1. ਪੁਸਤਕ ਰੀਵਿਊ: ਜੰਗ ਵਿਰੋਧੀ ਕਾਵਿ—ਜੰਗਬਾਜ਼ਾਂ ਦੇ ਖਿਲਾਫ਼ ਸੁਖਿੰਦਰ ਪੰਜਾਬੀ ਕਵਿਤਾ ਦਾ ਵਿਲੱਖਣ ਹਸਤਾਖਰ ਹੈ। ਪਿਛਲੇ ਕਈ ਵਰ੍ਹਿਆਂ ਤੋਂ ਕੈਨੇਡਾ ਵਿੱਚ ਰਹਿੰਦਾ ਹੋਇਆ ਉਹ ਬੜੀ ਬੇਬਾਕੀ ਨਾਲ ਸਾਹਿਤ, ਰਾਜਨੀਤੀ, ਧਰਮ, ਸਮਾਜ ਵਿੱਚ ਵਾਪਰਦੇ ਅਸੱਭਿਅ ਵਰਤਾਰੇ ਤੇ ਨਿਸੰਗ ਟਿੱਪਣੀਆਂ ਕਰ ਰਿਹਾ ਹੈ। ਉਹਦੀ ਇਸ ਨਿੱਡਰਤਾ ਨੂੰ ਦੱਬੂ ਮਾਨਸਿਕਤਾ ਵਾਲੇ ਲੋਕ ਪ੍ਰਵਾਨ ਨਹੀਂ ਕਰਦੇ। ਭਾਰਤੀ ਪੰਜਾਬ ਵਿੱਚ ਰਹਿੰਦੇ ਕੁਝ ਬੁੱਧੀਜੀਵੀ ਉਹਦੀ ਇਸ ਬੇਬਾਕੀ ਤੋਂ ਇਸ ਕਦਰ ਖ਼ੌਫ਼ਜ਼ਦਾ ਹਨ ਕਿ ਉਹਦੀਆਂ ਲਿਖਤਾਂ ਤੇ ਟਿੱਪਣੀਆਂ ਕਰਨੋਂ ਵੀ ਗੁਰੇਜ਼ ਕਰਦੇ ਹਨ, ਸ਼ਾਇਦ ਉਨ੍ਹਾਂ ਨੂੰ ਸਰਕਾਰੀ ਤੰਤਰ ਤੋਂ ਖਤਰਾ ਭਾਸਦਾ ਹੈ। ਬਹਿਰਹਾਲ… ਮੂਲ ਤੌਰ ਤੇ ਸੁਖਿੰਦਰ ਵਿਗਿਆਨ ਦਾ ਵਿਦਿਆਰਥੀ ਹੈ। ਪਰ ਘਰ ਦੇ ਸਾਹਿਤਕ ਮਾਹੌਲ (ਪਿਤਾ, ਭਰਾ- ਡਾ. ਗੁਰਭਗਤ ਸਿੰਘ, ਡਾ. ਸੁਤਿੰਦਰ ਸਿੰਘ ਨੂਰ) ਕਾਰਨ ਉਹਨੇ ਛੇਤੀ ਹੀ ਪੰਜਾਬੀ ਕਵਿਤਾ ਨੂੰ ਆਪਣਾ ਮੁੱਖ ਖੇਤਰ ਬਣਾ ਲਿਆ। ਉਹਨੇ ਪੰਜਾਬੀ ਸਾਹਿਤ ਵਿੱਚ ਬਹੁਪੱਖੀ ਯੋਗਦਾਨ ਪਾਇਆ ਹੈ, ਜਿਸ ਵਿੱਚ ਵਿਗਿਆਨ (3), ਕਵਿਤਾ (23), ਆਲੋਚਨਾ (4), ਵਾਰਤਕ (5), ਸੰਪਾਦਨਾ (8), ਨਾਵਲ (2), ਬਾਲ ਸਾਹਿਤ (1) ਦੇ ਨਾਲ-ਨਾਲ ਇੱਕ ਅੰਗਰੇਜ਼ੀ ਪੁਸਤਕ ਵੀ ਸ਼ਾਮਲ ਹੈ। ਇਨ੍ਹਾਂ ਵਿੱਚ ਸ਼ਾਹਮੁਖੀ ਤੇ ਹਿੰਦੀ ਵਿੱਚ ਛਪੀਆਂ ਕਿਤਾਬਾਂ ਵੀ ਸ਼ਾਮਲ ਹਨ। ਇਹ ਵੇਰਵਾ 1972 ਤੋਂ ਹੁਣ (2024) ਤੱਕ ਦਾ ਹੈ। ਉਹ ਲੰਮੇ ਸਮੇਂ ਤੋਂ ਇੱਕ ਸਾਹਿਤਕ ਪੱਤਰ ‘ਸੰਵਾਦ’ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਵੀ ਸੰਭਾਲ ਰਿਹਾ ਹੈ। ‘ਜੰਗਬਾਜ਼ਾਂ ਦੇ ਖਿਲਾਫ਼’ (ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ; ਪੰਨੇ 99; ਮੁੱਲ 150/-) ਉਹਦੀ ਤਾਜ਼ਾ-ਤਰੀਨ ਪੁਸਤਕ ਹੈ ਤੇ ਇਸ ਵਿੱਚ ਉਹਨੇ ਜੰਗਬਾਜ਼ਾਂ ਖਿਲਾਫ਼ ਲਿਖੀਆਂ ਸਿਰਫ਼ ਨਵੀਆਂ ਕਵਿਤਾਵਾਂ ਹੀ ਸ਼ਾਮਲ ਨਹੀਂ ਕੀਤੀਆਂ ਸਗੋਂ ਉਨ੍ਹਾਂ ਸਾਰੀਆਂ ਕਵਿਤਾਵਾਂ ਨੂੰ ਸੰਕਲਿਤ ਕੀਤਾ ਹੈ, ਜੋ ਉਹਨੇ ਪਿਛਲੇ ਕਰੀਬ 45 ਸਾਲਾਂ ਵਿੱਚ ਲਿਖੀਆਂ ਤੇ ਉਹਦੀਆਂ ਵੱਖ-ਵੱਖ ਕਿਤਾਬਾਂ ਵਿੱਚ ਵੀ ਛਪੀਆਂ ਹੋਈਆਂ ਹਨ। ਇੱਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਕਵੀ ਨੇ ਹਰ ਕਵਿਤਾ ਦੇ ਅੰਤ ਵਿੱਚ ਉਹਦੇ ਲਿਖਣ ਸਥਾਨ ਅਤੇ ਮਿਤੀ ਵੀ ਦਰਜ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਕਿਤਾਬ ਵਿਚਲੀਆਂ ਕਵਿਤਾਵਾਂ 2005 ਤੋਂ 2024 ਦੇ ਸਮੇਂ ਤੱਕ ਦੀਆਂ ਹਨ। ਸੰਗ੍ਰਹਿ ਦੀ ਸਭ ਤੋਂ ਪੁਰਾਣੀ ਕਵਿਤਾ ਮਾਲਟਨ – 2005 ਦੀ ਹੈ, ਜਦਕਿ ਸਭ ਤੋਂ ਨਵੀਂ ਮਾਲਟਨ – 7 ਫ਼ਰਵਰੀ 2024 ਦੀ। ਤੱਤਕਰਾ ਵਿੱਚ ਕਵਿਤਾਵਾਂ ਦੀ ਗਿਣਤੀ 34 ਲਿਖੀ ਹੈ, ਪਰ ਅਸਲ ਵਿੱਚ ਸੰਗ੍ਰਹਿ ਦੀ ਆਖਰੀ ਕਵਿਤਾ ‘ਖਤਰਨਾਕ ਪੁਸਤਕ’ (ਪੰਨੇ 98-99) ਦਾ ਨਾਂ ਇਸ ਵਿੱਚ ਸ਼ਾਮਲ ਹੋਣੋਂ ਰਹਿ ਗਿਆ ਹੈ, ਪਤਾ ਨਹੀਂ ਕਿਉਂ? ਇਸ ਤਰ੍ਹਾਂ ਇਸ ਕਿਤਾਬ ਵਿੱਚ 35 ਕਵਿਤਾਵਾਂ ਹਨ। ਸੰਗ੍ਰਹਿ ਵਿਚਲੀਆਂ ਵਧੇਰੇ ਕਵਿਤਾਵਾਂ (29) ਮਾਲਟਨ, ਕੈਨੇਡਾ ਦੀਆਂ ਹਨ ਤੇ ਕੁਝ ਕਵਿਤਾਵਾਂ (06) ਅੰਬਾਲਾ ਛਾਉਣੀ, ਭਾਰਤ ਵਿੱਚ ਰਹਿ ਕੇ ਲਿਖੀਆਂ ਗਈਆਂ ਹਨ। ਕਵਿਤਾਵਾਂ ਤੋਂ ਪਹਿਲਾਂ ਲੰਮੀ ਭੂਮਿਕਾ ਹੈ, ਜਿਸ ਵਿੱਚ ਕਵੀ ਨੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਵਿਸ਼ੇ-ਵਸਤੂ ਤੋਂ ਪਰਿਚਿਤ ਕਰਵਾਇਆ ਹੈ। ਉਹਨੇ ਜੰਗਬਾਜ਼ ਦੇ ਅਰਥ ਸਪਸ਼ਟ ਕਰਕੇ ਇਹਦੇ ਵੱਖੋ-ਵੱਖਰੇ ਪੱਖ ਦੱਸੇ ਹਨ। ਕਵੀ ਮੁਤਾਬਕ ਉਹ ਲੋਕ ਜੰਗਬਾਜ਼ ਹਨ ਜੋ ਧਰਮ, ਰੰਗ, ਨਸਲ, ਜਾਤਪਾਤ, ਊਚਨੀਚ ਦੇ ਨਾਂ ਤੇ ਸਮਾਜ ਵਿੱਚ ਨਫ਼ਰਤ ਫ਼ੈਲਾਉਂਦੇ ਹਨ। ਉਹਨੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ, ਪ੍ਰਦੂਸ਼ਣ ਫ਼ੈਲਾਉਣ ਵਾਲੇ ਲੋਕਾਂ ਨੂੰ ਵੀ ਜੰਗਬਾਜ਼ਾਂ ਦੇ ਕਟਹਿਰੇ ਵਿੱਚ ਰੱਖਿਆ ਹੈ। ਯਾਨੀ ਕਵੀ ਦੀ ਨਜ਼ਰ ਵਿੱਚ ਹਰ ਉਹ ਬਸ਼ਰ ਜੰਗਬਾਜ਼ ਹੈ, ਜੋ ਮਾਨਵ ਵਿਰੋਧੀ ਕਿਸੇ ਵੀ ਘਟੀਆ/ਘਿਨਾਉਣੀ ਹਰਕਤ ਦਾ ਹਿੱਸਾ ਹੈ। ਕਵੀ ਨੇ ਦਾਅਵਾ ਕੀਤਾ ਹੈ ਕਿ ਜੰਗ ਦੇ ਵਿਸ਼ੇ ਬਾਰੇ ਪੰਜਾਬੀ ਕਾਵਿ-ਕਿਤਾਬ ਲਿਖਣ ਵਾਲਾ ਅਜੇ ਤੱਕ ਉਹ ਫਿਲਹਾਲ ਪਹਿਲਾ ਤੇ ਇਕਲੌਤਾ ਕਵੀ ਹੈ। ਉਹ ਇਹ ਗੱਲ ਵੀ ਬਿਨਾਂ ਝਿਜਕ ਤੋਂ ਕਹਿੰਦਾ ਹੈ ਕਿ ਪੰਜਾਬੀ ਦੇ ਵਧੇਰੇ ਪਾਠਕ ਤੇ ਸਾਹਿਤਕਾਰ ਜੰਗ ਵਿਰੋਧੀ/ ਅਮਨ ਬਾਰੇ ਕਵਿਤਾਵਾਂ ਪੜ੍ਹਨੀਆਂ ਪਸੰਦ ਨਹੀਂ ਕਰਦੇ। ਇਸ ਕਿਤਾਬ ਨੂੰ ਕਵੀ ਨੇ ਵਿਸ਼ਵ ਪ੍ਰਸਿੱਧ ਗਾਇਕਾਂ/ਕਵੀਆਂ ਨੂੰ ਸਮਰਪਿਤ ਕੀਤਾ ਹੈ। ਕਵੀ ‘ਹਵਸ’ ਨੂੰ ਜੰਗ ਦਾ ਮੂਲ ਕਾਰਨ ਮੰਨਦਾ ਹੈ। ਧਰਤੀ ਤੇ ਕਬਜ਼ਾ, ਹਥਿਆਰ ਵੇਚਣੇ, ਮੀਡੀਆ ਤੇ ਕਬਜ਼ਾ, ਧਨ-ਦੌਲਤ ਤੇ ਕਬਜ਼ਾ, ਖ਼ੂਬਸੂਰਤ ਔਰਤਾਂ ਦਾ ਸ਼ਿਕਾਰ, ਰਾਜਸੱਤਾ ਹਥਿਆਉਣੀ ਇਹਦੇ ਮੁੱਖ ਕਾਰਨ ਹਨ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਵੀ ਸੰਸਾਰ ਵਿੱਚ ਵਾਪਰਦੇ ਪਲ-ਪਲ ਦੇ ਵਰਤਾਰੇ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਇਹ ਵਰਤਾਰਾ ਸਮਾਜ, ਧਰਮ, ਰਾਜਨੀਤੀ, ਸਭਿਆਚਾਰ, ਸਾਹਿਤ ਦੇ ਖੇਤਰ ਵਿੱਚ ਨਿਰੰਤਰ ਵਾਪਰ ਰਿਹਾ ਹੈ। ਕਵੀ ਨੇ ਯੂਕਰੇਨ, ਗਾਜ਼ਾ, ਯਮਨ, ਸੀਰੀਆ, ਸੋਮਾਲੀਆ, ਨਾਇਜੀਰੀਆ ਆਦਿ ਥਾਂਵਾਂ ਤੇ ਹੁੰਦੇ ਅਮਾਨਵੀ ਤਸ਼ੱਦਦ ਦੇ ਨਾਲ-ਨਾਲ ਵਿਦਿਆਲਿਆਂ, ਹਸਪਤਾਲਾਂ, ਧਾਰਮਿਕ ਸਥਾਨਾਂ ਤੇ ਹੁੰਦੇ ਖੂਨ-ਖਰਾਬੇ ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਉਹ ਅਜਿਹੇ ਜੰਗਬਾਜ਼ਾਂ ਨੂੰ ਹਿਟਲਰ ਦੀ ਔਲਾਦ ਕਹਿੰਦਾ ਹੈ। ਸੁਖਿੰਦਰ ਇੱਕ ਬੇਖੌਫ਼, ਨਿੱਡਰ ਅਤੇ ਸਪਸ਼ਟ ਕਵੀ ਹੈ, ਜਿਸਨੇ ਹਰ ਉਸ ਸਾਜ਼ਿਸ਼ ਨੂੰ ਨੰਗਿਆਂ ਕੀਤਾ ਹੈ, ਜੋ ਲਾਚਾਰ, ਮਾਸੂਮ, ਮਜ਼ਲੂਮ, ਨਿਮਾਣੇ, ਨਿਤਾਣੇ ਵਿਅਕਤੀ ਉੱਤੇ ਤਸ਼ੱਦਦ ਕਰਕੇ ਖ਼ੁਦ ਨੂੰ ਸ੍ਰੇਸ਼ਟ ਸਮਝਣ ਦਾ ਦਾਅਵਾ ਕਰਦੀ ਹੈ। ਉਹ ਇਨ੍ਹਾਂ ਨਿਹੱਥਿਆਂ ਦੀ ਧਿਰ ਬਣਦਾ ਹੈ : ਹੀਰੋਸ਼ੀਮਾ ਤੋਂ ਗਾਜ਼ਾ ਤੱਕ ਕਵੀ ਅਮਨ ਤੇ ਸ਼ਾਂਤੀ ਚਾਹੁੰਦਾ ਹੈ ਤਾਂ ਕਿ (ਭਾਰਤ-ਪਾਕਿ) ਸਰਹੱਦ ਦੇ ਦੋਹੀਂ ਪਾਸੀਂ ਰਹਿਣ ਵਾਲੇ ਲੋਕ ਸਦੀਵੀ ਅਮਨ-ਚੈਨ ਨਾਲ ਜੀਵਨ ਬਿਤਾ ਸਕਣ। ਅਕਸਰ ਰਾਜਨੀਤਕ ਲੋਕ ਹੀ ਜਾਣ-ਬੁੱਝ ਕੇ ਸਰਹੱਦ ਉੱਤੇ ਖ਼ਤਰਾ ਦੱਸ ਕੇ ਹੱਸਦੇ-ਵੱਸਦੇ ਘਰਾਂ ਨੂੰ ਕਬਰਿਸਤਾਨ ਵਿੱਚ ਤਬਦੀਲ ਕਰ ਦਿੰਦੇ ਹਨ। ਜਦਕਿ ਆਮ ਲੋਕਾਂ ਦਾ ਇਸ ਸਭ ਕਾਸੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ : ਜੰਗ ਦੇ ਵਿਉਪਾਰੀਆ ਅਮਨ ਦੀ ਕੋਈ ਗੱਲ ਕਰ ਸੁਖਿੰਦਰ ਦੀ ਇਹ ਕਾਵਿ-ਕਿਤਾਬ ਵਿਸ਼ਵ ‘ਚ ਫੈਲੇ ਜੰਗੀ-ਮਾਹੌਲ ਦਾ ਪਰਦਾਫ਼ਾਸ਼ ਕਰਦੀ ਹੈ ਤੇ ਤਪਦੇ ਆਲਮ ਵਿੱਚ ਠੰਡ ਦਾ ਬੁੱਲਾ ਲੈ ਕੇ ਆਉਂਦੀ ਹੈ। ਅਲੰਕਾਰਾਂ, ਬਿੰਬਾਂ, ਚਿੰਨ੍ਹਾਂ, ਪ੍ਰਤੀਕਾਂ ਆਦਿ ਦੇ ਮੁਲੰਮੇ ਤੋਂ ਰਹਿਤ ਸੁਖਿੰਦਰ ਦੀਆਂ ਇਹ ਕਵਿਤਾਵਾਂ ਸਧਾਰਨ ਭਾਸ਼ਾ ਵਿੱਚ ਸਧਾਰਨ ਵਿਅਕਤੀ ਦੀ ਗੱਲ ਬੜੀ ਸ਼ਕਤੀਸ਼ਾਲੀ ਢੰਗ ਨਾਲ ਕਹਿਣ ਦੀ ਸਮਰੱਥਾ ਰੱਖਦੀਆਂ ਹਨ, ਅਜਿਹਾ ਮੇਰਾ ਵਿਸ਼ਵਾਸ ਹੈ! 2. ਪੁਸਤਕ ਰੀਵਿਊ—ਮਾਂ-ਬੋਲੀ ਦੇ ਸਰੋਕਾਰ : ‘ਪੰਜਾਬੀ ਬੋਲੀ ਅਤੇ ਵਿਰਸਾ’ ਸੁਖਿੰਦਰ (ਜਨਮ 1947, ਅੰਮ੍ਰਿਤਸਰ) 1972 ਤੋਂ ਪੰਜਾਬੀ ਵਿੱਚ ਨਿਰੰਤਰ ਲਿਖਦਾ ਆ ਰਿਹਾ ਹੈ। ਬੇਸ਼ੱਕ ਉਹਦੀਆਂ ਮੁੱਢਲੀਆਂ ਤਿੰਨ ਕਿਤਾਬਾਂ ਵਿਗਿਆਨ ਦੇ ਵਿਸ਼ੇ ਨਾਲ ਸੰਬੰਧਿਤ ਸਨ, ਕਿਉਂਕਿ ਉਹ ਮੂਲ ਤੌਰ ਤੇ ਫ਼ਿਜ਼ਿਕਸ ਦਾ ਵਿਦਿਆਰਥੀ ਹੈ। 1974 ਤੋਂ ਉਹਨੇ ਪੰਜਾਬੀ ਸਾਹਿਤ ਜਗਤ ਵਿੱਚ ਦਸਤਕ ਦਿੱਤੀ ਅਤੇ ਕਵਿਤਾ (23), ਆਲੋਚਨਾ (4), ਵਾਰਤਕ (5), ਸੰਪਾਦਨ (7), ਨਾਵਲ (2), ਬਾਲ ਸਾਹਿਤ (1) ਵਿੱਚ ਜ਼ਿਕਰਯੋਗ ਵਾਧਾ ਕੀਤਾ। ਤੱਤਕਾਲੀ/ਸਮਕਾਲੀ ਵਿਸ਼ਿਆਂ ਤੇ ਉਹਨੇ ਮੁੱਲਵਾਨ ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਸਦਾ ਸਾਹਿਤਕ ਹਲਕਿਆਂ ਵਿੱਚ ਉਚੇਚਾ ਨੋਟਿਸ ਲਿਆ ਗਿਆ ਹੈ।ਇਹਦੇ ਨਾਲ ਹੀ ਉਹਦਾ ਕਵਿਤਾ, ਵਿਸ਼ੇਸ਼ ਤੌਰ ਤੇ ਵਿਸ਼ਵ ਪੰਜਾਬੀ ਕਵਿਤਾ ਵਿੱਚ ਵਿਲੱਖਣ ਸਥਾਨ ਹੈ। ਸੁਖਿੰਦਰ ਨੇ ਹੁਣ ਤੱਕ 7 ਕਿਤਾਬਾਂ ਦਾ ਸੁਚੱਜਾ ਸੰਪਾਦਨ ਕੀਤਾ ਹੈ। ਇਨ੍ਹਾਂ ਵਿੱਚ ‘ਮਕਤਲ’ (ਪ੍ਰਗਤੀਵਾਦੀ ਕਵਿਤਾ, ਸਹਿ-ਸੰਪਾਦਨ, 1982), ‘ਬਘਿਆੜਾਂ ਦੇ ਵੱਸ’ (ਕੈਨੇਡੀਅਨ ਪੰਜਾਬੀ ਕਵਿਤਾ, 1986), ‘ਮੇਰੀਆਂ ਝਾਂਜਰਾਂ ਦੀ ਛਨਛਨ (ਦਵਿੰਦਰ ਬਾਂਸਲ ਦੀ ਕੋਲਾਜ ਕਿਤਾਬ, 1999), ‘ਅੰਦੋਲਨ ਮੇਲਾ ਨਹੀਂ ਹੁੰਦਾ’ (52 ਕਵੀਆਂ ਦੀਆਂ ਕਵਿਤਾਵਾਂ, 2022), ‘ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ: ਖੁੱਲ੍ਹੇ ਭੇਤ’ (ਆਲੋਚਨਾ, 2022), ‘ਸੁਖਿੰਦਰ ਦੀ ਕਾਵਿ ਸੰਵੇਦਨਾ’ (ਆਲੋਚਨਾ, 2023), ‘ਪੰਜਾਬੀ ਸਾਹਿਤ ਅਤੇ ਸਭਿਆਚਾਰ’ (ਨਿਬੰਧ, ਸਹਿ-ਸੰਪਾਦਨ, 2023) ਦੇ ਨਾਂ ਸ਼ਾਮਲ ਹਨ। ਰੀਵਿਊ ਅਧੀਨ ਪੁਸਤਕ ‘ਪੰਜਾਬੀ ਬੋਲੀ ਅਤੇ ਵਿਰਸਾ’ (ਸੰਪਾਦਕ ਸੁਖਿੰਦਰ ਅਤੇ ਡਾ. ਦਲਬੀਰ ਸਿੰਘ ਕਥੂਰੀਆ; ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ; ਪੰਨੇ 210; ਮੁੱਲ 200/-) ਸੰਪਾਦਨਾ ਦੀ ਲੜੀ ਵਿੱਚ ਉਹਦੀ ਅੱਠਵੀ ਪੁਸਤਕ ਹੈ, ਜੋ ਇਸੇ ਸਾਲ (2024 ਵਿੱਚ) ਪ੍ਰਕਾਸ਼ਿਤ ਹੋਈ ਹੈ। ਇਸ ਵਿੱਚ ਪੰਜਾਬੀ ਭਾਸ਼ਾ, ਪ੍ਰਕਾਸ਼pਨ, ਵਿਦਿਅਕ ਸੰਸਥਾਵਾਂ, ਗੀਤਾਂ ਆਦਿ ਮਹੱਤਵਪੂਰਣ ਵਿਸ਼ਿਆਂ ਬਾਰੇ ਨਿਬੰਧ ਦਰਜ ਹਨ। ਦੇਸ-ਵਿਦੇਸ਼ ਦੇ ਕੁੱਲ 35 ਲੇਖਕਾਂ ਦੇ 37 ਲੇਖ ਸੰਕਲਿਤ ਹਨ। ਦੋਵੇਂ ਸੰਪਾਦਕਾਂ ਦੇ 2-2 ਲੇਖ ਹਨ, ਬਾਕੀ ਸਾਰਿਆਂ ਦੇ 1-1. ਇਨ੍ਹਾਂ ਵਿੱਚ ਸਭ ਤੋਂ ਵੱਧ ਭਾਰਤ (17) ਦੇ ਲੇਖਕ ਹਨ, ਫਿਰ ਕੈਨੇਡਾ (11), ਪਾਕਿਸਤਾਨ (3), ਇਟਲੀ (2), ਯੂਐੱਸਏ (1) ਅਤੇ ਯੂਕੇ (1)। ਕਿਤਾਬ ਵਿੱਚ ਮੁੱਖ ਤੌਰ ਤੇ ਲੇਖਕਾਂ ਨੇ ਪੰਜਾਬੀ ਭਾਸ਼ਾ ਦੇ ਰਾਹ ਵਿੱਚ ਆਉਣ ਵਾਲੀਆਂ ਚੁਣੌਤੀਆਂ, ਪੰਜਾਬੀ ਭਾਸ਼ਾ ਤੇ ਬੱਚੇ, ਪੰਜਾਬੀ ਭਾਸ਼ਾ ਤੇ ਪੰਜਾਬ ਦੀ ਵੰਡ, ਪੰਜਾਬੀ ਪ੍ਰਕਾਸ਼ਕਾਂ ਵੱਲੋਂ ਲੁੱਟ, ਪੰਜਾਬੀ ਪ੍ਰਤੀ ਰਾਜਸੀ ਵਿਤਕਰੇ, ਪੰਜਾਬੀ ਰੰਗਮੰਚ, ਪੰਜਾਬੀ ਵਿਦਿਅਕ ਸੰਸਥਾਵਾਂ, ਪਾਕਿਸਤਾਨ ਵਿੱਚ ਪੰਜਾਬੀ ਦੀ ਸਥਿਤੀ, ਪੰਜਾਬੀ ਗੀਤਾਂ ਵਿੱਚ ਅੰਗਰੇਜ਼ੀ ਸ਼ਬਦਾਵਲੀ, ਪੰਜਾਬੀ ਆਰਟੀਫੀਸ਼ੀਅਲ ਇੰਟੈਲੀਜੈਂਸ, ਪੰਜਾਬੀ ਭਾਸ਼ਾ ਦੀ ਜੀਵਨ ਵਿੱਚ ਮਹੱਤਤਾ, ਪੱਛਮੀ ਦੇਸ਼ਾਂ ਵਿੱਚ ਪੰਜਾਬੀ ਆਦਿ ਵਿਸ਼ਿਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਸੁਖਿੰਦਰ ਨੇ ਭੂਮਿਕਾ ਵਿੱਚ ਸਪਸ਼ਟ ਕੀਤਾ ਹੈ ਕਿ ਡਾ. ਕਥੂਰੀਆ ਨੇ ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨਾ ਨਾਲ ਸੰਬੰਧਿਤ ਸਾਰੀ ਆਰਥਕ ਜ਼ਿੰਮੇਵਾਰੀ ਉਠਾਈ ਹੈ। ਡਾ. ਸੁਖਪਾਲ ਸੰਘੇੜਾ, ਡਾ. ਸੈਮਾ ਬੈਤੁਲ, ਡਾ. ਅਨਵਰ ਚਿਰਾਗ਼, ਜਸਵਿੰਦਰ ਸੰਧੂ , ਡਾ. ਜਸਬੀਰ ਸਿੰਘ ਸਰਨਾ ਨੇ ਆਪਣੇ ਲੇਖਾਂ ਵਿੱਚ ਹਵਾਲੇ ਤੇ ਟਿੱਪਣੀਆਂ ਦੇ ਕੇ ਖੋਜ-ਵਿਧੀ ਅਨੁਸਾਰ ਵਿਉਂਤਿਆ ਹੈ। ਰਵਿੰਦਰ ਸਿੰਘ ਸੋਢੀ ਨੇ ਆਪਣੇ ਨਿਬੰਧ ‘ਪ੍ਰਕਾਸ਼ਨ ਘਰਾਂ ਦੀ ਲੁੱਟ’ ਵਿੱਚ ਨਿੱਜੀ ਤਜਰਬਿਆਂ ਨੂੰ ਆਧਾਰ ਬਣਾਇਆ ਹੈ; ਪ੍ਰਿੰ. ਲਵਲੀ ਸਲੂਜਾ ਨੇ ਪੁਆਧੀ ਉਪਭਾਸ਼ਾ ਬਾਰੇ ਬਿਹਤਰੀਨ ਜਾਣਕਾਰੀ ਦਿੱਤੀ ਹੈ; ਡਾ. ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਦੀਆਂ ਉਪਬੋਲੀਆਂ ਅਤੇ ਪੰਜਾਬੀ ਦੇ ਵਿਕਾਸ ਵਿੱਚ ਰੈਲੀਆਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ; ਨਿਰੰਜਨ ਬੋਹਾ ਨੇ ਆਪਣੇ ਲੇਖ ਵਿੱਚ ਪੰਜਾਬੀ ਦੇ ਰਾਹ ਵਿੱਚ ਆਉਣ ਵਾਲੀਆਂ ਰਾਜਸੀ ਅੜਿੱਚਣਾਂ ਨੂੰ ਛੋਹਿਆ ਹੈ; ਸੁਖਿੰਦਰ ਨੇ ਆਪਣੇ ਲੇਖਾਂ ਵਿੱਚ ਪੰਜਾਬੀ ਭਾਸ਼ਾ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਵਿਸਤ੍ਰਿਤ ਜਾਇਜ਼ਾ ਲਿਆ ਹੈ। ਲੇਖਾਂ ਦੇ ਕ੍ਰਮ ਦਾ ਆਧਾਰ ਕੀ ਬਣਾਇਆ ਹੈ- ਇਸ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਹਰ ਨਿਬੰਧ ਦੇ ਨਾਲ ਲੇਖਕ ਦੀ ਤਸਵੀਰ ਅਤੇ ਥਾਂ-ਟਿਕਾਣਾ ਵੀ ਦਿੱਤਾ ਗਿਆ ਹੈ। ਇਹ ਖ਼ੁਸ਼ੀ ਦੀ ਗੱਲ ਹੈ ਕਿ ਪੁਸਤਕ ਵਿੱਚ 8 ਇਸਤਰੀ- ਲੇਖਕਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ ਹੈ। ਅੰਤਿਕਾ ਵਿੱਚ ਲੇਖਕਾਂ ਦੇ ਨਾਂ ਅਤੇ ਈਮੇਲ ਪਤਿਆਂ ਵਿੱਚ 30 ਜਣਿਆਂ ਦਾ ਹੀ ਵੇਰਵਾ ਹੈ। ਡਾ. ਡੀਪੀ ਸਿੰਘ, ਸੁਰਜੀਤ ਸਿੰਘ ਫਲੋਰਾ, ਡਾ. ਅਨਵਰ ਚਿਰਾਗ਼, ਜਸਵਿੰਦਰ ਸੰਧੂ ਅਤੇ ਪ੍ਰਿੰ. ਲਵਲੀ ਸਲੂਜਾ ਦੇ ਈਮੇਲ ਪਤੇ ਦਰਜ ਨਹੀਂ ਹਨ। ਖ਼ੈਰ… ਕਿਤਾਬ ਦੇ ਸਰਵਰਕ ਨੂੰ ਅਮਨਦੀਪ ਕੌਰ ਕੈਨੇਡਾ ਨੇ ਡਿਜ਼ਾਇਨ ਕੀਤਾ ਹੈ, ਜਿਸ ਵਿੱਚ ਬਾਬੇ ਨਾਨਕ ਦੀਆਂ ਉਦਾਸੀਆਂ ਨਾਲ ਸੰਬੰਧਿਤ ਜਸਵੰਤ ਸਿੰਘ ਦੇ ਬਣਾਏ ਚਿੱਤਰ ਨੂੰ ਖ਼ਾਸ ਥਾਂ ਦਿੱਤੀ ਗਈ ਹੈ। ਹੇਠਾਂ ਪੰਜਾਬੀ ਲੇਖਕਾਂ, ਗਾਇਕਾਂ ਵਿੱਚ ਬਾਬਾ ਫ਼ਰੀਦ, ਵਾਰਿਸ ਸ਼ਾਹ, ਸੁਲਤਾਨ ਬਾਹੂ, ਸ਼ਿਵ, ਅੰਮ੍ਰਿਤਾ, ਪ੍ਰੋ. ਮੋਹਨ ਸਿੰਘ, ਪ੍ਰੋ. ਪੂਰਨ ਸਿੰਘ, ਸੰਤ ਰਾਮ ਉਦਾਸੀ, ਪਾਸ਼, ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਸੁਰਿੰਦਰ ਕੌਰ, ਰੇਸ਼ਮਾ, ਨੂਰਜਹਾਂ, ਆਲਮ ਲੋਹਾਰ ਅਤੇ ਗੁਰਸ਼ਰਨ ਸਿੰਘ ਨਾਟਕਕਾਰ ਦੀਆਂ ਤਸਵੀਰਾਂ ਹਨ। ਪੰਜਾਬੀ ਬੋਲੀ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਨੂੰ ਇੱਕ ਥਾਂ ਇਕੱਠਾ ਕਰਕੇ ਸੰਪਾਦਕਾਂ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ। ਸਾਰੇ ਹੀ ਲੇਖਕਾਂ ਨੇ ਬੜੀ ਮਿਹਨਤ ਨਾਲ ਇਹ ਨਿਬੰਧ ਤਿਆਰ ਕੀਤੇ ਹਨ। ਮੈਨੂੰ ਵਿਸ਼ਵਾਸ ਹੈ ਕਿ ਪੰਜਾਬੀ ਬੋਲੀ ਤੇ ਕੰਮ ਕਰਨ ਵਾਲੇ ਖੋਜ-ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਪੁਸਤਕ ਰਾਹੀਂ ਬਹੁਮੁੱਲੀ ਜਾਣਕਾਰੀ ਮੁਹੱਈਆ ਹੋਵੇਗੀ!
# ਅਕਾਲ ਯੂਨੀਵਰਸਿਟੀ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015