‘ਮੇਰੇ ਆਪਣੇ’ ਸਵੈ ਜੀਵਨੀ ਰਾਹੀਂ ਕੈਪਟਨ ਪੂਰਨ ਸਿੰਘ ਗਗੜਾ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹਨ। ਉਹ ਇਸ ਤੋਂ ਪਹਿਲਾਂ ਵੀ 3 ਕਾਵਿ ਸੰਗ੍ਰਹਿ ‘ਹਰਫ਼ਾਂ ਦੀ ਪਰਵਾਜ਼’, ‘ਕਲਮਾਂ ਦਾ ਕਾਫਲਾ’ ਅਤੇ ‘ਕਰੂੰਬਲਾਂ’ ਪਾਠਕਾਂ ਅੱਗੇ ਰੱਖ ਚੁੱਕੇ ਹਨ। ਪਹਿਲੀਆਂ ਦੋ ਪੁਸਤਕਾਂ ਸਾਂਝਾ ਕਾਵਿ ਸੰਗ੍ਰਹਿ ਹੈ। ਮੌਜੂਦਾ ਸਵੈ ਜੀਵਨੀ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿਚ ਵੰਡੀ ਹੋਈ ਹੈ। ਪਹਿਲੇ ਹਿੱਸੇ ਵਿੱਚ ਉਹ ਆਪਣੇ ਪਿਤਾ ਦੀ, ਦੂਜੇ ਹਿੱਸੇ ਵਿਚ ਉਹ ਆਪਣੀ ਮਾਤਾ ਦੀ ਅਤੇ ਤੀਜੇ ਹਿੱਸੇ ਵਿੱਚ ਆਪਣੀ ਧਰਮ ਪਤਨੀ ਦੀ ਗੱਲ ਕਰਦੇ ਹਨ। ਇਨ੍ਹਾਂ ਤਿੰਨਾਂ ਹਿੱਸਿਆਂ ਵਿੱਚੋਂ ਹੀ ਉਨ੍ਹਾਂ ਦੀ ਸਾਰੀ ਜ਼ਿੰਦਗੀ ਉੱਗੜ ਕੇ ਸਾਹਮਣੇ ਆਉਂਦੀ ਹੈ। ਇਹ ਇੱਕ ਫੌਜੀ ਦੀ ਬੰਦੂਕ ਫੜਨ ਤੋਂ ਲੈ ਕੇ ਕਲਮ ਫੜਣ ਤੱਕ ਦੀ ਕਹਾਣੀ ਹੈ। ਜੋ ਪਾਠਕਾਂ ਨੂੰ ਸੰਜਮ ਨਾਲ ਰਹਿਣ, ਮਿਹਨਤ ਕਰਨ, ਲਾਲਚ ਤਿਆਗਣ, ਮਾਂ-ਬਾਪ, ਜੀਵਨ ਸਾਥੀ ਅਤੇ ਬੱਚਿਆਂ ਪ੍ਰਤੀ ਸਮਰਪਨ ਅਤੇ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਇਹ ਸਵੈ-ਜੀਵਨੀ ‘ਮੇਰੇ ਆਪਣੇ’ ਕੈਪਟਨ ਪੂਰਨ ਸਿੰਘ ਗਗੜਾ ਦੀ ਸਮਾਜ ਵਿੱਚ ਵਿਚਰਦਿਆਂ ਆਪਣੀ ਹੱਡ-ਬੀਤੀ ਹੈ। ਇਹ ਇੱਕ ਆਰਥਿਕ ਪੱਖੋਂ ਡਾਵਾਂਡੋਲ ਪਰਿਵਾਰ ਦੀ ਸੰਘਰਸ਼ਾਂ ਦੀ ਦਾਸਤਾਨ ਹੈ ਜਿਸ ਨੂੰ ਪੜ੍ਹ ਕੇ ਔਖੇ ਸਮੇਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਦੀ ਸੇਧ ਮਿਲਦੀ ਹੈ। 96 ਸਫਿਆਂ ਦੀ ਇਸ ਪੜ੍ਹਨਯੋਗ ਕਿਤਾਬ ਵਿਚ ਲੇਖਕ ਦੀ ਸੋਚ ਧਨਾਤਮਕ ਹੈ। ਉਹ ਕਿਤੇ ਵੀ ਕਿਸੇ ਵੀ ਸਥਿਤੀ ਵਿੱਚ ਢਹਿੰਦੇ ਵਿਚਾਰ ਨਹੀਂ ਦਿੰਦਾ। ਇਕ ਥਾਂ ਲੇਖਕ ਲਿਖਦਾ ਹੈ ਕਿ ਉਹ ਗਰੀਬੀ ਦੇ ਆਨੰਦ ਨੂੰ ਮਾਣਦਾ ਰਿਹਾ ਹੈ ਜੋ ਕਿ ਗਗੜਾ ਸਾਹਿਬ ਦੀ ਆਤਮ ਸੰਤੁਸ਼ਟੀ ਨੂੰ ਬਿਆਨ ਕਰਦਾ ਹੈ। ਆਰਥਕ ਔਕੜਾਂ ਝੱਲ ਰਹੇ ਪਰਿਵਾਰ ਵਿੱਚ ਪੈਦਾ ਹੋਣ ਕਰਕੇ ਉਹ ਕਦੇ ਵੀ ਆਪਨੇ ਆਪ ਨੂੰ ਵਿਹਲ਼ਾ ਨਹੀਂ ਰਖਦੇ। ਜਿਸ ਕਾਰਨ ਉਨ੍ਹਾਂ ਵਿਚ ਮਿਹਨਤ ਕੁੱਟ-ਕੁੱਟ ਕੇ ਭਰੀ ਹੋਈ ਜਾਪਦੀ ਹੈ। ਲੋੜ ਮੌਕੇ ਵੀ ਉਹ ਲਾਲਚ ਵਿੱਚ ਨਹੀਂ ਆਉਂਦੇ। ਜਿਸ ਸਮੇਂ ਸਾਈਕਲ ਦੀ ਬੇਹੱਦ ਜ਼ਰੂਰਤ ਸੀ, ਉਸ ਵੇਲੇ ਵੇਲੇ ਵੀ ਕੈਪਟਨ ਸਾਹਿਬ ਮਨ ਨੂੰ ਡਾਵਾਂਡੋਲ ਨਹੀਂ ਹੋਣ ਦਿੰਦੇ ਅਤੇ ਲਾਲਚ ਤੇ ਕਾਬੂ ਰੱਖਦੇ ਹਨ। ਇਹ ਉਨ੍ਹਾਂ ਦੀ ਪੰਜਾਂ ਇੰਦਰੀਆਂ ਵਿੱਚੋਂ ਇੱਕ ਇੰਦਰੀ ਦੀ ਜਿੱਤ ਹੈ। ਮੈਂ ਉਮੀਦ ਕਰਦਾ ਹਾਂ ਕਿ 200 ਰੁਪਏ ਮੁੱਲ ਵਾਲੀ ‘ਸ਼ਬਦ ਅਦਬ ਪ੍ਰਕਾਸ਼ਨ’ ਵੱਲੋਂ ਪ੍ਰਕਾਸ਼ਿਤ ਕੈਪਟਨ ਪੂਰਨ ਸਿੰਘ ਗਗੜਾ ਦੀ ਇਹ ਸਵੈਜੀਵਨੀ ਮੇਰੇ ਆਪਣੇ ਪਾਠਕਾਂ ਵੱਲੋਂ ਸਲਾਹੀ ਜਾਵੇਗੀ ਅਤੇ ਆਪਣੇ ਮਕਸਦ ਵਿਚ ਕਾਮਯਾਬ ਹੋਵੇਗੀ। ਮੈਂ ਇਸ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। *** ਸੰਜੀਵ ਝਾਂਜੀ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000