18 September 2024

ਬਾਪੂ ਦੇ ਪਾਏ ਪੂਰਨੇ ਮੇਰੇ ਲਈ ਵਿਰਾਸਤ ਨੇ — ਬਲਜੀਤ ਖਾਨ, ਮੋਗਾ

ਥੱਕੇ-ਹਾਰੇ ਬਾਪੂ ਨੇ ਖੇਤੋਂ ਸੈਕਲ ’ਤੇ ਪੱਠੇ ਲੈ ਕੇ ਮੁੜਣਾ ਤਾਂ ਸਾਡੇ ਦੋਹਾਂ ਭਰਾਵਾਂ ’ਚ ਉਹਨੂੰ ਪਾਣੀ ਦਾ ਗਲਾਸ ਫੜਾਉਣ ਦੀ ਦੌੜ ਲੱਗਣੀ। ਪਹਿਲਾ ਜੀਹਦਾ ਮਰਜ਼ੀ ਹੁੰਦਾ ਪਰ ਉਹ ਦੂਜਾ ਗਲਾਸ ਵੀ ਪਿਆਰ ਨਾਲ਼ ਪੀ ਲੈਂਦਾ ਭਾਵੇਂ ਹੋਰ ਧਿਆ ਨਾ ਵੀ ਹੁੰਦੀ।

ਰਟੈਰ ਫੌਜੀ ਸੀ, ਆਪਣੀ ਸਵਾਰੀ, ਸੈਕਲ ਨੂੰ ਸਦਾ ਲਿਸ਼ਕਾ ਕੇ ਰੱਖਦਾ। ਸੱਜੀ ਲੱਤ ਟੁੱਟੀ ਹੋਈ ਸੀ, ਦੱਸਿਆ ਕਰਦਾ ਸੀ ਪ੍ਹੈਂਟ ਦੀ ਜੰਗ ’ਚ ਬੋਹੜ ਦੇ ਦਰਖ਼ਤ ਨੂੰ ਜੜੋਂ ਪੱਟਣ ਲਈ ਲਾਏ ਬਰੂਦ ਚੋਂ ਨਟ ਆ ਕੇ ਵੱਜਿਆ ਸੀ।

ਉਹਦਾ ਲਿਬਾਸ ਮੈਂ ਕਦੇ ਕਿਸੇ ਹੋਰ ਨੂੰ ਧੋਂਦੇ ਨਈਂ ਦੇਖਿਆ, ਨਹਾਉਣ ਮਗਰੋਂ ਲਾਹੇ ਲੀੜੇ ਉਹ ਆਪ ਹੀ ਮਲ਼ ਦਿੰਦਾ ਸੀ, ਉਹਦਾ ਇੱਕ ਕੁੜਤਾ-ਪਜਾਮਾ ਤਨ ’ਤੇ ਹੁੰਦਾ ਸੀ ਤੇ ਦੂਜਾ ਤਣੀ ’ਤੇ।

ਘੱਟ ਆਮਦਨੀ ਨਾਲ਼ ਵੀ ਉਹਨੇ ਸਾਨੂੰ ਫੰਨੇ ਖਾਂ ਜ਼ਿੰਦਗੀ ਦਿੱਤੀ, ਰਮੈਣ ਤੇ ਮਹਾਂਭਾਰਤ ਅਸੀਂ ਆਪਣੇ ਘਰੇ ਆਪਣੇ ਟੀ ਵੀ ’ਤੇ ਦੇਖੇ, ਥੋੜ੍ਹਾ ਚਿਰ ਹੀ ਅਸੀਂ ਅੱਡੇ ’ਚੋਂ ਖਰੀਦ ਕੇ ਲਿਆਂਦੀ ਬਰਫ਼ ਤੂੜੀ ‘ਚ ਦੱਬੀ, ਨੱਬੇ-’ਕਾਨਵੇਂ ’ਚ ਆਈਸ ਬਾਕਸ ਤੋਂ ਫੌਰਨ ਬਾਅਦ ਘਰੇ ਫਰਿੱਜ ਵੀ ਆ ਗਈ।

ਭੈਣਾਂ-ਭਰਾਵਾਂ ਤੋਂ ਸੱਖਣਾ, ਇਕੱਲਾ-’ਕਹਿਰਾ ਸੀ, ਇਸੇ ਕਰਕੇ ਹੋਰਾਂ ਨੂੰ ਸੱਜੀਆਂ-ਖੱਬੀਆਂ ਬਾਹਾਂ ਸਮਝਦਾ ਸੀ, ਧਿਰਾਂ ਮਿਥ ਲੈਂਦਾ ਸੀ, ਆਪ ਨਿਭਦਾ ਸੀ, ਅੱਗੋਂ ਵੀ ਦੁਖਦੇ-ਸੁਖਦੇ ਖੜ੍ਹਣ ਦੀ ਆਸ ਰੱਖਦਾ ਸੀ। ਉਹਨੂੰ ਰੱਖੜੀ ਦਾ ਤਿਉਹਾਰ ਬੜਾ ਪਸੰਦ ਸੀ।

ਜਦੋਂ ਸਰ੍ਹੋਂ ਪੱਕਣੀ ਤਾਂ ਬਾਪੂ ਨੇ ਸਸਤੀ ਖਰੀਦ ਕੇ ਪੂਰੇ ਸਾਲ਼ ਲਈ ਤੇਲ ਕਢਵਾ ਲੈਣਾ ਤੇ ਪਸੂਆਂ ਲਈ ਖਲ਼ ਵੱਖਰੀ ਬਣ ਜਾਣੀ। ਜਿੰਨਾ ਕੁ ਬਰਸੀਮ ਵੱਡਣਾ, ਥਾਂ ਕਸੀਏ ਨਾਲ਼ ਡੂੰਘਾ ਰੱਖਕੇ ਗੁੱਡ ਦੇਣੀ ਤਾਂ ਜੋ ਟਰੈਕਟਰ ਦੀ ਵਹਾਈ ’ਤੇ ਖਰਚਾ ਨਾ ਕਰਨਾ ਪਵੇ। ਵੱਡੇ ਭਾਈ ਦੇ ਵਿਆਹ ਵੇਲ਼ੇ ਸਾਰਾ ਸਮਾਨ ਦੋ-ਤਿੰਨ ਮਹੀਨਿਆਂ ’ਚ ਥੋੜ੍ਹਾ-ਥੋੜ੍ਹਾ ਕਰਕੇ ਬਾਪੂ ਨੇ ਸੈਕਲ ’ਤੇ ਢੋਹ ਛੱਡਿਆ।

ਸਾਨੂੰ ਕ੍ਰਿਕਟ ਖੇਡਦਿਆਂ ਨੂੰ ਬੜਾ ਸਲਾਹਿਆ ਕਰਦਾ ਸੀ, ਇੱਕ ਵਾਰ ਗਰਮੀ ਬਹੁਤ ਤੇ ਅਸੀਂ ਮੈਚ ਜਿੱਤ ਕੇ ਆਏ, ਬਾਪੂ ਨੇ ਅੱਡੇ ‘ਚੋਂ ਮਤੀਰੇ ਲਿਆਕੇ ਖਵਾਏ।

ਧਾਰਮਿਕ ਬਿਰਤੀ ਵਾਲ਼ਾ ਪੰਜ ਵਕਤ ਦਾ ਨਮਾਜ਼ੀ ਰੋਜ਼ੇਦਾਰ ਇਨਸਾਨ ਸੀ, ਉਹਦਾ ਵਿਹਾਰ ਉਹਦੇ ਧਰਮ ਤੋਂ ਵੀ ਉੱਤੇ ਸੀ, ‘ਖ਼ਾਨ ਸਾਬ, ਖ਼ਾਨ ਸਾਬ’ ਪਈ ਹੁੰਦੀ ਸੀ ਪਰ ਲੋਕ ਕੀ ਜਾਨਣ ਉਹਦੀ ਨਾਨਕ ’ਚ ਕਿੰਨੀ ਸ਼ਰਧਾ ਸੀ।

ਮਸੀਤ ਦੀ ਛੱਤ ਪੈਣ ਵੇਲ਼ੇ ਜਦੋਂ ਕੇਲਿਆਂ, ਬਦਾਮਾਂ, ਛੁਹਾਰਿਆਂ, ਮਖਾਣਿਆਂ ਦੀ ਨਿਆਜ਼ ਦੀ ਗੱਲ ਚੱਲੀ ਤਾਂ ਬਾਪੂ ਕਹਿੰਦਾ, “ਜਿਹੋ ਜਹੇ ਲੋਕਾਂ ’ਚ ਰਹਿੰਦੇ ਓਂ ਵੈਸੀ ਗੱਲ ਕਰੋ, ਦੇਗ ਬਣਵਾਉ।” ਗੁਰਦਵਾਰੇ ਕੜਾਹਾ ਲੈਣ ਗਏ ਤਾਂ ਬਾਬੇ ਮਹਿੰਦਰ ਸਿਉਂ, ਬਾਬੇ ਜੰਗ ਸਿਉਂ ਨੂੰ ਬੇਨਤੀ ਕੀਤੀ, “ਦੇਗ ਵੀ ਤੁਸੀਂ ਆਪ ਹੀ ਬਣਾ ਆਉ!” ਉਹ ਮਜ਼ਾਕ ਕਰਦੇ ਕਹਿੰਦੇ, “ਅਸੀਂ ਤਾਂ ਮਗਰੋਂ ਅਰਦਾਸ ਵੀ ਕਰਾਂਗੇ ਤੇ ਕਿਰਪਾਨ ਵੀ ਫੇਰਾਂਗੇ।”

“ਜੋ ਮਰਜ਼ੀ ਕਰੋ, ਥੋਡਾ ਰੱਬ ਹੋਰ ਤੇ ਸਾਡਾ ਰੱਬ ਕੋਈ ਹੋਰ ਥੋੜ੍ਹੀ ਏ!” ਅੱਗੋਂ ਬਾਪੂ ਦੇ ਬੋਲ ਸਨ।

ਸੁਰਤ ਸੰਭਲਣ ਤੋਂ ਲੈ ਕੇ ਮੈਂ ਬਾਪੂ ਨੂੰ ਕਦੇ ਜਵਾਨ ਨਈਂ ਦੇਖਿਆ ਉਹ ਅੱਧਖੜ ਤੇ ਉਹਦੀ ਦਾੜ੍ਹੀ-ਮੁੱਛ ਤੇ ਸਿਰ ਦੇ ਵਾਲ਼ ਸਦਾ ਚਿੱਟੇ ਸਨ।

ਉਹਦੀ ਵਿਫ਼ਾਤ ਤੋਂ ਬਾਅਦ ਉਹਦਾ ਕੰਟੀਨ ’ਚੋਂ ਲਿਆਂਦਾ ਸਮਾਨ ਅਸੀਂ ਪੰਜ-ਛੇ ਮਹੀਨੇ ਵਰਤਦੇ ਰਹੇ। ਦਿਲ ਦਾ ਮਰੀਜ਼ ਸੀ, ਆਪਣਾ ਇਲਾਜ਼ ਨਈਂ ਕਰਵਾਇਆ, ਉਸਦੇ ਬਚਾਏ ਪੈਸਿਆਂ ਨਾਲ਼ ਘਰ ਦਾ ਲੈਂਟਰ ਪਿਆ ਜਿਸ ‘ਚ ਅਸੀਂ ਅੱਜ ਵੀ ਰਹਿੰਦੇ ਆਂ।

ਘਰੇ ਇਸਲਾਮੀ ਰਹੁ-ਰੀਤਾਂ ਨਿਭਾਉਣ ਤੋਂ ਬਾਅਦ ਡੇਰਾ ਬਾਬਾ ਕੌਲ ਦਾਸ ‘ਚ ਬਾਪੂ ਦੇ ਭੋਗ ਪਾਏ, ਬਾਬੇ ਫਰੀਦ ਦੀ ਬਾਣੀ ਦੇ ਸਲੋਕਾਂ ਦਾ ਗਾਇਨ ਹੋਇਆ।

ਉਹਦੇ ਪਾਏ ਪੂਰਨੇ ਮੇਰੇ ਲਈ ਵਿਰਾਸਤ ਨੇ। ਮੁਸ਼ਕਲਾਂ ’ਚ ਉਹਦੀ ਯਾਦ ਬਲ ਬਖਸ਼ਦੀ ਏ ਤੇ ਸੁਖਦ ਘੜੀਆਂ ’ਚ ਉਹਦਾ ਚੇਤਾ ਗੁਲਾਬ ਦੀ ਮਹਿਕ ਵਰਗਾ ਏ।
***
ਬਲਜੀਤ ਖ਼ਾਨ ਪੁੱਤਰ ਜਨਾਬ ਬਿੱਲੂ ਖ਼ਾਨ। 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1341
***

balji_khan

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →