27 July 2024

ਸੁਰਜੀਤ ਕੌਰ ਕਲਪਨਾ ਦੀਆਂ ਕਹਾਣੀਆਂ ਵਿਚਲਾ ਨਾਰੀ-ਸੰਸਾਰ— ਡਾ. ਦੇਵਿੰਦਰ ਕੌਰ

ਸੁਰਜੀਤ ਕੌਰ ਕਲਪਨਾ ਬਰਤਾਨਵੀ ਪੰਜਾਬੀ ਕਹਾਣੀ ਦੀ ਪਹਿਲੀ ਪੀੜ੍ਹੀ ਦੀ ਲੇਖਿਕਾ ਹੈ। ਬਰਤਾਨੀਆ ਵਿਚ ਇਸਦਾ ਪ੍ਰਵੇਸ਼ 1965 ਵਿਚ ਹੁੰਦਾ ਹੈ। ਇਸ ਤੋਂ ਪਹਿਲਾਂ ਉਹ ਨਾਨਕ ਸਿੰਘ ਦੇ ਨਾਵਲ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਬਹੁਤ ਸਾਰੀਆਂ ਪੁਸਤਕਾਂ ਦਾ ਪਾਠ ਕਰ ਚੁੱਕੀ ਸੀ ਤੇ ਉਨ੍ਹਾਂ ਲਿਖਤਾਂ ਤੋਂ ਕਾਫ਼ੀ ਪ੍ਰਭਾਵਿਤ ਸੀ। ਕਹਿਣ ਤੋਂ ਭਾਵ ਸੁਰਜੀਤ ਕੌਰ ਦੇ ਘਰ ਦਾ ਮਾਹੌਲ ਸਾਹਿਤਿਕ ਹੋਣ ਕਰਕੇ ਅਤੇ ਆਪਣੇ ਪਿਤਾ ਮਨਸ਼ਾ ਸਿੰਘ ਤੋਂ ਪੰਜਾਬੀ ਪੜ੍ਹਣ, ਲਿਖਣ, ਜਾਨਣ ਅਤੇ ਮਾਨਣ ਦੀ ਪ੍ਰੇਰਨਾ ਲੈ ਕੇ ਉਸਨੇ ਬਰਤਾਨੀਆ ਦੀ ਧਰਤੀ ਤੇ ਪ੍ਰਵੇਸ਼ ਕੀਤਾ ਅਤੇ ਏਥੋਂ ਦੇ ਪੰਜਾਬੀ ਸਮਾਜ ਦੀਆਂ ਸਮੱਸਿਆਵਾਂ ਨੂੰ ਵਾਚਣਾ, ਸਮਝਣਾ ਅਤੇ ਆਪਣੀਆਂ ਕਹਾਣੀਆਂ ਵਿਚ ਪੇਸ਼ ਕਰਨ ਦਾ ਯਤਨ ਕੀਤਾ।ਉਸਨੇ ਹੁਣ ਤੱਕ ਦੋ ਕਹਾਣੀ ਸੰਗ੍ਰਹਿ, ‘ਕੰਧਾਂ ਵਿਲਕਦੀਆਂ’ ਅਤੇ, ‘ਕਸ਼ਮਕਸ਼’ ਪ੍ਰਕਾਸ਼ਿਤ ਕੀਤੇ ਹਨ।

ਉਸਦਾ ਪਹਿਲਾ ਕਹਾਣੀ-ਸੰਗ੍ਰਹਿ, ‘ਕੰਧਾਂ ਵਿਲਕਦੀਆਂ’ 1990 ਵਿਚ ਪ੍ਰਕਾਸ਼ਿਤ ਹੋਇਆ। ਜ਼ਾਹਿਰ ਹੈ ਕਹਾਣੀਆਂ ਲਿਖਣ ਤੋਂ ਪਹਿਲਾਂ ਉਸ ਕੋਲ ਬਰਤਾਨਵੀ ਪੰਜਾਬੀ ਸਮਾਜ ਦਾ 25 ਸਾਲ ਦਾ ਤਜਰਬਾ ਹੈ। ਇਨ੍ਹਾਂ ਸਾਲਾਂ ਦੌਰਾਨ ਜਿਹੜਾ ਸਮਾਜ ਉਸਨੇ ਵੇਖਿਆ, ਹੰਢਾਇਆ ਅਤੇ ਸਮਝਿਆ ਹੈ ਉਸੇ ਵਿਚੋਂ ਹੀ ਉਹ ਆਪਣੀਆਂ ਕਹਾਣੀਆਂ ਦੇ ਵਿਸ਼ਿਆਂ ਦੀ ਚੋਣ ਕਰਦੀ ਹੈ। ਇਸ ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਠ ਉਪਰੰਤ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਉਸਦੀਆਂ ਕਹਾਣੀਆਂ ਮੂਲ ਰੂਪ ਵਿਚ ਬਰਤਾਨਵੀ ਪੰਜਾਬੀ ਸਮਾਜ ਦੇ ਨਾਰੀ-ਸੰਸਾਰ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਹਨ।ਹਾਲਾਂਕਿ ਪੰਜਾਬੀ ਚਿੰਤਕਾਂ ਨੇ ਇਸ ਬਾਰੇ ਵੱਖ ਵੱਖ ਵਿਚਾਰ ਪੇਸ਼ ਕੀਤੇ ਹਨ ਜਿਨ੍ਹਾਂ ਵਿਚੋਂ ਦੋ ਧਾਰਨਾਵਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਗੁਰਮੇਲ ਮਡਾਹੜ ਦਾ ਕਹਿਣਾ ਹੈ:-

            “ਕਲਪਨਾ ਬੈਠੀ ਭਾਵੇਂ ਵਿਦੇਸ਼ ਵਿਚ ਹੈ ਪਰ ਉਸ ਦੀਆਂ ਜੜ੍ਹਾਂ
             ਪੰਜਾਬ ਵਿਚ ਹਨ। ਉਸਦੇ ਪਾਤਰ ਵਿਦੇਸ਼ੀ ਮਾਹੌਲ ਵਿਚ
             ਰੰਗੇ ਹੋਣ ਦੇ ਬਾਵਜੂਦ ਵੀ ਆਪਣੀ ਸੰਸਕ੍ਰਿਤੀ, ਆਪਣੇ
             ਸਭਿਆਚਾਰ ਨਾਲੋਂ ਨਹੀਂ ਟੁੱਟਦੇ।” (ਦੁਮੇਲ ‘ਚ )

 ਇਸੇ ਤਰ੍ਹਾਂ ਬਿਕਰਮ ਸਿੰਘ ਘੁੰਮਣ ਦਾ ਕਹਿਣਾ ਹੈ :-

           “ਸੁਰਜੀਤ ਕੌਰ ਕਲਪਨਾ ਯਕੀਨਨ ਹੀ ਕੁਝ ਅਜਿਹੇ ਲੇਖਕਾਂ/
            ਕਹਾਣੀਕਾਰਾਂ ਵਿਚ ਸ਼ਾਮਲ ਹੈ ਜਿਸ ਦੀਆਂ ਕੁਝ ਕਹਾਣੀਆਂ
            ਦਾ ਕਰਮਖੇਤਰ ਤੇ ਵਿਸ਼ਾ ਵਸਤੂ ਭਾਵੇਂ ਭਾਰਤੀ ਪੰਜਾਬ ਦਾ ਹੈ
            ਪਰ ਬਹੁਤੀਆਂ ਕਹਾਣੀਆਂ ਪਰਵਾਸੀ ਜੀਵਨ ਨਾਲ ਸੰਬੰਧਿਤ
            ਹਨ ।” (ਪੰਜ ਦਰਿਆ ‘ਚ)

ਕੰਧਾਂ ਵਿਲਕਦੀਅਾਂ-ਪਹਿਲੀ ਵਾਰ 1990

ਜੇਕਰ ਇਨ੍ਹਾਂ ਦੋਹਾਂ ਵਿਦਵਾਨਾਂ ਦੀਆਂ ਟਿੱਪਣੀਆਂ ਦੇਖੀਏ ਤਾਂ ਇਹ ਦੋਵੇਂ ਹੀ ਆਪੋ ਆਪਣੇ ਥਾਂ ਠੀਕ ਹਨ। ਸਾਡੀ ਪਹਿਲੀ ਪੰਜਾਬੀ ਪੀੜ੍ਹੀ ਜਿਹੜੀ ਬਰਤਾਨੀਆ ਵਿਚ ਗਈ ਹੈ ਭਾਵੇਂ ਹੁਣ ਉਨ੍ਹਾਂ ਦਾ ਰਹਿਣ ਸਥਾਨ ਇੰਗਲੈਂਡ ਹੈ ਲੇਕਿਨ ਉਨ੍ਹਾਂ ਦੀ ਮਾਨਸਿਕਤਾ ਭਾਰਤੀ ਹੈ ਤੇ ਉਹ ਆਪਣਾ ਸਭਿਆਚਾਰ ਨਾਲ ਲੈ ਕੇ ਗਏ ਹਨ ਇਸ ਲਈ ਕਹਿਣ ਨੂੰ ਭਾਵੇਂ ਉਹ ਪ੍ਰਵਾਸੀ ਹਨ ਲੇਕਿਨ ਉਨ੍ਹਾਂ ਦਾ ਪਿਛੋਕੜ ਪੰਜਾਬ ਹੋਣ ਕਰਕੇ ਉਨ੍ਹਾਂ ਦੀਆਂ ਜੜ੍ਹਾਂ ਪੰਜਾਬ ਵਿਚ ਹਨ। ਇਸ ਲਈ ਉਹ ਪ੍ਰਵਾਸੀ ਤਾਂ ਹਨ ਲੇਕਿਨ ਭਾਰਤੀ ਪੰਜਾਬੀ ਪ੍ਰਵਾਸੀ।
       
ਇਸ ਕਹਾਣੀ-ਸੰਗ੍ਰਹਿ ਦੀਆਂ ਕੁਲ 14 ਕਹਾਣੀਆਂ ਹਨ। ਇਸ ਪੁਸਤਕ ਦੇ ਸਿਰਲੇਖ ਤੋਂ ਹੀ ਪਤਾ ਲਗਦਾ ਹੈ ਕਿ ਇਹ ਕਹਾਣੀਆਂ ਨਾਰੀ-ਸਮਾਜ ਦੀਆਂ ਤਲਖ਼ ਸਚਾਈਆਂ, ਬੇਵਸੀਆਂ, ਮਾਨਸਿਕ ਉਲਝਣਾਂ, ਮਜਬੂਰੀਆਂ, ਰਿਸ਼ਤਿਆਂ ਵਿਚ ਆ ਰਹੀਆਂ ਤ੍ਰੇੜਾਂ, ਅਤੇ ਨਾਦਾਨੀਆਂ ਆਦਿ ਦੀ ਪੇਸ਼ਕਾਰੀ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਨਾਰੀ-ਸਮਾਜ ਦੇ ਵਿਭਿੰਨ ਰੂਪਾਂ ਦੀ ਤਸਵੀਰ ਮਿਲਦੀ ਹੈ। ਉਸਦੇ ਹਾਂ-ਮੁਖ ਅਤੇ ਨਾਂਹ-ਮੁੱਖ ਦੋਹਾਂ ਪਹਿਲੂਆਂ ਨੂੰ ਕਹਾਣੀਕਾਰਾ ਨੇ ਪੇਸ਼ ਕੀਤਾ ਹੈ।

ਇਨ੍ਹਾਂ ਕਹਾਣੀਆਂ ਨੂੰ ਪੜ੍ਹਣ ਉਪਰੰਤ ਇਕ ਗੱਲ ਸਾਫ਼ ਜ਼ਾਹਿਰ ਹੋ ਜਾਂਦੀ ਹੈ ਕਿ ਪੰਜਾਬੀਆਂ ਨੇ ਇੰਗਲੈਂਡ ਜਾ ਕੇ ਓਥੋਂ ਦੇ ਸਮਾਜ ਵਿਚ ਲਿਪਤ ਹੋਣ ਦੀ ਥਾਂ ਆਪਣਾ ਇਕ ਵੱਖਰਾ ਸਮਾਜ ਸਿਰਜਿਆ ਹੈ ਜਿਸ ਵਿਚੋਂ ਪੰਜਾਬੀ ਸਭਿਆਚਾਰ ਦੀ ਝਲਕ ਸਾਫ਼ ਵਿਖਾਈ ਦੇਂਦੀ ਹੈ। ਧਰਤੀ ਵਲੈਤ ਦੀ ਹੈ ਲੇਕਿਨ ਜੀਵਨ ਜਿਉਣ ਦਾ ਢੰਗ, ਸੋਚ, ਵਿਹਾਰ ਸਭ ਪੰਜਾਬੀ ਸੁਭਾਅ ਵਾਲਾ ਹੈ। ਇਸੇ ਲਈ ਇਸਨੂੰ ਬਰਤਾਨਵੀ ਸਮਾਜ ਦੀ ਥਾਂ ਬਰਤਾਨਵੀ ਪੰਜਾਬੀ ਸਮਾਜ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਐਸਾ ਸਮਾਜ ਜੋ ਬਰਤਾਨੀਆ ਦੀ ਧਰਤੀ ਤੇ ਰਹਿਣ ਦੇ ਬਾਵਜੂਦ ਸੁਭਾਅ ਵਿਚ ਪੰਜਾਬੀ ਹੋਣ ਕਰਕੇ ਪ੍ਰਵਾਸੀ ਜੀਵਨ ਵਿਚ ਵਾਪਰਨ ਵਾਲੇ ਦਵੰਧਾਂ ਦਾ ਸ਼ਿਕਾਰ ਹੁੰਦਾ ਹੈ। ਦੋ ਸੱਭਿਆਚਾਰਾਂ ਵਿਚ ਘਿਰਿਆ ਸਮਾਜ ਕਈ ਤਰ੍ਹਾਂ ਦੇ ਤਣਾਓ ਭੋਗਦਾ ਹੈ। ਇਸਦੀ ਅਹਿਮ ਮਿਸਾਲ ਇਸ ਕਹਾਣੀ-ਸੰਗ੍ਰਹਿ ਦੀ ਪਹਿਲੀ ਕਹਾਣੀ, ‘ਕਮਾਂਡ ਤਾਈ ਰਾਜੋ ਦੀ’ ਵਿੱਚੋਂ ਦਿੱਤੀ ਜਾ ਸਕਦੀ ਹੈ ਜਿਸ ਵਿਚਲੀ ਔਰਤ ਆਪਣੇ ਪਰਿਵਾਰ ਨੂੰ ਆਪਣੇ ਹੁਕਮ ਦੇ ਡੰਡੇ ਥੱਲੇ ਚਲਾਉਂਦੀ ਹੈ। ਇਸ ਨਾਲ ਸੰਬੰਧਿਤ ਸਾਰੇ ਪਾਤਰ, ਉਸਦਾ ਪਤੀ, ਉਸਦੀਆਂ ਧੀਆਂ ਉਸਦੇ ਹੁਕਮ ਅਨੁਸਾਰ ਚਲਦੀਆਂ ਹਨ। ਘਰ ਵਿਚ ਕਿਸੇ ਦੀ ਨਹੀਂ, ਸਿਰਫ਼ ਤਾਈ ਰਾਜੋ ਦੀ ਚਲਦੀ ਹੈ। ਉਸਦੇ ਹੁਕਮ ਅਨੁਸਾਰ ਹੀ ਉਸਦੀ ਕੁੜੀ ਜੀਤਾਂ ਲਈ ਭਾਰਤ ਤੋਂ ਮੰਗੇਤਰ ਮੰਗਵਾ ਕੇ ਉਸਦੀ ਸ਼ਾਦੀ ਕਰ ਦਿੱਤੀ ਜਾਂਦੀ ਹੈ ਲੇਕਿਨ ਤਾਈ ਰਾਜੋ ਦੇ ਹੁਕਮ ਤੋਂ ਬਗ਼ੈਰ ਉਹ ਆਪਣੇ ਪਤੀ ਦੀਪਕ ਕੋਲ ਵੀ ਨਹੀਂ ਜਾ ਸਕਦੀ। ਹੈਰਾਨੀ ਹੁੰਦੀ ਹੈ ਕਿ ਕੁੜੀ ਵੀ ਆਪਣੀ ਮਾਂ ਕੋਲੋਂ ਏਨਾ ਡਰਦੀ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਆਖਿਰ ਉਸਦਾ ਪਤੀ ਦੀਪਕ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ ਅਤੇ ਉਸਦੀ ਜ਼ਿੰਦਗੀ ਵਿਚ ਹਨੇਰਾ ਹੋ ਜਾਂਦਾ ਹੈ। ਏਥੇ ਇਸ ਕਹਾਣੀ ਵਿਚ ਸਾਨੂੰ ਔਰਤ ਦਾ ਇਕ ਵੱਖਰਾ ਰੂਪ ਵੇਖਣ ਨੂੰ ਮਿਲਦਾ ਹੈ। ਤਾਈ ਰਾਜੋ ਦੀ ਸਖ਼ਤੀ ਏਨੀ ਹੈ ਕਿ ਉਸਦੀ ਕੁੜੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਵੈਸੇ ਵੇਖਣ ਨੂੰ ਇਹ ਗੱਲ ਅਣਹੋਣੀ ਲਗਦੀ ਹੈ ਲੇਕਿਨ ਪੰਜਾਬ ਵਿਚ ਤਾਂ ਸਾਨੂੰ ਇਹੋ ਜਿਹੀਆਂ ਔਰਤਾਂ ਦੇ ਦਰਸ਼ਨ ਹੋ ਜਾਂਦੇ ਹਨ ਲੇਕਿਨ ਜਿਸ ਹੱਦ ਤੱਕ ਇਸ ਕਹਾਣੀ ਵਿਚਲੀ ਤਾਈ ਰਾਜੋ ਇੰਗਲੈਂਡ ਵਿਚ ਬੈਠ ਕੇ ਆਪਣੀਆਂ ਕੁੜੀਆਂ ਨੂੰ ਕਾਬੂ ਵਿਚ ਰੱਖਦੀ ਹੈ ਇਹ ਅਪਵਾਦ ਜਾਪਦਾ ਹੈ। ਜਿਸ ਦਾ ਸਿੱਟਾ ਅਖੀਰ ਵਿਚ ਭਿਆਨਕ ਨਿਕਲਦਾ ਹੈ। ਏਥੇ ਕਹਾਣੀਕਾਰ ਇਹ ਦੱਸਣਾ ਚਾਹੁੰਦੀ ਹੈ ਕਿ ਪਰਾਈ ਧਰਤੀ ਤੇ ਭਾਵੇਂ ਮਨੁੱਖ ਚਲਾ ਜਾਂਦਾ ਹੈ ਲੇਕਿਨ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਨਾ ਸੋਚ ਬਦਲਦੀ ਹੈ ਨਾ ਉਨ੍ਹਾਂ ਦਾ ਹੋਸ਼ ਬਦਲਦਾ ਹੈ। ਭਾਵੇਂ ਉਸ ਨਾਲ ਕਿਸੇ ਦੂਸਰੀ ਧਿਰ ਦੀ ਜ਼ਿੰਦਗੀ ਬਰਬਾਦ ਕਿਉਂ ਨਾ ਹੋ ਜਾਏ। ਇਸ ਕਹਾਣੀ ਵਿਚ ਔਰਤ ਦਾ ਬੜਾ ਵੱਖਰਾ ਰੂਪ ਪੇਸ਼ ਕੀਤਾ ਗਿਆ ਹੈ। ਆਮ ਤੌਰ ਤੇ ਭਾਰਤੀ ਔਰਤ ਮਰਦ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀ ਹੈ ਲੇਕਿਨ ਏਥੇ ਇਕ ਔਰਤ ਦੇ ਹੱਥੋਂ ਉਸ ਦਾ ਪਰਿਵਾਰ ਵਧੀਕੀ ਦਾ ਸ਼ਿਕਾਰ ਰਹਿੰਦਾ ਹੈ ਲੇਕਿਨ ਉਫ਼ ਤੱਕ ਨਹੀਂ ਕਰਦਾ। ਏਥੇ ਸਾਨੂੰ ਸੁਰਜੀਤ ਕੌਰ ਕਲਪਨਾ ਦੇ ਵਿਚਾਰ ਨੂੰ ਮਿਸਾਲ ਵਜੋਂ ਪੇਸ਼ ਕਰਨਾ ਬਣਦਾ ਹੈ। ਉਹ ਪੁਸਤਕ ਦੇ ਆਰੰਭ ਵਿਚ ਲਿਖਦੀ ਹੈ:-

           “ਲੇਖਕ ਦਾ ਮੰਤਵ ਇਹ ਵਿਖਾਉਣ ਵਿਚ ਨਹੀਂ ਕਿ ਕੀ
            ਵਾਪਰਿਆ ਹੈ, ਸਗੋਂ ਉਹ ਅਜਿਹੀ ਘਟਨਾ ਵਿਖਾਉਂਦਾ  
            ਜਿਹੜੀ ਵਾਪਰ ਸਕਦੀ ਹੈ।”
                                       (ਕੰਧਾਂ ਵਿਲਕਦੀਆਂ, ਸੁਰਜੀਤ ਕੌਰ ਕਲਪਨਾ)

ਕੰਧਾਂ ਵਿਲਕਦੀਅਾਂ-ਦੂਜੀ ਵਾਰ 2023

ਏਥੇ ਕਿਹਾ ਜਾ ਸਕਦਾ ਹੈ ਕਿ ਇਸ ਕਹਾਣੀ ਵਿਚ ਤਾਈ ਰਾਜੋ ਦਾ ਜੋ ਕਿਰਦਾਰ ਪੇਸ਼ ਕੀਤਾ ਗਿਆ ਹੈ ਉਹ ਆਮ ਪੱਧਰ ਤੇ ਨਹੀਂ ਵਾਪਰਦਾ ਲੇਕਿਨ ਵਾਪਰਨ ਦੀ ਸੰਭਾਵਨਾ ਜ਼ਰੂਰ ਬਣੀ ਰਹਿੰਦੀ ਹੈ। ਲੇਕਿਨ ਇਕ ਗੱਲ ਦਾ ਸੰਕੇਤ ਜ਼ਰੂਰ ਮਿਲ ਜਾਂਦਾ ਹੈ ਕਿ ਬਹੁਤੀ ਸਖ਼ਤੀ ਕਰਨ ਦਾ ਅੰਜਾਮ ਬੁਰਾ ਹੁੰਦਾ ਹੈ। ਇਸ ਦੀ ਮਿਸਾਲ ਕਹਾਣੀ ਵਿਚੋਂ ਮਿਲ ਜਾਂਦੀ ਹੈ। ਜਿਹੜੀ ਤਾਈ ਰਾਜੋ ਘਰ ਵੀ ਤੇ ਬਾਹਰ ਵੀ ਔਰਤਾਂ ਤੇ ਆਪਣਾ ਰੋਬ੍ਹ ਦਾਬ੍ਹ ਰੱਖਦੀ ਹੈ ਜਦੋਂ ਉਸਦਾ ਜਵਾਈ ਘਰ ਛੱਡ ਜਾਂਦਾ ਹੈ ਤਾਂ ਉਸਦਾ ਚਿਹਰਾ ਵੀ ਮੁਰਝਾ ਜਾਂਦਾ ਹੈ। ਇਕ ਗੱਲ ਏਥੇ ਜ਼ਰੂਰ ਕਹਿਣੀ ਬਣਦੀ ਹੈ ਕਿ ਕਹਾਣੀਕਾਰਾ ਨੇ ਕਹਾਣੀ ਦੇ ਅਖੀਰ ਤੇ ਤਾਈ ਰਾਜੋ ਦਾ ਜੋ ਚਿਹਰਾ ਦਿਖਾਇਆ ਹੈ ਉਸ ਨਾਲ ਪਾਠਕ ਨੂੰ ਜਾ ਬਾਕੀ ਲੋਕਾਂ ਨੂੰ ਸਬਕ ਜ਼ਰੂਰ ਮਿਲਦਾ ਹੈ। ਲੇਕਿਨ ਕਹਾਣੀ ਦੀ ਬਣਤਰ ਪੱਖੋਂ ਦੇਖਿਆ ਜਾਏ ਤਾਂ ਇਹ ਸਿੱਟਾ ਪੇਸ਼ ਕਰਨ ਵਾਲੀ ਕਹਾਣੀ ਮੰਨੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਕਹਾਣੀ ਦਾ ਅੰਤ ਨਿਸ਼ਚਿਤ ਰੂਪ ਵਾਲਾ ਜਾਂ ਬੰਦ ਸੰਸਾਰ ਵਾਲਾ ਹੋ ਨਿਬੜਦਾ ਹੈ।

ਲੇਖਕਾ ਨੇ ਆਪਣੀਆਂ ਕਹਾਣੀਆਂ ਵਿਚ ਮੂਲ ਰੂਪ ਵਿਚ ਜਿਹੜਾ ਨਾਰੀ-ਸੰਸਾਰ ਪੇਸ਼ ਕੀਤਾ ਹੈ, ਉਸ ਵਿਚ ਉਹ ਮਰਦ ਪ੍ਰਧਾਨ ਸਮਾਜ ਦੀਆਂ ਸਤਾਈਆਂ ਹੋਈਆਂ ਦੁੱਖ ਭੋਗਦੀਆਂ ਹਨ, ਮਾਨਸਿਕ ਤਣਾਓ ਦਾ ਸ਼ਿਕਾਰ ਹੁੰਦੀਆਂ ਹਨ, ਦਿਮਾਗ਼ੀ ਉਲਝਣਾਂ ਵਿਚੋਂ ਗੁਜ਼ਰਦੀਆਂ ਹਨ, ਰਿਸ਼ਤਿਆਂ ਦੀ ਖ਼ੁਦਗ਼ਰਜ਼ੀ ਨੂੰ ਵੀ ਸਹਿਣ ਕਰਦੀਆਂ ਹਨ ਲੇਕਿਨ ਨਾ ਮੁਹੱਬਤ ਦਾ ਰਾਹ ਤਿਆਗਦੀਆਂ ਹਨ ਤੇ ਨਾ ਹੀ ਖ਼ੁਦਕੁਸ਼ੀ ਦਾ ਰਾਹ ਚੁਣਦੀਆਂ ਹਨ। ਜਦ ਕਦੇ ਵੀ ਇਹੋ ਜਿਹਾ ਖ਼ਿਆਲ ਆਉਂਦਾ ਹੈ, ਖ਼ੁਦ ਸਾਹਵੇਂ ਸਵਾਲ ਖੜ੍ਹਾ ਕਰ ਉਸ ਸਥਿਤੀ ਵਿਚੋਂ ਨਿਕਲਣ ਦਾ ਰਾਹ ਲੱਭਦੀਆਂ ਅਤੇ ਉਸ ਉਪਰ ਅਮਲ ਕਰਨ ਦਾ ਯਤਨ ਕਰਦੀਆਂ ਹਨ। ਇਸ ਦੀ ਅਹਿਮ ਉਦਾਹਰਣ ਉਸਦੀ ਇਕ ਕਹਾਣੀ, ‘ਡੋਲੀ ਕਿ ਅਰਥੀ’ ਵਿਚੋਂ ਮਿਲ ਜਾਂਦੀ ਹੈ। ਸੀਤਲ ਇਸ ਕਹਾਣੀ ਦੀ ਮੁੱਖ ਪਾਤਰ ਹੈ ਜਿਸਦਾ ਪਤੀ ਹਰ ਰੋਜ਼ ਘਰ ਸ਼ਰਾਬੀ ਹੋਇਆ ਮੁੜਦਾ ਹੈ, ਉਸ ਨੂੰ ਦੇਖ ਉਹ ਹਰ ਰੋਜ਼ ਦੁਖੀ ਹੁੰਦੀ ਹੈ, ਪ੍ਰੇਸ਼ਾਨ ਹੁੰਦੀ ਹੈ। ਹਰ ਰੋਜ਼ ਦੇ ਇਸ ਕਲੇਸ਼ ਤੋਂ ਮੁਕਤ ਹੋਣ ਲਈ ਉਹ ਖ਼ੁਦਕੁਸ਼ੀ ਕਰਨ ਬਾਰੇ ਸੋਚਦੀ ਹੈ। ਇਕ ਦਮ ਉਸ ਦੀਆਂ ਸੋਚਾਂ ਦਾ ਰੁਖ਼ ਅਤੀਤ ਵੱਲ ਮੁੜਦਾ ਹੈ ਜਿਥੇ ਉਸਦਾ ਬੇਵੱਸ ਪ੍ਰੇਮੀ ਰਾਜਨ ਖੜ੍ਹਾ ਨਜ਼ਰ ਆਉਂਦਾ ਹੈ ਜੋ ਉਸ ਦੀ ਖਾਤਰ ਆਪਣੇ ਪਿਆਰ ਨੂੰ ਕੁਰਬਾਨ ਕਰ ਦੇਂਦਾ ਹੈ। ਉਸ ਦੀ ਯਾਦ ਸੀਤਲ ਦੇ ਮਨ ਨੂੰ ਹੋਰ ਸੀਤਲ ਕਰ ਦੇਂਦੀ ਹੈ। ਪ੍ਰੇਮੀ ਦੀ ਯਾਦ ਆਉਂਦਿਆਂ ਹੀ ਉਹ ਖ਼ੁਦਕੁਸ਼ੀ ਦਾ ਖ਼ਿਆਲ ਛੱਡ ਆਪਣੇ ਆਪ ਨੂੰ ਪੁੱਛਦੀ ਹੈ:-

           “ਦੁਨੀਆ ਦੇ ਫ਼ਰਜ਼, ਤੀਂਵੀਂ ਦੇ ਗਲ ਦਾ ਫੰਦਾ ਕਿਉਂ, ਮਰਦ
             ਸਦੀਓਂ ਬੰਧਨਾਂ ਤੋਂ ਮੁਕਤ ਕਿਉਂ? ਸਿਰਫ਼ ਔਰਤ ਹੀ
             ਬਲੀ ਦਾ ਬੱਕਰਾ ਕਿਉਂ ਬਣੇ? ਆਪਣੇ ਸਾਹਾਂ ਦਾ ਬੇਅਰਥ
             ਛੱਟਾ ਦੇ ਧੂੜ ਵਿਚ ਕਿਉਂ ਮਿਲਾਏ? ਜਦ ਉਸਦੇ ਸਾਹੀਂ
             ਵਿਸਮਣ ਵਾਲਾ, ਚਾਹਤ ਵਿੱਚ ਅੱਖਾਂ ਵਿਛਾਈ ਬੈਠਾ
             ਸੀ, ਫਿਰ ਕਿਉਂ?”
                                   (ਉਹੀ, ਪੰਨਾ, 24)

ਇਸ ਤਰ੍ਹਾਂ ਉਹ ਆਪਣੇ ਆਪ ਨੂੰ ਖ਼ੁਦਕੁਸ਼ੀ ਤੋਂ ਬਚਾ ਲੈਂਦੀ ਹੈ। ਇਸ ਤਰ੍ਹਾਂ ਕਰ ਕੇ ਲੇਖਿਕਾ ਇਸ ਕਹਾਣੀ ਰਾਹੀਂ ਇਕ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਔਰਤ ਨੂੰ ਮੁਹੱਬਤ ਜ਼ਿੰਦਗੀ ਦੀ ਹਰ ਮੁਸੀਬਤ ਤੋਂ ਬਚਾ ਸਕਦੀ ਹੈ। ਸਿਰਫ਼ ਇਹ ਖ਼ਿਆਲ ਹੀ ਕਿ ਉਸ ਨੂੰ ਦੁਨੀਆ ਵਿਚ ਕੋਈ ਪਿਆਰ ਕਰਨ ਵਾਲਾ ਹੈ, ਰਾਹੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਸਕਦੀ ਹੈ। ਔਰਤ ਦੇ ਅੰਦਰ ਜੇ ਵਿਸ਼ਵਾਸ ਦੀ ਭਾਵਨਾ ਪੈਦਾ ਹੋ ਜਾਏ ਤਾਂ ਉਸਦੀ ਜ਼ਿੰਦਗੀ ਦਾ ਰਾਹ ਆਸਾਨ ਹੋ ਜਾਂਦਾ ਹੈ। ਸੋ ਇਕ ਹਾਂ-ਮੁਖੀ ਸੋਚ ਰਾਹੀਂ ਉਹ ਕਹਾਣੀ ਨੂੰ ਇਕ ਸੁਖਦ ਮੋੜ ਦੇ ਦੇਂਦੀ ਹੈ ਅਤੇ ਸੀਤਲ ਦੀ ਸੋਚ ਡੋਲੀ ਤੋਂ ਆਰੰਭ ਹੋ ਦੁੱਖਾਂ ਰੂਪੀ ਅਰਥੀ ਨੂੰ ਧੋਂਦੀ ਅਖੀਰ ਡੋਲੀ ਵਾਲੀ ਸਥਿਤੀ ਤੇ ਪਹੁੰਚ ਜਾਂਦੀ ਹੈ ਤੇ ਪਾਠਕ ਲਈ ਇਕ ਸਬਕ ਛੱਡ ਜਾਂਦੀ ਹੈ। ਏਥੇ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਕਲਪਨਾ ਇਸ ਕਹਾਣੀ ਵਿਚ ਸਥਿਤੀ ਦੇ ਰੂਪਾਂਤਰਣ ਵਾਲੀ ਜੁਗਤ ਦੀ ਵਰਤੋਂ ਕਰਦੀ ਹੈ ਅਤੇ ਹਥਿਆਰ ਵਜੋਂ ਪਿਆਰ ਦੀ ਭਾਵਨਾ ਦੇ ਅਮਲ ਦੀ ਚੋਣ ਕਰਦੀ ਹੈ। ਇਸ ਤਰ੍ਹਾਂ ਕਹਾਣੀ ਅੰਤ ਤੇ ਹਾਂ-ਮੁਖੀ ਮੋੜ ਅਖ਼ਤਿਆਰ ਕਰ ਲੈਂਦੀ ਹੈ। ਇਸੇ ਤਰ੍ਹਾਂ ਇਕ ਹੋਰ ਕਹਾਣੀ, ‘ਕਾਣੀ ਕੌਡੀ’ ਵਿਚਲੇ ਪਾਤਰ ਮੁਹੱਬਤ ਦੀ ਖਾਤਰ ਸਮਾਜਿਕ ਬੰਧਨਾਂ ਨੂੰ ਤੋੜ ਇਕ ਦੂਜੇ ਦੇ ਸਾਥੀ ਬਣ ਜਾਂਦੇ ਹਨ ਤੇ ਆਪਣੇ ਆਪ ਨੂੰ ਗ਼ੁਲਾਮੀ ਦੇ ਝੰਜਟ ਤੋਂ ਮੁਕਤ ਹੋਇਆ ਮਹਿਸੂਸ ਕਰਦੇ ਹਨ। ਏਥੇ ਵੀ ਲੇਖਿਕਾ ਕਹਾਣੀ ਨੂੰ ਸੁਖਾਵੇਂ ਮੋੜ ਤੇ ਖ਼ਤਮ ਕਰਦੀ ਹੈ ਜਿਸ ਨਾਲ ਕਹਾਣੀ ਦੇ ਔਰਤ ਅਤੇ ਮਰਦ ਪਾਤਰ ਇਕ ਦੂਜੇ ਦੇ ਸਾਥ ਵਿਚ ਸੁਖੀ ਮਹਿਸੂਸ ਕਰਦੇ ਹਨ।

ਪਰ ਕਈ ਕਹਾਣੀਆਂ ਵਿਚ ਲੇਖਿਕਾ ਇੰਗਲੈਂਡ ਵਿਚ ਜੰਮੀਆਂ ਪਲੀਆਂ ਕੁੜੀਆਂ ਦੀ ਸੋਚ ਰੂੜ੍ਹੀਵਾਦੀ ਪੇਸ਼ ਕਰਦੀ ਹੈ ਜਿਸ ਨਾਲ ਕਹਾਣੀ ਦਾ ਅੰਤ ਦੁਖਦਾਈ ਹੋ ਜਾਂਦਾ ਹੈ। ਜਿਸਤਰ੍ਹਾਂ ਇਸ ਸੰਗ੍ਰਹਿ ਦੀ ਇਕ ਕਹਾਣੀ, ‘ਬੁਰੀ ਨਜ਼ਰ’ ਵਿਚਲੀ ਬਚਨੀ ਇੰਗਲੈਂਡ ਦੀ ਜੰਮ ਪਲ ਹੈ ਲੇਕਿਨ ਉਸਦੇ ਦਿਮਾਗ਼ ਦੀ ਕੰਡੀਸ਼ਨਿੰਗ ਇਸ ਤਰ੍ਹਾਂ ਕੀਤੀ ਗਈ ਹੈ ਕਿ ਜਦੋਂ ਉਸਦੀ ਸੱਸ ਨੂੰ ਸਟ੍ਰੋਕ ਹੋ ਜਾਂਦਾ ਹੈ ਤਾਂ ਉਹ ਸਮਝਦੀ ਹੈ ਕਿ ਉਸਦੀ ਬੁਰੀ ਨਜ਼ਰ ਕਰਕੇ ਹੀ ਸੱਸ ਨੂੰ ਸਟ੍ਰੋਕ ਹੋਇਆ ਹੈ। ਬੁਰੀ ਨਜ਼ਰ ਵਾਲਾ ਵਿਚਾਰ ਉਸਦੇ ਰੂੜ੍ਹੀਵਾਦੀ ਮਾਹੌਲ ਵਿਚ ਪਲੇ ਹੋਣ ਵੱਲ ਹੀ ਇਸ਼ਾਰਾ ਕਰਦਾ ਹੈ।

ਕਈ ਕਹਾਣੀਆਂ ਵਿਚ ਲੇਖਿਕਾ ਵਲੈਤ ਦੀ ਜ਼ਿੰਦਗੀ ਦੇ ਦਰਦਨਾਕ ਪਹਿਲੂਆਂ ਨੂੰ ਵੀ ਪੇਸ਼ ਕਰਦੀ ਹੈ। ਇਸ ਤਰ੍ਹਾਂ ਦੀਆਂ ਸਥਿਤੀਆਂ ਦੋ ਸੱਭਿਆਚਾਰਾਂ ਦੇ ਤਣਾਓ ਵਿਚੋਂ ਪੇਸ਼ ਹੁੰਦੀਆਂ ਹਨ। ਜਿਵੇਂ ਇਕ ਕਹਾਣੀ, ‘ਵਲਾਇਤੀ ਰਾਂਝਾ’ ਵਿਚ ਹਰਪਾਲ ਰਜਿੰਦਰ ਨਾਮ ਦੇ ਮੁੰਡੇ ਨੂੰ ਇਸ਼ਕ ਕਰਨ ਲੱਗ ਜਾਂਦੀ ਹੈ ਜੋ ਇੰਗਲੈਂਡ ਵਿਚ ਜੰਮਿਆ ਪਲਿਆ ਹੈ। ਜਿਸ ਹੱਦ ਤੱਕ ਉਹ ਹਰਪਾਲ ਨੂੰ ਪਿਆਰ ਕਰਦਾ ਹੈ ਤੇ ਉਸਦੇ ਪਿਆਰ ਵਿਚ ਖ਼ੁਦਕੁਸ਼ੀ ਤਕ ਕਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸਨੂੰ ਅਸਲੀ ਰਾਂਝਾ ਸਮਝਣ ਲੱਗ ਜਾਂਦੀ ਹੈ ਤੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਵਿਆਹ ਕਰ ਲੈਂਦੀ ਹੈ। ਕੁਝ ਚਿਰ ਬਾਅਦ ਹੀ ਉਹ ਕਿਸੇ ਹੋਰ ਕੁੜੀ ਦੇ ਪਿਆਰ ਵਿਚ ਆਪਣੇ ਘਰ ਵਾਪਸ ਹੀ ਨਹੀਂ ਪਰਤਦਾ ਸਗੋਂ ਉਹ ਅਚਾਨਕ ਹੀ ਆਪਣੀਆਂ ਬਰੂਹਾਂ ਵਿਚ ਇਕ ਖ਼ਤ ਵੇਖਦੀ ਹੈ ਜਿਸ ਵਿਚ ਇਹ ਲਿਖਿਆ ਹੁੰਦਾ ਹੈ:-

             “ਦੇਖ ਫੁੱਲ ਖਿੜਦੇ ਤੇ ਬਿਖਰ ਜਾਂਦੇ ਨੇ, ਇੰਝ ਹੀ ਜੀਵਨ
              ਵਿਚ ਰਾਹੀ ਮਿਲਦੇ ਤੇ ਬਦਲ ਵੀ ਜਾਂਦੇ ਨੇ। ਏਥੇ ਯੂ. ਕੇ.
              ਵਿਚ ਕੋਈ ਬੁਰਾ ਨਹੀਂ ਮਨਾਉਂਦਾ, ਅਸੀਂ ਆਜ਼ਾਦ ਦੇਸ
              ਵਿਚ ਪਲੇ ਹੋਏ ਹਾਂ। ਤੂੰ ਮੇਰੇ ਵੱਲੋਂ ਆਜ਼ਾਦ ਹੈਂ।”

                                                (ਉਹੀ, ਪੰਨਾ, 34)

ਏਥੇ ਹਰਪਾਲ ਖ਼ਤ ਪੜ੍ਹ ਕੇ ਦੁਖੀ ਤਾਂ ਹੁੰਦੀ ਹੈ, ਇਕ ਵਾਰੀ ਉਸ ਅੰਦਰ ਵੀ ਖ਼ੁਦਕੁਸ਼ੀ ਦਾ ਖ਼ਿਆਲ ਆਉਂਦਾ ਹੈ, ਲੇਕਿਨ ਉਸਦੀ ਸੋਚ ਪਲਟਦੀ ਹੈ ਤੇ ਉਹ ਸੋਚਦੀ ਹੈ:-

              “ਮੈਂ ਨਹੀਂ ਮਰਾਂਗੀ, ਮੇਰੀ ਮੌਤ ਤੇ ਤਾਂ ਕਿਸੇ ਹੰਝ ਵੀ ਨਹੀਂ
               ਭਰਨੀ। ਮੈਂ ਜੀਆਂਗੀ। ਮੈਂ ਆਪਣੇ ਵਰਗੀਆਂ ਹੋਰ
               ਮਾਸੂਮ ਹੀਰਾਂ ਨੂੰ ਝੂਠ ਮੂਠ ਦੇ ਰਾਂਝਿਆਂ ਤੋਂ ਬਚਾਵਾਂਗੀ।
               ਆਪਣੀ ਬੀਤੀ, ਭੋਲੀਆਂ ਅੱਲ੍ਹੜ ਕੁੜੀਆਂ ਨੂੰ ਸੁਣਾ
               ਫ਼ਰੇਬੀ ਭੌਰਿਆਂ ਅਤੇ ਵਲਾਇਤੀ ਰਾਂਝਿਆਂ ਤੋਂ ਬਚਣ
               ਲਈ ਪ੍ਰੇਰਾਂਗੀ।”
                                              (ਉਹੀ, ਪੰਨਾ, 35)

ਏਥੇ ਇਕ ਗੱਲ ਕਹਿਣੀ ਬਣਦੀ ਹੈ ਕਿ ਸੁਰਜੀਤ ਕਲਪਨਾ ਜਿਹੜੇ ਵੀ ਪਾਤਰ ਸਿਰਜਦੀ ਹੈ ਉਹ ਹੋਸ਼ ਦਾ ਪੱਲਾ ਨਹੀਂ ਛੱਡਦੇ। ਇਸੇ ਕਰਕੇ ਉਸਦੇ ਪਾਤਰ ਖ਼ੁਦਕੁਸ਼ੀ ਦੇ ਰਾਹ ਤੇ ਨਹੀਂ ਪੈਂਦੇ ਬਲਕਿ ਹਾਂ-ਮੁਖੀ ਸੋਚ ਰਾਹੀਂ ਆਪਣੇ ਆਪ ਨੂੰ ਬਚਾ ਕੇ ਹੋਰ ਲੋਕਾਂ ਨੂੰ ਵੀ ਸੁਚੇਤ ਕਰਨ ਦਾ ਰਾਹ ਅਖ਼ਤਿਆਰ ਕਰਦੇ ਹਨ। ਇਸ ਤਰ੍ਹਾਂ ਲੇਖਿਕਾ ਆਪਣੀਆਂ ਕਹਾਣੀਆਂ ਰਾਹੀਂ ਮਨੁੱਖੀ ਸਮਾਜ ਵਿਚ ਚੇਤਨਾ ਜਾਗ੍ਰਿਤ ਕਰਨੀ ਚਾਹੁੰਦੀ ਹੈ। ਇਹ ਉਸਦੀਆਂ ਕਹਾਣੀਆਂ ਦਾ ਅਗਾਂਹ ਵਧੂ ਪੱਖ ਮੰਨਿਆ ਜਾ ਸਕਦਾ ਹੈ। ਇਕ ਹੋਰ ਕਹਾਣੀ, ‘ਮਿਸਟਰ ਰੌਨੀ’ ਵਿਚ ਵੀ ਲੇਖਿਕਾ ਦੋ ਸੱਭਿਆਚਾਰਾਂ ਵਿਚਲੇ ਦਵੰਧ ਨੂੰ ਸਿਰਜਦੀ ਹੋਈ ਬਰਤਾਨਵੀ ਸਮਾਜਿਕ ਮਾਹੌਲ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਂਦੀ ਹੈ। ਇਸ ਕਹਾਣੀ ਵਿਚ ਰਣਬੀਰ ਸਿੰਘ ਤੋਂ ਰੌਨੀ ਬਣਨ ਦੇ ਸਫ਼ਰ ਨੂੰ ਪੇਸ਼ ਕੀਤਾ ਗਿਆ ਹੈ। ਇਸ ਕਹਾਣੀ ਵਿਚਲਾ ਪਾਤਰ ਰਣਬੀਰ ਜਿਸ ਦੀ ਮਾਂ ਉਸ ਨੂੰ ਅੰਮ੍ਰਿਤ ਧਾਰੀ ਸਿੰਘ ਸਜਾਉਣਾ ਚਾਹੁੰਦੀ ਹੈ, ਲੇਕਿਨ ਰਣਬੀਰ ਦਾ ਸਕੂਲ ਵਿਚ ਬੱਚੇ ਮਜ਼ਾਕ ਉਡਾਉਂਦੇ ਹਨ, ਜਿਸ ਨਾਲ ਉਹ ਆਪਣੇ ਵਾਲਾਂ ਨੂੰ ਨਫ਼ਰਤ ਕਰਨ ਲੱਗ ਜਾਂਦਾ ਹੈ। ਉਸਨੂੰ ਪੱਗ ਬੰਨਣੀ ਚੰਗੀ ਨਹੀਂ ਲਗਦੀ। ਇੱਕ ਦਿਨ ਅਚਾਨਕ ਉਹ ਵਾਲ ਕਟਵਾ ਕੇ ਆਪਣੀ ਮਾਂ ਨੂੰ ਹੈਰਾਨ ਕਰ ਦੇਂਦਾ ਹੈ। ਮਾਂ ਦੁਖੀ ਹੋ ਕੇ ਉਸ ਨੂੰ ਨਜ਼ਰਾਂ ਤੋਂ ਦੂਰ ਜਾਣ ਲਈ ਕਹਿੰਦੀ ਹੈ ਤੇ ਉਹ ਸਚਮੁਚ ਇਕ ਖ਼ਤ ਛੱਡ ਕੇ ਘਰੋਂ ਚਲਾ ਜਾਂਦਾ ਹੈ। ਉਸ ਖ਼ਤ ਵਿਚ ਉਹ ਆਪਣੀ ਮਾਂ ਨੂੰ ਸਮਝਾਉਂਦਾ ਹੈ ਕਿ ਇਹ ਸਭ ਗੁਰਦੁਆਰੇ ਦੇ ਗ੍ਰੰਥੀਆਂ ਦਾ ਕਸੂਰ ਹੈ। ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਇਸ ਲਈ ਉਹ ਸਹੀ ਢੰਗ ਨਾਲ ਆਪਣੀ ਗੱਲ ਬੱਚਿਆਂ ਤੱਕ ਨਹੀਂ ਪਹੁੰਚਾ ਸਕਦੇ। ਉਹ ਸਲਾਹ ਦੇਂਦਾ ਹੈ ਕਿ ਗੁਰਦੁਆਰੇ ਵਾਲਿਆਂ ਨੂੰ ਪੜ੍ਹੇ ਲਿਖੇ ਅੰਗਰੇਜ਼ੀ ਜਾਣਨ ਵਾਲੇ ਗ੍ਰੰਥੀ ਰੱਖਣੇ ਚਾਹੀਦੇ ਹਨ ਤਾਂ ਕਿ ਮੇਰੇ ਵਰਗੇ ਬੱਚੇ ਰਣਬੀਰ ਸਿੰਘ ਤੋਂ ਰੌਨੀ ਬਣਨੋ ਰੁਕ ਜਾਣ। ਏਥੇ ਬੱਚੇ ਰਾਹੀਂ ਲੇਖਿਕਾ ਪਾਠਕਾਂ ਨੂੰ ਇਕ ਸੁਨੇਹਾ ਦੇ ਜਾਂਦੀ ਹੈ। ਵੈਸੇ ਵੀ ਉਸਦੀ ਹਰ ਕਹਾਣੀ ਵਿਚ ਕੋਈ ਨਾ ਕੋਈ ਸੁਝਾਓ, ਕੋਈ ਨਾ ਕੋਈ ਨਸੀਹਤ ਜ਼ਰੂਰ ਮਿਲਦੀ ਹੈ। ਦਰ ਅਸਲ ਉਹ ਬਰਤਾਨਵੀ ਪੰਜਾਬੀ ਸਮਾਜ ਦੀ ਸੋਚ ਨੂੰ ਦਰੁਸਤ ਕਰਨਾ ਚਾਹੁੰਦੀ ਹੈ।

ਸੁਰਜੀਤ ਕਲਪਨਾ ਦੀਆਂ ਬਹੁਤੀਆਂ ਕਹਾਣੀਆਂ ਦੇ ਕੇਂਦਰੀ ਪਾਤਰ ਔਰਤਾਂ ਹੁੰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਔਰਤਾਂ ਦੇ ਜੀਵਨ ਵਿਚ ਦੁਖਦ ਸਥਿਤੀਆਂ ਆਉਂਦੀਆਂ ਹਨ। ਉਸਦਾ ਕਾਰਨ ਔਰਤ-ਜ਼ਾਤ ਦਾ ਵਧੇਰੇ ਭਾਵੁਕ ਹੋਣਾ ਹੈ, ਖ਼ਾਸ ਕਰਕੇ ਔਰਤ ਆਪਣੇ ਪੇਕੇ ਪਰਿਵਾਰ ਲਈ ਕਾਫ਼ੀ ਭਾਵੁਕ ਹੁੰਦੀ ਹੈ। ਜਿਵੇਂ ਇਸ ਪੁਸਤਕ ਦੀ ਇਕ ਕਹਾਣੀ, ‘ਮਾਣ’ ਵਿਚਲੀ ਕਮਲਾ ਭਰਾਵਾਂ ਤੇ ਮਾਣ ਕਰਦੀ ਹੋਈ ਆਪਣਾ ਸਭ ਕੁਝ ਏਥੋਂ ਤੱਕ ਕਿ ਆਪਣਾ ਪਤੀ ਵੀ ਗਵਾ ਬੈਠਦੀ ਹੈ। ਇਸੇ ਤਰ੍ਹਾਂ ਇਕ ਹੋਰ ਕਹਾਣੀ, ‘ਰੂਪੀ’ ਵਿਚਲੀ ਰੂਪੀ ਤਿੰਨ ਧੀਆਂ ਨੂੰ ਜਨਮ ਦੇਣ ਕਾਰਨ ਆਪਣੇ ਪਤੀ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ। ਬਾਅਦ ਵਿਚ ਉਸਦਾ ਪਤੀ ਵੀ ਸਟ੍ਰੋਕ ਦੇ ਅਟੈਕ ਰਾਹੀਂ ਆਪਣੀ ਸਿਹਤ ਗਵਾ ਲੈਂਦਾ ਹੈ। ਆਖਿਰ ਤੇ ਜਦੋਂ ਉਸਦੀਆਂ ਧੀਆਂ ਵੀਲ ਚੇਅਰ ਤੇ ਬੈਠੇ ਆਪਣੇ ਬਾਪ ਦੀ ਦੇਖ ਭਾਲ ਕਰਦੀਆਂ ਹਨ ਤਾਂ ਉਸਨੂੰ ਪਛਤਾਵਾ ਹੁੰਦਾ ਹੈ। ਲੇਕਿਨ ਇਸ ਕਹਾਣੀ ਵਿਚ ਔਰਤ ਦੀ ਕੁਰਬਾਨੀ ਰਾਹੀਂ ਮਰਦ ਦੀ ਸੋਚ ਦਾ ਰੂਪਾਂਤਰਣ ਪੇਸ਼ ਕੀਤਾ ਗਿਆ ਹੈ। ਕੁਲ ਮਿਲਾ ਕੇ ਕੇਂਦਰ ਵਿਚ ਔਰਤ ਪਾਤਰ ਹੀ ਰਹਿੰਦੇ ਹਨ।

ਬਾਕੀ ਦੇ ਹੋਰ ਕਹਾਣੀਕਾਰਾਂ ਵਾਂਗ ਸੁਰਜੀਤ ਕਲਪਨਾ ਨੇ ਵੀ ਹੇਰਵੇ ਦੇ ਵਿਸ਼ੇ ਨਾਲ ਸੰਬੰਧਿਤ ਕਹਾਣੀਆਂ ਵੀ ਲਿਖੀਆਂ ਹਨ। ‘ਕੰਧਾਂ ਵਿਲਕਦੀਆਂ’ ਅਤੇ ‘ਮਹਿਲ ਮੁਨਾਰੇ’ ਦੇ ਪਾਤਰ ਹੇਰਵੇ ਦਾ ਸ਼ਿਕਾਰ ਹਨ। ਕੰਧਾਂ ਵਿਲਕਦੀਆਂ ਦੀ ਪਾਤਰ, ‘ਉਹ’ ਆਪਣੇ ਕਮਰੇ ਵਿਚ ਅੱਗ ਸੇਕਦੀ, ਚਾਹ ਦਾ ਘੁੱਟ ਭਰਦੀ ਖ਼ਾਬਾਂ ਵਿਚ ਪੰਜਾਬ ਪਹੁੰਚ ਜਾਂਦੀ ਹੈ, ਚੌਦ੍ਹਾਂ ਸਾਲ ਬੀਤ ਚੁੱਕੇ ਹਨ ਉਹ ਆਪਣੇ ਆਪ ਨੂੰ ਮਾਪਿਆਂ ਦੇ ਘਰ ਦੇ ਬੂਹੇ ਅੱਗੇ ਖੜ੍ਹੀ ਪਾਉਂਦੀ ਹੈ, ਜਿਸਨੂੰ ਜੰਦਰਾ ਲੱਗਾ ਹੋਇਆ ਹੈ। ਮਾਪੇ ਮਰ ਚੁੱਕੇ ਹਨ, ਫੇਰ ਮੰਦਰ ਜਾਂਦੀ ਹੈ, ਓਥੇ ਵੀ ਪੁਜਾਰੀ ਬਦਲ ਚੁੱਕੇ ਹਨ, ਨਵੇਂ ਇਸ ਨੂੰ ਪਛਾਣਦੇ ਨਹੀਂ। ਅਵਤਾਰ ਜੰਡਿਆਲਵੀ ਦੀ ਕਵਿਤਾ, ‘ਮੇਰੇ ਪਰਤ ਔਣ ਤੱਕ’ ਵਾਂਗ ਉਹ ਸਮਝਦੀ ਹੈ ਕਿ ਸਭ ਕੁਝ ਉਸੇ ਤਰ੍ਹਾਂ ਹੋਵੇਗਾ, ਲੇਕਿਨ ਵਕਤ ਨਾਲ ਸਭ ਕੁਝ ਬਦਲ ਚੁੱਕਾ ਹੈ। ਖ਼ਿਆਲਾਂ ਹੀ ਖ਼ਿਆਲਾਂ ਵਿਚ ਉਹ ਜਦੋਂ ਓਥੋਂ ਪਰਤਣ ਲਗਦੀ ਹੈ ਤਾਂ ਉਸਨੂੰ ਇਕ ਆਵਾਜ਼ ਸੁਣਾਈ ਦੇਂਦੀ ਹੈ:-

               “ਜਾਹ, ਆਪਣੇ ਵਸਦੇ ਰਸਦੇ ਸੁਖੀ ਬਾਗ਼ ਪਰਿਵਾਰ
                ਅੰਦਰ ਜਾਹ, ਫਿਰ ਕਦੇ ਪਿੱਛੇ ਮੁੜ੍ਹ ਕੇ ਨਾ ਤੱਕੀਂ,
                ਪਿੱਛੇ ਨੂੰ ਮੁੜ ਮੁੜ ਕੇ ਤੱਕਣਾ ਬੁਜ਼ਦਿਲੀ ਹੈ।”

                                             (ਉਹੀ, ਪੰਨਾ, 81)

ਇਸ ਆਵਾਜ਼ ਰਾਹੀਂ ਲੇਖਿਕਾ ਪਾਤਰ ਦੇ ਮਨ ਵਿਚ ਹਾਂ-ਮੁਖੀ ਸੋਚ ਭਰ ਕੇ ਹੇਰਵੇ ਵਾਲੀ ਸਥਿਤੀ ਵਿਚੋਂ ਨਿਕਲਣਾ ਚਾਹੁੰਦੀ ਹੈ। ਇਸ ਤਰ੍ਹਾਂ ਕਹਾਣੀ ਵਿਚਲੀ ਸਮੱਸਿਆ ਦਾ ਸਮਾਧਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ‘ਮਹਿਲ ਮੁਨਾਰੇ’ ਵਿਚਲਾ ਪਾਤਰ ਭਾਈਆ ਵਲੈਤ ਵਿਚ ਮਿਹਨਤ ਕਰ ਕੇ ਪਿੱਛੇ ਜ਼ਮੀਨ ਜਾਏਦਾਦ ਬਣਾਉਂਦਾ ਹੈ ਤੇ ਚਾਹੁੰਦਾ ਹੈ ਕਿ ਉਸਦੇ ਬੱਚੇ ਉਸ ਨੂੰ ਵੇਚਣ ਲਈ ਨਾ ਕਹਿਣ। ਲੇਕਿਨ ਫਿਰ ਆਪੇ ਹੀ ਮਨ ਹੀ ਮਨ ਸੋਚਦਾ ਹੈ ਕਿ ਬੱਚਿਆਂ ਦਾ ਕੀ ਕਸੂਰ ਹੈ। ਉਨ੍ਹਾਂ ਤਾਂ ਇੰਗਲੈਂਡ ਵਿਚ ਆ ਕੇ ਹੀ ਹੋਸ਼ ਸੰਭਾਲੀ ਹੈ। ਇਸ ਸੋਚ ਤੇ ਲੇਖਿਕਾ ਕਹਾਣੀ ਖ਼ਤਮ ਕਰ ਦੇਂਦੀ ਹੈ।

ਕਈ ਕਹਾਣੀਆਂ ਵਿਚ ਲੇਖਿਕਾ ਔਰਤ ਪਾਤਰਾਂ ਦੀ ਉਦਾਸ ਸਥਿਤੀ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕਰਦੀ ਹੈ। ਜਿਵੇਂ ‘ਪੰਖੁੜੀ’ ਕਹਾਣੀ ਵਿਚਲੀ ਮਿੰਦੀ ਤੇ ਉਸਦੀਆਂ ਦੋ ਭੈਣਾਂ ਬਾਪ ਨਾਲ ਇੰਗਲੈਂਡ ਵਿਚ ਆਉਂਦੀਆਂ ਹਨ। ਮਾਂ ਪਿੱਛੇ ਰਹਿ ਜਾਂਦੀ ਹੈ। ਉਸਦਾ ਪੁੱਤਰ ਵੇਈਂ ਨਦੀ ਵਿਚ ਡੁੱਬ ਕੇ ਮਰ ਜਾਂਦਾ ਹੈ ਤੇ ਅਖੀਰ ਉਹ ਵੀ ਦੁਨੀਆਂ ਤੋਂ ਚੱਲ ਵਸਦੀ ਹੈ। ਮਿੰਦੀ ਬਾਪ ਦੀ ਸੇਵਾ ਕਰਦੀ ਹੈ, ਭੈਣਾਂ ਨੂੰ ਮਾਂ ਵਾਂਗ ਪਿਆਰ ਦੇਂਦੀ ਹੈ, ਉਨ੍ਹਾਂ ਨੂੰ ਪੜ੍ਹਣ ਲਈ ਸਕੂਲ ਭੇਜਦੀ ਹੈ ਲੇਕਿਨ ਆਪ ਘਰ ਸੰਭਾਲਦੀ ਹੈ। ਉਸਦਾ ਬਾਪ ਉਸਦਾ ਇੰਡੀਆ ਤੋਂ ਆਏ ਮੁੰਡੇ ਨਾਲ ਵਿਆਹ ਕਰ ਦੇਂਦਾ ਹੈ। ਸਾਲ ਬਾਅਦ ਮੁੰਡਾ ਪੱਕਾ ਹੋ ਜਾਂਦਾ ਹੈ ਤੇ ਮਿੰਦੀ ਨੂੰ ਨਾਲ ਲੈ ਕੇ ਅਲੱਗ ਰਹਿਣਾ ਚਾਹੁੰਦਾ ਹੈ, ਲੇਕਿਨ ਮਿੰਦੀ ਇਨਕਾਰ ਕਰ ਦੇਂਦੀ ਹੈ। ਪਰ ਉਸਦੀਆਂ ਭੈਣਾਂ ਆਪੋ ਆਪਣੇ ਪਾਰਟਨਰ ਲੱਭ ਕੇ ਘਰ ਛੱਡ ਜਾਂਦੀਆਂ ਹਨ। ਉਹ ਤੇ ਉਸਦਾ ਬਾਪ ਇਕੱਲੇ ਰਹਿ ਜਾਂਦੇ ਹਨ। ਇਕ ਦਿਨ ਉਸਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਸਦੀਆਂ ਦੋਵੇਂ ਲੱਤਾਂ ਚਲੀਆਂ ਜਾਂਦੀਆਂ ਹਨ। ਬਾਪ ਉਸਨੂੰ ਡਿਸਏਬਲ ਹੋਮ ਵਿਚ ਛੱਡ ਆਉਂਦਾ ਹੈ। ਇਸ ਤਰ੍ਹਾਂ ਮਿੰਦੀ ਦੀ ਸਾਰੀ ਜ਼ਿੰਦਗੀ ਦੁੱਖਾਂ ਵਿਚ ਬੀਤਦੀ ਹੈ। ਅਖੀਰ ਉਸਦੇ ਪਤੀ ਨੂੰ ਪਤਾ ਲਗਦਾ ਹੈ ਤਾਂ ਉਹ ਉਸਨੂੰ ਲੈਣ ਲਈ ਆ ਜਾਂਦਾ ਹੈ। ਸੁਪਨੇ ਵਿਚ ਉਹ ਆਪਣੀ ਮਾਂ ਨੂੰ ਯਾਦ ਕਰਦੀ ਹੈ। ਇਸ ਕਹਾਣੀ ਦਾ ਅੰਤ ਵੀ ਸੁਖਾਵਾਂ ਪੇਸ਼ ਕੀਤਾ ਗਿਆ ਹੈ। ਸੁਰਜੀਤ ਕਲਪਨਾ ਦੀਆਂ ਸਾਰੀਆਂ ਕਹਾਣੀਆਂ ਅਖੀਰ ਸੁਖਦ ਮੋੜ ਤੇ ਆ ਕੇ ਖ਼ਤਮ ਹੁੰਦੀਆਂ ਹਨ। ਕਿਹਾ ਜਾ ਸਕਦਾ ਹੈ ਕਿ ਲੇਖਿਕਾ ਆਪਣੀਆਂ ਕਹਾਣੀਆਂ ਨੂੰ ਯਥਾਰਥ ਸਥਿਤੀ ਤੋਂ ਆਰੰਭ ਕਰ ਕੇ ਆਦਰਸ਼ ਸਥਿਤੀ ਤੇ ਜਾ ਕੇ ਖ਼ਤਮ ਕਰਦੀ ਹੈ। ਇਸ ਦੀਆਂ ਕਹਾਣੀਆਂ ਵਿਚਲੇ ਔਰਤ ਪਾਤਰ ਜ਼ਿਆਦਾ ਦੁੱਖ ਭੋਗਦੇ ਹਨ। ਔਰਤ ਪਾਤਰ ਵਧੇਰੇ ਭਾਵੁਕ ਹੋਣ ਕਰਕੇ ਉਦਾਸ ਹੁੰਦੇ ਹਨ ਲੇਕਿਨ ਉਦਾਸੀ ਵਿਚੋਂ ਨਿਕਲਣ ਲਈ ਕਦੇ ਉਹ ਖ਼ੁਦ ਆਪ ਆਪਣੀ ਸੋਚ ਸਕਾਰਾਤਮਕ ਬਣਾ ਲੈਂਦੇ ਹਨ ਤੇ ਕਦੇ ਕੋਈ ਮਰਦ ਪਾਤਰ ਆ ਕੇ ਉਨ੍ਹਾਂ ਦੀ ਮਦਦ ਕਰਦੇ ਹਨ। ਕਿਹਾ ਜਾ ਸਕਦਾ ਹੈ ਕਿ ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਠ ਉਪਰੰਤ ਲੇਖਿਕਾ ਦੀ ਆਸ਼ਾਵਾਦੀ, ਪ੍ਰਗਤੀਵਾਦੀ, ਆਦਰਸ਼ਵਾਦੀ ਸੋਚ ਦੇ ਦੀਦਾਰ ਹੁੰਦੇ ਹਨ। ਬਰਤਾਨਵੀ ਪੰਜਾਬੀ ਨਾਰੀ ਡਾਇਸਪੋਰਾ ਨੂੰ ਪੇਸ਼ ਕਰਦੀਆਂ ਇਹ ਕਹਾਣੀਆਂ ਸੁਝਾਓ ਮੂਲਕ ਅੰਤ ਸਿਰਜਦੀਆਂ ਹਨ ਜਿਨ੍ਹਾਂ ਰਾਹੀਂ ਪਾਠਕ ਨੂੰ ਇਕ ਸੇਧ ਮਿਲਦੀ ਦਿਖਾਈ ਦਿੰਦੀ ਹੈ।

ਕਸ਼ਮਕਸ਼-ਪਹਿਲੀ ਵਾਰ 1992

ਦੋ ਸਾਲਾਂ ਬਾਅਦ ਅਰਥਾਤ 1992 ਵਿਚ ਸੁਰਜੀਤ ਕਲਪਨਾ ਦਾ ਦੂਜਾ ਕਹਾਣੀ-ਸੰਗ੍ਰਹਿ, ‘ਕਸ਼ਮਕਸ਼’ ਪ੍ਰਕਾਸ਼ਿਤ ਹੁੰਦਾ ਹੈ। ਇਸ ਕਹਾਣੀ-ਸੰਗ੍ਰਹਿ ਦੀਆਂ ਤਕਰੀਬਨ ਸਾਰੀਆਂ ਕਹਾਣੀਆਂ ਬਰਤਾਨਵੀ ਪੰਜਾਬੀ ਸਮਾਜ ਵਿਚ ਰਹਿ ਰਹੇ ਏਸ਼ੀਅਨ ਲੋਕਾਂ ਦੇ ਮਸਲੇ ਪੇਸ਼ ਕਰਨ ਵੱਲ ਰੁਚਿਤ ਹਨ। ਇਸ ਸੰਗ੍ਰਹਿ ਦੀਆਂ ਕੁਲ 15 ਕਹਾਣੀਆਂ ਹਨ ਜੋ ਬਰਤਾਨੀਆ ਵਿਚ ਰਹਿ ਰਹੇ ਏਸ਼ੀਅਨ ਲੋਕਾਂ ਦੀ ਜ਼ਿੰਦਗੀ ਦੀ ਕਸ਼ਮਕਸ਼ ਨਾਲ ਵਾਬਸਤਾ ਹਨ।

ਇਨ੍ਹਾਂ ਕਹਾਣੀਆਂ ਦੇ ਕੇਂਦਰ ਵਿਚ ਵੀ ਔਰਤ ਪੇਸ਼ ਹੋਈ ਹੈ ਕਿਉਂਕਿ ਲੇਖਿਕਾ ਆਪ ਔਰਤ ਹੋਣ ਕਰਕੇ ਔਰਤ ਮਨ ਦੀ ਮਾਨਸਿਕਤਾ ਨੂੰ ਵਧੇਰੇ ਸ਼ਿੱਦਤ ਨਾਲ ਸਮਝਦੀ ਅਤੇ ਪੇਸ਼ ਕਰਦੀ ਹੈ।  ਇਸ ਸੰਗ੍ਰਹਿ ਦੀ ਪਹਿਲੀ ਕਹਾਣੀ, ‘ਸਿਰਫ਼ ਇਕ ਮਾਂ’ ਵਿਚ ਮਾਂ ਦੀ ਮਮਤਾ ਦੀ ਪੇਸ਼ਕਾਰੀ ਹੈ। ਹਾਲਾਂਕਿ ਉਹ ਆਪਣੇ ਪਤੀ ਦੀ ਦੂਸਰੀ ਪਤਨੀ ਅਤੇ ਬੱਚਿਆਂ ਦੀ ਮਤਰੇਈ ਮਾਂ ਹੈ, ਲੇਕਿਨ ਉਸ ਅੰਦਰ ਮਮਤਾ ਦੀ ਭਾਵਨਾ ਪਤੀ ਦੀ ਪਹਿਲੀ ਔਰਤ ਦੇ ਦੋ ਬੱਚਿਆਂ ਨੂੰ ਸੱਕੀ ਮਾਂ ਵਾਂਗ ਪਿਆਰ ਕਰਦੀ ਹੈ ਜਦ ਕਿ ਉਸਦਾ ਪਤੀ ਆਪਣੇ ਸੱਕੇ ਬੱਚਿਆਂ ਉਪਰ ਤਸ਼ੱਦਦ ਕਰਦਾ ਨਜ਼ਰ ਆਉਂਦਾ ਹੈ। ਉਸ ਦੇ ਇਸ ਤਸ਼ੱਦਦ ਸਾਹਵੇਂ ਪਤਨੀ, ਨੀਰਾ ਆਪਣੇ ਪਤੀ ਮੋਹਨ ਅੱਗੇ ਸਵਾਲ ਖੜ੍ਹੇ ਕਰਦੀ ਹੈ। ਪਹਿਲਾਂ ਤਾਂ ਉਸਦੀ ਸੋਚ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਸੱਕੇ ਪਿਓ ਮਤਰੇਏ ਬਣ ਜਾਂਦੇ ਹਨ, ਉਨ੍ਹਾਂ ਨੂੰ ਜ਼ਮਾਨਾ ਕੁਝ ਨਹੀਂ ਕਹਿੰਦਾ ਲੇਕਿਨ ਬਾਪ ਵੀ ਜਦ ਬੱਚਿਆਂ ਤੇ ਜ਼ੁਲਮ ਕਰਦਾ ਹੈ ਤਾਂ ਮਿਹਣਾ ਮਤਰੇਈ ਮਾਂ ਨੂੰ ਮਿਲਦਾ ਹੈ। ਏਥੇ ਲੇਖਿਕਾ ਨੀਰਾ ਦੀ ਸੋਚ ਰਾਹੀਂ ਇਹ ਦੱਸਣਾ ਚਾਹੁੰਦੀ ਹੈ ਕਿ ਮਰਦ ਅਰਥਾਤ ਪਿਤਾ ਨੂੰ ਮਾਂ ਦੀ ਮਮਤਾ ਦਾ ਅਹਿਸਾਸ ਨਹੀਂ ਹੁੰਦਾ। ਲੇਕਿਨ ਏਥੇ ਕਹਾਣੀਕਾਰਾ ਇਹ ਦੱਸਣਾ ਚਾਹੁੰਦੀ ਹੈ ਕਿ ਔਰਤ ਕਮਜ਼ੋਰ ਨਹੀਂ ਹੁੰਦੀ। ਇਸੇ ਲਈ ਉਹ ਪਤੀ ਸਾਹਵੇਂ ਹਿੰਮਤ ਕਰਕੇ ਇਹ ਸਵਾਲ ਖੜ੍ਹਾ ਕਰਦੀ ਹੈ:-

          “ਜੋ ਜੰਮੇ ਪਲੇ ਹਨ ਉਨ੍ਹਾਂ ਦੇ ਬੁਰੇ ਹਾਲ ਕਰਦਾ ਤੇ ਜੰਮਣ
           ਵਾਲੀ ਲਈ ਹਿੱਤ ਜਗਾਉਂਦਾ। ਤੈਨੂੰ ਬੱਚੇ ਜਾਂ ਮਾਂ ਨਾਲ
           ਮੋਹ ਨਹੀਂ। ਸਿਰਫ਼ ਇਕ ਔਰਤ ਚਾਹੀਦੀ ਹੈ। ਜੇ ਮੈਂ ਵੀ
           ਮਰ ਗਈ ਤਾਂ ਮੇਰੇ ਬਾਲ ਨਾਲ ਵੀ ਤੂੰ ਇਹੋ ਵਿਹਾਰ ਕਰਨਾ
           ਹੈ। ਤੇਰਾ ਕੀ ਏ, ਫਿਰ ਮੁੜ ਲਾੜਾ ਬਣ ਜਾਏਂਗਾ।”

                         (ਸੁਰਜੀਤ ਕੌਰ ਕਲਪਨਾ, ਕਸ਼ਮਕਸ਼, ਪੰਨਾ, 12)

ਇਸ ਦੇ ਬਾਅਦ ਲੇਖਿਕਾ ਕਹਾਣੀ ਰਾਹੀਂ ਸਮਾਜ ਨੂੰ ਇਕ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਮਾਂ ਦੀ ਮਮਤਾ ਦਾ ਸੱਕੀ ਜਾਂ ਮਤਰੇਈ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਹ ਗੱਲ ਦੁਨੀਆ ਨੂੰ ਸਮਝਣੀ ਚਾਹੀਦੀ ਹੈ। ਏਥੇ ਲੇਖਿਕਾ ਨੇ ਮਤਰੇਈ ਮਾਂ ਬਾਰੇ ਚਲੇ ਆ ਰਹੇ ਵਿਚਾਰਾਂ ਵਿਚਲੀ ਸੋਚ ਨੂੰ ਸਿਰ ਪਰਨੇ ਖੜ੍ਹਾ ਕਰ ਕੇ ਸਮਾਜ ਨੂੰ ਇਕ ਨਵੀਂ ਸੇਧ ਦੇਣ ਦਾ ਯਤਨ ਕੀਤਾ ਹੈ ਅਤੇ ਇਹ ਸੇਧ ਔਰਤ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦੀ ਹੈ:-

           “ਕਾਸ਼! ਇਹ ਦੁਨੀਆ ਮਤਰੇਈਆਂ ਮਾਵਾਂ ਤੋਂ ਇਹ ਕਾਲਖ
            ਦਾ ਧੱਬਾ ਲਾਹ ਦੇਵੇ। ਕਿਉਂਕਿ ਮਾਂ ਤਾਂ ਸਿਰਫ ਇਕ ਮਾਂ ਹੀ
            ਹੁੰਦੀ ਹੈ।”
                                    (ਉਹੀ, ਪੰਨਾ, 13)

ਇਸ ਤੋਂ ਬਾਅਦ ਆਪਣੀ ਕਹਾਣੀ, ‘ਇਕੋ ਖ਼ੂਨ’ ਵਿੱਚ ਲੇਖਿਕਾ ਬਰਤਾਨਵੀ ਪੰਜਾਬੀ ਨਾਰੀ-ਡਾਇਸਪੋਰਾ ਦੀ ਇਕ ਮਾਰਮਿਕ ਤਸਵੀਰ ਪੇਸ਼ ਕਰਦੀ ਹੈ। ਇਸ ਵਿਚਲੀ ਮੁੱਖ ਪਾਤਰ, ‘ਚਾਚੀ’ ਪ੍ਰਦੇਸ ਗਏ ਪਤੀ ਦੀ ਯਾਦ ਵਿਚ ਪੰਜਾਬ ਵਿਚ ਇੱਕਲੀ ਆਪਣਾ ਜੀਵਨ ਬਿਤਾ ਦੇਂਦੀ ਹੈ। ਉਸਦਾ ਪਤੀ ਇੰਗਲੈਂਡ ਪਹੁੰਚ ਕੇ ਗੋਰੀ ਨਾਲ ਵਿਆਹ ਕਰਵਾ ਲੈਂਦਾ ਹੈ ਅਤੇ ਕਦੇ ਵੀ ਵਾਪਸ ਨਹੀਂ ਪਰਤਦਾ ਤੇ ਨਾ ਹੀ ਆਪਣੀ ਪਤਨੀ ਨੂੰ ਇੰਗਲੈਂਡ ਬੁਲਾਉਂਦਾ ਹੈ। ਉਸ ਦੇ ਮਰਨ ਤੇ ਉਸਦੀ ਧੀ ਜਵਾਈ ਉਸਦਾ ਸਸਕਾਰ ਕਰਦੇ ਹਨ। ਪੁੱਤਰ ਵੀ ਉਸਦਾ ਸਾਥ ਨਹੀਂ ਦਿੰਦਾ। ਸਗੋਂ ਮਾਂ ਦੇ ਮਰਨ ਤੇ ਆਪਣੀ ਭੈਣ ਨੂੰ ਖ਼ਤ ਲਿਖ ਕੇ ਸਸਕਾਰ ਕਰਨ ਲਈ ਕਹਿ ਦੇਂਦਾ ਹੈ। ਇਹ ਔਰਤ ਦੀ ਸਥਿਤੀ ਦੇ ਪੱਖੋਂ ਬੜੀ ਦਰਦਨਾਕ ਕਹਾਣੀ ਹੈ ਅਤੇ ਮਰਦ-ਸਮਾਜ ਉਪਰ ਵਿਅੰਗ ਕਸਦੀ ਹੋਈ ਸਵਾਲ ਖੜ੍ਹੇ ਕਰਦੀ ਹੈ। ਇਹ ਵੀ ਦੱਸਣਾ ਚਾਹੁੰਦੀ ਹੈ ਕਿ ਆਖਿਰ ਤੇ ਧੀ ਜਵਾਈ ਹੀ ਕੰਮ ਆਉਂਦੇ ਹਨ ਤੇ ਉਸਦਾ ਅੰਤਿਮ ਸਸਕਾਰ ਕਰਦੇ ਹਨ। ਇਸ ਕਹਾਣੀ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਆਖਿਰ ਤੇ ਧੀਆਂ ਹੀ ਮਾਪਿਆਂ ਦਾ ਦੁੱਖ ਦਰਦ ਵੰਡਾਉਂਦੀਆਂ ਹਨ। ਲੇਕਿਨ ਇਸ ਕਹਾਣੀ ਦੀ ਕੇਂਦਰੀ ਪਾਤਰ, ‘ਚਾਚੀ’ ਪ੍ਰਦੇਸ ਗਏ ਪਤੀ ਦੀ ਯਾਦ ਵਿਚ ਹੀ ਇਕੱਲਿਆਂ ਰਹਿ ਕੇ ਆਪਣੀ ਜ਼ਿੰਦਗੀ ਬਿਤਾ ਦੇਂਦੀ ਹੈ।

‘ਕਸ਼ਮਕਸ਼’ ਦੂਜੀ ਵਾਰ-2023

ਆਪਣੀ ਇਕ ਕਹਾਣੀ ਵਿਚ ਲੇਖਿਕਾ ਨੇ ਮਰਦ ਦੀ ਇਕੱਲਤਾ ਵਾਲੀ ਜ਼ਿੰਦਗੀ ਵੀ ਪੇਸ਼ ਕੀਤੀ ਹੈ ਲੇਕਿਨ ਜਿਥੇ ਔਰਤ ਦੀ ਇੱਕਲ ਨੂੰ ਉਹ ਕੁਰਬਾਨੀ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦੀ ਹੈ ਓਥੇ ਮਰਦ ਦੀ ਇੱਕਲਤਾ ਨੂੰ ਪੇਸ਼ ਕਰਦਿਆਂ ਉਹ ਮਰਦ ਦੀ ਕਾਮੁਕਤਾ ਨੂੰ ਉਘਾੜਦੀ ਨਜ਼ਰ ਆਉਂਦੀ ਹੈ। ਇਸ ਪੁਸਤਕ ਦੀ ਕਹਾਣੀ, ‘ਕਸ਼ਮਕਸ਼’ ਵਿਚ ਸਾਧੂ ਸਿੰਘ ਜਿਸਦੀ ਪਤਨੀ ਪਤੀ ਅਤੇ ਬੱਚਿਆਂ ਨੂੰ ਛੱਡ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਅਤੇ ਸਾਧੂ ਸਿੰਘ ਬੱਚਿਆਂ ਦੀ ਖਾਤਰ ਹੋਰ ਵਿਆਹ ਨਹੀਂ ਕਰਵਾਉਂਦਾ। ਬੱਚੇ ਵੱਡੇ ਹੋ ਵਿਆਹੇ ਜਾ ਕੇ ਉਸਦਾ ਸਾਥ ਛੱਡ ਜਾਂਦੇ ਹਨ ਤਾਂ ਉਹ ਉ¥ਪਰੋਂ ਦਰਵੇਸ਼ਾਂ ਵਾਂਗ ਦਿੱਸਣ ਵਾਲਾ ਸਾਧੂ ਸਿੰਘ ਕਿਸੇ ਔਰਤ ਨੂੰ ਵੇਖ ਕਾਮ ਦੀ ਦੁਨੀਆ ਵਿਚ ਪਹੁੰਚ ਜਾਂਦਾ ਹੈ ਅਤੇ ਸੋਚਦਾ ਹੈ ਉਸਦੇ ਦਿਮਾਗ਼ ਵਿਚਲੀ ਇਹ ਕਸ਼ਮਕਸ਼ ਕਦ ਤੱਕ ਜਾਰੀ ਰਹੇਗੀ। ਇਸ ਤਰ੍ਹਾਂ ਇਸ ਕਹਾਣੀ ਰਾਹੀਂ ਲੇਖਿਕਾ ਮਰਦ ਦੀ ਜ਼ਿੰਦਗੀ ਦੇ ਮਨੋਵਿਗਿਆਨਕ ਪੱਖ ਨੂੰ ਪੇਸ਼ ਕਰਦੀ ਨਜ਼ਰ ਆਉਂਦੀ ਹੈ। ਲੇਕਿਨ ਏਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹੋ ਜਿਹੀ ਸੋਚ ਇੱਕਲੀ ਰਹਿ ਗਈ ਔਰਤ ਅੰਦਰ ਪੈਦਾ ਨਹੀਂ ਹੋ ਸਕਦੀ? ਜਾਂ ਇਹ ਕਿਹਾ ਜਾਏ ਕਿ ਔਰਤ ਲੇਖਿਕਾ ਹੋਣ ਦੇ ਨਾਤੇ ਉਹ ਔਰਤ ਪਾਤਰਾਂ ਨਾਲ ਪੱਖ ਪੂਰਦੀ ਨਜ਼ਰ ਆਉਂਦੀ ਹੈ ਅਤੇ ਸਮਾਜ ਵਿਚ ਉਨ੍ਹਾਂ ਦੀ ਹਾਂ-ਮੁਖੀ ਤਸਵੀਰ ਪੇਸ਼ ਕਰਨਾ ਚਾਹੁੰਦੀ ਹੈ।

ਕਈ ਕਹਾਣੀਆਂ ਵਿਚ ਲੇਖਿਕਾ ਬਰਤਾਨਵੀ ਅਤੇ ਭਾਰਤੀ ਸੋਚ ਵਿਚਲੇ ਅੰਤਰ ਨੂੰ ਪੇਸ਼ ਕਰਦੀ ਹੋਈ ਨਜ਼ਰ ਆਉਂਦੀ ਹੈ। ਇਕ ਕਹਾਣੀ, ‘ਭੁਲੇਖਾ’ ਵਿਚਲਾ ਰਵੀ ਇੰਗਲੈਂਡ ਦੇ ਹਸਪਤਾਲ ਵਿਚਲੀ ਨਰਸ ਦੇ ਵਿਹਾਰ ਵਿਚੋਂ ਕੁਝ ਹੋਰ ਹੀ ਮਤਲਬ ਕੱਢ ਲੈਂਦਾ ਹੈ ਅਤੇ ਛੁੱਟੀ ਹੋਣ ਤੇ ਨਰਸ ਨੂੰ ਡਿਨਰ ਤੇ ਲੈ ਜਾਣ ਦੀ ਪੇਸ਼ਕਸ਼ ਕਰਦਾ ਹੈ। ਇਸੇ ਤਰ੍ਹਾਂ ਇਕ ਕਹਾਣੀ,’ਨਾਮੀ’ ਵਿਚਲੀ ਇਕ ਔਰਤ ਪਾਤਰ ਜੋ ਦੁਕਾਨ ਚਲਾ ਰਹੀ ਹੈ ਤੇ ਬਾਹਰ ਸੜਕ ਤੇ ਖੜ੍ਹੀਆਂ ਸਮਾਰਟ, ਖ਼ੂਬਸੂਰਤ ਵੇਸਵਾਵਾਂ ਨੂੰ ਦੇਖਦੀ ਹੈ ਤਾਂ ਉਸਨੂੰ ਭਾਰਤ ਵਿਚਲੀ ਨਾਮੀ ਯਾਦ ਆਉਣ ਲਗਦੀ ਹੈ ਜੋ ਮਜਬੂਰੀ ਵੱਸ ਅਮਲੀਆਂ ਕੋਲ ਵਿਕਦੀ ਰਹੀ। ਏਥੇ ਦੋ ਦੇਸ਼ਾਂ ਦੀਆਂ ਵੇਸਵਾਵਾਂ ਵਿਚਲੇ ਅੰਤਰ ਨੂੰ ਪੇਸ਼ ਕਰਕੇ ਉਹ ਦੋ ਦੇਸ਼ਾਂ ਵਿਚਲੀਆਂ ਔਰਤਾਂ ਦੀ ਸਥਿਤੀ ਨੂੰ ਪੇਸ਼ ਕਰਦੀ ਹੈ।

ਸੁਰਜੀਤ ਕੌਰ ਕਲਪਨਾ ਦੀਆਂ ਕਹਾਣੀਆਂ ਵਿਚਲੀ ਔਰਤ ਪਾਤਰ ਜ਼ਿੰਦਗੀ ਵਿਚ ਸੰਘਰਸ਼ ਕਰਦੀ ਹੈ, ਕਿਧਰੇ ਮਰਦ ਰਾਹੀਂ ਕੀਤਾ ਜਾਣ ਵਾਲਾ ਤਸ਼ੱਦਦ ਵੀ ਬਰਦਾਸ਼ਤ ਕਰਦੀ ਹੈ ਪਰ ਕਿਧਰੇ ਇਹ ਔਰਤ ਲਾਲਚੀ ਪਤੀ ਅਤੇ ਸਹੁਰਿਆਂ ਦੇ ਜ਼ੁਲਮ ਦੀ ਸਤਾਈ ਅਖੀਰ ਪੁਲਿਸ ਬੁਲਾ ਲੈਂਦੀ ਹੈ। ਸਹੁਰਿਆਂ ਕੋਲ ਆਪਣੀ ਬੱਚੀ ਨੂੰ ਛੱਡ ਕੇ ਆਪਣੇ ਬਾਪ ਨਾਲ ਚਲੀ ਜਾਂਦੀ ਹੈ, ਲੇਕਿਨ ਸਹੁਰਿਆਂ ਦੀਆਂ ਵਧੀਕੀਆਂ ਨਹੀਂ ਸਹਾਰਦੀ। ਇਸ ਪਿੱਛੇ ਇਸ ਔਰਤ ਦੀ ਪੇਸ਼ਕਾਰੀ ਰਾਹੀਂ ਲੇਖਿਕਾ ਦਾ ਉਦੇਸ਼ ਜ਼ੁਲਮ ਕਰਨ ਵਾਲਿਆਂ ਨੂੰ ਨਸੀਹਤ ਦੇਣਾ ਹੈ ਜੋ ਕਹਾਣੀ ਦਾ ਸਿਰਲੇਖ ਵੀ, ‘ਨਸੀਹਤ’ ਹੀ ਹੈ। ਏਥੇ ਲੇਖਿਕਾ ਇਸ ਕਹਾਣੀ ਰਾਹੀਂ ਔਰਤ ਦੇ ਅੰਦਰ ਮਰਦ ਜ਼ਾਤ ਵੱਲੋਂ ਕੀਤੇ ਜਾਣ ਵਾਲੇ ਤਸ਼ੱਦਦ ਦੇ ਖ਼ਿਲਾਫ਼ ਆਪਣੀ ਹਿਫ਼ਾਜ਼ਤ ਲਈ ਹਰ ਬਣਦਾ ਕਦਮ ਉਠਾਉਣ ਦੀ ਕੋਸ਼ਿਸ਼ ਨੂੰ ਪੇਸ਼ ਕਰਦੀ ਹੈ, ਜੋ ਇੰਗਲੈਂਡ ਵਰਗੇ ਮੁਲਕ ਵਿਚ ਬਹੁਤਾ ਮੁਸ਼ਕਿਲ ਨਹੀਂ, ਕਿਉਂਕਿ ਏਥੇ ਔਰਤਾਂ ਦੇ ਹੱਕ ਵਿਚ ਜੋ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਨੂੰ ਏਥੋਂ ਦੀ ਸਰਕਾਰ ਅਮਲ ਵਿਚ ਵੀ ਲੈ ਆਉਂਦੀ ਹੈ ਜੋ ਬਰਤਾਨਵੀ ਪੰਜਾਬੀ ਨਾਰੀ-ਡਾਇਸਪੋਰਾ ਦਾ ਪਛਾਣ-ਚਿੰਨ੍ਹ ਬਣਦੀ ਹੈ। ਇਸ ਦੇ ਨਾਲ ਹੀ ਮਿਲਦੀ ਇਕ ਹੋਰ ਕਹਾਣੀ, ‘ਹੁਕਮ’ ਵਿਚ ਲੇਖਿਕਾ ਰਾਣੀ ਪਾਤਰ ਰਾਹੀਂ ਬਰਤਾਨਵੀ ਪੰਜਾਬੀ ਸਮਾਜ ਵਿਚ ਜ਼ੁਲਮ ਸਹਿ ਰਹੀ ਔਰਤ ਦੇ ਦੁੱਖ ਦਰਦਾਂ ਦੀ ਤਸਵੀਰ ਪੇਸ਼ ਕਰਦੀ ਪਾਠਕ ਨੂੰ ਸਬਕ ਅਤੇ ਨਸੀਹਤ ਦੇਣ ਵਾਲੀ ਕਹਾਣੀ ਬਣ ਜਾਂਦੀ ਹੈ। ਇਸ ਕਹਾਣੀ ਦੀ ਮੁੱਖ ਕਿਰਦਾਰ ਰਾਣੀ ਜੋ ਵਲੈਤ ਆ ਕੇ ਪਹਿਲਾਂ ਤਾਂ ਬੜੀ ਖ਼ੁਸ਼ ਦਿਖਾਈ ਦੇਂਦੀ ਹੈ ਲੇਕਿਨ ਉਸਦੇ ਪਤੀ ਦੀ ਅਸਲੀਅਤ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਉਹ ਵਪਾਰ ਦੇ ਲਾਲਚ ਵੱਸ ਆਪਣੇ ਦੋਸਤਾਂ ਨੂੰ ਖ਼ੁਸ਼ ਕਰਨ ਲਈ ਰਾਣੀ ਨਾਲ ਬਦ ਸਲੂਕੀ ਕਰਦਾ ਹੈ। ਰਾਣੀ ਇਹ ਸਭ ਕੁਝ ਸਹਾਰਦੀ ਹੋਈ ਇਕ ਹੋਰ ਪਾਤਰ ਪਿੰਕੀ ਨੂੰ ਨਸੀਹਤ ਦੇਂਦੀ ਹੈ ਕਿ ਬਰਤਾਨੀਆ ਵਿਚ ਵਿਆਹ ਕਰਾਉਣ ਨਾਲੋਂ ਤਾਂ ਕਿਸੇ ਖੂਹ-ਖਾਤੇ ਵਿਚ ਪੈਣਾ ਚੰਗਾ ਹੈ। ਇਹ ਸਾਰਾ ਕੁਝ ਰਾਣੀ ਪਿੰਕੀ ਨੂੰ ਚਿੱਠੀ ਵਿਚ ਲਿਖ ਕੇ ਭੇਜਦੀ ਹੈ ਅਤੇ ਆਪਣੇ ਮਨ ਦੀ ਭੜਾਸ ਕੱਢਦੀ ਹੈ:-

          “ਤੂੰ ਵੀ ਏਥੇ ਵਿਆਹ ਕਰਵਾਉਣ ਲਈ ਆ ਕੇ ਵੱਸਣ ਲਈ
           ਮੈਨੂੰ ਕਈ ਵਾਰ ਲਿਖਿਆ ਸੀ, ਪਰ ਮੈਂ ਤਾਂ ਇਹ ਕਹਾਂਗੀ
           ਕਿ ਬਰਤਾਨੀਆ ਆ ਕੇ ਵਿਆਹ ਕਰਾਉਣ ਨਾਲੋਂ ਤਾਂ ਕਿਸੇ
           ਖੂਹ-ਖਾਤੇ ਵਿਚ ਡੁੱਬ ਮਰਨਾ ਚੰਗਾ ਹੈ।”
                                                 (ਉਹੀ, ਪੰਨਾ, 64)

ਇਸੇ ਤਰ੍ਹਾਂ ਇਕ ਹੋਰ ਕਹਾਣੀ, ‘ਅਪਰਾਧੀ’ ਵਿਚਲੀ ਔਰਤ ਪਾਤਰ ਰਤਨੀ ਆਪਣੇ ਲਾਲਚੀ ਪਤੀ ਦਾ ਹੁਕਮ ਮੰਨਦੀ ਹੋਈ ਇਕ ਐਸੀ ਸਥਿਤੀ ਵਿਚ ਫਸ ਜਾਂਦੀ ਹੈ ਜਿਥੇ ਕਿਰਾਇਆ ਵਸੂਲਣ ਗਈ ਕਿਸੇ ਚੀਨੇ ਜਾਂ ਜਾਪਾਨੀ ਕਿਰਾਏਦਾਰ ਦੀ ਹਵਸ ਦਾ ਸ਼ਿਕਾਰ ਹੋ ਗਰਭਵਤੀ ਹੋ ਜਾਂਦੀ ਹੈ। ਇਸ ਗੱਲ ਦਾ ਪਤਾ ਉਦੋਂ ਲਗਦਾ ਹੈ ਜਦੋਂ ਉਹ ਜਿਸ ਬੱਚੇ ਨੂੰ ਜਨਮ ਦੇਂਦੀ ਹੈ ਉਸਦੀ ਸ਼ਕਲ ਉਸ ਚੀਨੇ ਜਾਂ ਜਾਪਾਨੀ ਮਰਦ ਵਰਗੀ ਹੁੰਦੀ ਹੈ ਜਿਸਨੂੰ ਵੇਖ ਕੇ ਰਤਨੀ ਦਾ ਪਤੀ ਤੇਜੂ ਭੜਕ ਜਾਂਦਾ ਹੈ ਲੇਕਿਨ ਰਤਨੀ ਉਸ ਵੇਲੇ ਸ਼ੀਹਣੀ ਦਾ ਰੂਪ ਅਖ਼ਤਿਆਰ ਕਰਦੀ ਹੋਈ ਉਸਨੂੰ ਕਹਿੰਦੀ ਹੈ:-

          “ਤੇਰੇ ਅੱਗੇ ਮੈਂ ਤਾਂ ਬਥੇਰਾ ਪਹਿਲੇ ਦਿਨ ਤੋਂ ਪਿਟਦੀ ਸੀ ਕਿ ਤੂੰ
           ਆਪੇ ਕਿਰਾਇਆ ਉਗਰਾਹਿਆ ਕਰ। ਤੂੰ ਮੇਰੀ ਇਕ ਨਾ ਸੁਣੀ
           ਘਰਾਂ ਵਿਚ ਭਾਂਤ-ਸੁਭਾਂਤੇ ਲਾਂਜੇ ਪਾ ਕੇ ਆਪ ਤੜਕਸਾਰ ਘਰੋਂ
           ਉੱਜੜ ਕੇ ਅੱਧੀ ਅੱਧੀ ਰਾਤੀਂ ਮੁੜਦਾ ਸੈਂ। ਮੈਨੂੰ ਤੂੰ ਹੀ ਤਾਂ
           ਮਜਬੂਰ ਕਰਦਾ ਸੈਂ ਜਾਣ ਨੂੰ।”
                                             (ਉਹੀ, ਪੰਨਾ, 78)

ਏਥੇ ਕਹਾਣੀ ਕਾਰਾ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਇਸ ਕਹਾਣੀ ਵਿਚ ਅਸਲ ਅਪਰਾਧੀ ਰਤਨੀ ਨਹੀਂ ਸਗੋਂ ਤੇਜੂ ਬਣਦਾ ਹੈ। ਏਥੇ ਮਰਦ ਦੀ ਸੋਚ ਸਾਹਵੇਂ ਲੇਖਿਕਾ ਨੇ ਔਰਤ ਪਾਤਰ ਦੀ ਦਲੇਰੀ ਰਾਹੀਂ ਵੰਗਾਰ ਖੜ੍ਹੀ ਕੀਤੀ ਹੈ ਅਤੇ ਔਰਤ ਦੇ ਹੱਕ ਵਿਚ ਮੁਕੱਦਮਾ ਭੁਗਤਾਇਆ ਹੈ।

ਸੁਰਜੀਤ ਕਲਪਨਾ ਦੀਆਂ ਕਹਾਣੀਆਂ ਵਿਚ ਪੇਸ਼ ਨਾਰੀ ਪਾਤਰਾਂ ਦੇ ਭਿੰਨ ਭਿੰਨ ਕਿਰਦਾਰ ਵੇਖਣ ਨੂੰ ਮਿਲਦੇ ਹਨ। ਕਿਧਰੇ ਉਹ ਜ਼ੁਲਮ ਸਹਿੰਦੀਆਂ, ਕਿਧਰੇ ਜ਼ੁਲਮ ਸਾਹਵੇਂ ਪ੍ਰਤੀਕਿਰਿਆ ਪੇਸ਼ ਕਰਦੀਆਂ, ਕਿਧਰੇ ਵੰਗਾਰ ਖੜ੍ਹੀ ਕਰਦੀਆਂ, ਕਿਧਰੇ ਡੱਟ ਕੇ ਮੁਕਾਬਲਾ ਕਰਦੀਆਂ ਦਿਖਾਈ ਦੇਂਦੀਆਂ ਹਨ। ਕਹਿਣ ਤੋਂ ਭਾਵ ਉਹ ਆਸ ਦਾ ਪੱਲਾ ਕਦੇ ਨਹੀਂ ਛੱਡਦੀਆਂ। ਕਿਧਰੇ ਇਹ ਔਰਤਾਂ ਬੜੇ ਕੋਮਲ ਸੁਭਾਅ ਦੀਆਂ ਕੋਮਲ ਫੁੱਲ ਪੱਤੀਆਂ ਵਰਗੀਆਂ ਖਾਹਿਸ਼ਾਂ ਰੱਖਣ ਵਾਲੀਆਂ ਹਨ। ਜਿਵੇਂ ਇਕ ਕਹਾਣੀ, ‘ਨਿਮਾਣੀ ਰੀਝ’ ਵਿਚਲੀ ਔਰਤ ਪਾਤਰ, ‘ਸਰੀ’ ਦੀ ਰੀਝ ਹੈ ਕਿ ਕੋਈ ਉਸਨੂੰ ਫੁੱਲ ਭੇਟ ਕਰੇ। ਜ਼ਿੰਦਗੀ ਵਿਚ ਉਸਨੂੰ ਕਈ ਵਧੀਆ ਗਿਫਟ ਮਿਲਦੇ ਹਨ ਜਿਵੇਂ ਪਾਰਕਰ ਪੈਨ, ਹਾਰਟ ਵਾਲਾ ਪੈਂਡੈਂਟ, ਹੀਰੇ ਦੀ ਮੁੰਦਰੀ ਆਦਿ ਪਰ ਉਸਦੀ ਫੁੱਲਾਂ ਦੀ ਖਾਹਿਸ਼ ਅਧੂਰੀ ਰਹਿ ਜਾਂਦੀ ਹੈ। ਲੇਕਿਨ ਜਦੋਂ ਉਹ ਨਾਲ ਦੇ ਘਰ ਵਿਚ ਆਈ ਫੁੱਲਾਂ ਨਾਲ ਲੱਦੀ ਕਾਲੀ ਟੈਕਸੀ ਦੇਖਦੀ ਹੈ ਤਾਂ ਇਹ ਆਸ ਕਰਦੀ ਹੈ ਕਿ ਜੇ ਜੀਂਦਿਆਂ ਨਹੀਂ ਤਾਂ ਮਰਨ ਤੇ ਉਸਦੀ ਟੈਕਸੀ ਤੇ ਫੁੱਲ ਹੋਣਗੇ। ਜਿਥੇ ਇਸ ਤਰ੍ਹਾਂ ਦੀ ਖਾਹਿਸ਼ ਪੇਸ਼ ਕਰਦੀ ਹੈ ਓਥੇ ਲੇਖਿਕਾ ਦੀ ਭਾਸ਼ਾ ਕਾਵਿਕ ਹੋ ਜਾਂਦੀ ਹੈ:-

              “ਕਮਲੀਏ, ਅਖ਼ੀਰੀ ਮੌਕਾ ਤਾਂ ਆਏਗਾ, ਤੇਰੀ ਰੀਝ ਜ਼ਰੂਰ ਪੂਰੀ
               ਹੋਏਗੀ। ਮੰਗਣ ਦੀ ਲੋੜ ਨਹੀਂ ਪਏਗੀ। ਪਿਆਰ ਵਜੋਂ ਨਾ ਹੀ
               ਸਹੀ, ਸਭ ਤੋਂ ਵੱਧ ਬੌਕਸ ਸੋਹਣਾ ਲੱਗੇ, ਕਾਲੀ ਟੈਕਸੀ ਝਲਮਣ
               ਝਲਮਣ ਫੁੱਲਾਂ ਨਾਲ ਕਰੇ, ਸੋ ਦੇਖੀਂ ਲੋਕ ਲੱਜੋਂ ਕਿੰਝ ਢੇਰਾਂ ਦੇ ਢੇਰ
               ਲਾਈ ਜਾਣਗੇ।”

                                     (ਉਹੀ, ਪੰਨਾ, 56)

ਕਈ ਥਾਈਂ ਸੁਰਜੀਤ ਕਲਪਨਾ ਬਰਤਾਨਵੀ ਅਫਰੀਕਨ ਸਮਾਜ ਅਤੇ ਬਰਤਾਨਵੀ ਪੰਜਾਬੀ ਸਮਾਜ ਵਿਚਲੇ ਅੰਤਰ ਨੂੰ ਵੀ ਸਿਰਜਦੀ ਨਜ਼ਰ ਆਉਂਦੀ ਹੈ। ਇਕ ਕਹਾਣੀ, ‘ਕਾਲੇ’ ਵਿਚ ਉਹ ਕਾਲੇ ਲੋਕਾਂ ਦੀ ਚੋਰੀ ਦੀ ਆਦਤ ਅਤੇ ਪੰਜਾਬੀ ਭਾਰਤੀ ਔਰਤਾਂ ਦੀ ਵਿਖਾਵੇ ਦੀ ਆਦਤ, ਸੋਨੇ ਨਾਲ ਪਿਆਰ ਆਦਿ ਤੋਂ ਫਾਇਦਾ ਉਠਾ ਸੁਨਿਆਰਿਆਂ ਦੀ ਲੁੱਟ, ਸਸਤੇ ਭਾਅ ਗਹਿਣੇ ਖ਼ਰੀਦ ਮੁੜ ਕੁਠਾਲੀ ਵਿਚ ਪਾ ਮਹਿੰਗੇ ਭਾਅ ਵੇਚਣਾ, ਗਾਹਕਾਂ ਦੀ ਗਹਿਣੇ-ਚੋਰੀ ਵਿਚ ਕਾਲਿਆਂ, ਗੋਰਿਆਂ ਨਾਲ ਗੰਢ ਤੁਪ, ਕਾਲਿਆਂ ਦਾ ਪੰਜਾਬੀਆਂ ਦੇ ਪੇ ਪੈਕੇਟ ਖੋਹ ਕੇ ਲੈ ਜਾਣਾ ਆਦਿ ਦੀ ਯਥਾਰਥਕ ਤਸਵੀਰ ਪੇਸ਼ ਕਰਕੇ ਦੋ ਸਮਾਜਾਂ ਵਿਚਲੇ ਅੰਤਰ ਨੂੰ ਬਾਖੂਬੀ ਪੇਸ਼ ਕਰਦੀ ਨਜ਼ਰ ਆਉਂਦੀ ਹੈ (ਪੰਨੇ, 81-87)। ਪਰ ਨਾਲ ਹੀ ਨਾਲ ਉਹ ਇਸ ਸਭ ਕਾਸੇ ਦੀ ਆਲੋਚਨਾ ਕਰਦਿਆਂ ਵਿਅੰਗ ਕਰਦੀ ਵੀ ਨਜ਼ਰ ਆਉਂਦੀ ਹੈ:-

               “ਅਸੀਂ ਕਿੰਨੇ ਨਿੱਘਰ ਗਏ ਹਾਂ ਕਿ ਚੋਰੀ ਕਰਨ ਲੱਗਿਆਂ ਜਾਂ ਹੇਰਾ
                ਫੇਰੀ ਕਰਨ ਸਮੇਂ ਅਸੀਂ ਆਪਣੇ ਜੱਦੀ ਦੇਸ਼ ਜਾਂ ਕੌਮੀ ਆਚਰਣ
                ਅਤੇ ਸਦਾਚਾਰਕ ਕਦਰਾਂ ਕੀਮਤਾਂ ਦੀ ਹੋ ਜਾਣ ਵਾਲੀ ਬੇਹੁਰਮਤੀ
                ਦੀ ਵੀ ਪਰਵਾਹ ਨਹੀਂ ਕਰਦੇ। ਸਾਨੂੰ ਆਪਣੀ ਜਾਂਦੀ ਇੱਜ਼ਤ ਸੰਬੰਧੀ
                ਜ਼ਰਾ ਜਿੰਨਾ ਵੀ ਦੁੱਖ ਨਹੀਂ ਹੁੰਦਾ। ਸਾਡੇ ਲਈ ਪੈਸਾ ਹੀ ਸਭ ਕੁਝ
                ਹੈ, ਜਿਵੇਂ ਵੀ ਸਾਡੇ ਹੱਥ ਆਵੇ। ਅਸੀਂ ਆਪਣਾ ਗੰਦਾ ਕਿਰਦਾਰ
                ਦਿਖਾਲਣ ਸਮੇਂ ਜ਼ਰਾ ਜਿੰਨਾ ਵੀ ਸ਼ਰਮਿੰਦਾ ਨਹੀਂ ਹੁੰਦੇ।”

                                         (ਉਹੀ, ਪੰਨਾ, 85)

ਇਕ ਕਹਾਣੀ, ‘ਰਾਜ’ ਵਿਚ ਬਰਤਾਨਵੀ ਸਮਾਜ ਵਿਚ ਰਹਿੰਦਿਆਂ ਪੰਜਾਬੀ ਔਰਤਾਂ ਅੰਦਰ ਪੈਦਾ ਹੋਏ ਆਤਮ-ਵਿਸ਼ਵਾਸ ਅਤੇ ਵਧੀਕੀਆਂ ਅੱਗੇ ਹਿੰਮਤ ਨਾਲ ਡੱਟਣ ਅਤੇ ਮੁਕਾਬਲਾ ਕਰ ਸੱਕਣ ਦੀ ਸ਼ਕਤੀ ਨੂੰ ਪੇਸ਼ ਕੀਤਾ ਗਿਆ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਮਨੁੱਖੀ ਆਜ਼ਾਦੀ ਵਿਚ ਕਿਸੇ ਦੇਸ਼ ਦੇ ਸਿਸਟਮ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਇਸ ਕਹਾਣੀ ਵਿਚਲੀ ਨਾਰੀ-ਪਾਤਰ ਰਾਜ ਆਪਣੇ ਸੌਹਰੇ ਵਲੋਂ ਹੋਣ ਵਾਲੇ ਜ਼ੁਲਮ ਦਾ ਮੁਕਾਬਲਾ ਇਹਨਾਂ ਸ਼ਬਦਾਂ ਰਾਹੀਂ ਕਰਦੀ ਹੈ:-

               “ਮੈਨੂੰ ਰੋਜ਼ ਮਾਰਨ ਦੀ ਧਮਕੀ ਦਿੰਦੇ ਸਾਓ, ਇਹ ਇੰਡੀਆ ਨਹੀਂ
                ਕਿ ਨੂੰਹ ਨੂੰ ਪੈਰਾਫੀਨ ਦਾ ਤੇਲ ਪਾ ਸਾੜ੍ਹ ਦਿਓ ਅਤੇ ਪਿੱਛੋਂ ਪੁਲਸ
                ਦਾ ਬੁੱਕ ਭਰ ਛੁੱਟ ਜਾਉ। ਮੈਂ ਤੁਹਾਨੂੰ ਨੱਕ-ਚਣੇ ਚਬਾ ਕੇ ਛਡਾਂਗੀ
                ਕੰਮਬਖ਼ਤੋ।”
                                     (ਉਹੀ, ਪੰਨਾ, 90)

ਇਹਨਾਂ ਸਾਰੀਆਂ ਕਹਾਣੀਆਂ ਦੇ ਪਾਠ ਉਪਰੰਤ ਇਹ ਸਿੱਟਾ ਨਿਕਲਦਾ ਹੈ ਕਿ ਸੁਰਜੀਤ ਕਲਪਨਾ ਦੀਆਂ ਕਹਾਣੀਆਂ ਵਿਚਲਾ ਪੇਸ਼ ਨਾਰੀ-ਸੰਸਾਰ ਬਰਤਾਨਵੀ ਪੰਜਾਬੀ ਨਾਰੀ-ਡਾਇਸਪੋਰਾ ਦੀ ਵਿਵਿਧ ਤਸਵੀਰ ਪੇਸ਼ ਕਰਦਾ ਨਜ਼ਰ ਆਉਂਦਾ ਹੈ ਜਿਸ ਵਿਚ ਪੰਜਾਬੀ ਔਰਤ ਦੀ ਪਰਵਾਸੀ ਜ਼ਿੰਦਗੀ ਦੇ ਹਾਂ-ਮੂਲਕ ਅਤੇ ਨਾਂਹ-ਮੂਲਕ ਦੋਵੇਂ ਪਾਸਾਰ ਕਾਰਜ ਕਰਦੇ ਨਜ਼ਰ ਆਉਂਦੇ ਹਨ।
***
within_light@yahoo.co.uk
Mob: 07877960642

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1307
***

ਡਾ:ਦਵਿੰਦਰ ਕੌਰ ਯੂ.ਕੇ.