ਗੌਰਮਿੰਟ ਕਾਲੇਜ ਯੂਨੀਵਰਸਿਟੀ ਨੂੰ ਗੁਰੂ ਜੀ ਦੇ ਨਾਮ ‘ਤੇ ਚੇਅਰ ਸਥਾਪਿਤ ਕਰਨ ਦੀ ਲੱਖ ਲੱਖ ਵਧਾਈ ਹੋਵੇ। ਅੱਜ ਜਗਤ ਬਾਬੇ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਦਿਹਾੜਾ ਹੈ। ਸਿੱਖ ਜਗਤ ਵਿੱਚ ਹਰ ਪਾਸੇ ਖ਼ੁਸ਼ੀ, ਉਤਸ਼ਾਹ, ਸ਼ਰਧਾ ਤੇ ਜਲੌਅ ਦਾ ਦਿਨ ਹੈ। ਨਗਰ ਕੀਰਤਨ, ਪ੍ਰਭਾਤ ਫੇਰੀਆਂ, ਆਖੰਡ ਜਾਪ, ਕੀਰਤਨ ਤੇ ਰੈਣ ਸੁਬਾਈ ਕੀਰਤਨ ਹੋ ਰਹੇ ਹਨ। ਗੁਰੂ ਘਰਾਂ ਚ ਚਹਿਲ ਪਹਿਲ ਹੈ। 36 ਪ੍ਰਕਾਰ ਦੇ ਲੰਗਰਾਂ ਦੀ ਵਿਵਸਥਾ ਹੈ। ਜਗਤ ਬਾਬੇ ਦਾ ਪ੍ਰਕਾਸ਼ ਉਤਸ਼ਵ ਬਹੁਤ ਹੀ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ, ਪਰ ਆਪਾਂ ਨੂੰ ਇਸ ਸ਼ੁੱਭ ਮੌਕੇ ਉੱਤੇ ਆਯੋਜਿਤ ਕਰਨਾ ਤੇ ਮਨਾਉਣ ਦਾ ਅੰਤਰ ਸਮਝਣ ਦੀ ਜ਼ਰੂਰਤ ਹੈ। ਮਨਾਉਣ ਨੂੰ ਅੰਗਰੇਜੀ ‘ਚ Celebration ਕਹਿੰਦੇ ਹਨ ਜਿਸ ਦਾ ਭਾਵ Enjoy ਕਰਨਾ ਹੁੰਦਾ ਹੈ, ਜੋ ਆਮ ਤੌਰ ‘ਤੇ ਖਾ ਪੀ ਕੇ ਅਤੇ ਮੇਲੇ ‘ਚ ਘੁੰਮ ਫ਼ਿਰਕੇ, ਨੱਚ ਗਾ ਕੇ ਜਾਂ ਸੁੱਣ ਦੇਖ ਕੇ ਹੀ ਕੀਤਾ ਜਾਂਦਾ ਹੈ ਜਦ ਕਿ ਆਯੋਜਿਤ (Organise) ਕਰਨ ਦਾ ਭਾਵ ਹੁੰਦਾ ਹੈ ਕਿ ਕਿਸੇ ਪੁਰਬ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕਰਕੇ ਪੇਸ਼ ਕਰਨਾ। ਹੁਣ ਇਹ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਮਨਾਏ ਜਾਣ ਵਾਲੇ ਸਮਾਗਮ ਵਿਧੀਵਤ ਨਹੀਂ ਹੁੰਦੇ? ਇਸ ਦਾ ਸਿੱਧਾ ਉਤਰ ਹਾਂ ਵਿੱਚ ਹੀ ਹੋਵੇਗਾ, ਮਨਾਏ ਜਾਣ ਵਾਲੇ ਦਿਨ ਤਿਓਹਾਰ ਵੀ ਸੁਨਿਯੋਜਤ ਹੁੰਦੇ ਹਨ, ਪਰ ਦੋਹਾਂ ਵਿਚਲਾ ਮੋਟਾ ਜਿਹਾ ਅੰਤਰ ਇਹ ਸਮਝਣਾ ਹੋਵੇਗਾ ਕਿ ਜਿੱਥੇ ਮਨਾਏ ਜਾਣ ਵਾਲੇ ਤਿਓਂਹਾਰ ਹਲਕੇ ਫੁਲਕੇ ਢੰਗ ਨਾਲ ਤਿਆਰ ਕੀਤੇ ਜਾਂਦੇ ਤੇ ਉਹਨਾਂ ਦਾ ਮੁੱਖ ਮਕਸਦ ਸਿਰਫ ਸਹੂਲਤ, ਮਨੋਰੰਜਨ ਤੇ ਮੇਲ ਮਿਲਾਪ ਹੁੰਦਾ ਹੈ, ਉੱਥੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਬੜੀ ਗਹਿਰੀ ਸੋਚ ਨਾਲ ਸੋਚ ਵਿਚਾਰ ਕਰਨ ਤੋਂ ਬਾਦ ਘੜਕੇ ਉਲੀਕੇ ਜਾਂਦੇ ਹਨ ਤੇ ਅਜਿਹਾ ਕਰਦੇ ਸਮੇਂ ਸਮਾਗਮ ਦੇ ਸਕਾਰਾਤਮਕ ਤੇ ਨਕਾਰਾਤਮਕ ਪਹਿਲੂਆਂ ਤੇ ਪੂਰਨ ਵਿਚਾਰ ਕਰਦਿਆਂ ਸ਼ਾਮਿਲ ਹੋਣ ਵਾਲ਼ਿਆਂ ਦੇ ਮਾਨਸਿਕ ਪੱਧਰ ਤੇ ਉਹਨਾਂ ‘ਤੇ ਪੈਣ ਵਾਲੇ ਪਰਭਾਵਾਂ ਦਾ ਵੀ ਖ਼ਾਸ ਖਿਆਲ਼ ਰੱਖਿਆ ਜਾਂਦਾ ਹੈ। ਅੱਜ ਦਾ ਵਡਭਾਗਾ ਦਿਨ ਵਧਾਈਆਂ ਦੇ ਅਦਾਨ ਪ੍ਰਦਾਨ ‘ਚ ਬੀਤੇਗਾ ਅਤੇ ਇਹ ਸਿਲਸਿਲਾ ਅਜੇ ਹੋਰ ਵੀ ਕਈ ਦਿਨ ਚੱਲੇਗਾ, ਪਰ ਜਗਤ ਬਾਬੇ ਦੇ ਪ੍ਰਕਾਸ਼ ਦਿਵਸ ‘ਤੇ ਵਧਾਈਆਂ ਦੇਣੀਆ ਜਾਇਜ਼ ਹਨ ਜਾਂ ਨਹੀਂ ? ਇਹ ਸਵਾਲ ਵੀ ਵਿਚਾਰਿਆ ਜਾਣਾ ਜ਼ਰੂਰੀ ਹੈ। ਜਗਤ ਬਾਬੇ ਨਾਨਕ ਦਾ ਪਰਕਾਸ਼ ਦਿਵਸ ਅਸੀਂ ਮਨਾਉਂਦੇ ਤਾਂ ਹਰ ਸਾਲ ਹਾਂ, ਪਰ ਆਯੋਜਿਤ ਨਹੀਂ ਕਰਦੇ। ਅਸੀਂ ਜਗਤ ਬਾਬੇ ਨੂੰ ਗੁਰੂ ਜ਼ਰੂਰ ਮੰਨਦੇ ਹਾਂ, ਉਸ ਪ੍ਰਤੀ ਅਥਾਹ ਸ਼ਰਧਾ ਵੀ ਰੱਖਦੇ ਹਾਂ ਤੇ ਹਰ ਵਕਤ ਉਸ ਨੂੰ ਆਪਣੇ ਸਨਮੁੱਖ ਹਾਜ਼ਰ ਨਾਜ਼ਰ ਵੀ ਮੰਨਦੇ ਹਾਂ, ਪਰ ਗੁਰੂ ਬਾਬੇ ਦੀ ਬਾਣੀ ਵਿਚਲੇ ਫ਼ਲਸਫ਼ੇ ਨੂੰ ਆਪਣੇ ਜੀਵਨ ‘ਚ ਨਹੀਂ ਉਤਾਰਦੇ। ਕਹਿਣ ਦਾ ਭਾਵ ਇਹ ਕਿ ਪ੍ਰਾਣੀ ਦਾ ਜਨਮ ਇਸ ਸੰਸਾਰ ‘ਚ ਸਿਰਫ ਇਕ ਵਾਰ ਹੁੰਦਾ ਹੈ, ਬਾਕੀ ਸਾਲ ਗ੍ਰਿਹ ਸਿਰਫ ਯਾਦਗਾਰੀ ਹੁੰਦੇ ਹਨ, ਸੋ ਅਸਲ ਰੂਪ ‘ਚ ਵਧਾਈਆਂ ਤਾਂ ਪਹਿਲੇ ਜਨਮ ਦਿਨ ਦੀਆਂ ਹੀ ਹੁੰਦੀਆਂ ਹਨ, ਪਰ ਮਹਾਂਪੁਰਸ਼ਾਂ ਦੇ ਮਾਮਲੇ ‘ਚ ਇਸ ਕਰਕੇ ਹਰ ਪ੍ਰਕਾਸ਼ ਉਤਸ਼ਵ ‘ਤੇ ਵਧਾਈ ਦਿੱਤੀ ਜਾਂਦੀ ਹੈ ਕਿਉਂਕਿ ਜੇਕਰ ਉਹ ਸਰੀਰਕ ਤੌਰ ‘ਤੇ ਇਸ ਸੰਸਾਰ ‘ਚ ਨਹੀਂ ਹਨ ਤਾਂ ਆਪਣੇ ਫ਼ਲਸਫ਼ੇ ਰਾਹੀਂ ਰੂਹਾਨੀ ਤੇ ਮਾਨਸਿਕ ਤੌਰ ‘ਤੇ ਹਮੇਸ਼ਾ ਸਾਡੇ ਨਾਲ ਹਨ ਤੇ ਜੇਕਰ ਅਜਿਹਾ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ‘ਤੇ ਅਮਲ ਨਹੀਂ ਕਰਦੇ ਤਾਂ ਫੇਰ ਵਧਾਈਆਂ ਦੇ ਅਦਾਨ ਪ੍ਰਦਾਨ ਦਾ ਮਹੱਤਵ ਰਸਮੀਂ ਹੋਣ ਤੋਂ ਵੱਧ ਹੋਰ ਕੁੱਜ ਵੀ ਨਹੀਂ ਨਹੀਂ ਰਹਿ ਜਾਂਦਾ। ਅੱਜ ਜਗਤ ਗੁਰੂ ਬਾਬੇ ਨਾਨਕ ਦੇ ਪ੍ਰਕਾਸ਼ ਉਤਸ਼ਵ ਦੇ ਸ਼ੁਭ ਮੌਕੇ ‘ਤੇ ਸਾਨੂੰ ਆਤਮ ਚਿੰਤਨ ਕਰਨ ਦੀ ਜ਼ਰੂਰਤ ਹੈ ਤਾਂ ਕਿ ਪਤਾ ਲੱਗ ਸਕੇ ਕਿ ਅਸੀਂ ਪੰਦਰਵੀਂ ਸਦੀ ਤੋਂ ਲੈ ਕੇ 554 ਸਾਲਾਂ ਦੇ ਲੰਮੇ ਸਮੇਂ ਚ ਕਿੰਨਾ ਕੁ ਅੱਗੇ ਵਧੇ ਹਾਂ ਜਾਂ ਫਿਰ ਅੱਜ ਤੱਕ ਬਾਬੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਕਿੰਨਾ ਕੁ ਅਮਲ ਕੀਤਾ ਹੈ? ਜਗਤ ਬਾਬੇ ਨੇ ਕਰਤਾਰਪੁਰ ਸਾਹਿਬ ਵਿਖੇ ਜਿੰਨਾ ਸਮਾਂ ਜੀਵਨ ਬਤੀਤ ਕੀਤਾ, ਉਹ ਅਮਲੀ ਰੂਪ ‘ਚ ਬਤੀਤ ਕੀਤਾ ਹੈ। ਉਹਨਾ ਨੇ ਖੇਤੀ-ਬਾੜੀ ਕਰਕੇ ਹੱਥੀਂ ਕਿਰਤ ਕੀਤੀ,, ਵੰਡ ਕੇ ਛਕਿਆ ਤੇ ਉਸ ਨਿਰੰਕਾਰ ਦਾ ਕੋਟਿ ਕੋਟਿ ਸ਼ੁਕਰਾਨਾ ਕੀਤਾ। ਹੱਕ ਤੇ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਦਾ ਸੁਨੇਹਾ ਦਿੱਤਾ। ਉਹਨਾਂ ਨੇ ਵਾਤਾਵਰਨ ਦਾ ਮਹੱਤਵ ਦੱਸਦਿਆਂ ਇਸ ਦੀ ਸੰਭਾਲ਼ ‘ਤੇ ਜ਼ੋਰ ਦਿੱਤਾ। ਜਾਤ ਪਾਤ, ਲਿੰਗ, ਨਸਲ ਤੇ ਰੰਗ ਭੇਦ ਨੂੰ ਰੱਦ ਕਰਦਿਆਂ, ਸਭ ਨੂੰ ਇਕ ਨੂਰ ਤੋਂ ਉਪਜੇ ਹੋਏ ਦੱਸਕੇ ਮਾਨਵੀ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਅਮੀਰ ਗਰੀਬ ਦੇ ਵਖਰੇਵੇਂ ਨੂੰ ਰੱਦ ਕੀਤਾ, ਜਾਬਰ ਤੇ ਉਸ ਦੇ ਜ਼ੁਲਮ ਵਿਰੁੱਧ ਅਵਾਜ ਉਠਾਈ, ਕਰਮ ਕਾਂਡਾਂ ਤੇ ਮੂਰਤੀ ਪੂਜਾ ਦਾ ਸਖ਼ਤ ਖੰਡਿਨ ਕੀਤਾ, ਸਮਾਜ ਵਿੱਚ ਚੱਲ ਰਹੀਆ ਫੋਕਟ ਤੇ ਦਕਿਆਨੂਸ ਰੀਤਾਂ ਰਸਮਾਂ ਦਾ ਵਿਰੋਧ ਕੀਤਾ। ਗੁਰੂ ਜੀ ਚੰਹੁ ਦਿਸ਼ਾਵਾਂ ਵਿਚ ਫੈਲੀ ਦੁਨੀਆ ਦੇ ਕੋਨੇ ਕੋਨੇ ਵਿਚ ਗਏ ਤੇ ਉਹਨਾਂ ਨੇ ਲੋਕਾਈ ਨੂੰ ਸਾਂਝੀਵਾਲਤਾ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ। ਕਹਿਣ ਦਾ ਭਾਵ ਜਗਤ ਬਾਬੇ ਨੇ ਸਮਾਜਿਕ ਬੁਰਾਈਆਂ ਰਹਿਤ ਇਕ ਅਜਿਹੇ ਸਮਾਜ ਦਾ ਸੰਕਲਪ ਪੇਸ਼ ਕੀਤਾ ਜੋ ਆਪਣੇ ਆਪ ਵਿਚ ਇਕ ਕਰਾਂਤੀਕਾਰੀ ਸੰਕਲਪ ਸੀ। ਇਸ ਪੱਖੋਂ ਦੇਖਿਆ ਜਾਵੇ ਤਾਂ ਜਗਤ ਬਾਬਾ ਗੁਰੂ ਨਾਨਕ ਦੁਨੀਆ ਦਾ ਪਹਿਲਾ ਕਰਾਂਤੀਕਾਰੀ ਸਮਾਜ ਸੁਧਾਰਕ ਮਹਾਂਪੁਰਖ ਸੀ। ਗੁਰੂ ਬਾਬੇ ਦੀ ਬਾਣੀ ਦਾ ਜੇਕਰ ਗਹਿਨ ਪਾਠ ਪਠਨ ਕੀਤਾ ਜਾਵੇ ਤਾਂ ਇਹ ਗੱਲ ਸ਼ਪੱਸ਼ਟ ਰੂਪ ‘ਚ ਸਾਹਮਣੇ ਆਉਂਦੀ ਹੈ ਕਿ ਗੁਰੂ ਬਾਬੇ ਦੀ ਬਾਣੀ ਵਿੱਚ ਦਲੀਲ ਦੀ ਕਸਵੱਟੀ ਪ੍ਰਧਾਨ ਹੈ, ਸਮੁੱਚੀ ਬਾਣੀ ਵਿਗਿਆਨਿਕ ਹੈ, ਤਰਕ ‘ਤੇ ਅਧਾਰਤ ਹੈ ਤੇ ਮਨੋਵਿਗਿਆਨਕ ਤੱਥਾਂ ਨਾਲ ਭਰਪੂਰ ਹੈ। ਸਮੁੱਚੀ ਬਾਣੀ ਵਿਚ “ਕਿਵੁ ਸਚਿਆਰਾ ਹੋਈਏ ਕਿਵ ਕੂੜਿਹ ਤੁਟੈ ਪਾਲਿ” ਦੀ ਸੁਰ ਪ੍ਰਧਾਨ ਹੈ, ਕੂੜ ਕੁਸੱਤ ਤੋਂ ਪਾਰ ਜਾਂ ਪਰੇ ਜੀਉਣ ਦੀ ਗੱਲ ਕੀਤੀ ਗਈ ਹੈ। ਮਨੁੱਖ ਨੂੰ ਸੁਚੱਜਾ ਜੀਵਨ ਜੀਉਣ ਦੇ ਗੁਰ ਦੱਸੇ ਗਏ ਹਨ। ਏਹੀ ਮੁੱਖ ਕਾਰਨ ਹੈ ਕਿ ਸਿੱਖ ਧਰਮ ਨੂੰ ਅੱਜ ਦੁਨੀਆਂ ਦਾ ਅਤਿ ਆਧੁਨਿਕ ਤੇ ਵਿਗਿਆਨਿਕ ਧਰਮ ਮੰਨਿਆਂ ਜਾਂਦਾ ਹੈ। ਪਰ ਅਫ਼ਸੋਸ ਇਹ ਹੈ ਕਿ ਅੱਜ ਸਾਢੇ ਪੰਜ ਸੌ ਸਾਲ ਤੋਂ ਬਾਅਦ ਵੀ ਅਸੀਂ ਬਾਬੇ ਨਾਨਕ ਦੇ ਸੰਦੇਸ਼ ਤੋਂ ਭਗੌੜੇ ਹਾਂ। ਸਾਡਾ ਸਮਾਜ ਉੱਥੇ ਹੀ ਖੜ੍ਹਾ ਹੈ ਜਿੱਥੇ ਬਾਬੇ ਨਾਨਕ ਦੇ ਵੇਲੇ ‘ਤੇ ਖੜ੍ਹਾ ਸੀ। ਅਸੀਂ ਆਪਣੇ ਸਵਾਰਥਾਂ ਚ ਪੁਰੀ ਤਰਾਂ ਗ੍ਰਸੇ ਹੋਏ ਹਾਂ। ਵਾਤਾਵਰਨ ਦਾ ਸੱਤਿਆਨਾਸ ਜਹਿਰਾਂ ਘੋਲ ਕੇ ਕਰ ਦਿੱਤਾ ਹੈ ਤੇ ਜਾਨ ਲੇਵਾ ਬੀਮਾਰੀਆਂ ਦੀ ਮਹਾਂਮਾਰੀ ਨੂੰ ਅਵਾਜ ਮਾਰ ਲਈ। ਸਾਰੇ ਧਰਤੀ ਦੇ ਉਪਰਲੇ ਹੇਠਲੇ ਪਾਣੀਆਂ ‘ਚ ਅੰਤਾਂ ਦੀ ਜ਼ਹਿਰ ਹੈ, ਹਵਾ, ਜਿਸ ਨੂੰ ਗੁਰੂ ਸਾਹਿਬ ਨੇ ਖ਼ੁਦ ਗੁਰੂ ਦਾ ਦਰਜਾ ਦਿੱਤਾ ਤੇ ਜਿਸ ਦੇ ਬਿਨਾ ਜੀਵਨ ਸੰਭਵ ਹੀ ਨਹੀਂ ਅੱਜ ਜਹਿਰੀ ਨਾਗਾਂ ਦੇ ਫੁੰਕਾਰੇ ਮਾਰਦੀ ਹੈ। ਬੰਦੇ ਦੀ ਕੀਮਤ ਦੀ ਬਜਾਏ ਚੀਜ਼ਾਂ ਵਸਤਾਂ ਦੀ ਕੀਮਤ ਵੱਧ ਗਈ ਹੈ। ਜੇਕਰ ਕਿਸੇ ਕੋਲ ਵਧੇਰੇ ਪੂੰਜੀ ਜਾਂ ਪਦਾਰਥ ਹੈ, ਉਸੇ ਦੀ ਪੁੱਛ ਗਿੱਛ ਹੈ। ਰਿਸ਼ਤੇ-ਨਾਤੇ ਸਭ ਪੈਸੇ ਤੇ ਪਦਾਰਥ ਦੀ ਬੁਨਿਆਦ ਉਤੇ ਉਸਾਰ ਰਹੇ ਹਨ ਜੋ ਕੁਝ ਕੁ ਸਮੇ ਬਾਅਦ ਟੁੱਟ ਬਿਖਰ ਜਾਂਦੇ ਹਨ। ਸਮਾਜ ਅੱਜ ਵੀ ਜਾਤਾਂ ਪਾਤਾਂ ‘ਚ ਵਿਭਾਜਿਤ ਹੈ, ਲੋਕ ਅੱਜ ਵੀ ਕਰਮ ਕਾਂਡਾਂ ‘ਚ ਫਸੇ ਹੋਏ ਹਨ, ਅਮੀਰ ਤੇ ਗਰੀਬ ਦਾ ਭਿੰਨ ਭੇਦ ਅਸਮਾਨੀ ਉਚਾਈਆਂ ‘ਤੇ ਹੈ। ਔਰਤ ਮਰਦ ਲਿੰਗ ਭੇਦ ਭਰੂਣ ਹੱਤਿਆ ਰੂਪੀ ਜਿੰਨ ਦੇ ਪੈਦਾ ਹੋਣ ਤੋਂ ਬਾਅਦ ਬਹੁਤ ਹੀ ਖ਼ਤਰਨਾਕ ਦੌਰ ਚ ਪਹੁੰਚ ਚੁੱਕਾ ਹੈ। ਜਗਤ ਗੁਰੂ ਬਾਬੇ ਨੇ ਕਰਤਾਰਪੁਰ ਕਿਸਾਨੀ ਦਾ ਜੀਵਨ ਬਿਤਾਇਆ ਤੇ ਅੱਜ ਦੇ ਕਿਸਾਨ ਦੀ ਹਾਲਤ ਦੇਖੋ ਕਿ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੈ। ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੜਕਾਂ ‘ਤੇ ਰੁਲ਼ ਰਿਹਾ ਹੈ। ਜਵਾਨੀ ਨਸ਼ਿਆ ਦੀ ਮਾਰ ਹੇਠ ਹੈ , ਸਮਾਜਕ ਅਰਾਜਕਤਾ ਤੇ ਅਨਾਚਾਰ ਦੀ ਹਰ ਪਾਸੇ ਤਿੱਖੜ ਦੁਪਹਿਰ ਹੈ। ਗੁਰੂ-ਘਰ ਧੜੇਬੰਦੀਆਂ ਦਾ ਸ਼ਿਕਾਰ ਹਨ। ਗੁਰੂ ਦੀ ਹਜੂਰੀ ਵਿੱਚ ਹੀ ਖੂਨੀ ਦੰਗਲ਼ ਹੋ ਰਹੇ ਹਨ, ਚੋਣ ਦੰਗਲ਼ਾਂ ਦੌਰਾਨ ਕੁੱਕੜ ਖੇਹ ਖਿਲਾਰੀ ਜਾਂਦੀ ਹੈ, ਇਕ ਦੂਸਰੇ ਦੀ ਨਿੱਜੀ ਜ਼ਿੰਦਗੀ ‘ਤੇ ਤਾਬੜਤੋੜ ਹਮਲੇ ਕੀਤੇ ਜਾਂਦੇ ਹਨ। ਇਹ ਸਾਰਾ ਕੁੱਝ ਦੇਖ ਸੁਣਕੇ ਆਮ ਸਿੱਖ ਸੰਗਤ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਉਪਰੋਕਤ ਸਭ ਕੁੱਝ ਆਪਣੇ ਹੱਥੀਂ ਉਲਟਾ ਪੁਲਟੀ ਕਰਕੇ, ਗੁਰੂ ਬਾਬੇ ਦੇ ਸੰਦੇਸ਼ਾਂ ਤੋਂ ਪੂਰੀ ਤਰਾਂ ਨਾਬਰ ਹੋ ਕੇ ਫੇਰ ਵੀ ਅਸੀਂ ਕਹਿ ਸਮਝ ਰਹੇ ਹਾਂ ਕਿ ਅਸੀਂ ਬਾਬੇ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਉਸ ਦੇ ਸੱਚੇ ਸ਼ਰਧਾਲੂ ਹਾਂ। ਦਰਅਸਲ ਅਸੀਂ ਰਸਮੀ ਪੂਜਾ ਨੂੰ ਹੀ ਸਭ ਕੁੱਝ ਸਮਝੀ ਬੈਠੇ ਹਾਂ। ਅੰਦਰ ਝਾਤ ਮਾਰਨ ਦੀ ਬਜਾਏ ਕਰਮ ਕਾਂਡੀ ਬਿਰਤੀ ਦੇ ਆਦੀ ਹੋ ਚੁੱਕੇ ਹਾਂ। ਏਹੀ ਕਾਰਨ ਹੈ ਕਿ ਗੁਰਪੁਰਬ ਆਯੋਜਿਤ ਕਰਨ ਦੀ ਬਜਾਏ ਮਨਾਉਣ ‘ਚ ਉਤਸ਼ਾਹ ਤਾਂ ਜ਼ਰੂਰ ਹੈ ਭਾਵਨਾ ਦੀ ਦਿਸ਼ਾ ਸਹੀ ਨਹੀਂ। ਦਿਖਾਵਾ ਕਰਨ ਦੀ ਬਿਰਤੀ ਵਧ ਗਈ ਹੈ ਤੇ ਗੁਰੂ ਦੀਆਂ ਸਿੱਖਿਆਵਾਂ ਤੋਂ ਦੂਰ ਬਹੁਤ ਦੂਰ ਵਿਚਰ ਰਹੇ ਹਾਂ। ਗੁਰਪੁਰਬਾਂ ਦਾ ਆਯੋਜਿਨ ਕਰਨਾ ਗ਼ਲਤ ਨਹੀ ਹੈ, ਗ਼ਲਤ ਹੈ ਉਹਨਾਂ ਦੇ ਆਯੋਜਿਨ ਕਰਨ ਦਾ ਢੰਗ ਤਰੀਕਾ। ਅਜ ਦੇ ਸ਼ੁੱਭ ਦਿਹਾੜੇ ਤੇ ਸਾਨੂੰ ਸਭ ਨੁੰ ਆਤਮ ਚਿੰਤਨ ਕਰਕੇ ਆਪੋ ਆਪਣੀਆ ਜਮੀਨੀ ਹਕੀਕਤਾਂ ਤੋ ਜਾਣੂ ਹੋਣ ਦੀ ਪਹਿਲੀ ਵੱਡੀ ਤੇ ਸਖਤ ਲੋੜ ਹੈ। ਨੀਂਦ ਤੋਂ ਜਾਗਣ ਦੀ ਲੋੜ ਹੈ ਤੇ ਸੱਚੇ ਮਨੋਂ ਬਾਬੇ ਦੀਆਂ ਸਿੱਖਿਆਵਾਂ ਲੜ ਬੰਨ੍ਹਕੇ ਜਿੰਦਗੀ ਜਿਊਣ ਦਾ ਅਹਿਦ ਕਰਨਾ ਹੀ ਜਗਤ ਗੁਰੂ ਬਾਬੇ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਇਸ ਦੇ ਨਾਲ ਹੀ ਸਾਨੂੰ ਸਭਨਾ ਨੂੰ ਇਕ ਦੂਜੇ ਨੂੰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦੇਣ ਦਾ ਹੱਕ ਹੋਵੇਗਾ। ਜੇਕਰ ਚਾਰ ਦਿਨ ਦਾ ਸ਼ੋਰ ਏ ਗੁਲ ਕਰਕੇ ਚੁਪ ਹੋ ਜਾਣਾ ਹੈ ਤਾਂ ਫੇਰ ਅਰਬਾਂ ਰੁਪਏ ਖਰਚਣੇ ਬੇਅਰਥ ਰਨ ਕਿਉਂਕਿ ਅਜਿਹਾ ਕਰਨਾ ਅਡੰਬਰੀ ਬਿਰਤੀ ਨੁੰ ਪੱਠੇ ਪਾ ਕੇ ਅਡੰਬਰ ਰਚਣਾ ਤੇ ਆਪਣੀ ਹਓਮੈਂ ਨੂੰ ਕੁਝ ਸਮੇ ਲਈ ਸ਼ਾਂਤ ਕਰਨ ਤੋਂ ਕਿਸੇ ਵੀ ਤਰਾਂ ਘਟ ਜਾਂ ਵੱਖਰਾ ਨਹੀੰ ਹੋਵੇਗਾ । |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |