1977 ਵਿੱਚ ਮੈਂ ਫਿਜ਼ਿਕਸ ਦੀ ਐੱਮ.ਐੱਸਸੀ ਕੀਤੀ ਤਾਂ ਕੈਨੇਡਾ ਵਿੱਚ ਵਸਦੇ ਕਰੀਬੀ ਰਿਸ਼ਤੇਦਾਰ ਦਾ ਸੁਝਾਅ ਆਇਆ ਕਿ ਕੈਨੇਡਾ ਵਿੱਚ ਉਚੇਰੀ ਪੜ੍ਹਾਈ ਲਈ ਆ ਜਾ, ਤੇਰੀ ਜ਼ਿੰਦਗੀ ਹੀ ਬਦਲ ਜਾਵੇਗੀ। ਚੰਗਾ ਲੱਗਾ ਕਿ ਕੋਈ ਤਾਂ ਹੈ ਜਿਸ ਨੂੰ ਮੇਰੇ ਚੰਗੇਰੇ ਭਵਿੱਖ ਦੀ ਚਿੰਤਾ ਹੈ। ਉਚੇਰੀ ਪੜ੍ਹਾਈ ਲਈ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਅਪਲਾਈ ਕੀਤਾ। ਦਾਖਲਾ ਮਿਲ ਗਿਆ। ਪਰ ਯੂਨੀਵਰਸਿਟੀ ਵੱਲੋਂ ਸਪਾਂਸਰਸ਼ਿੱਪ ਲਈ ਆਖਿਆ ਗਿਆ ਤਾਂ ਉਹ ਰਿਸ਼ਤੇਦਾਰ ਸਪਾਂਸਰਸ਼ਿੱਪ ਦੇਣ ਤੋਂ ਹੀ ਮੁਨਕਰ ਹੋ ਗਿਆ। ਇਸ ਮੁਨਕਰੀ ਨਾਲ ਉਹ ਸੁਪਨਾ ਤਿੜਕ ਗਿਆ, ਜਿਹੜਾ ਮੈਂ ਲਿਆ ਸੀ ਕਿ ਕੈਨੇਡਾ ਵਿੱਚ ਪੀਐੱਚਡੀ ਕਰਨ ਤੋਂ ਬਾਅਦ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਮੌਕਾ ਮਿਲੇਗਾ। ਮੈਂ ਇਸ ਤਿੜਕੇ ਹੋਏ ਸੁਪਨੇ ਦੀ ਚੀਸ ਮਨ ਵਿੱਚ ਦਬਾਅ ਕੇ ਇਸਦੀਆਂ ਕਿਰਚਾਂ ਨੂੰ ਜ਼ਿੰਦਗੀ ਦੀਆਂ ਪੈੜਾਂ ਵਿੱਚ ਲੁਕਾ ਲਿਆ। ਮੈਂ ਮਨ-ਮਸੋਸ ਕੇ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ, ਸਰਕਾਰੀ ਸੇਵਾ ਵਿੱਚ ਆ ਕੇ ਸਰਕਾਰੀ ਕਾਲਜ ਵਿੱਚ ਪੜ੍ਹਾਉਣ ਲੱਗ ਗਿਆ। ਜ਼ਿੰਦਗੀ ਰਵਾਂ-ਰਵੀਂ ਚੱਲ ਪਈ। ਬਹੁਤੀ ਵਾਰ ਸੰਵੇਦਨਸ਼ੀਲ ਵਿਅਕਤੀ ਨੂੰ ਤਿੜਕੇ ਸੁਪਨੇ ਦੀ ਚੀਸ ਬਹੁਤ ਤੰਗ ਕਰਦੀ ਹੈ ਅਤੇ ਇਸ ਚੀਸ ਨੂੰ ਸਹਿਲਾਉਣ ਦੇ ਬਾਵਜੂਦ ਵੀ ਇਹ ਤੁਹਾਡੀ ਸੋਚ ਮਸਤਕ ਤੋਂ ਓਝਲ ਨਹੀਂ ਹੁੰਦੀ। ਮੈਂ ਸਰਕਾਰੀ ਕਾਲਜ ਕਪੂਰਥਲਾ ਵਿੱਚ ਪੜ੍ਹਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾ. ਕੁਲਵੰਤ ਸਿੰਘ ਥਿੰਦ ਦੀ ਅਗਵਾਈ ਹੇਠ 1990 ਵਿੱਚ ਨਿਊਕਲੀਅਰ ਫਿਜ਼ਿਕਸ ਵਿੱਚ ਪਾਰਟ-ਟਾਈਮ ਪੀਐੱਚਡੀ ਕਰਨੀ ਸ਼ੁਰੂ ਕਰ ਦਿੱਤੀ। ਪੀਐੱਚਡੀ ਕਰਨ ਸਮੇਂ ਹੀ ਮੈਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਗਿਆ, ਜਿਸ ਨਾਲ ਮਨ ਨੂੰ ਇਹ ਸਕੂਨ ਜ਼ਰੂਰ ਮਿਲਿਆ ਕਿ ਕਿਸੇ ਦੀ ਮੁਥਾਜੀ ਤੋਂ ਬਗੈਰ ਵੀ ਆਪਣੇ ਕਦਮਾਂ ਵਿੱਚ ਸੁਪਨਈ ਸਫ਼ਰ ਉਗਾਇਆ ਜਾ ਸਕਦਾ ਹੈ। ਇਸ ਨੂੰ ਪ੍ਰਾਪਤੀ ਦਾ ਸਿਰਨਾਵਾਂ ਵੀ ਦੇ ਸਕਦੇ ਹੋ। 2003 ਵਿੱਚ ਇੰਮੀਗਰੇਸ਼ਨ ਲੈ ਕੇ ਪਰਿਵਾਰ ਸਮੇਤ ਮੈਂ ਕੈਨੇਡਾ ਆ ਗਿਆ। ਬਰੈਂਪਟਨ ਵਿੱਚ ਪੰਜਾਬੀ ਮੀਡੀਆ ਵਿੱਚ ਕੰਮ ਕਰਦਿਆਂ ਵੀ ਅਚੇਤ ਮਨ ਵਿੱਚ ਕੈਨੇਡਾ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਸੁਪਨਾ ਅੰਗੜਾਈ ਲੈਂਦਾ ਰਿਹਾ। ਕਈ ਵਾਰ ਅਪਲਾਈ ਕੀਤਾ ਪਰ ਕੈਨੇਡਾ ਦੀਆਂ ਵਿੱਦਿਅਕ ਸੰਸਥਾਵਾਂ ਦਾ ਇੱਕ ਹੀ ਜਵਾਬ ਹੁੰਦਾ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਪੜ੍ਹਾਉਣ ਦਾ ਕੋਈ ਤਜਰਬਾ ਨਹੀਂ। ਭਲਾ ਮੌਕਾ ਦੇਣ ਤੋਂ ਬਗੈਰ ਤਜਰਬਾ ਕਿੰਝ ਆਵੇਗਾ? ਮਨ ਦੁਖੀ ਤਾਂ ਹੁੰਦਾ ਸੀ ਪਰ ਸਿਰੜ ਹਾਰ ਨਾ ਮੰਨਣ ਲਈ ਬਜ਼ਿੱਦ ਸੀ। ਇੱਕ ਵੇਰ ਮੈਂ ਅਮਰੀਕਾ ਆਪਣੀ ਬੇਟੀ ਨੂੰ ਮਿਲਣ ਲਈ ਗਿਆ ਤਾਂ ਬਾਰਡਰ ’ਤੇ ਅਮਰੀਕਨ ਇੰਮੀਗਰੇਸ਼ਨ ਅਧਿਕਾਰੀ ਨੂੰ ਜਦੋਂ ਪਤਾ ਲੱਗਾ ਕਿ ਮੈਂ ਫਿਜ਼ਿਕਸ ਵਿੱਚ ਪੀਐਚਡੀ ਹਾਂ ਤਾਂ ਉਸਦਾ ਕਹਿਣਾ ਸੀ, “ਕਿਉਂ ਤੁਸੀਂ ਕੈਨੇਡਾ ਵਿੱਚ ਆਪਣੀ ਲਿਆਕਤ ਨੂੰ ਵਿਅਰਥ ਗਵਾ ਰਹੇ ਹੋ? ਅਮਰੀਕਾ ਆਓ, ਸਾਨੂੰ ਤੁਹਾਡੇ ਵਰਗਿਆਂ ਦੀ ਬਹੁਤ ਲੋੜ ਹੈ।” ਸਮੇਂ ਨਾਲ ਇਹ ਗੱਲ ਵੀ ਕਦੇ ਕਦਾਈਂ ਯਾਦ ਆ ਜਾਂਦੀ। 2014 ਵਿੱਚ ਵੱਡੀ ਬੇਟੀ ਨੇ ਜ਼ਿਦ ਕੀਤੀ ਕਿ ਅਸੀਂ ਦੋਵੇਂ ਭੈਣਾਂ ਤਾਂ ਹੁਣ ਅਮਰੀਕਾ ਵਿੱਚ ਹਾਂ, ਤੁਸੀਂ ਵੀ ਅਮਰੀਕਾ ਆ ਜਾਓ। … ਅਤੇ ਅਸੀਂ ਪੱਕੇ ਤੌਰ ’ਤੇ ਅਮਰੀਕਾ ਜਾਣ ਦਾ ਫੈਸਲਾ ਕਰ ਲਿਆ। ਕੈਨੇਡਾ ਵਿੱਚ ਸਭ ਕੁਝ ਸਮੇਟ ਕੇ ਅਮਰੀਕਾ ਜਾਣ ਤੋਂ ਕੁਝ ਦਿਨ ਪਹਿਲਾਂ ਜਦੋਂ ਮੈਂ ਸੂਫ਼ੀ ਫਕੀਰ ਸਾਈਂ ਕਾਕਾ ਜੀ (ਜਿਨ੍ਹਾਂ ਨੇ ਅੰਮ੍ਰਿਤਾ ਪ੍ਰੀਤਮ ਨਾਲ ਮਿਲ ਕੇ ‘ਕੱਚੇ ਧਾਗੇ ਦਾ ਰਿਸ਼ਤਾ’ ਕਿਤਾਬ ਵੀ ਲਿਖੀ ਹੈ ਅਤੇ ਜੋ ਮੇਰੇ ਮਿੱਤਰ ਦੇ ਘਰ ਠਹਿਰੇ ਹੋਏ ਸਨ) ਨੂੰ ਮਿਲਿਆ ਅਤੇ ਦੱਸਿਆ ਕਿ ਮੈਂ ਹੁਣ ਅਮਰੀਕਾ ਪੱਕੇ ਤੌਰ ’ਤੇ ਜਾ ਰਿਹਾ ਹਾਂ। ਉਨ੍ਹਾਂ ਦਾ ਭੋਲੇ ਭਾਅ ਜਵਾਬ ਸੀ ਕਿ ਚੱਲੋ ਚੰਗਾ ਹੋਇਆ, ਤੁਸੀਂ ਕਿਸੇ ਵਿੱਦਿਅਕ ਅਦਾਰੇ ਵਿੱਚ ਪੜ੍ਹਾ ਕੇ ਆਪਣਾ ਗਿਆਨ ਦੂਸਰਿਆਂ ਨੂੰ ਜ਼ਰੂਰ ਵੰਡੋਂਗੇ। ਕਈ ਵਾਰ ਕਿਸੇ ਵੱਲੋਂ ਅਚੇਤ ਹੀ ਕਹੀ ਹੋਈ ਗੱਲ ਦਾ ਕਿੰਨਾ ਡੂੰਘਾ ਅਰਥ ਹੁੰਦਾ ਹੈ ਅਤੇ ਇਹ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਨੂੰ ਕਿਵੇਂ ਨਿਰਧਾਰਤ ਕਰਦੀ ਹੈ, ਇਸਦਾ ਅੰਦਾਜ਼ਾ ਜਦੋਂ ਮੈਂ ਹੁਣ ਲਾਉਂਦਾ ਹਾਂ ਤਾਂ ਬਹੁਤ ਹੈਰਾਨੀ ਹੁੰਦੀ ਹੈ। 2014 ਵਿੱਚ ਅਮਰੀਕਾ ਆ ਕੇ ਫਿਰ ਮਨ ਵਿੱਚ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਖਿਆਲ ਆਇਆ। ਦਰਅਸਲ ਤੁਹਾਡੇ ਮਨ ਵਿੱਚ ਤਿੜਕੇ ਸੁਪਨੇ ਦੀ ਤਾਮੀਰਦਾਰੀ ਕਰਨ ਅਤੇ ਇਸ ਨੂੰ ਸੱਚ ਕਰਨ ਲਈ ਮਨ ਦੀ ਕਿਸੇ ਨੁਕਰੇ ਕੋਈ ਨਾ ਕੋਈ ਭਾਵਨਾ ਉੱਸਲਵੱਟੇ ਲੈਂਦੀ ਹੀ ਰਹਿੰਦੀ ਏ। ਮੈਂ 12ਵੀਂ ਤੀਕ ਫਿਜ਼ਿਕਸ ਪੜ੍ਹਾਉਣ ਲਈ ਆਨਲਾਈਨ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ। ਪਰ ਮੇਰੇ ਮਨ ਵਿੱਚ ਸਿਰਫ਼ ਕਾਲਜ ਜਾਂ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਉਣ ਦੀ ਤਮੰਨਾ ਹੀ ਮੈਂਨੂੰ ਨਵੀਂਆਂ ਸੰਭਾਵਨਾਵਾਂ ਅਤੇ ਨਵੀਂਆਂ ਤਰਕੀਬਾਂ ਵੰਨੀਂ ਤੋਰੀ ਰੱਖਦੀ। ਅਕਤੂਬਰ 2015 ਵਿੱਚ ਕਲੀਵਲੈਂਡ ਸਟੇਟ ਯੂਨੀਵਰਸਿਟੀ ਦੇ ਡੀਨ, ਸਾਇੰਸ ਨੂੰ ਮਿਲਿਆ ਜੋ ਉਸ ਸਮੇਂ ਫਿਜ਼ਿਕਸ ਵਿਭਾਗ ਦਾ ਚੇਅਰ ਵੀ ਸੀ। ਉਸਨੇ ਦੱਸਿਆ ਕਿ ਸਾਨੂੰ ਇੱਕ ਪ੍ਰੋਫੈਸਰ ਦੀ ਲੋੜ ਹੈ। ਇਸ ਲਈ ਤੁਹਾਨੂੰ ਇੱਕ ਲੈਕਚਰ ਦੇਣਾ ਪਵੇਗਾ। ਦਰਅਸਲ ਇੱਥੇ ਕਿਸੇ ਵੀ ਵਿਅਕਤੀ ਨੂੰ ਉਸਦੀ ਕਾਰਗੁਜ਼ਾਰੀ ਵਿੱਚੋਂ ਦੇਖਿਆ ਜਾਂਦਾ ਹੈ ਨਾ ਕਿ ਉਸਦੀ ਡਿਗਰੀ ਜਾਂ ਸਿਫ਼ਾਰਸ਼ ਨੂੰ ਅਧਾਰ ਮੰਨ ਕੇ ਨੌਕਰੀ ਮਿਲਦੀ ਹੈ। ਇਸ ਸੰਬੰਧ ਵਿੱਚ ਤੁਸੀਂ ਪ੍ਰੋਫੈਸਰ ਨੂੰ ਮਿਲੋ। ਉਨ੍ਹਾਂ ਨਾਲ ਲੈਕਚਰ ਦੇ ਸਮੇਂ, ਵਿਸ਼ੇ ਆਦਿ ਬਾਰੇ ਗੱਲ ਕਰੋ। ਜਦੋਂ ਮੈਂ ਪ੍ਰੋਫੈਸਰ ਨੂੰ ਮਿਲਿਆ ਤਾਂ ਉਹ ਪੁੱਛਣ ਲੱਗਾ ਕਿ ਤੁਸੀਂ ਫਿਜ਼ਿਕਸ ਦੇ ਕਿਸ ਚੈਪਟਰ ਉੱਤੇ ਲੈਕਚਰ ਦੇਵੋਗੇ, ਕਿੰਝ ਦੇਵੋਗੇ (ਬਲੈਕਬੋਰਡ ਤੇ ਚਾਕ, ਓਵਰਹੈਡ ਪ੍ਰੋਜੈਕਟਰ, ਪਾਵਰ ਪੌਆਇੰਟ ਨਾਲ ਜਾਂ ਆਨਲਾਈਨ ਦੇਵੋਗੇ) ਅਤੇ ਕਦੋਂ ਦੇ ਸਕਦੇ ਹੋ? ਤਾਂ ਮੇਰਾ ਜਵਾਬ ਸੀ ਕਿ ਮੈਂ ਹਰ ਚੈਪਟਰ ਤੇ, ਕਿਸੇ ਵੀ ਸਮੇਂ ਅਤੇ ਕਿਸੇ ਵੀ ਤਰੀਕੇ ਨਾਲ ਲੈਕਚਰ ਦੇਣ ਲਈ ਤਿਆਰ ਹਾਂ। ਤੁਸੀਂ ਦੱਸੋ ਕਿ ਮੈਂ ਕਿਹੜੇ ਖਾਸ ਚੈਪਟਰ ਤੇ, ਕਦੋਂ ਅਤੇ ਕਿਸ ਤਰੀਕੇ ਨਾਲ ਲੈਕਚਰ ਦੇਵਾਂ। ਦਰਅਸਲ ਜਦੋਂ ਤੁਸੀਂ ਆਪਣੀ ਚੋਣ ਦੱਸਦੇ ਹੋ ਤਾਂ ਇਹ ਤੁਹਾਡੀ ਕੰਮਜੋਰੀ ਜ਼ਾਹਰ ਕਰਦਾ ਹੈ। ਜਦੋਂ ਤੁਸੀਂ ਇਹ ਕਹਿੰਦੇ ਹੋ ਮੈਂ ਹਰ ਵੇਲੇ ਹਰ ਕਿਸਮ ਦੇ ਚੈਪਟਰ ਅਤੇ ਹਰ ਤਰੀਕੇ ਨਾਲ ਚੈਲਿੰਜ ਮਨਜ਼ੂਰ ਕਰਦਾ ਹਾਂ ਤਾਂ ਇਹ ਤੁਹਾਡੇ ਆਤਮ-ਵਿਸ਼ਵਾਸ ਦਾ ਪ੍ਰਤੱਖ ਪ੍ਰਮਾਣ ਹੁੰਦਾ ਹੈ। ਮੈਂ ਉਨ੍ਹਾਂ ਦੇ ਦੱਸੇ ਹੋਏ ਚੈਪਟਰ, ਸਮੇਂ ਅਤੇ ਤਕਨੀਕ ਅਨੁਸਾਰ ਲੈਕਚਰ ਦੇਣ ਲਈ ਗਿਆ ਤਾਂ ਇੱਕ ਕਲਾਸ ਸਮੇਤ ਉਸ ਵਿੱਚ ਫਿਜ਼ਿਕਸ ਵਿਭਾਗ ਦਾ ਸਾਰਾ ਸਟਾਫ ਚੇਅਰ ਸਮੇਤ ਹਾਜ਼ਰ ਸੀ। ਲੈਕਚਰ ਤੋਂ ਬਾਅਦ ਸਾਰੇ ਵਿਦਿਆਰਥੀਆਂ ਅਤੇ ਸਟਾਫ ਕੋਲੋਂ ਮੇਰੇ ਪੜ੍ਹਾਉਣ ਬਾਰੇ ਰਾਏ ਵਾਸਤੇ ਇੱਕ ਪ੍ਰੋਫਾਰਮਾ ਭਰਵਾਇਆ ਗਿਆ। ਜਦੋਂ ਮੈਂ ਕਲਾਸ ਤੋਂ ਬਾਹਰ ਆਇਆ ਡਾ. ਫੋਡਰ ਮੇਰੇ ਨਾਲ ਹੀ ਆ ਗਏ। ਮੈਂਨੂੰ ਵਿਭਾਗ ਦੀਆਂ ਲੈਬਾਂ ਨੂੰ ਦਿਖਾਉਣ ਲੱਗੇ ਅਤੇ ਕਹਿਣ ਲੱਗੇ ਕਿ ਤੁਹਾਨੂੰ ਆਪਣੇ ਪੜ੍ਹਾਉਣ ਵਿੱਚ ਮੈਥ ਨੂੰ ਘਟਾਉਣਾ ਪਵੇਗਾ ਕਿਉਂਕਿ ਇਹ ਵਿਦਿਆਰਥੀ ਮੈਥ ਵਿੱਚ ਜ਼ਿਆਦਾ ਹੁਸ਼ਿਆਰ ਨਹੀਂ। ਤੁਹਾਨੂੰ ਕੁਝ ਦਿਨਾਂ ਤੀਕ ਈਮੇਲ ਮਿਲੇਗੀ ਕਿ ਸਾਰਿਆਂ ਦਾ ਤੁਹਾਡੇ ਪੜ੍ਹਾਉਣ ਪ੍ਰਤੀ ਕੀ ਨਜ਼ਰੀਆ ਹੈ? ਪ੍ਰੋਫੈਸਰ ਵੱਲੋਂ ਦਿਖਾਏ ਉਚੇਚ ਤੋਂ ਇਉਂ ਲਗਦਾ ਸੀ ਜਿਵੇਂ ਉਨ੍ਹਾਂ ਨੂੰ ਮੇਰਾ ਪੜ੍ਹਾਉਣਾ ਚੰਗਾ ਲੱਗਿਆ ਹੋਵੇ। ਹਫ਼ਤੇ ਬਾਅਦ ਡੀਨ ਦੀ ਈਮੇਲ ਆਈ ਕਿ ਤੁਸੀਂ ਪੜ੍ਹਾਉਣ ਲਈ ਚੁਣੇ ਗਏ ਹੋ। ਜਨਵਰੀ 2016 ਤੋਂ ਤੁਹਾਡੀਆਂ ਕਲਾਸਾਂ ਸ਼ੁਰੂ ਹੋਣਗੀਆਂ ਅਤੇ ਪਹਿਲੇ ਸਮੈਸਟਰ ਵਿੱਚ ਤੁਸੀਂ ਸਿਰਫ਼ ਇੱਕ ਹੀ ਕੋਰਸ ਪੜ੍ਹਾਉਗੇ। 1977 ਵਿੱਚ ਲਏ ਹੋਏ ਸੁਪਨੇ ਦਾ 2016 ਵਿੱਚ ਪੂਰਾ ਹੋਣਾ ਲਗਭਗ ਚਾਲੀ ਸਾਲ ਲੰਮੀ ਉਡੀਕ ਦੀ ਪੂਰਨਤਾ। ਬਹੁਤ ਕਠਨ ਹੁੰਦਾ ਹੈ ਇੰਨੀ ਲੰਮੀ ਉਡੀਕ ਕਰਨਾ ਅਤੇ ਇੰਨੇ ਲੰਮੇ ਸਮੇਂ ਲਈ ਤਿੜਕੇ ਹੋਏ ਸੁਪਨੇ ਦੀ ਚੀਸ ਨੂੰ ਜਿਊਂਦਾ ਰੱਖਣਾ। ਇਸਦੀ ਪੂਰਨਤਾ ਲਈ ਨਿਰੰਤਰ ਕੁਝ ਨਾ ਕੁਝ ਉਜਰ ਕਰਦੇ ਰਹਿਣਾ ਜ਼ਰੂਰੀ ਹੁੰਦਾ ਹੈ। ਅਕਸਰ ਲੋਕ ਬਹੁਤ ਜਲਦੀ ਟੁੱਟੇ ਸੁਪਨੇ ਨੂੰ ਭੁੱਲ ਜਾਂਦੇ ਹਨ ਅਤੇ ਦੁਨਿਆਵੀ ਦੌੜ ਵਿੱਚ ਉਲਝੇ ਆਪਣੇ ਉਦੇਸ਼ ਤੋਂ ਹੀ ਮੁਨਕਰ ਹੋ ਜਾਂਦੇ ਹਨ। ਦਰਅਸਲ ਮੇਰਾ ਇਹ ਹਾਸਲ, ਸੁਪਨੇ ਦੀ ਪੂਰਨਤਾ ਦੇ ਨਾਲ ਨਾਲ ਖੁਦ ਨੂੰ ਵੀ ਤਸੱਲੀ ਦੇ ਗਿਆ ਕਿ ਬੰਦਾ ਚਾਹੇ ਤਾਂ ਕੁਝ ਵੀ ਪ੍ਰਾਪਤ ਕਰ ਸਕਦਾ ਹੈ, ਬਸ਼ਰਤੇ ਕਿ ਉਸਦੇ ਮਨ ਵਿੱਚ ਹਨੇਰਿਆਂ ਵਿੱਚੋਂ ਚਾਨਣ-ਝੀਤ ਨੂੰ ਦੇਖਣ ਦੀ ਜਾਚ ਹੋਵੇ, ਮੁਸ਼ਕਲਾਂ ਅਤੇ ਔਕੜਾਂ ਨਾਲ ਆਢਾ ਲਾਉਣ ਦਾ ਵੱਲ ਹੋਵੇ ਅਤੇ ਦੁਸ਼ਵਾਰੀਆਂ ਨੂੰ ਉਲੰਘ ਕੇ ਨਵੀਂਆਂ ਪੈੜਾਂ ਨੂੰ ਸਿਰਜਣ ਦਾ ਹੁਨਰ ਹੋਵੇ। ਯਾਦ ਆਉਂਦਾ ਹੈ ਜਨਵਰੀ 2016 ਵਿੱਚ ਯੂਨੀਵਰਸਿਟੀ ਦਾ ਪਹਿਲਾ ਦਿਨ। ਕਮਰੇ ਵਿੱਚ ਦਾਖਲ ਹੁੰਦਿਆਂ ਹੀ ਅੱਖ ਭਰ ਆਈ। ਕਲਾਸ ਵਿੱਚ 60 ਗੋਰੇ ਵਿਦਿਆਰਥੀ। ਸੋਚਾਂ! ਕੁਦਰਤ ਅਤੇ ਮੇਰੇ ਮਾਪਿਆਂ ਦੀ ਇਹ ਕਰਤਾਰੀ ਇਨਾਇਤ ਹੈ। ਮੰਡ ਵਿੱਚ ਪਸ਼ੂ ਚਾਰਦੇ ਜੁਆਕ ਨੇ ਕਦੇ ਖ਼ੁਆਬ ਵਿੱਚ ਵੀ ਸੋਚਿਆ ਨਹੀਂ ਹੋਣਾ ਕਿ ਉਹ ਕਿਸੇ ਦਿਨ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਾਵੇਗਾ। ਇਹ ਮੇਰੇ ਪਿੰਡ, ਮੇਰੇ ਬੁੱਢੇ ਘਰ, ਮੇਰੇ ਅਧਿਆਪਕਾਂ ਦੀਆਂ ਦੁਆਵਾਂ ਨੇ ਜਿਸ ਸਦਕਾ ਮੈਂਨੂੰ ਇਹ ਮੌਕਾ ਮਿਲਿਆ। ਪਹਿਲੇ ਦਿਨ ਕਲਾਸ ਵਿੱਚ ਮੈਂ ਕੁਝ ਮਿੰਟ ਲਈ ਆਪਣੇ ਪਿਛੋਕੜ, ਵਿੱਦਿਆ, ਧਾਰਮਿਕ ਅਕੀਦੇ, ਆਪਣੇ ਪਹਿਰਾਵੇ ਅਤੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕਰਦਾ ਹਾਂ। ਫਿਰ ਹਰ ਵਿਦਿਅਰਥੀ ਨੂੰ ਪੁੱਛਦਾ ਹਾਂ ਕਿ ਉਸਦਾ ਨਾਮ ਕੀ ਹੈ, ਉਹ ਕਿਹੜੇ ਸੁਪਨੇ ਲੈ ਕੇ ਇਸ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਅਤੇ ਇਸਦੀ ਪੂਰਨਤਾ ਲਈ ਉਹ ਕਿੰਨਾ ਕੁ ਅਰਪਿਤ ਅਤੇ ਪ੍ਰਤੀਬੱਧ ਹੈ? ਇਸ ਨਾਲ ਵਿਦਿਅਰਥੀਆਂ ਨੂੰ ਆਪਣੇ ਅੰਦਰ ਝਾਕਣ, ਸੁਪਨੇ ਨੂੰ ਪਛਾਣਨ ਅਤੇ ਇਸ ਨੂੰ ਪੂਰਾ ਕਰਨ ਲਈ ਹੋਰ ਉੱਦਮ ਕਰਨ ਦੀ ਉਤੇਜਨਾ ਮਿਲਦੀ ਹੈ। ਦਰਅਸਲ ਮੈਂ ਆਪਣੇ ਅਧਿਆਪਨ ਦੌਰਾਨ, ਆਪਣੇ ਵਿਦਿਆਰਥੀਆਂ ਨੂੰ ਵਿਸ਼ੇ ਦਾ ਗਿਆਨ ਦੇਣ ਦੇ ਨਾਲ-ਨਾਲ, ਉਨ੍ਹਾਂ ਨੂੰ ਜ਼ਿੰਦਗੀ ਦੇ ਸਰੋਕਾਰਾਂ ਅਤੇ ਕਦਰਾਂ ਕੀਮਤਾਂ ਨੂੰ ਅਪਣਾਉਣ ਅਤੇ ਖੁਦ ਪ੍ਰਤੀ ਸੁਹਿਰਦ ਅਤੇ ਸਮਰਪਿਤ ਹੋਣ ਲਈ ਪ੍ਰੇਰਤ ਕਰਦਾ ਹਾਂ। ਅਮਰੀਕਾ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਬਹੁਤ ਹੀ ਸਤਿਕਾਰ ਅਤੇ ਉੱਚਾ ਰੁਤਬਾ ਹੈ। ਹਰ ਪ੍ਰੋਫੈਸਰ ਆਪਣੀ ਕਲਾਸ ਤੋਂ ਬਾਅਦ ਇੱਕ ਘੰਟਾ ਆਪਣੇ ਵਿਦਿਆਰਥੀਆਂ ਲਈ ਰਾਖਵਾਂ ਰੱਖਦਾ ਹੈ ਤਾਂ ਕਿ ਕੋਈ ਵੀ ਵਿਦਿਆਰਥੀ ਪੜ੍ਹਾਈ ਬਾਰੇ ਕੋਈ ਵੀ ਪ੍ਰਸ਼ਨ ਪੁੱਛ ਸਕੇ। ਪ੍ਰੋਫੈਸਰ ਆਪਣਾ ਕੋਰਸ ਖੁਦ ਤਿਆਰ ਕਰਦਾ ਹੈ, ਕਿੰਨੇ ਟੈੱਸਟ ਲੈਣੇ, ਕਿਸ ਤਾਰੀਕ ਨੂੰ ਲੈਣੇ, ਕਿਵੇਂ ਲੈਣਾ, ਕਿਸ ਤਾਰੀਕ ਨੂੰ ਕਿਹੜਾ ਚੈਪਟਰ ਪੜ੍ਹਾਉਣਾ ਆਦਿ ਪਹਿਲੇ ਦਿਨ ਤੋਂ ਹੀ ਤੈਅ ਹੁੰਦਾ। ਇਸਦਾ ਪੂਰਾ ਵੇਰਵਾ ਹਰ ਵਿਦਿਆਰਥੀ ਨੂੰ ਈਮੇਲ ਕਰ ਦਿੱਤਾ ਜਾਂਦਾ। ਹਰ ਟੈੱਸਟ, ਕੁਇੱਜ਼, ਆਨ ਲਾਈਨ ਵਰਕ ਆਦਿ ਪ੍ਰੋਫੈਸਰ ਖੁਦ ਕਰਦਾ ਹੈ। ਖੁਦ ਹੀ ਮੁਲਾਂਕਣ ਕਰਦਾ ਅਤੇ ਖੁਦ ਹੀ ਗਰੇਡ ਦਿੰਦਾ ਹੈ। ਵਿਭਾਗ ਦੀ ਚੇਅਰ ਜਾਂ ਯੂਨੀਵਰਸਿਟੀ ਦਾ ਕੋਈ ਵੀ ਅਧਿਕਾਰੀ ਇਸ ਵਿੱਚ ਦਖਲ ਨਹੀਂ ਦਿੰਦਾ। ਇਨ੍ਹਾਂ ਗਰੇਡਾਂ ਨੂੰ ਕੋਈ ਚੈਲਿੰਜ ਨਹੀਂ ਕਰ ਸਕਦਾ। ਹਾਂ, ਪ੍ਰੋਫੈਸਰ ਪੂਰਨ-ਪਾਰਦਰਸ਼ੀ ਅਤੇ ਨਿਰਪੱਖ ਹੁੰਦਾ ਹੈ ਅਤੇ ਕੋਈ ਵੀ ਵਿਦਿਆਰਥੀ ਕਿਸੇ ਵੀ ਸਮੇਂ ਤੁਹਾਡੇ ਕੋਲੋਂ ਆਪਣੇ ਗਰੇਡਾਂ ਬਾਰੇ ਕੋਈ ਵੀ ਪ੍ਰਸ਼ਨ ਪੁੱਛ ਸਕਦਾ ਹੈ ਅਤੇ ਇਸਦਾ ਜਵਾਬ ਦੇਣਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਹਰ ਸਮੈਸਟਰ ਦੇ ਖਤਮ ਹੋਣ ’ਤੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਕੋਲੋਂ ਪ੍ਰੋਫੈਸਰ ਦਾ ਗੁਪਤ ਰੂਪ ਵਿੱਚ ਆਨਲਾਈਨ ਮੁਲਾਂਕਣ ਕਰਵਾਇਆ ਜਾਂਦਾ ਹੈ। ਇਹ ਮੁਲਾਂਕਣ ਚੇਅਰ ਤੋਂ ਹੁੰਦਾ ਹੋਇਆ ਤੁਹਾਡੇ ਕੋਲ ਪਹੁੰਚਦਾ ਹੈ ਕਿ ਤੁਹਾਨੂੰ ਆਪਣੀਆਂ ਕਮੀਆਂ ਜਾਂ ਚੰਗੇ ਗੁਣਾਂ ਦਾ ਪਤਾ ਲੱਗ ਸਕੇ। ਪਤਾ ਲੱਗ ਸਕੇ ਕਿ ਵਿਦਿਆਰਥੀਆਂ ਦੇ ਤੁਹਾਡੇ ਬਾਰੇ ਕੀ ਵਿਚਾਰ ਹਨ। ਤੁਹਾਡਾ ਮੁਲਾਂਕਣ ਮਾੜਾ ਹੋਣ ’ਤੇ ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਪਹਿਲੇ ਸਮੈਸਟਰ ਤੋਂ ਬਾਅਦ ਅਗਲੇ ਸਮੈਸਟਰ ਲਈ ਦੋ ਕੋਰਸ ਪੜ੍ਹਾਉਣ ਲਈ ਮੈਂਨੂੰ ਕਿਹਾ ਗਿਆ। ਚੰਗਾ ਲੱਗਾ ਕਿ ਮੈਂ ਨਵੇਂ ਅਦਾਰੇ ਵਿੱਚ, ਨਵੇਂ ਮਾਹੌਲ ਅਤੇ ਨਵੇਂ ਤਰੀਕੇ ਨਾਲ ਫਿਜ਼ਿਕਸ ਨੂੰ ਪੜ੍ਹਾਉਣ ਲਈ ਖੁਦ ਨੂੰ ਅੱਪਡੇਟ ਕਰਕੇ, ਵਕਤ ਦਾ ਹਾਣੀ ਹੋ ਸਕਿਆ। ਯੂਨੀਵਰਸਿਟੀ ਵਿੱਚ ਪੜ੍ਹਾਉਣ ਦੌਰਾਨ ਮੈਂ ਇਹ ਦੇਖਿਆ ਕਿ ਕਈ ਵਾਰ ਵਿਦਿਆਰਥੀ ਆਪਣੀਆਂ ਨਿੱਜੀ ਮੁਸ਼ਕਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਨ ਅਤੇ ਤੁਹਾਡੇ ਕੋਲੋਂ ਸਲਾਹ ਵੀ ਲੈਂਦੇ ਹਨ। ਮੇਰੇ ਜ਼ਿਆਦਤਰ ਵਿਦਿਆਰਥੀ ਮੈਡੀਕਲ ਫੀਲਡ ਵਿੱਚ ਜਾਣ ਵਾਲੇ ਹੁੰਦੇ ਹਨ, ਇਸ ਲਈ ਜਦੋਂ ਉਹਨਾਂ ਨੇ ਕਿਸੇ ਮੈਡੀਕਲ/ਡੈਂਟਲ/ਫਾਰਮੇਸੀ/ਫਿਜ਼ਿਓਥੀਰੈਪੀ ਕਾਲਜ ਵਿੱਚ ਦਾਖਲਾ ਲੈਣਾ ਹੁੰਦਾ ਤਾਂ ਉਨ੍ਹਾਂ ਦੇ ਪ੍ਰੋਫੈਸਰ ਵੱਲੋਂ ਭੇਜੇ ਗਏ ਸਿਫਾਰਸ਼ੀ ਪੱਤਰ ਦੀ ਬਹੁਤ ਅਹਿਮੀਅਤ ਹੁੰਦੀ ਹੈ। ਹਰ ਪ੍ਰੋਫੈਸਰ ਆਪਣੇ ਵਿਦਿਆਰਥੀ ਦਾ ਸਹੀ ਮੁਲਾਂਕਣ ਕਰਕੇ ਸੰਬੰਧਿਤ ਅਦਾਰੇ ਨੂੰ ਭੇਜਦਾ ਹੈ ਅਤੇ ਅਦਾਰਾ ਕਦੇ ਵੀ ਕਿਸੇ ਪ੍ਰੋਫੈਸਰ ਦੀ ਦਿਆਨਤਦਾਰੀ ’ਤੇ ਕੋਈ ਕਿੰਤੂ ਨਹੀਂ ਕਰਦਾ। ਮੈਂ ਇਹ ਵੀ ਦੇਖਿਆ ਕਿ ਜਦੋਂ ਤੁਸੀਂ ਸਿਰ ’ਤੇ ਦਸਤਾਰ ਪਹਿਨ ਕੇ ਕਿਸੇ ਅਦਾਰੇ ਵਿੱਚ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਭਾਈਚਾਰੇ ਦੇ ਇੱਕ ਅਦਿੱਖ ਰੂਪ ਵਿੱਚ ਦੂਤ ਹੁੰਦੇ ਹੋ। ਬਹੁ-ਗਿਣਤੀ ਵਿੱਚ ਪੜ੍ਹਦੇ ਗੋਰੇ ਵਿਦਿਆਰਥੀਆਂ ਨੂੰ ਤੁਹਾਡੇ ਬਾਰੇ ਜਾਣਕਾਰੀ ਮਿਲਦੀ ਹੈ। ਮੇਰੇ ਦੋ ਕੋਰਸਾਂ ਵਿੱਚ ਹਰ ਸਮੈਸਟਰ ਵਿੱਚ ਸੌ ਕੁ ਵਿਦਿਆਰਥੀ ਹੁੰਦੇ ਹਨ। ਮਤਲਬ ਕਿ 100 ਕੁ ਪਰਿਵਾਰਾਂ ਨੂੰ ਸਿੱਖ ਧਰਮ ਬਾਰੇ ਕੁਝ ਗਿਆਨ ਜ਼ਰੂਰ ਮਿਲਦਾ ਹੈ। ਦਰਅਸਲ ਇਨ੍ਹਾਂ ਅਦਾਰਿਆਂ ਰਾਹੀਂ ਤੁਸੀਂ ਆਪਣੀ ਪਛਾਣ ਨੂੰ ਉਸ ਰੂਪ ਵਿੱਚ ਦਰਸਾ ਸਕਦੇ ਹੋ, ਜਿਹੜੀ ਤੁਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹੋ। ਮੈਂ ਸਾਰੀ ਉਮਰ ਹੀ ਪੰਜਾਬ ਦੇ ਕਾਲਜਾਂ ਵਿੱਚ ਪੜ੍ਹਾਇਆ ਪਰ ਮੈਂ ਦੇਖਿਆ ਕਿ ਇੱਥੇ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀ ਜ਼ਿਆਦਾ ਮਿਹਨਤੀ ਅਤੇ ਟੀਚੇ ਪ੍ਰਤੀ ਫਿਕਰਮੰਦ ਨੇ। ਉਹ ਬਹੁਤ ਇਮਾਨਦਾਰ ਅਤੇ ਸੱਚ ਬੋਲਦੇ ਨੇ। ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਮੁਲਾਂਕਣ ਵਿੱਚ ਵੀ ਤੁਹਾਨੂੰ ਉਨ੍ਹਾਂ ਦੀ ਸਪਸ਼ਟਤਾ ਸਾਫ਼ ਦਿਸਦੀ ਹੈ। ਜ਼ਿਆਦਾ ਵਿਦਿਆਰਥੀ ਆਪਣੀ ਪੜ੍ਹਾਈ ਦਾ ਖਰਚਾ ਖੁਦ ਉਠਾਉਂਦੇ ਨੇ। ਪੜ੍ਹਾਈ ਦੇ ਨਾਲ ਨਾਲ ਪਾਰਟ-ਟਾਈਮ ਕੰਮ ਵੀ ਕਰਦੇ ਨੇ। ਇੱਥੇ ਪੜ੍ਹਨ ਦੀ ਕੋਈ ਨਿਰਧਾਰਤ ਉਮਰ ਨਹੀਂ। ਮੇਰੇ ਕੁਝ ਵਿਦਿਆਰਥੀ ਉਹ ਹੁੰਦੇ ਹਨ ਜਿਹੜੇ ਇੱਕ ਕਿੱਤੇ ਵਿੱਚੋਂ ਰਿਟਾਇਰ ਹੋ ਕੇ ਮੁੜ ਪੜ੍ਹਾਈ ਕਰਕੇ ਦੂਸਰੇ ਕਿੱਤੇ ਵਿੱਚ ਜਾਣਾ ਚਾਹੁੰਦੇ ਹੋਣ। ਇਸ ਵੇਲੇ ਵੀ ਦੋ ਵਿਦਿਆਰਥੀ ਅਜਿਹੇ ਹਨ ਜੋ ਅਮਰੀਕਨ ਆਰਮੀ ਵਿੱਚ ਹਨ ਅਤੇ ਨਾਲ ਨਾਲ ਹੀ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੇ ਨੇ। ਮੈਂ ਅਕਸਰ ਹੀ ਭੌਤਿਕ ਵਿਗਿਆਨ ਪੜ੍ਹਾਉਂਦਿਆਂ, ਇਸ ਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਕੁਝ ਕਿਰਿਆਵਾਂ ਨਾਲ ਜੋੜ ਕੇ ਜ਼ਿੰਦਗੀ ਦੇ ਸੱਚੇ ਸੁੱਚੇ ਅਰਥਾਂ ਦੀ ਨਿਸ਼ਾਨਦੇਹੀ ਕਰਨ ਲੱਗ ਪਵਾਂ ਜਾਂ ਖੂਬਸੂਰਤ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਜਾਂ ਸਫ਼ਲ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੀ ਗੱਲ ਕਰਨ ਲੱਗ ਪਵਾਂ ਤਾਂ ਅਕਸਰ ਕਈ ਵਾਰ ਵਿਦਿਆਰਥੀ ਇਹ ਵੀ ਕਹਿ ਦਿੰਦੇ ਹਨ ਕਿ ਡਾ. ਭੰਡਾਲ ਇਹ ਫਿਜ਼ਿਕਸ ਦੀ ਕਲਾਸ ਦੀ ਬਜਾਏ ਸਗੋਂ ਫ਼ਿਲਾਸਫ਼ੀ ਦੀ ਕਲਾਸ ਜ਼ਿਆਦਾ ਲਗਦੀ ਹੈ। ਉਹ ਬਹੁਤ ਧਿਆਨ ਨਾਲ ਸੁਪਨਿਆਂ ਨੂੰ ਪੂਰਾ ਕਰਨ ਦੀਆਂ ਗੱਲਾਂ ਸੁਣਦੇ ਹਨ। ਕਈ ਵਾਰ ਇੰਝ ਲਗਦਾ ਹੈ ਜਿਵੇਂ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਚੌਗਿਰਦੇ ਵਿੱਚੋਂ ਬਾਹਰ ਝਾਕਣ ਦੀ ਕਿਸੇ ਨੇ ਅਹਿਮੀਅਤ ਨਹੀਂ ਦੱਸੀ। ਉਨ੍ਹਾਂ ਨੂੰ ਚੰਗਾ ਲਗਦਾ ਹੈ ਕਿ ਜਦੋਂ ਕੋਈ ਉਨ੍ਹਾਂ ਨੂੰ ਜੀਵਨ ਦੀ ਸੁੰਦਰਤਾ ਅਤੇ ਕੁਦਰਤੀ ਕਿਰਿਆਵਾਂ ਨੂੰ ਨਿਹਾਰਨ ਦਾ ਗੁਰ ਦੱਸਦਾ ਹੈ। ਮੈਂ ਇਹ ਵੀ ਜਾਣਿਆ ਕਿ ਤੁਸੀਂ ਕੀ ਹੋ, ਇਹ ਸ਼ਾਇਦ ਤੁਹਾਡੇ ਨਾਲੋਂ ਤੁਹਾਡੇ ਵਿਦਿਆਰਥੀ ਬਿਹਤਰ ਜਾਣਦੇ ਅਤੇ ਸਮਝਦੇ ਹਨ। ਤੁਹਾਡੇ ਨਾਲੋਂ ਤੁਹਾਡਾ ਕੰਮ ਜ਼ਿਆਦਾ ਬੋਲਦਾ ਹੈ। ਯਾਦ ਆਉਂਦਾ ਹੈ ਕਿ ਪਿਛਲੇ ਸਾਲ ਕਿਸੇ ਹੋਰ ਕਾਲਜ ਤੋਂ ਈਮੇਲ ਆਈ ਕਿ ਸਾਡੇ ਕਾਲਜ ਵਿੱਚ ਫਿਜ਼ਿਕਸ ਦਾ ਇੱਕ ਕੋਰਸ ਪੜ੍ਹਾਉਣ ਲਈ ਸਾਨੂੰ ਤੁਹਾਡੀ ਲੋੜ ਹੈ। ਸਾਨੂੰ ਆ ਕੇ ਮਿਲੋ। ਮੈਂ ਦੱਸਿਆ ਕਿ ਮੈਂ ਤਾਂ ਪਹਿਲਾਂ ਹੀ ਪੜ੍ਹਾ ਰਿਹਾ ਹਾਂ ਤਾਂ ਉਸ ਕਾਲਜ ਦੇ ਡੀਨ ਦਾ ਕਹਿਣਾ ਸੀ ਕਿ ‘ ਇੱਕ ਵਾਰ ਮਿਲ ਜਾਓ।’ ਜਦੋਂ ਮੈਂ ਡੀਨ ਸਾਹਿਬ ਨੂੰ ਮਿਲਿਆ ਤਾਂ ਉਸਨੇ ਕਿਹਾ ਕਿ ਤੁਸੀਂ ਸ਼ੁੱਕਰਵਾਰ ਨੂੰ ਵਿਹਲੇ ਹੁੰਦੇ ਹੋ, ਉਸ ਦਿਨ ਹੀ ਸਾਡੇ ਕਾਲਜ ਵਿੱਚ ਪੜ੍ਹਾ ਦਿਆ ਕਰੋ। ਮੈਂ ਜਦੋਂ ਪੜ੍ਹਾਉਣ ਲਈ ਹਾਮੀ ਭਰੀ ਤਾਂ ਡੀਨ ਪੁੱਛਣ ਲੱਗਾ, “ਤੁਸੀਂ ਇਹ ਨਹੀਂ ਪੁੱਛੋਗੇ ਕਿ ਕੋਰਸ ਪੜ੍ਹਾਉਣ ਲਈ ਅਸੀਂ ਤੁਹਾਨੂੰ ਹੀ ਕਿਉਂ ਸੰਪਰਕ ਕੀਤਾ? ਦੱਸਾਂ! ਕਦੇ ‘ਰੇਟ ਮਾਈ ਪ੍ਰੋਫੈਸਰ’ ਵੈੱਬਸਾਈਟ ’ਤੇ ਆਪਣੇ ਬਾਰੇ, ਆਪਣੇ ਵਿਦਿਆਰਥੀਆਂ ਦੇ ਵਿਚਾਰ ਪੜ੍ਹਨਾ। ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਵਿਦਿਆਰਥੀਆਂ ਵਿੱਚ ਕਿੰਨੇ ਮਕਬੂਲ ਹੋ। ਇਸ ਵੈੱਬਸਾਈਟ ਤੋਂ ਦੇਖ ਕੇ ਅਸੀਂ ਤੁਹਾਨੂੰ ਬੁਲਾਇਆ ਹੈ ਕਿਉਂਕਿ ਸਾਨੂੰ ਤੁਹਾਡੇ ਵਰਗਾ ਪ੍ਰੋਫੈਸਰ ਚਾਹੀਦਾ ਹੈ।” ਮਨ ਖੁਸ਼ ਹੋਇਆ ਕਿ ਮੈਂ ਆਪਣੀ ਪਛਾਣ, ਮਾਪਿਆਂ ਅਤੇ ਪਿੰਡ ਦੀ ਲਾਜ ਰੱਖ ਸਕਿਆ ਹਾਂ। ਯਾਦ ਆਇਆ ਕਿ ਪਿਛਲੇ ਸਾਲ ਫਰਵਰੀ ਵਿੱਚ ਜਦੋਂ ਮੈਂ ਆਪਣੇ ਦਫਤਰ ਵਿੱਚ ਬੈਠਾ ਆਪਣਾ ਲੈਕਚਰ ਤਿਆਰ ਕਰ ਰਿਹਾ ਸੀ ਤਾਂ ਮੇਰੇ ਚੇਅਰ ਡਾ. ਫੋਡਰ ਨੇ ਮੇਰੇ ਦਰਵਾਜ਼ੇ ’ਤੇ ਦਸਤਕ ਦਿੰਦਿਆਂ ਪੁੱਛਿਆ, ਕਿ ਡਾ. ਭੰਡਾਲ ਜੇ ਤੁਸੀਂ ਵਿਹਲੇ ਹੋਵੋ ਤਾਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜਦੋਂ ਮੈਂ ਕਿਹਾ ਕਿ ਮੈਂ ਵਿਹਲਾ ਹੀ ਹਾਂ, ਦੱਸੋ। ਤਾਂ ਉਸਨੇ ਕਿਹਾ, “ਅੱਜ ਹੀ ਮੈਨੂੰ ਯੂਨੀਵਰਸਿਟੀ ਵੱਲੋਂ ਤੁਹਾਡੇ ਪਿਛਲੇ ਸਮੈਸਟਰ ਦੇ ਵਿਦਿਆਰਥੀਆਂ ਦਾ ਮੁਲਾਂਕਣ ਪ੍ਰਾਪਤ ਹੋਇਆ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਪ੍ਰੋਫੈਸਰ ਤੁਹਾਡੇ ਵਰਗੇ ਹੀ ਹੋਣ।” ਪਿੰਡ ਦੇ ਉਸ ਜੁਆਕ ਲਈ ਜਿਸਨੇ 40 ਸਾਲ ਪਹਿਲਾਂ ਕਦੇ ਵਿਦੇਸ਼ ਦੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਸੁਪਨਾ ਲਿਆ ਸੀ, ਇਸ ਤੋਂ ਵੱਡਾ ਹੋਰ ਕੀ ਸਨਮਾਨ ਹੋ ਸਕਦਾ ਹੈ। ਇਹ ਸੁਣਦਿਆਂ ਹੀ ਮੈਂ ਚੁੱਪ ਹੋ ਗਿਆ ਅਤੇ ਸ਼ੁਕਰਗੁਜਾਰੀ ਵਿੱਚ ਮੇਰਾ ਸਿਰ ਝੁਕ ਗਿਆ। ਪਿਛਲੇ ਦਿਨੀਂ ਇੱਕ ਵਿਦਿਆਰਥੀ ਨੇ ਮੈਂਨੂੰ ਪੁੱਛਿਆ ਕਿ ਪ੍ਰੋ. ਤੁਸੀਂ ਅਗਲੇ ਸਮੈਸਟਰ ਵਿੱਚ ਕੋਰਸ ਦਾ ਕਿਹੜਾ ਸੈਕਸ਼ਨ ਪੜ੍ਹਾ ਰਹੇ ਹੋ? ਮੈਂਨੂੰ ਪਤਾ ਨਹੀਂ ਸੀ। ਅਕਸਰ ਬਹੁਤ ਪਹਿਲਾਂ ਹੀ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਕੋਰਸ ਨਾਲ ਸੰਬੰਧਿਤ ਪ੍ਰੋਫੈਸਰ ਦਾ ਨਾਮ ਚਾੜ੍ਹ ਦਿੱਤਾ ਜਾਂਦਾ ਹੈ। ਇਸ ਬਾਰੇ ਜਦੋਂ ਮੈਂ ਆਪਣੇ ਚੇਅਰ ਨੂੰ ਪੁੱਛਿਆ ਤਾਂ ਉਸਦਾ ਕਹਿਣਾ, “ਮੈਂ ਜਾਣ ਬੁੱਝ ਕੇ ਤੁਹਾਡਾ ਨਾਮ ਵੈੱਬਸਾਈਟ ’ਤੇ ਨਹੀਂ ਚਾੜ੍ਹਦਾ ਕਿਉਂਕਿ ਤੁਸੀਂ ਵਿਦਿਆਰਥੀਆਂ ਵਿੱਚ ਬਹੁਤ ਹਰਮਨ-ਪਿਆਰੇ ਹੋ ਅਤੇ ਜ਼ਿਆਦਾਤਰ ਵਿਦਿਆਰਥੀਆਂ ਨੇ ਤੁਹਾਡੇ ਹੀ ਸੈਕਸ਼ਨ ਵਿੱਚ ਚਲੇ ਜਾਣਾ ਹੈ ਅਤੇ ਬਾਕੀ ਸੈਕਸ਼ਨ ਛੋਟੇ ਰਹਿ ਜਾਣਗੇ। ਇਸ ਲਈ ਤੁਹਾਡਾ ਨਾਮ ਕੋਰਸ ਸ਼ੁਰੂ ਹੋਣ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ ਹੀ ਚਾੜ੍ਹਦੇ ਹਾਂ ਤਾਂ ਕਿ ਸਾਰੇ ਸੈਕਸ਼ਨ ਇੱਕੋ ਜਿਹੇ ਬਣੇ ਰਹਿਣ।” ਮਨ ਨੂੰ ਚੰਗਾ ਲੱਗਾ ਕਿ ਮੈਂ ਆਪਣੇ ਵਿਦਿਆਰਥੀਆਂ ਦੇ ਮਨਾਂ ਵਿੱਚ ਚੰਗੇ ਅਧਿਆਪਕ ਦਾ ਬਿੰਬ ਪੈਦਾ ਕਰਨ ਵਿੱਚ ਕੁਝ ਕੁ ਸਫ਼ਲ ਹੋ ਸਕਿਆ ਹਾਂ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |