27 April 2024

ਡਾ. ਮਹਿੰਦਰ ਗਿੱਲ ਦੀ ਕਾਵਿ ਚੇਤਨਾ—ਡਾ. ਸਤਿੰਦਰ ਸਿੰਘ

ਡਾ. ਮਹਿੰਦਰ ਗਿੱਲ

ਕਾਵਿ ਰੂਪਾਕਾਰ ਦੀ ਪਛਾਣ ਤੇ ਪ੍ਰਕਿਰਤੀ ਦੇ ਅਨੇਕਾਂ ਮੁੱਖ ਲੱਛਣ ਹਨ, ਜਿਨ੍ਹਾਂ ਵਿਚ ਮਨੋਭਾਵ, ਭਾਵਨਾ ਤੇ ਕਲਪਨਾ (Emotion, Feeling & Imagination) ਪ੍ਰਮੁੱਖ ਹਨ ਪਰ ਆਧੁਨਿਕ ਕਾਵਿ ਵਿਚ ਚੇਤਨਾ, ਯਥਾਰਥ ਤੇ ਵਿਚਾਰਧਾਰਾ (Consciousness, Realism and Ideology) ਦੀ ਪ੍ਰਧਾਨਤਾ ਵੀ ਆ ਸ਼ਾਮਿਲ ਹੋਈ ਹੈ; ਇਸ ਕਾਰਨ ਕਵਿਤਾ ਵਿਚ ਵਿਸ਼ੈ ਤੇ ਰੂਪ (Content and form) ਦੇ ਦੋਵੇਂ ਪੱਖ ਪੂਰਣ ਭਾਤ ਮਹੱਤਵਪੂਰਨ ਬਣ ਗਏ ਹਨ। ਨਿਸਚੇ ਹੀ ਇਸ ਉਪਰ ਸਮੇਂ ਦੀਆਂ ਸਥਿਤੀਆਂ ਪ੍ਰਸਥਿਤੀਆਂ, ਸੋਚਵਾਨ ਤੇ ਤਕਨੀਕੀ ਵਾਤਾਵਰਣ ਦੀ ਪ੍ਰਧਾਨਤਾ ਦਾ ਪ੍ਰਭਾਵ ਹੈ। ਪਰ ਇਹ ਗੱਲ ਏਨੀ ਵੀ ਪਰਿਪੂਰਣ ਨਹੀਂ ਕਿਉਂਕਿ ਕਾਲਰਿਜ (S.T Coleridge) ਨੇ ਤਾਂ ਆਪਣੇ ਸਮੇਂ ਵਿਚ ਹੀ ਆਖ ਦਿੱਤਾ ਸੀ ਕਿ ਕਵੀ/ਮਹਾਨ ਕਵੀ ਬਣਨ ਲਈ ਚਿੰਤਕ ਹੋਣਾ ਵੀ ਨਾਲ ਦੀ ਨਾਲ ਉਨਾ ਹੀ ਜ਼ਰੂਰੀ ਹੈ। (No Man was ever yet a great poet without at the same time being a profound philosopher)। ਸਾਡੀ ਪਰੰਪਰਾ ਅੰਦਰ ਮਧਕਾਲੀਨ ਪੰਜਾਬੀ ਕਵਿਤਾ ਵਿਚ ਤੇ ਖ਼ਾਸ ਤੌਰ ’ਤੇ ਗੁਰਬਾਣੀ ਦੀ ਮਹਾਨਤਾ ਦਾ ਕੇਂਦਰੀ ਪੱਖ ਹੀ ਇਹ ਹੈ ਕਿ ਵਿਸ਼ੈ-ਵਸਤੂ ਦੀ ਮਹਾਨਤਾ ਦੇ ਨਾਲ ਹੀ ਰੂਪ ਤੇ ਸੰਗੀਤ ਦੀ ਉੱਚਤਾ ਤੇ ਮਹਾਨਤਾ। ਇਹੀ ਪਰੰਪਰਾ ਸਾਡੇ ਸਾਰੇ ਕਾਵਿ-ਜਗਤ ਦਾ ਅਨਿੱਖੜਵਾਂ ਅੰਗ ਬਣੀ ਚਲੀ ਆ ਰਹੀ ਹੈ। ਗੁਰਬਾਣੀ ਦੀ ਪਰੰਪਰਾ ਵਿਚੋਂ ਹੀ ਸਾਨੂੰ ਤਰਕ-ਭਾਵਨਾ, ਸੰਬਾਦ-ਭਾਵਨਾ, ਗਿਆਨ-ਮੁਖਤਾ ਤੇ ਵਿਗਿਆਨਕਤਾ ਦੇ ਵੱਡਮੁਲੇ ਪਾਸਾਰ ਵੀ ਪ੍ਰਾਪਤ ਹਨ। ਅੱਜ ਯਕੀਨਨ ਆਧੁਨਿਕਤਾ, ਵਿਗਿਆਨ ਤੇ ਤਕਨਾਲੋਜੀ ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀ ਆਦਿ ਦਾ ਪ੍ਰਭਾਵ ਵਧਿਆ ਹੈ ਪਰ ਤਰਕਸ਼ੀਲਤਾ ਤੇ ਵਿਗਿਆਨਕਤਾ ਦਾ ਸਾਡੀ ਜੀਵਨ-ਜਾਚ ਵਿਚ ਸੰਚਾਰ ਤੇ ਵਿਸਤਾਰ ਗੁਰਬਾਣੀ ਦੇ ਪ੍ਰਭਾਵ ਸਦਕਾ ਲਗਾਤਾਰ ਰੂਪ ਵਿਚ ਚਲਿਆ ਤੇ ਪ੍ਰਾਪਤ ਹੋਇਆ ਹੈ।

ਇਸੇ ਪਰਿਪੇਖ ਵਿਚ ਮੈਂ ਡਾ. ਮਹਿੰਦਰ ਗਿੱਲ ਦੀ ਕਾਵਿ ਧਾਰਾ ਦਾ ਪ੍ਰਵਾਹ ਸੰਚਾਰਿਤ ਹੋਇਆ ਦੇਖ ਰਿਹਾ ਹਾਂ। ਦੁਜੇ ਉਹ ਖ਼ੁਦ ਇਕ ਵਿਗਿਆਨੀ ਹੈ, ਜਿਸ ਸਦਕਾ ਉਸਨੇ ਆਧੁਨਿਕ ਜੀਵਨ ਦੇ ਮੁੱਖ ਮੁੱਦਿਆਂ ਨੂੰ ਆਪਣੀ ਕਾਵਿ-ਰਚਨਾ ਵਿਚ ਬਾਖ਼ੂਬੀ ਉਭਾਰਿਆ ਹੈ। ਉਹ ਜਿੱਥੇ ਇਕ ਪਾਸੇ ਆਪਣੀ ਵਿਸ਼ਾਲ ਅਨੁਭਵੀ ਤੇ ਵਿਗਿਆਨਕ ਬਿਰਤੀ ਦੀ ਸ਼ਮੂਲੀਅਤ ਨੂੰ ਪ੍ਰਮੁਖ ਰੱਖਦਾ ਹੈ ਉੱਥੇ ਦੂਜੇ ਪਾਸੇ ਆਧੁਨਿਕ ਜੀਵਨ ਦੀ ਜਟਿਲਤਾ ਤੇ ਟੇਢੇ-ਮੇਢੇ ਮਸਲਿਆਂ ਨੂੰ ਬੜੀ ਸਰਲਤਾ ਰਾਹੀਂ ਪੇਸ਼ ਕਰ ਜਾਂਦਾ ਹੈ। ਇਹ ਤਾਂ ਹੀ ਸੰਭਵ ਹੁੰਦਾ ਹੈ ਜੇਕਰ ਤੁਸੀਂ ਤੇ ਤੁਹਾਡੀ ਸੋਚ ਖ਼ੁਦ ਬੜੀ ਸਪੱਸ਼ਟ ਹੋਵੇ। ਭਾਵ ਉਹ ਜਦੋਂ ਜਟਿਲ ਤੋਂ ਜਟਿਲ ਮਸਲਿਆਂ ਨੂੰ ਏਨੀ ਸਰਲਤਾ ਤੇ ਸਹਿਜਤਾ ਨਾਲ ਪੇਸ਼ ਤੇ ਸੰਚਾਰਿਤ ਕਰ ਜਾਂਦਾ ਹੈ ਤਾਂ ਉਸਦਾ ਭਾਵ ਹੈ ਕਿ ਉਹ ਖ਼ੁਦ ਅੰਦਰ-ਬਾਹਰ ਬਹੁਤ ਸਪੱਸ਼ਟ ਹੈ। ਇਹੀ ਉਸਦੀ ਵਿਗਿਆਨਕ ਸੋਚ ਤੇ ਬਿਰਤੀ ਦਾ ਉੱਘਾ ਲੱਛਣ ਹੈ। ਸੋ ਚੌਤਰਫ਼ੀ ਅਨੇਕਾਂ ਜਟਿਲ-ਭਾਵੀ ਪੱਖਾਂ ਲਈ ਏਨਾ ਸਰਲ-ਸਹਿਜ-ਭਾਵੀ ਹੋ ਸਕਣਾ ਕਿਸੇ ਪ੍ਰੌੜ ਕਵੀ ਦਾ ਲੱਛਣ ਹੀ ਹੁੰਦਾ ਹੈ:

ਜੋ ਕੁਝ ਰੌਸ਼ਨ ਸੀ
ਘੱਟ ਹੈ ਰੌਸ਼ਨ
ਜੋ ਕੁਝ ਸੀ ਗਤੀਮਾਨ
ਹੈ ਖੜੋਤਾ
ਜੋ ਦਿਸਦਾ ਸੀ ਸਵੇਰਾ
ਜਾਣੇ ਕਿਧਰ ਹੋਇਆ ਛੁਪਨ . . .
ਪਰ ਸੱਚ ਤਾਂ ਇਹੀ ਹੈ
ਕਿ ਸੁਪਨੇ ਕਦੇ ਸੱਚ ਨਹੀਂ ਹੁੰਦੇ। . . .1

ਉਹ ਜਿਸ ਖ਼ੂਬਸੂਰਤੀ ਤੇ ਸਰਲਤਾ ਨਾਲ ਆਧੁਨਿਕ ਜੀਵਨ ਦੇ ਖੋਖਲੇਪਨ ਤੇ ਵਿਰੋਧਾਂ ਨੂੰ ਪੇਸ਼ ਕਰ ਜਾਂਦਾ ਹੈ, ਇਹ ਉਸਦੀ ਕਾਵਿਕ-ਪ੍ਰੌੜਤਾ ਦਾ ਇਕ ਉੱਘਾ ਲੱਛਣ ਹੈ :

ਲਫ਼ਜ਼ਾਂ ਦਾ ਹੈ ਸ਼ੋਰ ਬੜਾ
ਪਰ ਰੂਹੋਂ ਖ਼ਾਲੀ
ਖ਼ਾਮੋਸ਼ੀ ਦੇ ਦਰ ਤੇ
ਵੇਖਾਂ ਸ਼ਬਦ ਸਵਾਲੀ।2

ਡਾ. ਹਰਿਭਜਨ ਸਿੰਘ ਦੇ ‘ਅਪ੍ਰਮਾਣਿਕ’ ਵਿਅਕਤੀ ਵਾਂਗ ਉਹ ਖੋਖਲੇ ਬੰਦਿਆਂ ਦਾ ਪਾਜ ਵੀ ਉਧੇੜਦਾ ਹੈ ਤੇ ਉਨ੍ਹਾਂ ਦੀ ਅਯੋਗਤਾ ਨੂੰ ਵੀ ਦਰਸਾਉਂਦਾ ਹੈ :

ਮੱਥੇ ਤੇ ਲਿਖਿਆ ਹੈ
ਮਸੀਹਾ
ਪਰ ਮੱਥੇ ਦੇ ਅੰਦਰ
ਘੁੰਮਦੀ ਹੈ
ਸੰਘਣੀ ਧੁੰਦ
ਤੇ ਇਨ੍ਹਾਂ ਦੇ ਪੈਰ ਵੀ
ਉਸੇ ਧੁੰਦ ’ਚ ਗੁਆਚੇ ਨੇ।3

ਡਾ. ਮਹਿੰਦਰ ਗਿੱਲ ਦੇ ਆਪਣੀ ਕਾਵਿ ਯਾਤਰਾ 1985 ਵਿਚ ‘ਮੇਰੇ ਲੋਕ’ ਸੰਗ੍ਰਹਿ ਤੋਂ ਆਰੰਭੀ ਅਤੇ ਫਿਰ ‘ਬਿਨ ਬਰਸਾਤੀ ਮੇਘਲੇ’ (1989) ਤੇ ‘ਅੱਖ ਦੇ ਬੋਲ’ (1998) ਤੇ ‘ਉਦੋਂ ਤੇ ਹੁਣ’ (2009) ਵਿਚ ਪ੍ਰਕਾਸ਼ਿਤ ਹੋਈ। ਏਥੇ ਵੀ ਉਸਦੀ ਯਾਤਰਾ ਵਿਚ ਸਹਿਜਤਾ ਹੈ, ਕੋਈ ਕਾਹਲ ਨਹੀਂ। ਉਹ ਦਿਨ-ਬ-ਦਿਨ ਪ੍ਰੌੜ ਹੁੰਦਾ ਹੋਇਆ ਪ੍ਰੌੜ ਕਵਿਤਾ ਰਚਦਾ ਚਲਿਆ ਆ ਰਿਹਾ ਹੈ। ਉਹ ਲਗਭਗ ਹਰ ਦਹਾਕੇ ’ਚ ਇਕ ਸੰਗ੍ਰਹਿ ਪੇਸ਼ ਕਰਦਾ ਹੋਇਆ ਆਪਣੇ ਕਾਵਿਕ ਵਿਕਾਸ ਦਾ ਸਿਰਮੌਰ ਰੂਪ ਪੇਸ਼ ਕਰ ਰਿਹਾ ਹੈ। ਹਰ ਪੜਾਅ ਉਪਰ ਉਹ ਨਿਰੰਤਰ ਵੀ ਰਹਿੰਦਾ ਹੈ ਅਤੇ ਹਰ ਸੰਗ੍ਰਹਿ ਵਿਚ ਵੱਖਰੀ ਤੇ ਵਿਲੱਖਣ ਆਧੁਨਿਕ ਬਿਰਤੀ ਦਾ ਸੰਚਾਰ ਵੀ ਕਰਦਾ ਹੈ।

ਇਨ੍ਹਾਂ ਪਹਿਲੂਆਂ ਤੇ ਪੜਾਵਾਂ ਦੇ ਅਨੇਕਾਂ ਉੱਘੇ ਤੇ ਵਿਲੱਖਣ ਲੱਛਣ ਹਨ : ਗਿਆਨ, ਚੇਤਨਾ, ਵਿਰੋਧ, ਯਥਾਰਥ ਆਦਿ। ਪਰ ਇਨ੍ਹਾਂ ਵਿਚੋਂ ਮੈਂ ਉਸਦੇ ਦੋ ਖ਼ਾਸ ਪੱਖਾਂ ਦਾ ਉਚੇਚਾ ਵਰਣਨ ਕਰਨਾ ਚਾਹਾਂਗਾ, ਜਿਨ੍ਹਾਂ ਦੀ ਵਿਲੱਖਣਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਨਾਂ ਵਿਚੋਂ ਪਹਿਲਾ ਪੱਖ ਟਕਰਾਓ-ਮੂਲਕ ਹੈ, ਜਿਸ ਰਾਹੀਂ ਉਹ ਜ਼ਿੰਦਗੀ ਦੇ ਵਿਰੋਧਾਂ, ਸਮਾਨਤਾਵਾਂ-ਅਸਮਾਨਤਾਵਾਂ ਨੂੰ ਭਲੀ-ਭਾਂਤ ਪੇਸ਼ ਕਰ ਜਾਂਦਾ ਹੈ। ਮੈਂ ਇਸਨੂੰ ਫੈਲਾਓ, ਸੁੰਗੇੜ ਤੇ ਸਮਾਪਨ ਦਾ ਨਾਂ ਦੇਣਾ ਚਾਹਾਂਗਾ। ਇਹ ਟਕਰਾਉਂਦੇ ਵੀ ਹਨ ਤੇ ਸਮਾਂਨਾਤਰ ਰੂਪ ਵਿਚ ਹੋਂਦਵਾਨ ਵੀ ਰਹਿੰਦੇ ਹਨ :

ਮੇਰਾ ਪਿੰਡ
ਤਾਂ ਬਿਖਰ ਗਿਆ ਹੈ
ਚਹੁੰ ਕੂਟੀਂ
ਮੁੜ ’ਕੱਠਾ ਕਿਵੇਂ ਹੋਵੇ।
ਪਿੰਡ!
ਤੂੰ ਸਦੀਆ ਸਮਾਨ
ਸਦਾ, ਸਦੀਵੀ।
ਪਰ ਮੇਰਾ ਪਿੰਡ
ਤਾਂ ਮੇਰੇ ਨਾਲ ਹੀ
ਖ਼ਤਮ ਹੋ ਜਾਣਾ।4

ਦੂਜਾ ਉੱਘਾ ਪੱਖ ਹੈ : ‘ਮਾਸੂਮੀਅਤ ਤੇ ਅਨੁਭਵਤਾ’ (Innocence and experience) । ਵਿਲੀਅਮ ਬਲੇਕ ਦੇ ਗੀਤਾਂ ਵਾਲੀ।

ਫੁੱਲ ਸਾਂ ਮੈਂ ਦੋਸਤਾ
ਪੱਥਰ ਜਿਹਾ ਹਾਂ ਹੋ ਗਿਆ
ਤੇਰਾ ਵੀ ਤਾਂ ਦੋਸ਼ ਹੈ
ਜੋ ਇਸ ਤਰ੍ਹਾਂ ਹਾਂ ਹੋ ਗਿਆ।
ਹਵਾ ਇਹ ਕੈਸੀ ਚਲੀ
ਕਿ ਹਰ ਲਗਰ ਝੁਲਸੀ ਗਈ
ਬਾਗ ਦਾ ਹਰ ਫੁੱਲ ਹੀ
ਜਲ ਕੇ ਕਿਪੱਤਰਾ ਹੋ ਗਿਆ।5

ਉਹ ਆਪਣੇ ਤਜ਼ਰਬੇ, ਆਪਣੀ ਚੇਤਨਾ ਤੇ ਸਮਝ ਰਾਹੀਂ ਜ਼ਿੰਦਗੀ ਦੇ ਮਾਇਨੇ ਸਮਝਾਉਣ ਦੀ ਕਵਿਤਾ ਰਚਦਾ ਹੈ। ਐਨ ਸਹੀ ਹਕੀਕਤ ਵਾਂਗ; ਇਸ ਵਿਚ ਕਈ ਵੇਰ ਤਾਂ ਕਾਮਯਾਬੀ ਹੁੰਦੀ ਹੈ ਪਰ ਕਈ ਵੇਰ ਨਹੀਂ ਤੇ ਕਿਸੇ ਕਿਸੇ ਦਿਨ ਤਾਂ ਬਿਲਕੁਲ ਹਨੇਰਾ ਹੀ ਪੱਲੇ ਪੈਂਦਾ ਹੈ :

ਕਿਸੇ ਕਿਸੇ ਦਿਨ
ਸੂਲਾਂ ਵਾਂਗ ਚੁਭਦੀਆਂ ਨੇ ਕਿਰਨਾਂ
ਤੇ ਮੈਂ
ਨ੍ਹੇਰੇ ਨੂੰ ਚਾਹੁੰਦਾ ਹਾਂ।6

ਸੋ ਡਾ. ਗਿੱਲ ਅਨੁਸਾਰ ਜ਼ਿੰਦਗੀ ਦਾ ਯਥਾਰਥ ਹੀ ਇਹ ਹੈ ਕਿ ਬੁਰਾਈ ਦੇ ਛਿੱਟਿਆਂ ਤੋਂ ਬਚਿਆ ਨਹੀਂ ਜਾ ਸਕਦਾ। ਮਾਸੂਮੀਅਤ ਛੱਡ ਕੇ ਜ਼ਹਿਰ ਦਾ ਪਿਆਲਾ ਪੀਣਾ ਹੀ ਪੈਂਦਾ ਹੈ। ਸੰਘਰਸ਼ ਤੇ ਜਟਿਲਤਾਵਾਂ ਤੇ ਪੇਚੀਦਗੀਆਂ ਸਹਿਣੀਆਂ ਹੀ ਪੈਂਦੀਆਂ ਹਨ ਪਰ ਇਸ ਸਥਿਤੀ ਵਿਚ ਉਸਦੀ ਸੋਚ ਬੜੀ ਸਿਹਤਮੰਦ ਹੈ ਕਿ ਇਸ ਸਾਰੇ ਕਾਸੇ ਵਿਚੋਂ ਸਿਖਿਆ ਤੇ ਚੇਤਨਾ ਹੀ ਗ੍ਰਹਿਣ ਕੀਤੀ ਜਾਏ ਨਾ ਕਿ ਮਾਯੂਸੀ ਤੇ ਨਿਰਾਸ਼ਾ :

1. ਖ਼ਿਆਲ ਜੋ ਸਲਾਖਾਂ ਦੇ
ਘੇਰੇ ’ਚੋਂ ਵੀ
ਆਜ਼ਾਦ ਹਵਾਵਾਂ ਦੇ
ਸੁਪਨੇ ਸਿਰਜ ਲੈਂਦਾ
ਕਾਲੇ ਨ੍ਹੇਰ ਅੰਬਰ ਉੱਤੇ
ਸੂਰਜ ਵਾਂਗ ਚੜ੍ਹਨੋਂ ਕੌਣ ਰੋਕ ਸਕਦਾ।7

2. ਪਗਡੰਡੀ ਤੇ
ਕਿਸ ਕਿਸ ਜਗ੍ਹਾ
ਰੱਤ ਦੇ ਤੁਪਕੇ ਡਿੱਗੇ ਨੇ
ਉਸ ਉਸ ਜਗ੍ਹਾ
ਯਾਦਾਂ ਦੇ ਸੂਹੇ ਗੁਲਾਬ
ਟਹਿਕ ਉੱਠੇ ਨੇ-
ਗੁਲਾਬ
ਜੋ ਸਾਨੂੰ
ਸਾਡੀ ਤਿੜਕੀ ਹੋਈ ਹੋਂਦ ਵਲੋਂ
ਸਦੀਵੀ ਤੋਹਫ਼ਾ ਹਨ।8

ਡਾ. ਮਹਿੰਦਰ ਗਿੱਲ ਉੱਘਾ ਪਰਵਾਸੀ ਸ਼ਾਇਰ ਹੈ। ਉਸਦੀ ਕਵਿਤਾ ਪਰਵਾਸ ਦੇ ਵਿਭਿੰਨ ਮਸਲਿਆਂ ਨਾਲ ਭਰੀ ਹੋਈ ਹੈ। ਉਹ ਬਾਕੀ ਪਰਵਾਸੀ ਕਵੀਆਂ ਤੋਂ ਅੱਡ ਇਨ੍ਹਾਂ ਮਸਲਿਆਂ ਨੂੰ ਭਾਵੁਕਤਾ ਨਾਲੋਂ ਵੱਧ ਬੌਧਿਕਤਾ ਤੇ ਬੌਧਿਕ ਭਾਵਨਾ ਰਾਹੀਂ ਪੇਸ਼ ਕਰਦਾ ਹੈ। ਉਹ ਭਾਵੁਕਤਾ ਤੋਂ ਮੁਕਤ ਨਹੀਂ ਕਿਉਂਕਿ ਇਸ ਤੋਂ ਕੋਈ ਵੀ ਮੁਕਤ ਨਹੀਂ ਹੋ ਸਕਦਾ ਪਰ ਏਥੇ ਉਹ ਫਿਰ ਚੇਤਨਾ ਦੀ ਯਾਤਰਾ ਵੱਲ ਰੁਚਿਤ ਹੁੰਦਾ ਦੇਖਿਆ ਜਾ ਸਕਦਾ ਹੈ। ਉਸਦੀ ਗਿਆਨ ਯਾਤਰਾ ਅਨੰਤ ਤੇ ਸਦੀਵੀ ਹੈ, ਜਿਸ ਵਿਚ ਕਈ ਉਤਾਰ-ਚੜ੍ਹਾ ਆਉਂਦੇ ਦੇਖੇ ਜਾ ਸਕਦੇ ਹਨ।
ਪਰਵਾਸ ਦੇ ਬਹੁ-ਪਾਸਾਰੀ ਪੱਖਾਂ ਵਿਚ ਉਹ ਬਾਹਰ ਜਾ ਕੇ ਮਿਹਨਤ ਵੇਚਣ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਇਸ ਮਾਨਸਿਕ ਦਵੰਦ ਨੂੰ ਉਭਾਰਦਾ ਹੈ ਕਿ ਪਰਵਾਸੀ ਵਾਸਤਵ ਵਿਚ ਰਹਿੰਦਾ ਕਿੱਥੇ ਹੈ? ਆਪਣੇ ਦੇਸ਼ ਜਾਂ ਕਿ ਪਰਵਾਸ-ਦੇਸ਼ ਵਿਚ ਪਰਵਾਸ ਦੀਆਂ ਮਜਬੂਰੀਆਂ ਉਸਨੂੰ ਆਪਣੇ ਦੇਸ਼ ਕਿਉਂ ਨਹੀਂ ਜਾਣ ਦੇਂਦੀਆਂ? ਉਹ ਜਾਣਾ ਚਾਹੁੰਦੈ ਪਰ ਵਾਸਤਵ ਵਿਚ ਜਾ ਨਹੀਂ ਸਕਦਾ। ਇਸ ਤੇ ਹੋਰ ਸਾਰੀਆਂ ਸਥਿਤੀਆਂ ਨੂੰ ਡਾ. ਗਿੱਲ ਬੜੀ ਸ਼ਿੱਦਤ ਨਾਲ ਪੇਸ਼ ਕਰਨ ਵਿਚ ਬਹੁਤ ਸਫ਼ਲ ਹੋਇਆ ਹੈ ਪਰ ਮੈਨੂੰ ਉਸਦਾ ਸਭ ਤੋਂ ਪ੍ਰਭਾਵਸ਼ਾਲੀ ਪੱਖ ਸੱਚਤਾ ਤੇ ਸੁੱਚਤਾ (sagaciousness) ਲਗਾ ਹੈ, ਜੋ ਉਸਦੀ ਸੁਹਿਰਦਤਾ ਦਾ ਇਕ ਲੱਖਣਯੋਗ ਖ਼ਾਸਾ ਹੈ :

ਪਰ ਤਸਲੀ ਸੀ ਉਸਨੂੰ
ਆਪਣੇ ਕੀਤੇ ਨਾਲ
ਅਸ਼ਾਂਤੀ ਵਿਚ ਵੀ
ਉਹ ਖੁਸ਼ ਸੀ।
ਅਤੇ ਕਦੇ ਮੰਦਾ ਨਹੀਂ ਸੀ
ਸੋਚਦਾ
ਇਥੇ ਦਾ ਜਾਂ ਉਥੇ ਦਾ।9

ਜਿੱਥੋਂ ਤੱਕ ਉਸਦੇ ਰੂਪਾਤਮਕ ਵਿਕਾਸ ਦਾ ਸੰਬੰਧ ਹੈ, ਏਥੇ ਵੀ ਉਹ ਪ੍ਰੌੜ ਤੇ ਸਿੱਧਹਸਤ ਕਵੀ ਦੀ ਕਾਵਿਕਤਾ ਦਾ ਹੀ ਪ੍ਰਮਾਣ ਪੇਸ਼ ਕਰਦਾ ਹੈ। ਉਸਦੀ ਕਾਵਿ-ਭਾਸ਼ਾ ਵੀ ਉਸਦੀ ਕਾਵਿਕ-ਯੋਗਤਾ ਵਾਂਗ ਬੜੀ ਸਰਲ ਤੇ ਸੁਹਿਰਦ ਹੈ। ਜਿਵੇਂ ਚੂਰੋ ਚੂਰ ਜਜ਼ਬਿਆਂ ਦੇ ਨੇੜੇ, ਕਲਮ ਵਿਚ ਸ਼ੋਲ੍ਹੇ; ਸ਼ਬਦ ਕਾਗਜ਼ ਤੋਂ ਸ਼ੇਰ ਵਾਂਗ ਬੁਕਦੈ, ਜ਼ਿੰਦਗੀ ਸਹਿਰਾਵਾਂ ’ਚ ਗੁਜ਼ਰਦੀ, ਚੰਦ ਪਲਾਂ ਦੀ ਕੂੜ ਖੁਸ਼ੀ, ਅਗਿਆਤ ਦੇ ਮੇਘਲੇ, ਅਚੰਭਾਜਨਕ ਧਰਤੀ, ਦਸੌਰ ਗਲੀਆਂ, ਧੁੰਦਲਾ ਬੇਹਰਕਤੀ ਆਲਮ, ਮੁਹੱਬਤ ਦਾ ਬੁਲਡੋਜ਼ਰ, ਸਿੱਧਤ੍ਰ ਦੋਸਤ, ਰਿਸ਼ਤਿਆਂ ਦਾ ਮਹੱਲ, ਅਵੈਧ ਸਲ੍ਹੇਟੀ ਸ਼ਾਮ, ਰੌਸ਼ਨੀ ਦੇ ਵਵਲਾਰੇ ਆਦਿ। ਕਾਵਿ ਕਲਾ ਤੇ ਕਾਵਿ ਭਾਸ਼ਾ ਦੀ ਸੂਖਮਤਾ ਤੇ ਗਹਿਰਾਈ ਦੀ ਇਕ ਮਿਸਾਲ ਹੈ :

ਮੈਂ ਨਹੀਂ ਕਹਿੰਦਾ
ਕਿ ਤੂੰ ਮੇਰੀ
ਕਵਿਤਾ, ਗਜ਼ਲ ਗੀਤ
ਤੇਰੇ ਚਿਹਰੇ ਦਾ ਗੁਲਾਬੀ ਰੰਗ,
ਬੁੱਲ੍ਹਾਂ ਦੀ ਕ੍ਰਿਮਚੀ ਭਾਅ,
ਅਖੀਆਂ ਦੀ ਡੂੰਘੀ ਨੀਲੈਤਣ
ਸੰਘਣੇ ਵਾਲਾਂ ਦੀ ਉਡਾਰੀ,
ਖੁਸ਼ਬੂ ਅਤੇ ਰੰਗਾਂ ਦੀ ਦੁਨੀਆਂ।10

ਆਸ ਹੈ ਕਿ ਦਹਾਕਿਆਂ-ਬੱਧੀ ਉਸਦਾ ਜੀਵਨ ਸਫ਼ਰ ਤੇ ਕਾਵਿਕ ਸਫ਼ਰ ਜਾਰੀ ਰਹੇਗਾ ਤੇ ਵਿਕਾਸ ਦੀਆਂ ਬੁਲੰਦੀਆਂ ਨੂੰ ਵੀ ਛੂੰਹਦਾ ਜਾਏਗਾ। . . . ਤੇ ਹੁਣ ਇਕ ਹੋਰ ਦਹਾਕਾ ਹੋ ਗਿਐ, ਡਾ. ਮਹਿੰਦਰ ਗਿੱਲ ਦੇ ਨਵੇਂ ਕਾਵਿ ਹਸਤਾਖ਼ਰ ਦੀ ਉਸਦੇ ਸਾਰੇ ਸੁਹਿਰਦ ਪਾਠਕਾਂ ਨੂੰ ਯਕੀਨਨ ਉਡੀਕ ਹੋਏਗੀ। ਸੋ, ਅਸੀਂ ਸਾਰੇ ਆਸਵੰਦ ਹਾਂ . . . ।

ਹਵਾਲੇ ਅਤੇ ਟਿੱਪਣੀਆਂ:

1. ਉਦੋਂ ਤੇ ਹੁਣ, ਪੰਨਾ 23.
2. ਉਹੀ, ਪੰਨਾ 26.
3. ਅੱਖ ਦੇ ਬੋਲ, ਪੰਨਾ 9.
4. ਉਦੋਂ ਤੇ ਹੁਣ, ਪੰਨਾ 14.
5. ਉਹੀ, ਪੰਨਾ 42.
6. ਉਹੀ, ਪੰਨਾ 45.
7. ਅੱਖ ਦੇ ਬੋਲ, ਪੰਨਾ 30.
8. ਉਹੀ, ਪੰਨਾ 23.
9. ਉਦੋਂ ਤੇ ਹੁਣ, ਪੰਨਾ 16.
10. ਅੱਖ ਦੇ ਬੋਲ, ਪੰਨਾ 16.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1287
***

About the author

ਡਾ. ਸਤਿੰਦਰ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ