ਇਹ ਕਹਾਣੀ ਸੰਗ੍ਰਹਿ ਪੰਜਾਬੀ ਲੇਖਕ ਤੇ ਪਾਠਕਾਂ ਦੇ ਨਾਂ ਕੀਤਾ ਗਿਆ ਹੈ। ਇਸ ਵਿਚ ਤਿੰਨ ਸਫ਼ਿਆਂ ਵਿੱਚ “ਦੋ ਸ਼ਬਦ”, ਤਤਕਰਾ ਅਤੇ 236 ਸਫ਼ਿਆਂ ਵਿੱਚ ਸਤਾਰਾਂ ਕਹਾਣੀਆਂ ਛਾਪੀਆਂ ਗਈਆਂ ਹਨ। “ਦੋ ਸ਼ਬਦ” ਵਿੱਚ ਸੰਪਾਦਕ ਨੇ ਕਨਾਟਾ, ਕੈਨੇਡਾ ਕਨੇਡਾ ਅਤੇ ਕਨਾਡਾ ਚਾਰ ਨਾਂ ਮੂਲਕ ਸ਼ਬਦ ਵੱਖ ਵੱਖ ਤੱਤ ਭਵ ਰੂਪਾਂ ਅਤੇ ਸ਼ਬਦ ਜੋੜਾਂ ਵਿੱਚ ਲਿਖਿਆ ਹੈ। ਮੇਰੇ ਮਤ ਅਨੁਸਾਰ ਸਹੀ ਉਚਾਰਣ ਕੈਨੈਡਾ ਹੋਣਾ ਚਾਹੀਦਾ ਹੈ। ਆਧਾਰ ਪਬਲੀਕੇਸ਼ਨ ਦੇ ਦੇਸ਼ ਨਿਰਮੋਹੀ ਦਾ ਖਾਸ ਜ਼ਿਕਰ ਕਰਨਾ ਬਣਦਾ ਹੈ। ਉਹਨਾਂ ਨੇ ਹੀ ਨਿਰਮਲ ਜਸਵਾਲ ਨੂੰ ਹੱਥਲਾ ਕਹਾਣੀ ਸੰਗ੍ਰਹਿ ਤਿਆਰ ਕਰਨ ਲਈ ਪ੍ਰੇਰਿਤ ਕੀਤਾ।
ਗਿੱਲੀਆਂ ਅੱਖਾਂ ਸੱਤ ਸਫ਼ਿਆਂ ਵਿਚ ਲਿਖੀ, ਅਜਮੇਰ ਰੋਡੇ ਦੀ ਕਹਾਣੀ ਦਾ ਕਥਾ ਕਾਲ ਪੰਜਾਹਵਿਆਂ ਦੇ ਵੇਲੇ ਦਾ ਪੰਜਾਬ ਹੈ। ਹਾਂ, ਇਹ ਕੈਨੇਡਾ ਦੇ ਲੇਖਕ ਦੀ ਹੈ, ਪਰ ਕੈਨੇਡਾ ਦੇ ਵਰਤਮਾਨ ਦੀ ਕਹਾਣੀ ਨਹੀਂ ਹੈ। ਇਹ ਕਹਾਣੀ ਇਕ ਜਾਨਵਰ ਪ੍ਰਤੀ ਹਮਦਰਦੀ (empathy), ਤਰਸ ਅਤੇ ਭਾਵਨਾ ਭਰਪੂਰ ਅਤੇ ਕਲਾ ਪੱਖ ਤੋਂ ਮੁਕੰਮਲ ਕਹਾਣੀ ਹੈ। ਇਹ ਜਾਨਵਰਾਂ ਨਾਲ ਢਾਹੇ ਜਾਂਦੇ ਅਮਾਨਵੀ ਜ਼ੁਲਮ ਬਾਰੇ ਹੈ। ਜਿਵੇਂ ਜਵਾਨ ਵਹਿੜਕੇ ਨੂੰ ਸਲੋਤਰਖਾਨੇ ਲਿਜਾਣ ਦੀ ਥਾਂ ਆਪਣੀ ਹਵੇਲੀ ਵਿੱਚ ਹੀ ਇਕ ਦੇਸੀ ਖਤਰਨਾਕ ਬਹੁਤ ਹੀ ਤਕਲੀਫਦੇਹ ਤਰੀਕੇ ਨਾਲ ਖੱਸੀ ਕਰਨਾ। ਜਿਵੇਂ ਸਲੋਰਤਰ ਖਾਨੇ ਲਿਜਾਣ ਦੀ ਥਾਂ ਹਵੇਲੀ ਵਿੱਚ ਹੀ ਲੋਹੇ ਦੀ ਸੰਨੀ ਨਾਲ ਵਹਿੜਕੇ ਦੇ ਮਤਾਲੂ ਘੁੱਟ ਕੇ ਖੱਸੀ ਕਰ ਦਿੱਤਾ ਜਾਂਦਾ ਹੈ। “ਮੇਰੇ ਵਲ ਕੀ ਵੇਹੰਨਾ, ਫੜ ਲੈ ਸੰਨ੍ਹੀ, ਕਿਹੜਾ ਹਵਾਈ ਜਹਾਜ਼ ਚਲਾਉਣਾ”। (16) ਇਸ ਵਰਤਾਰੇ ਦਾ ਵਹਿੜਕੇ ਅਤੇ ਉਸਦੇ ਮਾਨਵੀ ਦੋਸਤ ਨਿਹਾਲੇ ਦੇ ਮਨ ਤੇ ਗਹਿਰਾ ਅਸਰ ਪੈਂਦਾ ਹੈ। ਇਸਦਾ ਬਿਰਤਾਂਤ ਦਿਲ ਨੂੰ ਝੰਜੋੜਨ ਵਾਲਾ ਹੈ। ‘ਮੁੰਡਾ ਹੱਥੋਂ ਗਿਆ’ ਬਾਰਾਂ ਸਫ਼ੇ ਦੀ ਕਹਾਣੀ ਅਮਰਜੀਤ ਚਾਹਲ ਦੀ ਪਰਿਵਾਰਕ ਮਸਲੇ ਅਤੇ ਭਾਰਤੀ ਮਾਪਿਆ ਦਾ ਕੈਨੇਡਾ ਆਕੇ ਵੀ ਆਪਣੇ ਬਾਲ ਬੱਚੇਦਾਰ ਮੁੰਡੇ ਜਗਦੀਪ ਨੂੰ ਕੰਟ੍ਰੋਲ ਕਰਨ ਦੀ ਲਾਲਸਾ ਦੀ ਬਾਤ ਪਾਉਂਦੀ ਹੈ। ਇਹ ਕਹਾਣੀ 20-25 ਸਾਲ ਪੁਰਾਣੀ ਲਗਦੀ ਹੈ। ਜੇ ਦੋ ਚਾਰ ਸਾਲ ਪਹਿਲਾਂ ਲਿਖੀ ਹੁੰਦੀ ਤਾਂ ਇਸ ਵਿੱਚ ਊਭਰ (ਟੈਕਸੀ) ਦਾ, ਵਿਦਿਆਰਥੀਆਂ ਦਾ ਅਤੇ ਸੁਪਰ ਵੀਜ਼ਾ ਉਪਰ ਆਏ ਲੋਕਾਂ ਦਾ ਜਿਕਰ ਜਰੂਰ ਹੋਣਾ ਸੀ। ਪਤੀ ਜੇ ਆਪਣੀ ਪਤਨੀ ਦੀ ਗੱਲ ਸੁਣਦਾ ਹੈ ਤਾਂ ਸਾਡੇ ਸਮਾਜ ਵਿੱਚ ਸਮਝ ਲਿਆ ਜਾਂਦਾ ਹੈ ਕਿ ਮੁੰਡਾ ਹੱਥੋਂ ਗਿਆ। ਜੇ ਕਿਸੇ ਸਿਆਣੇ ਬੰਦੇ ਦੀ ਗੱਲ ਸੁਣਦਾ ਹੈ ਤਾਂ ਕਾਮਰੇਡ ਜਾਂ ਕਿਸੇ ਯੁਨੀਅਨ ਦਾ ਮੈਂਬਰ। ਜਿਸ ਨਾਲ ਦੇਸੋਂ ਆਏ ਮਾਪਿਆਂ ਦੇ ਮਨ ਚਾਹੇ ਮਨਸੂਬਿਆਂ ਤੇ ਪਾਣੀ ਫਿਰ ਜਾਂਦਾ ਹੈ। “ਬੰਦੀ” ਇੱਕੀ ਸਫੇ ਦੀ ਕਹਾਣੀ ਵਿੱਚ ਬਲਬੀਰ ਕੌਰ ਸੰਘੇੜਾ ਨੇ ਦੋ ਅਲੱਗ ਅਲੱਗ ਇਕੱਲੀਆਂ ਰਹਿੰਦੀਆਂ ਔਰਤਾਂ (ਸਿੰਗਲ ਮਾਮਜ) ਵੱਲੋਂ ਆਪਣੇ ਬਚਿਆਂ ਨੂੰ ਪਾਲਣ ਪੋਸਣ ਵਿੱਚ ਦਿਨ ਰਾਤ ਮਿਹਨਤ ਕਰਦਿਆਂ ਵਿਖਾਇਆ ਹੈ। ਸਿਲਵੀਆਂ ਕੰਮ ਕਰਦੀ, ਪਰੇਸ਼ਾਨੀ ਝੱਲਦੀ, ਬੱਚਿਆਂ ਦਾ ਧਿਆਨ ਕਰਦੀ ਕਰਦੀ ਆਪ ਬੀਮਾਰ ਪੈ ਜਾਂਦੀ ਹੈ ਅਤੇ ਖਤਮ ਹੋ ਜਾਂਦੀ ਹੈ। ਉਸ ਨੂੰ ਤਸੱਲੀ ਹੈ ਕਿ ਉਸਦੀ ਅਣਥੱਕ ਮਿਹਨਤ ਕਾਰਣ, ਬੱਚੇ ਚੰਗੇ ਨਿਕਲਦੇ ਅਤੇ ਆਤਮ ਨਿਰਭਰ ਹੋ ਜਾਂਦੇ ਹਨ। ਇਸ ਕਹਾਣੀ ਵਿੱਚ ਕੁੱਝ ਇਕ ਏਸ਼ੀਅਨ ਮੂਲ ਦੇ ਲੋਕਾਂ ਵਿੱਚ, ਗੁਪਤ ਰੂਪ ਵਿੱਚ, ਸਮਲਿੰਗੀ ਸੰਬੰਧਾਂ ਨੂੰ ਕਾਇਮ ਕਰਨ ਦੀ ਗੱਲ ਕੀਤੀ। ਐਸੈ ਸੰਬੰਧਾਂ ਕਰਕੇ ਕਈ ਪਰਿਵਾਰ ਟੁੱਟਦੇ ਵਿਖਾਏ ਹਨ। ‘ਬਰਫ਼ ਦਾ ਗੀਤ’ ਚੌਵੀ ਸਫ਼ੇ ਦੀ ਕਹਾਣੀ ਵਿੱਚ ਸਾਧੂ ਬਿਨਿੰਗ ਨੇ ਬਜ਼ੁਰਗ ਚਰਨ ਸਿੰਘ ਦਾ ਬੱਚਿਆਂ ਦੀ ਗੁਲਾਮੀ ‘ਚੋਂ ਬਾਹਰ ਨਿਕਲ ਕੇ ਆਜ਼ਾਦੀ ਨਾਲ ਆਤਮ ਨਿਰਭਰ ਹੋ ਕੇ, ਮਾਣ ਅਤੇ ਵਿਸ਼ਵਾਸ਼ ਨਾਲ ਜੀਊਣ ਦੀ ਜੁਰਅਤ ਨੂੰ ਦਿਖਾਇਆ ਹੈ। ਕਹਾਣੀ ਦਾ ਅੰਤ ਬਹੁਤ ਹੀ ਕਮਾਲ ਦਾ ਹੈ। ਚਰਨ ਸਿੰਘ ਸਵੇਰੇ ਸਵੇਰੇ ਘਰੋੰ ਕੰਮ ਤੇ ਨਿਕਲਦਾ ਹੈ। ਪਾਠਕ ਵੀ ਉਸਦੇ ਪਿਛੇ ਜਾ ਰਿਹਾ ਹੁੰਦਾ ਹੈ। ਜਦੋਂ ਉਹ ਕੰਮ ਦੇ ਜਾਣ ਵਾਲੀ ਬੱਸ ਫੜਨ ਵੀ ਬਜਾਏ, ਆਪਣੇ ਦੋਸਤ ਜਵਾਲਾ ਸਿੰਘ ਦੇ ਘਰ ਵੱਲ ਮੁੜਦਾ ਹੈ ਤਾਂ ਪਾਠਕ ਨੂੰ ਬੜੀ ਤਸੱਲੀ ਹੁੰਦੀ ਹੈ ਕਿ ਉਹ ਹੁਣ ਆਜ਼ਾਦ ਹੋ ਗਿਆ। “ਪਾਣੀ” ਬਾਈ ਸਫ਼ੇ ਦੀ ਜਰਨੈਲ ਸਿੰਘ ਕਹਾਣੀਕਾਰ ਦੀ ਕਹਾਣੀ ਇਕ ਪਰਿਵਾਰ ਵਿੱਚ ਪੰਜਾਬੀ ਤੇ ਕਨੇਡੀਅਨ ਵਿਚਾਰਾਂ ਅਤੇ ਸੋਚ ਵਿਚਲੇ ਪਾੜੇ ਦੇ ਮਸਲੇ ਬਾਰੇ ਹੈ। ਪਰਿਵਾਰ ਨਾਲ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ, ਦੇਸ ਬਿਦੇਸ ਵਿਚ, ਘਟੀਆਂ ਘਟਨਾਵਾਂ ਅਤੇ ਕਥਾਵਾਂ ਰਾਹੀਂ, ਅੰਤ ਤੱਕ ਪਹੁੰਚੀ ਇਹ ਕਹਾਣੀ, ਪਿੰਡੋਂ ਵਤਨ ਤੋਂ ਆਈ, ਇਕ ਫੋਨ ਕਾਲ ਨਾਲ ਖਤਮ ਹੁੰਦੀ ਹੈ। ਸਰਕਾਰੇ ਦਰਬਾਰੇ ਰਸੂਖ ਰੱਖਣ ਵਾਲਾ ਭਤੀਜ ਕਹਿ ਰਿਹਾ ਕਿ ‘ਐਥੇ ਤਾਂ ਧਰਤੀ ਹੇਠਲਾ ਪਾਣੀ ਮੁੱਕ ਚਲਿਆ, ਮੈਂ ਕੋਈ ਹੋਰ ਜੁਗਾੜ ਪਿਟ ਕਰਨਾ ਚਾਹੁੰਨਾ’ ਲਾਉਣਾ। ਮੁਖਤਾਰਨਾਮਾ ਭੇਜ ਦਿਓ ।‘ ਆਪਣੇ ਪੁੱਤ ਤੋਂ ਆਪਣੀ ਜ਼ਮੀਨ ਬਚਾਅ ਕੇ ਰੱਖਣ ਵਾਲੀ ਸੁਖਜੀਤ ਇਕ ਦਮ ਲੁੱਟੀ ਹੋਈ ਮਹਿਸੂਸ ਕਰਦੀ ਹੈ। ਸੋਚਦੀ ਹੈ ਕਿ ਉਸਨੂੰ ਫੋਨ ਆਇਆ ਵੀ ਸੀ ਕਿ ਨਹੀਂ। ਪਰ ਲਗਦਾ ਉਸਦਾ ਭਤੀਜਾ ਉਸ ਨੂੰ ਠੱਗ ਲਵੇਗਾ, ਇਸ ਪਾਣੀ ਮੁੱਕਣ ਵਾਲੀ ਨਵੀਂ ਜੁਗਤ ਨਾਲ। ਕਹਾਣੀਕਾਰ ਦੱਸਦਾ ਹੈ ਮੋਹ ਦੇ ਰਿਸ਼ਤੇ ਖਤਮ ਹੋ ਰਹੇ ਹਨ। ਇਸ ਕਹਾਣੀ ਵਿੱਚ ਪਾਰਟੀਆਂ ਦੇ ਫ਼ਜ਼ੂਲ ਖਰਚੀ ਤੇ ਇਕ ਸੰਵਾਦ ਬਹੁਤ ਚੰਗਾ ਲੱਗਾ, “ਬਲਦੇਵ ਨੇ ਬਥੇਰਾ ਕਿਹਾ ਸੀ,’ ਸੁੱਖੀ, ਛੱਡ ਪਰੇ ਪਾਰਟੀ ਨੂੰ… ਲੋਕੀ ਸਾਡਾ ਅੰਨ ਪਾੜਨਗੇ, ਸਾਡੀ ਸ਼ਰਾਬ ਡਕਾਰਨਗੇ ਤੇ ਫਿਰ ਸਾਡੀ ਮਿੱਟੀ ਪੁੱਟਣਗੇ।“ ‘ਗੁੱਡ ਮਾਰਨਿੰਗ’ -ਤੇਰਾਂ ਸਫ਼ੇ ਦੀ ਜਰਨੈਲ ਸਿੰਘ ਸੇਖਾ ਦੀ ਕਹਾਣੀ ਬੁਢਾਪੇ ਵਿਚ ਇਕੱਲਤਾ ਭੋਗਦੇ ਬਜ਼ੁਰਗਾਂ ਬਾਰੇ ਹੈ। ਅਗਾਂਹ ਵੱਧੂ ਵਿਚਾਰਾਂ ਵਾਲੇ ਬਲਜੀਤ ਘਾਲੀ ਨੇ ਸਾਰੀ ਉਮਰ ਕੰਮ ਕੀਤਾ ਬੱਚੇ ਸੈਟਲ ਕੀਤੇ ਤੇ ਹੁਣ ਆਪਣੀ ਮਰਜ਼ੀ ਨਾਲ ਇਕੱਲੇ ਜੀਉਣ ਦੀ ਅਦਾ ਸਿੱਖ ਲਈ ਹੈ। ਬਚਿੰਤ ਮਲਹੋਤਰਾ ਤੇ ਘਾਲੀ ਇਕ ਦੂਜੇ ਦੇ ਕੰਮ ਆਉਂਦੇ ਹਨ ਤੇ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਇਹ ਇਕ ਚੜ੍ਹਦੀ ਕਲਾ ਵਾਲੀ ਕਹਾਣੀ ਹੈ ਜੋ ਬਜ਼ੁਰਗ ਵਰੇਸ ਵਿੱਚ ਆ ਕੇ ਜੀਉਣ ਦੀ ਅਦਾ ਦੱਸਦੀ ਹੈ। ਸੁਰਜੀਤ ਦੀ ਕਵਿਤਾ ਉਤਸਵ ਦੀਆਂ ਦੋ ਸਤਰਾਂ ਕੋਅਟ ਕਰਨੀਆਂ ਚਾਹਵਾਂਗਾ,” ਜੇ ਜੀਊਣ ਦਾ ਵੱਲ ਆ ਜਾਵੇ ਤਾਂ ਹਰ ਵਰੇਸ ਹੀ ਉਤਸਵ ਹੁੰਦੀ ਹੈ।” ‘ਇਕ ਤਰਫਾ ਸੌਦਾ’ ਸੋਲਾਂ ਸਫੇ ਦੀ ਕਹਾਣੀ ਵਿਚ ਕੁਲਜੀਤ ਮਾਨ ਨੇ ਕਹਾਣੀ ਨੂੰ ਨਾਟਕੀ ਸੰਵਾਦਾਂ ਦੀ ਤਕਨੀਕ ਨਾਲ ਸਿਰਜਿਆ ਹੈ। ਉਹ ਸਧਾਰਣ ਲਗਦੇ ਹਾਲਾਤ ਨੂੰ ਬਹੁਤ ਸਹਿਜ ਨਾਲ ਦਵੰਦਾਤਮਕ, ਪਰਸਪਰ ਆਤਮ ਵਿਰੋਧੀ ਅਤੇ ਤਣਾਉਸ਼ੀਲ ਤਰੀਕੇ ਨਾਲ ਪੇਸ਼ ਕਰ ਸਕਣ ਦੀ ਸਮਰੱਥਾ ਰੱਖਦਾ ਹੈ। ਮੀਨਾ ਉਰਫ਼ ਮਨਮੋਹਨ ਕੌਰ ਢਿੱਲੋਂ ਜਿਸਨੂੰ ਆਪਣੀ ਮਰਜ਼ੀ ਕੀ ਹੁੰਦੀ ਹੈ, ਦੀ ਵੀ ਸਮਝ ਨਹੀਂ ਹੈ। ਉਹ ਯੁਗਤਾਂ ਬਣਾਉਂਦੀ ਹੈ ਕਿ ਕਿਵੇਂ ਆਪਣੇ ਪਤੀ ਨੂੰ ਕਿਸੇ ਕਨੂੰਨੀ ਸ਼ਿਕੰਜੇ ਵਿਚ ਫਸਾਵੇ। ਉਸਨੂੰ ਡਰਾ ਕੇ ਆਪਣੇ ਭਾਰਤ ਬੈਠੇ ਭਰਾ ਨਾਲ, ਆਪਣੇ ਪਤੀ ਸ਼ਾਮ ਸਿੰਘ ਦੀ ਭੂਆ ਦੀ ਕੁੜੀ ਨਾਲ ਵਿਆਹ ਕਰਵਾ ਕੇ, ਕੈਨੇਡਾ ਬੁਲਾਉਣ ਦਾ ਕੰਮ ਕੱਢੇ। ਦੋ ਭਾਰਤੀ ਮੂਲ ਦੇ ਪੁਲਸ ਅਫਸਰ ਆਪਣੇ ਪੰਜਾਬੀ ਭਾਈਚਾਰੇ ਦੇ ਪਤੀ ਪਤਨੀ ਦੇ ਕੇਸ ਨੂੰ ਕਿਸ ਤਰਾਂ ਨਜਿੱਠਦੇ ਹਨ। ਪਾਠਕ ਲਗਾਤਾਰ ਸੋਚਦਾ ਹ ਕਿ ਇਹੇ ਜਿਹੇ ਪਚੀਦਾ ਕੇਸ ਕਿਵੇਂ ਸੁਲਝੇਗਾ। ਸ਼ਾਮ ਸਿੰਘ ਦੇ ਜੀਵਨ ਦਾ ਕੀ ਬਣਿਆ ਹੋਇਆ ਹੋਵੇਗਾ? ਜਦੋਂ ਭੇਦ ਖੁੱਲਦਾ ਕਿ ਉਹ ਮਰ ਗਿਆ ਤਾਂ ਦਿਲ ਨੂੰ ਧੱਕਾ ਲਗਦਾ ਹੈ। ਕਿਵੇਂ ਕੁਝ ਦੇਸੀ ਮਾਪੇ ਆਪਣੇ ਮੁੰਡੇ ਨੂੰ ਕਨੇਡਾ ਮੰਗਵਾਉਣ ਲਈ ਆਪਣੀ ਹੀ ਧੀ ਦੇ ਪਰਿਵਾਰ ਤੋੜਦੇ ਹਨ ਅਤੇ ਜਵਾਈ ਦੀ ਮੌਤ ਦਾ ਕਾਰਣ ਬਣਦੇ ਹਨ। ਕੁਲਜੀਤ ਦੀ ਕਹਾਣੀ ਵਿੱਚ ਕਈ ਵਿਅੰਗਾਤਮਕ ਛੋਹਾਂ ਹਨ। ਪੱਛਮੀ ਮੁਲਕਾਂ ਜਾਂ ਕੈਨੇਡਾ ਵਿੱਚ ਆਉਣਾ ਐਨਾ ਸੌਖਾ ਵੀ ਨਹੀਂ ਹੈ। ਕੋਈ ਆਲੈਟਿਸ ਕਰਕੇ ਆਇਆ ਕੋਈ ਵਿਆਹ ਕਰਵਾ ਕੇ ਕੋਈ ਵਰਕ ਪਰਮਿਟ ਤੇ। ਇਹ ਕਹਾਣੀ ਵਿੱਚ ਉਸ ਔਖ ਤੇ ਲਾਲਚ ਕਰਕੇ ਇਕ ਪਰਿਵਾਰ ਟੁਟਦਾ ਤੇ ਸਰਕਾਰੀ ਪੈਸਾ ਕੇਸਾਂ ਦੀ ਪੈਰਵੀ ਕਰਨ ਤੇ ਖਰਚ ਹੁੰਦਾ ਹੈ। ਇਹ ਇਕ ਯਥਾਰਥਵਾਦੀ ਕਹਾਣੀ ਹੈ। ਕੁਝ ਐਸੀਆਂ ਕਹਾਣੀਆਂ ਆਪਣੇ ਸਾਹਮਣੇ ਵਾਪਰਦੀਆਂ ਵੇਖੀਆਂ ਹਨ। ਹਾਂ, ਪੁਲੀਸ ਦੀ ਪੁਛਤਾਛ, ਕੰਮ ਕਰਨ ਦੇ ਤਰੀਕੇ ਉਪਰ ਲੇਖਕ ਨੇ ਕਮਾਲ ਦੀ ਰੀਸਰਚ ਕੀਤੀ ਹੈ। ਕਲਾਤਮਕ ਭਾਸ਼ਾ, ਸਪੱਸ਼ਟ ਬੋਲੀ, ਚੁਸਤ ਵਾਕ ਬਣਤਰ, ਰੌਚਕ ਸੰਵਾਦ ਕਲਾਤਮਕ ਛੁਹਾਂ ਦਾ ਸਿਖਰ ਹੈ ਇਹ ਭੇਦ ਭਰੀ ਕਹਾਣੀ। ‘ਕਿਤਾਬ ਵਿਚਲੇ ਫੁੱਲ’ – ਹਰਪਰੀਤ ਸੇਖਾ ਦੀ ਇਕ ਬੰਦੇ ਦੀਆਂ ਦੱਬੀਆਂ ਹੋਈਆਂ ਇੱਛਾਵਾਂ the suppressed desires ਦੀ ਕਹਾਣੀ ਹੈ। ਇਕ ਥਾਂ ਸੁੱਚਾ ਤ੍ਰਿਲੋਕ ਨੂੰ ਕਹਿੰਦਾ,” ਬਾਈ, ਓਂ ਰੂਹ ਦੇ ਹਾਣੀ ਬਿਨ੍ਹਾ ਕਾਹਦਾ ਜੀਊਣ ਹੁੰਦੈ।” ਤ੍ਰਿਲੋਕ, ਜੋ ਬਹੁਤ ਧਾਰਮਿਕ, ਵਿਆਹਿਆ ਹੋਇਆ ਅਤੇ ਵੱਡੀ ਉਮਰ ਦਾ ਹੋਣ ਦੇ ਬਾਵਜੂਦ ਵੀ, ‘ਰੂਹ ਦੇ ਹਾਣੀ ਨੂੰ ਪਾਉਣ ਦੀਆਂ ਇੱਛਾ’, ਉਸਦਾ ਪਿੱਛਾ ਨਹੀਂ ਛੱਡਦੀ। ਜਵਾਨੀ ਵਿੱਚ ਮਿਲੀ ਉਹ ਕੁੜੀ ਜਿਸ ਨਾਲ ਉਹ ਪਿਆਰ ਦਾ ਇਜ਼ਹਾਰ ਨਾ ਕਰ ਸਕਿਆ ਤੇ ਨਾ ਵਿਆਹ। ਉਹ ਕੁੜੀ ਸਦਾ ਉਸਦੇ ਚੇਤੇ ਵਿਚ ਰਹੀ। ਦੋ ਕੁੜੀਆਂ ਦੀ ਮਾਂ ਨਾਲ ਵਿਆਹ ਕਰਕੇ ਉਹ ਕਨੇਡਾ ਆ ਜਾਂਦਾ ਹੈ ਪਰ ਉਸ ਕੁੜੀ ਦੀਆਂ ਅੱਖਾਂ ਹੀ ਭਾਲਦਾ ਰਿਹਾ। ਕਿਸੇ ਵੀ ਕੁੜੀ ਵਿੱਚੋੰ, ਇਥੋਂ ਤੱਕ ਆਪਣੀ ਵੱਡੀ ਮਤ੍ਰੇਈ ਕੁੜੀ ਵਿੱਚੋਂ, ਨਵੀ ਆਈ ਭਰਜਾਈ ਵਿੱਚੋਂ, ਸੜਕ ਤੇ ਖੜੀ ਲਿਫ਼ਟ ਮੰਗਦੀ ਹੁੱਕਰ ਵਿੱਚੋਂ, — ਨਾ ਉਸਦਾ ਧਰਮ, ਨਾ ਕੁਝ ਹੋਰ, ਉਸਦੀ ਦੱਬੀ ਹੋਈ ਇਸ ਖਾਹਿਸ਼ ਨੂੰ ਪੂਰਾ ਕਰ ਸਕਿਆ। ਇਸ ਕਹਾਣੀ ਦਾ ਮੁੱਖ ਪਾਤਰ ਅਧੂਰੀਆਂ ਤੇ ਦੱਬੀਆਂ ਹੋਈਆਂ ਮਾਨਸਿਕ ਖਾਹਿਸ਼ਾਂ ਅਤੇ ਧਾਰਮਿਕ ਨੇਮਾਂ ਦੇ ਅਜੀਬ ਦਵੰਦ ਦਾ ਸ਼ਿਕਾਰ ਹੈ। ਕਹਾਣੀ ਵਿੱਚ ਇਕ ਦੋ ਦ੍ਰਿਸ਼ ਕਾਮੁਕਤਾ ਵਾਲੇ ਹਨ ਪਰ ਨੰਗੇਜ਼ ਪੁਣੇ ਵਾਲੇ ਨਹੀਂ ਹੈ। ਇਸ ਕਹਾਣੀ ਦਾ ਕਲਾਤਮਕ ਪੱਖ ਬੜਾ ਉੱਚਾ ਹੈ। ‘ਗਰਮ ਹਵਾ ਦਾ ਬੁੱਲਾ’ – ਮੇਜਰ ਮਾਂਗਟ ਕੈਨੇਡੀਅਨ ਬੱਚਿਆਂ ਅਤੇ ਭਾਰਤੀ ਮੂਲ ਦੇ ਪੜ੍ਹੇ ਲਿਖੇ ਪੰਜਾਬੀ ਲੋਕਾਂ ਦੀ ਸੋਚ, ਔਰਤ ਮਰਦ ਦੀ ਬਰਾਬਰੀ ਅਤੇ ਆਜ਼ਾਦੀ ਪ੍ਰਤੀ ਸੋਚ ਵਿੱਚ ਵੱਡਾ ਫਰਕ ਦਰਸਾਇਆ ਹੈ। ਪੰਜਾਬ ਦੇ ਪਰੋਫੈਸਰ ਵਰਗ ਤੇ ਰਿਸ਼ਤੇਦਾਰਾਂ ਨੂੰ ਤਨੂੰ ਪੀ.ਐਚ.ਡੀ ਦੇ ਵਿਸ਼ੇ-ਵਸਤੂ ‘ਮੈਂਨ ਡੌਮਿਨੇਸ਼ਨ’ ਨਾਲ ਕੋਈ ਸਰੋਕਾਰ ਨਹੀਂ ਹੈ। ਉਸ ਵਿਚ ਤਾਂ ਆਪਣੇ ਮੁੰਡੇ ਦਾ ਤਨੂੰ ਨਾਲ ਵਿਆਹ ਕਰਕੇ ਬਾਹਰ ਭੇਜਣ ਦੀ ਲਾਲਸਾ ਹੈ। ਪੰਜਾਬੀ ਲੋਕ ਨਾਰੀ ਵਾਦ ਅਤੇ ਨਾਰੀ ਅਜ਼ਾਦੀ ਤੇ ਲੈਕਚਰ ਦਿੰਦੇ ਹਨ ਪਰ ਘਰਾਂ ਵਿੱਚ ਉਹੀ ਆਜ਼ਾਦੀ ਆਪਣੀਆਂ ਧੀਆਂ ਭੈਣਾਂ ਤੇ ਪਤਨੀਆਂ ਨੂੰ ਨਹੀਂ ਦੇਣਾ ਚਾਹੁੰਦੇ। ‘ਦਹਿਲੀਜ਼ ਦੇ ਅੰਦਰ’ – ਸੁਰਜੀਤ ਕਲਸੀ ਦੀ 14 ਸਫ਼ਿਆਂ ਵਿੱਚ ਲਿਖੀ ਕਹਾਣੀ ਹੈ ਜਿਸ ਵਿੱਚ ਇਕ ਔਰਤ ਚਿੱਠੀ ਲਿਖ ਕੇ ਆਪਣੇ ਭਾਰਤੀ ਦੋਸਤ ਨੂੰ ਦੱਸਦੀ ਹੈ ਕਿ ਉਸਨੂੰ ਆਪਣੇ ਪਤੀ ਦੀਆਂ ਇਥੇ ਵਾਲੀਆਂ ਸਹੇਲੀਆਂ ਤੋਂ ਕਿੰਨੀ ਨਫ਼ਰਤ ਹੈ। ਉਹ ਦੋ ਬਚਿਆਂ ਦੀ ਮਾਂ ਹੈ। 18 ਸਾਲ ਵਿਆਹ ਹੋਣ ਤੋਂ ਬਾਅਦ ਤਲਾਕ ਲੈਣ ਦੀ ਬਜਾਏ ਆਤਮ ਹੱਤਿਆ ਕਰਨ ਬਾਰੇ ਸੋਚ ਰਹੀ ਹੈ। ਇਹ ਮੈਨੂੰ ਚੰਗਾ ਨਹੀਂ ਲੱਗਾ। ਬੇਸ਼ੱਕ ਇਹ ਇਕ ਯਥਾਰਥਵਾਦੀ ਕਹਾਣੀ ਹੋ ਸਕਦੀ ਹੈ। ਪਰ ਕਹਾਣੀ ਜਾਂ ਗਲਪ ਦਾ ਯਥਾਰਥ ਨਿਵੇਕਲਾ ਹੁੰਦਾ ਹੈ। ਕਹਾਣੀਕਾਰ ਨੇ ਘਟਨਾ ਨੂੰ ਕਲਾਤਮਕ ਮੋੜ ਦੇਣਾ ਹੁੰਦਾ ਹੈ। ਉਹ ਸੱਚ ਸਿਰਜਣਾ ਹੁੰਦਾ ਹੈ ਜੋ ਸਮਾਜ ਲਈ ਲਾਭਕਾਰੀ ਹੋਵੇ। ‘ਜਤਿੰਦਰ ਰੰਧਾਵਾ ਦੀ ਕਹਾਣੀ ‘ਦੋਸ਼ੀ ਕੌਣ’ ਵਿਚ ਘਰਾਂ ਦੇ ਰਿਸ਼ਤਿਆਂ ਦੀ ਟੁੱਟ ਭੱਜ ਵਿੱਚ ਪਤੀ ਪਤਨੀ ਤਾਂ ਆਪਣੇ ਸੰਗੀ ਸਾਥੀ ਲੱਭ ਲੈਂਦੇ ਹਨ ਪਰ ਉਹਨਾਂ ਦੇ ਜਵਾਨ ਹੋ ਰਹੇ ਬੱਚੇ ਕਿਸ ਤਰਾਂ ਮਾਨਸਿਕ ਪਰੇਸ਼ਾਨੀ ਵਿੱਚੋਂ ਲੰਘਦੇ ਹੋਏ ਗੁਨਾਹਗਾਰ ਬਣ ਜਾਂਦੇ ਹਨ। ਕਹਾਣੀ ਦੀਆਂ ਆਖਰੀ ਦੋ ਸਤਰਾਂ ਇਕ ਅਹਿਮ ਸਵਾਲ ਖੜਾ ਕਰਦੀਆਂ ਹਨ ਕਿ ਬੱਚਿਆਂ ਨੂੰ ਗੁਨਾਹ ਵੱਲ ਧੱਕਣ ਵਾਲਾ ਅਸਲ ਦੋਸ਼ੀ ਕੌਣ ਹੈ? ‘ਅਪਣੱਤ’ – ਰਛਪਾਲ ਕੌਰ ਗਿੱਲ ਦੀ ਬੇਹਦ ਭਾਵਪੂਰਨ ਕਹਾਣੀ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਆਪਣੇ ਹੰਝੁ ਨਹੀਂ ਰੋਕ ਸਕਦੇ। ਇਸ ਕਹਾਣੀ ਦਾ ਵਿਸ਼ਾ, ਸਸਪੈਂਸ, ਨਕਾਰਾਤਮਕ ਤੋਂ ਸਾਕਾਰਤਮਕ ਸੋਚ ਦਾ ਪਰਿਵਰਤਨ, ਇਕ ਬੱਚੇ ਪ੍ਰਤੀ ਇਕ ਟੀਚਰ ਦਾ ਆਂਟੀ ਬਣਨਾ ਅਤੇ ਕਿਵੇਂ ਉਸ ਵਿਦਿਆਰਥੀ ਦਾ ਜੀਵਨ ਬਿਲਕੁਲ ਬਦਲ ਦਿੰਦਾ ਹੈ। ਮਾਰ, ਕੁੱਟਾਈ, ਲੜਾਈ ਤੇ ਪੜ੍ਹਾਈ ਵਿੱਚ ਸੱਭ ਤੋਂ ਪਿਛੇ ਰਹਿਣ ਵਾਲਾ ਉਹ ਇਕ ਨੇਕ ਦਿਲ ਹੁਸ਼ਿਆਰ ਤੇ ਅਵੱਲ ਦਰਜੇ ਦਾ ਵਿਦਿਆਰਥੀ ਬਣ ਕੇ ਨਿਕਲਦਾ ਹੈ। ਸਿਰਫ ਇਕ ਅਧਿਆਪਕ ਦਾ ਥੋੜੀ ਜਿਹੀ ਤਵੱਜੋ ਅਤੇ ਸਦਭਾਵਨਾ ਕਰਕੇ। ਟੀਚਰ ਨੂੰ ਇਸ ਤਰਾਂ ਹੀ ਹੋਣਾ ਚਾਹੀਦਾ ਹੈ। ਕਲਾਤਮਕ ਪੱਖ ਤੋਂ ਵੀ ਇਹ ਕਹਾਣੀ ਉੱਚੇ ਪੱਧਰ ਦੀ ਹੈ। ‘ਵੈਲਨਟਾਈਨਜ਼ ਡੇਅ’ ਵਿਚ ਸੁਰਜੀਤ ਕੌਰ ਨੇ ਔਰਤ ਦੀ ਅਜ਼ਾਦੀ ਗੱਲ ਕੀਤੀ ਹੈ। ਇਕ ਔਰਤ ਆਪਣੇ ਨਾਲਾਇਕ ਬਹਾਨੇ-ਬਾਜ਼ ਪਤੀ ਨੂੰ ਛੱਡਣ ਦਾ ਫੈਸਲਾ ਲੈਂਦੀ ਹੈ ਅਤੇ ਖ਼ੁਦਮੁਖ਼ਤਾਰੀ, ਮਿਹਨਤ ਤੇ ਖ਼ੁਦ ਨੂੰ ਪਿਆਰ ਕਰਕੇ, ਆਪਣੀ ਕਲਾ ਦੇ ਜ਼ੋਰ ਨਾਲ ਜ਼ਿੰਦਗੀ ਜੀਉਣ ਪ੍ਰਰੇਰਤ ਕਰਦੀ ਹੈ। ਅਸਲ ਗੱਲ ਜੀਉਣ ਦਾ ਢੰਗ ਬਦਲਣਾ ਹੈ। ਹਰ ਦਿਨ ਪਿਆਰ ਤੇ ਸਤਿਕਾਰ ਭਰਿਆ ਹੋ ਸਕਦਾ ਹੈ। ‘ਫੇਰ ਮਿਲਾਂਗਾ’ -ਹਰਕੀਰਤ ਕੌਰ ਚਹਿਲ ਦੀ ਕਹਾਣੀ ਹੈ ਜਿਸ ਵਿਚ ਇਕ ਖੂੰਕਾਰ ਡੌਨ ਮਾਰਕ ਵੀ ਇਕ ਜਾਨਵਰ ਦੇ ਪਿਆਰ ਵਿੱਚ ਇਨ੍ਹਾਂ ਭਾਵੁਕ ਹੋ ਸਕਦਾ ਹੈ ਕਿ ਉਹ ਆਪਣੇ ਸਾਰੇ ਗੁਨਾਹ ਮੁਆਫ਼ ਕਰਾਉਣ ਲਈ ਅਰਦਾਸਾਂ ਕਰੇ। ਇਹ ਨਿਸ਼ਚਿਤ ਨਹੀਂ ਹੁੰਦਾ ਕਿ ਸਾਰੇ ਵਿਅਕਤੀ ਹਰ ਸਮੇਂ ਇਕੋ ਘਟਨਾ ਜਾਂ ਇਕ ਵਿਅਕਤੀ ਵਿਸ਼ੇਸ਼ ਪ੍ਰਤੀ ਇਕੋ ਜਿਹਾ ਪ੍ਰਤਿਕਰਮ ਦੇਣ। ਇਸ ਕਹਾਣੀ ਦਾ ਡਾਕਟਰ ਕੇਸੀ, ਡੌਨ ਮਾਰਕ ਤੋਂ ਬਿਲਕੁਲ ਨਹੀਂ ਡਰਦਾ। ਬਲਕਿ ਉਸਦੀ ਪਾਲੜੂ ਕੁੱਤੀ ਪ੍ਰਤੀ ਨਿਡਰ ਹੋਕੇ, ਨਿਰਪੱਖ ਅਤੇ ਸਹੀ ਰਾਇ ਦਿੰਦਾ ਹੈ। ਡੌਨ ਮਾਰਕ ਡਾ. ਕੇਸੀ ਦੀ ਇੱਜ਼ਤ ਕਰਦਾ ਹੈ ਕਿਉ ਕਿ ਉਹ ਉਸਦੀ ਪਾਲਤੂ ਕੁੱਤੀ ਦਾ ਹਮਦਰਦ ਹੈ ਅਤੇ ਡੌਨ ਮਾਰਕ ਦਾ ਦੁੱਖ ਸਮਝਦਾ ਹੈ। ਪੜ੍ਹਨਯੋਗ ਕਹਾਣੀ ਹੈ। ‘ਕੈਲਗਿਰੀ ਦਾ ਲੈਬ’ – ਦਵਿੰਦਰ ਮਲਹਾਂਸ ਦੀ ਕਹਾਣੀ ਵਿੱਚ ਬਖਤੌਰ ਸਿੰਘ ਲੰਬੜਦਾਰ ‘ਲੈਬ” ਕੈਲਗਰੀ ਏਅਰਪੋਰਟ ਤੇ ਬਾਥਰੂਮ ਸਾਫ ਕਰਨ ਦਾ ਕੰਮ ਇਸ ਲਈ ਕਰਦਾ ਹੈ ਕਿਉਂਕਿ ਉਹ ਆਪਣੇ ਕੁੜਮਾਂ ਨਾਲ, ਆਪਣੀ ਧੀ ਜਵਾਈ ਦੀ ਜੈਨੀਟੋਰੀਅਲ ਕੰਪਨੀ ਵਿੱਚ ਸਫਾਈ ਦਾ ਕੰਮ ਨਹੀਂ ਕਰਨਾ ਚਾਹੁੰਦਾ। ਇਜ਼ਤ ਨਹੀਂ ਰਹਿੰਦੀ, ਬਈ ਕੀ ਕਰੇ। ਲਾਲਚੀ ਹੈ ਤੇ ਪੜੀ ਲਿਖੀ ਨੂੰਹ ਤੋਂ ਵੀਹ ਲੱਖ ਦਾਜ ਵੀ ਲੈਂਦਾ ਹੈ। ਘਰ ਵਿੱਚ ਕਲੇਸ਼ ਰਹਿੰਦਾ ਹੈ ਕਿਉਂਕਿ ਉਸਦਾ ਮੁੰਡਾ ਬਲਦੇਵ ਤਾਲਾਕ ਲੈਣ ਚਾਹੁੰਦਾ ਹੈ ਪਰ ਲੈਬ ਨਹੀਂ ਮੰਨਦਾ। ਨੂੰਹ ਦੇ ਨਾਲ ਲੱਗ ਕੇ ਲੈਬ ਹੋਰੀਂ ਵੀ ਗੁਰੂ ਵਾਲੇ ਬਣ ਗਏ, ਲੈਬ ਨੂੰ ਪ੍ਰਧਾਨਗੀ ਵੀ ਮਿਲ ਗਈ। ਪਰ ਲੈਬ ਦੀ ਨੂੰਹ ਦਾ ਭਾਈ ਨਾਲ “ਸੰਬੰਧ” ਹੋਣ ਕਾਰਣ, ਉਹ ਫਿਰ ਪ੍ਰਧਾਨ ਤੋਂ “ਲੈਬ” ਬਣ ਜਾਂਦਾ ਹੈ। ਇਹ ਕਹਾਣੀ ਪੰਜਾਬੀ ਮਾਪ ਦੰਡ ਅਨੁਸਾਰ, ਕੈਨੇਡਾ ਆਕੇ ਨਿਮਨ ਵਰਗ ਦਾ ਮਜ਼ਦੂਰ ਬਣੇ ਮਨੁੱਖ ਦੀ ਫੋਕੀ ਹੈਂਕੜ, ਅਜਨਬੀਅਤ, ਓਪਰਾਮਤਾ, ਮਾਨਸਿਕ ਉਦਰੇਵੇਂ ਦੀ ਹੈ। ‘ਬਸੰਤ ਰੁੱਤ’ -ਨਿਰਮਲ ਜਸਵਾਲ ਦੀ ਕਹਾਣੀ 60 ਸਾਲ ਦੀ ਨਗੀਨਾ ਅਤੇ 90 ਸਾਲ ਦੇ ਹੇਨਰੀ ਤੇ ਪਾਤਰਾਂ ਰਾਹੀਂ ਮਲਟੀ ਕਲਚਰਲਿਜ਼ਮ ਦੇ ਵਿਭਿੰਨ ਰੰਗਾਂ ਨੂੰ ਵਿਖਾਂਦੀ ਜਿਵੇਂ ਖਾਣ, ਪੀਣ, ਪਹਿਨਣ, ਪਰਚਣ, ਕਪੜੇ ਲੱਤੇ, ਵਿਚਰਨ, ਗੱਲਬਾਤ, ਭਾਸ਼ਾ, ਭਵਨ ਨਿਰਮਾਣ, ਕੌਫੀ ਹਾਊਸ, ਅੱਲਗ ਮੁਲਕਾਂ ਤੋ ਆ ਕੇ ਵੱਸੇ ਲੋਕਾਂ ਦੇ ਵਿਚਾਰ, ਸਰਦੀ ਗਰਮੀ ਦੇ ਤਿਉਹਾਰ, ਮੁੰਡੇ ਕੁੜੀਆਂ ਦੀ ਸਰੇਆਮ ਲਿਪਟਾ-ਲਿਪਟੀ, ਬਾਰੇ ਹੈ। ਆਇਰਿਸ਼ ਵੀ ਅੰਗਰੇਜ਼ਾਂ ਦੇ ਗੁਲਾਮ ਰਹੇ ਹਨ। ਜਾਨਵਰਾਂ ਵਿਚ ਗਾਵਾਂ, ਕੁੱਤਿਆਂ ਦੀਅਾਂ ਕਿਸਮਾਂ ਉਹਨਾਂ ਦੇ ਸੁਭਾਅ, ਮੱਛੀਆਂ ਤੇ ਮਹਾਤਮਾ ਗਾਂਧੀ ਦੀ ਬੱਕਰੀ ਦਾ ਜਿਕਰ ਬਾਖੂਬੀ ਪੇਸ਼ ਕਰਦੀ ਹੈ। ਗਾਂਧੀ ਬਾਰੇ ਕੀਤੀ ਟਿੱਪਣੀ ਵਾਧੂ ਜਾਪਦੀ ਹੈ। ਔਰਤ ਮਰਦ ਦੇ ਬਦਲਦੇ ਰਿਸ਼ਤੇ ਅਤੇ ਦੇਹ ਵਾਦੀ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਨ ਦੀ ਮਾਹਰ ਲੇਖਿਕਾ ਹੈ। ਉਸਨੇ ਮਾਨਵ ਦੀ ਜਾਨਵਰਾਂ ਪ੍ਰਤੀ ਮੋਹ ਭਰੀ ਮਾਨਸਿਕਤਾ ਨੂੰ ਨਵੀਨ ਗਲੋਬਲੀ ਸੰਦਰਭ ਵਿੱਚ ਪੇਸ਼ ਕੀਤਾ ਹੈ। ਇਹ ਕਹਾਣੀ ਇਕ ਵਧੀਆ ਕੈਨੇਡੀਅਨ ਕਹਾਣੀ ਕਹੀ ਜਾ ਸਕਦੀ ਹੈ। ‘ਜੰਗਲੀ ਬਿੱਲੀ ਅਤੇ ਸਨੋਅ’ – ਓਂਕਾਰਪ੍ਰੀਤ ਦੀ ਲਿਖੀ ਹੋਈ ਹੈ। ਬਿੱਲੀ, ਇਕ ਜਾਨਵਰ, ਪ੍ਰਤੀ ਮੋਹ ਭਰੀ ਆਸਥਾ ਰੱਖਣ ਕਰਕੇ ਅਤੇ ਉਸ ਜੰਗਲੀ ਬਿੱਲੀ ਦਾ ਇਕੱਲਤਾ ਵਿਚ ਬਰਫ ਦੇ ਢੇਰ ਉਪਰ ਠੰਢ ਨਾਲ ਮਰ ਜਾਣਾ ਇਕ ਮਨੁੱਖ ਦੀ ਮਾਨਸਿਕਤਾ ਅਤੇ ਰਵਈਏ ਨੂੰ ਬਦਲਣ ਦੀ ਸਮਰੱਥਾ ਰੱਖਣ ਅਤੇ ਨਵੀਂ ਸੋਚ ਪਰਨਾਉਣ ਵਿੱਚ ਮਦਦ ਕਰਦਾ ਹੈ। ਇਥੇ ਜੰਗਲੀ ਬਿੱਲੀ ਦੇ ਸੁਭਾਅ ਨਾਲ ਇਕ ਵੱਖਰੀ ਕਥਾਨਕ ਯੁਗਤ ਸਿਰਜੀ ਹੈ ਜੋ ਵਤਨੋਂ ਨਵੇਂ ਆਏ ਪਤੀ ਲਈ ਨਸੀਹਤ ਬਣਦੀ ਹੈ। ਇਸਦਾ ਨਾਮ ਵਾਈਲਡ ਕੈਟ ਐਂਡ ਸਨੋਅ ਹੁੰਦਾ ਜਾਂ ਜੰਗਲੀ ਬਿੱਲੀ ਅਤੇ ਬਰਫ਼ ਹੁੰਦਾ ਤਾਂ ਦੋਹਾਂ ਭਾਸ਼ਾਵਾਂ ਨਾਲ ਨਿਆਂ ਹੋ ਸਕਦਾ ਸੀ। ਸਾਰ ਅੰਸ਼: ਇਸ ਸੰਗ੍ਰਹਿ ਵਿੱਚ ਆਈਆਂ ਸਾਰੀਆਂ ਹੀ ਕਹਾਣੀਆਂ ਦੂਜੀ ਸੰਸਾਰ ਯੁੱਧ ਤੋਂ ਬਾਅਦ ਅਤੇ ਕਿਸਾਨ ਮੋਰਚੇ ਤੋਂ ਪਹਿਲਾਂ ਦੀਆਂ ਹਨ। ਇਹਨਾਂ ਕਹਾਣੀਆਂ ਵਿੱਚ ਆਏ ਇਸਤਰੀ ਮਰਦ ਅਤੇ ਜਾਨਵਰ ਆਮ ਪਾਤਰ ਹਨ। ਕੋਈ ਵਿਸ਼ੇਸ਼ ਨਹੀਂ ਹਨ। ਉਹ ਕਿਸੇ ਗੈਰ ਜਾਂ ਵਿਦੇਸ਼ੀ ਤਾਕਤ ਦੇ ਗੁਲਾਮ ਨਾ ਹੋ ਕੇ ਵੀ ਆਪੇ ਸਹੇੜੀ ਰਿਸ਼ਤੇਦਾਰਾਂ ਦੀ ਗੁਲਾਮੀ, ਹਿੰਮਤ ਦੀ ਘਾਟ ਕਾਰਣ ਵਿਚਾਰਾਗੀ ਤੇ ਲਾਚਾਰੀ ਦੀ ਗੁਲਾਮੀ, ਚੇਤਨ ਅਤੇ ਅਵਚੇਤਨ ਮਨ ਵਿਚ ਲਗਾਤਾਰ ਚਲਦੇ ਮਾਨਸਿਕ ਤਨਾਅ ਦੀ ਗੁਲਾਮੀ, ਅਧੂਰੀਆਂ ਖ਼ਾਹਿਸ਼ਾਂ ਦੀ ਗੁਲਾਮੀ, ਇਸ ਲਈ ਪੂਰੀ ਤਰਾਂ ਅਜ਼ਾਦ ਵੀ ਨਹੀਂ ਹਨ। ਦਿਲਚਸਪ ਗੱਲ ਹੈ ਕਿ ਪਾਤਰ ਉਸ ਗੁਲਾਮੀ ਵਿਚੋਂ ਬਾਹਰ ਨਿਕਲਣ ਲਈ ਯਤਨਸ਼ੀਲ ਹਨ। ਆਪਣੀ ਆਜ਼ਾਦੀ ਲਈ ਕਾਰਜਸ਼ੀਲ ਹਨ। ਕਾਰਜਸ਼ੀਲ ਰਹਿਣਾ ਮਾਨਵੀ ਮਕਸਦ ਹੈ। “ਪੰਜਾਬੀ ਕਹਾਣੀ ਤੱਥ ਅਤੇ ਤਰਕ” (ਪੰਨਾ 10) ਤੇ ਡਾ. ਭੀਮਇੰਦਰ ਸਿੰਘ ਦਾ ਕਥਨ ਹੈ ਕਿ, ”ਜਟਿਲ ਬਿਰਤਾਂਤ ਸਿਰਜਣ ਲਈ ਕਹਾਣੀਕਾਰ ਕੋਲ ਲੰਮਾ ਜੀਵਨ ਤਜਰਬਾ, ਯੋਗਤਾ, ਗਹਿਰਾਈ, ਕਲਾਤਮਿਕਤਾ ਆਦਿ ਲੋੜ ਹੁੰਦੀ ਹੈ”। ਇਸ ਸੰਗ੍ਰਹਿ ਵਿੱਚ ਆਏ ਕੁੱਝ ਇਕ ਕਹਾਣੀਕਾਰਾਂ ਵਿੱਚ ਇਸ ਦੀ ਕਮੀ ਰੜਕਦੀ ਹੈ। ਕੁੱਝ ਇਕ ਨੇ ਬਹੁਤ ਸਾਰੀਆਂ ਘਟਨਾਵਾਂ ਗੁੰਦ ਲਈਆਂ ਹਨ ਜਿਸ ਨਾਲ ਕਹਾਣੀ ਵਿਚ ਵਿਸਤਾਰ ਜਰੂਰ ਹੋਇਆ ਹੈ ਪਰ ਕਥਾ ਰਸ ਦੀ ਘਾਟ ਮਹਿਸੂਸ ਹੁੰਦੀ ਹੈ। ਵੱਖ ਵੱਖ ਘਟਨਾਵਾਂ ਨੂੰ ਕਥਾ ਰਸ ਰਾਂਹੀ ਪੇਸ਼ ਕਰਨਾ ਕਹਾਣੀ ਦਾ ਬੁਨਿਆਦੀ ਤੱਤ ਹੈ। ਇਸਦੀ ਅਣਹੋਂਦ ਨਾਲ ਭਾਸ਼ਾ ਅਤੇ ਸ਼ੈਲੀ ਵਿੱਚ ਨੀਰਸਤਾ ਅਤੇ ਬੋਰੀਅਤ ਪੈਦਾ ਹੁੰਦੀ ਹੈ। ਇਸ ਸੰਗ੍ਰਹਿ ਵਿੱਚ ਭਾਸ਼ਾਈ ਯੁਗਤਾਂ, ਇਲਾਕਾਈ ਭਾਸ਼ਾ, ਵਿਦੇਸ਼ੀ ਭਾਸ਼ਾ, ਸੰਸਕਾਰ, ਸੰਵਾਦ, ਬੜੀ ਸਫਲਤਾ ਨਾਲ ਵਰਤੇ ਹਨ ਉਥੇ ਕਈ ਥਾਵਾਂ ਤੇ ਸ਼ਬਦ ਜੋੜਾਂ ਤੇ ਖਾਸ ਕਰਕੇ ਅੰਗਰੇਜ਼ੀ ਸ਼ਬਦ ਜੋੜਾਂ ਤੇ ਉਚਾਰਣ ਦੀ ਸਮੱਸਿਆ ਅੱਖਰਦੀ ਹੈ। ਚੰਡੀਗੜ੍ਹ ਦਾ ਰਿਟਾਇਰਡ ਅਫਸਰ ” ਫਰੈੱਸ਼” ਨੂੰ “ਫਰਿਸ਼” ਬੋਲਦਾ ਹੈ ਤਾਂ ਸਹੀ ਨਹੀਂ ਲਗਦਾ। ‘ਸੇਖਾ’ ਇਕ ਉਪਨਾਮ ਜਾਂ ਗੋਤ ਹੈ। ਇਸ ਨੂੰ ਕਿਤੇ ਸੇਖਾਂ ਜਾਂ ਸ਼ੇਖਾ ਲਿਖਣਾ ਇਕ ਵੱਡੀ ਉਕਾਈ ਹੈ ਜੋ ਸੰਪਾਦਕ ਦੇ ਨੋਟਿਸ ਵਿੱਚ ਹੈ ਤੇ ਅਗਲੇ ਐਡੀਸ਼ਨ ਵਿੱਚ ਸੋਧੀ ਜਾ ਸਕੇਗੀ। ਹੋਰ ਵੀ ਬਹੁਤ ਸਾਰੇ ਕਹਾਣੀਕਾਰ ਹਨ ਜੋ ਪ੍ਰਤਿਨਿਧ ਪੰਜਾਬੀ ਕਹਾਣੀਆਂ ਦਾ ਹਿੱਸਾ ਬਣ ਸਕਦੇ ਸਨ ਜਿਵੇਂ ਡਾ. ਵਰਿਆਮ ਸਿੰਘ ਸੰਧੂ, ਬਲਬੀਰ ਸਿੰਘ ਮੋਮੀ ਤੇ ਹੋਰ ਕਈ। ਉਹਨਾਂ ਨੇ ਜਾਂ ਤਾਂ ਆਪਣੀਆਂ ਕਹਾਣੀਆਂ ਦਿੱਤੀਆਂ ਨਹੀਂ ਜਾਂ ਸੰਪਾਦਕ ਨੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ। ਇਹ ਵੀ ਜਾਣਦਾ ਹਾਂ ਕਿ ਕਈ ਲੇਖਕ ਆਪਣੀ ਸਹਿਮਤੀ ਜਾਂ ਆਪਣੀ ਰਚਨਾ ਦਿੰਦੇ ਵੀ ਨਹੀਂ ਹਨ। ਇਹਨਾਂ ਕਹਾਣੀਆਂ ਦਾ ਵਰਗੀਕਰਨ ਇਸ ਤਰਾਂ ਵੀ ਕੀਤਾ ਜਾ ਸਕਦਾ ਹੈ: 1. ਜਾਨਵਰਾਂ ਨਾਲ ਸੰਬੰਧਿਤ ਕਹਾਣੀਆਂ; ਗਿੱਲੀਆਂ ਅੱਖਾਂ -ਅਜਮੇਰ ਰੋਡੇ, ਫੇਰ ਮਿਲਾਂਗਾ -ਹਰਕੀਰਤ ਕੌਰ ਚਹਿਲ, ਬਸੰਤ ਰੁੱਤ -ਨਿਰਮਲ ਜਸਵਾਲ, ਜੰਗਲੀ ਬਿੱਲੀ ਅਤੇ ਸਨੋਅ – ਓਂਕਾਰਪ੍ਰੀਤ 2. ਘਰੇਲੂ ਹਿੰਸਾ, ਝਗੜੇ ਅਤੇ ਸਮੱਸਿਆਵਾਂ ਵਾਲੀਆਂ ਕਹਾਣੀਆਂ: ਮੁੰਡਾ ਹੱਥੋਂ ਗਿਆ’- ਅਮਰਜੀਤ ਚਾਹਲ, ਬਰਫ ਦਾ ਗੀਤ -ਸਾਧੂ ਬਿਨਿਂਗ, “ਪਾਣੀ” -ਜਰਨੈਲ ਸਿੰਘ ਕਹਾਣੀਕਾਰ, ਇਕ ਤਰਫਾ ਸੌਦਾ – ਕੁਲਜੀਤ ਮਾਨ, ਦਹਿਲੀਜ਼ ਦੇ ਅੰਦਰ – ਸੁਰਜੀਤ ਕਲਸੀ , ਕੈਲਗਿਰੀ ਦਾ ਲੈਬ – ਦਵਿੰਦਰ ਮਲਹਾਂਸ 3. ਬੱਚਿਆਂ ਤੇ ਵਿਦਿਆਰਥੀਆਂ ਨਾਲ ਸਬੰਧਿਤ ਕਹਾਣੀਆਂ : “ਬੰਦੀ” -ਬਲਬੀਰ ਕੌਰ ਸੰਘੇੜਾ, ਗਰਮ ਹਵਾ ਦਾ ਬੁੱਲਾ – ਮੇਜਰ ਮਾਂਗਟ, ਦੋਸ਼ੀ ਕੌਣ – ਜਤਿੰਦਰ ਰੰਧਾਵਾ, ਅਪਣੱਤ – ਰਛਪਾਲ ਕੌਰ ਗਿੱਲ 4. ਚੜ੍ਹਦੀ ਕਲਾ ਵਾਲੀਆਂ ਅਤੇ ਬਜ਼ੁਰਗਾਂ ਨਾਲ ਸੰਬੰਧਿਤ ਕਹਾਣੀਆਂ: ਬਰਫ ਦਾ ਗੀਤ -ਸਾਧੂ ਬਿਨਿਂਗ , ਗੁੱਡ ਮਾਰਨਿੰਗ -ਜਰਨੈਲ ਸਿੰਘ ਸੇਖਾ, ਵੈਲਨਟਾਈਨਜ਼ ਡੇਅ -ਸੁਰਜੀਤ ਕੌਰ 5. ਦੱਬੀਆਂ ਕੁਚਲੀਆਂ ਭਾਵਨਾਵਾਂ ਦੀ ਮਨੋਵਿਗਿਆਨਕ ਜਾਂ ਸੁਪਰੈੱਸਡ ਡਿਜਾਇਰਜ਼ ਵਾਲੀਆਂ ਕਹਾਣੀਆਂ ਵਿੱਚ – ਕਿਤਾਬ ਵਿਚਲੇ ਫੁੱਲ – ਹਰਪਰੀਤ ਸੇਖਾ ਦੀ ਕਹਾਣੀ ਸਿਰਮੌਰ ਹੈ। 6. ਨਿਰੋਲ ਔਰਤ ਦੇ ਸੰਘਰਸ਼ ਦੀਆਂ ਕਹਾਣੀਆਂ ; “ਬੰਦੀ” -ਬਲਬੀਰ ਕੌਰ ਸੰਘੇੜਾ, ਗਰਮ ਹਵਾ ਦਾ ਬੁੱਲਾ – ਮੇਜਰ ਮਾਂਗਟ , ਵੈਲਨਟਾਈਨਜ਼ ਡੇਅ -ਸੁਰਜੀਤ ਕੌਰ ਕਹਾਣੀਆਂ ਦੀ ਚੋਣ ਵਿੱਚ ਥੋੜੀ ਜਿਹੀ ਕਸਰ ਜਰੂਰ ਰਹਿ ਗਈ ਹੈ। ਪਰ ਸਾਰੇ ਹੀ ਕਹਾਣੀਕਾਰ ਕਹਿੰਦੇ ਕਹਾਉਂਦੇ ਹਨ। ਜਿਨ੍ਹਾਂ ਕਹਾਣੀਆਂ ਨੇ ਬਹੁਤ ਪ੍ਰਭਾਵਿਤ ਕੀਤਾ ਉਹ ਹਨ, ‘ਗੁੱਡ ਮਾਰਨਿੰਗ -ਜਰਨੈਲ ਸਿੰਘ ਸੇਖਾ, ਗਿਲੀਆਂ ਅੱਖਾਂ- ਅਜਮੇਰ ਰੋਡੇ, ਫੇਰ ਮਿਲਾਂਗਾ- ਹਰਕੀਰਤ ਚਾਹਲ, ਅਪਣੱਤ- ਰਛਪਾਲ ਕੌਰ ਗਿੱਲ, ਕਿਤਾਬ ਵਿਚਲੇ ਫੁੱਲ ਹਰਪਰੀਤ ਸੇਖਾ, ਇਕ ਤਰਫਾ ਸੌਦਾ – ਕੁਲਜੀਤ ਮਾਨ ਅਤੇ ਵੈਲਨਟਾਈਨਜ਼ ਡੇਅ -ਸੁਰਜੀਤ ਕੌਰ । ਅੰਤ ਵਿਚ ਕਹਾਂਗਾ ਕਿ ਇਸ ਕਹਾਣੀ ਸੰਗ੍ਰਹਿ ਦੀ ਸੰਪਾਦਕ ਨਿਰਮਲ ਜਸਵਾਲ ਨੂੰ ਵਧਾਈ ਦਿੰਦਾ ਹਾਂ। ਉਹ ਆਪ ਪੰਜਾਬੀ ਅਤੇ ਹਿੰਦੀ ਦੀ ਇਕ ਨਾਮਵਰ ਕਹਾਣੀਕਾਰ, ਨਾਵਲਕਾਰ ਅਤੇ ਸ਼ਾਇਰਾ ਹਨ। ਉਹਨਾਂ ਨੇ ਕਠਨ ਕਾਰਜ ਕਰਕੇ ਕੈਨੇਡਾ ਦੀਆਂ ਪ੍ਰਤਿਨਿਧ ਪੰਜਾਬੀ ਕਹਾਣੀਆਂ ਛਾਪਣ ਦੀ ਹਿੰਮਤ ਕੀਤੀ ਹੈ। ਸੰਪਾਦਕ ਅਨੁਸਾਰ ਇਸ ਪੁਸਤਕ ਦਾ ਹਿੰਦੀ ਸੰਸਕਰਣ ਵੀ ਜਲਦੀ ਛਪੇਗਾ। ਪਬਲਿਸ਼ਰ:ਸਤਲੁਜ ਪਬਲੀਕੇਸ਼ਨ ਪੰਚਕੁਲਾ ਹਰਿਆਣਾ ਸਾਲ 2023 ਪੁਸਤਕ ਦੇ ਪੰਨੇ 248, ਮੁੱਲ 495 ਰੁਪਏ ਜਾਂ 25 ਡਾਲਰ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |