7 December 2024

ਜਿਹੋ ਜਿਹਾ ਡਿੱਠਾ ਗੁਰੂਦੁਆਰਾ ਕਰਤਾਰਪੁਰ ਸਾਹਿਬ—ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)

ਆਪਣੀ ਤਾਜਾ ਪਾਕਿਸਤਾਨ ਫੇਰੀ ਦੌਰਾਨ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਵੀ ਪਰਾਪਤ ਹੋਇਆ। ਜਦੋਂ ਦਾ 9 ਨਵੰਬਰ 2019 ਤੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘਾ ਖੁੱਲ੍ਹਾ ਹੈ, ਉਦੋਂ ਹੀ ਪਾਕਿਸਤਾਨ ਵਿੱਚ ਹੀ ਨਹੀ ਬਲਕਿ ਪੂਰੇ ਵਿਸ਼ਵ ਵਿੱਚ ਕਰਤਾਰ ਪੁਰ ਸਾਹਿਬ ਦੇ ਮਹੱਤਵ ਬਾਰੇ ਜਾਨਣ ਦੀ ਤੀਬਰਤਾ ਵਿਸ਼ਵ ਭਾਈਚਾਰੇ ਵਿੱਚ ਬਹੁਤ ਵਧੀ ਹੈ। ਪਾਕਿਸਤਾਨ ਵਿੱਚ ਵੀ ਮੈਨੂੰ ਇਸ ਗੁਰੂਦੁਆਰੇ ਦੇ ਮਹੱਤਵ ਸੰਬੰਧੀ ਬਹੁਤ ਲੋਕਾਂ ਨੇ ਸਵਾਲ ਪੁੱਛੇ ਤੇ ਮੈਂ ਆਪਣੀ ਤੁੱਛ ਬੁੱਧੀ ਮੁਤਾਬਿਕ ਉਹਨਾਂ ਨੂੰ ਜਾਣਕਾਰੀ ਦੇ ਕੇ, ਉਹਨਾਂ ਦੀ ਜਗਿਆਸਾ ਤ੍ਰਿਪਤ ਕਰਨ ਦੀ ਕੋਸ਼ਿਸ਼ ਵੀ ਕੀਤੀ। ਮੈਨੂੰ ਇਹ ਸਵਾਲ ਇਸ ਕਰਕੇ ਵੀ ਪੁੱਛਿਆ ਗਿਆ ਕਿ ਮੈਂ ਕਰਤਾਰ ਪੁਰ ਸਾਹਿਬ ਅਤੇ ਲਾਂਘੇ ਨਾਲ ਸੰਬੰਧਿਤ ਇਸ ਮੁੱਦੇ ਉੱਤੇ ਗੁਰੂ ਕਿਰਪਾ ਨਾਲ ਪਹਿਲੀ ਪੁਸਤਕ ਲਿਖਣ ਦਾ ਮਾਣ ਪਰਾਪਤ ਕੀਤਾ। ਉਹ ਪੁਸਤਕ “ਤਾਰੀਖ ਬੋਲਦੀ ਹੈ – ਗਾਥਾ ਕਰਤਾਰ ਪੁਰ ਲਾਂਘੇ ਦੀ” ਦਾ ਪਹਿਲਾ ਐਡੀਸ਼ਨ ਗੁਰਮੁਖੀ ਲਿਪੀ ਵਿੱਚ ਸੀ ਜਿਸ ਕਰਕੇ ਲਹਿੰਦੇ ਪੰਜਾਬ ਦੇ ਭਾਈਚਾਰੇ ਨੂੰ ਉਸ ਪੁਸਤਕ ਤੋਂ ਕਰਤਾਰ ਪੁਰ ਸਾਹਿਬ ਸੰਬੰਧੀ ਜਾਣਕਾਰੀ ਪਰਾਪਤ ਕਰਨ ਦਾ ਕੋਈ ਲਾਭ ਨਾ ਹੋ ਸਕਿਆ। ਇਥੇ ਦਸਦਾ ਜਾਵਾਂ ਕਿ ਉਂਜ ਉਸ ਪੁਸਤਕ ਦਾ ਲੋਕ ਅਰਪਣ ਪਾਕਿਸਤਾਨ ਦੀ ਨਾਮਵਰ ਯੂਨੀਵਰਸਿਟੀ (ਗੌਰਮਿੰਟ ਕਾਲੇਜ ਯੂਨੀਵਰਸਿਟੀ, ਲਾਹੌਰ) ਦੇ ਮਾਣਯੋਗ ਵਾਈਸ ਚਾਂਸਲਰ ਡਾਕਟਰ ਅਸਗਰ ਜ਼ੈਦੀ ਦੇ ਕਰ ਕਮਲਾਂ ਨਾਲ ਹੀ ਹੋਇਆ ਸੀ ਤੇ ਹੁਣ ਉਸੇ ਪੁਸਤਕ ਦੇ ਸ਼ਾਹਮੁਖੀ ਐਡੀਸ਼ਨ ਦਾ ਲੋਕ ਅਰਪਣ ਗੌਰਮਿੰਟ ਇਸਲਾਮੀਆ ਕਾਲੇਜ ਵਿਖੇ ਕਾਲੇਜ ਦੇ ਪ੍ਰਿੰਸੀਪਲ ਡਾਕਟਰ ਅਖਤਰ ਸੰਧੂ, ਡਾਕਟਰ ਕਲਿਆਣ ਸਿੰਘ, ਡਾਕਟਰ ਜ਼ਹੀਰ ਵੱਟੂ, ਡਾਕਟਰ ਅਸਗਰ ਜ਼ਜਦਾਨੀ ਤੇ ਹੋਰ ਬੁੱਧੀਜੀਵੀਆਂ ਵਲੋਂ ਕੀਤਾ ਗਿਆ ਹੈ।

ਗੁਰਦੁਆਰਾ ਕਰਤਾਰ ਪੁਰ ਸਾਹਿਬ ਬਾਰੇ ਆਪਣੇ ਅਹਿਸਾਸ ਲਿਖਣ ਤੋਂ ਪਹਿਲਾਂ ਮੈਂ ਇਸ ਗੁਰਧਾਮ ਦੀ ਸਿੱਖ ਧਰਮ ਅਤੇ ਸਿੱਖ ਸੰਗਤ ਵਿਚ ਅਹਿਮੀਅਤ ਬਾਰੇ ਗੱਲ ਕਰਨੀ ਮੁਨਾਸਿਬ ਸਮਝਦਾ ਹਾਂ।

ਪੂਰੇ ਸੰਸਾਰ ਵਿੱਚ ਕਰੀਬ ਚਾਰ ਕੁ ਹਜ਼ਾਰ ਗੁਰਦੁਆਰਾ ਹੈ ਤੇ ਕਰਤਾਰਪੁਰ ਸਾਹਿਬ ਸਿੱਖ ਧਰਮ ਦਾ ਪਹਿਲਾ ਗੁਰਦੁਆਰਾ ਹੈ, ਜੋ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਨੇ 1521 ( 1518 ਦੇ ਹਵਾਲੇ ਵੀ ਮਿਲਦੇ ਹਨ) ਵਿੱਚ ਸਥਾਪਿਤ ਕੀਤਾ। ਉਸ ਵੇਲੇ ਗੁਰਦੁਆਰੇ ਦਾ ਨਾਮ ਧਰਮਸ਼ਾਲਾ ਹੋਇਆ ਕਰਦਾ ਸੀ।

ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿਚ ਰਾਇ ਭੌਇ ਦੀ ਤਲਵੰਡੀ, ਜਿਸ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਵਿਖੇ ਮਾਤਾ ਤ੍ਰਿਪਤਾ ਦੇਵੀ ਅਤੇ ਪਿਤਾ ਮਹਿਤਾ ਕਾਲੂ ਪਟਵਾਰੀ ਦੇ ਗ੍ਰਹਿ ਵਿਖੇ ਹੋਇਆ। ਗੁਰੂ ਜੀ ਨੇ ਆਪਣੇ ਜੀਵਨ ਦੇ ਪਹਿਲੇ 15 ਸਾਲ ਉਸੇ ਧਰਤੀ ਉੱਤੇ ਬਿਤਾਏ।

ਇਸ ਤੋਂ ਬਾਅਦ ਗੁਰੂ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਉਹਨਾਂ ਨੂੰ ਸੁਲਤਾਨਪੁਰ ਲੋਧੀ ਲੈ ਗਏ ਤੇ ਅਗਲੇ 14 -15 ਸਾਲ ਗੁਰੂ ਜੀ ਉਥੇ ਹੀ ਰਹੇ।

ਇਸ ਤੋਂ ਬਾਅਦ 22 ਸਾਲ ਤੱਕ ਗੁਰੂ ਜੀ ਨੇ ਦੱਖਣੀ ਏਸ਼ੀਆ ਅਤੇ ਮੱਧ ਪੂਰਬ ਦੇ ਮੁਲਕਾਂ ਦਾ ਦੌਰਾ ਕੀਤਾ ਤੇ ਲੋਕਾਈ ਨੁੰ ਅਮਨ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਗੁਰੂ ਜੀ ਦੁਆਰਾ ਚਹੁੰ ਦਿਸ਼ਾਵਾਂ ਵਿੱਚ ਕੀਤੀਆਂ ਗਈਆਂ ਇਹਨਾਂ ਲੰਮੀਆਂ ਯਾਤਰਾਵਾਂ ਨੂੰ “ਉਦਾਸੀਆਂ” ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਗੁਰੂ ਜੀ ਦਾ ਸਹੁਰਾ ਘਰ ਪਿੰਡ ਪੱਖੋਕੇ ਸੀ, ਜਿਸ ਕਾਰਨ ਉਹਨਾਂ ਦਾ ਆਉਣ ਜਾਣ ਉਥੇ ਅਕਸਰ ਹੀ ਰਹਿੰਦਾ ਸੀ। ਉਸ ਪਿੰਡ ਦਾ ਅਜਿੱਤੇ ਰੰਧਾਵੇ ਨਾਮ ਦਾ ਵਸਨੀਕ ਉਹਨਾਂ ਦਾ ਇਕ ਅਨਨ ਸ਼ਰਧਾਲੂ ਸੀ, ਜਿਸ ਨੇ ਗੁਰੂ ਜੀ ਨੂੰ ਦਰਿਆ ਰਾਵੀ ਦੇ ਕੰਢੇ ਨਾਲ ਲਗਦੀ ਆਪਣੀ ਕੁੱਝ ਕੁ ਏਕੜ ਜਮੀਨ ਦਾਨ ਕਰ ਦਿੱਤੀ ਸੀ, ਜਿਥੇ ਗੁਰੂ ਜੀ ਨੇ ਆਪਣੇ ਰਬਾਬੀ ਭਾਈ ਮਰਦਾਨੇ ਨਾਲ ਪ੍ਰਭੂ ਭਗਤੀ ਅਤੇ ਕੀਰਤਨ ਦੀ ਪ੍ਰਥਾ ਆਰੰਭ ਕੀਤੀ। ਇਸ ਕੀਰਤਨ ਪ੍ਰਥਾ ਤੋਂ ਉਸ ਸਥਾਨ ਨੇੜੇ ਵਸਦਾ ਕਰੋੜੀ ਮੱਲ ਦੁਨੀ ਚੰਦਰ ਤੇ ਉਸ ਦੀ ਪਤਨੀ ਬਹੁਤ ਪ੍ਰਭਾਵਤ ਹੋਏ ਤੇ ਦੋਵੇਂ ਗੁਰੂ ਜੀ ਦੇ ਸ਼ਰਧਾਲੂ ਬਣ ਗਏ। ਕਰੋੜੀ ਮੱਲ ਦੁਨੀ ਚੰਦਰ ਨੇ ਆਪਣੀ ਜਾਇਦਾਦ ਵਿਚੋਂ 100 ਏਕੜ ਜ਼ਮੀਨ ਗੁਰੂ ਜੀ ਨੂੰ ਦਾਨ ਕਰ ਦਿੱਤੀ। ਗੁਰੂ ਜੀ ਉਸ ਇਲਾਕੇ ਵਿਚ ਹਰਮਨ ਪਿਆਰੇ ਹੋ ਗਏ। ਸਭ ਧਰਮਾਂ ਦੇ ਲੋਕ ਨੇਮ ਨਾਲ ਉਹਨਾਂ ਦੀ ਧਰਮਸ਼ਾਲਾ ਵਿਚ ਅਗੰਮੀ ਬਾਣੀ ਦਾ ਕੀਰਤਨ ਸੁਣਨ ਵਾਸਤੇ ਆਉਣ ਲੱਗ ਪਏ ਤੇ ਜਗਤ ਬਾਬਾ ਗੁਰੂ ਨਾਨਕ ਦੇਵ ਜੀ ਨੇ ਉਸ ਪਾਵਨ ਸਥਾਨ ਦਾ ਨਾਮ “ਕਰਤਾਰ ਪੁਰ” ਭਾਵ ਰੱਬ ਦਾ ਘਰ, ਰੱਬ ਦਾ ਦੁਆਰ ਰੱਖ ਦਿੱਤਾ।

ਸਿੱਖ ਧਰਮ ਦਾ ਇਹ ਉਹ ਮਕੱਦਸ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ 9 ਮਹੀਨੇ ਤੇ 10 ਦਿਨ ਦਾ ਬਹੁਤ ਲੰਮਾ ਸਮਾਂ ਬਿਤਾਇਆ। ਇਸ ਸਮੇਂ ਦੌਰਾਨ ਉਹਨਾਂ ਨੇ ਮਨੁੱਖਤਾ ਨੂੰ ਅਸਲ ਜੀਵਨ ਜਾਚ ਤੇ ਸਫ਼ਲ ਜਿੰਦਗੀ ਜੀਊਣ ਦਾ ਸੰਦੇਸ਼ ਦਿੱਤਾ, ਵਾਤਾਵਰਣ ਦੇ ਮਹੱਤਵ ਦਾ ਹੋਕਾ ਦਿੱਤਾ, ਮਨੁੱਖੀ ਅਧਿਕਾਰ ਦੇ ਹਨਨ ਵਿਰੁੱਧ ਅਵਾਜ ਉਠਾਈ, ਔਰਤ ਨੂੰ ਬਰਾਬਰ ਦਾ ਦਰਜਾ ਦੇਣ ਦੀ ਗੱਲ ਕੀਤੀ, ਗ੍ਰਹਿਸਥ ਜੀਵਨ ਦੇ ਵਿਹਾਰਕ ਮਹੱਤਵ ਦੀ ਗੱਲ ਕੀਤੀ, ਕਿਰਤ ਕਰਨ, ਵੰਡ ਛਕਣ ਤੇ ਰੱਬ ਦਾ ਕੋਟਿ ਕੋਟਿ ਸ਼ੁਕਰਾਨਾ ਕਰਨ ਦਾ ਮੰਤਰ ਸਮਝਾਇਆ।

ਕਰਤਾਰਪੁਰ ਸਾਹਿਬ ਉਹ ਪਾਵਨ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਸਤੇ ਬਾਣੀ ਦੀ ਰਚਨਾ ਕੀਤੀ, ਅਕਾਲ ਪੁਰਖ ਦੀ ਮਹਿਮਾ ਦੀ ਮਹੱਤਤਾ ਨੂੰ ਸਮਝਾਇਆ ਅਤੇ ਇਸ ਦੇ ਨਾਲ ਹੀ ਵੰਡ ਕੇ ਛਕਣ ਦੀ ਲੰਗਰ ਪ੍ਰਥਾ ਦੀ ਸ਼ੁਰੂਆਤ ਵੀ ਕੀਤੀ। ਜ਼ਿਕਰਯੋਗ ਹੈ ਕਿ ਗੁਰੂ ਜੀ ਨੇ ਇਸੇ ਪਾਵਨ ਸਥਾਨ ਉਤੇ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ ਗੋਸਟਿ ਬਾਣੀਆਂ ਦੀ ਰਚਨਾ ਕੀਤੀ ਤੇ ਸਭ ਤੋਂ ਪਹਿਲਾਂ ਇਸੇ ਸਥਾਨ ਉਤੇ ਇਸ ਧੁੱਰ ਕੀ ਬਾਣੀ ਦਾ ਭਾਈ ਮਰਦਾਨੇ ਦੀ ਰਬਾਬ ਦੇ ਸੰਗੀਤ ਨਾਲ ਗਾਇਣ ਕੀਤਾ।

ਦਰਿਆ ਰਾਵੀ ਦੇ ਪੱਛਮੀ ਕਿਨਾਰੇ ਸਥਾਪਤ ਇਹ ਗੁਰੂਦੁਆਰਾ ਜੋ 1947 ਤੋਂ ਪਹਿਲਾਂ ਗੁਰਦਾਸਪੁਰ ਜਿਲ੍ਹੇ ਦੀ ਨਾਰੋਵਾਲ ਤਹਿਸੀਲ ਵਿੱਚ ਪੈਂਦਾ ਸੀ, ਇਸ ਵੇਲੇ ਪਾਕਿਸਤਾਨ ਦੇ ਜਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ੱਕਰਗੜ੍ਹ ਵਿੱਚ ਪੈਂਦਾ ਹੈ। ਕਰਤਾਰਪੁਰ ਸਾਹਿਬ ਲਾਹੌਰ ਤੋਂ 130 ਕਿੱਲੋਮੀਟਰ, ਨਨਕਾਣਾ ਸਾਹਿਬ ਤੋਂ 190 ਕਿਲੋਮੀਟਰ, ਭਾਰਤੀ ਸਰਹੱਦ ਨੇੜਲੇ ਡੇਰਾ ਬਾਬਾ ਨਾਨਕ ਤੋਂ 4 ਕਿਲੋਮੀਟਰ ਅਤੇ ਅੰਮ੍ਰਿਤਸਰ ਸਾਹਿਬ ਤੋਂ ਕੁਰੀਬ 52 ਕਿੱਲੋਮੀਟਰ ਦੀ ਦੂਰੀ ਉਤੇ ਸਥਿਤ ਹੈ।

ਮੁਕਦੀ ਗੱਲ ਇਹ ਕਿ ਕਰਤਾਰਪੁਰ ਸਾਹਿਬ ਦੇ ਮਹੱਤਵ ਬਾਰੇ ਥੋੜ੍ਹੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਇਹ ਉਹ ਮੁਕੱਦਸ ਅਸਥਾਨ ਹੈ ਜੋ ਸਿੱਖੀ ਦਾ ਧੁਰਾ ਹੈ, ਵਿਸ਼ਵ ਸਿੱਖ ਭਾਈਚਾਰੇ ਦਾ ਪਹਿਲਾ ਗੁਰਧਾਮ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਸਭ ਤੋਂ ਪਹਿਲਾਂ ਵਿਸ਼ਵ ਭਰ ਵਿੱਚ ਆਵਾਜ ਇਸੇ ਪਾਵਨ ਸਥਾਨ ਤੋਂ ਉੱਠੀ, ਵਾਤਾਵਰਨ ਦੇ ਮਹੱਤਵ ਦੀ ਗੱਲ ਬ੍ਰਹਿਮੰਡ ਦੀ ਆਰਤੀ ਦੇ ਰੂਪ ਵਿਚ ਦੁਨੀਆ ਭਰ ਵਿੱਚ ਸਭ ਤੋਂ ਪਹਿਲਾਂ ਇਸੇ ਸਥਾਨ ਤੋਂ ਉਠਾਈ ਗਈ, ਲਿੰਗ ਭੇਦ ਦਾ ਵਿਰੋਧ, ਸੰਗਤ ਦੀ ਪ੍ਰਥਾ, ਜਾਤ ਪਾਤ ਦੇ ਭਿੰਨ ਭੇਦ ਦਾ ਵਿਰੋਧ, ਭਾਈਚਾਰੇ ਅਤੇ ਸਾਂਝੀਵਾਲਤਾ ਆਦਿ ਬਹੁਤ ਹੀ ਅਹਿਮ ਸਮਾਜਿਕ ਮੁੱਦਿਆਂ ਪ੍ਰਤੀ ਚੇਤਨਤਾ ਦੀ ਸ਼ੁਰੂਆਤ ਇਸੇ ਮੁਕੱਦਸ ਸਥਾਨ ਤੋਂ ਹੋਈ। ਦਰਅਸਲ ਇਹ ਪਾਵਨ ਅਸਥਾਨ ਹੈ ਜੋ ਤਤਕਾਲੀ ਸਮਾਜਕ ਕਰਾਂਤੀ ਦਾ ਕੇਂਦਰ ਰਿਹਾ ਤੇ ਗੁਰੂ ਜੀ ਦੀ ਉਹ ਬਾਣੀ ਅੱਜ ਵੀ ਤੇ ਜੁੱਗੋ ਜੁੱਗ ਮਨੁੱਖੀ ਭਾਈਚਾਰੇ ਦੀ ਰਾਹ ਦਸੇਰਾ ਹੈ ਤੇ ਹਮੇਸ਼ਾਂ ਰਹੇਗੀ।

ਦਰਅਸਲ ਕਰਤਾਰ ਪੁਰ ਸਾਹਿਬ ਸਿੱਖੀ ਦਾ ਧੁਰਾ ਤੇ ਸਿੱਖਾਂ ਦਾ ਮੱਕਾ ਹੈ, ਜਿਸ ਦੇ ਦਰਸ਼ਨ ਕਰਨੇ ਹਰ ਸਿੱਖ ਵਾਸਤੇ ਜ਼ਰੂਰੀ ਹਨ ਤੇ ਜੀਵਨ ਸਫਲਾ ਹਨ। ਇਸ ਤੋਂ ਵੀ ਜ਼ਰੂਰੀ ਹੈ ਗੁਰੂ ਸਾਹਿਬ ਦੀ ਬਾਣੀ ਦਾ ਪਾਠ ਪਠਨ ਕਰਨਾ ਤੇ ਉਸ ਬਾਣੀ ਨੂੰ ਆਪਣੇ ਹਿਰਦੇ ਵਸਾ ਕੇ ਵਿਹਾਰਕ ਜੀਵਨ ਦਾ ਹਿੱਸਾ ਬਣਾਉਣਾ।
ਚਲਦਾ—-
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)
03/12/2023
***

ਜਿਹੋ ਜਿਹਾ ਡਿੱਠਾ ਗੁਰੂਦੁਆਰਾ ਕਰਤਾਰਪੁਰ ਸਾਹਿਬ—ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)

(ਕੱਲ੍ਹ ਤੋਂ ਅੱਗੇ)
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪਰਾਪਤ ਹੋਇਆ। 17 ਅਕਤੂਬਰ ਦੀ ਸਵੇਰ ਅੱਠ ਕੁ ਵਜੇ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ, ਜਨਾਬ ਆਸਿਫ ਰਜ਼ਾ, ਮੀਆਂ ਆਸਿਫ ਅਲੀ ਪੱਤਰਕਾਰ ਤੇ ਨਦੀਮ ਖਾਨ ਨਾਲ ਕਰਤਾਰਪੁਰ ਸਾਹਿਬ ਵਾਸਤੇ ਰਵਾਨਾ ਹੋਏ। ਪਾਕਿਸਤਾਨ ਦੀਆਂ ਵੱਡੀਆਂ ਸੜਕਾਂ ਆਹਲਾ ਦਰਜੇ ਦੀਆਂ ਹੋਣ ਕਾਰਨ 190 ਕੁ ਕਿੱਲੋਮੀਟਰ ਦਾ ਸਫ਼ਰ ਅਸੀਂ ਕੋਈ ਤਿੰਨ ਕੁ ਘੰਟਿਆਂ ਵਿਚ ਤਹਿ ਕਰਕੇ ਗੁਰਦੁਆਰਾ ਕਰਤਾਰ ਪੁਰ ਸਾਹਿਬ ਤੋਂ ਚਾਰ ਕੁ ਸੌ ਗਜ ਦੂਰ ਬਣੇ ਕਾਰ ਪਾਰਕ ਵਿੱਚ ਜਾ ਪਹੁੰਚੇ। ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਕਾਰਨ ਰਸਤੇ ਵਿਚ ਕਈ ਵਾਰ ਤਲਾਸ਼ੀ ਲਈ ਗਈ ਤੇ ਸੁਰੱਖਿਆ ਅਧਿਕਾਰੀਾਂ ਨੇ ਫੋਟੋ ਸ਼ਨਾਖਤੀ ਕਾਰਡ ਦੇਖਣ ਸਮੇਤ ਕਾਰ ਦੀ ਅੰਦਰੋਂ ਬਾਹਰੋਂ ‘ਤੇ ਹੇਠੋਂ ਤਲਾਸ਼ੀ ਲੈਣ ਦੇ ਨਾਲ ਨਾਲ ਹੀ ਡਰਾਇਵਰ ਨਦੀਮ ਖਾਨ ਦਾ ਲਾਇਸੰਸ ਤੇ ਕਾਰ ਦੇ ਕਾਗਜ਼ ਪੱਤਰ ਵੀ ਚੈੱਕ ਕੀਤੇ। ਇਕ ਦੋ ਜਗ੍ਹਾ ਨਾਕੇ ਉੱਤੇ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੇ ਡਰਾਇਵਰ ਨੂੰ ਇਹ ਵੀ ਪੁੱਛਿਆ ਕਿ ਕਾਰ ਵਿੱਚ ਕੋਈ ਅਸਲਾ ਬੰਦੂਕ/ ਰਿਵਾਲਵਰ ਵਗੈਰਾ ਤਾਂ ਨਹੀਂ?

ਕਾਰ ਪਾਰਕ ਦੇ ਬਿਲਕੁਲ ਨਾਲ ਹੀ ਲੋਹੇ ਦੇ ਚੈੱਕ ਪੋਸਟ ਕੰਟੇਨਰ ਰੱਖੇ ਹੋਏ ਹਨ, ਜਿਹਨਾਂ ਵਿਚ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਦੇ ਦਫ਼ਤਰ ਹਨ ਜੋ ਉਥੇ ਪੁੱਛ ਪੜਤਾਲ ਕਰਕੇ ਗੁਰਦੁਆਰੇ ਜਾਣ ਦੀ ਆਗਿਆ ਤੇ ਗਲ਼ ਵਿਚ ਪਾਉਣ ਵਾਲਾ ਪਾਸ ਦਿੰਦੇ ਹਨ। ਇਸ ਚੈੱਕ ਪੋਸਟ ‘ਤੇ ਖਾਸ ਗੱਲ ਇਹ ਨੋਟ ਕੀਤੀ ਗਈ ਕਿ ਵਿਦੇਸ਼ੀ ਯਾਤਰੀ ਦੀ ਕੋਈ ਐਂਟਰੀ ਫੀਸ ਨਹੀਂ ਜਦ ਕਿ ਪਾਕਿਸਤਾਨੀ ਯਾਤਰੀਆਂ ਨੂੰ ਫੀਸ ਵਜੋਂ 400 ਰੁਪਈਆ ਅਦਾ ਕਰਨਾ ਪੈਂਦੇ ਹਨ।

ਚੈੱਕ ਪੋਸਟ ਦਾ ਸਟਾਫ ਵਧੀਆ ਸੀ। ਉਹਨਾਂ ਸਾਰਾ ਕੰਮ ਹੱਥੋ ਹੱਥੀ ਮਿੰਟਾਂ ਵਿਚ ਹੀ ਨਿਪਟਾ ਦਿੱਤਾ। ਇੱਥੋਂ ਗੁਰਦੁਆਰਾ ਬੇਸ਼ੱਕ ਤੁਰਕੇ ਵੀ ਬਹੁਤੀ ਦੂਰ ਨਹੀਂ ਹੈ, ਪਰ ਫਿਰ ਵੀ ਪਾਕਿਸਕਾਨ ਸਰਕਾਰ ਨੇ ਗੁਰਦੁਆਰਾ ਸਾਹਿਬ ਨੂੰ ਬੱਸ ਸੇਵਾ ਮੁਹੱਈਆ ਕੀਤੀ ਹੋਈ ਹੈ ਤਾਂ ਕਿ ਯਾਤਰੂਆਂ ਨੂੰ ਕਿਸੇ ਤਰਾਂ ਦੀ ਔਖਿਆਈ ਪੇਸ਼ ਨਾ ਆਵੇ। ਅਸੀਂ ਕਾਰ ਪਾਰਕ ਵਿਚੋਂ ਗੁਰਦੁਆਰਾ ਸਾਹਿਬ ਨੂੰ ਮੁਫ਼ਤ ‘ਚ ਲੈ ਕੇ ਜਾਣ ਵਾਲੀ ਬੱਸ ਫੜ ਲਈ ਤੇ ਗੁਰਦੁਆਰੇ ਜਾ ਪਹੁੰਚੇ।

ਬੱਸ ਵਿੱਚੋਂ ਉਤਰਕੇ ਜਿਓਂ ਹੀ ਗੁਰੂ ਘਰ ‘ਚ ਦਾਖਲ ਹੋਏ, ਅੰਦਰ ਦਾਖਲ ਹੁੰਦਿਆਂ ਹੀ ਇਕ ਵਾਰ ਫੇਰ ਸੁਰੱਖਿਆ ਅਧਿਕਾਰੀਆਂ ਨੇ ਸਾਡੇ ਸ਼ਨਾਖਤੀ ਕਾਰਡ ਵਗੈਰਾ ਚੈੱਕ ਕੀਤੇ। ਕਹਿਣ ਦਾ ਭਾਵ ਪਾਕਿਸਤਾਨ ਸਰਕਾਰ ਨੇ ਗੁਰਦੁਆਰੇ ਦੀ ਸੁਰੱਖਿਆ ਦੇ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਹਨ।

ਗੁਰਦੁਆਰੇ ਦੀ ਪਰਕਰਮਾ ਵਿੱਚ ਦਾਖਲ ਹੋ ਕੇ ਮੇਰੇ ਅੰਦਰ ਇਕ ਖਾਸ ਤਰਾਂ ਦਾ ਅਹਿਸਾਸ ਪੈਦਾ ਹੋਇਆ, ਜਿਸ ਨਾਲ ਮਨ ਖੁਸ਼ੀ ਨਾਲ ਭਾਵਕ ਹੋਇਅਾ ਅਤੇ ਅੱਖਾਂ ‘ਚੋਂ ਅੱਥਰੂ ਵੀ ਆਪ ਮੁਹਾਰੇ ਵਹਿ ਤੁਰੇ। ਗੁਰੂ ਬਾਬੇ ਨਾਨਕ ਦੇਵ ਜੀ ਦੀ ਚਰਨ ਛੋਹ ਪਾਵਨ ਧਰਤੀ ਨੂੰ ਵਾਰ ਵਾਰ ਸਜਦਾ ਕੀਤਾ। ਗੁਰੂ ਦਰਬਾਰ ਅੰਦਰ ਮੱਥਾ ਟੇਕਿਆ, ਬਿਰਤੀ ਇਕਾਗਰ ਕਰਕੇ ਹਾਜਰੀ ਲਾਈ, ਬਾਣੀ ਸ਼ਰਵਣ ਕੀਤੀ ਤੇ ਪਰਸ਼ਾਦ ਲੈਣ ਉਪਰੰਤ ਪਰਕਰਮਾ ਕੀਤੀ, ਉਸ ਵੇਲੇ ਹੇਠ ਲਿਖਿਆ ਸ਼ਬਦ ਗਾਇਣ ਹੋ ਰਿਹਾ ਸੀ:

“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥

ਗੁਰੂਦੁਆਰੇ ਦੀ ਪੂਰੀ ਪਰਕਰਮਾ ਦੌਰਾਨ ਭਾਰਤੀ ਸਰਹੱਦ ਤੋਂ ਡੇਰਾ ਬਾਬਾ ਨਾਨਕ ਵਲੋਂ ਆਉਣ ਵਾਲੇ ਲਾਂਘੇ ਵੱਲ ਵੀ ਚੱਕਰ ਲਗਾਇਆ, ਇਥੇ ਤਾਰੀਫ ਕਰਨੀ ਪਵੇਗੀ ਕਿ ਪਾਕਿਸਤਾਨ ਸਰਕਾਰ ਨੇ ਬਹੁਤ ਵਧੀਆ ਪਰਬੰਧ ਕੀਤੇ ਹੋਏ ਹਨ।

ਇੱਥੇ ਜਿਕਰਯੋਗ ਹੈ ਕਿ ਕਰਤਾਰ ਪੁਰ ਸਾਹਿਬ ਗੁਰਦੁਆਰੇ ਦੀ ਪਹਿਲੀ ਇਮਾਰਤ 1925 ਵਿਚ ਬਣੀ ਸੀ ਜਿਸ ਦਾ ਕੁੱਲ ਖਰਚ 1,35,600 ਰੁਪਏ ਆਇਆ ਸੀ ਤੇ ਉਹ ਖਰਚ ਪਟਿਆਲੇ ਦੇ ਤਤਕਾਲੀ ਰਾਜਾ ਭੁਪਿੰਦਰ ਸਿੰਘ ਨੇ ਅਦਾ ਕੀਤਾ ਸੀ। ਇਸ ਗੁਰੂ ਘਰ ਦਾ ਦਾ ਕੁੱਲ ਰਕਬਾ 104 ਏਕੜ ਹੈ ਜਿਸ ਵਿਚੋਂ 4 ਏਕੜ ਅਜਿੱਤੇ ਰੰਧਾਵੇ ਨੇ ਗੁਰੂ ਸਾਹਿਬ ਨੂੰ ਦਾਨ ਕੀਤੇ ਸਨ ਤੇ 100 ਏਕੜ ਦੁਨੀ ਚੰਦਰ ਜਿਸ ਨੂੰ ਕਰੋੜੀਮਲ ਵੀ ਕਿਹਾ ਜਾਂਦਾ ਸੀ, ਨੇ ਦਾਨ ਕੀਤੇ ਸਨ। ਇਸ ਤੋਂ ਇਲਾਵਾ 2019 ਵਿਚ ਬਣਾਏ ਗਏ ਲਾਂਘੇ ਵਾਸਤੇ ਪਾਕਿਸਤਾਨ ਸਰਕਾਰ ਨੇ ਲਾਂਘੇ ਦੀ ਉਸਾਰੀ ਵਾਸਤੇ ਪਾਕਿਸਤਾਨ ਓਕਾਫ ਬੋਰਡ ਤੋਂ 800 ਏਕੜ ਜਮੀਨ ਇਕੁਆਇਰ ਕੀਤੀ ਸੀ। ਕਰਤਾਰ ਪੁਰ ਸਾਹਿਬ ਦੇ ਲਾਂਘੇ ਉੱਤੇ ਕੁੱਲ ਖਰਚ 17 ਮਿਲੀਅਨ ਡਾਲਰ ਆਇਆ ਸੀ ਇਸ ਵਿਚੋਂ 14.2 ਮਿਲੀਅਨ ਡਾਲਰ ਪਾਕਿਸਤਾਨ ਸਰਕਾਰ ਨੇ ਖਰਚਿਆ ਤੇ ਬਾਕੀ 2.8 ਮਿਲੀਅਨ ਡਾਲਰ ਭਾਰਤ ਸਰਕਾਰ ਨੇ ਆਪਣੇ ਪਾਸੇ ਲਾਂਘੇ ਦੀ ਉਸਾਰੀ ਉੱਤੇ ਖਰਚਿਆ।

ਗੁਰਦੁਆਰਾ ਸਾਹਿਬ ਦੀ ਹੁਣ ਵੀ ਇਮਾਰਤ ਬਹੁਤ ਹੀ ਸੁੰਦਰ ਹੈ। ਯਾਤਰੀਆਂ ਵਾਸਤੇ ਸ਼ਾਨਦਾਰ ਸਰਾਂ ਦਾ ਇੰਤਜਾਮ ਹੈ। ਜਗਤ ਬਾਬੇ ਦਾ ਖੂਹ ਵੀ ਬਹੁਤ ਚੰਗੀ ਤਰਾਂ ਸੰਭਾਲਿਆ ਹੋਇਆ ਹੈ, ਖੂਹ ਅੰਦਰ ਪਾਣੀ ਕੋਈ ਬਹੁਤਾ ਡੂੰਘਾ ਨਹੀਂ ਹੈ, ਨਜ਼ਰ ਮਾਰਿਆਂ ਕੋਈ ਵੀਹ ਪੰਝੀ ਫੁੱਟ ਦੀ ਡੂੰਘਾਈ ‘ਤੋਂ ਜਿਆਦਾ ਨਹੀਂ ਹੋਵੇਗਾ। ਗੁਰਦੁਆਰੇ ਅੰਦਰ ਇਕ ਸੂਚਨਾ ਕੇਂਦਰ ਵੀ ਬਣਾਇਆ ਗਿਆ ਹੈ, ਜਿੱਥੇ ਦੇਸ ਵਿਦੇਸ ਦੇ ਯਾਤਰੂ, ਗੁਰਦੁਆਰੇ ਅਤੇ ਆਪਣੀ ਯਾਤਰਾ ਦੇ ਅਨੁਭਵ ਮੀਡੀਏ ਨਾਲ ਸਾਂਝੇ ਕਰਦੇ ਹਨ। ਵਧੀਆ ਤੇ ਖੁੱਲ੍ਹਾ ਡੁਲ੍ਹਾ ਲੰਗਰ ਹਾਲ ਹੈ। ਦੱਸਿਆ ਜਾਂਦਾ ਹੈ ਕਿ ਇਸ ਲੰਗਰ ਹਾਲ ਵਿੱਚ ਅੱਜ ਵੀ ਸਿਰਫ ਗੁਰੂ ਬਾਬੇ ਦੇ ਖੇਤਾਂ ਵਿੱਚ ਉਗਾਏ ਗਏ ਅਨਾਜ ਦਾ ਹੀ ਲੰਗਰ ਵਰਤਦਾ ਹੈ।

ਗੁਰੂ ਘਰ ਦੇ ਆਲੇ ਦੁਆਲੇ ਖੇਤ ਖਲਿਆਣ ਹਨ। ਗੁਰਦੁਆਰੇ ਅੰਦਰ ਵਿਚਰਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਜਗਤ ਗੁਰੂ ਆਸ ਪਾਸ ਦੇ ਖੇਤਾਂ ਵਿਚ ਹਲ ਵਾਹੁੰਦਾ, ਗੁਰਦੁਆਰੇ ਧੁਰਕੀ ਬਾਣੀ ਗਾਉਂਦਾ ਤੇ ਲੰਗਰ ਵਰਤਾਉਂਦਾ ਨਜ਼ਰ ਆ ਰਿਹਾ ਹੋਵੇ, ਕਹਿਣ ਦਾ ਭਾਵ ਇਹ ਕਿ ਇੱਕ ਬਹੁਤ ਹੀ ਅਲੋਕਿਕ ਨਜਾਰਾ ਅੱਖਾਂ ਅੱਗੇ ਇਕ ਫਿਲਮੀ ਰੀਲ ਦੀ ਤਰਾਂ ਘੁੰਮ ਜਾਂਦਾ ਹੈ।

ਗੁਰੂਘਰ ਦੀ ਪਰਕਰਮਾ ਤੋਂ ਬਾਅਦ ਲੰਗਰ ਛਕਿਆ। ਮੌਸਮ ਏਨਾ ਖੁਸ਼ਗਵਾਰ ਨਹੀਂ ਸੀ, ਪੂਰਾ ਦਿਨ ਭਾਰੀ ਬਾਰਿਸ਼ ਹੁੰਦੀ ਰਹੀ, ਪਰ ਚਾਓ ਏਨਾ ਸੀ ਕਿ ਸਾਰੇ ਦਾ ਸਾਰਾ ਭਿੱਜ ਜਾਣ ਦੇ ਬਾਵਜੂਦ ਵੀ, ਮਨ ਤੇ ਜ਼ਿਹਨ ਤਰੋ-ਤਾਜ਼ਾ ਸਨ। ਜਗਤ ਗੁਰੂ ਬਾਬੇ ਦੀ ਚਰਨ ਛੋਹ ਪਰਾਪਤ ਇਸ ਪਾਵਨ ਧਰਤ ਦੇ ਦਰਸ਼ਨ ਕਰਕੇ ਤੇ ਨਤਮਸਤਕ ਹੋ ਕੇ ਮਨ ਗਦ ਗਦ ਸੀ। ਸ਼ਾਮ ਨੂੰ ਵਾਪਸੀ ਵੇਲੇ ਹੇਠ ਲਿਖਿਆ ਸ਼ਬਦ ਰਾਗੀ ਸਿੰਘਾਂ ਵੱਲੋਂ ਗਾਇਣ ਕੀਤਾ ਜਾ ਰਿਹਾ ਸੀ:
ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ॥

ਵਾਪਸੀ ਵੇਲੇ ਮਨ ਬੜਾ ਸਕੂਨ ਵਿੱਚ ਸੀ, ਸ਼ਾਂਤ ਤੇ ਸਹਿਜ ਸੀ, ਇਸ ਤਰਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਚਿਰਾਂ ਤੋਂ ਪਿਆਸੇ ਦੀ ਪਿਆਸ ਤ੍ਰਿਪਤ ਹੋ ਗਈ ਹੋਵੇ, ਜਿੰਦਗੀ ਦੀ ਕੋਈ ਵੀ ਹੋਰ ਮੰਗ, ਭੁੱਖ, ਲੱਭਤ ਤੇ ਇੱਛਾ ਬਾਕੀ ਨਾ ਰਹਿ ਗਈ ਹੋਵੇ। ਬੱਸ ਇੱਕ ਹੀ ਤੜਪ ਹੁਣ ਬਾਕੀ ਰਹਿ ਗਈ ਹੈ ਕਿ ਹੁਣ ਵਾਰ ਵਾਰ ਉਸ ਪਾਵਨ ਸਥਾਨ ‘ਤੇ ਜਾ ਕੇ ਨਤਮਸਤਕ ਹੋਣ ਨੂੰ ਮਨ ਕਾਹਲਾ ਪੈਂਦਾ ਹੈ।

ਇਕ ਗੱਲ ਮੈੰ ਹੋਰ ਕਹਿਣੀ ਚਾਹਾਂਗਾ ਕਿ ਕਰਤਾਰ ਪੁਰ ਸਾਹਿਬ ਗੁਰਧਾਮ ਸਿੱਖ ਧਰਮ ਦਾ ਤਾਂ ਇਕ ਬਹੁਤ ਹੀ ਮਹੱਤਵ ਪੂਰਨ ਸਥਾਨ ਹੈ ਹੀ, ਪਰ ਇਸ ਦੇ ਨਾਲ ਹੀ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਦਰਅਸਲ ਇਹ ਅਸਥਾਨ ਧਰਮਾਂ ਧਰਮਾਂਤਰਾਂ ਤੋਂ ਉੱਪਰ ਉੱਠਕੇ ਸਮੁੱਚੇ ਵਿਸ਼ਵ ਭਾਈਚਾਰੇ ਦਾ ਬਹੁਤ ਮਹੱਤਵਪੂਰਨ ਸਥਾਨ ਹੈ।
***
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)
04/12/2023

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1236
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

View all posts by ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ →