ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੀ ਰੂਹੇ-ਰਵਾਂ ਸੁਖਦਰਸ਼ਨ ਗਰਗ ਜੀਵਨ ਦੇ 67 ਬਸੰਤ ਹੰਢਾ ਚੁੱਕਾ ਹੈ, ਪਰ ਉਸ ਵਿੱਚ ਨੌਜਵਾਨਾਂ ਜਿਹੀ ਕਰਮਸ਼ੀਲਤਾ ਅਤੇ ਤੀਬਰਤਾ ਵੇਖੀ ਜਾ ਸਕਦੀ ਹੈ। 2016 ਵਿੱਚ ਮਹਿਕਮਾ ਲਾਈਨਿੰਗ ਤੋਂ ਬਤੌਰ ਸੀਨੀਅਰ ਸਹਾਇਕ ਸੇਵਾਮੁਕਤ ਹੋਣ ਪਿੱਛੋਂ ਉਹ ਪੂਰੀ ਲਗਨ ਤੇ ਨਿਸ਼ਠਾ ਨਾਲ ਸਾਹਿਤ ਨੂੰ ਸਮਰਪਿਤ ਹੈ। ਇਸ ਮਹਿਕਮੇ ਵਿੱਚ ਆਉਣ ਤੋਂ ਪਹਿਲਾਂ ਉਹਨੇ ਬਜਾਜੀ ਅਤੇ ਡਾਕ ਵਿਭਾਗ ਵਿੱਚ ਨੌਕਰੀ ਕੀਤੀ। ਉਂਜ ਉਹਦੀਆਂ ਸਾਹਿਤਕ ਗਤੀਵਿਧੀਆਂ 1979 ਤੋਂ ਹੀ ਸ਼ੁਰੂ ਹੋ ਗਈਆਂ ਸਨ, ਜਦੋਂ ਉਹਦੀਆਂ ਮਿੰਨੀ ਕਹਾਣੀਆਂ ਜਗਬਾਣੀ, ਅਕਾਲੀ ਪੱਤ੍ਰਿਕਾ, ਪੰਜਾਬੀ ਟ੍ਰਿਬਿਊਨ ਤੇ ਅਜੀਤ ਜਿਹੇ ਮਿਆਰੀ ਅਖ਼ਬਾਰਾਂ ਵਿੱਚ ਛਪਣ ਲੱਗ ਪਈਆਂ ਸਨ।
ਉਹਦੀਆਂ ਹੁਣ ਤੱਕ 6 ਕਿਤਾਬਾਂ (ਬਲ਼ਦਾ ਸੂਰਜ, ਸੰਪਾਦਿਤ ਗ਼ਜ਼ਲਾਂ, 1990; ਚੰਦਨ ਰੁੱਖ, ਰੁਬਾਈਆਂ, 2008; ਦੁਖਾਂ ਦੇ ਪਰਛਾਵੇਂ, ਕਵਿਤਾਵਾਂ, 2010; ਜ਼ਹਿਰੀ ਚੋਗ, ਰੁਬਾਈਆਂ, 2017; ਜਾਗ ਪਏ ਧਰਤੀ ਦੇ ਜਾਏ, ਰੁਬਾਈਆਂ, 2023; ਕੋਵਿਡ ਕੋਵਿਡ, ਰੁਬਾਈਆਂ, 2023) ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹਦੀ ਵਧੇਰੇ ਰੁਚੀ ਕਵਿਤਾ ਵਿੱਚ ਹੈ ਤੇ ਕਵਿਤਾ ਵਿੱਚੋਂ ਵੀ ਉਹਨੂੰ ਰੁਬਾਈ ਜ਼ਿਆਦਾ ਪਸੰਦ ਹੈ, ਜਿਸ ਸੰਬੰਧੀ ਉਹਦੀਆਂ 4 ਕਿਤਾਬਾਂ ਛਪ ਚੁੱਕੀਆਂ ਹਨ। ਉਂਜ ਉਹਨੇ ਕਵਿਤਾ ਤੇ ਮਿੰਨੀ ਕਹਾਣੀ ਵੀ ਲਿਖੀ ਹੈ ਤੇ ਮਿੰਨੀ ਕਹਾਣੀਆਂ ਦੀ ਕਿਤਾਬ ਵੀ ਛੇਤੀ ਹੀ ਸਾਹਮਣੇ ਆਉਣ ਵਾਲ਼ੀ ਹੈ। ਸੁਖਦਰਸ਼ਨ ਬਾਲਿਆਂਵਾਲੀ ਸਾਹਿਤ ਸਭਾ ਦਾ ਪਹਿਲਾਂ ਜਨਰਲ ਸਕੱਤਰ ਸੀ ਤੇ ਅੱਜਕੱਲ੍ਹ ਪ੍ਰਧਾਨ ਵਜੋਂ ਕੰਮ ਕਰ ਰਿਹਾ ਹੈ। ਇੱਥੇ ਉਹਨੇ ਪ੍ਰਸਿੱਧ ਕਵੀਸ਼ਰ ਮਾਘੀ ਸਿੰਘ ਗਿੱਲ ਦੇ ਨਾਂ ਤੇ ‘ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ’ ਦੀ ਸਥਾਪਨਾ ਕਰਵਾਈ, ਜਿਸ ਵਿੱਚ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀਆਂ ਕਰੀਬ 15000 ਕਿਤਾਬਾਂ ਸਮੇਤ ਦਰਜਨ ਕੁ ਮੈਗਜ਼ੀਨ ਆਉਂਦੇ ਹਨ। ਇਹ ਪੰਜਾਬ ਦੀਆਂ ਪੇਂਡੂ ਲਾਇਬ੍ਰੇਰੀਆਂ ‘ਚੋਂ ਸਭ ਤੋਂ ਵੱਡੀ ਹੈ। ਲਾਇਬ੍ਰੇਰੀ ਵਿੱਚ ਹੀ ਮੁਫ਼ਤ ਆਨਲਾਈਨ ਸੇਵਾਵਾਂ ਅਤੇ ਮੁਫ਼ਤ ਕੰਪਿਊਟਰ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਾਹਿਤ ਸਭਾ ਵੱਲੋਂ ਹੁਣ ਤੱਕ 100 ਕੁ ਸਾਹਿਤਕ ਪ੍ਰੋਗਰਾਮ ਆਯੋਜਿਤ ਕਰਵਾਏ ਜਾ ਚੁੱਕੇ ਹਨ ਤੇ ਇਹ ਸਭ ਕੁਝ ਸੁਖਦਰਸ਼ਨ ਦੀ ਸਿਰਤੋੜ ਕੋਸ਼ਿਸ਼ ਸਦਕਾ ਹੈ। ਇਸ ਸਾਹਿਤ ਸਭਾ ਤੋਂ ਇਲਾਵਾ ਸੁਖਦਰਸ਼ਨ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਹਾਸ ਵਿਅੰਗ ਅਕਾਦਮੀ, ਰਾਮ ਨਾਟਕ ਕਲੱਬ ਬਾਲਿਆਂਵਾਲੀ, ਸ਼ਬਦ ਤ੍ਰਿੰਞਣ ਸੋਸਾਇਟੀ, ਸਾਹਿਤ ਸਿਰਜਣਾ ਮੰਚ ਬਠਿੰਡਾ ਆਦਿ ਨਾਲ ਜੀਵਨ ਮੈਂਬਰ, ਜਨਰਲ ਸਕੱਤਰ, ਸਰਪ੍ਰਸਤ ਵਜੋਂ ਜੁੜਿਆ ਹੋਇਆ ਹੈ। 2023 ਵਿੱਚ ਉੱਤੋੜੁੱਤੀ ਪ੍ਰਕਾਸ਼ਿਤ ਉਹਦੇ ਦੋ ਰੁਬਾਈ ਸੰਗ੍ਰਹਿ ਕ੍ਰਮਵਾਰ ਕਿਸਾਨੀ ਅੰਦੋਲਨ ਅਤੇ ਕੋਰੋਨਾ ਕਾਲ ਨਾਲ਼ ਸੰਬੰਧਿਤ ਹਨ। ਕਿਸੇ ਸਮੇਂ ਰੁਬਾਈ ਕਾਵਿਰੂਪ ਨੂੰ ਭਾਈ ਵੀਰ ਸਿੰਘ, ਮੋਹਨ ਸਿੰਘ ਦੀਵਾਨਾ, ਸ਼ਾਮਦਾਸ ਆਜਿਜ਼, ਪ੍ਰੋ. ਮੋਹਨ ਸਿੰਘ, ਉਸਤਾਦ ਹਮਦਮ, ਵਿਧਾਤਾ ਸਿੰਘ ਤੀਰ, ਫ਼ਿਰੋਜ਼ਦੀਨ ਸ਼ਰਫ਼ ਆਦਿ ਨੇ ਬੁਲੰਦੀਆਂ ਤੇ ਚੜ੍ਹਾਇਆ, ਪਰ ਹੁਣ ਇਸ ਵਿੱਚ ਗਿਣੇ-ਚੁਣੇ ਕਵੀ ਹੀ ਕਾਵਿ-ਰਚਨਾ ਕਰਦੇ ਹਨ। ਸੁਖਦਰਸ਼ਨ ਰਚਿਤ ਇਨ੍ਹਾਂ ਸੰਗ੍ਰਹਿਆਂ ਵਿੱਚੋਂ ਕੁਝ ਉਦਾਹਰਣਾਂ ਪੇਸ਼ ਹਨ : * ਟੌਲ ਪਲਾਜ਼ੇ ਖਾਲੀ ਖੜਕਣ। * ਸੀਤ ਲਹਿਰ ਵਿੱਚ ਚੁੱਲੇ ਮਘਦੇ। * ਥਾਲੀਆਂ ਵਜਾ ਕੇ ਕੰਮ ਨਹੀਂ ਬਣਨਾ। * ਉੱਡਦੇ ਪੰਛੀ ਵਿੱਚ ਆਕਾਸ਼ਾਂ। ਕਵਿਤਾ ਦੀ ਇਸ ਛੋਟੇ ਆਕਾਰ ਦੀ ਵਿਧਾ ਵਿੱਚ ਇੱਕ-ਇੱਕ ਵਿਸ਼ੇ (‘ਕਿਸਾਨੀ ਅੰਦੋਲਨ’, ‘ਕੋਰੋਨਾ’) ਤੇ ਦੋ ਸੰਪੂਰਨ ਕਾਵਿ- ਸੰਗ੍ਰਹਿ ਰਚ ਕੇ ਸੁਖਦਰਸ਼ਨ ਗਰਗ ਨੇ ਵਾਕਈ ਮੁਸ਼ੱਕਤ ਦਾ ਕਾਰਜ ਕੀਤਾ ਹੈ। ਹਲੀਮੀ, ਮਿੱਠਾ ਬੋਲਣਾ, ਪਰਉਪਕਾਰਤਾ ਜਿਹੇ ਮੀਰੀ ਗੁਣਾਂ ਦੇ ਧਾਰਨੀ ਸੁਖਦਰਸ਼ਨ ਤੋਂ ਭਵਿੱਖ ਵਿੱਚ ਹੋਰ ਵੀ ਸਾਹਿਤ ਵਿਧਾਵਾਂ ਦੀਆਂ ਕਿਤਾਬਾਂ ਦੀ ਉਡੀਕ ਰਹੇਗੀ…। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015