24 April 2026

“ਉਮਰ ਦੇ ਇਸ ਮੋੜ ਤੀਕ”,…ਸੁਖਵਿੰਦਰ ਕੰਬੋਜ ਦੀ ਸਿਰਜਣਾ ਦਾ ਖ਼ੂਬਸੂਰਤ ਲੇਖਾ-ਜੋਖਾ!! — ਡਾ. ਕੁਲਵਿੰਦਰ ਸਿੰਘ ਬਾਠ

ਦੋਸਤੋ, ਜਦ ਕਦੇ ਵੀ ਨਾਰਥ ਅਮਰੀਕਾ ਦੇ ਪੰਜਾਬੀ ਸਾਹਿਤ ਅਤੇ ਸਾਹਿਤ ਨੂੰ ਸਿਰਜਣ ਵਾਲੇ ਲੇਖਕਾਂ ਦੀ ਗੱਲ ਛਿੜਦੀ ਹੈ ਤਾਂ ਨਿਰਸੰਦੇਹ ਸੁਖਵਿੰਦਰ ਕੰਬੋਜ ਦਾ ਨਾਮ ਖ਼ੁਦ-ਬ-ਖ਼ੁਦ ਉੱਭਰ ਆਉਂਦਾ ਹੈ। ਆਕਾਸ਼ ਵਿੱਚ ਚਮਕਦੇ ਵੰਨ-ਸੁਵੰਨੇ ਸਿਤਾਰਿਆਂ ਦੇ ਦਰਮਿਆਨ ਇੱਕ ਅਲੌਕਿਕ ਖਿੱਚ ਵਾਲੇ ‘ਧਰੂ ਤਾਰੇ’ ਦੀ ਤਰਾਂ। ਸੁਖਵਿੰਦਰ ਇੱਕ ਬਹੁ-ਪੱਖੀ ਅਤੇ ਬਹੁ-ਪਰਤੀ ਲੇਖਣੀ ਵਾਲਾ ਸੰਵੇਦਨਸ਼ੀਲ ਅਤੇ ਬੇਬਾਕ ਲੇਖਕ ਹੈ!

ਖ਼ੂਬਸੂਰਤ ਕੈਲੀਫ਼ੋਰਨੀਆ ਦੇ ਬੇ-ਏਰੀਏ ਨਾਲ ਸਬੰਧਿਤ ਸੁਖਵਿੰਦਰ ਕੰਬੋਜ ਦੀ ਪੰਜਾਬੀ ਸਾਹਿਤ ਅਤੇ ਖ਼ਾਸ ਕਰਕੇ ਪਰਵਾਸੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਦੀ ਗੱਲ ਸਿਰਫ਼ ਸੰਖੇਪ ਵਿੱਚ ਹੀ ਕਰੀਏ ਤਾਂ ਉਸ ਨੇ 4 ਕਾਵਿ-ਸੰਗ੍ਰਹਿ ਅਤੇ 2 ਅਮਰੀਕੀ ਪੰਜਾਬੀ ਕਾਵਿ-ਸੰਗ੍ਰਹਿ ਸੰਪਾਦਨ ਕੀਤੇ ਹਨ। ਉਸ ਦੀ ਵਿਲੱਖਣਤਾ ਇਹ ਵੀ ਹੈ ਕਿ ਉਹ ਥੋਕ ਦੇ ਹਿਸਾਬ ਕਿਤਾਬਾਂ ਨਹੀਂ ਲਿਖਦਾ। ਕਦੇ-ਕਦੇ ਤਾਂ ਇੰਜ ਵੀ ਮਹਿਸੂਸ ਹੁੰਦਾ ਹੈ ਕਿ ਉਹਦੇ ਮਨ ਦੇ ਅਹਿਸਾਸ ਸ਼ਬਦਾਂ ਦਾ ਰੂਪ ਲੈਣ ਤੋਂ ਚਿਰ ਪਹਿਲਾਂ ਸਹਿਜੇ-ਸਹਿਜੇ ਰਿੱਝਦੇ ਹਨ ਅਤੇ ਫਿਰ ਇਕ ਸੁਹਜਮਈ ਅੰਦਾਜ਼ ਵਿੱਚ ਪਾਠਕਾਂ ਨਾਲ ਸੰਵਾਦ ਰਚਾਉਂਦੇ ਹਨ ਤੇ ਕਿੱਕਲੀਆਂ ਪਾਉਂਦੇ ਹਨ।

ਸਾਹਿਤ ਪ੍ਰੇਮੀ ਜਾਣਦੇ ਹਨ ਕਿ ਚੰਗੀਆਂ ਸਾਹਿਤ ਸਭਾਵਾਂ ਸਾਹਿਤ ਦੀ ਬੇਹਤਰੀ ਲਈ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਸਾਹਿਤ ਸਿਰਜਣਾ ਦੇ ਨਾਲ਼ ਨਾਲ਼ ਸੁਖਵਿੰਦਰ ਕੰਬੋਜ ਕੈਲੀਫੋ਼ਰਨੀਆ ਦੀਆਂ ਪੰਜਾਬੀ ਸਾਹਿਤ ਸਭਾਵਾਂ ਦਾ ਮੋਢੀ ਵੀ ਹੈ। ਪੰਜਾਬੀ ਸਾਹਿਤ ਦੀਆਂ ਜਾਣੀਆਂ ਪਛਾਣੀਆਂ ਸ਼ਖ਼ਸੀਅਤਾਂ ਡਾ. ਗੁਰੂਮੇਲ ਸਿੱਧੂ ਅਤੇ ਸੁਰਿੰਦਰ ਸੀਰਤ ਦੇ ਮੋਢਿਆਂ ਨਾਲ਼ ਮੋਢਾ ਲਾਉਂਦਿਆਂ ਸੁਖਵਿੰਦਰ ਨੇ ‘ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ’ ਅਤੇ ਫਿਰ ਸਿਰਮੌਰ ਸੰਸਥਾ ‘ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ)’ ਕੈਲੀਫ਼ੋਰਨੀਆ ਦੀ ਸਥਾਪਨਾ ਕੀਤੀ।

ਇਹ ਕੌੜਾ ਸੱਚ ਹੈ ਕਿ ਅਜੋਕੇ ਸਮੇਂ ਦਾ ਲੇਖਕ ਸਮਾਜ ਨਾਲ਼ੋਂ ਟੁੱਟ ਕੇ ਦੂਰ ਹੁੰਦਾ ਜਾ ਰਿਹਾ ਹੈ। ਇਨਕਲਾਬੀ ਰੂਹ ਵਾਲੀ ਕਵਿਤਾ ਦਾ ਸਿਰਜਕ ਸੁਖਵਿੰਦਰ ਕੰਬੋਜ ਜਿੱਥੇ ਲੋਕਾਂ ਦੇ ਹਿਤਾਂ ਦੀ ਗੱਲ ਕਰਦਾ ਹੈ, ਬੇਇਨਸਾਫ਼ੀਆਂ ਖਿਲਾਫ਼ ਝੰਡਾ ਚੁੱਕਦਾ ਹੈ ਉੱਥੇ ਹੀ ਉਸ ਦੀ ਸਿਰਜਣਾ ਵਿੱਚ ਵੰਨ-ਸੁਵੰਨਤਾ ਵੀ ਨਜ਼ਰੀਂ ਪੈਂਦੀ ਹੈ। ਉਸ ਨੂੰ ਸਮਾਜਿਕ, ਆਰਥਿਕ, ਸਿਆਸੀ ਤੇ ਸੱਭਿਆਚਾਰਕ ਤਾਣਿਆ-ਬਾਣਿਆਂ ਦੀਆਂ ਗੁੰਝਲਦਾਰ ਤੰਦਾਂ ਦੀ ਸਮਝ ਹੈ। ਕਵਿਤਾ ਮਾਨਵਤਾ ਵਿਰੋਧੀ ਵਰਤਾਰਿਆਂ ਦੀ ਚਿੰਤਾ, ਚਿੰਤਨ ਅਤੇ ਚੇਤਨ ਦਾ ਸੰਵਾਦ ਛੇੜਦੀ ਹੈ। ਉਸ ਦੇ ਸ਼ਬਦਾਂ ਦੇ ਬੋਲਾਂ ਵਿੱਚ ਦੇਸ ਅਤੇ ਪਰਦੇਸ ਦੀ ਜ਼ਿੰਦਗੀ ਦੇ ਅਨੁਭਵ ਤੇ ਅਹਿਸਾਸ ਬੋਲਦੇ ਹਨ। ਇਹ ਵੰਨਗੀ ਉਸ ਦੇ ਸੰਵੇਦਨਸ਼ੀਲ ਕਾਵਿ-ਮਨ ਨੂੰ ਪ੍ਰਗਟਾਉਂਦਿਆਂ ਉਸ ਦੀ ਸਿਰਜਣਾ ਨੂੰ ਚਾਰ ਚੰਨ ਲਗਾਉਂਦੀ ਹੈ। ਸੰਵੇਦਨਸ਼ੀਲ ਅਤੇ ਕਾਵਿ ਮਨ ਵਾਲੇ ਨੇਤਰ ਦਾ ਕਮਾਲ ਸੁਖਵਿੰਦਰ ਕੰਬੋਜ ਦੀ ਲਿਖਤ ‘ਚ ਸਾਫ਼ ਝਲਕਦਾ ਹੈ। ਸੁਖਵਿੰਦਰ ਨੰ ਗੱਲ ਕਹਿਣ ਦੀ ਜਾਚ ਹੈ ਅਤੇ ਉਹਦੀ ਕਵਿਤਾ ਉਸ ਦੇ ਮਨ ਦੇ ਵਲਵਲਿਆਂ ਦੀ ਸੁਹਜਮਈ ਤਰਜਮਾਨੀ ਕਰਦੀ ਹੈ। ਸ਼ਾਇਰੀ ਵਿਚਲਾ ਰੰਗ, ਰਾਗ ਅਤੇ ਰਸ ਨਿਰਸੰਦੇਹ ਸੁਹਿਰਦ ਪਾਠਕ ਦੀ ਰੂਹ ਨੂੰ ਧੂਹ ਪਾਉਂਦਾ ਹੈ।

ਆਮ ਲੋਕਾਂ ਦੀਆਂ ਜੜ੍ਹਾਂ ਨਾਲ਼ ਜੁੜੇ, ਨਿਰੋਲ ਤੇ ਨਿਰਸਵਾਰਥ ਸੋਚ ਦੇ ਧਾਰਨੀ ਸੁਖਵਿੰਦਰ ਕੰਬੋਜ ਦੀ ਇਹ ਖ਼ਾਸੀਅਤ ਵੀ ਪਾਠਕਾਂ ਨਾਲ ਸਾਂਝੀ ਕਰਨੀ ਬਣਦੀ ਹੈ ਕਿ ਉਹ ‘ਜੁਝਾਰੂ ਕਵਿਤਾ ਦਾ ਸਿਰਨਾਵਾਂ’ ਹੁੰਦਿਆਂ ਵੀ ਖ਼ੁਦ ਨੂੰ ਨਿਮਾਣਾ ਸਮਝਦਾ ਹੈ। ਨਵੇਂ ਪੁੰਗਰਦੇ ਲੇਖਕਾਂ ਦੇ ਹੌਸਲੇ ਬੁਲੰਦ ਕਰਦਾ ਰਹਿੰਦਾ ਹੈ। ਉਸ ਦੀ ਇਹ ਵਿਲੱਖਣਤਾ ਨਿਰਸੰਦੇਹ ਉਸ ਨੂੰ ‘ਜ਼ਿੰਦਗੀ ਦੀ ਕਿਤਾਬ’ ਦਾ ਸਮਰੱਥ ਲੇਖਕ ਬਣਾ ਦਿੰਦੀ ਹੈ। ਇਹ ਵਿਸ਼ੇਸ਼ਤਾ ਅਕਸਰ ‘ਵੱਡੇ ਲੇਖਕਾਂ’ ਵਿੱਚ ਗਾਇਬ ਹੁੰਦੀ ਹੈ। ਸੁਖਵਿੰਦਰ ਦੀ ਸ਼ਖਸੀਅਤ ਅਤੇ ਸਾਹਿਤਕ ਸਫ਼ਰ ਉੱਪਰ ਲੰਮਾ ਚੌੜਾ ਲੇਖ ਹੀ ਨਹੀਂ, ਬਲਕਿ, ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਫਿਲਹਾਲ ਗੱਲ ਉਸ ਦੇ ਕਾਵਿ ਸੰਗ੍ਰਹਿ “ਉਮਰ ਦੇ ਇਸ ਮੋੜ ਤੀਕ” ‘ਤੇ ਹੀ ਕੇਂਦ੍ਰਿਤ ਰੱਖਦੇ ਹਾਂ।

ਉਮਰ ਦੇ ਇਸ ਮੋੜ ਤੀਕ”,…

ਸੁਖਵਿੰਦਰ ਕੰਬੋਜ ਦੀ ਸਿਰਜਣਾ ਦਾ ਖ਼ੂਬਸੂਰਤ ਲੇਖਾਜੋਖਾ!!

ਆਪਣੇ ਲੰਮੇ ਸਾਹਿਤਕ ਸਫ਼ਰ ਦੇ ਪੈਂਡਿਆਂ ‘ਤੇ ਚੱਲਦਿਆਂ-ਚੱਲਦਿਆਂ ਜਦ ਸੁਖਵਿੰਦਰ ਕੰਬੋਜ ਜ਼ਰਾ ਕੁ ਖੜ੍ਹ ਕੇ ‘ਦਮ ਭਰਦਾ’ ਹੈ… ਤਾਂ ਪੰਜਾਬੀ ਸਾਹਿਤ ਦਾ ਜਾਣਿਆ ਪਛਾਣਿਆ ਸ਼ਖ਼ਸ ‘ਸੁਰਜੀਤ ਜੱਜ’ ਉਸ ਨਾਲ਼ ਆ ਰਲ਼ਦਾ ਹੈ। “ਉਮਰ ਦੇ ਇਸ ਮੋੜ ਤੀਕ”… ਇਨ੍ਹਾਂ ਦੋਹਾਂ ਸੱਜਣਾਂ ਦੀ ‘ਸੁਖਵਿੰਦਰ ਕੰਬੋਜ ਦੇ ਸਾਹਿਤਕ ਸਫ਼ਰ’ ਉੱਪਰ ਪਿਛਲ-ਝਾਤ ਹੈ, ਲੇਖਾ-ਜੋਖਾ ਹੈ ਅਤੇ ਰਚਨਾਤਮਿਕ ਪ੍ਰਕਿਰਿਆ ਦੇ ਇਸ ਮੀਲ-ਪੱਥਰ ਤੀਕਰ ਦਾ ਸਵੈ-ਮੁਲਾਂਕਣ ਹੈ। ਪਾਠਕਾਂ ਨਾਲ਼ ਇਹ ਵੀ ਸਾਂਝਾ ਕਰਨਾ ਬਣਦਾ ਹੈ ਕਿ ਸੁਖਵਿੰਦਰ ਕੰਬੋਜ ਦੀ ਸਾਹਿਤਿਕ ਸਿਰਜਣਾ ਦਾ ਸਫ਼ਰ ਅੱਜ ਵੀ ਨਿਰੰਤਰ ਜਾਰੀ ਹੈ। ਉਸ ਦੀ ਸਾਹਿਤਕ ਪਰਵਾਜ਼ ਨਿਰਸੰਦੇਹ ਉੱਚੀ ਤੇ ਲੰਮੀ ਹੈ। ਸੰਵੇਦਨਸ਼ੀਲਤਾ, ਉੱਚੀ ਸੋਚ ਅਤੇ ਸਮਾਜਿਕ ਸਰੋਕਾਰਾਂ ਦੀ ਗਹਿਰਾਈ ਉਸ ਦੀ ਸ਼ਾਇਰੀ ਦੀ ਡੂੰਘੀ ਨੀਂਹ ਬਣਦੇ ਹਨ।

ਆਪਣੇ ਘਰ-ਪਰਿਵਾਰ ਦੇ ਮੈਂਬਰਾਂ ਨੂੰ ਸਮਰਪਿਤ, 416 ਪੰਨਿਆਂ ਦੀ ਇਸ ਵੱਡਆਕਾਰੀ ਪੁਸਤਕ ਨੂੰ ਸੁਰਜੀਤ ਜੱਜ ਨੇ ਸੰਪਾਦਿਤ ਕੀਤਾ ਹੈ, ਜਿਸ ਵਿੱਚ ਸੁਖਵਿੰਦਰ ਕੰਬੋਜ ਦੇ 3 ਵਿਭਿੰਨ ਵਿਸ਼ਿਆਂ ਵਾਲੇ ਕਾਵਿ ਸੰਗ੍ਰਹਿ – ‘ਜਾਗਦੇ ਅੱਖਰ, ‘ਇੱਕੋ ਜਿਹਾ ਦੁੱਖ’ ਅਤੇ ‘ਨਵੇਂ ਸੂਰਜ’, ਸ਼ਾਮਲ ਕੀਤੇ ਗਏ ਹਨ। ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਵਿਭਿੰਨ ਰੰਗਾਂ ਰੂਪਾਂ ਤੇ ਸਾਰਥਿਕ ਸੁਨੇਹਿਆਂ ਨਾਲ ਲਬਰੇਜ਼ 172 ਕਵਿਤਾਵਾਂ ਪਾਠਕ ਨੂੰ ਸੁਖਵਿੰਦਰ ਕੰਬੋਜ ਦੀ ਸਾਧਨਾ ਅਤੇ ਸਿਰਜਾਣਤਮਿਕ ਸਮਰੱਥਾ ਦਾ ਕਾਇਲ ਬਣਾਉਂਦੀਆਂ ਹਨ।

ਅਜੋਕੇ ਸਮੇਂ ‘ਚ ਪੰਜਾਬੀਆਂ ਦੇ ਪਰਵਾਸ ਦਾ ਹੜ੍ਹ ਸਭ ਹੱਦਾਂ ਕੰਢੇ ਪਾਰ ਗਿਆ ਹੈ। ਪੁਸਤਕ ਦੇ ਪਹਿਲੇ ਭਾਗ ਦੀ ਪਹਿਲੀ ਕਵਿਤਾ ਪਰਵਾਸੀ ਅਤੇ ਪਰਵਾਸ ਦੀ ਤ੍ਰਾਸਦੀ ‘ਤੇ ਕੇਂਦ੍ਰਿਤ ਹੈ। ਪਰਦੇਸੀਆਂ ਦਾ ਤਨ ਪਰਦੇਸ ਵਿੱਚ ਹੁੰਦਿਆਂ ਹੋਇਆਂ ਵੀ ਮਨ ਆਪਣੇ ਦੇਸ ਪੰਜਾਬ ਵਿੱਚ ਗੁਆਚਾ ਰਹਿੰਦਾ ਹੈ। “ਇੱਕੋ ਜਿਹਾ ਦੁੱਖ” ਕਵਿਤਾ ਵਿੱਚ ਸੁਖਵਿੰਦਰ ਨੇ ‘ਪਰਦੇਸ ਦਾ ਉਹਲਾ’ ਅਤੇ ‘ਪਰਦੇਸੀਆਂ ਦੀ ਮਨੋਦਸ਼ਾ’ ਨੂੰ ਬਾਖ਼ੂਬੀ ਨਾਲ਼ ਪਾਠਕਾਂ ਦੇ ਸਨਮੁੱਖ ਕੀਤਾ ਹੈ…

ਮਿਤਰੋ…
ਤੁਹਾਡੇ ਕੋਲ ਘੱਟੋ ਘੱਟ ਸਮਾਂ ਤਾਂ ਹੈ
ਤਰੇਲ ਧੋਤੀਆਂ ਕਣਕਾਂ ਨੂੰ ਨਿਹਾਰਨ ਦਾ
ਤੇ ਸ਼ਾਮਾਂ ਨੂੰ ਪਤਾ ਨਹੀਂ ਕਿਹੜੇ ਕਿਹੜੇ ਘਰਾਂ ਨੂੰ ਜਾਂਦੇ
ਪੰਛੀਆਂ ਦੀਆਂ ਡਾਰਾਂ ਨੂੰ ਤੱਕਣ ਦਾ

ਅਤੇ ਸਾਡੇ ਕੋਲ ਇੱਥੇ
ਤਾਂ ਮਰਨ ਦਾ ਵਿਹਲ ਨਹੀਂ

“ਪਿਤਾ ਤੇ ਮੈਂ” ਅਤੇ “ਤੇਰਾ ਗੁੱਸਾ” ਕਵਿਤਾਵਾਂ ਵਿੱਚ ਸੁਖਵਿੰਦਰ ਕੰਬੋਜ ਦੀ ਲੋਕ ਹਿਤਾਂ ਦੀ ਖ਼ਾਤਰ ਜੁਝਾਰੂ ਅਤੇ ਇਨਕਲਾਬੀ ਸੋਚ ਦਾ ਪ੍ਰਗਟਾਵਾ ਹੈ। ਇਸ ਦੇ ਨਾਲ਼ ਹੀ ਦੂਸਰੇ ਵਿਦਵਾਨਾਂ ਅਤੇ ਲੀਡਰਾਂ ਵਾਸਤੇ ਵੰਗਾਰ ਵੀ…

ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਅੱਜ ਕੱਲ੍ਹ
ਤੇ ਅਸੀਂ ਹਾਂ ਕਿ ਹਾਲੇ ਤੱਕ
ਇਹ ਨਿਰਣਾ ਨਹੀਂ ਕਰ ਸਕੇ
ਕਿ ਖੱਬਾ ਪੈਰ ਚੰਗਾ ਹੈ ਜਾਂ ਸੱਜਾ ਪੈਰ
ਜਦੋਂ ਕਿ ਤੁਰਨ ਲਈ ਤਾਂ ਯਾਰੋ
ਦੋਹਾਂ ਹੀ ਪੈਰਾਂ ਦੀ ਜ਼ਰੂਰਤ ਹੈ।

ਇਹ ਕਹਿੰਦੇ ਨੇ
ਇਹ ਕਵਿਤਾ ਨਹੀਂ, ਇਹ ਤਾਂ ਸਿੱਧਾ ਨਾਹਰਾ ਹੈ
ਮੈਂ ਪੁੱਛਦਾ ਹਾਂ, ਉਨ੍ਹਾਂ ਚਿੰਤਕਾਂ, ਆਲੋਚਕਾਂ ਤੋਂ
ਕੀ ਜੀਵਨ ਸਿਰਫ ਸਹਿਜਤਾ ਦਾ ਹੀ ਨਾਮ ਹੈ?
ਕੀ ਦੇਹ ਤੋਂ ਪਰੇ ਕਵਿਤਾ ਖ਼ਤਮ ਹੈ?

ਆਪਣੀ ਜੀਵਨ ਸਾਥਣ ‘ਨਵਦੀਪ’ ਨੂੰ ਸਮਰਪਿਤ ਕੀਤੀਆਂ ਰਚਨਾਵਾਂ “ਸਮਰਪਣ” ਅਤੇ “ਤੂੰ ਮੇਰੇ ਕੋਲ ਹੈਂ” ਵਿੱਚ ਸੁਖਵਿੰਦਰ ਕੰਬੋਜ ਦੇ ਕਾਵਿ ਮਨ ਦੇ ਇਸ ਰੰਗ-ਰੂਪ-ਰਸ ਨੂੰ ਵੀ ਜਾਣੋ ਅਤੇ ਮਾਣੋ…

ਮੈਨੂੰ ਲੱਗਦਾ
ਮੈਂ ਉਹਦੇ ਪਿਆਰ ‘ਚ
ਉਸ ਤਰ੍ਹਾਂ ਨਹੀਂ ਡੁੱਬਿਆ
ਜਿਵੇਂ ਉਹ ਡੁੱਬੀ ਹੈ…

ਤੂੰ ਕੋਈ ਆਈਫ਼ਲ ਟਾਵਰ ‘ਤੇ ਤਾਂ ਨਹੀਂ ਹੈ
ਨਵਦੀਪ!
ਤੂੰ ਕਿਤੇ ਵੀ ਜਾ…
… ਤੂੰ ਮੇਰੇ ਕੋਲੋਂ ਭੱਜ ਹੀ ਨਹੀਂ ਸਕਦੀ

ਜ਼ਿੰਦਗੀ ਬਹੁਤਾ ਕਰਕੇ ਇਕਸਾਰ ਨਹੀਂ ਚੱਲਦੀ। ਇਸ ਉਤਰਾਅ-ਚੜ੍ਹਾਅ ਵਿੱਚ ਕੁਝ ਸੱਜਣ ਪਿਆਰੇ ਸਦਾ ਲਈ ਵਿੱਛੜ ਜਾਂਦੇ ਹਨ, ਕੁਝ ਜਿਉਂਦੇ ਜੀਅ ਛੱਡ ਜਾਂਦੇ ਨੇ, ਕੁਝ ਕੁ ਤੋਂ ਅਸਾਂ ਆਪ ਪਰ੍ਹੇ ਹੋ ਜਾਂਦੇ ਹਾਂ ਅਤੇ ਕੁਛ ਇੱਕ ਤੋਂ ਸਾਨੂੰ ਪਰ੍ਹੇ ਧੱਕ ਦਿੱਤਾ ਜਾਂਦਾ ਹੈ। ਕਾਰਨ ਕੋਈ ਵੀ ਹੋਵੇ ਪਰ ਮਨ ਵਿੱਚ ਕਿਤੇ ਨਾ ਕਿਤੇ ਪਛਤਾਵਾ ਜ਼ਰੂਰ ਰਹਿੰਦਾ ਹੈ। ਵਕਤ-ਬੇਵਕਤ ਮਨ ਦੇ ਕੈਨਵਸ ‘ਤੇ ਉੱਕਰੀਆਂ ਅਜਿਹੀਆਂ ਕੌੜੀਆਂ-ਮਿੱਠੀਆਂ ਯਾਦਾਂ ਮਨ ਨਾਲ਼ ਹੀ ਸੰਵਾਦ ਰਚਾਉਂਦੀਆਂ ਹਨ।

ਮੰਨਿਆ ਜਾਂਦਾ ਹੈ ਕਿ ਰਿਸ਼ਤਿਆਂ ਦੇ ਤਾਣਿਆਂ-ਬਾਣਿਆਂ ਵਿਚ ਮਾਂ ਦਾ ਰਿਸ਼ਤਾ ਬੜਾ ਨਾਜ਼ੁਕ ਹੁੰਦਾ ਹੈ। ਯਕੀਨਨ ਹੀ ‘ਨਾੜੂ ਦੀ ਸਾਂਝ’ ਕਾਰਨ। ਮਾਂ ਅਤੇ ਬਾਪ ਤੁਰ ਜਾਣ ਤੋਂ ਚਿਰ ਬਾਅਦ ਵੀ ਸਾਡੇ ਮਨਾਂ ਵਿੱਚ ਵੱਸਦੇ ਰਹਿੰਦੇ ਹਨ। “ਮਾਂ ਲਈ” ਅਤੇ “ਪਿਤਾ” ਕਵਿਤਾਵਾਂ ਸੁਖਵਿੰਦਰ ਦੇ ਮਨ ਦੇ ਵਲਵਲਿਆਂ ਨੂੰ ਪ੍ਰਗਟਾਉਂਦੀਆਂ ਹਨ…

ਤੁਰ ਗਈ ਏ ਮਾਂ
ਲੰਮੀ ਮੁਗ਼ਲ ਬਿਮਾਰੀ ਨਾਲ ਯੁੱਧ ਕਰਕੇ
ਛੱਡ ਗਈ ਏ ਪਿੱਛੇ
ਮੋਹ ਭਰੀਆਂ ਯਾਦਾਂ…

ਮੇਰੇ ਪਿਤਾ ਦੇ ਚਿਹਰੇ ‘ਤੇ
ਸਿਰਫ਼ ਇਕ ਉਹਦਾ ਹੀ ਚਿਹਰਾ ਸੀ
ਮੇਰੇ ਵਾਂਗ ਅਨੇਕਾਂ ਚਿਹਰਿਆਂ ਦਾ
ਕੋਲਾਜ਼ ਨਹੀਂ ਸੀ…

ਸਮਾਜ ਨੂੰ ਬਦਲਣ ਲਈ ਮਨੁੱਖ ਨੂੰ ਖ਼ੁਦ ਅੰਦਰੋਂ ਬਦਲਣਾ ਪਵੇਗਾ। ਇਨਕਲਾਬੀ ਸੋਚ ਵਾਲਾ ਕੰਬੋਜ ਕਰ ਰਿਹਾ “ਮਾਰਕਸ ਦੀ ਵਾਪਸੀ” ਦੀ ਗੱਲ ਆਪਣੇ ਹੀ ਅੰਦਾਜ਼ ਵਿੱਚ…

ਮੈਂ ਆਵਾਂਗਾ
ਕਿ ਆਉਣ ਤੋਂ ਬਿਨਾਂ
ਕੋਈ ਚਾਰਾ ਨਹੀਂ ਹੈ
ਕਿੱਥੇ ਲੁਕਾਵਾਂਗਾ ਮੈਂ
ਆਪਣੇ ਲੋਕਾਂ ਦਾ ਦਰਦ…

ਪੁਸਤਕ ਦਾ ਦੂਸਰਾ ਭਾਗ ਸੁਖਵਿੰਦਰ ਨੇ ਆਪਣੇ ਸਨੇਹੀ ਪਾਸ਼ ਅਤੇ ਗੁਰਦੀਪ ਸਿੰਘ ਨੂੰ ਸਮਰਪਿਤ ਕੀਤਾ ਹੈ। ਕੈਲੀਫ਼ੋਰਨੀਆ ਦੀ “ਸੇਨ ਹੋਜੇ਼ ਸ਼ਹਿਰ ਦੀ ਰਾਤ” ਵਿੱਚੋਂ ਦੁਆਬੇ ਦੇ ਆਪਣੇ ਪਿੰਡ ਦੀ ਰਾਤ ਜਿਹੀ ਰਾਤ ਭਾਲਦਾ ਹੈ…

ਇਹ ਸ਼ਹਿਰ ਮੇਰੇ ਪਿੰਡ ਵਾਂਗ ਕਿਉਂ ਨਹੀਂ ਸੌਂਦਾ
ਜਾਗਦਾ ਰਹਿੰਦਾ ਹੈ ਸਾਰੀ ਰਾਤ, ਇਹ ਸ਼ਹਿਰ
ਇਸ ਸ਼ਹਿਰ ਨੂੰ ਜਾਗਣਾ ਦਾ ਸਰਾਪ ਹੈ।

“ਸਰਘੀ ਦਾ ਤਾਰਾ” ਵੀ ਇੱਕ ਭਾਵਪੂਰਤ ਕਵਿਤਾ ਹੈ…

ਕੋਈ ਤਾਂ ਬਾਤ ਪਾ
ਕੋਈ ਤਾਂ ਛੇੜ ਕਥਾ…
ਕਿ ਹਵਾਵਾਂ ਦੇ ਸਫ਼ੇ ਅਰਥਾਂ ਨਾਲ਼ ਭਰ ਜਾਣ

ਸੱਤ੍ਹਾਧਾਰੀਆਂ ਦੀਆਂ ਪ੍ਰੰਪਰਾਵਾਂ ਸਮੇਂ ਨਾਲ ਵੀ ਨਹੀਂ ਬਦਲਦੀਆਂ। ਸੱਤ੍ਹਾਧਾਰੀ ਆਪਣੀ ਬਿਸਾਤ ਵਿਛਾਉਂਦਿਆਂ ਇਹ ਖ਼ਿਆਲ ਰੱਖਦੇ ਹਨ ਕਿ ਤਾਕਤਵਰ ਮੋਹਰੇ ਉਨ੍ਹਾਂ ਦੀਆਂ ਉਗਲੀਆਂ ‘ਤੇ ਨੱਚਣ, ਪੁਤਲੀਆਂ ਦੇ ਨਾਚ ਵਾਂਗ। ਆਮ ਲੋਕ ਤਾਂ ਸਿਰਫ਼ ਪਿਆਦੇ ਹਨ ਜੋ ਵਰਤੇ ਜਾਂਦੇ ਹਨ। ਇਤਿਹਾਸ ਫਰੋਲਦਿਆਂ ਇਹ ਵਰਤਾਰੇ ਵਾਰ-ਵਾਰ ਅਤੇ ਹਰ ਵਾਰ ਰਲਦੇ ਮਿਲਦੇ ਜਾਪਦੇ ਹਨ। ਲੋਕਾਂ ਨੂੰ ਉਕਸਾਉਣ, ਲੜਾਉਣ, ਮਰਨ-ਮਰਾਉਣ ਦੇ ਪਿੱਛੇ ਕੁਰਸੀ ਅਤੇ ਚੌਧਰ ਨੂੰ ਬਚਾਉਣਾ ਹੀ ਹੁੰਦਾ ਹੈ। “ਹਨੇਰਿਆਂ ਲਈ” ਰਚਨਾ ਵਿੱਚ ਸੁਖਵਿੰਦਰ ਭਟਕੇ ਹੋਏ ਲੋਕਾਂ ਨਾਲ਼ ਮਨ ਦੀ ਗੱਲ ਕਰ ਰਿਹਾ ਹੈ…

.. ਕੁਰਸੀ ਦਾ ਤਾਂ ਇਕ ਹੀ ਧਰਮ ਹੁੰਦਾ ਹੈ
ਸੱਤ੍ਹਾ ਤੇ ਪ੍ਰਬੰਧ ਦੇ ਮੋਏ ਘੋੜਿਆਂ ਨੂੰ
ਸਮੇਂ ਦਾ ਸੱਚ ਕਹਿੰਦੇ ਹੋਏ ਨਸ਼ਰ ਕਰਨਾ
ਤੇ ਕੁਰਸੀ ਤਾਂ ਕੁਰਸੀ ਹੈ…

ਪਾਸ਼ (ਅਵਤਾਰ ਸਿੰਘ ਸੰਧੂ) ਸਿਰਫ਼ ਇਨਕਲਾਬੀ ਕਵੀ ਹੀ ਨਹੀਂ ਸੀ! ਉਹ ਤਾਂ ਇੱਕ ਸੋਚ ਹੈ। ਪਾਸ਼ ਨੂੰ ਜਿਸਮਾਨੀ ਤੌਰ ਤੇ ਤੁਰ ਗਿਆਂ ਤਾਂ ਹੁਣ ਦਹਾਕੇ ਬੀਤ ਗਏ ਨੇ, ਪਰ ਅਸਲ ਵਿੱਚ ਉਹ ਜਾ ਕੇ ਵੀ ਨਹੀਂ ਗਿਆ। ਅੱਜ ਵੀ ਜਿਉਂਦਾ ਹੈ ਆਪਣੀ ਜੁਝਾਰੂ ਸਿਰਜਣਾ ਦੀ ਰੂਹ ਦੇ ਧੁਰ ਅੰਦਰ। ਪਾਸ਼ ਨੂੰ ਸਮਰਪਿਤ ਬਾਕਮਾਲ ਕਵਿਤਾਵਾਂ “ਜਾਗਦੇ ਅੱਖਰ”, “ਪਾਸ਼ ਨੂੰ ਯਾਦ ਕਰਦਿਆਂ” ਅਤੇ “ਪਾਸ਼ ਦੀ ਯਾਦ ‘ਚ” ਵਿੱਚ ਸੁਖਵਿੰਦਰ ਨੇ ਆਪਣੀ ਅਤੇ ਪਾਸ਼ ਦੀ ਰੂਹ ਦੇ ਅਹਿਸਾਸਾਂ ਨੂੰ ਵਿਲੱਖਣ ਰੰਗਾਂ ਵਿੱਚ ਇੰਜ ਰੰਗਿਆ ਹੈ…

ਉਹਨਾਂ ਲਈ ਭਲਾ ਕਿੰਨਾ ਕੁ ਔਖਾ ਸੀ
ਬੰਦੂਕ ਦਾ ਘੋੜਾ ਦਬਾਉਣਾ
ਇਹ ਤਾਂ ਜਣੇ ਦੀ
ਹਿੱਕ ਵਿਚਲਾ ਜੋਸ਼ ਸੀ
ਜੋ ਏਨਾ ਸਿੱਕਾ
ਜਿਸਮ ਤੇ ਜਰ ਕੇ ਵੀ
ਮਰ ਨਹੀਂ ਸਕਿਆ…

ਉਨਾਂ ਤਾਂ ਸਿਰਫ਼ ਹਵਾਵਾਂ ‘ਤੇ ਫ਼ਾਇਰ ਕੀਤੇ
ਅਤੇ ਜਿਲਦਾਂ ‘ਚ ਬੰਦ ਪਏ
ਸੁੱਤੇ ਹੋਏ ਸ਼ਬਦਾਂ ਨੂੰ ਜਗਾ ਦਿੱਤਾ
ਸਗੋਂ ਘਰ ਘਰ ਪਹੁੰਚਾ ਦਿੱਤਾ।

ਉਨ੍ਹਾਂ ਸੂਰਜ ਕਤਲ ਕੀਤਾ ਹਰ ਵਾਰ ਹੀ ਹਨੇਰੇ ਹਨੇਰੇ
ਚੰਦਰੇ ਸੁਪਨੇ ਦੀ ਪੈੜ ਜਾਗਦੀ ਹਨੇਰੇ ਹਨੇਰੇ…

ਪਰ ਅਸੀਂ ਭੁੱਲਾਂਗੇ ਨਹੀਂ
ਹਨੇਰੇ ਦੀ ਪਰਿਕਰਮਾ ਕਰਦੇ ਉਨ੍ਹਾਂ ਲੇਖਕਾਂ ਨੂੰ
ਜੋ ਤੇਰੇ ਕਤਲ ਦੀ ਸਾਜ਼ਿਸ਼ ‘ਚ ਸ਼ਾਮਲ ਹੋਏ…

ਕਵਿਤਾ ਕੀ ਹੈ? ਇਸ ਬਾਰੇ ਪੁਸਤਕਾਂ ਲਿਖੀਆਂ ਗਈਆਂ, ਪਰ ਫਿਰ ਵੀ ਕਵਿਤਾ ਦੀ ਅਸਲ ਪਰਿਭਾਸ਼ਾ ਬਾਰੇ ਵੱਖ ਵੱਖ ਵਿਚਾਰ ਹਨ। ਕਵਿਤਾ ਬਾਰੇ “ਕਵਿਤਾ” ਨਾਮ ਦੀ ਕਵਿਤਾ ਵਿੱਚ ਸੁਖਵਿੰਦਰ ਦੀ ਵਿਲੱਖਣ ਸੋਚ ਇੰਜ ਕਹਿ ਰਹੀ ਹੈ…

ਇਸ ਦੁਨੀਆਂ ਦਾ ਅੱਜ ਕਵਿਤਾ ਹੈ
ਕੱਲ੍ਹ ਕਵਿਤਾ ਸੀ, ਪਰਸੋਂ ਵੀ ਕਵਿਤਾ ਹੈ
ਇੱਥੇ, ਉੱਥੇ, ਇਧਰ, ਉਧਰ
ਜਿੱਥੇ ਵੀ ਚੇਤਨ ਦਾ ਆਰੰਭ ਹੈ ਹੋਇਆ
ਸਭ ਕਵਿਤਾ ਹੈ।

ਸੁਖਵਿੰਦਰ ਕੰਬੋਜ ਗ਼ਜ਼ਲ ਵੀ ਕਮਾਲ ਦੀ ਲਿਖਦਾ ਹੈ ਅਤੇ ਇਹਦੇ ਗੀਤ ਵੀ ਪਾਠਕ ਦੀ ਰੂਹ ਨੂੰ ਛੂਹ ਜਾਂਦੇ ਹਨ… ਇਸ ਵੰਨਗੀ ਨੂੰ ਪਾਠਕਾਂ ਨਾਲ਼ ਸਾਂਝਿਆਂ ਕਰਨਾ ਬਣਦਾ ਹੈ…

ਕਦੇ ਬਿਨ ਮੁਖੌਟੇ ਵੀ ਹੋ ਆਪੇ ਸਾਹ੍ਹਵੇਂ,
ਕਦੋ ਤੱਕ ਰਹੇਂਗਾ ਤੂੰ ਸ਼ੀਸ਼ੇ ਨੂੰ ਛਲ਼ਦਾ ।

ਤੇਰਾ ਸੁਖਵਿੰਦਰ ਨਹੀਂ ਸੁੱਖ ਦਾ ਇੰਦਰ,
ਰਹੇ ਤਾਹੀਓਂ ਸੁਣਨੋਂ, ਨਾਂ ਆਪਣਾ ਇਹ ਟਲ਼ਦਾ ।

ਇਹ ਫ਼ਸਲ ਮੇਰੀ ਧੀ ਜੋ ਫਿਰ ਇਸ ਸਾਲ ਰੁੜ੍ਹ ਗਈ,
ਕੀਤੀ ਕੀ ਮੇਰੇ ਸੰਗ, ਮੇਰੇ ਆਪਣੇ ਹੀ ਪਾਣੀਆਂ ।

ਪਰਦੇਸੀਆ ! ਪਰਦੇਸੀਆ ! ਓਹ ਮੇਰੇ ਦਿਲ ਜਾਨੀਆਂ
ਉਮਰਾਂ ਤਾਂ ਬੀਤ ਚੱਲੀਆਂ, ਇਹ ਕਾਹਦੀਆਂ ਜ਼ਿੰਦਗਾਨੀਆਂ
ਪਰਦੇਸੀਆ ! ਪਰਦੇਸੀਆ !…

ਨਾਰੀ ਦਾ ਦਿਲ ਅੰਬਰ ਵਰਗਾ, ਸਾਗਰ ਵਰਗਾ ਜੇਰਾ ਹੈ
ਸਹਿ ਜਾਵੇ ਤਾਂ ਫ਼ੱਟ ਸਹੇ ਇਹ, ਨਾਰੀ ਸਬਰ ਇਹ ਤੇਰਾ ਹੈ…

ਮਾਤਾ ਸਵਰਨ ਕੌਰ ਨੂੰ ਸਮਰਪਿਤ ਪੁਸਤਕ ਦੇ ਤੀਸਰੇ ਭਾਗ “ਨਵੇਂ ਸੂਰਜ” ਦੀਆਂ ਕਵਿਤਾਵਾਂ ਵੀ ਪੜ੍ਹਨ ਅਤੇ ਸਲਾਹੁਣਯੋਗ ਹਨ। ਕੋਈ ਵੀ ਇਨਸਾਨ ਆਪਣੀ ਮਾਂ ਤੇ ਮਾਂ-ਭੋਇੰ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਪਰਵਾਸ ਚਾਹੇ ਦੇਸ਼ ਵਿੱਚ ਹੋਵੇ ਜਾਂ ਸੱਤ ਸਮੁੰਦਰੋਂ ਪਾਰ, ਪਰ ਪਰਵਾਸੀਆਂ ਦਾ ਮਨ ਆਪਣੀ ਮਾਂ ਭੂਮੀ ਅਤੇ ਵਿੱਛੜ ਗਏ ਪਰਿਵਾਰ ਵਿੱਚ ਹੀ ਰਹਿੰਦਾ ਹੈ। ਮਜ਼ਦੂਰ ਸਿਰ ਸੁੱਟ ਮਜ਼ਦੂਰੀ ਕਰਦਾ ਹੈ ਪਰ ਫਿਰ ਵੀ ਜ਼ਿੰਦਗੀ ਦੇ ਫ਼ਿਕਰਾਂ ਦੀ ਆਰੀ ਉਸ ਨੂੰ ਜਰਨੀ ਪੈਂਦੀ ਹੈ। ਨਵਾਂ ਸੂਰਜ ਤਾਂ ਉਸ ਦਿਨ ਹੀ ਚੜ੍ਹੇਗਾ ਜਦੋਂ ਮਜ਼ਦੂਰ ਜਾਗਰੂਕ ਹੋਵੇਗਾ। “ਨਵੇਂ ਸੂਰਜ” ਕਵਿਤਾ ਦੀਆਂ ਸਤਰਾਂ ਵੀ ਇਹੀ ਕਹਿ ਰਹੀਆਂ ਹਨ।

“ਤਲਖ ਮੌਸਮਾਂ ਦਾ ਹਿਸਾਬ” ਤੇ “ਲੋਕ ਰਾਜ” ਕਵਿਤਾਵਾਂ ਵਿੱਚ ਸੁਖਵਿੰਦਰ ਦੀ ਜੁਝਾਰੂ ਸੋਚ ਰਾਜਨੀਤੀ ਨੂੰ ਲੰਮੇ ਹੱਥੀਂ ਲੈਂਦੀ ਹੈ। “ਇੱਕ ਸੰਵਾਦ” ਦੇ ਬੋਲ ਖ਼ੁਦ ਬ ਖ਼ੁਦ ਬੋਲ ਰਹੇ ਹਨ…

ਰਾਜਨੀਤੀ ਬਹੁਤ ਚਲਾਕ ਲੂੰਬੜੀ ਹੈ
ਜੋ ਹਰ ਵਾਰ ਸਾਡੇ ਅੰਗੂਰ ਖਾ ਕੇ ਵੀ
ਖੱਟੇ ਦੱਸਦੀ ਹੈ…

ਸਾਡੇ ਇੱਥੇ ਲੋਕ ਰਾਜ,
ਲੋਕਾਂ ਦਾ ਰਾਜ ਨਹੀਂ
ਸਗੋਂ ਲੋਕਾਂ ਉੱਤੇ ਰਾਜ ਹੈ

ਹਵਾ ਨੂੰ ਕਹੋ
ਸਾਡੇ ਘਰਾਂ ‘ਤੇ ਮਿਹਰਬਾਨ ਰਹੇ
ਨਹੀਂ ਤਾਂ ਤਪਦੇ ਪਿੰਡ ਗ਼ਰਕ ਹੋ ਜਾਣਗੇ…

“ਮੱਧ ਵਰਗ” ਇੱਕ ਸੰਵੇਦਨਸ਼ੀਲ ਰਚਨਾ ਹੈ ਜਿਸ ਵਿੱਚ ਮੱਧ ਵਰਗ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਉਭਾਰਿਆ ਗਿਆ ਹੈ…

ਅਸੀਂ ਬੇਜਾਨ ਸੜਕਾਂ ਹਾਂ
ਜਿਨ੍ਹਾਂ ‘ਤੋਂ ਲੰਘ ਜਾਂਦੀਆਂ ਨੇ
ਫ਼ਰਜ਼ਾਂ ਦੀਆਂ ਮੋਟਰਾਂ ਚੁੱਪਚਾਪ…

ਦੋਸਤੋ, ਭਾਵੇਂ ਇਸ ਵੱਡੇ ਕਾਵਿ ਸੰਗ੍ਰਹਿ ਵਿੱਚ ਸ਼ਾਮਲ ਸਾਰੀਆਂ ਰਚਨਾਵਾਂ ਨੂੰ ਪਾਠਕਾਂ ਨਾਲ਼ ਸਾਂਝਿਆਂ ਕਰਨਾ ਮੁਮਕਿਨ ਨਹੀਂ, ਪਰੰਤੂ ਹੈ ਸਾਰੀਆਂ ਹੀ ਪੜ੍ਹਨ, ਮਾਨਣਯੋਗ! ਕੋਈ ਵੀ ਰਚਨਾ ਪਾਠਕ ਦਾ ਮਨ ਨਹੀਂ ਉਕਾਉਂਦੀ, ਬਲਕਿ, ਉਸ ਨੂੰ ਆਪਣੇ ਨਾਲ਼ ਤੋਰੀ ਰੱਖਦੀ ਹੈ। ਇਸ ਖ਼ੂਬਸੂਰਤ ਸੰਗ੍ਰਹਿ ਲਈ ਸੁਖਵਿੰਦਰ ਕੰਬੋਜ ਅਤੇ ਸੁਰਜੀਤ ਜੱਜ ਦੋਵੇਂ ਹੀ ਵਧਾਈ ਦੇ ਹੱਕਦਾਰ ਹਨ!
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1819
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →