27 April 2024

ਮੈਂ ਤੰਦਰੁਸਤ ਕਿਵੇਂ ਹੋਇਆ? (ਦੋ ਕਿਸ਼ਤਾਂ)— ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਮੈਂ ਤੰਦਰੁਸਤ ਕਿਵੇਂ ਹੋਇਆ ? ਕਿਸ਼ਤ-1—ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ 

ਸਿਆਣੇ ਕਹਿੰਦੇ ਹਨ ਕਿ ਜੇਕਰ ਪੈਸਾ ਚਲਾ ਜਾਵੇ ਤਾਂ ਸਮਝਣਾ ਚਾਹੀਦਾ ਹੈ ਕਿ ਕੁੱਝ ਹੱਥੋਂ ਚਲਾ ਗਿਆ, ਜੇਕਰ ਇੱਜਤ ਮਿੱਟੀ ਚ ਮਿਲ ਜਾਏ ਤਾਂ ਸਮਝਣਾ ਚਾਹੀਦਾ ਹੈ ਕਿ ਬਹੁਤ ਕੁੱਝ ਚਲਾ ਗਿਆ, ਪਰ ਜੇਕਰ ਤੰਦਰੁਸਤੀ ਚਲੀ ਜਾਵੇ ਤਾਂ ਸਮਝੋ ਕਿ ਸਭ ਕੁੱਝ ਚਲਾ ਗਿਆ।

ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ। ਤੰਦਰੁਸਤੀ ਨਾਲ ਹੀ ਸ਼ੋਰ, ਸੰਗੀਤ ਵਿਚ ਬਦਲ ਜਾਂਦਾ ਹੈ, ਇਹ ਦੁਨੀਆ ਸੁੰਦਰ ਲਗਦੀ ਹੈ ਤੇ ਇਸ ਦੀ ਅਣਹੋਂਦ ਵਿਚ ਸਭ ਕੁੱਝ ਉਕਤ ਤੋਂ ਉਲਟ ਲੱਗਣ ਲੱਗ ਜਾਂਦਾ ਹੈ।

ਮਨੁੱਖੀ ਸਰੀਰ ਦੀ ਰਚਨਾ ਹੀ ਕੁਦਰਤ ਨੇ ਕੁੱਝ ਇਸ ਅਨੂਠੇ ਪ੍ਰਕਾਰ ਦੀ ਕੀਤੀ ਹੈ ਕਿ ਇਹ ਵਾਹ ਲਗਦਿਆਂ ਕਿਸੇ ਬਿਮਾਰੀ ਦਾ ਸ਼ਿਕਾਰ ਹੁੰਦਾ ਹੀ ਨਹੀਂ , ਜੇਕਰ ਮਾੜੀ ਮੋਟੀ ਗਰਮੀ ਸਰਦੀ ਲੱਗਣ ਜਾਂ ਕਿਸੇ ਸੱਟ ਫੇਟ ਲੱਗਣ ਨਾਲ ਬਿਮਾਰੀ ਜਾਂ ਜਖਮ ਸਰੀਰ ਨੂੰ ਪ੍ਰਭਾਵਤ ਕਰਦਾ ਹੈ ਤਾਂ ਸਰੀਰਤੰਤਰ ਉਸ ਦਾ ਇਲਾਜ ਆਪਣੇ ਆਪ ਹੀ ਕਰ ਲੈਂਦਾ ਹੈ, ਬਹੁਤੇ ਉਪਚਾਰ ਇਲਾਜ ਦੀ ਕਈ ਵਾਰ ਜਰੂਰਤ ਹੀ ਨਹੀਂ ਪੈਂਦੀ। ਮਿਸਾਲ ਵਜੋਂ ਕਿਸੇ ਸੱਟ ਲੱਗਣ ਕਾਰਨ ਹੋਏ ਜਖਮ ਵਿੱਚੋਂ ਵਹਿ ਰਿਹਾ ਖੂਨ ਕੁੱਝ ਕੁ ਸਮੇ ਬਾਅਦ ਖੂਨ ਦੇ ਚਿੱਟੇ ਸੈਲਾਂ ਦੇ ਜਖਮ ਉੱਤੇ ਜਮ੍ਹਾ ਹੋ ਜਾਣ ਨਾਲ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ ਤੇ ਕੁੱਝ ਕੁ ਦਿਨਾ ਬਾਅਦ ਜਖਮ ਦੇ ਠੀਕ ਹੋ ਜਾਣ ਬਾਅਦ ਖਰੀਂਦ ਆਪਣੇ ਆਪ ਹੀ ਉੱਤਰ ਜਾਂਦਾ ਹੈ। ਇਸੇ ਤਰਾਂ ਜੇਕਰ ਸਾਡਾ ਅਮਿਊਨ ਸਿਸਟਮ ਚੰਗਾ ਹੈ ਤਾਂ ਸਰੀਰ ਉੱਤੇ ਕਿਸੇ ਵਾਇਰਸ ਦਾ ਹਮਲਾ ਹੋਣ ਦੇ ਆਸਾਰ ਬਹੁਤ ਘੱਟ ਹੁੰਦੇ ਹਨ। ਬੱਚੇ ਅਤੇ ਬੁੱਢੇ ਇਨਫੈਕਸਨ ਤੇ ਵਾਇਰਲ ਆਦਿ ਨਾਲ ਸਬੰਧਿਤ ਬੀਮਾਰੀਆਂ ਦਾ ਸ਼ਿਕਾਰ ਇਸੇ ਕਰਕੇ ਹੀ ਹੁੰਦੇ ਹਨ ਕਿਉੰਕਿ ਉਹਨਾਂ ਦੀ ਸਰੀਰਕ ਅਮਿਊਨਿਟੀ ਨੌਜਵਾਨਾਂ ਦੇ ਮੁਕਾਬਲੇ ਬਹੁਤ ਕਮਜੋਰ ਹੁੰਦੀ ਹੈ।

ਅਸੀਂ ਆਪਣੀ ਮੋਟਰਕਾਰ ਜਾਂ ਦੁਪਹੀਆ ਵਾਹਨ ਦਾ ਬਹੁਤ ਖਿਆਲ ਰੱਖਦੇ ਹਾਂ, ਉਸ ਦਾ ਸਮੇਂ ਸਮੇਂ ਤੇਲ ਪਾਣੀ ਚੈੱਕ ਕਰਦੇ ਹਾਂ, ਉਸ ਦੀ ਝਾੜ ਪੂੰਝ ਅਤੇ ਧੋਅ ਧੁਆਈ ਕਰਦੇ ਹਾਂ, ਥੋਹੜਾ ਜਿਹਾ ਨੁਕਸ ਪੈ ਜਾਣ ‘ਤੇ ਤੁਰੰਤ ਮਕੈਨਿਕ ਕੋਲ ਲੈ ਕੇ ਜਾਂਦੇ ਹਾਂ, ਦੂਜੇ ਪਾਸੇ ਇਹ ਵੀ ਸੱਚ ਹੈ ਕਿ ਅਸੀਂ ਆਪਣੇ ਸਰੀਰ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹਾਂ, ਨੌਣ੍ਹ ਧੋਣ ਵੇਲੇ ਵੀ ਜਲਦਬਾਜ਼ੀ ਵਿਚ ਹੁੰਦੇ ਹਾਂ, ਮਾੜੀ ਮੋਟੀ ਬਿਮਾਰੀ ਦੀ ਪ੍ਰਵਾਹ ਹੀ ਨਹੀਂ ਕਰਦੇ, ਕਈ ਵਾਰ ਖਾਣਾ ਪੀਣਾ ਵੀ ਬੇਧਿਆਨੀ ਵਿਚ ਹੀ ਖਾਂਦੇ ਹਾਂ। ਸਿਹਤ ਦੀ ਬਜਾਏ ਜੀਭ ਦੇ ਸੁਆਦ ਨੂੰ ਪਹਿਲ ਦਿੰਦੇ ਹਾਂ, ਡਾਕਟਰ ਕੋਲ ਸਿਰਫ਼ ਤੇ ਸਿਰਫ਼ ਉਸ ਵੇਲੇ ਹੀ ਜਾਂਦੇ ਹਾਂ, ਜਦੋਂ ਸਾਡਾ ਸਰੀਰ ਕਿਸੇ ਬਿਮਾਰੀ ਦੀ ਜਕੜ ਵਿਚ ਪੂਰੀ ਤਰਾਂ ਆ ਜਾਂਦਾ ਹੈ ਤੇ ਸਾਡੇ ਕੋਲ ਡਾਕਟਰ ਕੋਲ ਜਾਣ ਤੋਂ ਬਿਨਾ ਹੋਰ ਕੋਈ ਚਾਰਾ ਹੀ ਬਾਕੀ ਨਹੀਂ ਰਹਿੰਦਾ।
ਇਹ ਕੰਧ ਉੱਤੇ ਲਿਖਿਆ ਸੱਚ ਹੈ ਕਿ ਮਨੁੱਖੀ ਸਰੀਰ ਨੂੰ ਕੋਈ ਵੀ ਬਿਮਾਰੀ ਰਾਤੋ ਰਾਤ ਨਹੀਂ ਲਗਦੀ। ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਮਨੁੱਖੀ ਸਰੀਰਤੰਤਰ ਦੀ ਰਚਨਾ ਇਸ ਪ੍ਰਕਾਰ ਦੀ ਹੈ ਕਿ ਇਹ ਆਪਣੇ ਆਪ ਹੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਅਤੇ ਰੋਕਥਾਮ ਕਰਦਾ ਰਹਿੰਦਾ ਹੈ, ਪਰੰਤੂ ਜੇਕਰ ਸਾਡੀ ਜੀਵਨ ਸ਼ੈਲੀ ਹੀ ਅਜਿਹੀ ਬਣ ਗਈ ਹੈ ਕਿ ਅਸੀਂ ਇਕੋ ਗਲਤੀ ਦਾ ਦੁਹਰਾ ਜਾਣੇ ਅਣਜਾਣੇ ਵਿਚ ਆਏ ਦਿਨ ਵਾਰ ਵਾਰ ਕਰੀ ਜਾ ਰਹੇ ਹਾਂ ਤਾਂ ਕੁਦਰਤੀ ਹੈ ਕਿ ਉਸ ਗ਼ਲਤੀ ਦਾ ਨਤੀਜਾ ਇਕ ਨ ਇਕ ਦਿਨ ਸਾਨੂੰ ਭੁਗਤਣਾ ਹੀ ਪਵੇਗਾ।
ਇਥੇ ਦੱਸਦਾ ਜਾਵਾਂ ਕਿ ਇਹ ਲੇਖ ਮੈਂ ਆਪਣੇ ਜੀਵਨ ਤਜਰਬੇ ਦੇ ਅਧਾਰ ‘ਤੇ ਲਿਖ ਰਿਹਾਂ ਹਾਂ। ਮੈਂ ਆਪਣੀ ਜਿੰਦਗੀ ਵਿਚ ਅੱਜ ਤੱਕ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਨਾਲ ਦੋ ਚਾਰ ਹੋਇਆਂ ਹਾਂ ਜਿਹਨਾਂ ਵਿਚੋਂ ਡਾਇਬਿਟੀਜ਼, ਬਲੱਡ ਪਰੈਸ਼ਰ, ਗਠੀਆ, ਇੰਸੂਲਿਨ ਰਿਜੈਸਟਿੰਸ, ਡਿਸਲੈਕਸੀਆ, ਅੱਖਾਂ ਦੀ ਨਜ਼ਰ ਦੀ ਕਮਜੋਰੀ, ਚਮੜੀ ਰੋਗ ਅਤੇ ਕਲੀਨਿਕਲ ਡਿਪਰੈਸ਼ਨ ਆਦਿ ਪ੍ਰਮੁੱਖ ਹਨ। ਆਪਣੇ ਪੇਟ ਵਿਚ ਦਿਨ ਵਿਚ ਚਾਰ ਚਾਰ ਵਾਰ ਇੰਸੂਲਿਨ ਦੇ ਟੀਕੇ ਵੀ ਆਪ ਹੀ ਲਗਾਉੰਦਾ ਰਿਹਾ ਹਾਂ ਤੇ ਦਿਨ ਵਿਚ ਵੀਹ ਤੋਂ ਤੀਹ ਤੱਕ ਗੋਲੀਆ ਤੇ ਕੈਪਸੂਲ ਵੀ ਖਾਂਦਾ ਰਿਹਾ ਹਾਂ। ਆਪਣੀ ਜਿੰਦਗੀ ਵਿਚ ਬਿਮਾਰੀ ਦੌਰਾਨ ਉਹ ਮਾੜਾ ਸਮਾਂ ਵੀ ਦੇਖਿਆ ਹੈ, ਜਦੋਂ ਅੱਜ ਤੋਂ ਚੌਵੀ ਕੁ ਸਾਲ ਪਹਿਲਾਂ ਬਰਤਾਨੀਆ ਦੇ ਇਕ ਉਚਕੋਟੀ ਦੇ ਹਸਪਤਾਲ ਵਿਚਲੇ ਮਾਹਿਰ ਡਾਕਟਰਾਂ ਦੀ ਟੀਮ ਨੇ ਮੇਰੇ ਸਿਰਫ਼ ਛੇ ਕੁ ਮਹੀਨੇ ਤੱਕ ਹੀ ਜਿੰਦਾ ਰਹਿਣ ਦਾ ਪੋਸ਼ੀਨਗੋਈ ਵੀ ਕਰ ਦਿੱਤੀ ਸੀ। ਉਕਤ ਸਾਰੀਆਂ ਬਿਮਾਰੀਆਂ ਮੈਂ ਆਪਣੇ ਪਿੰਡੇ ਉੱਤੇ ਇੰਤਹਾ ਦੀ ਹੱਦ ਤੱਕ ਹੰਢਾਈਆਂ, ਇਹਨਾਂ ਬਿਮਾਰੀਆਂ ਕਾਰਨ ਮੇਰੀ ਜ਼ਿੰਦਗੀ ਵਿਚ ਬਹੁਤ ਵੱਡੇ ਉਤਰਾਅ ਚੜ੍ਹਾ ਆਏ, ਮੇਰੀ ਪਰਿਵਾਰਕ ਅਤੇ ਸਮਾਜਿਕ ਜਿੰਦਗੀ ਬਹੁਤ ਬੁਰੀ ਤਰਾਂ ਪ੍ਰਭਾਵਤ ਹੋਈ, ਪਰ ਸਿਤਮ ਜ਼ਰੀਫੀ ਇਹ ਰਹੀ ਕਿ ਮੇਰੇ ਏਨੇ ਬੁਰੇ ਸਮੇਂ ਦੇ ਦੌਰਾਨ, ਉਹ ਲੋਕ ਜਿਹਨਾਂ ਨੂੰ ਮੈਂ ਆਪਣੇ ਸਮਝਦਾ ਸੀ ਤੇ ਜਿਹਨਾਂ ਦੇ ਵਾਸਤੇ ਮੈਂ ਆਪਣੀ ਜ਼ਿੰਦਗੀ ਪੂਰੀ ਤਰਾਂ ਸਮਰਪਿਤ ਕੀਤੀ ਹੋਈ ਸੀ, ਉਹ ਮੇਰੇ ਦੁੱਖ ਨੂੰ ਨਾ ਹੀ ਸਮਝ ਸਕੇ ਤੇ ਨਾ ਉਹਨਾਂ ਨੇ ਮੈਨੂੰ ਕਿਸੇ ਕਿਸਮ ਦਾ ਸਹਿਯੋਗ ਦੇਣ ਦੀ ਲੋੜ ਹੀ ਸਮਝੀ। ਸੋ ਮੇਰੇ ਵਾਸਤੇ ਆਪਣੇ ਆਪ ਨੂੰ ਤੰਦਰੁਸਤ ਕਰਨਾ, ਪਰਿਵਾਰਕ ਤੇ ਸਮਾਜਿਕ ਉਲਝਣਾ ਦਾ ਸਾਹਮਣਾ ਕਰਨਾ, ਇਕ ਤਰਾਂ ਦੀ ਦੋਹਰੀ ਲੜਾਈ ਸੀ। ਇਹ ਜੰਗ ਬਹੁਤ ਔਖੀ ਵੀ ਸੀ ਤੇ ਉਲਝੀ ਹੋਈ ਵੀ ਸੀ, ਜਿਸ ਕਰਕੇ ਕਦੇ ਕਦੇ ਮੇਰਾ ਮਨ ਢਹਿੰਦੀ ਕਲਾ ਵੱਲ ਵੀ ਚਲਾ ਜਾਂਦਾ, ਜਿੰਦਗੀ ਨੀਰਸ ਤੇ ਬੋਝਲ ਲੱਗਣ ਲੱਗ ਪੈਂਦੀ, ਮਨ ‘ਤੇ ਨਿਰਾਸ਼ਾ ਤੇ ਉਪਰਾਮਤਾ ਭਾਰੂ ਹੋ ਜਾਂਦੀ, ਕਈ ਵਾਰ ਮਨ ਕਰਦਾ ਕਿ ਇਸ ਤਰਾਂ ਦੀ ਜਿੰਦਗੀ ਜੀਓ ਕੇ ਕੀ ਕਰਨਾ! ਮਨ ‘ਚ ਵਾਰ ਵਾਰ ਸਵਾਲ ਪੈਦਾ ਹੁੰਦਾ ਕਿ ਕਿਉਂ ਨਾ ਜੀਵਨ ਲੀਲਾ ਹੀ ਸਮਾਪਤ ਕਰ ਲਈ ਜਾਵੇ। ਕਹਿਣ ਦਾ ਭਾਵ ਇਹ ਕਿ ਮਨ ਵਿਚ ਹਰ ਭੈੜੇ ਤੋਂ ਭੈੜਾ ਖਿਆਲ ਆਉਂਦਾ। ਇਹੋ ਜਿਹੇ ਹਾਲਾਤਾਂ ਵਿਚ ਮੂਡ ਸਵਿੰਗ ਬਹੁਤ ਆਉੰਦੇ ਹਨ, ਬੰਦੇ ਦੀ ਮਾਨਸਿਕਤਾ ਵਿਚ ਕਦੀ ਤੋਲਾ ਤੇ ਕਦੇ ਮਾਸਾ ਵਾਲੀ ਸਥਿਤੀ ਹਮੇਸ਼ਾ ਹੀ ਬਣੀ ਰਹਿੰਦੀ ਹੈ, ਕਦੀ ਬੰਦਾ ਸ਼ੇਰ ਹੁੰਦਾ ਹੈ ਤੇ ਅਗਲੇ ਹੀ ਪਲ ਢੇਰ ਹੁੰਦਾ ਹੈ, ਕਦੀ ਘੋੜ ਸਵਾਰ ਤੇ ਕਦੀ ਆਪਣੇ ਹੀ ਪੈਰਾਂ ‘ਤੇ ਖੜ੍ਹੇ ਹੋਣ ਦੀ ਸੱਤਿਆ ਨਹੀਂ ਹੁੰਦੀ, ਉੱਤੋ ਥੱਬਾ ਭਰਕੇ ਗੋਲੀਆਂ, ਕੈਪਸੂਲਾਂ ਤੇ ਟੀਕਿਆਂ ਦੇ ਨਾਲ ਡਾਕਟਰਾਂ ਤੇ ਹਸਪਤਾਲਾਂ ਦੀਆਂ ਅਪਾਇੰਟਮੈਂਟਾਂ ਨੇ ਮੱਤ ਮਾਰੀ ਹੋਈ ਹੁੰਦੀ ਹੈ ਤੇ ਜੇਕਰ ਅਜਿਹੇ ਔਖੇ ਸਮੇਂ ਵਿਚ ਪਰਿਵਾਰਕ ਮਾਹੌਲ ਵੀ ਸਹਿਯੋਗ ਦੇਣ ਵਾਲਾ ਨਾ ਹੋਵੇ ਤਾਂ ਇਹ ਅੰਦਾਜਾ ਲਾਉਣਾ ਕੋਈ ਬਹੁਤਾ ਔਖਾ ਨਹੀਂ ਕਿ ਕੋਈ ਮਰੀਜ ਕਿੰਨੇ ਕੁ ਦਿਨ ਜੀਊਂਦਾ ਰਹੇਗਾ!

ਮੇਰਾ ਇਹ ਲੇਖ ਲੰਬਾ ਹੋ ਜਾਣ ਦਾ ਖਦਸ਼ਾ ਹੈ। ਇਸ ਨੂੰ ਲਿਖਣ ਦਾ ਮੇਰਾ ਮੁੱਖ ਮਨੋਰਥ ਏਹੀ ਹੈ ਕਿ ਜਿੰਦਗੀ ਦੀ ਜੰਗ ਸਾਨੂੰ ਅਕਸਰ ਇਕੱਲਿਆਂ ਨੂੰ ਹੀ ਲੜਨੀ ਪੈਂਦੀ ਹੈ। ਇਸ ਵਾਸਤੇ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਲੇਖ ਦੇ ਲਿਖਣ ਨਾਲ ਕਿਸੇ ਇਕ ਜਾਨ ਦਾ ਵੀ ਭਲਾ ਹੋ ਜਾਵੇ ਤਾਂ ਮੈ ਸਮਝਾਗਾ ਕਿ ਮੈ ਆਪਣੇ ਮਨੋਰਥ ਵਿਚ ਸਫਲ ਰਿਹਾ ਹਾਂ।

ਇੱਥੇ ਦੱਸਣਾ ਚਾਹਾਂਗਾ ਕਿ ਮੈਂ ਅੱਜ ਬਿਲਕੁਲ ਠੀਕ ਹਾਂ, ਕੋਈ ਗੋਲੀ ਜਾਂ ਕੈਪਸੂਲ ਨਹੀਂ ਖਾਂਦਾ, ਨਾ ਹੀ ਕੋਈ ਟੀਕਾ ਲਾਉਂਦਾ ਹਾਂ, ਪੂਰੀ ਤਰਾਂ ਨਿਰੋਗ ਤੇ ਤੰਦਰੁਸਤ ਹੀ ਨਹੀਂ ਬਲਕਿ ਰਿਸ਼ਟ ਪੁਸ਼ਟ ਵੀ ਹਾਂ। ਇਹ ਸਭ ਕਿਵੇਂ ਸੰਭਵ ਹੋ ਸਕਿਆ ਹੈ, ਇਸ ਸੰਬੰਧੀ ਸਭ ਜਾਣਕਾਰੀ ਦਾ ਖੁਲਾਸਾ ਇਸ ਲੇਖ ਦੀ ਅਗਲੀ ਕੜੀ ਵਿੱਚ ਕਰਾਂਗਾ।
**

ਮੈਂ ਤੰਦਰੁਸਤ ਕਿਵੇਂ ਹੋਇਆ? ਕਿਸ਼ਤ-2——ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਕਿਸੇ ਸ਼ਾਇਰ ਦੇ ਇਹ ਬੋਲ ਕਿ “ਮਰਜ਼ ਬੜ੍ਹਤਾ ਗਯਾ, ਜਿਉਂ ਜਿਉਂ ਦਵਾ ਕੀ” ਕਈ ਵਾਰ ਅਜੋਕੇ ਇਲਾਜ ਸਿਸਟਮ ਦੇ ਸੰਬੰਧ ਵਿਚ ਮੈਨੂੰ ਬਹੁਤ ਸਹੀ ਲਗਦੇ ਹਨ ਕਿਉਂਕਿ ਸਿਹਤ ਮਾਹਿਰ ਆਮ ਕਰਕੇ ਉਸੇ ਬਿਮਾਰੀ ਦਾ ਇਲਾਜ ਕਰਦੇ ਹਨ ਜੋ ਉਹਨਾਂ ਨੂੰ ਮਰੀਜਾਂ ਵਲੋਂ ਦੱਸੀ ਜਾਂਦੀ ਹੈ ਜਾਂ ਡਾਕਟਰ ਵਲੋਂ ਮਰੀਜ ਦੁਆਰਾ ਦੱਸੇ ਗਏ ਲੱਛਣਾ ਦੇ ਅਧਾਰ ‘ਤੇ ਡਾਇਗਨੋਸ ਕੀਤੀ ਜਾਂਦੀ ਹੈ। ਡਾਕਟਰ ਸੰਬੰਧਿਤ ਬਿਮਾਰੀ ਦੇ ਉਪਚਾਰ ਦੀ ਦਵਾਈ ਦੇਣ ਸਮੇਂ ਮਰੀਜ ਨੂੰ ਉਸ ਦਵਾਈ ਦੀ ਡੋਜ ਅਤੇ ਉਸਦੇ ਸਾਇਡ ਇਫੈਕਟ ਸਮਝਾ ਕੇ ਆਪਣੀ ਜ਼ਿਮੇਵਾਰੀ ਤੋਂ ਫਾਰਗ ਹੋ ਜਾਂਦੇ ਹਨ, ਅਗੋਂ ਹੁਣ ਮਰੀਜ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਹਰ ਖਾਧੀ ਜਾਣ ਵਾਲੀ ਦਵਾਈ ਤੋਂ ਪੈਦਾ ਹੋਣ ਵਾਲੇ ‘ਸਾਇਡ ਇਫੈਕਟਸ’ ਦਾ ਧਿਆਨ ਰੱਖੇ ਤੇ ਉਹਨਾਂ ਬਾਰੇ ਸਮੇਂ ਸਮੇਂ ‘ਤੇ ਆਪਣੇ ਡਾਕਟਰ ਨੂੰ ਸੂਚਿਤ ਕਰੇ, ਪਰ ਦੇਖਿਆ ਗਿਆ ਹੈ ਕਿ ਬਹੁਤ ਘੱਟ ਮਰੀਜ ਹੁੰਦੇ ਹਨ ਜੋ ਆਪਣੇ ਡਾਕਟਰ ਦੀ ਸਲਾਹ ਮੁਤਾਬਿਕ ਚਲਦੇ ਹਨ, ਬਹੁਤੇ ਮਰੀਜ ਜਲਦੀ ਠੀਕ ਹੋਣ ਦੀ ਕਾਹਲ ਵਿਚ ਦਵਾਈਆਂ ਦੇ ‘ਸਾਇਡ ਇਫੈਕਟ’ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਨ, ਬਸ ਸਵੇਰੇ ਸ਼ਾਮ ਦਵਾਈਆਂ ਦੇ ਫੱਕੇ ਮਾਰੀ ਜਾਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਬਹੁਤੀ ਵਾਰੀ ਖਾਧੀਆਂ ਗਈਆਂ ਦਵਾਈਆ ਦੇ ‘ਸਾਇਡ ਇਫੈਕਟ’ ਹੀ ਕਈ ਵਾਰ ਕਿਸੇ ਹੋਰ ਨਵੀਂ ਬਿਮਾਰੀ ਦਾ ਕਾਰਨ ਬਣ ਜਾਂਦੇ ਹਨ। ਇਸ ਹਾਲਤ ਵਿਚ ਮਰੀਜ ਜਦੋਂ ਦੁਬਾਰਾ ਡਾਕਟਰ ਕੋਲ ਜਾਂਦੇ ਹਨ ਤਾਂ ਡਾਕਟਰ ਉਹਨਾਂ ਨੂੰ ਪਹਿਲੀਆਂ ਦਿੱਤੀਆਂ ਗਈਆਂ ਦਵਾਈਆਂ ਦੇ ਨਾਲ ਕੁੱਝ ਹੋਰ ਦਵਾਈਆਂ ਜੋੜ ਕੇ ਦੇ ਦਿੰਦਾ ਹੈ, ਜਿਸ ਕਾਰਨ ਹਰ ਵਾਰ ਡਾਕਟਰ ਨੂੰ ਮਿਲਣ ‘ਤੇ ਦਵਾਈਆਂ ਦੀ ਗਿਣਤੀ ਵਧਦੀ ਜਾਂਦੀ ਹੈ ਤੇ ਕਈ ਵਾਰ ਤਾਂ ਦਵਾਈਆਂ ਦੀ ਗਿਣਤੀ ਰੋਜਾਨਾ ਤਿੰਨ ਵੇਲੇ ਦੇ ਖਾਣ ਪੀਣ ਨਾਲੋਂ ਵੀ ਬਹੁਤ ਵਧ ਜਾਂਦੀ ਹੈ।

ਦਰਅਸਲ ਇਸ ਵਿਚ ਡਾਕਟਰ ਦਾ ਕੋਈ ਕਸੂਰ ਨਹੀਂ ਹੁੰਦਾ, ਉਹ ਤਾਂ ਆਪਣੀ ਡਿਊਟੀ ਕਰਦਾ ਹੈ ਤੇ ਮਰੀਜ ਨੂੰ ਉਸ ਦੀ ਬਿਮਾਰੀ ਦੇ ਲੱਛਣ ਦੱਸਣ ਮੁਤਾਬਿਕ ਦਵਾਈ ਨਿਰਧਾਰਤ ਕਰਦਾ ਹੈ। ਇੱਥੇ ਅਸਲ ਕਸੂਰ ਮਰੀਜ ਦਾ ਹੁੰਦਾ ਹੈ ਕਿ ਉਹ ਖਾਧੀਆਂ ਜਾਣ ਵਾਲੀਆਂ ਦਵਾਈਆਂ ਦੇ ‘ਸਾਇਡ ਇਫੈਕਟਸ’ ਵੱਲ ਧਿਆਨ ਨਹੀਂ ਦਿੰਦਾ, ਜਿਸ ਦਾ ਨਤੀਜਾ ਇਹ ਹੁੰਦਾ ਹੈ ਇਕ ਬਿਮਾਰੀ ਦੇ ਇਲਾਜ ਤੋਂ ਸ਼ੁਰੂ ਹੋ ਕੇ ਦਵਾਈਆਂ ਦੇ ‘ਸਾਇਡ ਇਫੈਕਟਸ’ ਨਾਲ ਹੀ ਬਿਮਾਰੀਆਂ ਦੀ ਗਿਣਤੀ ਵਧਦੀ ਚਲੀ ਜਾਂਦੀ ਹੈ।

ਅਗਲੀ ਗੱਲ ਇਹ ਕਿ ਦਵਾਈਆਂ ‘ਕੈਮੀਕਲ ਕੰਪਾਊਂਡ’ ਹੁੰਦੀਆਂ ਹਨ, ਇਹ ‘ਕੈਮੀਕਲ ਡਰੱਗ’ ਹੁੰਦੀਆਂ ਹਨ। ਜਿਸ ਮਰੀਜ ਨੂੰ ਇਹ ਇਕ ਵਾਰ ਲੱਗ ਜਾਂਦੀਆਂ ਹਨ, ਫਿਰ ਉਹ ਮਰੀਜ ਕਈ ਵਾਰ ਉਮਰ ਭਰ ਇਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ। ਸਮਝਣ ਵਾਲੀ ਗੱਲ ਇਹ ਵੀ ਹੈ ਕਿ ਬਹੁਤੀਆਂ ਦਵਾਈਆਂ ਬਿਮਾਰੀ ਦਾ ਇਲਾਜ ਨਹੀ ਹੁੰਦੀਆਂ ਬਲਕਿ ਉਹ ਬਿਮਾਰੀ ਨੂੰ ਆਰਜੀ ਤੌਰ ‘ਤੇ ਕਾਬੂ ਕਰਨ ਵਾਸਤੇ ਹੀ ਹੁੰਦੀਆਂ ਹਨ। ਏਹੀ ਕਾਰਨ ਹੈ ਕਿ ਮਰੀਜ ਨੂੰ ਲੱਗ ਚੁੱਕੀਆ ਦਵਾਈਆਂ ਨੇਮ ਨਾਲ ਹੀ ਖਾਣੀਆਂ ਪੈਂਦੀਆਂ ਹਨ। ਇਥੇ ਦੱਸਦਾ ਜਾਵਾਂ ਕਿ ਇਕ ਵਾਰ ਪੱਕੇ ਤੌਰ ‘ਤੇ ਲੱਗ ਚੁੱਕੀਆਂ ਦਵਾਈਆਂ ਨੂੰ ਫੇਰ ਥੋਹੜੇ ਕੀਤੇ ਸੌਖਿਆਂ ਹੀ ਛੱਡਿਆ ਨਹੀ ਜਾ ਸਕਦਾ। ਇਸਦੀ ਵਜ੍ਹਾ ਇਹ ਹੈ ਕਿ ਲਗਾਤਾਰ ਖਾਧੀਆਂ ਜਾਣ ਵਾਲੀਆਂ ਦਵਾਈਆਂ ਮਰੀਜ ਦੇ ਕੁਦਰਤੀ ‘ਨਿਊਰੋਲੋਜੀਕਲ ਸਿਸਟਮ’ ਨੂੰ ‘ਬਾਈਪਾਸ’ ਕਰ ਜਾਂਦੀਆ ਹਨ, ਜਿਸ ਦਾ ਭਾਵ ਇਹ ਹੁੰਦਾ ਹੈ ਕਿ ਮਰੀਜ ਦੇ ਦਿਮਾਗ ਵਿਚ ਪਾਏ ਜਾਣ ਵਾਲੇ ‘ਨਿਊਰੋ ਟਰਾਂਸਮੀਟਰ’ ਤੇ ‘ਰਿਸੈਪਟਰ’ ਨਾਮ ਦੇ ਸੈੱਲ ਦਵਾਈਆਂ ਦੀ ਕਮਾਂਡ ਮੁਤਾਬਿਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।

ਸੋ ਜੋ ਵੀ ਮਰੀਜ ਲੰਮੇ ਸਮੇ ਤੋਂ ਕਿਸੇ ਵੀ ਬਿਮਾਰੀ ਦੀ ਦਵਾਈ ਦਾ ਸੇਵਨ ਕਰਦੇ ਹਨ, ਉਹਨਾਂ ਨੂੰ ਸਬੰਧਿਤ ਦਵਾਈ ਬਿਨਾ ਨਾਗਾ ਲੈਣੀ ਜਾਰੀ ਰੱਖਣੀ ਚਾਹੀਦੀ ਅਤੇ ਦਵਾਈਆਂ ਦੇ ਸਾਇਡ ਇਫੈਕਟਾਂ ਤੋਂ ਜਾਣੂ ਹੋ ਕੇ ਉਹਨਾ ਦੇ ਲੱਛਣਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਤੁਰੰਤ ਆਪਣੇ ਡਾਕਟਰ ਦੇ ਧਿਆਨ ਵਿਚ ਲਿਆਉਣੇ ਚਾਹੀਦੇ ਹਨ ਤਾਂ ਕਿ ਡਾਕਟਰ ਵਲੋਂ ਬਦਲਵੀ ਦਵਾਈ ਦਾ ਪ੍ਰਬੰਧ ਕੀਤਾ ਜਾ ਸਕੇ।

ਹਰ ਦਵਾਈ ਡਾਕਟਰ ਦੇ ਦੱਸੇ ਮੁਤਾਬਿਕ ਖਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਧਿਆਨ ਰੱਖਣਾ ਵੀ ਜਰੂਰੀ ਹੁੰਦਾ ਹੈ ਕਿ ਖਾਧੀ ਜਾ ਰਹੀ ਦਵਾਈ ਨਾਲ ਸਰੀਰ ਵਿਚ ਹੋਰ ਕਿਹੜੇ ਕਿਹੜੇ ਬਦਲਾਵ ਜਾਂ ਪਰਿਵਰਤਨ ਪੈਦਾ ਹੋ ਰਹੇ ਹਨ, ਮਸਲਨ ਹਾਰਮੋਨ ਤਬਦੀਲੀ, ਖਾਣ ਪੀਣ ਵਿਚ ਵਾਧ ਘਾਟ, ਭਾਰ ਵਿਚ ਵਾਧ ਘਾਟ ਜਾਂ ਦੂਰ ਨੇੜੇ ਦੀ ਨਜਰ ਵਿਚ ਬਦਲਾਵ, ਪਿਸ਼ਾਬ ਅਤੇ ਟਾਇਲਟ ਵਿਚ ਕਿਸੇ ਤਰਾਂ ਦਾ ਬਦਲਾਵ, ਥੁੱਕ ਦਾ ਪਤਲਾਪਨ, ਲੇਸਲਾਪਨ ਜਾਂ ਸੁੱਕਾਪਨ ਆਦਿ। ਜੇਕਰ ਕੋਈ ਵੀ ਬਦਲਾਵ ਸਰੀਰ ਵਿਚ ਮਹਿਸੂਸ ਹੋ ਰਿਹਾ ਹੈ, ਉਸ ਨੂੰ ਤੁਰੰਤ ਆਪਣੇ ਡਾਕਟਰ ਦੇ ਧਿਆਨ ਵਿਚ ਲਿਆਓ ਤਾਂ ਕਿ ਕਿਸੇ ਹੋਰ ਸਰੀਰਕ ਉਲਝਣ ਨੂੰ ਮੁਢਲੀ ਸਟੇਜ ਉੱਤੇ ਹੀ ਕਾਬੂ ਪਾ ਲਿਆ ਜਾਵੇ।

ਹਮੇਸ਼ਾ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਬੇਸ਼ੱਕ ਆਪਣੇ ਸਰੀਰਤੰਤਰ ਦਾ ਖਿਆਲ ਰੱਖਣਾ ਹਰ ਵਿਅਕਤੀ ਦੀ ਪਹਿਲੀ ਮਹੱਤਵਪੂਰਨ ਜਿੰਮੇਵਾਰੀ ਹੁੰਦੀ ਹੈ, ਪਰ ਇਕ ਮਰੀਜ ਦੀ ਆਪਣੀ ਸਿਹਤ ਪ੍ਰਤੀ ਜਿੰਮੇਵਾਰੀ ਇਕ ਤੰਦਰੁਸਤ ਵਿਅਕਤੀ ਨਾਲੋਂ ਕਈ ਗੁਣਾ ਵਧ ਜਾਂਦੀ ਹੈ। ਇਸ ਨੁਕਤੇ ਦਾ ਧਿਆਨ ਮਰੀਜ ਨੁੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਹੀ ਮਨ ਮਸਤਕ ਵਿਚ ਵਸਾ ਕੇ ਰੱਖਣਾ ਚਾਹੀਦਾ ਹੈ।

ਕੋਈ ਮਰੀਜ ਜਿੰਨਾ ਚਿਰ ਮਾਨਸਿਕ ਤੌਰ ‘ਤੇ ਮਜਬੂਤ ਨਹੀ ਉਨਾ ਚਿਰ ਨਾ ਹੀ ਉਹ ਬਿਮਾਰੀ ਨਾਲ ਲੜ ਸਕਦਾ ਹੈ ਤੇ ਨਾ ਹੀ ਬਿਮਾਰੀ ਤੋਂ ਮੁਕਤ ਹੋ ਸਕਦਾ ਹੈ। ਇਸ ਸਮੇ ਮਰੀਜ ਨੂੰ ‘ਮੌਰਲ’ ਸੁਪੋਰਟ ਦੀ ਬਹੁਤ ਜਰੂਰਤ ਹੁੰਦੀ ਹੈ । ਸੋ ਮਰੀਜ਼ ਦੇ ਆਸ ਪਾਸ ਵਾਲੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਇਹ ਪਹਿਲੀ ਡਿਊਟੀ ਬਣ ਜਾਂਦੀ ਹੈ ਕਿ ਉਹ ਮਰੀਜ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ ਵਾਸਤੇ ਪਰੇਰਿਤ ਕਰਨ।

ਮਨੁੱਖੀ ਸਰੀਰਤੰਤਰ ਦੀ ਰਚਨਾ ਅਜਿਹੀ ਹੈ ਕਿ ਸਰੀਰ ਦੇ ਬਾਹਰ ਲੱਗੀ ਸੱਟ ਫੇਟ ਤਾਂ ਹਰ ਵਿਅਕਤੀ ਵਲੋਂ ਦੇਖੀ ਜਾ ਸਕਦੀ ਹੈ ਜਦ ਕਿ ਸਰੀਰ ਦੇ ਅੰਦਰ ਅੱਖਾਂ ਤੋਂ ਓਝਲ ਕੀ ਚੱਲ ਰਿਹਾ ਹੈ, ਇਹ ਇਕ ਵਿਅਕਤੀਗਤ ਵਿਸ਼ਾ ਹੈ ਜਿਸ ਨੂੰ ਸਿਰਫ ਵਿਅਕਤੀਗਤ ਤੌਰ ‘ਤੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਇਕ ਗੱਲ ਹੋਰ ਇਹ ਵੀ ਨੋਟ ਕਰਨ ਵਾਲੀ ਹੈ ਕਿ ਹਰ ਵਿਅਕਤੀ ਦੇ ਸਰੀਰ ਦੀ ਬਣਤਰ ਅਲੱਗ ਤੇ ਵਿਲੱਖਣ ਹੁੰਦੀ ਹੈ, ਸਭ ਦੇ ਬਲੱਡ ਗਰੁੱਪ ਵੱਖਰੇ ਹੁੰਦੇ ਹਨ, ਹਰ ਸਰੀਰ ਦੀ ‘ਕੈਮੀਕਲ’ ਤਸੀਰ ਵੱਖਰੀ ਹੁੰਦੀ ਹੈ, ਇਸ ਕਰਕੇ ਇਕ ਹੀ ਦਵਾਈ ਸਭਨਾ ਵਾਸਤੇ ਇਕੋ ਜਿਹਾ ਅਸਰ ਨਹੀ ਕਰਦੀ, ਕਦੇ ਭੁੱਲਕੇ ਵੀ ਕਿਸੇ ਮਰੀਜ ਦੀ ਦਵਾਈ ਨਾ ਖਾਓ ਅਤੇ ਨਾ ਹੀ ਕਿਸੇ ਨੀਮ ਹਕੀਮ ਦੇ ਮਗਰ ਲੱਗਕੇ ਦਵਾਈ ਖਾਓ।

ਇਲਾਜ ਕਰਾਉੰਦੇ ਸਮੇ ਪੈਸੇ ਦੀ ਬਜਾਏ ਆਪਣੀ ਸਿਹਤ ਨੂੰ ਪਹਿਲ ਦਿਓ, ਪੈਸੇ ਬਚਾਉਣ ਵਾਸਤੇ ਕਦੇ ਵੀ ਨੀਮ ਹਕੀਮ, ਸੜਕਸ਼ਾਪ ਜਾਂ ਝੋਲਾਸ਼ਾਪ ਡਾਕਟਰਾਂ ਦੇ ਵਸ ਪੈ ਕੇ ਆਪਣੀ ਸਿਹਤ ਦਾ ਸੱਤਿਆਨਾਸ ਨਾ ਕਰੋ। ਹਮੇਸ਼ਾ ਚੇਤੇ ਰੱਖੋ ਕਿ ਪੈਸੇ ਬਾਅਦ ਵਿਚ ਵੀ ਕਮਾਏ ਜਾ ਸਕਦੇ ਹਨ, ਪਰ ਜੇਕਰ ਕਿਸੇ ਨੀਮ ਹਕੀਮ ਦੇ ਧੱਕੇ ਚੜ੍ਹਕੇ ਸਿਹਤ ਦਾ ਨਾਸ ਮਾਰ ਲਿਆ ਤਾਂ ਫਿਰ ਜਾਂ ਤਾਂ ਸਮੇਂ ਤੋਂ ਪਹਿਲਾਂ ਹੀ ਜਹਾਨੋਂ ਕੂਚ ਹੋਵੇਗਾ ਜਾਂ ਫਿਰ ਹਾਲਤ ਨਾ ਜਿੰਦਾ ਨਾ ਮੁਰਦਾ ਵਾਲੀ ਹੋਵੇਗੀ। ਬਿਮਾਰ ਹੋਣ ਸਮੇਂ ਡਾਕਟਰ ਕੋਲ ਜਾਣ ਦੀ ਘੌਲ ਕਦੇ ਵੀ ਨਾ ਕਰੋ, ਹਿੰਮਤ ਕਰੋ ਤੇ ਤੁਰੰਤ ਕਿਸੇ ਚੰਗੇ ਡਾਕਟਰ ਕੋਲ ਜਾਓ ਤਾਂ ਕਿ ਬਿਮਾਰੀ ਨੂੰ ਪਹਿਲੀ ਸਟੇਜ ਉਤੇ ਹੀ ਨੱਪਿਆ ਜਾ ਸਕੇ।—- ਚਲਦਾ
***
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)
20/01/2024

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1282
***

About the author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

View all posts by ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ →