13 June 2024
mai bashiran

ਜੇਠਾ ਪੁੱਤ—ਬਲਜੀਤ ਖ਼ਾਨ ਪੁੱਤਰ ਮਾਂ ਬਸ਼ੀਰਾਂ

“ਕੀ ਲੋੜ ਸੀ ਇੱਕ ਹੋਰ ਨਿਆਣਾ ਜੰਮਣ ਦੀ? ਅੱਗੇ ਹੈ ਗੇ ਤਾਂ ਸੀ ਦੋ ਮੁੰਡੇ! ਰੱਬ ਕੋਈ ਚੰਗੀ ਚੀਜ਼ ਦੇ ਦਿੰਦਾ ਫੇਰ ਵੀ ਠੀਕ ਸੀ, ਪੱਥਰ ਚੁੱਕ ਮਾਰਿਆ ਮੱਥੇ ਤੇਰੇ! ਜਮਾਨਾ ਬੜਾ ਮਾੜਾ ਏ, ਭਾਈ! ਘਰੇ ਕੁੜੀ ਦਾ ਜੰਮਣਾ ਗ੍ਰਹਿਣ ਲੱਗਣ ਸਮਾਨ ਏ! ਦਸਾਂ-ਬਾਰਾਂ ਸਾਲਾਂ ਦੀ ਨੂੰ ਲੋਕ ਡੇਲੇ ਪਾੜ-ਪਾੜ ਦੇਖਣ ਲੱਗ ਪੈਂਦੇ ਨੇ ਜਿਵੇਂ ਘਰੇ ਧੀ-ਭੈਣ ਨਾ ਦੇਖੀ ਹੋਵੇ! ਫੇਰ ਮਗਰੋਂ ਪੜ੍ਹਾਈਆਂ ਦੇ ਖਰਚ, ਵਿਆਹ ਲਈ ਬਣਦੇ-ਤਣਦੇ ਘਰ ਦੇ ਮੁੰਡੇ ਦੀ ਭਾਲ, ਦਾਜ਼ ਤੇ ਹੋਰ ਕੀ ਕੁਝ! ਸੌ ਹੋਰ ਤਰ੍ਹਾਂ ਦੇ ਫ਼ਿਕਰ” ਨਿੱਕੀ ਦੇ ਜਨਮ ‘ਤੇ ਬੇਬੇ ਦੀਆਂ ਇਹਨਾਂ ਗੱਲਾਂ ਨੇ ਨਾਲ਼ਦੀ ਦੇ ਮੰਜੇ ‘ਤੇ ਪਈ ਦੇ ਇੱਕ ਵਾਰ ਤਾਂ ਸਾਹ ਈ ਸੁਕਾ ਦਿੱਤੇ ਸਨ।

ਨਾਲ਼ ਦੀ ਦਾ ਨਾਂ ਪਿਆਰ ਕੌਰ ਸੀ, ਵੱਡਾ ਮੁੰਡਾ ਉਦੋਂ ਗਿਆਰਾਂ ਦਾ ਤੇ ਛੋਟਾ ਸਾਢੇ ਨੌਂਆਂ ਸਾਲਾਂ ਦਾ, ਨਿੱਕੀ ਅਜੇ ਪੰਜਾਂ ਸਾਲਾਂ ਦੀ ਸੀ, ਜਦੋਂ ਉਹ ਬਾਰ੍ਹਾਂ ਸਾਲਾਂ ਦਾ ਸਾਥ ਨਿਭਾ ਕੇ ਜਾਂ ਕਹਿ ਲਵੋ ਅੱਧ ਵਿਚਾਲੇ ਤੋੜ ਕੇ ਰੱਬ ਨੂੰ ਪਿਆਰੀ ਹੋ ਗਈ ਸੀ। ਪਰ ਉਹਦਾ ਕਿਹੜਾ ਜੀ ਕਰਦਾ ਸੀ?

ਵੱਡਾ ਮੁੰਡਾ ਵੱਡਾ ਹੋ ਕੇ ਸ਼ਹਿਰ ਪੜ੍ਹਣ ਲੱਗਿਆ, ਓਥੇ ਕਿਸੇ ਕੁੜੀ ਨਾਲ਼ ਵਿਆਹ ਕਰਾ ਕੇ ਓਥੋਂ ਜੋਗਾ ਈ ਹੋ ਕੇ ਰਹਿ ਗਿਆ, ਅਗਲਿਆਂ ਨੇ ਘਰ ਜਵਾਈ ਬਣਾਕੇ ਰੱਖ ਲਿਆ। ਫੇਰ ਉਹਨੇ ਪਿੰਡ ਵੱਲ ਭੌਂ ਕੇ ਨੀਂ ਦੇਖਿਆ ਤੇ ਛੋਟਾ ਮਢੀਰਵਾਧੇ ‘ਚ ਪਿਆ ਚੰਡੀਗੜ੍ਹ ਹੋਸਟਲ ‘ਚ ਰਹਿਣ ਲੱਗ ਪਿਆ। ਦੋਵਾਂ ਨੇ ਨਾ ਘਰ ਦੀਆਂ ਸਿਉਂਖ ਖਾਧੀਆਂ ਡਿੱਗਣ ਕਿਨਾਰੇ ਪਈਆਂ ਛੱਤਾਂ ਦੀ ਕੋਈ ਪ੍ਰਵਾਹ ਕੀਤੀ, ਨਾ ਕੋਠੇ ਜਿੱਡੀ ਹੋਈ ਜਾਂਦੀ ਭੈਣ ਦਾ ਕੋਈ ਫ਼ਿਕਰ ਕੀਤਾ।

ਨਿੱਕੀ ਆਪਣੀ ਮਾਂ ਵਰਗੀ ਸਚਿਆਰੀ ਨਿੱਕਲੀ, ਪੰਦਰਾਂ ਸਾਲਾਂ ਦੀ ਹੁੰਦੀ ਨੇ ਘਰ ਦੀ ਜਿੰਮੇਵਾਰੀ ਮੋਢਿਆਂ ‘ਤੇ ਚੁੱਕ ਲਈ, ਮੇਰਾ ਮਨ ਆਪਣੇ ਆਪ ਨੂੰ ਕੋਸਦਾ ਏ, ਮੇਰੀ ਬੇਵੱਸੀ, ਜਵਾਕੜੀ ਦਾ ਬਚਪਨਾ ਵੀ ਖਾ ਗਈ।

ਬੇਬੇ ਵੀ ਆਪਣੇ ਅੱਖੀਂ ਦੇਖ ਗਈ ਕਿਹੜਾ ਖੋਟਾ ਸਿੱਕਾ ਤੇ ਕਿਹੜਾ ਖਰਾ ਸੋਨਾ ਨਿੱਕਲਿਆ।

ਲੋਕਾਂ ਦੇ ਧੀ-ਪੁੱਤ ਪੜ੍ਹਾਈਆਂ ਪੜ੍ਹਕੇ ਬਾਹਰਲ਼ੇ ਮੁਲਕਾਂ ਨੂੰ ਤੁਰੀ ਜਾਂਦੇ ਸੀ, ਮੈਂ ਮਜ਼ਬੂਰ ਕੀਤਾ, ਤਾਂ ਜਾ ਕੇ, ਨਿੱਕੀ ਕਨੇਡਾ ਜਾਣ ਨੂੰ ਮੰਨੀ, ਪੱਕੀ ਹੋ ਗਈ ਏ, ਜਿੱਦ ਕਰਕੇ ਉਹਨੇ ਮੇਰਾ ਪਾਸਪੋਰਟ ਬਣਵਾਇਆ ਤੇ ਵੀਜਾ ਵੀ ਲਵਾਇਆ। ਅਗਲੇ ਮਹੀਨੇ ਚੱਲਿਆ ਆਂ ਧੀ ਕੋਲ, ਇੱਕ ਪੇਂਡੂ ਸਿੱਧੜ ਜੱਟ ਜੀਹਨੂੰ ਕੋਈ ਟਾਂਗੇ ‘ਤੇ ਪੈਰ ਨੀਂ ਧਰਨ ਦਿੰਦਾ ਸੀ, ਜਹਾਜ ਦੀ ਸਵਾਰੀ ਕਰੂਗਾ।

ਫੋਨ ‘ਤੇ ਮੱਤਾਂ ਦਿੰਦੀ ਮੇਰੀ ਮਾਂ ਬਣ ਜਾਂਦੀ ਏ, ਪਾਪਾ-ਪਾਪਾ ਕਹਿੰਦੀ ਵਿੱਚੇ ਬਾਪੂ ਕਹਿ ਜਾਂਦੀ ਏ, ਬੜਾ ਫੱਬਦਾ ਏ ਉਹਦੇ ਮੂੰਹੋਂ!

ਕੀ ਦੱਸਾਂ, ਗੱਲਾਂ ਕਰਦਿਆਂ ਮਨ ਭਰ-ਭਰ ਆਉਂਦਾ ਏ, ਜੀਹਦੇ ਜੰਮਿਆਂ ਸੋਗ ਮਨਾਇਆ ਸੀ ਉਹੀ ਮੇਰਾ ਸਰਵਣ ਪੁੱਤ ਹੋ ਨਿੱਬੜੀ, ਮੇਰੇ ਹੱਡਾਂ-ਗੋਡਿਆਂ ‘ਚ ਜਾਨ ਮੁੱਕ ਚੱਲੀ ਸੀ, ਉਹਨੇ ਮੈਨੂੰ ਮੁੜ ਜਿਉਣ-ਜੋਗਾ ਕਰ ਧਰਿਆ ਏ, ਮੇਰੀ ਸਿਰੋਂ ਲਹਿਕੇ ਡਿੱਗਦੀ ਪੱਗ ਨੂੰ ਬੋਚ ਲਿਆ ਏ। ਮੈਨੂੰ ਲੱਗਦੈ ਮੈਂ ਜਦ ਵੀ ਮਰਿਆ ਉਹਦੇ ਚੁੱਲ੍ਹੇ ‘ਤੇ ਮਰਾਂਗਾ, ਮੇਰੀ ਮਨਸ਼ਾ ਵੀ ਇਹੋ ਏ ਕਿ ਉਹ ਮੇਰੇ ਸਿਵੇ ਨੂੰ ਮੇਰਾ ਜੇਠਾ ਪੁੱਤ ਬਣਕੇ ਅੱਗ ਦੇਵੇ!
***
ਬਲਜੀਤ ਖ਼ਾਨ ਪੁੱਤਰ ਮਾਂ ਬਸ਼ੀਰਾਂ।
ਅਠਾਈ ਜੁਲਾਈ, ਵੀਹ ਸੌ ਬਾਈ। 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1235
***

About the author

balji_khan
ਬਲਜੀਤ ਖਾਨ, ਮੋਗਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →