12 June 2024

ਗੁਰੂਦਖਣਾ ਦਾ ਫਲ – ਗੱਬੀ ਦੀਆਂ ਕਹਾਣੀਆਂ – ਮੋਹਨ ਲਾਲ ਫਿਲੌਰੀਆ

ਇਕ ਕਿਤਾਬ ਨੂੰ ਪੜ੍ਹਦਿਆਂ:

ਗੁਰੂਦਖਣਾ ਦਾ ਫਲ – ਗੱਬੀ ਦੀਆਂ ਕਹਾਣੀਆਂ

-ਮੋਹਨ ਲਾਲ ਫਿਲੌਰੀਆ-

ਅੱਜ ਜੇਕਰ ਗੱਬੀ ਦਾ ਤਾਇਆ ਜਿਉਂਦਾ ਹੁੰਦਾ ਤੇ ਜੇਕਰ ਉਹ ਗੱਬੀ ਦੀ ਕਹਾਣੀਆਂ ਦੀ ਪੁਸਤਕ ‘ਗੁਰਦਖਣਾ’ ਪੜ੍ਹਦਾ ਤਾਂ ਗੱਬੀ ਨੂੰ ਜ਼ਰੂਰ ਮੱਤ ਦਿੰਦਾ ਤੇ ਸਮਝਾਉਂਦਾ ”ਹੇ ਗੱਬੀ ਮਹਾਂਰਾਜ! ਜੇਕਰ ਤੂੰ ਕਹਾਣੀਕਾਰ ਬਣਨੋਂ ਨਹੀਂ ਰਹਿ ਸਕਦਾ ਤਾਂ ਤੂੰ ਸੂਰਜ-ਰੌਸ਼ਨੀ, ਗਿਆਨ-ਵਿਗਿਆਨ, ਵਿਕਾਸ ਤੇ ਸਚਾਈ ਦੀ ਬਾਤ ਪਾ ਪਰ…ਸ਼ਰਾਬ ਤੇ ਸ਼ਬਾਬ ਤੋਂ ਬਚ।ਉਹ ਇਸ ਲਈ ਕਿ ਸ਼ਰਾਬ ਦਾ ਨਸ਼ਾ ਘੰਟੇ ਦੋ ਘੰਟੇ ਦਾ ਹੁੰਦਾ ਹੈ…ਸੈਕਸ ਜਾਂ ਔਰਤ ਨਾਲ ਮੌਜ ਮਸਤੀ ਦੇ ਪਲ ਵੀ ਕੁਝ ਸਮੇਂ ਦੀ ਖੇਡ ਹੁੰਦੇ ਹਨ ਬਾਅਦ ਵਿਚ ਬੰਦਾ ਥੂ-ਥੂ ਕਰਦਾ ਹੈ…ਪੈਸਾ ਵੀ ਕੁਰਪਸ਼ਨ ਦੇ ਸਾਧਨਾਂ ਰਾਹੀਂ ਇਕੱਠਾ ਕੀਤਾ ਜਾ ਸਕਦਾ ਹੈ…ਪੈਸਾ ਆਉਂਦਾ ਜਾਂਦਾ ਅੱਛਾ ਲਗਦਾ ਹੈ ਪਰ ਇਸ ਨਸ਼ੇ ਦਾ ਅੰਤ ਵੀ ਬੁਰਾ ਲਗਦਾ ਹੈ..।”

ਗੱਬੀ ਦੀਆਂ ਕਹਾਣੀਆਂ ਦੀ ਪੁਸਤਕ ਚਰਚਾ ਵਿਚ ਹੈ। ਗੁਰਦਖਣਾ ਵਿਚਲੀਆਂ ਕਹਾਣੀਆਂ ਗੱਬੀ ਦੀ ਗੁਰੂਦਖਣਾ ਦਾ ਫ਼ਲ ਹੈ।ਗੱਬੀ ਦੇ ਅਣਗਿਣਤ ਗੁਰੂ ਹਨ ਜਿਵੇਂ ਕਿ ਪੁਸਤਕ ਵਿਚ ਉਹਨਾਂ ਦਾ ਜਿਕਰ ਕੀਤਾ ਹੈ।ਗੱਬੀ ਦੇ ਪ੍ਰਥਮ ਗੁਰੂ ਉਸ ਦੇ ਤਾਇਆ ਬਾਬੂ ਰਾਮ ਜੀ ਹਨ।ਜਿਸ ਤੋਂ ਬਚਪਨ ਵਿਚ ਸੁਣੀਆਂ ਬਾਤਾਂ ਉਸ ਦਾ ਪ੍ਰੇਰਨਾ ਸਰੋਤ ਬਣੀਆਂ।ਗੱਬੀ ਆਪਣੇ ਤਾਏ ਨੂੰ ਆਪਣਾ ਪਲੇਠਾ ਗੁਰੂ ਮੰਨਦਾ ਹੈ ਪਰ ਕਹਾਣੀਆਂ ਪੜ੍ਹਣ ਤੋਂ ਬਾਅਦ ਲਗਦਾ ਹੈ ਕਿ ਗੱਬੀ ਦੇ ਬਹੁਤ ਸਾਰੇ ਗੁਰੂ ਹਨ ਜਿਵੇਂ ਕਿ ਪੁਸਤਕ ਦੇ ਪੰਨਾ 7 ਤੇ (ਕੁਝ ਗੱਲਾਂ) ਗੱਬੀ ਨੇ ਬਹੁਤ ਸਾਰੇ ਸਾਹਿਤਕਾਰਾਂ ਦਾ ਜ਼ਿਕਰ ਕੀਤਾ ਹੈ। ਉਹ ਸਾਰੇ ਗੱਬੀ ਦੇ ਗੁਰੂ ਹਨ, ਜਿਹਨਾਂ ਦੀ ਸੰਗਤ ਵਿਚ ਰਹਿ ਕੇ ਗੱਬੀ ਸਾਹਿਤਕਾਰ ਬਣਿਆ ਹੈ।ਗੱਬੀ ਨੂੰ ‘ਗੁਰਦਖਣਾ’ ਦੇਣੀ ਆਉਂਦੀ ਹੈ ਤੇ ਗੁਰੂ ਤੋਂ ਅਸ਼ੀਰਵਾਦ ਪ੍ਰਾਪਤ ਕਰਨੀ ਵੀ ਆਉਂਦੀ ਹੈ।ਇਸ ਵਿਚ ਗੱਬੀ ਦਾ ਕਸੂਰ ਨਹੀਂ। ਹੁਣ ਜ਼ਮਾਨਾ ਹੀ ਦਾਰੂ, ਔਰਤ ਤੇ ਪੈਸੇ ਦਾ ਹੈ। ਹਰ ਬੰਦਾ ਹੀ ‘ਘੁੰਮਣਘੇਰੀ’ ਵਿਚ ਫਸਿਆ ਹੋਇਆ ਹੈ ਤੇ ਘੁੰਮਣਘੇਰੀ ਚੋਂ ਨਿਕਲਣ ਲਈ ‘ਮੋਰਚਾ’ ਲਾਈ ਬੈਠਾ ਹੈ। ਜਦੋਂ ਉਹਦਾ ਆਪਣਾ ਦਿਮਾਗ ਕੰਮ ਕਰਦਾ ਨਹੀਂ-‘ਗੁਰਦਖਣਾ’ ਦੇ ਕੇ ‘ਰਿਸ਼ਤੇ’ ਜੋੜਦਾ ਹੈ।ਗੁਰਦਖਣਾ ਕਿਤੇ ਕਿਤੇ ਕੰਮ ਕਰਦੀ ਹੈ।ਦਾਰੂ, ਔਰਤ ਤੇ ਪੈਸੇ ਨਾਲ ਰਿਸ਼ਤੇ ਜੁੜਦੇ ਹਨ ਤੇ ਅਕਸਰ ਇਹਨਾਂ ਨੀਹਾਂ ‘ਤੇ ਉਸਾਰੇ ਗਏ ਰਿਸ਼ਤੇ ਕੜਕ ਕਰ ਕੇ ਟੁੱਟ ਵੀ ਜਾਂਦੇ ਹਨ।ਹਰ ਚੀਜ ‘ਬੁਝਾਰਤ’ ਬਣ ਗਈ ਹੈ।ਜਿੰਨਾ ਚਿਰ ਸਭ ਕੁਝ ‘ਘੁੰਡ’ ਵਿਚ ਹੈ ਤਾਂ ਠੀਕ ਹੇ।ਘੁੰਡ ਚੁੱਕਿਆ ਤਾਂ ਫਿਰ ਸ਼ਰਮਾਂ ਕਾਹਦੀਆਂ।ਅਸਲ ਵਿਚ ਤਾਂ ਘੁੰਡ ਹਟਾਉਣ ‘ਤੇ ਪਤਾ ਲਗਦਾ ਹੈ, ਸੱਚ ਕੀ ਹੈ। ਖੂਬਸੂਰਤ ਬਣਨ ਲਈ ਕਈ ਕੁਆਰੀਆਂ ਕੁੜੀਆਂ ਵੀ ‘ਬਿੰਦੀ’ ਲਾ ਕੇ ਘੁੰਮਦੀਆਂ ਹਨ।ਵਿਧਵਾ ਔਰਤ ਵੀ ਬਿੰਦੀ ਲਾਉਂਦੀ ਹੈ ਤੇ ਉਹ ਔਰਤਾਂ ਜਿਨ੍ਹਾਂ ਦੇ ਪਤੀ ਵਿਦੇਸ਼ ਗਏ ਹਨ, ਉਹ ਵੀ ਬਿੰਦੀ ਦਾ ਪ੍ਰਯੋਗ ਕਰਦੀਆਂ ਹਨ। ਇਸ ਬਿੰਦੀ ਵਲ ਸਾਡੀ ਸਭਨਾਂ ਦੀ ਨਜ਼ਰ ਹੈ। ਅਸੀਂ ਭਾਵੇਂ ਯਾਤਰਾ ‘ਸ਼ਤਾਬਦੀ’ ‘ਚ ਕਰੀਏ ਭਾਵੇਂ ਸਧਾਰਨ ਬੱਸ ਵਿਚ ਬਿੰਦੀ ‘ਤੇ ਨਜ਼ਰ ਸਭ ਦੀ ਰਹਿੰਦੀ ਹੈ ਭਾਵੇਂ ‘ਪ੍ਰਾਹੁਣਾ’ ਨਾਲ ਹੋਵੇ ਜਾਂ ਦੂਰ । ਅਖੀਰ ‘ਤੇ ਦੁਖੀ ਹੋਇਆ ਬੰਦਾ ‘ਅਲਵਿਦਾ’ ਕਹਿਣ ਲਈ ਫਿਰ ਘੁੰਮਣਘੇਰੀ ਵਿਚ ਆ ਜਾਂਦਾ ਹੈ।

ਪਾਠਕਾਂ ਨੇ ਕਹਾਣੀ ਤਾਂ ਹੀ ਪਸੰਦ ਕਰਨੀ ਹੈ ਜੇਕਰ ਕਹਾਣੀ ਵਿਚ ਕਥਾ ਰਸ ਹੋਵੇਗਾ। ਰੋਟੀ- ਕਪੜਾ-ਮਕਾਨ, ਲਗਦਾ ਹੈ ਕਿ ਹੁਣ ਸਮਾਜ ਦੇ ਮੁਢਲੇ ਮਸਲੇ ਨਹੀਂ ਰਹੇ। ਚੰਡੀਗੜ੍ਹ ਵਰਗਾ ਸ਼ਹਿਰ ਹੁਣ ਪੂਰੀ ਤਰ੍ਹਾਂ ਪੱਛਮੀ ਸਭਿਆਚਾਰ ਦੀ ਪਕੜ ਵਿਚ ਆ ਗਿਆ ਹੈ। ਸ਼ਹਿਰ ਵਿਚ ਦੇਹ ਵਪਾਰ ਦਾ ਧੰਦਾ ਜੋਰਾਂ ‘ਤੇ ਹੈ। ਸ਼ਰੇਆਮ ਹੈ। ਇਕ ਪਾਸੇ ਜੇਕਰ ਕਿੱਟੀ ਪਾਰਟੀਆਂ ਚਲਦੀਆਂ ਹਨ ਤਾਂ ਉਥੇ ਠਰਕੀ ਬੁੱਢੇ ‘ਕਿੱਟਾ ਪਾਰਟੀਆਂ’ ਵੀ ਕਰਦੇ ਹਨ। ਸਮਾਜ ਸੇਵਕ ਇਕ ਪਾਸੇ ਗਰੀਬ ਲੜਕੀਆਂ ਦੇ ਵਿਆਹ ਰਚਾਉਂਦੇ ਹਨ, ਦੂਜੇ ਪਾਸੇ ਘੁੰਡ ਚੁਕਾਈ ਦੀ ਰਸਮ ਨਿਭਾਉਂਦੇ ਹਨ।

ਚੰਡੀਗੜ੍ਹ ਵਿਚ ਇਸ ਸਮੇਂ ਸ਼ਰਾਬ ਦੇ ਠੇਕੇ ਜ਼ਿਆਦਾ ਹਨ, ਸਕੂਲਾਂ ਤੋਂ ਵੀ ਵੱਧ। ਦੇਹ ਵਪਾਰ ਦੇ ਅੱਡੇ ਉਸ ਤੋਂ ਵੀ ਵੱਧ। ਮਾਮਾ ਆਪਣੀ ਹਵਸ ਦੀ ਸੰਤੁਸ਼ਟੀ ਲਈ ਕਿੱਟਾ ਪਾਰਟੀ ਵਿਚ ਜਾਂਦਾ ਹੈ, ਉਥੇ ਹੀ ਪੇਟ ਦੀ ਹਵਸ (ਸੰਤੁਸ਼ਟੀ) ਲਈ ਭਾਣਜੀ ਵੀ ਆਉਂਦੀ ਹੈ। ਮਾਮਾ ਤੇ ਭਾਣਜੀ ਦੇ ਇਸ ਤਰ੍ਹਾਂ ਦੇ ਮਿਲਾਪ ਨੂੰ ਕਹਾਣੀ ਦੇ ਮਾਧਿਅਮ ਰਾਹੀਂ ਪੇਸ਼ ਕਰਨਾ ਇਕ ਸੁਲਝੇ ਹੋਏ ਕਹਾਣੀਕਾਰ ਦਾ ਹੀ ਕੰਮ ਹੋ ਸਕਦਾ ਹੈ। ਇਸ ਦ੍ਰਿਸ਼ਟੀ ਤੋਂ ਲਗਦਾ ਨਹੀਂ ਕਿ ਗੱਬੀ ਨਵਾਂ ਕਹਾਣੀਕਾਰ ਹੈ।

ਕਹਾਣੀਆਂ ਰੌਚਕ ਹਨ। ਲੰਬੀਆਂ ਹਨ। ਦਿਲਚਸਪੀ ਬਣੀ ਰਹਿੰਦੀ ਹੈ। ਕਹਾਣੀ ਪੜ੍ਹਦਿਆਂ ਪੜ੍ਹਦਿਆਂ ਕਦੀ ਕਦੀ ਲਗਦਾ ਹੈ ਬਦਬੋ ਆ ਰਹੀ ਹੈ। ਨੱਕ ਤੇ ਰੁਮਾਲ ਰੱਖਣਾ ਪੈਂਦਾ ਹੈ। ਸੂਝਵਾਨ ਤੇ ਗੁਰਬਾਣੀ ਪੜ੍ਹਨ ਵਾਲਾ ਪਾਠਕ ਪਰੇਸ਼ਾਨ ਹੁੰਦਾ ਹੈ। ਬਦਬੂ ਵਾਲੇ ਪੈਂਡੇ ਤੋਂ ਅੱਗੇ ਜਾ ਕੇ ਲਗਦਾ ਹੈ ਤਾਜ਼ੀ ਹਵਾ ਵਿਚ ਪਹੁੰਚੇ ਹਾਂ। ਬਾਲਗਾਂ ਲਈ ਬਣੀ ਫਿਲਮ ਵਾਂਗ ਬਹੁਤ ਸਾਰੇ ਦ੍ਰਿਸ਼ ਅਜੇਹੇ ਹਨ ਕਿ ਦੇਖਦਿਆਂ ਪੜ੍ਹਦਿਆਂ ਕਾਅਣਤ ਆਉਂਦੀ ਹੈ। ਕਈ ਮਜ਼ਾ ਲੈਂਦੇ ਹਨ। ਕਈ ਅਣਗੌਲਿਆ ਕਰਦੇ ਹਨ। ਕਹਾਣੀ ਰੌਚਕ ਹੋਵੇਗੀ ਤਦ ਹੀ ਪੜ੍ਹੀ ਜਾਂਦੀ ਹੈ। ਗੁਰਦਖਣਾ ਵਾਲੀਆਂ ਕਹਾਣੀਆਂ ਸਾਰੀਆਂ ਰੌਚਕ ਹਨ।

ਕੁਝ ਇਕ ਨੂੰ ਛੱਡ ਕੇ ਜਿਨਾਂ ਵਿਚ ‘ਪ੍ਰਾਹੁਣਾ’ ਤੇ ‘ਰਿਸ਼ਤੇ’ ਬਾਕੀ ਸਾਰੀਆਂ ਕਹਾਣੀਆਂ ਦਾਰੂ ਤੋਂ ਸ਼ੁਰੂ ਹੁੰਦੀਆਂ ਹਨ, ਦਾਰੂ ਵਿੱਚ ਡੁੱਬੀਆਂ ਰਹਿੰਦੀਆਂ ਹਨ। ਪਾਤਰ ਭੈਂਚੋ—ਭੈਂਚੋ—ਕਰੀ ਜਾਂਦੇ ਹਨ ਜਿਵੇਂ ਕਿ ਘੁੰਮਣਘੇਰੀ-ਮੋਰਚਾ ਤੇ ਗੁਰਦਖਣਾ ਤੋਂ ਸਪਸ਼ਟ ਹੈ।

ਰੌਚਕਤਾ ਤੋਂ ਇਲਾਵਾ ਕਹਾਣੀ ਤਦ ਹੀ ਪੜ੍ਹੀ ਜਾਂਦੀ ਹੈ ਜੇਕਰ ਕਹਾਣੀ ਦਾ ਆਰੰਭ ਫੁਰਤੀਲਾ ਹੈ। ਬਿਨਾਂ ਭੂਮਿਕਾ ਤੋਂ ਹੈ। ਪਾਠਕ ਜਲਦ ਹੀ ਕਿਸੇ ਸਿੱਟੇ ‘ਤੇ ਪੁੱਜਣ ਦੀ ਉਮੀਦ ਕਰੇ। ਕਹਾਣੀ ਅੰਤ ‘ਤੇ ਕੀ ਕਹਿ ਕੇ ਗਈ ਹੈ, ਇਹ ਵੀ ਬਹੁਤ ਮਹੱਤਵਪੂਰਨ ਹੈ। ਕਹਾਣੀ ਪੜ੍ਹਦਿਆਂ ਪਾਠਕ ਕਹਾਣੀ ਦੇ ਨਾਲ ਨਾਲ ਚੱਲੇ। ਅੰਤ ‘ਤੇ ਕਹਾਣੀ ਪਾਠਕ ਨੂੰ ਝੰਜੋੜ ਕੇ ਸੁੱਟ ਜਾਵੇ। ਪਾਠਕ ਸੰਭਲੇ ਤੇ ਉਠੇ। ਸ਼ਰੀਰ ਨੂੰ ਲੱਗੀ ਮਿੱਟੀ ਘੱਟੇ ਨੂੰ ਝਾੜੇ। ਕੋਈ ਨਿਵੇਕਲਾਪਨ ਉਸ ਨੂੰ ਪ੍ਰਭਾਵਤ ਕਰੇ। ਕਿਸੇ ਪਾਤਰ ਨਾਲ ਹਮਦਰਦੀ ਹੋਵੇ ਜਾਂ ਨਫਰਤ। ਕਹਾਣੀ ਨੂੰ ਪਾਠਕ-ਲੇਖਕ ਤੇ ਅਲੋਚਕ ਆਪਣੇ ਆਪਣੇ ਢੰਗ ਨਾਲ ਪੜ੍ਹਦੇ ਹਨ ਪਰ ਪਾਠਕ ਕਹਾਣੀ ਨੂੰ ਕਿਵੇਂ ਲੈਂਦਾ ਹੈ, ਇਹ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।

ਇਕ ਮੱਤ ਇਹ ਵੀ ਹੈ ਕਿ ਇਹ ਕਹਾਣੀਆਂ ਅਸ਼ਲੀਲ ਹਨ। ਭਾਸ਼ਾ ਅਸ਼ਲੀਲ ਹੈ।ਵਿਸ਼ੇ ਅਸ਼ਲੀਲ ਹਨ ਤੇ ਅਸ਼ਲੀਲ ਦ੍ਰਿਸ਼ ਉਸਾਰੇ ਗਏ ਹਨ।ਇਹ ਸਾਰੀਆਂ ਗੱਲਾਂ ਨਾਲ ਸਾਡੀ ਸਹਿਮਤੀ ਹੈ। ਭਾਸ਼ਾ ਵਿਚ ਸਾਦਗੀ ਨਹੀਂ ਹੈ ਕਿ ਪਰਿਵਾਰ ਵਿਚ ਬੇਠਕੇ ਇਹਨਾਂ ਕਹਾਣੀਆਂ ਦਾ ਪਾਠ ਕੀਤਾ ਜਾ ਸਕੇ ਜਾਂ ਕਿਸੇ ਸਲੇਬਸ ਵਿਚ ਇਹ ਕਹਾਣੀਆਂ ਸ਼ਾਮਲ ਕੀਤੀਆਂ ਜਾ ਸਕਣ ਤੇ ਚਰਚਾ ਕੀਤੀ ਜਾ ਸਕੇ।

ਗੁਰਦਖਣਾ ਵਾਲਾ ਨਾਇਕ ਮੋਰਚਾ ਲਾਉਂਦਾ ਹੈ ਤਾਂ ‘ਮੀਟ ਮੱਛੀ ਵਾਸਤੇ-ਮਿਲਟਰੀ ਵਾਲੀ ਵਧੀਆ ਦਾਰੂ ਵਾਸਤੇ’ ਫਿਰ ਬੰਸੋ-ਬਿਮਲਾ ਤੇ ਮਹਾਜਨੀ ਵਰਗੀਆਂ ਔਰਤਾਂ ਲਈ ਮੋਰਚਾ ਲਗਦਾ ਹੈ। ਚਾਚਾ ਜਾਣ ਲੱਗੀ ਔਰਤ ਦੀ ਬਰਾ ਵਿਚ ਪੈਸੇ ਪਾਉਂਦਾ ਹੈ। ਜ਼ਰੂਰਤ ਮੰਦ ਔਰਤਾਂ ਚੁੱਪ ਕਰਕੇ ਪੈਸੇ ਲੈਕੇ ਚਲੇ ਜਾਂਦੀਆਂ ਹਨ ਪਰ ਮਹਾਜਨੀ ਨੂੰ ਪੈਸਾ ਨਹੀਂ ਚਾਹੀਦਾ। ਉਸ ਦੀ ਬਰਾ ਵਿਚ ਪਾਏ ਪੈਸੇ ਉਸ ਦੀ ਬੇਇਜ਼ਤੀ ਹੈ। ਉਹ ਮੁੜ ਨਾ ਆਉਣ ਦੀ ਕਸਮ ਖਾਂਦੀ ਹੈ। ਗੁਰੂਦਖਣਾ ਦੇ ਰੂਪ ਵਿਚ ‘ਗੁਰਦਖਣਾ’ ਵਾਲਾ ਗੁਰੂ ਵੀ ਪਲੇਟ ਵਿਚ ਸੋਹਣੀਆਂ ਸਹੇਲੀਆਂ ਦੀ ਇਕ ਅੱਧੀ ਪਲੇਟ ਮੰਗਦਾ ਹੈ।

ਕਹਾਣੀਆਂ ਵਿਚ ‘ਅਸ਼ਲੀਲਤਾ ਹੈ’ ਦੇ ਇਲਜ਼ਾਮ ਤੋਂ ਗੱਬੀ ਬਚ ਨਹੀਂ ਸਕਦਾ ਪਰ ਸਚਾਈ ਇਹ ਵੀ ਹੈ ਕਿ ਲੇਖਕ ਜੋ ਵੇਖਦਾ ਹੈ, ਉਹ ਚਿਤਰਦਾ ਹੈ। ਸਮਾਜ ਨਿਘਾਰ ਵਲ ਜਾ ਰਿਹਾ ਹੈ। ਵਿਦੇਸ਼ਾਂ ਵਿਚ ਜਾ ਵੱਸਣ ਦੀ ਲਲਕ ਨੇ ਬਹੁਤ ਗੰਦ ਪਾਇਆ ਹੈ। ਤਾਏ-ਚਾਚੇ-ਮਾਮੇ ਭੂਆ ਦੀਆਂ ਕੁੜੀਆਂ ਮੁੰਡੇ, ਪਤੀ ਪਤਨੀ ਬਣਕੇ ਵਿਦੇਸ਼ਾਂ ‘ਚ ਜਾ ਵੱਸੇ ਹਨ। ਏਸੇ ਤਰ੍ਹਾਂ ਚੰਡੀਗੜ੍ਹ ਦੇ ਦੇਹ ਵਪਾਰ ਦੇ ਅੱਡਿਆਂ ‘ਚ ਚਲਦਾ ਧੰਦਾ ਕਿੱਟੀ ਪਾਰਟੀਆਂ, ਕਿੱਟਾ ਪਾਰਟੀਆਂ, ਗਸ਼ਤੀਆਂ ਤੇ ਗਸ਼ਤਿਆਂ ਦਾ ਜਿਕਰ ਲੇਖਕ ਦੀ ਪ੍ਰਾਪਤੀ ਮੰਨਿਆ ਜਾ ਸਕਦਾ ਹੈ।

ਕਹਾਣੀਆਂ ਪੜ੍ਹਦਿਆਂ ਸਾਹਮਣੇ ਗੰਦੀ ਬਸਤੀ ਨਜ਼ਰ ਆਉਂਦੀ ਹੈ। ਅੱਖਾਂ ਬੰਦ ਕਰਕੇ ਮਾੜਾ ਦੇਖਣ ਤੋਂ ਬਚਦੇ ਹਾਂ। ਬੋਲਣ ਦੀ ਬਜਾਏ ਥੂ-ਥੂ ਕਰਕੇ ਥੁੱਕਦੇ ਹਾਂ। ਮਨ ਦੀ ਹਵਾੜ ਕਢਦੇ ਹਾਂ। ਲੇਖਕ ਨੇ ਜੋ ਕੁਝ ਵਾਪਰ ਰਿਹਾ ਹੈ, ਉਹ ਦੇਖਿਆ ਹੈ ਅਤੇ ਉਹ ਹੀ ਪੇਸ਼ ਕੀਤਾ ਹੈ। ਹੁਣ ਸਵਾਲ ਹੈ ਕਿ ਕੀ ਲੇਖਕ ਇਸ ਸਭ ਕੁਝ ਦੀ ਵਕਾਲਤ ਕਰਦਾ ਹੈ ਜਾਂ ਵਿਰੋਧ। ਪਰ ਇਹ ਨਿਰਣੈ ਤਾਂ ਪਾਠਕਾਂ ਤੇ ਵਿਚਾਰਕਾਂ ਦੇ ਹੱਥ ਹੈ।

ਗੱਬੀ ਦੀ ਹਿਮੰਤ ਹੈ। ਪਹਿਲੀ ਤਾਂ ਉਸ ਦੀ ਨਜ਼ਰ ਨੇ ਇਹ ਸਾਰਾ ਕੁਝ ਦੇਖਿਆ, ਫਿਰ ਪਕੜਿਆ, ਲਿਖਿਆ ਤੇ ਪੁਸਤਕ ਦੇ ਰੂਪ ਵਿਚ ਪੇਸ਼ ਕੀਤਾ। ਚਰਚਾ ਤਾਂ ਤਦ ਹੀ ਹੋਵੇਗੀ ਜੇਕਰ ਕੁਝ ਸਾਹਮਣੇਂ ਹੋਵੇਗਾ। ਕਿਸੇ ਵੀ ਗੰਦੀ ਚੀਜ ਨੂੰ ਲੁਕਾ ਕੇ ਰਖਾਂਗੇ ਤਾਂ ਹੋਰ ਬਦਬੂ ਮਾਰੇਗੀ ਜੇਕਰ ਨੰਗਾ ਕਰ ਦਿਉ ਤਾਂ ਅਹਿਸਾਸ ਹੋਵੇਗਾ ਕਿ ਵਸਤੂ ਸੰਭਾਲਣਯੋਗ ਹੈ ਜਾਂ ਸੁਟਣ ਵਾਲੀ ਹੈ। ਜੇਕਰ ਸਮਾਜ ਹੀ ਨਿਘਾਰ ਵਲ ਜਾ ਰਿਹਾ ਹੈ ਤੇ ਆਈਆਂ ਗਿਰਾਵਟ ਵਾਲੀਆਂ ਕਦਰਾਂ ਕੀਮਤਾਂ ਦਾ ਜਿਕਰ ਲੇਖਕ ਦੀ ਪ੍ਰਾਪਤੀ ਮੰਨਿਆਂ ਜਾਣਾ ਚਾਹੀਦਾ ਹੈ।

ਤਰੁਟੀਆਂ ਰਹਿ ਜਾਂਦੀਆਂ ਹਨ। ਤਰੁਟੀਆਂ ਤਦ ਹੀ ਪਤਾ ਲਗਦੀਆਂ ਹਨ ਜਦ ਮਾਡਲ ਸਾਹਮਣੇਂ ਆਉਂਦਾ ਹੈ। ਪਰ ਗੱਬੀ ਦੀਆਂ ਕਹਾਣੀਆਂ ‘ਚ ਭਾਸ਼ਾ ਦੇ ਸ਼ਬਦ ਜੋੜਾਂ ਦੀਆਂ ਗਲਤੀਆਂ ਬੇਅੰਤ ਹਨ। ਜਗ੍ਹਾ ਜਗ੍ਹਾ ਹਨ ਜੋ ਕਿ ਰੜਕਦੀਆਂ ਹਨ। ਪੁਸਤਕ ਜਲਦਬਾਜੀ ਤੇ ਕਾਹਲ ਵਿਚ ਛਪੀ ਲਗਦੀ ਹੈ। ਅਣਗਹਿਲੀ ਨੂੰ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ। ਗੱਬੀ ਨੂੰ ਸਲਾਹ ਹੈ ਕਿ ਉਹ ਭਾਸ਼ਾ ਬਾਰੇ ਧਿਆਨ ਰੱਖੇ। ਸ਼ਬਦ ਜੋੜਾਂ ਦੀਆਂ ਗਲਤੀਆ ਅਣਗੌਲਿਆਂ, ਕੋਕੜੂਆਂ ਦੀ ਤਰ੍ਹਾਂ ਰੜਕਦੀਆਂ ਹਨ। ਕਹਾਣੀ ਪੜ੍ਹਦਿਆਂ ਮਜ਼ਾ ਕਿਰਕਿਰਾ ਹੁੰਦਾ ਹੈ।

ਕਹਾਣੀਆਂ ‘ਤੇ ਅਸ਼ਲੀਲ ਹੋਣ ਦਾ ਦੋਸ਼ ਆਪਣੀ ਜਗ੍ਹਾ ਹੈ ਪਰ ਜਿਸ ਤਰ੍ਹਾਂ ਦੀ ਜਿਸ ਜਗ੍ਹਾ ਦੀ ਤੇ ਜਿਸ ਸਮਾਜ ਦੀ ਪੇਸ਼ਕਾਰੀ ਗੱਬੀ ਦੀਆਂ ਕਹਾਣੀਆਂ ਵਿਚ ਕੀਤੀ ਗਈ ਹੈ। ਉਹ ਗੱਬੀ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ। ਦੇਖਣਾ ਇਹ ਹੈ ਕਿ ਕੀ ਗੱਬੀ ਉਸ ਸਮਾਜ ਦੀ ਉਹਨਾਂ ਸਥਿਤੀਆਂ ਦੀ ਵਕਾਲਤ ਕਰਦਾ ਹੈ ਜਾਂ ਉਹ ਨੰਗਾ ਸੱਚ ਸਾਡੇ ਸਾਹਮਣੇਂ ਪ੍ਰਸਤੁਤ ਕਰਦਾ ਹੈ ਕਿ ਦੇਖ ਲਉ ਇਸ ਤਰ੍ਹਾਂ ਦੀਆਂ ਸਥਿਤੀਆਂ ਹਨ ਤੇ ਇਹਨਾਂ ਸਥਿਤੀਆਂ ‘ਚੋਂ ਉਪਜੀਆਂ ਸਚਾਈਆਂ ਦਾ ਜਿਕਰ ਬੜੀ ਹਿਮੰਤ ਦਾ ਕੰਮ ਹੈ। ਕਹਾਣੀਆਂ ਦੀਆਂ ਕਥਾਵਾਂ ਸੁਣੀਆਂ ਸੁਣਾਈਆਂ ਗੱਲਾਂ ‘ਤੇ ਅਧਾਰਿਤ ਨਹੀਂ ਲਗਦੀਆਂ। ਇਹਨਾਂ ਨੂੰ ਹੰਢਾਇਆ ਜਾਪਦਾ ਹੈ ਤੇ ਫਿਰ ਵਰਨਣ ਜਿਸ ਢੰਗ ਨਾਲ ਕੀਤਾ ਹੈ, ਇਹ ਗੱਬੀ ਦੇ ਹੰਢੇ ਵਰਤੇ ਕਹਾਣੀਕਾਰ ਹੋਣ ਦੀ ਸ਼ਾਹਦੀ ਭਰਦੀ ਹੈ। ਜਿਵੇਂ ਚੰਡੀਗੜ੍ਹ ਵਿਚ ਜਿੱਧਰ ਦੇਖੋ ਠੇਕੇ ਹੀ ਠੇਕੇ ਵਿਖਾਈ ਦੇਂਦੇ ਹਨ। ਸਰਕਾਰ ਇਕ ਪਾਸੇ ਨਸ਼ਿਆਂ ਦੇ ਵਿਰੁਧ ਪ੍ਰਚਾਰ ਕਰ ਰਹੀ ਹੈ, ਦੂਜੇ ਪਾਸੇ ਠੇਕੇ ਤੇ ਠੇਕੇ ਖੋਲੀ ਜਾ ਰਹੀ ਹੈ। ਇਸੇ ਤਰ੍ਹਾ ਨੋ ਵੀਜਾ ਨੋ ਐਂਟਰੀ। ਬੰਦੇ ਦਾ ਸੱਚਾ ਆੜੀ ਕੋਈ ਨਹੀਂ ਹੁੰਦਾ। ਆਪਣੇ ਵੀ ਸ਼ਰੀਕ ਲਗਦੇ ਹਨ। ਨੀਵੀਂ ਜਾਤ ਵਾਲਿਆਂ ਨੂੰ ਛੁਟਜਾਤੀਆਂ ਕਹਿੰਦਾ ਹੈ। ਉੱਚੀ ਜਾਤ ਵਾਲੇ ਏਵੇਂ ਹੀ ਸੋਚਦੇ ਹਨ। ਇਹ ਸਚਾਈ ਹੈ ਕਿ ਹਾਲਾਤ ਏਦਾਂ ਦੇ ਬਣ ਗਏ ਹਨ। ਹਰ ਆਦਮੀ ਘੁੰਮਣਘੇਰੀ ਵਿਚ ਡੁਬਦਾ ਜਾ ਰਿਹਾ ਹੈ। ਗੁੰਝਲਾਂ ਵਿਚ ਉਲਝਿਆ ਪਿਆ, ਦਲਦਲ ਵਿਚ ਧਸਦਾ ਜਾ ਰਿਹਾ ਹੈ। ਕੁਝ ਵੀ ਸਮਝ ਨਹੀਂ ਆ ਰਹੀ। ਜੁਆਨ ਮੁੰਡੇ ਕੁੜੀਆਂ ਜਾਤਪਾਤ ਤੋੜਨੀ ਚਾਹੁੰਦੇ ਹਨ ਤੇ ਪਿਛਲੀ ਪੀੜੀ ਜਾਤ ਨੂੰ ਫੜਕੇ ਬੈਠੀ ਹੈ।ਏਸੇ ਜਾਤ ਦੇ ਅੜਬਪੁਣੇ ਵਿਚ ਵਿਕਾਸ ਰੁਕਿਆ ਬੈਠਾ ਹੈ।

ਗੱਬੀ ਦਾ ਕਥਨ ਹੈ ਕਿ ਇਹ ਦੁਨੀਆਂ ਇਕ ਮੰਡੀ ਹੈ।ਏਥੇ ਹਰ ਸ਼ੈਅ ਇਕ ਦੂਸਰੇ ਦੇ ਕੰਮ ਆਉਣ ਲਈ ਬਣੀ ਹੈ। ਚੰਗੀਆਂ ਚੀਜਾਂ ਤੇ ਚੰਗੀਆਂ ਜਨਾਨੀਆਂ ਕਦੇ ਕਦੇ ਲਭਦੀਆਂ ਹਨ। ਨੇਤਰ ਭੋਗ ਦਾ ਜ਼ਿਕਰ ਇਕ ਨਵੀਂ ਪੇਸ਼ਕਾਰੀ ਹੈ। ਗੱਬੀ ਲਿਖਦਾ ਹੈ ‘ਇਸ ਹੱਥ ਦੇ ਤੇ ਉਸ ਹੱਥ ਲੈ’ ਵਾਲਾ ਜ਼ਮਾਨਾ ਹੈ।ਜੀਵਨ ਦੇ ਸਾਰਿਆਂ ਪਹਿਲੂਆਂ ‘ਚ ਗਿਰਾਵਟ ਆ ਚੁੱਕੀ ਹੈ। ਸਾਹਿਤ ਵੀ ਇਸ ਬੁਰਾਈ ਤੋਂ ਨਹੀਂ ਬਚਿਆ। ਵੀ.ਸੀ. ਕਿਵੇਂ ਲਗਦੇ ਹਨ, ਇਕ ਨੰਗੇ ਸੱਚ ਦਾ ਬਿਆਨ ਹੈ। ਇਨਾਮ ਸਾਹਿਤ ਵਿਚ ਕਿਵੇਂ ਮਿਲਦੇ ਹਨ। ਸਾਹਿਤ ਦੇ ਗੁਰੂ ਵੀ ਗੁਰੂ ਦਖਣਾ ਵਿਚ ਪਲੇਟ ਵਿਚ ਪਰੋਸ ਕੇ ਔਰਤਾਂ ਹੀ ਮੰਗਦੇ ਹਨ। ਇਸ ਲਾਹਣਤ ਨੂੰ ਨੰਗਿਆਂ ਕਰਨਾ ਇਕ ਚੰਗਾ ਉਦਮ ਹੈ।

ਪਰਵਾਸੀ ਸ਼ਾਇਰ ਲੇਖਕ ਪੌਂਡਾਂ ਨਾਲ ਅਟੈਚੀ ਭਰ ਕੇ ਆਉਂਦੇ ਹਨ। ਹਰ ਸਾਲ ਅੰਡਾ ਦੇਣਾ ਹੁੰਦੈ। ਭਾਵ ਕਿਤਾਬ ਛਾਪਣੀ ਹੁੰਦੀ ਹੈ ਅਤੇ ਇਥੇ ਪਬਲਿਸ਼ਰਜ਼ ਦੀ ਚਾਂਦੀ ਹੈ। ਕਮਾਈ ਹੀ ਕਮਾਈ ਹੈ। ਫਿਰ ਕਹਾਣੀਆਂ ਵਾਲਾ ਬਾਬਾ ਪ੍ਰਧਾਨਗੀਆਂ ਲਈ ਹਮੇਸ਼ਾ ਤਿਆਰ। ਗੁਰਦਖਣਾ ਕਹਾਣੀ ਪੜ੍ਹਦਿਆਂ ਦਰੋਣਾਚਾਰੀਆਂ ਦਾ ਖਿਆਲ ਆਇਆ, ਉਹ ਅਰਜਨ ਦੇ ਗੁਰੂ ਸਨ। ਇਕਲਵਿਆ ਨੂੰ ਉਹਨਾਂ ਆਪਣਾ ਸ਼ਿਸ ਨਹੀਂ ਸੀ ਬਣਾਇਆ ਕਿਉਂਕਿ ਉਹ ਛੋਟੀ ਜਾਤ ਦਾ ਸੀ ਪਰ ਇਕਲਵਿਆ ਦੂਰ ਤੋਂ ਦਰੋਣਾਚਾਰੀਆ ਦੇ ਗੁਰ ਸਿਖਦਾ ਰਿਹਾ ਤੇ ਇਕ ਨਿਪੁੰਨ ਤੀਰ ਅੰਦਾਜ ਬਣ ਗਿਆ।ਪਰ ਦਰੋਣਾਚਾਰੀਆ ਦਾ ਅਤਿਆਚਾਰ ਤੇ ਛਲਕਪਟ ਦੇਖੋ ਗੁਰੂਦਖਣਾ ਵਿਚ ਉਸ ਨੇ ਇਕਲਵਿਆ ਦਾ ਅੰਗੂਠਾ ਹੀ ਮੰਗ ਲਿਆ। ਇਕਲਵਿਆ ਨੇ ਆਪਣਾ ਅੰਗੂਠਾ ਕੱਟ ਕੇ ਦੇ ਦਿੱਤਾ।ਗੱਬੀ ਨੇ ਆਪਣੇ ਗੁਰੂ ਦੀ ਮੰਗੀ ਹੋਈ ਗੁਰਦਖਣਾ ਦੀ ਇੱਛਾ ਜ਼ਰੂਰ ਪੂਰੀ ਕੀਤੀ ਹੋਵੇਗੀ ਜਾ ਨਹੀਂ ਇਹ ਤਾਂ ਗੱਬੀ ਜਾਣੇ।ਇਹੋ ਜਿਹੇ ਗੁਰੂਆਂ ਨੂੰ ਨੰਗਾ ਕਰਨਾ ਗੱਬੀ ਦੀ ਛੋਟੀ ਉਮਰ ਵਿਚ ਵੱਡੀ ਪ੍ਰਾਪਤੀ ਹੈ।

ਗੱਬੀ ਇਕ ਜਗ੍ਹਾ ਲਿਖਦਾ ਹੈ ਕਿ ਜਿਹੜੀਆਂ ਜੰਮਣੋਂ ਹੱਟ ਜਾਂਦੀਆਂ ਹਨ ਉਹ ਦਾਈਆਂ ਬਣ ਜਾਂਦੀਆਂ ਹਨ। ਨਸ਼ਿਆਂ ਦੇ ਅਸਰ ਨਾਲ ਥੋੜ੍ਹੀ ਦੇਰ ਲਈ ਬੰਦਾ ਫੌਲਾਦ ਬਣ ਜਾਂਦਾ ਹੈ ਪਰ ਆਖਰ ਵਿਚ ਖ਼ਾਲੀ ਲਿਫ਼ਾਫ਼ਾ ਹੋ ਜਾਂਦਾ ਹੈ।’ਖ਼ਾਲੀ ਲਿਫ਼ਾਫ਼ਾ’ ਗੱਬੀ ਦੀ ਇਕ ਹੋਰ ਕਹਾਣੀ ਹੈ ਜੋ ਪਿਟ ਸਿਆਪੇ ਵਾਲੀ ਕਥਾ ਹੈ।

ਚੰਡੀਗੜ੍ਹ ਰਹਿੰਦੇ ਹੋਏ ਗੱਬੀ ਹਰ ਛੋਟੇ ਵੱਡੇ ਕਵੀ ਤੇ ਕਹਾਣੀ ਲੇਖਕ/ਪੱਤਰਕਾਰ ਦੇ ਨਜ਼ਦੀਕ ਹੈ।ਇਸ ਪ੍ਰਕਾਰ ਸਾਰੇ ਗੱਬੀ ਦੇ ਗੁਰੂ ਹਨ। ਗੁਰੂਦਖਣਾ-ਪ੍ਰੰਪਰਕ-ਸਾਹਿਤਕ ਮਿਥਹਾਸਕ ਤੇ ਇਤਹਾਸਕ ਸਚਾਈ ਹੈ। ਚੇਲੇ ਆਮਤੌਰ ਤੇ ਗੁਰੂਆਂ ਤੋਂ ਅੱਗੇ ਚਲੇ ਜਾਂਦੇ ਹਨ। ਗੱਬੀ ਦੀਆਂ ਗੁਰਦਖਣਾ ਵਿਚਲੀਆਂ 10 ਕਹਾਣੀਆਂ ਦੇ ਦੱਸ ਗੁਰੂ ਹਨ ਪਰ ਫਿਰ ਵੀ ਕਹਾਣੀਆਂ ਘੁੰਮਣਘੇਰੀ, ਮੋਰਚਾ, ਗੁਰਦਖਣਾ, ਬਿੰਦੀ, ਬੁਝਾਰਤ ਪੜ੍ਹਦਿਆਂ ਲਗਦਾ ਹੈ ਕਿ ਇਹ ਇੱਕੋ ਗੁਰੂ ਦੀ ਮੱਤ ਨਾਲ ਲਿਖੀਆਂ ਗਈਆਂ ਹਨ। ਇਹਨਾਂ ਕਹਾਣੀਆ ਦਾ ਵਾਤਾਵਰਨ ਇਕੋ ਜਿਹਾ ਹੀ ਹੈ। ਹੋਟਲ ਦੇ ਕਿਸੇ ਤੰਗ ਕਮਰੇ ‘ਚ ਜਿਵੇਂ ਸ਼ਰਾਬ ਤੇ ਸਿਗਰਟ ਦਾ ਧੂੰਆਂ ਘੁੱਟਣ ਪੈਦਾ ਕਰਦਾ ਹੈ। ਸੈਕਸ ਦੀਆਂ ਗੱਲਾਂ ਹੋ ਰਹੀਆਂ ਹਨ। ਸੈਕਸ ਤੋਂ ਬਾਅਦ ਦੇ ਗੰਦੇ ਕਪੜਿਆਂ ਚੋਂ ਬਦਬੋ ਆ ਰਹੀ ਹੈ। ਤੇ ਬਸ ਦਾਰੂ, ਔਰਤ ਤੇ ਪੇਸੇ ਦੇ ਜੈਕਾਰਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਵੱਡੇ ਸਾਇਜ ਦੀ ਬਿੰਦੀ ਘੁੰਡ ਵਿਚੋਂ ਦਿੱਖ ਰਹੀ ਹੈ।ਇਹ ਸਾਰਾ ਕੁਝ ਦੇਖਕੇ ਸਿਆਣੇ ਬੰਦੇ ਅਲਵਿਦਾ ਆਖ ਰਹੇ ਹਨ।ਸ਼ਤਾਬਦੀ ਦੀ ਯਾਤਰਾ ਮਨੁੱਖ ਦੀ ਸੁਵਿਧਾ ਵਾਸਤੇ ਬਣਾਈ ਗਈ ਸੀ ਪਰ ਸ਼ਤਾਬਦੀ ਵੀ ਮਨੁੱਖ ਦੀ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ।

ਇਹਨਾਂ ਕਹਾਣੀਆਂ ਦੀਆਂ ਘਟਨਾਵਾਂ ਇਕ ਸਚਾਈ ਹੈ। ਜਿਸ ਬਾਰੀਕੀ ਨਾਲ ਕਹਾਣੀਕਾਰ ਨੇ ਇਹ ਘਟਨਾਵਾਂ ਫੜੀਆਂ ਤੇ ਬਿਆਨੀਆਂ ਹਨ ਉਹ ਹੀ ਕਹਾਣੀਕਾਰ ਦਾ ਕਮਾਲ ਹੈ। ਅਸ਼ਲੀਲ ਹੋਣਾ ਸਚਾਈ ਨਜ਼ਰ ਆਉਣ ਲੱਗਦੀ ਹੈ ਤੇ ਸਚਾਈ ਕੜਵੀ ਤਾਂ ਹੁੰਦੀ ਹੀ ਹੈ ਤੇ ਸਹਿਣੀ ਤੇ ਹਜ਼ਮ ਕਰਨੀ ਹੋਰ ਵੀ ਔਖੀ ਹੈ। ਜਾਤਪਾਤ ਦਾ ਕੋਹੜ ਮੂੰਹ ਅੱਡੀ ਬੈਠਾ ਹੈ, ਗੱਬੀ ਇਸ ਬੁਰਾਈ ਦੀ ਗੱਲ ਕਰਨ ਤੋਂ ਬਚਦਾ ਬਚਦਾ ਵੀ ਕਈ ਘਟਨਾਵਾਂ ਪੇਸ਼ ਕਰ ਗਿਆ ਹੈ। ਜੱਟਾਂ ਦੀਆਂ ਕੁੜੀਆਂ ਚਮਾਰਾਂ ਦੇ ਮੁੰਡਿਆ ਨਾਲ ਵਿਆਹ ਕਰਾ ਰਹੀਆਂ ਹਨ ਤੇ ਘੁੰਮਣਘੇਰੀ ‘ਚ ਬੰਦੇ ਦੇ ਫਸਣ ਦਾ ਇਕ ਇਹ ਕਾਰਨ ਵੀ ਬਣਦਾ ਹੈ। ਗੁਰਦਖਣਾ ਵਿਚ ਰੀਜਰਵੇਸ਼ਨ ‘ਤੇ ਵੀ ਵਿੰਅਗ ਕੱਸ ਦਿੱਤਾ ਹੈ। ਸਾਰੀਆਂ ਕਹਾਣੀਆਂ ਵਿਚ ਘਿਨਾਉਣੇ ਸੱਚ ਦਾ ਬਿਆਨ ਹੈ ਜੋ ਕਦੀ ਬੁਰਾ ਲਗਦਾ ਹੈ ਤੇ ਕਦੀ ਸੋਚਣ ਲਈ ਮਜ਼ਬੂਰ ਕਰਦਾ ਹੈ।

ਪ੍ਰੋੜ ਅਵਸਥਾ ਵਾਲੇ ਬੰਦਿਆਂ ਨੂੰ ਭਾਵ ਸੀਨੀਅਰ ਸਿਟੀਜ਼ਨਜ਼ ਨੂੰ ਕਹਾਣੀ ‘ਰਿਸ਼ਤੇ’ ਸਭ ਤੋਂ ਜ਼ਿਆਦਾ ਪਸੰਦ ਆਈ ਹੈ। ਫਿਰ ਅਲਵਿਦਾ ਵੀ। ਸਮਾਜ ਦੀ ਅਜੋਕੀ ਦੁਰਦਸ਼ਾ ਬਾਰੇ ਪੜ੍ਹ ਕੇ ਕਹਾਣੀਆਂ ਸੋਚਣ ਲਈ ਮਜ਼ਬੂਰ ਕਰਦੀਆਂ ਹਨ ਕਿ ਇਹਨਾਂ ਸਥਿਤੀਆਂ ਨੂੰ ਸਵੀਕਾਰ ਕਰਨਾ ਹੈ ਕਿ ਅਸਵੀਕਾਰ। ਜੇਕਰ ਕਿਸੇ ਰਚਨਾ ਦੇ ਪੜ੍ਹਣ ਤੋਂ ਬਾਅਦ ਸਵਾਲ ਪੈਦਾ ਹੁੰਦੇ ਹਨ, ਰਚਨਾ ਆਪਣਾ ਪ੍ਰਭਾਵ ਛੱਡਦੀ ਹੈ ਤਾਂ ਰਚਨਾ ਸਫਲ ਹੈ ਬਾਕੀ ਫੈਸਲਾ ਪਾਠਕਾਂ ‘ਤੇ ਛੱਡ ਦਿੱਤਾ ਜਾਵੇ ਕਿ ਉਹ ਕੀ ਚਾਹੁੰਦੇ ਹਨ ਜਾਂ ਕਿਵੇਂ ਸੋਚਦੇ ਹਨ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 9 ਸਤੰਬਰ 2009)
(ਦੂਜੀ ਵਾਰ 8 ਦਸੰਬਰ 2021)

***
534
***

About the author

ਮੋਹਨ ਲਾਲ ਫਿਲੌਰੀਆ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਤਾ: 1474-ਬੀ/ਸੈਕਟਰ 61-ਬੀ
ਚੰਡੀਗੜ੍ਹ
ਮੁਬਾਇਲ: 9888405888

ਮੋਹਨ ਲਾਲ ਫਿਲੌਰੀਆ

ਪਤਾ: 1474-ਬੀ/ਸੈਕਟਰ 61-ਬੀ ਚੰਡੀਗੜ੍ਹ ਮੁਬਾਇਲ: 9888405888

View all posts by ਮੋਹਨ ਲਾਲ ਫਿਲੌਰੀਆ →