8 December 2024

ਬ੍ਰਹਿਮੰਡੀ ਗੁਰਮੁਖ ਕਵੀ – ਨਿਰੰਜਨ “ਨੂਰ” -ਉਂਕਾਰਪ੍ਰੀਤ

ਬ੍ਰਹਿਮੰਡੀ ਗੁਰਮੁਖ ਕਵੀ – ਨਿਰੰਜਨ “ਨੂਰ”

-ਉਂਕਾਰਪ੍ਰੀਤ, ਟਰਾਂਟੋ – ਕੈਨੇਡਾ-

ਇੱਕ ਬ੍ਰਹਿਮੰਡ ਅਸੀਂ ਅਪਣੀ ਬਾਹਰੀ ਅੱਖ ਨਾਲ ਚੌਗਿਰਦੇ ਵੇਖ ਰਹੇ ਹਾਂ। ਇਸਤੋਂ ਕਿਤੇ ਵੱਧ ਪਸਾਰੇ ਵਾਲਾ ਬ੍ਰਹਿਮੰਡ ਸਾਡੇ ਅੰਤ੍ਰੀਵ ਵਿੱਚ ਫੈਲਿਆ ਹੋਇਆ ਹੈ। ਇਸ ਅੰਤ੍ਰੀਵ ਬ੍ਰਹਿਮੰਡ ਨੂੰ ਵੇਖਣ ਵਾਲੀ ਅੱਖ ਉਹ ਹੈ ਜਿਸ ਰਾਹੀਂ “ਓਜ਼ੋਨੀ ਚਾਦਰ” ਵਿਚਲੇ ਸੁਰਾਖ਼ ਦਿਸਣ ਲਗਦੇ ਹਨ। ਇਸ ਅੱਖ ਦੀ ਪ੍ਰਾਪਤੀ ਲਈ ਹਨੇਰੇ ਨੂੰ ਪ੍ਰਕਾਸ਼ ਵਿੱਚ ਬਦਲਣ ਵਾਲੀ ਚੇਤਨਾ ਦੇ ਸਨਮੁੱਖ ਹੋਣ ਦੀ ਲੋੜ ਹੁੰਦੀ ਹੈ। ਇਸ ਗੁਰ-ਚੇਤਨਾ ਦੇ ਸਨਮੁੱਖ ਹੋ ਕੇ “ਨਿਰ-ਅੰਜੁਨ” ਹੋ ਜਾਈਦਾ ਹੈ। “ਨਿਰ-ਅੰਜੁਨ” ਹੁੰਦਿਆਂ ਹੀ “ਨੂਰ” ਜਲਵਾਗਰ ਹੁੰਦਾ ਹੈ। ਸਦੀਵੀ ਨੂਰ ਜੋ ਅੰਦਰੋਂ ਬਾਹਰ ਵੱਲ ਤੇ ਬਾਹਰੋਂ ਅੰਦਰ ਵੱਲ ਫੈਲਦਾ ਚਲਾ ਜਾਂਦਾ ਹੈ।

ਨਿਰੰਜਨ ਸਿੰਘ “ਨੂਰ” ਨੂੰ ਮਿਲਕੇ ਅਜਿਹੇ ਖਿ਼ਆਲ ਸਹਿਜਮਈ ਗਤੀ ਨਾਲ ਤੁਹਾਡੇ ਚੌਗਿਰਦੇ ਤੋਂ ਅੰਤ੍ਰੀਵ ਵੱਲ ਗ਼ਤੀਸ਼ੀਲ ਹੋਣ ਲੱਗਦੇ ਸਨ। ਰਬਾਬ ਛਿੜ ਪੈਂਦੀ…ਤੇ ਫਿਰ ਨੂਰਾਨੀ ਬੋਲ:

ਗ਼ਗ਼ੁਨ ਮਹਿ ਥਾਲ, ਰਵਿ ਚੰਦ ਦੀਪਕ ਬਣੇ
ਤਾਰਿਕਾ ਮੰਡਲ ਸਗੁਲ ਜੋਤੀ
ਧੂਪ ਮਲਿਆਨਲੋ ਪਵੁਨ ਚਵਰੋ ਕਰੈ
ਸਗਲ ਬਨਰਾਇ ਫੂਲੰਤ ਜੋਤੀ…..॥

ਤੁਹਾਡੇ ਆਲੇ ਦੁਆਲੇ ‘ਚ ਚੁਪਚਾਪ ਪ੍ਰਵਹਿਤ ਹੋਣ ਲੱਗਦੇ। ਬੈਠਕ ਵਿੱਚ ਉਸਦੀ ਆਮਦ ਨਾਲ ਸ਼ੈਲਫ਼ ਵਿੱਚ ਪਈਆਂ ਪੁਸਤਕਾਂ ਵਾਲੀ ਨੁੱਕਰ ਚੰਨ,ਤਾਰੇ ਤੇ ਸੂਰਜ ਨਾਲ ਜੜਤ ਅਸਮਾਨੀ ਟੁਕੜਾ ਹੋ ਜਾਂਦੀ। ਕਮਰੇ ਵਿਚਲੀ ਹਰ ਚੀਜ਼ ਦੇ ਅਰਥ ਨੂਰਾਨੀ ਹੋ ਉਠਦੇ। ਹਰ ਜਾਮ ਨੂਰ ਦਾ ਜਾਮ ਹੋ ਜਾਂਦਾ ਤੇ “ਨੂਰ” ਦੁਆਲੇ ਜੁੜੇ ਲੋਕ ਨੂਰ ‘ਚ ਇਸ਼ਨਾਨ ਕਰ ਰਹੇ ਜਗਿਆਸੂ।

“ਨੂਰ” ਨੂੰ ਪਹਿਲੀ ਵੇਰ ਮਿਲਦਿਆਂ ਅਜਿਹਾ ਲੱਗਦਾ ਕਿ ਅੱਜ ਕੁਝ ਨਵਾਂ ਮਿਲਿਆ ਹੈ। ਉਹ ਅਗਲੀ ਵੇਰ ਮਿਲਦਾ ਤਾਂ ਇਹ ਨਵਾਂਪਨ ਹੋਰ ਵੀ ਨਵੀਨ ਹੋ ਜਾਂਦਾ।
“ਸਾਹਿਬ ਮੇਰਾ ਨਿਤ ਨਵਾਂ…..”

ਸਤਰਾਂ ਫ਼ਜ਼ਾ ‘ਚ ਧੜਕਣ ਲੱਗਦੀਆਂ ਤੇ ਇਸ ਆਲਮ ਵਿੱਚ ਉਸਦੀ “ਗੁਰਮੁਖੀ ਮੁਸਕਾਨ” ਹੋਰ ਨਵੇਂ ਬ੍ਰਹਿਮੰਡੀ ਅਰਥ ਭਰਨ ਲੱਗਦੀ। ਉਹ ਘੱਟ ਬੋਲਦਾ। “ਨੂਰੀ ਮੁਸਕਾਨ” ਘੁਲੀ ਉਸਦੀ ਚੁੱਪ, ਚੁੱਪ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਜਾਪਦੀ। ਉਸਦੇ ਬੋਲ ਉਸਦੀ ਚੁੱਪੀ ਨਾਲੋਂ ਖੂਬਸੂਰਤ ਹੁੰਦੇ:

ਗਿਆਨ ਜਿਹਾ ਪ੍ਰਕਾਸ਼ ਨਾ ਕੋਈ
ਇਹਦੀ ਰੂਪ ਸੁਗੰਧੀ ਪੀ ਕੇ
ਅਪਣਾ ਤੀਜਾ ਨੇਤਰ ਖ੍ਹੋਲੋ
ਸਭ ਜ਼ੰਜ਼ੀਰਾਂ ਜ਼ਾਲ ਦਿਸਣਗੇ
ਨੈਣ ਕਰੋ ਸੁਰਜੀਤ।
ਮੁਕਤੀ ਕੀ ਹੈ?
ਮਨ ਦੇ ਜਾਲ ਚੋਂ ਨਿਕਲ ਜਾਣਾ
ਫਿਰ ਆਜ਼ਾਦ ਹਵਾ ਦੇ ਵਾਂਗੂੰ
ਦੇਸ਼ ਕਾਲ ਦੀਆਂ ਹੱਦਾਂ ਟੱਪਕੇ
ਕਰਨੀ ਅਮਰ ਪ੍ਰੀਤ।

ਉਸਦੀ ਸੰਗਤ ਕਰਦਿਆਂ “ਮੁਸਕਾਨ” ਦੀ ਸ਼ਕਤੀ ਦਾ ਅਹਿਸਾਸ ਹੋਣ ਲੱਗਦਾ। ਉਸਤਾਦ, ਜਨਾਬ ਉਲਫ਼ਤ ਬਾਜਵਾ ਦੀ ਪੁਸਤਕ “ਸਾਰਾ ਜਹਾਨ ਮੇਰਾ” ਖੋਹਲ ਕੇ ਜਦ ਉਹ ਪਹਿਲੇ ਸਫ਼ੇ ਤੋਂ ਇਹ ਸਤਰ:

“ਅਜ਼ੀਮ ਸ਼ਾਇਰ ਬਾਬੇ ਨਾਨਕ ਨੂੰ ਸਮਰਪਿਤ…” ਦੋ ਵੇਰ ਵਜ਼ਦ ਆ ਕੇ ਪੜ੍ਹਦਾ ਤੇ ਮੁਸਕਰਾ ਕੇ ਮੱਥੇ ਨਾਲ ਛੁਹਾਉਂਦਾ ਤਾਂ ਉਸਦੀ ਮੁਸਕਾਨ ਦੇ ਅਰਥ ਬੜੇ ਨਵੇਂ ਹੁੰਦੇ। ਬਾਬੇ ਨਾਨਕ ਨੇ ਵੇਈਂ ਕੰਢੇ ਗਿਆਨ ਨੂੰ ਪ੍ਰਾਪਤ ਹੋਣ ਮਗਰੋਂ ਸੁਲਤਾਨ ਪੁਰ ਨਗਰ ਵੱਲ ਜਾਂਦਿਆਂ ਜਿਹੜੀ ਪਹਿਲੀ ਗੱਲ ਪਹਿਲੇ ਮਿਲਣ ਵਾਲੇ ਰਾਹੀ ਨੂੰ ਦੱਸੀ ਸੀ “ਨੂਰ” ਉਹ ਰਾਹੀ ਜਾਪਣ ਲੱਗਦਾ। ਸੁਲਤਾਨਪੁਰ ਲੋਧੀ ਨਾਲ ਉਸਦਾ ਜੁੜਿਆ ਹੋਣਾ ਇਸ ਖਿ਼ਆਲ ਨੂੰ ਪ੍ਰਮਾਣਿਕ ਕਰਨ ਲੱਗਦਾ।
? ਨੂਰ ਸਾਹਿਬ, ਹੜੱਪੇ, ਸੁਲਤਾਨਪੁਰ ਤੇ ਫਿਰ ਇੰਗਲੈਡ ਵਿੱਚ ਜੀਵਨ ਬਿਤਾਉਂਦਿਆਂ, ਭਗਤ ਰਵਿਦਾਸ ਵਾਂਗ, ਕਿਸੇ “ਬੇਗਮਪੁਰੇ” ਦੀ ਕਲਪਨਾ ਕਰਦੇ ਓ…
ਉੱਤਰ ਵਿੱਚ “ਨੂਰ” ਮੁਸਕਰਾਉਂਦਾ। ਭਰਪੂਰ “ਨੂਰੀ ਮੁਸਕਾਨ”…ਕਿਉਂਕਿ ਉਸਨੇ ਜੋ ਕਹਿਣਾ ਹੁੰਦਾ ਉਸਨੂੰ ਅਜਿਹੀ ਨੂਰਾਨੀ ਮੁਸਕਾਨ ਦੀ ਪਿੱਠਭੂਮੀ ਦੀ ਲੋੜ ਹੁੰਦੀ।
“ਹਾਂ…ਹੈ ਇੱਕ…ਖਲਿਸਤਾਨ॥”
“ਖਲਿਸਤਾਨ!!” ਇਸ ਜਗਿਆਸੂ ਹੈਰਾਨੀ ਤੇ ਉਹ ਮੁੜ ਮੁਸਕਾਉਂਦਾ ਤੇ ਵਜਦ ‘ਚ ਆ ਕੇ ਅਪਣੀ ਨਜ਼ਮ ਛੋਹ ਲੈਂਦਾ:

“ਮੇਰਾ ਖਲਿਸਤਾਨ ਸਾਰਾ ਵਿਸ਼ਵ ਹੈ, ਬ੍ਰਹਿਮੰਡ ਹੈ
ਹਿੰਦ ਮਹਾਂਸਾਗਰ ਨਿਰਾ ਬੰਗਾਲ ਦੀ ਖਾੜੀ ਨਹੀਂ
ਮੇਰਾ ਖਲਿਸਤਾਨ ਇੱਕ ਪੰਜਾਬ ਦੀ ਫਾੜੀ ਨਹੀਂ।
ਮੇਰਾ ਖਾਲਿਸਤਾਨ ਵਾਯੂਮੰਡਲਾਂ ਦੀ ਸ਼ੁੱਧਤਾ
ਕੋਈ ਤਾਰਾ ਜੰਗ ਇਹਦੀ ਵਾਅ ਵੱਲ ਨਾ ਵੇਖਸੀ
ਭੁੱਖ ਦੁੱਖ ਦਾ ਲੁੱਟ ਦਾ ਕੁੰਭੀ ਨਰਕ
ਏਸਦੇ ਪ੍ਰਕਾਸ਼ ਕੋਲੋਂ ਡਰੇਗਾ॥

ਕਲਾ, ਕਲਾ ਲਈ ਜਾਂ ਜਿੰਦਗੀ ਲਈ…
ਜੁਆਬ ਵਿੱਚ ਉਹ ਮੁਸਕਰਾ ਕੇ ਜਗਿਆਸੂ ਵੱਲ ਗਹੁ ਨਾਲ ਵੇਖਦਾ। ਉਸਦੀ ਤੱਕਣੀ ਵਿੱਚ ਕੀਲਣ ਦੀ ਸਮਰੱਥਾ ਹੁੰਦੀ:
“ਕਲਾ ਕੀ ਹੈ? ਜਿ਼ੰਦਗੀ ਦੇ ਦੀਦਿਆਂ ਦਾ ਨੂਰ ਹੈ
ਕਲਾ ਜਲਵਾ, ਕਵੀ ਮੂਸਾ, ਜਿ਼ੰਦਗੀ ਕੋਹਿਤੂਰ ਹੈ।
ਕਲਾ ਨੇ ਬਾਰੂਦ ਨੂੰ ਸੰਧੂਰ ਦੇ ਵਿੱਚ ਬਦਲਨਾ
ਕਲਾ ਨੇ ਹੀ ਮੱਸਿਆ ਨੂੰ ਨੂਰ ਦੇ ਵਿੱਚ ਬਦਲਨਾ॥

ਉਸਦਾ ਜੁਆਬ: ਜਗਿਆਸੂ ਦੀਦਿਆਂ ‘ਚ ਕਲਾਮਈ ਜ਼ਿੰਦਗੀ ਦਾ ਨਵ-ਨੂਰ ਭਰ ਜਾਂਦਾ। ਉਸਦੀਆਂ ਅੱਖਾਂ ‘ਚ ਨੀਝ ਲਾ ਕੇ ਤੱਕਿਆਂ ਉਹਨਾਂ ‘ਚ ਭਰੀ ਜਿ਼ੰਦਗੀ ਨੂੰ ਨਿੱਤ ਨਵੀਂ ਨੀਝ ਤੇ ਆਸ ਨਾਲ ਤੱਕਣ ਦੀ ਤੱਕਣੀ ਭਰੀ ਦਿਸਦੀ।
ਉਹ ਜਿਤਨੀ ਵੇਰ ਆਉਂਦਾ ਉਸ ਕੋਲ ਨਵੀਆਂ ਐਨਕਾਂ ਹੁੰਦੀਆਂ। ਆਧੁਨਿਕਤਾ ਦੀ ਲੋਅ ‘ਚ ਜਿ਼ੰਦਗੀ ਨੂੰ ਅਚੂਕ ਵੇਖਣ,ਨਿਰਖਣ ਤੇ ਪਰਖਣ ਲਈ ਤਿਆਰ-ਬਰ-ਤਿਆਰ। ਰਾਤੀਂ ਮਹਿਫ਼ਲ ‘ਚ ਉਹ ਜਦ ਜਲਵਾਗਰ ਹੋ ਜਾਂਦਾ ਤਾਂ ਅਪਣੀਆਂ ਐਨਕਾਂ ਲਾਹ ਕੇ ਰੱਖ ਲੈਂਦਾ। ਵਜਦ ‘ਚ ਆ ਕੇ ਅਪਣੀ ਸਦਾਬਹਾਰ ਨਜ਼ਮ ਸੁਣਾਉਂਦਾ ਜਿਸਨੂੰ ਸਰੋਤੇ ਬਾਰ ਬਾਰ ਸੁਣਨ ਲਈ ਜਿ਼ਦ ਕਰਦੇ:

“ਇਸ ਮੰਡੀ ਵਿੱਚ ਕਾਲਖ ਵਿਕਦੀ
ਕਾਲ਼ਖ ਗੋਰੇ ਰੰਗ ਦੀ।
ਪੱਥਰ ਦਿਲ ਖੁਸ਼ਬੋਈ ਮੋਈ
ਫੁੱਲ ਨੂੰ ਸੂਲੀ ਟੰਗਦੀ।
ਕਾਲਖ ਗੋਰੇ ਰੰਗ ਦੀ….॥
ਇੱਕ ਹੱਟੀ ਤੇ ਬੰਬ ਪਏ ਵਿਕਦੇ
ਬਾਈਬਲ ਵਿੱਚ ਲਪੇਟੇ।
ਸੂਲੀ ਦਾ ਵਿਓਪਾਰ ਕਰੇਂਦੇ
ਨਿੱਤ ਮਰੀਅਮ ਦੇ ਬੇਟੇ।
ਇੱਕ ਹੱਟੀ ਤੇ ਮੌਤ ਲਲਾਰਨ
ਸਸਤੇ ਖੱਫਣ ਰੰਗਦੀ।
ਕਾਲਖ ਗੋਰੇ ਰੰਗ ਦੀ…॥
ਨਿਤ ਕਾਲਖ ਦਾ ਮੁਜ਼ਰਾ ਹੁੰਦਾ
ਨੱਚਣ ਜਾਮ ਸੁਰਾਹੀਆਂ।
ਪਰ ਇਸ ਡੈਣ ਦੀਆਂ ਦੋ ਅੱਖੀਆਂ
ਰੱਤ ਦੀਆਂ ਤ੍ਰਿਹਾਈਆਂ।
ਹੱਥਾਂ ਵਿੱਚ ਘੁੱਗੀਆਂ ਦਾ ਜੋੜਾ,
ਪੈਰੀਂ ਝਾਜਰ ਜੰਗ ਦੀ।
ਕਾਲਖ ਗੋਰੇ ਰੰਗ ਦੀ…॥

ਉਸ ਸਮੇਂ ਨੂਰਾਨੀ ਰਾਤ ਹੂੰਦੀ…ਜਿਸ ਵਿੱਚ ਉਹ ਨੂਰ ‘ਚ ਇਕਮਿਕ ਹੋਇਆ ਹੁੰਦਾ…ਅੰਦਰ ਤੋਂ ਬਾਹਰ ਵੱਲ ਤੇ ਬਾਹਰ ਤੋਂ ਅੰਦਰ ਵੱਲ ਫੈਲ ਰਿਹਾ ਸ਼ੁੱਧ ਨੂਰ।
ਸਵੇਰੇ ਸਵੇਰੇ ਉਸਦਾ ਫੋਨ ਆਉਂਦਾ,”ਮੇਰੀਆਂ ਐਨਕਾਂ ਤੇਰੀ ਬੈਠਕ ‘ਚ ਰਹਿ ਗਈਆਂ ਰਾਤੀਂ…।”

“ਨੂਰ ਨੂੰ ਐਨਕਾਂ ਦੀ ਕੀ ਲੋੜ?”

ਜੁਆਬ ਵਿੱਚ ਉਹ ਮੁਸਕਰਾ ਰਿਹਾ ਹੁੰਦਾ। ਉਸਦੀ ਮੁਸਕਾਨ ਟੈਲੀਫੋਨ ਦੀਆਂ ਤਾਰਾਂ ਰਾਹੀਂ ਆਵਾਜ਼ ਦੇ ਨਾਲ-ਨਾਲ ਚੁਪਚਾਪ ਛਣ ਛਣ ਆ ਰਹੀ ਹੁੰਦੀ,”ਅੱਜ ਦਾ ਦਿਨ ਤਾਂ ਵੇਖਣਾ ਹੋਇਆ ਨਾ।” ਉਸਦੇ ਜੁਆਬ ਵਿਚਲੇ “ਦਿਨ” ਤੇ “ਵੇਖਣਾ” ਦੇ ਡੂੰਘੇ ਅਰਥ ਹੁੰਦੇ ਵਿਸ਼ਾਲ…ਬ੍ਰਹਿਮੰਡੀ। ਉਸਦੀਆਂ ਐਨਕਾਂ ਨੂੰ ਮੈਂ ਲਾ ਲਾ ਕੇ ਵੇਖਦਾ। ਕੁਝ ਨਜ਼ਰੀਂ ਨਾ ਆਉਂਦਾ। ਹਾਲੇ ਬਹੁਤ ਕੁਝ ਨਾਸਾਫ਼ ਸੀ,ਝਾਉਲਾ ਤੇ ਅਸਮਤੋਲ। ਮੈਂ ਹਾਲੇ ਇਹਨਾਂ ਲਈ ਨਹੀਂ ਦਾ ਵਿਚਾਰ ਤੀਖਣਤਾ ਨਾਲ ਮਹਿਸੂਸ ਹੋਣ ਲੱਗਦਾ। ਨਜ਼ਰ ਦੇ ਓਸ ਨੂਰੀ ਪੜਾਅ ਤੀਕ ਪਹੁੰਚਣ ਦੀ ਉਤਸ਼ਾਹਨਾ ਬਿਹਬਲ ਕਰ ਜਾਂਦੀ। ਉਹ ਨੂਰ ਦੀਆਂ ਐਨਕਾਂ ਸਨ…ਮੁਸਕਾਨ ਨਾਲ ਧੂੜੀਆਂ ਨੂਰੀ ਐਨਕਾਂ। ਇਹਨਾਂ ਚੋਂ ਉਹ ਜੋ ਕੁਝ ਵੇਖਦਾ ਸੀ, ਨਿਰਖਦਾ,ਪਰਖਦਾ ਤੇ ਮਹਿਸੂਸਦਾ ਸੀ ਉਸਦਾ ਪਤਾ “ਓਜ਼ੋਨ ਦੀ ਅੱਖ” ਗ਼ਜ਼ਲ ਸੰਗ੍ਰਹਿ ਦੇ ਮੁੱਖਬੰਧ ਵਿੱਚ ਅੰਕਿਤ ਉਸਦੀ ਨਜ਼ਰ ਪੈੜ ਤੋਂ ਲੱਗਦਾ ਹੈ:
“ਸ਼ੁੱਧ ਆਕਸੀਜਨ ਦੇ ਮਾਲੀਕਿਊਲਜ਼ ਨਾਲ ਬਣੀ ਓਜ਼ੋਨ ਗੈਸ ਦੀ ਪਰਤ ਧਰਤੀ ਨੂੰ ਸੂਰਜ ਦੀਆਂ ਅਲਟਰਾ ਵਾਇਲਟ ਕਿਰਨਾ ਦੇ ਜ਼ਹਿਰੀਲੇ ਅਸਰਾਂ ਤੋਂ ਬਚਾਉਂਦੀ ਹੈ। ਪ੍ਰਮਾਣੂ ਹਥਿਆਰਾਂ ਦੇ ਤਜ਼ੁਰਬਿਆਂ ਨੇ ਇਸ ਗ਼ੈਸ ਦੀ ਪਰਤ ਵਿੱਚ ਮਘੋਰੇ ਕਰ ਦਿੱਤੇ ਹਨ। ਇਸਦੇ ਮੁਕੰਮਲ ਰੂਪ ਵਿੱਚ ਤਬਾਹ ਹੋ ਜਾਣ ਨਾਲ ਜੀਵ ਜੰਤੂ ਤੇ ਬਨਸਪਤੀ ਦੀ ਹੋਂਦ ਧਰਤੀਂ ਤੋਂ ਮਿਟ ਜਾਏਗੀ।”

ਪੌਣ ਪਾਣੀ ਹੀ ਜੇ ਕਤਲ ਹੁੰਦੇ ਰਹੇ
ਕੁਖ ਆਕਾਸ਼-ਗੰਗਾ ਦੀ ਸੁੱਕ ਜਾਏਗੀ,
ਆਸ ਦੀ ਅੱਖ ਜੇ ਬੇ-ਨਜ਼ਰ ਹੋ ਗਈ
ਕਿਹੜੇ ਆਕਾਸ਼ ਦੇ ਸਿਰ ਤੇ ਧਰਤੀ ਰਹੂ।

ਗੱਲ ਉਸਦੇ ਰੁਬਾਈ-ਗ਼ੋ, ਗ਼ੀਤ-ਗੋ, ਨਜ਼ਮ-ਗੋ ਹੋਣ ਤੋਂ ਗ਼ਜ਼ਲ-ਗੋ ਤੀਕ ਆਉਂਦੀ ਤਾਂ ਉਹ ਮੇਰੇ “ਗ਼ਜ਼ਲ ਸਨੇਹ” ਦੀ ਪਿੱਠ ਪਲੋਸ ਕੇ ਥਾਪੜੇ ਵਰਗੇ ਨੂਰਾਨੀ ਬੋਲ ਬੋਲਦਾ,”ਮਾਸ਼ੂਕ-ਪ੍ਰਸਤੀ ਅੱਜ ਮਨੁੱਖਤਾ-ਪ੍ਰਸਤੀ ਤੱਕ ਪੁੱਜ ਗਈ ਹੈ। ਜਾਮ ਸੰਗ੍ਰਾਮ ਦਾ ਸਫ਼ਰ ਤੈਅ ਕਰ ਚੁੱਕਾ ਹੈ। ਗ਼ਜ਼ਲ ਅੱਜ ਵਿਅਕਤੀ ਤੋਂ ਵਿਸ਼ਵ ਤੱਕ ਵਿਸ਼ਾਲ ਹੋ ਗਈ ਹੈ।”

“ਆਸ ਦੀ ਓਜ਼ੋਨ ਤੋਂ ਅੰਬਰ ਬਣੇ
ਬਣੇ ਚੰਨ ਤਾਰੇ ਜਦੋਂ ਮਹਿਕੀ ਗ਼ਜ਼ਲ।
ਸ਼ਾਇਰੀ ਦੀ ਆਤਮਾਂ ਦਾ ਨੂਰ ਇਹ
ਗ਼ਜ਼ਲ ਹੋਵੇ, ਕਦੀ ਨਾ ਮੋਈ ਗ਼ਜ਼ਲ॥

“ਜਿਤਨੀ ਸੂਝਮਈ ਕਵਿਤਾ ਨੂਰ ਨੇ ਲਿਖੀ ਹੈ ਓਹੋ ਜਿਹੀ ਪੰਜਾਬੀ ਵਿੱਚ ਹਾਲੇ ਤੱਕ ਨਈਂ ਲਿਖੀ ਗਈ।” ਡਾ. ਕੇਸਰ ਸਿੰਘ ਕੇਸਰ ਦੀ ਇਸ ਅਮੋਲ ਟਿੱਪਣੀ ਦਾ ਮੁੱਲ ਨੂਰ ਦੀਆਂ ਪੁਸਤਕਾਂ ,”ਹੜੱਪਾ ਤੋਂ ਹੀਰੋਸ਼ੀਮਾਂ ਵੱਲ” ਤੇ “ਹੋ-ਚੀ-ਮਿੰਨ” ਮਹਾਂਕਾਵਿ ਵਿਚਲੇ ਨੂਰੀ ਸਾਹਿਤ ਨੂੰ ਪੜ੍ਹਕੇ ਪਤਾ ਲੱਗਦਾ ਹੈ।
“ਹੜੱਪਾ ਤੋਂ ਹੀਰੋਸ਼ੀਮਾਂ ਵੱਲ” ਵਿਚਲੀ ਉਸਦੀ “ਲੋਰੀ” ਵਿਚਲਾ ਨੂਰ ਪਾਠਕ ਦੇ ਸਰੋਤੇ ਮਨ ਨੂੰ ਜਿਹੜੀ “ਨੂਰੀ ਲੋਰ” ਬਖਸ਼ਦਾ ਹੈ ਉਸਦਾ ਬਿਆਨ ਸ਼ਬਦਾਂ ਤੋਂ ਬਾਹਰ ਦੀ ਗੱਲ ਹੈ:

“ਸੌਂ ਜਾ ਮੇਰੇ ਲਾਲ
ਜਾਗਣ ਦਾ ਮੁੱਲ ਮਹਿੰਗਾ ਏਥੇ,
ਸੁਪਨੇ ਹੋਣ ਹਲਾਲ।
ਸੌਂ ਜਾ ਮੇਰੇ ਲਾਲ।
ਨੀਂਦ ਦੀ ਨਗਰੀ ਜੰਨਤ ਜਾਈ
ਇਹਦੇ ਵਰਗੀ ਕੌਣ?
ਟੂਣੇਹਾਰੀ ਖੁਸ਼ਬੂ ਜਿੱਥੇ
ਜਾਦੂਗਰਨੀ ਪੌਣ।
ਸੁਪਨ-ਪੰਘੂੜੇ ਦੇ ਵਿੱਚ ਲੇਟੇ
ਝੂਟੇ ਲੈਣ ਖਿਆਲ
ਸੌਂ ਜਾ ਮੇਰੇ ਲਾਲ।
ਨੀਂਦ ਦਾ ਸ਼ੀਸ਼ਾ ਕਰਨੀ ਵਾਲਾ
ਇਹ ਲਿਖ ਸਕਦਾ ਲੇਖ।
ਇਹਦੇ ਸਾਹਵੇਂ ਨਗਨ ਖੜੋ ਕੇ
ਅੱਖੀਆਂ ਮੀਟ ਕੇ ਵੇਖ।
ਸਭ ਨੂੰ ਰੂਹ ਦੇ ਦਰਸ ਕਰਾਵੇ
ਇਹਦੀ ਕਲਾ ਕਮਾਲ
ਸੌਂ ਜਾ ਮੇਰੇ ਲਾਲ।
ਰਾਵੀ ਦੀ ਰਹਿਮਤ ਹੈ ਜਿੱਥੇ
ਸਤਲੁਜ ਦਾ ਸੰਗੀਤ।
ਜੰਨਤ ਦਾ ਪ੍ਰਸ਼ਾਦ ਵੰਡੇਂਦਾ
ਜਿ਼ਹਲਮ ਦਾ ਹਰ ਗ਼ੀਤ।
ਨੱਚਦੀ ਪਈ ਝਨਾ ਵਿੱਚ ਜਿੱਥੇ
ਚੰਬੇ ਵਰਗੀ ਪ੍ਰੀਤ।
ਆਸਾ-ਵੰਦ ਬਿਆਸਾ ਜਿੱਥੇ
ਪਲ ਪਲ ਦੇਵੇ ਤਾਲ।
ਸੌਂ ਜਾ ਮੇਰੇ ਲਾਲ।
ਸੁੱਤੇ ਰਹਿਣ ਤਾਂ ਸਾਰੇ ਇਕੋ
ਘੁੱਗੀ ਵਾਂਗ ਮਾਸੂਮ।
ਜਾਗ ਪਏ ਤਾਂ ਚੰਗੇ, ਮੰਦੇ,
ਜ਼ਾਲਮ ਜਾਂ ਮਜ਼ਲੂਮ।
ਕੁਝ ਸੁਪਨੇ ਨੀਂਦਾਂ ਘਰ ਟਿਕਦੇ
ਜਿਉਂ ਸ਼ੀਸੇ ਵਿਚ ਵਾਲ
ਸੌਂ ਜਾ ਮੇਰੇ ਲਾਲ।

ਵੀਤਨਾਮੀ ਲੋਕ ਨਾਇਕ “ਹੋ-ਚੀ-ਮਿੰਨ” ਦੀ ਲੋਕਮਈ ਸ਼ਖਸੀਅਤ, ਮਨੁੱਖਤਾ ਦੀ ਆਜ਼ਾਦ-ਅਣਖੀ ਬਰਕਰਾਰੀ ਨੂੰ ਸਮਰਪਿਤ ਸੰਘਰਸ਼ ਵਿਚਲੀ ਉਸਦੀ ਲੋਕ ਨਾਇਕਤਾ ਦੀ ਨੁਹਾਰ, ਵਿੱਚ ਜਿਸ ਸੂਝ ਨਾਲ “ਨੂਰ” ਨੇ ਵਿਸ਼ਵਮਈ ਅਰਥ ਭਰੇ ਹਨ, ਉਹ ਨੂਰ ਦੀ ਪ੍ਰਤਿਭਾ ਦਾ ਅਦੁੱਤੀ ਕਮਾਲ ਹੈ। “ਹੋ-ਚੀ-ਮਿੰਨ” ਮਹਾਂਕਾਵਿ ਵਿਚਲੇ ਹੋ-ਚੀ-ਮਿੰਨ ਦੇ ਅਪਣੇ ਲੋਕਾਂ ਨੂੰ “ਅੰਤਿਮ ਸਲਾਮ” ਵਿੱਚ “ਨੂਰ” ਦਾ ਆਪਾ ਹੂ-ਬ-ਹੂ ਸਮੋਇਆ ਪ੍ਰਤੀਤ ਹੁੰਦਾ ਹੈ:

“ਉਮਰ ਭਰ
ਲੋਕਾਂ ਲਈ ਮੈਂ ਜੂਝਿਆ
ਦੇਸ਼ ਲਈ
ਮਹਾਨ ਇਨਕਲਾਬ ਲਈ।
ਹੁਣ ਚਲਾ ਜਾਵਾਂ
ਤਾਂ ਕੋਈ ਗ਼ਮ ਨਹੀਂ
ਸਿਰਫ ਮੈਂਨੂੰ ਹੋਰ ਸੇਵਾ ਕਰਨ ਦਾ
ਸੁਪਨਾ ਜਿਹਾ ਤੜਪਾਏਗਾ
ਮੌਤ –
ਜੀਵਨ ਦੀ ਸੜਕ ਤੇ
ਇਕ ਜ਼ਰੂਰੀ ਮੋੜ ਹੈ
ਇਹ ਮੇਰਾ ਰਾਹੀ ਸਰੀਰ
ਥੱਕ ਕੇ ਖੜ ਜਾਏਗਾ।
ਗ਼ਜ਼ਲ ਦੇ ਪਿੰਡੇ ਤੋਂ, ਮੁਹੱਮਲ
ਸ਼ਬਦ ਇਕ ਝੜ ਜਾਏਗਾ।
ਸ਼ਬਦ ਲੰਗੜੇ ਨੇ,
ਜੋ ਅਰਥਾਂ ਦਾ ਸਹਾਰਾ ਭਾਲਦੇ
ਅਰਥ ਕਾਮਲ ਨੇ
ਕਲਾ ਤੇ ਜਿ਼ੰਦਗੀ ਦੇ ਨਾਲ ਦੇ
ਜਦੋਂ ਤੀਕ
ਜ਼ਾਲਮ ਦੀ ਅਰਥੀ ਨਾ ਸਜਾਈ ਜਾਏਗੀ
ਮੈਂ ਤੁਹਾਡੇ ਨਾਲ ਅਰਥਾਂ ਵਾਂਗ
ਜੀਂਦਾ ਰਹਾਂਗਾ।”

ਇੰਗਲੈਂਡ ਵਿੱਚ “ਨੂਰ” ਦਾ ਪਗੜੀ ਹੱਕ ਲਈ ਕੀਤਾ ਘੋਲ, ਮਜ਼ਦੂਰ ਜਮਾਤ ਦੇ ਹੱਕ ਲਈ ਅਣਥੱਕ ਕੰਮ ਜਿੱਥੇ ਇਸ “ਸਲਾਮ” ਵਿਚਲਾ “ਨੂਰ” ਦੇ ਹਿੱਸੇ ਆਇਆ “ਲੋਕਾਂ ਲਈ ਜੂਝਣਾ” ਹੈ ਓਥੇ “ਜ਼ਾਲਮ ਦੀ ਅਰਥੀ” ਵਿਚਲਾ ਜ਼ਾਲਮ “ਨੂਰ” ਲਈ ਠੰਢੀਆਂ ਜੰਗਾਂ, ਤਾਰਾ ਜੰਗਾਂ ਤੇ ਪ੍ਰਮਾਣੂ ਬੰਬਾਂ ਨੂੰ ਜਨਮ ਦੇਣ ਵਾਲਾ ਸੰਗਦਿਲ ਹੈ। ਜਿਸਦੀ ਅਰਥੀ ਨਿਕਲਣ ਤੀਕ ਉਹ ਸਾਡੇ ਨਾਲ ਅਰਥਾਂ ਵਾਂਗ ਜੀਵਿਆ ਹੈ, ਜੀਂਦਾ ਹੈ ਤੇ ਜੀਂਦਾ ਰਹੇਗਾ:

“ਜੀਆਂਗਾ ਕਦੀ ਵੀ ਨਾ ਮੁਰਦਾ ਰਹਾਂਗਾ
ਹਯਾਤੀ ਦੇ ਅੰਮ੍ਰਿਤ ‘ਚ ਖੁਰਦਾ ਰਹਾਂਗਾ।
ਏਹੋ ਮੇਰੀ ਮੰਜਿ਼ਲ ਏਹੋ ਮੇਰੀ ਮੁਕਤੀ
ਮੈਂ ਟੁਰਦਾ ਰਿਹਾ ਹਾਂ , ਟੁਰਦਾ ਰਹਾਂਗਾ।”

ਬਾਬੇ ਨਾਨਕ ਦੇ ਆਸ਼ੇ ਨੂੰ ਪਰਨਾਏ ਹੋਏ “ਨੂਰੀ-ਗੁਰਮੁਖਾਂ” ਦੇ ਪੈਰਾਂ ‘ਚ ਇਹੀ ਚੱਕਰ ਹੁੰਦਾ ਹੈ। ਸਦਾ ਟੁਰਦੇ ਰਹਿਣ ਦਾ ਦਰਿਆਈ ਸੁਭਾਅ। ਨਨਕਾਣੇ ਤੋਂ ਸੁਲਤਾਨਪੁਰ, ਸੁਲਤਾਨਪੁਰੋਂ ਮੱਕੇ ਮਦੀਨੇ, ਅਸਾਮ, ਬੰਗਾਲ ਤੇ ਲੰਕਾ ਦੇਸ਼ਾਂ ਤੀਕ ਤੇ ਸੱਤ ਸਮੁੰਦਰਾਂ ਦੀਆਂ ਹੱਦਾਂ ਟੱਪ ਕੇ ਪਰਵਾਸ ਧਾਰਦੇ ਐਸੇ “ਗੁਰਮੁਖ”, ਪਰ ਅਪਣੇ ਪਰਵਾਸ ਤੇ ਇਲਜ਼ਾਮ ਨਈਂ ਆਉਣ ਦਿੰਦੇ। ਇਸਨੂੰ ਸਾਰਥਿਕ ਰੱਖਦੇ ਹਨ। ਨੂਰ ਨਾਲ ਓਤਪੋਤ। ਨੂਰਾਨੀ !! ਹਯਾਤੀ ਦੀ ਹੂਕਵੀਂ ਪੈਰਵੀ:

“ਨੂਰ ਦਾ ਦੇਸ਼ ਕਿਹੜੀ ਦਿਸ਼ਾ ਵਿੱਚ ਨਹੀਂ
ਜੇ ਮੈਂ ਪੱਛਮ ‘ਚ ਨਾ ਤੜਪਦਾ ਜੂਝਦਾ
ਘੋਰ ਇਲਜ਼ਾਮ ਸੀ ਮੇਰੇ ਪਰਵਾਸ ਤੇ।”

ਅਜਿਹੇ ਬ੍ਰਹਿਮੰਡੀ ਚੇਤਨਾ ਵਾਲੇ ਗੁਰਮੁਖਾਂ ਨੂੰ ਸਲਾਮ ਰਘੁਬੀਰ ਢੰਡ ਦੇ ਸ਼ਬਦਾਂ ਤੋਂ ਪਰ੍ਹੇ ਕੀ ਹੋਵੇਗਾ…”ਈਸਾ ਮਸੀਹ ਭਾਵੇਂ ਮੇਰਾ ਆਦਰਸ਼ ਨਹੀਂ, ਪਰ ਉਹ ਇੰਨਾ ਨਿੱਘਾ ਬੰਦਾ ਸੀ ਕਿ ਉਹਦੀ ਸੰਗਤ ‘ਚ ਮਨੁੱਖ ਅਪਣੇ ਆਪ ਨੂੰ ਵੱਡਾ ਵੱਡਾ ਜ਼ਰੂਰ ਮਹਿਸੂਸਦਾ ਸੀ। ਜਦੋਂ ਕਦੇ ਵੀ, ਪਿਆਰੇ ਦੋਸਤ ਅਤੇ ਸਾਥੀ, ਮੈਂ ਦੋ ਘੜੀਆਂ ਤੇਰੇ ਦਰਬਾਰ ‘ਚ ਬੈਠਿਆ ਹਾਂ ਤਾਂ ਮੈਂ ਅਪਣੇ ਆਪ ਨੂੰ ਰੋਹੀ ਦੀ ਜੰਡ ਨਹੀਂ ਸਮਝਿਆ ਬਲਕਿ ਅਪਣੇ ਪਿੰਡ ਦੀ ਉਹ ਘਣਛਾਵੀਂ ਨਿੰਮ ਜੀਹਦੇ ਨਾਲ ਮੇਰੇ ਪਿੰਡ ਦੀਆਂ ਹੀਰਾਂ ਪੀਘਾਂ ਪਾ ਕੇ ਰੱਬ ਜੇਡੀਆਂ ਪੀਘਾਂ ਚੜ੍ਹਾਉਂਦੀਆਂ ਸਨ। ਈਸਾ ਵਰਗੇ ਪਿਆਰੇ ਮਨੁੱਖ! ਅੱਜ ਦੇ ਦਿਨ ਅਪਣੇ ਅਜ਼ੀਜ਼ ਦੋਸਤ ਦਾ ਸਲਾਮ ਕਬੂਲ ਕਰੀਂ!!”
(ਉਂਕਾਰਪ੍ਰੀਤ, ਟਰਾਂਟੋ, ਕੈਨੇਡਾ)
***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 5 ਸਤੰਬਰ 2007)
(ਦੂਜੀ ਵਾਰ 25 ਨਵੰਬਰ 2021)

***
513
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ