6 December 2024

ਕਵਿਤਾ, ਪਰਵਾਸ ਤੇ ਪੰਜਾਬੀ ਬੰਦਾ – ਗੁਰਬਚਨ

ਕਵਿਤਾ, ਪਰਵਾਸ ਤੇ ਪੰਜਾਬੀ ਬੰਦਾ

-ਗੁਰਬਚਨ-

ਪਰਵਾਸ ਟੁੱਟਣ ਦਾ ਅਹਿਸਾਸ ਹੈ; ਕਵਿਤਾ ਅਜਿਹੇ ਅਹਿਸਾਸ ਦਾ ਪ੍ਰਵਚਨ ਹੈ। ਪਰਵਾਸ ਜਨਮ ਭੋਇੰ ਤੋਂ ਟੁੱਟਣਾ ਹੀ ਨਹੀਂ ਹੁੰਦਾ। ਜਿੰਹਨੀ ਪਰਵਾਸ ਵੱਧ ਗਹਿਰਾ ਹੁੰਦਾ।

ਰਚਨਾਤਮਿਕ ਮਨੁੱਖ ਦੇ ਫਿਕਰ ਤੇ ਕਲਪ ਉਹਨੂੰ ਸਥਾਪਿਤ ਧਾਰਾ ਤੋਂ ਵੱਖ ਕਰ ਦੇਂਦੇ ਹਨ ਤੇ ਉਹ ਸਵੈ-ਜਲਾਵਤਨੀ ਸਹੇੜਦਾ; ਉਹਦੇ ਲਈ ਆਪਣਾ ਦੇਸ਼ ਵੀ ਪਰਾਇਆ ਹੋ ਜਾਂਦਾ। ਪਾਸ਼ ਦੀ ਕਵਿਤਾ ‘ਬੇਦਖਲੀ ਲਈ ਬਿਨੈ ਪਤਰ’ ਦੇ ਮੁੱਢਲੇ ਬੋਲ ਹਨ:

ਮੈਂ ਉਮਰ ਭਰ ਉਸ ਦੇ ਖਿਲਾਫ ਸੋਚਿਆ ਤੇ ਲਿਖਿਆ
ਜੇ ਉਸ ਦੇ ਸੋਗ ਵਿਚ ਸਾਰਾ ਹੀ ਦੇਸ਼ ਸ਼ਾਮਲ ਹੈ
ਤਾਂ ਇਸ ਦੇਸ਼ ‘ਚੋਂ ਮੇਰਾ ਨਾਮ ਕਟ ਦੇਵੋ…

ਏਦਾਂ ਦੇ ਪਰਵਾਸੀ ਦੀ ਤਾਕਤ ਉਹਦਾ ਚਿੰਤਨ ਤੇ ਇਰਾਦਾ ਹੁੰਦਾ। ਉਹ ਮੂਕ ਮਨੁੱਖ ਨੂੰ ਨਵੀਂ ਭਾਸ਼ਾ ਮੁਹੱਈਆ ਕਰਦਾ। ਉਹਦਾ ‘ਹੋਣਾ’ ਵਕਤ ਦੇ ਪ੍ਰਭੂਆਂ ਨਾਲ ਆਢਾ ਲਗਾਂਦਾ। ਸਵੈ-ਦਮਨ ‘ਚ ਫਾਥੇ ‘ਚੁੱਪ’ ਮਨੁੱਖ ਨੂੰ ਚਿੰਤਨ ਦੀ ਭਾਸ਼ਾ ਦੇਣਾ ਕ੍ਰਾਂਤੀਕਰਾਰੀ ਕਾਰਜ ਹੈ। ਕਬੀਰ, ਬਾਬਾ ਨਾਨਕ, ਸੂਫ਼ੀ ਅਜਿਹੇ ‘ਪਰਵਾਸੀ’ ਕਵੀ ਸਨ। ਬੁੱਲ੍ਹੇ ਦੇ ਬੋਲ ਹਨ:

ਬੁੱਲਿਆ ਤੈਨੂੰ ਕਾਫ਼ਰ ਕਾਫ਼ਰ ਆਖਦੇ
ਤੂੰ ਆਹੋ ਆਹੋ ਆਖ

ਚੇਤੰਨ ਪਰਵਾਸੀ ਘਰ ਨੂੰ ਫਾਸਲੇ ਤੋਂ ਤੱਕਦਾ। ਉਹਦੇ ਚਿੰਤਨ ਦੇ ਪ੍ਰਸੰਗ ਬ੍ਰਹਿਮੰਡੀ ਹੁੰਦੇ ਹਨ। ਉਹਦਾ ਲਕਸ਼ ਗਤੀ ਹੁੰਦਾ। ਉਹਦਾ ਕੋਈ ਦੇਸ ਨਹੀਂ ਹੁੰਦਾ, ਨਾ ਪਰਦੇਸ ਹੁੰਦਾ, ਜਿਵੇਂ ਕਵੀ ਦਾ ਦੇਸ ‘ਸ਼ਬਦਾਂ ਦਾ ਦੇਸ’ ਹੁੰਦਾ।

ਸਵੈ-ਜਲਾਵਤਨ ‘ਪਰਵਾਸੀ’ ਘਰ ਦੀ ਵਿੱਥ-ਸੂਝ ਤੋਂ ਪਰਾਈ ਧਰਤੀ ਨੂੰ ਤੱਕਦਾ; ਪਰਾਈ ਧਰਤੀ ਦੀ ਵਿੱਥ-ਸੂਝ ਤੋਂ ਘਰ ਨੂੰ ਤੱਕਣ ਦੇ ਸਮਰਥ ਹੁੰਦਾ। ਇਕ ਵੇਰ ਫੇਰ ਪਾਸ਼ ਦੇ ਹਵਾਲੇ ਨਾਲ ਗੱਲ ਸਮਝਣੀ ਪੈਣੀ ਹੈ। ਉਹਦੀ ਪ੍ਰਸਿੱਧ ਕਵਿਤਾ ‘ਸਭ ਤੋਂ ਖਤਰਨਾਕ’ ਦਾ ਇਕ ਵੇਰ ਫੇਰ ਪਾਠ ਕਰੋ।

ਇਹ ਕਵਿਤਾ ਪਾਸ਼ ਨੇ ਅਮਰੀਕਾ ‘ਚ ਰਹਿਣ ਦੇ ਅਨੁਭਵ ਤੋਂ ਬਾਦ ਲਿਖੀ। ਇਹਦੀ ਅਹਮੀਅਤ ਪਰਵਾਸੀ ਪ੍ਰਸੰਗਾਂ ਨੂੰ ਉਧੇੜਣ ‘ਚ ਹੈ। ਇਸ ਵਿਚ ਕੰਮ/ਕਮਾਈ ਦਾ ਭਰਮ-ਜਾਲ ਫੀਤਾ ਫੀਤਾ ਹੋ ਜਾਂਦਾ।

ਕੰਮ/ਕਮਾਈ ਦੀ ਖਾਤਰ ਦੇਸ ਤੋਂ ਟੁੱਟਣ ਦਾ ਅਨੁਭਵ ਵੱਖਰਾ ਹੁੰਦਾ। ਇਸ ਪਰਵਾਸ ‘ਚ ਬੇਗਾਨਗੀ/ਲਾਚਾਰੀ ਹੈ। ਇਹ ਸਵੈ-ਚਿੰਤਨ ਦਾ ਸਬੱਬ ਨਹੀਂ ਬਣਦੀ, ਤੀਬਰ ਭਾਵੁਕਤਾ ਦਾ ਸਥਲ ਬਣਦੀ ਹੈ: ਪੰਜਾਬੀ ਪਰਵਾਸੀ ਦੇ ਪ੍ਰਸੰਗ ‘ਚ ਏਦਾਂ ਹੀ ਹੋਇਆ।

ਪੰਜਾਬੀ ਬੰਦਾ ਕੰਮ/ਕਮਾਈ ਦੀ ਖਾਤਰ ਹੀ ਬਦੇਸ਼ਾਂ ‘ਚ ਪੁੱਜਦਾ ਤੇ ਇਸ ਵਿਚ ਹਜ਼ਮ ਹੋ ਜਾਂਦਾ।

ਪੱਛਮੀ ਮੁਲਕਾਂ ‘ਚ ਏਸ਼ੀਆ ਤੋਂ ਗਿਆ ਬੰਦਾ ਅਚਾਨਕ ਆਪਣਾ ਕਦ ਨਿੱਕਾ ਹੋ ਗਿਆ ਮਹਿਸੂਸ ਕਰਦਾ। ਨਸਲੀ ਵਿਤਕਰਾ ਪਰਾਈ ਅੱਖਾਂ ‘ਚੋਂ ਨਾ ਵੀ ਉੱਛਲਦਾ ਹੋਵੇ ਪਰ ਵਿਤਕਰਾ ਅਜਿਹੀ ਆਬੋ-ਹਵਾ ‘ਚ ਹੁੰਦਾ ਹੈ ਜਿੱਥੋਂ ਦੀ ਕੁੱਲ ਸਪੇਸ ‘ਤੇ ਪਹਿਲਾਂ ਹੀ ਕਬਜ਼ਾ ਹੋ ਚੁੱਕਾ ਹੈ। ਆਪਣੀ ਜਨਮ-ਭੂਮੀ ‘ਚ ਮਨੁੱਖ ਹੀਣਾ ਹੋ ਕੇ ਵੀ ਅੱਧ-ਪਚੱਧਾ ‘ਕਰਤਾ’ ਹੁੰਦਾ, ਥੋੜ੍ਹਾ ਬਹੁਤ ਆਪਣੇ ਹਿੱਸੇ ਦੀ ਧੁੱਪ ਦਾ ਮਾਲਕ। ਇਹੀ ਮਨੁੱਖ ਪੱਛਮੀ ਮੁਲਕਾਂ ‘ਚ ਦੀਵਾਰ ਨਾਲ ਪਿੱਠ ਲਗਾ ਕੇ ਕੁਲ ਵਰਤਾਰੇ ਦਾ ਦੂਰ ਖੜਾ ਦਰਸ਼ਕ ਬਣ ਜਾਂਦਾ ਹੈਨਿਮਾਣਾ। ਉਸ ਦੇਸ/ਕੌਮ ਦੀ ਤਕਦੀਰ ਨਾਲ ਇਹਦੀ ਤਕਦੀਰ ਦਾ ਨਾਤਾ ਨਹੀਂ ਰਹਿੰਦਾ।

ਸ਼ੁਰੂ ‘ਚ ਇੰਗਲੈਂਡ ‘ਚ ਪੁੱਜੇ ਕਵੀ ਨੇ ਜੋ ਕਵਿਤਾ ਲਿਖੀ ਉਸ ਵਿਚਲਾ ਮਨੁੱਖ ਵਿਚਾਰਾ ਸੀ। ਇਸ ਕਵਿਤਾ ‘ਚ ਹਾਰ ਦਾ ਅਹਿਸਾਸ ਸੀ: ਤੜਪ, ਟੁੱਟ-ਭੱਜ ਦਾ ਚਿਤਰ ਸੀ। ਇਹ ਭੋਇੰਮੁਖ ਪੰਜਾਬੀ ਬੰਦੇ ਦਾ ਵਿਗੋਚਾ ਸੀ ਜਿਸ ਕੋਲੋਂ ਤਬਦੀਲੀ/ਵਿਕਾਸ ਚੋਖੀ ਕੀਮਤ ਮੰਗ ਰਿਹਾ ਸੀ। ਇਹ ਪੂਰਵ-ਪੂੰਜੀਵਾਦੀ ਕਲਚਰ ਤੋ ਆਏ ਬੰਦੇ ਦੀ ਪੁਕਾਰ ਸੀ ਜੋ ਵਿਕਸਤ ਪੂੰਜੀਵਾਦ ਨਾਲ ਬਿਨਾਂ ਹਥਿਆਰਾਂ ਦੇ ਟਕਰਾਂਦਾ ਰਿਹਾ।

ਪਰਵਾਸੀ ਸਾਹਿਤਕਾਰਾਂ ਦੀਆਂ ਕਿਤਾਬਾਂ ਦੇ ਨਾਵਾਂ ਤੋਂ ਉਸ ਹਾਰ ਦੇ ਅਹਿਸਾਸ ਦਾ ਪਤਾ ਚਲਦਾ: ‘ਸਾਨੂੰ ਕੌਣ ਪੁੱਛਦਾ’, ‘ਗੁਆਚੇ ਘਰ ਦੀ ਤਲਾਸ਼’, ‘ਲੀਹੋਂ ਲੱਥੇ’, ‘ਨਾ ਘਰ ਦੇ ਨਾ ਘਾਟ ਦੇ’, ‘ਪਰਵਾਸਨਾਮਾ’, ‘ਅਸੀਂ ਕਾਲੇ ਲੋਕ ਸਦੀਦੇਂ’ ਆਦਿ।

ਅਜਿਹਾ ਬੰਦਾ ਬਦੇਸ਼ਾਂ ‘ਚ ਜਾਣ ਤੋਂ ਪਹਿਲਾਂ ਆਪਣੇ ਦੇਸ ਦੀ ਆਰਥਿਕਤਾ ‘ਚ ਹਾਸ਼ੀਏ ‘ਤੇ ਰਹਿੰਦਾ। ਬਦੇਸ਼ਾਂ ‘ਚ ਬੇਗਾਨਗੀ ਦੀਆਂ ਅਨਿਕ ਭੁਜਾਵਾਂ ਨਾਲ ਉਹਦਾ ਟਾਕਰਾ ਹੁੰਦਾ। ਜਦ ਖੁਸ਼ਹਾਲ ਹੁੰਦਾ ਤਾਂ ਸੋਚਦਾ ਜ਼ਿੰਦਗੀ ਦਾ ਮਿਸ਼ਨ ਪੂਰਾ ਹੋ ਗਿਆ, ਪਰ ਅਜਿਹਾ ਹੁੰਦਾ ਨਹੀਂ। ਅੰਦਰਲੇ ਵਿਰੋਧਾਂ ਨੇ ਜੀਵਨ-ਰੇਖਾ ‘ਚ ਕਿੰਨੇ ਟੇਢ ਪੈਦਾ ਕਰ ਦਿੱਤੇ ਹੁੰਦੇ ਹਨ। ਪਰਦੇਸਾਂ ‘ਚ ਲਿਖੇ ਗਏ ਨਾਵਲ/ਕਹਾਣੀਆਂ ‘ਚ ਅਜਿਹੇ ਟੇਢਾਂ ਦਾ ਬਿਰਤਾਂਤ ਮਿਲਦਾ ਹੈ। ਸਵਰਨ ਚੰਦਨ ਦਾ ਨਾਵਲ ‘ਕੰਜਕਾਂ’ ਇਹਦੀ ਮਿਸਾਲ ਹੈ।

ਨਵੀਂ ਜਗ੍ਹਾ ‘ਚ ਇਸ ਪਰਵਾਸੀ ਦਾ ਰੁੱਤਬਾ ਪੱਕੇ ‘ਆਉਟ ਸਾਈਡਰ’ ਵਾਲਾ ਹੋ ਜਾਂਦਾ। ਪਹਿਲੀ ਵੇਰ ਉਹਨੂੰ ਆਪਣੀ ਚਮੜੀ ਦਾ ਰੰਗ ਦਿੱਸਦਾ। ਫਿਰ ਆਪਣੀ ਅਜੀਬੋ-ਗਰੀਬ ਦਸਤਾਰ ਦਿੱਸਦੀ ਹੈ, ਪਹਿਰਾਵਾ ਵੱਖਰਾ ਲੱਗਦਾ। ਭਾਸ਼ਾ ਕਰਕੇ ਮੁੱਖ ਧਾਰਾ ਤੋਂ ਦੂਰ ਰਹਿੰਦਾ। ਅੰਤਹ ਦੀ ਭਾਸ਼ਾ ਉੱਕਾ ਵੱਖਰੀ ਹੁੰਦੀ ਹੈ; ਇਹ ‘ਅੰਗਰੇਜੀ’ ਨੂੰ ਬੋਲਦਿਆਂ ਜ਼ਿਆਦਾ ਓਪਰਾ ਹੋ ਜਾਦਾ। ਆਪਣੇ ‘ਚ ਅਦਲ-ਬਦਲ ਕਰਕੇ ਓਪਰੇਪਣ ਨੂੰ ਘਟਾਂਦਾ; ਜਗਜੀਤ ਸਿੰਘ ਜੈਕ ਬਣ ਜਾਂਦਾ, ਸੁਖਵਿੰਦਰ ਸੈਮ, ਸੁਮਨ ਕਾਂਤਾ ਕੈਲੀ ਤੇ ਮਨਜੀਤ ਕੌਰ ਮੈਂਡੀ ਹੋ ਜਾਂਦੀ ਹੈ। ਪਰਵਾਸ ਕਾਰਣ ਪਛਾਣ ਦੀ ਟੁੱਟ-ਭੱਜ ਹੁੰਦੀ ਹੈ ਤੇ ਬੰਦਾ ਖਿਲਰਿਆ ਰਹਿੰਦਾਘਰ ਹੋਰ, ਬਾਹਰ ਹੋਰ, ਆਪਣੇ ਆਪ ਦੀ ਨਿਗ੍ਹਾ ਕੁਝ ਹੋਰ। ਇਰਦ ਗਿਰਦ ਦੀ ਕੁੱਲ ਸਪੇਸ ਦਾ ਜ਼ਰਾ ਜ਼ਰਾ ਇਸ ਬੰਦੇ ਨੂੰ ਓਪਰਾ ਘੋਸ਼ਿਤ ਕਰਦਾ ਤੇ ਇਹ ਆਪਣੀਆਂ ਨਿਗਾਹਾਂ ‘ਚ ਅਲਪ ਹੋ ਜਾਂਦਾ। ਤਦ ਸਿਲਸਿਲਾ ਅਧੂਰੇਪਣ ਨੂੰ ਪੁਰ ਕਰਨ ਦਾ ਸ਼ੁਰੂ ਹੋ ਜਾਂਦਾ ਹੈ। ਨਿੱਜ ਦੁਆਲੇ ਵਿੱਢਿਆ ਇਹ ਸੰਘਰਸ਼ ਨਿਰੰਤਰ ਕਾਇਮ ਰਹਿੰਦਾ।

ਪੱਛਮੀ ਦੇਸਾਂ ‘ਚ ਪਰਾਇਆਪਣ ਪ੍ਰਛਾਵੇਂ ਵਾਂਗ ਉਹਦਾ ਪਿੱਛਾ ਨਹੀਂ ਛੱਡਦਾ। ਜਦ ਇਹੀ ਬੰਦਾ ਥਾਈਲੈਂਡ, ਜਾਪਾਨ ਜਾਂ ਮਲਾਇਆ ਜਾਂਦਾ ਤਾਂ ਉਸ ਦਾ ਪਰਵਾਸ ਹੋਰ ਤਰ੍ਹਾਂ ਦਾ ਹੁੰਦਾ। ਉਹਦੀ ਬੇਗਾਨਗੀ ਏਨੀ ਅਮੂਰਤ/ਅਧਿਆਤਮਕ ਪੱਧਰ ਦੀ ਨਹੀਂ ਹੁੰਦੀ; ਉਹਨੂੰ ਪਰਾਈ ਭਾਸ਼ਾ ਬੋਲਣ ਲੱਗਿਆਂ ਜ਼ੁਬਾਨ ਟੇਢੀ ਨਹੀਂ ਕਰਨੀ ਪੈਂਦਾ। ਉਹ ਨਾਰਮਲ ਹੋ ਕੇ ਵਿਚਰ ਸਕਦਾ। ਆਪਣੇ ‘ਹੋਣ’ ‘ਤੇ ਫ਼ਖਰ ਕਰ ਸਕਦਾ। ਇਨ੍ਹਾਂ ਦੇਸਾਂ ‘ਚ ਗਿਆ ਪੰਜਾਬੀ ਬੰਦਾ ਹੋਰ ਤਰ੍ਹਾਂ ਦਾ ਪਰਵਾਸੀ ਹੁੰਦਾ ਜਿਸ ਦੀ ਕੁਲ ਟੇਕ ਉਹ ਸੰਸਾਰ ਹੁੰਦਾ ਜਿਸ ਨੂੰ ਉਹ ਤੱਜ ਆਇਆ।

ਜੇ ਜਿੰਦਗੀ ਭਰ ਦੀ ਕੁਲ ਮਿਹਨਤ ‘ਘਰ ਤੋਂ ਕੰਮ ਤੇ ਕੰਮ ਤੋਂ ਘਰ’ ਦੇ ਹੀ ਲੇਖੇ ਲੱਗਣੀ ਹੈ ਤੇ ਬੇਗਾਨਗੀ ਕਾਰਣ ਪੈਦਾ ਹੋਏ ਖਿਲਾਰ ਨੂੰ ਸਾਂਭਣ ‘ਚ ਲੱਗਣੀ ਹੈ ਤਾਂ ਏਨੀ ਮਿਹਨਤ ਦਾ ਹਾਸਲ ਕੀ ਹੈ? ਪਾਸ਼ ਦੀ ਉਕਤ ਕਵਿਤਾ ਪਰਵਾਸੀ ਬੰਦੇ ਦੀ ਖੁਸ਼ਹਾਲ ਹੋਣ ਦੀ ਮਿੱਥ ਦਾ ਭੰਜਨ ਕਰਦੀ ਹੈ। ਅਜਿਹੀ ਖੁਸ਼ਹਾਲੀ ਦਾ ਮਾਨਵ ਪ੍ਰਸੰਗ ‘ਚ ਉਲਥਾ ਕਰਕੇ ਦੇਖੋ। ‘ਐਨ.ਆਰ.ਆਈ.’ ਦੀ ਸਫ਼ਲਤਾ ਮਿੱਥ ਬਣੀ ਦਿਸਦੀ ਹੈ। ਅੱਜ ਇਸ ਮਿੱਥ ਨੂੰ ਵਿਗਿਆਪਨ ਵਾਂਗ ਵਰਤਿਆ ਜਾ ਰਿਹਾ। ਪੰਜਾਬ ਦੀ ਮੰਦਹਾਲੀ, ਕਿਸਾਨਾਂ ਦੀ ਖੁਦਕੁਸ਼ੀ ਦਾ ਵਿਕਲਪ ਪਰਵਾਸ ਜ਼ਾਹਿਰ ਹੋ ਰਿਹਾ।

ਪੂੰਜੀ ਕਲਚਰ ਮਿੱਥ ਨੂੰ ਵਿਗਿਆਪਨੀ ਸੱਚ ਵਾਂਗ ਪ੍ਰਸਤੁਤ ਕਰਦੀ ਹੈ; ਅਜਿਹਾ ਕਰਦਿਆਂ ਮਨੁੱਖ ਨੂੰ ਆਪਣੇ ਜੋਗਾ ਵੀ ਨਹੀਂ ਰਹਿਣ ਦੇਂਦੀ। ਪਰਵਾਸੀ ਏਨੀ ਮੁਸ਼ਕਤ ਪੂੰਜੀ ਕਲਚਰ ਦੀ ਗੋਡੀ ਕਰਨ ‘ਤੇ ਲਗਾ ਦੇਂਦਾਅੰਤ ਬੁੱਢਾ ਹੋ ਕੇ ਵਾਪਿਸ ਮੋਹਾਲੀ ‘ਚ ਦਸ ਮਰਲੇ ਦਾ ਕੋਠਾ ਪਾ ਕੇ ਜ਼ਿੰਦਗੀ ਦੇ ਹਾਸਲ ਬਾਰੇ ਸੋਚਦਾ, ਜਾਂ ਕੁਝ ਵੀ ਸੋਚਣ ਦੇ ਯੋਗ ਨਹੀਂ ਰਹਿੰਦਾ। ਇਹ ਪੰਜਾਬੀ ਬੰਦੇ ਦੇ ਮੁੱਢਲੇ ਪਰਵਾਸ ਦਾ ਰੂਪ ਹੈ, ਜ਼ਖਮ ਹੈ।

ਅਮਰਜੀਤ ਚੰਦਨ ਦੀ ਕਵਿਤਾ ਹੈ : ‘ਕਲਾਮ ਵਲੈਤੀ ਮੁੰਡੇ ਦਾ ਆਪਣੇ ਬਾਪ ਨਾਲ’ । ਇਸ ਕਵਿਤਾ ਵਿਚ ਵਲੈਤੀ ਮੁੰਡੇ ਦਾ ਸਵੈ ਕਥਨ ਪੜ੍ਹੋ:

1. ਮੈਂ ਸਾਹਿਬ ਵਲੈਤੀ
ਉਸ ਪਿਉ ਦਾ ਜਾਇਆ
ਜੋ ਕੋਠੀ ਬੰਗਲਿਆਂ ਸੋਨੇ ਖਾਤਰ
ਬੇਵਤਨਾ ਬੇਗੈਰਤ ਹੋ ਕੇ
ਦੇਸ ਬੇਗਾਨੇ ਨੱਠਾ ਆਇਆ
ਮੇਰੀ ਬੋਲੀ ਦਾ ਹੈਂ ਕਾਤਲ ਤੂੰ
ਮੇਰੇ ਸੁਫਨੇ ਦਾ ਹੈਂ ਕਾਤਲ ਤੂੰ
ਮੇਰੇ ਹਾਸੇ ਯਾਦਾਂ ਰੀਝਾਂ ਦਾ
ਮੇਰੀ ਖੁਸ਼ਬੂ ਦਾ ਹੈਂ ਕਾਤਲ ਤੂੰ

2. ਅੱਧੀ ਉਮਰ ਤਾਂ ਸ਼ਿਫ਼ਟਾਂ ਖਾ ਲਈ
ਬਾਕੀ ਖਾ ਲਈ ਕਿਸ਼ਤਾਂ
ਨਾ ਕੋਈ ਤੇਰੇ ਦਿਲ ਦਾ ਜਾਨੀ
ਰੋਵੇਂ ਜਾ ਕੇ ਕਿਸ ਥਾਂ

ਪੰਜਾਬੀ ਕਵਿਤਾ ਅਨੰਤ ਬੇਗਾਨਗੀ ਦੇ ਅੰਗ-ਸੰਗ ਵਿਚਰਦੀ ਰਹੀ ਹੈ। ਅਜਿਹਾ ਕਰਦਿਆਂ ਇਸ ਤੋਂ ਪਾਰ ਵੀ ਜਾਂਦੀ ਰਹੀ ਹੈ।

ਪੰਜਾਬੀ ਮਨੁੱਖ ਪਰਵਾਸ ਏਦਾਂ ਸਹੇੜਦਾ ਜਿਵੇਂ ਕੋਈ ਲਾਮ ‘ਤੇ ਜਾਂਦਾ। ਇਹ ਨਵੀਂ ਤਰ੍ਹਾਂ ਦੀ ਰਣਭੂਮੀ ਹੈ। ਮਨੁੱਖ ਸਿਰਫ਼ ਕਾਇਮ ਹੀ ਰਹਿਣਾ ਨਹੀਂ ਚਾਹੁੰਦਾ, ਉਸ ਕੁਝ ਤੋਂ ਪਾਰ ਜਾਣਾ ਚਾਹੁੰਦਾ ਜੋ ਉਹਨੂੰ ਪ੍ਰਾਪਤ ਹੈ। ‘ਪ੍ਰਾਪਤ’ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਕਰਕੇ ਹੀ ਮਨੁੱਖ ਜਨੌਰਾਂ/ਪਸ਼ੂਆਂ ਤੋਂ ਉਪਰ ਹੈ। ਪ੍ਰਗਤੀ ਪ੍ਰਾਪਤ ਨੂੰ ਨਕਾਰਨ ਤੇ ਅਪ੍ਰਾਪਤ ਲਈ ਤਾਂਘ ਰੱਖਣ ‘ਚ ਹੈ। ਇਹੀ ਮਨੁੱਖ ਦੀ ਮਿਹਨਤ ਹੈ। ਸਭਿਅਤਾ ਦੀ ਤੋਰ ਤਬਦੀਲੀ ਦੀ ਤਾਂਘ ਰਾਹੀਂ ਕਾਇਮ ਰਹਿੰਦੀ ਹੈ। ਪੰਜਾਬੀ ਬੰਦਾ ਅਨੰਤ ਜੋਖਮ ਸਹੇੜ ਕੇ ਜਦ ਬਦੇਸ਼ਾਂ ‘ਚ ਜਾਂਦਾ ਤਾਂ ਇਸ ਦਾ ਕਾਰਣ ਆਰਥਿਕ ਲਾਚਾਰੀ ਹੈ। ਇਹ ਚੇਤੰਨ ਚੋਣ ਵੀ ਹੈ। ਅਜਿਹੇ ਮਨੁੱਖ ਲਈ ਕੋਈ ਸਥਿਤੀ ਅਸਹਿ ਨਹੀਂ ਹੁੰਦੀ। ਤਬਦੀਲੀ ਆਹੂਤੀ ਮੰਗਦੀ ਹੈ, ਪੰਜਾਬੀ ਬੰਦਾ ਆਹੂਤੀ ਦੇਣ ਲਈ ਤਿਆਰ ਹੈ।

ਅਜਿਹਾ ਮਨੁੱਖ ਕੰਮ/ਕਮਾਈ ਦੇ ਗੇੜ ‘ਚ ਫਾਥਾ ਦੇਸ/ਪਰਦੇਸ ਦੀ ਕਰਮ-ਭੂਮੀ ਤੋਂ ਖਾਰਜ ਹੋ ਰਿਹਾ; ਜ਼ਿੰਦਗੀ ਦੀ ਕਵਿਤਾ ਤੋਂ ਦੂਰ ਜਾ ਰਿਹਾ, ਮਿੱਥਾਂ ਦੇ ਨਿਕਟ ਖੜ ਰਿਹਾ; ਨੋਟਾਂ ਦੀ ਸਲਤਨਤ ਦਾ ਦਾਸ ਬਣ ਰਿਹਾ। ਪਰਵਾਸ ਦਾ ਇਕ ਇਹ ਪ੍ਰਮੁੱਖ ਪਾਸਾਰ ਹੈ।

***

‘ਮਾਂ: ਘਰ: ਜੜ੍ਹਾਂ ”ਆਰੰਭ’ ਦਾ ਪੈਰਾਡਾਈਮ ਹੈ ਜਿਸ ਤੋਂ ਟੁੱਟਣਾ ਤੈਅ ਹੈ। ‘ਆਰੰਭ’ ਦਾ ਪੈਰਾਡਾਈਮ ਭੋਇੰਮੁਖ ਸਭਿਆਚਾਰ ਵਾਲਾ ਹੁੰਦਾ। ਇਸ ਤੋਂ ਟੁੱਟਣਾ, ਮਾਂ/ਘਰ ਤੋਂ ਦੂਰ ਜਾਣਾ, ਭਾਵੁਕ ਮੰਚ ਦਾ ਸਰੋਤ ਹੈ। ਸਰੋਦੀ ਕਵਿਤਾ ‘ਆਰੰਭ’ ਦੇ ਨੇੜੇ ਹੁੰਦੀ ਹੈ, ਜਾਂ ‘ਆਰੰਭ’ ਤੋਂ ਟੁੱਟੇ ਹੋਏ ਦੀ ਪੁਕਾਰ ਹੁੰਦੀ ਹੈ। ਧਰਤੀ ਦੀ ਆਗ਼ੋਸ਼ ‘ਚ ਰਹਿਣ ਦੀ ਇੱਛਾ ਰੱਖਣ ਵਾਲਾ ਮਨੁੱਖ ‘ਧਰਤੀ ਦਾ ਗੀਤ’ ਗਾਉਂਦਾ। ਅਜਿਹੇ ਮਨੁੱਖ ਲਈ ਬਦਲ ਰਹੇ ਸਮੇਂ ਨਾਲ ਸੁਰ ਨਹੀਂ ਮਿਲਦੀ। ਉਹ ਪੀੜਤ ਹੁੰਦਾ, ਰੁਦਨ ਕਰਦਾ, ਜਿਵੇਂ ਕਵੀ ਸ਼ਿਵ ਕੁਮਾਰ ਕਰਦਾ ਰਿਹਾ। ਟੁੱਟਣ ਦਾ ਅਹਿਸਾਸ ਅਜਿਹਾ ਪਰਵਾਸ ਹੈ ਜਿਸ ਦਾ ਮੂੰਹ ਅਗਾਂਹ ਵਲ ਨਹੀਂ ਹੁੰਦਾ। ਸ਼ਿਵ ਕੁਮਾਰ ਜ਼ਿੰਦਗੀ ਦੀ ਗਤੀ ਤੋਂ ਟੁੱਟਾ ਹੋਇਆ ‘ਆਉਟ ਸਾਈਡਰ’ ਸੀ, ਇਰਦ ਗਿਰਦ ਤੱਕਦਾ ਤਾਂ ਪੀੜਾ ਉਪਜਦੀ, ਚਿੰਤਨ ਗ਼ਾਇਬ ਹੋ ਜਾਂਦਾ। ਉਹ ‘ਆਰੰਭ’/ਮਾਂ-ਲੋਰੀ ਦੀ ਸਥਿਤੀ ‘ਚ ਖੁੱਭਾ ਹੋਇਆ ਕਵੀ ਸੀ। ਉਹਦਾ ਸ਼ਬਦ ਸਿਰਜਣ ‘ਆਰੰਭ’ ਦੇ ਪੈਰਾਡਾਈਮ ਦੀ ਉਪਜ ਹੋਣ ਕਰਕੇ ਭੋਇੰ ਦੇ ਖਮੀਰ ਵਰਗਾ ਸੀ। ਸ਼ਹਿਰੀ ਮੱਧਲੇ ਮਨੁੱਖ ਲਈ ਇਹ ਖਮੀਰ ਬੜਾ ਰਸਦਾਇਕ ਸੀ ਕਿਉਂਕਿ ਜਿਸ ਪੀੜਾ ਨੂੰ ਸ਼ਿਵ ਗਾਉਂਦਾ ਉਹਦਾ ਅਰਥਾਂ ‘ਚ ਉਲਥਾ ਨਹੀਂ ਸੀ ਹੋ ਸਕਦਾ। ਅੱਥਰੂਆਂ ਦਾ ਅਰਥਾਂ ‘ਚ ਉਲਥਾ ਨਹੀਂ ਹੁੰਦਾ। ਅਜਿਹੀ ਕਵਿਤਾ ਟੁੱਟਣ ਦੇ ਜ਼ਖਮ ਨੂੰ ਕੁਰੇਦਦੀ ਹੈ, ਨਵੇਂਪਣ ਨੂੰ ਓਪਰਾ ਬਣਾਂਦੀ ਹੈ। ਤਦ ਹੀ ਉਹਦੀ ਕਵਿਤਾ ਵਿਗੋਚੇ ਨਾਲ ਵਿੰਨ੍ਹੀ ਔਰਤ ਦਾ ਪਰਤੌ ਬਣ ਜਾਂਦੀ ਹੈ। ਸੁਰਜੀਤ ਪਾਤਰ ਲਈ ਵੀ ਘਰ ਦੇ ਚੁੱਲ੍ਹੇ ਤੋਂ ਵੱਧ ਸਕੂਨ ਦੇਣ ਵਾਲੀ ਕੋਈ ਥਾਂ ਨਹੀਂ। ਪੰਜਾਬੀ ਪ੍ਰਗੀਤ ਅਜਿਹੇ ਪਰਵਾਸੀ ਦੀ ਸਦ ਹੈ ਜੋ ਆਰੰਭ ਦੇ ਗੁੰਮ ਹੋ ਜਾਣ ‘ਤੇ ਵਿਰਲਾਪ ਕਰਦਾ। ਤਰਲਾ ਉਸ ‘ਆਰੰਭ’ ਦਾ ਹੁੰਦਾ ਹੈ ਜੋ ਗੁੰਮ ਹੋ ਚੁੱਕਾ।

ਪੰਜਾਬੀ ਬੰਦਾ ‘ਆਰੰਭ’ ਦੇ ਗੇੜ ਤੋਂ ਮੁਕਤ ਨਹੀਂ; ਅਜਿਹੇ ਮਨੁੱਖ ਲਈ ਪਰਵਾਸ ਦੇ ਭਾਵੁਕ ਅਰਥ ਹੁੰਦੇ ਹਨ, ਦਾਰਸ਼ਨਿਕ ਨਹੀਂ। ਸੁਰਿੰਦਰ ਸੋਹਲ ਅਮਰੀਕਾ ‘ਚ ਨਵਾਂ ਗਿਆ ਕਵੀ ਹੈ। ਉਹਦੀ ਗ਼ਜ਼ਲ ਦੇ ਇਨ੍ਹਾਂ ਬੋਲਾਂ ਨੂੰ ਪੜ੍ਹੋ:

ਧੁੱਪ ‘ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲੀ, ਮੈਂ ਰੋ ਪਿਆ
ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲੀ, ਮੈਂ ਰੋ ਪਿਆ
… … …

ਭੋਗਦਾ ਬੇਗਾਨਗੀ ਪੱਥਰ ਜਿਹਾ ਸਾਂ ਹੋ ਗਿਆ
ਅਜਨਬੀ ਰਾਹਾਂ ‘ਚ ਮੇਰੀ ਮਾਂ ਮਿਲੀ, ਮੈਂ ਰੋ ਪਿਆ

ਹਰੇਕ ਜਾਤੀ ਦੀ ਬਦੇਸ਼ਾਂ ‘ਚ ਖਿੰਡਰਾਅ ਦੀ ਅਨੂਠੀ ਬਣਤ ਹੁੰਦੀ ਹੈ। ਡਾਇਸਪੋਰਾ ਦਾ ਪੁਨਰ-ਵਾਸਾ ਇਕਸਾਰ ਨਹੀਂ ਹੁੰਦਾ। ਇਹ ਕਈ ਤਰ੍ਹਾਂ ਪ੍ਰਗਟ ਹੋ ਰਿਹਾ ਹੈ। ਏਸ਼ੀਆ ਤੋਂ ਪੱਛਮੀ ਅਰਥਚਾਰੇ ‘ਚ ਦਾਖਲ ਹੋਏ ਬੰਦੇ ਲਈ ਪਰਵਾਸ ਦੇ ਅਰਥ ਉਹ ਨਹੀਂ ਜੋ ਯੌਰਪੀ ਬੰਦੇ ਲਈ ਹਨ। ਇਹਦਾ ਕਾਰਣ ਆਰਥਿਕ/ਸਭਿਆਚਾਰਕ ਹੈ। ਇਨ੍ਹਾਂ ਦੇਸਾਂ ‘ਚ ਪੰਜਾਬੀ ਬੰਦੇ ਨੂੰ ਕੇਂਦਰੀ ਸਪੇਸ ਮੁਹੱਈਆ ਨਹੀਂ ਹੁੰਦੀ । ਉਹ ਸਰਵਿਸ ਲੇਨ ‘ਚ ਵਾਸਾ ਕਰਨ ਲੱਗਦਾ ਹੈ। ਸਾਊਥਾਲ ਵਾਲੇ ਰਣਜੀਤ ਧੀਰ ਦਾ ਕਥਨ ਚੇਤੇ ਆਉਂਦਾ ਹੈ: “ਅਸੀਂ ਆਏ ਤਾਂ ਉਨ੍ਹਾਂ ਘਰਾਂ ‘ਚ ਜਾਣਾ ਪਿਆ ਜਿਨ੍ਹਾਂ ਨੂੰ ਗੋਰੇ ਨਕਾਰ ਚੁੱਕੇ ਸਨ, ਉਹ ਕੰਮ ਕੀਤੇ ਜੋ ਗੋਰੇ ਕਰਨ ਤੋਂ ਇਨਕਾਰ ਕਰਦੇ ਸਨ, ਉਨ੍ਹਾਂ ਗੋਰੀਆਂ ਨਾਲ ਹਮ-ਬਿਸਤਰੀ ਕਰਨੀ ਪਈ ਜਿਨ੍ਹਾਂ ਨੂੰ ਗੋਰੇ ਆਪਣੇ ਨੇੜੇ ਨਹੀਂ ਸਨ ਲੱਗਣ ਦੇਂਦੇ।” ਸਾਊਥਾਲ ਦੇ ਹੀ ਕਹਾਣੀਕਾਰ ਬਲਦੇਵ ਸਿੰਘ ਦੀ ਕਿਤਾਬ ਦਾ ਨਾਂ ਹੈ: “ਸਾਨੂੰ ਕੌਣ ਪੁੱਛਦਾ”। ਜਗਤਾਰ ਢਾਅ ਦੀ ਤਿੰਨ ਵੇਰ ਬਾਈਪਾਸ ਸਰਜਰੀ ਹੋ ਚੁੱਕੀ ਹੈ ਤੇ ਇਕ ਦਿਨ ਉਹ ਕਹਿਣ ਲੱਗਾ: “ਏਥੇ ਜਿਹੜਾ ਆਵਾਸੀ 45 ਸਾਲ ਦੀ ਉਮਰ ਭੋਗਣ ਤੱਕ ਬਿਮਾਰ ਨਹੀਂ ਤਾਂ ਸਮਝੋ ਉਹਦੇ ‘ਚ ਕੁਝ ਨੁਕਸ ਹੈ।” ਪਰਵਾਸੀ ਲੇਖਕਾਂ ਦੀਆਂ ਕਿਤਾਬਾਂ ਦੇ ਨਾਂ ‘ਨਾ ਘਰ ਦੇ ਨਾ ਘਾਟ ਦੇ’ ਜਾਂ ‘ਲੀਹੋਂ ਲੱਥੇ’ ਜਾਂ ‘ਗੁਆਚੇ ਘਰ ਦੀ ਤਲਾਸ਼’ ਆਦਿ ਪਰਵਾਸ ਦੀ ਸਿਆਹ ਪਰਤ ਹੈ।

ਸੁਆਲ ਹੈ: ਮਨੁੱਖ ਕੋਲੋਂ ਉਹਦੀ ‘ਕਰਮ ਭੂਮੀ’ ਕੌਣ ਖੋਹ ਰਿਹਾ? ਇਹ ਸੁਆਲ ਪੈਦਾ ਹੁੰਦਿਆਂ ਹੀ ਚਿੰਤਨ ਦਾ ਬਿੰਦੂ ਪੰਜਾਬੀ ਬੰਦੇ ਦੀ ਭੋਇੰਮੁੱਖ ਖੜੋਤ ਤੇ ਗਲੋਬਲੀ ਆਰਥਿਕਤਾ ਦੀ ਪ੍ਰਭੁਤਾ ‘ਤੇ ਜਾ ਪੁੱਜਦੀ ਹੈ। ਤੀਜੇ ਸੰਸਾਰ ਦੀਆਂ ਹੇੜਾਂ ਵਿਕਸਤ ਆਰਥਿਕਤਾ ‘ਚ ਸੌਖਾ ਸਾਹ ਲੈਣ ਜਾਂਦੀਆਂ ਹਨ, ਜਿਵੇਂ ਯੂ.ਪੀ. ਬਿਹਾਰ ਤੋਂ ‘ਭਈਏ’ ਗੱਡੀਆਂ ਭਰ ਲੁਧਿਆਣਾ, ਪਟਿਆਲਾ, ਜਾਲੰਧਰ ਪੁੱਜਦੇ ਹਨ। ਅਜਿਹਾ ਹੋਣਾ ਵਿਸ਼ਵ ਮੰਡੀ ‘ਚ ਅਨਿਵਾਰੀ ਹੈ।

ਅਵਿਕਸਤ ਸੰਸਾਰ ਤੋਂ ਵਿਕਸਤ ਅਰਥਚਾਰਿਆਂ ਵਲ ਆਵਾਸ ਨੂੰ ਰੋਕਣ ਦਾ ਯਤਨ ਕੀਤਾ ਜਾਂਦਾ; ਆਵਾਸੀ ਗੈਰ-ਕਾਨੂੰਨੀ ਤੌਰ ‘ਤੇ ਦਾਖਲ ਹੁੰਦਾ। ਇਹ ਵਿਸ਼ਵ ਪੱਧਰ ‘ਤੇ ਬੜੀ ਵਚਿੱਤਰ ਲੜਾਈ ਹੈ। ਇਹ ‘ਆਊਟ ਸਾਈਡਰ’ ਜਾਂ ਦਲਿਤ ਮਨੁੱਖ ਦਾ ‘ਹੋਣ’ ਦੀ ਖਾਤਰ ਵਿੱਢਿਆ ਸੰਘਰਸ਼ ਹੈ। ਅਜਿਹਾ ਮਨੁੱਖ ਜਦ ਤਕ ਨਵੇਂ ਮੁਲਕ ‘ਚ ਪੱਕਾ ਨਹੀਂ ਹੁੰਦਾ ਉਹਦਾ ਅੰਤਹ ਇਸ ਮੁੱਦੇ ਦੀ ਖਾਤਰ ਖਰਚ ਹੋਈ ਜਾਂਦਾ। ਜਦ ਪੱਕਾ ਹੁੰਦਾ ਤਦ ਤਕ ਉਹ ਆਪਣੀ ਊਰਜਾ ਖਰਚ ਕਰ ਚੁੱਕਾ ਹੁੰਦਾ; ਉਹਦੇ ਅੰਦਰਲੀ ਰਚਨਾਤਮਿਕਤਾ ਦਾ ਬਾਕੀ ਕੁਝ ਨਹੀਂ ਰਹਿੰਦਾ। ਉਹ ਨਵੀਂ ਧਰਤੀ ‘ਚ ‘ਘਰ ਤੋਂ ਕੰਮ ਤੇ ਕੰਮ ਤੋਂ ਘਰ’ ਦੇ ਗੇੜ ‘ਚ ਖੁੱਭ ਚੁੱਕਾ ਹੁੰਦਾ ਹੈ।

ਪਰਵਾਸ ਦੀ ਆਰਥਿਕ ਸਿਆਸਤ ਨੂੰ ਸਮਝਣ ਦੀ ਲੋੜ ਹੈ।

ਭੋਇੰਮੁਖ ਮਨੁੱਖ ਦੇਸ ਦੀ ਆਰਥਿਕਤਾ ਦੇ ਪ੍ਰਸੰਗ ‘ਚ ‘ਆਉਟ ਸਾਈਡਰ’ ਹੈ। ਇਹਨੂੰ ਪਰਦੇਸ ‘ਚ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਦਾ ਪਤਾ ਹੈ। ਇਹ ਦੁਸ਼ਵਾਰੀਆਂ ਦੀ ਪਰਵਾਹ ਨਹੀਂ ਕਰਦਾ। ਇਹਨੂੰ ਖੜੋਤ ਦੀ ਦੁਸ਼ਵਾਰੀ ਨਾਲੋਂ ਮੁਹਿੰਮ ਕਾਰਣ ਪੈਦਾ ਹੋਣ ਵਾਲੀ ਦੁਸ਼ਵਾਰੀ ਚੰਗੀ ਲੱਗਦੀ ਹੈ। ਪਰਵਾਸ ਦੇ ਖਿਲਾਫ ਬੋਲਣ ਵਾਲੇ, ਇਹਦੀ ਨਿਗ੍ਹਾ ‘ਚ, ਬਕਵਾਸ ਕਰਦੇ ਹਨ ਜੋ ਇਸ ਦੇਸ਼ ਦੀ ਆਰਥਿਕਤਾ ਦੇ ਲਾਲੇ/ਆੜ੍ਹਤੀ/ਭਾਪੇ ਹਨ ਜਿਨ੍ਹਾਂ ਨੇ ਸ਼ਹਿਰਾਂ ‘ਚ ਸਭ ਸਹੂਲਤਾਂ/ਅਵਸਰ ਸੰਭਾਲ ਰੱਖੇ ਹਨ। ਇੰਡੀਆ/ਪੰਜਾਬ ਦੇ ਸ਼ਹਿਰਾਂ ‘ਚ ਭੋਇੰਮੁਖ ਬੰਦੇ ਲਈ ਸਪੇਸ ਨਹੀਂ ਰਹੀ। ਉਹ ਕਿਉਂ ਨਾ ਬਦੇਸ਼ਾਂ ‘ਚ ਆਪਣੀ ਤਕਦੀਰ ਦਾ ਫੈਸਲਾ ਕਰੇ? ਮਹਾਂ ਨਗਰਾਂ ‘ਚ ਥੁੜ੍ਹ-ਟੁੱਟ ਵਾਲੇ ਬੰਦੇ ਦਾ ਦਰਜਾ ਦਲਿਤ ਵਰਗਾ। ਦਲਿਤ ਦਾ ਦੇਸ ਉਹੀ ਹੁੰਦਾ ਜਿੱਥੇ ਉਹਦੀ ਮਿਹਨਤ ਦਾ ਮੁੱਲ ਪੈਂਦਾ। ਪਰਵਾਸ ਦੇ ਹੱਕ ‘ਚ ਦਲੀਲਾਂ ਬਹੁਤ ਤਕੜੀਆਂ ਹਨ।

ਵਜੂਦੀ ਪ੍ਰਸੰਗ ‘ਚ ਦੂਰ ਦਰਾਜ ਕਮਾਈ ਕਰਨ ਜਾਣਾ ‘ਆਰੰਭ’ ਦੇ ਪੈਰਾਡਾਈਮ ‘ਚ ਸ਼ਿਫ਼ਟ ਪੈਦਾ ਕਰਦਾ। ਇਹ ਬੁਨਿਆਦੀ ਪ੍ਰਸੰਗਾਂ ਤੋਂ ਟੁੱਟਣ ਦਾ ਅਨੁਭਵ ਹੈ। ਜਿਵੇਂ ਕਿਹਾ, ਟੁੱਟਣਾ ਕਵਿਤਾ ਦਾ ਉੱਠਾਣ-ਬਿੰਦੂ ਹੈ। ਅਜਿਹੀ ਤਬਦੀਲੀ ਭਾਵੁਕ ਮੰਚ ਨੂੰ ਤੀਬਰ ਕਰਦੀ ਹੈ, ਚਿੰਤਕ ਨੂੰ ਸਥਿਤੀ ਦੀ ਥਾਹ ਪਾਉਣ ਲਈ ਤਿਆਰ ਕਰਦੀ ਹੈ। ਪਰਵਾਸੀ ‘ਚ ਇਕ ਗੱਲ ਵਿਸੇyਸ਼ ਹੈ, ਉਹ ਸਿਪਾਹੀ ਵਾਂਗ ਵਿਚਰਦਾ। ਖੜਾ ਹੋਣਾ ਉਹਦੇ ਜੀਵਨ ਦੇ ਹਿੱਸੇ ਨਹੀਂ ਆਉਂਦਾ। ਉਹ ਹਰ ਮੁਹਿੰਮ ਲਈ ਤਿਆਰ ਰਹਿੰਦਾ। ਜਿਸ ਪਰਵਾਸੀ ਨੂੰ ਸਿਰਫ਼ ਪਿਛਾਂਹ ਦੇ ਸਰੋਤ ਹੀ ਉਰਜਿਤ ਰੱਖਦੇ ਤੇ ਸਕੂਨ ਦੇਂਦੇ ਹਨ, ਉਹ ਕਿਸੇ ਵਿਕਲਪ ਦੀ ਅਣਹੋਂਦ ‘ਚ, ਬੁਨਿਆਦ-ਪਸੰਦੀ ਵਲ ਠਿੱਲ੍ਹ ਪੈਂਦਾ, ਇਸ ‘ਚੋਂ ਆਪਣੀ ਪੱਛਾਣ ਲੱਭਦਾ। ਇਸ ਤੋਂ ਵੀ ਪਹਿਲਾਂ ਉਹ ਪੌਂਡ/ਯੁਰੋ/ਡਾਲਰਾਂ ਰਾਹੀਂ ਆਪਣੀ ਤਾਕਤ ਨੂੰ ਮਹਿਸੂਸ ਕਰਦਾ। ਇਸ ਤਾਕਤ ਦੇ ਅਹਿਸਾਸ ਲਈ ਉਹਦਾ ਪਿਛਾਂਹ ਦੇ ਪ੍ਰਸੰਗਾਂ ਨਾਲ ਜੁੜਨਾ ਅਨਿਵਾਰੀ ਹੋ ਜਾਂਦਾ। ਉਹ ਦੇਸ ਦੀ ਗਰੀਬੀ ਦੇ ਪ੍ਰਸੰਗ ‘ਚ ਹੀ ਤਾਕਤਵਰ ਹੁੰਦਾ। ਆਮ ਮਨੁੱਖ ਲਈ ਜ਼ਿੰਦਗੀ ਦਾ ਇਹ ਪਹਾ ਬਹੁਤ ਦਰੁੱਸਤ ਹੈ। ਉਸ ਦੇਸ ‘ਚੋਂ ਉਹਨੇ ਕੀ ਲੈਣਾ ਜਿੱਥੇ ਗਰੀਬੀ ਤੇ ਮਾਰਧਾੜ ਉੱਗਦੀ ਹੈ? ਆਪਣੇ ਦੇਸ ਨਾਲ ਪੁਰਾਣਾ ਸਥੂਲ ਰਿਸ਼ਤਾ ਕਾਇਮ ਹੀ ਨਹੀਂ ਰਹਿ ਸਕਦਾ; ਰਿਸ਼ਤਿਆਂ ਦੇ ਸਮੀਕਰਣ ਬਦਲ ਚੁੱਕੇ ਹੁੰਦੇ ਹਨ। ਇਸ ਲਈ ਰਿਸ਼ਤੇ ਦੀ ਅਮੂਰਤਤਾ ਹੀ ਬਹੁਤ ਹੈ ਜਿਸ ਨਾਲ ਪ੍ਰਸੰਗ ਮੁਹੱਈਆ ਹੁੰਦੇ ਹਨ ਤੇ ਪਰਵਾਸੀ ਦੀ ਧਾਕ ਪੈਦਾ ਹੋਣ ਲੱਗਦੀ ਹੈ। ਇਸ ਸਥਿਤੀ ਦਾ ਅਸਰ ਸਾਹਿਤਕਾਰੀ ‘ਚ ਵੀ ਹੈ। (ਬਦੇਸ਼ਾਂ ‘ਚ ਰਹਿਣ ਵਾਲਾ ਪੰਜਾਬੀ ਲੇਖਕ, ਚੰਗਾ ਜਾਂ ਮਾੜਾ, ਪਿਛਾਂਹ ਦੇ ਪ੍ਰਸੰਗ ਰਾਹੀਂ ਹੀ ਕਾਇਮ ਰਹਿੰਦਾ; ਕਈਆਂ ਲਈ ਲਿਖਣਾ ਮੁੱਦਾ ਨਹੀਂ, ਧਾਕ ਪੈਦਾ ਹੋ ਜਾਵੇ ਤਾਂ ਲਿਖਣ ਦੀ ਵੀ ਲੋੜ ਨਹੀਂ ਰਹਿੰਦੀ।) ਇਹ ਟੇਢੀ ਸਥਿਤੀ ਹੈ।

ਜਿਹੜੇ ਨਿੱਜੀ ਖਾਈ ਪੁਰ ਕਰਨ ਲਈ ਪਿਛਾਂਹ ਧਾਕ ਖ੍ਰੀਦਣ ਵਲ ਲੱਗ ਜਾਦੇ ਹਨ ਉਹਨਾਂ ‘ਚ ਨਵੇਂ ਖਿਤੱਜਾਂ ਨਾਲ ਜੁੜਨ ਦੀ ਉਮੰਗ ਨਹੀਂ ਰਹਿੰਦੀ; ਉਹ ਰਚਨਾਤਮਿਕ ਨਹੀਂ ਰਹਿੰਦੇ। ਪਰਵਾਸ ਤਦ ਵਿਕਾਸ ਦਾ ਜ਼ੱਰੀਆ ਨਹੀਂ ਪੁਰਾਣੀ ਥੁੜ੍ਹ-ਟੁੱਟ ਦਾ ਹੀ ਵਿਸਤਾਰ ਬਣ ਜਾਂਦਾ ਹੈ, ਵਿਕਾਸ ਵਾਲੀ ਗਤੀ ਤੋਂ ਟੁੱਟ ਜਾਂਦਾ ਹੈ। ਕਿੰਨੇ ਹੀ ਪੰਜਾਬੀ ਕਵੀ/ਲੇਖਕ ਜ਼ਿੰਦਗੀ ਭਰ ਬਦੇਸ਼ ਰਹਿ ਕੇ ਜੇ ਜਿੰਹਨੀ ਤੌਰ ‘ਤੇ ਪਿਛਾਂਹ ਦੇ ਬਿੰਦੂ ਤੋਂ ਅਗਾਂਹ ਨਹੀਂ ਗਏ, ਵਾਪਿਸ ਪਰਤਣ ਲਈ ਤਿਆਰ ਹਨ, ਕੋਠੀਆਂ ਖ੍ਰੀਦ ਰਹੇ ਹਨ, ਘਰ ਉਸਾਰ ਰਹੇ ਹਨ, ਉੱਦਾਂ ਜਿਵੇਂ ਸਿਪਾਹੀ ਸੇਵਾ-ਮੁਕਤ ਹੋ ਕੇ ਘਰ ਪਰਤਦਾ ਹੈਤਾਂ, ਜ਼ਾਹਿਰ ਹੈ, ਪਰਵਾਸ ਉਨ੍ਹਾਂ ਲਈ ਉਹ ਪਹਾੜੀ ਹੈ ਜਿਸ ਦੀ ਸਿਖਰ ‘ਤੇ ਸਿਸੀਫਸ ਪੱਥਰ ਲਿਜਾਂਦਾ ਹੈ।

ਇਹ ਕਿੱਦਾਂ ਦੀ ਲੜਾਈ ਹੈ? ਹਰ ਲੜਾਈ ਆਪਣਾ ਅਸਰ ਛੱਡਦੀ ਹੈ। ਅਵਤਾਰ ਜੰਡਿਆਲਵੀ ਦੀ ਕਵਿਤਾ ਦੇ ਬੋਲ ਹਨ:

ਤੈਨੂੰ ਕੀ ਦੱਸੀਏ
ਸ਼ਹਿਰ ਦੀ ਕਿਸ ਕਿਸ ਗਲੀ ਵਿਚ
ਕਾਗ਼ਜ਼ ਦੀ ਕਾਤਰ ਵਾਂਗ
ਗੁਆਚੇ ਹਾਂ ਅਸੀਂ
ਦੂਰ ਬਾਰੀਆਂ ‘ਚ ਜਗਦੀ
ਕਿਸ ਕਿਸ ਬੱਤੀ ਨੇ ,
ਸਾਡੀਆਂ ਅੱਖਾਂ ਵਲ ਵਧਾਇਆ,
ਹੈ ਆਪਣਾ ਛਲੇਡੇ ਵਰਗਾ ਹੱਥ।
ਕਿੰਨੀ ਵੇਰ ਹਵਾ ਦਾ
ਸਰਪੱਟ ਦੌੜਦਾ ਬੁੱਲਾ,
ਸਾਡੀਆਂ ਛਾਤੀਆਂ ਦੇ ਸੁਪਨੇ
ਉਡਾ ਕੇ ਲੈ ਗਿਆ…।

ਏਦਾਂ ਦੇ ਪਰਵਾਸੀ ਦੀ ਸਥਿਤੀ ਦਲਿਤ ਮਨੁੱਖ ਵਾਲੀ ਹੋ ਜਾਂਦੀ ਹੈ; ਦਲਿਤ ਦਾ ਦਰਜਾ ‘ਆਉਟ ਸਾਈਡਰ’ ਵਾਲਾ ਹੁੰਦਾ; ਉਹਦਾ ‘ਹੋਣਾ’ ਤਾਕਤੀ ਧਿਰਾਂ ਨੂੰ ਗੰਵਾਰਾ ਨਹੀਂ। ਹਰ ਪ੍ਰਭੂ ਦਲਿਤ ਦੀ ਲੁਪਤ ਤੇ ਸੰਭਾਵੀ ਤਾਕਤ ਤੋਂ ਡਰਦਾ। ਗੈਰ-ਕਾਨੂੰਨੀ ਰਿਹਾਇਸ਼ ਦੇ ਲੰਮੇ ਦੌਰ ‘ਚ ਅਜਿਹਾ ਦਲਿਤ ਖੱਸੀ ਹੋ ਜਾਂਦਾ। ਉਸ ਲਈ ਪਰਵਾਸ ਜ਼ਿੰਦਗੀ/ਮੌਤ ਦਾ ਸੁਆਲ ਬਣ ਜਾਂਦਾ; ਮਿਹਨਤ ਅਰਥਹੀਣ ਹੋ ਜਾਂਦੀ ਹੈ। ਆਰ ਪਾਰ ਦੇ ਪਿੜ, ਬੌਧਿਕ/ਸਭਿਆਚਾਰਕ ਵਿਸਤਾਰ ਦੇ ਪਿੜ, ਉਹਦੇ ਜਿੰਹਨੀ ਘੇਰੇ ਤੋਂ ਦੂਰ ਰਹਿ ਜਾਂਦੇ ਹਨ। ਉਹਦੀ ਪ੍ਰਸੰਗਿਕਤਾ ਅਲਪ ਹੋਣ ਲੱਗਦੀ ਹੈ। ਉਹਦੇ ਵਜੂਦ ਦੀ ਅਸਲ ਭੂਮੀ ਖੁੱਸ ਜਾਂਦੀ ਹੈ।

ਬਹੁਤੇ ਪਰਵਾਸੀ ਕਵੀਆਂ ਨੇ ਅਜਿਹੀ ਦਲਿਤ ਸਥਿਤੀ ‘ਤੇ ਤਫ਼ਸਰਾ ਕੀਤਾ ਹੈ। ਸੁਖਵਿੰਦਰ ਕੰਬੋਜ ਤੇ ਰਵਿੰਦਰ ਸਹਿਰਾਅ ਦੀ ‘ਅਮਰੀਕੀ ਪੰਜਾਬੀ ਕਵਿਤਾ’ ਕਿਤਾਬ ‘ਚ ਇਸ ਸਥਿਤੀ ਦੇ ਦਰਸ ਹੁੰਦੇ ਹਨ। ਇਹ ਸਥਿਤੀ ਗਦਰੀ ਬਾਬਿਆ ਦੇ ਆਵਾਸ-ਅਨੁਭਵ ਦੀ ਹੀ ਅਗਲੀ ਕੜੀ ਹੈ। ਇਹ ਭਾਵੁਕ ਹਿਲਜੁਲ ਵਾਲੀ ਸਥਿਤੀ ਹੈ।

ਮਨੁੱਖ ਤੋਂ ਉਹਦੀ ਕਰਮ-ਭੂਮੀ ਖੁੱਸ ਜਾਵੇ ਤਾਂ ਉਹ ਸਾਲਮ ਸਬੂਤਾ ਨਹੀਂ ਰਹਿੰਦਾ। ਕਰਮ-ਭੂਮੀ ਤੋਂ ਖਾਰਜ ਤਾਂ ਉਹ ਦੇਸ ‘ਚ ਵੀ ਹੋਇਆ ਹੁੰਦਾ; ਪਰਦੇਸ ‘ਚ ਆ ਕੇ ਉਹਦੀ ਹੈਸੀਅਤ ਦਲਿਤ ਵਾਲੀ ਹੋ ਜਾਂਦੀ ਹੈ। ਉਹ ਜੱਟ, ਖੱਤਰੀ, ਬ੍ਰਾਹਮਣ ਨਹੀਂ ਰਹਿੰਦਾ, ਉਹਦੀ ‘ਸੁਪਰ ਈਗੋ’ ਉਲਟ-ਪੁਲਟ ਹੋ ਜਾਂਦੀ ਹੈ। ਅਵਤਾਰ ਜੰਡਿਆਲਵੀ ਆਪਣੀ ਕਾਵਿ-ਕਿਤਾਬ ‘ਅਸੀਂ ਕਾਲੇ ਲੋਕ ਸਦੀਂਦੇ’ ‘ਚ ਅਜਿਹੇ ਬੰਦੇ ਨੂੰ ‘ਕਾਲਾ’ ਕਹਿੰਦਾ। ਅੰਗਰੇਜ਼ੀ ‘ਚ ਇਹਦੇ ਲਈ ‘ਸਬਾਲਟ੍ਰਨ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਮੁਲਕ ‘ਚ ਉਹ ਰਹਿੰਦਾ, ਟੈਕਸ ਅਦਾ ਕਰਦਾ ਉੱਥੋਂ ਦੀ ਤਕਦੀਰ ‘ਚ ਸ਼ਰੀਕ ਹੋਣ ਲਈ ਨਾ ਫੁਰਸਤ ਹੈ ਨਾ ਸਬੱਬ। ਇਕ ਬੇਗਾਨਗੀ ਉਸ ਦੇਸ ਤੋਂ ਜਿੱਥੇ ਰਹਿ ਰਿਹਾ; ਦੂਜੀ ਬੇਗਾਨਗੀ ਉਸ ਵਿੱਥ ਕਰਕੇ ਜੋ ਉਹਦੇ ਪਿਛਾਂਹ ਦੇ ਸਰੋਤਾਂ ਨੇ ਪੈਦਾ ਕੀਤੀ ਹੈ ਜਿਸ ਵਿਚ ਉਹ ‘ਰਿਮੋਟ’ ਢੰਗ ਨਾਲ ਹੀ ਸ਼ਰੀਕ ਹੋ ਸਕਦਾ। ਤੀਜੀ ਬੇਗਾਨਗੀ ਉਸ ਪਛਾਣ ਤੋਂ ਜਿਸ ਦੇ ਆਸਰੇ ਉਹ ਪੰਜਾਬ ‘ਚ ਆਕੜਿਆ ਫਿਰਦਾ ਸੀ। ਉਹਦੀ ਉੱਤਮਤਾ ਦੇ ਜੁਜ਼ ਗਾਇਬ ਹੋ ਜਾਂਦੇ ਹਨ ਤਾਂ ਸੰਧੂ/ਸਿੱਧੂ ਸਾਊਥਾਲ ‘ਚ ਫਲਾਂ ਦੀ ਦੁਕਾਨ ਖੋਲ੍ਹ ਲੈਂਦੇ ਹਨ, ਸ਼ਰਮਾ ਜੀ ਨਿਊ ਯੌਰਕ ਦੀ ਜੈਕਸਨ ਹਾਈਟ ‘ਚ ਜਲੇਬੀਆਂ ਦੀ ਦੁਕਾਨ ਚਲਾਣ ਲਗਦੇ ਹਨ। ਅਜਿਹੀ ਵਜੂਦੀ ਟੁੱਟ-ਭੱਜ ਨੂੰ ਜੋੜਨ ਲਈ ਉਹਦੇ ਪਾਸ ਪੌਂਡਾਂ/ਡਾਲਰਾਂ ਹੀ ਰਹਿ ਜਾਂਦੇ ਹਨ। ਜਾਂ ਖਾਲਿਸਤਾਨ ਦਾ ਨਾਹਰਾ। ਜਾਂ ਵਿਸ਼ਵ ਹਿੰਦੂ ਪਰਿਸ਼ਦ ਦਾ ਅੰਤਰ ਰਾਸ਼ਟਰੀ ਸਮਾਗਮ।

ਪਰਵਾਸੀ ਅਨੁਭਵ ਦੀਆਂ ਆਪਣੀਆਂ ਸਮਾਨਾਂਤਰਤਾਵਾਂ ਹਨ; ਇਸ ਸਭ ਦੇ ਦਰਸ ਬਦੇਸ਼ਾਂ ‘ਚ ਰਚੀ ਜਾ ਰਹੀ ਕਵਿਤਾ ‘ਚ ਪ੍ਰਾਪਤ ਹੁੰਦੇ ਹਨ। ਕੋਈ ਇਕੋ ਅਨੁਭਵ ਵਿਆਪਕ ਨਹੀਂ ਹੁੰਦਾ। ਦੇਖਣਾ ਇਹ ਹੈ ਕਿ ਕਵੀ-ਜਨ ‘ਆਰੰਭ’ ਦੇ ਪੈਰਾਡਾਈਮ ਤੋਂ ਟੁੱਟਣ ਨੂੰ ਕਿਸ ਤਰ੍ਹਾਂ ਲੈਂਦੇ ਹਨ। ਪਰਵਾਸ ਦਾ ਮਤਲਬ ਹਰੇਕ ਲਈ ਇਕੋ ਜਿਹਾ ਨਹੀਂ। ਕਵਿਤਾ ਇਕੋ ਭਾਵੁਕ/ਚਿੰਤਨੀ ਪਹੇ ‘ਤੇ ਨਹੀਂ ਤੁਰਦੀ। ਇਕ ਪਾਸੇ ਜਗਤਾਰ ਢਾਅ, ਸੁਰਿੰਦਰ ਸੋਹਲ ਜਾਂ ਰਵਿੰਦਰ ਸਹਿਰਾਅ ਦੀ ਮਾਂ/ਘਰ ਦੇ ਪੈਰਾਡਾਈਮ ਤੋਂ ਟੁੱਟਣ ਕਰਕੇ ਪੈਦਾ ਹੋਈ ਜੱਦੋਜਹਿਦ ਹੈ; ਦੂਜੇ ਪਾਸੇ ਅਜਮੇਰ ਰੋਡੇ, ਨਵਤੇਜ ਭਾਰਤੀ, ਸੁਖਪਾਲ, ਸਤੀ ਕੁਮਾਰ ਆਦਿ ਦਾ ਕਾਵਿ ਹੈ ਜਿਸ ਵਿਚ ਪਰਵਾਸ ਸਮੁੱਚੀ ਹਯਾਤੀ ‘ਚ ਵਾਪਰਣ ਵਾਲੀ ਹੋਰ ਘਟਨਾਵਾਂ ਵਾਂਗ ਘਟਨਾ ਹੈ; ਇਹ ਵਿਸ਼ੇਸ਼ ਰੂਪ ਬੇਗਾਨਗੀ ਦਾ ਸਰੋਤ ਨਹੀਂ, ਸਗੋਂ ਮਾਨਵੀ ਸਾਹਸ ਲਈ ਚੁਣੋਤੀ ਹੈ। ਇਸ ਪ੍ਰਸੰਗ ‘ਚ ਪੇਸ਼ ਹੈ ਅਜਮੇਰ ਰੋਡੇ ਦੀ ਕਵਿਤਾ: ‘ਜੇ ਤੁਸੀਂ ਇਸ ਦੇਸ ਵਿਚ’:

ਜੇ ਤੁਸੀਂ ਇਸ ਦੇਸ ਵਿਚ
ਨਵੇਂ ਆਏ ਹੋ ਜੀ ਆਇਆਂ
ਤੁਹਾਨੂੰ
ਸੁਪਨਾ ਜਰੂਰ ਆਵੇਗਾ
ਪਿਛੇ ਰਹੇ ਪਿੰਡ ਦਾ
ਸ਼ਹਿਰ ਦੀਆਂ ਗਲੀਆਂ ਦਾ
ਖੇਤਾਂ ਦਾ
ਉਨ੍ਹਾਂ ਨੂੰ ਕਹੋ ਝੁਰਨ ਨਾ
ਮੈਂ ਅਜੇ ਵੀ ਤੁਹਾਡਾ ਹਾਂ ਤੁਸੀਂ ਮੇਰੇ
ਕੋਈ ਵੀ ਪਰਦੇਸੀ
ਪੂਰਾ ਪਰਦੇਸੀ
ਨਹੀਂ ਹੁੰਦਾ ਦੇਸੀ ਵੀ ਹੁੰਦਾ ਹੈ
ਕੋਈ ਵੀ ਦੇਸ ਵਾਸੀ
ਕੇਵਲ ਦੇਸ ਵਾਸੀ ਨਹੀਂ ਹੁੰਦਾ
ਪਰਦੇਸੀ
ਵੀ ਹੁੰਦਾ ਹੈ
ਗੁਲਾਬ ਗੁਲਾਬ ਵੀ ਹੁੰਦਾ ਹੈ
ਗੁਲਾਬ ਫੁੱਲ ਵੀ ਹੁੰਦਾ ਹੈ
… …

ਜੇ ਤੁਸੀਂ ਇਸ ਦੇਸ਼ ਵਿਚ ਨਵੇਂ
ਆਏ ਹੋ ਜੀ ਆਇਆਂ
ਤੁਹਾਡੀ ਅੱਖ ਵਿਚ
ਅੱਥਰੂ
ਜਰੂਰ ਆਵੇਗਾ
ਇਸ ਅੱਥਰੂ ਨੂੰ ਰੋਕਣਾ ਨਾ
ਟਿਕਟਿਕੀ ਲਾ ਕੇ
ਇਸ ਅੰਦਰ ਦੇਖਣਾ
ਰੋਸ਼ਨੀ ਦੀ ਕਿਰਨ
ਇਸ ਵਿਚੋਂ ਲੰਘ ਗਈ ਤਾਂ
ਸਤਰੰਗੀ ਪੀਂਘ ਤੁਹਾਡੀ
ਅੱਖ ਦੇ ਪਿਛਲੇ ਪਾਸੇ ਜਾ ਪਵੇਗੀ॥

ਘਰ ਨੂੰ ਫਾਸਲੇ ਤੋਂ ਦੇਖਣਾ ਜ਼ਰੂਰੀ ਹੈ ਵਰਨਾ ਇਹ ਰੋਗ ਬਣ ਜਾਂਦਾ। ਕੈਲਿਫੋਰਨੀਆ ਨਿਵਾਸੀ ਸੁਖਪਾਲ ਸੰਘੇੜਾ ਦੀ ਕਾਵਿ-ਕਿਤਾਬ ਦਾ ਨਾਂ ਹੈ: ‘ਕਿੱਸਿਆਂ ਦੇ ਕੈਦੀ’ ਜੋ ਪੰਜਾਬੀ ਬੰਦੇ ਦੇ ਪਿੱਛਲ-ਮੂੰਹੀ ਬਿਰਤੀ ‘ਤੇ ਫਿਟਕਾਰ ਪਾਉਂਦੀ ਹੈ।

ਅਮਰਜੀਤ ਚੰਦਨ ਨੇ ‘ਜੜ੍ਹਾਂ’ ਤੇ ‘ਬੀਜਕ’ ਰਾਹੀਂ ‘ਘਰ/ਆਰੰਭ’ ਨੂੰ ਫਰੋਲ ਕੇ ਇਹਦੀ ਤਾਕਤ ਦੀ ਨਿਸ਼ਾਨਦੇਈ ਕੀਤੀ। ਅਜਿਹਾ ਉਹ ਦੇਸ ਤੱਜਣ ਬਾਦ ਹੀ ਕਰ ਸਕਿਆ। ਜਿਸ ਤਰ੍ਹਾਂ ਦੀ ਵੱਖਰੀ ਕਾਵਿ-ਭਾਸ਼ਾ ਰਾਹੀਂ ਉਹਨੇ ਆਪਣੀ ਪਛਾਣ ਬਣਾਈ ਉਹਦੇ ਸਰੋਤ ਦੂਰ ਬੀਤੇ ਚੁੱਕੇ ‘ਚ ਹਨ। ਉਹਨੇ ਪੂਰਵ-ਆਧੁਨਿਕੀ ਭਾਸ਼ਕ ਸਰੋਤਾਂ ਨੂੰ ਉੱਤਰ-ਆਧੁਨਿਕੀ ਤੱਕਣੀ ਰਾਹੀਂ ਕੁਰੇਦਿਆ ਤਾਂ ਇਸ ਜੋੜ-ਤੋੜ ਦਾ ਨਤੀਜਾ ਅਨੂਠੀ ਕਾਵਿ-ਭਾਸ਼ਾ ‘ਚ ਪ੍ਰਗਟ ਹੋਇਆ, ਨਵਾਂ ਪਾਸਾਰ ਜੁੜਿਆ। ਚੰਦਨ ਦੀ ਕਵਿਤਾ ‘ਆਰੰਭ’ ਦਾ ਵਿਸਥਾਪਨ ਕਰਕੇ ਨਵੀਂ ਬਣਤ ਬਣਾਂਦੀ ਹੈ ਤੇ ਉਹ ਪ੍ਰਗਤੀ-ਚਿੰਤਨ ਦੀ ਰਵਾਇਤ ਲਈ ਕਾਫ਼ਰ ਬਣ ਜਾਂਦਾ। ਕਹਿਣ ਵਾਲੇ ਉਹਨੂੰ ਕਾਫ਼ਰ ਕਹੀ ਜਾਂਦੇ ਹਨ ਤੇ ਇਹ ਬੁੱਲ੍ਹੇ ਵਾਂਗ ‘ਆਹੋ ਆਹੋ’ ਆਖੀ ਜਾਂਦਾ। ਏਦਾਂ ਦੀ ਅੜੀ ‘ਚ ਇਕ ਨੁਕਸ ਹੁੰਦਾ। ਕਵੀ ਦੀ ਸ਼ੈਲੀ ਸਵੈ-ਕੈਦ ਦਾ ਸ਼ਿਕਾਰ ਹੋ ਜਾਦੀ ਹੈ ਜਿਵੇਂ ਚੰਦਨੀ ਕਾਵਿ-ਭਾਸ਼ਾ ਹੋ ਚੁੱਕੀ ਹੈ। ਪਰ ਏਥੇ ਮਸਲਾ ਕਾਵਿ ਭਾਸ਼ਾ ਦਾ ਨਹੀਂ। ਕਹਿਣਾ ਇਹ ਹੈ ਕਿ ਮਾਂ/ਘਰ/ਵਤਨ ਤੋਂ ਟੁੱਟ ਕੇ ਮਨੁੱਖ ਅੰਦਰ ਨਵੀਂ ਊਰਜਾ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਕਵੀ ਇਸ ਦੀ ਮਿਸਾਲ ਹਨ। ਅਜਿਹਾ ਦੇਸ ‘ਚ ਰਹਿ ਕੇ ਸੰਭਵ ਨਹੀਂ ਸੀ ਹੋ ਸਕਣਾ। ਏਦਾਂ ਦੀ ਭਾਵੁਕ/ਚਿੰਤਨੀ ਹਿਲਜੁਲ ਦੀ ਪ੍ਰਥਮ ਮਿਸਾਲ ਗਦਰੀ ਬਾਬੇ ਸਨ। ਗ਼ਦਰੀਆਂ ਨੂੰ ਬਦੇਸ਼ ‘ਚ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਪਰਵਾਸੀ ਪੀੜਾ ਦੀ ਜੜ੍ਹ ਦੇਸ ਦੀ ਦਾਸਤਾ ਹੈ।

ਪਰਮਿੰਦਰ ਸੋਢੀ ਜਾਪਾਨ ‘ਚ ਰਹਿੰਦਾ, ਆਪਣਾ ਬਿਜਨਸ ਚਲਾਂਦਾ। ਉਸ ਸਪੇਸ ‘ਚ ਉਹਦਾ ਰੁੱਤਬਾ ਕਿਸੇ ਜਾਪਾਨੀ ਤੋਂ ਘਟ ਨਹੀਂ। ਉਹ ਉੱਕਾ ਹੀ ਵੱਖਰੀ ਤਰ੍ਹਾਂ ਦਾ ਪਰਵਾਸੀ ਹੈ। ਉਹਦੀ ਕਵਿਤਾ ਦਾ ਜਾਪਾਨੀ ਕਾਵਿ-ਸੰਵੇਦਨਾ ਨਾਲ ਗਹਿਰਾ ਨਾਤਾ ਹੈ। ਉਹ ‘ਹਾਇਕੂ’ ਲਿਖਦਾ ਤੇ ਪੰਜਾਬ ‘ਚ ਆ ਕੇ ਹਾਇਕੂ ਦੀ ਗੱਲ ਕਰਦਾ। ਸੋਢੀ ਦੀ ਮਿਸਾਲ ਰਾਹੀਂ ਪਤਾ ਚਲਦਾ ਕਿ ਪਰਵਾਸ ਦਾ ਅਨੁਭਵ ਸਮਾਂ/ਸਪੇਸ ਨਾਲ ਹੀ ਜੁੜਿਆ ਹੋਇਆ ਨਹੀਂ, ਇਹ ਉਨ੍ਹਾਂ ਮਾਨਵੀ ਤੱਤਾਂ ਨਾਲ ਵੀ ਜੁੜਿਆ ਹੋਇਆ ਜਿਨ੍ਹਾਂ ਨੂੰ ਅਕਸਰ ਗੌਲਿਆ ਨਹੀਂ ਜਾਂਦਾ। ਇਸ ਕਰਕੇ ਹੀ ਪਰਵਾਸ ਦਾ ਅਨੁਭਵ ਹਰੇਕ ਲਈ ਇਕੋ ਜਿਹਾ ਨਹੀਂ।

ਪਰਵਾਸ ਦਾ ਅਰਥ ਅਮਰਜੀਤ ਚੰਦਨ ਲਈ ਉੱਕਾ ਹੋਰ ਤਰ੍ਹਾਂ ਦਾ ਹੈ। ਉਹ ਦੇਸ ਵਿਚ ਵੀ ਪਰਵਾਸੀ ਸੀ; ਇੰਗਲੈਂਡ ਪੁੱਜ ਕੇ ਉਹ ਆਪਣੀ ਬੀਤ ਚੁੱਕੇ ਦੇ ਬੋਝ ਤੋਂ ਸੁਚੇਤ ਤੌਰ ‘ਤੇ ਮੁਕਤ ਹੋ ਗਿਆ। ਉਹਦੀ ਸਵੈ-ਜਲਾਵਤਨੀ ਨੇ ਆਪਣੇ ਆਪ ਨੂੰ ਉਨ੍ਹਾਂ ਆਵਾਜ਼ਾਂ/ਭੁਜਾਂ ਨਾਲ ਨਾਤਾਗੀਰ ਕੀਤਾ ਜਿਨ੍ਹਾਂ ਦਾ ਪੰਜਾਬੀ ਸਾਹਿਤਕਾਰੀ ‘ਚ ਜ਼ਿਕਰ ਤੱਕ ਨਹੀਂ ਸੀ। ਨਤੀਜਾ: ਉਹਨੇ ਪੰਜਾਬੀ ‘ਚ ਨਵੀਂ ਕਾਵਿ-ਭਾਸ਼ਾ ਦਾ ਸਿਰਜਣ ਕੀਤਾ। ਇਸ ਭਾਸ਼ਾ ਦੀ ਅੱਥਾਹ ਅਹਮੀਅਤ ਬਾਰੇ ਸੰਦੇਹ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਦਿਆਂ ਉਹ ਉਨ੍ਹਾਂ ਇਰਾਦਿਆਂ ਤੋਂ ਦੂਰ ਚਲਾ ਗਿਆ ਜਿਨ੍ਹਾਂ ਕਰਕੇ ਉਹਦੀ ਪੁਰਾਣੀ ਪਛਾਣ ਸੀ। ਪਰਵਾਸ ਦੇ ਪ੍ਰਸੰਗ ‘ਚ ਅਮਰਜੀਤ ਚੰਦਨ, ਪਰਮਿੰਦਰ ਸੋਢੀ ਵਾਂਗ, ਅਹਮ ਘਟਨਾ ਹੈ।

ਇਹ ਵੱਖਰੀ ਤਰ੍ਹਾਂ ਦੇ ਪਰਵਾਸੀ ਹਨਚੇਤੰਨ, ਸਵੈ-ਜਲਾਵਤਨ, ਵਿਸ਼ਵ ਚਿੰਤਨ ਦੇ ਨਿਕਟ। ਗੱਲ ਅਜੇ ਇਨ੍ਹਾਂ ਦੀ ਹੋਣੀ ਨਹੀਂ ਸੀ ਪਰ ਜ਼ਿਕਰ ਇਸ ਕਰਕੇ ਕੀਤਾ ਗਿਆ ਕਿ ਪਰਵਾਸ ਦਾ ਪ੍ਰਚਲਿਤ ਅਰਥ ਜੜ੍ਹਾਂ ਤੋਂ ਟੁੱਟਣ ਕਰਕੇ ਬੇਗਾਨਗੀ ਹੰਢਾਣਾ ਹੈ। ਆਮ ਪਰਵਾਸੀ ਪੱਛਮੀ ਦੇਸਾਂ ‘ਚ ਅਣਚਾਹਿਆ ਹੋਣ ਕਰਕੇ ਭਵਿੱਖਮੁਖੀ ਨਾਤਿਆਂ ਤੋਂ ਟੁੱਟ ਜਾਂਦਾ। ਉਹਦੀ ਟੇਕ ਪਿਛਾਂਹ ਰਹਿ ਚੁੱਕੇ ਸਰੋਤ ਹੀ ਹੁੰਦੇ ਹਨ। ਨਵੇਂ ਮੁਲਕ ‘ਚੋਂ ਉਹ ਸਭਿਆਚਾਰਕ, ਰੂਹਾਨੀ ਜਾਂ ਬੌਧਿਕ ਤੌਰ ਤੇ ਕੁਝ ਪ੍ਰਾਪਤ ਕਰਨ ਦੇ ਸਮਰਥ ਨਹੀਂ ਹੁੰਦਾ। ਅਜਿਹਾ ਪਰਵਾਸੀ ਜੇ ਕਵੀ ਹੈ ਤਾਂ ਉਹ ਸੋਢੀ, ਚੰਦਨ ਜਾਂ ਅਜਮੇਰ ਰੋਡੇ, ਨਵਤੇਜ ਭਾਰਤੀ, ਸੁਖਪਾਲ, ਸਤੀ ਕੁਮਾਰ ਵਾਂਗ ਆਪਣੀ ਨਵੇਕਲੀ ਪਛਾਣ ਦੀ ਬਣਤ ਨਹੀਂ ਬਣਾਂਦਾ, ਉਹਦੀ ਟੇਕ ਪਿਛਾਂਹ ਤੱਕ ਸੀਮਤ ਰਹਿੰਦੀ ਹੈ। ਪਿਛਾਂਹ ਤੋਂ ਟੁੱਟ ਕੇ ਜ਼ਿਹਨੀ ਤੌਰ ‘ਤੇ ਇਸ ਤੋਂ ਮੁਕਤ ਨਾ ਹੋ ਸਕਣਾ ਅਮੂਰਤਤਾ ਹੈ, ਖੜੋਤ ਹੈ।

ਪਰਵਾਸ ਕਾਰਣ ਪੈਦਾ ਹੋਈ ਰਚਨਾਤਿਮਕ ਹਿਲਜੁਲ ਦੀਆ ਹੋਰ ਅਨੇਕ ਮਿਸਾਲਾਂ ਹਨ: ਗੁਰੂਮੇਲ ਨੇ ‘ਸੁਰਖੀਆਂ’ ਕਿਤਾਬ ‘ਚ ਖਾੜਕੂ ਲਹਿਰ ਵੇਲੇ ਪੈਦਾ ਹੋਈ ਹਿੰਸਾ ਨੂੰ ਕੁਆਰੀ ਕੰਜਕ ਨਾਲ ਜਬਰ-ਜਨਾਹ ਕਰਨ ਦੇ ਮੈਟਾਫਰ ਰਾਹੀਂ ਸਮਝਣ ਦਾ ਯਤਨ ਕੀਤਾ। ਅਵਤਾਰ ਦੀ ਕਿਤਾਬ ‘ਮੇਰੇ ਪਰਤ ਆਉਣ ਤੱਕ’ ਉਸ ਤੱਕਣੀ ਦੀ ਉਪਜ ਹੈ ਜੋ ਘਰ/ਆਰੰਭ ਤੇ ਪਰਵਾਸ ਦੀ ਦੁਵੱਲ ‘ਚੋਂ ਪੈਦਾ ਹੁੰਦੀ ਹੈ। ਅਜਮੇਰ ਰੋਡੇ ਤੇ ਨਵਤੇਜ ਭਾਰਤੀ ਦੀ ‘ਲੀਲਾ’ ਤੋਂ ਪਤਾ ਚਲਦਾ ਕਿ ਕਵੀ ਦਾ ਨਾ ਕੋਈ ਦੇਸ ਹੁੰਦਾ ਨਾ ਪਰਦੇਸ, ਕੁੱਲ ਬ੍ਰਹਿਮੰਡ ਦਾ ਮਾਨਵ ਵਰਤਾਰਾ ਕਵੀ ਦੀ ਚਿੰਤਨ-ਭੂਮੀ ਹੈ, ਉਹਦੀ ਰਚਨਾਤਮਿਕਤਾ ਦਾ ਕਿੱਲ੍ਹਾ ਹੈ, ਅਜਿਹਾ ਮੰਚ ਹੈ ਜਿੱਥੇ ਸ਼ਬਦ ਵਿਚਾਰਾਂ ਦਾ ਨ੍ਰਿਤ ਕਰਦੇ ਹਨ, ਮਨੁੱਖ ਨੂੰ ਦ੍ਰਿਸ਼ਟ ਤੋਂ ਆਰ ਪਾਰ ਦੇ ਕਲਪਾਂ ਦਾ ਮਾਡਲ ਪ੍ਰਦਾਨ ਕਰਦੇ ਹਨ।

ਇਕ ਦ੍ਰਿਸ਼ਟੀ ਤੋਂ ਪਰਵਾਸ ਪ੍ਰਗਤੀ ਦਾ ਲਕਸ਼ ਹੈ, ਵਿਕਾਸ ਦਾ ਚਿੰਨ੍ਹ, ਖੜੋਤ ਦਾ ਭੰਜਕ. ਬੇਸ਼ੱਕ ਇਹ ‘ਆਰੰਭ’ ਦੇ ਪੈਰਾਡਾਈਮ ‘ਚ ਸ਼ਿਫਟ ਮਾਰਦਾ ਪਰ ਅਜਿਹੀ ਸ਼ਿਫਟ ਪੰਜਾਬੀ ਬੰਦੇ ਨੂੰ ਨਵੇਂ ਰਣਖੇਤਰ ‘ਚ ਲਿਆ ਖੜਾ ਕਰਦੀ ਹੈ, ਪਰਾਏਪਣ ਵਲ, ਚਿਹਨਕ ਸੰਸਾਰ ਵਲ; ਮਨੁੱਖੀ ਸਥਿਤੀ ਦੇ ਪੇਚੀਦਾ ਬਿਰਤਾਂਤ ਵਲ।

ਕੁਝ ਕਵੀ ਅਜਿਹੇ ਹਨ ਜਿਨ੍ਹਾਂ ਨੇ ਪਰਵਾਸ ਬਾਰੇ ਚਿੰਤਨ/ਮੰਥਨ ਕਰਕੇ ਆਪਣੇ ਆਪ ਨੂੰ ਸਮੁੱਚੀ ਮਾਨਵੀ ਚੇਤਨਾ ਨਾਲ ‘ਰਿਲੇਟ’ ਕੀਤਾ ਹੈ। ਇਹ ਉਹ ਕਵੀ ਹਨ ਜਿਹੜੇ ਦੇਸ ‘ਚ ਵੀ ਚਿੰਤਨੀ ਕਵਿਤਾ ਲਿਖਦੇ ਰਹੇ, ਜਿਵੇਂ ਗੁਰੂਮੇਲ, ਰਵਿੰਦਰ ਰਵੀ, ਅਜਾਇਬ ਕਮਲ. ਅਜਮੇਰ ਰੋਡੇ ਤੇ ਗੁਰੂਮੇਲ ਦੇ ਭਾਸ਼ਕ ਸੰਤੁਲਨ ਤੋਂ ਪਤਾ ਚਲਦਾ ਉਹ ਪਰਵਾਸ ਨੂੰ ਮਾਨਵ ਵਿਕਾਸ ਦੀ ਗਤੀ ਦਾ ਹਿੱਸਾ ਮੰਨਦੇ ਹਨ। ਇਨ੍ਹਾਂ ਕਵੀਆਂ ਦੇ ਸ਼ਬਦ ਚਿੰਤਨ ‘ਤੇ ਪਰਵਾਸੀ ਅਵਚੇਤਨ ਬੋਝ ਨਹੀਂ ਬਣਦਾ। ਇਨ੍ਹਾਂ ਦੀ ਕਵਿਤਾ ‘ਚ ਬੰਦਾ ਸਮੁੱਚੀ ਕਾਇਨਾਤ ਨਾਲ ਸੰਵਾਦ ਕਰਦਾ, ਸਵੈ-ਚਿੰਤਨ ਕਰਦਾ। ਇਹ ਕਵਿਤਾ, ਭਾਰਤੀ ਦੇ ਸ਼ਬਦਾਂ ‘ਚ, ਚੁਰਾਹੇ ‘ਚ ਜਗੇ ਦੀਵੇ ਵਾਂਗ ਹੈ।

ਅੱਜ ਦੀ ਤਾਰੀਕ ‘ਚ ਪੀੜਾ ਦਾ ਵਿਵੇਕੀਕਰਣ ਜ਼ਰੂਰੀ ਹੈ; ਇਹਦਾ ਬਿਰਤਾਂਤ ਤਿਆਰ ਕਰਨ ਨਾਲ ਹੀ ਆਮ ਮਨੁੱਖ ਦੀ ਪੀੜਾ ਦੀ ਥਾਹ ਪਾਈ ਜਾ ਸਕਦੀ ਹੈ, ਜਿਵੇਂ ਬ੍ਰੈਸ਼ਟ ਨੇ ‘ਮਦਰ ਕਰੱਜ ਐਂਡ ਹਰ ਚਿਲਡਰਨ’ ਨਾਟਕ ‘ਚ ਕੀਤਾ। ਬੇਗਾਨਗੀ ਨੂੰ ਵਜੂਦੀ ਨੁਕਤੇ ਤੋਂ ਤੋੜ-ਭੰਨ ਕੇ ਵਿਸ਼ਾਲ ਪ੍ਰਸੰਗਾਂ ਨਾਲ ਜੋੜਨ ਦੀ ਲੋੜ ਹੈ। ਆਲਬੇਰ ਕਾਮੂ ਦੇ ਨਾਵਲ ‘ਆਊਟਸਾਈਡਰ’ ‘ਚ ਮਿਊਰਸਾਲਤ ਆਪਣੀ ਮਾਂ ਦੀ ਮ੍ਰਿਤੂ ਵੇਲੇ ਭਾਵਾਂ ਤੋਂ ਉੱਕਾ ਹੀ ਛਾਂਗਿਆ ਜਾਂਦਾ ਹੈ। ਅਜਿਹਾ ਕਿਉਂ ਹੁੰਦਾ ਹੈ? ਉੱਤਰ ਲਈ ਕਿਸੇ ਇਬਾਰਤ ਦੀ ਲੋੜ ਨਹੀਂ। ਉੱਤਰ ਸੁਆਲ ‘ਚ ਹੀ ਮੌਜੂਦ ਹੈ।

ਕੁਲ ਮਿਲਾ ਕੇ ਕਹਿਣਾ ਇਹ ਹੈ ਕਿ ਕਵਿਤਾ ਨਾ ਦੇਸ-ਮੁੱਖ ਹੁੰਦੀ ਹੈ, ਨਾ ਪਰਵਾਸੀ; ਇਹ ਮਨੁੱਖ-ਮੁੱਖੀ ਹੈ। ਮਨੁੱਖ ਜਿੱਥੇ ਮਨਫ਼ੀ ਹੁੰਦਾ ਕਵਿਤਾ ਉਹਦੀ ਸਾਰ ਲੈਂਦੀ ਹੈ। ਕਵਿਤਾ ਦੀ ਭੁਜ ਮਨੁੱਖੀ ਅਨੁਭਵ ਤੇ ਮਨੁੱਖੀ ਫ਼ਿਕਰ ਹਨ। ਪਰਵਾਸ ਇਕ ਨਵੇਕਲਾ ਅਨੁਭਵ ਹੈ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 25 ਅਪਰੈਲ 2005)
(ਦੂਜੀ ਵਾਰ 27 ਸਤੰਬਰ 2021)

***
396
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ