”ਅੱਖਾਂ ਵਿਚ ਸੁਰਮਾ ਤਾਂ ਸਾਰੇ ਹੀ ਪਾ ਲੈਂਦੇ ਹਨ ਇੰਨ੍ਹਾਂ ਸ਼ਬਦਾਂ ਵਿਚ ਜਿੰਦਗੀ ਦੇ ਗੁੱਝੇ ਭੇਦ ਛੁਪੇ ਹੋਏ ਹਨ ਕਿਉਂਕਿ ਜਿੰਦਗੀ ਤਾਂ ਸਾਰੇ ਹੀ ਜੀਅ ਲੈਂਦੇ ਹਨ ਪਰ ਸਾਰਥਕ ਜਿੰਦਗੀ ਜਿਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਬਹੁਤ ਸਾਰੇ ਲੋਕ ਇਸ ਦੁਨੀਆਂ ਤੋਂ ਰੋਂਦੇ ਕਲਪਦੇ ਹੀ ਤੁਰ ਜਾਂਦੇ ਹਨ। ਉਨ੍ਹਾਂ ਦੀ ਸਾਰੀ ਜਿੰਦਗੀ ਦੂਜਿਆਂ ਨਾਲ ਗਿਲੇ ਸ਼ਿਕਵਿਆਂ ਅਤੇ ਝੋਰਿਆਂ ਵਿਚ ਹੀ ਬੀਤ ਜਾਂਦੀ ਹੈ। ਜਿਵੇਂ ਉਨ੍ਹਾਂ ਦਾ ਇਸ ਧਰਤੀ ਤੇ ਜਨਮ ਹੀ ਦੁੱਖ ਸਹਿਣ ਲਈ ਹੋਇਆ ਹੋਵੇ। ਰੱਬ ਨੇ ਉਨ੍ਹਾਂ ਨਾਲ ਬਹੁਤ ਜਿਆਦਤੀ ਕੀਤੀ ਹੋਵੇ। ਕੀ ਅਜਿਹੇ ਜੀਵਨ ਨੂੰ ਜਿੰਦਗੀ ਕਿਹਾ ਜਾ ਸਕਦਾ ਹੈ? ਜੇ ਕਿਧਰੇ ਕੋਈ ਨਰਕ ਹੈ ਤਾਂ ਅਜਿਹੀ ਜਿੰਦਗੀ ਨਰਕ ਦੀ ਜਿੰਦਗੀ ਹੀ ਕਹੀ ਜਾ ਸਕਦੀ ਹੈ। —-ਗੁਰਸ਼ਰਨ ਸਿੰਘ ਕੁਮਾਰ |
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਕਿ ਜਿੰਦਗੀ ਕੀ ਹੈ। ਜਿਸ ਦਿਨ ਤੋਂ ਇਸ ਧਰਤੀ ਤੇ ਮਨੁੱਖ ਦਾ ਜਨਮ ਹੋਇਆ ਹੈ ਉਸੇ ਦਿਨ ਤੋਂ ਹੀ ਲਗਾਤਾਰ ਮੁਨੱਖ ਦੇ ਦਿਮਾਗ ਵਿਚ ਇਹ ਸਵਾਲ ਚੱਕਰ ਲਉਂਦਾ ਰਿਹਾ ਹੈ ਕਿ ਜਿੰਦਗੀ ਕੀ ਹੈ। ਅਲੱਗ ਅਲੱਗ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਇਸ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਹਾਲੀ ਤੱਕ ਮਨੁੱਖ ਦੀ ਪਿਆਸ ਨਹੀਂ ਬੁੱਝੀ ਕਿਉਂਕਿ ਸਾਡਾ ਆਲਾ ਦੁਆਲਾ ਅਤੇ ਸਾਡੀ ਜਿੰਦਗੀ ਲਗਾਤਾਰ ਬਦਲਦੀ ਰਹਿੰਦੀ ਹੈ। ਜਿੰਦਗੀ ਦੀ ਇਸ ਕ੍ਰਿਆਸ਼ੀਲਤਾ ਕਾਰਨ ਜਿੰਦਗੀ ਦੇ ਅਰਥ ਵੀ ਸਮੇਂ ਸਮੇਂ ਬਦਲਦੇ ਰਹਿੰਦੇ ਹਨ। ਮੋਟੇ ਤੋਰ ਤੇ ਸੋਚਿਆ ਜਾਵੇ ਤਾਂ ਸਾਡੀ ਜਿੰਦਗੀ ਸਾਡੇ ਜਨਮ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਸਾਡੀ ਮੌਤ ਨਾਲ ਹੀ ਖਤਮ ਹੁੰਦੀ ਹੈ। ਇਸ ਤਰਾਂ ਕਿਹਾ ਜਾ ਸਕਦਾ ਹੈ ਕਿ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਫ਼ਰ ਹੀ ਜਿੰਦਗੀ ਹੈ।
ਕਈ ਲੋਕ ਕਾਲਪਨਿਕ ਨਰਕਾਂ ਅਤੇ ਸਵਰਗਾਂ ਦੇ ਡਰ ਕਾਰਨ ਹੀ ਇਸ ਜਿੰਦਗੀ ਨੂੰ ਨਰਕ ਬਣਾ ਲੈਂਦੇ ਹਨ। ਇਕ ਚੀਜ ਪੱਕੀ ਹੈ ਕਿ ਮੌਤ ਇਕ ਦਿਨ ਜਰੂਰ ਆਉਣੀ ਹੈ ਭਾਵ ਮੌਤ ਦਾ ਦਿਨ ਨਿਸਚਿਤ ਹੈ। ਉਸ ਦਿਨ ਸਾਨੂੰ ਕੋਈ ਨਹੀਂ ਬਚਾ ਸਕਦਾ (ਭਾਵ ਜਿੰਦਾ ਰੱਖ ਸਕਦਾ) ਅਤੇ ਉਸ ਸਮੇਂ ਤੋਂ ਪਹਿਲਾਂ ਸਾਨੂੰ ਕੋਈ ਮਾਰ ਨਹੀਂ ਸਕਦਾ। ਫਿਰ ਜਿੰਦਗੀ ਦਾ ਸਾਨੂੰ ਜਿਤਨਾ ਸਮਾਂ ਮਿਲਿਆ ਹੈ ਉਸਨੂੰ ਡਰ ਡਰ ਕੇ ਕਿਉਂ ਵਿਅਰਥ ਗੁਆਇਆ ਜਾਏ। ਕਿਉਂ ਨਾ ਜਿੰਦਗੀ ਨੂੰ ਭਰਪੂਰ ਅਨੰਦ ਨਾਲ ਜੀਵਿਆ ਜਾਵੇ। ਜਿੰਦਗੀ ਤਾਂ ਸਾਰੇ ਜਿਉਂਦੇ ਹਨ। ਕੋਈ ਹੱਸ ਕੇ ਜਿਉਂਦਾ ਹੈ ਅਤੇ ਕੋਈ ਰੋਣੇ ਧੋਣੇ ਵਿਚ ਹੀ ਗੁਜਾਰ ਦਿੰਦਾ ਹੈ। ਕਿਉਂ ਨਾ ਅਸੀ ਜਿੰਦਗੀ ਨੂੰ ਮਟਕਾ ਕੇ ਜੀਵੀਏ? ਕਿਊਂ ਨਾ ਅਸੀ ਆਪਣੀ ਜਿੰਦਗੀ ਨੂੰ ਨਿਖਾਰੀਏ? ਜਿੰਦਗੀ ਇਕ ਕਲਾ ਹੈ। ਜਿੰਦਗੀ ਫੁੱਲਾਂ ਦੀ ਸੇਜ ਨਹੀਂ। ਜਿੰਦਗੀ ਦੇ ਰਸਤੇ ਟੇਡੇ ਮੇਡੇ ਅਤੇ ਕੰਡਿਆਂ ਭਰੇ ਹਨ। ਅਸੀ ਜਿੰਦਗੀ ਵਿਚਲੇ ਕੰਡਿਆਂ ਨੂੰ ਸਾਫ ਕਰਨਾ ਹੈ ਜਿੰਦਗੀ ਦੇ ਟੇਡੇ ਮੇਡੇ ਅਤੇ ਕਠਿਨ ਰਸਤਿਆਂ ਤੋਂ ਸਾਵਧਾਨੀ ਨਾਲ ਆਪਣਾ ਸਫਰ ਤਹਿ ਕਰਨਾ ਹੈ। ਜਿੰਦਗੀ ਵਿਚ ਸਾਵਧਾਨੀ ਨਹੀਂ ਵਰਤਾਂਗੇ ਤਾਂ ਠੇਡੇ ਖਾਂਦੇ ਰਹਾਂਗੇ, ਡਿਗ ਪਵਾਂਗੇ ਅਤੇ ਅਪਣੇ ਆਪ ਨੂੰ ਲਹੂ ਲੁਹਾਣ ਕਰ ਲਵਾਂਗੇ। ਇਸ ਲਈ ਜਿੰਦਗੀ ਨੂੰ ਇਕ ਲੈਅ ਵਿਚ ਚਲਾਉਣ ਲਈ ਨਿਰੰਤਰ ਸਾਵਧਾਨੀ ਦੀ ਲੋੜ ਹੈ। ਦੁਨੀਆਂ ਵਿਚ ਲੋਕਾਂ ਦੀ ਭੀੜ ਹੀ ਭੀੜ ਹੈ। ਮੰਦਿਰ, ਮਸਜਿਦ, ਗੁਰਦੁਆਰੇ, ਹਸਪਤਾਲ, ਸ਼ਰਾਬਖਾਨੇ, ਜੁਏਖਾਨੇ ਅਤੇ ਪਾਗਲਖਾਨੇ ਸਭ ਲੋਕਾਂ ਨਾਲ ਭਰੇ ਪਏ ਹਨ। ਹਰ ਕੋਈ ਕਾਹਲ ਵਿਚ ਹੈ । ਕਿਸੇ ਨੂੰ ਦੂਸਰੇ ਦਾ ਧਿਆਨ ਨਹੀਂ। ਹਰ ਕੋਈ ਦੂਸਰੇ ਨਾਲੋਂ ਅੱਗੇ ਨਿਕਲਣਾ ਚਾਹੁੰਦਾ ਹੈ। ਦੁਨੀਆਂ ਦੀ ਇਸ ਭੀੜ ਵਿਚ ਹਰ ਇਨਸਾਨ ਆਪਣੇ ਆਪ ਵਿਚ ਇਕੱਲਾ ਹੈ। ਉਹ ਮੇਲੇ ਵਿਚ ਗੁਆਚੇ ਹੋਏ ਬੱਚੇ ਦੀ ਤਰਾਂ ਹੈ। ਅਸੀ ਇਸ ਤਮਾਸ਼ੇ ਦਾ ਹਿੱਸਾ ਨਹੀਂ ਬਣਨਾ। ਅਸੀ ਆਪਣੀ ਇਕ ਅਲੱਗ ਪਹਿਚਾਣ ਬਣਾਉਣੀ ਹੈ। ਜੇ ਅਸੀਂ ਆਪਣੀ ਜਿੰਦਗੀ ਨੂੰ ਲੈਅ ਬਧ ਨਹੀਂ ਕਰਾਂਗੇ ਤਾਂ ਸਾਡੀ ਸਾਰੀ ਉਮਰ ਰੌਣਿਆਂ ਧੋਣਿਆਂ ਵਿਚ ਹੀ ਗੁਜਰ ਜਾਵੇਗੀ। ਜੇ ਅਸੀਂ ਆਪਣੀ ਜਿੰਦਗੀ ਨੂੰ ਥੋਹੜੀ ਜਹੀ ਤਰਤੀਬ ਦੇ ਲਈਏ ਤਾਂ ਸਾਡੀ ਜਿੰਦਗੀ ਸੰਵਰ ਸਕਦੀ ਹੈ । ਇਸ ਲਈ ਲੋੜ ਹੈ ਕੁਝ ਨੁਕਤਿਆਂ ਤੇ ਅਮਲ ਕਰਨ ਦੀ। ਹਰ ਇੰਨਸਾਨ ਮਨ ਦੀ ਸ਼ਾਂਤੀ, ਖੁਸ਼ਹਾਲੀ ਅਤੇ ਸੁਖ ਭਰੀ ਜਿੰਦਗੀ ਚਾਹੁੰਦਾ ਹੈ। ਪਰ ਇਸ ਚੀਜ ਦੀ ਪ੍ਰਾਪਤੀ ਲਈ ਸਾਡੇ ਯਤਨ ਸਾਰਥਿਕ ਨਹੀਂ ਹੁੰਦੇ, ਕੁਝ ਅਧੁਰੇ ਹੂੰਦੇ ਹਨ ਇਸ ਲਈ ਸਾਡੀ ਪ੍ਰਾਪਤੀ ਕੁਝ ਅਧੂਰੀ ਰਹਿ ਜਾਂਦੀ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਣਾ ਮੁੱਲ ਆਪ ਪਾਉਣਾ ਸਿੱਖੋ। ਤੁਸੀਂ ਸੋਚੋ ਤੁਸੀਂ ਦੁਨੀਆ ਵਿਚ ਦੁੱਖ ਸਹਿਣ ਲਈ ਪੈਦਾ ਨਹੀਂ ਹੋਏ। ਤੁਸੀਂ ਪਰਮ ਪਿਤਾ ਪ੍ਰਮਾਤਮਾਂ ਦੀ ਔਲਾਦ ਹੋ । ਕੋਈ ਪਿਤਾ ਨਹੀਂ ਚਾਹੁੰਦਾ ਕਿ ਉਸਦੀ ਔਲਾਦ ਦੁਖੀ ਹੋਵੇ ਜਾਂ ਗਰੀਬੀ, ਤੰਗੀ ਤੁਰਸ਼ੀ ਅਤੇ ਰੌਣੇ ਧੋਣੇ ਵਿਚ ਉਮਰ ਕੱਟੇ। ਪ੍ਰਮਾਤਮਾ ਕੋਲ ਅਸੀਮ ਦੌਲਤਾਂ ਅਤੇ ਖੁਸ਼ੀਆਂ ਦੇ ਭੰਡਾਰ ਹਨ। ਇਹ ਭੰਡਾਰ ਉਸਨੇ ਆਪਣੀ ਔਲਾਦ ਲਈ ਹੀ ਰੱਖੇ ਹੋਏ ਹਨ। ਜਿਵੇਂ ਰੋਟੀ ਖਾਣ ਲਈ ਵੀ ਕੁਝ ਉੱਦਮ ਕਰਨਾ ਪੈਂਦਾ ਹੈ। ਸਾਹਮਣੇ ਰੋਟੀ ਦੀ ਥਾਲੀ ਪਈ ਹੋਵੇ ਤਾਂ ਵੀ ਸਾਨੂੰ ਆਪਣੇ ਹੱਥਾਂ ਨਾਲ ਗਰਾਹੀ ਤੋੜ ਕੇ ਮੁੰਹ ਵਿਚ ਪਾਣੀ ਪੈਂਦੀ ਹੈ। ਇਸੇ ਤਰਾਂ ਸਾਡੇ ਸਾਹਮਣੇ ਬੇਅੰਤ ਦੌਲਤਾਂ ਅਤੇ ਖੁਸ਼ੀਆਂ ਪਈਆਂ ਹਨ। ਇਨਾਂ ਨੂੰ ਹਾਸਲ ਕਰਨ ਲਈ ਸਾਨੂੰ ਕੁਝ ਤਾਂ ਉੱਦਮ ਕਰਨਾ ਹੀ ਪਵੇਗਾ। ਅੱਜ ਤੋਂ ਹੀ ਫੈਸਲਾ ਕਰ ਲਉ ਕਿ ਅੱਗੇ ਤੋਂ ਤੁਸੀ ਰੌਣਿਆਂ ਧੋਣਿਆਂ ਦੀ ਜਿੰਦਗੀ ਨਹੀਂ ਗੁਜਾਰਨੀ। ਸਭ ਦੋਲਤਾਂ ਅਤੇ ਖੁਸ਼ੀਆਂ ਆਪਣੇ ਆਪ ਤੁਹਾਡੇ ਪਾਸ ਚਲੀਆਂ ਆਉਣਗੀਆਂ। ਤੁਸੀ ਕੋਈ ਪੱਥਰ ਨਹੀਂ, ਹੀਰਾ ਹੋ ਇਸ ਲਈ ਸਦਾ ਆਪਣੇ ਆਪ ਨੂੰ ਚਮਕਾ ਕਿ ਰੱਖੋ। ਜਦ ਕਿਸੇ ਜੌਹਰੀ ਦੀ ਨਜਰ ਪਈ ਤਾਂ ਦੇਖਣਾ ਕਿਵੇਂ ਤੁਹਾਡੀ ਕਦਰ ਪੈਂਦੀ ਹੈ। ਫਿਰ ਤੁਸੀਂ ਸੋਚੋ ਕਿ ਤੁਸੀਂ ਸਮੇਂ ਦਾ ਸਦ-ਉਪਯੋਗ ਕਰਨਾ ਹੈ। ਸਮਾ ਬਹੁਤ ਕੀਮਤੀ ਹੈ ਇਸਨੂੰ ਬੇਕਾਰ ਨਹੀਂ ਗੁਆਉਣਾ। ਸਗੋਂ ਇਸ ਸਮੇਂ ਨੂੰ ਤੁਸੀਂ ਇਕ ਸ਼ਿਲਪਕਾਰ ਦੀ ਤਰਾਂ ਆਪਣੀ ਜਿੰਦਗੀ ਨੂੰ ਘੜਨ ਅਤੇ ਸੁਆਰਨ ਤੇ ਲਾਉਣਾ ਹੈ। ਆਲਸੀ ਮਨੁੱਖ ਧਰਤੀ ਤੇ ਸਰਾਪ ਹੂੰਦਾ ਹੈ। ਜੇ ਕੁਝ ਹਾਸਲ ਕਰਨਾ ਹੈ ਤਾਂ ਸਾਨੂੰ ਉੱਦਮ ਕਰਨਾ ਪਵੇਗਾ। ਜੇ ਮੰਜਲ ਤੇ ਪਹੁੰਚਣਾ ਹੈ ਤਾਂ ਸਾਨੂੰ ਤੁਰਨਾ ਹੀ ਪਵੇਗਾ। ਇਸੇ ਲਈ ਕਹਿੰਦੇ ਹਨ ”ਤੁਰਿਆਂ ਬਿਣਾ ਨਾ ਮੁਕਣੇ ਉਮਰਾਂ ਦੇ ਫਾਸਲੇ।” ਇਸ ਉਦਮ ਨਾਲ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ। ਹੁਣ ਸੁਆਲ ਉਠਦਾ ਹੈ ਕਿ ਦੁਨੀਆਂ ਵਿਚ ਤੁਸੀਂ ਵਿਚਰਨਾ ਕਿਵੇਂ ਹੈ। ਹਮੇਸ਼ਾਂ ਫੁੱਲ ਬਣ ਕੇ ਰਹੋ। ਫੁੱਲ ਜਿਵੇਂ ਪਾਣੀ ਤੇ ਤੈਰਦਾ ਹੈ ਕਿਸੇ ਨੂੰ ਕਸ਼ਟ ਨਹੀਂ ਦਿੰਦਾ। ਦੁਸਰਿਆਂ ਦੀ ਸਦਾ ਮੱਦਦ ਕਰੋ। ਦੁਸਰਿਆਂ ਨਾਲ ਐਸਾ ਵਿਉਹਾਰ ਕਰੋ ਜੈਸਾ ਤੁਸੀਂ ਉਨਾਂ ਤੋਂ ਆਪਣੇ ਲਈ ਚਾਹੰਦੇ ਹੋ। ਕਿਉਂਕਿ ਦੁਨੀਆ ਖੂਹ ਦੀ ਅਵਾਜ਼ ਹੈ ਜੈਸੀ ਅਵਾਜ਼ ਤੁਸੀਂ ਮੁੰਹ ਵਿਚੋਂ ਕਢੋਗੇ ਵੈਸੀ ਅਵਾਜ਼ ਹੀ ਗੂੰਜ ਕੇ ਤੁਹਾਡੇ ਪਾਸ ਵਾਪਿਸ ਆਵੇਗੀ। ਅੱਜ ਕੱਲ ਦੇ ਤਾਂ ਬੱਚੇ ਵੀ ਬਹੁਤ ਸਿਆਣੇ ਹਨ। ਉਨਾਂ ਦੀ ਮਾਨਸਿਕਤਾ ਨੂੰ ਸਮਝੋ। ਜੇ ਤੁਸੀਂ ਉਨਾਂ ਨੂੰ ਤੂੰ ਕਰਕੇ ਬੁਲਾਉਗੇ ਤਾਂ ਉਹ ਵੀ ਤੁਹਾਨੂੰ ਤੂੰ ਕਰਕੇ ਹੀ ਉੱਤਰ ਦੇਣਗੇ। ਜਰਾ ਲਿਹਾਜ ਨਹੀਂ ਕਰਨਗੇ। ਇਸ ਲਈ ਜੇ ਬੱਚਿਆਂ ਤੋਂ ਇੱਜ਼ਤ ਚਾਹੁੰਦੇ ਹੋ ਤਾਂ ਉਨਾਂ ਨਾਲ ਪਿਆਰ ਨਾਲ ਮਿੱਠਾ ਬੋਲੋ। ਮਾਂ ਬਾਪ ਅਤੇ ਬਜੁਰਗਾਂ ਨਾਲ ਹਮੇਸ਼ਾਂ ਆਦਰ ਨਾਲ ਬੋਲੋ। ਜੇ ਕਿਸੇ ਸਾਥੀ ਸੰਗੀ ਅਤੇ ਗੁਆਂਢੀ ਨਾਲ ਵੀ ਵਰਤਦੇ ਹੋ ਤਾਂ ਇਸ ਤਰਾਂ ਵਰਤੋ ਜਿਵੇਂ ਤੁਸੀ ਉਸਨੂੰ ਆਖਰੀ ਵਾਰ ਮਿਲ ਰਹੇ ਹੋਵੋ। ਜੁਬਾਨ ਹੀ ਸਾਨੂੰ ਰਾਜ ਕਰਾ ਦਿੰਦੀ ਹੈ ਅਤੇ ਜੁਬਾਨ ਹੀ ਸਾਨੂੰ ਦਰ ਦਰ ਦੀਆਂ ਠੋਹਕਰਾਂ ਖੁਆ ਦਿੰਦੀ ਹੈ। ਹਮੇਸ਼ਾਂ ਦੂਜਿਆਂ ਦੇ ਕੰਮ ਆਵੋ ਇਸ ਤਰਾਂ ਹੀ ਤੁਸੀ ਉਨਾਂ ਦੇ ਦਿਲ ਜਿੱਤ ਸਕੋਗੇ ਅਤੇ ਆਪਣੇ ਸਨੇਹੀਆਂ ਦਾ ਘੇਰਾ ਵਿਸ਼ਾਲ ਕਰ ਸਕੋਗੇ। ਆਪਣੀ ਰੋਜ਼ਾਨਾ ਦੀ ਰਹਿਣੀ ਬਹਿਣੀ ਨਿਅਮਤ ਕਰੋ। ਸੋਹਣੇ ਕੱਪੜੇ ਪਾਵੋ। ਕੀ ਹੋਇਆ ਜੇ ਤੁਹਾਡੇ ਪਾਸ ਨਵੇਂ ਬੂਟ ਅਤੇ ਕੱਪੜੇ ਨਹੀਂ ਹਨ। ਤੁਸੀ ਪੁਰਾਣੇ ਬੂਟਾਂ ਨੂੰ ਹੀ ਸਾਫ ਕਰਕੇ ਚਮਕਾ ਸਕਦੇ ਹੋ। ਪੁਰਾਣੇ ਕੱਪੜੇ ਧੋ ਕੇ ਪ੍ਰੈਸ ਕਰਕੇ ਪਾ ਸਕਦੇ ਹੋ। ਆਪਣੀ ਦਿਖ ਸੁਧਾਰੋ। ਇਸ ਤਰਾਂ ਤੁਹਾਡੀ ਪ੍ਰਸਨੈਲਿਟੀ ਬਣੇਗੀ। ਤੁਹਾਡੀ ਦਿੱਖ ਨਿਖਰੇਗੀ। ਹਰ ਕੋਈ ਤੁਹਾਡੇ ਵੱਲ ਆਕਰਸ਼ਿਤ ਹੋਵੇਗਾ। ਤੁਹਨੂੰ ਮਿਲਣ ਵਿਚ ਆਪਣੀ ਖੁਸ਼ੀ ਸਮਝੇਗਾ। ਸਵੇਰੇ ਅੰਮ੍ਰਿਤ ਵੇਲੇ ਉੱਠੋ। ਸਵੇਰ ਦੀ ਸੈਰ ਕਰੋ। ਨਹਾ ਧੋ ਕੇ ਆਪਣੀ ਸਰੀਰਕ ਸਫਾਈ ਕਰੋ। ਆਪਣੇ ਵਿਸ਼ਵਾਸ ਅਨੁਸਾਰ ਪੂਜਾ ਅਰਚਨਾ ਵੀ ਕਰੋ। ਅੱਜ ਦੇ ਦਿਨ ਦੇ ਕਰਨ ਵਾਲੇ ਕੰਮਾ ਦੀ ਇਕ ਸੂਚੀ ਬਣਾਉ। ਰਾਤ ਨੂੰ ਸੋਣ ਲੱਗਿਆਂ ਦੇਖੋ ਕਿ ਕੀ ਤੁਸੀਂ ਅੱਜ ਦੇ ਸਾਰੇ ਕੰਮ ਪੂਰੇ ਕਰ ਲਏ ਹਨ? ਫਿਰ ਇਹ ਵੀ ਦੇਖੋ ਕਿ ਤੁਸੀਂ ਅੱਜ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ। ਅੱਜ ਤਹਾਡੇ ਵਿਚ ਕੀ ਕਮੀ ਰਹਿ ਗਈ ਹੈ? ਜੇ ਐਸਾ ਹੈ ਤਾਂ ਅੱਗੇ ਤੋਂ ਇਹ ਕਮੀ ਦੂਰ ਕਰਨ ਦਾ ਨਿਸਚਾ ਕਰੋ। ਇਹ ਸਾਡੀ ਬਦਨਸੀਬੀ ਹੈ ਕਿ ਅਸੀਂ ਧਰਮ ਨੂੰ ਗਰੀਬੀ ਨਾਲ ਜੋੜ ਲਿਆ ਹੈ। ਅਸੀਂ ਹੋਣੀ ਤੇ ਸਭ ਕੁਝ ਛੱਡ ਦਿੰਦੇ ਹਾਂ ਅਤੇ ਉੱਦਮ ਵੱਲੋਂ ਮੁੰਹ ਮੋੜ ਲੈਂਦੇ ਹਾਂ। ਇਸ ਲਈ ਸਭ ਕੁਝ ਕਿਸਮਤ ਤੇ ਜਾਂ ਪ੍ਰਮਾਤਮਾ ਤੇ ਨਾ ਛੱਡੋ। ਪ੍ਰਮਾਤਮਾ ਕਦੀ ਨਹੀਂ ਚਾਹੁੰਦਾ ਕਿ ਤੁਸੀਂ ਉੱਦਮ ਕਰਨਾ ਛੱਡ ਦਿਉ। ਆਪਣੇ ਕਰਮ ਨੂੰ ਪ੍ਰਾਪਤੀ ਨਾਲ ਜੋੜੋ। ਕਰਮ ਥਿਉਰੀ ਵਿਚ ਵਿਸ਼ਵਾਸ਼ ਰੱਖੋ ਕਿਉਂਕਿ ਕਰਮਾਂ ਤੇ ਹੀ ਹੋਣਗੇ ਨਿਬੇੜੇ। ਆਪਣੇ ਵਿਚ ਗੁਣ ਪੈਦਾ ਕਰੋ। ਰੱਬ ਨੇ ਤੁਹਾਨੂੰ ਮਾਣ ਕਰਨ ਲਈ ਬਹੁਤ ਕੁਝ ਦਿੱਤਾ ਹੈ। ਆਪਣੇ ਗੁਣਾ ਨੂੰ ਉਭਾਰੋ। ਤੁਹਾਡੀ ਸ਼ਖਸੀਅਤ ਮਿਕਨਾਤੀਸੀ ਬਣੇਗ ਅਤੇ ਲੋਕ ਆਪਣੇ ਆਪ ਤੁਹਾਡੇ ਵੱਲ ਖਿੱਚ੍ਹੇ ਤੁਰੇ ਆਉਣਗੇ। ਪ੍ਰਸਿੱਧ ਵਿਦਵਾਨ ‘ਸਵੇਟ ਮਾਰਡਨ’ ਲਿਖਦਾ ਹੈ: ”ਸੰਸਾਰ ਸਦਾ ਜੇਤੁਆਂ ਦਾ ਸਨਮਾਨ ਕਰਦਾ ਹੈ। ਲੋਕ ਉਸੇ ਮਨੁੱਖ ਨੂੰ ਪਸੰਦ ਕਰਦੇ ਹਨ ਜਿਸਦੇ ਚਿਹਰੇ ਤੇ ਮੁਸਕਾਨ ਅਤੇ ਖੁਸ਼ੀ ਝਲਕਦੀ ਹੈ। ਜਿਸਦੇ ਸਾਹਮਣੇ ਆਉਣ ਨਾਲ ਰੂਹ ਖਿੜ ਜਾਂਦੀ ਹੈ।” ਸੋ ਸਦਾ ਜਿੰਦਗੀ ਦੀ ਜੰਗ ਵਿਚ ਜੇਤੂ ਹੋ ਕੇ ਨਿੱਤਰੋ। ਸ਼ੁੱਭ ਕੰਮ ਲਈ ਸਾਰੇ ਸਮੇਂ ਹੀ ਸ਼ੁੱਭ ਹੁੰਦੇ ਹਨ। ਕਿਸੇ ਮਹੁਰਤ ਦੀ ਲੋੜ ਨਹੀਂ। ਆਪਣਾ ਨਿਸ਼ਾਨਾ ਹਮੇਸ਼ਾ ਉੱਚੇ ਤੋਂ ਉੱਚਾ ਰੱਖੋ। ਅਸਫਲਤਾ ਦਾ ਡਰ ਨਾ ਰੱਖੋ। ਜੇ ਅਸਫਲ ਹੋ ਵੀ ਗਏ ਤਾਂ ਫਿਰ ਤੋਂ ਸ਼ੁਰੂ ਕਰੋ। ਇਕ ਦਿਨ ਜਰੂਰ ਸਫਲ ਹੋਵੋਗੇ। ਐਡੀਸਨ ਦੁਨੀਆਂ ਦਾ ਮਹਾਨ ਸਾਇੰਸਦਾਨ ਹੋਇਆ ਹੈ। ਉਸਨੇ ਬਿਜਲੀ ਦੇ ਬਲਬ ਦੀ ਖੋਜ ਕੀਤੀ। ਸਾਰੀ ਦੁਨੀਆਂ ਨੂੰ ਨਵੀਂ ਰੌਸ਼ਨੀ ਦਿੱਤੀ। ਇਸ ਤੋਂ ਪਹਿਲਾਂ ਉਹ ਕੋਈ 200 ਵਾਰ ਅਸਫਲ ਹੋਇਆ। ਉਸਨੇ ਦਿਲ ਨਹੀਂ ਛੱਡਿਆ ਅੰਤ ਸਫਲ ਹੋਇਆ। ਉਸਨੇ ਕਿਹਾ ਕੇ ਮੇਰਾ ਪ੍ਰਯੋਗ 200 ਚਰਨਾ ਵਿਚ ਸਫਲ ਹੋਇਆ ਹੈ। ਸੋ ਅਸਫਲਤਾ ਦੀ ਪੌੜੀ ਹੀ ਸਾਨੂੰ ਸਫਲਤਾ ਦੀ ਟੀਸੀ ਤੇ ਬਿਠਾਉਂਦੀ ਹੈ। ਚੰਗੇ ਸੋਹਣੇ ਨਤੀਜੇ ਹਮੇਸ਼ਾਂ ਇਮਾਨਦਾਰ ਯਤਨਾ ਨਾਲ ਹੀ ਪ੍ਰਾਪਤ ਹੁੰਦੇ ਹਨ। ਇਹ ਗੱਲਾਂ ਬੇੱਸ਼ਕ ਛੋਟੀਆਂ ਛੋਟੀਆਂ ਅਤੇ ਆਮ ਹਨ ਪਰ ਹਨ ਬਹੁਤ ਕੰਮ ਅਤੇ ਅਮਲ ਕਰਨ ਵਾਲੀਆਂ। ਜਿਹੜਾ ਸਮਾ ਬੀਤ ਗਿਆ ਸੋ ਬੀਤ ਗਿਆ। ਅੱਜ ਤੋਂ ਹੀ ਇਨਾਂ ਗਲਾਂ ਤੇ ਚੱਲਣ ਦਾ ਦ੍ਰਿੜ ਨਿਸਚਾ ਕਰ ਲਉ। ਜਲਦੀ ਹੀ ਤੁਹਾਨੂੰ ਇਨ੍ਹਾਂ ਦੇ ਜਾਦੂ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਇਸੇ ਤਰਾਂ ਹੀ ਤੁਸੀਂ ਆਪਣੀ ਜਿੰਦਗੀ ਨੂੰ ਨਿਖਾਰ ਸਕੋਗੇ। ਆਪਣੇ ਆਪ ਹੀ ਤੁਹਾਡੇ ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹੋਣਗੇ। *** ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 3 ਜੁਲਾਈ 2010) *** |