29 April 2024

ਗੁਰਦੁਆਰਿਆ ‘ਚ ਕਮੇਟੀ ਚੋਣਾਂ ਦਾ ਮਾਮਲਾ—ਸ਼ਿੰਗਾਰਾ ਸਿੰਘ ਢਿੱਲੋਂ ( ਪ੍ਰੋ:)

ਧੜੇਬੰਦੀਆਂ ਧਰਮ ਦੀ ਆੜ ਹੇਠ ਅਧਰਮੀ ਕਾਰਜ ਕਰਕੇ ਧਰਮ ਦਾ ਨੁਕਸਾਨ ਕਰਦੀਆਂ ਹਨ

ਗੁਰਦੁਆਰੇ/ਧਾਰਮਿਕ ਅਦਾਰੇ ਉਹ ਸਥਾਨ ਹੁੰਦੇ ਹਨ ਜਿਹਨਾਂ ਅੰਦਰ ਦਾਖਲ ਹੋ ਕੇ ਜਿੱਥੇ ਗੁਰੂ ਦੀਆ ਸਿੱਖਿਆਵਾਂ ਦਾ ਗਿਆਨ ਹੁੰਦਾ ਹੈ, ਜੀਵਨ ਨੂੰ ਨਵੀਂ ਸੇਧ ਮਿਲਦੀ ਹੈ, ਸਮਾਜ ਵਿੱਚੋਂ ਸਫਲਤਾ ਸਹਿਤ ਵਿਚਰਨ ਦੀ ਜੁਗਤੀ ਪ੍ਰਾਪਤ ਹੁੰਦੀ ਹੈ, ਜ਼ਿੰਦਗੀ ਦੇ ਸਹੀ ਮਾਨਿਆਂ ਦਾ ਇਲਮ ਹੁੰਦਾ ਹੈ, ਉੱਥੇ ਇਸ ਦੇ ਨਾਲ ਹੀ ਮਾਨਸਿਕ ਟਿਕਾਅ ਤੇ ਸਹਿਜਤਾ ਵੀ ਮਿਲਦੀ ਹੈ। ਗੁਰਦੁਆਰੇ ਅਸੀਂ ਦਰਅਸਲ ਜਾਂਦੇ ਹੀ ਗੁਰੂ ਦੀ ਗੋਦ ਦਾ ਨਿੱਘ ਮਾਨਣ ਹਾਂ। ਜੇਕਰ ਗੁਰੂ ਘਰ ਜਾ ਕੇ ਮਨ ਸ਼ਾਂਤ ਹੁੰਦਾ ਹੈ, ਦੁੱਖਾਂ ਕਲੇਸ਼ਾਂ ਤੋਂ ਪਰੇ ਜਾ ਕੇ ਸਹਿਜਤਾ ਦਾ ਅਹਿਸਾਸ ਹੁੰਦਾ ਹੈ, ਸੰਸਾਰਕ ਝਮੇਲਿਆਂ ਤੋ ਕੁੱਝ ਰਾਹਤ ਮਿਲਦੀ ਹੈ ਤਾਂ ਗੁਰਦੁਆਰੇ ਜਾਣਾ ਸਫਲ ਹੈ ਪਰ ਜੇਕਰ ਗੁਰਦੁਆਰੇ ਜਾ ਕੇ ਗੁਰਦੁਆਰੇ ਦੇ ਪਰਬੰਧਕਾ ਦੀ ਆਪਸੀ ਲੜਾਈ ਕਾਰਨ ਤੁਹਾਡੇ ਮਨ ਨੂੰ ਠੇਸ ਪਹੁੰਚਦੀ ਹੈ ਤੇ ਮਨ ਅਸ਼ਾਂਤੀ ਤੇ ਵਿਚਲਤ ਹੁੰਦਾ ਹੈ ਤਾਂ ਦੋਸ਼ ਨਾ ਹੀ ਗੁਰੂ ਘਰ ਦਾ ਹੁੰਦਾ ਹੈ ਤੇ ਨਾ ਹੀ ਸਾਡਾ ਤੁਹਾਡਾ ਬਲਕਿ ਇਸ ਸਾਰੇ ਕਸੂਰ ਦੇ ਜ਼ੁੰਮੇਵਾਰ ਪਰਬੰਧਕ ਹੁੰਦੇ ਹਨ ਜੋ ਗੁਰੂ ਘਰ ਦੇ ਪਰਬੰਧ ਨੂੰ ਮੈਨੇਜ ਕਰਦੇ ਹਨ। ਬਹੁਤੇ ਗੁਰੂਦੁਆਰੇ ਇੱਕੋ ਕਮੇਟੀ ਦੇ ਅਧੀਨ ਚੱਲਦੇ ਹਨ ਜਦ ਕਿ ਬਹੁਤਿਆਂ ਚ ਚੈਰਿਟੀ ਟਰੱਸਟ ਬਣਾ ਕੇ ਪਰਬੰਧ ਚਲਾਇਆ ਜਾਂਦਾ ਹੈ।

ਦੂਜੀ ਤਰਾਂ ਦੇ ਗੁਰਦੁਆਰਿਆ ਅੰਦਰ ਜੇਕਰ ਟਰੱਸਟ ਮੈਂਬਰਾਂ ਦੀ ਆਪਸ ਵਿੱਚ ਸੁਰ ਮਿਲਦੀ ਰਹੇ ਤਾਂ ਸਭ ਕੁੱਝ ਠੀਕ ਠਾਕ ਚੱਲਦਾ ਰਹਿੰਦਾ ਹੈ, ਪਰ ਏਦਾਂ ਬਹੁਤ ਘੱਟ ਹੁੰਦਾ ਹੈ ਬਲਕਿ ਚੌਧਰਾਂ ਦੀ ਖਾਤਿਰ ਤੇ ਗੁਰੂ ਦੀ ਗੋਲਕ ਨੂੰ ਜੱਫੀ ਮਾਰਨ ਵਾਸਤੇ ਜਾਂ ਫਿਰ ਲਗਾਤਾਰ ਜੱਫਾ ਮਾਰੀ ਰੱਖਣ ਵਾਸਤੇ ਛਿੱਤਰੀ ਦਾਲ ਵੰਡਣ ਜਾਂ ਜੂੰਡੋ ਜੂੰਡੀ ਤੇ ਪੱਗੋ-ਲੱਥੀ ਹੋਣ ਦੇ ਹਾਲਾਤ ਬਣੇ ਆਮ ਹੀ ਦੇਖੇ ਦਾ ਸਕਦੇ ਹਨ ਅਤੇ ਉਹ ਵੀ ਗੁਰੂ ਗਰੰਥ ਸਾਹਿਬ ਜਿਸ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਜਾਂ ਜਿਸ ਨੂੰ ਅਸੀਂ ਆਪਣਾ ਗੁਰੂ ਤਸਲੀਮ ਕਰਦੇ ਹਾਂ, ਉਸ ਦੀ ਹਜ਼ੂਰੀ ਵਿੱਚ। ਬੇਸ਼ੱਕ ਵਿਦੇਸ਼ਾ ਦੇ ਬਹੁਤੇ ਗੁਰੂ ਘਰਾਂ ‘ਚ ਇਸ ਤਰਾਂ ਦਾ ਤਨਾਅ ਪੂਰਨ ਮਾਹੌਲ ਕਮੇਟੀ ਦੀਆ ਚੋਣਾਂ ਵੇਲੇ ਆਮ ਹੀ ਦੇਖਿਆ ਜਾਂਦਾ ਹੈ ਪਰ ਫਰੀਦਕੋਟ ਦੇ ਇਕ ਗੁਰਦੁਆਰੇ ‘ਚ ਗੁਰੂਘਰ ਦੀ ਪਰਧਾਨਗੀ ਦੇ ਮੁੱਦੇ ਨੂੰ ਲੈ ਕੇ ਪਿਛਲੇ ਹਫ਼ਤੇ ਵਾਪਰੀ ਇਕ ਤਾਜਾ ਘਟਨਾ ਇਸ ਦੀ ਮੂੰਹ ਬੋਲਦੀ ਮਿਸਾਲ ਵਜੋਂ ਪੇਸ਼ ਕੀਤੀ ਜਾ ਸਕਦੀ ਹੈ।

ਗੁਰਦੁਆਰੇ, ਗੁਰੂ ਦੇ ਮਿਸ਼ਨ ਨੂੰ ਅਗੇ ਪੂਰੀ ਲੋਕਾਈ ‘ਚ ਲੈ ਕੇ ਜਾਣ ਦਾ ਬਹੁਤ ਵੱਡਾ ਸਾਧਨ ਹੁੰਦੇ ਹਨ, ਪਰ ਜੇਕਰ ਉਹਨਾਂ ਗੁਰੂਘਰਾਂ ਦੇ ਅੰਦਰ ਗੁਰੂ ਦੀ ਹਜ਼ੂਰੀ ਵਿਚ ਹੀ ਝੂਠ ਬੋਲਿਆ ਜਾਵੇ, ਇਕ ਦੂਜੇ ਦੀਆਂ ਪੱਗਾਂ ਲਾਹਣੀਆਂ, ਦਾੜ੍ਹੀਆਂ ਤੇ ਕੇਸ ਪੁੱਟੇ ਜਾਣ, ਲਹੂ ਲੁਹਾਣ ਕੀਤਾ ਜਾਵੇ ਤੇ ਸਭੇ ਸਾਂਝੀਵਾਲਤਾ ਤੇ ਭਾਈਚਾਰਕ ਸਾਂਝਾਂ ਵਾਲਾ ਸੰਕਲਪ ਤਾਰ ਤਾਰ ਕਰਕੇ ਧੜੇਬਾਜੀਆਂ ਬਣਾਈਆ ਜਾਣ ਤੇ ਇਕ ਦੂਜੇ ਨੂੰ ਲਲਕਾਰਿਆ ਜਾਵੇ ਤਾਂ ਹਰ ਆਮ ਬੰਦਾ ਮੂੰਹੋ ਕੁੱਝ ਬੋਲੇ ਜਾਂ ਨਾ ਪਰ ਇਹ ਸੋਚਣ ਵਾਸਤੇ ਮਜਬੂਰ ਜ਼ਰੂਰ ਹੁੰਦਾ ਹੈ ਕਿ ਜੇਕਰ ਗੁਰਦੁਆਰੇ ਜਾਣ ਨਾਲ ਉਸ ਦੇ ਮਨ ਦਾ ਚੈਨ ਭੰਗ ਹੁੰਦਾ ਹੈ ਤਾਂ ਫਿਰ ਉਹ ਅਜਿਹੇ ਸਥਾਨ ‘ਤੇ ਭਵਿਖ ‘ਚ ਕਿਓ ਜਾਵੇ?

ਗੁਰਦੁਆਰਿਆਂ ਵਿਚਲੀ ਧੜੇਬੰਦੀ ਤੇ ਕਮੇਟੀ ‘ਤੇ ਕਬਜਿਆਂ ਦੀ ਲੜਾਈ ਸੇਹ ਦੇ ਤਕਲੇ ਦਾ ਕੰਮ ਕਰਦੀ ਹੈ। ਇਸ ਕਾਰਨ ਧਰਮ ਕਰਮ ਦੇ ਕਾਰਜਾਂ ਤੋਂ ਭਟਕ ਕੇ ਬਿਰਤੀ ਗੋਲਕ ਉੱਤੇ ਕਬਜਾ ਕਰਨ ਤੇ ਚੌਧਰ ਦੀ ਅਹਿੰ ਪੁਗਾਉਣ ‘ਤੇ ਕੇਂਦਰਤ ਹੋ ਜਾਂਦੀ ਹੈ, ਨਫਰਤ, ਈਰਖਾ ਦਾ ਸਾੜਾ ਵਧਦਾ ਹੈ, ਜੱਦੀ ਪੁਸ਼ਤਾਂ, ਦੁਸ਼ਮਣੀਆ ਪੈ ਜਾਂਦੀਆ ਹਨ, ਨੌਜਵਾਨ ਤਬਕਾ ਧਾਰਮਿਕ ਸਥਾਨਾਂ ਤੋ ਕਿਨਾਰਾਕਸ਼ੀ ਕਰ ਲੈਂਦਾ ਹੈ, ਆਮ ਸਾਊ ਲੋਕ ਵੈਸੇ ਹੀ ਇਸ ਤਰ੍ਹਾਂ ਦੇ ਸਥਾਨਾਂ ‘ਤੇ ਜਾਣੋ ਸੰਕੋਚ ਕਰਨ ਲੱਗ ਜਾਂਦੇ ਹਨ। ਇਸ ਤਰਾਂ ਦੇ ਮਾਹੋਲ ਵਿਚ ਗੁਰਦੁਆਰੇ ਸਿਰਫ ਉਹ ਲੋਕ ਹੀ ਜਾਂਦੇ ਹਨ ਜੋ ਜਾਂ ਤਾਂ ਕਿਸੇ ਧਿਰ ਜਾਂ ਧੜੇ ਨਾਲ ਬੱਝੇ ਹੋਣ ਜਾਂ ਫਿਰ ਉਹ ਬਜੁਰਗ ਹੋਣ ਜਿਹਨਾ ਨੂੰ ਆਪਣੇ ਅੰਦਰਲੇ ਜਜਬਾਤ ਸਾਂਝੇ ਕਰਨ ਵਾਸਤੇ ਉਹਨਾ ਦੇ ਆਪਣੇ ਘਰਾਂ ਪਰਿਵਾਰ ਸਮੇਤ ਹੋਰ ਕੋਈ ਜਗ੍ਹਾ ਨਾ ਮਿਲਦੀ ਹੋਵੇ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼ਾਇਦ ਇਸੇ ਕਰਕੇ ਹੀ ਪਿਛਲੇ ਦਿਨੀਂ ਇਕ ਬਿਆਨ ਦਿੱਤਾ ਸੀ ਕਿ ਗੁਰਦੁਆਰਿਆਂ ਵਿਚ ਗੋਲਕ ‘ਤੇ ਕਬਜੇ ਦੀ ਲੜਾਈ ਬੰਦ ਹੋਣੀ ਚਾਹੀਦੀ ਹੈ ਤੇ ਬਹੁਤਾ ਧਿਆਨ ਧਰਮ ਦੇ ਪਰਚਾਰ ਵੱਲ ਲਗਾਉਣਾ ਚਾਹੀਦਾ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਚੌਧਰ ਦੇ ਭੁੱਖੇ ਤਾਂ ਸਾਹਮਣੇ ਬਿਰਾਜਮਾਨ ਗੁਰੂ (ਗੁਰੂ ਗਰੰਥ ਸਾਹਿਬ) ਦੀ ਨਹੀ ਸੁਣਦੇ ਤਾਂ ਉਹ ਫਿਰ ਜਥੇਦਾਰ ਦੀ ਕਿਥੋਂ ਸੁਣ ਲੈਣਗੇ ?

ਉਂਜ ਤਾਂ ਜਿਵੇਂ ਮੈਂ ਇਸ ਚਰਚਾ ਦੇ ਸ਼ੁਰੂ ਵਿਚ ਹੀ ਜਿਕਰ ਕੀਤਾ ਹੈ ਕਿ ਵਿਦੇਸ਼ਾਂ ਵਿਚਲੇ ਬਹੁਤੇ ਗੁਰਦੁਆਰੇ ਪਰਬੰਧਕ ਕਮੇਟੀ ‘ਤੇ ਕਬਜੇ ਨੂੰ ਲੈ ਕੇ ਬਹੁਤ ਬੁਰੀ ਤਰਾਂ ਗੁੱਟਬੰਦੀ ਦਾ ਸ਼ਿਕਾਰ ਹਨ, ਪਰ ਤਾਜਾ ਮਿਸਾਲ ਮੈਂ ਆਪਣੇ ਸ਼ਹਿਰ ਲੈਸਟਰ (ਬਰਤਾਨੀਆਂ) ਦੀ ਦੇ ਸਕਦਾ ਹਾਂ। ਇਸ ਸ਼ਹਿਰ ਵਿਚ ਇਸ ਵੇਲੇ ਲਗਭਗ 9 ਕੁ ਗੁਰਦੁਆਰੇ ਹਨ, ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ ਵਿਚੋਂ ਬਹਤੇ ਗੁਰੂਦੁਆਰੇ ਇਕੋ ਗੁਰੂ ਘਰ ‘ਚ ਪਈ ਫੁੱਟ ਦੀ ਦੇਣ ਹਨ। ਕਹਿਣ ਦਾ ਭਾਵ ਇਹ ਹੈ ਕਿ ਬਹੁਤੇ ਗੁਰਦੁਆਰੇ ਇਕੋ ਗੁਰਦੁਆਰੇ ਵਿਚਲੀ ਫੁੱਟ ਕਾਰਨ ਵੱਖ ਹੋਏ ਧੜਿਆਂ ਕਾਰਨ ਹੋਂਦ ਵਿਚ ਆਏ ਹਨ। ਹੁਣ ਕੱਲ੍ਹ ਇਥੋਂ ਦੇ ਇਕ ਗਰਦੁਆਰੇ ਦੀ ਚੋਣ ਹੈ। ਇਹ ਗੁਰਦੁਆਰਾ ਲੰਮੇ ਸਮੇਂ ਤੋਂ ਧੜੇਬਾਜੀ ਦਾ ਸ਼ਿਕਾਰ ਰਿਹਾ, ਕੋਵਿੱਡ ਕਾਰਨ ਦੋ ਦੀ ਬਜਾਏ ਚਾਰ ਸਾਲ ਬਾਅਦ ਹੋ ਰਹੀ ਪ੍ਰਬੰਧਕ ਕਮੇਟੀ ਦੀ ਚੇਣ ਵਾਸਤੇ ਪਿਛਲੇ ਇਕ ਮਹੀਨੇ ਤੋਂ ਤਲਵਾਰਾਂ ਖਿੱਚੀਆਂ ਹੋਈਆ ਹਨ, ਇਸ ਵਾਰ ਲੜਾਈ ਦੋ ਧੜਿਆਂ ਵਿਚਕਾਰ ਹੈ। ਦੋਵੇਂ ਧੜੇ ਕਾਫੀ ਸਮੇਂ ਤੋਂ ਇਕ ਦੂਸਰੇ ਦੀ ਖ਼ੂਬ ਮਿੱਟੀ ਪੁੱਟ ਰਹੇ ਹਨ ਹੈ, ਇਖਲਾਕੋਂ ਗਿਰੀ ਇਲਜਾਮ ਤਰਾਸ਼ੀ ਕੀਤੀ ਜਾ ਰਹੀ ਹੈ, ਇਕ ਦੂਜੇ ਧੜੇ ਦੇ ਮੈਂਬਰਾਂ ਦੀ ਨਿੱਜੀ ਜਿੰਦਗੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਸੋਸ਼ਲ ਮੀਡੀਏ ਉੱਤੇ ਵੀਡੀਓ – ਵੀਡੀਓ ਦਾ ਖੇਡ ਤੇ ਭੰਡੀ ਪਰਚਾਰ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ, ਇਕ ਦੂਸਰੇ ਦੇ ਪੋਤੜੇ ਫੋਲੇ ਜਾ ਰਹੇ ਹਨ, ਪਰ ਸਿਤਮ ਜਰੀਫੀ ਵਾਲੀ ਗੱਲ ਇਹ ਹੈ ਕਿ ਇਸ ਪ੍ਰਚਾਰ ਵਿੱਚ ਇਕ ਵੀ ਪੋਸਟਰ ਜਾਂ ਵੀਡੀਓ ਕਲਿਪ ਅਜਿਹਾ ਨਹੀਂ ਜਿਸ ਵਿਚ ਕਿੱਧਰੇ ਗੁਰੂ ਦੇ ਮਿਸ਼ਨ ਦੀ ਗੱਲ ਕੀਤੀ ਗਈ ਹੋਵੇ, ਗੁਰੂ ਦੀ ਹਾਜਰੀ ‘ਚ ਬੈਠ ਕੇ ਸਰਵ ਸੰਮਤੀ ਨਾਲ ਕਮੇਟੀ ਦੀ ਚੋਣ ਕਰਨ ਦੀ ਗੱਲ ਕੀਤੀ ਗਈ ਹੋਵੇ, ਧਰਮ, ਬੋਲੀ ਤੇ ਵਿਰਸੇ ਦੇ ਪਰਚਾਰ ਤੇ ਪਰਸਾਰ ਦੀ ਚਿੰਤਾ ਕੀਤੀ ਗਈ ਹੋਵੇ, ਬਸ ਇੱਕੋ ਅੜ ਤੇ ਅਹੰ ਦਿਖਾਈ ਤੇ ਸੁਣਾਈ ਦੇ ਰਹੀ ਹੈ ਕਿ ਅਸੀਂ ਸਹੀ ਹਾਂ ਤੇ ਦੂਸਰੇ ਗਲਤ ਹਨ, ਅਸੀਂ ਸਾਧ ਹਾਂ ਤੇ ਸਾਡੇ ਵਿਰੋਧੀ ਚੋਰ ਹਨ, ਅਸੀਂ ਹੀ ਗੁਰਦੁਆਰੇ ਦਾ ਪਰਬੰਧ ਵਧੀਆ ਢੰਗ ਨਾਲ ਚਲਾ ਸਕਦੇ ਹਾਂ, ਹੋਰ ਕੋਈ ਦੂਜਾ ਬਿਲਕਲ ਵੀ ਅਜਿਹਾ ਨਹੀਂ ਕਰ ਸਕਦਾ। ਚੱਲਦੇ ਚੱਲਦੇ ਜ਼ਿਕਰ ਕਰਦਿਆਂ ਕਿ ਇਸ ਗੁਰਦੁਆਰੇ ‘ਚ ਵੈਸੇ ਤਾਂ ਧੜੇਬੰਦੀ ਕਾਰਨ ਹਮੇਸ਼ਾਂ ਹੀ ਮਾਹੌਲ ਤਨਾਅ ਵਾਲਾ ਰਹਿੰਦਾ ਹੈ, ਪਰ ਚੋਣਾਂ ਵੇਲੇ ਹਾਲਾਤ ਕੁੱਜ ਵਧੇਰੇ ਹੀ ਨਾਜੁਕ ਹੋ ਜਾਂਦੇ ਹਨ।

ਧਰਮ ਦਾ ਅਰਥ ਸੇਵਾ ਹੈ, ਮੋਕਸ਼ ਹੈ, ਰਾਜਨੀਤੀ ਦਾ ਅਸਲ ਅਰਥ ਵੀ ਸੇਵਾ ਹੀ ਹੁੰਦਾ ਹੈ, ਪਰ ਇਹਨਾ ‘ਚ ਬੁਨਿਆਦੀ ਅੰਤਰ ਵੀ ਬਹੁਤ ਵੱਡਾ ਹੈ ਕਿਉਕਿ ਜਿੱਥੇ ਧਰਮ ਵਿਚ ਮਨੁੱਖੀ ਪਰਉਪਕਾਰ ਦੀ ਭਾਵਨਾ ਲਵਾ ਲਵ ਹੁੰਦੀ ਹੈ, ਉਥੇ ਰਾਜਨੀਤੀ ਵਿਚ ਲੂੰਬੜ ਬਿਰਤੀ ਭਾਰੂ ਹੋਣ ਕਰਕੇ ਆਪਣੇ ਹਿੱਤ ਸਭ ਤੋਂ ਪਹਿਲਾਂ ਰੱਖੇ ਜਾਂਦੇ ਹਨ, ਉਹ ਬੇਸ਼ਕ ਚੌਧਰ ਬਣਾਉਣ ਵਾਸਤੇ ਹੋਣ ਜਾਂ ਉਸ ਨੂੰ ਬਣਾਈ ਰੱਖਣ ਵਾਸਤੇ ਹੋਣ। ਜੇਕਰ ਧਰਮ ਵਿਚ ਰਾਜਨੀਤੀ ਵਾੜ ਲਈ ਜਾਵੇ ਜਾਂ ਵੜ ਜਾਵੇ ਤਾਂ ਇਸ ਨਾਲ ਸੰਬੰਧਿਤ ਧਰਮ ਦਾ ਨੁਕਸਾਨ ਹੋਣਾ ਪੱਕੇ ਤੌਰ ‘ਤੇ ਤੈ ਹੁੰਦਾ ਹੈ। ਫੁੱਟ ਚੰਦਰੀ ਹੁੰਦੀ ਹੈ ਤੇ ਰਾਜਨੀਤੀ ਦਾ ਪਹਿਲਾ ਤੇ ਆਖਰੀ ਸਬਕ ਹੀ ਫੁੱਟ ਹੁੰਦਾ ਹੈ ਤੇ ਜਿੱਥੇ ਇਸ ਤਰਾਂ ਹੋਵੇ ਉਥੇ ਧਰਮ ਕਰਮ ਦਾ ਕਾਰਜ ਜਾਂ ਤਾਂ ਗੌਣ ਹੋ ਜਾਂਦਾ ਹੈ ਜਾਂ ਫਿਰ ਬਿਖਰ ਜਾਂਦਾ ਹੈ, ਕਿਉਕਿ ਇਸ ਤਰਾਂ ਦੇ ਮਾਹੌਲ ਵਿਚ ਧਰਮ ਦਾ ਓਹਲਾ ਲੈ ਕੇ ਆਪੋ ਆਪਣੇ ਸਵਾਰਥਾਂ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਸ਼ਾਇਦ ਇਸੇ ਕਾਰਨ ਹੀ ਬਾਬਾ ਬੁੱਲੇਸ਼ਾਹ ਨੇ ਕਿਹਾ ਹੋਵੇਗਾ:

“ਧਰਮਸ਼ਾਲ ਵਿਚ ਧਾੜਵੀ ਰਹਿੰਦੇ, ਠਾਕੁਰ ਦੁਆਰੇ ਠੱਗ,
ਵਿਚ ਮਸੀਤੀਂ ਰਹਿਣ ਕੁਸੱਤੀ ਤੇ ਆਸ਼ਿਕ ਰਹਿਣ ਅਲੱਗ”

ਇਸ ਚਰਚਾ ਨੂੰ ਵਿਰਾਮ ਲਾਉਦਿਆ ਏਹੀ ਕਹਾਗਾ ਕਿ ਗੁਰੂ ਘਰਾਂ ‘ਚ ਗੋਲਕਾਂ ‘ਤੇ ਕਬਜਿਆਂ ਨੂੰ ਲੈ ਕੇ ਕਲਾ ਕਲੰਦਰ ਨਹੀਂ ਹੋਣੈ ਚਾਹੀਦਾ ਕਿਉਕਿ ਇਸ ਤਰਾਂ ਨਾ ਹੀ ਆਪਣੇ ਧਰਮ ਵਾਲਿਆਂ ਨੂੰ ਤੇ ਨਾ ਹੀ ਦੂਜੇ ਲੋਕਾਂ ਨੂੰ ਕੋਈ ਚੰਗਾ ਸੁਨੇਹਾ ਜਾਂਦਾ ਹੈ। ਗੁਰੂ ਦੇ ਮਿਸ਼ਨ ਤੋਂ ਭਟਕੇ ਲੋਕ ਬੇਸ਼ਕ ਗੁਰੂ ਘਰ ਦੀ ਕਮੇਟੀ ‘ਤੇ ਕਬਜਾ ਕਰ ਵੀ ਲੈਣ ਪਰ ਇਸ ਨਾਲ ਨੁਕਸਾਨ ਹਮੇਸ਼ਾ ਧਰਮ ਦਾ ਹੀ ਹੁੰਦਾ ਹੈ। ਜੇਕਰ ਗੁਰੂ ‘ਤੇ ਭਰੋਸਾ ਹੈ ਤਾਂ ਸੇਵਾ ਕਰਨ ਦੇ ਚਾਹਵਾਨ, ਗੁਰੂ ਦੀ ਹਜੂਰੀ ‘ਚ ਅਰਦਾਸ ਕਰਕੇ, ਪਰਚੀਆਂ ਪਾ ਕੇ ਤੇ ਉਹ ਪਰਚੀਆਂ ਇਕ ਛੋਟੇ ਬੱਚੇ ਤੋ ਖੁਲਵਾ ਕੇ ਸੇਵਾ ਦੇ ਹੱਕਦਾਰ ਵੀ ਬਣ ਸਕਦੇ ਹਨ ਅਤੇ ਇਸ ਦੇ ਨਾਲ ਹੀ ਧੜੇਬਾਜੀ ਵੀ ਖਤਮ ਕਰ ਸਕਦੇ ਹਨ। ਸੱਚੀ ਸੇਵਾ ਕਰਨ ਦਾ ਇਹ ਸਭ ਤੋਂ ਉੱਤਮ ਤੇ ਕਾਰਗਾਰ ਢੰਗ ਹੈ, ਪਰ ਇਹ ਢੰਗ ਉਦੋਂ ਹੀ ਵਰਤਿਆ ਜਾ ਸਕੇਗਾ ਜਦੋਂ ਸੰਗਤ ਇਸ ਤਰਾਂ ਕਰਨ ਦਾ ਦਬਾ ਬਣਾਏਗੀ ਨਹੀਂ ਤਾਂ ਕਲਾ ਕਲੇਸ਼ ਗੁਰਦੁਆਰਿਆਂ ‘ਚ ਹਮੇਸ਼ਾਂ ਹੀ ਅਮਰ ਵੇਲ ਵਾਂਗ ਵਧਦਾ ਫੁਲਦਾ ਰਹੇਗਾ, ਗੁਰਦੁਆਰੇ ਮੈਦਾਨ-ਏ-ਜੰਗ ਬਣੇ ਰਹਿਣਗੇ, ਧਰਮ ਦਾ ਨੁਕਸਾਨ ਹੁੰਦਾ ਰਹੇਗਾ ਅਤੇ ਸਮਾਜ ਵਿੱਚ ਅਧਰਮ ਤੇ ਉਪੱਦਰ ਹਮੇਸ਼ਾ ਹੀ ਵੱਧਦਾ ਫੁੱਲਦਾ ਕਹੇਗਾ।
***
ਸ਼ਿੰਗਾਰਾ ਸਿੰਘ ਢਿੱਲੋਂ ( ਪ੍ਰੋ:)
24/09/2022

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
892
***

About the author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

View all posts by ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ →