9 October 2024

2024 ਦਾ ਦੂਜਾ ਦਿਨ——ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)

ਪਿਛਲੇ ਦੋ ਕੁ ਹਫਤੇ ਤੋਂ ਬਹੁਤ ਸਾਰਾ ਜਸ਼ਨ ਮਨਾਉਣ ਤੋਂ ਬਾਅਦ 2023 ਨੂੰ ਅਲਵਿਦਾ ਕਰਕੇ 2024 ਵਿਚ ਐਂਟਰੀ ਮਾਰੀ ਨੂੰ ਅੱਜ ਦੂਸਰਾ ਦਿਨ ਹੈ । 31 ਦਸੰਬਰ 2023 ਨੂੰ ਅਤੇ 1 ਜਨਵਰੀ 2024 ਨੂੰ ਜੋ ਮੈਂ ਨਿੱਜੀ ਤੌਰ ‘ਤੇ ਮਹਿਸੂਸ ਕੀਤਾ, ਉਸ ਬਾਰੇ ਪਹਿਲਾਂ ਹੀ ਲਿਖ ਚੁੱਕਾ ਹਾਂ । ਹਥਲੇ ਲੇਖ ਵਿਚ ਨਵੇਂ ਸਾਲ 2024 ਦੇ ਦੂਜੇ ਦਿਨ ਦੇ ਅਹਿਸਾਸ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। 

ਮਨੁੱਖ ਏਨਾ ਭੋਲਾ ਅਤੇ ਭੁਲੱਕੜ ਹੈ ਕਿ ਇਕ ਛੋਟੀ ਜਿਹੀ ਖੁਸ਼ੀ ਦੇ ਰਾਮ ਰੌਲੇ ਵਿਚ ਆਪਣੀ ਜਿੰਦਗੀ ਦੀ ਅਸਲੀਅਤ ਭੁੱਲ ਜਾਂਦਾ ਹੈ । ਈਸਵੀ ਸੰਮਤ,  ਪ੍ਰਭੂ ਈਸਾ ਮਸੀਹ ਦੇ ਜਨਮ ਦਿਨ ਨਾਲ ਸਬੰਧਿਤ ਹੈ। ਈਸਾਈ ਲੋਕ ਹਰ ਸਾਲ ਆਪਣੇ ਇਸ਼ਟ ਦਾ ਜਨਮ ਦਿਨ ਨਵੇਂ ਸਾਲ ਵਜੋਂ ਮਨਾਉਦੇ  ਹਨ, ਜਦ ਕਿ ਬਾਕੀ ਲੋਕ ਵੀ ਆਪੋ ਆਪਣੇ  ਅਕੀਦਿਆਂ  ਮੁਤਾਬਿਕ ਅਜਿਹਾ ਕਰਦੇ ਹਨ  । ਕੁੱਜ ਲੋਕ  ਅਜਿਹੇ ਵੀ ਹੁੰਦੇ ਜਿਹਨਾਂ ਵਾਸਤੇ ਇਸ ਤਰਾਂ ਦੇ ਜਸ਼ਨਾ ਵਿਚ ਸ਼ਾਮਿਲ ਹੋਣਾ ਇਕ ਮੌਜ ਮੇਲੇ ਤੋਂ ਵੱਧ ਕੁੱਜ ਵੀ ਨਹੀਂ ਹੁੰਦਾ । ਉਹਨਾਂ ਦੀ ਧਾਰਨਾ ਇਹ ਹੁੰਦੀ ਹੈ ਕਿ ਖਾਓ, ਪੀਓ ਐਸ਼ ਕਰੋ ਮਿੱਤਰੋ ! ਪਰ ਦਿਲ ਕਦੀ ਕਿਸੇ ਦਾ ਦੁਖਾਇਓ ਨਾ। 

ਆਪੋ ਆਪਣੇ ਇਸ਼ਟਾਂ ਦੇ ਤਿਓਂਹਾਰ ਮਨਾਉਣੇ ਇਕ ਵਧੀਆ ਰਿਵਾਇਤ ਹੈ ਤੇ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ, ਪਰ ਜੇਕਰ ਇਹਨਾਂ ਤਿਉਹਾਰਾਂ ਦੀਆਂ ਰਿਵਾਇਤਾਂ ਵਿਚ ਸਮੇਂ ਦੇ ਵਹਾ  ਮੁਤਾਬਿਕ ਕੋਈ ਅਣਚਾਹਿਆ ਬਦਲਾਵ ਆਉਂਦਾ ਹੈ ਤਾਂ ਉਹ ਸੰਬੰਧਿਤ ਭਾਈਚਾਰੇ ਜਾਂ ਸਮਾਜ ਦੇ ਲੋਕਾਂ ਵਾਸਤੇ ਨਿਸਚੇ ਹੀ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ । ਸੋ ਤਿਓਂਹਾਰਾਂ ਦੇ ਅੰਤਰੀਵ ਭਾਵ ਤੇ ਭਾਵਨਾ ਦਾ ਘਾਤ ਕਦੇ ਵੀ ਨਹੀਂ ਹੋਣਾ ਚਾਹੀਦਾ । ਦੂਜੇ ਸ਼ਬਦਾਂ ਵਿਚ ਇਸ ਨੂੰ ਇਸ ਤਰਾਂ ਵੀ ਕਿਹਾ ਦਾ ਸਕਦਾ ਕਿ ਪੀਜੇ, ਬਰਗਰ, ਚਿਪਸ, ਸਪਰਿੰਗ  ਰੋਲ, ਸਮੇਸੇ ਅਤੇ ਮਿਠਿਆਈਆਂ ਕਦੇ ਵੀ ਕਿਸੇ ਗੁਰਧਾਮ ਵਿਚ ਪੂਰੀ ਸੁਚਮ ਨਾਲ ਤਿਆਰ ਕੀਤੇ ਗਏ ਲੰਗਰ ਅਤੇ ਪਰਸ਼ਾਦ ਦਾ ਬਦਲ ਨਹੀਂ ਹੋ ਸਕਦੇ । 

ਇਸ ਰੰਗਲੀ ਦੁਨੀਆਂ ਤੋਂ ਟੁਰ ਜਾਣ ਨੂੰ ਕੀਹਦਾ ਜੀਅ ਕਰਦਾ !ਇਹ ਪਤਾ ਹੋਣ ਦੇ ਬਾਵਜੂਦ ਵੀ, ਕਿ ਇਥੇ ਬੈਠ ਸਦਾ ਨਹੀਂ ਰਹਿਣਾ, ਰੰਗਲੀ ਦੁਨੀਆਂ ਨੂੰ ਇਕ ਦਿਨ, ਆਖਿਰ ਇਕ ਦਿਨ ਛੱਡਣਾ  ਹੀ ਪੈਣਾ, ਪਰੰਤੂ ਫਿਰ ਵੀ ਅਜੋਕਾ ਮਨੁੱਖ ਸੰਪਤੀ ਤੇ ਪਦਾਰਥ ਇਕੱਠੇ ਕਰਨ ਦੀ ਦੌੜ ਚ ਇਸ ਕਦਰ ਰੁੱਝਾ ਹੋਇਆ ਹੈ ਕਿ ਕਈ ਵਾਰ ਖਾਣਾ ਪੀਣਾ ਅਤੇ ਜੀਣਾ ਵੀ ਭੁੱਲ ਜਾਂਦਾ ਹੈ । ਅਸਲ ਵਿਚ ਉਹ ਇਹ ਸੋਚ ਕੇ ਇਸ ਪਾਸੇ ਲੱਗਾ ਰਹਿੰਦਾ ਹੈ ਕਿ ਸ਼ਾਇਦ ਮੈਂ ਇਸ ਦੁਨੀਆ ਵਿਚ ਸਦਾ ਹੀ ਬਣਿਆਂ ਰਹਾਂਗਾ ਜਾਂ ਫਿਰ ਮੇਰਾ ਨੰਬਰ ਬਾਕੀ ਸਭਨਾਂ ਤੋ ਬਾਅਦ ਹੀ ਲੱਗੇਗਾ ਜਦ ਕਿ ਕੁਦਰਤ ਦੇ ਫੈਸਲੇ ਦਾ ਕਿਸੇ ਨੂੰ ਵੀ ਕੋਈ ਪਤਾ ਨਹੀ ਹੁੰਦਾ, ਕਿਸੇ ਸਮੇਂ ਕੁੱਜ ਵੀ ਅਣਕਿਆਸਿਆ ਵਾਪਰ ਸਕਦਾ ਹੈ । 

ਨਵੇਂ ਸਾਲ ਦਾ ਇਹ ਦੂਜਾ ਦਿਨ ਕੰਮ ਧੰਦਿਆ ਉੱਤੇ ਵਾਪਸ ਪਰਤਨ ਦਾ ਦਿਨ ਹੈ । ਜੋ ਊਠ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਤੇ ਉਮਾਹ ਵਿਚ ਮਿਲੀਆਂ ਛੁੱਟੀਆਂ ਦੌਰਾਨ ਜਸ਼ਨ ਮਨਾਉਦਾ ਹੋਇਆ ਪਿਛਲੇ ਕਈਆਂ ਦਿਨਾ ਤੋਂ ਚਾਂਭੜਾਂ ਮਾਰ ਰਿਹਾ ਸੀ, ਅੱਜ ਵਾਪਸ ਪਹਾੜ ਹੇਠ ਆ ਚੁੱਕਾ ਹੈ ਜਾਂ  ਇੰਜ ਕਹਿ ਲਓ ਕਿ ਘੁੰਮ ਫਿਰਕੇ, ਮੁੜ ਖੋਤੀ ਬੋਹੜ ਹੇਠ ਆ ਖੜੀ ਹੋਈ ਹੈ । ਜੋ ਕੁਹਾੜੀ ਤੇ ਦਸਤਾ 2023 ਵਿਚ ਵਰਤੇ ਜਾ ਰਹੇ ਸਨ, ਉਹੀ ਮੁੜ ਹੱਥ ਫੜ ਲਏ ਹਨ ਤੇ ਇਕ ਵਾਰ ਫੇਰ ਗੱਡੀ ਲੀਹੇ ਚੜ੍ਹ ਚੁੱਕੀ ਹੈ, ਹਾਂ ! ਸਾਲ ਦੇ ਵਿਚ ਵਿਚਾਲੇ ਈਸਟਰ, ਗਰਮੀਆ ਤੇ ਪਤਝੜ ਦੇ ਹੌਲੀ ਡੇਅ ਨਾਮਕ ਸ਼ਟੇਸ਼ਨਾ ਦੀਆਂ ਨਿੱਕੀਆਂ ਬਰੇਕਾਂ ਲੱਗਣਗੀਆ ਤੇ ਇਹ ਸਿਲਸਿਲਾ ਹੁਣ ਫੇਰ ਤੇਂ ਲੱਗਭਗ ਕੋਈ ਗਿਆਰਾਂ ਕੁ ਮਹੀਨੇ ਭਾਵ 50ਕੁ ਹਫਤੇ ਇਸੇ ਤਰਾਂ ਚਲਦਾ ਰਹੇਗਾ । ਏਹੀ ਕੁਦਰਤ ਦਾ ਦਸਤੂਰ ਹੈ ਜੋ ਸਦੀਆ ਤੋਂ ਚਲਦਾ ਆਇਆ ਹੈ ਤੇ ਚਲਦਾ ਰਹੇਗਾ । 

ਨਵੇ ਸਾਲ ਦੇ ਸ਼ੁਭ ਮੌਕੇ ‘ਤੇ ਇਕ ਗੱਲ ਬੜੀ ਅਜੀਬ ਲੱਗੀ , ਉਹ ਇਹ ਕਿ ਨਵੇਂ  ਸਾਲ ਦੀ ਖੁਸ਼ੀ ਤਾਂ ਹਰ ਕੋਈ ਮਨਾਉਂਦਾ ਰਿਹਾ । ਇਸ ਖੁਸ਼ੀ ਨੂੰ ਮਨਾਉਣ ਦੇ ਚਾਅ ਵਿਚ ਸਾਡੇ ਵਿਚੋਂ ਬਹੁਤੇ ਇਹ ਭੁੱਲ ਗਏ ਕਿ ਇਸ ਨਵੇ ਸਾਲ ਦੀ ਆਮਦ ਨਾਲ ਇਸ ਚੱਲ ਰਹੀ ਸਦੀ ਦੇ ਇਤਿਹਾਸ ਦੇ ਸਾਲ ਵਿਚ ਤਾਂ ਇਕ ਸਾਲ ਦਾ ਹੋਰ ਵਾਧਾ ਦਰਜ ਹੋ ਗਿਆ ਜਦ ਕਿ ਸਾਡੀ ਜਿੰਦਗੀ ਦਾ ਇਕ ਸਾਲ ਹੋਰ ਘਟ ਗਿਆ ਹੈ ਤੇ ਅਸੀਂ ਮੌਤ ਦੇ ਨੇੜੇ ਵੱਲ ਹੋਰ ਵਧ ਗਏ ਹੀਂ ! ਬੇਸ਼ੱਕ ਅਸੀਂ ਸਾਰੇ ਮੌਤ ਤੋਂ ਬਹੁਤ ਖੌਫਜਦਾ ਹਾਂ, ਜਿੰਦਗੀ ਨੂੰ ਬੇਹੱਦ ਪਿਆਰ ਕਰਦੇ ਹਾਂ, ਪਰ ਨਵੇਂ  ਸਾਲ ਦੇ ਜਸ਼ਨਾਂ ਵਿਚ ਇਹ ਡਰ ਵੀ ਭੁੱਲ ਬੈਠੇ । ਹਾਂ, ਸ਼ਾਇਦ ਕਈ ਮੇਰੇ ਵਰਗੇ ਬੇਪਰਵਾਹ ਵੀ ਹੋਣਗੇ ਜੋ ਸੋਚਦੇ ਹੋਣਗੇ ਕਿ ਕੋਈ ਗੱਲ ਨਹੀਂ, ਜੇ ਮਰਨਾ ਸੱਚ ਹੈ ਤੇ ਇਕ ਦਿਨ ਮੌਤ ਆਉਣੀ ਅਟੱਲ ਹੈ ਤਾਂ ਘੱਟੋ ਘੱਟ ਜਿੰਨੀ ਜਿੰਦਗੀ ਹੈ, ਉਹਨੂੰ ਜੀਅ ਭਰਕੇ ਜੀਓ ਤਾਂ ਲਓ !

ਅਜੇ ਨਵੇਂ ਸਾਲ ਦਾ ਦੂਸਰਾ ਦਿਨ ਹੈ, ਕੰਮ ਕਾਰਾਂ ‘ਤੇ ਵਾਪਸ ਜਾਣ ਦੀ ਚਿੰਤਾ ਨਾਲ ਪਿਛਲੇ ਦੋ ਕ ਹਫਤਿਆਂ ਦੀ ਸਾਰੀ ਖੁਸ਼ੀ ਕਫੂਰ ਹੋ ਚੁੱਕੀ ਹੈ, ਚੇਹਰੇ ਉੱਤਰੇ ਹੋਏ ਹਨ, ਕਈ ਤਾਂ ਪੈਰ ਵੀ ਘਸੀਟ ਘਸੀਟ  ਕੇ ਤੁਰਦੇ ਹੋਣਗੇ । ਕਈਆਂ ਦੀ ਖਾਧੀ ਪੀਤੀ ਵੀ ਕੰਮ ‘ਤੇ ਵਾਪਸ ਜਾਣ ਦੀ ਵਜ੍ਹਾ ਕਾਰਨ ਉਤਰ ਗਈ ਹੋਏਗੀ , ਕਈ ਅਜਿਹੇ ਵੀ ਹੋਣਗੇ ਜੋ ਅਜ ਦਾ ਸਾਰਾ ਦਿਨ ਬਿਨਾ ਵਜ੍ਹਾ ਹੀ ਆਪਣੇ ਆਪ ਨੁੰ ਕੋਸੀ ਜਾ ਰਹੇ ਹੋਣਗੇ । ਇਹ ਸਾਰਾ ਕੁੱਜ ਅਜੇ ਹਫਤਾ ਦੋ ਹਫਤੇ ਇਸੇ ਤਰਾਂ ਚਲਦਾ ਰਹੇਗਾ ਤੇ ਬਾਦ ਵਿਚ ਫਿਰ ਤੋਂ ਫਿਰਕੀ ਥਾਂ ਸਿਰ ਘੁੰਮਣ ਲੱਗ ਪਵੇਗੀ । 

ਮੁਕਦੀ ਗੱਲ ਇਹ ਹੈ ਕਿ ਸਾਲਾਂ ਦਾ ਇਹ ਚੱਕਰ ਚਲਦਾ ਰਹੇਗਾ,  ਨਵੇਂ ਸਾਲ ਆਉਂਦੇ ਰਹਿਣਗੇ, ਵੰਨ ਸਵੰਨੀਆ ਸੁਖਦ ਅਤੇ ਦੁੱਖਦ ਘਟਨਾਵਾਂ ਆਪਣੇ ਗਰਭ ਵਿਚ ਲੈ ਕੇ ਬਾਰਾਂ ਮਹੀਨੇ ਬਾਦ ਸਦੀ ਦੇ ਇਤਿਹਾਸ ਦਾ ਹਿੱਸਾ ਬਣਦੇ ਰਹਿਣਗੇ । ਇਹ ਵਰਤਾਰਾ ਸੂਰਜ, ਚੰਦ, ਸਿਤਾਰੇ, ਗਰਮੀ, ਸਰਦੀ, ਬਰਸਾਤ, ਬਸੰਤ ਤੇ ਪਤਝੜ ਦਾ ਬਣਿਆ ਰਹੇਗਾ । ਮਨੁੱਖੀ ਜਿੰਦਗੀ ਆਪਣੀ ਰਫਤਾਰੇ ਚਲਦੀ ਰਹੇਗੀ, ਹਰ ਵਿਅਕਤੀ ਦਾ ਵਰਤਮਾਨ, ਪਲ ਪਲ ਭੂਤਕਾਲ ਵਿਚ ਬਦਲਦਾ ਰਹੇਗਾ, ਸਮੇ ਦਾ ਰੱਥ, ਨਾ ਕਦੇ ਰੁਕਿਆ ਹੈ, ਨਾ ਕਦੇ ਪਿਛੇ ਮੁੜਿਆ ਹੈ ਅਤੇ ਨਾ ਹੀ ਕਦੇ ਮੁੜੇਗਾ। 

ਸੋ ਸਮੇਂ ਦਾ ਸੱਚ ਏਹੀ ਹੈ ਕਿ ਸਮੇਂ ਨੇ ਹਮੇਸ਼ਾ ਚਲਦਿਆਂ ਰਹਿਣਾ ਹੈ ਤੇ ਹਰ ਵਿਅਕਤੀ ਨੂੰ ਆਪਣੇ ਜੀਵਨ ਨੂੰ ਵਰਤਮਾਨ ਵਿਚ ਗਤੀਸ਼ੀਲ ਬਣਾਈ ਰੱਖਣਾ, ਇਸ ਨੂੰ ਚੰਗੀ ਤਰਾਂ ਜੀਊਣਾ ਅਤੇ ਦੂਸਰਿਆਂ ਦਾ ਜੀਵਨ ਬੇਹਤਰ ਬਣਾਉਣ ਵਾਸਤੇ ਉਦਮ  ਕਰਨ ਦੀ ਕੋਸ਼ਿਸ਼ ਕਰਨਾ ਹੀ ਚੰਗੇ ਤੇ ਸਫਲ ਜੀਵਨ ਦਾ ਨਿਚੋੜ ਹੈ । ਇਥੇ ਇਹ ਵੀ ਕਹਾਂਗਾ ਕਿ ਨਵਾਂ ਸਾਲ 2024 ਹੁਣ,  ਅੱਜ ਦੇ ਦਿਨ ਤੋਂ ਬਾਅਦ ਦੋ ਦਿਨ ਪੁਰਾਣਾ ਹੋ ਗਿਆ ਹੈ, ਦੂਸਰੇ ਸ਼ਬਦਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਸਾਲ ਵੀ ਹੁਣ ਨਵਾਂ ਨਹੀਂ ਰਿਹਾ। ਇਸ ਦੇ ਦਿਨ, ਹਫਤੇ ਤੇ ਮਹੀਨੇ ਵੀ ਸਰਪਟ ਦੌੜਦੇ ਹੋਏ ਸਮੇਂ ਦੀ ਮਾਰ ਵਿਚ ਆਉਣਗੇ । ਦਰਅਸਲ, ਸਮਾਂ ਹੀ ਇਕ ਅਜਿਹੀ ਤਾਕਤ ਹੈ ਜੋ ਅਜਿੱਤ ਹੈ, ਅਮਰ ਹੈ ਤੇ ਹਮੇਸ਼ਾ ਗਤੀਸ਼ੀਲ ਹੈ । ਇਸ ਨੂੰ ਨਾ ਹੀ ਕੋਈ ਰੋਕ ਸਕਿਆ ਹੈ, ਨਾ ਹੀ ਕੋਈ ਜਿੱਤ ਸਕਿਆ ਹੈ ਤੇ ਨਾ ਹੀ ਕੋਈ ਜਿੱਤ ਸਕੇਗਾ । ਇਸ ਲਈ ਆਪਣੀ ਜਿੰਦਗੀ ਦੀ ਨਾਸ਼ਵੰਤਤਾ ਨੂੰ ਜਾਣਦੇ ਸਮਝਦੇ ਹੋਏ , ਆਪਣੇ ਜੀਵਨ ਕਾਲ ਦੇ ਸਮੇਂ ਦਾ ਹਰ ਪਲ ਜੀਓ ਤੇ ਜੀਓ ਵੀ ਜੀਓ ਭਰਕੇ । ਸਮੁੱਚੇ 2024 ਵਾਸਤੇ ਸਭ ਨੂੰ ਹਾਰਦਿਕ ਸ਼ੁਭ ਕਾਮਨਾਵਾਂ।
***
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)
02/01/2024

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1263
***

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

View all posts by ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ →