ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ। ਫ਼ੌਜ ਵਿਚ ਨਵਾਂ-ਨਵਾਂ ਭਰਤੀ ਹੋਇਆ ਸਾਂ ਮੈਂ। ਅਜੇ ਟ੍ਰੇਨਿੰਗ ਹੀ ਚੱਲ ਰਹੀ ਸੀ। ਸਾਡਾ ਟ੍ਰੇਨਿੰਗ ਕੈਂਪ ਪੂਨਾ ਸ਼ਹਿਰ (ਮਹਾਂਰਾਸ਼ਟਰ) ਵਿਚ ਸੀ। ਸਭ ਕੁਝ ਵਧੀਆ ਢੰਗ ਨਾਲ ਚੱਲ ਰਿਹਾ ਸੀ। ਹਾਂ, ਸਰੀਰਕ ਪੱਖੋਂ ਥਕਾਵਟ ਵਧੇਰੇ ਹੁੰਦੀ ਸੀ ਕਿਉਂਕਿ ਸਵੇਰੇ ਪੰਜ ਕਿਲੋਮੀਟਰ ਦੌੜ ਅਤੇ ਫੇਰ ਸਾਰਾ ਦਿਨ ਸਖ਼ਤ ਟ੍ਰੇਨਿੰਗ; ਸਰੀਰ ਥੱਕ- ਟੁੱਟ ਜਾਂਦਾ ਸੀ। ਪਰ ਜੋਸ਼ ਨਾਲ ਟ੍ਰੇਨਿੰਗ ਕਰਦੇ ਸਾਂ ਕਿਉਂਕਿ ਫੌ਼ਜੀ ਅਫ਼ਸਰ ਬਣਨਾ ਬਚਪਣ ਦਾ ਸੁਫ਼ਨਾ ਸੀ ਜਿਹੜਾ ਕਿ ਸਖ਼ਤ ਟ੍ਰੇਨਿੰਗ ਤੋਂ ਬਾਅਦ ਹੀ ਪੂਰਾ ਹੋਣਾ ਸੀ। ਖ਼ੈਰ! ਮੈਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਚਸਕਾ ਰਿਹੈ। ਪਰ ਟ੍ਰੇਨਿੰਗ ਕਰਦਿਆਂ ਵਕਤ ਹੀ ਨਹੀਂ ਮਿਲਦਾ ਸੀ। ਹਾਂ, ਸਾਡੇ ਕੈਂਪ ਵਿਚ ਹਿੰਦੀ ਰਸਾਲੇ ਅਤੇ ਕੁਝ ਹਿੰਦੀ ਅਖ਼ਬਾਰਾਂ ਜ਼ਰੂਰ ਆਉਂਦੀਆਂ ਸਨ ਪਰ ਉਹ ਉਂਝ ਹੀ ਸਟੈਂਡ ਤੇ ਪਈਆਂ ਰਹਿੰਦੀਆਂ; ਕਿਸੇ ਕੋਲ ਪੜ੍ਹਨ ਦਾ ਵਕਤ ਨਹੀਂ ਸੀ ਹੁੰਦਾ। ਕੈਂਪ ਦੀ ਸੁਰੱਖਿਆ ਵਾਸਤੇ ਰਾਤੀਂ ਡਿਊਟੀਆਂ ਲੱਗ ਜਾਂਦੀਆਂ। ਸਾਡਾ ਸੀਨੀਅਰ ਡਿਊਟੀਆਂ ਵੰਡ ਦਿੰਦਾ। ਅਸੀਂ ਦਿਨ ਵਿਚ ਟ੍ਰੇਨਿੰਗ ਕਰਦੇ ਅਤੇ ਰਾਤੀਂ ਤਿੰਨ/ਚਾਰ ਘੰਟੇ ਦੀ ਡਿਊਟੀ (ਪਹਿਰਾ) ਦਿੰਦੇ। ਮੈਂ ਪੜ੍ਹਨ- ਲਿਖਣ ਵਿਚ ਰਤਾ ਠੀਕ ਸਾਂ ਇਸ ਲਈ ਮੈਨੂੰ ਕਾਗਜ਼ੀ ਕਾਰਵਾਈ ਲਈ ਛੱਡ ਦਿੰਦੇ ਸਨ; ਜਿਵੇਂ ਕੋਰਸ ਦੀਆਂ ਲਿਸਟਾਂ ਬਣਾਉਣੀਆਂ, ਅਗਲੇ ਦਿਨ ਦਾ ਪ੍ਰੋਗਰਾਮ ਬਣਾਉਣਾ, ਪੂਰੇ ਦਿਨ ਦਾ ਲੇਖਾ-ਜੋਖਾ ਲਿਖ ਕੇ ਸੀਨੀਅਰ ਨੂੰ ਦੇਣਾ ਅਤੇ ਆਰਡਰ ਬੁੱਕ ਲਿਖਣਾ ਆਦਿ। ਪਰ ਹਫ਼ਤੇ ਵਿਚ ਇੱਕ ਵਾਰ ਮੇਰਾ ਨੰਬਰ ਵੀ ਡਿਊਟੀ ਦੇਣ ਲਈ ਆ ਜਾਂਦਾ। ਇੰਝ ਹੀ ਇੱਕ ਦਿਨ (ਦਿਨ ਨਹੀਂ ਰਾਤ) ਮੇਰੀ ਡਿਊਟੀ ਲੱਗ ਗਈ। ਮੈਂ ਆਪਣੇ ਫ਼ੌਜੀ ਕੈਂਪ ਦੇ ਦੁਆਲੇ ਚੱਕਰ ਮਾਰ ਕੇ ਮੁੱਖ ਗੇਟ ਦੇ ਕੋਲ ਆ ਗਿਆ। ਰਾਤ ਦਾ ਸ਼ਾਇਦ ਇੱਕ ਵੱਜਾ ਸੀ। ਮੈਨੂੰ ਆਪਣੇ ਆਸੇ-ਪਾਸੇ ਕੋਈ ਨਹੀਂ ਦਿੱਸਿਆ। ਮੈਂ ਉਸ ਸਟੈਂਡ ਕੋਲ ਅੱਪੜ ਗਿਆ ਜਿੱਥੇ ਅਖ਼ਬਾਰ ਅਤੇ ਰਸਾਲੇ ਰੱਖੇ ਹੁੰਦੇ ਸਨ। ਪਤਾ ਨਹੀਂ ਮੇਰੇ ਮਨ ਵਿਚ ਕਿੰਝ ਇਹ ਵਿਚਾਰ ਆਇਆ ਕਿ ਮੈਂ ਅਖ਼ਬਾਰ ਦੇ ਪੰਨੇ ਪਲਟਣ ਲੱਗਾ। ਪੰਨੇ ਪਲਟਦਿਆਂ ਅਖ਼ਬਾਰ ਪੜ੍ਹਨ ਵਿਚ ਮਗਨ ਹੋ ਗਿਆ। ਇੰਨੇ ਨੂੰ ਸਾਡਾ ਸੀਨੀਅਰ ਪਤਾ ਨਹੀਂ ਕਿੱਧਰੋਂ? ਡਿਊਟੀ ਚੈੱਕ ਕਰਨ ਲਈ ਆ ਪਹੁੰਚਿਆ। ਮੈਨੂੰ ਅਖ਼ਬਾਰ ਪੜ੍ਹਨ ਵਿਚ ਰੁੱਝਾ ਦੇਖ ਕੇ ਉਹ ਗੁੱਸੇ ਨਾਲ ਲਾਲ ਹੋ ਗਿਆ। ‘ਸੰਤਰੀ?’ ਉਹਨੇ ਉੱਚੀ ਆਵਾਜ਼ ਮਾਰੀ। ‘ਜੀ ਸਾਬ੍ਹ’ ਮੇਰੇ ਮੂੰਹੋਂ ਇਹ ਦੋ ਸ਼ਬਦ ਹੀ ਨਿਕਲੇ। ਮੈਂ ਡਰ ਗਿਆ। ਅਖ਼ਬਾਰ ਉਵੇਂ ਹੀ ਛੱਡ ਮੈਂ ਗੇਟ ਵੱਲ ਨੂੰ ਭੱਜਾ। ਸੀਨੀਅਰ ਆਪਣੇ ਹੱਥ ਕੱਛਾਂ ਵਿੱਚ ਦਿੱਤੀ ਖ਼ੜਾ ਮੇਰੇ ਵੱਲ ਅੱਖਾਂ ਕੱਢ ਰਿਹਾ ਸੀ। ਗਾਲ਼ ਕੱਢ ਕੇ ਉਹ ਬੋਲਿਆ, ‘ਕਹਾਂ ਮਰ ਗਿਆ ਥਾ?’ ‘ਸਾਬ੍ਹ, ਮੈਂ ਉੱਧਰ ਚੱਕਰ ਮਾਰਨੇ ਗਿਆ ਥਾ’ ਮੈਂ ਡਰਦਿਆਂ ਕਿਹਾ। ‘ਸਾਲੇ, ਬਕਵਾਸ ਕਰਤਾ ਹੈ।’ ਉਹ ਸੱਚਮੁੱਚ ਬਹੁਤ ਗੁੱਸੇ ਵਿਚ ਸੀ। ‘ਚੱਲ ਬੈਂਡ ਹੋ ਜਾ (ਭਾਵ ਹੱਥ ਥੱਲੇ ਜ਼ਮੀਨ ਤੇ ਲਾ ਕੇ ਝੁੱਕ ਜਾ)।’ ਹੁਕਮ ਦੀ ਪਾਲਣਾ ਕਰਦਿਆਂ ਮੈਂ ਬੈਂਡ ਹੋ ਗਿਆ। ਉਸਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਸੀ ਹੋਇਆ। ‘ਚੱਲ ਫ੍ਰੰਟ ਰੂਲ (ਜਿਵੇਂ ਨਿੱਕੇ ਜੁਆਕ ਅੱਗੇ ਨੂੰ ਕਲਾਬਾਜੀਆਂ ਮਾਰਦੇ ਹਨ) ਸ਼ੁਰੂ ਕਰ।’ ਮੈਂ ਲਗਭਗ ਅੱਧਾ ਘੰਟਾ ਫ੍ਰੰਟ ਰੂਲ ਮਾਰਦਾ ਰਿਹਾ। ਮੇਰੀ ਹਾਲਤ ਖ਼ਰਾਬ ਹੋ ਗਈ। ਉੁਹ ਕੋਲ ਹੀ ਖੜਾ ਸੀ। ‘ਚੱਲ ਖ਼ੜਾ ਹੋ। ਆਗੇ ਸੇ ਡਿਊਟੀ ਧਿਆਨ ਸੇ ਦੇਣਾ।’ ਆਖ ਕੇ ਉਹ ਬੈਰਕ ਵੱਲ ਨੂੰ ਚਲਾ ਗਿਆ। ਮੇਰੇ ਮਨ ਵਿਚ ਪਛਤਾਵਾ ਵੀ ਹੋਇਆ ਸੀ ਕਿ ਮੈਂ ਕਿਉਂ ਅਖ਼ਬਾਰ ਪੜ੍ਹਦਾ ਪਿਆ ਸਾਂ? ਹਾਲਾਂਕਿ ਪੂਨਾ ਸ਼ਹਿਰ ਵਿਚ ਕੋਈ ਵੱਡੀ ਸੁਰੱਖਿਆ ਦੀ ਲੋੜ ਨਹੀਂ ਹੁੰਦੀ ਕਿਉਂਕਿ ਫ਼ੌਜੀ ਕੈਂਪ ਸ਼ਹਿਰ ਦੇ ਬਿਲਕੁਲ ਅੰਦਰ ਹੈ ਪਰ ਫ਼ੌਜੀਆਂ ਦੀ ਆਦਤ ਵਿਚ ਸ਼ਾਮਿਲ ਕਰਵਾਉਣ ਲਈ ਇੱਥੇ ਡਿਊਟੀ ਲਾਜ਼ਮੀ ਲਗਾਈ ਜਾਂਦੀ ਹੈ। ਸਹਿਜੇ- ਸਹਿਜੇ ਸਮਾਂ ਬਤੀਤ ਹੁੰਦਾ ਗਿਆ। ਸਾਡੀ ਟ੍ਰੇਨਿੰਗ ਖ਼ਤਮ ਹੋ ਗਈ। ਟ੍ਰੇਨਿੰਗ ਖ਼ਤਮ ਹੋਣ ਤੇ ਮੈਨੂੰ ਉਸ ਕੋਰਸ ਦਾ ਸਰਵੋਤਮ ਅਵਾਰਡ ਮਿਿਲਆ। ਮੇਰੇ ਸਾਰੇ ਸਾਥੀ ਬਹੁਤ ਖ਼ੁਸ਼ ਸਨ। ਮੈਂ ਵੀ ਸਭ ਦੀਆਂ ਮੁਬਾਰਕਾਂ ਕਬੂਲ ਕਰ ਰਿਹਾ ਸਾਂ। ਇੰਨੇ ਨੂੰ ਮੇਰਾ ਸੀਨੀਅਰ ਮੇਰੇ ਕੋਲ ਆ ਗਿਆ। ‘ਜੈ ਹਿੰਦ ਸਾਬ੍ਹ।’ ਮੈਂ ਉੱਚੀ ਆਵਾਜ਼ ਵਿਚ ਕਿਹਾ। ‘ਜੈ ਹਿੰਦ। ਏਕ ਬਾਤ ਕਹੂੰ?’ ਸੀਨੀਅਰ ਬੋਲਿਆ। ‘ਜੀ ਸਾਬ੍ਹ।’ ਮੈਂ ਸਾਵਧਾਨ ਹੋ ਕੇ ਕਿਹਾ। ‘ਅਖ਼ਬਾਰ ਪੜ੍ਹਨੀ ਕਭੀ ਮੱਤ ਛੋੜਨਾ।’ ਕਹਿ ਕੇ ਉਹ ਉੱਚੀ ਹੱਸ ਪਿਆ। ਮੇਰਾ ਰੋਣਾ ਨਿਕਲ ਆਇਆ। ਮੈਨੂੰ ਜੱਫ਼ੀ ਵਿਚ ਲੈ ਕੇ ਬੋਲਿਆ, ਸਾਬ੍ਹ, ‘ਯੇ ਪੜ੍ਹਨੇ ਦੀ ਲੱਤ ਆਪਕੋ ਏਕ ਦਿਨ ਬੁਲੰਦੀ ਪਰ ਲੇਕਰ ਜਾਏਗੀ, ਯਾਦ ਰੱਖਣਾ।’ ਉਹੀ ਹੋਇਆ। ਫ਼ੌਜ ਵਿਚ ਰਹਿੰਦਿਆਂ ਮੈਂ ਪੰਜਾਬੀ ਸਾਹਿਤ ਉੱਪਰ ਪੀਐੱਚ. ਡੀ. ਤੱਕ ਦੀ ਪੜ੍ਹਾਈ ਕੀਤੀ। ਪੰਜਾਬੀ ਸਾਹਿਤ ਉੱਪਰ ਚਾਰ ਕਿਤਾਬਾਂ ਲਿਖੀਆਂ ਅਤੇ 400 ਤੋਂ ਵੱਧ ਲੇਖ ਅਖ਼ਬਾਰਾਂ/ ਰਸਾਲਿਆਂ ਵਿਚ ਪ੍ਰਕਾਸ਼ਤ ਹੋਏ ਅਤੇ ਹੁਣ ਵੀ ਨਿਰੰਤਰ ਜਾਰੀ ਹਨ। ਆਖ਼ਰ ਵਿਚ ਬੰਦੇ ਨੂੰ ਆਪਣੇ ਸ਼ੌਕ ਨਹੀਂ ਮਰਨ ਦੇਣੇ ਚਾਹੀਦੇ। ਹਾਲਾਤ ਜਿਵੇਂ ਦੇ ਮਰਜ਼ੀ ਹੋਣ ਆਪਣੀ ਮੰਜਿ਼ਲ ਲਈ ਲਗਾਤਾਰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਜਿਹੜੇ ਲੋਕ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਨ ਉਹ ਆਖ਼ਰ ਨੂੰ ਆਪਣੀ ਮੰਜਿ਼ਲ ਨੂੰ ਪ੍ਰਾਪਤ ਕਰ ਲੈਂਦੇ ਹਨ। ਹੁਣ ਵੀ ਜਦੋਂ ਮੈਂ ਅਖ਼ਬਾਰ ਪੜ੍ਹਦਾ ਹਾਂ ਤਾਂ ਮੈਨੂੰ ਵੀਹ ਸਾਲ ਪੁਰਾਣੀ ਆਪਣੇ ਸੀਨੀਅਰ ਦੀ ਗੱਲ ਚੇਤੇ ਆ ਜਾਂਦੀ ਹੈ; |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009