25 April 2024

ਕਹਾਣੀਕਾਰ ਲਾਲ ਸਿੰਘ ਦੀ ਰਚਨਾ-ਦ੍ਰਿਸ਼ਟੀ— ਜਸਬੀਰ ਕਲਸੀ, ਧਰਮਕੋਟ

ਕਹਾਣੀਕਾਰ ਲਾਲ ਸਿੰਘ ਦੀ ਰਚਨਾ- ਦ੍ਰਿਸ਼ਟੀ— ਜਸਬੀਰ ਕਲਸੀ, ਧਰਮਕੋਟ
ਪੁਸਤਕ: ਕਹਾਣੀਕਾਰ ਲਾਲ ਸਿੰਘ ਵਿਚਾਰਧਾਰਾ ਤੇ ਬਿਰਤਾਂਤ
ਪਹਿਲੀ ਵਾਰ 2021
ਸੰਪਾਦਕ: ਡਾ. ਕਰਮਜੀਤ ਸਿੰਘ

ਪੁਸਤਕ ਮੈਂ ਵੇਖਦਿਆਂ ਹੀ ਚੁੱਕ ਲਈ ਤੇ ਪੰਨੇ ਪਲਟਦਿਆਂ ਖਰੀਦ ਕਰਨ ਦਾ ਫੈਸਲਾ ਕਰ ਲਿਆ ਅਤੇ ਖਰੀਦ ਲਈ ਸੀ। ਇਸ ਖਰੀਦ ਦੇ ਦੋ ਕਾਰਨ ਸਨ। ਪਹਿਲਾ, ਲਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਕਹਾਣੀ ਲਿਖ ਰਿਹਾ ਹੈ ਪਰ ਪ੍ਰਸਿੱਧ ਕਹਾਣੀਕਾਰ ਨਹੀਂ ਹੈ। ਦੂਜਾ, ਇਸ ਪੁਸਤਕ ‘ਚੋਂ  ਲਾਲ ਸਿੰਘ ਤੇ ਉਸ ਦੀ ਕਹਾਣੀ ਸਿਰਜਣ ਪ੍ਰਕਿਰਿਆ ਨੂੰ ਵੱਡੇ ਕੈਨਵਸ ਦੇ ਰੂਪ ਵਿਚ ਇਕ ਥਾਂ ਤੋਂ ਪੜ੍ਹਨ ਦੀ ਉਤਸੁਕਤਾ ਉਭਰ ਕੇ ਸਾਹਮਣੇ ਆਈ ਹੈ। ਤੀਜਾ ਕਾਰਨ ਇਸ ਪੁਸਤਕ ਦੇ ਸਮਰਪਣ ਵਾਲੇ ਸ਼ਬਦ  ‘ਪੰਜਾਬੀ ਕਹਾਣੀ ਦੀ ਚੌਥੀ ਪੀੜ੍ਹੀ ਨੂੰ’ ਵੀ ਸਮਕਾਲੀ ਪੰਜਾਬੀ ਕਹਾਣੀ ਦੀ ਜਾਣਕਾਰੀ ਸਬੰਧੀ ਵਿਸ਼ੇਸ਼ ਹੈ। ਸੋ, ਉਪਰੋਕਤ ਤਿੰਨ ਕਾਰਨਾਂ ਉੱਤੇ ਕੇਂਦਰਿਤ ਮੇਰੀ ਸਮੀਖਿਆ ਰਹੇਗੀ। ਇਸ ਜਰੀਏ ਕੁਝ ਸਿੱਖਣ ਤੇ ਸਮਝਣ ਲਈ ਸਮਕਾਲੀ ਤੇ ਤਤਕਾਲੀ ਪੰਜਾਬੀ ਕਹਾਣੀ ਦਾ ਤਾਲਮੇਲ ਬਣੇਗਾ। 

ਲਾਲ ਸਿੰਘ ਜਿਸ ਦਾ ਜਨਮ ਸੰਨ 1940 ਹੈ  ਨੇ ਸੰਨ 1981_82 ਸਮੇਂ 41_42 ਸਾਲ ਦੀ ਉਮਰ ਵਿੱਚ ਕਹਾਣੀ ਸਿਰਜਣਾ ਦਾ ਆਰੰਭ ਕੀਤਾ ਸੀ। ਇਸ ਤਰ੍ਹਾਂ ਉਹ 1966_1990 ਦੇ ਤੀਜੇ ਪੜਾਅ ਦੀ ਵਸਤੂਮੁਖੀ ਯਥਾਰਥਵਾਦੀ ਪੰਜਾਬੀ ਕਹਾਣੀ ਦੇ ਦੂਜੇ ਘੇਰੇ 1981 ਤੋਂ 1995 ਵਿਚ ਆਪਣੇ ਪਹਿਲੇ ਕਹਾਣੀ ਸੰਗ੍ਰਹਿ/ਮਾਰਖੋਰੇ ਨੂੰ 1984 ਵਿੱਚ 44 ਵੇਂ ਵਰੵੇ / ਬਲੌਰ ਨੂੰ 1986 ਵਿੱਚ 46 ਵੇਂ ਵਰੵੇ/ ਧੁੱਪ ਛਾਂ ਨੂੰ 1990 ਵਿਚ 50 ਵੇਂ ਵਰੵੇ / ਕਾਲੀ ਮਿੱਟੀ  ਨੂੰ 1996 ਵਿੱਚ 56 ਵੇਂ ਵਰੵੇ /ਸ਼ਾਮਿਲ  ਹੁੰਦਾ ਹੈ।  ਇਸ ਤਰ੍ਹਾਂ ਆਪਣੇ ਕੋਲ ਕਹਾਣੀਕਾਰ ਲਾਲ ਸਿੰਘ ਦੀ  ਪ੍ਰਗਤੀਵਾਦੀ ਵਿਚਾਰਧਾਰਾ ਹੈ ਦੀ ਸੂਚਨਾ ਆ ਜਾਂਦੀ ਹੈ। ਹੁਣ ਆਪਾਂ ਵਿਚਾਰ ਅਧੀਨ ਪੁਸਤਕ/ ਕਹਾਣੀਕਾਰ ਲਾਲ ਸਿੰਘ ਵਿਚਾਰਧਾਰਾ ਤੇ ਬਿਰਤਾਂਤ / ਤੋਂ  ਵੀ ਕਹਾਣੀਕਾਰ ਲਾਲ ਸਿੰਘ ਦੀ ਰਚਨਾ _ ਦ੍ਰਿਸ਼ਟੀ   ਦਾ ਪਤਾ ਕਰਨਾ ਹੈ। 

ਕਹਾਣੀਕਾਰ ਲਾਲ ਸਿੰਘ ਦੇ ਪਹਿਲੇ ਕਹਾਣੀ ਸੰਗ੍ਰਹਿ/ਮਾਰਖੋਰੇ/ ਦੀ ਰੀਵਿਊਕਾਰੀ ਸਮੀਖਿਆ ਸੁਰਜੀਤ ਗਿੱਲ, ਡਾ. ਮੋਹਨਜੀਤ, ਪ੍ਰੋ: ਅਵਤਾਰ ਜੌੜਾ ਤੇ ਬਲਬੀਰ ਸਿੰਘ ਮੁਕੇਰੀਆਂ ਦੇ ਸ਼ਬਦਾਂ ‘ਚੋਂ ਪੜ੍ਹਨ ਨੂੰ ਜੋ ਮਿਲੀ ਦੇ ਵਿਚੋਂ ਵਿਸ਼ੇਸ਼ :

ਸੁਰਜੀਤ ਗਿੱਲ ਨੇ ਕਿਹਾ, ‘ਲਾਲ ਸਿੰਘ ਆਪਣੇ ਥੁੜਾਂ ਮਾਰੇ ਪਾਤਰਾਂ ਦਾ ਹਕੀਕੀ ਜੀਵਨ ਪੇਸ਼ ਕਰਦਾ ਹੈ। ਉਸ ਦੇ ਪਾਤਰ ਬਹੁਤੇ ਪ੍ਰਸਥਿਤੀਆਂ ਦੇ ਸ਼ਿਕਾਰ ਹਨ, ਉਹ ਨਾ ਆਪਣੇ ਬਾਰੇ ਚੇਤੰਨ ਹਨ ਤੇ ਨਾ ਹੀ ਆਪਣੀ ਜਮਾਤ ਬਾਰੇ।’ *2 ਪੰਨਾ ਨੰ 104

‘ਉਹ ਗਲਤ ਪ੍ਰਸਥਿਤੀਆਂ, ਵਿਅਕਤੀਆਂ, ਜਮਾਤਾਂ ਤੇ ਵਿਅੰਗ ਕਰਕੇ ਉਹਨਾਂ ਨੂੰ ਰੱਦ ਕਰਦਾ ਹੈ। ਇਸ ਤਰ੍ਹਾਂ ਉਹ ਲੋਕਾਂ ਤੇ ਖਾਸ ਕਰਕੇ ਨਪੀੜੇ ਤੇ ਦਰੜੇ ਲੋਕਾਂ ਦੇ ਹੱਕ ਵਿਚ ਖੜ੍ਹਦਾ ਹੈ। ‘ *3 ਪੰਨਾ ਨੰ 106

ਪ੍ਰੋ: ਅਵਤਾਰ ਜੌੜਾ ਦਾ ਵਿਚਾਰ, ‘ਪ੍ਰਤੀਬੱਧ ਕਹਾਣੀਕਾਰ ਹੋਣ ਕਰਕੇ ਉਸ ਦੀਆਂ ਕਹਾਣੀਆਂ ਵਰਗ ਸੰਘਰਸ਼ ਦੀਆਂ ਕਹਾਣੀਆਂ ਹੁੰਦੀਆਂ ਹਨ। *4 ਪੰਨਾ ਨੰ 109

‘ਦਲਿਤ ਸ਼ੋਸ਼ਿਤ ਵਰਗ ਦੀਆਂ ਤਰਾਸਦਿਕ ਸਥਿਤੀਆਂ ਦਾ ਰੂਪਾਂਤਰ ਮਾਤਰ ਇਹ ਕਹਾਣੀਆਂ ਪ੍ਰਤੀਕਾਂ ਅਤੇ ਮੋਟਿਫਾਂ ਦੀ ਘਾਟ ਕਾਰਨ ਸਤਹੀ ਬਿਆਨੀਆਂ ਸਪਾਟ ਹੋ ਜਾਂਦੀਆਂ ਹਨ। ਸ਼੍ਰੈਣਿਕ ਵੰਡ, ਵਰਗ ਸੰਘਰਸ਼ ਦਾ ਪ੍ਰਗਟਾਵਾ ਵਿਗਿਆਨਕ ਵਿਸ਼ਲੇਸ਼ਣਾਤਮਕ ਨਾ ਹੋਣ ਕਾਰਨ ਦੁਸ਼ਮਣ ਦੀ ਸਹੀ ਪਛਾਣ ਨਹੀਂ ਕਰਾਉਂਦੀਆਂ। *5 ਪੰਨਾ ਨੰ 109 

ਕਹਾਣੀ ਸੰਗ੍ਰਹਿ/ਬਲੌਰ/ ਬਾਰੇ ਡਾ.ਅਜੀਤ ਸਿੰਘ, ਡਾ.ਜਗਬੀਰ ਸਿੰਘ, ਮਾਨ ਸਿੰਘ ਢੀਂਡਸਾ ਦੀ ਸਮੀਖਿਆ ਦਰਜ ਹੈ ਵਿਚੋਂ ਵਿਸ਼ੇਸ਼:
ਡਾ.ਅਜੀਤ ਸਿੰਘ, ‘ਇਨ੍ਹਾਂ ਕਹਾਣੀਆਂ ਦੇ ਪੜ੍ਹਨ ਪਿੱਛੋਂ ਇਕ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ ਲਾਲ ਸਿੰਘ ਲੋਕ ਹਿਤੂ, ਮਨੁੱਖ ਹਿਤੈਸ਼ੀ ਤੇ ਅਗਾਂਹਵਧੂ ਸੋਚ ਅਤੇ ਰੁਚੀ ਵਾਲਾ ਲੇਖਕ ਹੈ। *6 ਪੰਨਾ ਨੰ 114

‘ਜਿਥੋਂ ਤਕ ਪੇਸ਼ਕਾਰੀ ਦਾ ਸੰਬੰਧ ਹੈ, ਲੇਖਕ ਨੂੰ ਵਧੇਰੇ ਸੁਚੇਤ ਅਤੇ ਕਲਾਤਮਿਕ ਹੋਣ ਦੀ ਲੋੜ ਹੈ। ਲਾਲ ਸਿੰਘ ਕਹਾਣੀਆਂ ਵਿਚ ਨਾਵਲੀ ਪਹੁੰਚ ਰੱਖਦਾ ਹੈ। *7 ਪੰਨਾ ਨੰ 115

ਡਾ. ਜਗਬੀਰ ਸਿੰਘ, ‘/ਬਲੌਰ/ ਕਹਾਣੀ ਸੰਗ੍ਰਹਿ ਵਿਚ ਲੇਖਕ ਦੀਆਂ ਕੁੱਲ ਅੱਠ ਕਹਾਣੀਆਂ ਸ਼ਾਮਲ ਹਨ। ਇਹ ਸਾਰੀਆਂ ਕਹਾਣੀਆਂ ਪੰਜਾਬ ਦੇ ਸਮਕਾਲੀ ਯਥਾਰਥ ਦਾ ਗਲਪੀ ਬਿੰਬ ਪੇਸ਼ ਕਰਦੀਆਂ ਹਨ। ਕੁਝ ਕਹਾਣੀਆਂ ਪੰਜਾਬ ਦੀ ਮੌਜੂਦਾ ਸੰਕਟ ਸਥਿਤੀ ਨਾਲ ਸਬੰਧਿਤ ਹਨ ਅਤੇ ਇਸ ਦਾ ਗਲਪ ਦੀ ਪੱਧਰ ਉੱਤੇ ਮਾਨਵੀ ਪ੍ਰਸੰਗ ਉਘਾੜਦੀਆਂ ਹਨ। ,,,,। ਦੂਸਰੇ ਵਰਗ ਵਿਚ ਉਹ ਕਹਾਣੀਆਂ ਆਉਂਦੀਆਂ ਹਨ ਜੋ ਸਮਕਾਲੀ ਅਰਥ ਵਿਵਸਥਾ ਦੇ ਸ਼ੋਸ਼ਣਕਾਰੀ ਵਰਤਾਰੇ ਨੂੰ ਚਿਤਰਦੀਆਂ ਹਨ। * 8 ਪੰਨਾ ਨੰ 116  

ਮਾਨ ਸਿੰਘ ਢੀਂਡਸਾ ਦੇ ਸ਼ਬਦਾਂ ਵਿਚ, ‘ਲਾਲ ਸਿੰਘ ਪੰਜਾਬੀ ਦੇ ਉਹਨਾਂ ਖੱਬੇ ਪੱਖੀ ਪ੍ਰਤੀਬੱਧ ਕਹਾਣੀਕਾਰਾਂ ਵਿਚੋ ਹੈ ਜਿਨ੍ਹਾਂ ਨੇ ਆਪਣੀ ਕਲਾ ਪ੍ਰਤਿਭਾ ਰਾਹੀਂ ਇਕ ਨਿਸ਼ਚਿਤ ਪਾਠਕ ਵਰਗ ਪੈਦਾ ਕਰ ਲਿਆ ਹੈ।,,,। ਪੁਸਤਕ ਦਾ ਸਮਰਪਣ ਵੀ ਲੇਖਕ ਦੀ ਪ੍ਰਤੀਬੱਧਤਾ ਵੱਲ ਸੰਕੇਤ ਕਰਦਾ ਹੈ। *9 ਪੰਨਾ ਨੰ 117

ਲਾਲ ਸਿੰਘ ਦਾ ਤੀਜਾ ਕਹਾਣੀ ਸੰਗ੍ਰਹਿ/ਧੁੱਪ ਛਾਂ/ ਰੀਵਿਊਕਾਰ ਬਲਬੀਰ ਸਿੰਘ ਮੁਕੇਰੀਆਂ, ਮਾਨ ਸਿੰਘ ਢੀਂਡਸਾ ਤੇ ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਨਜ਼ਰ ਵਿੱਚ:
ਬਲਬੀਰ ਸਿੰਘ ਮੁਕੇਰੀਆਂ ਲਿਖਦੇ ਨੇ, ‘ਜਿੱਥੇ ‘ਮਾਰਖੋਰੇ’ ਤੇ ‘ਬਲੌਰ’ ਵਿਚ ਉਸ ਨੇ ਵਿਅਕਤੀ ਪ੍ਰਧਾਨ ਕਹਾਣੀਆਂ ਵਧ ਲਿਖੀਆਂ ਸਨ ਓਥੇ ਉਸ ਨੇ ਹੁਣ ਵਿਅਕਤੀ ਸਮੱਸਿਆ ਤੇ ਘਟਨਾ ਪ੍ਰਧਾਨ ਕਹਾਣੀਆਂ ਲਿਖਣ ਦਾ ਯਤਨ ਕੀਤਾ ਹੈ। ‘ *10 ਪੰਨਾ ਨੰ 121

ਮਾਨ ਸਿੰਘ ਢੀਂਡਸਾ ਦੇ ਸ਼ਬਦ, ‘ਲਾਲ ਸਿੰਘ ਅਜੋਕੇ ਪੰਜਾਬੀ ਕਹਾਣੀ ਜਗਤ ਦੇ ਬਹੁਤ ਥੋੜੇ ਕਹਾਣੀਕਾਰਾਂ ਵਿਚੋਂ ਇਕ ਹੈ ਜੋ ਅਜੇ ਤੱਕ ਵੀ ਸਾਹਿਤ ਤੇ ਜਿੰਦਗੀ ਪ੍ਰਤੀ ਪੂਰਨ ਤੌਰ ਉੱਤੇ ਪ੍ਰਤੀਬੱਧ ਹੈ।,,,,। ਲੇਖਕ ਦਾ ਇਹ ਕਹਾਣੀ ਸੰਗ੍ਰਹਿ/ਧੁੱਪ ਛਾਂ/ ਉਸ ਦੀ ਕਹਾਣੀ ਕਥਾ ਦੇ ਵਿਕਾਸ ਦਾ ਅਗਲਾ ਪੜਾਅ ਹੈ। ‘ *11 ਪੰਨਾ ਨੰਬਰ 128

ਡਾ. ਜੋਗਿੰਦਰ ਸਿੰਘ ਨਿਰਾਲਾ ਕਹਿੰਦੇ ਹਨ, ‘ਲਾਲ ਸਿੰਘ ਕਹਾਣੀ ਉੱਪਰ ਵਿਚਾਰ ਠੋਸਣ ਦੀ ਜਗ੍ਹਾ ਇਸ ਨੂੰ ਸਹਿਜ ਸੁਭਾਵਿਕ ਅਤੇ ਰਚਨਾ ਦੇ ਇਕ ਜਰੂਰੀ ਅੰਗ ਵਜੋਂ ਉਭਾਰਨ ਦਾ ਗੁਰ ਸਿੱਖ ਲਵੇ ਤਾਂ ਉਹ ਪੰਜਾਬੀ ਕਥਾਕਾਰਾਂ ਜੀ ਮੁਹਰਲੀ ਸਫ ਵਿਚ ਆ ਸਕੇਗਾ।  ਇਸ ਤਰ੍ਹਾਂ ਦੀਆਂ ਉਸ ਵਿਚ ਅਸੀਮ ਸੰਭਾਵਨਾਵਾਂ ਹਨ । *12 ਪੰਨਾ ਨੰਬਰ 131

1981 ਤੋਂ 1995 ਦੇ ਦੌਰ ਦੀ ਪੰਜਾਬੀ ਕਹਾਣੀ ਸਾਹਿਤ ਸੰਸਾਰ ਅੰਦਰ ਕਹਾਣੀਕਾਰ ਲਾਲ ਸਿੰਘ ਦਾ ਚੌਥਾ ਪਰ ਆਖਰੀ ਕਹਾਣੀ ਸੰਗ੍ਰਹਿ/ਕਾਲੀ ਮਿੱਟੀ/ ਹੈ। ਇਸ ਦੇ ਰੀਵੀਊ ਕਰਤਾ ਡਾ. ਸੁਰਜੀਤ ਬਰਾੜ, ਡਾ. ਅਨੂਪ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਪ੍ਰਿਤਪਾਲ ਸਿੰਘ ਮਹਿਰੋਕ, ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਡਾ. ਜਸਵਿੰਦਰ ਕੌਰ ਬਿੰਦਰਾ, ਕਰਮਵੀਰ ਸਿੰਘ, ਇੰਦਰ ਸਿੰਘ, ਡਾ. ਸੁਰਜੀਤ ਜੱਜ, ਹਰਭਜਨ ਸਿੰਘ ਬਟਾਲਵੀ ਤੇ ਡਾ. ਰਜਨੀਸ਼ ਬਹਾਦਰ ਸਿੰਘ, ਗੁਰਸ਼ਰਨ ਸਿੰਘ ਨਾਟਕਕਾਰ ਹਨ। ਇਹਨਾਂ ਦੀ ਰੀਵੀਊਕਾਰੀ ਦੇ ਵਿਚੋਂ ਵਿਸ਼ੇਸ਼ :

ਡਾ. ਸੁਰਜੀਤ ਬਰਾੜ ਦੀ ਵਿਸ਼ੇਸ਼ਤਾ, ‘ ਲਾਲ ਸਿੰਘ ਦੀ ਵਿਚਾਰਧਾਰਾ ਮਾਰਕਸਵਾਦੀ ਹੈ, ਇਸ ਕਰਕੇ ਹੀ ਉਹ ਆਪਣੀਆਂ ਕਥਾਵਾਂ ‘ਚ ਮਹਿੰਗਾਈ, ਗਰੀਬੀ, ਭੁੱਖਮਰੀ, ਔਰਤਾਂ ਨਾਲ ਜਬਰ ਜਨਾਹ, ਜਾਤੀਵਾਦ, ਇਲਾਕਾਵਾਦ, ਮੂਲਵਾਦ, ਭ੍ਰਿਸ਼ਟਾਚਾਰ, ਧਾਰਮਿਕ ਜਨੂੰਨ, ਫਿਰਕਾਪ੍ਰਸਤੀ, ਨੇਤਾਵਾਂ ਦਾ ਕੁਰਸੀ ਮੋਹ, ਲਾਲਫੀਤਾ ਸ਼ਾਹੀ, ਕੁਨਬਾ ਪ੍ਰਵਰੀ, ਬੇਰੁਜ਼ਗਾਰੀ, ਮੁਨਾਫਾਖੋਰੀ, ਜਮਾਖੋਰੀ, ਲੁੱਟ ਚੋਘ, ਸ਼ੋਸ਼ਣ, ਰਿਸ਼ਤਿਆਂ ਦੀ ਟੁੱਟ ਭੱਜ, ਪੂੰਜੀਵਾਦ ਦੀ ਕਰੂਰਤਾ, ਮਿਹਨਤਕਸ਼ ਤਬਕਿਆਂ ਦੀ ਅਧੋਗਤੀ, ਨਿੱਜੀ ਤੇ ਸੀਮਾਂਤ ਕਿਸਾਨੀ ਦੀ ਭੈੜੀ ਹਾਲਤ ਆਦਿ ਵਿਸ਼ੇ ਪ੍ਰਸਤੁਤ ਕੀਤੇ ਹਨ ਕਿਉਂ ਕਿ ਸਾਡਾ ਭਾਰਤੀ ਸਮਾਜ ਇਹਨਾਂ ਅਲਾਮਤਾਂ ਦਾ ਸ਼ਿਕਾਰ ਹੈ । *13 ਪੰਨਾ ਨੰ 132_133

ਡਾ. ਜੋਗਿੰਦਰ ਸਿੰਘ ਨਿਰਾਲਾ ਦੇ ਵਿਚਾਰ, ‘ਤ੍ਰੈ-ਮਾਸਿਕ ਸਿਰਜਣਾ’ ਵਿਚ ਛਪੀਆਂ ਉਸ ਦੀਆਂ ਕਹਾਣੀਆਂ ਨੇ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ। ਇਸ ਲਈ ਉਸ ਨੂੰ  “ਸਿਰਜਣਾ ਦਾ ਕਹਾਣੀਕਾਰ” ਵੀ ਕਿਹਾ ਜਾਣ ਲੱਗਿਆ। ਉਸ ਸਮੇਂ ਜਿੱਥੇ ਉਸ ਨੂੰ ਇਸ ਦਾ ਫਾਇਦਾ ਵੀ ਹੋਇਆ, ਕਿਉਂਕਿ ਉਹ ਇਕ ਨਵ-ਸਥਾਪਿਤ ਕਥਾਕਾਰ ਵਜੋਂ ਜਾਣਿਆ ਜਾਣ ਲੱਗਾ ਪਰ ਪਿੱਛੋਂ ਉਪਰੋਕਤ ਠੱਪਾ ਲੱਗਣ ਨਾਲ ਨੁਕਸਾਨ ਵੀ ਹੋਇਆ ਜਿਸ ਨੇ ਉਸ ਨੂੰ ‘ਇਕ ਗਰੁੱਪ ਦਾ ਕਹਾਣੀਕਾਰ’ ਵਰਗਾ ਖਿਤਾਬ ਦੇਣ ਕਾਰਨ ਇਕ ਕਥਾਕਾਰ ਵਜੋਂ ਵਿਗਸਣ ਅਤੇ ਮੌਲਣ ਦਾ ਮੌਕਾ ਨਾ ਦਿੱਤਾ। ਪਿੱਛੋਂ ਛਪੇ ਉਸ ਦੇ ਦੋ ਕਹਾਣੀ ਸੰਗ੍ਰਹਿ ‘ਬਲੌਰ’ (1986) ਅਤੇ  ‘ਧੁੱਪ ਛਾਂ’ (1990) ਉਸ ਦੇ ਪਹਿਲਾਂ ਬਣੇ ਅਕਸ ਨੂੰ ਹੀ ਗੂੜ੍ਹਾ ਕਰਦੇ ਰਹੇ ਹਨ। ਇਹਨਾਂ ਸੰਗ੍ਰਹਿਆਂ ਵਿੱਚ ਭਾਵੇਂ ਉਸ ਨੇ ਆਪਣੇ ਪਹਿਲੇ ਸੰਗ੍ਰਹਿ ਵਾਲਾ ਰਸਤਾ ਹੀ ਅਖਤਿਆਰ ਕੀਤਾ ਪਰੰਤੂ ਇਹਨਾਂ ਵਿਚ ਉਸ ਦਾ ਕਥਾਤਮਕ ਵਿਕਾਸ ਬਿਰਤਾਂਤਕ ਸਥਿਤੀਆਂ ਦੇ ਸਿਰਜਣਾ ਦੇ ਵਿਸਥਾਰ ਕਾਰਨ ਲੰਮੀ ਕਹਾਣੀ ਵੱਲ ਪ੍ਰੇਰਿਤ ਹੋਇਆ ਅਤੇ ਉਹ ਲੰਮੀ ਕਹਾਣੀ ਦਾ ਰਚੈਤਾ ਹੋਣ ਦੀ ਚਰਚਾ ਦਾ ਕੇਂਦਰ ਬਿੰਦੂ ਬਣਿਆ ਰਿਹਾ। *14 ਪੰਨਾ ਨੰਬਰ 158

‘ਲਾਲ ਸਿੰਘ ਦੀ ਕਥਾ ਪੁਸਤਕ/ ਕਾਲੀ ਮਿੱਟੀ/ ਦੇ ਸਹਿਜ ਪਾਠ ਤੋਂ ਪਿੱਛੋਂ ਸੂਤਰ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਪ੍ਰਗਤੀਵਾਦੀ ਧਰਾਤਲ ਦੀਆਂ ਕਹਾਣੀਆਂ ਹਨ। ‘ *15 ਪੰਨਾ ਨੰਬਰ 162 

‘ਆਲੋਚਨਾਤਮਿਕ ਯਥਾਰਥ ਦੀ ਪੇਸ਼ਕਾਰੀ ਕਰਦਿਆਂ ਉਹ ਕੁਝ ਅਜਿਹੀਆਂ ਕਥਾ ਰਚਨਾਵਾਂ ਸਿਰਜਣ ਵਿਚ ਜਰੂਰ ਸਫਲ ਹੋਇਆ ਹੈ ( ਛਿੰਝ, ਬੂਟਾ ਰਾਮ ਪੂਰਾ ਹੋ ਗਿਆ, ਮਿੱਟੀ, ਵਾਵਰੋਲੇ) ਜਿਹੜੀਆਂ ਇਕ ਕਥਾਕਾਰ ਵਜੋਂ ਉਸ ਦੀ ਪਹਿਚਾਣ ਤਾਂ ਬਣਾਉਂਦੀਆਂ ਹਨ ਅਤੇ ਇਸ ਸੰਗ੍ਰਹਿ ਦੀ ਅਹਿਮੀਅਤ ਨੂੰ ਵੀ ਉਜਾਗਰ ਕਰਦੀਆਂ ਹਨ, ਨਾਲ ਹੀ ਨਵੀਂ ਪੰਜਾਬੀ ਕਹਾਣੀ ਵਿਚ ਵੀ ਮੁੱਲਵਾਨ ਵਾਧਾ ਕਰਦੀਆਂ ਹਨ। ‘ *16ਪੰਨਾ ਨੰਬਰ 163

ਪ੍ਰੋ . ਬ੍ਰਹਮ ਜਗਦੀਸ਼ ਸਿੰਘ ਨੇ ਲਿਖਿਆ ਹੈ, ‘ਪ੍ਰਗਤੀਵਾਦੀ ਜੀਵਨ ਅਨੁਭਵ ਨਾਲ ਜੁੜੇ ਹੋਣ ਕਰਕੇ ਲਾਲ ਸਿੰਘ ਨੂੰ ਸਾਡੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਡੂੰਘੀਆਂ ਹੀ ਨਹੀਂ ਬਲਕਿ ਉਹ ਇਨ੍ਹਾਂ ਘਟਨਾਵਾਂ ਦਾ ਸਮਾਜ ਸ਼ਾਸਤਰੀ ਵਿਸ਼ਲੇਸ਼ਣ ਵੀ ਕਰ ਸਕਦਾ ਹੈ। / ਕਾਲੀ ਮਿੱਟੀ/ ਦੇ ਮਾਧਿਅਮ ਦੁਆਰਾ ਉਸ ਨੇ ਪਿਛਲੇ ਸੱਤ ਅੱਠ ਵਰਿੵਆਂ ਦੇ ਅਰਸੇ ਦੌਰਾਨ ਪੰਜਾਬ ਵਿਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਦਾ ਕਲਾਤਮਿਕ ਵਿਸ਼ਲੇਸ਼ਣ ਕੀਤਾ ਹੈ। ਇਨ੍ਹਾਂ ਦੇ ਮਾਧਿਅਮ ਦੁਆਰਾ ਉਸ ਨੇ ਪੰਜਾਬ ਦੇ ਲੋਕਾਂ ਦੀ ਵਾਸਤਵਿਕ ਸਥਿਤੀ ਅਤੇ ਉਹਨਾਂ ਦੀ ਮਹੱਤਵਾਕਾਂਖਿਆ ਦਰਮਿਆਨ ਫੈਲੀ ਹੋਈ ਦਰਾੜ ਦਾ ਇਕ ਮਾਰਮਿਕ ਚਿੱਤਰ ਪੇਸ਼ ਕੀਤਾ ਹੈ। *17 ਪੰਨਾ ਨੰਬਰ 173

‘ਲਾਲ ਸਿੰਘ ਦੀਆਂ ਇਨ੍ਹਾਂ ਕਹਾਣੀਆਂ ਨੂੰ ਜਿਹੜਾ ਪੱਖ ਥੋੜ੍ਹਾ ਜਿਹਾ ਬੋਝਲ ਬਣਾਉਂਦਾ ਹੈ ਉਹ ਹੈ ਇਨ੍ਹਾਂ ਵਿਚਲੀ ਆਂਚਲਿਕਤਾ। ਆਂਚਲਿਕ ਵਰਣਨ, ਕਦੇ ਪੰਜਾਬੀ ਗਲਪ ਦਾ ਇਕ ਹਾਂ ਪੱਖੀ ਤੱਤ ਹੁੰਦਾ ਸੀ। ਸ਼ਾਇਦ ਸਾਹਿਤ ਸ਼ਾਸਤਰੀਆਂ ਦੀ ਨਜਰ ਵਿਚ ਹੁਣ ਵੀ ਹੋਵੇਂ, ਪ੍ਰੰਤੂ ਮੇਰਾ ਵਿਚਾਰ ਹੈ ਕਿ ਬਦਲ ਰਹੀਆਂ ਪ੍ਰਸਥਿਤੀਆਂ ਵਿਚ ਅਤੇ ਪਾਠਕਾਂ ਦੀ ਦਿਨੋ ਦਿਨ ਸੰਕੁਚਿਤ ਹੋ ਰਹੀ ਗਿਣਤੀ ਦੇ ਰੂ-ਬ-ਰੂ ਲੇਖਕਾਂ ਨੂੰ ਆਂਚਲਿਕਤਾ ਵਰਗੀਆਂ ਰਸਮੀ ਵਿਧੀਆਂ ਤੋਂ ਬਚਣਾ ਹੀ ਚਾਹੀਦਾ ਹੈ ਕਿਉਂਕਿ ਅਜਿਹੀਆਂ ਵਿਧੀਆਂ ਪਾਠਕਾਂ ਦੀ ਗਿਣਤੀ ਨੂੰ ਹੋਰ ਵੀ ਸੰਕੁਚਿਤ ਕਰ ਦੇਣਗੀਆਂ। *18 ਪੰਨਾ ਨੰਬਰ 174

ਡਾ. ਜਸਵਿੰਦਰ ਕੌਰ ਬਿੰਦਰਾ  ਕਹਿੰਦੇ ਨੇ, ‘/ ਕਾਲੀ ਮਿੱਟੀ/ ਦੀਆਂ ਕਹਾਣੀਆਂ ਵਿਚਲੇ ਪਾਤਰ ਭਾਵੇਂ ‘ਛਿੰਝ’ ਦਾ ਬਾਪੂ  ‘ਮਿੱਟੀ’ ਦਾ ਤਾਇਆ ‘ਜਜੀਰੇ’ ਦਾ ਕਰਮਾ  ‘ਬੂਟਾ ਰਾਮ ਪੂਰਾ ਹੋ ਗਿਆ’ ਦਾ ਬਾਬਾ, ਇਹ ਸਾਰੇ ਪਾਤਰ ਆਪਣੇ ਸੁਪਨਿਆਂ ਵਿੱਚ ਵਿਚਰਦੇ ਇਸ ਯਥਾਰਥ ਤੋਂ ਪਰ੍ਹਾ ਲੱਭਣ ਤਾਂ ਕੁਝ ਨਿਕਲੇ ਸਨ ਪਰ ਸਿਵਾਏ ਧੁੰਦ ਦੇ ਹੱਥ ਕੁਝ ਨਾ ਆਇਆ। ਸਗੋਂ ਭਟਕਣ ਮ੍ਰਿਗ ਤ੍ਰਿਸ਼ਨਾ ਜਾਂ ਰੇਗਿਸਤਾਨ ਵਿਚ ਪਾਣੀ ਦਾ ਛਲਾਵਾ ਬਣ ਕੇ ਹੀ ਅੱਗੋਂ ਮਿਲੀ, ਹੱਥ ਪੱਲੇ ਕੁਝ ਨਾ ਰਿਹਾ ਸਗੋਂ ਜਾਨ ਤੋਂ ਵੀ ਹੱਥ ਧੋਣਾ ਪਿਆ। * 19 ਪੰਨਾ ਨੰ 175 

ਡਾ. ਰਜਨੀਸ਼ ਬਹਾਦਰ ਸਿੰਘ ਦੇ ਵਿਚਾਰ ਹਨ, ‘/ ਕਾਲੀ ਮਿੱਟੀ/‘ ਲਾਲ ਸਿੰਘ ਦਾ ਚੌਥਾ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਦਰਜ ਛੇ ਕਹਾਣੀਆਂ ਚਲੰਤ ਵਿਸ਼ਿਆਂ ਨਾਲ ਸਬੰਧਿਤ ਹੋਣ ਦੇ ਬਾਵਜੂਦ ਵਿਧਾਗਤ ਪੱਖ ਤੋਂ ਵਿਲੱਖਣ ਹਨ। ਸਾਰੀਆਂ ਕਹਾਣੀਆਂ ਦੇ ਸਾਂਝੇ ਸੂਤਰ ਵਿਚ ਪੰਜਾਬ ਸਮੱਸਿਆ ‘ਚੋਂ ਉਪਜਿਆ ਵਿਅਕਤੀਗਤ ਤੇ ਸਮੂਹਿਕ ਦੁਖਾਂਤ ਛਿੰਝ ਤੇ ਵਾਵਰੋਲੇ ਵਿਚੋਂ ਉਭਰਦਾ ਹੈ। ਦੂਜਾ ਸੂਤਰ ਹੈ ਦੇਸ਼ ਦੇ ਆਰਥਿਕ ਵਿਕਾਸ ‘ਚੋਂ ਸਮਾਜਿਕ ਨਾ ਬਰਾਬਰੀ ‘ਚੋਂ ਸੰਕਟਗ੍ਰਸਤ ਲੋਕਾਂ ਦੀ ਉਭਰਦੀ ਮਾਨਸਿਕ ਦੁਬਿਧਾ ਤੇ ਅਕਾਂਖਿਆ। ਇਸ ਅਕਾਂਖਿਆ ‘ਚੋਂ ਮਾਨਵੀ ਰਿਸ਼ਤਿਆਂ ਦਾ ਤਿੜਕਾਅ ਮਿੱਟੀ ਤੇ ਝਾਂਜਰ ‘ਚੋਂ ਉਭਰਦਾ ਹੈ। ਬੂਟਾ ਰਾਮ ਪੂਰਾ ਹੋ ਗਿਆ ਕਹਾਣੀ ਨਕਸਲਬਾੜੀ ਲਹਿਰ ਨਾਲ ਜੁੜੇ ਲੋਕਾਂ ਦੀ ਸੁਹਿਰਦਤਾ ਤੇ ਗੰਭੀਰ ਚਿੰਤਨ ਦੀ ਮਿੱਥਕਤਾ ਨੂੰ ਹੀ ਬਿਆਨ ਕਰਦੀ ਹੈ। ਇਸ ਸੰਗ੍ਰਹਿ ਵਿਚ ਦਰਜ ਜ਼ਜੀਰੇ ਕਹਾਣੀ ਦਲਿਤ ਚੇਤਨਾ ਨਾਲ ਜੁੜੀ ਕਹਾਣੀ ਹੈ। ਜੋ ਭਾਰਤੀ ਸਮਾਜਕ ਤੇ ਰਾਜਨੀਤਕ ਵਿਵਸਥਾ ਦੇ ਪ੍ਰਸੰਗ ਵਿਚ ਦਲਿਤਾਂ ਦੀ ਸਥਿਤੀ ਤੇ ਚੇਤਨਾ ਦੇ ਵਿਕਾਸ ਅਤੇ ਭਵਿੱਖਮੁਖੀ ਸਥਿਤੀ ਦੀ ਗਤੀਸ਼ੀਲਤਾ ਨੂੰ ਪੇਸ਼ ਕਰਦੀ ਹੈ। ਸਮੁੱਚੇ ਰੂਪ ਵਿਚ ਇਸ ਸੰਗ੍ਰਹਿ ਵਿਚ ਦਰਜ ਕਹਾਣੀਆਂ ਘਟਨਾਵਾਂ ਦੇ ਸਰਲੀਕਰਨ ਨੂੰ ਹੀ ਦੁਹਰਾਉਂਦੀਆਂ ਹਨ। ਜੋ ਕਹਾਣੀਕਾਰ ਦੀ ਚਿੰਤਨ ਸਥਿਰਤਾ ਤੇ ਸਥਿਲਤਾ ਦਾ ਸਬੂਤ ਹੈ। ‘ *20 ਪੰਨਾ ਨੰ 185 

ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿਚ ਜੋ ਇਕ ਸਾਂਝ ਭਰਪੂਰਤਾ ਦਾ  ਪ੍ਰਸ਼ਨ ਉਭਰਦਾ ਹੈ ਉਹ ਇਹ ਹੈ ਕਿ ਕਹਾਣੀਕਾਰ ਲਾਲ ਸਿੰਘ ਦੀ ਵਿਚਾਰਧਾਰਾ ਪ੍ਰਗਤੀਵਾਦ ਦੇ ਸਿਧਾਂਤ ਨਾਲ ਸੰਬੰਧਤ ਹੈ। ਲਾਲ ਸਿੰਘ ਦੇ ਇਹਨਾਂ ਕਹਾਣੀ ਸੰਗ੍ਰਹਿਆਂ ਦੇ ਅਧਾਰ ਉੱਤੇ  ਡਾ. ਬਲਦੇਵ ਸਿੰਘ ਧਾਲੀਵਾਲ ਨੇ ਸਾਲ 2002 ਵਿੱਚ ਪ੍ਰਕਾਸ਼ਿਤ ਆਪਣੀ ਪੁਸਤਕ ‘ ਪੰਜਾਬੀ ਕਹਾਣੀ ਦੀ ਇੱਕ ਸਦੀ’ ਅੰਦਰ ਕਹਾਣੀਕਾਰ ਲਾਲ ਸਿੰਘ ਨੂੰ ‘ਪ੍ਰਗਤੀਵਾਦੀ ਯਥਾਰਥਵਾਦੀ ਰਚਨਾ ਦ੍ਰਿਸ਼ਟੀ ਤੋਂ ਖਲਨਾਇਕ ਤੇ ਨਾਇਕ ਰੂਪ ਚਿਤਰਦਾ ਹੈ’  ਕਿਹਾ ਹੈ।

ਪ੍ਰਗਤੀਵਾਦ ਇਕ ਰਾਜਨੀਤਕ ਤੇ ਸਮਾਜਿਕ ਦਰਸ਼ਨ ਹੈ। ਇਹ ਪ੍ਰਗਤੀ ਦੇ ਵਿਚਾਰ ਉੱਤੇ ਆਧਾਰਿਤ ਹੈ। ਜੇਕਰ ਵਿਗਿਆਨ, ਤਕਨਾਲੋਜੀ ਤੇ ਆਰਥਿਕ ਅਤੇ ਸਮਾਜਿਕ ਖੇਤਰ ਵਿਚ ਪ੍ਰਗਤੀ ਹੋਵੇ ਤਾਂ ਉਹ ਮਨੁੱਖੀ ਦਸ਼ਾ ਨੂੰ ਸੁਧਾਰ ਸਕਦੀ ਹੈ। ਇਸ ਕਰਕੇ ਇਹ ਅਗਾਂਹਵਧੂ ਸਿਧਾਂਤ ਹੈ। ਪ੍ਰਗਤੀਵਾਦ ਦਾ ਜਨਮ ਮਾਰਕਸਵਾਦ ਜਾਂ ਸਮਾਜਵਾਦ ਵਿਚੋਂ ਹੋਇਆ ਹੈ। 

‘ਪੰਜਾਬੀ ਕਹਾਣੀ ਦੇ ਇਤਿਹਾਸ ਵਿਚ ਸੁਜਾਨ ਸਿੰਘ ਇਕ ਅਜਿਹਾ ਨਾਂ ਹੈ ਜਿਸ ਨਾਲ ਸਾਹਿਤਕ ਚੇਤਨਾ ਦੇ ਇਕ ਨਵੇਂ ਦੌਰ ਦਾ ਉਦੈ ਹੁੰਦਾ ਹੈ। ਇਸ ਚੇਤਨਾ ਤੋਂ ਪ੍ਰੇਰਿਤ ਸਾਹਿਤ ਨੂੰ ਪ੍ਰਗਤੀਵਾਦੀ ਧਾਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੁਜਾਨ ਸਿੰਘ (1909_1993 ) ਦਾ ਰਚਨਾ ਕਾਲ 1935 ਤੋਂ 1991 ਤੱਕ ਫੈਲਿਆ ਹੋਇਆ ਹੈ।  * 21 ਪੰਨਾ ਨੰ 72 ਮਾਰਕਸੀ ਚੇਤਨਾ ਦਾ ਰੁਮਾਂਸ_ਸੁਜਾਨ ਸਿੰਘ, ਆਧੁਨਿਕ ਪੰਜਾਬੀ ਕਹਾਣੀ ਦ੍ਰਿਸ਼ਟੀਮੂਲਕ ਪਰਿਪੇਖ’ ਡਾ. ਬਲਦੇਵ ਸਿੰਘ ਧਾਲੀਵਾਲ 

ਸੋ, ਪ੍ਰਗਤੀਵਾਦੀ ਧਾਰਾ ਦੀ ਵਿਚਾਰਧਾਰਾ ਦਾ ਪ੍ਰੇਰਕ ਮਾਰਕਸਵਾਦੀ ਸਿਧਾਂਤ ਹੈ।  ਭਾਰਤ ਦੇ ਗੁਆਂਢੀ ਦੇਸ਼ਾਂ ਰੂਸ ਦੀ 1917 ਵਾਲੀ ਅਤੇ ਚੀਨ ਦੀ 1949 ਵਾਲੀ ਕ੍ਰਾਂਤੀ ਨੇ ਮਾਰਕਸਵਾਦੀ ਸਿਧਾਂਤ ਦੇ ਪੜਾਅ ਸਮਾਜਵਾਦ ਦੇ ਪ੍ਰਗਤੀਵਾਦੀ ਵਿਹਾਰ ਨੂੰ ਸੱਚ ਕਰ ਵਿਖਾਇਆ ਤਾਂ ਇਸ ਦਾ ਪ੍ਰਭਾਵ ਭਾਰਤ ਦੇ ਸਾਹਿਤਕ ਖੇਤਰ ਵਿਚ ਸੰਨ 1936 ਵਿਚ ਸੰਸਥਾਵਾਂ ਦੇ ਰੂਪ ਰਾਹੀਂ ਵੀ ਹੋਂਦ ਵਿੱਚ ਆ ਗਿਆ ਸੀ। ਇਸ ਤਰ੍ਹਾਂ ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਰਚਨਾ ਦ੍ਰਿਸ਼ਟੀ ਪ੍ਰਮੁਖ ਤੌਰ ਉੱਤੇ ਉਭਰੀ ਸੀ। ਇਸ ਦੇ ਦੋ ਭਾਗ ਹਨ, ਪਹਿਲਾ 1935 ਤੋਂ 1960 ਤਕ ਦੂਜਾ 1970 ਤੋਂ 1990 ਵਾਲਾ ਸੀ।  

‘ਜਿਨ੍ਹਾਂ ਸਾਹਿਤਕਾਰਾਂ ਦਾ ਬਲ ਕ੍ਰਾਂਤੀ ਦੇ ਸੁਪਨੇ ਦੀ ਥਾਂ ਵਸਤੂ ਯਥਾਰਥ ਦੇ ਅੰਤਰ ਦਵੰਦਾਂ ਦੀ ਸਮਝ ਉੱਤੇ ਰਹਿੰਦਾ ਹੈ ਉਨ੍ਹਾਂ ਪ੍ਰਗਤੀਵਾਦੀ ਬਿਰਤਾਂਤਕਾਰਾਂ ਨੇ ਯਥਾਰਥ ਦੀ ਆਲੋਚਨਾ ਵਾਲੀ ਜੁਗਤ ਨਾਲ ਪ੍ਰਵਚਨ ਉਸਾਰਿਆ ਤਾਂ ਉਸ ਬਿਰਤਾਂਤ ਨੂੰ ਆਲੋਚਨਾਤਮਿਕ ਯਥਾਰਥਵਾਦੀ ਪ੍ਰਵਚਨ ਕਿਹਾ ਗਿਆ ਹੈ। ਇਸ ਜੁਗਤ ਦੇ ਧਾਰਨੀ ਬਿਰਤਾਂਤਕਾਰ ਜਿਵੇਂ ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਗੁਰਬਚਨ ਸਿੰਘ ਭੁੱਲਰ, ਗੁਰਦੇਵ ਸਿੰਘ ਰੁਪਾਣਾ,  ਕਰਮਜੀਤ ਸਿੰਘ ਕੁੱਸਾ, ਵਰਿਆਮ ਸਿੰਘ ਸੰਧੂ, ਬਲਦੇਵ ਸਿੰਘ ਸੜਕਨਾਮਾ, ਸਵਰਨ ਚੰਦਨ, ਪ੍ਰੇਮ ਗੋਰਖੀ, ਕਿਰਪਾਲ ਕਜਾਕ, ਇੰਦਰ ਸਿੰਘ ਖਾਮੋਸ਼, ਅਵਤਾਰ ਸਿੰਘ ਬਿਲਿੰਗ ਆਦਿ ਪੰਜਾਬ ਦੇ ਪੇਂਡੂ ਸਮਾਜ ਵਿੱਚ ਜਾਤ ਅਤੇ ਜਮਾਤ ਦੀ ਡਾਇਲੈਕਟਸ ਨੂੰ ਸਮਝਣ ਸਮਝਾਉਣ ਨੂੰ ਪਹਿਲ ਦਿੰਦੇ ਹਨ। * 22 ਪੰਨਾ ਨੰ  106  _ ਉਹੀ _ ਡਾ. ਬਲਦੇਵ ਸਿੰਘ ਧਾਲੀਵਾਲ  

ਉਪਰੋਕਤ ਬਿਰਤਾਂਤਕਾਰਾਂ ਦੇ ਪ੍ਰਸੰਗ ਵਿਚ ਹੀ ਕਹਾਣੀਕਾਰ ਲਾਲ ਸਿੰਘ ਸ਼ਾਮਿਲ ਹੁੰਦਾ ਹੈ। ਕਿਰਪਾਲ ਕਜਾਕ ਤੇ ਲਾਲ ਸਿੰਘ ਤਾਂ ਇੱਕਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਵੀ ਕਹਾਣੀ ਸਿਰਜਣਾ ਕਰਦੇ ਹੋਏ ਹੁਣ ਤੀਜੇ ਦਹਾਕੇ ਵਿੱਚ ਪ੍ਰਵੇਸ਼ ਕਰ ਗਏ ਹਨ। ਇੱਥੇ ਇਹ ਜਾਣਨਾ ਜਰੂਰੀ ਹੈ ਕਿ ਇਹ ਦੋਵੇਂ ਕਹਾਣੀਕਾਰ ਪੰਜਾਬੀ ਕਹਾਣੀ ਦੇ ਤੀਜੇ ਪੜਾਅ ਦੇ ਕਹਾਣੀਕਾਰ ਹਨ। ਜਦੋਂ ਕਿ ਪੰਜਾਬੀ ਕਹਾਣੀ ਦਾ ਚੌਥਾ ਪੜਾਅ 1991 ਤੋਂ ਉਤਰ ਆਧੁਨਿਕ ਯਥਾਰਥਵਾਦੀ  ਅਤੇ 2015 ਤੋਂ ਸਾਈਬਰ ਯੁੱਗ ਚੇਤਨਾ ਦੇ ਯਥਾਰਥਵਾਦ ਦਾ  ਪੰਜਵਾਂ ਪੜਾਅ ਵੀ ਆ ਚੁੱਕੇ ਹਨ ਪਰ , ਕਹਾਣੀਕਾਰ ਲਾਲ ਸਿੰਘ ਇਹਨਾਂ ਸਮਿਆਂ ਵਿਚ ਵੀ ਪ੍ਰਗਤੀਵਾਦੀ ਯਥਾਰਥਵਾਦ ਅਨੁਸਾਰ ਹੀ ਆਪਣੀ ਰਚਨਾ _ ਦ੍ਰਿਸ਼ਟੀ ਦਾ ਦ੍ਰਿਸ਼ਟੀਕੋਣ ਕਹਾਣੀ ਦੇ ਅੰਦਰ ਪੇਸ਼ ਕਰ ਰਿਹਾ ਹੈ। ਹਾਂ, ਇਹ ਸੱਚ ਹੈ ਕਿ ਹਰੇਕ ਯੁੱਗ ਅੰਦਰ ਪਹਿਲਾਂ ਵਾਲੇ ਯੁੱਗ ਵੀ ਮੌਜੂਦ ਰਹਿੰਦੇ ਹਨ ਜਿਵੇਂ, ਪੰਜਾਬੀ ਕਹਾਣੀ ਦੇ ਪੰਜਵੇਂ ਪੜਾਅ ਦੀ ਕਹਾਣੀ ਦੇ ਨਾਲ ਨਾਲ ਹੀ ਸੁਧਾਰਵਾਦੀ ਧਾਰਾ , ਪ੍ਰਗਤੀਵਾਦੀ ਧਾਰਾ , ਉਤਰ ਆਧੁਨਿਕ ਧਾਰਾ ਵੀ ਪੰਜਾਬੀ ਕਹਾਣੀ ਦੇ ਵਿਚ ਚੱਲ ਰਹੀ ਹੈ। ਇਸ ਤਰ੍ਹਾਂ ਕਹਾਣੀਕਾਰ ਲਾਲ ਸਿੰਘ ਦੇ ਦੂਜੇ ਪੜਾਅ ਵਿੱਚ ਉਸ ਦੇ 5ਵੇਂ ਕਹਾਣੀ ਸੰਗ੍ਰਹਿ/ਅੱਧੇ ਅਧੂਰੇ/ ਨੂੰ 2003 ਵਿੱਚ 63 ਸਾਲ ਦੀ ਉਮਰ ਦੇ ਪੜਾਅ ਵਿੱਚ ਪਹੁੰਚ ਕੇ ਤੇ ਇਸ ਬਾਅਦ 69 ਵੇਂ ਵਰੵੇ ਵਿਚ ਸੰਨ 2009 ਦੇ ਸਮੇਂ ਛੇਵਾਂ ਕਹਾਣੀ ਸੰਗ੍ਰਹਿ/ ਗੜ੍ਹੀ ਬਖਸ਼ਾ ਸਿੰਘ/ ਅਤੇ ਆਪਣੀ ਉਮਰ ਦੇ 77ਵੇਂ ਸਾਲ ਮੌਕੇ ਸੰਨ 2017 ਵਿਚ  ਸੱਤਵਾਂ ਕਹਾਣੀ ਸੰਗ੍ਰਹਿ/ ਸੰਸਾਰ/ ਪ੍ਰਕਾਸ਼ਿਤ ਕਰਵਾਉਂਦਾ ਹੈ। ਹੁਣ ਮੈਂ ਇਹਨਾਂ ਪੁਸਤਕਾਂ ਦੀਆਂ ਕਹਾਣੀਆਂ ਸਬੰਧੀ  ਵਿਚਾਰ ਅਧੀਨ ਪੁਸਤਕ ‘ਕਹਾਣੀਕਾਰ ਲਾਲ ਸਿੰਘ ਵਿਚਾਰਧਾਰਾ ਤੇ ਬਿਰਤਾਂਤ’ ਅੰਦਰੋਂ ਰੀਵਿਊ ਸਮੀਖਿਆ ਨੂੰ ਪਹਿਲ ਦੇ ਆਧਾਰ ਉੱਤੇ ਰੌਸ਼ਨੀ ਵਿਚ ਲਿਆਉਂਦਾ ਹਾਂ।  

/ ਅੱਧੇ ਅਧੂਰੇ/ ਦੀ ਰੀਵਿਊ ਸਮੀਖਿਆ ਨੂੰ ਕੇ.ਐਲ. ਗਰਗ, ਪ੍ਰੋ. ਗੁਰਮੀਤ ਹੁੰਦਲ, ਪ੍ਰੋ. ਬਲਬੀਰ ਸਿੰਘ ਮੁਕੇਰੀਆਂ, ਡਾ. ਹਰਜਿੰਦਰ ਸਿੰਘ ਅਟਵਾਲ, ਕੁਲਵੰਤ ਸਿੰਘ ਸੰਧੂ, ਡਾ.ਜਸਵਿੰਦਰ ਕੌਰ ਬਿੰਦਰਾ, ਅਤਰਜੀਤ, ਜਸਵੀਰ ਸਮਰਪਣ ਤੇ ਸੁਰਜੀਤ ਗਿੱਲ ਨੇ ਪੇਸ਼ ਕੀਤਾ ਹੈ। ਇਹਨਾਂ ‘ਚੋਂ ਵਿਸ਼ੇਸ਼:

ਕੇ.ਐਲ. ਗਰਗ ਲਿਖਦੇ ਨੇ, ‘ਲਾਲ ਸਿੰਘ ਪੰਜਾਬੀ ਦਾ ਸਿਰਕੱਢ ਕਹਾਣੀਕਾਰ ਹੈ। ਉਸ ਨੇ ਕਹਾਣੀਆਂ ਵਿਚ ਜਾਤ ਪਾਤ ਅਤੇ ਊਚ ਨੀਚ ਵਾਲੀ ਭਾਵਨਾ ਦੇ ਖਿਲਾਫ ਵਿਅੰਗਮਈ ਦ੍ਰਿਸ਼ਟੀਕੋਣ ਅਪਣਾਇਆ ਹੈ।*23 ਪੰਨਾ ਨੰਬਰ 188 

ਪ੍ਰੋ. ਬਲਬੀਰ ਸਿੰਘ ਮੁਕੇਰੀਆਂ ਦੀ ਟਿੱਪਣੀ ਹੈ, ‘ਇਸ ਸੰਗ੍ਰਹਿ ਵਿਚ ਜਿਆਦਾ ਕਹਾਣੀਆਂ ਉਤਰ ਅਤਿਵਾਦੀ ਦੌਰ ਦੀਆਂ ਹਨ। ‘ਸੌਰੀ ਜਗਨ’ ਉਸ ਦੀ ਮਹਾਂਨਗਰੀ ਸਭਿਅਤਾ ਦਾ ਤੱਤ ਸਾਰ ਦੱਸਦੀ ਕਥਾ ਹੈ ਜੋ ਦਿੱਲੀ ਦੇ ਮਸ਼ਹੂਰ ਤੰਦੂਰ ਕਾਂਡ ਨਾਲ ਜਾ ਜੁੜਦੀ ਹੈ।  ਲਾਲ ਸਿੰਘ ਨੇ ਮਹਾਂਨਗਰਾਂ ਵਿਚਲੀ ਵਿਵਸਥਾ ਦੇ ਇਸ ਵਿਸ਼ੇ ਨੂੰ ਹੱਥ ਤਾਂ ਪਾ ਲਿਆ ਪਰ ਉਹ ਨਿੱਜੀ ਅਨੁਭਵ ਦੇ ਅਭਾਵ ਕਾਰਨ ਪੂਰਾ ਇਨਸਾਫ ਨਹੀਂ ਕਰ ਸਕਿਆ। *24 ਪੰਨਾ ਨੰ 191

ਡਾ. ਹਰਜਿੰਦਰ ਸਿੰਘ ਅਟਵਾਲ ਦੀ ਵਿਚਾਰ ਹੈ, ‘ਲਾਲ ਸਿੰਘ ਪੰਜਾਬੀ ਕਹਾਣੀ ਦੇ ਪਾਠਕਾਂ ਵਿਚ ਆਪਣੀ ਨਿਵੇਕਲੀ ਪਛਾਣ ਦੀ ਲੀਹ ‘ਤੇ ਤੁਰਦਿਆਂ ਇਕ ਖਾਸ ਸਮਾਜਿਕ ਪ੍ਰਬੰਧ ਦੀ ਸਥਾਪਤੀ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਭਾਵਨਾ ਅਧੀਨ ਇਕ ਖਾਸ ਸਮਾਜਿਕ ਵਰਗ ਦੇ ਪਾਤਰਾਂ ਅਤੇ ਉਨ੍ਹਾਂ ਦੇ ਜੀਵਨ ਦੀ ਸ਼ੈਲੀ ਦੀ ਬਾਤ ਪਾ ਰਿਹਾ ਹੈ। ਉਹ ਪਾਤਰਾਂ ਦੀ ਪੇਸ਼ਕਾਰੀ ਇਸ ਢੰਗ ਨਾਲ਼ ਕਰਦਾ ਹੈ ਕਿ ਇਸ ਜੀਵਨ ਢੰਗ ਨੂੰ ਬਦਲਣ ਦੀ ਭਾਵਨਾ ਪੈਦਾ ਹੋ ਸਕੇ।*25 ਪੰਨਾ ਨੰਬਰ 194

ਡਾ.ਜਸਵਿੰਦਰ ਕੌਰ ਬਿੰਦਰਾ ਨੇ ਲਿਖਿਆ ਹੈ, ‘ਭਾਰਤ ਵਿੱਚ ਕਈ ਤਰ੍ਹਾਂ ਦੇ ਵਖਰੇਵਿਆਂ ਦੇ ਨਾਲ ਵਿਕਾਸਸ਼ੀਲ ਤੇ ਪ੍ਰਗਤੀਸ਼ੀਲ ਹੋਣ ਦਾ ਦਾਅਵਾ ਕਰਦੇ ਭਾਰਤੀ ਆਪਣੀਆਂ ਪੁਰਾਣੀਆਂ ਦਕਿਆਨੂਸੀ ਰੂੜ੍ਹੀਆਂ, ਅੰਧ ਵਿਸ਼ਵਾਸਾਂ ਤੇ ਸੰਸਕਾਰਾਂ ਵਿੱਚ ਇੰਝ ਬੁਰੀ ਤਰ੍ਹਾਂ ਗ੍ਰਸੇ ਹੋਏ ਹਨ ਕਿ ਉਹ ਮਨੁੱਖਾਂ ਨੂੰ ਅਜੇ ਤਕ ਉਨ੍ਹਾਂ ਦੇ ਜਨਮ ਲੈਣ ਵਾਲੇ ਜਾਤੀ ਪਰਿਵਾਰਾਂ ਤੋਂ ਹੀ ਵਧੇਰੇ ਜਾਣਦੇ ਹਨ।,,,ਅਜਿਹੇ ਮਨੋਭਾਵਾਂ ਤੇ ਮਨੋਵਿਕਾਰਾਂ ਨੂੰ ਲੈ ਕੇ ਤੁਰਦੀਆਂ ਹਨ ਇਸ ਸੰਗ੍ਰਹਿ ਦੀਆਂ ਕਹਾਣੀਆਂ , ‘ਚੋਂ  ਬਿਹਤਰੀਨ ਕਹਾਣੀਆਂ ਅੱਧੇ ਅਧੂਰੇ, ਪੌੜੀ, ਜਿੰਨ ਹਨ। *26 ਪੰਨਾ ਨੰਬਰ 203

ਅਤਰਜੀਤ ਦੀ ਟਿੱਪਣੀ ਹੈ, ‘ਅੱਜ ਦੇ ਸੰਦਰਭ ਵਿਚ ਜਦੋਂ ਕਿ ਸਾਰੀਆਂ ਹੀ ਖੱਬੀਆਂ ਸੱਜੀਆਂ ਕਮਿਊਨਿਸਟ ਪਾਰਟੀਆਂ ਦੇ ਸੱਤੂ ਮੁੱਕ ਗਏ ਹਨ, ਸਮਾਜਵਾਦੀ ਇਨਕਲਾਬ ਦੀ ਫੌਜੀ ਸ਼ਕਤੀ ਪ੍ਰੋਲਤਾਰੀ ਜਮਾਤ ਨੂੰ ਇਨ੍ਹਾਂ ਖੱਬੀਆਂ ਧਿਰਾਂ ਨੇ ਹੌਲੀ ਹੌਲੀ ਆਪਣੇ ਹੱਥਾਂ ‘ਚੋਂ ਕੇਰ ਲਿਆ ਹੈ।  ,,,,,,। ਹੁਣ ਤੱਕ ਅਣਗੌਲੇ ਕੀਤੇ ਦਲਿਤ ਹਿੱਸਿਆਂ ਵਲ ਸਮਾਜ ਦਾ ਕੀ ਦ੍ਰਿਸ਼ਟੀਕੋਣ ਹੋਵੇ? ,,,,,। ਮੈਂ ਬਲ ਦੇ ਕੇ ਕਹਿ ਸਕਦਾ ਹਾਂ ਕਿ ਇਹ ਨਵ ਮਧ ਵਰਗ ਦਾ ਕੇਵਲ ਰਿਜਰਵੇਸ਼ਨ ਤਕ ਸੀਮਤ ਮਸਲਾ ਹੈ ਜਿਸ ਵਿੱਚ ਛੂਆ ਛੂਤਵਾਦ ਨੂੰ ਹੀ ਪੁਨਰ ਸੁਰਜੀਤ ਕਰਨ ਦੇ ਅਚੇਤ ਰੂਪ ਵਿਚ ਉਪਰਾਲੇ ਕੀਤੇ ਜਾ ਰਹੇ ਹਨ। ਲਾਲ ਸਿੰਘ ਸਾਡਾ ਬਹੁਤ ਹੀ ਪ੍ਰਤਿਭਾਵਾਨ ਕਹਾਣੀਕਾਰ ਹੈ। ਲਾਲ ਸਿੰਘ ਖੁਦ ਬਰਾਬਰੀ ਦੇ ਸਮਾਜ (ਸਾਂਝੀਵਾਲਤਾ) ਦੀ ਤੜਪ ਰੱਖਣ ਵਾਲਾ ਸੱਚਾ ਤੇ ਸੁਹਿਰਦ ਲੇਖਕ ਹੈ। ਲਾਲ ਸਿੰਘ ਨੇ ਕਹਾਣੀ ਵਿਚ ਜਾਤ ਪਾਤੀ ਪ੍ਰਬੰਧ ਦੇ ਸੰਵੇਦਨਸ਼ੀਲ ਮੁੱਦੇ ਨੂੰ ਬੜੇ ਹੀ ਸੂਖਮ ਅੰਦਾਜ਼ ਵਿੱਚ ਹੱਥ ਪਾਇਆ ਹੈ। *27 ਪੰਨਾ ਨੰਬਰ 207_208

ਸੁਰਜੀਤ ਗਿੱਲ ਦੀ ਟਿੱਪਣੀ ਹੈ, ‘ਲਾਲ ਸਿੰਘ ਆਪਣੀਆਂ ਕਹਾਣੀਆਂ ਵਿਚ ਦਲਿਤਾਂ ਤੇ ਦੱਬੇ ਕੁਚਲੇ ਲੋਕਾਂ ਦੀਆਂ ਪ੍ਰਸਥਿਤੀਆਂ ਨੂੰ ਵਰਨਣ ਕਰਦਾ ਹੈ। ਇਹਦੇ ਪਾਤਰ ਇਹਨਾਂ ਪ੍ਰਸਥਿਤੀਆਂ ਵਿਚ ਵਿਚਰਦੇ ਹਨ ਪਰੰਤੂ ਤੀਖਣ ਵਿਰੋਧ ਜਾਂ ਬਗਾਵਤ ਨਹੀਂ ਕਰਦੇ। ਇਸ ਤਰ੍ਹਾਂ ਇਹ ਕਹਾਣੀਆਂ ਕੇਵਲ ਵਰਨਣ ਹੀ ਰਹਿ ਜਾਂਦੀਆਂ ਹਨ। ਹਾਂ ਕੁੱਝ ਹੱਦ ਤੱਕ ਵਿਸ਼ਲੇਸ਼ਣ ਵੀ ਕਰਦੀਆਂ ਹਨ ਪਰੰਤੂ ਅੰਤ ਹਵਾ ਵਿੱਚ ਲਟਕਦਾ ਰਹਿ ਜਾਂਦਾ ਹੈ। ਲਾਲ ਸਿੰਘ ਆਪਣੀਆਂ ਕਹਾਣੀਆਂ ਵਿਚ ਨਾਵਲ ਦਾ ਮਸਲਾ ਤੂੜ ਕੇ ਭਰਦਾ ਹੈ। ਲਾਲ ਸਿੰਘ ਜਿੱਥੇ ਚੇਤਨ ਹੈ, ਪ੍ਰਸਥਿਤੀਆਂ ਵਿਚਲੇ ਵਿਰੋਧਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਦਲਿਤਾਂ ਤੇ ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਖੜਦਾ ਹੈ ਓਥੇ ਉਸ ਨੂੰ ਆਪਣੇ ਬਿਆਨ ਵਿੱਚ ਹੋਰ ਸਪੱਸ਼ਟਤਾ ਲਿਆਉਣ ਦੀ ਲੋੜ ਹੈ। * 28 ਪੰਨਾ ਨੰ 217 

/ ਗੜ੍ਹੀ ਬਖਸ਼ਾ ਸਿੰਘ/ ਕਹਾਣੀ ਸੰਗ੍ਰਹਿ ਦੀ ਰੀਵੀਊਕਾਰੀ ਡਾ. ਰਘਬੀਰ ਸਿੰਘ, ਡਾ.ਰਜਨੀਸ਼ ਬਹਾਦਰ ਸਿੰਘ, ਪ੍ਰੋ. ਪਿਆਰਾ ਸਿੰਘ ਭੋਗਲ, ਡਾ. ਭੁਪਿੰਦਰ ਕੌਰ, ਪ੍ਰੋ . ਜੇ. ਬੀ.ਸੇਖੋਂ, ਅਮਰਜੀਤ ਘੁੰਮਣ ਤੇ ਬਲਬੀਰ ਸਿੰਘ ਮੁਕੇਰੀਆਂ ਨੇ ਕੀਤੀ ਹੈ। ਇਹਨਾਂ ‘ਚੋਂ ਜੋ ਵਿਸ਼ੇਸ਼ ਨੁਕਤੇ ਹਨ :

ਡਾ. ਰਘਬੀਰ ਸਿੰਘ ਨੇ ਲਿਖਿਆ ਹੈ, ‘ਲਾਲ ਸਿੰਘ ਦੇ ਹਰ ਇਕ ਕਹਾਣੀ ਸੰਗ੍ਰਹਿ ਵਿਚ ਹੀ ਇਕ ਤੋਂ ਵੱਧ ਕਹਾਣੀਆਂ ਕਲਾਸੀਕਲ ਪੱਧਰ ਦੀਆਂ ਸਨ। ਜਿਵੇਂ _ ਛਿੰਝ, ਬਲੌਰ, ਧੁੱਪ ਛਾਂ, ਸੌਰੀ ਜਗਨ, ਅੱਧੇ ਅਧੂਰੇ ਆਦਿ। ਪਰ ਫਿਰ ਵੀ ਲੰਮੇ ਸਮੇਂ ਤਕ ਉਸ ਦੀ ਉਸ ਭਾਂਤ ਦੀ ਭਰਵੀਂ ਪ੍ਰਸ਼ੰਸਾਮਈ ਚਰਚਾ ਨਾ ਹੋਈ ਜੋ ਉਸ ਜਿੰਨੀ ਪ੍ਰਤਿਭਾ ਵਾਲੇ ਕਈ ਹੋਰ ਕਹਾਣੀਕਾਰਾਂ ਦੇ ਹਿੱਸੇ ਆਈ। ਸ਼ਾਇਦ ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਉਸ ਕੋਲ ਉਹ ਲੁਕਵੀਂ ਜੁਗਤ ਨਹੀਂ ਜੋ ਆਪਣੀ ਸਿਰਜਣਾਤਮਿਕਤਾ ਦੇ ਨਾਲ ਨਾਲ ਉਸ ਨੂੰ ਚਮਕਾ ਕੇ ਪੇਸ਼ ਕਰਨ ਲਈ ਵਧੇਰੇ ਸਫਲ ਲੇਖਕਾਂ ਵੱਲੋਂ ਅਕਸਰ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਉਸ ਨੇ ਬਹੁਤੀਆਂ ਹਾਲਤਾਂ ਵਿੱਚ ਆਪਣੇ ਆਪ ਨੂੰ ਸਿਰਜਣਾ ਤਕ ਮਹਿਦੂਦ ਰੱਖਿਆ ਅਤੇ ਇਹ ਗੱਲ ਪਾਠਕਾਂ ਆਲੋਚਕਾਂ ਉੱਤੇ ਛੱਡ ਰੱਖੀ ਕਿ ਉਹ ਉਸ ਦੀ ਰਚਨਾ ਨਾਲ ਕਿਵੇਂ ਨਜਿੱਠਦੇ ਹਨ। ਦੂਸਰਾ ਇਹ ਵੀ ਕਿ ਪਿਛਲੇ ਵਰਿੵਆਂ ਵਿੱਚ ਪ੍ਰਗਤੀਵਾਦੀ ਚੇਤਨਾ ਵਿਰੁੱਧ ਕੀਤੀ ਗਈ ਲਾਮਬੰਦੀ ਦੇ ਸਨਮੁੱਖ ਉਸ ਨੇ ਆਪਣੀ ਵਿਚਾਰਧਾਰਕ ਪ੍ਰਤੀਬੱਧਤਾ ਦਾ ਤਿਆਗ ਨਹੀਂ ਕੀਤਾ ਅਤੇ ਇੰਜ ਆਪਣੀ ਕਹਾਣੀ ਦੇ ਵਿਸ਼ੇ ਵਸਤੂ ਨੂੰ ਉਚੇਚ ਨਾਲ ਔਰਤ ਮਰਦ ਸਬੰਧਾਂ ਦੇ ਸਨਸਨੀਖੇਜ਼ ਪ੍ਰਗਟਾਅ ਦੇ ਦੁਆਲੇ ਨਹੀਂ ਘੁਮਾਇਆ। ਆਪਣੀ ਸਹਿਜ ਤੋਰ ਤੁਰਦਿਆਂ ਹੋਇਆ ਉਹ ਪ੍ਰਾਪਤ ਸਮਾਜਕ ਯਥਾਰਥ ਵਿੱਚ ਵਿਅਕਤੀ ਦੀ ਹੋਣੀ ਦੇ ਸਰੋਕਾਰਾਂ ਦੀ ਮਾਨਵਵਾਦੀ ਦ੍ਰਿਸ਼ਟੀ ਤੋਂ ਬਾਤ ਪਾਉਂਦਾ ਰਿਹਾ ਹੈ।  *29 ਪੰਨਾ ਨੰਬਰ 219

ਡਾ. ਰਜਨੀਸ਼ ਬਹਾਦਰ ਸਿੰਘ ਦੀ ਟਿੱਪਣੀ, ‘ਲਾਲ ਸਿੰਘ ਆਪਣੀ ਗਲਪੀ ਦ੍ਰਿਸ਼ਟੀ ਦੀ ਖੱਬੇ ਪੱਖੀ ਸੋਚ ਨੂੰ ਕਹਾਣੀਆਂ ਦੀ ਬਣਤਰ ਵਿਚੋਂ ਉਭਾਰਦਾ ਹੈ। ਉਹ ਪਾਤਰਾਂ ਦੀ ਸਥਿਤੀ ਨੂੰ ਘਟਨਾਵਾਂ ਦੇ ਤਰਕ ਵਿਚੋਂ ਉਭਾਰਦਾ ਹੈ। ਉਸ ਦੀਆਂ ਕਹਾਣੀਆਂ ਵਿਚ ਦੁਖਾਂਤ ਵਿਅਕਤੀ ਦੀ ਥਾਂ ਪ੍ਰਬੰਧ ਵਿਚ ਬਦਲ ਜਾਂਦਾ ਹੈ। ਅਜਿਹਾ ਕਰਦੇ ਹੋਏ ਉਹ ਬਿਰਤਾਂਤ ਪੈਟਰਨ ਅਤੇ ਵਸਤੂ ਸਥਿਤੀ ਦੀ ਡਾਇਲੈਕਟਸ ਨੂੰ ਮੁਹਾਰਤ ਨਾਲ ਉਭਾਰਦਾ ਹੈ। ਇਸ ਦੇ ਸਿੱਟੇ ਵਜੋਂ ਦ੍ਰਿਸ਼ਟੀ ਆਰੋਪਿਤ ਹੋਣ ਦੀ ਥਾਂ ਕਹਾਣੀ ਦੇ ਪਿੰਡੇ ਵਿਚੋਂ ਉਭਰਦੀ ਹੈ। ਇਹਨਾਂ ਕਹਾਣੀਆਂ ਨਾਲ ਉਸ ਦੀ ਸੋਚ ਦਾ ਘੇਰਾ ਆਰਥਿਕਤਾ ਦੀਆਂ ਸੀਮਾਵਾਂ ਲੰਘ ਕੇ ਹੋਰ ਉਹਨਾਂ ਸੂਤਰਾਂ ਨਾਲ ਜਾ ਜੁੜਦਾ ਹੈ ਜਿਹੜੇ ਮਨੁੱਖੀ ਵਿਹਾਰ ਨੂੰ ਪ੍ਰਭਾਵਿਤ ਕਰਦੇ ਹਨ। *30ਪੰਨਾ ਨੰ 230

ਡਾ. ਭੁਪਿੰਦਰ ਕੌਰ ਦਾ ਵਿਚਾਰ ਹੈ, ‘ਲਾਲ ਸਿੰਘ ਇਕ ਐਸਾ ਪ੍ਰਤੀਬੱਧ ਕਹਾਣੀਕਾਰ ਹੈ ਜੋ ਆਰੰਭ ਤੋਂ ਹੀ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਅਧੀਨ ਕਹਾਣੀ ਰਚਦਾ ਰਿਹਾ ਹੈ।,,,,,। ਅੱਜ ਗਲਪੀ ਸਾਹਿਤ ਵਿਚ ਪਾਤਰ ਚਿਤਰਣ ਨੂੰ ਜਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ।…। ਚੇਤੰਨ ਕਹਾਣੀਕਾਰ ਪਾਤਰ ਉਪਰ ਵਧੇਰੇ ਜੋਰ ਦਿੰਦੇ ਹਨ। ਉਹ ਘਟਨਾਵਾਂ ਤੋਂ ਪ੍ਰਭਾਵਿਤ ਮਾਨਸਿਕਤਾ ਦੀ ਗੱਲ ਕਰਦੇ ਹਨ।…। ਲਾਲ ਸਿੰਘ ਨੇ ਗੜ੍ਹੀ ਬਖਸ਼ਾ ਸਿੰਘ ਦੇ ਪਾਤਰਾਂ ਦੀ ਮਾਨਸਿਕ ਅਵਸਥਾ ਨੂੰ ਬੜੀ ਹੀ ਬਾਰੀਕਬੀਨੀ ਨਾਲ ਸਿਰਜਿਆ ਹੈ।,,,,,। ਲਾਲ ਸਿੰਘ ਪਾਤਰ ਯਥਾਰਥਕ ਹਨ ਇਸ ਲਈ ਪ੍ਰਸਥਿਤੀਆਂ ਅਨੁਸਾਰ ਉਹ ਬਦਲਦੇ ਰਹਿੰਦੇ ਹਨ। ਇਨ੍ਹਾਂ ਪਾਤਰਾਂ ਦਾ ਵਿਕਾਸ ਸਮਾਜਿਕ ਵਿਰੋਧਾਂ ਵਿਚੋਂ ਹੋਇਆ ਹੈ। ਲਾਲ ਸਿੰਘ ਨੇ ਵਿਅੰਗ ਵਿਧੀ ਤੋਂ ਲੈ ਕੇ ਵਰਣਨ ਵਿਧੀ ਦੀ ਵਰਤੋਂ ਨਾਲ ਇਨ੍ਹਾਂ ਪਾਤਰਾਂ ਦੀ ਸਿਰਜਣਾ ਕੀਤੀ ਹੈ। *31ਪੰਨਾ ਨੰ 233_238

ਪ੍ਰੋ . ਜੇ. ਬੀ. ਸੇਖੋਂ ਲਿਖਦੇ ਹਨ, ‘ਗੜ੍ਹੀ ਬਖਸ਼ਾ ਸਿੰਘ ਵਿਚ 6ਕਹਾਣੀਆਂ ਹਨ ਜਿਨ੍ਹਾਂ ਦਾ ਕੇਂਦਰੀ ਮੇਰੂਦੰਡ ਹਾਸ਼ੀਅਤ ਜਾਤਾਂ/ਜਮਾਤਾਂ/ਲੋਕ ਲਹਿਰਾਂ ਦਾ ਨਿਵੇਕਲੀਆਂ ਕਥਾ ਜੁਗਤਾਂ ਨਾਲ ਪੇਸ਼ਕਾਰੀ ਕਰਨਾ ਹੈ। ਲੇਖਕ ਵਿਚਾਰਧਾਰਕ ਤੌਰ ਉੱਤੇ ਮਾਰਕਸਵਾਦੀ ਚਿੰਤਨ ਨਾਲ ਜੁੜਿਆ ਹੋਇਆ ਹੈ ਪਰ ਜਮਾਤੀ ਜੱਦੋਜਹਿਦ ਦੇ ਪਰੰਪਰਾਗਤ ਮਾਡਲ ਨਾਲ ਉਸ ਦੀ ਕੋਈ ਸਾਂਝ ਨਹੀਂ ਜਾਪਦੀ। ਉਹ ਪੰਜਾਬੀ ਸਮਾਜਕ ਸੰਰਚਨਾ ਦੀਆਂ ਜਾਤੀ, ਧਾਰਮਿਕ, ਜਮਾਤੀ ਪਰਤਾਂ ਦੇ ਅੰਗ ਸੰਗ ਰਹਿ ਕੇ ਇਕ ਅਜਿਹੀ ਵਿਚਾਰਧਾਰਕ ਲੜਾਈ ਦਾ ਅਲੰਬਰਦਾਰ ਬਣਦਾ ਹੈ। ,,,। ਬਿਰਤਾਂਤਕ ਜੁਗਤਾਂ ਪੱਖੋਂ ਵੀ ਲਾਲ ਸਿੰਘ ਦਾ ਕਥਾ ਸੰਸਾਰ,  ਬੌਧਿਕ ਪੱਖੋਂ ਨਿੱਗਰ ਪਾਠਕਾਂ ਦੀ ਮੰਗ ਕਰਦਾ ਹੈ, ਕਿਤੇ ਟੁਟਵੇਂ ਬਿਰਤਾਂਤ ਖੇਡ, ਕਿਤੇ ਪਾਤਰਾਂ ਦੀ ਨੀਮ ਬੇਹੋਸ਼ੀ ਵਾਲੀ ਅਵਸਥਾ, ਕਿਤੇ ਉਪ ਬਿਰਤਾਂਤਾਂ ਦੀ ਮੁਖ ਬਿਰਤਾਂਤ ਦੇ ਸਮਾਨਅੰਤਰ ਪ੍ਰਤੀਕਮੁਖੀ ਚਾਲ, ਕਿਤੇ ਕਥਾ ਪ੍ਰਸਥਿਤੀਆਂ ਦੀ ਗਣਿਤ ਸ਼ਾਸ਼ਤਰੀ ਸੰਘਣਤਾ ਅਤੇ ਹਰ ਦੁਆਬੀ ਅਤੇ ਵਿਅਕਤੀਵਾਦੀ ਭਾਸ਼ਾ ਜਰੀਏ ਪਾਤਰਾਂ ਦੀ ਝੂਲਦੀ ਮਾਨਸਿਕਤਾ ਹੂ ਬ ਹੂ ਚਿਤਰਨੀ,  ਇਹ ਉਸ ਦੀ ਕਹਾਣੀ ਦੇ ਆਭਾਮਈ ਸੁਹਜ ਸ਼ਾਸ਼ਤਰ ਘੜਨ ਵਾਲੇ ਪਹਿਲੂ ਹਨ।*32 ਪੰਨਾ ਨੰਬਰ 240 

ਕਹਾਣੀ ਸੰਗ੍ਰਹਿ/ ਸੰਸਾਰ/ ਦੀ ਰੀਵੀਊਕਾਰੀ ਵਿੱਚ ਸ਼ਾਮਿਲ ਸਾਹਿਤਕਾਰ ਇਹ ਹਨ _ ਡਾ. ਸੁਰਜੀਤ ਬਰਾੜ, ਪ੍ਰੋ. ਹਰਜਿੰਦਰ ਸਿੰਘ ਅਟਵਾਲ , ਡਾ. ਭੁਪਿੰਦਰ ਕੌਰ, ਡਾ. ਭੀਮ ਇੰਦਰ ਸਿੰਘ, ਪ੍ਰੋ. ਜੇ.ਬੀ. ਸੇਖੋਂ, ਮੱਖਣ ਕੁਹਾੜ, ਡਾ. ਦਰਿਆ_ਸੰਦੀਪ ਕੌਰ, ਜਸਦੇਵ ਸਿੰਘ ਲਲਤੋਂ, ਡਾ. ਸਰਬਜੀਤ ਕੌਰ ਸੰਧਾਵਾਲੀਆ, ਬਲਵੀਰ ਮੰਨਣ ਹਨ। ਇਹਨਾਂ ਦੀਆਂ ਲਿਖਤਾਂ ਵਿਚੋਂ ਕੁਝ ਕੁ ਵਿਸ਼ੇਸ਼ ਵਿਚਾਰ :

ਡਾ. ਸੁਰਜੀਤ ਬਰਾੜ  ਦੇ ਵਿਚਾਰਾਂ ‘ਚੋਂ, ‘ਲਾਲ ਸਿੰਘ ਦੇ ਨਿਰੰਤਰ ਲਿਖਣ ਦਾ  ਇਕ ਹੋਰ ਕਾਰਨ ਵੀ ਸਪੱਸ਼ਟ ਹੈ। ਉਸ ਦਾ ਅਧਿਆਪਕ ਲਹਿਰਾਂ ਵਿਚ ਰੁਲ ਰਿਹਾ ਹੈ। ਉਹ ਅੱਜ ਵੀ ਵਿਭਿੰਨ ਟਰੇਡ ਅਤੇ ਅਵਾਮੀ ਜਥੇਬੰਦੀਆਂ ਵੱਲੋਂ ਲੜੇ ਜਾਂਦੇ ਸੰਘਰਸ਼ਾਂ ਦਾ ਸਮਰਥਕ ਹੈ। ਲਾਲ ਸਿੰਘ ਬਾਰੇ ਪਤਾ ਨਹੀਂ ਲੇਖਕਾਂ ਜਾਂ ਆਲੋਚਕਾਂ ਦੀ ਧਾਰਨਾ ਕੀ ਹੈ, ਪਰ ਮੇਰੀ ਸਮਝ ਵਿਚ ਉਹ ਐਲਾਨੀਆਂ ਮਾਰਕਸਵਾਦੀ ਹੈ, ਸਮਾਜਵਾਦ ਚਾਹੁੰਦਾ ਹੈ। ਅਸੀਂ ਉਸ ਦੇ ਸਮੁੱਚੇ ਕਹਾਣੀ ਜਗਤ ਨੂੰ ਪੜ੍ਹ ਵਾਚ ਕੇ ਇਸ ਕਿਸਮ ਦਾ ਸਿੱਟਾ ਸਹਿਜੇ ਕੱਢ ਸਕਦੇ ਹਾਂ। *33 ਪੰਨਾ ਨੰਬਰ 249

ਡਾ. ਭੁਪਿੰਦਰ ਕੌਰ ਦੀ ਟਿੱਪਣੀ ਹੈ, ‘ਲਾਲ ਸਿੰਘ ਦੇ ਪਾਤਰ ਜਿੱਥੇ ਇਕ ਵਰਗ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਹਨ ਉੱਥੇ ਉਨ੍ਹਾਂ ਦੀ ਆਪਣੀ ਵਿਅਕਤੀਗਤ ਹੋਂਦ ਵੀ ਕਾਇਮ ਰਹਿੰਦੀ ਹੈ। ਪਾਤਰਾਂ ਦੀ ਬਾਹਰੀ ਬਣਤਰ ਦੇ ਨਾਲ ਨਾਲ ਉਨ੍ਹਾਂ ਦੀ ਮਾਨਸਿਕਤਾ ਵਿੱਚ ਡੂੰਘਿਆਂ ਜਾ ਕੇ ਨਵੇਂ ਸੰਸਾਰ ਦੀ ਸਿਰਜਣਾ ਵੀ ਕਰਦਾ ਹੈ। *34 ਪੰਨਾ ਨੰਬਰ 277

ਡਾ. ਭੀਮ ਇੰਦਰ ਸਿੰਘ ਲਿਖਦੇ ਹਨ, ‘ਲਾਲ ਸਿੰਘ ਦੇ ਕਹਾਣੀ ਸੰਗ੍ਰਹਿ/ ਸੰਸਾਰ/ ਵਿੱਚ ਅੱਜ ਦੇ ਵਿਸ਼ਵੀਕਰਨ ਦੇ ਦੌਰ ਵਿਚਲਾ ਵਿਅਕਤੀ ਅਤੇ ਉਸ ਦੇ ਸਮਾਜਿਕ ਸੰਸਾਰ ਵਿਚਕਾਰ ਪੈਦਾ ਹੋ ਚੁੱਕੇ ਨਵੇਂ ਟਕਰਾਓ ਦੇ ਚਿਹਨ ਉਜਾਗਰ ਹੁੰਦੇ ਹਨ। ਇਨ੍ਹਾਂ ਟਕਰਾਵਾਂ ਵਿੱਚ ਮਨੁੱਖੀ ਰਿਸ਼ਤਿਆਂ ਦੇ ਸੁਹਜ ਦੀ ਤਬਾਹੀ ਦੇ ਨਾਲ ਨਾਲ ਜੀਵਨ ਦੀ ਟੁੱਟ ਭੱਜ ਨਾਲ ਸਮਝੌਤਾਵਾਦੀ ਰੁਖ ਅਖਤਿਆਰ ਕਰ ਲੈਣ ਦੀ ਉਦਾਸੀ ਵੀ ਉਜਾਗਰ ਹੁੰਦੀ ਹੈ। ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਸਾਡੇ ਸਮਾਜ ਵਿੱਚ ਅਗਿਆਨਤਾ ਦੀ ਸੰਘਣੀ ਧੁੰਦ ਤੋਂ ਖਹਿੜਾ ਛੁਡਾ ਕੇ ਨਵੇਂ ਦਿਸਹੱਦਿਆਂ ਵੱਲ ਵਧਣਾ ਚਾਹੁੰਦੇ ਹਨ।  ਸੰਘਣੀਆਂ ਬਿਰਤਾਂਤਕ ਜੁਗਤਾਂ ਰਾਹੀਂ ਸਿਰਜੀਆਂ ਵੱਖ-ਵੱਖ ਗਾਲਪਨਿਕ ਘਟਨਾਵਾਂ ਦੀ ਪ੍ਰਗਤੀਸ਼ੀਲ ਕਥਾ ਦ੍ਰਿਸ਼ਟੀ ਇਨ੍ਹਾਂ ਕਹਾਣੀਆਂ ਨੂੰ ਪੰਜਾਬੀ ਵਿੱਚ ਰਚੀ ਜਾਣ ਵਾਲੀ ਕਹਾਣੀ ਤੋਂ ਨਿਵੇਕਲਾ ਤੇ ਵੱਖਰਾ ਬਣਾਉਂਦੀ ਹੈ। ਇਸ ਸੰਗ੍ਰਹਿ ਵਿਚਲੀਆਂ ਸਾਰੀਆਂ ਕਹਾਣੀਆਂ ਕਠੋਰ ਆਰਥਿਕ, ਸਮਾਜਿਕ ਤੇ ਸਭਿਆਚਾਰਕ ਪ੍ਰਸਥਿਤੀਆਂ ਪਿੱਛੇ ਸਾਡੀ ਅਸਾਵੀ ਆਰਥਿਕਤਾ, ਜਮਾਤੀ ਵੰਡ, ਜਾਤੀ ਵਖਰੇਵੇਂ, ਇਨਕਲਾਬੀ ਵਿਰਾਸਤ ਆਦਿ ਦੀ ਤਾਣੀ ਵਿਖਾਈ ਦਿੰਦੀ ਹੈ। ਕਹਾਣੀਆਂ ਵਿਚਲੇ ਕੁਝ ਪ੍ਰਗਤੀਸ਼ੀਲ ਪਾਤਰ ਇਨ੍ਹਾਂ ਪ੍ਰਸਥਿਤੀਆਂ ਤੋਂ ਚੇਤੰਨ ਹੋ ਕੇ ਆਪਣੇ ਚਿੰਤਨ ਤੇ ਕਰਮ ਰਾਹੀਂ ਸਮਾਜ ਨੂੰ ਬਦਲਣ ਦਾ ਯਤਨ ਵੀ ਕਰਦੇ ਹਨ। ਬੇਕਿਰਕ ਪ੍ਰਸਥਿਤੀਆਂ ਦੀ ਜਕੜ ਅਤੇ ਇਸ ਜਕੜ ਵਿਚੋਂ ਨਿਕਲਣ ਲਈ ਅਗਾਂਹਵਧੂ ਸੋਚ ਨੂੰ  ਲਾਲ ਸਿੰਘ ਆਪਣੀਆਂ ਕਹਾਣੀਆਂ ਵਿਚ ਵੱਖ-ਵੱਖ ਘਟਨਾਵਾਂ, ਪਾਤਰਾਂ ਅਤੇ ਸ਼ਬਦ ਚਿੱਤਰਾਂ ਰਾਹੀਂ ਪ੍ਰਗਟ ਕਰਨ ਦਾ ਯਤਨ ਕਰਦਾ ਹੈ। * 35 ਪੰਨਾ ਨੰਬਰ 279_280

ਪ੍ਰੋ. ਜੇ.ਬੀ. ਸੇਖੋਂ ਦੇ ਵਿਚਾਰ ਹਨ, ‘ਲਾਲ ਸਿੰਘ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ। ਚੌਥੇ ਪੜਾਅ ਦੀ ਕਹਾਣੀ ਨੂੰ ਵਸਤੂ, ਰੂਪ ਅਤੇ ਦ੍ਰਿਸ਼ਟੀ ਪੱਖੋਂ ਨਵਾਂਪਣ ਦੇਣ ਵਿੱਚ ਕਹਾਣੀ ਦੇ ਆਲੋਚਕਾਂ ਵੱਲੋਂ ਨੌਜਵਾਨ ਕਥਾਕਾਰਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਲਾਲ ਸਿੰਘ ਪ੍ਰੋੜ੍ਹ ਕਥਾਕਾਰ ਹੈ ਪਰ ਉਸ ਦੀ ਕਥਾ ਚੇਤਨਾ ਵਿੱਚ ਉਹ ਸਭ ਕੁਝ ਹੈ ਜੋ ਕਿ ਚੌਥੇ ਪੜਾਅ ਦੇ ਨੌਜਵਾਨ ਕਹਾਣੀਕਾਰਾਂ ਦੀਆਂ ਰਚਨਾਵਾਂ ਵਿੱਚ ਮੌਜੂਦ ਹੈ। ਲਾਲ ਸਿੰਘ ਦੀ ਕਥਾਕਾਰੀ ਜਟਿਲ ਬਿਰਤਾਂਤਕ ਬਣਤਰ ਵਾਲੀ ਹੈ ਜਿਸ ਵਿਚੋਂ ਸਮਾਜਿਕ ਯਥਾਰਥ ਦੀਆਂ ਬਹੁਪਾਸਾਰੀ ਧੁਨੀਆਂ ਵਿੲਫੋਟਤ ਹੋ ਰਹੀਆਂ ਹਨ। ਉਸ ਦੀ ਬਿਰਤਾਂਤ ਦ੍ਰਿਸ਼ਟੀ ਮਾਰਕਸੀ ਵਿਚਾਰਧਾਰਾ ਦੇ ਰਚਨਾਤਮਿਕ ਰੂਪ ਵਾਲੀ ਹੈ। ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦ੍ਰਿਸ਼ਟੀ ਦਾ ਪੂਜਕ ਨਹੀਂ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿੱਚ ਲੋਕ ਹਿਤੂ ਸਿਧਾਂਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜਰੀਏ ਤੋਂ ਪ੍ਰਸਤੁਤ ਕਰਨ ਵਾਲਾ ਲੇਖਕ ਹੈ। ਪੂੰਜੀਵਾਦੀ ਵਿਸ਼ਵੀਕਰਨ ਜਿਸ ਕਿਸਮ ਦੇ ਸੰਕਟ ਲੈ ਕੇ ਪੰਜਾਬੀ ਸਭਿਆਚਾਰ ਵਿੱਚ ਦਾਖਿਲ ਹੁੰਦਾ ਹੈ ਇਸ ਵਰਤਾਰੇ ਨੂੰ ਸਮਕਾਲੀ ਕਹਾਣੀ ਵਿਚ ਲਾਲ ਸਿੰਘ ਵਰਗੇ ਕਥਾਕਾਰ ਚਿੰਤਨ ਦੀ ਪੱਧਰ ‘ਤੇ  ਜਾ ਕੇ ਪ੍ਰਸਤੁਤ ਕਰਦੇ ਹਨ।

1990 ਤੋਂ ਬਾਅਦ ਸਮਾਜਵਾਦੀ ਬਲਾਕ ਦੇ ਟੁੱਟਣ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਫੈਲਾਅ, ਸੂਚਨਾ ਸੰਚਾਰ ਸਾਧਨਾਂ ਦੀ ਬਹੁਤਾਤ ਅਤੇ ਉਪਭੋਗੀ ਸਭਿਆਚਾਰ ਦੇ ਪ੍ਰਚਲਨ ਨਾਲ ਜਿਸ ਤਰ੍ਹਾਂ ਸੰਘਰਸ਼ ਦੀ ਰੂੜ੍ਹੀ ਅਤੇ ਨਾਇਕ ਕੇਂਦਰਿਤ ਕਥਾਕਾਰੀ ਕਹਾਣੀ ਦੇ ਦ੍ਰਿਸ਼ ਵਿਚੋਂ ਲੋਪ ਹੁੰਦੀ ਹੈ ਉਸ ਦਾ ਪ੍ਰਗਟਾਵਾ  ਲਾਲ ਸਿੰਘ ਦੀਆਂ ਕਹਾਣੀਆਂ ਅੰਦਰ ਦਰਜ ਹੈ। ਬਾਕੀ ਕਥਾਕਾਰਾਂ ਤੋਂ ਉਸ ਦੀ ਭਿੰਨਤਾ ਹੈ ਕਿ ਉਹ ਪੰਜਾਬ ਦੇ ਜੁਝਾਰੂ ਮਾਦੇ ਵਾਲੇ ਸਭਿਆਚਾਰਕ ਅਤੇ ਇਤਿਹਾਸਕ ਪਿਛੋਕੜ ਦੀ ਸਮਝ ਰੱਖਦਾ ਇਸ ਦੀ ਸਦੀਵੀ ਪ੍ਰਸੰਗਿਕਤਾ ਦਾ ਅਹਿਸਾਸ ਵੀ ਕਰਵਾਉਂਦਾ ਹੈ। ਇਸੇ ਕਰਕੇ ਉਹ ਆਪਣੀ ਮਾਰਕਸੀ ਕਥਾ ਦ੍ਰਿਸ਼ਟੀ ਨੂੰ ਕਿਸੇ ਮਕੈਨੀਕਲ ਸਿਧਾਂਤਕਾਰੀ ਦੀ ਜਕੜ ਨਾਲੋਂ ਇਸ ਦੀ ਲੋਕ ਪੱਖੀ ਭੂਮਿਕਾ ਨੂੰ ਆਪਣੇ ਇਤਿਹਾਸ ਦੇ ਪ੍ਰੇਰਨਾਦਾਇਕ ਨਾਇਕਾਂ, ਘਟਨਾਵਾਂ ਅਤੇ ਵਰਤਾਰਿਆਂ ਨਾਲ ਮੇਲ ਜੋੜ ਕੇ ਪ੍ਰਸਾਰਦਾ  ਹੈ।* 36 ਪੰਨਾ ਨੰ 286_287

ਪ੍ਰਗਤੀਵਾਦ ਇਕ ਰਾਜਨੀਤਕ ਤੇ ਸਮਾਜਿਕ ਦਰਸ਼ਨ ਹੈ। ਇਸ ਦਰਸ਼ਨ ਨਾਲ ਸਾਹਿਤ ਦੇ ਸੰਬੰਧਾਂ ਨੂੰ ਵੀ ਸਮਝਣ ਦੀ ਲੋੜ ਹੈ।  ‘ ਸਾਹਿਤ ਤੇ ਰਾਜਨੀਤੀ ਅਸਲ ਵਿਚ ਇਕ ਸੰਗਲੀ ਦੀਆਂ ਦੋ ਕੜੀਆਂ ਹਨ। ਇਹ ਇਕ ਦੂਜੇ ਦੇ ਵਿਕਾਸ ਵਿੱਚ ਸਹਾਇਕ ਹੁੰਦੀਆਂ ਤੇ ਸਦਾ ਹੀ ਇਕ ਦੂਜੇ ਨੂੰ ਪ੍ਰਭਾਵਤ ਕਰਦੀਆਂ ਹਨ। ਇਸ ਤਰ੍ਹਾਂ ਇਹ ਸਮਾਜ ਨੂੰ ਮਾਨਸਿਕ ਤੇ ਬੌਧਿਕ ਤੌਰ ਉੱਤੇ ਪ੍ਰਭਾਵਤ ਕਰਦੀਆਂ ਹਨ ਅਤੇ ਸਿਫਤੀ ਤਬਦੀਲੀ ਲਈ ਤਿਆਰ ਕਰਦੀਆਂ ਹਨ। ਇਸ ਤਬਦੀਲੀ ਤੋਂ ਫਿਰ ਆਪ ਪ੍ਰਭਾਵਤ ਹੁੰਦੀਆਂ ਹਨ ਅਤੇ ਆਪ ਵੀ ਤਬਦੀਲ ਹੁੰਦੀਆਂ ਰਹਿੰਦੀਆਂ ਹਨ। *37 ਪੰਨਾ ਨੰ 9 ‘ ਸਾਹਿਤ ਤੇ ਰਾਜਨੀਤੀ ‘ ਪੁਸਤਕ ਮਾਰਕਸਵਾਦ ਤੇ ਸਾਹਿਤ 
              
ਕਹਾਣੀਕਾਰ ਲਾਲ ਸਿੰਘ ਵਿਚਾਰਧਾਰਾ ਤੇ ਬਿਰਤਾਂਤ ਪੁਸਤਕ ਦੇ ਸੰਪਾਦਕ ਡਾ. ਕਰਮਜੀਤ ਸਿੰਘ ਆਪਣੀ ਸੰਪਾਦਕੀ ਦਾ ਸਿਰਲੇਖ ‘ਲਾਲ ਸਿੰਘ ਦਾ ਵਿਚਾਰਧਾਈ ਦ੍ਰਿਸ਼ਟੀਕੋਣ’ ਰੱਖਿਆ ਹੈ  ਵੀ ਪੜਚੋਲ ਕਰਨਯੋਗ ਹੈ।  ਡਾ. ਕਰਮਜੀਤ ਸਿੰਘ ਦੀ ਇਕ ਟਿੱਪਣੀ ਗੌਰਤਲਬ ਹੈ, ‘ਲਾਲ ਸਿੰਘ ਦੀ ਕਹਾਣੀ ਨੂੰ ਸਮਝਣ ਲਈ ਪਿਆਰਾ ਸਿੰਘ ਤੇ ਡਾ. ਸੁਰਜੀਤ ਬਰਾੜ ਨੇ ਡਾਇਲੈਕਟੀਕਲ ਵਿਧੀ ਵਰਤੀ ਹੈ। ਭੋਗਲ ਮਕੈਨੀਕਲ ਪਹੁੰਚ ਅਪਣਾਉਂਦਾ ਹੈ। ਦੋਨੋਂ ਇਸ ਸਿਧਾਂਤ ਦੇ ਤੱਤਾਂ ਨੂੰ ਲਾਲ ਸਿੰਘ ਦੀ ਕਹਾਣੀ ‘ਤੇ ਲਾਗੂ ਕਰ ਦਿੰਦੇ ਹਨ, ਪਰ ਕਹਾਣੀ ਦੀ ਸਮੁੱਚਤਾ ਕਿਤੇ ਗੁੰਮ ਗੁਆਚ ਜਾਂਦੀ ਹੈ।  ਸੁਰਜੀਤ ਬਰਾੜ ਲੰਮੀ ਚੌੜੀ ਭੂਮਿਕਾ ਸਿਰਜਦਾ ਹੈ ਤੇ ਆਪਣੇ ਸਿਰਜੇ ਚੌਖਟੇ ਦੇ ਆਧਾਰ ਉੱਤੇ ਕਹਾਣੀ ਵਸਤੂ ਦੀ ਪਛਾਣ ਕਰਦਾ ਹੈ। ਕਿਤੇ ਕਿਤੇ ਉਸ ਨੂੰ ਕੁਝ ਫਾਲਤੂ ਵੀ ਲੱਗਦਾ ਹੈ, ਪਰ ਮੋਟੇ ਤੌਰ ਉੱਤੇ ਕਹਾਣੀਕਾਰ ਤੇ ਆਲੋਚਕ ਇਕੋ ਧਰਾਤਲ ਉੱਤੇ ਵਿਚਰਦੇ ਹਨ। *38 ਪੰਨਾ ਨੰ 8

ਦੂਜੀ ਟਿੱਪਣੀ, ‘ਪੰਜਾਬੀ ਆਲੋਚਨਾ ਦਾ ਸੰਕਟ ਇਹ ਬਣਿਆ ਕਿ ਸੋਵੀਅਤ ਯੂਨੀਅਨ ਦੇ ਵਿਗਠਨ ਤੋਂ ਬਾਅਦ ਕੱਚੇ ਪੱਕੇ ਆਲੋਚਕਾਂ ਮਾਰਕਸਵਾਦ ਜਿੰਨਾਂ ਕੁ ਵੀ ਪੜ੍ਹਦੇ ਸੀ, ਉਸ ਦਾ ਵੀ ਤਿਆਗ ਕਰ ਦਿੱਤਾ ਅਤੇ ਉਸ ਰਾਹੀਂ ਜਿਹੜੇ ਹੋਰ ਦਰਸ਼ਨਾਂ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਹੁੰਦਾ ਸੀ ਉਹ ਵੀ ਜਾਂਦੇ ਲੱਗੇ ਤੇ ਆਲੋਚਨਾ ਰਹਿ ਗਈ ਅਕਾਦਮਿਕ ਦ੍ਰਿਸ਼ਟੀ ਤੇ ਫਿਲਾਸਫੀ ਵਿਹੀਣ ਆਲੋਚਨਾ। *39 ਪੰਨਾ ਨੰਬਰ 9

ਕਹਾਣੀਕਾਰ ਲਾਲ ਸਿੰਘ ਦਾ ਬਿਆਨ, “ਪ੍ਰਗਤੀਸ਼ੀਲ _ ਪ੍ਰਗਤੀਵਾਦ ਵਰਗੇ ਸੰਕਲਪ ਤਾਂ ਅੱਜ ਦੀ ਕਹਾਣੀ ਨੇ ਜਿਵੇਂ ਕਿਸੇ ਡੂੰਘੀ ਕਬਰ ਅੰਦਰ ਦਫਨਾ ਦਿੱਤੇ ਹੋਣ। ਪਰ ਮੇਰੀ ਕਹਾਣੀ ਲਿਖਤ ਨੂੰ ਅਜੇ ਤਕ ਵੀ ਇਹ ਦੋਨੋਂ ਸੰਕਲਪ ਕਿਸੇ ਵੀ ਤਰ੍ਹਾਂ ਬੀਤ ਚੁੱਕੇ ਸਮੇਂ ਦੀ ਦਾਸਤਾਨ ਨਹੀਂ ਜਾਪਦੇ।” * 40 ਪੰਨਾ ਨੰ  ਕਹਾਣੀ ਸੰਗ੍ਰਹਿ/ ਸੰਸਾਰ (2017 ) / ਦਾ 147

ਜਸਬੀਰ ਕਲਸੀ ਧਰਮਕੋਟ

ਡਾ. ਕਰਮਜੀਤ ਸਿੰਘ ਦੀ ਇਕ ਹੋਰ ਟਿੱਪਣੀ ਹੈ, ‘ਲਾਲ ਸਿੰਘ ਜੋ ਪ੍ਰਗਤੀਸ਼ੀਲ_ ਪ੍ਰਗਤੀਵਾਦ ਨੂੰ ਬੀਤ ਚੁੱਕੇ ਦੀ ਬਾਤ ਨਹੀਂ ਮੰਨਦਾ ਤਾਂ ਉਸ ਦੀ ਕਹਾਣੀ ਨੂੰ ਸਮਝਣ ਲਈ ਉਪਰੋਕਤ ਦਾਰਸ਼ਨਿਕ ਆਧਾਰ ਸਮਝਣੇ ਜਰੂਰੀ ਹਨ। ਵਿਸ਼ਵ ਪੱਧਰ ਉੱਤੇ ਚਾਹੇ ਵਿਖੰਡਨਵਾਦੀ ਦੇਰੀਦਾਹੋਵੇ, ਭਾਵੇਂ ਜੇਮਸਨ ਹੋਵੇ, ਮਨੋਵਿਗਿਆਨੀ ਜਾਂ ਸੰਰਚਨਾਵਾਦੀ ਹੋਣ ਉਨਾਂ ਸਾਰਿਆਂ ਨੇ ਮਾਰਕਸਵਾਦ ਦਾ ਅਧਿਐਨ ਸਿਰਜਣਾਤਮਿਕ ਪੱਧਰ ਉੱਤੇ ਆਪਣੇ ਸਿਧਾਤਾਂ ਨੂੰ ਸਿਰਜਿਆ। ਪਰ ਸਾਡੇ ਆਲੋਚਕ ਇਸ ਸਭ ਦਾ ਤਿਆਗ ਕਰਕੇ ਮੌਲਿਕ ਬਣਨ ਦੇ ਚੱਕਰ ਵਿਚ ਸਭ ਕੁਝ ਗੁਆ ਚੁੱਕੇ ਹਨ।  ਇਹ ਲੰਮੀ ਬਹਿਸ ਹੈ ਜੇ ਕੋਈ ਅਗਾਂਹ ਤੋਰੇ। *41  ਪੰਨਾ ਨੰਬਰ 9

ਸੋ, ਅੰਤ ਵਿਚ ਕਹਾਣੀਕਾਰ ਲਾਲ ਸਿੰਘ ਦੇ ਕਹਾਣੀ ਸਫਰ ਦੇ 1980_81 ਤੋਂ  ਲੈ ਕੇ 2020_21 ਤਕ 40 ਵਰਿੵਅਾਂ ਦੇ ਅਰਸੇ ਦੌਰਾਨ ਭਾਰਤੀ ਪੰਜਾਬ ਦੀ ਪੰਜਾਬੀ ਕਹਾਣੀ ਸਾਹਿਤ ਸੰਸਾਰ ਅੰਦਰ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਰਚਨਾ ਦ੍ਰਿਸ਼ਟੀ ਨੂੰ ਸਮਝਣ ਲਈ ਪੁਸਤਕ/ ਕਹਾਣੀਕਾਰ ਲਾਲ ਸਿੰਘ ਵਿਚਾਰਧਾਰਾ ਤੇ ਬਿਰਤਾਂਤ/ ਬਹੁਤ ਮਹੱਤਵਪੂਰਨ ਪੁਸਤਕ ਹੈ। ਜਿਸ ਦੇ ਅਧਿਐਨ ਰਾਹੀਂ ਜਾਣਕਾਰੀ ਹਾਸਲ ਹੁੰਦੀ ਹੈ ਕਿ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਰਚਨਾ ਦ੍ਰਿਸ਼ਟੀ ਦਾ ਨਾਮਕਰਣ ਜੋ ਬਣਦਾ ਹੈ ਦੇ ਬਾਰੇ ਪ੍ਰੋ. ਜੇ.ਬੀ. ਸੇਖੋਂ ਦੇ ਵਿਚਾਰਾਂ ਅੰਦਰ ਇਕ ਵਾਕ  ‘ਮਾਰਕਸੀ ਕਥਾ ਦ੍ਰਿਸ਼ਟੀ’ ਆਇਆ ਹੈ, ਇਹ ਬਿਲਕੁਲ ਸਹੀ ਨਾਂ ਹੈ। 

ਤੇ ਦੂਜਾ ਨੁਕਤਾ ਹੈ ਡਾ. ਕਰਮਜੀਤ ਸਿੰਘ ਦੇ ਸ਼ਬਦਾਂ ਵਿੱਚ, ‘ਲਾਲ ਸਿੰਘ ਜੋ ਪ੍ਰਗਤੀਸ਼ੀਲ_ ਪ੍ਰਗਤੀਵਾਦ ਨੂੰ ਬੀਤ ਚੁੱਕੇ ਦੀ ਬਾਤ ਨਹੀਂ ਮੰਨਦਾ ਤਾਂ ਉਸ ਦੀ ਕਹਾਣੀ ਨੂੰ ਸਮਝਣ ਲਈ ਉਪਰੋਕਤ ਦਾਰਸ਼ਨਿਕ ਆਧਾਰ ਸਮਝਣੇ ਜਰੂਰੀ ਹਨ। ਵਿਸ਼ਵ ਪੱਧਰ ਉੱਤੇ ਚਾਹੇ ਵਿਖੰਡਨਵਾਦੀ ਦੇਰੀਦਾ ਹੋਵੇ, ਭਾਵੇਂ ਜੇਮਸਨ ਹੋਵੇ, ਮਨੋਵਿਗਿਆਨੀ ਜਾਂ ਸੰਰਚਨਾਵਾਦੀ ਹੋਣ ਉਨਾਂ ਸਾਰਿਆਂ ਨੇ ਮਾਰਕਸਵਾਦ ਦਾ ਅਧਿਐਨ ਸਿਰਜਣਾਤਮਿਕ ਪੱਧਰ ਉੱਤੇ ਆਪਣੇ ਸਿਧਾਤਾਂ ਨੂੰ ਸਿਰਜਿਆ। ਪਰ ਸਾਡੇ ਆਲੋਚਕ ਇਸ ਸਭ ਦਾ ਤਿਆਗ ਕਰਕੇ ਮੌਲਿਕ ਬਣਨ ਦੇ ਚੱਕਰ ਵਿਚ ਸਭ ਕੁਝ ਗੁਆ ਚੁੱਕੇ ਹਨ।  ਇਹ ਲੰਮੀ ਬਹਿਸ ਹੈ ਜੇ ਕੋਈ ਅਗਾਂਹ ਤੋਰੇ। ‘ 

ਮੈਂ  ਉਪਰੋਕਤ ਵੇਰਵਿਆਂ ਅਨੁਸਾਰ ਨਿੱਜੀ ਅਨੁਭਵ ਰਾਹੀਂ ਪੇਸ਼ ਕੀਤੇ ਵਿਚਾਰਾਂ  ਵਿੱਚ  ਲੰਮੀ ਬਹਿਸ ਵਾਸਤੇ ਆਪਣੇ ਵਿਚਾਰ ਪੇਸ਼ ਕੀਤੇ ਹਨ।  ਇਸ ਨੂੰ  ਕੋਈ ਹੋਰ ਅਗਾਂਹ ਤੋਰੇ। 
ਹਵਾਲੇ ਅਤੇ ਟਿੱਪਣੀਆਂ  ਬਹੁਤ ਵਧੇਰੇ ਹਨ। ਇਸ ਕਾਰਨ ਲਿਖਤ ਦੀ ਲੰਬਾਈ ਤੋਂ ਬਚਣ ਲਈ ਇਕ ਹੀ ਵਾਕ ਕਹਿੰਦਾ ਹਾਂ ਕਿ ਪ੍ਰਮੁਖ ਤੌਰ ਉੱਤੇ ਇਕੋ ਇਕ ਪੁਸਤਕ/ ਕਹਾਣੀਕਾਰ ਲਾਲ ਸਿੰਘ ਵਿਚਾਰਧਾਰਾ ਤੇ ਬਿਰਤਾਂਤ / ਵਿਚੋਂ  ਉਦਾਹਰਣਾਂ ਹਨ। ਬਾਕੀ ਜੋ ਘੱਟੋ ਘੱਟ ਨੇ ਉਹਨਾਂ ਪੁਸਤਕਾਂ ਦਾ ਨਾਂ ਵਿੱਚ ਸ਼ਾਮਿਲ ਵੀ ਹੋਇਆ ਹੈ। 

ਧੰਨਵਾਦ ਸਹਿਤ। 
***
ਜਸਬੀਰ ਕਲਸੀ, ਧਰਮਕੋਟ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1294
***

About the author

ਜਸਬੀਰ  ਕਲਸੀ ਧਰਮਕੋਟ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਬੀਰ  ਕਲਸੀ ਧਰਮਕੋਟ

View all posts by ਜਸਬੀਰ  ਕਲਸੀ ਧਰਮਕੋਟ →