17 September 2024

ਪੰਜਾਬੀ ਪੱਤਰਕਾਰੀ ਦਾ ਰੌਸ਼ਨ ਮੀਨਾਰ: ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ —ਉਜਾਗਰ ਸਿੰਘ, ਪਟਿਆਲਾ    

ਪੰਜਾਬੀ ਪੱਤਰਕਾਰੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਦਿਵਾਉਣ ਵਾਲਾ ਕੌਮਾਂਤਰੀ ਪੱਤਰਕਾਰ ‘ਨਰਪਾਲ ਸਿੰਘ ਸ਼ੇਰਗਿੱਲ’ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਪੰਜਾਬੀ ਪੱਤਰਕਾਰੀ ਵਿਚ ਭਖਦੇ ਮਸਲਿਆਂ ’ਤੇ ਬਿਹਤਰੀਨ ਲੇਖ ਲਿਖ ਕੇ ਵੱਖ-ਵੱਖ ਅਖ਼ਬਾਰਾਂ ਵਿਚ ਲਗਾਤਾਰ ਛਪਦਾ ਆ ਰਿਹਾ ਹੈ। ਉਨ੍ਹਾਂ ਦੇ ਪੱਤਰਕਾਰੀ ਦੇ ਸਫ਼ਰ ਬਾਰੇ ‘ਗੁਰਮੀਤ ਸਿੰਘ ਪਲਾਹੀ’ ਨੇ ‘ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਵਿਚਾਰਧਾਰਾ ਦੀ ਪਰਿਕਰਮਾ ਕਰਨ ਵਾਲਾ ਪੰਜਾਬੀ ਦਾ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ’ ਪੁਸਤਕ ਪ੍ਰਕਾਸ਼ਿਤ ਕਰਕੇ ਪੰਜਾਬੀ ਪਾਠਕਾਂ ਅਤੇ ਉੱਭਰਦੇ ਪੱਤਰਕਾਰਾਂ ਲਈ ਵਿਸਾਖੀ ਦਾ ਤੋਹਫ਼ਾ ਦਿੱਤਾ ਹੈ।

ਇਹ ਪੁਸਤਕ ਪੱਤਰਕਾਰੀ ਦੇ ਇਤਿਹਾਸ ਵਿਚ ਮੀਲ ਪੱਥਰ ਸਾਬਤ ਹੋਵੇਗੀ। ਗੁਰਮੀਤ ਸਿੰਘ ਪਲਾਹੀ ਨੇ ਨਰਪਾਲ ਸਿੰਘ ਸ਼ੇਰਗਿੱਲ ਦੇ ਹਜ਼ਾਰਾਂ ਲਿਖੇ ਲੇਖਾਂ ’ਚੋਂ ਚੁਣ ਕੇ 33 ਅਜਿਹੇ ਲੇਖ ਪ੍ਰਕਾਸ਼ਿਤ ਕੀਤੇ ਹਨ ਜਿਹੜੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿਤਾਂ ਦੀ ਤਰਜਮਾਨੀ ਕਰਦੇ ਹੋਏ ਪੰਜਾਬੀਆਂ ਨੂੰ ਆਪਣੇ ਹਿਤਾਂ ਦੀ ਰਾਖੀ ਕਰਨ ਲਈ ਪ੍ਰੇਰਦੇ ਹਨ।

ਨਰਪਾਲ ਸਿੰਘ ਸ਼ੇਰਗਿੱਲ ਦੇ ਲੇਖ ਆਮ ਲੇਖ ਨਹੀਂ ਹੁੰਦੇ ਪ੍ਰੰਤੂ ਉਨ੍ਹਾਂ ਦੇ ਲੇਖ ਅਜਿਹੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਮਸਲਿਆਂ ਬਾਰੇ ਹੁੰਦੇ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਪੰਜਾਬ, ਪੰਜਾਬੀਅਤ ਅਤੇ ਇਨਸਾਨੀਅਤ ਦੇ ਹਿਤਾਂ ਦੀ ਪਹਿਰੇਦਾਰੀ ਕਰਨਾ ਹੁੰਦਾ ਹੈ। ਉਨ੍ਹਾਂ ਨਰਪਾਲ ਸਿੰਘ ਸ਼ੇਰਗਿੱਲ ਦੇ ਜੀਵਨ ਦੀ ਜੱਦੋ-ਜਹਿਦ ਨਾਲ ਪੱਤਰਕਾਰੀ ਦੀ ਵਿਲੱਖਣ ਪਹਿਚਾਣ ਬਣਾਉਣ ਲਈ ਪਾਏ ਯੋਗਦਾਨ ਵਾਲੇ ਲੇਖਾਂ ਨੂੰ ਚਾਰ ਭਾਗਾਂ: ਪੱਤਰਕਾਰੀ, ਦਹਿਸ਼ਤਵਾਦ, ਗ਼ੈਰ-ਕਾਨੂੰਨੀ ਪਰਵਾਸ ਅਤੇ ਚਲੰਤ ਮਸਲੇ ਸਿਰਲੇਖਾਂ ਹੇਠ ਵੰਡਿਆ ਹੈ।

ਪੱਤਰਕਾਰੀ ਵਾਲੇ ਭਾਗ ਵਿਚ ਆਪਣੇ ਫ਼ਰਜ਼ ਨਿਭਾਉਂਦਿਆਂ ਪੱਤਰਕਾਰਾਂ ਨੂੰ ਆ ਰਹੀਆਂ ਕਠਨਾਈਆਂ ਅਤੇ ਸਮੱਸਿਆਵਾਂ ਬਾਰੇ 8 ਲੇਖ ਸ਼ਾਮਲ ਕੀਤੇ ਹਨ। ਇਨ੍ਹਾਂ ਲੇਖਾਂ ’ਚ ਦਰਸਾਇਆ ਗਿਆ ਹੈ ਕਿ ਸੰਸਾਰ ’ਚ ਹਰ ਇਕ ਪੱਤਰਕਾਰ ਨੂੰ ਸੱਚ ’ਤੇ ਪਹਿਰਾ ਦੇਣ ਬਦਲੇ ਕਈ ਵਾਰ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਉਨ੍ਹਾਂ ਨੇ ਆਪਣੇ ਲੇਖਾਂ ’ਚ ਉਦਾਹਰਨਾਂ ਦੇ ਕੇ ਸਾਬਤ ਕੀਤਾ ਹੈ ਕਿ ਸੱਚੇ-ਸੁੱਚੇ ਪੱਤਰਕਾਰੀ ਦੇ ਕਿਰਦਾਰ ਵਾਲੇ ਪੱਤਰਕਾਰਾਂ ਲਈ ਪੱਤਰਕਾਰੀ ਤਲਵਾਰ ਦੀ ਨੋਕ ’ਤੇ ਤੁਰਨ ਦੇ ਬਰਾਬਰ ਹੁੰਦੀ ਹੈ।

ਸ਼ੇਰਗਿੱਲ ਆਪਣੇ ਬੇਬਾਕੀ ਦੇ ਸੁਭਾਅ ਅਨੁਸਾਰ ਆਪਣੇ ਲੇਖਾਂ ’ਚ ਵੀ ਨਿਡਰਤਾ ਅਤੇ ਨਿਰਪੱਖਤਾ ਨਾਲ ਸ਼ਬਦਾਂ ਦੀ ਅਜਿਹੀ ਮਾਲਾ ਪ੍ਰੋਂਦਾ ਹੈ ਕਿ ਉਸ ਦੀ ਖ਼ੁਸ਼ਬੋ ਮਨੁੱਖਤਾ ਨੂੰ ਆਪਣੇ ਕਿਰਦਾਰ ਵਿਚ ਸਪਸ਼ਟਤਾ ਲਿਆਉਣ ਲਈ ਪ੍ਰੇਰਦੀ ਹੈ। ਪੱਤਰਕਾਰਤਾ ਬਾਰੇ ਲਿਖਦਿਆਂ ਉਨ੍ਹਾਂ ਸੰਸਾਰ ਦੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਅਤੇ ਦਹਿਸ਼ਤ ਦੇ ਸਾਏ ਹੇਠ ਦਲੇਰੀ ਨਾਲ ਕੰਮ ਕਰਨ ਦੀ ਪ੍ਰੋੜ੍ਹਤਾ ਕੀਤੀ ਹੈ। ਸਰਕਾਰਾਂ ਦੀ ਪੱਤਰਕਾਰਾਂ ਬਾਰੇ ਅਵੇਸਲਾਪਣ ’ਤੇ ਵੀ ਚਿੰਤਾ ਪ੍ਰਗਟ ਕੀਤੀ ਹੈ।

ਦੂਜੇ ਭਾਗ ‘ਦਹਿਸ਼ਤਵਾਦ’ ਵਿਚ ਉਨ੍ਹਾਂ ਦੇ 6 ਲੇਖ ਹਨ, ਜਿਨ੍ਹਾਂ ’ਚ ਲੇਖਕ ਨੇ ਇਸਲਾਮੀ ਦਹਿਸ਼ਤਵਾਦ, ਕੌਮਾਂਤਰੀ ਦਹਿਸ਼ਤਵਾਦ, ਬਰਤਾਨੀਆ ’ਚ ਅੱਤਵਾਦੀ ਘਟਨਾਵਾਂ, ਬਰਤਾਨੀਆ ’ਚ ਨਵਾਂ ਕਾਨੂੰਨ, ਯੂਰਪ ਦਾ ਦਹਿਸ਼ਤਵਾਦ-ਰੋਕੂ ਕਾਨੂੰਨ ਤੇ ਭਾਰਤ ’ਚ ਦਹਿਸ਼ਤਵਾਦ ਸ਼ਾਮਲ ਹਨ। 

ਲਿਖਣ ਤੋਂ ਭਾਵ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਦੀ ਸੋਚ ਅਤੇ ਕਲਮ ਸਮੁੱਚੇ ਸੰਸਾਰ ’ਚ ਵਾਪਰ ਰਹੀਆਂ ਘਿਣਾਉਣੀਆਂ ਘਟਨਾਵਾਂ ਦੇ ਲੋਕਾਈ ’ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਵਲ ਮੱਲੋਮੱਲੀ ਚਲੀ ਜਾਂਦੀ ਹੈ। ਉਹ ਸੰਸਾਰ ’ਚ ਉਨ੍ਹਾਂ ਦਾ ਪਰਦਾਫਾਸ਼ ਕਰਨ ਦੀ ਦਲੇਰੀ ਕਰਨ ਵਾਲਾ ਇਕੋ-ਇਕ ਪੱਤਰਕਾਰ ਬਣ ਜਾਂਦਾ ਹੈ। ਉਹ ਸਰਕਾਰਾਂ ਦੀਆਂ ਚੁਨੌਤੀਆਂ ਤੋਂ ਡਰਦਾ ਨਹੀਂ ਸਗੋਂ ਮੁਕਾਬਲਾ ਕਰਨ ਲਈ ਤਤਪਰ ਰਹਿੰਦਾ ਹੈ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਦੇ ਗਿਆਨ ਦਾ ਭੰਡਾਰ ਵਿਸ਼ਾਲ ਹੈ ਕਿਉਂਕਿ ਪੂਰੀ ਜਾਣਕਾਰੀ ਤੋਂ ਬਿਨਾ ਅੰਤਰਰਾਸ਼ਟਰੀ ਘਟਨਾਵਾਂ ਬਾਰੇ ਲਿਖਣਾ ਸੰਭਵ ਹੀ ਨਹੀਂ। 

ਦਹਿਸ਼ਤਵਾਦ ਵਾਲੇ ਭਾਗ ਵਾਲੇ ਲੇਖਾਂ ਵਿਚੋਂ ਨਰਪਾਲ ਸਿੰਘ ਸ਼ੇਰਗਿੱਲ ਦੀ ਮਾਨਵਵਾਦੀ ਹੋਣ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ। ਭਾਵ ਉਹ ਬਹੁਤ ਹੀ ਸੰਜੀਦਾ ਕਿਸਮ ਦਾ ਪੱਤਰਕਾਰ ਹੈ। ਪੀਲੀ ਪੱਤਰਕਾਰੀ ਦਾ ਡਟ ਕੇ ਵਿਰੋਧੀ ਹੈ। 

ਇਸ ਪੁਸਤਕ ਦਾ ਤੀਜਾ ਭਾਗ ਗ਼ੈਰ-ਕਾਨੂੰਨੀ ਪਰਵਾਸ ਵਰਗੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਨਾਲ ਸੰਬੰਧਿਤ ਹੈ। ਸ਼ੇਰਗਿੱਲ ਨੂੰ ਪੰਜਾਬ ਨਾਲ ਅਥਾਹ ਮੋਹ ਹੈ ਕਿਉਂਕਿ ਉਹ ਪੰਜਾਬ ਦੀ ਮਿੱਟੀ ਦੀ ਮਹਿਕ ਦੀ ਉਪਜ ਹੈ। ਉਹ ਭਾਵੇਂ ਇੰਗਲੈਂਡ ਰਹਿੰਦਾ ਹੈ ਪ੍ਰੰਤੂ ਹਰ ਦੂਜੇ ਮਹੀਨੇ ਪੰਜਾਬ ਦੀ ਮਿੱਟੀ ਦਾ ਮੋਹ ਉਸ ਨੂੰ ਆਪਣੇ ਪਿਤਰੀ ਪਿੰਡ ‘ਮਜਾਲ ਖ਼ੁਰਦ’ ਵਲ ਨੂੰ ਖਿੱਚ ਲਿਆਉਂਦਾ ਹੈ। 

ਪੰਜਾਬੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਪਰਵਾਸ ਵਿਚ ਜਾਣ ਲੱਗ ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਖ਼ੁਦ ਮੱਕੇ ਮਦੀਨੇ ਗਏ ਸਨ। ਸ਼ੇਰਗਿੱਲ ਨੇ ਗ਼ਦਰੀ ਬਾਬਿਆਂ ਤੋਂ ਲੈ ਕੇ ਵਰਤਮਾਨ ਸਮੇਂ ’ਚ ਹੋ ਰਹੇ ਪਰਵਾਸ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ। ਇਸ ਭਾਗ ਵਿਚ ਉਨ੍ਹਾਂ ਦੇ 11 ਲੇਖ ਸ਼ਾਮਲ ਕੀਤੇ ਗਏ ਹਨ। ਪਹਿਲਾ ਹੀ ਲੇਖ ਸਮੁੰਦਰਾਂ ਅਤੇ ਮਾਰੂਥਲਾਂ ਰਾਹੀਂ ਪਰਵਾਸ ਹੈ, ਜਿਸ ’ਚ ਉਨ੍ਹਾਂ ਲਿਖਿਆ ਹੈ ਕਿ ਸੰਸਾਰ ’ਚੋਂ 23 ਕਰੋੜ ਅਤੇ ਭਾਰਤ ’ਚੋਂ 6 ਕਰੋੜ ਪਰਵਾਸੀ ਸੰਸਾਰ ਦੇ 150 ਦੇਸ਼ਾਂ ’ਚ ਪਹੁੰਚ ਕੇ ਜੀਵਨ ਨਿਰਬਾਹ ਕਰ ਰਹੇ ਹਨ। ਉਹ ਗ਼ੈਰ-ਕਾਨੂੰਨੀ ਤੌਰ ’ਤੇ ਜਾਣ ਲਈ ਸਮੁੰਦਰ ਅਤੇ ਰੇਤਲੇ ਤੱਤੀ ਲੋਅ ਵਾਲੇ ਰਸਤਿਆਂ ’ਚੋਂ ਜਾ ਰਹੇ ਹਨ। ਕਈ ਰਸਤੇ ’ਚ ਹੀ ਦਮ ਤੋੜ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਅਜਿਹੇ ਢੰਗਾਂ ਨਾਲ ਪਰਵਾਸ ’ਚ ਜਾਣਾ ਨਹੀਂ ਚਾਹੀਦਾ। 

ਪੰਜਾਬ ’ਚੋਂ ਹੋ ਰਹੇ ਗ਼ੈਰ-ਕਾਨੂੰਨੀ ਪਰਵਾਸ ਦਾ ਜ਼ਿਕਰ ਕਰਦਿਆਂ ਸ਼ੇਰਗਿੱਲ ਨੇ ਪੰਜਾਬੀਆਂ ਨੂੰ ਆਗਾਹ ਕੀਤਾ ਹੈ ਕਿ ਉਹ ਅਜਿਹੇ ਢੰਗਾਂ ਨਾਲ ਪਰਵਾਸ ’ਚ ਜਾਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਪਰਵਾਸ ’ਚ ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ। ਪੰਜਾਬੀ ਗ਼ੈਰ-ਕਾਨੂੰਨੀ ਦਲਾਲਾਂ ਦੇ ਚੱਕਰ ’ਚ ਨਾ ਪੈਣ, ਜਿਹੜੇ ਆਪਣੇ ਗਾਹਕ ਫਸਾਉਣ ਲਈ ਲਗਭਗ ਸਾਰੇ ਪੰਜਾਬ ’ਚ ਜਾਲ ਵਿਛਾਈ ਬੈਠੇ ਹਨ। 

ਬਰਤਾਨੀਆ ’ਚ ਲੱਖਾਂ ਦੀ ਗਿਣਤੀ ’ਚ ਪੰਜਾਬੀ ਗ਼ੈਰ-ਕਾਨੂੰਨੀ ਪਰਵਾਸ ਕਰਕੇ ਬੈਠੇ ਹਨ। ਉਹ ਨਹਿਰਾਂ ਦੇ ਪੁਲਾਂ ਦੇ ਹੇਠ ਮੌਤ ਦੇ ਸਾਏ ’ਚ ਜ਼ਿੰਦਗੀ ਬਸਰ ਕਰ ਰਹੇ ਹਨ। ਸ਼ੇਰਗਿੱਲ ਨੇ ਆਪਣੇ ਲੇਖਾਂ ਰਾਹੀਂ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਜਰਾਇਮ ਪੇਸ਼ਾ ਲੋਕਾਂ ਦੇ ਮਗਰ ਲੱਗ ਕੇ ਗ਼ਲਤ ਰਸਤੇ ’ਤੇ ਨਾ ਚਲਣ, ਜਿਸ ਨਾਲ ਪੰਜਾਬੀਆਂ ਨੂੰ ਬਦਨਾਮੀ ਦਾ ਮੂੰਹ ਵੇਖਣਾ ਪਵੇ। ਉਨ੍ਹਾਂ ਪਰਵਾਸੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਜਿਹਾ ਨਾ ਕਰਨ ਤੋਂ ਬੱਚਿਆਂ ਨੂੰ ਰੋਕਣ ਦੀ ਤਾਕੀਦ ਕੀਤੀ ਹੈ। 

ਉਨ੍ਹਾਂ ਦੇ ਲੇਖ ਕਬੂਤਰਬਾਜ਼ੀ ਨੂੰ ਕੌਮਾਂਤਰੀ ਸ਼ਹਿ, ਪਰਵਾਸੀ ਮਸਲਿਆਂ ਬਾਰੇ ਭਾਰਤ ਗੰਭੀਰ ਨਹੀਂ, ਕੌਮਾਂਤਰੀ ਕਾਨਫ਼ਰੰਸਾਂ ਰਾਹੀਂ ਕਬੂਤਰਬਾਜ਼ੀ, ਪ੍ਰਵਾਸੀ ਪੰਜਾਬੀ ਬਲੀ ਦੇ ਬੱਕਰੇ, ਵਿਦੇਸ਼ ’ਚ ਸਿੱਖ ਧਰਮ ਦਾ ਪਾਸਾਰ, ਬਰਤਾਨੀਆ ਵਿਚ ਸਿੱਖਾਂ ਦਾ ਯੋਗਦਾਨ, ਵਿਦੇਸ਼ਾਂ ’ਚ ਸਿੱਖ  ਬੱਚਿਆਂ ਨਾਲ ਨਸਲੀ ਵਿਤਕਰੇ ਅਤੇ ਪੰਜਾਬੀ ਸਿਆਸਤ ਦਾ ਪ੍ਰਵਾਸ ਤੇ ਪ੍ਰਭਾਵ ਸਿਰਲੇਖਾਂ ਅਧੀਨ ਲੇਖ ਪ੍ਰਕਾਸ਼ਿਤ ਕੀਤੇ ਹਨ। 

ਇਸ ਪੁਸਤਕ ਦਾ ਚੌਥਾ ਭਾਗ ਵੀ ਬਹੁਤ ਮਹੱਤਵਪੂਰਨ ਵਿਸ਼ਿਆਂ ਬਾਰੇ ਹੈ ਕਿਉਂਕਿ ਹਰ ਰੋਜ ਕੋਈ ਨਾ ਕੋਈ ਨਵੀਂ ਘਟਨਾ ਵਾਪਰਦੀ ਹੈ। ਸ਼ੇਰਗਿੱਲ ਤੁਰੰਤ ਚਲੰਤ ਮਸਲਿਆਂ ’ਤੇ ਲੇਖ ਲਿਖਣ ਵਾਲਾ ਪਹਿਲਾ ਪੱਤਰਕਾਰ ਹੈ, ਜਿਹੜਾ ਗ਼ਲਤ ਧਾਰਨਾਵਾਂ ਨੂੰ ਆੜੇ ਹੱਥੀਂ ਲੈਂਦਾ ਹੋਇਆ, ਗ਼ਲਤ ਅਨਸਰਾਂ ਦਾ ਪਰਦਾਫਾਸ਼ ਕਰਦਾ ਹੈ। ਇਸ ਭਾਗ ’ਚ 15 ਲੇਖ ਹਨ। 

ਭਾਰਤ ਦੇ ਵਪਾਰ ਅਤੇ ਵੱਕਾਰ ਵਾਲੇ ਲੇਖ ’ਚ ਕਾਂਗਰਸ ਦੀ ਕਾਰਗੁਜ਼ਾਰੀ ਅਤੇ ਜਰਾਇਮ ਪੇਸ਼ਾ ਸੰਸਦ ਮੈਂਬਰਾਂ ਦੀ ਭੂਮਿਕਾ ਨੂੰ ਆੜੇ ਹੱਥੀਂ ਲਿਆ ਹੈ। ਇਸੇ ਤਰ੍ਹਾਂ  ਬਰਤਾਨਵੀ ਸੰਸਦ ’ਚ ਭਾਰਤੀਆਂ ਦੀ ਭੂਮਿਕਾ ਨੂੰ ਵਰਨਣਯੋਗ ਕਰਾਰ ਦਿੱਤਾ ਹੈ। ਇਹ ਵੀ ਦੱਸਿਆ ਕਿ ‘ਹਾਊਸ ਆਫ਼ ਕਾਮਨਜ਼’ ਦਾ ਪਹਿਲਾ ਸੰਸਦ ਮੈਂਬਰ ‘ਦਾਦਾ ਭਾਈ ਨਾਰੋਜੀ’ ਬਣਿਆ ਸੀ। 

‘ਬਰਤਾਨੀਆ ਦਾ ਰੁਜ਼ਗਾਰ ਨੀਤੀ ’ਚ ਵਿਤਕਰਾ’ ਵਾਲੇ ਲੇਖ ’ਚ ਭਾਰਤੀ ਨਾਗਰਿਕਾਂ ਨਾਲ ਕੀਤੇ ਜਾਂਦੇ ਵਿਤਕਰੇ ਬਾਰੇ ਵਿਸਤਾਰ ਪੂਰਵਕ ਦੱਸਿਆ ਹੈ। ਭਾਰਤੀ ਵਪਾਰੀਆਂ ਦੇ ਬਰਤਾਨੀਆ ’ਚ ਪਾਏ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਬਰਤਾਨੀਆ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ’ਚ ਵਿਲੱਖਣ ਯੋਗਦਾਨ ਪਾਇਆ ਹੈ। 

ਉਨ੍ਹਾਂ ‘ਨਿਲਾਮ ਹੋ ਰਿਹਾ ਭਾਰਤੀ ਵਿਰਸਾ’ ਵਾਲੇ ਲੇਖ ’ਚ ਲਿਖਿਆ ਹੈ ਕਿ ਬਰਤਾਨੀਆ, ਅਫ਼ਰੀਕਾ, ਕੈਨੇਡਾ, ਫਰਾਂਸ, ਜਰਮਨੀ, ਹਾਲੈਂਡ ਅਤੇ ਆਸਟ੍ਰੇਲੀਆ ’ਚ ਸਾਡੀਆਂ ਵਿਰਾਸਤੀ ਵਸਤਾਂ ਬੇਖ਼ੌਫ ਵਿਕ ਰਹੀਆਂ ਹਨ। ਅੰਮ੍ਰਿਤਾ ਸ਼ੇਰਗਿੱਲ ਦੇ ਚਿੱਤਰਾਂ ਦੀ ਨਿਲਾਮੀ ਹੋਣ ’ਤੇ ਮਜੀਠੀਏ ਪਰਿਵਾਰਾਂ ਦੀ ਚੁੱਪ ਤੇ ਵੀ ਕਿੰਤੂ ਪ੍ਰੰਤੂ ਕੀਤਾ ਹੈ। 

ਬਰਤਾਨੀਆ ’ਚ ਪੰਜਾਬ ਦੀਆਂ ਇਤਿਹਾਸਿਕ ਨਿਸ਼ਾਨੀਆਂ ਸਿਰਲੇਖ ਵਾਲੇ ਲੇਖ ’ਚ 19ਵੀਂ ਸਦੀ ਦੇ ਸਮੇਂ ਲੁੱਟ ਕੇ ਬਰਤਾਨੀਆ ਲਿਜਾਈਆਂ ਗਈਆਂ ਪੰਜਾਬ ਦੀਆਂ ਵਿਰਾਸਤੀ ਵਸਤਾਂ ਨੂੰ ਵਾਪਸ ਭਾਰਤ ਨੂੰ ਦੇਣ ਦੀ ਵਕਾਲਤ ਕਰਦਾ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਮਰੀਕਾ ਦੀ ਸਿਆਸੀ ਕਰਵਟ ਨੂੰ ਵੀ ਬਾਖ਼ੂਬੀ ਨਾਲ ਲਿਖਿਆ ਹੈ ਕਿ ਕਿਵੇਂ ਨਰਿੰਦਰ ਮੋਦੀ ਨੂੰ ਪਹਿਲਾਂ ਅਮਰੀਕਾ ਨੇ ਵੀਜ਼ਾ ਦੇਣ ਤੋਂ ਇਨਕਾਰ ਕਰਦਾ ਹੈ ਪ੍ਰੰਤੂ ਪ੍ਰਧਾਨ ਮੰਤਰੀ ਬਣਨ ਤੋਂ ਤੁਰੰਤ ਬਾਅਦ ਵੀਜ਼ਾ ਦੇਣ ਦਾ ਐਲਾਨ ਹੀ ਨਹੀਂ ਕਰਦਾ ਸਗੋਂ ਅਮਰੀਕਾ ਆਉਣ ਦੀ ਦਾਅਵਤ ਵੀ ਦੇ ਦਿੰਦਾ ਹੈ।

ਇਸ ਪੁਸਤਕ ਵਿਚ ਨਰਪਾਲ ਸਿੰਘ ਸ਼ੇਰਗਿੱਲ ਦੇ ਲੇਖਾਂ ਤੋਂ ਇਲਾਵਾ ਉਨ੍ਹਾਂ ਬਾਰੇ ਲਿਖੇ ਗਏ 8 ਵਿਦਵਾਨਾਂ ਦੇ ਲੇਖ ਵੀ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਲੇਖਾਂ ’ਚ ਨਰਪਾਲ ਸਿੰਘ ਸ਼ੇਰਗਿੱਲ ਦੀ ਬਿਹਤਰੀਨ ਕਾਰਗੁਜ਼ਾਰੀ ਦਾ ਬਾਖ਼ੂਬੀ ਮੁਲਾਂਕਣ ਕਰਕੇ ਪ੍ਰਸੰਸਾ ਕੀਤੀ ਗਈ ਹੈ। ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਸ਼ੇਰਗਿੱਲ ਦੇ ਪ੍ਰਤਿਭਾਵਾਨ ਵਿਅਕਤਿਤਵ  ਦੇ ਦਰਸ਼ਨ ਹੋ ਜਾਂਦੇ ਹਨ। 

ਨਰਪਾਲ ਸਿੰਘ ਸ਼ੇਰਗਿੱਲ ਦਾ ਪੰਜਾਬੀ ਪੱਤਰਕਾਰੀ ਨੂੰ ਪ੍ਰਫੁਲਿਤ ਕਰਨ ’ਚ ਬਾਕਮਾਲ ਯੋਗਦਾਨ ਹੈ, ਜਿਸ ਤੋਂ ਨੌਜਵਾਨ ਪੱਤਰਕਾਰਾਂ ਦੀ ਆਉਣ ਵਾਲੀ ਪੀੜ੍ਹੀ ਅਗਵਾਈ ਲੈ ਕੇ ਪੰਜਾਬ ਦੇ ਸੁਨਹਿਰੇ ਭਵਿਖ ’ਚ ਆਪਣਾ ਹਿੱਸਾ ਪਾਉਣ ਵਿਚ ਸਫਲ ਹੋਵੇਗੀ।
***
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ : 94178-13072
ujagarsingh48@yahoo.com
***
758

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ