25 April 2024

ਸਾਹਿਬਜ਼ਾਦਿਆਂ ਦੀ ਸ਼ਹੀਦੀ ‘ਤੇ ਵਿਸ਼ੇਸ਼—ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)

ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਕਾਬਾ?
ਸ਼ਹੀਦੋਂ ਕੀ ਖ਼ਾਕ ਪੇ ਤੋ ਖ਼ੁਦਾ ਭੀ ਕੁਰਬਾਨ ਹੋਤਾ ਹੈ

ਕਿਹਾ ਜਾਂਦਾ ਹੈ ਕਿ “ਜਦ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ ।” ਸ਼ਹੀਦ ਕਿਸੇ ਵੀ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ। ਇਹ ਕਿਸੇ ਕੌਮ ਦੀ ਜਿਉਂਦੀ-ਜਾਗਦੀ ਜ਼ਮੀਰ ਦੀ ਅਵਾਜ਼ ਹੁੰਦੇ ਹਨ, ਵਿਰਸੇ ਦੀ ਧੁਰੋਹਰ ਹੁੰਦੇ ਹਨ, ਹੱਕ-ਸੱਚ ਦੀ ਲੜਾਈ ਦੀ ਲਟਾ ਲਟ ਬਲਦੀ  ਮਸ਼ਾਲ ਹੁੰਦੇ ਹਨ, ਇਹ ਕੌਮ ਦੀਆ ਅਗਲੀਆਂ ਪੀੜ੍ਹੀਆਂ ਵਾਸਤੇ ਪ੍ਰੇਰਣਾ ਦਾ ਸੋਮਾ ਹੁੰਦੇ ਹਨ । ਜੋ ਕੋਮਾਂ ਆਪਣੇ ਵਿਰਸੇ ਨਾਲ ਜੁੜੀਆ ਰਹਿੰਦੀਆਂ ਹਨ, ਵਿਰਸੇ ਦੀ ਸੰਭਾਲ ਕਰਦੀਆਂ ਹਨ, ਉਹ ਕੌਮਾਂ ਹਮੇਸ਼ਾ ਜ਼ਿੰਦਾ ਰਹਿੰਦੀਆਂ ਹਨ ਤੇ ਰਹਿੰਦੀ ਦੁਨੀਆ ਤੱਕ, ਦੁਨੀਆ ਉਹਨਾਂ ਦਾ ਸਿੱਕਾ ਮੰਨਦੀ ਹੈ।

ਸਿੱਖ ਧਰਮ, ਧਰਮਾਂ ਦੀ ਦੁਨੀਆਂ ਵਿਚ  ਇਕ  ਅਜਿਹਾ  ਧਰਮ  ਹੈ  ਜੋ  ਉਮਰ ਚ ਬਾਕੀ ਸਭ ਧਰਮਾਂ ਨਾਲੋ ਬਹੁਤ ਨਿੱਕਾ ਹੈ । ਇਹ ਉਹ ਧਰਮ ਹੈ ਜੋ ਪੂਰੀ ਮਨੁੱਖਤਾ ਨੂੰ ਕਲਾਵੇ ਚ ਲੈਂਦਾ ਹੈ, ਸਰਬੱਤ ਦਾ ਭਲਾ ਲੋੜਦਾ ਹੈ , ਕੁਦਰਤ ਦੀ ਹਰ ਸ਼ੈਅ ਨੁੰ ਅਨਮੋਲ ਮੰਨਦਾ ਹੈ, ਮਨੁੱਖੀ ਅਧਿਕਾਰਾਂ ਦੀ ਵਜਾਹਤ ਕਰਦਾ ਹੈ  ਤੇ ਕੁਦਰਤ ਦੀ ਰੱਖਿਆ ਦੀ ਹੋਕਾ ਦਿੰਦਾ ਹੈ ।

ਸਿੱਖ ਧਰਮ ਦਾ ਇਤਿਹਾਸ ਦੁਨੀਆ ਦੀਆਂ ਅਦੁੱਤੀ ਕੁਰਬਾਨੀਆ ਦਾ ਇਤਿਹਾਸ ਹੈ । ਵਿ਼ਸ਼ਵ ਦੀ ਪਹਿਲੀ ਸ਼ਹਾਦਤ ਪੰਜਵੇ ਗੁਰੂ ਅਰਜਨ ਦੇਵ ਜੀ ਦੀ ਮੰਨੀ ਜਾਂਦੀ ਹੈ । ਇਸ ਕਰਕੇ ਹੀ ਉਹਨਾਂ ਨੂੰ ਸ਼ਹੀਦਾ ਦੇ “ਸਿਰਤਾਜ” ਵੀ ਆਖਿਆ ਜਾਂਦਾ ਹੈ । ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਣਗਿਣਤ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ, ਮੌਕੇ ਦੇ ਜਾਲਮ ਹਾਕਮਾਂ ਵਲੋ ਆਰਿਆਂ ਨਾਲ ਚੀਰੇ ਗਏ, ਦੇਗਾਂ ਵਿਚ ਉਬਾਲੇ ਗਏ, ਖੋਪੜੀਆ  ਉਤਾਰੀਆਂ ਗਈਆਂ, ਚਰਖੜੀਆਂ ‘ਤੇ ਚਾਹੜੱ ਗਏ, ਖੰਨਾ ਖੰਨਾ ਕੀਤੇ ਗਏ ਪਰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਸਵੀਰ ਜਦੋਂ ਵੀ ਅੱਖਾਂ ਸਾਹਮਣੇ ਆਉਂਦੀ ਹੈ ਤਾਂ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਆਪਣੇ ਧਰਮ ਦੀ ਰੱਖਿਆ ਲਈ ਲਾਸਾਨੀ ਸ਼ਹਾਦਤ ਦਿੱਤੀ ਜੋ ਸਿੱਖ ਇਤਿਹਾਸ ਦੇ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਨਾਲ ਲਿਖੀ ਗਈ ਹੈ । ਉਹਨਾਂ ਨੇ ਜਿਸ ਵੀਰਤਾ ਅਤੇ ਸੂਰਮਗਤੀ ਨਾਲ ਬਾਲੀ ਉਮਰੇ ਜਾਲਮ ਦੇ ਜ਼ੁਲਮ ਦਾ ਮੁਕਾਬਲਾ ਕੀਤਾ, ਉਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ ।

ਸਿੱਖ ਜਗਤ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ‘ਸੱਚਾ ਪਾਤਸ਼ਾਹ’ ਕਿਹਾ ਜਾਂਦਾ ਹੈ, ਇਸ ਕਰਕੇ ਉਨ੍ਹਾਂ ਦੇ ਚਾਰੇ ਸਪੁੱਤਰਾਂ ਨੂੰ ਆਦਰ ਵਜੋਂ “ਸਾਹਿਬਜ਼ਾਦਿਆਂ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ-ਦੋਵੇਂ ਇੱਕੋ ਦਿਨ ਸ਼ਹੀਦ ਹੋਏ, ਇਸ ਕਰਕੇ ਉਹਨਾਂ ਨੂੰ ‘ਵੱਡੇ ਸਾਹਿਬਜ਼ਾਦੇ’ ਆਖਿਆ ਜਾਂਦਾ ਹੈ । ਇਸੇ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ-ਦੋਹਾਂ ਨੂੰ ਇੱਕੋ ਦਿਨ ਸ਼ਹੀਦ ਕੀਤਾ ਗਿਆ ਸੀ| ਇਸ ਲਈ ਉਹਨਾਂ ਨੂੰ ‘ਛੋਟੇ ਸਾਹਿਬਜ਼ਾਦੇ’ ਆਖਿਆ  ਜਾਂਦਾ ਹੈ । ਚਾਰੇ ਸਾਹਿਬਜ਼ਾਦਿਆਂ ਨੇ ਬਾਲੀ ਉਮਰੇ  ਵੱਡੇ ਸਾਕੇ ਨੂੰ ਅੰਜਾਮ ਦਿੱਤਾ ਜਿਸ ਕਰਕੇ ਉਹਨਾ ਨੂੰ ਸਿੱਖ ਸੰਗਤ ਵੱਲੋਂ “ਬਾਬਾ” ਦਾ ਲਕਬ ਵੀ ਦਿੱਤਾ ਗਿਆ , ਜੋ  ਉਹਨਾਂ ਦੇ ਨਾਮ ਦੇ ਸ਼ੁਰੂ ਵਿਚ ਬਹੁਤ ਹੀ ਸਤਿਕਾਰ ਨਾਲ ਲਗਾਇਆ  ਜਾਂਦਾ ਹੈ । ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਉਹਨਾਂ  ਦਾ ਨਾਮ ਅਰਦਾਸ ਵਿਚ ਵੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। 

ਈਸਾ  ਦੇ  ਜਨਮ ਤੇ ਨਵੇਂ ਈਸਵੀ  ਸਾਲ  ਦੀ  ਸ਼ੁਰੂਆਤ ਕਾਰਨ ਹਰ ਸਾਲ ਦਸੰਬਰ ਦਾ ਮਹੀਨਾ ਜਿੱਥੇ ਇਸਾਈ ਮੱਤ ਨੂੰ ਮੰਨਣ ਵਾਲਿਆਂ ਵਾਸਤੇ ਖ਼ੁਸ਼ੀ ਤੇ ਹੁਲਾਸ ਵਾਲਾ  ਹੁੰਦਾ ਤੇ ਇਸ ਪੂਰੇ ਮਹੀਨੇ ਨੂੰ ਈਸਾ ਮਸੀਹ ਦੇ ਜਨਮ ਦੇ ਜਸ਼ਨਾਂ ਵਜੋਂ ਕ੍ਰਿਸਮਿਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਉੱਥੇ ਸਿੱਖਾਂ ਵਾਸਤੇ ਇਹ  ਮਹੀਨਾ  ਮਾਤਮੀ ਸ਼ਹਾਦਤਾਂ ਨਾਲ ਭਰਪੂਰ ਹੈ । ਹਰ ਸਾਲ ਇਸ ਮਹੀਨੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪੂਰਨ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਦਸੰਬਰ, 2004 ਵਿਚ ਸਾਹਿਬਜ਼ਾਦਿਆਂ ਦੀ ਪਵਿੱਤਰ ਸ਼ਹੀਦੀ ਦੀ ਤੀਸਰੀ ਸ਼ਤਾਬਦੀ ਮਨਾਈ ਗਈ ਸੀ ।  ਇਤਿਹਾਸ ਗਵਾਹ ਹੈ ਕਿ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 22 ਦਸੰਬਰ ਸੰਨ 1704 ਨੂੰ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ 27 ਦਸੰਬਰ ਸੰਨ 1704 ਨੂੰ ਹੋਈ ਸੀ । ਸ਼ੋ ਇਸ ਮਹੀਨੇ ਨੂੰ ਜਿਥੇ ਇਸਾਈ ਆਪਣੇ ਨਵੇ ਸਾਲ ਦੀ ਸ਼ੁਰੂਆਤ ਦੇ ਜਸ਼ਨਾ ਵਜੋਂ ਮਨਾਉਦੇ ਹਨ, ਉਥੇ ਸਿੱਖ ਚਾਰ ਸਾਹਬਜਾਦਿਆ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਾਦਰ ਪ੍ਰਨਾਮ ਕਰਨ ਕਰਕੇ ਆਪਣੀ ਸੱਚੀ ਸ਼ਰਧਾ ਤੇ ਅਕੀਦਤ ਦੇ ਫੁੱਲ ਭੇਂਟ ਕਰਦੇ ਹਨ । ਬੇਸ਼ੱਕ ਤਿੰਨ ਸਦੀਆਂ ਤੋ ਵੱਧ ਦਾ ਸਮਾਂ ਬੀਤ ਗਿਆ ਹੈ, ਪਰ ਹਰ ਸਾਲ ਲ਼ੱਖਾਂ ਸ਼ਰਧਾਲੂ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਵਿਚ ਸ਼ਹੀਦੀ ਜੋੜ-ਮੇਲੇ ਭਾਰੀ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਨ। ਸੰਗਤਾਂ ਲਹੂ-ਭਿੱਜੀਆਂ ਯਾਦਗਾਰਾਂ ਨੂੰ ਪ੍ਰਣਾਮ ਕਰਨ ਲਈ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਖ਼ਤ ਸਰਦੀ ਵਿਚ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਪੁੱਜਦੀਆਂ ਹਨ। ਹਰ ਗੁਰੂ ਘਰ ਵਿਚ ਆਖੰਡ ਜਾਪ ਹੁੰਦੇ ਹਨ, ਦੀਵਾਨ ਲਗਦੇ ਹਨ, ਪਵਿੱਤਰ ਸਥਾਨਾਂ ਨੂੰ ਜਾਂਦੀਆਂ ਸਾਰੀਆਂ ਸੜਕਾਂ ’ਤੇ ਥਾਂ-ਥਾਂ ਲੰਗਰ ਲਗਾਏ ਜਾਂਦੇ ਹਨ ਤੇ ਕਿਸੇ ਸ਼ਾਇਰ ਦੇ ਹੇਠ ਲਿਖੇ ਬੋਲਾਂ ਅਨੁਸਾਰ ਇਹ ਸਿਲਸਿਲਾ ਰਹਿੰਦੀ ਦੁਨੀਆ ਤਕ ਨਿਰੰਤਰ ਇਸੇ ਤਰਾਂ ਚੱਲਦਾ ਰਹੇਗਾ :

ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਕਾਬਾ?
ਸ਼ਹੀਦੋਂ ਕੀ ਖ਼ਾਕ ਪੇ ਤੋ ਖ਼ੁਦਾ ਭੀ ਕੁਰਬਾਨ ਹੋਤਾ ਹੈ।

ਸ਼ਾਹਬਜਾਦਿਆਂ ਦੀ ਸ਼ਹਾਦਤ ਨੁੰ ਸਾਦਰ ਪ੍ਰਨਾਮ ਕਰਦੇ ਹੋਏ ਇਸ ਮੌਕੇ ‘ਤੇ ਸਾਨੂੰ ਸਭ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹਨਾ ਨਿੱਕੀਆ ਜਿੰਦਾਂ ਦੇ ਵੱਡੇ ਸਾਕੇ ਤੋ ਪਰੇਰਣਾ ਲੈ ਕੇ ਮਨੁੱਖਤਾ ਦੇ ਭਲੇ  ਹਿਤ ਕਾਰਜ ਕਰੀਏ । ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਕਮਰ ਕੱਸੇ ਕਰੀਏ । ਧਰਮ ਕਰਮ ਦੇ ਕਾਰਜਾਂ ਨੂੰ ਸਿਰਫ ਧਰਮ ਕਰਮ ਤੱਕ ਹੀ ਮਹਿਦੂਦ ਰੱਖੀਏ, ਗੁਰੂਦੁਆਰਿਆ ਚ ਧਰਮ ਦੇ ਨਾਮ ‘ਤੇ ਸਿਆਸਤ ਦਾ ਗੰਦ ਪਾਉਣ ਤੋ ਬਾਜ ਆਈਏ । ਗੁਰੂਆ ਦੀਆਂ ਸਿਖਿਆਵਾਂ ਮੁਤਾਬਿਕ ਆਪਣੇ ਜੀਵਨ ਨੂੰ ਢਾਲੀਏ, ਸਾਦਾ ਜੀਵਨ, ਮਨ ਨੀਵਾ ਤੇ ਮਤ ਉਚੀ ਰੱਖੀਏ, ਹਰ ਇਕ ਦਾ ਬਿਨਾ ਕਿਸੇ ਭਿੰਨ ਭੇਦ ਦੇ ਤਹਿ ਦਿਲੋ ਸਤਿਕਾਰ ਕਰੀਏ । ਇਸ ਤਰਾ ਕਰਨਾ ਤੇ ਇਸ ਤਰਾਂ ਦੇ ਬਣਨਾ ਹੀ ਜਿਥੇ ਸਾਹਿਬਜਾਦਿਆਂ ਨੂੰ ਸੱਚੀ ਸ਼ਰਧਾਜਲੀ ਹੈ, ਉਥੇ ਗੁਰੂ ਸਾਹਿਬਾਨਾ ਦਾ ਤੇ ਉਹਨਾਂ ਦੀ ਬਾਣੀ ਦਾ ਸੱਚਾ ਅਦਬ ਤੇ ਸਤਿਕਾਰ ਵੀ ਹੈ ।

ਪਿਛਲੇ ਸਾਲ 2022 ਤੋਂ ਭਾਰਤ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ, ਪਿਛਲੇ ਸਾਲ 2022 ਤੋਂ ਹਰ ਸਾਲ 26 ਦਸੰਬਰ ਨੂੰ “ਬੀਰ ਬਾਲ ਦਿਵਸ” ਵਜੋਂ ਪੂਰੇ ਮੁਲਕ ਵਿੱਚ ਮਨਾਉਣ ਦਾ ਐਲਾਨ ਕੀਤਾ ਹੈ ਜੋ ਕਿ ਸਰਕਾਰ ਦਾ ਇਕ ਬਹੁਤ ਚੰਗਾ ਤੇ ਸ਼ਲਾਘਾਯੋਗ ਉੱਦਮ ਹੈ ਜਿਸ ਦਾ ਭਰਪੂਰ ਸਵਾਗਤ ਕੀਤਾ ਜਾਣਾ ਬਣਦਾ ਹੈ ।
***
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
24/ 12/2023 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1248
***

About the author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

View all posts by ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ →