡਾਰ ਵਿਚ ਬਹੁਤ ਵਾਧਾ ਕਰਨ ਵਾਲਾ ਟਾਮਸ ਹਾਰਡੀ ਇੱਕ ਉੱਚ ਕੋਟੀ ਦਾ ਨਾਵਲਿਸਟ ਸੀ। ਪਰ ਉਹ ਵੀ ਆਲੋਚਨਾ ਦਾ ਸ਼ਿਕਾਰ ਹੋਇਆ। ਉਸਨੇ ਵੀ ਇਕ ਕੜੀ ਆਲੋਚਨਾ ਦੇ ਕਾਰਨ ਹਮੇਸ਼ਾਂ ਹਮੇਸ਼ਾਂ ਲਈ ਨਾਵਲ ਲਿਖਣਾ ਛੱਡ ਦਿੱਤਾ। ਆਲੋਚਕ ਨੇ ਪਤਾ ਨਹੀਂ ਕੀ ਖੱਟਿਆ?

ਆਲੋਚਨਾ ਤੋਂ ਹੀ ਦੁੱਖੀ ਹੋ ਕੇ ਟਾਮਸ ਚੇਟਰਟਨ ਨਾਮਕ ਅੰਗਰੇਜ ਕਵੀ ਨੇ ਆਤਮ-ਹੱਤਿਆ ਕਰ ਲਈ। ਬੜੇ ਹੀ ਕਿੰਤੂ-ਪਰੰਤੂ ਕੀਤੇ ਜਾ ਸਕਦੇ ਹਨ। ਪਰ ਯਕੀਨ ਕਰਨਾ ਉਹਨਾਂ ਦੀ ਬਿਲਕੁੱਲ ਹੀ ਲੋੜ ਨਹੀਂ ਅਤੇ ਨਾ ਹੀ ਮਹੱਤਤਾ ਹੈ। ਆਲੋਚਨਾ ਭਾਵੇਂ ਕਿਸੇ ਵੀ ਢੰਗ ਨਾਲ ਹੀ ਕੀਤੀ ਜਾਵੇ ਆਖਿਰ ਆਲੋਚਨਾ ਹੀ ਹੁੰਦੀ ਹੈ। ਤੁਸੀਂ ਲੱਖ ਕਹੀ ਜਾਵੋ ਕਿ ਆਲੋਚਨਾ ਤੋਂ ਡਰਨਾ ਨਹੀਂ ਚਾਹੀਦਾ। ਆਲੋਚਨਾ ਤਾਂ ਉਸਾਰੂ ਕੰਮ ਕਰਦੀ ਹੈ। ਸੱਚ ਜਾਣਿਉ, ਆਲੋਚਨਾ ਕੋਈ ਉਸਾਰੂ ਕੰਮ ਨਹੀਂ ਕਰਦੀ। ਆਲੋਚਨਾ ਕਿਸੇ ਦਾ ਵੀ ਕੁਝ ਨਹੀਂ ਸੁਆਰਦੀ। ਆਲੋਚਨਾ ਸਿਰਫ ਵਿਗਾੜਦੀ ਹੀ ਵਿਗਾੜਦੀ ਹੈ। ਤਾਂ ਫਿਰ ਕੀ ਆਲੋਚਨਾ ਕਰਨ ਵਾਲੇ ਮੂਰਖ ਹਨ। ਸ਼ਾਇਦ ਬਿਲਕੁਲ ਹੀ ‘ਹਾਂ’।

ਅਤੇ ਕੋਈ ਵੀ ਮੂਰਖ–ਅਤੇ ਖਿਮਾਂ ਕਰਨਾ ਅਸੀਂ ਸਾਰੇ ਬਹੁਤ ਕਰਕੇ ਹਾਂ ਹੀ ਮੂਰਖ (ਜੇਕਰ ਆਪਣੇ ਅੰਦਰ ਝਾਕ ਕੇ ਵੇਖੀਏ ਤਾਂ ਝੱਟ ਹੀ ਇਹ ਸੱਚਾਈ ਉਜਾਗਰ ਹੋ ਜਾਵੇਗੀ)–ਆਲੋਚਨਾ ਕਰ ਸਕਦਾ ਹੈ, ਸ਼ਿਕਾਇਤ ਕਰ ਸਕਦਾ ਹੈ, ਮੂੰਹ ਫੁਲਾ ਸਕਦਾ ਹੈ, ਕਰੋਧ ਵਿਚ ਆ ਕੇ ਅਵਾ-ਤਵਾ ਬੋਲ ਸਕਦਾ ਹੈ, ਗਾਲ੍ਹਾਂ ਕੱਢ ਸਕਦਾ ਹੈ। ਪਰ ਸਾਡੇ ਇਸ ਵਿਹਾਰ ਵਿਚ ਤਬਦੀਲੀ ਦੀ ਲੋੜ ਜਿੰਨੀ ਸਾਨੂੰ ਹੈ, ਹੋਰ ਕਿਸੇ ਨੂੰ ਨਹੀਂ। ਤਬਦੀਲੀ ਲਈ ਅੱਜ ਹੀ ਲੱਕ ਬੰਨ੍ਹ ਲੈਣਾ ਜ਼ਰੂਰੀ ਹੈ।

ਬੰਜੇਮਨ ਫ੍ਰੇਕਲਿਨ ਜਦੋਂ ਫਰਾਂਸ ਦਾ ਰਾਜਦੂਤ ਬਣਕੇ ਗਿਆ ਤਾਂ ਬੜਾ ਸਫ਼ਲ ਰਿਹਾ। ਉਸ ਨੇ ਆਪਣੀ ਸਫ਼ਲਤਾ ਸਬੰਧੀ ਇੱਕ ਬਹੁਤ ਹੀ ਭੇਦ ਵਾਲੀ ਗੱਲ ਦੱਸੀ: “(ਮੈਂ ਤਹੀਆ ਕਰ ਲਿਆ ਸੀ)–ਕਿ ਮੈਂ ਕਿਸੇ ਨੂੰ ਵੀ ਕਦੇ ਵੀ ਬੁਰਾ ਨਹੀਂ ਕਹਾਂਗਾ। ਹਰ ਇਕ ਦੀਆਂ ਜੋ ਚੰਗੀਆਂ ਗੱਲਾਂ ਮੈਂਨੂੰ ਪਤਾ ਹੈ ਮੈਂ ਕੇਵਲ ਉਹ ਹੀ ਕਿਹਾ ਕਰਾਂਗਾ।”

ਗੁਰਬਾਣੀ ਵੀ ਸਿਖਿਆ ਦਿੰਦੀ ਹੈ: ਹਮ ਨਹੀਂ ਚੰਗੇ ਬੁਰਾ ਨਹੀਂ ਕੋਇ

ਤਾਂ ਫਿਰ ਕੀ ਆਲੋਚਨਾ ਦੀ ਥਾਂ ਚਾਪਲੂਸੀ ਕਰਨੀ ਚਾਹੀਦੀ ਹੈ। ਚਾਪਲੂਸੀ ਅਤੇ ਦੂਜੇ ਦੀਆਂ ਚੰਗੀਆਂ ਗੱਲਾਂ ਦੀ ਗੱਲ ਕਰਨ ਵਿਚ ਬਹੁਤ ਅੰਤਰ ਹੈ। ਕੀਤੀ ਗਈ ਚਾਪਲੂਸੀ ਦਾ ਝੱਟ ਹੀ ਪਤਾ ਲੱਗ ਜਾਂਦਾ ਹੈ। ਲੋੜੀਂਦੇ ਗੁਣਾਂ ਦੀ ਸਿਫ਼ਤ ਅਤੇ ਚਾਪਲੂਸੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ।

ਦਰਅਸਲ, ਲੋਕਾਂ ਨੂੰ, ਕਿਸੇ ਦੂਜੇ ਨੂੰ, ਬੁਰਾ ਕਹਿਣ ਦੀ ਥਾਂ ਉਹਨਾਂ ਨੂੰ ਸਮਝਣ ਦੀ ਲੋੜ ਹੈ। ਟੀਕਾ-ਟਿੱਪਣੀ ਕਰਨ ਦੀ ਥਾਂ ਸਾਨੂੰ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਜੋ ਕੁਝ ਦੂਜੇ ਕਰ ਰਹੇ ਹਨ, ਉਹ ਕਿਉਂ ਕਰ ਰਹੇ ਹਨ। ਉਹਨਾਂ ਦਾ ਵਿਉਹਾਰ ਅਜਿਹਾ ਕਿਉਂ ਹੈ। ਆਲੋਚਨਾ ਜਾਂ ਟੀਕਾ-ਟਿਪਣੀ ਦੇ ਮੁਕਾਬਲੇ, ਦੂਜਿਆਂ ਦੇ ਵਿਉਹਾਰ ਪਿੱਛੇ ਛੁੱਪੇ ਹੋਏ ਮਕਸਦ ਨੂੰ ਸਮਝ ਕੇ ਕੀਤਾ ਗਿਆ ਵਰਤਾਰਾ ਕਿਤੇ ਵੱਧ ਚੰਗਾ, ਲਾਭਦਾਇਕ ਅਤੇ ਸਾਰਥਕ ਪ੍ਰਭਾਵ ਪਾ ਸਕਣ ਦੀ ਤਾਕਤ ਰੱਖਦਾ ਹੈ। ਅਜਿਹਾ ਕਰਨ ਨਾਲ ਹਮਦਰਦੀ, ਸਹਿਣਸ਼ੀਲਤਾ, ਕਿਰਪਾਲਤਾ, ਦਿਆਲਤਾ ਅਤੇ ਸੁਹਿਰਦਤਾ ਪੈਦਾ ਹੂੰਦੀ ਹੈ। ਸਭ ਨੂੰ ਜਾਨਣ ਅਤੇ ਸਮਝਣ ਵਿਚ ਸਹਾਇਤਾ ਮਿਲਦੀ ਹੈ।

ਅਸਲ ਵਿਚ ਸਭ ਨੂੰ ਜਾਨਣ ਦਾ ਅਰਥ ਹੈ ਕਿ ਅਸੀਂ ਸਭ ਨੂੰ ਮੁਆਫ਼ ਕਰਨ ਦੇ ਗੁਣਾਂ ਦੇ ਧਾਰਨੀ ਬਣਦੇ ਜਾ ਰਹੇ ਹਾਂ।

ਆਲੋਚਨਾ ਕਰਨੀ ਤਿਆਗੋ। ਤਿਆਗੋ? ਹਾਂ, ਹਾਂ, ਤਿਆਗੋ। ਕਿਉਂ ਤਿਆਗੋ? ਕਿਉਂ?? ਡਾਕਟਰ ਜਾਨਸਨ ਦਾ ਆਖਾ ਜੇਕਰ ਮਨ ਵਿਚ ਵੱਸ ਜਾਵੇ ਤਾਂ ਕਿਉਂ ਦਾ ਜਵਾਬ ਮਿਲ ਜਾਵੇਗਾ। ਉਹ ਆਖਦਾ ਹੈ: “ਸ੍ਰੀ ਮਾਨ ਜੀ! ਭਗਵਾਨ (ਰੱਬ) ਵੀ ਮਨੁੱਖ ਦੇ ਕਰਮਾਂ ਦਾ ਵਿਚਾਰ ਉਸਦੀ ਮੌਤ ਤੋਂ ਪਹਿਲਾਂ ਨਹੀਂ ਕਰਦਾ।

ਤਾਂ ਫਿਰ ਭਲਾ–ਆਲੋਚਨਾ ਕਰਕੇ –ਤੁਸੀਂ ਅਤੇ ਮੈਂ ਮਨੁੱਖ ਦੇ ਕਰਮਾਂ ਦਾ ਵਿਚਾਰ ਉਸਦੇ ਜਿਉਂਦੇ ਜੀ ਕਿਉਂ ਕਰੀਏ? ਹਾਂ, ਹਾਂ ਕਿਉਂ ਕਰੀਏ?

ਪਰ ਹੁਣ ਵੀ ਸੁਆਲਾਂ ਦਾ ਸੁਆਲ ਵੱਡਾ ਸੁਆਲ ਪੈਦਾ ਹੁੰਦਾ ਹੈ ਕਿ ਕੀ ਤੁਸੀਂ ਜਾਂ ਮੈਂ ਆਲੋਚਨਾ ਦਾ ਤਿਆਗ ਕਰਨ ਲਈ ਯਤਨਸ਼ੀਲ ਹੋ ਸਕਦੇ ਹਾਂ?

ਹਾਂ ਹੋ ਤਾਂ ਸਕਦੇ ਹਾਂ। ਪਰ ਮੈਂਨੂੰ ਪੱਕਾ ਯਕੀਨ ਹੈ ਕਿ ਅਜਿਹਾ ਨਾ ਤਾਂ ਤੁਸੀਂ ਹੀ ਕਰੋਗੇ ਅਤੇ ਨਾ ਹੀ ਸ਼ਾਇਦ ਮੈਂ ਹੀ। ਕਿਉਂ ਜੋ ਆਖਿਰ ਅਸੀਂ ਇਨਸਾਨ ਜੁ ਹੋਏ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ। —ਲਿਖਾਰੀ

*******

ਡਾ. ਗੁਰਦਿਆਲ ਸਿੰਘ ਰਾਏ ਦੀ ਇਹ ਰਚਨਾ ਸਿਰਫ ਪੜ੍ਹਨ ਵਾਲੀ ਹੀ ਨਹੀਂ ਸਗੋਂ ਸੋਚਣ, ਵਿਚਾਰਨ ਤੇ ਸਮਝਣ ਵਾਲੀ ਹੈ। ਲੇਖਕ ਨੇ ਲਾਇਬ੍ਰੇਰੀ ਦੀ ਫੇਰੀ ਦਾ ਬਿਰਤਾਂਤ ਆਪਣੀ ਰਚਨਾ ਵਿਚ ਜੋੜ ਕੇ ਇਸ ਨੂੰ ਪੂਰਨ ਕਰ ਦਿਤਾ। ਜੇ ਕੋਈ ਦੂਜਾ ਆਪਣੇ ਆਪ ਨੂੰ ਨਹੀਂ ਸੁਧਾਰ ਸਕਦਾ ਤਾਂ ਤੁਹਾਡੀ ਆਲੋਚਨਾ ਨਾਲ਼ ਸ਼ਾਇਦ ਕੋਈ ਨਹੀਂ ਬਦਲਣ ਲੱਗਾ, ਬਦਲਣਾ ਹੈ ਤਾਂ ਆਪਣੇ ਆਪ ਨੂੰ ਬਦਲੋ, ਪਰ ਇਹ ਕੋਈ ਸੌਖਾ ਕੰਮ ਨਹੀਂ। ਉਂਝ ਹਰ ਬਦਲਾਵ ਕੋਸ਼ਿਸ਼ ਨਾਲ ਹੀ ਸ਼ੁਰੂ ਹੁੰਦਾ। – ਕੰਵਰ

*******

(ਪਹਿਲੀ ਵਾਰ ਛਪਿਆ 2001)
(ਦੂਜੀ ਵਾਰ 8 ਸਤੰਬਰ 2021)

***
331
***

About the author

ਡਾ. ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦਿਆਲ ਸਿੰਘ ਰਾਏ

View all posts by ਡਾ. ਗੁਰਦਿਆਲ ਸਿੰਘ ਰਾਏ →