28 March 2024

ਸ਼ਬਦਾਂ ਦੀ ਪਰਵਾਜ਼ — ਜਸਵੀਰ ਸਿੰਘ ਪਾਬਲਾ

 

ਸ਼ਬਦਾਂ ਦੀ ਪਰਵਾਜ਼

ਜਸਵੀਰ ਸਿੰਘ ਪਾਬਲਾ

ਸ਼ਬਦ ਕਿਵੇਂ ਬਣੇ?

(ਧੁਨੀਆਂ ਦੀ ਧਮਾਲ !) -(شبد کیسے بنے۔):
#ਸ਼ਬਦ-ਵਿਉਤਪਤੀ ਸੰਬੰਧੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੂਲ ਰੂਪ ਵਿੱਚ ਸ਼ਬਦ ਅਨਪੜ੍ਹ ਲੋਕਾਂ ਨੇ ਬਣਾਏ ਹਨ; ਵਿਦਵਾਨਾਂ ਨੇ ਤਾਂ ਬਾਅਦ ਵਿੱਚ ਉਹਨਾਂ ਦੁਆਰਾ ਰਚਿਤ ਮੂਲ ਸ਼ਬਦਾਂ ਤੋਂ ਹੋਰ ਸ਼ਬਦ ਬਣਾਏ ਹਨ।ਉਹਨਾਂ ਅਨੁਸਾਰ ਦੁਨੀਆ ਦੀ ਕਿਸੇ ਵੀ ਭਾਸ਼ਾ ਦੀ ਮੂਲ ਸ਼ਬਦਾਵਲੀ ਪੜ੍ਹੇ-ਲਿਖੇ ਲੋਕਾਂ ਨੇ ਨਹੀਂ ਸਗੋਂ ਅਨਪੜ੍ਹ ਲੋਕਾਂ ਨੇ ਬਿਨਾਂ ਕਿਸੇ ਵਿਸ਼ੇਸ਼ ਜਤਨ ਦੇ, ਸਹਿਜ-ਸੁਭਾਵਿਕ ਰੂਪ ਵਿੱਚ ਹੀ ਬਣਾਈ ਹੈ।
ਸ਼ਬਦ-ਵਿਉਤਪਤੀ ਸੰਬੰਧੀ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਧੁਨੀਆਂ ਦੇ ਆਪਣੇ ਕੋਈ ਅਰਥ ਨਹੀਂ ਹੁੰਦੇ। ਧੁਨੀਆਂ ਦੇ ਮੇਲ਼ ਨਾਲ਼ ਬਣਨ ਵਾਲ਼ੇ ਸ਼ਬਦਾਂ ਦੇ ਹੀ ਅਰਥ ਹੁੰਦੇ ਹਨ। ਸ਼ਬਦ-ਵਿਉਤਪਤੀ ਦੀ ਪ੍ਰਕਿਰਿਆ ਵਿੱਚ ਧੁਨੀਆਂ ਦਾ ਇਸ ਤੋਂ ਬਿਨਾਂ ਹੋਰ ਕੋਈ ਵੀ ਯੋਗਦਾਨ ਨਹੀਂ ਹੈ।#
ਸ਼ਬਦ-ਰਚਨਾ ਬਾਰੇ ਵਿਦਵਾਨਾਂ ਦੁਆਰਾ ਕੱਢੇ ਗਏ ਉਪਰੋਕਤ ਸਿੱਟਿਆਂ ਨੂੰ ਜੇਕਰ ਗਹੁ ਨਾਲ਼ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਇਹ ਕੰਮ ਅਨਪੜ੍ਹ ਲੋਕਾਂ ਦਾ ਨਹੀਂ ਸਗੋਂ ਪੁਰਾਤਨ ਸਮਿਆਂ ਦੇ ਬਹੁਤ ਹੀ ਜ਼ਹੀਨ ਅਤੇ ਸਿਰਮੌਰ ਵਿਦਵਾਨਾਂ ਦਾ ਹੈ। ਸਿਤਮ ਦੀ ਗੱਲ ਇਹ ਹੈ ਕਿ ਅੱਜ ਤੱਕ ਦੇ ਸਾਡੇ ਵਿਦਵਾਨ ਆਪ ਤਾਂ ਹਜ਼ਾਰਾਂ ਸਾਲ ਪਹਿਲਾਂ ਆਪਣੇ ਪੂਰਵਜਾਂ ਦੁਆਰਾ ਘੜੇ ਗਏ ਸ਼ਬਦਾਂ ਦੀ ਰਚਣ-ਪ੍ਰਕਿਰਿਆ ਤੱਕ ਨੂੰ ਨਹੀਂ ਸਮਝ ਸਕੇ ਪਰ ਉਸ ਸਮੇਂ ਦੇ ਅਨਪੜ੍ਹ ਲੋਕਾਂ ਕੋਲ਼ੋਂ ਉਹ ਸ਼ਬਦ-ਵਿਉਤਪਤੀ ਦਾ ਅਹਿਮ ਕਾਰਜ ਕਰਵਾ ਰਹੇ ਹਨ। ਇਹ ਗੱਲ ਵੀ ਸੋਚਣੀ ਬਣਦੀ ਹੈ ਕਿ ਜਿਸ ਸਮੇਂ ਅਨਪੜ੍ਹ ਲੋਕ ਸ਼ਬਦ-ਵਿਉਤਪਤੀ ਦੇ ਮਹਾਨ ਕਾਰਜ ਨੂੰ ਸਰੰਜਾਮ ਦੇ ਰਹੇ ਸਨ ਤਾਂ ਉਸ ਸਮੇਂ ਉਹਨਾਂ ਦੇ ਸਮਕਾਲੀ ਪੜ੍ਹੇ-ਲਿਖੇ ਵਿਦਵਾਨ ਕੀ ਕਰ ਰਹੇ ਸਨ? ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਹਰ ਕਾਲ-ਖੰਡ ਵਿੱਚ ਸਧਾਰਨ ਲੋਕਾਂ ਦੇ ਨਾਲ਼-ਨਾਲ਼ ਕੁਝ ਨਾ ਕੁਝ ਜ਼ਹੀਨ ਕਿਸਮ ਦੇ ਬੁੱਧੀਜੀਵੀ ਲੋਕ ਵੀ ਹੋਇਆ ਕਰਦੇ ਹਨ ਤੇ ਇਹੋ-ਜਿਹੇ ਸਮਿਆਂ ‘ਤੇ ਉਹ ਕਦੇ ਵੀ ਚੁੱਪ ਕਰਕੇ ਨਹੀਂ ਬੈਠ ਸਕਦੇ; ਜਦਕਿ ਇਹ ਕੰਮ ਤਾਂ ਹੈ ਹੀ ਬਹੁਤ ਸੂਝਵਾਨ ਅਤੇ ਪੜ੍ਹੇ-ਲਿਖੇ ਲੋਕਾਂ ਦਾ। ਇਹ ਲੇਖ ਪੜ੍ਹ ਕੇ ਪਾਠਕ ਇਸ ਗੱਲ ਦਾ ਅੰਦਾਜ਼ਾ ਖ਼ੁਦ ਹੀ ਲਾ ਸਕਦੇ ਹਨ।
ਸ਼ਬਦ-ਵਿਉਤਪਤੀ ਸੰਬੰਧੀ ਉਪਰੋਕਤ ਵਿਚਾਰਧਾਰਾ ਰੱਖਣ ਵਾਲ਼ੇ ਲੋਕਾਂ ਨੂੰ ਮੇਰੇ ਕੁਝ ਸਵਾਲ ਹਨ:
ਜੇਕਰ ਉਪਰੋਕਤ ਵਿਦਵਾਨਾਂ ਦੇ ਕਹਿਣ ਅਨੁਸਾਰ ਸਾਰੇ ਹੀ ਸ਼ਬਦ ਅਟੇ-ਸਟੇ ਅਤੇ ਤੀਰ-ਤੁੱਕੇ ਨਾਲ਼ ਬਣੇ ਹੋਏ ਹਨ ਤਾਂ ਵੱਲ (ਦੋ ਅਰਥ), ਵੇਲ (ਤਿੰਨ ਅਰਥ), ਵਾਲ਼, ਵਾਲ਼ਾ, ਵੇਲਾ ਤੇ ਇਹਨਾਂ ਹੀ ਧੁਨੀਆਂ ਵਾਲ਼ੇ ਅਨੇਕਾਂ ਹੋਰ ਸ਼ਬਦਾਂ ਵਿੱਚ ‘ਵ’ ਅਤੇ ‘ਲ’ ਧੁਨੀਆਂ ਦੇ ਅਰਥ (ਅੱਗੇ ਨੂੰ ਜਾਂ ਦੂਜੀ ਥਾਂ ਵੱਲ ਜਾਣਾ/ਵਧਣਾ) ਇੱਕਸਮਾਨ ਹੀ ਕਿਉਂ ਹਨ? ਇਹਨਾਂ ਸਾਰੇ ਸ਼ਬਦਾਂ ਵਿੱਚ ਕੋਈ ਧਾਤੂ ਵੀ ਸਾਂਝਾ ਨਹੀਂ ਹੈ। ਹੋਰ ਤਾਂ ਹੋਰ, ਇਹਨਾਂ ਵਿਚਲੇ ਦੋ ਜਾਂ ਤਿੰਨ ਅਰਥਾਂ ਵਾਲ਼ੇ ਸ਼ਬਦਾਂ ਦੀਆਂ ਏਨੇ ਅਰਥ ਹੋਣ ਦੀਆਂ ਘੁੰਡੀਆਂ ਵੀ ਇਹਨਾਂ ਵਿਚਲੀਆਂ ਧੁਨੀਆਂ ਦੇ ਅਰਥ ਹੀ ਖੋਲ੍ਹ ਰਹੇ ਹਨ। ਇਹਨਾਂ ਵਿੱਚੋਂ ਵੇਲਾ’ (ਸੰਸਕ੍ਰਿਤ) ਸ਼ਬਦ ਤਾਂ ਬਹੁਤ ਹੀ ਪੁਰਾਣਾ ਹੈ ਜਿਸ ਦੀ ਵਰਤੋਂ ਪ੍ਰਾਚੀਨਤਮ ਧਾਰਮਿਕ ਗ੍ਰੰਥਾਂ ਵਿੱਚ ਵੀ ਕੀਤੀ ਮਿਲ਼ਦੀ ਹੈ। ਇਸ ਦਾ ਹਿੰਦੀ ਰੂਪ ਭਾਵੇਂ ‘ਬੇਲਾ’ ਹੈ ਪਰ ਸੰਸਕ੍ਰਿਤ ਵਿੱਚ ਇਹ ‘ਵੇਲਾ’ ਹੀ ਹੈ। ਇਸ ਪ੍ਰਕਾਰ ਇਹ ਤੇ ਸੰਸਕ੍ਰਿਤ ਭਾਸ਼ਾ ਦੇ ਅਨੇਕਾਂ ਹੋਰ ਸ਼ਬਦ ਹਿੰਦੀ ਨਾਲ਼ੋਂ ਪੰਜਾਬੀ ਦੇ ਵਧੇਰੇ ਨਜ਼ਦੀਕ ਹਨ।
ਜਿੱਥੋਂ ਤੱਕ ਵਿਦੇਸ਼ੀ ਬੋਲੀਆਂ ਦੀ ਗੱਲ ਹੈ, ਉਹਨਾਂ ਬਾਰੇ ਤਾਂ ਉਹਨਾਂ ਬੋਲੀਆਂ ਦੇ ਭਾਸ਼ਾ-ਮਾਹਰ/ ਵਿਦਵਾਨ ਹੀ ਦੱਸ ਸਕਦੇ ਹਨ ਕਿ ਉਹ ਕਿਵੇਂ ਬਣੀਆਂ ਹਨ; ਮੂਲ ਰੂਪ ਵਿੱਚ ਅਨਪੜ੍ਹ ਲੋਕਾਂ ਨੇ ਬਣਾਈਆਂ ਹਨ ਕਿ ਪੜ੍ਹੇ-ਲਿਖੇ ਜਾਂ ਵਿਦਵਾਨ ਲੋਕਾਂ ਨੇ ਤੇ ਉਹਨਾਂ ਦੀ ਰਚਣ-ਪ੍ਰਕਿਰਿਆ ਦਾ ਆਧਾਰ ਕੀ ਹੈ ਪਰ ਸਾਡੀਆਂ ਦੇਸੀ ਭਾਸ਼ਾਵਾਂ (ਪੰਜਾਬੀ / ਹਿੰਦੀ ਆਦਿ) ਬਾਰੇ ਜ਼ਰੂਰ ਇਹ ਗੱਲ ਦਾਅਵੇ ਨਾਲ਼ ਕਹੀ ਜਾ ਸਕਦੀ ਹੈ ਕਿ ਇਹਨਾਂ ਦੇ ਸ਼ਬਦ ਅਟੇ-ਸਟੇ ਨਾਲ਼ ਨਹੀਂ ਸਗੋਂ ਧੁਨੀਆਂ ਦੇ ਅਰਥਾਂ ਦੇ ਆਧਾਰ ‘ਤੇ ਹੀ ਬਣੇ ਹਨ।
ਉਪਰੋਕਤ ਉਦਾਹਰਨਾਂ ਵਿਚਲੇ ਸ਼ਬਦਾਂ ਦੀਆਂ ਧੁਨੀਆਂ ਆਪਣੇ ਅਰਥਾਂ ਦੀ ਕਸੌਟੀ ‘ਤੇ ਵੀ ਪੂਰੀ ਤਰ੍ਹਾਂ ਖਰੀਆਂ ਉੱਤਰਦੀਆਂ ਹਨ। ਜੇਕਰ ਇਹਨਾਂ ਸ਼ਬਦਾਂ ਦੇ ਅਰਥਾਂ ਅਨੁਸਾਰ ਦੇਖਿਆ ਜਾਵੇ ਤਾਂ ਕੀ ‘ਵੇਲਾ’ (ਸਮਾਂ) ਅੱਗੇ ਜਾਂ ਦੂਜੀ ਥਾਂ ਵੱਲ ਨਹੀਂ ਵਧਦਾ? ਕੀ ‘ਵਾਲ਼’ ਅੱਗੇ ਵੱਲ ਨਹੀਂ ਵਧਦੇ? ਕੀ ‘ਵੇਲ’ (ਤਿੰਨ ਅਰਥ) ਸ਼ਬਦ ਅੱਗੇ ਵੱਲ ਵਧਣ ਦਾ ਇਸ਼ਾਰਾ ਨਹੀਂ ਕਰ ਰਿਹਾ- ਜਾਂ ਕੀ ਵੱਲ (ਦੋ ਅਰਥ: ਢੰਗ; ਤਰਫ਼ /طرف, ਓਰ/ओर) ਸ਼ਬਦ ਅੱਗੇ ਵੱਲ ਜਾਣ ਦੀ ਪ੍ਰਕਿਰਿਆ ਸੰਬੰਧੀ ਜਾਣਕਾਰੀ ਨਹੀਂ ਦੇ ਰਿਹਾ?
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਧੁਨੀਆਂ ਦੇ ਅਰਥਾਂ ਦਾ ਪਤਾ ਲਾਉਣਾ ਏਨਾ ਅੌਖਾ ਨਹੀਂ ਹੈ। ਰਤਾ ਨੀਝ ਨਾਲ਼ ਦੇਖਿਆ ਜਾਵੇ, ਇਹ ਤਾਂ ਆਪਣੇ ਅਰਥ ਆਪ ਦੱਸਦੀਆਂ ਪ੍ਰਤੀਤ ਹੁੰਦੀਆਂ ਹਨ। ਪਤਾ ਨਹੀਂ ਸਾਡੇ ਵਿਦਵਾਨਾਂ ਨੇ ਉਪਰੋਕਤ ਸਿੱਟੇ ਕਿਵੇਂ, ਕਿਸ ਪ੍ਰਕਾਰ ਅਤੇ ਕਿਹੜੇ ਅਧਿਐਨ ਰਾਹੀਂ ਕੱਢੇ ਹਨ ਜਿਨ੍ਹਾਂ ਅਨੁਸਾਰ ਧੁਨੀਆਂ ਦੇ ਕੋਈ ਅਰਥ ਨਹੀਂ ਹੁੰਦੇ ਅਤੇ ਸ਼ਬਦ-ਰਚਨਾ ਤਾਂ ਨਿਰੇ ਅਨਪੜ੍ਹ ਲੋਕਾਂ ਦੇ ਦਿਮਾਗ਼ ਦੀ ਕਾਢ ਹੈ।
ਉਪਰੋਕਤ ਸ਼ਬਦਾਂ ਦੀਆਂ ਕੁਝ ਉਦਾਹਰਨਾਂ ਤੋਂ ਜਿਵੇਂਕਿ ਉੱਪਰ ਦੱਸਿਆ ਗਿਆ ਹੈ; ਇੱਕ ਗੱਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਕਿ ਕਈ ਵਾਰ ਕੁਝ ਸਮਾਨ ਧੁਨੀਆਂ ਵਾਲ਼ੇ ਅਰਥਾਤ ਇੱਕ ਹੀ ਸ਼ਬਦ ਦੇ ਦੋ ਜਾਂ ਤਿੰਨ ਅਰਥ ਤੱਕ ਵੀ ਨਿਕਲ਼ ਆਉਂਦੇ ਹਨ। ਇਸ ਦਾ ਕਾਰਨ ਵੀ ਧੁਨੀਆਂ ਦੇ ਇੱਕ ਜਾਂ ਇੱਕ ਤੋਂ ਵੱਧ ਅਰਥ ਅਤੇ ਧੁਨੀਆਂ (ਅੱਖਰਾਂ, ਲਗਾਂ, ਲਗਾਖਰਾਂ) ਦੀਆਂ ਵੱਖ-ਵੱਖ ਕਲਾਵਾਂ ਹੀ ਹਨ। ਧੁਨੀਆਂ ਦੇ ਅਰਥਾਂ ਕਾਰਨ ਹੀ ਜਿਵੇਂ-ਜਿਵੇਂ ਸ਼ਬਦਾਂ ਵਿੱਚ ਧੁਨੀਆਂ ਬਦਲਦੀਆ ਹਨ, ਤਿਵੇਂ-ਤਿਵੇਂ ਉਹਨਾਂ ਦੇ ਅਰਥ ਵੀ ਬਦਲਦੇ ਜਾਂਦੇ ਹਨ। ਸ਼ਬਦਾਂ ਦੀ ਅਜਿਹੀ ਸਮਰੱਥਾ ਕੇਵਲ ਅਤੇ ਕੇਵਲ ਧੁਨੀਆਂ ਦੇ ਅਰਥਾਂ ਕਾਰਨ ਹੀ ਸੰਭਵ ਹੈ। ਇਸ ਤੋਂ ਬਿਨਾਂ ਇਸ ਦਾ ਹੋਰ ਕੋਈ ਵੀ ਕਾਰਨ ਨਹੀਂ ਹੈ। ਇੱਕ ਉਦਾਹਰਨ:
ਪੰਜਾਬੀ ਭਾਸ਼ਾ ਦੇ ਤਿੰਨ ਸਜਾਤੀ ਅਗੇਤਰ ਹਨ: ਪਰ, ਪਰਿ ਅਤੇ ਪ੍ਰ। ਇਹਨਾਂ ਅਗੇਤਰਾਂ ਦੀ ਉਦਾਹਰਨ ਰਾਹੀਂ ਅਸੀਂ ਦੇਖਦੇ ਹਾਂ ਕਿ ‘ਪ’ ਅਤੇ ‘ਰ’ ਅੱੱਖਰਾਂ ਦੀ ਸਾਂਝ ਦੇ ਬਾਵਜੂਦ ਧੁਨੀਆਂ ਦੀਆਂ ਕਲਾਵਾਂ ਕਿਵੇਂ ਇਹਨਾਂ ਦੇ ਅਰਥਾਂ ਵਿੱਚ ਅੰਤਰ ਪਾਉਣ ਦਾ ਸਬਬ ਬਣਦੀਆਂ ਹਨ। ਇਹਨਾਂ ਸਾਰੇ ਅਗੇਤਰਾਂ ਵਿੱਚ ‘ਪ’ ਧੁਨੀ ਦੇ ਅਰਥ ਜੋਕਿ ਪਿਛਲੇ ਲੇਖ ਵਿੱਚ ਵੀ ਦੱਸੇ ਗਏ ਸਨ: ਦੋ (ਇੱਕ ਤੋਂ ਵੱਧ), ਦੂਜਾ ਜਾਂ ਦੂਜੀ ਥਾਂ ਵਾਲ਼ੇ ਹੀ ਹਨ। ਇਹਨਾਂ ਅਰਥਾਂ ਅਨੁਸਾਰ ਪਹਿਲੇ ਅਗੇਤਰ ‘ਪਰ’ ਦੇ ਅਰਥ ਹਨ- ਦੂਜੀ ਥਾਂਵੇਂ ਗਿਆ ਹੋਇਆ ਅਰਥਾਤ ਪਰਾਇਆ ਜਾਂ ਗ਼ੈਰ ਆਦਿ, ਜਿਵੇਂ: ਪਰਦੇਸ (ਦੂਜਾ ਜਾਂ ਪਰਾਇਆ ਦੇਸ), ਪਰਉਪਕਾਰ (ਦੂਜੇ ਦਾ ਭਲਾ) ਆਦਿ। ਦੂਜੇ ਅਗੇਤਰ ‘ਪਰਿ’ ਵਿੱਚ ‘ਰ’ ਨੂੰ ਸਿਹਾਰੀ ਪੈਣ ਕਾਰਨ ਇਸ ਦੇ ਅਰਥ ਬਦਲ ਗਏ ਹਨ- ਕਿਸੇ ਚੀਜ਼ ਦੇ ਆਲ਼ੇ-ਦੁਆਲ਼ੇ ਘੁੰਮਣਾ, ਜਿਵੇਂ: ਪਰਿਕਰਮਾ (ਆਪਣੇ ਇਸ਼ਟ ਦੇ ਅਾਲ਼ੇ-ਦੁਆਲ਼ੇ ਘੁੰਮਣਾ), ਪਰਿਸਥਿਤੀ (ਆਲ਼ੇ-ਦੁਆਲੇ ਦੇ ਹਾਲਾਤ) ਆਦਿ। ਤੀਜੇ ਅਗੇਤਰ ਵਿੱਚ ‘ਰ’ ਅੱਖਰ ਪੈਰ ਵਿੱਚ ਪੈਣ ਕਾਰਨ ਇਸ ਅਗੇਤਰ ਦੇ ਅਰਥ ਬਦਲ ਕੇ ‘ਦੂਰ-ਦੂਰ ਤੱਕ’ ਹੋ ਗਏ ਹਨ, ਜਿਵੇਂ : ਪ੍ਰਦੇਸ਼ (ਕਿਸੇ ਦੇਸ ਵਿਚਲਾ ਦੂਰ-ਦੂਰ ਤੱਕ ਦਾ ਇਲਾਕਾ), ਪ੍ਰਸਿੱਧ (ਕਿਸੇ ਚੀਜ਼ ਜਾਂ ਬੰਦੇ ਦੇ ਗੁਣਾਂ ਆਦਿ ਦਾ ਦੂਰ-ਦੂਰ ਤੱਕ ਸਾਬਤ ਹੋ ਜਾਣਾ) ਆਦਿ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਉਪਰੋਕਤ ਤਿੰਨਾਂ ਹੀ ਅਗੇਤਰਾਂ ਦੇ ਅਰਥ ਭਾਵੇਂ ਸਿਫ਼ਤੀ ਤੌਰ ‘ਤੇ ਅਲੱਗ-ਅਲੱਗ ਹਨ ਪਰ ਇਹਨਾਂ ਵਿੱਚ ‘ਪ’ ਤੇ ‘ਰ’ ਦੀਆਂ ਧੁਨੀਆਂ ਮੌਜੂਦ ਹੋਣ ਕਾਰਨ “ਦੂਜੀ ਥਾਂ ‘ਤੇ ਚਲੇ ਜਾਣ ਦੇ ਅਰਥ” ਸਾਰੇ ਅਗੇਤਰਾਂ ਵਿੱਚ ਹੀ ਸਾਂਝੇ ਹਨ। ਧੁਨੀਆਂ ਦਾ ਅਜਿਹਾ ਅਸਚਰਜ ਵਰਤਾਰਾ ਅਤੇ ਸਮਰੱਥਾ ਦੇਖ ਕੇ ਕੌਣ ਕਹਿ ਸਕਦਾ ਹੈ ਕਿ ਧੁਨੀਆਂ ਦੇ ਕੋਈ ਅਰਥ ਨਹੀਂ ਹੁੰਦੇ ਅਤੇ ਸ਼ਬਦ ਨਿਰੇ ਅਨਪੜ੍ਹ ਲੋੋਕਾਂ ਨੇ ਕਿਸੇ ਵਿਸ਼ੇਸ਼ ਚਿੰਤਨ ਰਾਹੀਂ ਨਹੀਂ ਸਗੋਂ ਤੀਰ-ਤੁੱਕੇ ਨਾਲ਼ ਹੀ ਬਣਾਏ ਹਨ।
ਉਪਰੋਕਤ ਉਦਾਹਰਨ ਰਾਹੀਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਸਾਡੀ ਦੇਸੀ ਸ਼ਬਦਾਵਲੀ (ਹਿੰਦੀ / ਪੰਜਾਬੀ ਆਦਿ) ਦੇ ਲਗ-ਪਗ ਸਾਰੇ ਹੀ ਸ਼ਬਦਾਂ ਵਿੱਚ ਕੇਵਲ ਧੁਨੀਆਂ ਅਤੇ ਉੁਹਨਾਂ ਦੇ ਅਰਥਾਂ ਦਾ ਵਰਤਾਰਾ ਹੀ ਪ੍ਰਮੁੱਖ ਹੈ ਜੋਕਿ ਸ਼ਬਦ-ਸਿਰਜਣਾ ਦੇ ਪ੍ਰਕਾਰਜ ਵਿੱਚ ਕਿਸੇ ਸ਼ਬਦ ਨੂੰ ਮਨ-ਇੱਛਤ ਅਰਥ ਦੇਣ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਜਿਵੇਂ ਕਿਸੇ ਇਮਾਰਤ ਦੀ ਉਸਾਰੀ ਲਈ ਸੀਮਿੰਟ, ਰੇਤਾ, ਪਾਣੀ, ਬਜਰੀ, ਸਰੀਆ ਆਦਿ ਬੇਹੱਦ ਲੁੜੀਂਦੇ ਹਨ, ਤਿਵੇਂ ਹੀ ਸ਼ਬਦ-ਰਚਨਾ ਲਈ ਇਹਨਾਂ ਅਰਥ-ਯੁਕਤ ਧੁਨੀਆਂ (ਅੱਖਰਾਂ, ਲਗਾਂ, ਲਗਾਖਰਾਂ) ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ। ਸੋ, ਸਪਸ਼ਟ ਹੈ ਕਿ ਕੇਵਲ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਦੇ ਸਮਾਵੇਸ਼ ਨੂੰ ਹੀ ਕਿਸੇ ਸ਼ਬਦ ਦੇ ਸਾਰਥਕ ਹੋਣ ਦਾ ਸਬਬ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੀਰ-ਤੁੱਕੇ ਜਾਂ ਅਟੇ-ਸਟੇ ਵਾਲ਼ੀ ਗੱਲ ਪੂਰੀ ਤਰ੍ਹਾਂ ਗ਼ਲਤ, ਹਾਸੋਹੀਣੀ ਅਤੇ ਮਨ-ਘੜਤ ਹੈ।
ਆਮ ਤੌਰ ‘ਤੇ ਦੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਸ਼ਬਦ ਇੱਕ ਭਾਸ਼ਾ (ਸਾਡੀਆਂ ਦੇਸੀ ਭਾਸ਼ਾਵਾਂ) ਤੋਂ ਦੂਜੀਆਂ ਭਾਸ਼ਾਵਾਂ ਦੇ ਤਦਭਵ ਰੂਪ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਵੀ ਕਿਸੇ ਹੱਦ ਤੱਕ ਉਸ ਸ਼ਬਦ ਵਿਚਲੀਆਂ ਧੁਨੀਆਂ ਵੀ ਮੂਲ ਭਾਸ਼ਾ ਵਾਲ਼ੇ ਅਰਥਾਂ ਦੀ ਪ੍ਰਤਿਨਿਧਤਾ ਕਰਦੀਆਂ ਸਾਫ਼ ਦਿਖਾਈ ਦਿੰਦੀਆਂ ਹਨ। ਮਿਸਾਲ ਦੇ ਤੌਰ ‘ਤੇ ਕੂਪ (ਸੰਸਕ੍ਰਿਤ), ਕੂੰਆਂ (ਹਿੰਦੀ) ਅਤੇ ਖੂਹ (ਪੰਜਾਬੀ); ਇਹਨਾਂ ਸਾਰੇ ਸ਼ਬਦਾਂ ਵਿੱਚ ਮੁੱਖ ਅਰਥ ਦੇਣ ਵਾਲ਼ੀਆਂ ਧੁਨੀਆਂ : ‘ਕ’ ਅਤੇ ‘ਖ’ ਦੇ ਸ੍ਰੋਤ ਅਤੇ ਅਰਥ ਲਗ-ਪਗ ਇੱਕਸਮਾਨ (ਵੇਰਵਾ ਕਿਸੇ ਵੱਖਰੇ ਲੇਖ ਵਿੱਚ) ਹਨ।ਅਜਿਹਾ ਕੇਵਲ ਧੁਨੀਆਂ ਦੇ ਅਰਥ ਹੋਣ ਕਾਰਨ ਹੀ ਸੰਭਵ ਹੈ। ਇਸੇ ਤਰ੍ਹਾਂ ਹਿੰਦੀ/ਸੰਂਸਕ੍ਰਿਤ ਭਾਸ਼ਾਵਾਂ ਦੇ ਸ਼ਬਦ ‘ਹਰਸ਼’ ਦਾ ਪੰਜਾਬੀ ਵਿੱਚ ਆ ਕੇ ‘ਹਰਖ’ ਵਿੱਚ ਬਦਲਣ ਦਾ ਕਾਰਨ ਵੀ ਇਹੋ ਹੀ ਹੈ।ਇਸ ਤੋਂ ਇਲਾਵਾ ਇਸ ਸ਼ਬਦ ਦੇ ਦੋ ਅਰਥਾਂ (ਖ਼ੁਸ਼ੀ ਅਤੇ ਸੋਗ/ਗ਼ੁੱਸਾ) ਦੀ ਗਾਥਾ ਵੀ ਇਸ ਵਿਚਲੀਆਂ ਧੁਨੀਆਂ ਹੀ ਬਿਆਨ ਕਰ ਰਹੀਆਂ ਹਨ। ਸੋ, ਧੁਨੀਆਂ ਦੀ ਮਹਿਮਾ ਅਪਰੰਪਾਰ ਹੈ। ਧੁਨੀਆਂ ਦੇ ਅਰਥ ਅੱਜ ‘ਹਰਖ’ ਅਤੇ ‘ਨਿਰਮਾਣ’ ਵਰਗੇ ਅਨੇਕਾਂ ਦੋ ਅਰਥਾਂ ਵਾਲ਼ੇ ਅਤੇ ਰੰਗੀ/ਨਾਰੰਗੀ ਅਤੇ ਦੁੱਧ /ਖੋਆ ਵਰਗੇ ਅਨੇਕਾਂ ਹੋਰ ਸ਼ਬਦਾਂ ਦੀਆਂ ਗੁੱਥੀਆਂ ਸੁਲ਼ਝਾਉਂਦੇ ਵੀ ਪ੍ਰਤੀਤ ਹੋ ਰਹੇ ਹਨ।
ਸਾਡੀਆਂ ਦੇਸੀ ਭਾਸ਼ਾਵਾਂ: ਹਿੰਦੀ/ਪੰਜਾਬੀ ਆਦਿ ਵਿੱਚ ਧੁਨੀਆਂ ਦੇ ਅਰਥਾਂ ਤੋਂ ਬਿਨਾਂ ਤਾਂ ਸ਼ਬਦਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵੱਖ-ਵੱਖ ਸ਼ਬਦਾਂ ਦੇ ਸ਼ਬਦ-ਰੂਪਾਂ ਨੂੰ ਘੋਖਦਿਆਂ ਇਹ ਗੱਲ ਸਹਿਜੇ ਹੀ ਸਮਝੀ ਜਾ ਸਕਦੀ ਹੈ ਕਿ ਸ਼ਬਦ ਘੜਨ ਵਾਲ਼ਿਆਂ ਨੇ ਸ਼ਬਦ ਦੇ ਅਰਥਾਂ ਨੂੰ ਮੱਦੇ-ਨਜ਼ਰ ਰੱਖਦਿਆਂ ਸੰਬੰਧਿਤ ਸ਼ਬਦਾਂ ਵਿੱਚ ਕੇਵਲ ਉਹਨਾਂ ਧੁਨੀਆਂ ਦਾ ਹੀ ਇਸਤੇਮਾਲ ਕੀਤਾ ਹੈ ਜਿਹੜੀਆਂ ਕਿ ਸ਼ਬਦ ਦੇ ਮਨ-ਇੱਛਤ ਅਰਥ ਦੇ ਸਕਣ। ਕਿਧਰੇ ਵੀ ਨਾ ਤਾਂ ਕੋਈ ਧੁਨੀ ਕਿਸੇ ਸ਼ਬਦ ਦੇ ਲੁੜੀਂਦੇ ਅਰਥ ਪ੍ਰਦਾਨ ਕਰਨ ਦੀ ਸਮਰੱਥਾ ਤੋਂ ਵੱਧ ਹੈ ਤੇ ਨਾ ਹੀ ਘੱਟ। ਕੀ ਇਸ ਸਾਰੀ ਗੁੰਝਲ਼ਦਾਰ ਪ੍ਰਕਿਰਿਆ ਨੂੰ ਆਮ ਜਾਂ ਘੱਟ ਸੂਝ ਵਾਲ਼ਾ ਕੋਈ ਸਧਾਰਨ ਜਾਂ ਅਨਪੜ੍ਹ ਵਿਅਕਤੀ ਅੰਜਾਮ ਦੇ ਸਕਦਾ ਹੈ?
ਦਰਅਸਲ ਸ਼ਬਦ-ਵਿਉਤਪਤੀ ਸੰਬੰਧੀ ਅਵਿਗਿਆਨਿਕ /ਗ਼ੈਰ ਭਾਸ਼ਾ-ਵਿਗਿਆਨਿਕ ਕਿਸਮ ਦੀ ਸੋਚ ਦਾ ਕਾਰਨ ਇਹ ਹੈ ਕਿ ਧੁਨੀਆਂ ਦੇ ਅਰਥਾਂ ਬਾਰੇ ਅੱਜ ਤੱਕ ਨਿੱਠ ਕੇ ਕਦੇ ਕੋਈ ਖੋਜ ਹੀ ਨਹੀਂ ਕੀਤੀ ਗਈ। ਅਸੀਂ ਲਕੀਰ ਦੇ ਫ਼ਕੀਰ ਬਣ ਕੇ ਪੀੜ੍ਹੀ ਦਰ ਪੀੜ੍ਹੀ ਪੁਰਾਤਨ ਮਾਨਤਾਵਾਂ ਦੀ ਮਿਥ ਨੂੰ ਸੱਚ ਮੰਨ ਕੇ ਇਸ ਵਿਚਾਰਧਾਰਾ ਅੱਗੇ ਸਦੀਆਂ ਤੋਂ ਬਿਨਾਂ ਸੋਚੇ-ਸਮਝੇ ਤੇ ਬਿਨਾਂ ਕਿਸੇ ਤਰਕ ਦੇ ਸਿਰ ਝੁਕਾਉਂਦੇ ਚੱਲੇ ਆ ਰਹੇ ਹਾਂ। ਏਨਾ ਹੀ ਨਹੀਂ ਸਗੋਂ ਸਾਡੇ ਵਿਦਵਾਨ ਤਾਂ ਇਸ ਮਿਥ ਨੂੰ ਤੋੜਨ ਦੀ ਬਜਾਏ ਅਤੇ ਇਸ ਸੰਬੰਧ ਵਿੱਚ ਆਪ ਕੁਝ ਕਰਨ ਦੀ ਬਜਾਏ, ਦੂਜਿਆਂ ਨੂੰ ਵੀ ਇਸ ਕੰਮੋਂ ਇਹ ਕਹਿ ਕੇ ਵਰਜਦੇ/ਨਿਰਉਤਸ਼ਾਹਿਤ ਕਰਦੇ ਨਜ਼ਰ ਆ ਰਹੇ ਹਨ ਕਿ ਸ਼ਬਦ ਤਾਂ ਨਿਰੇ ਅਨਪੜ੍ਹ ਲੋਕਾਂ ਨੇ ਬਣਾਏ ਹਨ। ਅਜਿਹਾ ਕਹਿਣ ਵਾਲ਼ਿਆਂ ਨੂੰ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਅਜਿਹਾ ਉਹ ਕਿਹੜੀ ਖੋਜ ਦੇ ਆਧਾਰ ‘ਤੇ ਕਹਿ ਰਹੇ ਹਨ? ਉਹ ਅਜਿਹੀਆਂ ਗੱਲਾਂ ਦਾ ਕੂੜ-ਪ੍ਰਚਾਰ ਕੇਵਲ ਸੁਣੀਆਂ-ਸੁਣਾਈਆਂ ਜਾਂ ਮਨੋ-ਕਲਪਿਤ ਮਿਥਾਂ ਦੇ ਆਧਾਰ ਉੱਤੇ ਕਿਉਂ ਕਰਦੇ ਆ ਰਹੇ ਹਨ ਜਦੋਂਕਿ ਇਸ ਸੰਬੰਧ ਵਿੱਚ ਉਹਨਾਂ ਦਾ ਕੋਈ ਨਿੱਜੀ ਤਜਰਬਾ ਜਾਂ ਅਧਿਐਨ ਹੀ ਨਹੀਂ ਹੈ।
ਜਿਹੜੇ ਲੋਕ ਉਪਰੋਕਤ ਮੱਤ / ਵਿਚਾਰਧਾਰਾ ਦੇ ਧਾਰਨੀ ਹਨ, ਉਹਨਾਂ ਨੂੰ ਸ਼ਬਦ-ਵਿਉਤਪਤੀ ਸੰਬੰਧੀ ਹੇਠ ਲਿਖੇ ਤੱਥਾਂ ਨੂੰ ਜ਼ਰੂਰ ਵਾਚਣਾ ਚਾਹੀਦਾ ਹੈ:
ਬੇਸ਼ੱਕ ਪੰਜਾਬੀ ਵਿੱਚ ਬਹੁਤ ਸਾਰੇ ਸ਼ਬਦ ਅਗੇਤਰਾਂ ਦੀ ਸਹਾਇਤਾ ਨਾਲ਼ ਵੀ ਬਣੇ ਹਨ ਪਰ ਇਹਨਾਂ ਅਗੇਤਰਾਂ ਵਿੱਚੋਂ ਵੀ ਕੁਝ ਅਗੇਤਰ ਅਜਿਹੇ ਹਨ ਜੋਕਿ ਕੇਵਲ ਇੱਕ-ਅੱਖਰੀ ਹੀ ਹਨ। ਕੀ ਇਹਨਾਂ ਇੱਕ-ਅੱਖਰੀ ਅਗੇਤਰਾਂ (ਅ,ਸ,ਕ,ਨ ਆਦਿ) ਦੇ ਕੋਈ ਅਰਥ ਨਹੀਂ ਹਨ? -ਜਦਕਿ ਵਿਆਕਰਨਿਕ ਨਿਯਮਾਂ ਅਨੁਸਾਰ ਹਰ ਅਗੇਤਰ ਅਤੇ ਮੂਲ ਸ਼ਬਦ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਜਿਸ ਦੇ ਕਾਰਨ ਕੋਈ ਅਗੇਤਰ ਕਿਸੇ ਮੂਲ ਸ਼ਬਦ ਦੇ ਅੱਗੇ ਲੱਗ ਕੇ ਕਿਸੇ ਨਵੇਂ ਸ਼ਬਦ ਦੀ ਸਿਰਜਣਾ ਕਰਦਾ ਹੈ। ਸੋ, ਜੇਕਰ ਇਹਨਾਂ ਇੱਕ-ਅੱਖਰੀ ਅਗੇਤਰਾਂ (ਅੱਖਰਾਂ) ਦੇ ਕੋਈ ਅਰਥ ਹਨ ਤਾਂ ਉਹ ਕਿਵੇਂ ਕਹਿ ਸਕਦੇ ਹਨ ਕਿ ਬਾਕੀ ਧੁਨੀਆਂ, ਜਿਵੇਂ: ਤ, ਪ, ਜ, ਲ, ਮ, ਖ, ਦ, ਚ, ਬ, ਭ ਆਦਿ ਦੇ ਕੋਈ ਅਰਥ ਹੀ ਨਹੀਂ ਹਨ।
ਹੇਠਾਂ ਕੁਝ ਇੱਕ-ਅੱਖਰੀ ਅਗੇਤਰਾਂ ਅਤੇ ਉਹਨਾਂ ਤੋਂ ਬਣਨ ਵਾਲ਼ੇ ਕੁਝ ਸ਼ਬਦਾਂ ਦੀਆਂ ਉਦਾਹਰਨਾਂ ਪੇਸ਼ ਹਨ:
1.ਅ:- ਇਸ ਅਗੇਤਰ ਦੇ ਅਰਥ ਹਨ: ਬਿਨਾਂ, ਹੀਣ, ਨਾਂਹਵਾਚਕ; ਜਿਵੇਂ ਅਸਹਿ, ਅਕਹਿ, ਅਸੰਭਵ, ਅਸਮਰਥ, ਅਹਿੰਸਾ, ਅਕਾਰਨ, ਅਸਧਾਰਨ, ਅਰੋਗ ਆਦਿ
2.ਸ:- ‘ਸ’ ਮੁਕਤਾ ਦੀ ਧੁਨੀ ਵਾਲ਼ੇ ਅਗੇਤਰ ਨਾਲ਼ ਬਣਨ ਵਾਲ਼ੇ ਸ਼ਬਦ ਹਨ- ਸਚਿੱਤਰ, ਸਪੁੱਤਰ, ਸਜੀਵ, ਸਫਲ,ਸਲੂਣਾ, ਸ਼ਸ਼ੋਭਿਤ ਆਦਿ। ਇਸ ਅਗੇਤਰ ਦੇ ਅਰਥ ਹਨ- ਸਾਥ, ਚੰਗਾ, ਸਮੇਤ ਆਦਿ।
3.ਕ:- ‘ਕ’ ਧੁਨੀ/ਅਗੇਤਰ ਨਾਲ਼ ਬਣਨ ਵਾਲ਼ੇ ਸ਼ਬਦ ਹਨ- ਕਪੂਤ, ਕਸੂਤਾ, ਕਪੁੱਤਰ ਆਦਿ। ਇਸ ਅਗੇਤਰ ਦਾ ਅਰਥ ਹੈ- ਬੁਰਾ, ਭੈੜਾ ਆਦਿ
4. ਨ: ‘ਨ’ ਅਗੇਤਰ ਦਾ ਅਰਥ ਹੈ- ਬਿਨਾਂ, ਨਾਂਹਵਾਚਕ ਆਦਿ; ਜਿਵੇਂ: ਨਕਾਰਾ, ਨਹੱਕਾ, ਨਖੱਟੂ, ਨਤਾਕਤਾ ਆਦਿ।
ਇਸੇ ਤਰ੍ਹਾਂ ਕਿਸੇ ਅੱਖਰ ਨਾਲ਼ ਲੱਗੀ ਇੱਕ-ਅੱਧ ਲਗ-ਮਾਤਰਾ ਵਾਲ਼ੇ ਕੁਝ ਹੋਰ ਅਗੇਤਰ ਵੀ ਹਨ ਜਿਨ੍ਹਾਂ ਦੇ ਉਹਨਾਂ ਵਿਚਲੀਆਂ ਧੁਨੀਆਂ ਅਨੁਸਾਰ ਵੱਖੋ-ਵੱਖਰੇ ਅਰਥ ਹਨ:
ਅੌ/ਅਵ (ਅੌਗਣ), ਸੁ (ਸੁਚੱਜਾ, ਸੁਭਾਗ), ਸੰ (ਸੰਯੋਗ, ਸੰਗਠਨ), ਕੁ (ਕੁਸੰਗ, ਕੁਚੱਜ), ਚੁ (ਚੁਗਿਰਦਾ, ਚੁਪਾਇਆ), ਚੌ (ਚੌਮੁਖੀ, ਚੌਰਸ), ਦੁ (ਦੁਬਾਰਾ, ਦੁਆਬਾ), ਨਾ (ਨਾਜਾਇਜ਼, ਨਾਚੀਜ਼), ਵਿ=ਦੋ ਅਰਥ: ਖ਼ਾਸ, ਬਹੁਤ (ਵਿਨਾਸ, ਵਿਗਿਆਨ) ਅਤੇ ਵਿ=ਬਿਨਾਂ (ਵਿਅਰਥ, ਵਿਜੋਗ) ਆਦਿ।
ਸੋ ਉਪਰੋਕਤ ਨਿੱਕੇ-ਮੋਟੇ ਅਗੇਤਰਾਂ ਦੇ ਆਪੋ-ਆਪਣੇ ਅਰਥਾਂ ਨੂੰ ਦੇਖਦਿਆਂ ਹੋਇਆਂ ਇਹ ਗੱਲ ਯਕੀਨੀ ਤੌਰ ‘ਤੇ ਆਖੀ ਜਾ ਸਕਦੀ ਹੈ ਕਿ ਹਰ ਧੁਨੀ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਇਹਨਾਂ ਦੀ ਸ਼ਬਦ ਸਿਰਜਣ ਦੀ ਇਸ ਵਿਲੱਖਣ ਸਮਰੱਥਾ ਨੂੰ ਕਿਸੇ ਕਾਰਨ ਅੱਜ ਤੱਕ ਪਛਾਣਨ ਵਿੱਚ ਸਫਲ ਨਹੀਂ ਹੋ ਸਕੇ। ਉਪਰੋਕਤ ਕਿਸਮ ਦੇ ਲੋਕਾਂ ਨੇ ਹਾਲਾਤ ਇਹੋ-ਜਿਹੇ ਬਣਾ ਦਿੱਤੇ ਹਨ ਕਿ ਧੁਨੀਆਂ ਦੇ ਅਰਥਾਂ ਦੀ ਗੱਲ ਨੂੰ ਤਾਂ ਅੱਜ ਕੋਈ ਚਿਮਟੀ ਨਾਲ਼ ਚੁੱਕ ਕੇ ਪਰੇ ਰੱਖਣ ਲਈ ਵੀ ਤਿਆਰ ਨਹੀਂ; ਇਸ ਵਿਸ਼ੇ ‘ਤੇ ਖੋਜ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ।
ਇਸ ਤੋਂ ਬਿਨਾਂ ਧੁਨੀਆਂ ਦੇ ਅਰਥਾਂ ਦਾ ਅਧਿਐਨ ਕਰਦਿਆਂ ਮੈਨੂੰ ਤਾਂ ਅੱਜ ਤੱਕ ਇੱਕ ਵੀ ਸ਼ਬਦ ਅਜਿਹਾ ਨਹੀਂ ਮਿਲ਼ਿਆ ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਕਿਸੇ ਭੰਨ-ਤੋੜ ਆਦਿ ਕਰਨ ਦੇ ਅਰਥਾਂ ਵਾਲ਼ੇ ਸ਼ਬਦ ਵਿੱਚ ਉਸਾਰੀ ਜਾਂ ਨਿਰਮਾਣਕਾਰੀ ਦੇ ਅਰਥਾਂ ਵਾਲੀਆਂ ਜਾਂ ਨਿਰਮਾਣਕਾਰੀ ਦੇ ਅਰਥਾਂ ਵਾਲ਼ੇ ਸ਼ਬਦਾਂ ਵਿੱਚ ਭੰਨ-ਤੋੜ ਆਦਿ ਕਰਨ ਨਾਲ਼ ਸੰਬੰਧਿਤ ਅਰਥਾਂ ਵਾਲ਼ੀਆਂ ਧੁਨੀਆਂ ਵਰਤੀਆਂ ਗਈਆਂ ਹੋਣ ਜਾਂ ਇਸ ਪ੍ਰਕਾਰ ਕਿਧਰੇ ਹੋਰ ਆਪਾ-ਵਿਰੋਧੀ ਧੁਨੀਆਂ ਵਰਤੀਆਂ ਗਈਆਂ ਹੋਣ। ਹਾਂ, ਧੁਨੀਆਂ ਦੀਆਂ ਕਲਾਵਾਂ ਕਾਰਨ ਕਦੇ-ਕਦਾਈਂ ਸ਼ਬਦਾਂ ਦੇ ਅਰਥਾਂ ਵਿੱਚ ਥੋੜ੍ਹਾ ਉਲਟ-ਫੇਰ ਜ਼ਰੂਰ ਹੋ ਸਕਦਾ ਹੈ। ਹਰ ਸ਼ਬਦ ਵਿੱਚ ਹਰ ਧੁਨੀ ਦੇ ਅਰਥ ਮੁੱਢ ਕਦੀਮ ਤੋਂ ਹੀ ਨਿਸ਼ਚਿਤ ਹਨ ਅਤੇ ਇਹਨਾਂ ਵਿੱਚ ਕਿਸੇ ਵੀ ਕਿਸਮ ਦੇ ਬਦਲਾਅ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਮੇਰੀ ਜਾਚੇ ਇਸ ਸੰਬੰਧ ਵਿੱਚ ਇੱਥੇ ‘ਵਿਸਤਾਰ’ ਸ਼ਬਦ ਦੀ ਇੱਕ ਉਦਾਹਰਨ ਦੇਣੀ ਕੁਥਾਂ ਨਹੀਂ ਹੋਵੇਗੀ। ਮੂਲ ਰੂਪ ਵਿੱਚ ਇਹ ਸ਼ਬਦ ‘ਤ+ਰ’ ਦੀਆਂ ਧੁਨੀਆਂ ਤੋਂ ਬਣਿਆ ਹੋਇਆ ਹੈ ਜਿਸ ਕਾਰਨ ਇਸ ਨੂੰ ‘ਤ’ ਅੱਖਰ ਨਾਲ਼ ਲਿਖਣਾ ਹੀ ਜਾਇਜ਼ ਹੈ (ਵਿਸਤ੍ਰਿਤ ਵੇਰਵਾ ਕਦੇ ਫਿਰ)) ਪਰ ਅੱਜ ਇਸ ਨੂੰ ਧੱਕੇ ਨਾਲ਼ ਹੀ ਕਈਆਂ ਨੇ ‘ਵਿਸਥਾਰ’ ਲਿਖਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਵਿਸ਼ੇਸ਼ਣੀ ਰੂਪ ਵੀ ‘ਤ’ ਅੱਖਰ ਨਾਲ਼ ਅਰਥਾਤ ‘ਵਿਸਤ੍ਰਿਤ’ ਹੀ ਹੈ ਪਰ ਅਜਿਹੇ ਲੋਕਾਂ ਨੇ ਗ਼ਲਤੀ ਦਰ ਗ਼ਲਤੀ ਕਰਦਿਆਂ ‘ਵਿਸਤ੍ਰਿਤ’ ਨੂੰ ਵੀ ‘ਵਿਸਥਾਰਤ’ ਦਾ ਰੂਪ ਦੇ ਦਿੱਤਾ ਹੈ ਜਦਕਿ ਪੰਜਾਬੀ ਵਿੱਚ ਇਸ ਨਾਂ ਦਾ ਕੋਈ ਸ਼ਬਦ ਹੀ ਨਹੀਂ ਹੈ। ‘ਵਿਸਤ੍ਰਿਤ’ ਇੱਕ ‘ਭੂਤ-ਕ੍ਰਿਦੰਤ’ ਸ਼ਬਦ ਹੈ ਜਿਸ ਦੇ ਅੰਤਿਮ ਅੱਖਰ ‘ਤ’ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਪਾਉਣ ਦਾ ਨਿਯਮ ਹੈ, ਜਿਵੇਂ : ਸੰਪਾਦਿਤ, ਸੰਗਠਿਤ, ਪ੍ਰਬੰਧਿਤ, ਸੰਬੰਧਿਤ ਆਦਿ ਪਰ ਇੱਥੇ ਆਪਹੁਦਰੀਆਂ ਕਰ ਕੇ ਇਸ ਨਿਯਮ ਦੀਆਂ ਵੀ ਧੱਜੀਆਂ ਉਡਾ ਕੇ ਰੱਖ ਦਿਤੀਆਂ ਗਈਆਂ ਹਨ। ਇਹ ਗੱਲ ਤਾਂ ਬਿਲਕੁਲ ਉਵੇਂ ਹੈ, ਜਿਵੇਂ ਕੱਲ੍ਹ ਨੂੰ ਅਸੀਂ ‘ਇਸਤਰੀ’ ਸ਼ਬਦ ਨੂੰ ‘ਇਸਥਰੀ’ ਲਿਖਣਾ ਸ਼ੁਰੂ ਕਰ ਦੇਈਏ ਕਿਉਂਕਿ ਇਹਨਾਂ ਦੋਂਹਾਂ ਸ਼ਬਦਾਂ ਦੀ ਜਨਮਦਾਤੀ ਉੱਪਰ ਲਿਖੀ ਇੱਕ ਹੀ ਧੁਨੀ/ਧੁਨੀਆਂ ਹਨ। ਸਾਨੂੰ ਅਜਿਹੀਆਂ ਕੁਤਾਹੀਆਂ ਅਤੇ ਆਪਹੁਦਰੀਆਂ ਤੋਂ ਬਚਣ ਦੀ ਲੋੜ ਹੈ।
ਸੋ, ਉਪਰੋਕਤ ਵਿਚਾਰਾਂ ਦੇ ਮੱਦੇ-ਨਜ਼ਰ ਧੁਨੀਆਂ ਦੇ ਅਰਥਾਂ ਸੰਬੰਧੀ ਇਹ ਗੱਲ ਅਸੀਂ ਦਾਅਵੇ ਨਾਲ਼ ਕਹਿ ਸਕਦੇ ਹਾਂ ਕਿ ਜਿਵੇਂ ਸੰਗੀਤ ਦੀਆਂ ਸੱਤ ਸੁਰਾਂ ਨਾਲ਼ ਲੱਖਾਂ-ਕਰੋੜਾਂ ਤਰਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਠੀਕ ਇਸੇ ਤਰ੍ਹਾਂ ਧੁਨੀਆਂ ਦੇ ਅਰਥਾਂ ਦੀ ਮਦਦ ਨਾਲ਼ ਹੁਣ ਤੱਕ ਹਜ਼ਾਰਾਂ ਸ਼ਬਦ ਬਣਾਏ ਗਏ ਹਨ ਅਤੇ ਹਜ਼ਾਰਾਂ ਹੋਰ ਵੀ ਬਣਾਏ ਜਾ ਸਕਦੇ ਹਨ, ਬਸ਼ਰਤੇ ਕਿ ਸਾਨੂੰ ਧੁਨੀਆਂ ਨੂੰ ਬੀੜਨ ਦੀ ਉਹ ਜਾਚ ਆਉਂਦੀ ਹੋਵੇ ਜਿਹੜੀ ਕਿ ਅੱਜ ਤੋਂ ਹਜ਼ਾਰਾਂ ਵਰ੍ਹੇ ਪਹਿਲਾਂ ਸਾਡੇ ਪੁਰਖਿਆਂ ਕੋਲ਼ ਮੌਜੂਦ ਸੀ।
ਧੁਨੀਆਂ ਦੇ ਅਰਥਾਂ ਨੂੰ ਤਿਆਗ ਕੇ ਮਨੁੱਖ ਤੋਂ ਬਹੁਤ ਵੱਡੀ ਭੁੱਲ ਹੋਈ ਹੈ। ਪਤਾ ਨਹੀਂ ਸਮੇਂ ਦੇ ਕਿਹੜੇ ਪੜਾਅ ‘ਤੇ ਅਸੀਂ ਸ਼ਬਦ-ਰਚਨਾ ਦੇ ਇਸ ਬੇਸ਼ਕੀਮਤੀ ਸਰਮਾਏ ਨੂੰ ਆਪਣੇ ਹੱਥੋਂ ਸਦਾ-ਸਦਾ ਲਈ ਗੁਆ ਬੈਠੇ ਹਾਂ। ਇਹਨਾਂ ਦੀ ਅਣਹੋਂਦ ਕਾਰਨ ਨਵੇਂ ਸ਼ਬਦ ਤਾਂ ਅਸੀਂ ਕੀ ਬਣਾਉਣੇ ਸਨ, ਸਾਡੇ ਲਈ ਤਾਂ ਪਹਿਲਾਂ ਤੋਂ ਬਣੇ ਸ਼ਬਦਾਂ ਨੂੰ ‘ਡੀਕੋਡ’ ਕਰਨਾ (ਵਿਸ਼ਲੇਸ਼ਣ ਕਰਕੇ ਉਹਨਾਂ ਦੀ ਬਣਤਰ/ਬੁਣਤਰ ਅਤੇ ਅਰਥਾਂ ਨੂੰ ਸਮਝਣਾ) ਹੀ ਇੱਕ ਬੁਝਾਰਤ ਬਣਿਆ ਹੋਇਆ ਹੈ। ਅਜੇ ਏਨਾ ਸ਼ੁਕਰ ਹੈ ਕਿ ਸ਼ਬਦ-ਕੋਸ਼ਾਂ ਵਿੱਚ ਧੁਨੀਆਂ ਦੇ ਅਰਥਾਂ ਅਤੇ ਉਹਨਾਂ ਦੀਆਂ ਵੱਖ-ਵੱਖ ਕਲਾਵਾਂ ਕਾਰਨ ਹੋਂਦ ਵਿੱਚ ਆਏ ਸ਼ਬਦਾਂ ਦੇ ਸਾਰੇ ਸੰਭਾਵਿਤ ਅਰਥਾਂ ਦਾ ਕੀਮਤੀ ਸਰਮਾਇਆ ਸਾਡੇ ਕੋਲ਼ ਮੂਲ ਰੂਪ ਵਿੱਚ ਉਸੇ ਤਰ੍ਹਾਂ ਸੁਰੱਖਿਅਤ ਸਾਂਭਿਆ ਪਿਆ ਹੈ।
ਅੱਜ ਤੱਕ ਅਨੇਕਾਂ ਵਿਦਵਾਨਾਂ ਨੇ ਆਪੋ-ਆਪਣੀ ਸਮਰੱਥਾ ਅਨੁਸਾਰ ਸ਼ਬਦਾਂ ਦੇ ਰਹੱਸ ਨੂੰ ਜਾਣਨ ਦੀ ਕੋਸ਼ਸ਼ ਕੀਤੀ ਹੈ ਅਤੇ ਹਰ ਵਿਦਵਾਨ ਦੇ ਦੂਜੇ ਵਿਦਵਾਨਾਂ ਨਾਲ਼ ਮੱਤ-ਭੇਦ ਵੀ ਰਹੇ ਹਨ ਪਰ ਅਸਲ ਸਮੱਸਿਆ ਨੂੰ ਕਿਸੇ ਨੇ ਸਮਝਣ ਦਾ ਯਤਨ ਹੀ ਨਹੀਂ ਕੀਤਾ। ਹਰ ਵਿਦਵਾਨ/ਨਿਰੁਕਤਕਾਰ ਆਪਣੇ ਤੋਂ ਪਹਿਲੇ ਵਿਦਵਾਨਾਂ ਵਾਂਗ ਆਪਣੀਆਂ ਅਤੇ ਵਿਦੇਸ਼ੀ (ਆਰੀਆਈ ਭਾਸ਼ਾ-ਪਰਿਵਾਰ ਦੀਆਂ) ਬੋਲੀਆਂ ਦੇ ਸਮਾਨਾਰਥਕ ਸ਼ਬਦਾਂ ਨੂੰ ਖੁਰਚ-ਖੁਰਚ ਕੇ ਉਹਨਾਂ ਵਿੱਚੋਂ ਧਾਤੂ ਅਰਥਾਤ ਮੂਲ਼ ਸ਼ਬਦ ਲੱਭਣ ਤੇ ਉਹਨਾਂ ਦੀ ਆਪਸੀ ਸਾਂਝ ਜਾਂ ਤਾਲ-ਮੇਲ (ਸਮਨਵੈ) ਬਿਠਾਉਣ ਦੀ ਕੋਸ਼ਸ਼ ਕਰਦਾ ਹੀ ਨਜ਼ਰ ਆ ਰਿਹਾ ਹੈ। ਇਸ ਦੇ ਬਾਵਜੂਦ ਅੱਜ ਤੱਕ ਸਿੱਟਾ ਕੁਝ ਵੀ ਨਹੀਂ ਨਿਕਲ਼ਿਆ ਤੇ ਗੱਲ ਕਿਸੇ ਵੀ ਤਣ-ਪੱਤਣ ਨਹੀਂ ਲੱਗ ਸਕੀ।ਕਾਰਨ ਇਹੋ ਹੈ ਕਿ ਧੁਨੀਆਂ ਦੇ ਅਰਥਾਂ ਨੂੰ ਜਾਣੇ ਤੋਂ ਬਿਨਾਂ ਅਸੀਂ ਕਦੇ ਵੀ ਸ਼ਬਦ ਦੀ ਮੂਲ ਬਣਤਰ, ਉਸ ਦੇ ਸਹੀ ਅਰਥਾਂ ਅਤੇ ਉਸ ਦੀ ਰੂਹ ਤੱਕ ਨਹੀਂ ਪਹੁੰਚ ਸਕਦੇ।ਸਾਡੇ ਨਵੇਂ-ਪੁਰਾਣੇ ਨਿਰੁਕਤਕਾਰ/ਵਿਦਵਾਨ ਕਮੋ-ਬੇਸ਼ ਸਾਰੇ ਇਹੋ ਕੁਝ ਕਰਦੇ ਹੀ ਨਜ਼ਰ ਆ ਰਹੇ ਹਨ। ਧੁਨੀਆਂ ਦੇ ਅਰਥਾਂ ਵਾਲ਼ੇ ਪਾਸੇ ਤੁਰਨਾ ਤਾਂ ਉਹ ਕਿਸੇ ਲਛਮਣ-ਰੇਖਾ ਨੂੰ ਤੋੜਨ ਦੇ ਸਮਾਨ ਅਤੇ ਇੱਕ ਮੂਰਖਤਾਪੂਰਨ ਕਾਰਵਾਈ ਜਾਂ ਕਿਸੇ ਅਪਰਾਧ ਤੋਂ ਘੱਟ ਨਹੀਂ ਸਮਝਦੇ। ਅਜਿਹੀਆਂ ਆਧਾਰਹੀਣ ਗੱਲਾਂ ਦਾ ਪ੍ਰਚਾਰ ਤੇ ਇਹਨਾਂ ਉੱਤੇ ਅਮਲ ਵੀ ਉਹ ਹੁਣ ਤੱਕ ਗੱਜ-ਵੱਜ ਕੇ ਕਰਦੇ ਆ ਰਹੇ ਹਨ
ਸਾਇੰਸ ਸਾਨੂੰ ਇੱਕ ਗੱਲ ਦੱਸਦੀ ਹੈ ਕਿ ਦੁਨੀਆ ਦੀ ਹਰ ਚੀਜ਼ ਕੁਦਰਤ ਦੇ ਨਿਯਮਾਂ ਵਿੱਚ ਬੱਝੀ ਹੋਈ ਹੈ। ਹਰ ਕੰਮ ਦਾ ਕੋਈ ਨਾ ਕੋਈ ਨਿਯਮ, ਆਧਾਰ, ਸਬਬ ਜਾਂ ਕਾਰਨ ਜ਼ਰੂਰ ਹੁੰਦਾ ਹੈ। ਕੀ ਕਦੇ ਪਹਿਲੀ ਮੰਜ਼ਲ ਬਣਾਏ ਬਿਨਾਂ ਉੱਪਰਲੀਆਂ ਮੰਜ਼ਲਾਂ ਦੀ ਉਸਾਰੀ ਸੰਭਵ ਹੋ ਸਕਦੀ ਹੈ? ਸਗੋਂ ਅਜਿਹਾ ਤਾਂ ਸੋਚਣਾ ਹੀ ਵਿਅਰਥ ਹੈ। ਇਹੋ-ਜਿਹੀ ਸੋਚ ਨੂੰ ਠੱਲ੍ਹ ਪਾਉਣ ਦੀ ਲੋੜ ਹੈ ਅਤੇ ਸ਼ਬਦ-ਵਿਉਤਪਤੀ ਦੇ ਕਾਰਜ ਨੂੰ ਹਰ ਹੀਲੇ ਵਿਗਿਆਨਿਕ ਅਤੇ ਭਾਸ਼ਾ-ਵਿਗਿਆਨਕ ਢੰਗ ਨਾਲ਼ ਧੁਨੀਆਂ ਦੇ ਅਰਥਾਂ ਪੱਖੋਂ ਵਾਚਣ ਦੀ ਲੋੜ ਹੈ। ਸ਼ਬਦਾਂ ਦਾ ਇਤਿਹਾਸ ਗਵਾਹ ਹੈ ਕਿ ਸ਼ਬਦ ਬਣਨ ਤੋਂ ਪਹਿਲਾਂ ਧੁਨੀਆਂ ਹੀ ਬਣੀਆਂ ਸਨ। ਪਹਿਲਾਂ-ਪਹਿਲ ਕਾਫ਼ੀ ਦੇਰ ਤੱਕ ਜ਼ਰੂਰ ਮਨੁੱਖ ਨੇ ਧੁਨੀਆਂ ਦੇ ਆਸਰੇ ਹੀ ਕੰਮ ਚਲਾਇਆ ਹੋਵੇਗਾ ਤੇ ਇਹਨਾਂ ਰਾਹੀਂ ਹੀ ਉਹ ਆਪਣੇ ਮਨੋਭਾਵਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਰਿਹਾ ਹੋਵੇਗਾ। ਸ਼ਬਦ ਕੋਈ ਰਾਤੋ-ਰਾਤ ਨਹੀਂ ਬਣੇ। ਧੁਨੀਆ ਤੋਂ ਸ਼ਬਦਾਂ ਤੱਕ ਦੇ ਸਫ਼ਰ ਦੌਰਾਨ ਜ਼ਰੂਰ ਧੁਨੀਆਂ ਦੇ ਅਰਥ ਵੀ ਸਥਾਪਿਤ ਹੋ ਚੁੱਕੇ ਹੋਣਗੇ ਤੇ ਸ਼ਬਦ ਬਣਨ ਦੀ ਪ੍ਰਕਿਰਿਆ ਇਸ ਤੋਂ ਬਾਅਦ ਹੀ ਸ਼ੁਰੂ ਹੋਈ ਹੋਵੇਗੀ। ਇਹੀ ਕਾਰਨ ਹੈ ਕਿ ਸ਼ਬਦਾਂ ਵਿੱਚ ਧੁਨੀਆਂ ਦੇ ਅਰਥਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਅੱਜ ਸਮੇਂ ਦੀ ਲੋੜ ਹੈ ਕਿ ਧੁਨੀਆਂ ਦੇ ਅਰਥਾਂ ਨੂੰ ਖੰਘਾਲ਼ਿਆ ਜਾਵੇ ਅਤੇ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਇਹਨਾਂ ਤੋਂ ਜਾਣੂ ਕਰਵਾਇਆ ਜਾਵੇ।
ਸੋ, ਸ਼ਬਦ-ਵਿਉਤਪਤੀ ਦੇ ਸੰਬੰਧ ਵਿੱਚ ਇਸ ਸਮੇਂ ਸਾਨੂੰ ਵਿਗਿਆਨਿਕ ਅਤੇ ਭਾਸ਼ਾ-ਵਿਗਿਆਨਿਕ ਆਧਾਰ ਨੂੰ ਅਪਣਾਉਣ ਅਤੇ ਅਵਿਗਿਆਨਿਕ ਅਤੇ ਗ਼ੈਰ ਭਾਸ਼ਾ-ਵਿਗਿਆਨਿਕ ਢੰਗ ਦੇ ਸਦੀਆਂ ਪੁਰਾਣੇ ਰਵਾਇਤੀ ਕਿਸਮ ਦੇ ਰਵੱਈਏ ਨੂੰ ਤਿਆਗਣ ਅਤੇ ਨਵੀਂਆਂ ਲੀਹਾਂ ਉੱਤੇ ਚੱਲਣ ਦੀ ਸਖ਼ਤ ਲੋੜ ਹੈ।
……………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਸੰਪਰਕ: 98884-03052.
ਨੋਟ: ਭਾਸ਼ਾ-ਵਿਗਿਆਨਿਕ ਨਿਯਮਾਂ ‘ਤੇ ਆਧਾਰਿਤ ਉਸਾਰੂ/ਸਾਰਥਕ ਆਲੋਚਨਾ/ਸੁਝਾਵਾਂ ਦਾ ਸੁਆਗਤ ਹੈ ਜੀ!
**

‘ਦਸਹਿਰਾ’ ਸ਼ਬਦ ਕਿਵੇਂ ਬਣਿਆ?

(‘दशहरा’ तथा ‘पहर/दोपहर’ शब्द कैसे बने?)
‘ਦਸਹਿਰਾ’ ਸ਼ਬਦ ਦੇ ਸ਼ਬਦ-ਜੋੜਾਂ ਬਾਰੇ ਅਕਸਰ ਭੁਲੇਖਾ ਬਣਿਆ ਰਹਿੰਦਾ ਹੈ। ਬਹੁਤ ਘੱਟ ਲੋਕ ਇਸ ਨੂੰ ‘ਦਸਹਿਰਾ’ ਅਰਥਾਤ ਇਸ ਵਿਚਲੇ ‘ਦ’ ਅੱਖਰ ਨੂੰ ਮੁਕਤੇ ਦੇ ਤੌਰ ‘ਤੇ ਲਿਖਦੇ ਹਨ, ਬਹੁਤੇ ‘ਦ’ ਨੂੰ ਅੌਂਕੜ ਪਾ ਕੇ ‘ਦੁਸਹਿਰਾ’ ਹੀ ਲਿਖਦੇ ਹਨ। ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਜ਼ਰੂਰ ਇਸ ਨੂੰ ‘ਦੁਸਹਿਰਾ’ ਲਿਖਿਆ ਜਾਂਦਾ ਸੀ ਪਰ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਛਪਣ ਉਪਰੰਤ ਇਸ ਨੂੰ ‘ਦਸਹਿਰਾ’ ਲਿਖਣਾ ਹੀ ਇਸ ਦਾ ਸ਼ੁੱਧ ਸ਼ਬਦ-ਰੂਪ ਮੰਨਿਆ ਗਿਆ ਹੈ। ਹਿੰਦੀ ਵਿੱਚ ਵੀ ਇਸ ਨੂੰ ਦਸ਼ਹਿਰਾ’ (ਦੱਦਾ ਮੁਕਤਾ) ਹੀ ਲਿਖਿਆ ਜਾਂਦਾ ਹੈ, ‘ਦੁਸ਼ਹਿਰਾ’ ਨਹੀਂ। ਇਸੇ ਤਰ੍ਹਾਂ ਅੰਗਰੇਜ਼ੀ ਵਾਲ਼ੇ ਵੀ ਇਸ ਨੂੰ ਅੰਗਰੇਜ਼ੀ ਦੇ ‘a’ ਅੱਖਰ ਨਾਲ਼ ਹੀ ਲਿਖਦੇ ਹਨ, ‘u’ ਨਾਲ਼ ਨਹੀਂ।
ਦਰਅਸਲ ‘ਦਸਹਿਰਾ’ ਸ਼ਬਦ ਸੰਸਕ੍ਰਿਤ ਮੂਲ ਦਾ ਹੈ ਅਤੇ ਇਹ ਸ਼ਬਦ ‘ਦਸ+ਅਹਿਰ’ ਸ਼ਬਦਾਂ ਤੋਂ ਬਣਿਆ ਹੈ। ਇਸ ਵਿਚਲੇ ‘ਅਹਿਰ’ ਸ਼ਬਦ ਦਾ ਅਰਥ ਹੈ- ਦਿਨ। ਸੋ, ‘ਦਸਹਿਰਾ’ ਸ਼ਬਦ ਦੇ ਅਰਥ ਹੋਏ- ਦਸਵਾਂ ਦਿਨ (ਕੁਝ ਵਿਸ਼ੇਸ਼ ਪ੍ਰਕਾਰ ਦੀਆਂ ਧਾਰਮਿਕ ਮਰਯਾਦਾਵਾਂ ਨੂੰ ਨਿਭਾਉਣ ਉਪਰੰਤ ਆਇਆ ਦਸਵਾਂ ਦਿਨ ਜਾਂ ਇਹ ਕਹਿ ਲਓ ਕਿ ਕਿਸੇ ਧਾਰਮਿਕ ਪ੍ਰਕਿਰਿਆ ਉਪਰੰਤ ਦਸਵੇਂ ਦਿਨ ਨੂੰ ਮਨਾਇਆ ਜਾਣ ਵਾਲ਼ਾ ਤਿਉਹਾਰ)। ਕੁਝ ਲੋਕ ਇਸ ਸ਼ਬਦ ਦੇ ਅਰਥ ‘ਦਸ ਸਿਰਾਂ ਨੂੰ ਹਰਨ ਵਾਲ਼ਾ’ ਦੇ ਤੌਰ ‘ਤੇ ਵੀ ਕਰਦੇ ਹਨ।
ਭਾਸ਼ਾ-ਮਾਹਰਾਂ ਅਨੁਸਾਰ ਸੰਸਕ੍ਰਿਤ ਨਾਲ਼ ਸੰਬੰਧਿਤ ਸ਼ਬਦ ‘ਅਹਿਰ’ ਦੀ ਮੌਜੂਦਗੀ ਸਾਡੀਆਂ ਕੁਝ ਹੋਰ ਦੇਸੀ ਭਾਸ਼ਾਵਾਂ ਦੇ ਸ਼ਬਦਾਂ, ਜਿਵੇਂ: ਸਪਤਾਹ ਅਾਦਿ ਵਿੱਚ ਵੀ ਝਲਕਦੀ ਹੈ। ਉਹਨਾਂ ਅਨੁਸਾਰ ਇਹ ਸ਼ਬਦ ਵੀ ‘ਸਪਤ+ਅਹਿਰ’ ਸ਼ਬਦਾਂ ਤੋਂ ਹੀ ਬਣਿਆ ਹੈ ਜਿਸ ਦੇ ਅਰਥ ਹਨ- ‘ਸੱਤ ਦਿਨਾਂ ਵਾਲ਼ਾ’ ਜਾਂ ‘ਸਮੇਂ ਦੀ ਉਹ ਇਕਾਈ ਜਿਸ ਵਿੱਚ ਸੱਤ ਦਿਨ ਸ਼ਾਮਲ ਹੋਣ’। ਇਸ ਵਿਚਲੀ ‘ਰ’ ਧੁਨੀ ਲੋਕ-ਉਚਾਰਨ ਵਿੱਚ ਸੁਖੈਨਤਾ ਦੀ ਖ਼ਾਤਰ ਬਾਅਦ ਵਿੱਚ ਲੁਪਤ ਹੋਈ ਹੈ। ਇਹਨਾਂ ਹੀ ਅਰਥਾਂ ਵਾਲ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ, ‘ਹਫ਼ਤਾ’ ਸਾਡੇ ਹੀ ਭਾਸ਼ਾ-ਪਰਿਵਾਰ (ਅਾਰੀਅਨ ਭਾਸ਼ਾ-ਪਰਿਵਾਰ) ਦਾ ਹੋਣ ਕਾਰਨ ਇਸ ਦਾ ਬਹੁਤ ਨਜ਼ਦੀਕੀ ਸ਼ਬਦ ਹੈ। ਇਸ ਭਾਸ਼ਾ ਵਿੱਚ ‘ਹਫ਼ਤ’ ਸ਼ਬਦ ਦੇ ਅਰਥ ਹਨ- ਸੱਤ। ਇਸੇ ਕਾਰਨ ‘ਹਫ਼ਤਾ’ ਸ਼ਬਦ ਦੇ ਅਰਥ ਵੀ ‘ਸਪਤਾਹ’ ਵਾਲ਼ੇ ਹੀ ਹਨ- ਸੱਤ ਦਿਨਾਂ ਦਾ ਸਮੂਹ।
ਇਸੇ ਪ੍ਰਕਾਰ ਸੰਸਕ੍ਰਿਤ ਮੂਲ ਵਾਲ਼ਾ ਇੱਕ ਹੋਰ ਸ਼ਬਦ ਹੈ-‘ਅਹਿਨਿਸ’। ਇਸ ਦੀ ਵਰਤੋਂ ਗੁਰਬਾਣੀ ਵਿੱਚ ਵੀ ਕਈ ਵਾਰ ਕੀਤੀ ਮਿਲ਼ਦੀ ਹੈ, ਜਿਵੇਂ: “ਸੁ ਕਹੁ ਟਲ ਗੁਰੁ ਸੇਵੀਅੈ ਅਹਿਨਿਸਿ ਸਹਜਿ ਸੁਭਾਇ।। ਦਰਸਨ ਪਰਸਿਅੈ ਗੁਰੂ ਕੈ ਜਨਮ ਮਰਣ ਦੁਖੁ ਜਾਇ।।” ਇਸ ਸ਼ਬਦ (ਅਹਿਨਿਸ) ਦੇ ਅਰਥ ਹਨ- ਦਿਨ-ਰਾਤ। ਇਹ ਸ਼ਬਦ ਵੀ ਭਾਵੇਂ ‘ਅਹਿਰ+ਨਿਸ’ ਸ਼ਬਦਾਂ ਦੇ ਯੋਗ ਤੋਂ ਹੀ ਬਣਿਆ ਹੈ ਪਰ ਇਸ ਵਿਚਲਾ ‘ਰਾਰਾ’ ਅੱਖਰ ਵੀ ਅੱਜ ਸਮੇਂ ਦੇ ਗੇੇੜ ਨਾਲ਼ ਇਸ ਵਿੱਚੋਂ ਲੋਪ ਹੋ ਚੁੱਕਿਆ ਹੈ।
ਮੇਰਾ ਅਧਿਐਨ:
ਉਪਰੋਕਤ ਸ਼ਬਦਾਂ ਤੋਂ ਬਿਨਾਂ ਮੇਰੀ ਜਾਚੇ ‘ਪਹਿਰ’ (ਪ+ਅਹਿਰ)/ਸੰਸਕ੍ਰਿਤ ਵਿੱਚ ‘ਪ੍ਰਹਿਰ’ ਸ਼ਬਦ ਵੀ ‘ਅਹਿਰ’ ਸ਼ਬਦ ਤੋਂ ਹੀ ਬਣੇ ਹਨ। ਫ਼ਾਰਸੀ ਭਾਸ਼ਾ ਵਿੱਚ ਵੀ ਇਹ ਸ਼ਬਦ ਇਹਨਾਂ ਹੀ ਅਰਥਾਂ ਵਿੱਚ ‘ਪਹਿਰ’ ਦੇ ਤੌਰ ‘ਤੇ ਹੀ ਦਰਜ ਹੈ। ਪਹਿਰ/ਪ੍ਰਹਿਰ ਸ਼ਬਦਾਂ ਵਿੱਚ ‘ਪ’ / ‘ਪ੍ਰ’ ਧੁਨੀਆਂ ਦੇ ਅਰਥ ਹਨ- ਇੱਕ ਤੋਂ ਵੱਧ ਅਰਥਾਤ ਦੋ, ਦੂਜੇ, ਬਹੁਤੇ ਭਾਗਾਂ ਜਾਂ ਦੂਰ-ਦੂਰ ਤੱਕ ਗਿਆ ਹੋਇਆ ਆਦਿ। ਇਸ ਪ੍ਰਕਾਰ ‘ਪਹਿਰ’ ਸ਼ਬਦ ਦੇ ਅਰਥ ਹੋਏ – ਇੱਕ ਤੋਂ ਵੱਧ ਭਾਗਾਂ (ਅੱਠ ਪਹਿਰਾਂ) ਵਿੱਚ ਵੰਡੇ ਹੋਏ ਦਿਨ ਦਾ ਇੱਕ ਹਿੱਸਾ ਅਰਥਾਤ ਇੱਕ ਪਹਿਰ। ਬਿਲਕੁਲ ਉਸੇ ਤਰ੍ਹਾਂ ਜਿਵੇਂ: ‘ਪ’ ਧੁਨੀ ਨਾਲ਼ ਬਣੇ ਤੇ ਇਹਨਾਂ ਹੀ ਅਰਥਾਂ ਵਾਲ਼ੇ ‘ਪੱਖ’ ਸ਼ਬਦ ਦੇ ਅਰਥ ਹਨ- ਕਿਸੇ ਗੱਲ ਨੂੰ ਸਮਝਣ ਲਈ ਉਸ ਨਾਲ਼ ਸੰਬੰਧਿਤ ਘੱਟੋ-ਘੱਟ ਦੋ ਜਾਂ ਦੋ ਤੋਂ ਵੱਧ ਸੰਦਰਭ ਜਾਂ ਉਹਨਾਂ ਵਿੱਚੋਂ ਇੱਕ ਸੰਦਰਭ। ਇਸੇ ਤਰ੍ਹਾਂ ਪੰਛੀ ਦੇ ‘ਪੰਖ’ (ਖੰਭ) ਵੀ ਕਿਉਂਕਿ ਇੱਕ ਤੋਂ ਵੱਧ ਅਰਥਾਤ ਦੋ ਹੀ ਹੁੰਦੇ ਹਨ ਜਿਸ ਕਾਰਨ ਇਸ ਸ਼ਬਦ ਦੇ ਅਰਥ ਸਪਸ਼ਟ ਕਰਨ ਲਈ ‘ਪੰਖ’ ਸ਼ਬਦ ਵਿੱਚ ਵੀ ‘ਪ’ ਧੁਨੀ ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਇਸੇ ਕਾਰਨ ‘ਪੰਖ’ ਸ਼ਬਦ ਦਾ ਸੰਕਲਪ ‘ਦੋ ਖੰਭਾਂ’ ਤੋਂ ਹੀ ਹੈ। ਜੇਕਰ ਕਿਸੇ ਪੰਛੀ ਦੇ ਦੋ ਵਿੱਚੋਂ ਕਿਸੇ ਇੱਕ ਪੰਖ ਦਾ ਜ਼ਿਕਰ ਕਰਨਾ ਹੋਵੇ ਤਾਂ ਉਸ ਨਾਲ਼ ਸ਼ਬਦ ‘ਇੱਕ’ (ਜਿਵੇਂ: ਇੱਕ ਪੰਖ) ਜਾਂ ਸੱਜਾ/ਖੱਬਾ ਪੰਖ ਲਿਖਣਾ ਪਵੇਗਾ। ਸ਼ਾਇਦ ‘ਪ’ ਧੁਨੀ ਦੇ ਉਪਰੋਕਤ ਅਰਥਾਂ ਕਾਰਨ ਹੀ ਫ਼ਾਰਸੀ ਭਾਸ਼ਾ ਵਿੱਚ ਵੀ ‘ਪੰਖ’ ਸ਼ਬਦ ਦਾ ਨਾਮਕਰਨ ‘ਪਰ’ (ਖੰਭ) ਦੇ ਤੌਰ ‘ਤੇ ਕੀਤਾ ਗਿਆ ਹੈ ਅਤੇ ‘ਪਰਾਂ’ ਕਾਰਨ ਹੀ ਪੰਛੀ ਨੂੰ ਵੀ ‘ਪਰਿੰਦਾ’ ਆਖਿਆ ਜਾਂਦਾ ਹੈ।
ਪਹਿਰ ਤੋਂ ਹੀ ਦੁਪਹਿਰ (ਦੋ+ਪਹਿਰ) ਸ਼ਬਦ ਬਣਿਆ ਹੈ ਜਿਸ ਦੇ ਅਰਥ ਹਨ- ਉਹ ਸਮਾਂ ਜਦੋਂ ਦਿਨ ਦੇ ਦੋ ਪਹਿਰ ਬੀਤ ਚੁੱਕੇ ਹੋਣ। ਦਿਨ-ਰਾਤ ਦੇ ਕੁੱਲ ਅੱਠ ਪਹਿਰ ਮੰਨੇ ਗਏ ਹਨ ਅਤੇ ਹਰ ਪਹਿਰ ਤਿੰਨ ਘੰਟੇ ਦਾ ਹੈ। ਜ਼ਾਹਰ ਹੈ ਕਿ ਸਮੇਂ ਦੀ ਇਸ ਪ੍ਰਕਾਰ ਦੀ ਵੰਡ ਅਨੁਸਾਰ ਇਹ ਸਮਾਂ ਦਿਨ ਦੇ ਅੱਧ-ਵਿਚਕਾਰ ਅਰਥਾਤ ਜਦੋਂ ਸੂਰਜ ਸਿਖਰ ‘ਤੇ ਹੋਵੇਗਾ; ਵਾਲ਼ਾ ਹੀ ਹੋਵੇਗਾ।
ਕਈ ਨਿਰੁਕਤਕਾਰ ‘ਪਹਿਰ’, ਪ੍ਰਹਾਰ (ਸੱਟ ਜਾਂ ਚੋਟ ਮਾਰਨੀ) ਤੇ ‘ਪਹਿਰਾ’ (ਚੌਕੀਦਾਰੀ ਜਾਂ ਰਖਵਾਲੀ) ਸ਼ਬਦਾਂ ਦੀ ਵਿਉਤਪਤੀ ਦਾ ਸ੍ਰੋਤ ਇੱਕ ਹੀ ਮੰਨਦਿਆਂ, ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਧੱਕੇ ਨਾਲ਼ ਹੀ ਰਲ਼ਗੱਡ ਕਰਨ ਦੀ ਕੋਸ਼ਸ਼ ਕਰਦੇ ਹਨ ਜੋਕਿ ਸਹੀ ਨਹੀਂ ਹੈ। ਇਹਨਾਂ ਸ਼ਬਦਾਂ ਦੀ ਵਿਉਤਪਤੀ ਅਲੱਗ-ਅਲੱਗ ਸ੍ਰੋਤਾਂ ਤੋਂ ਹੋਈ ਹੈ। ‘ਪਹਿਰਾ’ ਸ਼ਬਦ ਦਾ ਅਰਥ ਰਾਖੀ ਜਾਂ ਚੌਕੀਦਾਰੀ/ਪਹਿਰੇਦਾਰੀ ਨਾਲ਼ ਸੰਬੰਧਿਤ ਹੈ। ਇਸੇ ਕਾਰਨ ਅੰਗਰੇਜ਼ੀ ਵਿੱਚ ਪਹਿਰੇਦਾਰ ਨੂੰ ‘watchman’ ਕਿਹਾ ਜਾਂਦਾ ਹੈ ਜਦਕਿ ‘ਪਹਿਰ’ ਦਾ ਅਰਥ ਸਮੇਂ ਜਾਂ ਸਮੇਂ ਦੀ ਵੰਡ ਨਾਲ਼ ਹੈ।
ਸ਼ਾਇਦ ‘ਪ’ ਧੁਨੀ ਦੇ ਉਪਰੋਕਤ ਅਰਥਾਂ ਕਾਰਨ ਹੀ ਅੰਗਰੇਜ਼ੀ ਵਿੱਚ ਵੀ ਸਮੇਂ ਦੀ ਇੱਕ ਵਿਸ਼ੇਸ਼ ਪ੍ਰਕਾਰ ਦੀ ਵੰਡ ਨੂੰ ‘period’ ਕਿਹਾ ਜਾਂਦਾ ਹੈ ਤੇ ਜੋੜੇ ਨੂੰ ‘pair’ ਕਿਹਾ ਜਾਂਦਾ ਹੈ; ਕਿਸੇ ਸਮੂਹ ਦੇ ਇੱਕ ਹਿੱਸੇ ਨੂੰ ‘part’, ‘portion’ ਜਾਂ ‘piece’ ਕਿਹਾ ਜਾਂਦਾ ਹੈ ਅਤੇ ਦੋ ਜਾਂ ਵਧੇਰੇ ਚੀਜ਼ਾਂ ਦੀ ਆਪਸੀ ਸਮਾਨਤਾ ਨੂੰ ‘parity’ ਕਿਹਾ ਜਾਂਦਾ ਹੈ। ਅਜਿਹਾ ਮਹਿਜ਼ ਅਚਾਨਕ ਜਾਂ ਮੌਕਾ-ਮੇਲ਼ ਹੋਣ ਦੇ ਕਾਰਨ ਹੀ ਨਹੀਂ ਸਗੋਂ ਸਾਡੀਆਂ ਬੋਲੀਆਂ (ਆਰੀਅਨ ਭਾਸ਼ਾ-ਪਰਿਵਾਰ) ਦੀ ਆਪਸੀ ਪੁਰਾਤਨ ਸਾਂਝ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ।
ਉਪਰੋਕਤ ਸ਼ਬਦਾਂ ਤੋਂ ਬਿਨਾਂ ਜਿਹੜੇ ਕੁੁਝ ਹੋਰ ਸ਼ਬਦ ‘ਅਹਿਰ’ ਸ਼ਬਦ ਨਾਲ਼ ਸੰਬੰਧਿਤ ਹੋ ਸਕਦੇ ਹਨ, ਉਹ ਹਨ- ਦਿਹਾੜੀ, ਦਿਨ-ਦਿਹਾਰ ਵਿਚਲਾ ‘ਦਿਹਾਰ’ ਅਤੇ ਇੱਥੋਂ ਤੱਕ ਕਿ ‘ਤਿਉਹਾਰ’ (‘ਅਹਿਰ’ ਸ਼ਬਦ ਵਿੱਚ ਮਧੇਤਰ ‘ਆ’ ਜਾਂ ‘ਕੰਨਾ’ ਲਾ ਕੇ ਬਣਿਆ) ਸ਼ਬਦ ਵੀ ‘ਅਹਿਰ’ ਸ਼ਬਦ ਤੋਂ ਹੀ ਬਣੇ ਦਿਖਾਈ ਦਿੰਦੇ ਹਨ ਪਰ ਇਹਨਾਂ ਤੇ ਇਹੋ-ਜਿਹੇ ਕੁਝ ਹੋਰ ਸ਼ਬਦਾਂ ਬਾਰੇ ਵਿਸਤ੍ਰਿਤ ਚਰਚਾ ਕਿਸੇ ਅਗਲੇ ਲੇਖ ਵਿੱਚ।
……………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਸੰਪਰਕ: 98884-03052
**

ਪੰਜਾਬੀ ਸ਼ਬਦਾਵਲੀ ਵਿੱਚ ‘ਪ’ ਧੁਨੀ ਦੇ ਅਰਥ:2

(पंजाबी/हिन्दी में ‘प’ अक्षर के अर्थ-2)
‘ਕੰਡਾ ਪੁੜਨਾ’ ਵਿਚਲਾ ‘ਪੁੜ’ ਸ਼ਬਦ ਵੀ ‘ਪ’ ਧੁਨੀ ਤੋਂ ਹੀ ਬਣਿਆ ਹੈ।ਇਸ ਦੇ ਅਰਥ ਹਨ- ਕੰਡੇ ਦਾ ਖੁਭ ਕੇ “ਦੂਜੀ ਥਾਂ”/ਅੰਦਰ ਵਾਲ਼ੇ ਪਾਸੇ ਚਲੇ ਜਾਣਾ। ਇਸ ਦੇ ਉਲਟ ਪੁੱਟ/ਪੁੱਟਣਾ ਸ਼ਬਦਾਂ ਵਿਚਲੀਆਂ ਧੁਨੀਆਂ ਅਨੁਸਾਰ ਇਹਨਾਂ ਦੇ ਅਰਥ ਹਨ- ਕਿਸੇ ਚੀਜ਼ ਨੂੰ ਇੱਕ ਥਾਂ ਤੋਂ ਉਖਾੜ ਕੇ “ਦੂਜੀ ਥਾਂ” (‘ਪ’ ਧੁਨੀ ਦੇ ਅਰਥ) ‘ਤੇ ਲੈ ਆਉਣਾ/ਰੱਖ ਦੇਣਾ। ‘ਪਾੜ’ ਸ਼ਬਦ ਦੇ ਦੋ ਅਰਥਾਂ ਦਾ ਰਾਜ਼ ਵੀ ਇਸ ਵਿਚਲੀਆਂ ਧੁਨੀਆਂ ਹੀ ਖੋਲ੍ਹ ਰਹੀਆਂ ਹਨ। ਪਹਿਲੇ ‘ਪਾੜ’ (ਕਿਰਿਆ) ਸ਼ਬਦ ਵਿੱਚ ‘ਪ’ ਧੁਨੀ ਦਾ ਅਰਥ ਹੈ- ਕਿਸੇ ਚੀਜ਼ (ਕੱਪੜਾ ਜਾਂ ਕਾਗ਼ਜ਼ ਆਦਿ) ਨੂੰ “ਦੋ ਹਿੱਸਿਆਂ” ਵਿੱਚ ਵੰਡ ਦੇਣਾ ਅਤੇ ਦੂਜੇ ‘ਪਾੜ’ ਨਾਂਵ-ਸ਼ਬਦ (ਪਾੜ ਲਾਉਣੀ) ਦਾ ਅਰਥ ਹੈ- “ਦੂਜੇ ਪਾਸੇ” ਤੱਕ/ਕੰਧ ਆਦਿ ਦੇ ਆਰ-ਪਾਰ ਮਘੋਰਾ ਕਰ ਦੇਣਾ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਧੁਨੀਆਂ ਦੇ ਅਰਥਾਂ ਤੋਂ ਬਿਨਾਂ ਨਾ ਤਾਂ ਸ਼ਬਦ-ਰਚਨਾ ਹੀ ਸੰਭਵ ਸੀ ਅਤੇ ਨਾ ਹੀ ਅਸੀਂ ਇਹੋ-ਜਿਹੇ ਦੂਹਰੇ-ਤੀਹਰੇ ਅਰਥਾਂ ਵਾਲ਼ੇ ਸ਼ਬਦਾਂ ਦੇ ਰਚੇ ਜਾਣ ਦਾ ਰਹੱਸ ਹੀ ਜਾਣ ਸਕਦੇ ਸਾਂ। ਹੁਣ ਤੱਕ ਤੁਸੀਂ ਦੇਖ ਹੀ ਚੁੱਕੇ ਹੋਵੋਗੇ ਕਿ ਜੇਕਰ ਸਾਨੂੰ ਧੁਨੀਆਂ ਦੇ ਅਰਥਾਂ ਦਾ ਪਤਾ ਹੋਵੇਗਾ ਤਾਂ ਸ਼ਬਦਾਂ ਦਾ ਅਜਿਹਾ ਵਿਸ਼ਲੇਸ਼ਣ ਕਰਨਾ ਬਹੁਤ ਹੀ ਅਸਾਨ ਹੋ ਜਾਂਦਾ ਹੈ। ਇੱਥੋਂ ਤੱਕ ਕਿ ਹੁਣ ਤੱਕ ਅਸੰਭਵ ਕਹੇ ਜਾਣ ਵਾਲ਼ੇ ਇਸ ਕ੍ਰਿਸ਼ਮੇ ਨੂੰ ਧੁਨੀਆਂ ਦੇ ਅਰਥਾਂ ਦੀ ਮਦਦ ਨਾਲ਼ ਹਰ ਕੋਈ ਖ਼ੁਦ ਵੀ ਅਜ਼ਮਾ ਕੇ ਦੇਖ ਸਕਦਾ ਹੈ।
‘ਪ’ ਧੁਨੀ ਨਾਲ਼ ਬਣਿਆ ‘ਪੂਰਾ’ (ਸਾਰਾ, ਮੁਕੰਮਲ, ਭਰਿਆ ਹੋਇਆ) ਸ਼ਬਦ ਸੰਸਕ੍ਰਿਤ ਦੇ ‘ਪੂਰਣ’ ਸ਼ਬਦ ਤੋਂ ਬਣਿਆ ਹੈ। ਇਸ ਵਿਚਲੀਆਂ ਧੁਨੀਆਂ ਅਨੁਸਾਰ ਇਸ ਦੇ ਅਰਥ ਹਨ- ਜੋ ਇੱਕ ਸਿਰੇ ਤੋਂ ਲੈ ਕੇ “ਦੂਜੇ ਸਿਰੇ” ਤੱਕ (ਕੋਈ ਕੰਮ ਜਾਂ ਟੀਚਾ ਆਦਿ) ਮੁਕੰਮਲ ਹੋ ਚੁੱਕਿਆ ਹੋਵੇ। ‘ਪੂਰਨਾ’ ਸ਼ਬਦ ਵੀ ‘ਪ’ ਧੁਨੀ ਦੇ ਲਗ-ਪਗ ਉਪਰੋਕਤ ਅਰਥਾਂ ਨਾਲ਼ ਹੀ ਸੰਸਕ੍ਰਿਤ ਦੇ ਪੂਰ (ਪੂਰਨਾ, ਭਰਨਾ, ਮੁਕੰਮਲ ਕਰਨਾ) ਸ਼ਬਦ ਤੋਂ ਬਣਿਆ ਹੈ। ਇਸੇ ਤਰ੍ਹਾਂ ‘ਪੁਨਰ’ (ਦੁਬਾਰਾ/’ਦੂਜੀ’ ਵਾਰ) ਸ਼ਬਦ ਦੇ ਅਰਥ ਦਾ ਕਾਰਨ ਵੀ ਇਸ ਦੇ ਸ਼ੁਰੂ ਵਿੱਚ ‘ਪ’ ਧੁਨੀ ਦੀ ਮੌਜੂਦਗੀ ਹੀ ਹੈ।
ਪਿੱਛੇ, ਪਛੇਤਾ, ਪਛੇਤੀ, ਪੱਛੜ ਅਾਦਿ ਸ਼ਬਦ ਵੀ ਇੱਕ ਥਾਂ ਤੋਂ “ਦੂਜੀ ਥਾਂ” (ਪਿੱਛੇ ਵੱਲ) ਪੈ ਚੁੱਕੇ ਕਿਸੇ ਕੰਮ ਆਦਿ ਲਈ ਹੀ ਵਰਤੇ ਜਾਂਦੇ ਹਨ। ‘ਪ’ ਧੁਨੀ ਦੇ ਇਹਨਾਂ ਅਰਥਾਂ ਕਾਰਨ ਹੀ, ਉਹ ਸ਼ਬਦ ਜੋ ਕਿਸੇ ਮੂਲ ਸ਼ਬਦ ਦੇ ਪਿੱਛੇ ਲੱਗ ਕੇ ਨਵੇਂ ਸ਼ਬਦ ਦੀ ਸਿਰਜਣਾ ਕਰਨ, ਪੰਜਾਬੀ-ਵਿਆਕਰਨ ਵਿੱਚ ‘ਪਿਛੇਤਰ’ ਅਖਵਾਉਂਦੇ ਹਨ। ਕਬੱਡੀ ਦੀ ਖੇਡ ਵਿੱਚ ਬਣਾਏ ‘ਪਾਲ਼ੇ’ (‘ਪ’ ਧੁਨੀ ਕਾਰਨ ਬਣਿਆ ਬਹੁਵਚਨ ਸ਼ਬਦ) ਦੇ ਕੋਸ਼ਗਤ ਅਰਥ ਹਨ- ਮਿੱਟੀ ਦੀ ਬਣਾਈ ਉੱਚੀ ਢੇਰੀ ਜੋ ਕਬੱਡੀ ਦੀ ਖੇਡ ਵਿੱਚ “ਦੋ ਟੀਮਾਂ” ਵਿਚਕਾਰ ਮਿਥੀ ਹੋਈ ਇੱਕ ਹੱਦ ਹੁੰਦੀ ਹੈ। ਪਾਲ਼ੇ ਦੇ ਇਹ ਅਰਥ ਇਸ ਵਿੱਚ ਸ਼ਾਮਲ ‘ਪ’ ਧੁਨੀ ਦੇ ਕਾਰਨ ਹੀ ਬਣੇ ਹਨ। ਇਸ ਪ੍ਰਕਾਰ ਇਹ ਸ਼ਬਦ ਮਿੱਟੀ ਦੀ ਉੱਚੀ ਢੇਰੀ (ਹੇਠੋਂ “ਦੂਜੀ ਥਾਂ” ‘ਤੇ ਲਿਆਂਦੀ ਗਈ) ਦੇ ਨਾਲ਼-ਨਾਲ਼ ਅਜਿਹੀ ਥਾਂ ਵੱਲ ਵੀ ਇਸ਼ਾਰਾ ਕਰਦੇ ਹਨ ਜਿੱਥੋਂ “ਦੂਜੀ ਧਿਰ” ਦੀ ਸੀਮਾ ਸ਼ੁਰੂ ਹੁੰਦੀ ਹੈ। ਖੂਹ ਦੀਆਂ ਟਿੰਡਾਂ ਦੇ ਪਾਣੀ ਨੂੰ ਨਸਾਰ ਤੱਕ ਪੁਚਾਉਣ ਲਈ ਜਿਸ ਚੱਠੇ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ‘ਪਾੜਛਾ’ ਕਿਹਾ ਜਾਂਦਾ ਹੈ। ਇਹ ਖੂਹ ਵਿੱਚੋਂ ਲਿਆਂਦੇ ਪਾਣੀ ਨੂੰ ਟਿੰਡਾਂ ਕੋਲ਼ੋਂ “ਦੂਜੀ ਥਾਂਵੇਂ” ਲੈ ਕੇ ਨਸਾਰ ਜਾਂ ਅੱਗੇ ਹੋਰ “ਦੂਜੀਆਂ ਥਾਂਵਾਂ” (ਚਲ਼੍ਹੇ ਜਾਂ ਖੇਤ ਆਦਿ) ਤੱਕ ਪੁਚਾਉਂਦਾ ਹੈ।
ਸਮਾਂ ਮਾਪਣ ਦੀ ਇੱਕ ਪੁਰਾਤਨ ਇਕਾਈ ਪਲ (ਘੜੀ-ਪਲ) ਸ਼ਬਦ ਦਾ ਕੋਸ਼ਗਤ ਅਰਥ (ਭਾਸ਼ਾ ਵਿਭਾਗ, ਪੰਜਾਬ ਅਨੁਸਾਰ) ਹੈ- ਘੜੀ ਦਾ ਸੱਠਵਾਂ ਹਿੱਸਾ ਜਾਂ ਚੌਵੀ ਸਕਿੰਟ ਦਾ ਸਮਾਂ। ‘ਪਹਿਰ’ ਸ਼ਬਦ ਵਾਂਗ ਕਿਉਂਕਿ ਇਹ ਇੱਕ ਘੜੀ ਦੇ ਬਹੁਤੇ (ਦੋ ਤੋਂ ਵੱਧ) ਹਿੱਸਿਆਂ (‘ਪ’ ਧੁਨੀ ਦੇ ਅਰਥ) ਵਿੱਚੋਂ ਇੱਕ ਹਿੱਸਾ ਹੈ ਇਸ ਲਈ ਇਸ ਨੂੰ ‘ਪਲ’ ਕਿਹਾ ਜਾਂਦਾ ਹੈ। ਉਂਞ ਪਲ (ਸਕਿੰਟ, ਖਿਣ) ਸਮੇਂ ਦੀ ਉਸ ਇਕਾਈ ਨੂੰ ਵੀ ਕਿਹਾ ਜਾਂਦਾ ਹੈ ਜੋ ਲਗਾਤਾਰ ਅੱਗੇ (ਦੂਜੇ ਪਾਸੇ) ਵੱਲ ਵਧ ਰਿਹਾ ਹੈ- “ਫੜ-ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ”/ “ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਂਵਦਾ।”
‘ਪੱਲਾ’ (ਲੜ) ਸ਼ਬਦ ਜੋਕਿ ਸੰਸਕ੍ਰਿਤ ਦੇ ‘ਪਟਲ’ ਸ਼ਬਦ ਤੋਂ ਬਣਿਆ ਦੱਸਿਆ ਜਾਂਦਾ ਹੈ, ਦਾ ‘ਪ’ ਧੁਨੀ ਦੇ ਕਾਰਨ ਅਰਥ ਹੈ- ਕੱਪੜੇ ਜਾਂ ਕਮੀਜ਼ ਆਦਿ ਦਾ ਇੱਕ ਜਾਂ ਦੂਸਰਾ ਸਿਰਾ ਅਤੇ ਜਿਸ ਦੇ ਦੋ ਪਾਸੇ (ਪੁੱਠ-ਸਿੱਧ) ਵੀ ਹੋਣ। ਪੱਤਾ, ਪੱਤਰ ਅਾਦਿ ਸ਼ਬਦਾਂ ਵਾਂਗ ਕੱਪੜੇ ‘ਤੇ ਵੀ ਇਹ ਦੋਵੇਂ ਅਰਥ ਲਾਗੂ ਹੁੰਦੇ ਹਨ। ਕੱਪੜੇ ਜਾਂ ਖ਼ਾਲੀ ਥੈਲਿਆਂ ਆਦਿ ਦੀ ਬਣਾਈ ਸਮਾਨ ਜਾਂ ਪੱਠੇ ਵਗ਼ੈਰਾ ਪਾਉਣ ਲਈ ਤਿਆਰ ਕੀਤੀ ਪੱਲੀ (ਦੋ ਸਿਰਿਆਂ/ਪਾਸਿਆਂ ਵਾਲ਼ੀ) ਨੂੰ ਵੀ ਇਸੇ ਕਾਰਨ (‘ਪ’ ਧੁਨੀ ਕਾਰਨ) ‘ਪੱਲੀ’ ਆਖਿਆ ਜਾਂਦਾ ਹੈ। ਉਂਞ ਸੰਸਕ੍ਰਿਤ ਵਿੱਚ ਛੋਟੇ ਪਿੰਡ ਨੂੰ ਵੀ (ਜੋਕਿ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਫੈਲਿਆ ਹੁੰਦਾ ਹੈ), ਪੱਲੀ ਆਖਿਆ ਜਾਂਦਾ ਹੈ। ਸਾਡੇ ਪਿੰਡ ਦੇ ਨੇੜੇ ਵੀ ਕੋਲ਼ੋ-ਕੋਲ਼ ਵੱਸਦੇ ਦੋ ਗੁਆਂਢੀ ਪਿੰਡਾਂ ਦੇ ਨਾਂ ‘ਉੱਚੀ ਪੱਲੀ’ ਅਤੇ ‘ਝਿੱਕੀ ਪੱਲੀ’ ਹਨ।
‘ਪ’ ਧੁਨੀ ਤੋਂ ਹੀ ਬਣੇ ‘ਪਲ਼ੀ’ ਸ਼ਬਦ ਵਿੱਚ ‘ਪ’ ਦਾ ਅਰਥ ਹੈ- ਕਿਸੇ ਚੀਜ਼ ਨੂੰ ਦੂਜੇ ਸਥਾਨ ਤੱਕ ਲਿਜਾਣ ਵਾਲ਼ੀ ਤੇ ਇਸੇ ਕਾਰਨ ਇਸ ਦਾ ਕੋਸ਼ਗਤ ਅਰਥ ਹੈ- ਲੰਮੀ ਡੰਡੀ ਵਾਲ਼ੀ ਤੇਲ ਕੱਢਣ ਵਾਲ਼ੀ ਕਟੋਰੀ। ਪਲ਼, ਪਲਣਾ, ਪਾਲਣਾ, ਪਾਲਕ, ਪਾਲਣ-ਪੋਸਣ, ਪਾਲਣਹਾਰ ਆਦਿ ਸ਼ਬਦ ਵੀ ਇਸੇ ਹੀ ਧੁਨੀ ਤੋਂ ਬਣੇ ਹੋਣ ਕਾਰਨ ਇਹਨਾਂ ਦੇ ਅਰਥ ਹਨ- (ਜੀਵਨ ਨੂੰ) ਅੱਗੇ ਜਾਂ ਦੂਜੇ ਪਾਸੇ ਵੱਲ ਲਿਜਾਣਾ/ਲਿਜਾਣ ਵਾਲ਼ਾ ਆਦਿ। ਹਲ਼ ਦੀ ਪੋਰ (‘ਪ’ ਧੁਨੀ ਦੇ ਅਰਥਾਂ ਕਾਰਨ) ਦਾ ਨਾਂ ਵੀ ਬੀ ਨੂੰ ਦੂਜੇ ਸਿਰੇ ਤੱਕ (ਜ਼ਮੀਨ ਵਿੱਚ) ਲਿਜਾਣ ਕਾਰਨ ਹੀ ਹੈ। ਇਸੇ ਕਾਰਨ ਹੀ ਗੰਨੇ ਜਾਂ ਬਾਂਸ ਦੀ ਇੱਕ ‘ਪੋਰ’ (ਇੱਕ ਗੱਠ ਤੋਂ ‘ਦੂਜੀ ਗੱਠ’ ਤੱਕ ਦਾ ਭਾਗ) ਨੂੰ ‘ਪੋਰੀ’ ਆਖਿਆ ਜਾਂਦਾ ਹੈ। ਉਂਗਲ਼ੀਆਂ ਦੀ ਇੱਕ ‘ਪੋਰੀ’ ਜਾਂ ‘ਪੋਟੇ’ ਦਾ ਨਾਮਕਰਨ ਵੀ ਇਸੇ ਕਾਰਨ ਹੀ ‘ਪ’ ਧੁਨੀ ਨਾਲ਼ ਕੀਤਾ ਗਿਆ ਹੈ- “ਵਾਰਸਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ।”
ਪਹੀਏ ਦੀ ਕਾਢ ਨੇ ਤਾਂ ਜਿਵੇਂ ਮਨੁੱਖ ਦੀ ਦੁਨੀਆ ਹੀ ਬਦਲ ਕੇ ਰੱਖ ਦਿੱਤੀ ਹੈ। ਇਸ ਦੀ ਖੋਜ ਉਪਰੰਤ ਮਨੁੱਖ ਨੇ ਨਿੱਤ ਨਵੀਂਆਂ ਮੰਜ਼ਲਾਂ ਸਰ ਕੀਤੀਆਂ ਹਨ। ਇਸੇ ਕਾਰਨ ਇਸ ਦੇ ਨਾਮਕਰਨ ਵਿੱਚ ਵੀ ‘ਪ’ ਧੁਨੀ ਨੂੰ ਸ਼ਾਮਲ ਕੀਤਾ ਗਿਆ ਹੈ। ਕੋਸ਼ਾਂ ਅਨੁਸਾਰ ਭਾਵੇਂ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ‘ਪ੍ਰਿਧੀ’ ਸ਼ਬਦ ਤੋਂ ਬਣਿਆ ਹੈ ਪਰ ‘ਪ੍ਰ’ ਅਗੇਤਰ ਜਾਂ ‘ਪ’ ਧੁਨੀ ਦੇ ਅਰਥਾਂ ਅਨੁਸਾਰ ਇਸ ਦੇ ਅਰਥ ਹਨ- ਦੂਜੀ ਥਾਂ ਵੱਲ ਜਾਣ/ਲਿਜਾਣ ਵਾਲ਼ਾ। ਇਸੇ ਤਰ੍ਹਾਂ ‘ਪਰੋਣਾ’ ਸ਼ਬਦ ਵਿੱਚ ਪ ਧੁਨੀ ਹਾਜ਼ਰ ਹੋਣ ਕਾਰਨ ਇਸ ਦੇ ਅਰਥ ਹਨ- ਦੂਜੀਆਂ/ਅਗਲੀਆਂ ਚੀਜ਼ਾਂ (ਫੁੱਲ, ਮੋਤੀ, ਕਾਗਜ਼ ਆਦਿ) ਦੇ ਨਾਲ਼ ਜੋੜਨਾ ਜਾਂ ਨੱਥੀ ਕਰਨਾ/ਧਾਗਾ ਪਾਉਣਾ ਆਦਿ।
ਹੁਣ ਦੇਖਦੇ ਹਾਂ ਕੁਝ ਅਜਿਹੇ ਸ਼ਬਦ ਜਿਨ੍ਹਾਂ ਦੇ ਮੱਧ ਜਾਂ ਅੰਤ ਵਿੱਚ ‘ਪ’ ਧੁਨੀ ਵਿਦਮਾਨ ਹੋਵੇ ਤੇ ਉਪਰੋਕਤ ਅਰਥਾਂ ਦੀ ਹੀ ਧਾਰਨੀ ਹੋਵੇ; ਅਜਿਹੇ ਸ਼ਬਦਾਂ ਵਿੱਚੋਂ ਇੱਕ ਸ਼ਬਦ ‘ਉਪ’ ਦਾ ਅਰਥ ਹੈ: ਛੋਟਾ ਜਾਂ ਦੂਜੇ ਦਰਜੇ ਦਾ (ਦੂਜੀ ਥਾਂਵੇਂ ਗਿਆ ਹੋਇਆ), ਜਿਵੇਂ: ਉਪਰਾਸ਼ਟਰਪਤੀ, ਉਪਭਾਸ਼ਾ ਜਾਂ ਉਪਨਾਮ ਅਾਦਿ। ‘ਅਪ’ ਅਗੇਤਰ/ਸ਼ਬਦ ਦਾ ਅਰਥ ਹੈ- ਦੂਜੀ (ਹੇਠਲੇ ਦਰਜੇ ਦੀ) ਅਵਸਥਾ ਵਿੱਚ ਗਿਆ ਹੋਇਆ ਅਰਥਾਤ ਬੁਰਾ, ਜਿਵੇਂ: ਅਪਸ਼ਬਦ, ਅਪਮਾਨ, ਅਪਜਸ ਆਦਿ। ਇਸੇ ਤਰ੍ਹਾਂ ਨੇਪਰੇ (ਚੜ੍ਹਨਾ/ਚਾੜ੍ਹਨਾ) ਸ਼ਬਦ ਵਿੱਚ ਵੀ ‘ਪ’ ਧੁਨੀ ਦਾ ਅਰਥ ਹੈ- ਕਿਸੇ ਕੰਮ ਨੂੰ ਦੂਜੇ ਜਾਂ ਆਖਰੀ ਸਿਰੇ ਤੱਕ ਲੈ ਜਾਣਾ/ਸਿਰੇ ਚਾੜ੍ਹ ਦੇਣਾ। ਟਪੂਸੀ/ਟਪੂਸੀਆਂ ਸ਼ਬਦ ਜੋ ਕਿ ‘ਟੱਪ’ ਸ਼ਬਦ ਤੋਂ ਬਣੇ ਹਨ, ਵਿੱਚ ਵੀ ‘ਪ’ ਧੁਨੀ ਦਾ ਅਰਥ ਹੈ: ਆਪਣੇ-ਆਪ ਨੂੰ (ਉਛਾਲ਼ ਕੇ/ਚੁੱਕ ਕੇ) ਇੱਕ ਥਾਂ ਤੋਂ ਦੂਜੀ ਥਾਂ ‘ਤੇ ਲੈ ਜਾਣਾ। ‘ਡੰਗ ਟਪਾਉਣਾ’ ਸ਼ਬਦ-ਜੁੱਟ ਵਿੱਚ ਟਪਾਉਣਾ ਸ਼ਬਦ ਤੋਂ ਭਾਵ ਵੀ ਡੰਗ ਦੀ ਪ੍ਰਕਿਰਿਆ ਨੂੰ ਕਿਸੇ ਤਰ੍ਹਾਂ ਖਿੱਚ-ਧੂਹ ਕੇ ਅਗਲੇ/ਦੂਜੇ ਡੰਗ ਤੱਕ ਲਿਜਾਣਾ ਹੀ ਹੈ। ‘ਟੱਪ’ ਸ਼ਬਦ ਤੋਂ ਹੀ ‘ਟਪਾਰ ਮਾਰਨੀ’ (ਗੱਪ ਮਾਰਨੀ) ਅਰਥਾਤ ਅਸਲ ਗੱਲ ਨੂੰ ਛੱਡ ਕੇ (ਟੱਪ ਕੇ/ਉਲੰਘ ਕੇ) ਹੋਰ-ਹੋਰ (ਦੂਜੀਆਂ) ਗੱਲਾਂ ਦੁਆਲ਼ੇ ਹੀ ਘੁੰਮੀ ਜਾਣਾ ਹੈ। ਛੜੱਪਾ (ਮਾਰਨਾ) ਸ਼ਬਦ ਵਿਚਲੀ ‘ਪ’ ਧੁਨੀ ਦਾ ਵੀ ਇਹੋ ਹੀ ਅਰਥ ਹੈ- ਇੱਕ ਥਾਂ ਖੜ੍ਹੇ-ਖੜੋਤੇ ਹੀ ਛਾਲ਼/ਟਪੂਸੀ ਮਾਰ ਕੇ ਦੂਜੀ ਥਾਂ ‘ਤੇ ਚਲੇ ਜਾਣਾ। ਇੱਥੋਂ ਤੱਕ ਕਿ ‘ਟੱਪਰੀ’, ‘ਛੱਪਰ’ (ਕਿਸੇ ਸਥਾਨ ‘ਤੇ ਉੱਪਰ ਵੱਲ ਨੂੰ/ਦੂਜੀ ਥਾਂ ਵੱਲ) ਚੁੱਕ ਕੇ ਬਣਾਈ ਹੋਈ ਛੱਤਦਾਰ ਜਗ੍ਹਾ। ‘ਉੱਪਰ’ ਸ਼ਬਦ ਵਿੱਚ ਵੀ ‘ਪ’ ਧੁਨੀ ਦਾ ਅਰਥ ਉਤਾਂਹ ਵੱਲ (ਦੂਜੀ ਥਾਂ ਵੱਲ) ਹੀ ਹੈ।
‘ਪ’ ਧੁਨੀ ਕਾਰਨ ਹੀ ‘ਆਪ’ ਜਿਸ ਦਾ ਭਾਵ ‘ ਤੁਸੀਂ ‘ ਹੈ; ਵਿੱਚ ਵੀ ਤੁਹਾਡੇ ਵੱਲੋਂ, ਤੁਹਾਡੇ ਹੀ ਕੋਲ਼ ਖੜ੍ਹੇ ‘ਦੂਜੇ ਵਿਅਕਤੀ’ (‘ਪ’ ਧੁਨੀ ਦੇ ਅਰਥ) ਨੂੰ ਸੰਬੋਧਨ ਕਰਨ ਤੋਂ ਹੈ। ਇਹਨਾਂ ਤੋਂ ਬਿਨਾਂ ‘ਖਪਤ’ ਅਤੇ ‘ਗੁਪਤ’ ਵਰਗੇ ਅਨੇਕਾਂ ਸ਼ਬਦਾਂ ਵਿੱਚ ਵੀ ‘ਪ’ ਧੁਨੀ ਦਾ ਭਾਵ ਕਿਸੇ ਚੀਜ਼ ਨੂੰ ਦੂਜੀ ਥਾਂ ‘ਤੇ ਲਿਜਾਣ ਜਾਂ ਚਲੇ ਜਾਣ ਤੋਂ ਹੀ ਹੈ।
ਸੋ, ਜਿੱਥੋਂ ਤੱਕ ‘ਪ’ ਧੁਨੀ ਦੇ ਅਰਥਾਂ ਦੀ ਗੱਲ ਹੈ, ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ੇ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਲਗ-ਪਗ ਸਾਰੇ ਹੀ ਸ਼ਬਦਾਂ ਵਿੱਚ ‘ਪ’ ਧੁਨੀ ਦੇ ਅਰਥ ‘ਦੋ’ ਜਾਂ ‘ਦੂਜਾ’ ਆਦਿ ਹੀ ਹਨ। ਜਿਵੇਂਕਿ ਪਹਿਲੇ ਇੱਕ ਲੇਖ (ਭਾਗ ਦੋ) ਵਿੱਚ ਵੀ ਦੱਸਿਆ ਗਿਆ ਸੀ ਕਿ ਸਾਡੀਆਂ ਦੇਸੀ ਭਾਸ਼ਾਵਾਂ (ਪੰਜਾਬੀ/ਹਿੰਦੀ ਆਦਿ), ਫ਼ਾਰਸੀ/ਅੰਗਰੇਜ਼ੀ ਆਦਿ ਅਤੇ ਕੁਝ ਹੋਰ ਭਾਸ਼ਾਵਾਂ ਕਿਉਂਕਿ ਇੱਕ ਹੀ ਭਾਸ਼ਾ-ਪਰਿਵਾਰ (ਆਰੀਆਈ ਭਾਸ਼ਾ-ਪਰਿਵਾਰ) ਨਾਲ਼ ਸੰਬੰਧ ਰੱਖਦੀਆਂ ਹਨ ਜਿਸ ਕਾਰਨ ਇਹਨਾਂ ਦੀ ਆਪਸੀ ਸਾਂਝ ਬਹੁਤ ਪੁਰਾਣੀ ਹੈ। ਇਹੋ ਹੀ ਵਜ੍ਹਾ ਹੈ ਕਿ ਇਹਨਾਂ ਦੇ ਬਹੁਤ ਸਾਰੇ ਸ਼ਬਦ ਥੋੜ੍ਹੇ-ਬਹੁਤ ਅੰਤਰ ਨਾਲ਼ ਰੂਪ ਅਤੇ ਅਰਥਾਂ ਪੱਖੋਂ ਆਪਸ ਵਿੱਚ ਕਾਫ਼ੀ ਰਲ਼ਦੇ-ਮਿਲ਼ਦੇ ਹਨ; ਸਿੱਟੇ ਵਜੋਂ ਇਹਨਾਂ ਭਾਸ਼ਾਵਾਂ ਦੇ ਕੁਝ ਸ਼ਬਦਾਂ ਵਿੱਚ ‘ਪ’ ਧੁਨੀ ਅਤੇ ਉਸ ਦੇ ਅਰਥਾਂ ਦੀ ਵੀ ਕਾਫ਼ੀ ਸਾਂਝ ਹੈ। ਮਿਸਾਲ ਦੇ ਤੌਰ ‘ਤੇ: ਪਿਤਾ/ਪਿੱਤਰ (ਹਿੰਦੀ/ਪੰਜਾਬੀ/ਸੰਸਕ੍ਰਿਤ)- ਪਿਦਰ (ਫ਼ਾਰਸੀ)- parents, paternal (ਅੰਗਰੇਜ਼ੀ); ਪਿਆਦਾ (ਫ਼ਾਰਸੀ)- ਪੈਦਲ (ਹਿੰਦੀ/ਪੰਜਾਬੀ/ਸੰਸਕ੍ਰਿਤ)- paddle (ਅੰਗਰੇਜ਼ੀ); ਪਰਚਾ (ਫ਼ਾਰਸੀ)- paper (ਅੰਗਰੇਜ਼ੀ)- ਪੱਤਰ (ਹਿੰਦੀ/ਪੰਜਾਬੀ/ਸੰਸਕ੍ਰਿਤ) ਆਦਿ।
ਇਸ ਸਾਰੇ ਵਰਤਾਰੇ ਤੋਂ ਇੱਕ ਗੱਲ ਹੋਰ ਵੀ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ ਕਿ ਕਿਸੇ ਵੀ ਸ਼ਬਦ ਵਿੱਚ ‘ਪ’ ਧੁਨੀ ਦੀ ਵਰਤੋਂ ਬਿਨਾਂ ਲੋੜ ਤੋਂ ਨਹੀਂ ਕੀਤੀ ਗਈ; ਜਿੱਥੇ ਉਸ ਦੇ ਅਰਥਾਂ (ਦੋ, ਦੂਜਾ ਆਦਿ) ਦੀ ਲੋੜ ਸੀ, ਉੱਥੇ ਹੀ ਉਸ ਨੂੰ ਵਰਤਿਆ ਗਿਆ ਹੈ। ਲੋੜ ਪੈਣ ‘ਤੇ ਇਸ ਨੂੰ ਇੱਕੋ ਸ਼ਬਦ, ਜਿਵੇਂ: ‘ਪਰੰਪਰਾ’ ਅਤੇ ‘ਪਰਿਪਾਟੀ’ ਆਦਿ ਵਿੱਚ ਦੋ ਵਾਰ ਵੀ ਵਰਤ ਲਿਆ ਗਿਆ ਹੈ। ਫਿਰ ਕੋਈ ਕਿਵੇਂ ਕਹਿ ਸਕਦਾ ਹੈ ਕਿ ਧੁਨੀਆਂ ਦੇ ਕੋਈ ਅਰਥ ਨਹੀਂ ਹੁੰਦੇ ਅਤੇ ਇਹਨਾਂ ਦੀ ਵਰਤੋਂ ਤਾਂ ਮਹਿਜ਼ ਸ਼ਬਦ ਬਣਾਉਣ ਲਈ ਹੀ ਕੀਤੀ ਗਈ ਹੈ।
ਪੰਜਾਬੀ ਵਿੱਚ ਉਪਰੋਕਤ ਸੰਸਕ੍ਰਿਤ/ਹਿੰਦੀ/ਪੰਜਾਬੀ ਆਦਿ ਦੇਸੀ ਭਾਸ਼ਾਵਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਸਮਾਏ ਹੋਏ ਹਨ। ਇਸ ਲਈ ਇਹ ਜ਼ਰੂਰੀ ਨਹੀਂ ਕਿ ਉਹਨਾਂ ਸਾਰੇ ਸ਼ਬਦਾਂ ਵਿੱਚ ਵੀ ‘ਪ’ ਧੁਨੀ ਦੇ ਅਰਥ ਦੋ ਜਾਂ ਦੂਜਾ ਆਦਿ ਹੀ ਹੋਣ; ਮਿਸਾਲ ਦੇ ਤੌਰ ‘ਤੇ ‘ਪੀਪਾ’ ਸ਼ਬਦ ਤੁਰਕੀ ਭਾਸ਼ਾ ਦਾ ਹੈ। ਧੁਨੀਆਂ ਦੇ ਆਧਾਰ ‘ਤੇ ਅਸੀਂ ਇਸ ਸ਼ਬਦ ਦੇ ਸਹੀ ਅਰਥਾਂ ਜਾਂ ਨਾਮਕਰਨ ਤੱਕ ਪਹੁੰਚ ਹੀ ਨਹੀਂ ਸਕਦੇ। ਇਸੇ ਤਰ੍ਹਾਂ ਕਈ ਸ਼ਬਦਾਂ ਦੇ ਤਦਭਵ ਰੂਪ ਧਾਰਨ ਕਰਨ ਸਮੇਂ ਵੀ ਉਹਨਾਂ ਦੀਆਂ ਧੁਨੀਆਂ ਵਿੱਚ ਤਬਦੀਲੀ ਆ ਜਾਂਦੀ ਹੈ, ਜਿਵੇਂ ਕਿ ਪਹਿਲਾਂ ਇੱਕ ਉਦਾਹਰਨ ਵੀ ਦਿੱਤੀ ਗਈ ਹੈ: ਸੁਪਨਾ/ਸੁਫਨਾ ਅਤੇ ਲਗ-ਭਗ/ਲਗ-ਪਗ ਆਦਿ। ਅਜਿਹੇ ਸ਼ਬਦਾਂ ਵਿੱਚ ਵੀ ਸਹੀ ਧੁਨੀ ਦੀ ਪਛਾਣ ਕੀਤੇ ਬਿਨਾਂ ਸੰਬੰਧਿਤ ਸ਼ਬਦ ਦੇ ਅਰਥਾਂ ਤੱਕ ਨਹੀਂ ਪਹੁੰਚਿਆ ਜਾ ਸਕਦਾ। ਸੁਪਨਾ (ਨੀਂਦ ਦੀ ਹਾਲਤ ਵਿੱਚ ਕੋਈ ਦ੍ਰਿਸ਼ ਦੇਖਣ ਦਾ ਭਾਵ) ਸ਼ਬਦ ਨੂੰ ਹੀ ਲੈ ਲਓ; ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ‘ਸ੍ਵਪਨ’ ਸ਼ਬਦ ਤੋਂ ਬਣਿਆ ਹੈ ਅਤੇ ‘ਸ੍ਵਪਨ’ ਅੱਗੋਂ ‘ਸ੍ਵਪ’ (ਸੌਂਣਾ) ਸ਼ਬਦ ਤੋਂ ਪਰ ਪੰਜਾਬੀ ਵਿੱਚ ਇਸ ਦਾ ਮਿਆਰੀ ਰੂਪ ‘ਸੁਫਨਾ’ ਹੀ ਮੰਨਿਆ ਗਿਆ ਹੈ। ਇਸ ਲਈ ਜੇਕਰ ਅਸੀਂ ਇਸ ਦੇ ਅਰਥ ‘ਪ’ ਧੁਨੀ ਦੀ ਥਾਂ ‘ਫ’ ਧੁਨੀ ਨਾਲ਼ ਹੀ ਲੱਭਦੇ ਰਹਾਂਗੇ ਤਾਂ ਅਸੀਂ ਕਦੇ ਵੀ ਇਸ ਦੇ ਅਰਥਾਂ ਅਤੇ ਰਚਣ-ਪ੍ਰਕਿਰਿਆ ਦੀ ਥਾਹ ਨਹੀਂ ਪਾ ਸਕਾਂਗੇ। ਇਸੇ ਤਰ੍ਹਾਂ ‘ਫਾਂਸੀ’ ਸ਼ਬਦ ਸੰਸਕ੍ਰਿਤ ਭਾਸ਼ਾ ਦੇ ‘ਪਾਸ਼’ (ਬੰਨ੍ਹਣਾ) ਸ਼ਬਦ ਤੋਂ ਬਣਿਆ ਦੱਸਿਆ ਜਾਂਦਾ ਹੈ। ਇਸੇ ਕਾਰਨ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਵਿੱਚ ‘ਫਾਂਸੀ’ ਦੇ ਸ਼ਬਦ-ਜੋੜ ਨਾਸਿਕੀ ਚਿੰਨ੍ਹ ਬਿੰਦੀ ਤੋਂ ਬਿਨਾਂ ਅਰਥਾਤ “ਫਾਸੀ” ਹੀ ਦੱਸੇ ਗਏ ਹਨ ਪਰ ਇਸ ਦਾ ਪ੍ਰਚਲਿਤ ਰੂਪ ‘ਫਾਂਸੀ’ ਹੀ ਪ੍ਰਸਿੱਧ ਹੈ। ਸੋ, ‘ਫਾਂਸੀ’ ਸ਼ਬਦ ਦੀ ਵਿਉਤਪਤੀ ਸਾਨੂੰ ‘ਪ’ ਦੀ ਧੁਨੀ ਹੀ ਸਮਝਾ ਸਕਦੀ ਹੈ, ‘ਫ’ ਦੀ ਨਹੀਂ। ‘ਪਸੂ’ (ਜਿਸ ਨੂੰ ਬੰਨ੍ਹ ਕੇ ਰੱਖਿਆ ਜਾਵੇ) ਸ਼ਬਦ ਵੀ ਇਸੇ ‘ਪਾਸ਼’ ਸ਼ਬਦ ਤੋਂ ਹੀ ਬਣਿਆ ਹੈ। ਇਸੇ ਤਰ੍ਹਾਂ ‘ਲਗ-ਪਗ’ ਸ਼ਬਦ ਦਾ ਅਸਲ ਸ਼ਬਦ-ਰੂਪ ‘ਲਗ-ਭਗ’ ਹੈ। ਇਸ ਦੀ ਵਿਉਤਪਤੀ ਸਮਝਣ ਲਈ ਵੀ ਸਾਨੂੰ ‘ਪ’ ਦੀ ਥਾਂ ‘ਭ’ ਧੁਨੀ ਅਤੇ ਉਸ ਦੇ ਅਰਥਾਂ ਨਾਲ਼ ਹੀ ਸਿੱਝਣਾ ਪਵੇਗਾ।
ਅੰਤ ਵਿੱਚ ਇਹੋ ਕਹਾਂਗਾ ਕਿ ਧੁਨੀਆਂ ਨੂੰ ਤਾਂ ਸਾਡੇ ਭਾਸ਼ਾ-ਵਿਗਿਆਨੀ ਅੱਜ ਤੱਕ ਇਵੇਂ ਸਮਝਦੇ ਆ ਰਹੇ ਹਨ, ਜਿਵੇਂ ਉਹ ਗੂੰਗੀਆਂ, ਬੋਲ਼ੀਆਂ ਅਤੇ ਕਿਸੇ ਦੀਆਂ ਕਠਪੁਤਲੀਆਂ ਹੋਣ। ਉਹਨਾਂ ਅਨੁਸਾਰ ਤਾਂ ਇੰਞ ਜਾਪਦਾ ਹੈ, ਜਿਵੇਂ ਮੁਢਲੇ ਸ਼ਬਦਕਾਰ ਮਨ-ਮਰਜ਼ੀ ਮੁਤਾਬਕ, ਬਿਨਾਂ ਸੋਚੇ-ਸਮਝੇ, ਜਿੱਥੇ ਜਿਸ ਧੁਨੀ ਨੂੰ ਚਾਹਿਆ, ਅੱਖਾਂ ਬੰਦ ਕਰਕੇ ਉਸ ਧੁਨੀ ਦੀ ਵਰਤੋਂ ਕਰਦੇ ਰਹੇ ਹੋਣ ਪਰ ਮੈਨੂੰ ਪੂਰੀ ਆਸ ਹੈ ਕਿ ਪਾਠਕਾਂ ਨੂੰ ਇਹ ਲੇਖ ਪੜ੍ਹ ਕੇ ਹੁਣ ਤਾੲੀਂ ਇਸ ਗੱਲ ਦਾ ਅਹਿਸਾਸ ਜ਼ਰੂਰ ਹੋ ਗਿਆ ਹੋਵੇਗਾ ਕਿ ਧੁਨੀਆਂ ਦੀ ਸ਼ਬਦਕਾਰੀ ਵਿੱਚ ਵਰਤੋਂ ਸੰਬੰਧੀ ਤਾਂ ਅਜਿਹੀ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿਉਂਕਿ ਜਿੱਥੇ ਜਿਸ ਧੁਨੀ ਤੇ ਉਸ ਦੇ ਅਰਥਾਂ ਦੀ ਲੋੜ ਸੀ, ਉੱਥੇ ਹੀ ਉਸ ਦੀ ਵਰਤੋਂ ਕੀਤੀ ਗਈ ਹੈ। ਕਿਧਰੇ ਵੀ, ਕਿਸੇ ਵੀ ਧੁਨੀ ਦੀ ਬੇਲੋੜੀ ਵਰਤੋਂ ਨਹੀਂ ਕੀਤੀ ਗਈ। ਇਸ ਦਾ ਕਾਰਨ ਇਹ ਹੈ ਕਿ ਹਰ ਧੁਨੀ ਦੇ ਆਪਣੇ ਅਰਥ ਹਨ। ਇੱਕ ਨਿਸ਼ਚਿਤ ਅਰਥਾਂ ਵਾਲ਼ੀ ਧੁਨੀ ਨੂੰ ਛੱਡ ਕੇ ਸ਼ਬਦਕਾਰੀ ਲਈ ਕਿਸੇ ਹੋਰ ਧੁਨੀ ਦੀ ਵਰਤੋਂ ਕੀਤੀ ਹੀ ਨਹੀਂ ਜਾ ਸਕਦੀ; ਬਿਲਕੁਲ ਉਸੇ ਤਰ੍ਹਾਂ ਜਿਵੇਂ ਸੰਗੀਤ ਵਿੱਚ ਜੇਕਰ ਇੱਕ ਵੀ ਸੁਰ ਗ਼ਲਤ ਲੱਗ ਜਾਵੇ ਤਾਂ ਸਾਰਾ ਰਾਗ ਜਾਂ ਪੂਰੀ ਤਰਜ਼ ਹੀ ਬੇਸੁਰੀ ਤੇ ਬੇਤਾਲੀ ਹੋ ਜਾਂਦੀ ਹੈ, ਠੀਕ ਇਸੇ ਤਰ੍ਹਾਂ ਜੇਕਰ ਅਸੀਂ ਕਿਸੇ ਸ਼ਬਦ ਵਿੱਚ ਇੱਕ ਵੀ ਗ਼ਲਤ ਧੁਨੀ ਜਾਂ ਗ਼ਲਤ ਸ਼ਬਦ-ਜੋੜ ਦੀ ਵਰਤੋਂ ਕਰਦੇ ਹਾਂ ਤਾਂ ਸ਼ਬਦ ਪੂਰੀ ਤਰ੍ਹਾਂ ਨਿਰਾਰਥਕ ਹੋ ਕੇ ਰਹਿ ਜਾਂਦਾ ਹੈ ਜਾਂ ਉਸ ਦੇ ਅਰਥ ਹੀ ਬਦਲ ਜਾਂਦੇ ਹਨ। ਸੋ, ਨਿਸ਼ਚਿਤ ਅਰਥਾਂ ਦੀ ਪ੍ਰਾਪਤੀ ਲਈ ਸਾਨੂੰ ਨਿਸ਼ਚਿਤ ਧੁਨੀਆਂ ਦੀ ਵਰਤੋਂ ਹਰ ਹਾਲ ਵਿੱਚ ਕਰਨੀ ਹੀ ਪਵੇਗੀ, ਇਸ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਹੈ। ਸ਼ਬਦਾਂ ਦੇ ਮਿਆਰੀ ਸ਼ਬਦ-ਰੂਪਾਂ/ਸ਼ਬਦ-ਜੋੜਾਂ ਦੀ ਵਰਤੋਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ।
ਸ਼ਬਦ ਕਿਸੇ ਤੀਰ-ਤੁੱਕੇ ਨਾਲ਼ ਨਹੀਂ ਬਣੇ। ਦਰਅਸਲ ਇਸ ਵਿਸ਼ੇ ‘ਤੇ ਅੱਜ ਤੱਕ ਕਦੇ ਕੋਈ ਖੋਜ ਹੀ ਨਹੀਂ ਕੀਤੀ ਗਈ। ਅਸੀਂ ਬਿਨਾਂ ਕਿਸੇ ਕਿੰਤੂ-ਪਰੰਤੂ ਦੇ “ਤਥਾ-ਅਸਤੂ” ਕਹਿ ਕੇ ਸ਼ਬਦ-ਵਿਉਤਪਤੀ ਸੰਬੰਧੀ ਵਿਦਵਾਨਾਂ ਦੇ ਹਰ ਫ਼ਰਮਾਨ ਅੱਗੇ ਸਦੀਆਂ ਤੋਂ ਸਿਰ ਝੁਕਾਉਂਦੇ ਆ ਰਹੇ ਹਾਂ ਤੇ ਜੇਕਰ ਸ਼ਬਦ-ਵਿਉਤਪਤੀ ਦੀ ਇਸ ਪ੍ਰਕਿਰਿਆ ਨੂੰ ਵਿਗਿਆਨਿਕ ਅਤੇ ਭਾਸ਼ਾ-ਵਿਗਿਆਨਕ ਢੰਗ ਨਾਲ਼ ਸਮਝ ਕੇ ਇਸ ਰੁਝਾਨ ਨੂੰ ਅਜੇ ਵੀ ਠੱਲ੍ਹ ਨਾ ਪਾਈ ਗਈ ਤਾਂ ਸ਼ਾਇਦ ਅਜੇ ਆਉਣ ਵਾਲ਼ੇ ਹੋਰ ਵੀ ਹਜ਼ਾਰਾਂ/ਲੱਖਾਂ ਵਰ੍ਹਿਆਂ ਤੱਕ ਇਵੇਂ ਹੀ ਕਰਦੇ ਰਹਾਂਗੇ। ਹੈਰਾਨੀ ਤਾਂ ਉਹਨਾਂ ਵਿਦਵਾਨਾਂ ਦੀ ਸੋਚ ‘ਤੇ ਆਉਂਦੀ ਹੈ ਜੋ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਵੀ ਅਜਿਹੀਆਂ ਬੇਸਿਰ-ਪੈਰ ਦਲੀਲਾਂ ਨੂੰ ਵਿਗਿਆਨ/ਭਾਸ਼ਾ ਵਿਗਿਆਨ ਦੀ ਕਸੌਟੀ ‘ਤੇ ਪਰਖੇ ਤੋਂ ਬਿਨਾਂ ਹੀ ਠੋਕ-ਵਜਾ ਕੇ ਅਜਿਹੇ ਬਿਆਨ ਦਾਗ਼ਦੇ ਆ ਰਹੇ ਹਨ ਕਿ ਸ਼ਬਦ ਤਾਂ ਨਿਰੇ ਅਨਪੜ੍ਹ ਲੋਕਾਂ ਨੇ ਬਣਾਏ ਹਨ ਅਤੇ ਸ਼ਬਦ-ਵਿਉਤਪਤੀ ਵਿੱਚ ਅਰਥਗਤ ਧੁਨੀਆਂ ਦਾ ਕੋਈ ਯੋਗਦਾਨ ਹੀ ਨਹੀਂ ਹੈ। ਇਸ ਪ੍ਰਕਾਰ ਬਿਨਾਂ ਸੋਚੇ-ਸਮਝੇ ਅਤੇ ਬਿਨਾਂ ਕਿਸੇ ਵਿਸ਼ੇਸ਼ ਅਧਿਐਨ ਦੇ, ਉਹ ਸ਼ਬਦ-ਰਚਨਾ ਨੂੰ ਇੱਕ ਪ੍ਰਕਾਰ ਦਾ ਹਊਆ ਬਣਾ ਕੇ ਲੋਕਾਂ ਅੱਗੇ ਪੇਸ਼ ਕਰਦੇ ਆ ਰਹੇ ਹਨ।
ਸ਼ਬਦ ਕੋਈ ਉੱਪਰੋਂ ਨਹੀਂ ਟਪਕੇ। ਇਸ ਧਰਤੀ ‘ਤੇ ਰਹਿਣ ਵਾਲ਼ੇ ਲੋਕਾਂ ਨੇ ਹੀ ਬਣਾਏ ਹਨ। ਕੁਦਰਤ ਦੀ ਹਰ ਰਚਨਾ ਦਾ ਕੋਈ ਨਾ ਕੋਈ ਨਿਯਮ ਅਤੇ ਵਿਧੀ-ਵਿਧਾਨ ਹੁੰਦਾ ਹੈ। ਬਿਨਾਂ ਨਿਯਮ ਤੋਂ ਤਾਂ ਕਹਿੰਦੇ ਹਨ ਕਿ ਦਰਖ਼ਤ ਦਾ ਇੱਕ ਪੱਤਾ ਵੀ ਨਹੀਂ ਹਿੱਲਦਾ। ਕੁਦਰਤ ਦਾ ਸਾਰਾ ਖੇਲ ਨਿਯਮਾਂ ਵਿੱਚ ਹੀ ਬੱਝਿਆ ਹੋਇਆ ਹੈ; ਫਿਰ ਸ਼ਬਦ-ਰਚਨਾ ਵਰਗੀ ਬੇਸ਼ਕੀਮਤੀ ਨਿਹਮਤ ਬਿਨਾਂ ਕਿਸੇ ਵਿਸ਼ੇਸ਼ ਤਰੱਦਦ ਦੇ ਮਨੁੱਖ ਦੇ ਹੱਥ ਕਿਵੇਂ ਹੱਥ ਲੱਗ ਗਈ? ਸ਼ਬਦ ਬਣਾਉਣ ਲਈ ਮਨੁੱਖ ਨੂੰ ਸ਼ੁਰੂ-ਸ਼ੁਰੂ ਵਿੱਚ ਬਹੁਤ ਮਗ਼ਜ਼-ਪੱਚੀ ਕਰਨੀ ਪਈ ਹੋਵੇਗੀ।
ਉੱਞ ਵਿਧੀ-ਵਿਧਾਨ ਵਿੱਚ ਬੱਝੀ ਹੋਈ ਹੋਣ ਕਾਰਨ ਸ਼ਬਦ-ਰਚਨਾ ਦੀ ਪ੍ਰਕਿਰਿਆ ਨੂੰ ਸਮਝਣਾ ਏਨਾ ਔਖਾ ਵੀ ਨਹੀਂ ਹੈ; ਬੱਸ, ਰਤਾ ਕੁ ਧਿਆਨ ਦੇਣ ਦੀ ਲੋੜ ਹੈ। ਸ਼ਬਦਾਂ ਨੂੰ ਜ਼ਰਾ ਗਹੁ ਨਾਲ਼ ਦੇਖੋ, ਇਹਨਾਂ ਦੀਆਂ ਪਰਤਾਂ ਤਾਂ ਗੰਢਿਆਂ ਦੇ ਪੱਤਾਂ ਵਾਂਗ ਖ਼ੁਦ-ਬਖ਼ੁਦ ਹੀ ਖੁੱਲ੍ਹਦੀਆਂ ਪ੍ਰਤੀਤ ਹੁੰਦੀਆਂ ਹਨ।
ਜਿਵੇਂ ਇਸ ਲੇਖ ਵਿੱਚ ਅਸੀਂ ਦੇਖਿਆ ਹੈ ਕਿ ‘ਪ’ ਧੁਨੀ ਦੇ ਇੱਕ ਵਿਸ਼ੇਸ਼ ਅਰਥ ਹਨ। ਇਸੇ ਤਰ੍ਹਾਂ ਬਾਕੀ ਸਾਰੀਆਂ ਧੁਨੀਆਂ (ਅੱਖਰਾਂ, ਲਗਾਂ, ਲਗਾਖਰਾਂ) ਦੇ ਵੀ ਆਪੋ-ਆਪਣੇ ਅਰਥ ਹਨ। ਭਾਸ਼ਾ ਦਾ ਇਹ ਸ਼ਬਦ-ਰੂਪੀ ਗੁਲਦਸਤਾ ਵੱਖੋ-ਵੱਖਰੇ ਰੰਗ ਅਤੇ ਸੁਗੰਧੀਆਂ ਖਿਲਾਰਨ ਵਾਲ਼ੀਆਂ ਫੁੱਲ-ਰੂਪੀ ਧੁਨੀਆਂ ਨਾਲ਼ ਹੀ ਤਿਆਰ ਕੀਤਾ ਗਿਆ ਹੈ। ਆਓ, ਗੁਲਦਸਤੇ ਦੇ ਇਹਨਾਂ ਰੰਗਾਂ ਤੇ ਸੁਗੰਧੀਆਂ ਦਾ ਅਨੰਦ ਮਾਣੀਏ ਅਤੇ ਆਪਣੇ ਪੂਰਵਜਾਂ ਦੀ ਇਸ ਅਦਭੁੱਤ ਸਿਰਜਣਾਤਮਿਕ ਸਮਰੱਥਾ ਨੂੰ ਸਮਝਣ ਅਤੇ ਸੰਭਾਲਣ ਦੀ ਕੋਸ਼ਸ਼ ਕਰੀਏ। —–(ਸਮਾਪਤ)।
…………………..
ਨੋਟ: ਸਾਰਥਕ ਸੁਝਾਵਾਂ ਦਾ ਸੁਆਗਤ ਹੈ ਜੀ!
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
**

‘ਸੁਰੱਖਿਆ’ ਸ਼ਬਦ ਕਿਵੇਂ ਬਣਿਆ?

(‘सुरक्षा’ शब्द कैसे बना?)–(ਖ ਧੁਨੀ ਦੇ ਅਰਥ-੧)
ਕੁਝ ਦਿਨ ਪਹਿਲਾਂ ਇੱਕ ਕਿਤਾਬ ਪੜ੍ਹਦਿਆਂ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ‘ਸੁਰੱਖਿਆ’ ਸ਼ਬਦ ਹਿੰਦ-ਆਰੀਆਈ ਭਾਸ਼ਾਵਾਂ ਵਿਚ ਲਾਤੀਨੀ ਸ਼ਬਦ ‘ਸੈਕੁਰਸ’ ਤੋਂ ਆਇਆ ਹੈ ਜਦਕਿ ਮੇਰੀ ਜਾਣਕਾਰੀ ਅਤੇ ਅਧਿਐਨ ਅਨੁਸਾਰ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਨਾਲ਼ ਸੰਬੰਧ ਰੱਖਦਾ ਹੈ। ਹੈਰਾਨੀ ਇਸ ਗੱਲ ਦੀ ਸੀ ਕਿ ਇਸ ਵਿਚਲੀਆਂ ਧੁਨੀਆਂ ਅਤੇ ਸ਼ਬਦਾਂ ਦੇ ਆਧਾਰ ‘ਤੇ ਇਸ ਦੀਆਂ ਜਨਮ-ਦਾਤੀਆਂ ਤਾਂ ਸਾਡੀਆਂ ਦੇਸੀ ਭਾਸ਼ਾਵਾਂ ਹਿੰਦੀ/ਪੰਜਾਬੀ / ਸੰਸਕ੍ਰਿਤ ਆਦਿ ਦੀਆਂ ਅਰਥਗਤ ਧੁਨੀਆਂ ਹਨ ਪਰ ਇਸ ਦੇ ਬਾਵਜੂਦ ਇਹ ਸ਼ਬਦ ਵਿਦੇਸ਼ੀ ਮੂਲ ਦਾ ਕਿਵੇਂ ਹੋ ਗਿਆ? ਵਿਦੇਸ਼ੀਆਂ ਦੇ ਅਜਿਹੇ ਨਿਰਮੂਲ ਦਾਅਵੇ ਦਾ ਕਾਰਨ ਸ਼ਾਇਦ ਇਹ ਹੈ ਕਿ ਸ਼ਬਦਾਂ ਦੀਆਂ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਵਿੱਚ ਸਾਡਾ ਆਪਣਾ ਹੀ ਕੋਈ ਵਿਸ਼ਵਾਸ ਨਹੀਂ ਹੈ ਤੇ ਨਾ ਹੀ ਇਹਨਾਂ ਦੇ ਅਰਥਾਂ ਦਾ ਅਜੇ ਤੱਕ ਕਿਸੇ ਅਦਾਰੇ, ਭਾਸ਼ਾ-ਵਿਗਿਆਨੀ ਜਾਂ ਕਿਸੇ ਵਿਦਵਾਨ ਆਦਿ ਦੁਆਰਾ ਕਦੇ ਨਿੱਠ ਕੇ ਅਧਿਐਨ ਹੀ ਕੀਤਾ ਜਾਂ ਕਰਵਾਇਆ ਗਿਆ ਹੈ ਜਦਕਿ ਕੇਵਲ ਅਤੇ ਕੇਵਲ ਧੁਨੀਆਂ ਦੇ ਅਰਥ ਹੀ ਸ਼ਬਦ-ਵਿਉਤਪਤੀ ਦੇ ਸਾਰੇ ਰਾਜ਼ ਖੋਲ੍ਹਣ ਦੀ ਸਮਰੱਥਾ ਰੱਖਦੇ ਹਨ। ਇਸ ਲਈ ਧੁਨੀਆਂ ਦੇ ਅਰਥਾਂ ਦੀ ਅਣਹੋਂਦ ਕਾਰਨ ਸ਼ਬਦ-ਵਿਉਤਪਤੀ ਸੰਬੰਧੀ ਉਪਰੋਕਤ ਕਿਸਮ ਦਾ ਦਾਅਵਾ ਆਰੀਅਨ ਭਾਸ਼ਾ-ਪਰਿਵਾਰ ਵਾਲ਼ਾ ਕੋਈ ਵੀ ਦੇਸ ਜਾਂ ਵਿਦਵਾਨ/ਨਿਰੁਕਤਕਾਰ ਆਦਿ ਬੜੀ ਅਸਾਨੀ ਨਾਲ਼ ਆਪਣੇ ਨਾਂਵੇਂ ਕਰ ਸਕਦਾ ਹੈ। ਇਸ ਸੰਬੰਧ ਵਿੱਚ ਕਿਸੇ ‘ਤੇ ਵੀ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ।
ਹਿੰਦੀ/ਪੰਜਾਬੀ ਨਾਲ਼ ਸੰਬੰਧਿਤ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ੇ ਲਗ-ਪਗ ਸਾਰੇ ਹੀ ਸ਼ਬਦ ਕਿਸੇ ਅਟੇ-ਸਟੇ ਜਾਂ ਤੀਰ-ਤੁੱਕੇ ਨਾਲ਼ ਨਹੀਂ ਸਗੋਂ ਧੁਨੀਆਂ ਦੇ ਅਰਥਾਂ ਦੇ ਆਧਾਰ ‘ਤੇ ਬਣੇ ਹਨ ਤੇ ਨਾ ਹੀ ਇਹ ਕਿਸੇ ਹੋਰ ਭਾਸ਼ਾ ਤੋਂ ਆਏ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਭਾਸ਼ਾਵਾਂ ਦੀ ਇਸ ਅਦਭੁਤ, ਅਨਮੋਲ ਅਤੇ ਵਿਲੱਖਣ ਸਮਰੱਥਾ ਤੋਂ ਅਜੇ ਤੱਕ ਪੂਰੀ ਤਰ੍ਹਾਂ ਅਨਜਾਣ ਹਾਂ। ਮੇਰੀ ਜਾਚੇ ਇਹਨਾਂ ਅਰਥਗਤ ਧੁਨੀਆਂ ਦੇ ਮੇਲ਼ ਨਾਲ਼ ਹੀ ਵੱਖ-ਵੱਖ ਸ਼ਬਦਾਂ ਦਾ ਜਨਮ ਹੋਇਆ ਹੈ। ਜਿਸ ਸ਼ਬਦ ਨੂੰ ਜਿਹੋ-ਜਿਹੇ ਅਰਥ ਦੇਣ ਦੀ ਲੋੜ ਸੀ, ਸਾਡੇ ਮੁਢਲੇ ਸ਼ਬਦਕਾਰਾਂ ਵੱਲੋਂ ਉਸ ਵਿੱਚ ਉਹਨਾਂ ਹੀ ਧੁਨੀਆਂ ਦਾ ਇਸਤੇਮਾਲ ਕੀਤਾ ਗਿਆ ਹੈ। ਕਿਸੇ ਵੀ ਸ਼ਬਦ ਵਿੱਚ ਕੋਈ ਵੀ ਧੁਨੀ ਫ਼ਾਲਤੂ ਜਾਂ ਮਹਿਜ਼ ਖ਼ਾਨਾਪੂਰਤੀ ਲਈ ਨਹੀਂ ਵਰਤੀ ਗਈ।
ਪਰ ਅਸੀਂ ਆਪਣੀਆਂ ਦੇਸੀ ਭਾਸ਼ਾਵਾਂ ਦੀਆਂ ਧੁਨੀਆਂ ਦੀ ਅਜਿਹੀ ਸਮਰੱਥਾ ਤੋਂ ਵਿਗਿਆਨ ਦੇ ਇਸ ਯੁੱਗ ਵਿੱਚ ਵੀ ਪੂਰੀ ਤਰ੍ਹਾਂ ਨਾਵਾਕਫ਼ ਹਾਂ ਅਤੇ ਇਸ ਅਹਿਮ ਤੱਥ ਨੂੰ ਮੰਨਣ ਲਈ ਵੀ ਤਿਆਰ ਨਹੀਂ ਹਾਂ। ਇਹੋ ਹੀ ਕਾਰਨ ਹੈ ਕਿ ਧੁਨੀਆਂ ਦੇ ਅਰਥਾਂ ਤੋਂ ਸਾਡੀ ਅਗਿਆਨਤਾ ਦਾ ਫ਼ਾਇਦਾ ਵਿਦੇਸ਼ੀ ਭਾਸ਼ਾਵਾਂ ਵਾਲ਼ੇ ਉਠਾ ਕੇ ਵੱਖ-ਵੱਖ ਸ਼ਬਦਾਂ ਨੂੰ ਆਪਣੀਆਂ ਭਾਸ਼ਾਵਾਂ ਨਾਲ਼ ਸੰਬੰਧਿਤ ਦੱਸ ਕੇ ਮੁਫ਼ਤ ਦੀ ਵਾਹ-ਵਾਹੀ ਖੱਟ ਰਹੇ ਹਨ।
ਕੇਵਲ ਇੱਥੇ ਹੀ ਬੱਸ ਨਹੀਂ ਸਗੋਂ ਸਾਡੀਆਂ ਆਪਣੀਆਂ ਭਾਸ਼ਾਵਾਂ ਦੇ ਕਈ ਵਿਦਵਾਨ ਅਤੇ ਨਿਰੁਕਤਕਾਰ ਆਦਿ ਵੀ ਬੜੇ ਜ਼ੋਰ-ਸ਼ੋਰ ਨਾਲ਼ ਧੁਨੀਆਂ ਦੇ ਅਰਥਾਂ ਦੀ ਅਣਹੋਂਦ ਕਾਰਨ ਉਪਰੋਕਤ ਕਿਸਮ ਦੇ ਨਿਰਮੂਲ ਦਾਅਵੇ ਕਰਨ ਜਾਂ ਮੰਨਣ ਵਿੱਚ ਆਪੋ-ਆਪਣੀਆਂ ਭੂਮਿਕਾਵਾਂ ਬੜੀ ‘ਤਨਦੇਹੀ ਨਾਲ਼’ ਨਿਭਾ ਹਨ। ਇਸੇ ਕਾਰਨ ਅਸੀਂ ਅੱਜ ਤੱਕ ਸੰਸਕ੍ਰਿਤ ਮੂਲ ਵਾਲ਼ੇ ਕਿਸੇ ਸ਼ਬਦ ਦਾ ਪਿਛੋਕੜ ਅੰਗਰੇਜ਼ੀ ਨਾਲ਼, ਕਿਸੇ ਦਾ ਯੂਨਾਨੀ, ਫ਼੍ਰੈਂਚ ਜਾਂ ਲਾਤੀਨੀ ਆਦਿ ਭਾਸ਼ਾਵਾਂ ਨਾਲ਼ ਜੋੜੇ ਜਾਣ ਦੇ ਦਾਅਵੇ ਲਗਾਤਾਰ ਪੜ੍ਹਦੇ-ਸੁਣਦੇ ਆ ਰਹੇ ਹਾਂ। ਬਹੁਤੇ ਸ਼ਬਦਾਂ ਦੀ ਸ਼ਬਦ-ਵਿਉਤਪਤੀ ਬਾਰੇ ਕਿਸੇ ਵੀ ਸਿੱਟੇ ਉੱਤੇ ਨਾ ਪਹੁੰਚ ਸਕਣ ਦਾ ਕਾਰਨ ਵੀ ਇਹੋ ਹੀ ਹੈ। ਇਸੇ ਕਾਰਨ ਅੱਜ ਅਸੀਂ ਕੇਵਲ ਨਿਰੁਕਤਕਾਰੀ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਾਂ; ਸ਼ਬਦ ਜਾਂ ਸ਼ਬਦ-ਵਿਉਤਪਤੀ ਦੇ ਮੂਲ ਤੱਕ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਗੱਲ ਕੇਵਲ ‘ਸੈਕੁਰਸ’ ਸ਼ਬਦ ਨਾਲ਼ ਹੀ ਸੰਬੰਧਿਤ ਨਹੀਂ ਸਗੋਂ ਇਹੋ-ਜਿਹੀਆਂ ਹੋਰ ਵੀ ਬਹੁਤ ਸਾਰੀਆਂ ਅਜੀਬੋ-ਗ਼ਰੀਬ ਉਦਾਹਰਨਾਂ ਮੌਜੂਦ ਹਨ ਜਿਨ੍ਹਾਂ ਦਾ ਜ਼ਿਕਰ ਗਾਹੇ-ਬਗਾਹੇ ਇਹਨਾਂ ਕਾਲਮਾਂ ਵਿੱਚ ਹੁੰਦਾ ਰਹੇਗਾ।
ਦਰਅਸਲ ਸਚਾਈ ਇਹ ਹੈ ਕਿ ਧੁਨੀਆਂ ਅਤੇ ਧੁਨੀਆਂ ਦੇ ਅਰਥ ਹੀ ਸ਼ਬਦ-ਵਿਉਤਪਤੀ ਦੀ ਸਿਰਜਣਾ ਕਰ ਰਹੇ ਹਨ ਅਤੇ ਜੇਕਰ ਰਤਾ ਕੁ ਹੋਰ ਨੀਝ ਲਾ ਕੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸ਼ਬਦ ਹੀ ਸਾਨੂੰ ਧੁਨੀਆਂ ਦੇ ਅਰਥਾਂ ਦੀਆਂ ਗੁੱਝੀਆਂ ਰਮਜ਼ਾਂ ਵੀ ਸਮਝਾ ਰਹੇ ਹਨ। ਧੁਨੀਆਂ ਦੇ ਇਸ ਅਲੌਕਿਕ ਵਰਤਾਰੇ ਨੂੰ ਵਾਚਣਾ ਅਤੇ ਸਮਝਣਾ ਬਹੁਤ ਹੀ ਦਿਲਚਸਪ ਅਤੇ ਸਮੇਂ ਦੀ ਅਹਿਮ ਲੋੜ ਹੈ।
ਆਓ, ਦੇਖੀਏ ਕਿ ‘ਸੁਰੱਖਿਅਾ’ ਸ਼ਬਦ ਕਿਵੇਂ ਨਿਰੋਲ ਹਿੰਦ-ਆਰੀਆਈ ਭਾਸ਼ਾਵਾਂ ਨਾਲ਼ ਸੰਬੰਧ ਰੱਖਣ ਵਾਲ਼ਾ ਸ਼ੁੱਧ ਰੂਪ ਵਿੱਚ ਇੱਕ ਸੰਸਕ੍ਰਿਤ-ਮੂਲ ਦਾ ਪ੍ਰਾਚੀਨ ਸ਼ਬਦ ਹੈ। ਇਸ ਦਾ ਪਹਿਲਾ ਸਬੂਤ ਇਹ ਹੈ ਕਿ ਬਾਕੀ ਦੇਸੀ ਸ਼ਬਦਾਂ ਵਾਂਗ ਇਸ ਵਿਚਲੀਆਂ ਸਾਰੀਆਂ ਧੁਨੀਆਂ ਦੇ ਵੀ ਵੱਖ-ਵੱਖ ਅਰਥ ਹਨ ਜਿਨ੍ਹਾਂ ਦੇ ਸੁਮੇਲ ਨਾਲ਼ ਇਸ ਸ਼ਬਦ ਦੀ ਵਿਉਤਪਤੀ ਹੋਈ ਹੈ ਤੇ ਇਸ ਦੇ ਕੋਈ ਅਰਥ ਬਣੇ ਹਨ। ਇਸ ਸ਼ਬਦ ਵਿਚ ‘ਸੁ’ ਸ਼ਬਦ ਇੱਕ ਅਗੇਤਰ ਦੇ ਤੌਰ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਅਰਥ ਹਨ- ਚੰਗਾ, ਭਲਾ, ਠੀਕ ਪ੍ਰਕਾਰ ਨਾਲ਼, ਸ੍ਰੇਸ਼ਟ ਆਦਿ। ‘ਰੱਖਿਆ’ ਦਾ ਅਰਥ ਹੈ- ਰਾਖੀ ਕਰਨੀ, ਚੌਕਸੀ ਰੱਖਣੀ।
ਰਕਸ਼ਾ (ਰੱਖਿਆ) ਸ਼ਬਦ ਅੱਗੋਂ ਰ+ਅਕਸ਼ਿ+ਆ (ਕੰਨਾ) ਸ਼ਬਦਾਂ/ਧੁਨੀਆਂ ਦੇ ਮੇਲ਼ ਤੋਂ ਬਣਿਆ ਹੈ। ਇਹਨਾਂ ਵਿਚਲੇ ਸੰਸਕ੍ਰਿਤ ਭਾਸ਼ਾ ਦੇ ‘ਅਕਸ਼ਿ’ ਸ਼ਬਦ ਦਾ ਅਰਥ ਹੈ- ਅੱਖ; ਭਾਵ ਕਿਸੇ ਜਗ੍ਹਾ ਜਾਂ ਜਾਇਦਾਦ ਆਦਿ ‘ਤੇ ਅੱਖ ਜਾਂ ਨਿਗ੍ਹਾ ਰੱਖਣੀ ਅਰਥਾਤ ਨਜ਼ਰਸਾਨੀ ਕਰਨੀ ਜਾਂ ਚੌਕਸੀ ਵਰਤਣੀ। ‘ਰ’ ਅੱਖਰ ਦੇ ਅਰਥ ਹਨ: ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ, ਚਾਰੇ ਪਾਸੇ/ ਹਰ ਪਾਸੇ; ਆ/ਕੰਨਾ ਧੁਨੀ ਦੇ ਅਰਥ ਹਨ: ਕਿਸੇ ਕਿਰਿਆ ਦੇ ਕਾਰਜ ਨੂੰ ਅੱਗੇ ਤੱਕ ਲਿਜਾਣਾ; ਇੱਥੇ ਇਸ ਦਾ ਭਾਵ ਦੇਖਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਣਾ ਹੈ। ਸੋ, ਇਹਨਾਂ ਧੁਨੀਆਂ/ਸ਼ਬਦਾਂ ਦੇ ਅਰਥਾਂ ਅਨੁਸਾਰ ਇਸ ਸਮੁੱਚੇ ਸ਼ਬਦ ‘ਸੁਰੱਕਸ਼ਾ’ ਜਾਂ ਸੁਰੱਖਿਆ ਦੇ ਅਰਥ ਹੋਏ- ਕਿਸੇ ਥਾਂ ਜਾਂ ਕਿਸੇ ਜਾਇਦਾਦ ਆਦਿ ਦੀ ਚੰਗੀ ਤਰ੍ਹਾਂ ਹਰ ਪੱਖੋਂ, ਹਰ ਪਾਸਿਓਂ ਰਾਖੀ ਕਰਨੀ/ ਚੌਕਸੀ ਵਰਤਣੀ। ਯਾਦ ਰਹੇ ਕਿ ਪੰਜਾਬੀ ਦੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਜੀ ਐੱਸ ਰਿਆਲ ਜੀ ਨੇ ਵੀ ਆਪਣੇ ਨਿਰੁਕਤ-ਕੋਸ਼ ਵਿੱਚ ਰਕਸ਼ਾ, ਸੁਰਕਸ਼ਾ, ਸੁਰੱਖਿਆ ਆਦਿ ਸ਼ਬਦਾਂ ਦੇ ਕੇਵਲ ਅਰਥ ਹੀ ਦੱਸੇ ਹਨ: ਰੱਖਿਆ, ਹਿਫ਼ਾਜ਼ਤ, ਪਹਿਰਾ, ਰਖਵਾਲੀ ਦੇਖ-ਭਾਲ਼, ਚੌਕਸੀ ਆਦਿ ਪਰ ਇਸ ਸ਼ਬਦ ਦੀ ਕੋਈ ਹੋਰ ਵਿਆਖਿਆ ਜਾਂ ਨਿਰੁਕਤਕਾਰੀ ਆਦਿ ਨਹੀਂ ਕੀਤੀ।
ਦਰਅਸਲ ‘ਰਾਖੀ’ ਸ਼ਬਦ ਸੰਸਕ੍ਰਿਤ ਦੇ ਸ਼ਬਦ ਰਕਸ਼ (ਰ+ਅਕਸ਼ਿ) ਤੋਂ ਬਣਿਆ ਹੈ। ਇਸ ਸ਼ਬਦ ਦੇ ਵੀ ਸੰਸਕ੍ਰਿਤ-ਕੋਸ਼ਾਂ ਮੁਤਾਬਕ ਅਰਥ ਹਨ: ਰੱਖਿਆ ਕਰਨੀ, ਚੌਕੀਦਾਰੀ ਕਰਨੀ, ਪਹਿਰਾ ਦੇਣਾ ਜਾਂ ਦੇਖ-ਭਾਲ਼ ਕਰਨੀ ਆਦਿ। ਰਕਸ਼ ਜਾਂ ਰਕਸ਼ਾ ਸ਼ਬਦਾਂ ਵਿਚਲੀ ਪ੍ਰਮੁੱਖ ਧੁਨੀ ਜੋਕਿ ਇਹਨਾਂ ਸ਼ਬਦਾਂ ਦੇ ਉਪਰੋਕਤ ਅਰਥ ਪ੍ਰਦਾਨ ਕਰ ਰਹੀ ਹੈ, ਉਹ ਹੈ ਇਹਨਾਂ ਵਿਚਲੀ ਕਸ਼ੈ (ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦਾ ਇੱਕ ਅੱਖਰ) ਦੀ ਧੁਨੀ ਜਿਸ ਤੋਂ ‘ਅਕਸ਼ਿ’ ਸ਼ਬਦ ਬਣਿਆ ਹੈ। ਪੰਜਾਬੀ ਵਿੱਚ ਆ ਕੇ ਇਹੋ ‘ਕਸ਼ੈ’ ਦੀ ਧੁਨੀ ਅਕਸਰ ਖ ਅੱਖਰ ਵਿੱਚ ਬਦਲ ਜਾਂਦੀ ਹੈ, ਜਿਵੇਂ: ਅਕਸ਼ਿ= ਅੱਖ, ਕਸ਼ੇਤਰ= ਖੇਤਰ, ਭਿਕਸ਼ਾ= ਭੀਖ ਜਾਂ ਭਿੱਖਿਆ ਆਦਿ।
ਸੋ, ਚਰਚਾ-ਅਧੀਨ ਸ਼ਬਦ (ਰਕਸ਼ਾ/ ਰੱਖਿਆ) ਵਿੱਚ ‘ਕਸ਼ੈ’ ਜਾਂ ‘ਖ’ ਦੀ ਧੁਨੀ ਜੋਕਿ ਅਰਥਾਂ ਪੱਖੋਂ ਇੱਥੇ ‘ਅੱਖ’ ਸ਼ਬਦ ਦੀ ਪ੍ਰਤਿਨਿਧਤਾ ਕਰ ਰਹੀ ਹੈ, ਦਾ ਅਰਥ ਇੱਕ ਹੀ ਹੈ- ਦੇਖਣਾ, ਨਜ਼ਰ ਰੱਖਣੀ ਜਾਂ ਨਜ਼ਰਸਾਨੀ ਕਰਨੀ। ਇਸ ਧੁਨੀ ਨਾਲ਼ ਸੰਬੰਧਿਤ ਇੱਕ ਹੋਰ ਗੱਲ ਇਹ ਵੀ ਹੈ ਕਿ ‘ਖ’ ਧੁਨੀ ਵਾਲ਼ੇ ਸਾਰੇ ਹੀ ਸ਼ਬਦਾਂ ਵਿੱਚ ਇਸ ਧੁਨੀ ਦੇ ਅਰਥ ‘ਅੱਖ’ ਨਹੀਂ ਹੁੰਦੇ। ਸੋ, ਇਸ ਦੇ ਉਪਰੋਕਤ ਅਰਥਾਂ ਤੋਂ ਬਿਨਾਂ ਕੁਝ ਹੋਰ ਅਰਥ ਵੀ ਹਨ ਜਿਹੜੇ ਕਿ ‘ਖ’ ਧੁਨੀ ਦੇ ਇਹਨਾਂ ਅਰਥਾਂ (ਅਕਸ਼ਿ ਜਾਂ ਅੱਖ) ਵਾਂਗ ਬਹੁਤ ਹੀ ਦਿਲਚਸਪੀ ਦਾ ਬਾਇਸ ਹਨ ਜਿਨ੍ਹਾਂ ਦਾ ਜ਼ਿਕਰ ਆਉਣ ਵਾਲ਼ੇ ਲੇਖਾਂ ਵਿੱਚ ਇਸੇ ਤਰ੍ਹਾਂ ਜਾਰੀ ਰਹੇਗਾ।
ਖ (ਕਸ਼ੈ) ਦੀ ਇਸ ਧੁਨੀ ਦੀ ਅੱਖ ਜਾਂ ਦੇਖਣ ਦੇ ਇਹਨਾਂ ਅਰਥਾਂ ਅਨੁਸਾਰ ਹੋਰ ਵੀ ਅਨੇਕਾਂ ਸ਼ਬਦਾਂ ਵਿੱਚ ਵਰਤੋਂ ਕੀਤੀ ਗਈ ਹੈ, ਜਿਵੇਂ: ਪਰੋਖ/ਪਰੋਕਸ਼ (ਪਰ+ਓ+ ਅਕਸ਼ਿ)= ਅੱਖਾਂ ਤੋਂ ਪਰੇ, ਪ੍ਰਤੱਖ (ਪ੍ਰਤਿਅਕਸ਼=ਪ੍ਰਤਿ+ਈਕਸ਼/ਅਕਸ਼ਿ=ਅੱਖਾਂ ਦੇ ਸਾਮ੍ਹਣੇ), ਸਾਕਸ਼ੀ/ਸਾਖੀ=ਅੱਖੀਂ ਦੇਖਣ ਵਾਲ਼ਾ, ਗਵਾਹ; ਸਾਮਰਤੱਖ=ਸਾਮ੍ਹਣੇ ਦਿਸਣ ਵਾਲ਼ਾ; ਸਮਕਸ਼=ਸਮ+ਅਕਸ਼ਿ= ਅੱਖਾਂ ਦੇ ਸਾਮ੍ਹਣੇ ; ਸਾਕਸ਼ਾਤ/ਸਾਖਿਆਤ (ਸ+ਅਕਸ਼ਿ+ਅ+ਤ), ਸਾਕਸ਼ਾਤਕਾਰ/ਸਾਖਿਆਤਕਾਰ, ਪਰਖ, ਦ੍ਰਿਸ਼, ਦ੍ਰਿਸ਼ਟੀ, ਪਰੀਖਿਆ/ਪਰੀਕਸ਼ਾ (ਪਰਿ+ਈਕਸ਼ਾ/ਅਕਸ਼ਿ) ਆਦਿ।
ਜਿਵੇਂਕਿ ਉੱਪਰ ਦੱਸਿਆ ਗਿਆ ਹੈ ਕਿ ਇਹਨਾਂ ਸ਼ਬਦਾਂ ਵਿੱਚ ਖ ਧੁਨੀ ਦੀ ਸ਼ਮੂਲੀਅਤ ਹੋਣ ਕਾਰਨ ਇਸ ਧੁਨੀ (ਖ ਜਾਂ ਕਸ਼ੈ) ਦੇ ਅਰਥ ‘ਅੱਖ’ ਹੀ ਹਨ ਜਿਸ ਦੇ ‘ਸੁਰੱਖਿਆ’ ਸ਼ਬਦ ਵਿਚਲੇ ਅਰਥਾਂ ਵਾਂਗ ਇਹਨਾਂ ਸ਼ਬਦਾਂ ਵਿੱਚ ਵੀ ਅਰਥ ‘ਅੱਖ’ ਜਾਂ ‘ਅੱਖਾਂ ਦੇ ਸਾਮ੍ਹਣੇ’ ਆਦਿ ਹੀ ਹਨ; ਉਦਾਹਰਨ ਦੇ ਤੌਰ ‘ਤੇ ‘ਪਰੀਖਿਆ’ ਸ਼ਬਦ ਦੇ ਅਰਥ ਸਪਸ਼ਟ ਕਰਦਿਆਂ ਹੋਇਆਂ ਸੰਸਕ੍ਰਿਤ-ਕੋਸ਼ਾਂ ਵਿੱਚ ਇਹ ਗੱਲ ਸਾਫ਼ ਤੌਰ ‘ਤੇ ਲਿਖੀ ਗਈ ਹੈ ਕਿ ਇਹ ਸ਼ਬਦ ‘ਪਰਿ’ ਅਗੇਤਰ ਅਤੇ ‘ਈਕਸ਼ਾ’ (ਅਕਸ਼ੀ ਤੋਂ ਬਣਿਆ) ਸ਼ਬਦਾਂ ਦੇ ਮੇਲ਼ ਨਾਲ਼ ਬਣਿਆ ਹੈ ਜਿਸ ਦੇ ਅਰਥ ਹਨ: ਕਿਸੇ ਵਿਸ਼ੇ ਨਾਲ਼ ਸੰਬੰਧਿਤ ਚਹੁੰਆਂ ਪਾਸਿਆਂ ਤੋਂ ਅਰਥਾਤ ਮੁਕੰਮਲ ਰੂਪ ਵਿੱਚ (ਪਰਿ ਅਗੇਤਰ ਦੇ ਅਰਥ) ਆਪਣਾ ਨਜ਼ਰੀਆ (ਅਕਸ਼ਿ ਜਾਂ ਅੱਖ ਸ਼ਬਦ ਦੇ ਅਰਥ) ਪੇਸ਼ ਕਰਨਾ। ਪਰਿ ਅਗੇਤਰ ਕਾਰਨ ਬਣੇ ਇਸ ਸ਼ਬਦ ਨੂੰ ‘ਪਰੀਖਿਆ’ ਲਿਖਣਾ ਇਸ ਦੇ ਸਹੀ ਸ਼ਬਦ-ਜੋੜ ਹਨ ਜਦਕਿ ਬਹੁਤੇ ਲੋਕ ਇਸ ਨੂੰ ‘ਪ੍ਰੀਖਿਆ’ ਲਿਖ ਕੇ ਹੀ ਕੰਮ ਸਾਰ ਲੈਂਦੇ ਹਨ। ਹਿੰਦੀ-ਸੰਸਕ੍ਰਿਤ ਭਾਸ਼ਾਵਾਂ ਵਿੱਚ ਵੀ ਇਸ ਨੂੰ ‘ਪਰੀਖਿਆ’ ਅਰਥਾਤ ਪੂਰੇ ਰਾਰੇ ਨਾਲ਼ ਹੀ ਲਿਖਿਆ ਜਾਂਦਾ ਹੈ। ਵਿਆਕਰਨਿਕ ਨਿਯਮਾਂ ਅਨੁਸਾਰ ਇਸ ਦਾ ਕਾਰਨ ਵੀ ਇਹੋ ਹੈ ਕਿ ਇਹ ਸ਼ਬਦ ‘ਪ੍ਰ’ ਅਗੇਤਰ ਨਾਲ਼ ਨਹੀਂ ਸਗੋਂ ‘ਪਰਿ’ ਅਗੇਤਰ ਨਾਲ਼ ਬਣਿਆ ਹੋਇਆ ਹੈ।
ਉਪਰੋਕਤ ਸ਼ਬਦਾਂ ਵਾਂਗ ਇੱਕ ਹੋਰ ਸ਼ਬਦ ਹੈ- ਪੇਖ ਜਾ ਪੇਖਨਾ/ਪੇਖਣਾ ਅਰਥਾਤ ਦੇਖਣਾ। ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਪ੍ਰੇਕਸ਼ਾ ਜਾਂ ਪ੍ਰੇਕਸ਼ਣ (ਪ੍ਰ+ਈਕਸ਼+ਣ) ਸ਼ਬਦਾਂ ਤੋਂ ਬਣੇ ਹੋਏ ਹਨ ਜਿਸ ਵਿਚ ਪ੍ਰ ਅਗੇਤਰ ਦੇ ਅਰਥ ਹਨ: ਦੂਰ-ਦੂਰ ਤੱਕ /ਚੰਗੀ ਤਰ੍ਹਾਂ ਅਤੇ ਈਕਸ਼ (ਅਕਸ਼ਿ ਤੋਂ ਬਣਿਆ ਸ਼ਬਦ) ਦੇ ਅਰਥ ਹਨ: ਦੇਖਣ ਦੀ ਕਿਰਿਆ, ਕਿਸੇ ਪ੍ਰਕਾਰ ਦਾ ਤਮਾਸ਼ਾ, ਖੇਲ ਆਦਿ ਦੇਖਣਾ:
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ।
ਇਨ ਮੈਂ ਕਛੁ ਸਾਚੋ ਨਹੀਂ ਨਾਨਕ ਬਿਨੁ ਭਗਵਾਨ॥
‘ਵੇਖਣਾ’ ਸੰਸਕ੍ਰਿਤ ਦੇ ‘ਵੀਕਸ਼ਣਮ’ (ਵ+ਈਕਸ਼ਾ+ਣ+ਮ= ਕਿਸੇ ਦੂਜੇ ਜਾਂ ਕਿਸੇ ਵਿਸ਼ੇਸ਼ ਪਾਸੇ ਵੱਲ ਅੱਖਾਂ ਦੇ ਕਾਰਜ ਨੂੰ ਲਿਜਾਣਾ ਭਾਵ ਦੇਖਣਾ) ਸ਼ਬਦ ਤੋਂ ਬਣਿਆ ਹੋਇਆ ਹੈ ਅਤੇ ‘ਸਾਕਸ਼ਾਤ’ ਆਦਿ ਸ਼ਬਦਾਂ ਬਾਰੇ ਵੀ ਕੋਸ਼ਾਂ ਵਿੱਚ ਇਹੋ ਹੀ ਰਾਏ ਪ੍ਰਗਟ ਕੀਤੀ ਗਈ ਹੈ ਭਾਵ ਇਹ ਸ਼ਬਦ ਵੀ ਪਰੀਖਿਆ ਜਾਂ ਪੇਖਨਾ ਸ਼ਬਦਾਂ ਵਾਂਗ ਅਕਸ਼ਿ ਸ਼ਬਦ ਤੋਂ ਹੀ ਬਣੇ ਹੋਏ ਹਨ। ਸਾਕਸ਼ੀ/ਸਾਖੀ (ਸ+ਅਕਸ਼ਿ) ਦਾ ਭਾਵ ਹੈ ਜਿਸ ਨੇ ਕਿਸੇ ਘਟਨਾ ਆਦਿ ਨੂੰ ਚੰਗੀ ਤਰ੍ਹਾਂ ਦੇਖਿਆ ਹੋਵੇ ਅਰਥਾਤ ਅੱਖੀਂ ਵੇਖਣ ਵਾਲ਼ਾ ਜਾਂ ਗਵਾਹ ਆਦਿ।
ਦੇਖ, ਵੇਖ, ਪੇਖ/ਪੇਖਨਾ ਵਾਂਗ ਇੱਕ ਹੋਰ ਸ਼ਬਦ ਜਿਸ ਦੀ ਵਰਤੋਂ ਇਹਨਾਂ ਸ਼ਬਦਾਂ ਵਾਂਗ ਦੇਖਣ ਦੇ ਅਰਥਾਂ ਵਜੋਂ ਹੀ ਕੀਤੀ ਜਾਂਦੀ ਹੈ, ਉਹ ਹੈ- ਇੱਕ ਦੋ-ਹਰਫ਼ੀ ਸ਼ਬਦ: ‘ਲਖ’। ਇਹ ਸ਼ਬਦ ਅੱਜ-ਕੱਲ੍ਹ ਘੱਟ ਪਰ ਮੱਧ-ਯੁੱਗ ਵਿੱਚ ਵਧੇਰੇ ਪ੍ਰਚਲਿਤ ਰਿਹਾ ਹੈ। ਗੁਰਬਾਣੀ ਵਿੱਚ ਇਸ ਸ਼ਬਦ ਦੀ ਵਰਤੋਂ ਅਨੇਕਾਂ ਵਾਰ ਕੀਤੀ ਗਈ ਹੈ, ਜਿਵੇਂ:
ਬਲਿਹਾਰੀ ਕੁਦਰਤਿ ਵਸਿਆ।
ਤੇਰਾ ਅੰਤੁ ਨਾ ਜਾਈ ਲਖਿਆ।
ਇਸ ਸ਼ਬਦ ਦੀ ਵਰਤੋਂ ਕਵੀ ਕਾਦਰਯਾਰ ਨੇ ਵੀ ਆਪਣੇ ਪ੍ਰਸਿੱਧ ਕਿੱਸੇ ਪੂਰਨ ਭਗਤ ਵਿੱਚ ਕੀਤੀ ਹੈ:
ਕਾਦਰਯਾਰ ਮੈਂ ਤਾਂ ਲਖ ਵਟਨੀ ਆਂ,
ਦਾਰੂ ਦੇਇ ਫ਼ਕੀਰ ਮੁਰਾਦ ਕੋਈ।੨੪।
‘ਲਖ’ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਲਕਸ਼ (ਲ+ਅਕਸ਼ਿ= ਦੇਖਣਾ) ਤੋਂ ਬਣਿਆ ਹੈ ਜਿਸ ਵਿੱਚ ‘ਕਸ਼’ ਦਾ ਭਾਵ ਇੱਥੇ ਅਕਸ਼ਿ, ਅੱਖ ਜਾਂ ਦੇਖਣਾ ਹੀ ਹੈ। ‘ਲਖ ਵਟਨੀ’ ਦਾ ਭਾਵ ਹੈ: ਪਰਤਾ ਕੇ ਜਾਂ ਅਜ਼ਮਾ ਕੇ ਦੇਖ ਲੈਂਦੀ ਹਾਂ। ਅਲਖ (ਅ+ਲਖ) ਸ਼ਬਦ ਵੀ ਇਸੇ ‘ਲਖ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ ਜਿਸ ਦਾ ਅਰਥ ਹੈ ਜੋ ਅੱਖ ਨਾਲ਼ ਦੇਖਿਆ ਨਾ ਜਾ ਸਕੇ ਅਰਥਾਤ ਈਸ਼ਵਰ ਜਾਂ ਪਰਮਾਤਮਾ। ਲਕਸ਼ (ਹਿੰਦੀ= ਲਕਸ਼ਯ= ਲ+ਅਕਸ਼ਿ+ਯ= ਉਦੇਸ਼/ ਨਿਸ਼ਾਨਾ) ਸ਼ਬਦ ਵੀ ਇਸੇ ਅਕਸ਼ਿ ਸ਼ਬਦ ਦੀ ਹੀ ਦੇਣ ਹੈ। ਨਿਰੀਕਸ਼ਣ ਜਾਂ ਨਿਰੀਖਣ ਸ਼ਬਦ ਵੀ ਅੱਖ ਜਾਂ ਅਕਸ਼ਿ ਸ਼ਬਦ ਤੋਂ ਹੀ ਉਤਪੰਨ ਹੋਇਆ ਹੈ ਜਿਸ ਦਾ ਭਾਵ ਹੈ: ਦ੍ਰਿਸ਼ਟੀ, ਦੇਖਣਾ ਜਾਂ ਧਿਆਨ ਦੇਣਾ।
‘ਅਵਲੋਕਨ’ ਸ਼ਬਦ ਜਿਸ ਦਾ ਭਾਵ ਹੈ- ਦੇਖਣਾ, ਅਵਲੋਕਨ ਕਰਨਾ; ਵੀ ਅਕਸ਼ਿ ਸ਼ਬਦ ਤੋਂ ਹੀ ਬਣਿਆ ਹੈ। ਇਸ ਸ਼ਬਦ ਵਿਚਲੀ ‘ਕ’ ਦੀ ਧੁਨੀ ਅਕਸ਼ਿ ਸ਼ਬਦ ਦੀ ਪ੍ਰਤਿਨਿਧਤਾ ਕਰ ਰਹੀ ਹੈ; ਬਿਲਕੁਲ ਉਸੇ ਤਰ੍ਹਾਂ, ਜਿਵੇਂ: ਦ੍ਰਿਸ਼, ਦ੍ਰਿਸ਼ਟੀ, ਦਰਸ਼ਨ ਜਾਂ ਦਰਸ਼ਕ ਆਦਿ ਸ਼ਬਦਾਂ ਵਿੱਚ ‘ਸ਼’ ਦੀ ਧੁਨੀ ਅਤੇ ਦੇਖ, ਵੇਖ, ਪੇਖ ਅਤੇ ਲਖ ਆਦਿ ਸ਼ਬਦਾਂ ਵਿਚ ‘ਖ’ ਦੀ ਧੁਨੀ।
ਲਖ (ਲਕਸ਼= ਦੇਖਣਾ) ਅਤੇ ਅਵਲੋਕਨ ਸ਼ਬਦਾਂ ਵਿਚਲੇ ਲਖ/ਲਕਸ਼ ਲੋਕ ਅਤੇ ਅੰਗਰੇਜ਼ੀ ਦਾ ‘ਲੁੱਕ’ (Look) ਸ਼ਬਦ ਸਾਨੂੰ ਸੰਸਕ੍ਰਿਤ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਆਪਸੀ ਪੁਰਾਤਨ ਸਾਂਝ ਦੇ ਵੀ ਦਰਸ਼ਨ ਕਰਵਾਉਂਦੇ ਹਨ। ਜੀ ਐੱਸ ਰਿਆਲ ਜੀ ਅਨੁਸਾਰ ‘ਅਵਲੋਕਨ’ ਸ਼ਬਦ ਵਿਚਲੇ ‘ਲੋਕ’ ਧਾਤੂ ਤੋਂ ਦੇਖਣ ਦੇ ਅਰਥਾਂ ਦੀ ਵਿਉਤਪਤੀ ਹੋਈ ਹੈ। ਬੇਸ਼ੱਕ ਉਹ ‘ਲੋਕ’ ਸ਼ਬਦ ਨੂੰ ਇੱਕ ਮੂਲ ਸ਼ਬਦ ਜਾਂ ਧਾਤੂ ਮੰਨਦੇ ਹਨ ਪਰ ‘ਅਵਲੋਕਨ’ ਸ਼ਬਦ ਦੇ ਅਸਲ ਅਰਥਾਂ ਦਾ ਪ੍ਰਗਟਾਵਾ ਇਸ ਵਿਚਲੀ ਕ (ਅਕਸ਼ਿ ਤੋਂ ਉਪਜੀ) ਧੁਨੀ ਹੀ ਕਰ ਰਹੀ ਹੈ। ਇਹਨਾਂ ਦੋਂਹਾਂ ਸ਼ਬਦਾਂ ਦੀ ਇਹ ਸਾਂਝ ਸੰਸਕ੍ਰਿਤ ਭਾਸ਼ਾ ਕਾਰਨ ਵੀ ਹੋ ਸਕਦੀ ਹੈ ਅਤੇ ਪੁਰਾਤਨ ਅਾਰੀਆਈ ਭਾਸ਼ਾ ਦੀ ਆਪਸੀ ਸਾਂਝ ਕਾਰਨ ਵੀ। ਮਿਸਾਲ ਦੇ ਤੌਰ ‘ਤੇ see= ਦੇਖਣਾ ਸ਼ਬਦ ਵਿੱਚ ਅਕਸ਼ਿ ਸ਼ਬਦ ਵਿਚਲੀ ‘ਸ਼’ ਦੀ ਧੁਨੀ ਇੱਥੇ ‘ਸ’ ਦੇ ਰੂਪ ਵਿਚ ਉਸੇ ਤਰ੍ਹਾਂ ਮੌਜੂਦ ਹੈ, ਜਿਵੇਂ: ਦਿਸ,ਦਿਸਿਆ, ਦਿਸੇਗਾ ਆਦਿ ਵਿੱਚ। ਇਸੇ ਤਰ੍ਹਾਂ ਸ਼ੋਅ (show= ਦਿਖਾਉਣਾ) ਸ਼ਬਦ ਵਿੱਚ ਅਕਸ਼ਿ ਦੀ ਧੁਨਿ ਸਿੱਧੀ ‘ਸ਼’ ਦੇ ਰੂਪ ਵਿੱਚ ਹੀ ਮੌਜੂਦ ਹੈ, ਜਿਵੇਂ: ਦ੍ਰਿਸ਼, ਦਰਸ਼ਨ, ਲਕਸ਼ ਆਦਿ ਵਿੱਚ ਹੈ। ਇਹਨਾਂ ਤੋਂ ਬਿਨਾਂ ਜੇਕਰ ਵਿਜ਼ਨ (vision=ਵੇਖਣਾ) ਸੁਪਰਵੀਜ਼ਨ, ਟੈਲੀਵੀਜ਼ਨ ਆਦਿ ਸ਼ਬਦਾਂ ਨੂੰ ਵੀ ਦੇਖਿਆ ਜਾਵੇ ਤਾਂ ਇਹਨਾਂ ਵਿਚਲੇ vision (ਵਿਜ਼ਨ= ਵੇਖਣਾ) ਸ਼ਬਦਾਂ ਦੀਆਂ ਧੁਨੀਆਂ ਵਿੱਚ v ਅੱਖਰ ‘ਵੇ’ ਦੀ, s ‘ਖ’ (ਅਕਸ਼ਿ) ਦੀ ਅਤੇ n ‘ਣਾ’ ਧੁਨੀਆਂ ਦੀ ਪ੍ਰਤਿਨਿਧਤਾ ਕਰ ਰਹੇ ਹਨ। ਫ਼ਰਕ ਕੇਵਲ ਏਨਾ ਕੁ ਹੈ ਕਿ ਅੰਗਰੇਜ਼ੀ ਦੇ ਇਹਨਾਂ ਸ਼ਬਦਾਂ ਵਿੱਚ s ਅੱਖਰ ਦਾ ਉਚਾਰਨ ‘ਜ਼’ (vision/ ਵਿਜ਼ਨ) ਦੀ ਧੁਨੀ ਵਿੱਚ ਬਦਲ ਗਿਆ ਹੈ।
‘ਇਨਸਪੈੱਕਸ਼ਨ’ ਸ਼ਬਦ ਵਿੱਚ ਵੀ ‘ਪੈੱਕਸ਼ਨ’ ਸ਼ਬਦਾਂਸ਼ ਪ੍ਰੇਕਸ਼ਣ (ਦੇਖਣਾ) / ਪੇਕਸ਼ਣ ਸ਼ਬਦਾਂ ਤੋਂ ਹੀ ਬਣਿਆ ਜਾਪਦਾ ਹੈ ਜਿਨ੍ਹਾਂ ਵਿੱਚੋਂ ਪੰਜਾਬੀ ਦੇ ਪੇਖ ਜਾਂ ਪੇਖਨਾ ਵਾਂਗ ‘ਰਾਰਾ’ ਹਟਾ ਦਿੱਤਾ ਗਿਆ ਹੈ ਅਤੇ ਪੇਕਸ਼ਣ (pection) ਦੀ ਲਾਂ ਦੀ ਧੁਨੀ ਦੁਲਾਵਾਂ ਵਿੱਚ ਬਦਲ ਗਈ ਹੈ। ਇਨਸਪੈੱਕਟਰ ਸ਼ਬਦ ਵੀ ਇਨਸਪੈੱਕਸ਼ਨ ਸ਼ਬਦ ਤੋਂ ਹੀ ਬਣਿਆ ਹੈ। ਇਹਨਾਂ ਤੋਂ ਬਿਨਾਂ spectacle= ਤਮਾਸ਼ਾ, ਦ੍ਰਿਸ਼, ਨਜ਼ਾਰਾ; spectacles= ਚਸ਼ਮਾ, ਐਨਕ; spectator= ਦਰਸ਼ਕ ਜਾਂ ਤਮਾਸ਼ਾ ਦੇਖਣ ਵਾਲ਼ਾ ਅਤੇ spectacular = ਦਰਸ਼ਨੀ, ਵਿਖਾਉਣਯੋਗ, ਵੇਖਣਯੋਗ ਆਦਿ ਸ਼ਬਦ ਵੀ ਪ੍ਰੇਕਸ਼ਣ/ਪੇਕਸ਼ਣ/ ਪੇਖਣ ਸ਼ਬਦਾਂ ਤੋਂ ਹੀ ਬਣੇ ਦਿਖਾਈ ਦਿੰਦੇ ਹਨ।
ਹੁਣ ਜੇਕਰ ਵਿਚਾਰ-ਅਧੀਨ ਸ਼ਬਦ ‘ਸੈਕੁਰਸ’ ਤੇ ਅੰਗਰੇਜ਼ੀ ਸ਼ਬਦ ਸਿਕਿਉਰਿਟੀ (security) ਨੂੰ ਵੀ ਧਿਆਨ ਨਾਲ਼ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੋਂਹਾਂ ਸ਼ਬਦਾਂ ਵਿੱਚ ਵੀ ‘ਸੁਰਕਸ਼ਾ’ ਸ਼ਬਦ ਵਾਲ਼ੀਆਂ ਸ/s, ਕ/c, ਰ/r ਆਦਿ ਧੁਨੀਆਂ ਮੌਜੂਦ ਹਨ; s ਅਗੇਤਰ ਸੁ ਦੀ, r ਰਕਸ਼ਾ ਵਿਚਲੇ ਪਹਿਲੇ ਅੱਖਰ ਰ ਦੀ ਅਤੇ c ਕਸ਼ੈ ਵਿਚਲੇ ਕ ਦੀ ਪ੍ਰਤਿਨਿਧਤਾ ਕਰ ਰਿਹਾ ਹੈ। ‘ਸੈਕੁਰਸ’ ਵਿਚਲਾ ਆਖ਼ਰੀ ਅੱਖਰ ਸ ਕਸ਼ੈ ਵਿਚਲੇ ਸ਼ ਤੋਂ ਹੀ ਆਇਆ ਜਾਪਦਾ ਹੈ। ਅੰਗਰੇਜ਼ੀ ਦੇ security ਵਿਚਲਾ ty ਸਿਕਿਓਰ ਸ਼ਬਦ ਨੂੰ ਨਾਂਵ ਬਣਾਉਣ ਲਈ ਵਰਤਿਆ ਗਿਆ ਹੈ, ਜਿਵੇਂ: ਸੁਰੱਖਿਅਤ ਅਤੇ ਸੁਰਕਸ਼ਿਤ (ਹਿੰਦੀ) ਸ਼ਬਦਾਂ ਨੂੰ ਵਿਸ਼ੇਸ਼ਣ ਬਣਾਉਣ ਲਈ ‘ਤ’ ਦੀ ਵਰਤੋਂ ਕਰ ਲਈ ਗਈ ਹੈ। ਇਸੇ ਤਰ੍ਹਾਂ ਅੰਗਰੇਜ਼ੀ ਦਾ ਇੱਕ ਹੋਰ ਸ਼ਬਦ ਪ੍ਰੋਵਾਈਡ/ provide ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ੇ ‘ਪ੍ਰਦਾਨ’ ਜਾਂ ‘ਪ੍ਰਾਵਧਾਨ’ ਸ਼ਬਦਾਂ ਤੋਂ ਬਣਿਆ ਦਿਖਾਈ ਦੇ ਰਿਹਾ ਹੈ ਕਿਉਂਕਿ ਦੋਂਹਾਂ ਦੇ ਅਰਥ ਇਕਸਮਾਨ ਹੀ ਹਨ: ਦੇਣਾ, ਪ੍ਰਬੰਧ ਕਰਨਾ ਜਾਂ ਵਿਵਸਥਾ ਕਰਨੀ। ਦੋਂਹਾਂ ਸ਼ਬਦਾਂ ਵਿਚਲੀਆਂ ਪ੍ਰਮੁੱਖ ਧੁਨੀਆਂ ਪ ਰ ਦ/ਡ ਅਾਦਿ ਸਾਂਝੀਆਂ ਹਨ। ਇਹੋ-ਜਿਹੇ ਹੋਰ ਵੀ ਅਨੇਕਾਂ ਸ਼ਬਦ ਅਜਿਹੇ ਹਨ ਜਿਨ੍ਹਾਂ ਦੀ ਆਪਸ ਵਿੱਚ ਧੁਨੀਆਂ ਤੇ ਉਹਨਾਂ ਦੇ ਅਰਥਾਂ ਦੇ ਨਾਲ਼-ਨਾਲ਼ ਸ਼ਬਦਾਂ ਦੇ ਅਰਥਾਂ ਦੀ ਸਾਂਝ ਵੀ ਮੌਜੂਦ ਹੈ। ਇੱਕ ਹੀ ਭਾਸ਼ਾ-ਪਰਿਵਾਰ ਦੀਆਂ ਬੋਲੀਆਂ ਹੋਣ ਕਾਰਨ ਅਜਿਹੀ ਹੀ ਸਾਂਝ ਫ਼ਾਰਸੀ ਮੂਲ ਦੇ ਅਨੇਕਾਂ ਸ਼ਬਦਾਂ ਵਿੱਚ ਵੀ ਦੇਖਣ ਨੂੰ ਮਿਲ਼ਦੀ ਹੈ।
ਉਪਰੋਕਤ ਸਾਰੇ ਵਰਤਾਰੇ ਤੋਂ ਸ਼ਬਦ-ਰਚਨਾ ਸੰਬੰਧੀ ਇੱਕ ਹੋਰ ਗੱਲ ਇਹ ਵੀ ਸਪਾਸ਼ਟ ਹੁੰਦੀ ਹੈ ਕਿ ਲਿਪੀ ਵਿਚਲੀਆਂ ਰਵਾਇਤੀ ਧੁਨੀਆਂ (ਕ ਖ ਗ ਆਦਿ) ਤੋਂ ਬਿਨਾਂ ਉਹਨਾਂ ਚੀਜ਼ਾਂ ਦੇ ਨਾਮ ਵਿੱਚ ਸ਼ਾਮਲ ਉਸ ਪ੍ਰਮੁੱਖ ਧੁਨੀ/ ਧੁਨੀਆਂ ਜਿਨ੍ਹਾਂ ਤੋਂ ਉਹਨਾਂ ਚੀਜ਼ਾਂ ਦਾ ਅਰਥ-ਬੋਧ ਹੁੰਦਾ ਹੋਵੇ, ਨੂੰ ਵੀ ਵਰਤੋਂ ਵਿੱਚ ਲਿਆਂਦਾ ਗਿਆ ਹੈ; ਜਿਵੇਂ ਅੱਖ ਵਿਚਲੀ ਖ (ਉਪਰੋਕਤ ਵਿਚਾਰ-ਚਰਚਾ ਅਨੁਸਾਰ) ਅਤੇ ਗਿਆਨ ਵਿਚਲੀ ਗ ਧੁਨੀ (ਜਿਵੇਂ: ਸਜਗ, ਜਿਗਿਆਸੂ, ਕ੍ਰਿਤੱਗ) ਆਦਿ। ਇਸ ਸੰਬੰਧ ਵਿਚ ਦੇਖਿਆ ਜਾਵੇ ਤਾਂ ਕਿਉਂਕਿ ਅੱਖ ਦੀ ਮਨੁੱਖੀ ਜੀਵਨ ਵਿੱਚ ਅਹਿਮ ਭੂਮਿਕਾ ਹੈ ਜਿਸ ਕਾਰਨ ਉਪਰੋਕਤ ਸ਼ਬਦਾਂ ਵਿੱਚ ਅੱਖ ਦੇ ਅਰਥਾਂ ਨੂੰ ਮੁਖ ਰੱਖਦਿਆਂ ਹੋਇਆਂ ਇਸ ਦੇ ਅਰਥ ‘ਅਕਸ਼ਿ’ ਸ਼ਬਦ ਵਿਚਲੀ ਪ੍ਰਮੁੱਖ ਧੁਨੀ ਖ ਜਾਂ ਕਸ਼ੈ ਆਦਿ ਰਾਹੀਂ ਪ੍ਰਗਟ ਕੀਤੇ ਗਏ ਹਨ ਤੇ ਜਿਨ੍ਹਾਂ ਦੀ ਅਨੇਕਾਂ ਸ਼ਬਦਾਂ ਵਿੱਚ ਵਰਤੋਂ ਕੀਤੀ ਗਈ ਹੈ।
‘ਅਕਸ਼ਿ’ ਸ਼ਬਦ ਤੋਂ ਉਪਜੀਆਂ ‘ਖ’ ਤੇ ‘ਸ’ ਧੁਨੀਆਂ ਸਬੰਧੀ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਦੇਖ, ਦੇਖਿਆ, ਦਿੱਖ, ਦੇਖਣਾ, ਦੇਖਣਗੇ, ਦਿਖਾਵਾ ਆਦਿ ਸ਼ਬਦਾਂ ਵਿੱਚ ਤਾਂ ‘ਖ’ ਦੀ ਧੁਨੀ ਦੀ ਵਰਤੋਂ ਸਹੀ ਦੱਸੀ ਗਈ ਹੈ ਪਰ ਦਿਸ, ਦਿਸਦਾ, ਦਿਸਿਆ, ਦਿਸੇਗਾ ਆਦਿ ਸ਼ਬਦਾਂ ਵਿਚ ‘ਸ’ ਧੁਨੀ ਨੂੰ ਹੀ ਠੀਕ ਮੰਨਿਆ ਗਿਆ ਹੈ। ਇਸ ਕਾਰਨ ਇਨ੍ਹਾਂ ਸ਼ਬਦਾਂ ਦੇ ਇਹੋ ਸ਼ਬਦ-ਰੂਪ ਹੀ ਸਹੀ ਦੱਸੇ ਗਏ ਹਨ। ਇਸੇ ਕਾਰਨ ਦਿਸ, ਦਿਸਦਾ, ਦਿਸਿਆ, ਦਿਸੇਗਾ, ਦਿਸਣਗੇ ਆਦਿ ਸ਼ਬਦਾਂ ਨੂੰ ਦਿਖ, ਦਿਖਦਾ, ਦਿਖਿਆ, ਦਿਖੇਗਾ, ਦਿਖਣਗੇ ਅਾਦਿ ਲਿਖਣਾ ਪੂਰੀ ਤਰ੍ਹਾਂ ਗ਼ਲਤ ਹੈ। ਹਿੰਦੀ ਭਾਸ਼ਾ ਵਿੱਚ ਭਾਵੇਂ ਅਜਿਹੇ ਸ਼ਬਦਾਂ ਵਿੱਚ ‘ਖ’ ਦੀ ਵਰਤੋਂ ਨੂੰ ਸਹੀ ਮੰਨ ਲਿਆ ਗਿਆ ਹੋਵੇ ਪਰ ਪੰਜਾਬੀ ਵਿੱਚ ਨਹੀਂ। ਇਹੋ-ਜਿਹੀਆਂ ਕੁਤਾਹੀਆਂ ਵੱਲ ਸਾਨੂੰ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਦੀ ਲੋੜ ਹੈ
ਉਪਰੋਕਤ ਕਿਸਮ ਦੇ ਧੁਨੀ-ਪਰਿਵਰਤਨ ਦਾ ਇੱਕ ਕਾਰਨ ਹੋਰ ਵੀ ਹੋ ਸਕਦਾ ਹੈ; ਉਹ ਇਹ ਕਿ ਸ਼ੁਰੂ-ਸ਼ੁਰੂ ਵਿੱਚ ਕਈ ਵਾਰ ਸ਼ਬਦ-ਰਚਨਾ ਕਰਦਿਆਂ ਹੋਇਆਂ ਧੁਨੀਆਂ ਦੀਆਂ ਕਲਾਵਾਂ ਕਾਰਨ ਇੱਕੋ-ਜਿਹੀਆਂ ਧੁਨੀਆਂ ਵਾਲ਼ੇ ਦੋ ਵੱਖ-ਵੱਖ ਅਰਥਾਂ ਵਾਲ਼ੇ ਸ਼ਬਦ ਵੀ ਬਣ ਜਾਇਆ ਕਰਦੇ ਸਨ। ਉਹਨਾਂ ਵਿੱਚ ਵਖਰੇਵਾਂ ਪਾਉਣ ਲਈ ਕਿਸੇ ਇੱਕ ਸ਼ਬਦ ਵਿੱਚ ਧੁਨੀ -ਪਰਿਵਰਤਨ ਕਰ ਲਿਆ ਜਾਂਦਾ ਹੋਵੇਗਾ, ਜਿਵੇਂ: ਜੇਕਰ ‘ਦੇਖ’ ਸ਼ਬਦ ਨੂੰ ‘ਖ’ ਨਾਲ਼ ਲਿਖੇ ਜਾਣ ਦੀ ਥਾਂ ਸ਼/ਸ ਨਾਲ਼ ਲਿਖਣਾ ਪ੍ਰਵਾਨ ਕੀਤਾ ਗਿਆ ਹੁੰਦਾ ਤਾਂ ਅਜਿਹਾ ਹੋਣਾ ਇਸ ਕਾਰਨ ਨਾਮੁਮਕਿਨ ਸੀ ਕਿਉਂਕਿ ਹੋ ਸਕਦਾ ਹੈ ਕਿ ‘ਦੇਸ਼/ਦੇਸ’ ਸ਼ਬਦ ਪਹਿਲਾਂ ਹੀ ਇੱਕ ਰਾਸ਼ਟਰ ਦੇ ਅਰਥਾਂ ਵਜੋਂ ਪ੍ਰਵਾਨਿਤ ਕੀਤਾ ਜਾ ਚੁੱਕਿਆ ਹੋਵੇ। ਇਹੋ ਸ਼ਬਦ ‘ਹ’ ਨਾਲ਼ ਲਿਖਣਾ ਵੀ ਇਸ ਕਾਰਨ ਅਪ੍ਰਵਾਨ ਕੀਤਾ ਗਿਆ ਹੋ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ਼ ਇਹ ਸ਼ਬਦ ‘ਦੇਹ’ (ਸਰੀਰ) ਨਾਲ਼ ਰਲ਼ਗੱਡ ਹੋਣ ਦਾ ਖ਼ਤਰਾ ਸੀ ਜੋਕਿ ਮਨੁੱਖੀ ਸਰੀਰ ਲਈ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਿਆ ਹੋ ਸਕਦਾ ਸੀ। ਦੋ ਅਰਥਾਂ ਵਾਲ਼ੇ ਜਾਂ ਬਹੁਅਰਥਕ ਸ਼ਬਦ; ਜਿਵੇਂ ਗੱਡੀ, ਨਿਰਮਾਣ, ਉੱਤਰ ਆਦਿ ਉਦੋਂ ਹੀ ਹੋਂਦ ਵਿੱਚ ਆਏ ਹੋਣਗੇ ਜਦੋਂ ਮੁਢਲੇ ਸ਼ਬਦਕਾਰਾਂ ਨੂੰ ਇਸ ਸੰਬੰਧ ਵਿੱਚ ਪੂਰਨ ਰੂਪ ਵਿੱਚ ਬੇਵੱਸੀ ਮਹਿਸੂਸ ਹੋਈ ਹੋਵੇਗੀ ਤੇ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਾ ਬਚਿਆ ਹੋਵੇਗਾ।
ਉਪਰੋਕਤ ਅਨੁਸਾਰ ਸਾਡੀ ਆਮ ਬੋਲ-ਚਾਲ ਦੀ ਬੋਲੀ ਵਿੱਚ ਕਈ ਵਾਰ ਸ, ਸ਼,ਖ ਦੀਆਂ ਇਹੋ ਧੁਨੀਆਂ ਲੋਕ-ਉਚਾਰਨ ਕਾਰਨ ‘ਹ’ ਵਿੱਚ ਵੀ ਬਦਲ ਜਾਂਦੀਆਂ ਹਨ, ਜਿਵੇਂ: ਆਖਦਾ ਤੋਂ ਆਂਹਦਾ, ਵੇਖਦਾ ਤੋਂ ਵਿੰਹਦਾ, ਦਿਸਦਾ ਤੋਂ ਦੀਂਹਦਾ ਅਤੇ ਵੇਖਦਿਆਂ ਤੋਂ ਵਿੰਹਦਿਆਂ ਆਦਿ।
ਧੁਨੀਆਂ ਦੀਆਂ ਉਪਰੋਕਤ ਕਲਾਬਾਜ਼ੀਆਂ ਕਾਰਨ ਵੀ ਸ਼ਾਇਦ ਸ਼ਬਦ- ਵਿਉਤਪਤੀ ਦੀ ਪ੍ਰਕਿਰਿਆ ਨੂੰ ਸਮਝਣਾ ਰਤਾ ਮੁਸ਼ਕਲ ਹੋ ਜਾਂਦਾ ਹੈ ਪਰ ਜੇਕਰ ਇਹਨਾਂ ਦੀਆਂ ਅਜਿਹੀਆਂ ਰਮਜ਼ਾਂ/ਕਲਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਦੀ ਸ਼ਬਦ-ਰਚਨਾ ਨੂੰ ਸਮਝਣਾ ਕਾਫ਼ੀ ਅਸਾਨ ਹੋ ਸਕਦਾ ਹੈ।
ਚੌਕਸੀ ਅਤੇ ਚੌਕੀਦਾਰੀ
—————-
ਚੌਕਸ/ਚੌਕਸੀ
ਮੇਰੀ ਜਾਚੇ ਚੌਕਸੀ ਸ਼ਬਦ ਚੌ+ਅਕਸ਼ਿ (ਚਾਰੇ ਪਾਸੇ ਨਿਗ੍ਹਾ ਰੱਖਣੀ) ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਚੌਕਸ’ ਸ਼ਬਦ ਦੇ ਅਰਥ ਕਰਦਿਆਂ ਇਸ ਵਿਚਲੇ ਸ਼ਬਦ ‘ਕਸ’ ਤੋਂ ਭਾਵ ਕੱਸਿਆ ਹੋਇਆ (ਚਹੁੰਆਂ ਪਾਸਿਆਂ ਤੋਂ ਕੱਸਿਆ ਹੋਇਆ) ਲਿਆ ਹੈ ਜੋਕਿ ਠੀਕ ਨਹੀਂ ਜਾਪਦਾ ਕਿਉਂਕਿ ਇੱਥੇ ‘ਕਸ’ ਜਾਂ ‘ਕਸੀ’ ਸ਼ਬਦ ‘ਅਕਸ਼ਿ’ ਸ਼ਬਦ ਦੀ ਪ੍ਰਤਿਨਿਧਤਾ ਕਰ ਰਿਹਾ ਹੈ ਅਤੇ ਇਸ ਦੇ ਅਰਥ ਹਨ: ਦੇਖਣਾ। ਕੇਵਲ ਅਕਸ਼ਿ ਸ਼ਬਦ ਵਿਚਲੀ ‘ਸ਼’ ਦੀ ਧੁਨੀ ਲੋਕ-ਉਚਾਰਨ ਕਾਰਨ ‘ਸ’ ਵਿੱਚ ਬਦਲ ਗਈ ਹੈ ਪਰ ਉਂਞ ਉਹਨਾਂ ਨੇ ਇਸ ਦੇ ਨਾਲ਼ ਹੀ ਇਸ ਸ਼ਬਦ ਦੇ ਰਵਾਇਤੀ ਅਰਥ ਵੀ ਲਿਖ ਦਿੱਤੇ ਹਨ: ਸਾਵਧਾਨ, ਚੌਕੰਨਾ, ਹੋਸ਼ਿਆਰ।
ਚੌਕਸ ਸ਼ਬਦ ਦੀ ਸ਼ਬਦ-ਵਿਉਤਪਤੀ ਦੀ ਦੂਜੀ ਸੰਭਾਵਨਾ ਇਹ ਹੈ ਕਿ ਸੰਸਕ੍ਰਿਤ/ਹਿੰਦੀ ਭਾਸ਼ਾਵਾਂ ਵਿੱਚ ਅੱਖ ਦਾ ਇੱਕ ਨਾਮ ‘ਚਕਸ਼ੂ’ ਵੀ ਹੈ। ਸੋ, ਹੋ ਸਕਦਾ ਹੈ ਕਿ ਚੌਕਸ ਜਾਂ ਚੌਕਸੀ ਸ਼ਬਦ ਕੁਝ ਮਧੇਤਰ/ਪਿਛੇਤਰ (ਅੌ/ਈ) ਆਦਿ ਲਾ ਕੇ ਸਿੱਧਾ ‘ਚਕਸ਼ੂ’ ਸ਼ਬਦ ਤੋਂ ਹੀ ਬਣਿਆ ਹੋਵੇ ਪਰ ਚੌਕਸ/ਚੌਕਸੀ ਸ਼ਬਦ ਦੀ ਸ਼ਬਦ-ਵਿਉਤਪਤੀ ਦੀ ਪਹਿਲੀ ਸੰਭਾਵਨਾ ਵਧੇਰੇ ਠੀਕ ਜਾਪਦੀ ਹੈ।
ਚੌਕੀਦਾਰ/ਚੌਕੀਦਾਰੀ:
——————
ਚੌਕਸੀ ਵਾਂਗ ਚੌਕੀਦਾਰ ਸ਼ਬਦ ਵੀ ਅਕਸ਼ਿ ਸ਼ਬਦ ਤੋਂ ਹੀ ਬਣਿਆ ਦਿਖਾਈ ਦਿੰਦਾ ਹੈ। ਹੋ ਸਕਦਾ ਹੈ ਕਿ ਇਹ ਸ਼ਬਦ ਪਹਿਲਾਂ ‘ਚੌਕਸੀਦਾਰ’ ਹੀ ਹੋਵੇ ਅਤੇ ਫਿਰ ਉਚਾਰਨ ਵਿੱਚ ਸੁਖੈਨਤਾ ਅਤੇ ਇਸ ਨੂੰ ਸੰਖੇਪ ਕਰਨ ਲਈ ਇਸ ਵਿੱਚੋਂ ‘ਸ’ ਦੀ ਧੁਨੀ ਅਲੋਪ ਕਰ ਦਿੱਤੀ / ਹੋ ਗਈ ਹੋਵੇ। ਦਿਲਚਸਪ ਗੱਲ ਇਹ ਹੈ ਕਿ ਇਸ ਸ਼ਬਦ ਦੀ ਸ਼ਬਦ-ਬਣਤਰ ਵਿੱਚ ਦੋ ਭਾਸ਼ਾਵਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚਲਾ ਚੌਕੀ ਸ਼ਬਦ ਤਾਂ ਹਿੰਦੀ/ ਸੰਸਕ੍ਰਿਤ ਭਾਸ਼ਾਵਾਂ ਦੇ ਪਿਛੋਕੜ ਦਾ ਹੈ ਜਦਕਿ ‘ਦਾਰ’ ਸ਼ਬਦ ਫ਼ਾਰਸੀ ਮੂਲ ਦਾ ਹੈ ਜਿਸ ਦੇ ਅਰਥ ਹਨ- ਵਾਲ਼ਾ ਅਰਥਾਤ ਚੌਕਸੀ ਜਾਂ ਨਿਗਰਾਨੀ ਰੱਖਣ ਵਾਲ਼ਾ। ਜੀ ਐੱਸ ਰਿਆਲ ਜੀ ਨੇ ਵੀ ਬੇਸ਼ੱਕ ਇਸ ਸ਼ਬਦ ਦੇ ਅਰਥ ਪਹਿਰੇਦਾਰ/ਪਹਿਰੇਦਾਰੀ ਵੀ ਕੀਤੇ ਹਨ ਪਰ ਮੂਲ ਰੂਪ ਵਿਚ ਉਹਨਾਂ ਨੇ ਇਸ ਸ਼ਬਦ ਨੂੰ ਚੌਕ ਤੋਂ ਬਣਿਆ ਹੀ ਦੱਸਿਆ ਹੈ ਜਦਕਿ ਚੌਕੀਦਾਰ ਦਾ ਕੰਮ ਹੁੰਦਾ ਹੈ, ਸਾਰੇ ਪਿੰਡ/ਸ਼ਹਿਰ ਵਿੱਚ ਘੁੰਮ-ਫਿਰ ਕੇ ਪਹਿਰਾ ਦੇਣਾ, ਚੌਕੀਦਾਰੀ ਕਰਨੀ ਨਾਕਿ ਕੇਵਲ ਇੱਕ ਚੌਕ ਵਿੱਚ ਖੜ੍ਹ ਕੇ ਹੀ ਪਹਿਰਾ ਦੇਣਾ। ਰਿਆਲ ਜੀ ਵਾਂਗ ਕੁਝ ਹੋਰ ਲੋਕ ਵੀ ਇਸ ਨੂੰ ਸਰਹੱਦਾਂ ਦੀਆਂ ਚੌਕੀਆਂ ‘ਤੇ ਨਿਗਰਾਨੀ ਕਰਨ ਨਾਲ਼ ਸੰਬੰਧਿਤ ਸ਼ਬਦ ਦੱਸਦੇ ਹਨ ਜੋਕਿ ਸਹੀ ਨਹੀਂ ਜਾਪਦਾ ਕਿਉਂਕਿ ਹਰ ਸ਼ਬਦ ਦੀ ਵਿਉਤਪਤੀ ਉਪਰੋਕਤ ਅਨੁਸਾਰ ਕੇਵਲ ਅਰਥਗਤ ਧੁਨੀਆਂ ਦੇ ਮੇਲ਼ ਤੋਂ ਹੀ ਹੋਈ ਹੈ, ਕਿਸੇ ਹੋਰ ਢੰਗ ਨਾਲ਼ ਨਹੀਂ। ਮੁਢਲਾ ਮਾਨਵ ਕਿਸੇ ਸ਼ਬਦ ਨੂੰ ਜਿਹੋ-ਜਿਹੇ ਅਰਥ ਦੇਣੇ ਚਾਹੁੰਦਾ ਸੀ, ਉਸ ਵਿੱਚ ਉਸ ਨੇ ਉਹੋ-ਜਿਹੀਆਂ ਹੀ ਧੁਨੀਆਂ ਦਾ ਇਸਤੇਮਾਲ ਕੀਤਾ ਹੈ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਧੁਨੀਆਂ ਦੇ ਅਰਥਾਂ ਦੀ ਅਣਹੋਂਦ ਕਾਰਨ ਸ਼ਬਦ-ਵਿਉਤਪਤੀ ਦੀ ਪ੍ਰਕਿਰਿਆ ਨੂੰ ਸਮਝਣਾ ਤਾਂ ਬੇਹੱਦ ਮੁਸ਼ਕਲ ਹੈ ਹੀ ਪਰ ਕਈ ਵਾਰ ਇਸ ਸਮੱਸਿਆ ਨਾਲ਼ ਸੰਬੰਧਿਤ ਕਈ ਦਿਲਚਸਪ ਕਿੱਸੇ ਵੀ ਪੜ੍ਹਨ/ਸੁਣਨ ਨੂੰ ਮਿਲ਼ ਜਾਂਦੇ ਹਨ। ਪਿੱਛੇ ਜਿਹੇ
ਪੰਜਾਬੀ ਦੇ ਸਾਡੇ ਇੱਕ ਸਮਕਾਲੀ ਨਿਰੁਕਤਕਾਰ (ਰਿਆਲ ਜੀ ਨਹੀਂ) ਨੇ ਰਾਖੀ/ਰੱਖਿਆ ਸ਼ਬਦਾਂ ਦੀ ਨਿਰੁਕਤਕਾਰੀ ਕਰਦਿਆਂ ਇੱਕ ਰਿਸਾਲੇ ਵਿੱਚ ਛਪੇ ਆਪਣੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਰਾਖੀ ਸ਼ਬਦ ਅਸਲ ਵਿੱਚ ਰਾਕਸ਼ (ਸਹੀ ਸ਼ਬਦ-ਜੋੜ: ਰਾਖਸ਼) ਸ਼ਬਦ ਤੋਂ ਬਣਿਆ ਹੈ। ਉਹਨਾਂ ਅਨੁਸਾਰ ਇਹ ਸ਼ਬਦ ਉਦੋਂ ਹੋਂਦ ਵਿੱਚ ਆਇਆ ਸੀ ਜਦੋਂ ਪੁਰਾਤਨ ਸਮਿਆਂ ਵਿੱਚ ਅਮੀਰ ਲੋਕ ਆਪਣੇ ਘਰਾਂ ਜਾਂ ਕਿਸੇ ਜਾਇਦਾਦ ਆਦਿ ਦੀ ਰਾਖੀ ਲਈ ਖ਼ੂੰਖ਼ਾਰ ਕਿਸਮ ਦੇ ਰਾਖਸ਼ਾਂ ਨੂੰ ਬਿਠਾ ਦਿਆ ਕਰਦੇ ਸਨ ਜਦਕਿ ਇਹਨਾਂ ਸ਼ਬਦਾਂ ਵਿਚਲੀਆਂ ਧੁਨੀਆਂ ਦੇ ਅਰਥਾਂ ਅਨੁਸਾਰ ਇਸ ਸ਼ਬਦ ਦੇ ਅਰਥ ਰਾਖੀ ਕਰਨਾ ਤੋਂ ਬਿਲਕੁਲ ਹੀ ਉਲਟ ਅਰਥਾਂ ਵਾਲ਼ੇ ਹਨ। ਮੇਰੇ ਵਿਚਾਰ ਅਨੁਸਾਰ ਸ਼ਬਦ-ਵਿਉਤਪਤੀ ਸੰਬੰਧੀ ਇਹੋ-ਜਿਹੀਆਂ ਗ਼ਲਤ ਜਾਂ ਮਨ-ਘੜਤ ਧਾਰਨਾਵਾਂ ਦਾ ਇੱਕੋ-ਇੱਕ ਕਾਰਨ ਧੁਨੀਆਂ ਦੇ ਅਰਥਾਂ ਦੀ ਅਣਹੋਂਦ ਜਾਂ ਇਹਨਾਂ ਨੂੰ ਨਕਾਰਨਾ ਹੀ ਆਖਿਆ ਜਾ ਸਕਦਾ ਹੈ।
ਸੋ, ਅਸੀਂ ਦੇਖਦੇ ਹਾਂ ਕਿ ਕਿਵੇਂ ਹਰ ਸ਼ਬਦ ਅਰਥਗਤ ਧੁਨੀਆਂ ਦੇ ਮੇਲ਼ ਤੋਂ ਹੀ ਬਣਿਆ ਹੈ। ਕਿਸੇ ਵੀ ਸ਼ਬਦ ਵਿੱਚ ‘ਸੁਰਕਸ਼ਾ’ ਸ਼ਬਦ ਵਾਂਗ ਕੋਈ ਵੀ ਧੁਨੀ ਫ਼ਾਲਤੂ ਨਹੀਂ ਹੈ। ਇਸ ਲਈ ਸਾਡੀਆਂ ਦੇਸੀ ਭਾਸ਼ਾਵਾਂ- ਹਿੰਦੀ/ਪੰਜਾਬੀ ਆਦਿ ਦੇ ਸ਼ਬਦ ਨਾ ਤਾਂ ਕਿਸੇ ਬਾਹਰਲੀ ਭਾਸ਼ਾ ਤੋਂ ਆਏ ਹਨ ਅਤੇ ਨਾ ਹੀ ਇਹ ਕਿਸੇ ਤੀਰ-ਤੁੱਕੇ ਨਾਲ਼ ਹੀ ਬਣੇ ਹਨ। ਇਸ ਦੀ ਬਜਾਏ ਸਾਨੂੰ ਆਪਣੇ ਪੂਰਵਜ ਸ਼ਬਦਕਾਰਾਂ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕਿ ਅੱਜ ਤੋਂ ਹਜ਼ਾਰਾਂ ਵਰ੍ਹੇ ਪਹਿਲਾਂ ਸ਼ਬਦ-ਬਣਤਰ ਨੂੰ ਵਿਗਿਆਨਿਕ/ਭਾਸ਼ਾ-ਵਿਗਿਆਨਕ ਲੀਹਾਂ ‘ਤੇ ਢਾਲ਼ਿਆ ਜਦੋਂਕਿ ਉਸ ਸਮੇਂ ਵਿਗਿਆਨ ਜਾਂ ਭਾਸ਼ਾ- ਵਿਗਿਆਨ ਦਾ ਕਿਧਰੇ ਨਾਂ-ਨਿਸ਼ਾਨ ਵੀ ਨਹੀਂ ਸੀ। ਇਸ ਪੱਖੋਂ ਸਾਡੀਆਂ ਹਿੰਦ-ਆਰੀਆਈ ਭਾਸ਼ਾਵਾਂ ਵਿਸ਼ੇਸ਼ ਤੌਰ ‘ਤੇ ਉੱਤਰ-ਭਾਰਤੀ ਭਾਸ਼ਾਵਾਂ ਸਾਰੀ ਦੁਨੀਆਂ ਦੀਆਂ ਭਾਸ਼ਾਵਾਂ ਵਿਚੋਂ ਇੱਕ-ਮਾਤਰ ਅਜਿਹੀਆਂ ਭਾਸ਼ਾਵਾਂ ਹਨ ਜਿਹੜੀਆਂ ਕਿ ਧੁਨੀਆਂ ਦੇ ਅਰਥਾਂ ‘ਤੇ ਆਧਾਰਿਤ ਹਨ। ਇਹ ਸਾਡੇ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ।
ਸੋ, ਉਪਰੋਕਤ ਅਨੁਸਾਰ ‘ਸੈਕੁਰਸ’ ਅਤੇ ਇਸ ਵਰਗੇ ਹੋਰ ਅਨੇਕਾਂ ਸ਼ਬਦ ਭਾਰਤ ਨੇ ਨਹੀਂ ਸਗੋਂ ਅਾਰੀਆਈ ਭਾਸ਼ਾ-ਪਰਿਵਾਰ ਨਾਲ ਸੰਬੰਧ ਰੱਖਣ ਵਾਲ਼ੇ ਗ਼ੈਰਮੁਲਕਾਂ ਨੇ ਭਾਰਤ ਦੀਆਂ ਬਹੁਤ ਹੀ ਪ੍ਰਾਚੀਨ ਅਤੇ ਮੁਢਲੀਆਂ ਭਾਸ਼ਾਵਾਂ ਸੰਸਕ੍ਰਿਤ ਆਦਿ ਤੋਂ ਤਾਂ ਗ੍ਰਹਿਣ ਕੀਤੇ ਹੋ ਸਕਦੇ ਹਨ ਪਰ ਹਿੰਦ-ਆਰੀਆਈ ਭਾਸ਼ਾਵਾਂ ਨੇ ਗ਼ੈਰਭਾਸ਼ਾਵਾਂ ਤੋਂ ਨਹੀਂ। ਇਹ ਗੱਲ ਵੱਖਰੀ ਹੈ ਕਿ ਵੱਖ-ਵੱਖ ਕਾਰਨਾਂ ਕਰਕੇ ਅੱਜ ਪੰਜਾਬੀ ਸਮੇਤ ਭਾਰਤੀ ਭਾਸ਼ਾਵਾਂ ਵਿੱਚ ਬਹੁਤ ਸਾਰੇ ਅੰਗਰੇਜ਼ੀ, ਅਰਬੀ, ਫ਼ਾਰਸੀ, ਤੁਰਕੀ, ਪੁਰਤਗਾਲੀ ਆਦਿ ਸ਼ਬਦਾਂ ਨੇ ਆਪਣਾ ਪੱਕਾ ਡੇਰਾ ਜਮਾਇਆ ਹੋਇਆ ਹੈ।
…………………………
ਜਸਵੀਰ ਸਿੰਘ ਪਾਬਲਾ,
98884-03052.
ਨੋਟ:- ਭਾਸ਼ਾ-ਵਿਗਿਆਨਿਕ ਤੱਥਾਂ ‘ਤੇ ਆਧਾਰਿਤ ਸਾਰਥਕ ਅਤੇ ਉਸਾਰੂ ਆਲੋਚਨਾ ਦਾ ਸੁਆਗਤ ਹੈ।
**
ਅਰਦਾਸ’ ਸ਼ਬਦ ਕਿਵੇਂ ਬਣਿਆ ?
ਅਰਦਾਸ’ ਸ਼ਬਦ ਦਾ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਹੈ। ਇਹ ਸ਼ਬਦ ਪਿਛਲੇ ਸੈਂਕੜੇ ਸਾਲਾਂ ਤੋਂ ਸਿੱਖ ਧਾਰਮਿਕਤਾ ਨਾਲ ਜੁਡ਼ਿਆ ਹੋਇਆ ਹੈ। ਗੁਰਬਾਣੀ ਵਿੱਚ ਵੀ ਇਸ ਸ਼ਬਦ ਦੀ ਵਰਤੋਂ ਕਈ ਥਾਂਵਾਂ ‘ਤੇ ਕੀਤੀ ਗਈ ਹੈ, ਜਿਵੇਂ:
–ਬਿਰਥਾ ਕਦੇ ਨਾ ਹੋਵਈ ਜਨ ਕੀ ਅਰਦਾਸਿ॥
–ਤੂੰ ਠਾਕੁਰ ਤੁਮ ਪਹਿ ਅਰਦਾਸਿ
ਜੀਉ ਪਿੰਡ ਸਭ ਤੇਰੀ ਰਾਸਿ॥
ਇਸ ਸ਼ਬਦ ਦੀ ਵਿਉਤਪਤੀ ਬਾਰੇ ਦੋ ਵੱਖ-ਵੱਖ ਧਾਰਨਾਵਾਂ ਪ੍ਰਚਲਿਤ ਹਨ। ਪਹਿਲੀ ਧਾਰਨਾ ਅਨੁਸਾਰ ਇਹ ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਦੋ ਸ਼ਬਦਾਂ- ਅਰਜ਼ ਅਤੇ ਦਾਸ਼ਤ ਦੇ ਮੇਲ਼ ਤੋਂ ਬਣਿਆ ਹੈ। ਇਹਨਾਂ ਵਿੱਚੋਂ ਪਹਿਲਾ ਸ਼ਬਦ ‘ਅਰਜ਼’ ਅਰਬੀ ਭਾਸ਼ਾ ਦਾ ਅਤੇ ਦੂਜਾ ਸ਼ਬਦ ‘ਦਾਸ਼ਤ’ ਫ਼ਾਰਸੀ ਭਾਸ਼ਾ ਨਾਲ਼ ਸੰਬੰਧਿਤ ਹੈ। ‘ਅਰਜ਼’ ਸ਼ਬਦ ਦੇ ਅਰਥ ਹਨ- ਬੇਨਤੀ ਜਾਂ ਦਰਖ਼ਾਸਤ ਆਦਿ। ਦੂਜੇ ਸ਼ਬਦ ‘ਦਾਸ਼ਤ’ ਦਾ ਭਾਵ ਹੈ-ਪ੍ਗਟਾਵਾ ਕਰਨਾ। ਇਸ ਪ੍ਰਕਾਰ ਇਸ ਸ਼ਬਦ ਦੀ ਵਿਉਤਪਤੀ ਬਾਰੇ ਇਹ ਧਾਰਨਾ ਪ੍ਰਚਲਿਤ ਹੈ ਕਿ ਅਰਜ਼ ਸ਼ਬਦ ਵਿਚੋਂ ਪੰਜਾਬੀਆਂ ਨੇ ‘ਅਰ’ ਸ਼ਬਦ ਰੱਖ ਲਿਆ ਅਤੇ ਦਾਸ਼ਤ ਸ਼ਬਦ ਵਿੱਚੋਂ ‘ਦਾਸ’ ਸ਼ਬਦ ਲੈ ਲਿਆ ਤੇ ਦੋਂਹਾਂ ਸ਼ਬਦਾਂ ਨੂੰ ਜੋੜ ਕੇ ‘ਅਰਦਾਸ’ ਸ਼ਬਦ ਬਣਾ ਲਿਆ ਹੈ। ਉਂਞ ‘ਦਾਸ਼ਤ’ ਸ਼ਬਦ ਦਾ ਮੂਲ ਸ਼ਬਦ ਦਾਸ਼ਤਨ (ਕਿਰਿਆ-ਸ਼ਬਦ) ਹੈ ਜਿਸ ਦਾ ਅਰਥ ਹੈ ਰੱਖਣਾ (ਵਰਤਮਾਨ ਕਾਲ)। ਦਾਸ਼ਤ ਸ਼ਬਦ ਦਾਸਤਨ ਦਾ ਭੂਤਕਾਲਿਕ ਸ਼ਬਦ ਹੈ ਜਿਸ ਦਾ ਅਰਥ ਹੈ- ਯਾਦ ਰੱਖਿਆ। ਸੋ, ਇਸ ਪ੍ਰਕਾਰ ਅਰਦਾਸ ਸ਼ਬਦ ਦੇ ਅਰਥ ਬਣੇ- ਬੇਨਤੀ ਦਾ ਕੀਤਾ ਗਿਆ ਪ੍ਰਗਟਾਵਾ ਜਾਂ ਬੇਨਤੀ ਸੰਬੰਧੀ ਕਰਵਾਈ ਗਈ ਯਾਦਦਿਹਾਨੀ।
ਅਰਦਾਸ ਸ਼ਬਦ ਦੀ ਦੂਜੀ ਵਿਉਂਤਪਤੀ ਸੰਸਕ੍ਰਿਤ ਭਾਸ਼ਾ ਦੇ ਅਰਦ+ ਆਸ ਸ਼ਬਦਾਂ ਤੋਂ ਹੋਈ ਦੱਸੀ ਜਾਂਦੀ ਹੈ। ਇਹਨਾਂ ਵਿੱਚੋਂ ਪਹਿਲੇ ਸ਼ਬਦ ਅਰਦ ਦਾ ਅਰਥ ਹੈ- ਮੰਗਣਾ ਅਤੇ ਆਸ ਸ਼ਬਦ ਆਸ਼ਾ ਤੋਂ ਬਣਿਆ ਹੈ ਜਿਸ ਦੇ ਅਰਥ ਹਨ- ਚਾਹਤ, ਤਮੰਨਾ ਜਾਂ ਖਾਹਸ਼ ਆਦਿ। ਸੋ, ਸੰਸਕ੍ਰਿਤ ਭਾਸ਼ਾ ਦੇ ਇਹਨਾਂ ਦੋ ਸ਼ਬਦਾਂ ਦੇ ਅਰਥਾਂ ਅਨੁਸਾਰ ‘ਅਰਦਾਸ’ ਦੇ ਅਰਥ ਪਰਮਾਤਮਾ ਅੱਗੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਕਾਮਨਾ ਕਰਨੀ ਹੈ।
‘ਅਰਦਾਸ’ ਸ਼ਬਦ ਦੀ ਵਿਉਤਪਤੀ ਸਬੰਧੀ ਵੱਖ ਵੱਖ ਰਾਵਾਂ:-
“”””””””””””””””””””””””””””””””””””””””””””””””””””””””””””””””
ਪੰਜਾਬੀ ਦੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਜੀ ਐਸ ਰਿਆਲ ਜੀ ਅਨੁਸਾਰ ਇਹ ਸ਼ਬਦ ਫ਼ਾਰਸੀ ਦੇ ਅਰਜ਼ ਅਤੇ ਦਾਸ਼ਤ ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੈ ਜਿਸ ਦੇ ਅਰਥ ਉਹਨਾਂ ਉਪਰੋਕਤ ਅਰਥਾਂ ਅਨੁਸਾਰ ਪ੍ਰਾਰਥਨਾ ਜਾਂ ਬੇਨਤੀ ਹੀ ਕੀਤੇ ਹੋਏ ਹਨ। ਉਹਨਾਂ ਨੇ ਆਪਣੇ ‘ਨਿਰੁਕਤਕੋਸ਼’ ਵਿੱਚ ਸੰਸਕ੍ਰਿਤ ਵਾਲ਼ੇ ਪਾਸਿਓਂ ਆਏ ‘ਅਰਦਾਸ’ ਸ਼ਬਦ ਦਾ ਕੋਈ ਜ਼ਿਕਰ ਨਹੀਂ ਕੀਤਾ। ਭਾਸ਼ਾ-ਵਿਭਾਗ,ਪੰਜਾਬ ਦੇ ਕੋਸ਼ਾਂ ਅਨੁਸਾਰ ਵੀ ਇਸ ਸ਼ਬਦ ਦੀ ਵਿਉਤਪਤੀ ਵੀ ਅਰਜ਼+ਦਾਸ਼ਤ ਸ਼ਬਦਾਂ ਦੇ ਮੇਲ਼ ਤੋਂ ਹੀ ਹੋਈ ਦੱਸੀ ਗਈ ਹੈ ਪਰ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਵਿਚਾਰ ਇਸ ਸੰਬੰਧੀ ਉਪਰੋਕਤ ਦਁਹਾਂ ਸ੍ਰੋਤਾਂ ਤੋਂ ਵੱਖਰੇ ਹਨ। ਉਹਨਾਂ ਦੇ ‘ਮਹਾਨ ਕੋਸ਼’ ਅਨੁਸਾਰ ਇਸ ਸ਼ਬਦ ਦੀ ਵਿਉਤਪਤੀ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਉਪਰੋਕਤ ਦੋਂਹਾਂ ਪੱਖਾਂ- ਅਰਜ਼+ਦਾਸ਼ਤ= ਅਰਦਾਸ ਅਤੇ ਅਰਦ+ ਆਸ= ਅਰਦਾਸ ਵਿੱਚੋਂ ਕਿਸੇ ਇੱਕ ਪੱਖ ਅਨੁਸਾਰ ਹੋਈ ਹੋ ਸਕਦੀ ਹੈ। ਇਹਨਾਂ ਤੋਂ ਬਿਨਾਂ ਸੰਸਕ੍ਰਿਤ ਦੇ ਇੱਕ ਪ੍ਰਸਿੱਧ ਪੰਜਾਬੀ ਵਿਦਵਾਨ ਡਾ ਸ਼ਿਆਮ ਦੇਵ ਪਾਰਾਸ਼ਰ (ਸੰਸਕ੍ਰਿਤ ਤਥਾ ਪੰਜਾਬੀ ਕੇ ਸੰਬੰਧ) ਅਨੁਸਾਰ ਵੀ ‘ਅਰਦਾਸ’ ਸ਼ਬਦ ਨੂੰ ਅਰਦ= ਮੰਗਣਾ+ ਆਸ= ਇੱਛਾ ਅਰਥਾਤ ਪ੍ਰਮਾਤਮਾ ਪਾਸੋਂ ਕੋਈ ਮਨ-ਇੱਛਿੱਤ ਮੁਰਾਦ ਮੰਗਣੀ, ਸ਼ਬਦਾਂ ਤੋਂ ਬਣਿਆ ਹੋਇਆ ਦੱਸਿਆ ਗਿਆ ਹੈ। ਉਹਨਾਂ ਵੱਲੋਂ ਇਸ ਦੇ ਫ਼ਾਰਸੀ ਸ੍ਰੋਤ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਸਿੱਟਾ:
“””””
ਦੋਂਹਾਂ ਪੱਖਾਂ ਅਰਥਾਤ ਸੰਸਕ੍ਰਿਤ ਅਤੇ ਅਰਬੀ/ਫ਼ਾਰਸੀ ਵਾਲ਼ੇ ਪਹਿਲੂਆਂ ਨੂੰ ਮੁੱਖ ਰੱਖਦਿਆਂ ਹੋਇਆਂ ਜੇਕਰ ਦੇਖਿਆ ਜਾਵੇ ਤਾਂ ਇਸ ਸ਼ਬਦ ਦੀ ਵਿਉਤਪਤੀ ਦਾ ਪਲੜਾ ਵਧੇਰੇ ਕਰਕੇ ਸੰਸਕ੍ਰਿਤ ਭਾਸ਼ਾ ਦੇ ਪੱਖ ਵਿੱਚ ਹੀ ਝੁਕਿਆ ਦਿਖਾਈ ਦਿੰਦਾ ਹੈ ਕਿਉਂਕਿ ਅਸਲ ਗੱਲ ਇਹ ਹੈ ਕਿ ਅਰਜ਼+ ਦਾਸ਼ਤ ਸ਼ਬਦਾਂ ਤੋਂ ਬਣੇ ਇਸ ਸ਼ਬਦ ਨੂੰ ‘ਅਰਦਾਸ’ ਸ਼ਬਦ ਦੇ ਤੌਰ ‘ਤੇ ਸੰਖਿਪਤ ਹੋਣ ਦੀ ਪ੍ਰਕਿਰਿਆ ਕਾਫ਼ੀ ਕਠਨ ਜਾਪਦੀ ਹੈ ਕਿਉਂਕਿ ਅਜਿਹਾ ਕਰਦਿਆਂ ਇਹਨਾਂ ਸ਼ਬਦਾਂ ਵਿੱਚੋਂ ‘ਅਰਜ਼’ ਦੀ ਜ਼ ਦੀ ਧੁਨੀ ਦਾ ਲੁਪਤ ਹੋਣਾ, ਦਾਸ਼ਤ ਦੀ ਤ ਧੁੁਨੀ ਦਾ ਅਲੋਪ ਹੋਣਾ ਅਤੇ ਦਾਸ਼ਤ ਦੀ ਹੀ ਸ਼ ਧੁਨੀ ਦਾ ਸ ਵਿੱਚ ਬਦਲਣਾ ਕਾਫ਼ੀ ਹੱਦ ਤੱਕ ਇੱਕ ਅੌਖੀ ਪ੍ਰਕਿਰਿਆ ਲੱਗਦੀ ਹੈ ਜਦਕਿ ਸੰਸਕ੍ਰਿਤ ਵਾਲ਼ੇ ਪਾਸਿਓਂ ਅਰਦ ਅਤੇ ਆਸ਼ਾ ਸ਼ਬਦਾਂ ਦਾ ਮੇਲ ਹੋਣਾ ਇੱਕ ਨਿਹਾਇਤ ਹੀ ਸਹਿਜ ਪ੍ਰਕਿਰਿਆ ਹੈ। ਯਾਦ ਰਹੇ ਕਿ ਸੰਸਕ੍ਰਿਤ ਭਾਸ਼ਾ ਦੇ ਵਿਦਵਾਨਾਂ ਅਤੇ ਸ਼ਬਦ-ਕੋਸ਼ਾਂ ਅਨੁਸਾਰ ਅਜਿਹੇ ਸ਼ਬਦਾਂ ਦੀ ਸੰਧੀ ਸਮੇਂ ਸੰਸਕ੍ਰਿਤ ਮੂਲ ਵਾਲ਼ੇ ਹਿੰਦੀ/ਪੰਜਾਬੀ ਸ਼ਬਦਾਂ ਦੇ ਨਾਲ਼-ਨਾਲ਼ ਬਹੁਤ ਸਾਰੇ ਸੰਸਕ੍ਰਿਤ ਭਾਸ਼ਾ ਦੇ ਸ਼ਬਦਾਂ ਵਿੱਚ ਵੀ ਲੋਕ-ਉਚਾਰਨ ਅਨੁਸਾਰ ‘ਸ਼’ ਦੀ ਧੁਨੀ ਦਾ ‘ਸ’ ਧੁਨੀ ਵਿੱਚ ਬਦਲ ਜਾਣਾ ਇੱਕ ਆਮ ਵਰਤਾਰਾ ਹੈ। ਮਿਸਾਲ ਦੇ ਤੌਰ ‘ਤੇ ਸੰਸਕ੍ਰਿਤ ਦੇ ‘ਉਤਸਾਹ’ ਅਤੇ ‘ਉਤਸੁਕ’ ਆਦਿ ਸ਼ਬਦਾਂ ਦੇ ਮੂਲ ਰੂਪ ਵਿੱਚ ਸ ਦੀ ਥਾਂ ਸ਼ ਧੁਨੀ ਹੀ ਵਿਦਮਾਨ ਹੈ ਤੇ ਇਹਨਾਂ ਸ਼ਬਦਾਂ ਦੇ ਅਰਥ ਵੀ ਸ਼ ਧੁਨੀ ਨੂੰ ਮੁੱਖ ਰੱਖ ਕੇ ਹੀ ਦਰਿਆਫ਼ਤ ਕੀਤੇ ਜਾ ਸਕਦੇ ਹਨ, ਸ ਧੁਨੀ ਨਾਲ਼ ਨਹੀਂ। ਇਸੇ ਕਰਕੇ ‘ਉਤਸਾਹ’ ਸ਼ਬਦ ਨੂੰ ਪੰਜਾਬੀ ਵਿੱਚ ‘ਉਤਸ਼ਾਹ’ ਅਰਥਾਤ ‘ਸ਼’ ਧੁਨੀ ਨਾਲ਼ ਹੀ ਲਿਖਿਆ ਜਾਂਦਾ ਹੈ ਜਦਕਿ ਹਿੰਦੀ ਵਿੱਚ ਇਸ ਸ਼ਬਦ ਨੂੰ ਸੰਸਕ੍ਰਿਤ ਵਾਂਗ ‘ਉਤਸਾਹ’ ਦੇ ਤੌਰ ‘ਤੇ ਹੀ ਲਿਖਿਆ ਜਾਂਦਾ ਹੈ। ਪੰਜਾਬੀ ਦੇ ਆਸ, ਨਿਰਾਸ (ਜੀਵੇ ਆਸਾ, ਮਰੇ ਨਿਰਾਸਾ) ਆਦਿ ਅਨੇਕਾਂ ਸ਼ਬਦਾਂ ਦੇ ਬੋਲ-ਚਾਲ ਅਤੇ ਲਿਖਤੀ ਰੂਪ ਵਿੱਚ ਭਾਵੇਂ ਸ ਧੁਨੀ ਹੀ ਇਸਤੇਮਾਲ ਕੀਤੀ ਜਾਂਦੀ ਹੈ ਪਰ ਇਹਨਾਂ ਸ਼ਬਦਾਂ ਦੇ ਮੂਲ ਰੂਪ ਵਿੱਚ ਸ਼ ਧੁਨੀ ਹੀ ਕੰਮ ਕਰ ਰਹੀ ਹੈ (ਵੇਰਵਾ ਕਿਸੇ ਵੱਖਰੇ ਲੇਖ ਵਿੱਚ) ਤੇ ਇਹਨਾਂ ਸ਼ਬਦਾਂ ਦੇ ਅਰਥਾਂ ਤੱਕ ਵੀ ਉਸੇ ਧੁਨੀ (ਸ਼) ਦੇ ਅਰਥਾਂ ਮੁਤਾਬਕ ਹੀ ਪਹੁੰਚਿਆ ਜਾ ਸਕਦਾ ਹੈ।
ਸੋ, ਕਿਉਂਕਿ ਇਹ ਸ਼ਬਦ ਸਾਡੀ ਭਾਰਤੀ ਸੰਸਕ੍ਰਿਤੀ, ਵਿਸ਼ੇਸ਼ ਤੌਰ ‘ਤੇ ਸਿੱਖ-ਧਾਰਮਿਕਤਾ ਅਤੇ ਸੱਭਿਆਚਾਰ ਨਾਲ਼ ਜੁੜਿਆ ਹੋਇਆ ਹੈ ਇਸ ਲਈ ਇਹ ਗੱਲ ਵਧੇਰੇ ਮੰਨਣਯੋਗ ਹੈ ਕਿ ਇਸ ਸ਼ਬਦ ਦੀਆਂ ਜੜ੍ਹਾਂ ਹਿੰਦੁਸਤਾਨੀ ਸੱਭਿਆਚਾਰ ਨਾਲ਼ ਡੂੰਘੀਆਂ ਅਤੇ ਬਹੁਤ ਦੇਰ ਤੋਂ ਜੁੜੀਆਂ ਹੋਈਆਂ ਹੋ ਸਕਦੀਆਂ ਹਨ । ਇਸ ਲਈ ਮੇਰੇ ਵਿਚਾਰ ਅਨੁਸਾਰ ਇਸ ਸ਼ਬਦ ਦੀ ਵਿਉਤਪਤੀ ਸੰਬੰਧੀ ਬਹੁਤੀ ਸੰਭਾਵਨਾ ਇਹੋ ਹੀ ਹੈ ਕਿ ਅਰਦਾਸ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਅਰਦ+ਆਸ ਸ਼ਬਦਾਂ ਤੋਂ ਹੀ ਬਣਿਆ ਹੋਇਆ ਹੈ ਅਤੇ ਇਸ ਦੇ ਅਰਜ਼+ਦਾਸ਼ਤ ਸ਼ਬਦਾਂ ਤੋਂ ਬਣੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।
…………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052
**

ਧੋ,ਧੋਣਾ ਅਤੇ ਧੁਪਣਾ ਸ਼ਬਦਾਂ ਵਿਚਲਾ ਅੰਤਰ: ਕੀ, ਕਿਉਂ ਅਤੇ ਕਿਵੇਂ?

“”””””””””””””””””””””””””””””””””””””””””””””””””””””””””””””””””””””””””””””
ਧੋ,ਧੋਣਾ ਅਤੇ ਧੁਪਣਾ ਆਦਿ ਸਾਰੇ ਸ਼ਬਦ ਸੰਸਕ੍ਰਿਤ ਮੂਲ ਦੇ ਹਨ। ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਜੋ ਮਾਮੂਲੀ ਅੰਤਰ ਹਨ, ਉਹ ਇਹਨਾਂ ਸ਼ਬਦਾਂ ਵਿਚਲੀਆਂ ਧੁਨੀਆਂ ਕਾਰਨ ਹੀ ਹਨ। ‘ਭਾਸ਼ਾ ਵਿਭਾਗ ਪੰਜਾਬ’ ਦੇ ਸ਼ਬਦ-ਕੋਸ਼ ਅਨੁਸਾਰ ‘ਧੋਣਾ’ ਸ਼ਬਦ ਸੰਸਕ੍ਰਿਤ ਦੇ ‘ਧਾਵਨ’ ਸ਼ਬਦ ਤੋਂ ਬਣਿਆ ਹੈ ਜੋਕਿ ਅੱਗੋਂ ਮੂਲ ਸ਼ਬਦ ਜਾਂ ਧਾਤੂ ‘ਧਾਵ’ ਤੋਂ ਬਣਿਆ ਹੈ। ਕੋਸ਼ ਅਨੁਸਾਰ ‘ਧੋਤਾ ਹੋਇਆ’ (ਭੂਤਕਾਲ) ਸ਼ਬਦ ਸੰਸਕ੍ਰਿਤ ਦੇ ‘ਧੌਤ’ ਸ਼ਬਦ ਤੋਂ ਬਣਿਆ ਹੋਇਆ ਹੈ।
ਧੋ ਤੇ ਧੋਣਾ ਸ਼ਬਦ ਤਾਂ ਉਪਰੋਕਤ ਅਨੁਸਾਰ ਸਪਸ਼ਟ ਹੀ ਹਨ ਕਿ ਇਹ ਸ਼ਬਦ ਧਾਵ/ਧੋ ਧਾਤੂ ਤੋਂ ਹੀ ਬਣੇ ਹੋਏ ਹਨ ਪਰ ‘ਧੁਪਣ’ ਸ਼ਬਦ ਬਾਰੇ ਭਾਸ਼ਾ ਵਿਭਾਗ ਦੇ ਸ਼ਬਦ-ਕੋਸ਼ ਅਨੁਸਾਰ ਇਹ ਸ਼ਬਦ ਪ੍ਰਾਕ੍ਰਿਤ ਦੇ ‘ਧੁਵਣ’ ਸ਼ਬਦ ਤੋਂ ਹੋਂਦ ਵਿੱਚ ਆਇਆ ਹੈ।
ਬੇਸ਼ੱਕ ਇਹ ਸ਼ਬਦ ‘ਧੁਵਣ’ ਸ਼ਬਦ ਤੋਂ ਹੀ ਬਣਿਆ ਹੋਵੇ ਪਰ ਤਾਂ ਵੀ ਧੁਪਣ ਅਤੇ ਧੁਵਨ ਸ਼ਬਦਾਂ ਵਿਚਲੀਆਂ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਅਨੁਸਾਰ ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ (ਵ ਧੁਨੀ ਦੇ ਅਰਥਾਂ ਬਾਰੇ ਇੱਕ ਵੱਖਰਾ ਲੇਖ ਛੇਤੀ ਹੀ)। ਪਰ ਕਿਉਂਕਿ ਇਸ ਸਮੇਂ ਸਾਡੇ ਕੋਲ਼ ਮਿਆਰੀ ਰੂਪ ਵਿੱਚ ਸ਼ਬਦ ‘ਧੁਪਣ’ ਹੀ ਮੌਜੂਦ ਹੈ ਇਸ ਲਈ ਹੁਣ ਇਸ ਸ਼ਬਦ ਵਿਚਲੀਆਂ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਅਨੁਸਾਰ ਹੀ ਇਸ ਸ਼ਬਦ ਨੂੰ ਵਿਚਾਰਿਆ ਜਾਵੇਗਾ ਕਿ ਧੁਪ ਜਾਂ ਧੁਪਣ (ਧੁ+ਪ+ਣ) ਸ਼ਬਦਾਂ ਦੀ ਵਿਉਤਪਤੀ ਕਿਵੇਂ ਹੋਈ ਹੈ ਅਤੇ ਇਸ ਸ਼ਬਦ ਵਿਚਲੀਆਂ ਧੁਨੀਆਂ ਦੇ ਕੀ ਅਰਥ ਹਨ।
ਸਪਸ਼ਟ ਹੈ ਕਿ ਪਹਿਲੀ ਧੁਨੀ (ਧੁ) ਤਾਂ ‘ਧਾਵ’ ਜਾਂ ਧੋ ਸ਼ਬਦ ਤੋਂ ਹੀ ਬਣੀ ਹੈ ਜਿਸ ਦੇ ਅਰਥ ਉਪਰੋਕਤ ਅਨੁਸਾਰ ਧੋਣਾ ਹੀ ਹਨ। ਦੂਜੀ ਧੁਨੀ ਪ ਦੇ ਅਰਥ ਹਨ- ਦੋ ਜਾਂ ਦੂਜਾ ਆਦਿ। ਸੋ, ਪ ਧੁਨੀ ਦੇ ਇਹਨਾਂ ਅਰਥਾਂ ਅਨੁਸਾਰ ‘ਧੁਪ’ ਸ਼ਬਦ ਦੇ ਅਰਥ ਹੋਏ- ਕੱਪੜੇ ਆਦਿ ਦਾ ਕਿਸੇ ਦੂਜੇ ਦੁਆਰਾ ਧੋਤਾ ਜਾਣਾ। ‘ਧੁਪਣ’ ਸ਼ਬਦ ਦੇ ਅਰਥਾਂ ਨੂੰ ਅੰਜਾਮ ਦੇਣ ਵਾਲੀ ਇਹ ਇਸ ਸ਼ਬਦ ਵਿਚ ਇੱਕ ਅਹਿਮ ਧੁਨੀ ਹੈ। ਇਸ ਧੁਨੀ ਦੇ ਅਰਥਾਂ ਨਾਲ਼ ਹੀ ‘ਧੁਪਣ’ ਸ਼ਬਦ ਦੇ ਅਰਥ “ਦੂਜੇ ਤੋਂ ਧੁਆਉਣਾ” ਬਣਦੇ ਹਨ। ‘ਧੁਪਣਾ’ ਵਿਚਲੀ ਤੀਜੀ ਧੁਨੀ ਣਾ ਜਾਂ ਨਾ ਦੇ ਅਰਥ ਹਨ- ਕਿਸੇ ਕੰਮ ਦੇ ਕਾਰਜ ਨੂੰ ਅੱਗੇ ਤੱਕ ਲੈ ਕੇ ਜਾਣ ਦੀ ਪ੍ਰਕਿਰਿਆ ਭਾਵ ਕਿਸੇ ਕੰਮ ਨੂੰ ਕਰਨਾ ਜਾਂ ਕੀਤੇ ਜਾਣਾ, ਜਿਵੇਂ: ਆਉਣਾ, ਜਾਣਾ, ਖਾਣਾ, ਪੀਣਾ, ਕਰਨਾ, ਭਰਨਾ, ਸਿਊਂਣਾ, ਪਰੋਣਾ, ਬੈਠਣਾ, ਖਲੋਣਾ ਆਦਿ। ਇਹਨਾਂ ਤੇ ਅਜਿਹੇ ਅਨੇਕਾਂ ਹੋਰ ਸ਼ਬਦਾਂ ਦੇ ਅੰਤ ਵਿੱਚ ਲੱਗੀਆਂ ਣ/ਨ ਧੁਨੀਆਂ ਆਮ ਤੌਰ ‘ਤੇ ਅਜਿਹੇ ਸ਼ਬਦਾਂ ਨੂੰ ਕਿਰਿਆ-ਸ਼ਬਦ ਹੀ ਬਣਾਉਂਦੀਆਂ ਹਨ।
ਜਿੱਥੋਂ ਤੱਕ ‘ਪ’ ਧੁਨੀ ਦੇ ਅਰਥਾਂ ਦਾ ਸੰਬੰਧ ਹੈ, ਇਸ ਦੇ ਅਰਥਾਂ ਸੰਬੰਧੀ ਦੋ ਕਿਸ਼ਤਾਂ ਵਿੱਚ ਲਿਖਿਆ ਮੇਰਾ ਇੱਕ ਵਿਸਤ੍ਰਿਤ ਲੇਖ ‘ਸ਼ਬਦਾਂ ਦੀ ਪਰਵਾਜ਼’ ਸਿਰਲੇਖ ਅਧੀਨ ਲੜੀ ਨੰਬਰ ਚਾਰ ਅਤੇ ਪੰਜ ਅਧੀਨ ਮੇਰੇ ਫ਼ੇਸਬੁੱਕ ਪੰਨੇ ਤੋਂ ਵੀ ਪੜ੍ਹਿਆ ਜਾ ਸਕਦਾ ਹੈ ਜਿਸ ਵਿੱਚ ਪ ਧੁਨੀ ਵਾਲ਼ੇ ਅਨੇਕਾਂ ਸ਼ਬਦਾਂ ਵਿੱਚ ਇਸ ਧੁਨੀ ਦੇ ਉਪਰੋਕਤ ਅਰਥਾਂ ਦਾ ਨਿਰੂਪਣ ਕੀਤਾ ਗਿਆ ਹੈ। ਉਦਾਹਰਨ ਦੇ ਤੌਰ ‘ਤੇ ਇਸ ਲੇਖ ਵਿੱਚੋਂ ਇੱਥੇ ਇੱਕਾ-ਦੁੱਕਾ ਅਜਿਹੇ ਸ਼ਬਦਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਸ ਨਾਲ਼ ਪ ਧੁਨੀ ਦੇ ਉਪਰੋਕਤ ਅਰਥ ਸਪਸ਼ਟ ਹੋ ਸਕਣ:
ਉਪ: ਵੱਡੇ ਤੋਂ ਛੋਟਾ ਜਾਂ ਦੂਜੇ ਦਰਜੇ ਵਾਲ਼ਾ।
“””””””””””””””””””””””””””””””””
ਉਪ ਅਗੇਤਰ/ਸ਼ਬਦ ਦਾ ਅਰਥ ਹੈ- ਦੂਜੀ ਥਾਂ ਵਾਲ਼ਾ। ਦੂਜੀ ਥਾਂ ਦਾ ਭਾਵ ਇੱਥੇ ਛੋਟੀ ਥਾਂ ਵਾਲਾ ਹੈ, ਭਾਵ ਵੱਡੇ ਤੋਂ ਛੋਟਾ ਜਾਂ ਦੂਜੇ ਦਰਜੇ ਦਾ, ਜਿਵੇਂ: ਉਪ ਮੰਤਰੀ, ਉਪ ਰਾਸ਼ਟਰਪਤੀ ਆਦਿ। ਇਸ ਸ਼ਬਦ ਦੇ ਇਹ ਅਰਥ ਪ ਧੁਨੀ ਦੀ ਮੌਜੂਦਗੀ ਕਾਰਨ ਹੀ ਬਣੇ ਹਨ।
ਪਰੰਪਰਾ:
“””””””””
ਇਸ ਸ਼ਬਦ ਵਿਚ ਪਹਿਲੇ ਪ ਅੱਖਰ ਦਾ ਅਰਥ ਹੈ- ਦੂਜੇ ਥਾਂ ਅਰਥਾਤ ਪਿੱਛੇ ਤੋਂ ਚੱਲੀ ਆ ਰਹੀ ਅਤੇ ਦੂਜੇ ਪ ਦਾ ਅਰਥ ਹੈ- ਦੂਜੇ ਥਾਂ ਅਰਥਾਤ ਅੱਗੇ ਵੱਲ ਜਾਣ ਵਾਲ਼ੀ (ਕੋਈ ਰੀਤੀ/ਰਿਵਾਜ) ਆਦਿ।
ਧੁਪਣਾ:
“”””””””
ਸੋ, ਪ ਧੁਨੀ ਦੇ ਉਪਰੋਕਤ ਅਰਥਾਂ ਅਨੁਸਾਰ ‘ਧੁਪਣਾ’ ਸ਼ਬਦ ਦੇ ਅਰਥ ਹੋਏ- ਕੱਪੜਿਆਂ ਆਦਿ ਦਾ ਕਿਸੇ ਦੂਜੇ ਦੁਆਰਾ ਧੋਤੇ ਜਾਣਾ, ਜਿਵੇਂ:
” ਤੁਹਾਡੇ ਕੱਪੜੇ ਧੁਪ ਕੇ ਆ ਗਏ ਹਨ।”
ਇਸ ਵਾਕ ਦਾ ਭਾਵ ਹੈ ਕਿ ਤੁਸੀਂ ਆਪਣੇ ਕੱਪੜੇ ਆਪ ਨਹੀਂ ਧੋਤੇ ਸਗੋਂ ਇਹ ਕਿਸੇ ਦੂਜੇ ਜਾਂ ਹੋਰ ਦੁਆਰਾ (ਕਿਸੇ ਵਿਅਕਤੀ, ਧੋਬੀ, ਕੱਪੜੇ ਧੋਣ ਵਾਲੀ ਮਸ਼ੀਨ ਆਦਿ ਵਿੱਚ) ਧੋਤੇ ਗਏ ਹਨ। ਇਸ ਦੇ ਉਲਟ ‘ਧੋ’ ਜਾਂ ‘ਧੋਣ’ ਤੋਂ ਭਾਵ ਹੈ ਕਿ ਕੱਪੜੇ ਧੋਣ ਦਾ ਕੰਮ ਵਿਅਕਤੀ ਖ਼ੁਦ ਕਰ ਰਿਹਾ ਹੈ। ਇਹਨਾਂ ਅਰਥਾਂ ਵਾਲ਼ੇ ਵਾਕ ਨੂੰ ਅਸੀਂ ਇਸ ਤਰ੍ਹਾਂ ਨਹੀਂ ਲਿਖ ਸਕਦੇ ਕਿ ਉਹ ਆਪਣੇ ਕੱਪੜੇ ਧੁਪ ਰਿਹਾ ਹੈ ਸਗੋਂ ਇਹ ਲਿਖਾਂਗੇ ਕਿ ਉਹ ਆਪਣੇ ਕੱਪੜੇ ਧੋ ਰਿਹਾ ਹੈ ਜਾਂ ਧੋਬੀ ਕੱਪੜੇ ਧੋ ਰਿਹਾ ਹੈ, ਆਦਿ।
‘ਧੁਪ’ ਸ਼ਬਦ ਦੇ ਅਰਥਾਂ ਨੂੰ ਸਪਸ਼ਟ ਕਰਨ ਲਈ ਕੁਝ ਹੋਰ ਵਾਕਾਂ ਵਿੱਚ ਇਸ ਦੀ ਵਰਤੋਂ ਦੀਆਂ ਉਦਾਹਰਨਾਂ:
੧. ਮੇਰੇ ਕੱਪੜੇ ਧੁਪ ਕੇ ਆ ਗਏ ਹਨ
੨. ਤੁਹਾਡੇ ਕੱਪੜੇ ਧੋਬੀ ਕੋਲ ਧੁਪਣ ਲਈ ਦਿੱਤੇ ਹੋਏ ਹਨ।
ਉਪਰੋਕਤ ਵਾਕਾਂ ਵਿੱਚ ਵਰਤੇ ਗਏ ਧੁਪ ਅਤੇ ਧੁਪਣ ਸ਼ਬਦਾਂ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਕੱਪੜੇ ਧੋਤੇ ਜਾਣ ਦਾ ਕੰਮ ਆਪ ਨਹੀਂ ਸਗੋਂ ਕਿਸੇ ਦੂਜੇ ਵਿਅਕਤੀ ਜਾਂ ਸਾਧਨ ਦੁਆਰਾ ਕੀਤਾ ਜਾ ਰਿਹਾ ਹੈ।
“ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” (ਪੰ.ਯੂ.ਪਟਿਆਲ਼ਾ) ਵਿੱਚ ਵੀ ਵਿਚਾਰ-ਅਧੀਨ ਸ਼ਬਦ ‘ਧੁਪ’ ਦਾ ਇੰਦਰਾਜ ‘ਪ’ ਅੱਖਰ ਨਾਲ਼ ਹੀ ਕੀਤਾ ਗਿਆ ਹੈ। ਉੱਥੇ ਵੀ ਜਿਸ ਵਾਕ ਰਾਹੀਂ ਇਸ ਸ਼ਬਦ ਦੀ ਉਦਾਹਰਨ ਦਿੱਤੀ ਗਈ ਹੈ, ਉਹ ਹੈ:
“ਕੱਪੜਾ ਧੁਪ ਗਿਆ ਹੈ।”
ਇਸ ਵਾਕ ਦਾ ਭਾਵ ਵੀ ਇਹੋ ਹੀ ਹੈ ਕਿ ਜਿਸ ਵਿਅਕਤੀ ਦਾ ਕੱਪੜਾ ਹੈ, ਉਹ ਉਸ ਨੇ ਆਪ ਨਹੀਂ ਧੋਤਾ ਸਗੋਂ ਇਹ ਕਿਸੇ ਹੋਰ ਨੇ ਜਾਂ ਕਿਸੇ ਮਸ਼ੀਨ ਆਦਿ ਦੁਆਰਾ ਹੀ ਧੋਤਾ ਗਿਆ ਹੈ। ਪੰਜਾਬੀ ਦੇ ਇੱਕ ਬਹੁਤ ਹੀ ਪਿਆਰੀ ਅਤੇ ਨਵੇਕਲ਼ੀ ਸ਼ੈਲੀ ਦੇ ਲੇਖਕ ਡਾ. ਕਰਨੈਲ ਸਿੰਘ ‘ਅੰਬਰੀਸ਼’ ਨੇ ਵੀ ਆਪਣੇ ਇੱਕ ਲੇਖ “ਸਾਵੇ ਮੱਘ ਅਤੇ ਪੌਂਗ ਡੈਮ” ਵਿੱਚ ‘ਧੁਪ’ (ਧੋਣਾ) ਸ਼ਬਦ ਦੀ ਵਰਤੋਂ ਇਸ ਪ੍ਰਕਾਰ ਕੀਤੀ ਹੈ:
“……ਦੋ ਦਿਨ ਪਹਿਲਾਂ ਵਰ੍ਹੇ ਮੀਂਹ ਕਾਰਨ ਧੁੱਪ ਪਾਰਦਰਸ਼ੀ ਤੇ ਨਿੱਕੀ ਕਣਕ ਦੇ ਖੇਤ ਅਜੇ ਵੀ ਧੁਪੇ ਹੋਏ ਤੇ ਹਰੇ ਜਾਪਦੇ ਨੇ। ਜਨਵਰੀ ਦਾ ਅੱਧ ਹੋਣ ਕਾਰਨ ਧੁੱਪ ਸੁਖਾਵੀਂ ਤੇ ਨਿੱਘੀ ਹੈ।”
ਡਾ.ਅੰਬਰੀਸ਼ ਦੀਆਂ ਇਹਨਾਂ ਸਤਰਾਂ ਵਿੱਚ ਵੀ ‘ਧੁਪ’ ਦਾ ਭਾਵ ਖੇਤਾਂ ਨੂੰ ਕੁਦਰਤ ਦੁਆਰਾ (ਭਾਵ ਕਿਸੇ ਦੂਜੇ ਦੁਆਰਾ) ਮੀਂਹ ਨਾਲ਼ ਧੋਤੇ ਜਾਣ ਤੋਂ ਹੀ ਹੈ।
ਸੋ, ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ‘ਧੁਪ’ ਜਾਂ ‘ਧੁਪਣ’ ਸ਼ਬਦਾਂ ਦਾ ਸੂਰਜ ਦੀ ਧੁੱਪ ਨਾਲ਼ ਕੋਈ ਸੰਬੰਧ ਨਹੀਂ ਹੈ ਸਗੋਂ ਇਸ ਦਾ ਸੰਬੰਧ ਕੇਵਲ ਤੇ ਕੇਵਲ ਕਿਸੇ ਦੂਜੇ ਦੁਆਰਾ ਕੱਪੜੇ ਆਦਿ ਨੂੰ ਧੋਤੇ ਜਾਣ ਤੋਂ ਹੀ ਹੈ। ਇਸ ਦੇ ਨਾਲ ਹੀ ਦੂਜੀ ਗੱਲ ਇਹ ਵੀ ਸਪਸ਼ਟ ਹੋ ਜਾਂਦੀ ਹੈ ਕਿ ਸੰਸਕ੍ਰਿਤ ਮੂਲ ਦੇ ਹਿੰਦੀ/ਪੰਜਾਬੀ ਆਦਿ ਭਾਸ਼ਾਵਾਂ ਦੇ ਸਾਰੇ ਸ਼ਬਦ ਮੂਲ ਸ਼ਬਦਾਂ ਜਾਂ ਧਾਤੂਆਂ ਤੋਂ ਹੀ ਨਹੀਂ ਬਣੇ ਹੋਏ ਸਗੋਂ ‘ਧੁਪ’ ਸ਼ਬਦ ਵਾਂਗ ਬਹੁਤ ਸਾਰੇ ਸ਼ਬਦ ਅਜਿਹੇ ਵੀ ਹਨ ਜਿਹੜੇ ਸਿੱਧੇ ਧੁਨੀਆਂ ਤੇ ਉਹਨਾਂ ਦੇ ਅਰਥਾਂ ਦੀ ਬਦੌਲਤ ਹੀ ਹੋਂਦ ਵਿੱਚ ਆਏ ਹਨ, ਕਿਸੇ ਅਟੇ-ਸਟੇ ਜਾਂ ਤੀਰ-ਤੁੱਕੇ ਨਾਲ਼ ਨਹੀਂ।
………………………
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
**
ਦੋ ਅਤੇ ਚਾਰ ਸ਼ਬਦਾਂ ਤੋਂ ਬਣੇ ਕੁਝ ਸ਼ਬਦ
“”””””””””””””””””””””””””””””””””””””””””””””
ਕੋਈ ਸਮਾਂ ਸੀ ਜਦੋਂ ਦੋ ਅਤੇ ਚਾਰ ਦੀ ਗਿਣਤੀ ਨਾਲ਼ ਸੰਬੰਧਿਤ ਸ਼ਬਦਾਂ: ਦੋਂਹ/ਦੋਂਹਾਂ/ਚਹੁੰ/ਚਹੁੰਆਂ ਆਦਿ ਸ਼ਬਦ ਅਕਸਰ ਇਹਨਾਂ ਹੀ ਸ਼ਬਦ-ਜੋੜਾਂ ਨਾਲ਼ ਵਿਦਿਆਰਥੀਆਂ ਦੀਆਂ ਪਾਠ-ਪੁਸਤਕਾਂ, ਅਖ਼ਬਾਰਾਂ ਅਤੇ ਰਿਸਾਲਿਆਂ ਆਦਿ ਵਿੱਚ ਲਗ-ਪਗ ਹੂ-ਬਹੂ ਇਸੇ ਤਰ੍ਹਾਂ ਹੀ ਲਿਖੇ ਹੋਏ ਮਿਲ਼ਦੇ ਸਨ ਪਰ ਅਜੋਕੇ ਸਮੇਂ ਵਿੱਚ ਤਾਂ ਕਦੇ-ਕਦਾਈਂ ਵੀ ਇਹਨਾਂ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪ ਦੇਖਣ ਵਿੱਚ ਆਉਂਦੇ ਹਨ। ਇਹਨਾਂ ਸ਼ਬਦਾ਼ਂ ਵਿਚਲਾ ‘ਦੋਂਹਾਂ’ ਸ਼ਬਦ ਭਾਵੇਂ ਪੁਰਾਤਨ ਪਰੰਪਰਾ ਅਨੁਸਾਰ ਪਹਿਲੀ ਬਿੰਦੀ ਤੋਂ ਬਿਨਾਂ (ਦੋਹਾਂ) ਹੀ ਲਿਖਿਆ ਜਾਂਦਾ ਸੀ ਪਰ ਵਰਤਿਆ ਜ਼ਰੂਰ ਇਸ ਦਾ ਇਹੋ ਰੂਪ ਹੀ ਜਾਂਦਾ ਸੀ। ‘ਦੋਂਹਾਂ’ ਸ਼ਬਦ ਦੇ ‘ਦ’ ਅੱਖਰ ਉੱਤੇ ਬਿੰਦੀ ਦਾ ਚਲਣ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆਉਣ ਤੋਂ ਬਾਅਦ ਅਰਥਾਤ ਨਵੇਂ ਸ਼ਬਦ-ਜੋੜਾਂ ਦੇ ਨਿਯਮ ਲਾਗੂ ਹੋਣ ਉਪਰੰਤ ਹੀ ਸ਼ੁਰੂ ਹੋਇਆ ਹੈ।
ਪੰਜਾਬੀ-ਪ੍ਰੇਮੀਆਂ ਅਤੇ ਇਸ ਦੇ ਸ਼ੁੱਭਚਿੰਤਕਾਂ ਦਾ ਇਸ ਗੱਲ ਵੱਲ ਧਿਆਨ ਦੇਣਾ ਬਣਦਾ ਹੈ ਕਿ ਅਜਿਹੇ ਵਰਤਾਰੇ ਦਾ ਅਸਲ ਕਾਰਨ ਕੀ ਹੋ ਸਕਦਾ ਹੈ? ਮੇਰੀ ਜਾਚੇ ਇਸ ਦਾ ਇੱਕ ਕਾਰਨ ਤਾਂ ਸ਼ਾਇਦ ਇਹ ਹੋ ਸਕਦਾ ਹੈ ਕਿ ਸ਼ਬਦ-ਜੋੜਾਂ ਪੱਖੋਂ ਅਸੀਂ ਪਹਿਲੇ ਸਮਿਆਂ ਨਾਲ਼ੋਂ ਵਧੇਰੇ ਅਵੇਸਲੇ ਹੋ ਗਏ ਹਾਂ। ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿ ਸ਼ਬਦ-ਜੋਡ਼ਾਂ ਦੀਆਂ ਬਰੀਕੀਆਂ ਵਿੱਚ ਪੈਣ ਤੋਂ ਬਚਣ ਲਈ ਵੀ ਸ਼ਾਇਦ ਕੁਝ ਲੋਕ ਅਜਿਹਾ ਕਰਦੇ ਹੋਣ। ਇਸ ਦੇ ਨਾਲ਼-ਨਾਲ਼ ਇਹ ਗੱਲ ਵੀ ਦੇਖਣ ਵਿਚ ਆਈ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਸ਼ਬਦ ਅੱਜ ਬੀਤੇ ਸਮੇਂ ਦੀ ਹੀ ਗੱਲ ਬਣ ਕੇ ਰਹਿ ਗਏ ਹਨ ਭਾਵ ਜਿਨ੍ਹਾਂ ਦੀ ਵਰਤੋਂ ਅੱਜ ਲਗ-ਪਗ ਅਲੋਪ ਹੀ ਹੋ ਚੁੱਕੀ ਹੈ। ਕਿਤੇ ਅਜਿਹਾ ਨਾ ਹੋਵੇ ਕਿ ਹੁਣ ਦੋ ਅਤੇ ਚਾਰ ਸ਼ਬਦਾਂ ਤੋਂ ਬਣੇ ਵਿਚਾਰ-ਅਧੀਨ ਉਪਰੋਕਤ ਸ਼ਬਦ ਵੀ ਵਰਤੋਂ ਤੋਂ ਵਾਂਝਿਆਂ ਰਹਿਣ ਕਾਰਨ ਕਿਤੇ ਬੀਤੇ ਸਮੇਂ ਦੀ ਬੁੱਕਲ ਵਿੱਚ ਹੀ ਨਾ ਸਮਾ ਜਾਣ।
‘ਦੋ’ ਦੇ ਅੰਕ ਨਾਲ਼ ਸੰਬੰਧਿਤ ਕੁਝ ਸ਼ਬਦ:
“””””””””””””””””””””””””””””””
ਦੋ ਦੇ ਅੰਕ ਨਾਲ਼ ਸੰਬੰਧਿਤ ਸਭ ਤੋਂ ਪਹਿਲਾ ਸ਼ਬਦ ਜੋ ਦੋ ਤੋਂ ਬਣਦਾ ਹੈ, ਉਹ ਹੈ: ਦੋਂਹ, ਜਿਵੇਂ:
੧. ਇਹ ਚੀਜ਼ ਮੈਂ ਦੋਂਹ ਰੁਪਈਆਂ ਵਿੱਚ ਖ਼ਰੀਦੀ ਹੈ।
੨. ਇਹ ਕੰਮ ਅਸੀਂ ਦੋਂਹ ਜਣਿਆਂ ਨੇ ਰਲ਼ ਕੇ ਕੀਤਾ ਹੈ।
੩. ਇਹ ਕੰਮ ਅਸੀਂ ਦੋਂਹਾਂ ਨੇ ਰਲ਼ ਕੇ ਕੀਤਾ ਹੈ।
ਅਸਲ ਸੰਕਟ ਇਹ ਹੈ ਕਿ ਪਹਿਲੇ ਵਾਕ ਵਿੱਚ ਅਸੀਂ ਉਪਰੋਕਤ ਸ਼ਬਦ ‘ਦੋਂਹ’ ਦੀ ਥਾਂ ਮੂਲ ਸ਼ਬਦ ‘ਦੋ’ ਲਿਖ ਕੇ ਸਾਰ ਲੈਂਦੇ ਹਾਂ ਅਰਥਾਤ ਅਸੀਂ ‘ਦੋਂਹ’ ਸ਼ਬਦ ਜਾਂ ਉਸ ਦੇ ਸ਼ਬਦ-ਜੋੜਾਂ ਦੇ ਚੱਕਰ ਵਿੱਚ ਹੀ ਨਹੀਂ ਪੈਂਦੇ ਤੇ ਉਪਰੋਕਤ ਵਾਕ ਦੀ ਥਾਂ ਕੇਵਲ ਇਹ ਲਿਖ ਕੇ ਹੀ ਬੁੱਤਾ ਸਾਰ ਲੈਂਦੇ ਹਾਂ ਕਿ ਇਹ ਚੀਜ਼ ਮੈਂ ਦੋ ਰੁਪਈਆਂ ਦੀ ਖ਼ਰੀਦੀ ਹੈ।
ਤੀਜੇ ਵਾਕ ਵਿੱਚ ਅਸੀਂ ‘ਦੋਂਹ’ ਦੀ ਥਾਂ ਅਕਸਰ ‘ਦੋਵਾਂ’ ਜਾਂ ‘ਦੋਨਾਂ’ ਸ਼ਬਦ ਹੀ ਵਰਤ ਲੈਂਦੇ ਹਾਂ, ਜਿਵੇਂ:
੧. ਇਹ ਕੰਮ ਅਸੀਂ ‘ਦੋਨਾਂ’ ਨੇ ਰਲ ਕੇ ਕੀਤਾ ਹੈ।
੨. ਇਹ ਕੰਮ ਅਸੀਂ ‘ਦੋਵਾਂ’ ਨੇ ਰਲ਼ ਕੇ ਕੀਤਾ ਹੈ।
ਅਜਿਹਾ ਕਰਨਾ ਵੀ ਪੂਰੀ ਤਰ੍ਹਾਂ ਗ਼ਲਤ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੋਂਹਾਂ ਸ਼ਬਦਾਂ (ਦੋਨਾਂ/ਦੋਵਾਂ) ਦੀ ਪੰਜਾਬੀ ਦੀ ਲਿਖਤੀ ਜਾਂ ਟਕਸਾਲੀ ਭਾਸ਼ਾ ਵਿੱਚ ਕੋਈ ਹੋਂਦ ਹੀ ਨਹੀਂ ਹੈ। ‘ਦੋਨਾਂ’ ਸ਼ਬਦ ਹਿੰਦੀ ਦੇ ‘ਦੋਨੋਂ’ ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ।
ਸੋ, ਜੇਕਰ ਅਸੀਂ ਅਜਿਹੀਆਂ ਗ਼ਲਤੀਆਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਇਹਨਾਂ ਦੋਹਾਂ ਸ਼ਬਦਾਂ (ਦੋਵਾਂ/ਦੋਨਾਂ) ਦੀ ਥਾਂ ਸਾਨੂੰ ‘ਦੋਂਹ’ ਜਾਂ ‘ਦੋਂਹਾਂ’ ਸ਼ਬਦ ਹੀ ਵਰਤਣੇ ਚਾਹੀਦੇ ਹਨ। ਇਹਨਾਂ ਤੋਂ ਬਿਨਾਂ ‘ਦੋਨੋਂ’ ਸ਼ਬਦ-ਰੂਪ ਦੀ ਵਰਤੋਂ ਕਰਨਾ ਵੀ ਗ਼ਲਤ ਹੈ ਕਿਉਂਕਿ ਇਹ ਸ਼ਬਦ ਤਾਂ ਸਿੱਧਾ ਹੀ ਹਿੰਦੀ ਭਾਸ਼ਾ ਨਾਲ਼ ਸੰਬੰਧ ਰੱਖਦਾ ਹੈ। ਪੰਜਾਬੀ ਵਿੱਚ ਇਸ ਸ਼ਬਦ ਲਈ ‘ਦੋਵੇਂ’ ਸ਼ਬਦ ਉਪਲਬਧ ਹੈ। ਇਸ ਸੰਬੰਧ ਵਿੱਚ ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ‘ਦੋ’ ਤੋਂ ‘ਦੋਂਹ’ ਸ਼ਬਦ ਬਣਿਆ ਹੈ ਅਤੇ ਅੱਗੋਂ ‘ਦੋਂਹ’ ਤੋਂ ‘ਦੋਂਹਾਂ’ ਤੇ ‘ਦੋ’ ਤੋਂ ‘ਦੋਵੇਂ’ ਆਦਿ। ਇਸ ਲਈ ਸਾਨੂੰ ਦੋਨਾਂ, ਦੋਨੋਂ ਜਾਂ ਦੋਵਾਂ ਆਦਿ ਸ਼ਬਦਾਂ ਦੀ ਥਾਂ ‘ਦੋਵੇਂ’ ਸ਼ਬਦ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਜਿਵੇਂ:
੧. ਉਹ ਦੋਵੇਂ ਜਣੇ ਅਾਪਸ ਵਿੱਚ ਸਕੇ ਭਰਾ ਹਨ।
੨. ਅਸੀਂ ਦੋਵੇਂ ਰਲ ਕੇ ਇਹ ਕੰਮ ਕਰ ਸਕਦੇ ਹਾਂ।
ਜਿਵੇਂਕਿ ਉੱਪਰ ਦੱਸਿਆ ਗਿਆ ਹੈ ਕਿ ਦੋ ਤੋਂ ਬਣੇ ‘ਦੋਂਹਾਂ’ ਸ਼ਬਦ ਨੂੰ ਲਿਖਣ ਸਮੇਂ ਇਸ ਵਿਚਲੇ ਦੋਂਹਾਂ ਅੱਖਰਾਂ ਦੀਆਂ ਲਗਾਂ ਨਾਲ਼ ਹੀ ਬਿੰਦੀਆਂ ਲੱਗਣੀਆਂ ਹਨ ਪਰ ਅਸੀਂ ਪੁਰਾਣੇ ਨਿਯਮਾਂ ਅਨੁਸਾਰ ‘ਦ’ ਅੱਖਰ ਉੱਤੇ ਬਿੰਦੀ ਨਹੀਂ ਪਾਉਂਦੇ ਜੋਕਿ ਵਿਆਕਰਨਿਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ। ਸਾਨੂੰ ਇਸ ਸੰਬੰਧ ਵਿੱਚ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ‘ਦੋਂਹਾਂ’ ਸ਼ਬਦ ਸਿੱਧਾ ‘ਦੋ’ ਤੋਂ ਨਹੀਂ ਬਣਿਆ ਹੋਇਆ ਸਗੋਂ ਇਹ ਸ਼ਬਦ ਦੋ ਤੋਂ ਬਣੇ ‘ਦੋਂਹ’ ਸ਼ਬਦ ਤੋਂ ਬਣਿਆ ਹੈ ਜਿਸ ਕਾਰਨ ਇਸ ਦੇ ਲਿਖਤੀ ਰੂਪ ਵਿੱਚ ਬਿੰਦੀ ਹਰ ਹਾਲ ਵਿੱਚ ਕਾਇਮ ਰਹਿਣੀ ਹੈ। ਸ਼ਾਇਦ ਬਹੁਤੇ ਲੋਕ ਇਸ ਵਿਆਕਰਨਿਕ ਨਿਯਮ ਤੋਂ ਜਾਣੂ ਨਹੀਂ ਹਨ ਜਾਂ ਇਸ ਸੰਬੰਧ ਵਿੱਚ ਕਿਸੇ ਭੰਬਲ਼ਭੂਸੇ ਦਾ ਸ਼ਿਕਾਰ ਹਨ ਜਿਸ ਕਾਰਨ ਅੱਜ ਇਸ ਸ਼ਬਦ ਦਾ ਸ਼ੁੱਧ ਸ਼ਬਦ-ਰੂਪ ‘ਦੋਂਹਾਂ’ ਲਗ-ਪਗ ਖ਼ਤਮ ਹੀ ਹੁੰਦਾ ਜਾ ਰਿਹਾ ਹੈ।
‘ਚਾਰ’ ਦੇ ਅੰਕ ਨਾਲ਼ ਸੰਬੰਧਿਤ ਸ਼ਬਦ:
“””””””””””””””””””””””””””””
ਇਸੇ ਤਰ੍ਹਾਂ ਚਾਰ ਦੀ ਗਿਣਤੀ ਨਾਲ਼ ਸੰਬੰਧਿਤ ਸ਼ਬਦ ਹਨ: .ਚਹੁੰ ਜਾਂ ਚਹੁੰਆਂ ਆਦਿ, ਜਿਵੇਂ
੧. ਇਹ ਪੱਥਰ ਅਸੀਂ ਚਹੁੰ .ਜਣਿਆਂ ਨੇ ਰਲ਼ ਕੇ ਪਾਸੇ ਕੀਤਾ ਹੈ।
੨.ਇਹ ਕੰਮ ਅਸੀਂ ਚਹੁੰਆਂ ਨੇ ਰਲ਼ ਕੇ ਕੀਤਾ ਹੈ।
੩. ਮੀਂਹ ਪੈਣ ਨਾਲ ਚਾਰੇ ਪਾਸੇ ਜਲ-ਥਲ ਹੋ ਗਿਆ।
ਚਾਰ ਸ਼ਬਦ ਦੀ ਉਪਰੋਕਤ ਸ਼ਬਦ-ਰੂਪਾਂ ਅਨੁਸਾਰ ਵਰਤੋਂ ਕਰਨ ਦੀ ਥਾਂ ਅਸੀਂ ਆਮ ਤੌਰ ‘ਤੇ ਪਹਿਲੇ ਦੋਂਹਾਂ ਵਾਕਾਂ ਵਿਚਲੇ ਚਹੁੰ ਜਾਂ ਚਹੁੰਆਂ ਸ਼ਬਦਾਂ ਦੀ ਥਾਂ ਅਕਸਰ ‘ਚਾਰਾਂ’ ਸ਼ਬਦ ਦੀ ਵਰਤੋਂ ਕਰ ਲੈਂਦੇ ਹਾਂ ਜੋਕਿ ਸਰਾਸਰ ਗ਼ਲਤ ਹੈ, ਜਿਵੇਂ:
ਇਹ ਪੱਥਰ ਅਸੀਂ ਚਾਰਾਂ ਜਣਿਆਂ ਨੇ ਰਲ਼ ਕੇ ਪਾਸੇ ਕੀਤਾ ਹੈ। ਜਾਂ
ਇਹ ਕੰਮ ਅਸੀਂ ਚਾਰਾਂ ਨੇ ਰਲ਼ ਕੇ ਕੀਤਾ ਹੈ।
ਸੋ, ਇਸ ਸਮੇਂ ਲੋੜ ਹੈ ਕਿ ਭਾਸ਼ਾ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਸਾਨੂੰ ਇਹੋ-ਜਿਹੇ ਛੋਟੇ-ਛੋਟੇ ਵਿਆਕਰਨਿਕ ਨਿਯਮਾਂ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ ਬਲਕਿ ਇਹਨਾਂ ਨੂੰ ਸਮਝਣ ਅਤੇ ਇਹਨਾਂ ਉੱਤੇ ਸਖ਼ਤੀ ਨਾਲ਼ ਅਮਲ ਕਰਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਤਾਂਕਿ ਭਾਸ਼ਾ ਦੇ ਲਿਖਤੀ ਰੂਪ ਵਿੱਚ ਕਿਸੇ ਵੀ ਕਿਸਮ ਦਾ ਕੋਈ ਵਿਗਾੜ ਨਾ ਪਵੇ ਅਤੇ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਵੀ ਇਹਨਾਂ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪਾਂ ਤੋਂ ਜਾਣੂ ਕਰਵਾ ਸਕੀਏ।
…………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਸੰ.ਨੰ. 9888403052
**
‘ਆਜੜੀ’ ਸ਼ਬਦ ਕਿਵੇਂ ਬਣਿਆ?
ਪੰਜਾਬੀ ਸ਼ਬਦ-ਜੋੜਾਂ, ਸ਼ਬਦ ਅਰਥਾਂ ਅਤੇ ਇੱਥੋਂ ਤੱਕ ਕਿ ਸ਼ਬਦ- ਵਿਉਤਪਤੀ ਵਿੱਚ ਵੀ ਮੈਨੂੰ ਸ਼ੁਰੂ ਤੋਂ ਹੀ ਬਹੁਤ ਦਿਲਚਸਪੀ ਰਹੀ ਹੈ। ਅੱਜ ਤੱਕ ਮੇਰੀ ਹਮੇਸ਼ਾਂ ਇਹੋ ਕੋਸ਼ਸ਼ ਰਹੀ ਹੈ ਕਿ ਹਰ ਸ਼ਬਦ ਦੇ ਅਰਥਾਂ ਦੀ ਤਹਿ ਤੱਕ ਜਾ ਕੇ ਉਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਸ਼ੁਰੂ-ਸ਼ੁਰੂ ਵਿੱਚ ਕਿਸੇ ਵੀ ਸ਼ਬਦ ਦੇ ਅਰਥ (ਵਾਕ ਦੀ ਇਬਾਰਤ ਅਨੁਸਾਰ) ਤਾਂ ਅਕਸਰ ਪਤਾ ਲੱਗ ਹੀ ਜਾਇਆ ਕਰਦੇ ਸਨ ਪਰ ਮੂਲ ਸ਼ਬਦ/ਧਾਤੂ ਜਾਂ ਸ਼ਬਦ-ਵਿਉਤਪਤੀ ਬਾਰੇ ਜਾਣਨ ਦੀ ਕੁਝ ਨਾ ਕੁਝ ਉਧੇੜ-ਬੁਣ ਵੀ ਦਿਲੋ- ਦਿਮਾਗ਼ ਵਿੱਚ ਕਿਤੇ ਨਾ ਕਿਤੇ ਚੱਲਦੀ ਹੀ ਰਹਿੰਦੀ ਸੀ। ਅਜਿਹੇ ਹੀ ਸ਼ਬਦਾਂ ਵਿੱਚੋਂ ਇੱਕ ਸ਼ਬਦ ਸੀ- ਆਜੜੀ ਜਿਸ ਦੀ ਵਿਉਤਪਤੀ ਦੀ ਬੁਝਾਰਤ ਬਚਪਨ ਤੋਂ ਲੈ ਕੇ ਲਗ-ਪਗ ਅੱਧੀ ਸਦੀ ਤੱਕ ਬਦਸਤੂਰ ਮੇਰੇ ਅੰਗ-ਸੰਗ ਵਿਚਰਦੀ ਰਹੀ ਹੈ।
‘ਸ਼ੇਰ ਅਤੇ ਆਜੜੀ’ ਦੀ ਕਹਾਣੀ ਤਾਂ ਅਸੀਂ ਸਭ ਨੇ ਲਗ-ਪਗ ਪੜ੍ਹੀ ਹੀ ਹੋਣੀ ਹੈ। ਸਾਨੂੰ ਵੀ ਤੀਜੀ/ਚੌਥੀ ਜਮਾਤ ਦੀ ਕਿਤਾਬ ਵਿੱਚ ਇਹ ਕਹਾਣੀ ਲੱਗੀ ਹੋਈ ਸੀ। ਇਸ ਕਹਾਣੀ ਵਿਚਲਾ ‘ਆਜੜੀ’ ਸ਼ਬਦ ਬਣਤਰ ਅਤੇ ਅਰਥਾਂ ਪੱਖੋਂ ਅਕਸਰ ਹੀ ਮਨ ਨੂੰ ਝੰਜੋੜਿਆ ਕਰਦਾ ਸੀ। ਜਦੋਂ ਤੋਂ ਇਹ ਕਹਾਣੀ ਪੜ੍ਹੀ ਸੀ, ਉਦੋਂ ਤੋਂ ਹੀ ਮੈਨੂੰ ਇਹ ਮਹਿਸੂਸ ਹੁੰਦਾ ਰਿਹਾ ਹੈ ਕਿ ਜਿਵੇਂ ਇਹ ਸ਼ਬਦ ਉੱਜੜ-ਪੁੱਜੜ ਗਏ ਲੋਕਾਂ ਜਾਂ ਕਿਸੇ ਉਜਾੜੇ ਅਾਦਿ ਨਾਲ਼ ਸੰਬੰਧਿਤ ਹੋਵੇ। ਦੂਜੇ, ਉੱਜੜ ਜਾਂ ਉਜਾੜੇ ਆਦਿ ਸ਼ਬਦਾਂ ਨਾਲ਼ ਇਸ ਸ਼ਬਦ ਦੇ ਸ਼ਬਦ-ਜੋੜ ਵੀ ਕਾਫ਼ੀ ਹੱਦ ਤੱਕ ਮਿਲ਼ਦੇ-ਜੁਲ਼ਦੇ ਸਨ।
ਮੇਰੇ ਅਧਿਐਨ ਅਨੁਸਾਰ ਧੁਨੀਆਂ ਦੇ ਅਰਥਾਂ ਸੰਬੰਧੀ ਇਹ ਗੱਲ ਵਿਸ਼ੇਸ਼ ਤੌਰ ‘ਤੇ ਦੇਖਣ ਵਿੱਚ ਆਈ ਹੈ ਕਿ ਸ਼ਬਦਾਂ ਵਿੱਚ ਜਿਵੇਂ-ਜਿਵੇਂ ਧੁਨੀਆਂ ਬਦਲਦੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਉਹਨਾਂ ਤੋਂ ਬਣਨ ਵਾਲ਼ੇ ਸ਼ਬਦਾਂ ਦੇ ਅਰਥ ਵੀ ਬਦਲਦੇ ਜਾਂਦੇ ਹਨ। ਉੱਜੜ ਅਤੇ ਆਜੜੀ ਸ਼ਬਦਾਂ ਦੇ ਅਰਥਾਂ ਵਿੱਚ ਵੀ ਅੰਤਰ ੳ, ਅ ਅਤੇ ਬਿਹਾਰੀ ਅਤੇ ਉਹਨਾਂ ਦੇ ਅਰਥ ਹੀ ਪਾ ਰਹੇ ਹਨ ਜਦਕਿ ਜ ਅਤੇ ੜ ਅੱਖਰ ਦੋਂਹਾਂ ਸ਼ਬਦਾਂ ਵਿੱਚ ਹੀ ਸਾਂਝੇ ਹਨ ਤੇ ਇਹਨਾਂ ਦੋਂਹਾਂ ਸ਼ਬਦਾਂ ਦੇ ਅਰਥਾਂ ਵਿੱਚ ਜ ਅਤੇ ੜ ਧੁਨੀਆਂ ਦੇ ਅਰਥ ਵੀ ਸਾਂਝੇ ਹੀ ਹਨ। ਸੋ, ਇਹਨਾਂ ਹੀ ਅਰਥਾਂ ਵਿੱਚ ਇਹ ਸ਼ਬਦ ਉਦੋਂ ਤੱਕ ਮੇਰੇ ਮਨ-ਮਸਤਕ ਵਿੱਚ ਘੁੰਮਦਾ ਰਿਹਾ ਜਦੋਂ ਤੱਕ ਅਨੇਕਾਂ ਸਾਲਾਂ ਦੇ ਅੰਤਰਾਲ ਤੋਂ ਬਾਅਦ ਮੈਂ ਖ਼ੁਦ ਇਸ ਸ਼ਬਦ ਦੀ ਵਿਉਤਪਤੀ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਲਿਆ।
ਇਸ ਸਮੇਂ ਬੇਸ਼ੱਕ ਉਪਰੋਕਤ ਅਨੁਸਾਰ ਮੈਂ ਇਸ ਸ਼ਬਦ ਦੀ ਧੁਨੀਆਂ ਦੇ ਅਰਥਾਂ ਪੱਖੋਂ ਵਿਆਖਿਆ ਤਾਂ ਨਹੀਂ ਕਰ ਰਿਹਾ ਤੇ ਇਸ ਆਧਾਰ ‘ਤੇ ਇਸ ਦਾ ਵੇਰਵੇ ਸਹਿਤ ਵਰਨਣ ਤਾਂ ਕਿਸੇ ਵੱਖਰੇ ਲੇਖ ਵਿੱਚ ਹੀ ਕਰਾਂਗਾ ਪਰ ਇਸ ਸ਼ਬਦ (ਆਜੜੀ) ਦੀ ਸ਼ਬਦ-ਵਿਉਤਪਤੀ ਦਾ ਖ਼ੁਲਾਸਾ ਜਿਸ ਢੰਗ ਨਾਲ਼ ਇਹ ਮੇਰੇ ਅੱਗੇ ਨਮੂਦਾਰ ਹੋਇਆ ਹੈ ਜਾਂ ਜਿਸ ਢੰਗ ਨਾਲ਼ ਮੈਂ ਇਸ ਸ਼ਬਦ ਨੂੰ ਸਮਝ ਸਕਿਅਾ ਹਾਂ, ਉਸ ਪ੍ਰਕਿਰਿਆ ਨੂੰ ਮੈਂ ਜ਼ਰੂਰ ਅੱਜ ਸਾਰਿਆਂ ਨਾਲ਼ ਸਾਂਝਿਆਂ ਕਰਾਂਗਾ।
ਸ਼ਬਦਾਂ ਦੀ ਵਿਉਤਪਤੀ ਸੰਬੰਧੀ ਅਧਿਐਨ ਕਰਦਿਆਂ ਸ਼ੁਰੂ-ਸ਼ੁਰੂ ਵਿੱਚ ਮੈਂ ਇਹ ਗੱਲ ਮਹਿਸੂਸ ਕੀਤੀ ਕਿ ਹਿੰਦੀ/ਪੰਜਾਬੀ ਤੇ ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਨੂੰ ਸਮਝਣ ਲਈ ਸੰਸਕ੍ਰਿਤ ਭਾਸ਼ਾ ਦਾ ਥੋੜ੍ਹਾ-ਬਹੁਤ ਮੁਢਲਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਲੋੜ ਨੂੰ ਮੁੱਖ ਰੱਖਦਿਆਂ ਮੈਂ ਸੰਸਕ੍ਰਿਤ ਭਾਸ਼ਾ ਛੋਟੀਆਂ ਜਮਾਤਾਂ ਦੀਆਂ ਕਿਤਾਬਾਂ ਤੋਂ ਸਿੱਖਣੀ ਸ਼ੁਰੂ ਕਰਨ ਦਾ ਮਨ ਬਣਾ ਲਿਆ ਤੇ ਇਸ ਮੰਤਵ ਲਈ ਸਭ ਤੋਂ ਪਹਿਲਾਂ ਛੇਵੀਂ ਜਮਾਤ ਦੀ ਸੰਸਕ੍ਰਿਤ ਦੀ ਕਿਤਾਬ ਖ਼ਰੀਦੀ। ਮੈਂ ਇਸ ਪੁਸਤਕ ਦੇ ਅਜੇ ਤੀਜੇ/ਚੌਥੇ ਅਧਿਆਇ ‘ਤੇ ਹੀ ਪੁੱਜਿਆ ਸਾਂ ਕਿ ਪਾਠ ਦੇ ਸ਼ੁਰੂ ਵਿੱਚ ਹੀ ਇੱਕ ਬੱਕਰੀ,ਬੱਕਰੇ ਤੇ ਲੇਲੇ ਦੀ ਤਸਵੀਰ ਛਪੀ ਹੋਈ ਸੀ। ਪਾਠ ਪੜ੍ਹਦਿਆਂ ਪਤਾ ਲੱਗਾ ਕਿ ਬੱਕਰੇ ਨੂੰ ਇਸ ਭਾਸ਼ਾ ਵਿੱਚ ‘ਅਜ’ ਆਖਿਆ ਜਾਂਦਾ ਹੈ, ਬੱਕਰੀ ਨੂੰ ‘ਅਜਾ’ ਅਤੇ ਬੱਕਰੀ ਦੇ ਲੇਲੇ ਨੂੰ ‘ਅਜਕਾ’। ਪਾਠ ਵਿੱਚ ਆਏ ਸ਼ਬਦਾਂ ਦੀ ਇਸ ਤਿੱਕੜੀ ਦੇ ਅਰਥ ਜਾਣਦਿਆਂ ਹੀ ਮੈਂ ਸਮਝ ਗਿਆ ਕਿ ‘ਆਜੜੀ’ ਸ਼ਬਦ ਕਿਵੇਂ ਹੋਂਦ ਵਿੱਚ ਆਇਆ ਹੈ। ਸਪਸ਼ਟ ਹੈ ਕਿ ਅਜ ਜਾਂ ਅਜਾ ਆਦਿ ਸ਼ਬਦਾਂ ਤੋਂ ਹੀ ਆਜੜੀ ਸ਼ਬਦ ਬਣਿਆ ਸੀ।
ਸੋ, ਉਪਰੋਕਤ ਅਨੁਸਾਰ ਇਹ ਸ਼ਬਦ ‘ਅਜ’ ਸ਼ਬਦ ਦੇ ਵਿਚਕਾਰ ਇੱਕ ਮਧੇਤਰ ਕੰਨਾ ਲਾ ਕੇ ਬਣਿਆ ਹੋਇਆ ਹੈ। ਬਿਲਕੁਲ ਉਸੇ ਤਰ੍ਹਾਂ, ਜਿਵੇਂ ਸੰਸਕ੍ਰਿਤ ਭਾਸ਼ਾ ਦੇ ਹੀ ਮੂਲ ਸ਼ਬਦ ‘ਕਰ’ (ਕ੍ਰ) ਵਿੱਚ ਮਧੇਤਰ ਕੰਨਾ ਲਾ ਕੇ ਸ਼ਬਦ ਕਾਰ ਜਾਂ ਅੱਗੋਂ ਕਿਰਿਆ ਆਦਿ ਸ਼ਬਦ ਬਣਾ ਲਏ ਗਏ ਹਨ ਅਤੇ ਮਰ (ਮ੍ਰ) ਸ਼ਬਦ ਵਿੱਚ ਮਧੇਤਰ ਕੰਨਾ ਲਾ ਕੇ ਮਾਰ, ਮਾਰਨਾ ਜਾਂ ਮਿਰਤੂ, ਮਿਰਤਕ ਆਦਿ ਸ਼ਬਦ ਬਣਾ ਲਏ ਗਏ ਹਨ। ਇਸੇ ਤਰ੍ਹਾਂ ਅਜ ਤੋਂ ‘ਆਜ’ ਸ਼ਬਦ ਬਣਾ ਕੇ ਬਾਅਦ ਵਿੱਚ ‘ੜੀ’ (ਅਰਥ=ਵਾਲ਼ਾ) ਪਿਛੇਤਰ ਲਾ ਕੇ ਇੱਕ ਨਵਾਂ ਸ਼ਬਦ ‘ਆਜੜੀ’ ਸਿਰਜ ਲਿਆ ਗਿਆ ਹੈ। ਇੱਜੜ (ਬੱਕਰੀਆਂ ਦਾ ਇਕੱਠ ਜਾਂ ਝੁੰਡ) ਸ਼ਬਦ ਵੀ ਇਸੇ ‘ਅਜ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ।
ਬਾਅਦ ਦੇ ਅਧਿਐਨ ਤੋਂ ਇਹ ਵੀ ਪਤਾ ਲੱਗਿਆ ਕਿ ‘ਅਜ’ ਸ਼ਬਦ ਤੋਂ ਹੀ ‘ਅਜਗਰ’ ਸ਼ਬਦ ਵੀ ਹੋਂਦ ਵਿੱਚ ਆਇਆ ਹੈ। ਇਹ ਸ਼ਬਦ ਦੋ ਸ਼ਬਦਾਂ: ਅਜ+ਗਰ ਦੇ ਮੇਲ਼ ਤੋਂ ਬਣਿਆ ਹੋਇਆ ਹੈ। ਅਜ ਸ਼ਬਦ ਦਾ ਅਰਥ ਹੈ ਬੱਕਰਾ ਅਤੇ ਸੰਸਕ੍ਰਿਤ ਮੂਲ ਦਾ ਹੀ ‘ਗਰ’ ਸ਼ਬਦ ‘ਗ੍ਰਸ’ ਸ਼ਬਦ ਤੋਂ ਬਣਿਆ ਹੈ ਜਿਸ ਦੇ ਅਰਥ ਹਨ- ਗ੍ਰਸ ਲੈਣ ਵਾਲ਼ਾ ਜਾਂ ਖਾ ਜਾਣ ਵਾਲ਼ਾ ਅਰਥਾਤ ਜਿਊਂਦੇ ਬੱਕਰੇ ਨੂੰ ਸਾਬਤ ਨਿਗਲ਼ ਲੈਣ ਵਾਲ਼ਾ ਭਾਵ ਵੱਡੇ ਆਕਾਰ ਵਾਲ਼ਾ ਸੱਪ। ਸਮੇਂ ਦੇ ਨਾਲ਼ ‘ਗ੍ਰਸ’ ਸ਼ਬਦ ਵਿਚਲੀ ‘ਸ’ ਦੀ ਧੁਨੀ ਹੌਲ਼ੀ-ਹੌਲ਼ੀ ਅਲੋਪ ਹੋ ਗਈ ਹੈ।
ਅਯਾਲੀ ਸ਼ਬਦ ਵੀ ਇਸੇ ਸ਼ਬਦ ‘ਅਜ’ ਤੋਂ ਹੀ ਬਣਿਆ ਹੋਇਆ ਹੈ। ਪੰਜਾਬੀ ਦੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਜੀ ਐੱਸ ਰਿਆਲ ਜੀ ਅਨੁਸਾਰ ਇਹ ਸ਼ਬਦ ਅਜ ਅਤੇ ਪਾਲ ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੈ: ਅਜਪਾਲ ਅਰਥਾਤ ਬੱਕਰੀਆਂ ਪਾਲਣ ਵਾਲ਼ਾ। ਅਜਪਾਲ ਤੋਂ ਹੀ ਹੌਲ਼ੀ-ਹੌਲ਼ੀ ਅਯਾਲ, ਅਯਾਲੀ ਜਾਂ ਇਆਲੀ ਆਦਿ ਸ਼ਬਦ ਵੀ ਹੋਂਦ ਵਿੱਚ ਆਏ ਹਨ।
ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਬੇਸ਼ੱਕ ਆਜੜੀ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਨਾਲ਼ ਸੰਬੰਧਿਤ ਹੈ ਅਤੇ ਸੰਸਕ੍ਰਿਤ ਦੇ ਹੀ ਅਜ (ਬੱਕਰਾ) ਸ਼ਬਦ ਤੋਂ ਬਣਿਆ ਹੋਇਆ ਹੈ ਪਰ ਇਸ ਸ਼ਬਦ ਦੇ ਪਿੱਛੇ ਲੱਗਿਆ ੜਾੜਾ ਅੱਖਰ ਕੋਈ ਹੋਰ ਹੀ ਕਹਾਣੀ ਦੱਸ ਰਿਹਾ ਹੈ। ਉਹ ਇਹ ਕਿ ਸੰਸਕ੍ਰਿਤ ਭਾਸ਼ਾ ਵਿੱਚ ੜਾੜਾ ਨਾਂ ਦਾ ਕੋਈ ਅੱਖਰ ਜਾਂ ਧੁਨੀ ਹੀ ਨਹੀਂ ਹੈ। ਇਸ ਲਈ ਇਸ ਸ਼ਬਦ ਤੋਂ ਇਸ ਗੱਲ ਦਾ ਵੀ ਝਾਉਲ਼ਾ ਪੈਂਦਾ ਹੈ ਕਿ ਸੰਸਕ੍ਰਿਤ ਮੂਲਿਕ ਸ਼ਬਦਾਂ ਦੀ ਵਿਉਤਪਤੀ ਦੇ ਨਾਲ਼ ਹੀ ਬਹੁਤ ਸਾਰੇ ਸ਼ਬਦਾਂ ਦੀ ਪੰਜਾਬੀਕਰਨ ਦੀ ਪ੍ਰਕਿਰਿਆ ਵੀ ਜ਼ਰੂਰ ਨਾਲ਼ੋ-ਨਾਲ ਹੀ ਸ਼ੁਰੂ ਹੋ ਚੁੱਕੀ ਹੋਵੇਗੀ। ਪੰਜਾਬੀਆਂ ਨੇ ਬਹੁਤ ਸਾਰੇ ਸੰਸਕ੍ਰਿਤ ਸ਼ਬਦਾਂ ਵਿਚਲੀਆਂ ਰ, ਟ, ਡ, ਢ ਆਦਿ ਧੁਨੀਆਂ ਨੂੰ ਆਪਣੇ ਸੁਭਾਅ, ਮੁਹਾਵਰੇ ਅਤੇ ਲੋਕ-ਉਚਾਰਨ ਅਨੁਸਾਰ ੜਾੜਾ ਧੁਨੀ ਵਿੱਚ ਢਾਲ਼ ਲਿਆ ਹੈ।
ਜਿੱਥੋਂ ਤੱਕ ਆਜੜੀ ਅਤੇ ਉੱਜੜ-ਪੁੱਜੜ ਜਾਂ ਉਜਾੜੇ ਆਦਿ ਸ਼ਬਦਾਂ ਦੀਆਂ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਵਿਚਲੀ ਸਾਂਝ ਦੀ ਗੱਲ ਹੈ, ਇਹ ਗੱਲ ਵੀ ਮੇਰੀ ਮੁਢਲੀ ਕਲਪਨਾ ਅਨੁਸਾਰ ਪੂਰੀ ਤਰ੍ਹਾਂ ਸਹੀ ਸਾਬਤ ਹੋਈ ਹੈ । ਇਸ ਦਾ ਵਿਸਤ੍ਰਿਤ ਵੇਰਵਾ ਕਿਸੇ ਅਗਲੇ ਲੇਖ ਵਿਚ ਦਿੱਤਾ ਜਾਵੇਗਾ।
ਬੇਸ਼ੱਕ ‘ਆਜੜੀ’ ਸ਼ਬਦ ਦੀ ਵਿਉਤਪਤੀ ਸੰਬੰਧੀ ਜਾਣਕਾਰੀ ਕਈ ਕੋਸ਼ਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਮੈਨੂੰ ਉਸ ਸਮੇਂ ਤੱਕ ਇਸ ਬਾਰੇ ਕੋਈ ਇਲਮ ਨਹੀਂ ਸੀ। ਇਸ ਗੱਲ ਦਾ ਰਾਜ਼ ਤਾਂ ਬਾਅਦ ਵਿੱਚ ਕੋਸ਼ਕਾਰੀ ਅਤੇ ਨਿਰੁਕਤਕਾਰੀ ਸੰਬੰਧੀ ਵੱਖ-ਵੱਖ ਕਿਤਾਬਾਂ ਪੜ੍ਹ ਕੇ ਹੀ ਖੁੱਲ੍ਹਿਆ ਹੈ ਪਰ ਜਿਸ ਅਨੰਦ ਦਾ ਅਹਿਸਾਸ ਮੈਨੂੰ ਖ਼ੁਦ ਆਪਣੇ ਅਧਿਐਨ ਸਦਕਾ ਪ੍ਰਾਪਤ ਹੋਇਆ ਹੈ, ਉਸ ਦਾ ਵਰਨਣ ਕਰਨਾ ਬਹੁਤ ਮੁਸ਼ਕਲ ਹੈ। ਕਿਸੇ ਸ਼ਬਦ ਦੀ ਵਿਉਤਪਤੀ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਮੇਰੇ ਜੀਵਨ ਦਾ ਇਹ ਪਹਿਲਾ ਤਜਰਬਾ ਸੀ।
***
ਨਾਸਿਕੀ ਚਿੰਨ੍ਹ ਬਿੰਦੀ ਦੀ ਵਰਤੋਂ ਸੰਬੰਧੀ ਨਿਯਮ: ਪਹਿਲਾਂ ਤੇ ਹੁਣ
“””””””””””””””””””””””””””””””””””””””””””””””””””””””””””””””””””””””””””””””””””””””””
ਗੁਰਮੁਖੀ ਲਿਪੀ ਵਿੱਚ ਕੁੱਲ ਤਿੰਨ ਲਗਾਖਰ ਹਨ: ਬਿੰਦੀ, ਟਿੱਪੀ ਅਤੇ ਅਧਕ। ਪੰਜਾਬੀ-ਵਿਆਕਰਨ ਵਿੱਚ ਲਗਾਖਰ ਉਹਨਾਂ ਚਿੰਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਵਰਤੋਂ ਲਗਾਂ ਨਾਲ਼ ਕੀਤੀ ਜਾਂਦੀ ਹੈ। ਇਹਨਾਂ ਲਗਾਖਰਾਂ ਵਿੱਚੋਂ ਬਿੰਦੀ ਅਤੇ ਟਿੱਪੀ ਦੋ ਜਿਹੇ ਲਗਾਖਰ ਹਨ ਜਿਨ੍ਹਾਂ ਦੀ ਵਰਤੋਂ ਸਮੇਂ ਅਵਾਜ਼ ਨੱਕ ਵਿੱਚੋਂ ਆਉਂਦੀ ਹੈ। ਇਸੇ ਕਾਰਨ ਇਹਨਾਂ ਦੋਂਹਾਂ ਲਗਾਖਰਾਂ ਨੂੰ ਨਾਸਿਕੀ ਚਿੰਨ੍ਹ ਕਿਹਾ ਜਾਂਦਾ ਹੈ। ਇਹ ਦੋਵੇਂ ਲਗਾਖਰ ਆਮ ਤੌਰ ‘ਤੇ ਪੰਜਾਬੀ ਲਿਪੀ ਦੇ ਅਨੁਨਾਸਿਕ ਅੱਖਰਾਂ ਨ ਤੇ ਮ ਦੀ ਥਾਂ ‘ਤੇ ਵਰਤੇ ਜਾਂਦੇ ਹਨ ਜਾਂ ਇਹ ਕਹਿ ਲਓ ਕਿ ਕਈ ਸ਼ਬਦਾਂ ਨੂੰ ਸੰਖੇਪ ਰੱਖਣ ਲਈ ਸਾਡੇ ਪੁਰਾਤਨ ਸ਼ਬਦ-ਘਾੜਿਆਂ ਨੇ ਕਈ ਥਾਂਵਾਂ ‘ਤੇ ਨ ਤੇ ਮ ਦੀ ਥਾਂ ਕੇਵਲ ਬਿੰਦੀ ਜਾਂ ਟਿੱਪੀ ਦੀ ਵਰਤੋਂ ਨਾਲ਼ ਹੀ ਕੰਮ ਚਲਾ ਲਿਆ ਸੀ ਤਾਂਜੋ ਸ਼ਬਦਾਂ ਦਾ ਬੇਲੋੜਾ ਵਿਸਤਾਰ ਨਾ ਹੋਵੇ ਅਤੇ ਸ਼ਬਦਾਂ ਦਾ ਉਚਾਰਨ ਕਰਨ ਸਮੇਂ ਵੀ ਅਸਾਨੀ ਰਹੇ। ਉਦਾਹਰਨ ਦੇ ਤੌਰ ‘ਤੇ ਹਿੰਦੀ/ਪੰਜਾਬੀ ਭਾਸ਼ਾਵਾਂ ਦਾ “ਸੰਬੰਧ” ਸ਼ਬਦ, ਦੋ ਸ਼ਬਦਾਂ: ਸਮ+ਬੰਧ ਦੇ ਮੇਲ਼ ਤੋਂ ਬਣਿਆ ਹੋਇਆ ਹੈ। ਇਹਨਾਂ ਸ਼ਬਦਾਂ ਦੇ ਮੇਲ਼ ਸਮੇਂ ਸਮ ਸ਼ਬਦ ਦੇ ਮ ਅੱਖਰ ਨੂੰ ਸੰਖੇਪ ਕਰਨ ਲਈ ਟਿੱਪੀ ਤੋਂ ਕੰਮ ਲਿਆ ਗਿਆ ਹੈ ਅਤੇ ਬੰਧ ਸ਼ਬਦ ਦਾ ਅਰਥ ਹੈ: ਬੰਧਨ; ਜਿਸ ਦੀ ਟਿੱਪੀ ਇੱਥੇ ਨ ਧੁਨੀ ਦੀ ਪ੍ਰਤੀਨਿਧਤਾ ਕਰ ਰਹੀ ਹੈ ਅਤੇ ਉਸੇ ਦੇ ਹੀ ਅਰਥ ਵੀ ਦੇ ਰਹੀ ਹੈ। ਇਸ ਵਿਚਲੇ ਸਮ ਸ਼ਬਦ ਦੇ ਮ ਅੱਖਰ ਤੋਂ ਬਣੀ ਟਿੱਪੀ ਮ ਅੱਖਰ ਦੇ ਅਰਥਾਂ ਨੂੰ ਪ੍ਰਗਟਾ ਰਹੀ ਹੈ। ਇਸ ਪ੍ਰਕਾਰ ਸਮ ਅਤੇ ਬੰਧ ਸ਼ਬਦਾਂ ਦੇ ਮੇਲ਼ ਤੋਂ ਇੱਕ ਨਵੇਂ ਸ਼ਬਦ- ਸੰਬੰਧ ਨੇ ਜਨਮ ਲਿਆ ਹੈ ਜਿਸ ਦੇ ਅਰਥ ਹਨ- (ਦੋਂਹ ਪਾਸਿਆਂ/ਦੋਂਹ ਧਿਰਾਂ ਦਾ) ਬਰਾਬਰ ਦਾ ਬੰਧਨ ਜਾਂ ਮੇਲ਼। ਆਮ ਤੌਰ ‘ਤੇ ਬਿੰਦੀ ਦੇ ਇੱਕ ਅਰਥ ਹਨ, ਕਿਸੇ ਕਿਰਿਆ ਦੇ ਕਾਰਜ ਨੂੰ ਅੱਗੇ ਵੱਲ ਲਿਜਾਣਾ, ਜਿਵੇਂ: ਆਵਾਂ /ਜਾਵਾਂ /ਆਵਾਂਗੇ /ਜਾਵਾਂਗੇ (ਆਉਣ ਜਾਂ ਜਾਣ ਦੀ ਕਿਰਿਆ ਨੂੰ ਨੇੜ-ਭਵਿਖ ਤੱਕ ਜਾਰੀ ਰੱਖਣਾ ਜਾਂ ਅੱਗੇ ਵੱਲ ਲਿਜਾਣਾ), ਖਾਵਾਂ /ਖਾਵਾਂਗੇ /ਪਾਵਾਂ /ਪਾਵਾਂਗੇ, ਪੀਵਾਂ /ਪੀਵਾਂਗੇ ਆਦਿ। ਇਸੇ ਤਰ੍ਹਾਂ ਜਿਸ ਸ਼ਬਦ ਵਿੱਚ ਵੀ ਬਿੰਦੀ ਲੱਗੀ ਹੋਈ ਹੋਵੇਗੀ, ਉੱਥੇ ਇਸ ਦੇ ਪ੍ਰਮੁੱਖ ਅਰਥ ਇਹੋ ਹੀ ਹੋਣਗੇ ਅਰਥਾਤ ਇਹ ਕਿਸੇ ਵੀ ਸ਼ਬਦ ਵਿੱਚ ਕਿਰਿਆ ਦੇ ਕਾਰਜ ਨੂੰ ਜਾਰੀ ਰੱਖਣ ਜਾਂ ਅੱਗੇ ਵੱਲ ਵਧਾਉਣ ਵੱਲ ਹੀ ਇਸ਼ਾਰਾ ਕਰ ਰਹੀ ਹੁੰਦੀ ਹੈ।
ਇਸ ਤੋਂ ਬਿਨਾਂ ਇਸ ਦਾ ਇੱਕ ਹੋਰ ਕਾਰਜ ਵੀ ਹੈ, ਉਹ ਇਹ ਕਿ ਇਹ ਸ਼ਬਦਾਂ ਦੇ ਬਹੁਵਚਨ-ਰੂਪ ਬਣਾਉਣ ਵਿੱਚ ਵੀ ਆਪਣਾ ਯੋਗਦਾਨ ਪਾਉਂਦੀ ਹੈ, ਜਿਵੇਂ: ਕਿਤਾਬ =ਕਿਤਾਬਾਂ, ਕਾਪੀ= ਕਾਪੀਆਂ, ਸ਼ਹਿਰ= ਸ਼ਹਿਰਾਂ ਆਦਿ। ਬੇਸ਼ੱਕ ਓਪਰੀ ਨਜ਼ਰੇ ਦੇਖਿਆਂ ਸ਼ਬਦਾਂ ਦੇ ਇਹਨਾਂ ਬਹੁਵਚਨ-ਰੂਪਾਂ ਵਿਚ ਸਾਨੂੰ ਕਿਰਿਆ ਦਾ ਉਪਰੋਕਤ ਕਾਰਜ ਪ੍ਰਤੱਖ ਰੂਪ ਵਿੱਚ ਤਾਂ ਭਾਵੇਂ ਨਜ਼ਰੀਂ ਨਹੀਂ ਪੈਂਦਾ ਪਰ ਨੀਝ ਨਾਲ਼ ਦੇਖਿਆਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਨਾਸਿਕੀ ਚਿੰਨ੍ਹ ਬਿੰਦੀ ਇੱਥੇ ਵੀ ਆਪਣਾ ਉਪਰੋਕਤ ਮੂਲ ਕਾਰਜ ਹੀ ਨਿਭਾ ਰਹੀ ਹੈ ਅਰਥਾਤ ਉਹ ਇੱਥੇ ਵੀ ਕਿਰਿਆ ਦੇ ਕਾਰਜ ਨੂੰ ਹੀ ਅੱਗੇ ਵੱਲ ਲਿਜਾ ਰਹੀ ਹੈ। ਮਿਸਾਲ ਦੇ ਤੌਰ ‘ਤੇ ਕਿਤਾਬ ਦੇ ਬਹੁਵਚਨ ਕਿਤਾਬਾਂ ਦੇ ਅੰਤ ਵਿਚ ਲੱਗੀ ਬਿੰਦੀ ਇਸੇ ਗੱਲ ਵੱਲ ਹੀ ਸੰਕੇਤ ਕਰ ਰਹੀ ਹੈ ਕਿ ਇਹ ਹੁਣ ਇੱਕ ਤੋਂ ਬਹੁਤੀਆਂ ਹੋ ਗਈਆਂ ਹਨ ਕਹਿਣ ਦਾ ਭਾਵ ਇਹ ਕਿ ਇੱਥੇ ਵੀ ਬਿੰਦੀ ਆਪਣੇ ਮੂਲ ਅਰਥਾਂ (ਕਿਰਿਆ ਦੇ ਕਾਰਜ ਨੂੰ ਅੱਗੇ ਵੱਲ ਵਧਾਉਣ) ਦਾ ਹੀ ਕੰਮ ਕਰ ਰਹੀ ਹੈ ਅਤੇ ਇੱਕ ਕਿਤਾਬ ਤੋਂ ਬਹੁਤੀਆਂ ਕਿਤਾਬਾਂ ਹੋ ਜਾਣ ਦੇ ਪ੍ਰਭਾਵ ਨੂੰ ਹੀ ਸਿਰਜ ਰਹੀ ਹੈ।
ਇਕਵਚਨ ਸ਼ਬਦਾਂ ਦੇ ਬਹੁਵਚਨ ਸ਼ਬਦ ਬਣਾਉਣ ਸੰਬੰਧੀ ਨਵਾਂ ਨਿਯਮ:
“””””””””””””””””””””””””””””””””””””””””””””””””””””””””
ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼ (ਪੰ.ਯੂ.ਪ.) ਕਿਤਾਬ ਦੇ ਆਉਣ ਤੋਂ ਪਹਿਲਾਂ ਇਕਵਚਨ ਸ਼ਬਦਾਂ ਦੇ ਬਹੁਵਚਨ ਸ਼ਬਦ ਬਣਾਉਣ ਸੰਬੰਧੀ ਨਿਯਮ ਇਹ ਸੀ ਕਿ ਜੇਕਰ ਆਖ਼ਰੀ ਅੱਖਰ ਜਾਂ ਸੰਬੰਧਿਤ ਸ਼ਬਦ ਦੀ ਕਿਸੇ ਲਗ ਨਾਲ਼ ਬਿੰਦੀ ਲੱਗੀ ਹੋਈ ਹੋਵੇ ਤਾਂ ਉਹ ਉੱਥੋਂ ਚੁੱਕ ਕੇ ਬਹੁਵਚਨ ਬਣਾਉਣ ਵਾਲ਼ੇ ਪਿਛੇਤਰ ਜਾਂ ਅੱਖਰ ਨਾਲ਼ ਲੱਗੀ ਲਗ ਨਾਲ਼ ਲਾਈ ਜਾਂਦੀ ਸੀ, ਜਿਵੇਂ: ਮਾਂ= ਮਾਵਾਂ, ਛਾਂ= ਛਾਵਾਂ ਥਾਂ ਤੋਂ ਥਾਵਾਂ ਜਾਂ ਥਾਈਂ, ਗਾਂ=ਗਾਵਾਂ, ਬਾਂਹ= ਬਾਹਵਾਂ ਆਦਿ। ਸਕੂਲ ਪੜ੍ਹਦਿਆਂ ਇਕਵਚਨ ਤੋਂ ਬਹੁਵਚਨ ਬਣਾਉਣ ਲਈ ਸਾਨੂੰ ਵੀ ਇਹੋ ਹੀ ਨਿਯਮ ਸਿਖਾਏ ਜਾਂਦੇ ਰਹੇ ਹਨ। ਪਰ ਉਪਰੋਕਤ ਕੋਸ਼ ਦੇ ਆਉਣ ਉਪਰੰਤ ਹੁਣ ਇਹਨਾਂ ਨਿਯਮਾਂ ਵਿੱਚ ਤਬਦੀਲੀ ਆ ਚੁੱਕੀ ਹੈ। ਨਵੇਂ ਨਿਯਮਾਂ ਅਨੁਸਾਰ ਹੁਣ ਕਿਸੇ ਸ਼ਬਦ ਦਾ ਬਹੁਵਚਨ ਬਣਾਉਣ ਸਮੇਂ ਇਕਵਚਨ ਵਾਲ਼ੇ ਸ਼ਬਦ ਤੋਂ ਬਿੰਦੀ ਬਿਲਕੁਲ ਨਹੀਂ ਹਟਾਉਣੀ ਸਗੋਂ ਉਸ ਨੂੰ ਉੱਥੇ ਹੀ ਰਹਿਣ ਦੇਣਾ ਹੈ। ਇਸ ਦੀ ਥਾਂਵੇਂ ਇੱਕ ਹੋਰ ਬਿੰਦੀ ਬਹੁਵਚਨ ਬਣਾਉਣ ਵਾਲ਼ੇ ਪਿਛੇਤਰ ਜਾਂ ਅੱਖਰ ਦੀ ਦੀ ਲਗ ਨਾਲ਼ ਲਾ ਦੇਣੀ ਹੈ, ਜਿਵੇਂ: ਮਾਂ= ਮਾਂਵਾਂ, ਛਾਂ= ਛਾਂਵਾਂ, ਗਾਂ= ਗਾਂਵਾਂ ਅਤੇ ਬਾਂਹ= ਬਾਂਹਵਾਂ ਆਦਿ।
ਬਦਲਿਆ ਹੋਇਆ ਇਹ ਨਿਯਮ “ਜਿਵੇਂ ਬੋਲੋ, ਤਿਵੇਂ ਲਿਖੋ” ਦੇ ਨਿਯਮ ਦੇ ਆਧਾਰ ‘ਤੇ ਬਣਾਇਆ ਗਿਆ ਹੈ। ਜੇਕਰ ਅਸੀਂ ਉਪਰੋਕਤ ਬਹੁਵਚਨ-ਸ਼ਬਦਾਂ: ਮਾਂਵਾਂ, ਛਾਂਵਾਂ, ਗਾਂਵਾਂ, ਬਾਂਹਵਾਂ ਆਦਿ ਨੂੰ ਬੋਲ ਕੇ ਦੇਖੀਏ ਤਾਂ ਇਹ ਹਕੀਕਤ ਭਲੀ-ਭਾਂਤ ਸਪਸ਼ਟ ਹੋ ਜਾਂਦੀ ਹੈ। ਦੂਜੇ, ਜੇਕਰ ਅਸੀਂ ਇਹ ਨਿਯਮ ਨਹੀਂ ਅਪਣਾਉਂਦੇ ਤਾਂ ਕਈ ਸ਼ਬਦਾਂ, ਜਿਵੇਂ: ਗਾਵਾਂ/ਗਾਂਵਾਂ ਆਦਿ ਦੇ ਅਰਥਾਂ ਵਿੱਚ ਅੰਤਰ ਆਉਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸੋ, ਬਦਲੇ ਹੋਏ ਇਹ ਨਿਯਮ ਬਹੁਵਚਨ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਅਤੇ ਸਪਸ਼ਟਤਾ ਲਿਆਉਣ ਦਾ ਕੰਮ ਵੀ ਕਰਦੇ ਹਨ।
ਪਰ ਜਿਹੜੀ ਗੱਲ ਨੋਟ ਕਰਨ ਵਾਲੀ ਹੈ, ਉਹ ਇਹ ਹੈ ਕਿ ਇਸ ਨਿਯਮ ਨੂੰ ਬਣਿਆਂ ਭਾਵੇਂ ਕਈ ਦਹਾਕੇ ਬੀਤ ਚੁੱਕੇ ਹਨ ਪਰ ਅਸੀਂ ਲਕੀਰ ਦੇ ਫ਼ਕੀਰ ਬਣ ਕੇ ਅਜੇ ਵੀ ਪੁਰਾਣੇ ਨਿਯਮਾਂ ਨਾਲ਼ ਹੀ ਚਿੰਬੜੇ ਹੋਏ ਹਾਂ ਤੇ ਕੋਈ ਨਵੀਂ ਗੱਲ ਸੁਣਨ ਜਾਂ ਉਸ ਨੂੰ ਅਪਣਾਉਣ ਲਈ ਤਿਆਰ ਹੀ ਨਹੀਂ ਹਾਂ।ਦੇਖਣ ਵਾਲ਼ੀ ਗੱਲ ਇਹ ਹੈ ਕਿ ਇਹ ਨਿਯਮ ਏਨਾ ਔਖਾ ਵੀ ਨਹੀਂ ਹੈ ਕਿ ਜਿਸ ਨੂੰ ਸਮਝਣਾ ਜਾਂ ਅਪਣਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋਵੇ ਪਰ ਇਸ ਦੇ ਬਾਵਜੂਦ ਇਸ ਨਿਯਮ ਉੱਤੇ ਅਮਲ ਨਹੀਂ ਕੀਤਾ ਜਾ ਰਿਹਾ ਜੋਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਕੁਝ ਹੋਰ ਸ਼ਬਦ ਜਿਨ੍ਹਾਂ ਵਿੱਚੋਂ ਬਿੰਦੀ ਅਕਸਰ ਅਲੋਪ ਹੁੰਦੀ ਹੈ, ਉਹ ਹਨ:
ਟਾਵਾਂ-ਟਾਵਾਂ, ਦੋਹਾਂ, ਸਾਂਈਂ/ਸਾਈਆਂ, ਸਾਂਵਾਂ, ਸੇਵੀਂਆਂ, ਹਮੇਸ਼ਾਂ, ਕਾਇਆਂ:
“””””””””””””””””””””””””””””””””””””””””””””””””””””””””””””””
ਟਾਂਵਾਂ ਸ਼ਬਦ ਨੂੰ ਅਸੀਂ ਆਮ ਤੌਰ ‘ਤੇ ਟਾਵਾਂ ਜਾਂ ਟਾਵਾਂ-ਟਾਵਾਂ ਹੀ ਲਿਖ ਦਿੰਦੇ ਹਾਂ ਜਦਕਿ ਇਸ ਸ਼ਬਦ ਦੀਆਂ ਦੋਂਹਾਂ ਲਗਾਂ ਨਾਲ਼ ਬਿੰਦੀਆਂ ਪੈਣੀਆਂ ਹਨ। ਦੋ ਤੋਂ ਬਣੇ ਸ਼ਬਦ ਦੋਂਹ ਉੱਤੇ ਇੱਕ ਅਤੇ ਦੋਂਹਾਂ ਉੱਤੇ ਦੋ ਬਿੰਦੀਆਂ ਪੈਣੀਆਂ ਹਨ; ਸਾਂਵਾਂ ਸ਼ਬਦ ਉੱਤੇ ਵੀ ਦੋ; ਸਾਂਈਂ ਉੱਤੇ ਵੀ ਦੋ ਪਰ ਇਸ ਸ਼ਬਦ ਦੇ ਬਹੁਵਚਨ-ਰੂਪ ਸਾਂਈਂਆਂ ਉੱਤੇ ਤਿੰਨ ਬਿੰਦੀਆਂ ਪੈਣੀਆਂ ਹਨ। ਹਮੇਸ਼ਾਂ ਅਤੇ ਕਾਇਆਂ ਸ਼ਬਦਾਂ ਉੱਤੇ ਵੀ ਉਪਰੋਕਤ ਕੋਸ਼ ਅਨੁਸਾਰ ਪੰਜਾਬੀ ਉਚਾਰਨ ਅਤੇ ਮੁਹਾਵਰੇ ਮੁਤਾਬਕ ਇਹਨਾਂ ਦੇ ਆਖ਼ਰੀ ਅੱਖਰਾਂ ਨਾਲ਼ ਬਿੰਦੀਆਂ ਪਾਉਣ ਦਾ ਪ੍ਰਾਵਧਾਨ ਹੈ ਪਰ ਇਹ ਸ਼ਬਦ ਅਕਸਰ ਬਿੰਦੀ-ਮੁਕਤ ਲਿਖੇ ਹੀ ਦੇਖਣ ਵਿੱਚ ਆਉਂਦੇ ਹਨ।
ਇਸੇ ਤਰ੍ਹਾਂ ਨੀਂਹ ਤੋਂ ਬਣੇ ਬਹੁਵਚਨ ਸ਼ਬਦ ਨੂੰ ਨੀਂਹਾਂ, ਨੌੰ ਤੋਂ ਨੌਂਵੀਂ ਅਤੇ ਨੌਂਵੀਂ ਤੋਂ ਬਣੇ ਬਹੁਵਚਨ ਸ਼ਬਦ ਨੂੰ ਨੌਂਵੀਂਆਂ ਲਿਖਣਾ ਹੈ। ਰਾਮਨੌਂਵੀਂ ਅਤੇ ਗੁੱਗਾਨੌਂਵੀਂ ਤਿਉਹਾਰਾਂ ਨੂੰ ਵੀ ਇਸੇ ਤਰ੍ਹਾਂ ਦੋ ਬਿੰਦੀਆਂ ਨਾਲ਼ ਹੀ ਲਿਖਣਾ ਹੈ। ਨਵਾਂ ਤੋਂ ਬਣੇ ਬਹੁਵਚਨ ਸ਼ਬਦ ਨੂੰ ਨਵੇਂ ਜਾਂ ਨਵਿਆਂ; ਨਵੀਂ ਦੇ ਬਹੁਵਚਨ ਨੂੰ ਨਵੀਂਆਂ ਲਿਖਣਾ ਹੈ; ਇਸੇ ਤਰ੍ਹਾਂ ਤੀਵੀਂ ਤੋਂ ਤੀਵੀਂਆਂ, ਕਾਂ ਤੋਂ ਕਾਂਵਾਂ ਅਤੇ ਕਾਂਵਾਂ ਤੋਂ ਕਾਂਵਾਂ-ਰੌਲ਼ੀ ਸ਼ਬਦ ਹੋਂਦ ਵਿੱਚ ਆਇਆ ਹੈ।
ਇਸੇ ਤਰ੍ਹਾਂ ਸੌਂ ਸ਼ਬਦ ਤੋਂ ਸੌਂਦਾ ਜਾਂ ਸੌਂਦੇ ਆਦਿ ਸ਼ਬਦ ਬਣੇ ਹਨ ਤੇ ਇਸੇ ਤੋਂ ਹੀ ‘ਸੌਂਣਾ’ ਸ਼ਬਦ ਬਣਿਆ ਹੈ ਪਰ ਇਹ ਗੱਲ ਖ਼ਾਸ ਤੌਰ ‘ਤੇ ਦੇਖਣ ਵਿੱਚ ਆਈ ਹੈ ਕਿ ਅਸੀਂ ਸੌਂਦਾ ਜਾਂ ਸੌਂਦੇ ਆਦਿ ਸ਼ਬਦਾਂ ਉੱਤੇ ਤਾਂ ਬਿੰਦੀ ਪਾ ਦਿੰਦੇ ਹਾਂ ਪਰ ‘ਸੌਂਣ’ ਸ਼ਬਦ ਉੱਤੇ ਕਦੇ ਵੀ ਬਿੰਦੀ ਨਹੀਂ ਪਾਉਂਦੇ। ਸ਼ਾਇਦ ਇਹ ਸਮਝਦਿਆਂ ਹੋਇਆਂ ਕਿ ਇਸ ਸ਼ਬਦ ਵਿੱਚ ਅਨੁਨਾਸਿਕ ਅੱਖਰ ਣ ਲੱਗਿਆ ਹੋਇਆ ਹੈ ਇਸ ਲਈ ਇੱਥੇ ਬਿੰਦੀ ਪਾਉਣ ਦੀ ਲੋੜ ਨਹੀਂ ਹੈ। ਇਹ ਤਰਕ ਠੀਕ ਨਹੀਂ ਹੈ ਕਿਉਂਕਿ ਉਪਰੋਕਤ ਨਿਯਮ ਅਨੁਸਾਰ ਜੇਕਰ ਮੂਲ ਸ਼ਬਦ ਵਿੱਚ ਬਿੰਦੀ ਲੱਗੀ ਹੋਈ ਹੈ ਤਾਂ ਉਸ ਬਿੰਦੀ ਨੂੰ ਵੀ ਸਾਨੂੰ ਉਸ ਤੋਂ ਬਣਨ ਵਾਲ਼ੇ ਸ਼ਬਦ ਦੇ ਨਾਲ਼ ਹੀ ਲਿਜਾਣਾ ਪਵੇਗਾ। ਬੱਚੇ ਨੂੰ ਸੁਆਂਉਣ ਲਈ ਸੁੁਆਂਉਣ ਸ਼ਬਦ ਸੁਆਂ ਸ਼ਬਦ ਤੋਂ ਬਣਿਆ ਹੋਇਆ ਹੈ। ਇਸ ਵਿੱਚ ਵੀ ਇਹ ਬਿੰਦੀ ਇਸ ਦੇ ਨਾਲ਼ ਹੀ ਰਹਿਣੀ ਹੈ। ਇਸੇ ਤਰ੍ਹਾਂ ਜਿਊਂਣ ਸ਼ਬਦ ਵੀ ਬਿੰਦੀ ਪਾ ਕੇ ਹੀ ਲਿਖਣਾ ਹੈ।
ਬਿੰਦੀ ਦੀ ਬੇਲੋੜੀ ਵਰਤੋਂ:
“””””””””””””””””””
ਕੁਝ ਲੋਕ ਅਜਿਹੇ ਸ਼ਬਦਾਂ, ਜਿਵੇਂ: ਆਪਣਾਂ, ਛਾਪਣਾਂ, ਖਾਣਾਂ (ਭੋਜਨ), ਏਨੀਂ, ਜਿੰਨੀਂ, ਕਿੰਨੀਂ ਆਦਿ ਸ਼ਬਦਾਂ ਨਾਲ਼ ਵੀ ਬਿੰਦੀ ਦੀ ਵਰਤੋਂ ਕਰ ਰਹੇ ਹਨ ਜਿਸ ਦੀ ਕਿ ਲੋੜ ਹੀ ਨਹੀਂ ਹੈ ਕਿਉਂਕਿ ਅਜਿਹੇ ਸ਼ਬਦਾਂ ਵਿੱਚ ਪਹਿਲਾਂ ਹੀ ਣ ਜਾਂ ਨ ਅਨੁਨਾਸਿਕ ਅੱਖਰ ਲੱਗੇ ਹੋਏ ਹਨ। ਇਸੇ ਕਾਰਨ ਹੀ ਸੌਂਣਾ ਸ਼ਬਦ ਵਿੱਚ ਸੌਂ ਤੋਂ ਬਾਅਦ ਣਾ ਉੱਤੇ ਬਿੰਦੀ ਨਹੀਂ ਪਾਈ ਗਈ। ਇਸ ਤੋਂ ਬਿਨਾਂ ਜੇਕਰ ਕਿਰਿਆ ਦੇ ਕਾਰਜ ਦੀ ਗੱਲ ਅੱਗੇ ਵੱਲ ਵਧ ਰਹੀ ਹੋਵੇ ਤਾਂ ਵੀ ਬਿੰਦੀ ਦੀ ਵਰਤੋਂ ਕੀਤੀ ਜਾਣੀ ਹੈ, ਜਿਵੇਂ: ਬਿਨਾਂ, ਜਿਨ੍ਹਾਂ, ਕਿਨ੍ਹਾਂ ਆਦਿ।
…………………………
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਸੰਪਰਕ: 98884-03052
**

ਕਾਰ/ਕਾਰਿੰਦਾ; ਵੱਸੋਂ/ਬਾਸ਼ਿੰਦਾ ਆਦਿ ਸਬਦਾਂ ਦੀ ਸਾਂਝ ਅਤੇ ਵਖਰੇਵਾਂ

“””””””””””””””””””””””””””””””””””””””””””””””””””””””””””””””””””””””””””””””””””””””””””””””””””””””””””””
ਕਰ (ਕਰਨਾ) ਸ਼ਬਦ ਸੰਸਕ੍ਰਿਤ ਮੂਲ ਦਾ ਹੈ। ਇਸ ਸ਼ਬਦ ਦਾ ਮੂਲ ਅਰਥਾਤ ਧਾਤੂ ‘ਕ੍ਰ’ ਹੈ। ‘ਕ੍ਰ’ ਧਾਤੂ ਜਾਂ ਕਰ ਸ਼ਬਦ ਦੇ ਮੂਲ ਅਰਥ ਹਨ- ਕੋਈ ਕੰਮ ਕਰਨਾ। ‘ਕਰ’ ਸ਼ਬਦ ਦੇ ਇੱਕ ਹੋਰ ਅਰਥ “ਹੱਥ” ਵੀ ਹਨ ਅਰਥਾਤ ਮਨੁੱਖੀ ਸਰੀਰ ਦਾ ਉਹ ਅੰਗ ਜਿਸ ਨਾਲ਼ ਕੋਈ ਕੰਮ ਕੀਤਾ ਜਾਵੇ। ਇਹਨਾਂ ਦੋਂਹਾਂ ਸ਼ਬਦਾਂ ਵਿੱਚ ਅੰਤਰ ਕੇਵਲ ਏਨਾ ਕੁ ਹੈ ਕਿ ਪਹਿਲੇ ਸ਼ਬਦ ਵਿੱਚ ‘ਰਾਰਾ’ ਅੱਖਰ ‘ਕੱਕੇ’ ਦੇ ਪੈਰਾਂ ਵਿੱਚ ਪੈਂਦਾ ਹੈ ਜਦਕਿ ਦੂਜੇ ਸ਼ਬਦ (ਕਰ) ਵਿੱਚ ਪੂਰਾ ‘ਰਾਰਾ’ ਲਿਖਿਆ ਜਾਂਦਾ ਹੈ। ਇਸ ਮੂਲ ਸ਼ਬਦ ‘ਕਰ’ ਜਾਂ ‘ਕ੍ਰ’ ਤੋਂ ਹੀ ਕਰਨਾ, ਕਿਰਿਆ, ਕਰਤਾ, ਕਿਰਤ, ਕਰਤਾਰੀ, ਕਾਰਜ, ਕਰਮ, ਕਰਮਣੀ ਆਦਿ ਸ਼ਬਦ ਬਣੇ ਹਨ। ‘ਕਰ’ ਸ਼ਬਦ ਨੂੰ ਆਧਾਰ ਬਣਾ ਕੇ ਕਿਸੇ ਵੱਡੀ ਹਸਤੀ ਨੂੰ ਸਤਿਕਾਰ ਦੇਣ ਲਈ ਉਸ ਦੇ ਹੱਥਾਂ ਨੂੰ ‘ਕਰ-ਕਮਲ’ ਵੀ ਆਖ ਦਿੱਤਾ ਜਾਂਦਾ ਹੈ। ਪੈਰ ਸ਼ਬਦ ਨਾਲ਼ ਜੋੜ ਕੇ ਅਜਿਹਾ ਹੀ ਇੱਕ ਸ਼ਬਦ-ਜੁੱਟ ‘ਕਰ-ਪੈਰ’ ਵਿੱਚ ਤਬਦੀਲ ਹੋ ਜਾਂਦਾ ਹੈ। ‘ਕਰ’ ਸ਼ਬਦ ਵਿੱਚ ਮਧੇਤਰ (ਅਗੇਤਰ-ਪਿਛੇਤਰ ਵਾਂਗ: ਵਿਚਕਾਰ) ਕੰਨਾ ਲਾ ਕੇ ‘ਕਾਰ’ ਸ਼ਬਦ ਵੀ ਇਸੇ ਸ਼ਬਦ ਤੋਂ ਹੀ ਬਣਿਆ ਹੈ ਜਿਸ ਦੇ ਅਰਥ ਹਨ: ਕੰਮ ਜਾਂ ਕਿੱਤਾ ਆਦਿ।
ਇਸੇ ਤੋਂ ਕੁਝ ਹੋਰ ਸ਼ਬਦ-ਜੁੱਟ, ਜਿਵੇਂ: ਕੰਮ-ਕਾਰ, ਕਾਰ-ਸੇਵਾ, ਕਾਰ-ਵਿਹਾਰ ਆਦਿ ਵੀ ਬਣੇ ਹਨ। ‘ਕਾਰ’ ਸ਼ਬਦ ਦੇ ਇੱਕ ਹੋਰ ਅਰਥ- ਲਕੀਰ (ਜਿਵੇਂ:ਰਾਮ ਕਾਰ) ਵੀ ਹਨ ਜੋਕਿ ਸੰਸਕ੍ਰਿਤ ਭਾਸ਼ਾ ਦੇ ‘ਲਕਾਰ’ (ਰੇਖਾ ਜਾਂ ਲਕੀਰ) ਸ਼ਬਦ ਤੋਂ ਬਣਿਆ ਹੈ। ‘ਕਾਰ-ਸੇਵਾ’ ਸ਼ਬਦਾਂ ਵਿਚਲਾ ‘ਕਾਰ’ ਸ਼ਬਦ ਸੰਸਕ੍ਰਿਤ ਦੇ ‘ਕਾਰਦ੍’ ਸ਼ਬਦ ਤੋਂ ਬਣਿਆ ਹੈ ਜਿਸ ਦੇ ਅਰਥ ਹਨ: ਪਾਣੀ ਜਾਂ ਤੇਲ ਆਦਿ ਥੱਲੇ ਜੰਮੀ ਹੋਈ ਮਿੱਟੀ। ਇਸ ਪ੍ਕਾਰ ‘ਕਾਰ-ਸੇਵਾ’ ਦਾ ਅਰਥ ਹੋਇਆ- ਕਿਸੇ ਟੋਭੇ ਜਾਂ ਸਰੋਵਰ ਆਦਿ ਵਿੱਚੋਂ ਗਾਰਾ ਜਾਂ ਮਿੱਟੀ ਆਦਿ ਕੱਢਣਾ। ‘ਕਾਰਦ੍’ ਸਬਦ ਵਿੱਚ ਰ ਅਤੇ ਦ ਦੀਆਂ ਦੋਵੇਂ ਧੁਨੀਆਂ ਸ਼ਾਮਲ ਹੋਣ ਕਾਰਨ ਹੀ ਕਈ ਲੋਕ ਇਸ ਨੂੰ ‘ਗਾਰ’ ਅਤੇ ਕਈ ‘ਗਾਦ’ ਵੀ ਕਹਿ ਦਿੰਦੇ ਹਨ। ‘ਕਾਰਦ੍’ ਵਿਚਲੀ ‘ਕ’ ਧੁਨੀ ਲੋਕ-ਉਚਾਰਨ ਕਾਰਨ ਹੌਲ਼ੀ-ਹੌਲ਼ੀ ‘ਗ’ ਧੁਨੀ ਵਿੱਚ ਬਦਲ ਗਈ ਹੈ। ਫ਼ਾਰਸੀ ਭਾਸ਼ਾ ਵਿੱਚ ਵੀ ਇਹਨਾਂ ਸ਼ਬਦਾਂ (ਗਾਰ ਜਾਂ ਗਾਦ) ਦੇ ਲਗ-ਪਗ ਸਮਾਨਾਂਤਰ ਅਤੇ ਮਿਲ਼ਦਾ-ਜੁਲ਼ਦਾ ਹੀ ਇੱਕ ਸ਼ਬਦ ਹੈ- ਗਰਦ ਜਾਂ ਗਰਦਾ ਜਿਸ ਦੇ ਅਰਥ ਹਨ- ਘੱਟਾ ਜਾਂ ਧੂੜ ਆਦਿ।
ਸੰਸਕ੍ਰਿਤ ਭਾਸ਼ਾ ਦੇ ‘ਕਾਰ’ ਸ਼ਬਦ ਵਾਂਗ ਇੱਕ ‘ਕਾਰ’ ਸ਼ਬਦ ਫ਼ਾਰਸੀ ਭਾਸ਼ਾ ਵਿੱਚ ਵੀ ਹੈ ਜਿਸ ਦੇ ਇੱਕ ਅਰਥ ਸੰਸਕ੍ਰਿਤ ਦੇ ‘ਕਾਰ’ ਸ਼ਬਦ ਦੇ ਸਮਾਨਾਰਥੀ ਹੀ ਹਨ: ਕੰਮ-ਧੰਦਾ ਜਾਂ ਕਾਰੋਬਾਰ ਆਦਿ। ਸੰਸਕ੍ਰਿਤ ਵਿੱਚ ਭਾਵੇਂ ‘ਕਾਰ’ ਸ਼ਬਦ ‘ਕਰ’ ਧਾਤੂ ਤੋਂ ਹੀ ਬਣਿਆ ਹੋਇਆ ਹੈ ਪਰ ਫ਼ਾਰਸੀ ਭਾਸ਼ਾ ਦਾ ‘ਕਾਰ’ ਸ਼ਬਦ ‘ਕਰ’ ਤੋਂ ਨਹੀਂ ਬਣਿਆ ਹੋਇਆ। ਦਰਅਸਲ ਫ਼ਾਰਸੀ ਵਿੱਚ ‘ਕਰ’ ਨਾਮ ਦਾ ਕੋਈ ਸ਼ਬਦ ਹੀ ਨਹੀਂ ਹੈ ਪਰ ਫਿਰ ਵੀ ਦੋਂਹਾਂ ਭਾਸ਼ਾਵਾਂ ਵਿੱਚ ‘ਕਾਰ’ ਸ਼ਬਦ ਦੇ ਅਰਥ ਇਕਸਮਾਨ ਹੀ ਹਨ। ਸੰਸਕ੍ਰਿਤ ਵਾਂਗ ਫ਼ਾਰਸੀ ਭਾਸ਼ਾ ਵਿੱਚ ਵੀ ‘ਕਾਰ’ ਸ਼ਬਦ ਤੋਂ ਕਈ ਸ਼ਬਦ ਬਣੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਸ਼ਬਦ ਹੈ- ‘ਕਾਰਿੰਦਾ’। ਇਸ ਸ਼ਬਦ ਦੇ ਅਰਥ ਹਨ: ਕੰਮ ਕਰਨ ਵਾਲਾ, ਨੌਕਰ ਜਾਂ ਮਜ਼ਦੂਰ ਆਦਿ। ਇਹ ਸ਼ਬਦ ਕਿਉਂਕਿ ਫ਼ਾਰਸੀ ਭਾਸ਼ਾ ਨਾਲ਼ ਸੰਬੰਧ ਰੱਖਦਾ ਹੈ ਅਤੇ ਫ਼ਾਰਸੀ ਭਾਸ਼ਾ ਦੇ ਹੀ ‘ਕਾਰ’ ਸ਼ਬਦ ਤੋਂ ਬਣਿਆ ਹੋਇਆ ਹੈ ਇਸ ਲਈ ਇਸ ਨੂੰ ‘ਕਰਿੰਦਾ’ ਅਰਥਾਤ ਬਿਨਾਂ ਕੰਨੇ ਤੋਂ ਲਿਖਣਾ ਪੂਰੀ ਤਰ੍ਹਾਂ ਗ਼ਲਤ ਹੈ ਕਿਉਂਕਿ ਪੰਜਾਬੀ ਭਾਸ਼ਾ ਨੇ ਵੀ ਇਸ ਸ਼ਬਦ ਨੂੰ ਇਸ ਦੇ ਮੂਲ ਅਰਥਾਤ ਤਤਸਮ ਰੂਪ ਵਿੱਚ ‘ਕਾਰਿੰਦਾ’ ਦੇ ਤੌਰ ‘ਤੇ ਹੀ ਅਪਣਾਇਆ ਹੋਇਆ ਹੈ ਪਰ ਅਸੀਂ ਆਮ ਤੌਰ ‘ਤੇ ਇਸ ਸ਼ਬਦ ਨੂੰ ਹਿੰਦੀ/ਸੰਸਕ੍ਰਿਤ ਮੂਲ ਦੇ ‘ਕਰ’ ਸ਼ਬਦ ਤੋਂ ਬਣਿਆ ਹੋਇਆ ਸਮਝ ਕੇ ਜਾਂ ਅਗਿਆਨਤਾਵੱਸ ਬਿਨਾਂ ਕੰਨੇ ਤੋਂ ‘ਕਰਿੰਦਾ’ ਹੀ ਲਿਖ ਦਿੰਦੇ ਹਾਂ ਜੋਕਿ ਇੱਕ ਵੱਡੀ ਕੁਤਾਹੀ ਹੈ। ਸ਼ਾਇਦ ਬਹੁਤ ਹੀ ਘੱਟ ਲੋਕ ਹੋਣਗੇ ਜੋ ਇਸ ਸ਼ਬਦ ਨੂੰ ਇਸ ਦੇ ਸ਼ੁੱਧ ਸ਼ਬਦ-ਜੋੜਾਂ ਨਾਲ਼ ‘ਕਾਰਿੰਦਾ’ ਲਿਖਦੇ ਹੋਣਗੇ।
ਕਾਰਿੰਦਾ ਤੋਂ ਬਿਨਾਂ ਜਿਹੜੇ ਕੁਝ ਹੋਰ ਸ਼ਬਦ ਫ਼ਾਰਸੀ ਭਾਸ਼ਾ ਦੇ ‘ਕਾਰ’ ਸ਼ਬਦ ਤੋਂ ਬਣੇ ਹੋਏ ਹਨ, ਉਹ ਹਨ: ਕਾਰਾ (ਪੁੱਠਾ ਕੰਮ); ਕਾਰਨਾਮਾ (ਵਰਨਣਯੋਗ ਕੰਮ); ਕਾਰ-ਮੁਖ਼ਤਿਆਰ (ਜਿਸ ਨੂੰ ਕੰਮ ਕਰਨ ਦਾ ਇਖ਼ਤਿਆਰ ਦਿੱਤਾ ਗਿਆ ਹੋਵੇ); ਕਾਰਗਰ (ਕੰਮ ਕਰਨ ਵਾਲ਼ੀ ਚੀਜ਼, ਗੁਣਕਾਰੀ, ਫ਼ਾਇਦੇਮੰਦ); ਕਾਰਖ਼ਾਨਾ (ਕੰਮ ਕਰਨ ਦਾ ਸਥਾਨ, ਕਾਰਗਾਹ); ਕਾਰਕੁੰਨ (ਕੰਮ ਕਰਨ ਵਾਲ਼ਾ, ਕਾਰਦਾਰ); ਕਾਰਵਾਈ (ਕਾਰ+ਰਵਾਈ, ਕੰਮ ਦਾ ਚਲਨ, ਕਾਰ-ਕਰਦਗੀ, ਕਾਰਗੁਜ਼ਾਰੀ); ਕਾਰ-ਆਮਦ (ਕੰਮ ਆਉਣ ਵਾਲ਼ੀ ਚੀਜ਼); ਕਾਰਸਤਾਨੀ (ਸ਼ੈਤਾਨਾਂ ਵਾਲ਼ਾ ਕੰਮ); ਕਾਰੀਗਰ (ਕੰਮ ਕਰਨ ਵਾਲਾ, ਕੰਮ ਦਾ ਮਾਹਰ); ਕਾਰੋਬਾਰ (ਕੰਮ-ਧੰਦਾ) ਆਦਿ।
‘ਕਾਰਿੰਦਾ’ ਸ਼ਬਦ ਵਾਂਗ ਹੀ ਇਸ ਸ਼ਬਦ ਨਾਲ਼ ਮਿਲ਼ਦਾ-ਜੁਲ਼ਦਾ ਇੱਕ ਹੋਰ ਸ਼ਬਦ ‘ਬਾਸ਼ਿੰਦਾ’ ਵੀ ਫ਼ਾਰਸੀ ਭਾਸ਼ਾ ਨਾਲ਼ ਹੀ ਸੰਬੰਧ ਰੱਖਦਾ ਹੈ। ਇਸ ਸ਼ਬਦ ਨੂੰ ਵੀ ਪੰਜਾਬੀ ਭਾਸ਼ਾ ਨੇ ਇਸ ਦੇ ਤਤਸਮ ਰੂਪ ਵਿੱਚ ਹੀ ਅਪਣਾਇਆ ਹੋਇਆ ਹੈ। ‘ਬਾਸ਼ਿੰਦਾ’ ਸ਼ਬਦ ਦੇ ਅਰਥ ਹਨ: ਕਿਸੇ ਵਿਸ਼ੇਸ਼ ਸਥਾਨ ‘ਤੇ ਰਹਿਣ ਵਾਲ਼ਾ ਜਾਂ ਉੱਥੋਂ ਦਾ ਵਸਨੀਕ। ਇਸ ਸ਼ਬਦ ਦੇ ਸ਼ਬਦ-ਜੋੜ ਅਤੇ ਅਰਥ ਕਾਰਿੰਦਾ ਦੇ ‘ਕਾਰ’ ਸ਼ਬਦ ਵਾਂਗ ਹੀ ਸੰਸਕ੍ਰਿਤ-ਮੂਲ ਦੇ ਸ਼ਬਦਾਂ: ਵੱਸੋਂ ਜਾਂ ਵਸੇਬਾ ਆਦਿ ਨਾਲ਼ ਬਹੁਤ ਜ਼ਿਆਦਾ ਰਲ਼ਦੇ-ਮਿਲ਼ਦੇ ਹੋਣ ਕਾਰਨ ਕੁਝ ਲੋਕ ਇਸ ਨੂੰ ਇਹਨਾਂ ਸ਼ਬਦਾਂ ਤੋਂ ਹੀ ਬਣਿਆ ਹੋਇਆ ਸਮਝ ਕੇ ਇਸ ਨੂੰ ਕੰਨੇ ਤੋਂ ਬਿਨਾਂ ਅਰਥਾਤ ਬਸ਼ਿੰਦਾ ਹੀ ਲਿਖ ਦਿੰਦੇ ਹਨ ਜੋਕਿ ਭਾਸ਼ਾਈ ਅਤੇ ਵਿਆਕਰਨਿਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ।
ਸੋ, ਉਪਰੋਕਤ ਅਨੁਸਾਰ ਅਸੀਂ ਦੇਖਦੇ ਹਾਂ ਕਿ ਹਿੰਦੀ/ਪੰਜਾਬੀ ਭਾਸ਼ਾਵਾਂ ਵਾਂਗ ਫ਼ਾਰਸੀ ਭਾਸ਼ਾ ਵਿੱਚ ਵੀ ਕਿਸੇ ਕੰਮ-ਧੰਦੇ ਆਦਿ ਲਈ ‘ਕਾਰ’ ਸ਼ਬਦ ਹੀ ਵਰਤਿਆ ਜਾਂਦਾ ਹੈ। ਇਸ ਦੇ ਪਿੱਛੇ ਕਾਰਨ ਇਹੋ ਹੀ ਹੋ ਸਕਦਾ ਹੈ ਕਿ ਸੰਸਕ੍ਰਿਤ ਅਤੇ ਫ਼ਾਰਸੀ ਦੋਵੇਂ ਭਾਸ਼ਾਵਾਂ ਇੱਕ ਹੀ ਭਾਸ਼ਾ-ਪਰਿਵਾਰ ਅਰਥਾਤ ਅਾਰੀਆਈ ਭਾਸ਼ਾ-ਪਰਿਵਾਰ ਨਾਲ਼ ਸੰਬੰਧਿਤ ਹਨ। ਦੋਂਹਾਂ ਭਾਸ਼ਾਵਾਂ ਦੇ ਕਈ ਸ਼ਬਦ ਆਪਸ ਵਿੱਚ ਰਲ਼ਦੇ-ਮਿਲ਼ਦੇ ਹੋਣ ਦਾ ਕਾਰਨ ਵੀ ਇਹੋ ਹੀ ਹੈ ਕਿ ਇਹਨਾਂ ਦੋਂਹਾਂ ਭਾਸ਼ਾਵਾਂ ਦੀ ਆਪਸ ਵਿੱਚ ਬਹੁਤ ਪੁਰਾਤਨ ਸਾਂਝ ਹੈ।
ਇਸੇ ਤਰ੍ਹਾਂ ‘ਰੰਗ’ ਸ਼ਬਦ ਦੇ ਪੰਜਾਬੀ/ਹਿੰਦੀ ਭਾਸ਼ਾਵਾਂ ਵਿੱਚ ਵੀ ਉਹੀ ਅਰਥ ਹਨ ਜੋ ਫ਼ਾਰਸੀ ਭਾਸ਼ਾ ਵਿੱਚ ਹਨ। ਇਸੇ ਕਰਕੇ ਕੱਪੜੇ ਰੰਗਣ ਵਾਲੇ ਨੂੰ ਫ਼ਾਰਸੀ ਭਾਸ਼ਾ ਵਿੱਚ ‘ਰੰਗਰੇਜ਼’ ਆਖਿਆ ਜਾਂਦਾ ਹੈ। ਇਸੇ ਪ੍ਰਕਾਰ ਰੰਗ-ਸਾਜ਼ (ਰੰਗਣ ਵਾਲ਼ਾ), ਰੰਗਦਾਰ (ਰੰਗੀਨ), ਰੰਗ-ਬਰੰਗਾ (ਕਈ ਰੰਗਾਂ ਵਾਲ਼ਾ), ਰੰਗ-ਰੋਗਨ, ਰੰਗਾ-ਰੰਗ (ਵੱਖ-ਵੱਖ ਰੰਗਾਂ ਦਾ/ਵੱਖ-ਵੱਖ ਰਸ-ਰੰਗਾਂ ਵਾਲ਼ਾ) ਆਦਿ ਸ਼ਬਦ ਵੀ ਫ਼ਾਰਸੀ ਭਾਸ਼ਾ ਨਾਲ਼ ਹੀ ਸੰਬੰਧ ਰੱਖਦੇ ਹਨ ਅਤੇ ਇਹ ਸਾਰੇ ਸ਼ਬਦ ਫ਼ਾਰਸੀ ਭਾਸ਼ਾ ਦੇ ਇਸੇ ਸ਼ਬਦ ‘ਰੰਗ’ ਤੋਂ ਹੀ ਬਣੇ ਹੋਏ ਹਨ। ਫ਼ਰਕ ਕੇਵਲ ਏਨਾ ਹੀ ਹੈ ਕਿ ਫ਼ਾਰਸੀ ਭਾਸ਼ਾ ਵਿੱਚ ‘ਰੰਗ’ ਸ਼ਬਦ ਦੇ ਹਿੰਦੀ/ਪੰਜਾਬੀ ਦੇ ਅਰਥਂ ਵਾਲ਼ੇ ‘ਰੰਗ’ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਅਰਥ ਹਨ, ਜਿਵੇਂ: ਹਾਲ-ਹਵਾਲ, ਖ਼ੁਸ਼ਹਾਲੀ, ਰਸ, ਰੌਣਕ, ਰੰਗ-ਢੰਗ ਆਦਿ।
ਇਸੇ ਤਰ੍ਹਾਂ ਉਪਰੋਕਤ ਸ਼ਬਦਾਂ ਵਾਂਗ ਹੋਰ ਵੀ ਕਈ ਸ਼ਬਦ ਅਜਿਹੇ ਹਨ ਜੋ ਜਾਂ ਤਾਂ ਹੂ-ਬਹੂ ਫ਼ਾਰਸੀ ਭਾਸ਼ਾ ਦੇ ਸ਼ਬਦਾਂ ਨਾਲ਼ ਮੇਲ਼ ਖਾਂਦੇ ਹਨ ਜਾਂ ਕਾਫ਼ੀ ਹੱਦ ਤਕ ਉਹਨਾਂ ਦਾ ਮੁਹਾਂਦਰਾ ਅਤੇ ਅਰਥ ਫ਼ਾਰਸੀ ਭਾਸ਼ਾ ਦੇ ਸ਼ਬਦਾਂ ਨਾਲ਼ ਕਾਫ਼ੀ ਹੱਦ ਤੱਕ ਮੇਲ਼ ਖਾਂਦੇ ਹਨ। ਇਸ ਦਾ ਕਾਰਨ ਉਪਰੋਕਤ ਹੀ ਹੈ ਕਿ ਇਹ ਦੋਵੇਂ ਭਾਸ਼ਾਵਾਂ ਇੱਕ ਹੀ ਭਾਸ਼ਾ-ਪਰਿਵਾਰ ਦੀਆਂ ਦੋ ਵੱਖ-ਵੱਖ ਸ਼ਾਖਾਵਾਂ ਹਨ ਜਿਸ ਨੂੰ ਕਿ ‘ਅਾਰੀਆਈ ਭਾਸ਼ਾ-ਪਰਿਵਾਰ’ ਕਿਹਾ ਜਾਂਦਾ ਹੈ।
**
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ.98884-03052.
***
661
***

About the author

ਜਸਵੀਰ ਸਿੰਘ ਪਾਬਲਾ
00919888403052. | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਲੰਗੜੋਆ, ਨਵਾਂਸ਼ਹਿਰ।

ਜਸਵੀਰ ਸਿੰਘ ਪਾਬਲਾ

ਲੰਗੜੋਆ, ਨਵਾਂਸ਼ਹਿਰ।

View all posts by ਜਸਵੀਰ ਸਿੰਘ ਪਾਬਲਾ →