18 April 2024

ਪੰਜਾਬੀ ਗ਼ਜ਼ਲ ਸਾਹਿਤ ਨੂੰ ਪੂਰੀ ਤਰਾਂ ਸਮਰਪਿਤ – ਉਸਤਾਦ ਸ਼ਾਇਰ ਗੁਰਸ਼ਰਨ ਸਿੰਘ ਅਜੀਬ—ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:) 

ਸੁਖਨਵਰ- ਉਸਤਾਦ ਸ਼ਾਇਰ ਗੁਰਸ਼ਰਨ ਸਿੰਘ ਅਜੀਬ
ਸ. ਗੁਰਸ਼ਰਨ ਸਿੰਘ ਅਜੀਬ ਦੀ ਤਸਵੀਰ ਪਾਕਿਸਤਾਨ ਦੇ ਨਾਮਵਰ ਆਰਟਿਸਟ ਜਨਾਬ ਮੁਹੰਮਦ ਆਸਿਫ਼ ਰਜ਼ਾ ਜੀ ਨੇ ਖ਼ਾਸ ਤੌਰ ‘ਤੇ ਇਸ ਫ਼ੀਚਰ ਵਾਸਤੇ ਹੀ ਤਿਆਰ ਕੀਤੀ ਹੈ।

ਮੇਰੇ ਸਾਹਮਣੇ ਇਸ ਵੇਲੇ, ਉਸ ਉਸਤਾਦ ਗ਼ਜ਼ਲਗੋ ਦੇ ਚਾਰ ਵੱਡ ਅਕਾਰੀ ਗ਼ਜ਼ਲ ਸੰਗ੍ਰਹਿ ਪਏ ਹਨ ਜੋ  ਬੀਤੇ ਪੰਜ ਕੁ ਦਹਾਕਿਆਂ ਦੇ ਵੱਧ ਜਾਂ ਇੰਜ ਕਹਿ ਲਓ  ਕਿ  ਅੱਧੀ ਕੁ ਸਦੀ ਤੋਂ ਉੱਪਰ ਦੇ ਸਮੇਂ ਤੋਂ ਮਾਤ ਭੂਮੀ ਤੋਂ ਪਰਵਾਸੀ ਹੋ ਕੇ ਲੰਡਨ ਵਸਦਾ, ਭੂਹੇਰਵੇ (Nostalgia) ਦੀ ਤੀਬਰ ਪੀੜਾ ਆਪਣੇ  ਉੱਤੇ ਹੰਢਾ ਰਿਹਾ ਹੈ। ਉਸ ਦੇ ਇਹ ਚਾਰੇ ਗ਼ਜ਼ਲ ਸੰਗ੍ਰਹਿ  ਮੈਂ ਬਹੁਤ ਹੀ ਨਿੱਠ ਕੇ ਪੜ੍ਹੇ ਹਨ, ਜਿਹਨਾ ‘ਚੋ ਤਿੰਨਾਂ ਦਾ ਰਿਵੀਊ ਤੇ ਇਕ ਦੇ ਉੁਤੇ ਖੋਜ ਪਰਚਾ ਵੀ ਲਿਖ ਚੁੱਕਾ ਹਾਂ।

ਮੇਰੀ ਮੁਰਾਦ ਜਨਾਬ ਗੁਰਸ਼ਰਨ ਸਿੰਘ ਅਜੀਬ ਤੋਂ ਹੈ। ਆਪਣੇ  ਨਾਮ  ਮੁਤਾਬਿਕ ਉਹ ਗੁਰੂ ਨੂੰ ਸਮਰਪਿਤ ਧਾਰਮਿਕ ਸੰਸਕਾਰਾਂ ਵਾਲੀ ਹਸਤੀ ਤਾਂ ਜ਼ਰੂਰ ਹਨ, ਪਰ ਤੁਖ਼ੱਲਸ ਦੇ ਮੁਤਾਬਿਕ ਉਹਨਾਂ ਦਾ ਸੁਭਾਅ ਬਿਲਕੁਲ ਉਲਟ ਹੈ, ਕਿਉਂਕਿ ਨਾ ਤਾਂ ਉਹ ਆਪ ਹੀ “ਅਜੀਬ” ਹਨ ਤੇ ਨਾ ਹੀ ਆਪਣੇ ਸੰਪਰਕ ਵਿਚ ਆਉਣ ਵਾਲੇ ਕਿਸੇ ਵਿਅਕਤੀ ਨੂੰ ਕਦੇ ਇਸ ਤਰਾਂ ਦਾ ਅਹਿਸਾਸ ਹੋਣ ਦਿੰਦੇ ਹਨ। ਹਰ ਇਕ ਨੂੰ ਆਪਣਾ ਬਣਾ ਕੇ ਅਪਣੱਤ ਤੇ ਮੋਹ ਜਿਤਾਉਣ ਦਾ ਜੋ ਬੱਲ ਉਹਨਾਂ ਕੋਲ ਹੈ, ਮੇਰੀ ਜਾਚੇ ਅੱਜ ਦੇ ਜ਼ਮਾਨੇ ‘ਚ ਇਸ ਤਰਾਂ ਦੇ ਸੁਭਾਅ ਵਾਲੇ ਇਨਸਾਨ ਬਹੁਤ ਵਿਰਲੇ ਹੀ ਮਿਲਦੇ ਹਨ । 

ਗੁਰਸ਼ਰਨ ਸਿੰਘ ਅਜੀਬ ਦਾ ਜਨਮ 1947 ‘ਚ ਹੋਈ ਹਿੰਦੁਸਤਾਨ ਦੀ ਖ਼ੂਨੀ  ਵੰਡ ਤੋਂ ਡੇਢ ਕੁ ਸਾਲ ਪਹਿਲਾਂ 1 ਫ਼ਰਵਰੀ 1946 ਨੁੰ ਮਰਹੂਮ ਸ. ਲਾਲ ਸਿੰਘ ਆਹਲੂਵਾਲੀਆ ਤੇ ਮਾਤਾ ਕਰਤਾਰ ਕੌਰ ਦੇ ਗ੍ਰਹਿ, ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ। ਵੰਡ ਦੀ ਖ਼ੂਨੀ ਹਨੇਰੀ ਦਾ ਬੁਰੀ ਤਰਾਂ ਝੰਬਿਆ ਹੋਇਆ ਉਹਨਾਂ ਦਾ ਪਰਿਵਾਰ, ਗੁਜਰਾਂਵਾਲੇ ਤੋਂ ਉਜੜਕੇ ਕਿਸੇ ਤਰਾਂ ਬਚਦੇ ਬਚਾਉਂਦੇ ਫਗਵਾੜੇ ਆਣ ਵਸਿਆ ਜਿੱਥੇ ਗੁਰਸ਼ਰਨ ਸਿੰਘ ਨੇ ਆਪਣੀ, ਬੀ. ਏ. ਤੱਕ ਦੀ ਪੜ੍ਹਾਈ ਸੰਪੂਰਨ ਕੀਤੀ ਤੇ 1969 ‘ਚ ਬਰਤਾਨੀਆ ਆਣ ਵੱਸੇ। ਰੋਜ਼ੀ ਰੋਟੀ ਦਾ ਜੁਗਾੜ ਕਰਨ ਦੇ ਨਾਲ ਨਾਲ ਹੀ ਉਹਨਾਂ ਨੇ ਆਪਣੀ ਸਾਹਿਤਕ ਤਰਿਪਤੀ ਵਾਸਤੇ ਸਾਹਿਤਕ ਸਰਗਰਮੀਆਂ ਵੀ ਜਾਰੀ ਰੱਖੀਆਂ। ਗ਼ਜ਼ਲਾਂ ਨਾਲ ਉਹਨਾਂ ਦਾ ਜਨੂੰਨ ਜਵਾਨੀ ਤੋਂ ਹੀ ਹੱਦ ਦਰਜੇ ਰਿਹਾ ਜੋ ਅਜ ਵੀ ਉਸੇ ਤਰਾਂ ਕਾਇਮ ਹੈ। ਸਾਹਿਤਕ ਸਰਗਰਮੀਆਂ ਨੁੰ ਪਰਫ਼ੁਲਤ ਕਰਨ ਵਾਸਤੇ “ਰਚਨਾ” ਨਾਮਕ ਮਹੀਨਾਵਾਰ ਰਸਾਲਾ ਵੀ ਕਾਫ਼ੀ ਲੰਮਾ ਸਮਾ ਲੰਡਨ ਤੋਂ ਪਰਕਾਸ਼ਤ ਕਰਦੇ ਰਹੇ। ਗ਼ਜ਼ਲ ਰਚਨਾ ਨੂੰ ਉਹ ਆਪਣੀ ਜ਼ਿੰਦਗੀ ਤੇ ਰੂਹ ਦੀ ਖ਼ੁਰਾਕ ਮੰਨਦੇ ਹਨ। ਉਹਨਾਂ ਦੇ ਆਪਣੇ ਸ਼ਬਦਾਂ ‘ਚ:

“ਗ਼ਜ਼ਲ ਮੇਰਾ ਇਸ਼ਟ, ਮੇਰੀ ਪੂਜਾ, ਮੇਰੀ ਜ਼ਿੰਦਗੀ, ਮੇਰੀ ਇਬਾਦਤ, ਮੇਰਾ ਪਿਆਰ, ਮੇਰਾ ਇਸ਼ਕ, ਮੇਰਾ ਸਕੂਨ, ਮੇਰਾ ਚੈਨ ਤੇ ਮੇਰੀ ਜ਼ਿੰਦਗੀ ਬਣ ਚੁੱਕੀ ਹੈ। ਮੈਂ ਅੱਜ ਤੱਕ 850 ਤੋਂ ਵੱਧ ਗ਼ਜ਼ਲਾਂ ਲਿਖ ਚੁੱਕਾ ਹਾਂ ਜਿਹਨਾਂ ‘ਚੋਂ 100 ਤੋਂ ਵੀ ਜ਼ਿਆਦਾ ਗ਼ਜ਼ਲਾਂ  ਮੈਂ ਕੇਵਲ ਗ਼ਜ਼ਲ ‘ਤੇ ਹੀ ਲਿਖ ਦਿੱਤੀਆਂ ਹਨ।”

“ਸਦਾ ਲੋਚਾਂ ਲਿਜਾਣੀ ਇਹ ਗ਼ਜ਼ਲ ਮੈਂ ਅੰਬਰਾਂ ਉੱਤੇ,
ਤੇ ਹਿੱਸਾ ਆਪਣਾ ਇਸ ਕੰਮ ਦੇ ਵਿਚ ਪਾ ਰਿਹਾ ਹਾਂ ਮੈਂ।” 

“ਗ਼ਜ਼ਲ ਰਚਨਾ ਮੇਰਾ ਮੰਤਵ ਤੇ ਹੈ ਇਹ ਧਰਮ ਵੀ ਏਹੋ,
ਮੈਂ ਲਿਖ ਲਿਖ ਨਿਤ ਨਵੀਂ ਰਚਨਾ, ਹੀ ਖੁਦ ਸੰਵਾਰਦਾ ਰਹਿੰਨਾ।” 

ਬੰਦਿਸ਼  ਵਾਲੀ ਗ਼ਜ਼ਲ ਲਿਖਦੇ ਹਨ ਤੇ ਪੂਰਾ ਤੋਲਕੇ ਲਿਖਦੇ ਹਨ, ਬਹਿਰ, ਵਜ਼ਨ ਦੇ ਮੀਟਰ ਆਪਣੀ ਹਰ ਲਿਖਤ ਨਾਲ ਲਿਖਦੇ ਹਨ ਤਾਂ ਕਿ ਪੜ੍ਹਨ/ਗਾਉਣ ਵਾਲੇ ਨੂੰ ਰਚਨਾ ਪੜ੍ਹਨ ਦਾ ਪੂਰਾ ਮਜ਼ਾ ਵੀ ਆਵੇ ਤੇ ਇਸ ਦੇ ਨਾਲ ਹੀ ਗ਼ਜ਼ਲ ਦੇ ਪਿੰਗਲ ਤੇ ਅਰੂਜ਼ ਦੀ ਜਾਣਕਾਰੀ ਵੀ ਮਿਲ ਸਕੇ। ਉਹਨਾਂ ਦੇ ਗਲੇ ‘ਚ ਜਾਦੂ ਹੈ, ਆਪਣੀ ਹਰ ਗ਼ਜ਼ਲ ਦੀ ਪੇਸ਼ਕਾਰੀ ਤਰੰਨਮ ‘ਚ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰਦੇ ਹਨ। ਬੰਦਿਸ਼ ਰਹਿਤ ਕਿਸੇ ਵੀ ਸਾਹਿਤਕ ਰਚਨਾ ਨੂੰ ਉਹ ਸਾਹਿਤਕ ਮੰਨਣ ਤੋਂ ਇਨਕਾਰੀ ਹਨ। ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨਾਮਵਰ ਗਾਇਕਾਂ ਦੀ ਅਵਾਜ਼ ‘ਚ ਰਿਕਾਰਡ ਵੀ ਹੋ ਚੁੱਕੀਆਂ ਹਨ ਤੇ ਪਾਕਿਸਤਾਨ, ਭਾਰਤ ਤੇ ਬਰਤਾਨੀਆ ਦੇ ਕਈ ਨਾਮਵਰ ਅਖ਼ਬਾਰਾਂ ਦਾ ਸ਼ਿੰਗਾਰ ਵੀ ਅਕਸਰ ਹੀ ਬਣਦੀਆਂ ਰਹਿੰਦੀਆਂ ਹਨ। 

ਗੁਰਸ਼ਰਨ ਸਿੰਘ ਅਜੀਬ ਮੇਰੀ ਜਾਚੇ ਬਰਤਾਨੀਆ ਦਾ ਉਹ ਪਹਿਲਾ ਪੰਜਾਬੀ ਪਰਵਾਸੀ ਗ਼ਜ਼ਲਗੋ ਹੈ ਜਿਸ ਨੇ ਪੰਜਾਬੀ ਗ਼ਜ਼ਲ ਦੇ ਬਗ਼ੀਚੇ ਨੂੰ ਵਿਸ਼ੇ ਪੱਖੋਂ ਅਨੇਕ ਪ੍ਰਕਾਰ ਦੇ ਰੰਗ ਦਿੱਤੇ ਹਨ। ਰੁਮਾਂਸ ਦੀ ਵਲਗਣ ‘ਚੋੰ ਬਾਹਰ ਕੱਢਕੇ ਪੰਜਾਬੀ ਗ਼ਜ਼ਲ ਰਚਨਾ ਵਿਚ ਉਹਨਾਂ ਨੇ ਸਮਾਜਿਕ, ਰਾਜਨੀਤਕ, ਆਰਥਿਕ, ਪਰਿਵਾਰਕ ਤੇ ਪਰਵਾਸੀ ਮਸਲਿਆਂ ਦੀ ਵਧੀਆ ਪੇਸ਼ਕਾਰੀ ਕੀਤੀ ਹੈ ਤੇ ਉਹ ਵੀ ਬਹੁਤ ਹੀ ਸਰਲ ਤੇ ਸੁਖੈਨ ਬੋਲੀ ਵਿਚ।

ਇਹ ਇਕ ਕੌੜਾ ਸੱਚ ਹੈ ਕਿ ਕਿਸੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਪਰਿਵਾਰਕ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਇਸ ਪੱਖੋਂ ਗੁਰਸ਼ਰਨ ਸਿੰਘ ਅਜੀਬ ਬਹੁਤ ਖੁਸ਼ਕਿਸਮਤ ਰਹੇ ਹਨ। ਉਹਨਾਂ ਦੀ ਸੁਪਤਨੀ ਜਗਵਿੰਦਰ ਕੌਰ ਤੇ ਬੱਚਿਆਂ ਨੇ ਹਮੇਸ਼ਾਂ ਹੀ ਉਹਨਾਂ ਨੂੰ ਵੱਡਾ ਸਹਿਯੋਗ ਦਿੱਤਾ ਹੈ ਜਿਸ ਦੇ ਫ਼ਲਸਰੂਪ ਜ਼ਿੰਦਗੀ ਦੀ ਹਰ ਔਖ ਸੌਖ ਵਿੱਚੋਂ ਉਹ ਸਹਿਜ ਹੀ ਗੁਜ਼ਰਦੇ ਹੋਏ ਸਾਹਿਤਕ ਰਚਨਾ ਦੀ ਡਗਰ ‘ਤੇ ਅਰੋਕ ਚਲਦੇ ਰਹੇ ਤੇ ਗ਼ਜ਼ਲ ਖ਼ੇਤਰ ‘ਚ ਉਹਨਾਂ ਦਾ ਨਾਮ  ਪੋਟਿਆਂ ‘ਤੇ ਗਿਣੇ ਜਾਣ ਵਾਲੇ ਚੋਟੀ ਦੇ ਉਸਤਾਦ ਗ਼ਜ਼ਲਗੋਆਂ ‘ਚ ਸ਼ੁਮਾਰ ਕਰ ਗਿਆ ਹੈ। ਇਹ ਗੱਲ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਉਹ ਪਹਿਲੇ ਅਜਿਹੇ ਪੰਜਾਬੀ ਗ਼ਜ਼ਲਗੋ ਹਨ, ਜਿਹਨਾਂ ਦੇ ਚਾਰ ਵੱਡ ਅਕਾਰੀ ਪੂਰੀ ਤਰਾਂ ਰੰਗਦਾਰ ਗ਼ਜ਼ਲ ਸੰਗ੍ਰਹਿ:  “ਗ਼ਜ਼ਲਾਂਜਲੀ”, “ਪੁਸ਼ਪਾਂਜਲੀ”, “ਕੂੰਜਾਂਵਲੀ” ਤੇ “ਰਮਜ਼ਾਂਵਲੀ” – ਆਰਟ ਪੇਪਰ ‘ਤੇ ਪ੍ਰਕਾਸ਼ਤ ਹੋ ਚੁੱਕੇ ਹਨ ਜੋ ਸ਼ਾਇਦ ਬਰਤਾਨੀਆ ਵਸਦੇ ਪਰਵਾਸੀ ਸਾਹਿਤਕਾਰਾਂ ‘ਚੋਂ ਸਿਰਫ਼ ਤੇ ਸਿਰਫ਼ ਉਹਨਾਂ ਦੀ ਖ਼ਾਸੀਅਤ ਵੀ ਹਨ ਤੇ ਪਹਿਚਾਣ ਵੀ। 

 

ਬਹੁਤ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਸਾਡੇ ਇਹ ਮਹਿਬੂਬ ਸਾਹਿਤਕਾਰ ਅੱਜ ਵੀ ਆਪਣੀ ਸਾਹਿਤਕ ਰਚਨਾ ਦਾ ਸਫ਼ਰ ਪਹਿਲੇ ਵਾਲੀ ਰਫ਼ਤਾਰ ਵਿਚ ਹੀ ਜਾਰੀ ਰੱਖ ਰਹੇ ਹਨ। ਸਾਨੂੰ ਸਭਨਾਂ ਨੂੰ ਇਹ ਕਾਮਨਾ ਕਰਨੀ ਚਾਹੀਦੀ ਕਿ ਗੁਰਸ਼ਰਨ ਸਿੰਘ ਅਜੀਬ ਹਮੇਸ਼ਾ ਸਿਹਤਯਾਬ ਰਹਿਣ ਤੇ ਉਹਨਾਂ ਦੀ ਕਲਮ ਇਸੇ ਪੁਖ਼ਤਗੀ ਤੇ ਰਵਾਨੀ ਨਾਲ ਪੰਜਾਬੀ ਗ਼ਜ਼ਲ ਸਾਹਿਤ ਦੀ ਝੋਲੀ ਭਰਪੂਰ ਕਰਦੀ ਰਹੇ। 

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
26/09/2021 

ਨੋਟ : ਇਸ ਫ਼ੀਚਰ ਵਿਚਲੀ ਸ. ਗੁਰਸ਼ਰਨ ਸਿੰਘ ਅਜੀਬ ਦੀ ਤਸਵੀਰ ਪਾਕਿਸਤਾਨ ਦੇ ਨਾਮਵਰ ਆਰਟਿਸਟ ਜਨਾਬ ਮੁਹੰਮਦ ਆਸਿਫ਼ ਰਜ਼ਾ ਜੀ ਨੇ ਖ਼ਾਸ ਤੌਰ ‘ਤੇ ਇਸ ਫ਼ੀਚਰ ਵਾਸਤੇ ਹੀ ਤਿਆਰ ਕੀਤੀ ਹੈ, ਜਿਹਨਾਂ ਦਾ ਮੈਂ ਕੋਟਿ ਕੋਟੀ ਧਨਵਾਦੀ ਹਾਂ।

***

(ਪਹਿਲੀ ਵਾਰ ਛਪਿਆ 26 ਸਤੰਬਰ 2021)
***
392
***

About the author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

View all posts by ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ →