19 March 2024

ਪ੍ਰਮੁੱਖ ਪਰਵਾਸੀ ਸਰੋਕਾਰ ਤੇ ਬਰਤਾਨਵੀ ਪੰਜਾਬੀ ਕਹਾਣੀ – ਡਾ. ਪ੍ਰੀਤਮ ਸਿੰਘ ਕੈਂਬੋ

ਪ੍ਰਮੁੱਖ ਪਰਵਾਸੀ ਸਰੋਕਾਰ ਤੇ ਬਰਤਾਨਵੀ ਪੰਜਾਬੀ ਕਹਾਣੀ

(ਪਿਛਲੇ ਦਹਾਕੇ ਦੇ ਸੰਦਰਭ ਵਿਚ)

ਡਾ: ਪ੍ਰੀਤਮ ਸਿੰਘ ਕੈਂਬੋ

(ਡਾ: ਪ੍ਰੀਤਮ ਸਿੰਘ ਕੈਂਬੋ ਦਾ ਉਚੇਚੇ ਤੌਰ ਤੇ ਲਿਖਿਆ ਇਹ ਪਰਚਾ ‘ਪੰਜਾਬੀ ਲਿਖਾਰੀ ਫੋਰਮ ਯੂ.ਕੇ.’ ਦੇ ਪੰਜਵੇਂ ਵਾਰਸ਼ਕ ਸਮਾਗਮ ਸਮੇਂ 17 ਜੁਲਾਈ 2005 ਨੂੰ ਰਾਮਗੜ੍ਹੀਆ ਹਾਲ, ਫੌਰੈਸਟ ਗੇਟ, ਲੰਡਨ ਈ:7 ਵਿਖੇ ਡਾ: ਕੈਂਬੋ ਦੀ ਗ਼ੈਰ-ਹਾਜ਼ਰੀ ਵਿਚ ਡਾ: ਗੁਰਦਿਆਲ ਸਿੰਘ ਰਾਏ ਨੇ ਪੜ੍ਹਿਆ।)

ਪਰਵਾਸ ਦਾ ਵਰਤਾਰਾ ਬੜਾ ਪੁਰਾਣਾ ਹੈ। ਅੱਜ ਦੇ ਸੰਦਰਭ ਵਿਚ ਇਹ ਗਲੋਬਲ ਵਰਤਾਰਾ ਬਣ ਗਿਆ ਹੈ। ਬਰਤਾਨੀਆ ਵਿਚ ਪਹਿਲੇ ਪਹਿਲ ਜ਼ਿਆਦਾ ਗਿਣਤੀ ਵਿਚ ਪਰਵਾਸੀ ਉਦੋਂ ਪਧਾਰਨੇ ਸ਼ੁਰੂ ਹੋਏ ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇਸ਼ ਦੀ ਆਰਥਿਕਤਾ ਨੂੰ ਸੁਧਾਰਣ ਹਿੱਤ ਮਜ਼ਦੂਰਾਂ ਦੀ ਲੋੜ ਸੀ। ਪਰ ਪਰਵਾਸ ਕਈ ਹੋਰ ਕਾਰਣਾਂ ਕਰਕੇ ਵੀ ਹੋ ਰਿਹਾ ਹੈ। ਬਰਤਾਨੀਆਂ ਵਿਚ ਪਰਵਾਸੀਆਂ ਦੀ ਆਮਦ ਦਾ ਮੌਜੂਦਾ ਕਾਰਣ ਵਿਗਿਆਨ ਤੇ ਤਕਨਾਲੌਜੀ ਕਾਰਣ ਹੋਈ ਪਦਾਰਥਕ ਤਰੱਕੀ ਹੈ ਜਿਸਨੇ ਬੇਅੰਤ ਸੁੱਖ-ਸੁਵਿਧਾਵਾਂ ਪੈਦਾ ਕੀਤੀਆਂ ਹਨ। ਉਨੱਤੀ ਦੀ ਚਕਾਚੌਂਧ ਨੇ ਪੰਜਾਬੀਆਂ ਨੂੰ ਵਿਸ਼ੇਸ਼ ਕਰਕੇ ਪ੍ਰਭਾਵਤ ਕੀਤਾ ਹੈ। ਪੰਜਾਬੀ ਸੁਭਾਅ ਦੇ ਖੁਲ੍ਹੇ ਡੁਲ੍ਹੇ ਤੇ ਮੁਸੀਬਤਾਂ ਨੂੰ ਮੁੱਲ ਲੈਣ ਵਾਲੇ ਹੋਣ ਕਰਕੇ ਉਨ੍ਹਾਂ ਨੇ ਇਹ ਵਰਤਾਰਾ ਖੁਸ਼ੀ ਖੁਸ਼ੀ ਪਰਵਾਨ ਕਰ ਲਿਆ ਹੈ। ਕੁਝ ਵੀ ਹੈ ਪੰਜਾਬੀਆਂ ਨੇ ਆਪਣੀ ਆਰਥਿਕ ਹਾਲਤ ਨੂੰ ਬੇਹਤਰ ਬਣਾਉਣ ਤੇ ਉਚੇਰੀ ਜ਼ਿੰਦਗੀ ਜੀਉਣ ਲਈ ਪਰਵਾਸ ਨੂੰ ਅਪਣਾਇਆ ਹੈ। ਚੋਰੀ ਛਪੀ ਆਉਣਾ ਤੇ ਗ਼ੈਰ-ਕਾਨੂੰਨੀ ਢੰਗ ਅਪਣਾ ਕੇ ਅਸਾਈਲਮ ਆਦਿ ਲਈ ਅਪਲਾਈ ਕਰਕੇ ਪੱਕਿਆਂ ਟਿਕਣ ਦੀ ਧਾਰਣਾ ਪਿੱਛੇ ਮੁੱਖ ਸਰੋਕਾਰ ਆਰਥਿਕਤਾ ਨੂੰ ਪੱਕੇ ਪੈਰੀਂ ਕਰਨ ਦਾ ਹੀ ਹੈ। ਪਰਦੇਸ ਵਿਚ ਜ਼ਿੰਦਗੀ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਪਰਵਾਸੀ ਨੂੰ ਮਸ਼ੀਨ ਨਾਲ ਮਸ਼ੀਨ ਹੋਣਾ ਪੈਂਦਾ ਹੈ। ਮਕਸਦ ਸਿਰਫ ਆਪਣਾ ਹੀ ਨਹੀਂ ਹੁੰਦਾ ਸਗੋਂ ਪਿਛਲਿਆਂ ਦੀ ਹਾਲਤ ਨੂੰ ਵੀ ਸੁਖੀ ਬਣਾਉਣ ਦੀ ਲੋਚਾ ਦਾ ਵੀ ਹੁੰਦਾ ਹੈ। ਪਰਵਾਸੀ ਨੂੰ ਆਪਣੇ ਹੱਡਾਂ ਦਾ ਬਾਲਣ ਬਾਲਣਾ ਪੈਂਦਾ ਹੈ। ਸੁੱਖ, ਆਰਾਮ ਤਿਆਗ ਕੇ ਗਿਲਾਜ਼ਤ ਦੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਪਰਾਈ ਧਰਤੀ, ਪਰਾਇਆ ਸਭਿਆਚਾਰ, ਪਰਾਈ ਭਾਸ਼ਾ ਅਤੇ ਆਰਥਿਕ ਦਬਾਅ ਹੇਠ ਆਪਣੇ ਮੇਜਬਾਨ ਲੋਕਾਂ ਕੋਲੋਂ ਨਸਲੀ ਵਿਤਕਰਾ ਵੀ ਸਹਿਣਾ ਪੈਂਦਾ ਹੈ ਜਿਸ ਨਾਲ ਸਭਿਆਚਾਰਕ ਹੋਂਦ ਵੀ ਖਤਰੇ ਵਿਚ ਪੈ ਜਾਂਦੀ ਹੈ। ਇਨ੍ਹਾਂ ਪ੍ਰਭਾਵਾਂ ਤੇ ਦਬਾਵਾਂ ਦੀ ਕਸ਼ਮਕਸ਼ ਚੋਂ ਹੀ ਸਾਂਸਕ੍ਰਿਤਕ ਚੇਤਨਾ ਜਾਗਦੀ ਹੈ।

ਪਹਿਲੇ ਪੂਰ ਦੇ ਪਰਵਾਸੀਆਂ ਨੂੰ ਵਿਸ਼ੇਸ਼ ਕਰਕੇ ਉਪਰੋਕਤ ਸੰਤਾਪ ਚੋਂ ਗੁਜ਼ਰਨਾ ਪਿਆ ਹੈ। ਕਿਉਂਕਿ ਜਿੰਨਾਂ ਪਰਿਸਥਿਤੀਆਂ ਵਿਚ ਉਹ ਆਏ ਸਨ, ਉਹ ਸਥਿਰ ਤੌਰ ਤੇ ਟਿਕਣ ਲਈ ਮਜ਼ਬੂਰ ਕਰਦੀਆਂ ਸਨ। ਪਰਵਾਸੀ ਬਣਨ ਦੀ ਸਿੱਕ ਪੁਗਾਉਣ ਲਈ ਉਹਨਾਂ ਨੇ ਬੜੇ ਜੋਖ਼ਮ ਉਠਾਏ ਅਤੇ ਮੁਸ਼ਕਲਾਂ ਨੂੰ ਸਰ ਕਰਨ ਲਈ ਆਪਣਾ ਸਮੁੱਚਾ ਆਪਾ ਕੁਰਬਾਨ ਕਰ ਦਿੱਤਾ। ਜਿਸ ਦਾ ਵੇਰਵਾ ਬਰਤਾਨਵੀ ਪੰਜਾਬੀ ਕਹਾਣੀ ਵਿਚ ਪ੍ਰਜਵਲਤ ਹੋਇਆ ਹੈ। ਉਪਰੋਕਤ ਹਾਲਤਾਂ ਨੂੰ ਨਜਿੱਠਦਿਆਂ ਪਰਵਾਸੀਆਂ ਦੇ ਮੁੱਲ ਵਿਧਾਨ ਤਿੜਕੇ ਅਤੇ ਉਹਨਾਂ ਦੀ ਹੋਂਦ ਖ਼ਤਰੇ ਵਿਚ ਪਈ। ਉਹਨਾਂ ਨੂੰ ਸਭਿਆਚਾਰਕ ਗਿਲਾਨੀ ਸਹਿਣ ਕਰਨ ਦੇ ਨਾਲ ਨਾਲ ਬਿਰੋਧਤਾਵਾਂ ਤੇ ਅਸਮਾਮਨਤਾਵਾਂ ਦਾ ਸੱਲ ਵੀ ਸਹਿਣਾ ਪਿਆ। ਇਹਨਾਂ ਕਠਨਾਈਆਂ ਨੂੰ ਝੱਲਦਿਆਂ ਉਹਨਾਂ ਨੂੰ ਵਤਨ ਵਾਪਸੀ ਦੀ ਸਿੱਕ ਨੇ ਹੋਰ ਸਤਾਇਆ ਅਤੇ ਉਹ ਹੇਰਵੇ ਦਾ ਸ਼ਿਕਾਰ ਹੋਏ। ਇਸੇ ਲਈ ਪਹਿਲੀਆਂ ਕਹਾਣੀਆਂ ਵਿਚ ਹੇਰਵਾ ਪ੍ਰਮੁੱਖ ਰੂਪ ਵਿਚ ਮਿਲਦਾ ਹੈ। ਪੁਰਾਣੇ ਪਰਵਾਸੀਆਂ ਦਾ ਹੇਰਵਾ ਘਟਿਆ ਹੈ ਪਰ ਨਵੇਂ ਪਰਵਾਸੀਆਂ ਨੂੰ ਨਵੀਆਂ ਬਦਲਦੀਆਂ ਪਰਿਸਥਿਤੀਆਂ ਅਨੁਸਾਰ ਭੋਗਣਾ ਪੈ ਰਿਹਾ ਹੈ। ਉਪਰੋਕਤ ਵੇਰਵੇ ਬਰਤਾਨਵੀ ਪੰਜਾਬੀ ਕਹਾਣੀ ਵਿਚ ਪੂਰੀ ਤਰ੍ਹਾਂ ਰੂਪਮਾਨ ਹੋਏ ਹਨ।

ਬਰਤਾਨਵੀ ਪੰਜਾਬੀ ਕਹਾਣੀ ਦਾ ਅਗਲਾ ਸਰੋਕਾਰ ਨਸਲੀ ਵਿਤਕਰੇ ਨਾਲ ਸੰਬੰਧਿਤ ਹੈ। ਨਸਲੀ ਵਿਤਕਰਾ ਉਹ ਵਰਤਾਰਾ ਹੈ ਜੋ ਇਨਸਾਨ ਨੂੰ ਨਸਲ, ਰੰਗ, ਧਰਮ, ਜਾਤ ਆਦਿ ਦੇ ਆਧਾਰ ਤੇ ਨੀਵਾਂ ਜਾਂ ਉੱਚਾ ਦਰਸਾਂਦਾ ਹੈ। ਇਹ ਅਜਿਹੀ ਪ੍ਰਵਿਰਤੀ ਹੈ ਜਿਸਦੇ ਆਧਾਰ ਤੇ ਸ਼ੋਸ਼ਣ ਕਾਰੀ ਸ਼ਰੇਣੀ ਕਿਸੇ ਸਮੂਹ ਨੂੰ ਨਖਿੱਧ ਹੋਣ ਦਾ ਪ੍ਰਮਾਣ-ਪੱਤਰ ਦੇ ਦਿੰਦੀ ਹੈ, ਇਸ ਪ੍ਰਵਿਰਤੀ ਨੂੰ ਉਭਾਰਨ ਤੇ ਉਤਸ਼ਾਹਤ ਕਰਨ ਵਾਲੀਆਂ ਸਰਕਾਰੀ ਤੇ ਗ਼ੈਰ-ਸਰਕਾਰੀ ਉਹ ਜਥੇਬੰਦੀਆਂ ਹਨ ਜੋ ਫਾਸ਼ੀਵਾਦ ਰੁਚੀਆਂ ਨੂੰ ਬਲ ਪ੍ਰਦਾਨ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਨਸਲੀ ਡੰਗ ਨਾਲ ਡੰਗਦੀਆਂ ਹਨ। ਬਰਤਾਨਵੀ ਪੰਜਾਬੀ ਕਹਾਣੀ ਵਿਚ ਨਸਲੀ ਵਿਹਾਰ ਜੋ ਭਿੰਨ ਭਿੰਨ ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਆਦਿ ਖੇਤਰਾਂ ਵਿਚ ਪੈਦਾ ਹੋਇਆ ਹੈ, ਨੂੰ ਕਹਾਣੀਕਾਰਾਂ ਨੇ ਆਪਣੀ ਆਪਣੀ ਸੰਵੇਦਨਾ ਅਨੁਸਾਰ ਚਿਤਰਿਆ ਹੈ, ਭਾਵੇਂ ਕਿ ਬਰਤਾਨੀਆ ਵਿਚ ਸਮੇਂ ਸਮੇਂ ਬਣੇ ਕਾਨੂੰਨਾਂ ਤੇ ਸਮਾਜਕ ਚੇਤੰਨਤਾ ਕਰਕੇ ਨਸਲਵਾਦ ਘਟਿਆ ਪ੍ਰਤੀਤ ਹੁੰਦਾ ਹੈ ਪਰ ਅਜੇ ਵੀ ਇਸ ਵਰਤਾਰੇ ਦੀ ਅੰਤਿਮ ਸਮਾਪਤੀ ਬਾਰੇ ਕੁਝ ਕਹਿਣਾ ਅਣਉਚਿੱਤ ਭਾਸਦਾ ਹੈ। ਪਰ ਇਸ ਪ੍ਰਵਿਰਤੀ ਲਈ ਸਮੁੱਚੇ ਸਮਾਜ ਨੂੰ ਜ਼ੁਮੇਂਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਐਸੀਆਂ ਜਥੇਬੰਦੀਆਂ ਵੀ ਕਾਰਜਸ਼ੀਲ ਹਨ ਜੋ ਨਿਰੰਤਰ ਘਟ ਗਿਣਤੀਆਂ ਨੂੰ, ਲੈ ਕੇ ਇਸ ਵਿਚਾਰ ਦੇ ਖਿਲਾਫ ਜੂਝ ਰਹੀਆਂ ਹਨ। ਇਸ ਦੇ ਇਲਾਵਾ ਪੰਜਾਬੀ ਸਮਾਜ ਦੀਆਂ ਸੁੱਚੀਆਂ ਪਰੰਪਰਾਵਾਂ ਵੀ ਮੇਜਬਾਨੀ ਸਭਿਆਚਾਰ ਨੂੰ ਪ੍ਰਭਾਵਤ ਕਰ ਰਹੀਆਂ ਹਨ।

ਬਰਤਾਨਵੀ ਪੰਜਾਬੀ ਕਹਾਣੀ ਦਾ ਅਗਲਾ ਜੁਜ਼ ਸਭਿਆਚਾਰਕ ਤਣਾਉ ਦਾ ਹੈ। ਤਣਾਉ ਕਈ ਤਰ੍ਹਾਂ ਵਾਪਰਦਾ ਹੈ। ਜਦੋਂ ਕੋਈ ਮਨੁੱਖ ਸਮਾਜ ‘ਚ ਰਹਿੰਦਾ ਹੋਇਆ ਸਮਾਜਕ ਨੇਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਮਾਜ ਦੇ ਵਿਰੋਧ ਕਰਕੇ ਤਣਾਉ ਵਾਪਰਦਾ ਹੈ। ਪਰਵਾਰ ਦੇ ਅਸਾਵੇਂ ਰਿਸ਼ਤਿਆਂ ਕਾਰਣ ਵੀ ਤਣਾਉ ਉਪਜਦਾ ਹੈ। ਤਣਾਉ ਆਧੁਨਿਕਤਾ ਦੇ ਵਿਰੋਧ ਵਿਚ ਪਰੰਪਰਾ ਦੇ ਖੜਨ ਨਾਲ ਵੀ ਪੈਦਾ ਹੁੰਦਾ ਹੈ। ਇਕ ਸਭਿਆਚਾਰ ਦੇ ਦੂਜੇ ਸਭਿਆਚਾਰ ਦੇ ਸੰਪਰਕ ਵਿਚ ਆਉਣ ਨਾਲ ਤਣਾਉ ਉਭਰਦਾ ਹੈ। ਆਮ ਤੌਰ ਤੇ ਮੁੱਖ ਸਭਿਆਚਾਰ ਗੌਣ ਸਭਿਆਚਾਰ ਤੇ ਹਾਵੀ ਹੁੰਦਾ ਹੈ ਪ੍ਰਤੂੰ ਇਸ ਦਾ ਇਹ ਵੀ ਭਾਵ ਨਹੀਂ ਕਿ ਨਿਮਨ ਸਭਿਆਚਾਰ ਇਕ ਦੰਮ ਹਾਰ ਮੰਨਣ ਦੇ ਰਾਹ ਪੈ ਜਾਂਦਾ ਹੈ। ਸਭਿਆਚਾਰੀ-ਕਰਨ ਦਾ ਅਮਲ ਹੌਲੀ ਹੌਲੀ ਬਦਲਦਾ ਰਹਿੰਦਾ ਹੈ। ਪੰਜਾਬ ਉਤੇ ਰਾਜ ਕਰਨ ਕਰਕੇ ਅੰਗਰੇਜ਼ਾਂ ਦਾ ਸ਼ਾਸ਼ਕ ਜਮਾਤ ਦਾ ਸਭਿਆਚਾਰ ਸੀ। ਨਸਲੀ ਉਤੱਮਤਾ ਦਾ ਅਹਿਸਾਸ ਵੀ ਇਸ ਸਭਿਆਚਾਰ ਵਿਚ ਸਮੋਇਆ ਹੋਇਆ ਹੈ। ਪੰਜਾਬੀਆਂ ਦੇ ਰੁਜ਼ਗਾਰ ਪ੍ਰਾਪਤੀ ਕਾਰਨ ਪੰਜਾਬੀ ਸਭਿਆਚਾਰ ਨੂੰ ਅਧੀਨਗੀ ਦਾ ਪਾਤਰ ਬਣਨਾ ਪਿਆ ਤੇ ਅੰਗਰੇyਜ਼ਾਂ ਲਈ ਇਹ ਨਿਮਨ ਸਭਿਆਚਾਰ ਬਣ ਗਿਆ। ਮੁੱਖ ਸਭਿਆਚਾਰ ਦੇ ਅਜਿਹੇ ਵਤੀਰੇ ਕਾਰਣ ਪੰਜਾਬੀ ਪਰਵਾਸੀਆਂ ਦੇ ਹਿਰਦੇ ਅੰਦਰ ਹੀਣ ਭਾਵਨਾ ਨੇ ਜਨਮ ਲਿਆ ਅਤੇ ਉਨ੍ਹਾਂ ਦਾ ਆਪਣੀ ਮੂਲ ਧਰਤੀ ਨਾਲ ਮੋਹ ਜਾਗਿਆ। ਇਸਦੇ ਨਾਲ ਹੀ ਪੂੰਜੀਵਾਦੀ ਸਭਿਆਚਾਰ ਦੇ ਪ੍ਰਭਾਵ ਕਰਕੇ ਤਣਾਉ ਪੀੜ੍ਹੀ ਪਾੜੇ ਦੇ ਰੂਪ ਵਿਚ ਵੀ ਉੱਭਰਿਆ ਹੈ। ਏਥੇ ਰਹਿੰਦੇ ਬੱਚੇ ਵੀ ਖੁਲ੍ਹੇ-ਡੁਲ੍ਹੇ ਮਾਹੌਲ ਵਿਚ ਵਿਚਰਨ ਕਰਕੇ ਆਪਣੇ ਮਾਪਿਆਂ ਦੀਆਂ ਕੱਦਰਾਂ-ਕੀਮਤਾਂ ਨੂੰ ਖੁੱਲ੍ਹੰਮ-ਖੁੱਲ੍ਹਾ ਤੋੜ ਰਹੇ ਹਨ। ਪਹਿਲੀ ਪੀੜੀ ਦਾ ਰਵੱਈਆ ਪਰੰਪਰਾਗਤ ਮੁੱਲਾਂ ਵਾਲਾ ਹੈ। ਉਹ ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਉੱਨੀ ਖੁਲ੍ਹ ਦੇਣਾ ਪਰਵਾਨ ਨਹੀਂ ਕਰਦੇ, ਇਸੇ ਤਰ੍ਹਾਂ ਸਭਿਆਚਾਰਕ ਤਣਾਉ ਪਤੀ ਤੇ ਪਤਨੀ ਵਿਚਕਾਰ ਵੀ ਵਾਪਰਦਾ ਹੈ ਜਿਸਦੇ ਅਨੇਕਾਂ ਹੀ ਕਾਰਣ ਹਨ। ਇਸਦੇ ਇਲਾਵਾ ਆਰਥਿਕ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਭਾਰਤ ਤੋਂ ਬਜ਼ੁਰਗਾਂ ਨੂੰ ਬੁਲਾ ਕੇ ਉਨ੍ਹਾਂ ਦਾ ਯੋਗ ਸਤਿਕਾਰ ਤਾਂ ਕਿਤੇ ਰਿਹਾ, ਉਹਨਾਂ ਦਾ ਸ਼ੋਸ਼ਣ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪੋਤੇ ਤੇ ਪੋਤੀਆਂ ਭਾਸ਼ਾ ਦੇ ਵਿਖਰੇਵੇਂ ਕਰਕੇ ਤੇ ਪਰੰਪਰਕ ਮੁੱਲਾਂ ਨੂੰ ਤੋੜ ਕੇ ਪੱਛਮੀ ਤਰਜ਼ ਦੀ ਜ਼ਿੰਦਗੀ ਜੀ ਰਹੇ ਹਨ। ਇਨ੍ਹਾਂ ਹਾਲਤਾਂ ਵਿਚ ਵੀ ਸਭਿਆਚਾਰਕ ਅਸੰਗਤੀ ਪੈਦਾ ਹੁੰਦੀ ਹੈ।

ਬਰਤਾਨਵੀ ਪੰਜਾਬੀ ਕਹਾਣੀ ਨੂੰ ਪਿਛਲੇ ਦਹਾਕੇ ਦੇ ਸੰਦਰਭ ਵਿਚ ਵਾਚਣ ਤੋਂ ਪਹਿਲਾਂ ਇਹ ਗੱਲ ਨੋਟ ਕਰ ਲੈਣੀ ਚਾਹੀਦੀ ਹੈ ਕਿ ਭਾਵੇਂ ਇਸ ਦਹਾਕੇ ਦੀ ਪੰਜਾਬੀ ਕਹਾਣੀ ਵਿਚ ਨਵੇਂ ਪਾਸਾਰ ਸ਼ਾਮਲ ਹੋ ਰਹੇ ਹਨ ਪਰ ਇਹ ਪਹਿਲੇ ਸਰੋਕਾਰਾਂ ਨੂੰ ਵੀ ਨਾਲ ਲੈ ਕੇ ਤੁਰ ਰਹੀ ਹੈ। ਨਵੀਂ ਕਹਾਣੀ ਪੰਜਾਬੀ ਰਹਿਤਲ ਦੀਆਂ ਬਾਰੀਕ ਤੰਦਾਂ, ਸਮਾਜਕ ਯਥਾਰਥ ਵਿਚ ਵਾਪਰਦੇ ਨਿੱਕੇ ਨਿੱਕੇ ਟਕਰਾਅ ਤੇ ਨਿੱਕੇ ਵਰਗਾਂ ਵਿਚ ਵਾਪਰਦੀਆਂ ਤਬਦੀਲੀਆਂ ਦਾ ਨੋਟਿਸ ਲੈ ਰਹੀ ਹੈ। ਇਸ ਦੇ ਨਾਲ ਇਹ ਵਿਅਕਤੀ ਦੇ ਨਿਗੁਣੇ ਭਾਵਾਂ, ਉਦਗਾਰਾਂ ਨੂੰ ਵੀ ਨਜਿੱਠ ਰਹੀ ਹੈ। ਨਵੀਂ ਕਹਾਣੀ ਬਿਰਤਾਂਤ ਵਿੱਚ ਨਵੀਆਂ ਛੋਹਾਂ ਤੇ ਤੰਦਾਂ ਨੂੰ ਸਫ਼ਲਤਾ ਸਹਿਤ ਅੰਕਿਤ ਕਰ ਰਹੀ ਹੈ। ਮੌਜੂਦਾ ਕਹਾਣੀ ਮਨੁੱਖ ਦੀ ਇਕੱਲਤਾ ਅਤੇ ਉਸ ਦੇ ਨਿਗੁਣੇ ਬਣ ਜਾਣ ਦੀ ਸੰਤਾਪ-ਸਥਿੱਤੀ ਨੂੰ ਵੀ ਦ੍ਰਿਸ਼ਟਮਾਨ ਕਰਦੀ ਹੈ। ਬਰਤਾਨੀਆਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਵਿਚ ਤਿੜਕ ਰਹੇ ਰਿਸ਼ਤਿਆਂ ਦੀ ਗਾਥਾ ਪੇਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਖੁਲ੍ਹਾ-ਡੁਲ੍ਹਾ ਜੀਵਨ ਜੀਣ ਕਰਕੇ ਪੈਦਾ ਹੋ ਰਹੀਆਂ ਦੁਸ਼ਵਾਰੀਆਂ ਅਤੇ ਤਰਾਸਦੀਆਂ ਨੂੰ ਵੀ ਦ੍ਰਿਸ਼ਟੀ ਗੋਚਰ ਕੀਤਾ ਜਾ ਰਿਹਾ ਹੈ। ਭਾਵ ਬਰਤਾਨਵੀ ਕਹਾਣੀ ਵਿਚ ਪਰੰਪਰਾਗਤ ਵਿਸ਼ੇ ਵੀ ਤੁੱਰ ਰਹੇ ਹਨ ਪ੍ਰੰਤੂ ਨਵੀਂ ਲਿਖੀ ਜਾ ਰਹੀ ਕਹਾਣੀ ਵਿਚ ਪਰਵਾਸੀ ਜੀਵਨ ਦੀਆਂ ਬਾਰੀਕ ਤੰਦਾਂ ਨੂੰ ਵੀ ਪੇਸ਼ ਕੀਤਾ ਜਾ ਰਿਹਾ ਹੈ।

ਬਰਤਾਨੀਆਂ ਵਿਚ ਕਹਾਣੀ ਲਿਖਣ ਵਾਲੇ ਕੁਝ ਐਸੇ ਹਸਤਾਖਰ ਹਨ ਜੋ ਨਿਰੰਤਰ ਤੇਜ਼ ਗਤੀ ਨਾਲ ਲਿਖ ਰਹੇ ਹਨ ਜਿੰਨ੍ਹਾਂ ਵਿਚ ਹਰਜੀਤ ਅਟਵਾਲ, ਪ੍ਰੀਤਮ ਸਿੱਧੂ, ਸ਼ਿਵਚਰਨ ਗਿੱਲ, ਵੀਨਾ ਵਰਮਾ, ਗੁਰਨਾਮ ਗਿੱਲ, ਪੂਰਨ ਸਿੰਘ ਤੇ ਅਮੀਨ ਮਲਕ ਆਦਿ ਹਨ। ਸਵਰਨ ਚੰਦਨ, ਦਰਸ਼ਣ ਧੀਰ ਜਿਨ੍ਹਾਂ ਦਾ ਵਿਸ਼ੇਸ਼ ਯੋਗਦਾਨ ਨਾਵਲ ਦੇ ਖੇਤਰ ਵਿਚ ਹੈ, ਉਹ ਕਹਾਣੀ ਵਿਚ ਵੀ ਨਿਰੰਤਰ ਸੀਰ ਪਾ ਰਹੇ ਹਨ। ਗੁਰਪਾਲ ਸਿੰਘ, ਗੁਰਦਿਆਲ ਸਿੰਘ ਰਾਏ, ਬਲਦੇਵ ਸਿੰਘ ਲੰਡਨ ਅਤੇ ਸੁਰਜੀਤ ਸਿੰਘ ਕਾਲੜਾ ਆਦਿ ਲੇਖਕ ਨਿਰੰਤਰ ਲਿਖ ਰਹੇ ਹਨ ਪਰ ਜ਼ਰਾ ਮੱਧਮ ਗਤੀ ਨਾਲ। ਸੰਤੋਖ ਧਾਲੀਵਾਲ, ਸਾਥੀ ਲੁੀਧਆਣਵੀ ਤੇ ਪ੍ਰੀਤਮ ਸਿੰਘ ਕੈਂਬੋ ਆਦਿ ਲੇਖਕ ਜ਼ਿਆਦਾ ਮੱਧਮ ਗਤੀ ਵਾਲੇ ਕਹਾਣੀਕਾਰ ਹਨ।

ਬਰਤਾਨਵੀ ਪੰਜਾਬੀ ਕਹਾਣੀ ਵਿਚ ਪਰਵਾਸ ਸਬੰਧੀ ਉਠਾਏ ਜੋਖਮ, ਸੰਘਰਸ਼ ਤੇ ਪ੍ਰਾਪਤੀਆਂ, ਪਰਵਾਸੀ ਧਰਤੀ ਦੀ ਚਕਾਚੌਂਧ, ਦਵੰਦਾਤਮਕ ਜ਼ਿੰਦਗੀ ਤੇ ਮੂਲ ਧਰਤੀ ਨਾਲ ਜੁੜੇ ਰਹਿਣ ਦੀ ਉਤਕੰਠਾ ਅਤੇ ਇਸ ਆਸ ਦੀ ਪੂਰੀ ਨਾ ਹੋਣ ਵਾਲੀ ਚਿੰਤਾ-ਗ੍ਰਸਤ ਚੇਤਨਾ ਵੀ ਵਿਦਮਾਨ ਹੈ। ਪੰਜਾਬੀਆਂ ਨੇ ਪਰਵਾਸ ਆਪਣੀ ਮਰਜ਼ੀ ਨਾਲ ਹੀ ਕਬੂਲਿਆ ਤਾ ਕਿ ਉਹਨਾਂ ਦੀ ਜਰਜਰੀ ਨਹਾਲਤ ਚੰਗੇਰੀ ਆਰਥਿਕਤਾ ਦਾ ਰੂਪ ਧਾਰਣ ਕਰ ਸਕੇ। ਮੁੱਢਲੀ ਪਰਵਾਸੀ ਕਹਾਣੀ ਵਿਚ ਪਰਵਾਸੀ ਸੰਘਰਸ਼ ਦੇ ਵਭਿੰਨ ਪਾਸਾਰ ਮਿਲਦੇ ਹਨ। ਜਿੰਨ੍ਹਾਂ ‘ਚੋਂ ਪਰਵਾਸੀ ਦੀਆਂ ਅਕਾਂਖਿਆਵਾਂ ਦੇ ਨਾਲ ਨਾਲ ਉਹਨਾਂ ਵਲੋਂ ਸਹੇ ਸਭਿਾਅਚਾਰਕ ਸਲਾਂ ਦਾ ਬਿਰਤਾਂਤ ਵੀ ਮਿਲਦਾ ਹੈ। ਪ੍ਰੀਤਮ ਸਿੱਧੂ ਦੇ ਗਲਪੀ ਰੰਗ ਨੇ ਅਜਿਹੀਆਂ ਕਈ ਖ਼ੂਬਸੂਰਤ ਕਹਾਣੀਆਂ ਨੂੰ ਜਨਮ ਦਿੱਤਾ ਹੈ ਜਿਸ ਵਿਚ ਮੁੱਢਲੇ ਪਰਵਾਸੀਆਂ ਦੀਆਂ ਪਰਤਾਂ ਖੁਲ੍ਹਦੀਆਂ ਹਨ। ‘ਸੰਤੂ ਇੰਗਲੈਂਡ ਵਿੱਚ’ ਨਾਮੀ ਕਹਾਣੀ ਵਿਚ ਉਹ ਭਲੀਭਾਂਤ ਦਰਸਾਂਦਾ ਹੈ ਕਿ ਕਿਵੇਂ ਕਹਾਣੀ ਵਿਚਲਾ ਪਾਤਰ ਪਰਵਾਸੀ ਧਰਤੀ ਵਿਚ ਟਿਕਣ ਲਈ ਸਭਿਆਚਾਰਕ ਕੀਮਤਾਂ ਦੀ ਬਲੀ ਦਿੰਦਾ ਹੈ। ਲਗਪਗ ਇਸੇ ਹੀ ਤਰ੍ਹਾਂ ਦਾ ਸੰਤਾਪ ਝੱਲਦਾ ਹੈ ‘ਭਟਕਣਾ’ (ਪ੍ਰੀਤਮ ਸਿੰਘ ਕੈਂਬੋ) ਕਹਾਣੀ ਦਾ ਪਾਤਰ ਜੋ ਸੂਖਮ ਬਿਰਤੀਆਂ ਦਾ ਕਲਾਕਾਰ ਹੈ ਜੋ ਆਪਣੀ ਕਲਾ-ਭੁੱਖ ਨੂੰ ਦਬਾ ਕੇ ਨਹੀਂ ਰਖ ਸਕਦਾ ਜਿਸ ਕਰਕੇ ਉਹ ਸ਼ੋਸ਼ਣ ਕਰਨ ਵਾਲੇ ਆਗੂ ਦਾ ਸ਼ਿਕਾਰ ਹੋ ਜਾਂਦਾ ਹੈ। ਗੁਰਪਾਲ ਸਿੰਘ ਨੇ ਪਹਿਲੇ ਪੂਰ ਦੇ ਪਰਵਾਸੀਆਂ ਦੇ ਮੰਦਹਾਲੀ ਭਰੇ ਜੀਵਨ ਨੂੰ ਉਲੀਕਦਿਆਂ ਪੰਜਾਬੀਆਂ ਵਿਚ ਪਨਪਦੇ ਸਵਾਰਥੀ ਪਨ ਨੂੰ ਨੰਗਾ ਕੀਤਾ ਹੈ। ‘ਸਿਵਿਆਂ ਦੀ ਮਿੱਟੀ’ ਨਾਮੀ ਕਹਾਣੀ ਉਸ ਪਰਵਾਸੀ ਬੰਦੇ ਦੀ ਕਹਾਣੀ ਹੈ ਜਿਸ ਨੇ ਆਪਣੀ ਕਿਰਤ ਕਮਾਈ ਵਿਚੋਂ ਮਕਾਨ ਉਸਾਰਿਆ ਪਰ ਉਸ ਨੂੰ ਆਪਣਾ ਕਹਿਣ ਤੇ ਉਸ ਵਿਚ ਰਹਿ ਸਕਣ ਦੀ ਪੁੱਜਤ ਨਹੀਂ ਕਿਉਂਕਿ ਉਸ ਦੇ ਭਤੀਜਿਆਂ ਨੇ ਇਹ ਕਹਿ ਕੇ ਡਰ ਪਾ ਛੱਡਿਆ ਹੈ ਕਿ ‘ਓਇ ਉਹ ਕੋਈ ਬੰਦਾ ਐ, ਆਵੇ ਤਾਂ ਸਹੀ ਪਿੰਡ ਕਿੱਦਾਂ ਆਉਂਦੈ।’ ਪਰਵਾਸੀ ਦੀਆਂ ਹਸਰਤਾਂ, ਉਸ ਦੀਆਂ ਮਜ਼ਬੂਰੀਆਂ ਅਤੇ ਉਸ ਦੀ ਸੱਚਿਆਈ ਭਰਪੂਰ ਗਾਥਾ ਨੂੰ ਸੁਣਨ ਵਾਲਾ ਕੋਈ ਨਹੀਂ। ਉਹਦੇ ਪੱਲੇ ਸਿਵਿਆਂ ਦੀ ਮਿੱਟੀ ਹੀ ਪਈ ਜਿਸ ਨੂੰ ਪ੍ਰਾਪਤ ਕਰਕੇ ਉਸ ਨੇ ਆਪਣਾ ਦੁੱਖ ਹੌਲਾ ਕੀਤਾ।

ਪਰਵਾਸੀ ਦਾ ਆਪਣੀ ਧਰਤੀ ਲਈ ਮੋਹ ਨਹੀਂ ਘੱਟਦਾ, ਜਿੰਨਾ ਚਿਰ ਉਹ ਪੱਕਾ ਅਬਾਦਕਾਰੀ ਦੇ ਰੱਸਤੇ ਨਹੀਂ ਪੈ ਜਾਂਦਾ। ‘ਆਪਣੀ ਮਿੱਟੀ ਦਾ ਮੋਹ’ ਨਾਮੀ ਕਹਾਣੀ ਵਿਚਲਾ ਪਾਤਰ ਪੂਰਨ ਜਦੋਂ ਛੁੱਟੀਆਂ ਕੱਟਣ ਆਪਣੇ ਦੇਸ਼ ਜਾਂਦਾ ਹੈ, ਉਹਨੂੰ ਆਪਣੀ ਮੂਲ ਧਰਤੀ ਦੇ ਕਣ ਕਣ ਵਿਚੋਂ ਮਹਿਕ ਆਉਂਦੀ ਹੈ। ਜਿਸ ਨਾਲ ਉਹ ਸਰਸ਼ਾਰ ਹੋ ਜਾਂਦਾ ਹੈ ਪਰੰਤੂ ਬਦਲਦੀਆਂ ਪਰਿਸਥਿਤੀਆਂ ਤੇ ਭਰਿਸ਼ਟ ਪੁਲਸ ਦੇ ਅਣਮਨੁੱyਖੀ ਸਲੂਕ ਨੇ ਅਤੇ ਸਕੇ ਭਰਾ ਦੀ ਬਦਸਲੂਕੀ ਨੇ ਉਹਦਾ ਸਾਰਾ ਮੋਹ ਕਿਰਕਰਾ ਕਰ ਦਿੱਤਾ। ਇਹ ਉਹ ਸਥਿਤੀ ਹੈ ਜਦੋਂ ਪਰਵਾਸੀ ਦੋ ਪੁੜਾਂ ਵਿਚਕਾਰ ਫਸ ਜਾਂਦਾ ਹੈ। ਪਰਾਈ ਧਰਤੀ ਵਿਚ ਉਹ ਭਿੱਜ ਨਾ ਸਕਿਆ ਤੇ ਆਪਣੇ ਦੇਸ਼ ਵਿਚ ਹੋਈ ਭੁਗਤ ਨੇ ਉਸ ਨੂੰ ਕਿਸੇ ਪਾਸੇ ਜੋਗਾ ਨਾ ਛੱਡਿਆ। ਇਹ ਅਵਸਥਾ ਸੀਮਾਵਰਤੀ ਮਨੁੱਖ ਦੀ ਹੈ ਜਿਸ ਅਵਸਥਾ ਨੂੰ ਪ੍ਰੀਤਮ ਸਿੱਧੂ ਨੇ ਸਫਲਤਾ ਨਾਲ ਚਿਤਰਿਆ ਹੈ। ‘ਨਵੇਂ ਗੀਤ ਦਾ ਮੁੱਖੜਾਂ’ ਨਾਮੀ ਕਹਾਣੀ ਵਿਚ ਹਰਜੀਤ ਅਟਵਾਲ ਪਰਵਾਸੀ ਨੂੰ ਦਰਪੇਸ਼ ਉਨ੍ਹਾਂ ਸਥਿਤੀਆਂ ਦੀ ਨਿਸ਼ਾਨਦੇਹੀ ਕਰਦਾ ਹੈ ਜਿਨ੍ਹਾਂ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਲਗਦਾ। ਭਾਰਤ ਵਿਚਲੇ ਦੋਸਤ-ਮਿੱਤਰ ਇਹੀ ਸਮਝੀ ਬੈਠੇ ਹਨ ਕਿ ਇਨ੍ਹਾਂ ਪਰਵਾਸੀਆਂ ਨੂੰ ਧੜਾਧੜ ਕਮਾਈ ਆ ਰਹੀ ਹੈ ਪਰੰਤੂ ਉਹ ਖਰਚਿਆਂ ਤੇ ਹੋਰ ਪੇਸ਼ ਆ ਰਹੀਆਂ ਮੁਸੀਬਤਾਂ ਨੂੰ ਜਾਨਣ ਦੀ ਖੇਚਲ ਨਹੀਂ ਕਰਦੇ ਜਿਨ੍ਹਾਂ ਦਾ ਵਾਹ ਪਰਵਾਸੀਆਂ ਨੂੰ ਪੈਂਦਾ ਹੈ। ਪਰਵਾਸੀ ਨਿਰਸੰਦੇਹ ਦੋ ਪੁੜਾਂ ਵਿਚਕਾਰ ਵਿਚਰ ਰਿਹਾ ਹੈ। ਪਰਵਾਸੀ ਦਾ ਜੀਵਨ ਦੁੱਖਾਂ ਭਰਿਆ ਹੈ ਅਤੇ ਜਦੋਂ ਉਹ ਆਪਣੀ ਧਰਤੀ ਲਈ ਸੁਪਨੇ ਸਿਰਜਦਾ ਹੈ ਤਾਂ ਉਸ ਦਾ ਮੋਹ ਭੰਗ ਹੋ ਜਾਂਦਾ ਹੈ ਜਦੋਂ ਉਥੋਂ ਦੀਆਂ ਪਰਿਸਥਿਤੀਆਂ ਤੇ ਬਦਲ ਰਹੇ ਮੁੱਲ ਵਿਧਾਨ ਉਸ ਨੂੰ ਬੇ ਆਸ ਕਰ ਦਿੰਦੇ ਹਨ। ਉਪਰੋਕਤ ਹਾਲਤਾਂ ਕਰਕੇ ਪਰਵਾਸੀਆਂ ਨੂੰ ਹੁਣ ਵਤਨ ਵਾਪਸੀ ਦੀ ਸਿੱਕ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਤਿਆਗਣਾ ਪੈ ਰਿਹਾ ਹੈ। ਏਸ ਸੰਦਰਭ ਵਿਚ ‘ਘਰ ਦੇ ਨਾ ਘਾਟ ਦੇ’ (ਪ੍ਰੀਤਮ ਸਿੱਧੂ), ‘ਭੈਅ ਦੇ ਪਰਛਾਵੇਂ’ (ਸ਼ਿਵਚਰਨ ਗਿੱਲ), ‘ਰਿਸ਼ਤਿਆਂ ਦੇ ਰੰਗ’ (ਦਰਸ਼ਨ ਧੀਰ), ‘ਸੁਪਨੇ ਦਾ ਅੰਤ’ (ਗੁਰਨਾਮ ਗਿੱਲ), ਆਦਿ ਕਹਾਣੀਆਂ ਦੇ ਵੇਰਵੇ ਸਪੱਸ਼ਟ ਰੂਪ ਵਿਚ ਦਰਸਾ ਰਹੇ ਹਨ ਕਿ ਪਰਵਾਸੀਆਂ ਨੂੰ ਆਪਣੀ ਧਰਤੀ ਨਾਲ ਜਜ਼ਬਾਤੀ ਮੋਹ ਤਿਆਗਣਾ ਹੀ ਪੈਣਾ ਹੈ। (ਵੇਰਵਾਪੰਜਾਬੀ ਕਹਾਣੀ ਸ਼ਾਸ਼ਤਰ ਪੰਨਾ 90 ਡਾ: ਧੰਨਵੰਤ ਕੌਰ)

ਪਰਵਾਸੀ ਚੇਤਨਾ ਵਾਲੀਆਂ ਲਿਖੀਆਂ ਕਹਾਣੀਆਂ ਵਿਚ ਵਿਸ਼ੇਸ਼ ਸੁਰ ਨਸਲਵਾਦੀ ਘਿਨਾਉਣੇ ਵਤੀਰੇ ਦੀ ਹੈ ਜੋ ਪਰਵਾਸੀਆਂ ਨੂੰ ਨਵੇਂ ਪਰਿਵੇਸ਼ ਵਿਚ ਮੇਜਬਾਨ ਸਭਿਆਚਾਰ ਦੇ ਹੱਥੋਂ ਸਹਿਣਾ ਪਿਆ। ਪਰ ਹੱਥਲੇ ਦਹਾਕੇ ਅੰਦਰ ਰਚੀ ਗਈ ਪੰਜਾਬੀ ਕਹਾਣੀ ਵਿਚ ਨਸਲਵਾਦੀ-ਸੁਰ ਤੀਖਣ ਰੂਪ ਵਿਚ ਨਹੀਂ ਮਿਲਦੀ। ਅਸਲ ਵਿਚ ਨਸਲਵਾਦ ਪ੍ਰਤੀ ਬਰਤਾਨਵੀ ਪੰਜਾਬੀ ਕਹਾਣੀ ਦਾ ਪੈਂਤੜਾ ਬਦਲ ਰਿਹਾ ਹੈ ਤੇ ਇਹ ਨਵੇਂ ਸਮੀਕਰਨਾ ਨੂੰ ਲੈ ਕੇ ਪੇਸ਼ ਹੋ ਰਹੀ ਹੈ। ਪੂਰਨ ਸਿੰਘ ਨਿਬੰਧ ਖੇਤਰ ਵਿਚ ਤੇਜ਼ੀ ਨਾਲ ਲਿਖ ਰਿਹਾ ਹਸਤਾਖਰ ਕਹਾਣੀ ਵਿਚ ਨਸਲਵਾਦੀ ਪਰਿਪੇਖ ਨੂੰ ਵਿਸ਼ੇਸ਼ ਕੋਣ ਤੋਂ ਵੇਖ ਰਿਹਾ ਹੈ। ‘ਸੁਤੰਤਰ ਸੋਚ’ ਨਾਮੀ ਕਹਾਣੀ ਵਿਚ ਉਸ ਨੇ ਸਾਮਰਾਜੀ ਪ੍ਰਭਾਵਾਂ ਨੂੰ ਨਿਵੇਕਲੀ ਦ੍ਰਿਸ਼ਟੀ ਨਾਲ ਵੇਖਿਆ ਹੈ। ਉਹ ਬਰਤਾਨਵੀ ਸਾਮਰਾਜ ਦੇ ਘਿਨਾਉਣੇ ਕਰਤਵਾਂ ਤੋਂ ਵਾਕਫ ਹੁੰਦਾ ਹੋਇਆ ਵੀ ਇਸ ਕੌਮ ਦੀਆਂ ਪ੍ਰਾਪਤੀਆਂ ਨੂੰ ਵੀ ਅਣਗੌਲਿਆਂ ਕਰਨ ਦੇ ਰੌਅ ਵਿਚ ਨਹੀਂ। ਦਰਅਸਲ ਨਾ ਹੀ ਨਸਲਵਾਦ ਨੂੰ ਅੱਖੋਂ-ਪਰੋਖੇ ਕੀਤਾ ਜਾ ਸਕਦਾ ਹੈ ਤੇ ਨਾ ਹੀ ਬਗੈਰ ਸੋਚਿਆਂ ਸਮਝਿਆਂ ਐਵੇਂ ਹੀ ਲੇਬਲ ਲਗਾਉਣਾ ਉਚਿੱਤ ਹੈ।

ਪੂੰਜੀਵਾਦੀ ਪਰਿਵੇਸ਼ ਵਿਚ ਸਾਮੰਤੀ ਕਦਰਾਂ ਕੀਮਤਾਂ ਕਰਕੇ ਪੰਜਾਬੀ ਘਰਾਂ ਵਿਚ ਵੀ ਤਣਾਉ ਵਾਪਰਦਾ ਹੈ। ਬਰਤਾਨੀਆ ਜਿਹੇ ਆਰਥਿਕਤਾ ਪ੍ਰਧਾਨ ਦੇਸ਼ ਵਿਚ ਔਰਤ ਦੇ ਸ਼ੋਸ਼ਣ ਕਰਨ ਦੇ ਅਨੇਕਾਂ ਹੀ ਅਵਸਰ ਮੌਜੂਦ ਹਨ। ਸ਼ਿਵਚਰਨ ਗਿੱਲ ਆਪਣੇ ਅਨੁਭਵ ਤੇ ਤਜਰਬੇ ਨਾਲ ਪੰਜਾਬੀ ਸਭਿਆਚਾਰਾਂ ‘ਚ ਵਾਪਰਦੇ ਬਹੁਭਾਂਤੀ ਮਸਲਿਆਂ ਨਾਲ ਦੋ ਚਾਰ ਹੁੰਦਾ ਰਹਿੰਦਾ ਹੈ ਜਿਸ ਨਾਲ ਉਸ ਦੀ ਤੀਖਣ ਅੱਖ ਪੰਜਾਬੀ ਸਭਿਅਚਾਰ ਦੇ ਨਿਕਟ ਅਧਿਐਨ ਵਿਚ ਮਦੱਦਗਾਰ ਸਾਬਤ ਹੁੰਦੀ ਹੈ। ‘ਮਰਦਾਵੀਂ ਔਰਤ’ ਨਾਮੀ ਕਹਾਣੀ ਵਿਚ ਉਸ ਨੇ ਪੂੰਜੀਵਾਦੀ ਸਭਿਆਚਾਰ ਵਿਚ ਮਰਦ ਦੇ ਹਉਗ੍ਰਸਤ ਰੂਪ ਨੂੰ ਪੇਸ਼ ਕੀਤਾ ਹੈ ਜੋ ਆਰਥਿਕਤਾ ਦੇ ਜ਼ੋਰ ਨਾਲ ਆਪਣੀ ਪਤਨੀ ਨੂੰ ਦੁਰਕਾਰ ਦਿੰਦਾ ਹੈ। ਪਰ ਇਸੇ ਸਿਸਟਮ ਵਿਚ ਉਸ ਦੀ ਪਤਨੀ, ਔਰਤ ਨੂੰ ਮਿਲ ਰਹੀ ਸ਼ਕਤੀ ਕਾਰਣ, ਆਪਣੇ ਪਤੀ ਨੂੰ ਨਿਆਸਰਾ ਬਣਾ ਕੇ ਰੱਖ ਦਿੰਦੀ ਹੈ।

ਸੁਰਜੀਤ ਸਿੰਘ ਕਾਲੜਾ ਨੇ ਵੀ ਪਰਵਾਸੀ ਜੀਵਨ ਵਿਚ ਪੰਜਾਬੀ ਸਭਿਆਚਾਰ ਵਿਚ ਬਦਲਦੀਆਂ ਕਦਰਾਂ ਕੀਮਤਾਂ ਨੂੰ ਆਪਣੀਆਂ ਕਹਾਣੀਆਂ ਵਿਚ ਰੂਪਾਂਤ੍ਰਿਤ ਕੀਤਾ ਹੈ। ਜਦੋਂ ਮੂਲ ਸਭਿਆਚਾਰ ਬਦੇਸ਼ੀ ਸਭਿਆਚਾਰ ਨਾਲ ਟਕਰਾਉਂਦਾ ਹੈ ਤਾਂ ਬੇਅੰਤ ਕਿਸਮ ਦੇ ਪਰਿਵਰਤਨ ਵਾਪਰਦੇ ਹਨ। ਕੁਝ ਸਾਕਾਰਾਤਮਕ ਵੀ ਹੁੰਦੇ ਹਨ ਤੇ ਕੁਝ ਨਾਕਾਰਾਤਮਕ ਵੀ। ਬਦੇਸ਼ੀ ਸਭਿਆਚਾਰ ਦੀ ਚਕਾਚੌਂਧ ਨਵੇਂ ਪਰਿਵੇਸ਼ ਪਾਉਣ ਵਾਲੇ ਨੂੰ ਭੁਚਲਾ ਦਿੰਦੀ ਹੈ। ਇਹ ਪ੍ਰਭਾਵ ਨਵੀਨ ਪੀੜ੍ਹੀ ਵਿਚ ਜ਼ਿਆਦਾ ਅਸਰਅੰਦਾਜ਼ ਹੁੰਦੇ ਹਨ। ਸੁਰਜੀਤ ਸਿੰਘ ਕਾਲੜਾ ਨੇ ਅਜਿਹੀਆਂ ਪ੍ਰਵਿਰਤੀਆਂ ਨੂੰ ਆਪਣੇ ਨਵੀਨ ਕਹਾਣੀ ਸੰਗ੍ਰਹਿ (ਸ਼ਰਨ) ਵਿਚ ਪੇਸ਼ ਕੀਤਾ ਹੈ।

ਹੱਥਲੇ ਦਹਾਕੇ ਵਿਚ ਔਰਤ ਦੇ ਦਮਨ ਵਿਰੁੱਧ ਕਹਾਣੀ ਉੱਭਰ ਕੇ ਪੇਸ਼ ਹੋਈ ਹੈ। ਇਸਤਰੀ ਲੇਖਕਾਂ ਵਿਚ ਵੀਨਾ ਵਰਮਾ ਇਕ ਵਿਸ਼ੇਸ਼ ਨਾਮ ਹੈ ਜਿਸ ਨੇ ਇਸਤਰੀ ਦੇ ਦ੍ਰਿਸਟੀਕੋਣ ਤੋਂ ਔਰਤ ਦੇ ਸੰਤਾਪ ਦੀ ਗੱਲ ਕੀਤੀ ਹੈ। ਉਸ ਦੀ ਕਹਾਣੀ ਵਿਚ ਦੱਬੀ ਕੁਚਲੀ ਔਰਤ ਪੇਸ਼ ਨਹੀਂ ਹੁੰਦੀ ਸਗੋਂ ਉਹ ਔਰਤ ਨੂੰ ਅਣਖ ਭਰਪੂਰ ਚੇਤਨਾ ਨਾਲ ਭਰਦੀ ਹੈ। ‘ਫਰੰਗੀ ਦੀ ਨੂੰਹ’ ਨਾਮੀ ਕਹਾਣੀ ਵਿਚ ਉਸ ਨੇ ਮੁੱਖ ਨਾਇਕਾ ਸ਼ਾਂਤੀ ਦੇਵੀ ਨੂੰ ਇਕ ਦਬੰਗ ਔਰਤ ਵਜੋਂ ਪੇਸ਼ ਕੀਤਾ ਹੈ ਜੋ ਆਪਣੇ ਪ੍ਰਤੀ ਹੋਏ ਸ਼ੋਸ਼ਣ ਦੇ ਖਿਲਾਫ ਡੱਟ ਕੇ ਖਲੋਂਦੀ ਹੈ ਅਤੇ ਰਿਸ਼ਤੇਦਾਰਾਂ ਤੇ ਸਮਾਜ ਨਾਲ ਆਢਾ ਲੈ ਕੇ ਆਪਣੇ ਅਸਤਿਤਵ ਦੀ ਜਵਾਲਾ ਜਗਾ ਦਿੰਦੀ ਹੈ ਪਰ ਇਹ ਤਦੇ ਹੁੰਦਾ ਹੈ ਜਦੋਂ ਉਸ ਨੂੰ ਪੱਛਮ ਦੇ ਸਿਸਟਮ ਬੱਧ ਜੀਵਨ ਤੇ ਕਲਚਰ ਦੀ ਖੁਲ੍ਹੀ ਡੁਲ੍ਹੀ ਰੌਅ ਨਸੀਬ ਹੁੰਦੀ ਹੈ। ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਸਿਰਫ ਮਰਦ ਵਜੋਂ ਔਰਤ ਦੀ ਤਰਾਸਦਿਕ ਸਥਿਤੀ ਨੂੰ ਹੀ ਨਹੀਂ ਉਭਾਰਦੀ ਸਗੋਂ ਉਹ ਮਰਦ ਦੇ ਮਾਨਵੀ ਗੁਣਾਂ ਨੂੰ ਵੀ ਸਿਦਕ-ਦਿਲੀ ਨਾਲ ਰੂਪਮਾਨ ਕਰਦੀ ਹੈ। ‘ਰਜਾਈ’ ਨਾਮੀ ਕਹਾਣੀ ਇਸ ਸੰਦਰਭ ਵਿਚ ਖੂਬਸੂਰਤ ਰਚਨਾ ਕਹੀ ਜਾ ਸਕਦੀ।

ਗੁਰਦਿਆਲ ਸਿੰਘ ਰਾਏ ਨਿਰੰਤਰ ਲਿਖਣ ਵਾਲਾ ਕਹਾਣੀਕਾਰ ਹੈ। ਉਸਨੇ ਅਨੇਕ ਵਿਸ਼ਿਆਂ ਤੇ ਕਲਮ ਚਲਾਈ ਹੈ। ਅੱਜਕਲ ਔਰਤ ਚੇਤਨਾ ਤੇ ਦਲਿਤ ਚੇਤਨਾ ਨਾਲ ਸੰਬੰਧਿਤ ਅਨੇਕਾਂ ਹੀ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਗੁਰਦਿਆਲ ਸਿੰਘ ਰਾਏ ਨੇ ‘ਕਾਲਾ ਧੱਬਾ’ ਨਾਮੀ ਕਹਾਣੀ ਵਿਚ ਔਰਤ ਦੇ ਸ਼ੋਸ਼ਣ ਦੀ ਗੱਲ ਵੱਖਰੇ ਜ਼ਾਵੀਏ ਤੋਂ ਕੀਤੀ ਹੈ। ਭਾਵੇਂ ਇਹ ਕਹਾਣੀ ਪਰੰਪਰਾਗਤ ਵਿਸ਼ੇ ਨਾਲ ਸੰਬੰਧਿਤ ਹੈ ਪਰ ਇਸ ਦੇ ਨਿਭਾਅ ਵਿਚ ਇਸ ਨੂੰ ਸਮੁੱਚੀ ਮਾਨਵਜ਼ਾਤੀ, ਅੰਤਰ-ਰਾਸ਼ਟਰੀ ਤੇ ਇਤਿਹਾਸਕ ਪਰਿਸਥਿਤੀਆਂ ਵਿਚ ਰਖਕੇ ਵਿਚਾਰਿਆ ਗਿਆ ਹੈ ਜਿਸ ਨਾਲ ਕਹਾਣੀ ਵਿਚਲੀ ਹਿਰਦੇਵੇਧਕ ਪੀੜ ਨੇ ਪਾਠਕਾਂ ਤੇ ਤੀਖਣ ਪ੍ਰਭਾਵ ਛੱਡਿਆ ਹੈ। ਇਹ ਕਹਾਣੀ ਸਮੁੱਚੀ ਮਾਨਵਜਾਤੀ ਦਾ ਬਿੰਬ ਬਣ ਖਲੋਤੀ ਹੈ।

ਉਪਰੋਕਤ ਸਰੋਕਾਰ ਤੋਂ ਇਲਾਵਾ ਬਜ਼ੁਰਗਾਂ ਦੀ ਸਥਿਤੀ ਤੇ ਨਵੀਨ ਪੀੜ੍ਹੀ ਦੀਆਂ ਸਮੱਸਿਆਵਾਂ ਵੀ ਨਵੀਂ ਕਹਾਣੀ ਵਿਚ ਪੇਸ਼ ਹੋ ਰਹੀਆਂ ਹਨ। ਸ਼ਿਵਚਰਨ ਗਿੱਲ ‘ਨਵੀਂ ਗੱਲ’ ਕਹਾਣੀ ਵਿਚ ਨਵੀਨ ਪੀੜ੍ਹੀ ਦੀਆਂ ਖੁਲ੍ਹਾਂ ਨੂੰ ਜੋ ਉਨ੍ਹਾਂ ਨੂੰ ਪਛਮੀ ਜੀਵਨ-ਜਾਚ ਚੋਂ ਮਿਲੀਆਂ ਹਨ, ਪ੍ਰਸਤੁੱਤ ਕਰਦਾ ਹੈ। ਇਸ ਵਿਚ ਲੇਖਕ ਨੇ ਮਾਪਿਆਂ ਦੇ ਆਪਣੇ ਬੱਚਿਆਂ ਨਾਲ ਦੋਗਲੇ ਵਿਹਾਰ ਕਾਰਣ ਬੱਚਿਆਂ ਨੂੰ ਠੀਕ ਬਹਿੰਦਾ ਰਸਤਾ ਅਖ਼ਤਿਆਰ ਕਰਨ ਦੀ ਮਜ਼ਬੂਰ ਸਥਿਤੀ ਨੂੰ ਰੂਪਮਾਨ ਕੀਤਾ ਹੈ। ਸੰਤੋਖ ਧਾਲੀਵਾਲ ਕਹਾਣੀ ਵਿਚ ਭਾਵੇਂ ਨਵਾਂ ਹਸਤਾਖਰ ਹੈ ਪਰ ਉਸ ਕੋਲ ਪ੍ਰੋਢ ਅਨੁਭਵ ਹੈ। ਉਸ ਦੀਆਂ ਕਹਾਣੀਆਂ ਪਰਵਾਸੀ ਜੀਵਨ ਦੀਆਂ ਸਮੱਸਿਆਵਾਂ ਅਤੇ ਆਧੂਨਿਕ ਜੀਵਨ ਦੇ ਮਾਨਵੀ ਰਿਸ਼ਤਿਆਂ ਦੀਆਂ ਤਰੇੜਾਂ ਵਲ ਸੰਕੇਤ ਕਰਦੀਆਂ ਹਨ। ‘ਸਫਰ’ ਨਾਮੀ ਕਹਾਣੀ ਪੂੰਜੀਵਾਦੀ ਕਲਚਰ ਵਿਚ ਮਾਪਿਆਂ ਨੂੰ ਪ੍ਰਦੇਸ ਬੁਲਾ ਕੇ ਸਤਿਕਾਰ ਦੇਣ ਦੀ ਥਾਂ ਉਨ੍ਹਾਂ ਪ੍ਰਤੀ ਸ਼ੋਸ਼ਣੀ ਵਤੀਰੇ ਦੀ ਪ੍ਰਸਤੁਤੀ ਕਰਦੀ ਹੈ। ਗੁਰਦਿਆਲ ਸਿੰਘ ਰਾਏ ਦੀ ਕਹਾਣੀ ‘ਓਲਡ ਪੀਪਲ ਹੋਮਜ਼’ ਬਜ਼ੁਰਗਾਂ ਪ੍ਰਤੀ ਅਨਾਦਰਾਨਾ ਵਤੀਰੇ ਨੂੰ ਪ੍ਰਗਟਾਉਂਦੀ ਹੋਈ ਇਹ ਪ੍ਰਭਾਵ ਦੇ ਰਹੀ ਹੈ ਕਿ ਪਤਾ ਨਹੀਂ ਕਿੰਨੇ ਮਾਪੇ ਆਪਣੇ ਬੱਚਿਆਂ ਤੋਂ ਤੰਗ ਹੋਏ ਅੰਦਰੋ ਅੰਦਰੀ ਘੁੱਲ ਰਹੇ ਹਨ। ‘ਰਾਏ’ ਨੇ ਮਾਪਿਆਂ ਵਲੋਂ ਜਾਇਦਾਦ ਨੂੰ ਮਾਨਵੀ ਹਿਤਾਂ ਨੂੰ ਦੇ ਕੇ ਏਸ਼ੀਅਨ ਭਾਈਚਾਰੇ ਲਈ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।

ਨਵੀਨ ਕਹਾਣੀ ਕੁਝ ਨਵੀਨ ਤੇ ਅਣਛੋਹੇ ਤੱਥਾਂ ਨੂੰ ਵੀ ਉਲੀਕ ਰਹੀ ਹੈ। ਪਹਿਲੀ ਲਿਖੀ ਜਾ ਰਹੀ ਕਹਾਣੀ ਜ਼ਿਆਦਾਤਰ ਪੂਰਬੀ ਸਭਿਆਚਾਰ ਦੇ ਦੁਆਲੇ ਹੀ ਘੁੰਮੀ ਹੈ। ਹਰਜੀਤ ਅਟਵਾਲ ਨਵੇਂ ਸੰਦਰਭਾਂ ਨੂੰ ਕਹਾਣੀ ਵਿਚ ਲਿਆ ਰਿਹਾ ਹੈ। ‘ਭਰਾ’ ਨਾਮੀ ਕਹਾਣੀ ਵਿਚ ਉਹ ਲੈਜ਼ਬੀਅਨ ਰਿਸ਼ਤੇ ਨੂੰ ਸਾਕਾਰ ਕਰਦਿਆਂ, ਇਸ ਰਿਸ਼ਤੇ ਦੇ ਕਾਰਣਾਂ ਤੇ ਉਨ੍ਹਾਂ ਵਲੋਂ ਧਾਰਣ ਕੀਤੇ ਹਠੀਲੇ ਵਤੀਰੇ ਨੂੰ ਪ੍ਰਸਤੁੱਤ ਕਰਦਾ ਹੈ।

ਉਪਰੋਕਤ ਲੇਖ ਨੂੰ ਖਤਮ ਕਰਦਿਆਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਬਰਤਾਨੀਆ ਵਿਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਨੇ ਜਿੱਥੇ ਪੱਛਮੀ ਜੀਵਨ ਜਾਚ ਦੀਆਂ ਕੁਝ ਨਿਵੇਕਲੀਆਂ ਗੱਲਾਂ ਦੀ ਹਾਂ ਮੁਖੀ ਪ੍ਰਸਤੁਤੀ ਕੀਤੀ ਹੈ, ਉਥੇ ਇਸਨੇ ਇਸ ਕਲਚਰ ਦੀਆਂ ਨਾਂਹ ਮੁਖੀ ਪ੍ਰਵਿਰਤੀਆਂ ਦੀ ਡੱਟ ਕੇ ਖਿਲਾਫਵਰਜੀ ਵੀ ਕੀਤੀ ਹੈ। ਪ੍ਰਤੀਕੂਲ ਪਰਿਸਥਿਤੀਆਂ ਵਿਚ ਵੀ ਬਰਤਾਨਵੀ ਪੰਜਾਬੀ ਕਹਾਣੀ ਨੇ ਮਾਨਵਤਾ ਦਾ ਪੱਲਾ ਨਹੀਂ ਛੱਡਿਆ। ਇਹ ਗੱਲ ਬਰਤਾਨਵੀ ਪੰਜਾਬੀ ਕਹਾਣੀ ਨੂੰ ਚੌਰੇੜਾ ਪਾਸਾਰ ਬਖਸ਼ਦੀ ਹੈ।

ਅਖੀਰਲੀ ਗੱਲ ਮੁਆਫੀ ਨਾਮੇ ਦੇ ਰੂਪ ਵਿਚ ਇਹ ਕਹੀ ਜਾ ਸਕਦੀ ਹੈ ਕਿ ਬਰਤਾਨੀਆ ਦੇ ਕਈ ਹਸਤਾਖਰ ਨਿਰੰਤਰ ਕਹਾਣੀ ਰਚਨਾ ਕਰਦੇ ਆ ਰਹੇ ਹਨ। ਜਿਨ੍ਹਾਂ ਵਿਚ ਸਵਰਨ ਚੰਦਨ, ਦਰਸ਼ਣ ਧੀਰ, ਗੁਰਨਾਮ ਗਿੱਲ, ਬਲਦੇਵ ਸਿੰਘ ਲੰਡਨ, ਸਾਥੀ ਲੁਧਿਆਣਵੀ, ਕੈਲਾਸ਼ਪੁਰੀ, ਸੁਰਜੀਤ ਕਲਪਨਾ ਆਦਿ ਹਨ ਜਿਨ੍ਹਾਂ ਦੀਆਂ ਹੱਥਲੇ ਦਹਾਕੇ ਵਿਚ ਲਿਖੀਆਂ ਰਚਨਾਵਾਂ ਲੇਖਕ ਪ੍ਰਾਪਤ ਨਹੀਂ ਕਰ ਸਕਿਆ। ਜਿਨ੍ਹਾਂ ਪਰਿਸਥਿਤੀਆਂ ਵਿਚ ਇਹ ਲੇਖ ਭਾਰਤ ਵਿਚ ਬੈਠ ਕੇ ਲਿਖਿਆ ਗਿਆ ਹੈ, ਲੇਖਕ ਲਈ ਸਭ ਕੁਝ ਪ੍ਰਾਪਤ ਕਰਨਾ ਬੜਾ ਹੀ ਮੁਸ਼ਕਿਲ ਸੀ। ਹਾਂ ਅਮੀਨ ਮਲਕ ਦੀਆਂ ਪੁੱਜੀਆਂ ਪੁਸਤਕਾਂ ਦੇ ਬਾਵਜ਼ੂਦ ਉਸ ਦੀਆਂ ਰਚਨਾਵਾਂ ਨੂੰ ਹੱਥਲੇ ਸੰਦਰਭ ਵਿਚ ਪੇਸ਼ ਨਹੀਂ ਕਰ ਸਕਿਆ ਕਿਉਂਕਿ ਉਸ ਦੀਆਂ ਲਿਖੀਆਂ ਖ਼ੂਬਸੂਰਤ ਕਹਾਣੀਆਂ ਦੇ ਵਿਸ਼ੇ ਏਸ਼ਿਆਈ ਮੂyਲ ਦੇ ਸੰਦਰਭ ਵਿਚ ਤਾਂ ਹਨ ਪਰ ਇਸ ਪਰਚੇ ਦੇ ਵਿਸ਼ੇ ਦੇ ਸੰਦਰਭਗਤ, ਪਰਵਾਸੀ ਪਰਿਸਥਿਤੀਆਂ ਦੀਆਂ ਤੈਹਾਂ ਨਹੀਂ ਖੋਲ੍ਹਦੇ। ਇਹਨਾਂ ਮਿਆਰੀ ਅਤੇ ਪਿਆਰੀਆਂ ਕਹਾਣੀਆਂ ਪ੍ਰਤੀ ਲਿਖਣ ਲਈ ਇਕ ਨਿਵੇਕਲਾ ਸੰਦਰਭ ਲੋੜੀਂਦਾ ਹੈ।

***
ਸਹਾਇਕ/ਸੰਦਰਭ ਪੁਸਤਕਾਂ:

1. ਪਰਵਾਸੀ ਪੰਜਾਬੀ ਸਾਹਿਤ ਦੇ ਮਸਲੇ—ਲੇਖਕ: ਡਾ. ਹਰਚੰਦ ਸਿੰਘ ਬੇਦੀ
2. ਪੰਜਾਬੀ ਕਹਾਣੀ ਸ਼ਾਸਤਰ—ਲੇਖਕ: ਡਾ: ਧੰਨਵੰਤ ਕੌਰ

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 17 ਜੁਲਾਈ 2005)
(ਦੂਜੀ ਵਾਰ 20 ਸਤੰਬਰ 2021)

***
379
***

About the author

Pritam Singh Kambo
ਡਾ. ਪ੍ਰੀਤਮ ਸਿੰਘ ਕੈਂਬੋ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਪ੍ਰੀਤਮ ਸਿੰਘ ਕੈਂਬੋ

View all posts by ਡਾ. ਪ੍ਰੀਤਮ ਸਿੰਘ ਕੈਂਬੋ →