20 September 2024

ਪਰਵਾਸੀ ਪੰਜਾਬੀ ਯਥਾਰਥ ਦੀ ਪੇਸ਼ਕਾਰੀ: ਸਾਊਥਾਲ – ਰਵਿੰਦਰ ਕੌਰ

ਪਰਵਾਸੀ ਪੰਜਾਬੀ ਯਥਾਰਥ ਦੀ ਪੇਸ਼ਕਾਰੀ : ਸਾਊਥਾਲ

ਰਵਿੰਦਰ ਕੌਰ

ਪਰਵਾਸੀ ਪੰਜਾਬੀ ਗਲਪ ਦੇ ਖੇਤਰ ਵਿਚ ਨਾਵਲਕਾਰ ਦੇ ਤੌਰ ‘ਤੇ ਸਥਾਪਿਤ ਹੋ ਚੁੱਕਾ ਹਰਜੀਤ ਅਟਵਾਲ ਇੱਕ ਅਜਿਹਾ ਹਸਤਾਖ਼ਰ ਹੈ ਜਿਸ ਨੇ ਆਪਣਾ ਸਾਹਿਤਕ ਸਫ਼ਰ ਕਾਵਿ-ਸਿਰਜਣਾ ਤੋਂ ਸ਼ੁਰੂ ਕਰਦਿਆਂ ਇੱਕ ਸਫ਼ਰਨਾਮਾ, ਛੇ ਕਹਾਣੀ-ਸੰਗ੍ਰਹਿ ਅਤੇ ਚਾਰ ਨਾਵਲ ਲਿਖ ਕੇ ਪੰਜਾਬੀ ਸਾਹਿਤ ਵਿਚ ਆਪਣਾ ਚੋਖਾ ਯੋਗਦਾਨ ਪਾਇਆ ਹੈ। ‘ਸਾਊਥਾਲ’ ਹਰਜੀਤ ਅਟਵਾਲ ਦਾ 2009 ਵਿਚ ਨਵ-ਪ੍ਰਕਾਸ਼ਿਤ ਚੌਥਾ ਨਾਵਲ ਹੈ। ਇਸ ਨਾਵਲ ਦਾ ਗਲਪੀ ਬਿਰਤਾਂਤ ਪਰਵਾਸੀ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਦੀ ਪਰਤ ਦਰ ਪਰਤ ਪੇਸ਼ਕਾਰੀ ਕਰਦਾ ਹੋਇਆ, ਇੱਕ ਵਿਸ਼ੇਸ਼ ਦੌਰ (1978-1992) ਵਿਚ ਉਪਜੀ ਪੰਜਾਬ ਵਿਚਲੀ ਖ਼ਾਲਿਸਤਾਨੀ ਲਹਿਰ ਦੇ ਪ੍ਰਭਾਵ ਨੂੰ ਸਿਰਜਦਾ ਹੋਇਆ, ਦਹਿਸ਼ਤ ਨਾਲ ਜੁੜੇ ਉਨ੍ਹਾਂ ਪੱਖਾਂ ਨੂੰ ਵੀ ਉਜਾਗਰ ਕਰਦਾ ਹੈ ਜਿਸ ਦਹਿਸ਼ਤ ਦੇ ਸਾਏ ਤੋਂ ਪ੍ਰਭਾਵਿਤ ਹੋ ਕੇ ਪੰਜਾਬੀਆਂ ਨੇ ਪਰਵਾਸ ਧਾਰਨ ਕੀਤਾ ਅਤੇ ਪੰਜਾਬ ਦੀ ਧਰਤੀ ਨਾਲੋਂ ਬੇਗ਼ਾਨੇ ਮੁਲ਼ਕ ਇੰਗਲੈਂਡ ਦੀ ਧਰਤੀ ‘ਤੇ ਪਹੁੰਚ ਕੇ ਮਾਨਸਿਕ ਤੌਰ ‘ਤੇ ਵਧੇਰੇ ਸਕੂਨ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੇ-ਆਪ ਨੂੰ ਵਧੇਰੇ ਸੁਰੱਖਿਅਤ ਵੀ ਮਹਿਸੂਸ ਕੀਤਾ। ਇਸ ਨਾਵਲ ਦੇ ਕਥਾ-ਸੰਦਰਭਾਂ ਦਾ ਘੇਰਾ ਵਿਸ਼ਾਲ ਹੋਣ ਕਾਰਨ ਇਹ ਨਾਵਲ ਬਹੁ-ਪਾਸਾਰੀ ਵਿਧਾ ਦਾ ਧਾਰਨੀ ਹੈ। ਨਾਵਲ ‘ਸਾਊਥਾਲ’ ਦੀ ਵਿਲੱਖਣਤਾ ਨੂੰ ਦੇਖਦਿਆਂ ਡਾ. ਗੁਰਪਾਲ ਸਿੰਘ ਸੰਧੂ ਨੇ ਇਸ ਨਾਵਲ ਦੇ ਟਾਈਟਲ ਨੂੰ ਆਪਣੇ ਸ਼ਬਦਾਂ ਵਿਚ ਬੜੇ ਹੀ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ:-

ਸਾਊਥਾਲ ਭਾਵੇਂ ਸੰਸਾਰ ਪ੍ਰਸਿੱਧ ਲੰਡਨ ਦਾ ਇੱਕ ਹਿੱਸਾ ਹੈ, ਪਰ ਪੰਜਾਬੀਆਂ ਲਈ ਇਹ ਇੱਕ ਮੈਟਾਫ਼ਰ/ ਰੂਪਕ ਦੇ ਵਾਂਗ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਲਾਹੌਰ, ਅੰਮ੍ਰਿਤਸਰ, ਲੁਧਿਆਣਾ ਜਾਂ ਪਟਿਆਲਾ ਆਦਿ ਸ਼ਹਿਰ ਹਨ। ਮਸਲਨ ‘ਉੱਚਾ ਬੁਰਜ ਲਾਹੌਰ ਦਾ ਤੇ ਹੇਠ ਵਗੇ ਦਰਿਆ ਵੇ ਮਾਹੀਆ’ ਜਾਂ ‘ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ’ ਜਾਂ ‘ਮਾਹੀਆ ਜੇ ਚੱਲਿਆਂ ਪਟਿਆਲੇ ਉੱਥੋਂ ਲਿਆਵੀਂ ਰੇਸ਼ਮੀ ਨਾਲੇ’ ਜਾਂ ‘ਮੈਂ ਵੀ ਜੱਟ ਲੁਧਿਆਣੇ ਦਾ’ ਵਾਂਗ ਹੀ ਪਾਪੂਲਰ ਗੀਤਾਂ ਵਿਚ ‘ਮੁੰਡਾ ਸਾਊਥਾਲ ਦਾ’ ਜਾਂ ‘ਭਾਵੇਂ ਲੰਡਨ ਤੇ ਭਾਵੇਂ ਨੀ ਲਾਹੌਰ ਸੋਹਣੀਏ’ ਵਰਗੇ ਅਨੇਕਾਂ ਲੋਕ ਗੀਤਾਂ (?) ਵਿਚ ਸਾਡੇ ਸਾਮੂਹਿਕ ਸਪੇਸ ਲਈ ਸਾਊਥਾਲ ਜਾਂ ਇਸ ਦੇ ਹੀ ਅਰਥਾਂ ਵਿਚ ਲੰਡਨ ਇੱਕ ਰੂਪਕ ਬਣ ਕੇ ਪੇਸ਼ ਹੁੰਦਾ ਹੈ।” 1

ਜਿਸ ਤਰ੍ਹਾਂ ਰੋਜ਼ੀ-ਰੋਟੀ ਦੀ ਤਲਾਸ਼ ਲਈ ਮਜਬੂਰੀ ਵੱਸ ਪਰਵਾਸ ਧਾਰਨ ਕਰਨ ਵਾਲਿਆਂ ਦਾ ਸੰਬੰਧ ਆਰਥਿਕਤਾ ਨਾਲ ਜੁੜਦਾ ਹੈ ਉਸੇ ਤਰ੍ਹਾਂ ਸਮਾਜਿਕ-ਰਾਜਨੀਤਿਕ ਹਾਲਤਾਂ ਦੇ ਸਤਾਏ ਹੋਏ ਲੋਕ ਵੀ ਆਪਣੇ ਬਚਾਅ ਲਈ ਬਾਹਰਲੇ ਦੇਸ਼ਾਂ ਨੂੰ ਭੱਜਦੇ ਹਨ। ਇਹ ਨਾਵਲ ਕੁਝ ਅਜਿਹੇ ਹੀ ਲੋਕਾਂ ਦੀ ਮਾਨਸਿਕ ਪੀੜਾ ਨੂੰ ਵੀ ਬਿਆਨਦਾ ਹੈ। ਇਸ ਨਾਵਲ ਵਿਚਲੇ ਪਾਤਰ ਪ੍ਰਦੁਮਣ ਸਿੰਘ ਦੇ ਪਰਿਵਾਰ ਦਾ ਸੰਬੰਧ ਉਨ੍ਹਾਂ ਪਰਵਾਸੀਆਂ ਨਾਲ ਹੈ ਜਿਹੜੇ ਇੰਗਲੈਂਡ ਵਿਚ ਇਹ ਸੋਚ ਕੇ ਜਾਂਦੇ ਹਨ ਕਿ ਉਹ ਖ਼ੂਬ ਸਾਰਾ ਪੈਸਾ ਕਮਾ ਕੇ ਆਪਣੇ ਦੇਸ਼ ਭਾਰਤ/ ਪੰਜਾਬ ਵਾਪਸ ਪਰਤ ਕੇ ਵਧੀਆ ਜੀਵਨ ਬਤੀਤ ਕਰਨਗੇ। ਪਰ ਭਾਰਤ/ ਪੰਜਾਬ ਪਹੁੰਚਣ ‘ਤੇ ਖਾੜਕੂ ਉਨ੍ਹਾਂ ਦੀ ਜ਼ਿੰਦਗੀ ਵਿਚ ਅਜਿਹੀ ਉੱਥਲ-ਪੁੱਥਲ ਪੈਦਾ ਕਰਦੇ ਹਨ ਕਿ ਅੱਤਵਾਦੀ ਦਹਿਸ਼ਤ ਦੇ ਸਾਏ ਤੋਂ ਡਰ ਕੇ ਪ੍ਰਦੁਮਣ ਸਿੰਘ ਦਾ ਪਰਿਵਾਰ ਆਪਣਾ ਭਰਿਆ- ਭਰਾਇਆ ਘਰ ਛੱਡ ਕੇ ਮੁੜ ਸਥਾਈ ਤੌਰ ‘ਤੇ ਇੰਗਲੈਂਡ ਵਸਣ ਲਈ ਵਾਪਸ ਚਲਾ ਜਾਂਦਾ ਹੈ। ਉੱਥੇ ਪਹੁੰਚ ਕੇ ਇਹ ਪਰਿਵਾਰ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਅਜਿਹੇ ਸਮੇਂ ਭਾਵੇਂ ਪ੍ਰਦੁਮਣ ਸਿੰਘ ਵਰਗੇ ਪਰਵਾਸੀਆਂ ਦੇ ਮਨ ਅੰਦਰ ਆਪਣੀ ਔਲਾਦ ਦੁਆਰਾ ਆਪਣੇ ਭਾਰਤੀ ਸਭਿਆਚਾਰ ਨੂੰ ਛੱਡ ਕੇ ਉੱਥੋਂ ਦੇ ਸਭਿਆਚਾਰ ਨੂੰ ਅਪਣਾਏ ਜਾਣ ਵਰਗੇ ਡਰ ਦੇ ਨਾਲ-ਨਾਲ ਗੋਰੀ-ਕੌਮ ਦੁਆਰਾ ਕਿਸੇ ਵੀ ਸਮੇਂ ਦੇਸ਼ ਵਿਚੋਂ ਕੱਢੇ ਜਾਣ ਵਰਗੇ ਵਿਚਾਰ ਵੀ ਮੌਜੂਦ ਹਨ। ਪਰਵਾਸੀਆਂ ਦੇ ਮਨ ਅੰਦਰਲੇ ਉਪਰੋਕਤ ਵਿਚਾਰਾਂ ਨੂੰ ਲੇਖਕ ਨੇ ਪ੍ਰਦੁਮਣ ਸਿੰਘ ਦੀ ਸੋਚ ਰਾਹੀਂ ਇਸ ਤਰ੍ਹਾਂ ਪ੍ਰਗਟਾਇਆ ਹੈ :- ”ਇਸ ਮੁਲ਼ਕ ਵਿਚ ਜਿਵੇਂ ਬੱਚੇ ਵਿਗੜ ਜਾਂਦੇ ਹਨ। ਇਸ ਤੋਂ ਤਾਂ ਉਹ ਸਦਾ ਹੀ ਚਿੰਤਾਤੁਰ ਰਹਿੰਦਾ ਹੈ। ਇਸੇ ਲਈ ਇੰਡੀਆ ਸੈਟਲ ਹੋਇਆ ਸੀ ਕਿ ਹੋਰ ਨਹੀਂ ਤਾਂ ਬੱਚਿਆਂ ਨੂੰ ਤਾਂ ਮਨਮਰਜ਼ੀ ਦੀ ਜਗ੍ਹਾ ਵਿਆਹੇਗਾ ਪਰ ਹਾਲਾਤ ਨੇ ੳੇਸ ਨੂੰ ਮੁੜ ਉਸ ਜਗਾਹ ਲਿਆ ਖੜ੍ਹਾ ਕੀਤਾ ਜਿਸ ਤੋਂ ਉਹ ਡਰਦਾ ਹੈ।2

ਆਪਣਾ ਸਾਊਥਾਲ, ਕੈਸਾ ਆਪਣਾ ਸਾਊਥਾਲ। ਇਹ ਤਾਂ ਪਤਾ ਲੱਗੂ ਜਦ ਗੋਰਿਆਂ ਨੇ ਪੂਛਾਂ ਚੁਕਾਈਆਂ।3 ਪਰੰਤੂ ਅਜਿਹੀਆਂ ਸਭ ਚਿੰਤਾਵਾਂ ਦੇ ਬਾਵਜੂਦ ਵੀ ਸਾਊਥਾਲ ਉਨ੍ਹਾਂ ਲਈ ਆਪਣਾ ਅਤੇ ਪੰਜਾਬ ਬੇਗ਼ਾਨਾ ਹੈ। ਪੰਜਾਬ ਦੇ ਵਿਗੜੇ ਹਾਲਾਤ ਤੋਂ ਦੁਖੀ ਹੋ ਕੇ ਪਰਵਾਸੀਆਂ ਨੂੰ ਇੰਗਲੈਂਡ ਦੀ ਧਰਤੀ ‘ਤੇ ਪਹੁੰਚ ਕੇ ਜਿਹੜਾ ਮਾਨਸਿਕ ਸਕੂਨ ਪ੍ਰਾਪਤ ਹੁੰਦਾ ਹੈ ਉਸ ਨੂੰ ਨਾਵਲਕਾਰ ਨੇ ਪ੍ਰਦੁਮਣ ਸਿੰਘ ਦੀ ਪਤਨੀ ਗਿਆਨ ਕੌਰ ਦੀ ਜ਼ੁਬਾਨੀ ਇਸ ਤਰ੍ਹਾਂ ਬਿਆਨਿਆ ਹੈ :-

‘ਕਾਰਿਆ ਬਹੁਤ ਮਾੜੀ ਲੈਫ਼ ਆ, ਜੀਣ ਦਾ ਕੋਈ ਹੱਜ ਨਈਂ ਉੱਥੇ, ਮੈਂ ਤਾਂ ਇੱਥੇ ਪਹੁੰਚ ਕੇ ਇੰਗਲੈਂਡ ਦੀ ਧਰਤੀ ਨੂੰ ਨਮਸਕਾਰ ਕੀਤਾ ਤੇ ਰੱਬ ਦਾ ਸ਼ੁਕਰ ਕੀਤਾ ਕਿ ਘਰ ਪਹੁੰਚੇ।4 ਖ਼ਾਲਿਸਤਾਨੀ ਲਹਿਰ ਦੇ ਸਿੱਟੇ ਵਜੋਂ ਉਪਜਿਆ ਪੰਜਾਬ ਸੰਕਟ ਦਾ ਮਸਲਾ ਜਿੱਥੇ ਪੰਜਾਬੀਆਂ ਦੇ ਪਰਵਾਸ ਧਾਰਨ ਕਰਨ ਅਤੇ ਉੱਥੇ ਵਸਣ ਨੂੰ ਉਚਿਤ ਠਹਿਰਾਉਣ ਦਾ ਪ੍ਰੇਰਕ ਬਣਦਾ ਹੈ ਉੱਥੇ ਇਹ ਸੰਕਟ ਪਰਵਾਸੀਆਂ ਦੇ ਵਰਤਮਾਨ ਅਤੇ ਪਿਛੋਕੜ ਪ੍ਰਤੀ ਬਦਲ ਰਹੇ ਵਿਚਾਰਾਂ ਦੀ ਪੇਸ਼ਕਾਰੀ ਵੀ ਕਰਦਾ ਹੈ। ਜਿਸ ਦਾ ਪ੍ਰਗਟਾ ਪ੍ਰਦੁਮਣ ਸਿੰਘ ਕਾਰੇ ਅੱਗੇ ਇਸ ਤਰ੍ਹਾਂ ਕਰਦਾ ਹੈ :-

ਮੈਂ ਜੀ. ਟੀ. ਰੋਡ ‘ਤੇ ਜਗ੍ਹਾ ਲਈ ਸੀ, ਟਾਇਰਾਂ ਦੀ ਏਜੰਸੀ ਲਈ ਪੈਸੇ ਜਮ੍ਹਾਂ ਕਰਵਾਉਣੇ ਸੀ ਛੇਤੀ ਹੀ, ਪੈਟਰੋਲ ਪੰਪ ਦੀ ਵੀ ਗੱਲ ਚੱਲ ਰਹੀ ਸੀ, ਇੱਕ ਹੋਟਲ ਬਾਰੇ ਵੀ ਸੋਚ ਰਿਹਾ ਸੀ ਮੈਂ। ਮੈਂ ਤਾਂ ਇਹ ਤਹਿ ਕਰ ਲਿਆ ਸੀ ਕਿ ਗਿਆਨ ਕੌਰ ਤੇ ਨਿਆਣਿਆਂ ਨੂੰ ਵਾਪਸ ਭੇਜ ਦੇਵਾਂ ਤੇ ਆਪ ਉੱਥੇ ਹੀ ਰਹਾਂ। ਇੱਕ ਗੱਲ ਬਾਬਿਆਂ ਨੇ ਬਹੁਤ ਚੰਗੀ ਕਰ ਦਿੱਤੀ, ਜੇ ਕੰਮ ਫੈਲਾਏ ਹੋਏ ‘ਤੇ ਤੰਗ ਕਰਦੇ ਤਾਂ ਨਾ ਕਾਰੋਬਾਰ ਛੱਡ ਹੁੰਦਾ ਤੇ ਨਾ ਉੱਥੇ ਹੀ ਰਹਿ ਹੁੰਦਾ, ਲਾਈਫ਼ ਬਹੁਤ ਔਖੀ ਹੋ ਜਾਣੀ ਸੀ, ਚਲੋ ਜੋ ਹੋ ਗਿਆ ਚੰਗਾ ਈ ਹੋ ਗਿਆ।” 5 ਇਹ ਸਥਿਤੀ ਪਰਵਾਸੀਆਂ ਦੇ ਭਵਿੱਖ ਵੱਲ ਵੀ ਸੰਕੇਤ ਕਰਦੀ ਹੈ ਕਿ ਹੁਣ ਪਰਵਾਸੀ ਆਪਣੇ ਵਰਤਮਾਨ ਨਾਲ ਸੌਖਿਆਂ ਹੀ ਜੁੜ ਜਾਣਗੇ। ਇਸ ਪਰਿਪੇਖ ਵਿਚ ਅਟਵਾਲ ਦਾ ਇਹ ਨਾਵਲ ਇੱਕ ਨਵੀਂ ਦ੍ਰਿਸ਼ਟੀ ਨੂੰ ਪੇਸ਼ ਕਰਨ ਵਾਲੀ ਰਚਨਾ ਹੈ। ਪਰਵਾਸੀਆਂ ਦੀ ਉਪਰੋਕਤ ਸਥਿਤੀ ਨੂੰ ਬਿਆਨ ਕਰਦਿਆਂ ਆਪਣੇ ਇਸ ਨਾਵਲ ਵਿਚ ਅਟਵਾਲ ਨੇ ਇੱਕ ਛੋਟੇ ਪਰ ਗੰਭੀਰ ਮਸਲੇ ਨੂੰ ਵੀ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਵਾਸੀ ਆਪਣੇ ਹੀ ਦੇਸ਼ ਅਤੇ ਆਪਣੇ ਹੀ ਘਰਾਂ ਵਿਚ ਆਪਣੇ-ਆਪ ਨੂੰ ਅਸੁਰੱਖਿਅਤ ਕਿਉਂ ਮਹਿਸੂਸ ਕਰਦੇ ਹਨ ? ਲੇਖਕ ਨੇ ਅਜਿਹੇ ਮਸਲੇ ਨੂੰ ਸ਼ਿਵ ਸਿੰਘ (ਜੋ ਕਿ ਪ੍ਰਦੁਮਣ ਸਿੰਘ ਦਾ ਦੋਸਤ ਹੈ) ਦੇ ਇੱਕ ਛੋਟੇ ਜਿਹੇ ਵਾਕ ਰਾਹੀਂ ਉਠਾਇਆ ਹੈ :- ”ਇਹ ਵੀ ਕਾਹਦੀ ਗੱਲ ਹੋਈ ਯਾਰ, ਬੰਦਾ ਆਪਣੇ ਪਿੰਡ, ਆਪਣੇ ਘਰ ਵਿਚ ਈ ਸੇਫ਼ ਨਹੀਂ।6 ਉਪਰੋਕਤ ਇਨ੍ਹਾਂ ਦੀ ਪਾਤਰਾਂ ਦੀ ਆਪਸੀ ਵਾਰਤਾਲਾਪ ਇੱਕ ਹੋਰ ਸਵਾਲ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਪੰਜਾਬ ਵਿਚ ਉਪਜੇ ਸੰਕਟ ਅਤੇ ਪਰਵਾਸੀਆਂ ਦੀ ਉਪਰੋਕਤ ਸਥਿਤੀ ਲਈ ਆਖ਼ਿਰ ਜ਼ੁੰਮੇਵਾਰ ਕੌਣ ਹੈ? ਖ਼ਾਲਿਸਤਾਨੀ, ਪੁਲਿਸ, ਸਰਕਾਰ ਜਾਂ ਫਿਰ ਗੌਰਮਿੰਟ ਦੀ ਕੋਈ ਹੋਰ ਏਜੰਸੀ? ਭਾਰਤ ਵਿਚ ਖਾਸ ਤੌਰ ‘ਤੇ ਪੰਜਾਬ ਵਿਚ ਜੋ ਕੁਝ ਵਾਪਰਦਾ ਹੈ ਉਸ ਦਾ ਅਸਰ ਪਰਵਾਸੀ ਪੰਜਾਬੀਆਂ ‘ਤੇ ਵੀ ਪੈਂਦਾ ਹੈ। ਪੰਜਾਬ ਵਿਚ ਜਦ ਖ਼ਾਲਿਸਤਾਨੀ ਲਹਿਰ ਦਾ ਦੌਰ ਆਇਆ ਤਾਂ ਇਸ ਲਹਿਰ ਦੇ ਉਤਰਾਅ-ਚੜ੍ਹਾਅ ਦਾ ਪਰਵਾਸੀ ਪੰਜਾਬੀ ਭਾਈਚਾਰੇ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸਭਿਆਚਾਰਕ ਜੀਵਨ ‘ਤੇ ਵੀ ਪੰਜਾਬ ਦੇ ਲੋਕਾਂ ਵਾਂਗ ਹੀ ਡੂੰਘਾ ਅਸਰ ਪਿਆ। ਪੰਜਾਬ ਵਿਚਲੀ ਇਸ ਖ਼ਾਲਿਸਤਾਨੀ ਲਹਿਰ ਦੇ ਸ਼ੁਰੂਆਤੀ ਦੌਰ ਦਾ ਪ੍ਰਭਾਵ ਇੰਗਲੈਂਡ ਅੰਦਰਲੇ ਪੰਜਾਬੀ ਸਾਹਿਤਕ ਖੇਤਰ ਜਿਵੇਂ ਛਪਦੇ ਪੰਜਾਬੀ ਪਰਚਿਆਂ ‘ਨਵੇਂ ਅਕਸ’, ‘ਵਾਸ-ਪਰਵਾਸ’ ਆਦਿ ਉੱਪਰ ਪੈਂਦਾ ਹੈ। ਪਹਿਲਾਂ ਜਿੱਥੇ ‘ਵਾਸ-ਪਰਵਾਸ’ ਵਰਗਾ ਮਸ਼ਹੂਰ ਪੰਜਾਬੀ ਸਪਤਾਹਿਕ ਪਰਚਾ ਭਾਰਤ ਅਤੇ ਇੰਗਲੈਂਡ ਅੰਦਰਲੀ ਦਿਲਚਸਪ ਸਮੱਗਰੀ ਪੇਸ਼ ਕਰਦਾ ਹੈ ਉੱਥੇ ਖ਼ਾਲਿਸਤਾਨੀ ਲਹਿਰ ਦੇ ਪ੍ਰਭਾਵ ਅਧੀਨ ਇਸ ਪਰਚੇ ਵਿਚ ਖ਼ਾਲਿਸਤਾਨੀ ਪੱਖੀ ਲੇਖ ਛਪਣ ਲਗਦੇ ਹਨ ਜਿਸ ਕਾਰਨ ਇੰਗਲੈਂਡ ਵਿਚਲੀ ਪੰਜਾਬੀ ਲੇਖਕ ਸਭਾ ਵੀ ਕਈ ਗੁੱਟਾਂ ਵਿਚ ਵੰਡੀ ਜਾਂਦੀ ਹੈ। ਧਾਰਮਿਕ ਅਤੇ ਸਭਿਆਚਾਰਕ ਪੱਖ ਤੋਂ ਇਸ ਲਹਿਰ ਦਾ ਅਸਰ ਲੋਕਾਂ ਦੇ ਪਹਿਨ-ਪਹਿਰਾਵੇ ‘ਤੇ ਵੀ ਪੈਂਦਾ ਹੈ ਜਿਵੇਂ ਕਿ ਇੰਗਲੈਂਡ ਵਿਚਲੇ ਬਹੁਤੇ ਪਰਵਾਸੀ ਸਿੰਘ ਸੱਜ ਕੇ ਪੀਲੀਆਂ ਪੱਗਾਂ ਪਹਿਨਣੀਆਂ ਸ਼ੁਰੂ ਕਰ ਦਿੰਦੇ ਹਨ। ਇਸ ਲਹਿਰ ਦੇ ਖ਼ਤਮ ਹੋਣ ‘ਤੇ ਲੋਕ ਅਜਿਹੇ ਪੱਖਾਂ ਤੋਂ ਟੁੱਟ ਕੇ ਆਪੋ ਆਪਣੇ ਧਰਮ ਨਾਲ ਜੁੜਨ ਲਗਦੇ ਹਨ। ਇਸ ਪ੍ਰਕਾਰ ਹਰਜੀਤ ਅਟਵਾਲ ਦਾ ਇਹ ਨਾਵਲ ਇੱਕ ਵਿਸ਼ੇਸ਼ ਦੌਰ ਵਿਚ ਉਪਜੇ ਪੰਜਾਬ ਵਿਚਲੇ ਹਿੰਸਕ ਵਾਤਾਵਰਣ ਨੂੰ ਉਸਾਰਦਾ ਹੋਇਆ ਇਸ ਹਿੰਸਾ ਦੇ ਇੰਗਲੈਂਡ ਵਿਚਲੇ ਪੰਜਾਬੀ ਭਾਈਚਾਰੇ ਦੇ ਜਨ-ਜੀਵਨ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਪੂਰਨ ਰੂਪ ਵਿਚ ਉਸਾਰੀ ਕਰਦਾ ਹੋਇਆ ਪਾਠਕਾਂ ਦੇ ਸਨਮੁੱਖ ਕਈ ਛੋਟੇ ਪਰ ਗੰਭੀਰ ਮਸਲੇ ਵੀ ਪੇਸ਼ ਕਰਦਾ ਹੈ। ਇਸ ਨਾਵਲ ਵਿਚ ਪੇਸ਼ ਹੋਏ ਬਹੁਤੇ ਪਾਤਰ ਆਪਣਾ ਬਚਪਨ ਤੋਂ ਜਵਾਨੀ ਤੱਕ ਦਾ ਸਮਾਂ ਪੂਰਬੀ ਪੰਜਾਬ ਵਿਚ ਬਿਤਾਉਣ ਉਪਰੰਤ ਇੰਗਲੈਂਡ ਪਹੁੰਚਦੇ ਹਨ ਜਿਸ ਕਾਰਨ ਉਨ੍ਹਾਂ ਦੀ ਸੋਚ ਸਾਮੰਤਵਾਦੀ ਕਦਰਾਂ-ਕੀਮਤਾਂ ਦੀ ਧਾਰਨੀ ਹੈ। ਕਿਉਂਕਿ ਬਰਤਾਨਵੀ ਸਭਿਆਚਾਰ ਵਿਕਸਿਤ ਪੂੰਜੀਵਾਦੀ ਸਭਿਆਚਾਰ ਹੈ, ਜਦਕਿ ਭਾਰਤੀ ਸਭਿਆਚਾਰ ਜਾਗੀਰੂ ਸਾਮੰਤੀ ਸੋਚ ਵਾਲਾ ਸਭਿਆਚਾਰ ਹੈ। ਅਜਿਹੀ ਸਥਿਤੀ ਵਿਚ ਸਭਿਆਚਾਰੀਕਰਣ ਦੀ ਪ੍ਰਕ੍ਰਿਆ ਦਾ ਵਾਪਰਨਾ ਲਾਜ਼ਮੀ ਹੈ ਜੋ ਕਿ ਭਰਪੂਰ ਤਣਾਵਾਂ ਦੀ ਪ੍ਰਕ੍ਰਿਆ ਹੈ। ਦੋਹਾਂ ਸਭਿਆਚਾਰਾਂ ਦੀਆਂ ਮੂਲੋਂ ਵੱਖਰੀਆਂ ਕਦਰਾਂ- ਕੀਮਤਾਂ ਕਾਰਨ ਪਰਵਾਸੀ ਭਾਰਤੀ ਸਭਿਆਚਾਰਕ ਸੰਕਟ ਦਾ ਸ਼ਿਕਾਰ ਹੁੰਦੇ ਹਨ ਜਿਸ ਦੇ ਸਿੱਟੇ ਵਜੋਂ ਤਣਾਉ ਦੀ ਸਥਿਤੀ ਪੈਦਾ ਹੁੰਦੀ ਹੈ। ਸੁਰਿੰਦਰ ਪਾਲ ਸਿੰਘ ਅਨੁਸਾਰ :-
ਜਾਗੀਰੂ ਕਦਰਾਂ-ਕੀਮਤਾਂ ਵਾਲੇ ਸਮਾਜ ਵਿਚ ਜੰਮੇ-ਪਲੇ ਜਿਹੜੇ ਪੰਜਾਬੀ ਸੰਸਾਰ ਦੇ ਕਿਸੇ ਖਿੱਤੇ ਵਿਚ ਵੀ ਗਏ ਉਨ੍ਹਾਂ ਦੀ ਸੋਚ, ਉਨ੍ਹਾਂ ਦੀ ਜੀਵਨ-ਜਾਂਚ, ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਮੁੱਲ-ਵਿਧਾਨ ਅਤਿ ਵਿਕਸਿਤ ਪੂੰਜੀਵਾਦੀ ਸਮਾਜ ਦੇ ਜੀਵਨ ਮੁੱਲਾਂ ਨਾਲ ਤਿੱਖੇ ਵਿਰੋਧ ਅਤੇ ਟਕਰਾਓ ਦੀ ਸਥਿਤੀ ਵਿਚ ਪਏ।7

ਵਿਗਿਆਨਕ ਚੇਤਨਾ ਵਾਲੇ ਪੱਛਮੀ ਸਭਿਆਚਾਰ ਵਿਚ ਪਰਵਾਸੀ ਪੰਜਾਬੀ ਆਪਣੇ ਸੰਸਕਾਰਾਂ ਅਤੇ ਸਭਿਆਚਾਰ ਦੀ ਉੱਚਤਾ ਦੇ ਅਹਿਸਾਸ ਨੂੰ ਹਮੇਸ਼ਾ ਸਲਾਮਤ ਰੱਖਣਾ ਚਾਹੁੰਦੇ ਹਨ, ਜਿਸ ਨੂੰ ਉਹ ਆਪਣੀ ਅਗਲੀ ਪੀੜ੍ਹੀ ਅਰਥਾਤ ਆਪਣੇ ਬੱਚਿਆਂ ਦੇ ਜੀਵਨ ਦਾ ਹਿੱਸਾ ਵੀ ਬਣਾਉਣਾ ਚਾਹੁੰਦੇ ਹਨ। ਜਿਵੇਂ ਇਸ ਨਾਵਲ ਵਿਚਲੇ ਪਾਤਰ ਪਾਲਾ ਸਿੰਘ ਨੂੰ ਆਪਣੀ ਔਲਾਦ ਨਾਲ ਇਹ ਗਿਲਾ ਹੈ :-

ਕਈ ਵਾਰ ਪਾਲਾ ਸਿੰਘ ਇਹ ਸੋਚਣ ਲਗਦਾ ਹੈ ਕਿ ਕੀ ਮੈਂ ਇੰਨਾ ਹੀ ਖ਼ਰਾਬ ਪਿਓ ਹਾਂ। ਉਸ ਨੇ ਤਾਂ ਸਦਾ ਹੀ ਆਪਣੀ ਔਲਾਦ ਦਾ ਭਲਾ ਚਾਹਿਆ ਹੈ। ਉਨ੍ਹਾਂ ਨੂੰ ਪਾਲਿਆ, ਪੋਸਿਆ, ਵੱਡੇ ਕੀਤਾ, ਪੜ੍ਹਾਇਆ, ਡਿਗਰੀਆਂ ਕਰਾਈਆਂ ਅਤੇ ਬਦਲੇ ਵਿਚ ਕੁਝ ਸੰਸਕਾਰਾਂ ਦੀ ਪਾਲਣਾ ਹੀ ਮੰਗੀ ਸੀ ਤੇ ਔਲਾਦ ਉਹ ਵੀ ਨਹੀਂ ਕਰ ਸਕੀ।” 8

ਅਕਸਰ ਪਰਵਾਸੀ ਆਪਣੀ ਅਜਿਹੀ ਲੋਚਾ ਵਿਚ ਬਹੁਤੀ ਵਾਰ ਨਾ-ਕਾਮਯਾਬ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਪਰਿਵਾਰਕ ਅਤੇ ਸਮਾਜਿਕ ਪੱਧਰ ‘ਤੇ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀਆਂ ਪ੍ਰਸਥਿਤੀਆਂ ਵਿਚੋਂ ਹੀ ਔਨਰ-ਕਿਲਿੰਗ ਵਰਗੀਆਂ ਸਮੱਸਿਆਵਾਂ ਜਨਮ ਲੈਂਦੀਆਂ ਹਨ।
ਇਸ ਨਾਵਲ ਵਿਚਲੇ ਪਾਤਰ ਸਾਧੂ ਸਿੰਘ, ਪਾਲਾ ਸਿੰਘ ਅਤੇ ਪ੍ਰਦੁਮਣ ਸਿੰਘ ਉਪਰੋਕਤ ਪ੍ਰਸਥਿਤੀਆਂ ਵਿਚੋਂ ਹੀ ਗੁਜ਼ਰਦੇ ਹਨ। ਸਾਧੂ ਸਿੰਘ ਆਪਣੀ ਲੜਕੀ ਸੁੱਖੀ ਦਾ ਕਤਲ ਇਸ ਕਰਕੇ ਕਰਦਾ ਹੈ ਕਿਉਂਕਿ ਉਸ ਦੀ ਦੋਸਤੀ ਹੂਸੈਨ ਨਾਮ ਦੇ ਮੁੰਡੇ ਨਾਲ ਹੈ। ਕਿਉਂਕਿ ਪੰਜਾਬੀ ਭਾਈਚਾਰੇ ਦੀ ਸਿਆਸਤ ਪਰੰਪਰਾ ਨਾਲ ਬੱਝੀ ਹੋਈ ਹੈ ਇਸ ਲਈ ਸੁੱਖੀ ਦੀ ਕਿਸੇ ਮੁੰਡੇ ਨਾਲ ਦੋਸਤੀ ਕਾਰਨ ਸਾਧੂ ਸਿੰਘ ਨੂੰ ਪੰਜਾਬੀ ਭਾਈਚਾਰੇ ਵਿਚ ਆਪਣੀ ਮੁੱਛ ਨੀਵੀਂ ਹੋ ਗਈ ਜਾਪਦੀ ਹੈ। ਸੁੱਖੀ ਦੇ ਕਤਲ ਕੇਸ ਵਿਚ ਭਾਵੇਂ ਸਾਧੂ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਪਰ ਸਾਊਥਾਲ ਵਿਚਲਾ ਪੰਜਾਬੀ ਭਾਈਚਾਰਾ ਇਸਦਾ ਬੁਰਾ ਨਹੀਂ ਮਨਾਉਂਦਾ ਸਗੋਂ ਇਸ ਨੂੰ ਸਾਧੂ ਸਿੰਘ ਦੀ ਬਹਾਦਰੀ ਸਮਝਦਾ ਹੈ ਕਿ ਉਸ ਨੇ ਆਪਣੀ ਮੁੱਛ ਨੀਵੀਂ ਨਹੀਂ ਹੋਣ ਦਿੱਤੀ। ਨਾਵਲਕਾਰ ਨੇ ਸਮੁੱਚੇ ਪੰਜਾਬੀਆਂ ਦੀ ਅਜਿਹੀ ਰੂੜ੍ਹੀਵਾਦੀ ਮਾਨਸਿਕਤਾ ਨੂੰ ਹੀ ਤਾਂ ਪਾਲਾ ਸਿੰਘ ਦੇ ਵਿਚਾਰਾਂ ਰਾਹੀਂ ਪ੍ਰਗਟਾਇਆ ਹੈ :-

‘ਆਹ ਦੇਖ, ਸਾਧੂ ਨਾਲ……,ਪਰ ਉਹ ਮਰਦ ਦਾ ਬੱਚਾ ਨਿਕਲਿਆ, ਅਸਲੀ ਮਰਦ।”….ਕਹਿੰਦਿਆਂ ਉਹ ਮੁੱਛਾਂ ਨੂੰ ਵਟਾ ਦੇਣ ਲਗਦਾ ਹੈ।…..”ਏਦਾਂ ਹੀ ਕੀਤੀ ਜਾਂਦੀ ਹੈ ਇੱਜ਼ਤ ਦੀ ਰਖਵਾਲੀ, ਸੀ ਨਹੀਂ ਕੀਤੀ ਸਾਧੂ ਨੇ…..। 9 ਇਸੇ ਤਰ੍ਹਾਂ ਪਾਲਾ ਸਿੰਘ ਨੂੰ ਵੀ ਆਪਣੀ ਲੜਕੀ ਮਨਿੰਦਰ ਦੀ ਦੋਸਤੀ ਕਿਸੇ ਮੁਸਲਮਾਨ ਮੁੰਡੇ ਨਾਲ ਹੋਣ ਬਾਰੇ ਪਤਾ ਲਗਦਾ ਹੈ ਤਾਂ ਉਹ ਵੀ ਮਨਿੰਦਰ ਦਾ ਕਤਲ ਕਰਨ ਲਈ ਕਦੇ ਪ੍ਰੋਫੈਸ਼ਨਲ ਗੁੰਡਿਆਂ ਦੀ ਮੱਦਦ ਲੈਣ ਬਾਰੇ ਸੋਚਦਾ ਹੈ ਅਤੇ ਕਦੇ ਸਾਧੂ ਸਿੰਘ ਵਾਂਗ ਮਨਿੰਦਰ ਦਾ ਕਤਲ ਕਰਕੇ ਜੇਲ੍ਹ ਜਾਣ ਲਈ ਤਿਆਰ ਰਹਿੰਦਾ ਹੈ ਕਿਉਂਕਿ ਮਨਿੰਦਰ ਦੇ ਅਜਿਹਾ ਕਰਨ ‘ਤੇ ਉਸ ਨੂੰ ਵੀ ਆਪਣੀ ਮੁੱਛ ਵਿਚ ਫ਼ਰਕ ਪੈ ਗਿਆ ਜਾਪਦਾ ਹੈ। ਸਾਧੂ ਸਿੰਘ ਦੀ ਤਰ੍ਹਾਂ ਪਾਲਾ ਸਿੰਘ ਵੀ ਆਪਣੀ ਮੁੱਛ ਨੂੰ ਖੜੀ ਰੱਖਣ ਲਈ ਕੁਝ ਵੀ ਕਰ ਗੁਜ਼ਰਨ ਲਈ ਤਿਆਰ ਰਹਿੰਦਾ ਹੈ। ਪਰੰਤੂ ਪੱਛਮੀ ਸਮਾਜ ਵਿਚ ਪਲੀ-ਪੜ੍ਹੀ ਮਨਿੰਦਰ ‘ਤੇ ਜਦ ਪਾਲਾ ਸਿੰਘ ਹੱਦ ਤੋਂ ਵੱਧ ਪਾਬੰਦੀਆਂ (ਜਿਵੇਂ ਮਨਿੰਦਰ ਨੂੰ ਪੜ੍ਹਾਈ ਅਤੇ ਬੁਆਏ ਫਰੈਂਡ ਨੂੰ ਛੱਡ ਕੇ ਮਾਪਿਆਂ ਦੀ ਮਰਜ਼ੀ ਮੁਤਾਬਿਕ ਵਿਆਹ ਕਰਵਾਉਣ ਲਈ ਕਹਿਣਾ, ਮਨਿੰਦਰ ਦੁਆਰਾ ਅਜਿਹਾ ਨਾ ਕਰਨ ‘ਤੇ ਸਾਧੂ ਸਿੰਘ ਵਾਲਾ ਰਸਤਾ ਅਖ਼ਤਿਆਰ ਕਰਨ ਦੀ ਧਮਕੀ ਦੇਣਾ ਆਦਿ) ਲਗਾਉਣਾ ਚਾਹੁੰਦਾ ਹੈ ਤਾਂ ਮਨਿੰਦਰ ਆਪਣੇ ਬੁਆਏ ਫਰੈਂਡ ਨਾਲ ਹਮੇਸ਼ਾ ਲਈ ਘਰ ਛੱਡ ਕੇ ਚਲੀ ਜਾਂਦੀ ਹੈ।

ਸਾਧੂ ਸਿੰਘ ਅਤੇ ਪਾਲਾ ਸਿੰਘ ਦੀ ਤਰ੍ਹਾਂ ਪ੍ਰਦੁਮਣ ਸਿੰਘ ਨੂੰ ਵੀ ਆਪਣੀ ਛੋਟੀ ਲੜਕੀ ਪਵਨ ਦੀ ਕਿਸੇ ਕਾਲੇ ਰੰਗ ਦੇ ਮੁੰਡੇ ਨਾਲ ਦੋਸਤੀ ਹੋਣ ਬਾਰੇ ਪਤਾ ਚਲਦਾ ਹੈ ਤਾਂ ਉਹ ਵੀ ਸਾਧੂ ਸਿੰਘ ਵਾਲਾ ਰਸਤਾ ਅਪਣਾਉਣ ਨੂੰ ਹੀ ਸਹੀ ਸਮਝਦਾ ਹੈ। ਇਸੇ ਲਈ ਉਹ ਵੀ ਪਵਨ ਨੂੰ ਭਵਿੱਖ ਵਿਚ ਕੇਅਰਫੁੱਲ ਹੋਣ ਦੀ ਚੇਤਾਵਨੀ ਦਿੰਦਾ ਹੈ। ਇਸ ਨਾਵਲ ਵਿਚ ਅਟਵਾਲ ਨੇ ਮੁੱਛ ਖੜੀ ਰੱਖਣ ਦੇ ਪ੍ਰਤੀਕ ਰਾਹੀਂ ਪਰਵਾਸੀ ਪੰਜਾਬੀ ਮਨੁੱਖ ਦੀ ਉਸ ਤਸਵੀਰ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ ਹੈ ਜਿਸ ਰਾਹੀਂ ਇਹ ਲੋਕ ਨੈਤਿਕ ਕਦਰਾਂ-ਕੀਮਤਾਂ ਅਤੇ ਸਦਾਚਾਰਕ ਮੁੱਲਾਂ ਵਿਚ ਬੱਝੇ ਹੋਏ ਹਨ। ਇਸੇ ਹੀ ਪ੍ਰਤੀਕ ਰਾਹੀਂ ਅਟਵਾਲ ਪੰਜਾਬੀਆਂ ਦੇ ਅਣਖ ਨਾਲ ਜੀਊਣ ਦੇ ਬਿਰਤਾਂਤ ਨੂੰ ਵੀ ਸਿਰਜਦਾ ਨਜ਼ਰ ਆਉਂਦਾ ਹੈ। ਇੱਥੇ ਮੁੱਛ ਇੱਕ ਸਭਿਆਚਾਰਕ ਪ੍ਰਤੀਕ ਹੈ। ਪੱਗ ਅਤੇ ਦਾਹੜੀ ਦੀ ਤਰ੍ਹਾਂ ਖੜੀ ਮੁੱਛ ਨੂੰ ਵੀ ਪੰਜਾਬੀ ਸਭਿਆਚਾਰ ਵਿਚ ਇੱਜ਼ਤ ਅਤੇ ਅਣਖ਼ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਪੱਛਮੀ ਸਭਿਆਚਾਰ ਦੇ ਪ੍ਰਭਾਵ ਅਧੀਨ ਨਵੀਂ ਨੌਜਵਾਨ ਪੀੜ੍ਹੀ ਅਜਿਹੀਆਂ ਕਦਰਾਂ-ਕੀਮਤਾਂ ਨੂੰ ਕਬੂਲਣ ਲਈ ਤਿਆਰ ਨਹੀਂ ਹੁੰਦੀ ਅਤੇ ਅਜਿਹੀ ਸਥਿਤੀ ਵਿਚ ਪੰਜਾਬੀ ਮਨੁੱਖ ਆਪਣੀ ਮੁੱਛ ਦੀ ਹੁੰਦੀ ਨਾਮੋਸ਼ੀ ਦੇਖ ਕੇ ਆਪਣੇ-ਆਪ ਨੂੰ ਬੇਇੱਜ਼ਤ ਹੋਇਆ ਮਹਿਸੂਸ ਕਰਦਾ ਹੈ ਅਤੇ ਕੁਝ ਵੀ ਕਰ ਗੁਜ਼ਰਨ ਦੀ ਹੱਦ ਤੱਕ ਚਲਾ ਜਾਂਦਾ ਹੈ। ਪਰੰਤੂ ਕਈ ਵਾਰ ਪਰਵਾਸੀਆਂ ਦੁਆਰਾ ਮੁੱਛ ਨੂੰ ਖੜੀ ਰੱਖਣ/ ਇੱਜ਼ਤ (ਅਣਖ਼) ਦੀ ਆੜ ਹੇਠ ਮਾਨਸਿਕ ਸੰਤੋਖ ਲਈ ਪੁੱਟਿਆ ਗਿਆ ਕਦਮ ਅਚੇਤ ਹੀ ਮਾਨਸਿਕ ਸੰਤਾਪ ਬਣ ਜਾਂਦਾ ਹੈ। ਜਿਵੇਂ ਕਿ ਇਸ ਨਾਵਲ ਵਿਚ ਆਪਣੀ ਲੜਕੀ ਦਾ ਕਤਲ ਕਰਕੇ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸਾਧੂ ਸਿੰਘ ਦੂਸਰਿਆਂ ਨੂੰ ਭਵਿੱਖ ਵਿਚ ਅਜਿਹਾ ਨਾ ਕਰਨ ਦਾ ਉਪਦੇਸ਼ ਦਿੰਦਾ ਹੈ।

ਭਾਰਤੀ ਪਰੰਪਰਾਗਤ ਸਮਾਜ ਅਤੇ ਪੱਛਮੀ ਸਭਿਆਚਾਰ ਵਿਚਲੀ ਵਿਅਕਤੀਗਤ ਆਜ਼ਾਦੀ ਦੇ ਆਪਸੀ ਟਕਰਾਉ ਤੋਂ ਪੈਦਾ ਹੋਏ ਦਵੰਦ ਰਾਹੀਂ ਨਾਵਲਕਾਰ ਨੇ ਇੱਕ ਹੋਰ ਮਹੱਤਵਪੂਰਨ ਸਵਾਲ ਵੱਲ ਧਿਆਨ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਵਿਗਿਆਨਕ ਚੇਤਨਾ ਵਰਗੇ ਇੰਗਲੈਂਡ ਵਰਗੇ ਵਿਕਸਿਤ ਪੂੰਜੀਵਾਦੀ ਸਮਾਜ ਨੂੰ ਭਾਰਤੀ ਲੋਕਾਂ ਨੇ ਬਿਨਾਂ ਕਿਸੇ ਮਜਬੂਰੀ ਆਪਣੀ ਮਰਜ਼ੀ ਨਾਲ ਅਪਣਾਇਆ ਹੈ ਅਤੇ ਜਿਸ ਸਮਾਜ ਦਾ ਸਭਿਆਚਾਰਕ ਢਾਂਚਾ ਵਿਅਕਤੀਗਤ ਆਜ਼ਾਦੀ ਨੂੰ ਹੀ ਪਹਿਲ ਦਿੰਦਾ ਹੈ। ਕੀ ਅਜਿਹੇ ਸਮਾਜ ਵਿਚ ਰਹਿੰਦਿਆਂ ਪਰਵਾਸੀਆਂ ਦੁਆਰਾ ਆਪਣੀਆਂ ਲੜਕੀਆਂ ਨੂੰ ਮਾਰ ਕੇ ਜਾਂ ਫਿਰ ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿਚੋਂ ਬੇਦਖ਼ਲ ਕਰਕੇ ਸਭਿਆਚਾਰਕ ਸੰਕਟ ਵਰਗੇ ਗੰਭੀਰ ਮਸਲਿਆਂ ਨੂੰ ਸੁਲਝਾਇਆ ਜਾ ਸਕਦਾ ਹੈ? ਪ੍ਰਦੁਮਣ ਸਿੰਘ ਅਤੇ ਜਗਮੋਹਣ ਦੀ ਨਿਮਨ ਲਿਖ਼ਤ ਵਾਰਤਾਲਾਪ ਨਾਵਲਕਾਰ ਦੇ ਉਪਰੋਕਤ ਸਵਾਲ ਵੱਲ ਹੀ ਇਸ਼ਾਰਾ ਕਰਦੀ ਹੈ :-

”ਪਰ ਕੀ ਤੂੰ ਭਾਰਤੀ ਜਾਂ ਪੰਜਾਬੀ ਕਲਚਰ ਵਿਚ ਨਹੀਂ ਜੰਮਿਆ? ਕੁੜੀ ਜਦੋਂ ਗਲਤ ਕਦਮ ਚੁੱਕਦੀ ਹੈ ਤਾਂ ੳਹਦਾ ਇਹੋ ਨਤੀਜਾ ਹੁੰਦਾ ਐ, ਇਹੋ ਹੀ ਹੋਣਾ ਚਾਹੀਦੈ।”

”ਇੱਥੇ ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਦਾ। ਦੇਖੋ ਜਿਸ ਸਮਾਜ ਨੂੰ ਆਪਾਂ ਅਪਣਾਇਆ ਉਸ ਵਿਚ ਇਹ ਮਾਮੂਲੀ ਗੱਲ ਐ, ਇਸ ਸਮਾਜ ਨੂੰ ਅਪਣਾਉਣ ਦੀ ਸਾਨੂੰ ਕੋਈ ਮਜਬੂਰੀ ਤਾਂ ਨਹੀਂ ਸੀ, ਸਾਡੀ ਆਪਣੀ ਮਰਜ਼ੀ ਸੀ, ਹੁਣ ਦੇਖੋ ਕੀ ਹੋ ਰਿਹੈ, ਸਾਨੂੰ ਕੁਝ ਸਬਰ ਤੋਂ ਲੰਮ ਲੈਣ ਦੀ ਲੋੜ ਐ, ਕੁੜੀਆਂ ਮਾਰਨ ਨਾਲ ਕੋਈ ਸਮੱਸਿਆ ਹੱਲ ਨਹੀਂ ਹੋਣੀ।” 10 ਬਰਤਾਨੀਆ ਵਿਚ ਪੂੰਜੀਵਾਦੀ ਅਤੇ ਸਾਮੰਤੀ ਸਭਿਆਚਾਰ ਦੀ ਟੱਕਰ ਵਿਚ ਲੜਕੀਆਂ ਲੜਕਿਆਂ ਨਾਲੋਂ ਵਧੇਰੇ ਪਿਸ ਰਹੀਆਂ ਹਨ। ਭਾਰਤੀ ਮਾਪੇ ਸਾਮੰਤੀ ਕਦਰਾਂ-ਕੀਮਤਾਂ ਦੇ ਧਾਰਨੀ ਹੋਣ ਕਾਰਨ ਆਪਣੇ ਮੁੰਡਿਆਂ ਨੂੰ ਤਾਂ ਖੁੱਲ੍ਹੀ ਜ਼ਿੰਦਗੀ ਜੀਊਣ ਦਾ ਹੱਕ ਦਿੰਦੇ ਹਨ ਪਰ ਕੁੜੀਆਂ ਉੱਤੇ ਉਹ ਸਭ ਬੰਦਸ਼ਾਂ ਜਬਰੀ ਲਾਗੂ ਕਰਦੇ ਹਨ ਜੋ ਪੰਜਾਬ ਵਿਚ ਸਾਮੰਤੀ ਸੋਚ ਵਾਲੇ ਲੋਕਾਂ ਵਲੋਂ ਕੁੜੀਆਂ ਉੱਤੇ ਲਾਈਆਂ ਜਾਂਦੀਆਂ ਹਨ। ਜਿਸ ਦੇ ਸਿੱਟੇ ਵਜੋਂ ਲੜਕੀਆਂ ਘਰਾਂ ਤੋਂ ਭੱਜ ਰਹੀਆਂ ਹਨ। ਪਰਵਾਸੀਆਂ ਦੁਆਰਾ ਧੀਆਂ-ਪੁੱਤਰਾਂ/ ਲੜਕੇ-ਲੜਕੀਆਂ ਵਿਚਕਾਰ ਕੀਤੀ ਜਾਣ ਵਾਲੀ ਵੱਖਰਤਾ ਦੇ ਸੰਬੰਧ ਵਿਚ ਪ੍ਰੇਮ ਪ੍ਰਕਾਸ਼ ਦੇ ਇਹ ਵਿਚਾਰ ਬਿਲਕੁਲ ਸਹੀ ਜਾਪਦੇ ਹਨ :-

”ਸਾਡਾ ਸਮਾਜਿਕ ਢਾਂਚਾ ਮਰਦ-ਪ੍ਰਧਾਨ ਹੋਣ ਕਰਕੇ ਬਹੁ-ਪਰਵਾਸੀ ਪੰਜਾਬੀਆਂ ਦਾ ਬਹੁ-ਬੇਟੀਆਂ ਵੱਲ ਨਜ਼ਰੀਆ ਤੰਗ ਤੇ ਸੰਕੀਰਨ ਹੀ ਹੈ। ਉਹ ਉਪਰੋਂ ਸਮਾਨਤਾ ਦੀਆਂ ਫੜਾਂ ਮਾਰਦੇ ਹਨ। ਪਰ ਉਹ ਅਜੇ ਵੀ ਦਕੀਆਨੁਸੀ ਖਿਆਲਾਂ ਦਾ ਭਾਰ ਚੁੱਕੀ ਫਿਰਦੇ ਹਨ।” 11 ਪਰਵਾਸੀ ਭਾਰਤੀ/ ਪੰਜਾਬੀ ਲੋਕ ਬਰਤਾਨਵੀ ਧਰਤੀ ‘ਤੇ ਭਾਵੇਂ ਆਰਥਿਕ ਅਤੇ ਰਾਜਨੀਤਿਕ ਪੱਖ ਤੋਂ ਤਾਂ ਜਾਗਰੁਕ ਹੋ ਗਏ ਹਨ ਪਰ ਸਮਾਜਿਕ/ ਸਭਿਆਚਾਰਕ ਪੱਖ ਤੋਂ ਰੂੜ੍ਹੀਵਾਦੀ ਕਦਰਾਂ-ਕੀਮਤਾਂ ਤੋਂ ਛੁਟਕਾਰਾ ਪਾਉਣ ਵਿਚ ਅਸਫਲ ਹਨ ਜਿਸ ਕਰਕੇ ਉਨ੍ਹਾਂ ਦੇ ਧੀਆਂ-ਪੁੱਤਰ ਭਾਰਤੀ ਮਾਪਿਆਂ ਦੀਆਂ ਵਾਧੂ ਬੰਦਸ਼ਾਂ ਵਿਚ ਰਹਿਣ ਤੋਂ ਬਾਗ਼ੀ ਹਨ। ਇੰਗਲੈਂਡ ਵਿਚ ਪੰਜਾਬੀਆਂ ਦੀ ਨੌਜਵਾਨ ਪੀੜ੍ਹੀ ਜੋ ਉੱਥੋਂ ਦੇ ਮੁੱਲ-ਵਿਧਾਨ ਅਨੁਸਾਰ ਪਲ਼-ਪੜ੍ਹ ਕੇ ਜਵਾਨ ਹੋ ਰਹੀ ਹੈ ਉਹ ਰੂੜ੍ਹੀਵਾਦੀ ਸਥਾਪਿਤ ਕਦਰਾਂ-ਕੀਮਤਾਂ ਦੀ ਵਿਦਰੋਹੀ ਹੈ। ਮਾਪੇ ਘਰਾਂ ਵਿਚ ਭਾਰਤੀ ਪੰਜਾਬੀ ਨੂੰਹਾਂ ਦੇ ਹੱਕ ਵਿਚ ਹਨ ਪਰ ਔਲਾਦ ਵਿਵਸਥਿਤ ਵਿਆਹ ਪ੍ਰਬੰਧ ਨੂੰ ਕਬੂਲਣ ਤੋਂ ਇਨਕਾਰੀ ਹੈ ਅਤੇ ਆਪਣੇ ਵਿਆਹ ਦੇ ਫੈਸਲੇ ਆਪ ਕਰਨਾ ਚਾਹੁੰਦੀ ਹੈ। ਪਰ ਭਾਰਤੀ ਸਭਿਆਚਾਰਕ ਕਦਰਾਂ-ਕੀਮਤਾਂ ਅਨੁਸਾਰ ਮਾਪੇ ਆਪਣੇ ਬੱਚਿਆਂ ਦੇ ਵਿਆਹ ਆਪਣੇ ਧਰਮ ਅਤੇ ਜਾਤ ਵਿਚ ਹੀ ਕਰਨ ਦੇ ਹੱਕ ਵਿਚ ਹਨ। ਅਜਿਹੀਆਂ ਪ੍ਰਸਥਿਤੀਆਂ ਤੋਂ ਦੋਹਾਂ ਪੀੜ੍ਹੀਆਂ ਵਿਚ ਪੈਦਾ ਹੋਇਆ ਟਕਰਾਅ ਵੀ ਪਰਵਾਸੀਆਂ ਦੀਆਂ ਆਦਰਸ਼ਵਾਦੀ ਨੈਤਿਕ ਕਦਰਾਂ-ਕੀਮਤਾਂ ਨੂੰ ਤ੍ਰੇੜਦਾ ਹੈ। ਇਸ ਨਾਵਲ ਵਿਚ ਪਾਲਾ ਸਿੰਘ ਅਤੇ ਪ੍ਰਦੁਮਣ ਸਿੰਘ ਅਜਿਹੇ ਹੀ ਭਾਰਤੀ ਮਾਪਿਆਂ ਦੀ ਪ੍ਰਤੀਨਿਧਤਾ ਕਰਦੇ ਦੇਖੇ ਜਾ ਸਕਦੇ ਹਨ। ਪਾਲਾ ਸਿੰਘ ਆਪਣੇ ਲੜਕਿਆਂ ਮੋਹਨਦੇਵ ਅਤੇ ਅਮਰਦੇਵ ਦਾ ਵਿਆਹ ਭਾਰਤੀ ਲੜਕੀਆਂ ਨਾਲ ਭਾਰਤੀ ਰੀਤੀ-ਰਿਵਾਜ਼ਾਂ ਅਨੁਸਾਰ ਕਰਨਾ ਚਾਹੁੰਦਾ ਹੈ। ਪਰ ਉਸ ਦੇ ਦੋਵੇਂ ਲੜਕੇ ਆਪਣੇ-ਆਪ ਨੂੰ ਇੰਡੀਅਨ ਨਹੀਂ ਬ੍ਰਿਟਿਸ਼ ਸਮਝਦੇ ਹੋਏ ਇੰਗਲੈਂਡ ਦੀਆਂ ਲੜਕੀਆਂ ਨਾਲ ਹੀ ਵਿਆਹ ਕਰਵਾਉਣ ਨੂੰ ਪਹਿਲ ਦਿੰਦੇ ਹਨ। ਇਸੇ ਤਰ੍ਹਾਂ ਪ੍ਰਦੁਮਣ ਸਿੰਘ ਦਾ ਲੜਕਾ ਰਾਜਵਿੰਦਰ ਵੀ ਆਪਣੇ-ਆਪ ਨੂੰ ਬ੍ਰਿਟਿਸ਼ ਅਖਵਾਉਂਦਾ ਇੰਡੀਆ ਦੀ ਲੜਕੀ ਨਾਲ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਹੁੰਦਾ। ਨੌਜਵਾਨ ਪੀੜ੍ਹੀ ਦੁਆਰਾ ਲਏ ਗਏ ਅਜਿਹੇ ਫੈਸਲਿਆਂ ਨੂੰ ਕਈ ਵਾਰ ਭਾਰਤੀ ਮਾਪਿਆਂ ਨਾ ਚਾਹੁੰਦੇ ਹੋਏ ਵੀ ਸਵੀਕਾਰ ਕਰਨਾ ਪੈਂਦਾ ਹੈ। ਸਮਾਜਿਕ ਪੱਧਰ’ਤੇ ਪੈਦਾ ਹੋਈ ਅਜਿਹੀ ਸਥਿਤੀ ਵੀ ਪਰਿਵਾਰਾਂ ਵਿਚ ਤਿੜਕਣ ਦਾ ਕਾਰਨ ਬਣਦੀ ਹੈ।

ਇੱਥੇ ਇਹ ਕਹਿਣਾ ਵੀ ਉਚਿਤ ਹੋਵੇਗਾ ਕਿ ਪਰਵਾਸੀ ਪੰਜਾਬੀਆਂ ਦੀ ਪੂਰਬੀ ਮਾਨਸਿਕਤਾ ਦੇ ਬਾਵਜੂਦ ਵੀ ਇਨ੍ਹਾਂ ਦਾ ਮੌਜੂਦਾ ਜੀਵਨ ਪੱਛਮੀ ਪਰਿਪੇਖ ਤੋਂ ਪ੍ਰਭਾਵਿਤ ਹੈ। ਜਿੱਥੇ ਇਨ੍ਹਾਂ ਪਰਵਾਸੀਆਂ ਨੇ ਇੰਗਲੈਂਡ ਵਰਗੇ ਮੁਲਕਾਂ ਵਿਚ ਸਾਰੀ ਜ਼ਿੰਦਗੀ ਬਸਰ ਕਰਨ ਦੇ ਉਦੇਸ਼ ਨਾਲ ਆਪਣੇ ਘਰ ਸਥਾਪਿਤ ਕਰ ਲਏ ਹਨ ਉੱਥੇ ਇਨ੍ਹਾਂ ਦੀ ਔਲਾਦ ਤਾਂ ਉੱਥੋਂ ਦੀ ਕੌਮ ਦੇ ਏਨੀ ਜ਼ਿਆਦਾ ਨੇੜੇ ਹੈ ਕਿ ਵਿਆਹ ਵੀ ਉਥੋਂ ਦੇ ਹੀ ਲੜਕੇ-ਲੜਕੀਆਂ ਨਾਲ ਹੀ ਕਰਵਾਉਣ ਨੂੰ ਪਹਿਲ ਦਿੰਦੀ ਹੈ। ਜਿਸ ਕਰਕੇ ਇਨ੍ਹਾਂ ਪਰਵਾਸੀਆਂ ਦਾ ਪਿੱਛੇ ਮੁੜਨ ਦਾ ਸੰਕਲਪ ਲਗਭਗ ਖ਼ਤਮ ਹੋ ਚੁੱਕਾ ਹੈ। ਹੁਣ ਇਨ੍ਹਾਂ ਪਰਵਾਸੀਆਂ ਦਾ ਵਰਤਮਾਨ ਅਤੇ ਭਵਿੱਖ ਪੱਛਮੀ ਜੀਵਨ-ਜਾਂਚ ਨਾਲ ਜੁੜਿਆ ਹੋਣ ਕਾਰਨ ਇਹ ਪਰਵਾਸੀ ਹੌਲੀ-ਹੌਲੀ ਆਪਣੇ-ਆਪ ਨੂੰ ਉੱਥੋਂ ਦੇ ਹੀ ਸਭਿਆਚਾਰ ਵਿਚ ਢਾਲਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਪਰ ਅਜੇ ਵੀ ਸੰਬੰਧਾਂ ਦੇ ਮਾਮਲੇ ਵਿਚ ਉਹ ਆਪਣੇ ਸੰਸਾਰਕ ਰੀਤੀ-ਰਿਵਾਜ਼ਾਂ ਅਤੇ ਆਪਣੇ ਸੰਸਕਾਰਾਂ ਨੂੰ ਪੂਰਨ ਰੂਪ ਵਿਚ ਤਿਆਗ ਨਹੀਂ ਸਕੇ। ਅਜਿਹੇ ਕਾਰਨ ਹੀ ਪਰਵਾਸੀਆਂ ਦੀ ਮਾਨਸਿਕਤਾ ਦੇ ਤਿੜਕਣ ਦਾ ਕਾਰਨ ਬਣਦੇ ਹਨ।

ਕੁਝ ਵੀ ਹੋਵੇ ਪਰਵਾਸੀ ਪੰਜਾਬੀ ਆਪਣੇ ਪੰਜਾਬੀ ਸਭਿਆਚਾਰ ਦੀ ਨਿਵੇਕਲੀ ਪਹਿਚਾਣ/ ਸ਼ਨਾਖ਼ਤ ਕਾਇਮ ਰੱਖਣਾ ਚਾਹੁੰਦੇ ਹਨ। ‘ਪਹਿਚਾਣ ਦੇ ਸੰਕਟ ‘ ਵਰਗੀ ਸਮੱਸਿਆ ਉਸ ਸਮੇਂ ਪੈਦਾ ਹੁੰਦੀ ਹੈ ਜਦ ਪਰਵਾਸੀ ਇੱਕ ਜਗ੍ਹਾ ‘ਤੇ ਵੱਡੀ ਗਿਣਤੀ ਵਿਚ ਸੰਪ੍ਰਦਾਇ ਦੇ ਰੂਪ ਵਿਚ ਰਹਿੰਦੇ ਹੋਏ ਇੱਕ ਓਪਰੇ ਸਮਾਜ ਵਿਚ ਆਪਣਾ ਸਥਾਨ ਅਤੇ ਆਪਣੇ ਪ੍ਰਤੀ ਸਹੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਪਰਵਾਸੀਆਂ ਦੀ ਗਿਣਤੀ ਇੰਗਲੈਂਡ ਵਰਗੇ ਮੁਲਕਾਂ ਵਿਚ ਜਿਵੇਂ-ਜਿਵੇਂ ਵਧਦੀ ਜਾਂਦੀ ਹੈ ਉਹ ਆਪਣੀ ਪਹਿਚਾਣ ਨੂੰ ਬਣਾਈ ਰੱਖਣ ਲਈ ਆਪਣੀਆਂ ਧਾਰਮਿਕ ਸੰਸਥਾਵਾਂ ਬਣਾ ਕੇ ਇਨ੍ਹਾਂ ਦਾ ਸਦਾਚਾਰਕ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਹਨ। ਇਸ ਸੰਬੰਧ ਵਿਚ ਇਸ ਨਾਵਲ ਵਿਚਲੇ ਪਾਤਰ ਪ੍ਰਦੁਮਣ ਸਿੰਘ ਦੇ ਬੋਲਾਂ ਨੂੰ ਵਿਚਾਰਿਆ ਜਾ ਸਕਦਾ ਹੈ :-

”ਇਹ ਛੁੱਟੀ ਜਲੂਸ ਵਿਚ ਸ਼ਾਮਿਲ ਹੋਣ ਦੀ ਐ, ਏਦਾਂ ਨਾ ਹੋਵੇ ਘਰੀਂ ਜਾ ਬੈਠ ਜਾਓ, ਗੋਰਿਆਂ ਨੂੰ ਇੱਕ ਵਾਰੀ ਪਤਾ ਚਲ ਜਾਵੇ ਕਿ ਇਹ ਪੱਗਾਂ ਅਸੀਂ ਐਵੇਂ ਨਹੀਂ ਬੰਨ੍ਹੀ ਫਿਰਦੇ।” 12 ਇਸੇ ਕਰਕੇ ਇੰਗਲੈਂਡ ਦੇ ਸਾਊਥਾਲ ਵਰਗੇ ਸ਼ਹਿਰ ਵਿਚ ਪੰਜਾਬੀਆਂ ਨਾਲ ਜੁੜੇ ਧਰਮ ਅਸਥਾਨ ਅਤੇ ਗੁਰਦਵਾਰਿਆਂ ਆਦਿ ਵਰਗੀਆਂ ਇਮਾਰਤਾਂ ਉਭਰਵੇਂ ਰੂਪ ਵਿਚ ਨਜ਼ਰ ਆਉਂਦੀਆਂ ਹਨ। ਨਿਰੋਲ ਪੰਜਾਬੀ ਮਾਰਕੀਟਾਂ ਵਿਚ ਪੰਜਾਬੀ ਸਾਈਨ ਬੋਰਡਾਂ ਵਾਲੀਆਂ ਦੁਕਾਨਾਂ ਉੱਤੇ ਪੰਜਾਬੀ ਵਸਤਾਂ (ਪੁਸ਼ਾਕਾਂ, ਪਕਵਾਨਾਂ) ਆਦਿ ਦੀ ਵਿਕਰੀ ਹੋਣੀ ਅਤੇ ਪੰਜਾਬੀਆਂ ਦੇ ਸਭਿਆਚਾਰਕ ਇਕੱਠ ; ਖੇਡਾਂ, ਮੇਲੇ ਆਦਿ ਵੀ ਪਰਵਾਸੀ ਪੰਜਾਬੀਆਂ ਦੀ ਵੱਖਰੀ ਪਹਿਚਾਣ ਸਥਾਪਤੀ ਦੇ ਹੀ ਸੰਕੇਤ ਹਨ। ਪਰੰਤੂ ‘ਪਹਿਚਾਣ ਦੇ ਸੰਕਟ’ ਵਰਗੇ ਮਸਲੇ ਨੂੰ ਜੇਕਰ ਸਪੱਸ਼ਟ ਅਤੇ ਘੱਟ ਸ਼ਬਦਾਂ ਵਿਚ ਸਮੇਟਣਾ ਹੋਵੇ ਤਾਂ ਡਾ. ਗੁਰਪਾਲ ਸਿੰਘ ਸੰਧੂ ਦੀ ਇਹ ਟਿੱਪਣੀ ਵਧੇਰੇ ਸਾਰਥਕ ਜਾਪਦੀ ਹੈ :- ”ਪਰ ਇਸ ਸਾਰੀ ਸਰਗਰਮੀ ਦਾ ਸਿੱਟਾ ‘ਸਵੈ ਦੀ ਪਛਾਣ ਦਾ ਸੰਕਟ’ ਹੀ ਨਿਕਲਦਾ ਹੈ। ਹਾਲਾਂਕਿ ਇਸ ਮਾਹੌਲ ਵਿਚ ਪਛਾਣ ਦਾ ਅਰਥ ਸਮੂਹਿਕ ਪਛਾਣ ਤੋਂ ਵੱਧ ‘ਨਿੱਜ ਦੀ ਪਛਾਣ’ ਦਾ ਮਸਲਾ ਹੈ। ਪਰ ਲੋਕਤੰਤਰੀ ਸਿਆਸੀ ਪ੍ਰਬੰਧ ਵਿਚ ਨਿੱਜ ਦਾ ਵਿਸਥਾਰ ਵੀ ਸਮੂਹ ਵਿਚ ਅਤੇ ਸਮੂਹ ਰਾਹੀਂ ਹੀ ਸੰਭਵ ਹੁੰਦਾ ਹੈ। ਇਸ ਕਰਕੇ ਸਾਊਥਾਲ ਵਿਚ ਗਲ਼ੀ-ਗਲ਼ੀ ਅੰਦਰ ਗੁਰਦੁਆਰੇ, ਮੰਦਰ ਅਤੇ ਮਸੀਤਾਂ ਬਣ ਰਹੇ ਹਨ। ਖਾਲਸੇ ਦੇ ਤਿੰਨ ਸੌ ਸਾਲਾਂ ਸਾਜਨਾ ਦਿਵਸ ਦੇ ਮੌਕੇ ਉੱਤੇ ਲੱਖਾਂ ਦੀ ਗਿਣਤੀ ਵਿਚ ਜਲੂਸ ਜਾਂ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਸ ਵਿਚ ਹਰ ਉਮਰ ਦੇ ਬੰਦੇ ਸ਼ਾਮਿਲ ਹਨ। ਪਰ ਸਭ ਦੇ ਸਰੋਕਾਰ ਵੱਖੋ-ਵੱਖਰੇ ਹਨ : ਬੱਚਿਆਂ ਲਈ ਸਕੂਲਾਂ ਵਿਚ ਆਪਣੇ-ਆਪ ਨੂੰ ਸਿੱਖ ਸਥਾਪਿਤ ਕਰਨਾ ਹੈ। ਜਵਾਨਾਂ ਲਈ ਪੰਜਾਬੀ ਕੁੜੀਆਂ ਨੂੰ ਮੁਸਲਮਾਨਾਂ ਤੋਂ ਬਚਾਉਣਾ ਅਤੇ ਆਪਣਾ ਵੱਖਰਾ ਗੈਂਗ ਕਾਇਮ ਕਰਨਾ ਹੈ। ਅੱਧਖੜ ਉਮਰ ਦੇ ਬੰਦਿਆਂ ਨੇ ਆਪਣਾ ਵਿਉਪਾਰ ਵਧਾਉਣਾ ਹੈ ਤੇ ਬਾਕੀਆਂ ਨੂੰ ਆਪਣੇ ਭਾਈਚਾਰੇ ਦੀ ਗਿਣਤੀ ਤੋਂ ਡਰਾਉਣਾ ਹੈ ਅਤੇ ਬੁੱਢਿਆਂ ਲਈ ਆਪਣੇ ਧਰਮ ਵੱਲ ਵਾਪਸੀ ਹੈ। ਇਸੇ ਕਰਕੇ ਸਾਊਥਾਲ ਦੀ ਸਮੁੱਚੀ ਜਨਤਾ ਹੁਣ ‘ਆਈਡੈਂਟਿਟੀ ਕਰਾਈਸਿਸ’ ਦਾ ਸ਼ਿਕਾਰ ਹੈ। ਸਗੋਂ ਸਿੱਖ ਹੀ ਨਹੀਂ ਬਾਕੀ ਧਰਮਾਂ ਦੇ ਅਨੁਯਾਈ ਲੋਕ ਵੀ।” 13

ਰੋਜ਼ੀ-ਰੋਟੀ ਦੀ ਤਲਾਸ਼ ਵਿਚ ਭਟਕਦੇ ਨੋਜਵਾਨਾਂ ਨੂੰ ਇੰਗਲੈਂਡ ਵਰਗੇ ਯੂਰਪੀਅਨ ਦੇਸ਼ਾਂ ਵਿਚ ਪਹੁੰਚਾਉਣ ਲਈ ਪ੍ਰਾਈਵੇਟ ਏਜੰਸੀਆਂ ਦੁਆਰਾ ਵਰਤੇ ਜਾਂਦੇ ਗਲਤ ਢੰਗ ਤਰੀਕਿਆਂ (ਖੇਡਾਂ, ਭੰਗੜੇ,ਗਿੱਧੇ ਆਦਿ ਵਰਗੀਆਂ ਟੀਮਾਂ ਦੇ ਬਹਾਨੇ ਨੌਜਵਾਨਾਂ ਨੂੰ ਬੇਗਾਨੇ ਮੁਲਕਾਂ ਵਿਚ ਪਹੁੰਚਾਉਣਾ ਜਿਸ ਨੂੰ ਅਜੋਕੇ ਸਮੇਂ ਵਿਚ ਕਬੂਤਰਬਾਜ਼ੀ ਦਾ ਨਾਮ ਵੀ ਦਿੱਤਾ ਗਿਆ ਹੈ) ਦੀ ਪੇਸ਼ਕਾਰੀ ਦੇ ਨਾਲ ਨਾਲ ਪਰਵਾਸ ਵਿਚ ਰਹਿੰਦੇ ਪੰਜਾਬੀ ਨੌਜਵਾਨਾਂ ਨੂੰ ਜਾਅਲੀ ਜਾਂ ਗੈਰ-ਕਾਨੂੰਨੀ ਢੰਗ ਨਾਲ ਪਰਵਾਸ ਧਾਰਨ ਕਰਨ ਉਪਰੰਤ ਦਰਪੇਸ਼ ਸਮੱਸਿਆਵਾਂ ਜਾਂ ਜਿਹੜੀਆਂ ਪ੍ਰਸਥਿਤੀਆਂ ਅਤੇ ਮੁਸ਼ਕਲਾਂ ਵਿਚੋਂ ਗੁਜ਼ਰਨਾਂ ਪੈਂਦਾ ਹੈ ਉਸ ਦਾ ਜ਼ਿਕਰ ਨਾਵਲਕਾਰ ਨੇ ਆਪਣੇ ਇਸ ਨਾਵਲ ਵਿਚ ਮੀਕੇ, ਤਾਰੇ, ਮਿੰਦੀ, ਨਿੰਮੇ, ਬਿੱਲੇ, ਬਲਬੀਰ ਅਤੇ ਗੁਰਮੀਤ ਆਦਿ ਵਰਗੇ ਪਾਤਰਾਂ ਦੁਆਰਾ ਕੀਤਾ ਹੈ। ਵਿਦੇਸ਼ਾਂ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਨੌਜਵਾਨਾਂ ਦੀ ਉੱਥੋਂ ਦੇ ਸਥਾਨਕ ਕਾਰੋਬਾਰੀ ਅਦਾਰਿਆਂ ਦੁਆਰਾ ਇਥੋਂ ਤੱਕ ਕਿ ਆਪਣੇ ਹੀ ਸਕੇ-ਸੰਬੰਧੀਆਂ ਦੁਆਰਾ ਆਰਥਿਕ ਪੱਖੋਂ ਹੋਣ ਵਾਲੀ ਲੁੱਟ-ਖਸੁੱਟ ਨੂੰ ਮੀਕੇ ਵਰਗੇ ਪਾਤਰ ਰਾਹੀਂ ਬਿਆਨ ਕੀਤਾ ਹੈ। ਮੀਕੇ ਨੂੰ ਆਪਣੇ ਹੀ ਸਕੇ ਭਰਾ ਦੇ ਰੈਸਟੋਰੈਂਟ ਵਿਚ ਲਗਾਤਾਰ ਚਾਰ ਸਾਲ ਕੰਮ/ ਮਿਹਨਤ ਕਰਨ ਤੋਂ ਬਾਅਦ ਵੀ ਭਰਾ ਦੁਆਰਾ ਨਾ ਤਾਂ ਕੋਈ ਹਾਜ਼ਰੀ ਦਾ ਪਰੂਫ਼/ ਸਬੂਤ ਦਿੱਤਾ ਜਾਂਦਾ ਹੈ ਅਤੇ ਨਾ ਹੀ ਕੋਈ ਪੈਸਾ। ਇਸੇ ਤਰ੍ਹਾਂ ਪ੍ਰਦੁਮਣ ਸਿੰਘ ਦੇ ਡਰਾਈਵਰਾਂ ਬਲਬੀਰ ਅਤੇ ਗੁਰਮੀਤ ਨੂੰ ਵੀ ਪ੍ਰਦੁਮਣ ਸਿੰਘ ਦੇ ਅਹਿਸਾਨ ਥੱਲੇ ਰਹਿ ਕੇ ਕੰਮ ਕਰਨਾ ਪੈਂਦਾ ਹੈ। ਅਜਿਹੇ ਨੌਜਵਾਨਾਂ ਨੂੰ ਜੀਵਨ ਬਤੀਤ/ ਬਸਰ ਕਰਨ ਲਈ ਜੋਧ ਸਿੰਘ ਵਰਗੇ ਮਕਾਨ ਮਾਲਕਾਂ ਦੇ ਅਜਿਹੇ ਮਕਾਨਾਂ ਵਿਚ ਵੀ ਰਹਿਣਾ ਪੈਂਦਾ ਹੈ ਜਿਨ੍ਹਾਂ ਦੀ ਹਾਲਤ ਏਨੀ ਖ਼ਰਾਬ ਹੁੰਦੀ ਹੈ ਕਿ ਜਿਥੋਂ ਕਈ ਵਾਰ ਟੀ. ਬੀ. ਵਰਗੀਆਂ ਨਾ-ਮੁਰਾਦ ਬਿਮਾਰੀਆਂ ਲੱਗਣ ਦਾ ਡਰ ਹਮੇਸ਼ਾਂ ਬਣਿਆ ਰਹਿੰਦਾ ਹੈ। ਇੱਥੇ ਹੀ ਬੱਸ ਨਹੀਂ ਅਜਿਹੇ ਨੌਜਵਾਨ ਫੜੇ ਜਾਣ ਦੇ ਡਰ ਕਾਰਨ ਆਪਣੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਦਾ ਸਥਾਨਕ ਡਾਕਟਰਾਂ ਕੋਲੋਂ ਇਲਾਜ ਵੀ ਨਹੀਂ ਕਰਵਾ ਸਕਦੇ ਜੋ ਬਾਅਦ ਵਿਚ ਵੱਡੀਆਂ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਨਾਵਲ ਵਿਚ ਦੇਬੀ ਵਰਗੇ ਪਾਤਰ ਅਜਿਹੀਆਂ ਹੀ ਪ੍ਰਸਥਿਤੀਆਂ ਨਾਲ ਜੂਝਦੇ ਦਿਖਾਈ ਦਿੰਦੇ ਹਨ :-

ਦੇਬੀ ਦੀ ਲੱਤ ਬਾਰੇ ਉਹ ਸਾਰੇ ਹੀ ਫ਼ਿਕਰਮੰਦ ਹਨ। ਪਰ ਦੇਬੀ ਦੇ ਗੈਰ-ਕਾਨੂੰਨੀ ਰਹਿੰਦੇ ਹੋਣ ਕਰਕੇ ਡਾਕਟਰ ਤਾਈਂ ਪਹੁੰਚ ਨਹੀਂ ਕਰ ਸਕਦੇ। ਦੇਬੀ ਦੀ ਲੱਤ ਦਾ ਛੋਟਾ ਜਿਹਾ ਜਖ਼ਮ ਇਲਾਜ਼ ਖੁਣੋਂ ਹੀ ਪੂਰੀ ਲੱਤ ‘ਤੇ ਫੈਲ ਜਾਂਦਾ ਹੈ।14

ਅਟਵਾਲ ਪਰਵਾਸ ਧਾਰਨ ਕਰਨ ਲਈ ਵਿਆਹ ਵਰਗੇ ਸੰਬੰਧਾਂ ਉੱਪਰ ਵੀ ਝਾਤ ਪਆਉਂਦਾ ਹੈ ਕਿ ਅਸਿੱਧੇ ਢੰਗ ਨਾਲ ਵਿਦੇਸ਼ਾਂ ਵਿਚ ਗਏ ਨੌਜਵਾਨ ਮੁਸੀਬਤਾਂ ਵਿਚ ਫਸੇ ਹੋਣ ਕਾਰਨ ਪੱਕੇ ਹੋਣ ਲਈ ਆਪਣੇ ਤੋਂ ਕਿਤੇ ਵੱਧ ਉਮਰ ਦੀਆਂ ਔਰਤਾਂ ਨਾਲ ਵਿਆਹ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਗਏ ਨੌਜਵਾਨਾਂ ਦੀ ਮੁਸੀਬਤਾਂ ਭਰੀ ਜ਼ਿੰਦਗੀ ਦੀ ਪੇਸ਼ਕਾਰੀ ਕਰਦਾ ਹਰਜੀਤ ਅਟਵਾਲ ਦਾ ਇਹ ਨਾਵਲ ਪਰਵਾਸੀ ਔਰਤ ਦੀ ਅਧੋਗਤੀ ਅਤੇ ਮਾੜੀ ਹਾਲਤ ਨੂੰ ਮਾਨਵੀ ਪਰਿਪੇਖ ਰਾਹੀਂ ਪ੍ਰਗਟਾਉਂਦਾ ਹੋਇਆ ਉਨ੍ਹਾਂ ਗਰਜ਼ ਅਧਾਰਿਤ ਰਿਸ਼ਤਿਆਂ ਦੇ ਪਾਜ ਵੀ ਉਘਾੜਦਾ ਹੈ ਜੋ ਮਨੁੱਖੀ ਰਿਸ਼ਤਿਆਂ ਦੀ ਸਾਰਥਿਕਤਾ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹਨ। ਇਸ ਨਾਵਲ ਵਿਚ ਕੁਲਬੀਰੋ ਜਿਸ ਦੇ ਮਾਪੇ ਲਾਲਚ ਵੱਸ ਆਪਣੀ ਪੜ੍ਹੀ-ਲਿਖੀ ਕੁਆਰੀ ਕੁੜੀ ਨੂੰ ਉਸ ਦੇ ਹੀ ਜੀਜੇ ਨਾਲ ਵਿਆਹ ਕੇ ਇੰਗਲੈਂਡ ਤੋਰਦੇ ਹਨ। ਇੰਗਲੈਂਡ ਪਹੁੰਚ ਕੇ ਉਸਦਾ ਜੀਜਾ ਉਸ ਨੂੰ ਸਰੀਰਕ ਅਤੇ ਮਾਨਸਿਕ ਕਸ਼ਟ ਦੇਣ ਦੇ ਨਾਲ-ਨਾਲ ਉਸ ਕੋਲੋਂ ਪੈਸਿਆਂ ਦੀ ਮੰਗ ਵੀ ਕਰਦਾ ਹੈ। ਪੈਸਿਆਂ ਦੀ ਮੰਗ ਪੂਰੀ ਨਾ ਹੋਣ ‘ਤੇ ਉਹ ਕੁਲਬੀਰੋ ਨੂੰ ਗੋਲੀ ਮਾਰ ਕੇ ਆਪ ਵੀ ਫਾਹਾ ਲੈ ਕੇ ਮਰ ਜਾਂਦਾ ਹੈ। ਇੱਥੇ ਇਹ ਕਹਿਣਾ ਵੀ ਉਚਿਤ ਹੋਵੇਗਾ ਕਿ ਮਰਦ ਕੇਵਲ ਪਤੀ ਦੇ ਰੂਪ ਵਿਚ ਹੀ ਔਰਤ ਦੇ ਦੁੱਖਾਂ ਦਾ ਕਾਰਨ ਨਹੀਂ ਬਣਦਾ ਸਗੋਂ ਉਸ ਵਿਚ ਵੱਡਾ ਹਿੱਸਾ ਉਸਦੇ ਮਾਂ-ਬਾਪ ਦਾ ਵੀ ਹੁੰਦਾ ਹੈ। ਜਿਹੜੇ ਧੀਆਂ ਨੂੰ ਮਾਧਿਅਮ ਬਣਾ ਕੇ ਵਿਦੇਸ਼ਾਂ ਵਿਚ ਵਸਣ ਦੇ ਸੁਪਨੇ ਦੇਖਦੇ ਹਨ। ਇਸੇ ਤਰ੍ਹਾਂ ਕੁਲਜੀਤ ਅਤੇ ਬਲਵਿੰਦਰ ਕੌਰ ਉਰਫ਼ ਬੌਬੀ ਨੂੰ ਵੀ ਇੰਲੈਂਡ ਵਾਗੇ ਬੇਗ਼ਾਨੇ ਮੁਲਕਾਂ ਵਿਚ ਸੁਹਰਿਆਂ ਵਲੋਂ ਠੁਕਰਾਏ ਜਾਣ ‘ਤੇ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸ ਨਾਵਲ ਵਿਚ ਪ੍ਰੀਤੀ ਵੀ ਅਜਿਹੀ ਹੀ ਪਰਵਾਸੀ ਔਰਤ ਹੈ ਜੋ ਪੜ੍ਹੀ-ਲਿਖੀ ਹੋਣ ਦੇ ਨਾਲ-ਨਾਲ ਭਾਰਤ ਵਿਚ ਤਾਂ ਨਾਟਕਾਂ/ ਡਰਾਮਿਆਂ ਦੀ ਟੌਪਰ ਹੁੰਦੀ ਹੈ। ਪਰ ਇੰਗਲੈਂਡ ਵਿਚ ਉਸ ਦਾ ਦੁਹਾਜੂ ਪਤੀ ਉਸ ਦੀ ਇਸ ਕਲਾ ਦਾ ਵਿਰੋਧ ਹੀ ਨਹੀਂ ਕਰਦਾ ਬਲਕਿ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਅਤੇ ਬੱਚਿਆਂ ਦੇ ਮਨਾਂ ਅੰਦਰ ਵੀ ਉਸਦੀ ਕਲਾ ਪ੍ਰਤੀ ਨਫਰਤ ਭਰ ਕੇ ਉਸ ਨੂੰ ਮਾਨਸਿਕ ਸੰਤੁਲਨ ਗਵਾਉਣ ਦੀ ਹੱਦ ਤੱਕ ਪਹੁੰਚਾ ਦਿੰਦਾ ਹੈ। ਅਜਿਹੀ ਸਥਿਤੀ ਵਿਚ ਉਹ ਆਪਣੇ ਪਤੀ ਦਾ ਕਤਲ ਕਰ ਦਿੰਦੀ ਹੈ। ਇੰਗਲੈਂਡ ਵਰਗੇ ਬੇਗ਼ਾਨੇ ਮੁਲਕਾਂ ਵਿਚ ਅਣਕਿਆਸੇ ਦੁਖਾਂਤ ਭੋਗਣ ਦੇ ਬਾਵਜੂਦ ਵੀ ਪੀ੍ਰਤੀ, ਕੁਲਬੀਰੋ ਅਤੇ ਕੁਲਜੀਤ ਵਰਗੀਆਂ ਪੜ੍ਹੀਆਂ-ਲਿਖੀਆਂ ਲੜਕੀਆਂ ਆਪਣੇ ਘਰਾਂ ਦੇ ਉੱਜੜ ਜਾਣ ਦੇ ਡਰ ਕਾਰਨ ਨਾ ਤਾਂ ਪੁਲਿਸ ਜਾਂ ਫਿਰ ਔਰਤ ਪੱਖੀ ਜਥੇਬੰਦਕ ਕਮੇਟੀਆਂ (ਜਿਵੇਂ ਸਿਸਟਰ ਇੰਨਹੈਂਡਜ਼ ਕਮੇਟੀਆਂ) ਕੋਲ ਆਪਣੇ ਪਤੀ ਜਾਂ ਸਹੁਰਿਆਂ ਵਿਰੁੱਧ ਸ਼ਕਾਇਤ ਹੀ ਦਰਜ ਕਰਵਾਉਂਦੀਆਂ ਹਨ ਅਤੇ ਨਾ ਹੀ ਮਾਂ-ਬਾਪ ਦੀ ਇੱਜ਼ਤ ਖ਼ਾਤਰ ਇੰਡੀਆ ਵਾਪਸ ਜਾਂਦੀਆਂ ਹਨ। ਬਲਕਿ ਪਰਵਾਸੀ ਯਥਾਰਥ ਵਿਚਲੇ ਹਾਲਾਤ ਨਾਲ ਹੀ ਸਮਝੌਤਾ ਕਰਕੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਲੈਂਦੀਆਂ ਹਨ। ਇਸ ਤਰ੍ਹਾਂ ਅਟਵਾਲ ਦੇ ਇਸ ਨਾਵਲ ਵਿਚ ਪਰਵਾਸੀ ਔਰਤ ਦੀ ਦੁਖਾਂਤਕ ਸਥਿਤੀ ਦੇ ਵੇਰਵੇ ਵਧੇਰੇ ਤਿੱਖੇ ਹਨ। ਇਹ ਨਾਵਲ ਪੱਛਮੀ ਸਮਾਜ ਦੀਆਂ ਔਰਤ ਪੱਖੀ ਸਮਾਜਿਕ ਸੰਸਥਾਵਾਂ/ ਕਮੇਟੀਆਂ ਅਤੇ ਕਾਨੂੰਨਾਂ ਦਾ ਵੀ ਸਹਿਜ ਪ੍ਰਗਟਾ ਕਰਦਾ ਹੈ। ਜਿਵੇਂ ਪ੍ਰੀਤੀ ਦੁਆਰਾ ਆਪਣੇ ਪਤੀ ਦਾ ਕਤਲ ਕਰਨ ‘ਤੇ ਸਿਸਟਰ ਇੰਨਹੈਂਡਜ ਕਮੇਟੀ ਵੱਲੋਂ ਉਸ ਦੇ ਹੱਕ ਵਿਚ ਮੁਜ਼ਹਰਾ ਕਰਨ ‘ਤੇ ਅਦਾਲਤ ਪ੍ਰੀਤੀ ਦੇ ਪਤੀ ਦੇ ਬੁਰੇ ਵਿਵਹਾਰ ਨੂੰ ਧਿਆਨ ਵਿਚ ਰੱਖਦਿਆਂ ਉਸ ਨੂੰ ਉਮਰ ਕੈਦ ਦੀ ਥਾਂ ਦੋ ਸਾਲ ਦੀ ਸਜ਼ਾ ਹੀ ਸਣਾਉਂਦੀ ਹੈ। ਪਰਵਾਸੀਆਂ ਦੀਆਂ ਉਪਰੋਕਤ ਸਮੱਸਿਆਵਾਂ ਤੋਂ ਇਲਾਵਾ ਨਾਵਲਕਾਰ ਆਪਣੇ ਇਸ ਨਾਵਲ ਵਿਚ ਪ੍ਰਦੁਮਣ ਸਿੰਘ ਵਰਗੇ ਪਾਤਰਾਂ ਰਾਹੀਂ ਜਿੱਥੇ ਪਰਵਾਸ ਅੰਦਰ ਪੰਜਾਬੀਆਂ ਦੀ ਮਿਹਨਤ ਅਤੇ ਮੁਸ਼ੱਕਤ ਭਰੀ ਬਿਰਤੀ ਸਦਕਾ ਛੋਟੇ-ਛੋਟੇ ਕੰਮਾਂ ਤੋਂ ਵੱਡੇ ਕਾਰੋਬਾਰ ਸਥਾਪਿਤ ਕਰਨ ਦੀ ਹਾਮੀ ਭਰਦਾ ਹੈ ਉੱਥੇ ਇਸੇ ਹੀ ਪਾਤਰ ਰਾਹੀਂ ਮਾਨਵੀ ਕਿਰਦਾਰ ਵਿਚ ਆਏ ਬੇ-ਤਰਤੀਬੇਪਨ (ਪ੍ਰਦੁਮਣ ਸਿੰਘ ਦੁਆਰਾ ਆਪਣੀ ਹੀ ਸਮੋਸਿਆ ਦੀ ਦੁਕਾਨ ‘ਤੇ ਕੰਮ ਕਰਦੀਆਂ ਕੁਲਜੀਤ, ਕੁਲਬੀਰੋ ਅਤੇ ਫਰੀਦਾ ਵਰਗੀਆਂ ਮਜਬੂਰ ਲੜਕੀਆਂ ਦਾ ਸਰੀਰਕ ਸ਼ੋਸ਼ਣ) ਦੀ ਪੇਸ਼ਕਾਰੀ ਕਰਦਾ ਹੋਇਆ ਪ੍ਰਦੁਮਣ ਸਿੰਘ ਦੇ ਰਿਸ਼ਤੇਦਾਰ ਕਾਰੇ ਵਰਗੇ ਪਾਤਰਾਂ ਰਾਹੀਂ ਪੰਜਾਬੀਆਂ ਦੀ ਬੇਈਮਾਨ ਬਿਰਤੀ ਦਾ ਜ਼ਿਕਰ ਵੀ ਕਰਦਾ ਹੈ। ਇਸ ਤੋਂ ਇਲਾਵਾ ਪ੍ਰਦੁਮਣ ਸਿੰਘ ਦੇ ਲੜਕੇ ਰਾਜਵਿੰਦਰ ਵਰਗੇ ਪਾਤਰਾਂ ਰਾਹੀਂ ਪੱਛਮ ਵਿਚ ਪ੍ਰਚਲਿਤ ਮਾਨਸਿਕ ਵਿਕਰਤੀ ਦਾ ਰੂਪ ਸਮਲਿੰਗਕਤਾ/ ਬੱਚਿਆਂ ਅੰਦਰ ਗੇਅ ਬਣਨ ਦੀ ਰੁਚੀ ਵਰਗੀ ਸਮੱਸਿਆ ਨੂੰ ਵੀ ਪਾਠਕਾਂ ਦੇ ਸਨਮੁੱਖ ਕਰਦਾ ਹੈ। ਹਰਜੀਤ ਅਟਵਾਲ ਪਰਵਾਸ ਵਿਚ ਪੰਜਾਬੀ ਸਾਹਿਤ ਸਭਿਆਚਾਰ ਦੀ ਸਥਿਤੀ ਪੱਖੋਂ ਵੀ ਅਵੇਸਲਾ ਨਹੀਂ ਹੈ। ਨਾਵਲ ਵਿਚੋਂ ਇਹ ਗੱਲ ਵੀ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਕਲਚਰ ਦੀ ਚਿੰਰਜੀਵੀ ਸੰਭਾਲ ਦੇ ਮਨੋਰਥ ਨੂੰ ਮੁੱਖ ਰੱਖਦਿਆਂ ਪਰਵਾਸੀ ਸਮਾਜ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਪਰੰਤੂ ਕੁਝ ਇੱਕ ਸਵਾਰਥੀ ਲੋਕ ਜਿੱਥੇ ਇਨ੍ਹਾਂ ਸਰਗਰਮੀਆਂ ਵਿਚ ਆਪਣਾ ਰਾਜਨੀਤਿਕ ਮੰਤਵ ਪੂਰਾ ਕਰਨ ਲਈ ਇਨ੍ਹਾਂ ਦੀ ਦੁਰਵਰਤੋਂ ਕਰਦੇ ਹਨ ਉੱਥੇ ਕੁਝ ਇੱਕ ਅਜਿਹੇ ਲੇਖਕ ਜਾਂ ਲੇਖਿਕਾਵਾਂ ਵੀ ਹਨ ਜੋ ਆਪਣੀ ਸਾਹਿਤਕ ਪ੍ਰਸਿੱਧੀ ਲਈ/ ਬੱਲੇ-ਬੱਲੇ ਕਰਵਾਉਣ ਦੇ ਯਤਨਾਂ ਵਿਚ ਹੀ ਵਿਦੇਸ਼ ਪਹੁੰਚਦੇ ਹਨ। ਅਜਿਹੇ ਲੋਕਾਂ ਦੀ ਚਿੰਤਾ ਨਾ ਮਾਨਵ ਤੇ ਨਾ ਹੀ ਸਾਹਿਤ ਹੈ ਬਲਕਿ ਇਨ੍ਹਾਂ ਦੀ ਮੁੱਖ ਚਿੰਤਾ ਕਿਸੇ ਦੀ ਜਾਇਦਾਦ ਉੱਪਰ ਕਬਜ਼ਾ ਕਰਨਾ ਹੈ ਜਾਂ ਫਿਰ ਇੰਗਲੈਂਡ ਵਰਗੇ ਦੇਸ਼ਾਂ ਵਿਚ ਪਹੁੰਚਣ ਲਈ ਸਾਹਿਤ ਨੂੰ ਆਧਾਰ ਬਣਾ ਕੇ ਧਨ ਕਮਾਉਣਾ ਅਤੇ ਉੱਥੇ ਸਥਾਪਿਤ ਜਾਂ ਸੈਟਲ ਹੋਣਾ ਹੈ। ਇਸ ਨਾਵਲ ਵਿਚ ਗਰੇਵਾਲ ਵਰਗਾ ਪਾਤਰ ਆਪਣੇ ਭਰਾਵਾਂ ਦਾ ਸਤਾਇਆ ਮਾਨਸਿਕ ਤੌਰ ‘ਤੇ ਟੁੱਟਾ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੁੰਦਾ ਹੈ ਪਰ ਭਾਰਤ ਤੋਂ ਆਈ ਕਵਿਤਰੀ ਸ਼ੀਲਾ ਸਪੈਰੋ ਨੂੰ ਗਰੇਵਾਲ ਦੀ ਚਿੰਤਾ ਤੋਂ ਵੱਧ ਉਸ ਦੀ ਜਾਇਦਾਦ ਨੂੰ ਹਥਿਆਉਣ ਦੀ ਚਿੰਤਾ ਹੈ। ਅਜਿਹੀਆਂ ਪ੍ਰਸਥਿਤੀਆਂ ਵਿਚ ਹਰਜੀਤ ਅਟਵਾਲ ਮਾਨਵੀ ਕਿਰਦਾਰ ਦੀਆਂ ਕਮੀਨਗੀਆਂ ਨੂੰ ਵਿਅੰਗਆਤਮਕ ਢੰਗ ਨਾਲ ਪਾਠਕਾਂ ਤੱਕ ਪਹੁੰਚਾਉਂਦਾ ਹੈ।

ਅਜਿਹਾ ਨਹੀਂ ਹੈ ਕਿ ਸਾਊਥਾਲ ਅੰਦਰ ਸਮੁੱਚਾ ਵਰਤਾਰਾ ਵਰਤ ਰਿਹਾ ਹੈ ਅਤੇ ਉਸ ਉੱਪਰ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਜਾ ਰਹੀ। ਇਸ ਨਾਵਲ ਵਿਚ ਜਗਮੋਹਣ ਸਹੀ ਸੋਚ ਦੀ ਪ੍ਰਤੀਨਿਧਤਾ ਕਰਦਾ ਇੱਕ ਅਜਿਹਾ ਪਾਤਰ ਹੈ ਜੋ ਉਪਰੋਕਤ ਸਾਰੀਆਂ ਸਮੱਸਿਆਵਾਂ ਪ੍ਰਤੀ ਚਿੰਤਤ ਹੀ ਨਹੀਂ ਹੈ ਬਲਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਵਿਚ ਵੀ ਹੈ। ਪਰੰਤੂ ਇਸ ਪਾਤਰ ਦਾ ਦੁਖਾਂਤ ਇਹ ਹੈ ਕਿ ਉਹ ਹਰ ਘਟਨਾ ਬਾਰੇ ਸਹੀ ਸੋਚ ਰੱਖਦਾ ਹੋਇਆ ਵੀ ਕੁਝ ਕਰਨ ਤੋਂ ਅਸਮਰੱਥ ਦਿਖਾਈ ਦਿੰਦਾ ਹੈ। ਉਸ ਦੀ ਇਹ ਅਸਮਰੱਥਾ ਉਸਦੇ ਵਰਗ ਚਰਿੱਤਰ ਨਾਲ ਜੁੜੀ ਹੋਈ ਹੈ ਜੋ ਸਮੂਹਿਕ ਸੋਚ ਨੂੰ ਵਿਕਸਿਤ ਅਤੇ ਸੰਗਠਿਤ ਨਹੀਂ ਕਰ ਸਕਦਾ। ਜਗਮੋਹਣ ਸਾਊਥਾਲ ਅੰਦਰਲੀਆਂ ਸਮੱਸਿਆਵਾਂ ਉੱਪਰ ਜੋ ਪ੍ਰਤੀਕਰਮ ਪੇਸ਼ ਕਰਦਾ ਹੈ ਉਹ ਸਹੀ ਹੁੰਦਾ ਹੋਇਆ ਵੀ ਸਮੁੱਚੇ ਭਾਈਚਾਰੇ ਦੇ ਵਿਚਾਰਾਂ ਅਨੁਸਾਰ ਗਲਤ ਹੈ। ਸਮੂਹਿਕਤਾ ਦੇ ਅੱਗੇ ਵਿਚਾਰਾਂ ਦੀ ਵੱਖਰਤਾ ਅਤੇ ਇੱਕਲਤਾ ਕਾਰਨ ਹੀ ਜਗਮੋਹਣ ਨਾਵਲ ਦੇ ਆਖ਼ਿਰ ਵਿਚ ਵੀ ਇਕੱਲਾ ਅਤੇ ਅਲੱਗ ਹੀ ਖੜ੍ਹਾ ਦਿਖਾਈ ਦਿੰਦਾ ਹੈ ਜਦੋਂ ਸਮੁੱਚਾ ਭਾਈਚਾਰਾ ਜਲੂਸ ਦੇ ਰੂਪ ਵਿਚ ਸੰਪ੍ਰਦਾਇਕ ਰੰਗਣ ਵਿਚ ਰੰਗਿਆ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਆਪਣੇ ਇਸ ਨਾਵਲ ਵਿਚ ਨਾਵਲਕਾਰ ਸਾਊਥਾਲ ਦੀਆਂ ਸਥਾਨਕ ਸਮੱਸਿਆਵਾਂ (ਜਿਵੇਂ ਸਾਊਥਾਲ ਅੰਦਰ ਫੈਲ ਰਹੀ ਗੰਦਗੀ, ਡਰੱਗਜ਼ ਦੀ ਸਮੱਸਿਆ, ਵੱਧ ਰਹੀ ਭੀੜ ਤੇ ਟ੍ਰੈਫਿਕ ਦੀ ਸਮੱਸਿਆ ਅਤੇ ਪੰਜਾਬੀ ਕਲਚਰ ਅਤੇ ਪੰਜਾਬੀ ਜ਼ੁਬਾਨ ਨੂੰ ਸੰਭਾਲਣ ਦੀ ਸਮੱਸਿਆ ਆਦਿ) ਪ੍ਰਤੀ ਚਿੰਤਾ ਵਿਅਕਤ ਕਰਦਾ ਹੋਇਆ ਸਾਊਥਾਲ ਅੰਦਰ ਆ ਰਹੇ ਬਦਲਾਵ ਕਾਰਨ ਆਈ. ਡਬਲਯੂ. ਏ. (ਇੰਡੀਅਨ ਵਰਕਰਜ਼ ਐਸੋਸੀਅੇਸ਼ਨਜ਼) ਵਰਗੀ ਸੰਸਥਾ ਨੂੰ ਮੁੜ ਸੁਰਜੀਤ ਕਰਕੇ ਅਤੇ ਨਵੀਂ ਜਨਰੇਸ਼ਨ/ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜ ਕੇ ਇੰਗਲੈਂਡ ਵਰਗੇ ਵਿਕਸਿਤ ਪੂੰਜੀਵਾਦੀ ਦੇਸ਼ ਵਿਚ ਭਾਰਤੀ ਕਮਿਊਨਟੀ ਦੀ ਹੋਂਦ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ ਵੀ ਨਜ਼ਰ ਆਉਂਦਾ ਹੈ। ਨਾਵਲ ਦੇ ਅੰਤ ਵਿਚ ਭਾਰਤੀ ਕਮਿਊਨਟੀ ਦੀ ਹੋਂਦ ਨੂੰ ਹਮੇਸ਼ਾ ਸਥਾਪਿਤ ਰੱਖਣ ਦੇ ਮਨੋਰਥ ਹਿੱਤ ਉਸ ਨਵੀਂ ਜਨਰੇਸ਼ਨ ਪ੍ਰਤੀ ਵੀ ਚਿੰਤਤ ਹੁੰਦਾ ਨਜ਼ਰ ਆਉਂਦਾ ਹੈ ਜਿਹੜੀ ਆਪਣੇ-ਆਪ ਨੂੰ ਇੰਡੀਅਨ ਨਹੀਂ ਬ੍ਰਿਟਿਸ਼ ਅਖਵਾਉਣਾ ਹੀ ਜ਼ਿਆਦਾ ਮੁਨਾਸਿਬ ਸਮਝਦੀ ਹੈ। ਉਪਰੋਕਤ ਵਿਚਾਰਾਂ ਦੇ ਆਧਾਰ ‘ਤੇ ਇਸ ਸਿੱਟੇ ‘ਤੇ ਪਹੁੰਚਿਆ ਜਾ ਸਕਦਾ ਹੈ ਕਿ ਅਟਵਾਲ ਦੇ ਇਸ ਨਾਵਲ ਦਾ ਗਲਪੀ ਬਿਰਤਾਂਤ ਪੰਜਾਬ ਵਿਚਲੀ ਖ਼ਾਲਿਸਤਾਨੀ ਲਹਿਰ ਦੇ ਪ੍ਰਭਾਵ ਨੂੰ ਸਿਰਜਦਾ ਹੋਇਆ ਪਰਵਾਸੀ ਮਨੁੱਖ ਦੀਆਂ ਪਰਤ ਦਰ ਪਰਤ ਸਮੱਸਿਆਵਾਂ ਦੀ ਪੇਸ਼ਕਾਰੀ ਕਰਦਾ ਹੋਇਆ ਵਰਤਮਾਨ ਸਥਿਤੀ ਦੇ ਨਾਲ-ਨਾਲ ਭਵਿੱਖ-ਮੁੱਖੀ ਸਮੱਸਿਆਵਾਂ ਤੱਕ ਵੀ ਅੱਪੜਦਾ ਹੈ। ਕਿਉਂਕਿ ਅਟਵਾਲ ਨੇ ਇਸ ਨਾਵਲ ਵਿਚ ਪਰਵਾਸੀ ਜੀਵਨ ਦੇ ਹਰ ਪੱਖ ਨੂੰ ਪੇਸ਼ ਕੀਤਾ ਹੈ ਇਸ ਲਈ ਕਿਹਾ ਜਾ ਸਕਦਾ ਹੈ ਕਿ ਇਸ ਨਾਵਲ ਦਾ ਬਿਰਤਾਂਤ ਬਹੁਮੁੱਖੀ/ ਬਹੁਪੱਖੀ ਦ੍ਰਿਸ਼ਟੀ ਨੂੰ ਸਿਰਜਣ ਦੇ ਮਨੋਰਥ ਹਿੱਤ ਨਾ ਤਾਂ ਪਰੰਪਰਾਵਾਦੀ ਹੈ ਅਤੇ ਨਾ ਹੀ ਆਧੁਨਿਕ ਨਾਵਲ ਦੇ ਰੂਪ ਵਾਲਾ ਬਲਕਿ ਨਾਵਲੀ ਲੋੜਾਂ ਅਨੁਸਾਰ ਨਵੇਂ ਰੂਪ ਵਾਲਾ ਹੈ।
—————————————————-
ਹਵਾਲੇ
1. ਡਾ. ਗੁਰਪਾਲ ਸਿੰਘ ਸੰਧੂ, ‘ਪੰਜਾਬੀ ਪਰਵਾਸ ਦਾ ਬਦਲਦਾ ਯਥਾਰਥ’, ਪੰਜਾਬੀ ਟ੍ਰਿਬਿਊਨ, ਅੰਕ ਐਤਵਾਰ, 19 ਐਪ੍ਰਲ 2009, ਪੰਨਾ-8.
2. ਹਰਜੀਤ ਅਟਵਾਲ, ਸਾਊਥਾਲ, ਪੰਨਾ-120.
3. ਉਹੀ, ਪੰਨਾ-19.
4. ਉਹੀ, ਪੰਨਾ-18.
5. ਉਹੀ, ਪੰਨਾ-44.
6. ਉਹੀ, ਪੰਨਾ-28.
7. ਡਾ. ਹਰਬਿੰਦਰ ਕੌਰ, ਉੱਤਰੀ ਅਮਰੀਕਾ ਦਾ ਪੰਜਾਬੀ ਸਾਹਿਤ : ਸਮਾਜ ਸ਼ਾਸ਼ਤਰੀ ਪਰਿਪੇਖ, ਪੰਨਾ-219.
8. ਹਰਜੀਤ ਅਟਵਾਲ, ਸਾਊਥਾਲ, ਪੰਨਾ-268.
9. ਉਹੀ, ਪੰਨਾ-15.
10. ਉਹੀ, ਪੰਨਾ-72.
11. ਡਾ. ਹਰਬਿੰਦਰ ਕੌਰ, ਉੱਤਰੀ ਅਮਰੀਕਾ ਦਾ ਪੰਜਾਬੀ ਸਾਹਿਤ : ਸਮਾਜ ਸ਼ਾਸ਼ਤਰੀ ਪਰਿਪੇਖ, ਪੰਨਾ-209.
12. ਹਰਜੀਤ ਅਟਵਾਲ, ਸਾਊਥਾਲ, ਪੰਨਾ-286.
13. ਡਾ. ਗੁਰਪਾਲ ਸਿੰਘ ਸੰਧੂ, ‘ਪੰਜਾਬੀ ਪਰਵਾਸ ਦਾ ਬਦਲਦਾ ਯਥਾਰਥ’ ਪੰਜਾਬੀ ਟ੍ਰਿਬਿਊਨ, ਅੰਕ ਐਤਵਾਰ, 19 ਐਪ੍ਰਲ, 2009, ਪੰਨਾ-8.
14. ਹਰਜੀਤ ਅਟਵਾਲ, ਸਾਊਥਾਲ, ਪੰਨਾ-244.
***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 10 ਜਨਵਰੀ 2010)
(ਦੂਜੀ ਵਾਰ 22 ਅਪ੍ਰੈਲ 2022)

***
748

ਪਿੰਡ ਤੇ ਡਾਕਖਾਨਾ : ਸ਼ੇਰਗੜ੍ਹ, ਜਿ਼ਲ੍ਹਾ ਹੁਸਿ਼ਆਰਪੁਰ-146001 ਪੰਜਾਬ (ਇੰਡੀਆ)

ਰਵਿੰਦਰ ਕੌਰ

ਪਿੰਡ ਤੇ ਡਾਕਖਾਨਾ : ਸ਼ੇਰਗੜ੍ਹ, ਜਿ਼ਲ੍ਹਾ ਹੁਸਿ਼ਆਰਪੁਰ-146001 ਪੰਜਾਬ (ਇੰਡੀਆ)

View all posts by ਰਵਿੰਦਰ ਕੌਰ →