ਇਸ ਕਹਾਣੀ ਸੰਗ੍ਰਹਿ ਦਾ ਸਿਰਲੇਖ “ਮੈਮੋਰੀ ਲੇਨ” ਪਰਵਾਸ ਨਾਲ ਪੰਜਾਬੀ ਸਮਾਜ ਵਿੱਚ ਆਈਆਂ ਸੱਭਿਆਚਾਰਕ ਤਬਦੀਲੀਆਂ ਦਾ ਸੰਦਰਭ ਪੇਸ਼ ਕਰਦਾ ਹੈ। ਜਦੋਂ ਅਸੀਂ ਇਨ੍ਹਾਂ ਕਹਾਣੀਆਂ ਨੂੰ ਪੜ੍ਹਦੇ ਹਾਂ ਤਾਂ ਪਰਵਾਸ ਕਿਤੇ ਮਨੁੱਖਾਂ ਦੇ ਨਾਵਾਂ ਨੂੰ ਬਦਲਣ ਤੋਂ ਲੈ ਕੇ ਪ੍ਰਵਾਸੀ ਮਨੁੱਖ ਦੀ ਜੀਵਨ ਸ਼ੈਲੀ ਅਤੇ ਸੋਚ ਅਤੇ ਜੀਵਨ ਸ਼ੈਲੀ ਵਿਚ ਆਈ ਤਬਦੀਲੀ, ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਈ ਪ੍ਰਤੀਤ ਹੁੰਦੀ ਹੈ। ਇਸ ਕਹਾਣੀ ਸੰਗ੍ਰਿਹ ਦੇ ਸ਼ੁਰੂ ਵਿਚ ਲੇਖਕ ਕਹਿੰਦਾ ਹੈ ਕਿ ਕਹਾਣੀਆਂ ਦੇ ਪਾਤਰ ਆਪਣੇ ਆਪ ਨੂੰ ਅਸਥਿਰਤਾ ਅਤੇ ਭਟਕਣ ਦੀ ਸਥਿਤੀ ਵਿਚ ਪਾਉਂਦੇ ਹਨ; ਉਹ ਨਾ ਸਿਰਫ਼ ਉਮਰ ਭਰ ਖੁੱਦ ਨੂੰ ਬੇਘਰ ਮਹਿਸੂਸ ਕਰਦੇ ਹਨ, ਸਗੋਂ ਇਨ੍ਹਾਂ ਕਹਾਣੀਆਂ ਦੇ ਜ਼ਿਆਦਾਤਰ ਪਾਤਰ ਇਸ ਤਰ੍ਹਾਂ ਬੇਘਰੀ ਜ਼ਿੰਦਗੀ ਗੁਜਾਰਦੇ ਵੀ ਹਨ । “ਮੈਮੋਰੀ ਲੇਨ”, ਡਾ. ਕਰਨੈਲ ਸ਼ੇਰਗਿੱਲ ਦਾ ਦੂਜਾ ਕਹਾਣੀ ਸੰਗ੍ਰਹਿ ਹੈ, ਜਿਸ ਨੂੰ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵਲੋਂ ਛਾਪਿਆ ਗਿਆ ਹੈ। ਜਿਸ ਵਿੱਚ ਲੇਖਕ ਨੇ ਆਪਣੀਆਂ ਰਚਨਾਵਾਂ ਵਿਚ ਅਖੌਤੀ ਪ੍ਰਵਾਸੀ ਮਨੁੱਖੀ ਜੀਵਨ ਨੂੰ ਪੇਸ਼ ਕੀਤਾ ਹੈ। ਸੰਸਾਰ ਭਰ ਵਿੱਚ ਜਿਸ ਤਰ੍ਹਾਂ ਮਨੁੱਖੀ ਸਮਾਜ ਬਦਲ ਰਿਹਾ ਹੈ, ਉਸਦਾ ਪ੍ਰਭਾਵ ਵਿਕਾਸਸ਼ੀਲ ਅਤੇ ਇੱਥੋਂ ਤੱਕ ਕਿ ਉਨ੍ਹਾਂ ਸਮਾਜਾਂ ਉੱਤੇ ਵੀ ਪੈ ਰਿਹਾ ਹੈ ਜੋ ਵਿਕਾਸ ਵਿੱਚ ਪਛੜ ਰਹੇ ਹਨ ਕਿਉਂਕਿ ਉਹ ਵੀ ਵਿਸ਼ਵੀਕਰਨ ਦੀ ਪ੍ਰਵਿਰਤੀ ਨੂੰ ਸਵੀਕਾਰ ਕਰ ਚੁੱਕੇ ਹਨ। ਮਨੁੱਖ, ਉਸ ਤਰ੍ਹਾਂ ਦੀ ਜੀਵਨ ਸ਼ੈਲੀ ਆਪਣਾ ਚੁੱਕਾ ਹੈ। ਜਿਸ ਜੀਵਨ ਸ਼ੈਲੀ ਨੂੰ ਲੇਖਕ ਨੇ ਅਨੁਭਵ ਤੇ ਬਤੌਰ ਡਾਕਟਰ ਦੂਸਰਿਆਂ ਦੇ ਤਜਰਬੇ ਵਿੱਚੋ ਪ੍ਰਾਪਤ ਵੀ ਕੀਤਾ ਹੈ, ਉਸ ਵਿਚੋਂ ਹੀ ਇਨ੍ਹਾਂ ਕਹਾਣੀਆਂ ਦਾ ਬਿਰਤਾਂਤ ਸਿਰਜਿਆ ਹੈ। ਪੱਛਮੀ ਸਮਾਜ ਜਿਸ ਤਰ੍ਹਾਂ ਦੀ ਜੀਵਨਸ਼ੈਲੀ ਵਿਚ ਰਹਿ ਰਿਹਾ ਹੈ, ਮਨੁੱਖ ਅਸਥਿਰਤਾ ਅਤੇ ਅਸੰਤੁਸ਼ਟਤੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ, ਜਿਵੇਂ ਕਿ ਡਾ: ਸ਼ੇਰਗਿੱਲ ਦੀਆਂ ਕਹਾਣੀਆਂ ਤੋਂ ਦੇਖਿਆ ਜਾ ਸਕਦਾ ਹੈ, ਅਜਿਹੀ ਜ਼ਿੰਦਗੀ ਤੋਂ ਰਾਹਤ ਪਾਉਣ ਲਈ, ਅਜਿਹੇ ਲੋਕ ਬਾਹਰੀ ਜਿਨਸੀ ਸਬੰਧਾਂ, ਸ਼ਰਾਬ ਅਤੇ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ, ਜਿਨ੍ਹਾਂ ਤੋਂ ਵਿਅਕਤੀ, ਪਰਿਵਾਰ ਅਤੇ ਸਮਾਜ ਪ੍ਰਭਾਵਿਤ ਹੋ ਰਹੇ ਹਨ। ਭਾਵੇਂ ਕਿ ਬਹੁਤੀਆਂ ਕਹਾਣੀਆਂ ਦੇ ਅੰਤ ਵਿਚ ਲੇਖਕ ਕਹਾਣੀਆਂ ਨੂੰ ਸੁਖਾਵਾਂ ਮੋੜ ਦੇ ਕੇ ਕਹਾਣੀ ਦਾ ਅੰਤ ਕਰਨ ਵੱਲ ਦਾ ਬਿਰਤਾਂਤ ਸਿਰਜਦਾ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ ਦਸ ਕਹਾਣੀਆਂ ਹਨ। ਇਹ ਕਹਾਣੀ ਸੰਗ੍ਰਹਿ, ਜਿਸ ਦੀਆਂ ਕਹਾਣੀਆਂ ਉਸ ਦੇ ਪਰਵਾਸ ਦੇ ਦੌਰਾਨ ਹੰਢਾਏ ਅਨੁਭਵ ਤੇ ਤਜਰਬੇ ਨਾਲ ਜੁੜੀਆਂ ਹੋਈਆਂ ਹਨ, ਇਹ ਕਹਾਣੀਆਂ,ਪੰਜਾਬ ਵਿੱਚ ਰਹਿੰਦੇ ਪਾਠਕ ਲਈ ਪੜ੍ਹਨ, ਸੋਚਣ ਅਤੇ ਸਮਝਣ ਦਾ ਇੱਕ ਨਵਾਂ ਸੰਸਾਰ ਖੋਲ੍ਹਦੀਆਂ ਹਨ। ਜਿਨ੍ਹਾਂ ਨੇ ਅਜੇ ਉਹ ਦੁਨੀਆਂ ਨਹੀਂ ਵੇਖੀ ਹੈ? ਇਨ੍ਹਾਂ ਕਹਾਣੀਆਂ ਨੂੰ ਪੜ੍ਹਦਿਆਂ ਨਵੇਂ ਪੰਜਾਬੀ ਪਾਠਕ ਦੇ ਮਨ ਵਿਚ ਹੈਰਾਨੀ ਦੇ ਤੱਤ ਵੀ ਪੈਦਾ ਹੋਣਗੇ। ਕਿਉਂਕਿ ਜਿਸ ਤਰ੍ਹਾਂ ਦੀਆਂ ਕਹਾਣੀਆਂ ਉਸ ਸਮਾਜ ਵਿਚ ਮਨੁੱਖ ਦੀ ਜੀਵਨ ਸ਼ੈਲੀ ਬਾਰੇ ਲਿਖੀਆਂ ਗਈਆਂ ਹਨ, ਖਾਸ ਕਰਕੇ ਔਰਤ-ਮਰਦ ਦੇ ਰਿਸ਼ਤਿਆਂ, ਆਰਥਿਕ ਪਾੜੇ ਅਤੇ ਮਨੁੱਖ-ਸਮਾਜ ਵਿਚਲੀਆਂ ਜਟਿਲਤਾਵਾਂ ਨੂੰ ਜਿਹੜੀਆਂ ਉਸ ਤਰ੍ਹਾਂ ਦੇ ਸਮਾਜ ਦਾ ਇੱਕ ਹਿੱਸਾ ਬਣੀਆਂ ਹੋਈਆਂ ਹਨ, ਜਿਨ੍ਹਾਂ ਤੋਂ ਪਰਵਾਸੀ ਮਨੁੱਖ ਵੀ ਨਹੀਂ ਬਚ ਸਕਿਆ ਹੈ। ਉਨ੍ਹਾਂ ਨੂੰ ਇਨ੍ਹਾਂ ਕਹਾਣੀਆਂ ਵਿੱਚ ਕਿਤੇ ਕਿਤੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਨਜ਼ਰ ਆਏਗੀ, ਪਰ ਰਿਸ਼ਤਿਆਂ ਦੀ ਅਸਥਿਰਤਾ, ਉਸ ਮਨੁੱਖੀ ਸਮਾਜ ਨੂੰ ਇੱਕ ਵਖਰੀ ਤਰ੍ਹਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੀ ਹੈ। ਮਨੁੱਖੀ ਸਮਾਜ, ਜਿਸ ਤਰ੍ਹਾਂ ਦੁਨੀਆਂ ਭਰ ਵਿੱਚ ਤਬਦੀਲ ਹੋ ਰਿਹਾ, ਉਸ ਦਾ ਪ੍ਰਭਾਵ, ਵਿਕਾਸਸ਼ੀਲ, ਵਿਕਾਸ ਕਰ ਰਹੇ ਤੇ ਇਥੋਂ ਤੱਕ ਜਿਹੜੇ ਸਮਾਜ ਵਿਕਾਸ ਤੋਂ ਪਛੜ ਗਏ ਹਨ,ਉਨ੍ਹਾਂ ਵਿੱਚ ਅਜੋਕੀ ਚਲ ਰਹੀ ਪ੍ਰਣਾਲੀ ਪ੍ਰਭਾਵਿਤ ਕਰ ਰਹੀ ਹੈ, ਕਿਉਂਕਿ ਉਹ ਵੀ ਸੰਸਾਰੀਕਰਨ ਦਾ ਸੁਭਾਅ ਕਬੂਲ ਰਹੇ ਹਨ। ਇਸ ਕਹਾਣੀ ਸੰਗ੍ਰਹਿ ਦੀ ਸਭ ਤੋਂ ਆਖਰੀ ਕਹਾਣੀ ‘ਬਾਰਬੇਕਿਯੂ’, ਵਿੱਚ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਗਿਆ ਹੈ, ਉਸ ਵਿੱਚੋਂ ਲੰਘਦੇ ਹੋਏ, ਇਕ ਅਜਿਹਾ ਮਨੁੱਖ, ਜਿਹੜਾ ਪਰਵਾਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਰੱਖਦਾ, ਉਹ ਅਜਿਹੇ ਸਮਾਜ ਵਿੱਚ ਮਨੁੱਖ ਦੇ ਜਿਊਣ ਨੂੰ ਕਿਸ ਦਰਜਾਬੰਦੀ ਵਿੱਚ ਰੱਖੇਗਾ। ਅਜਿਹੀਆਂ ਸਥਿਤੀਆਂ ਵਿੱਚ ਕੀ ਪਰਵਾਸ ਕਰਨ ਤੋਂ ਬਾਅਦ ਲੋਕ ਸਿਹਤਮੰਦ ਜ਼ਿੰਦਗੀ ਜੀਅ ਰਹੇ ਹਨ। ਲੇਖਕ ਦਾ ਡਾਕਟਰੀ ਵਿਗਿਆਨ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਦੀਆਂ ਕਹਾਣੀਆਂ, ਕਣਕ, ਆਸਤਿਕ, ਨਾਸਤਿਕ ਅਤੇ ਹੋਰ ਕਹਾਣੀਆਂ ਵੀ ਆਮ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਹਾਈ ਹੋਣਗੀਆਂ। ਪਰਵਾਸੀ ਸੰਸਾਰ ਦੇ ਲੋਕਾਂ ਦੀ ਮਾਨਸਿਕਤਾ ਨੂੰ ਸੰਸਾਰ ਦੀ ਸੋਚ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ. ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਆਪਣੀਆਂ ਜੜ੍ਹਾਂ ਵਾਲੇ ਸਮਾਜ ਵਿੱਚ ਰਹਿ ਰਹੇ ਹਨ ਜਾਂ ਰਹਿ ਸਕਦੇ ਹਨ। ਇਸ ਤਬਦੀਲੀ ਨੂੰ ਸਵੀਕਾਰ ਕਰਨਾ ਜਾਂ ਨਹੀਂ, ਇਹ ਸਵਾਲ ਵੀ ਅਜੇ ਅਸਪਸ਼ਟ ਹੈ। ਕਿਸੇ ਵੀ ਸਮਾਜ ਦੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸੱਚਾਈ ਨਾਲ ਜਿਉਣਾ ਇੱਕ ਲੋੜ ਬਣ ਜਾਂਦੀ ਹੈ। ਅਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਰਹੇ ਹਾਂ। ਸੰਸਾਰ ਵਿੱਚ ਮਨੁੱਖ ਹੋਣ ਦੇ ਨਾਤੇ, ਅਸੀਂ ਮਨੁੱਖ ਅਤੇ ਉਸਦੇ ਆਲੇ ਦੁਆਲੇ ਦੇ ਪ੍ਰਭਾਵਾਂ ਤੋਂ ਬਚ ਨਹੀਂ ਸਕਦੇ। ‘ਮੈਮੋਰੀ ਲੇਨ’,ਕਹਾਣੀ ਦਾ ਮੁੱਖ ਪਾਤਰ ਬਚਨ ਸਿੰਘ ਦਾ ਪੰਜਾਬ ਤੋਂ ਪਰਵਾਸ ਕਰਨ ਦੀ ਕਹਾਣੀ ਸੁਣਾਉਂਦਾ, ਜਿਸ ਤਰ੍ਹਾਂ ਪਿੱਛੇ ਰਹੇ ਪਰਵਾਰ ਨਾਲੋਂ ਤੋੜ ਵਿਛੋੜਾ ਕਰ ਕੇ ਨਵੇਂ ਸਮਾਜ ਦਾ ਪੂਰੀ ਤਰ੍ਹਾਂ ਹਿੱਸਾ ਨਾ ਬਣਨਾ, ਭਾਵੇਂ ਕਿ ਉਸ ਸਮਾਜ ਦਾ ਹਿੱਸਾ ਬਣ ਕੇ ਜਿਉਣਾ ਪੈਣਾ ਹੈ। ਜਿਸ ਦੀ ਭਾਸ਼ਾ ਨੂੰ ਵੀ ਆਪਣੀ ਬੋਲ ਚਾਲ ਦਾ ਹਿੱਸਾ ਨਾ ਬਣਾ ਸਕਣਾ ਇਸ ਤਰ੍ਹਾਂ ਇਹ ਪਾਤਰ ਲਟਕਿਆ ਹੀ ਰਹਿੰਦਾ ਹੈ। ਇਸ ਦਾ ਕਾਰਨ ਹੈ, ‘ਕਣਕ’ ਕਹਾਣੀ ਰਾਹੀਂ ਆਮ ਪਾਠਕ ਅਜਿਹੀ ਬਿਮਾਰੀ ਬਾਰੇ ਜਾਗਰੂਕ ਹੁੰਦਾ ਹੈ, ਕਿਉਂਕਿ ਅਜਿਹੇ ਮਰੀਜ਼ਾਂ ਵਿੱਚ ‘ਕਣਕ’ ਦੀ ਵਰਤੋਂ,ਮਨੁੱਖ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੰਦੀ ਹੈ। ਸੰਗ੍ਰਹਿ ਦੀ ਤੀਸਰੀ ਕਹਾਣੀ ‘ਆਸਤਿਕ, ਨਾਸਤਿਕ’, ਦਿਲ ਦੀ ਸਰਜਰੀ ਦੇ ਸਫ਼਼ਰ ਦੀ ਕਹਾਣੀ ਪੇਸ਼ ਕਰਦੀ ਹੈ, ਜਿੱਥੇ ਪਾਠਕ ਨੂੰ ਭਵਿੱਖ ਵਿੱਚ ਦਿਲ ਦੇ ਰੋਗਾਂ ਦੇ ਨਾਲ-ਨਾਲ ਅਪ੍ਰੇਸ਼ਨ ਤੱਕ ਹੋਣ ਵਾਲੀਆਂ ਘਟਨਾਵਾਂ ਬਾਰੇ ਵੀ ਜਾਣੂ ਕਰਾਉਂਦੀ ਹੈ। ਇਸ ਦੌਰਾਨ ਹੋਣ ਵਾਲੀਆਂ ਉਲਝਣਾਂ ‘ਤੇ ਚਰਚਾ ਕੀਤੀ ਗਈ, ਜਦਕਿ ਵਿਸ਼ਵਾਸੀ ਅਤੇ ਨਾਸਤਿਕ ਹੋਣ ਦੀ ਦੁਬਿਧਾ ‘ਤੇ ਵੀ ਚਰਚਾ ਕੀਤੀ ਗਈ। ‘ਇੰਫਿਨਿਟੀ’ ਕਹਾਣੀ ਰਾਹੀਂ ਮਨੁੱਖੀ ਮਨ ਦੀ ਸਥਿਤੀ ਦੀ ਤਮੰਨਾ, ਕੁਝ ਪਾਉਣ ਦੀ ਜਿਸ ਦਾ ਕਿਤੇ ਅੰਤ ਦਿਖਾਈ ਨਹੀਂ ਦਿੰਦਾ। ਇੰਝ ਮਨੁੱਖ ਦੇ ਅੰਦਰ ਪੈਦਾ ਹੁੰਦੀ, ਸੋਚ ਆਖਰ ਉਸ ਨੂੰ ਮਨੁੱਖ ਦੀ ਹੋਣੀ ਤੱਕ ਪੁਚਾ ਦਿੰਦੀ ਹੈ। ‘ਕਲੇਅਰਵੋਐੱਸ’, ਕਹਾਣੀ ਡਾਕਟਰੀ ਵਿਗਿਆਨ ਦੇ ਮਨੋਵਿਗਿਆਨ ਦੇ ਵਿੱਚ ਇੱਕ ਨਵੇਂ ਵਿਚਾਰ ਨਾਲ ਆਉਂਦੀ ਹੈ, ਜਿਸ ਵਿੱਚੋ, ਉਹ ਮਨੁੱਖੀ ਸੋਚ ਤੋਂ ਪਰੇ ਦੀ ਸੋਚ ਦੀ ਗੱਲ ਕਰਦੀ ਹੈ, ਇਸ ਤਰ੍ਹਾਂ ਦੀ ਕਹਾਣੀ ਮਨੁੱਖ ਵਿੱਚ ਇੱਕ ਖਾਸ ਤਰ੍ਹਾਂ ਦੀ ਉਤਸੁਕਤਾ ਪੈਦਾ ਕਰਦੀ ਹੈ। ‘ਟ੍ਰਿਕ-ਟਰੀਟ’, ਡਾਕਟਰ ਸ਼ੇਰਗਿੱਲ ਦੀ ਕਹਾਣੀ ਦਸਦੀ ਹੈ ਕਿ ਮਨੁੱਖ ਆਖਰਕਾਰ ਉਮਰ ਭਰ ਟੁੱਟ ਭਜ ਤੋਂ ਬਾਅਦ ਕਿਵੇਂ ਆਪਣੀ ਇੱਕਲਤਾ ਵਿੱਚ ਜ਼ਿੰਦਗੀ ਗੁਜਾਰਦਾ ਹੈ, ਉਸ ਨੂੰ ਆਪਣੇ ਪੁਰਾਣੇ ਸਭਿਆਚਾਰ ਦੀ ਖਿੱਚ ਨਾਲ ਨਾਲ ਚਲਦੀ ਹੈ। ਇਸ ਦੇ ਨਾਲ ਹੀ ਨਵੇਂ ਸਭਿਆਚਾਰ ਨੂੰ ਅਪਣਾਉਣਾ ਹੁੰਦਾ ਹੈ, ਜਿਸ ਵਿੱਚ ਬੱਚਿਆਂ ਨੂੰ ਅਪਣਾਉਣਾ, ਜਿਸ ਵਿੱਚ ਭੈਣ ਭਰਾ ਦੇ ਰਿਸ਼ਤੇ ਦਾ ਆਖਰ ਵਿੱਚ ਬੱਚਿਆਂ ਦੇ ਮਾਂ ਬਾਪ ਦੇ ਰਿਸ਼ਤੇ ਦੇ ਤੌਰ, ਭੇਦ ਖੁੱਲਣਾ। ‘ਬੇਘਰਾ’ ਕਹਾਣੀ ਇੱਕ ਬਹੁਤ ਹੀ ਦਰਦਨਾਕ ਅਤੇ ਦਿਲ ਦਹਿਲਾਉਣ ਵਾਲੀ ਕਹਾਣੀ ਹੈ ਕਿ ਕਿਸ ਤਰ੍ਹਾਂ ਨਿੱਜੀ ਲਾਭਾਂ ਲਈ ਰਿਸ਼ਤਿਆਂ ਨੂੰ ਪਿੱਛੇ ਛੱਡ ਦਿੱਤਾ ਜਾਂਦਾ ਹੈ ਅਤੇ ਆਖਰਕਾਰ ਮਨੁੱਖ ਆਪ ਹੀ ਬੇਘਰ ਹੋ ਕੇ ਇਸ ਸੰਸਾਰ ਨੂੰ ਛੱਡ ਜਾਂਦਾ ਹੈ। “ਰਾਣੀ ਬੇਗਮਪੁਰਾ” ਨਾਂ ਦੀ ਕਹਾਣੀ ਨੇ ਅਜਿਹੇ ਵਿਸ਼ੇ ਨੂੰ ਛੋਹਿਆ ਹੈ ਕਿ ਬੰਦਾ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਣੀ ਮਿਹਨਤ ਨਾਲ ਸਭ ਕੁਝ ਹਾਸਲ ਕਰ ਸਕਦਾ ਹੈ ਜਾਂ ਉਸ ਸਮਾਜ ਦੇ ਅਨੁਸਾਰ ਰਸਤੇ ਖੁੱਲ੍ਹ ਜਾਂਦੇ ਹਨ, ਪਰ ਕੀ ਆਰਥਿਕਤਾ ਦੀ ਤਬਦੀਲੀ ਹੀ ਜੀਵਨ ਜਿਊਣ ਦਾ ਇੱਕ ਮਕਸਦ ਹੈ। ਇਸ ਕਹਾਣੀ ਦਾ ਅਖੀਰ, ਉਸ ਦੀ ਪ੍ਰਾਪਤੀ ਨੂੰ ਨਜ਼ਾਇਜ਼ ਰਿਸ਼ਤੇ ਮਨੁੱਖੀ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਹਨ। ਇਸੇ ਤਰ੍ਹਾਂ ‘ਏਰੀਅਨ ਡੈਫੋਡਿਲਜ਼’ ਇਸ ਸਮਾਜ ਵਿੱਚ ਜਿੱਥੇ ਰਿਸ਼ਤੇ ਕੱਪੜੇ ਵਾਂਗ ਬਦਲੇ ਜਾਂਦੇ ਹਨ, ਇਸ ਕਹਾਣੀ ਦੇ ਪਹਿਲੇ ਵਾਕ ਵਿੱਚ ਦੱਸਦੀ ਹੈ ਕਿ ਸੱਤ ਸਾਲਾਂ ਵਿੱਚ ਇਹ ਉਸਦਾ ਪੰਜਵਾਂ ਪਤੀ ਹੈ। ਇਸ ਤਰ੍ਹਾਂ ਪੰਜਾਬੀ ਮੁਲਕਾਂ ਵਿੱਚ ਵੀ ਹਰ ਸਾਲ ਹੋਣ ਵਾਲੇ ਵਿਆਹ ਨੂੰ ਪ੍ਰਵਾਨ ਕੀਤਾ ਜਾ ਸਕਦਾ ਹੈ ਪਰ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਉਸ ਵਰਗਾ ਹੀ ਹੋਣਾ ਹੁੰਦਾ ਹੈ। ‘ਬਾਰਬੇਕਿਊ’ ਕਹਾਣੀ ਵਿਚ ਇੰਜ ਜਾਪਦਾ ਹੈ ਜਿਵੇਂ ਮਨੁੱਖ ਉਸ ਸਮਾਜ ਵਿਚ ਪੂਰੀ ਤਰ੍ਹਾਂ ਗਰਕਿਆ ਹੋਇਆ ਹੈ; ਉਹ ਜੀਵਨ ਨਹੀਂ ਜੀ ਰਿਹਾ ਹੈ। ਪ੍ਰਵਾਸੀ ਸੰਸਾਰ ਨੇ ਪਰਵਾਸ ਕਰ ਗਏ, ਮਨੁੱਖਾਂ ਦੀ ਮਾਨਸਿਕਤਾ ਨੂੰ ਉਸ ਦੁਨੀਆਂ ਨੇ ਆਪਣੇ ਅਨੁਸਾਰ ਢਾਲ ਲਿਆ ਹੈ। ਇਸ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਆਪਣੀਆਂ ਜੜ੍ਹਾਂ ਵਾਲੇ ਸਮਾਜ ਨੂੰ ਜੀਅ ਰਹੇ ਹਨ ਜਾਂ ਜੀਅ ਸਕਦੇ ਹਨ। ਇਸ ਤਬਦੀਲੀ ਨੂੰ ਕਬੂਲਣਾ ਜਾਂ ਨਹੀਂ, ਇਹ ਸਵਾਲ ਵੀ ਦੋਚਿੱਤੀ ਵਾਲਾ ਹੈ। ਕਿਸੇ ਵੀ ਸਮਾਜ ਦੇ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਸੱਚ ਨਾਲ ਜਿਉਣਾ ਇੱਕ ਜ਼ਰੂਰਤ ਬਣ ਜਾਂਦੀ ਹੈ। ਅਸੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਰਹੇ ਹੋਈਏ।ਅਸੀ ਸੰਸਾਰ ਦੇ ਮਨੁੱਖ ਬਣਨ ਕਰਕੇ, ਉਸ ਦੇ ਮਨੁੱਖ ਤੇ ਉਸ ਦੇ ਆਲੇ ਦੁਆਲੇ ਦੇ ਪ੍ਰਭਾਵਾਂ ਤੋਂ ਬਚ ਨਹੀਂ ਸਕਦੇ ਹਾਂ। ਇਸ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਨੂੰ ਹੋਰ ਵਿਸਥਾਰ ਨਾਲ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਸੀ। ਅਜਿਹੇ ਹਾਲਾਤ ਵਿਚ ਲੋਕ ਪਰਵਾਸ ਤੋਂ ਬਾਅਦ ਸਿਹਤਮੰਦ ਜੀਵਨ ਬਤੀਤ ਕਰ ਰਹੇ ਹਨ! ਇਹ ਸਵਾਲ, ਇਸ ਸੰਗ੍ਰਹਿ ਦੀਆਂ ਕਹਾਣੀਆਂ ਪਾਠਕਾਂ ਤੇ ਉਸ ਸਮਾਜ ਸਾਹਮਣੇ ਉਠਾਉਂਦੀਆਂ ਹਨ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Mohan Begowal
Retired as Professor and Head, GMC, Amritsar
Punjabi, Hindi and Urdu writer,
Gazal and Laghu Katha.