25 April 2024

ਨਿਤ ਚੋਲਾ ਬਦਲਦੀ ਆਤਮਾ ਮਰਦੀ ਨਹੀਂ – ਅਜੀਤ ਸਿੰਘ ‘ਸੁੰਦਰ’

ਨਿਤ ਚੋਲਾ ਬਦਲਦੀ ਆਤਮਾ ਮਰਦੀ ਨਹੀਂ

ਅਜੀਤ ਸਿੰਘ ‘ਸੁੰਦਰ’

ਮੌਤ ਕੀ ਹੈ? ਮੌਤ ‘ਪੰਜ ਭੂਤਕ ਦੇਹ’ ਤੋਂ ਆਤਮਾਂ ਦੀ ਜੁਦਾਈ ਦਾ ਨਾਮ ਹੈ। ਮੌਤ, ਸਰੀਰ ਤੋਂ ਆਤਮਾ ਦਾ ਵਿਛੋੜਾ ਹੈ। ਸਰੀਰ ‘ਚੋਂ ਰੂਹ ਦਾ ਇਹ ਵਿਛੋੜਾ ਉਸ ਸਮੇਂ ਵਾਪਰਦਾ ਹੈ ਜਦ ‘ਜੀਵਨ-ਜੋਤ’ ਇਸ ਦੇਹੀ ਨੂੰ ਕਾਇਮ ਨਾ ਰੱਖ ਸਕੇ। ਜਦੋਂ ਸਰੀਰ ਆਪਣੀ ਸਾਰੀ ਸ਼ਕਤੀ ਗੁਆ ਬਹੇ, ਥੱਕ ਜਾਏ, ਹਾਰ ਜਾਏ ਅਤੇ ਸਰੀਰ ਅਤੇ ਆਤਮਾ ਦਾ ਇਕੱਠਿਆਂ ਹੋਰ ਤੁਰ ਸਕਣਾ ਅਸੰਭਵ ਹੋ ਜਾਵੇ ਤਾਂ ਮੌਤ ਵਾਪਰ ਗਈ ਆਖ ਦਿੱਤਾ ਜਾਂਦਾ ਹੈ। ਆਤਮਾ, ਸਰੀਰ ਤੋਂ ਜੁਦਾ ਹੋਈ ਨਹੀਂ ਕਿ ਉਹ ਇਸ ਸਰੀਰ ਰੂਪੀ ਕੈਦ ਤੋਂ ਆਜ਼ਾਦ ਹੋ ਗਈ। ਮੌਤ ਬਦਲਾਉ ਹੈ, ਜ਼ਰੂਰੀ ਹੈ, ਅਰੁੱਕ ਹੈ ਅਤੇ ਸੱਚ ਹੈ। ਇਸ ਲਈ ਹੀ ਤਾਂ ਆਖਿਆ ਜਾਂਦਾ ਹੈ: ਜੀਣਾ ਝੂਠ, ਮਰਨਾ ਸੱਚ। ਹੱਥਲੀ ਲਿੱਖਤ ਦਾ ਮੰਤਵ ਹੈ ਮੌਤ ਨੂੰ ਨੇੜਿਉਂ ਹੋ ਕੇ ਵੇਖਣਾ। ਮੌਤ ਨਾਲ ਸਬੰਧਤ ਕੁਝ ਜ਼ਰੂਰੀ ਪਹਿਲੂਆਂ ਉਤੇ ਵਿਚਾਰ ਕਰਦਿਆਂ ਦਰਸਾਉਣਾ ਕਿ ਕਿਵੇਂ ਆਤਮਾ ਆਪਣੇ ਨਿਸਚਿਤ ਸਮੇਂ ‘ਤੇ ਨਿਤ ਚੋਲਾ (ਸਰੀਰ) ਤਾਂ ਬਦਲਦੀ ਹੈ ਪਰ ਆਤਮਾ ਅਮਰ ਰਹਿੰਦੀ ਹੈ। ਮਰਦੀ ਨਹੀ।

ਮੌਤ ਨੂੰ ਬਹੁਤ ਨੇੜਿਉਂ ਹੋ ਕੇ ਵੇਖਣ ਦਾ ਇਕ ਯਤਨ ਕਰਦਿਆਂ ਮਿਸਾਲ ਦਿੱਤੀ ਜਾ ਸਕਦੀ ਹੈ ਇਕ ਵੱਗਦੇ ਹੋਏ ਦਰਿਆ ਨਾਲ। ਵੱਗਦਾ ਦਰਿਆ ਜਿ਼ੰਦਗੀ ਹੈ। ਖੜੋਤਾ ਪਾਣੀ ਮੌਤ। ਹਰ ਵਗਦਾ ਦਰਿਆ ਹਮੇਸ਼ਾਂ ਦੋ ਕਿਨਾਰਿਆਂ ਵਿਚਕਾਰ ਹੀ ਤੁਰਦਾ ਹੈ, ਵਹਿੰਦਾ ਹੈ। ਠੀਕ ਇੰਝ ਹੀ ਮੌਤ ਰੂਪੀ ਨਦੀ ਵੀ ਆਪਣੇ ਦੋ ਕਿਨਾਰਿਆਂ: ਸੰਜੋਗ ਅਤੇ ਵਿਜੋਗ ਦੇ ਦੋ ਕਿਨਾਰਿਆਂ ਵਿਚਕਾਰ ਹੀ ਵੱਗਦੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ: ‘ਸੰਜੋਗ ਵਿਜੋਗ ਦੋਇ ਕਾਰ ਚਲਾਵਹਿ॥’ ਅਕਾਲ ਪੁਰਖ ਦਾ ਅੱੱਟਲ ਨਿਯਮ ਹੈ ਜੋ ਜੰਨਮਿਆ ਹੈ ਸੋ ਜ਼ਰੂਰ ਹੀ ਮਰੇਗਾ। ਮਨੁੱਖ, ਮਰਨ ਲਈ ਹੀ ਤਾਂ ਜਨਮ ਲੈਂਦਾ ਹੈ। ਕਿਸੇ ਸ਼ਾਇਰ ਦਾ ਕਹਿਣਾ ਹੈ:

ਜਿ਼ੰਦਗੀ ਕਿਆ ਹੈ? ਜ਼ਹੂਰੇ ਅਨਾਸਰ ਕੀ ਤਰਕੀਬ।’
ਮੌਤ ਕਿਆ ਹੈ? ਇਨਹੀ ਅਜਜਾਂ ਕਾ ਪਰੇਸ਼ਾਂ ਹੋਨਾ।’

ਪੰਜਾਂ ਤੱਤਾਂ ਦੇ ਸੰਜੋਗ ਨਾਲ ਬਣਦਾ ਹੈ ਇਹ ਸਰੀਰ। ਜੀਵਨ ਦੇ ਕਿਸੇ ਮੋੜ ‘ਤੇ ਇਹਨਾਂ ਤੱਤਾਂ ਦਾ ਵਿਖਰਨਾ ਜਾਂ ਵੱਖ ਵੱਖ ਹੋਣਾ ਹੈ ਮੌਤ। ਦਰਅਸਲ ਜੇ ਕਰ ਗਹੁ ਨਾਲ ਵਿਚਾਰੀਏ ਤਾਂ ਸਮਝ ਪੈ ਜਾਵੇਗੀ ਕਿ ਮੌਤ, ਰੱਬ ਦਾ ਬਹੁਤ ਹੀ ਪਿਆਰਾ ‘ਸ਼ਾਹਕਾਰ’ ਹੈ। ਮੌਤ, ਇਸ ਸੰਸਾਰ ਨੂੰ ਨਵਾਂ ਨਰੋਆ ਅਤੇ ਸਾਫ਼ ਸੁਥਰਾ ਰੱਖਣ ਵਿਚ ਬਹੁਤ ਹੀ ਮਹੱਤਵ-ਪੂਰਨ ਰੋਲ ਅਦਾ ਕਰਦੀ ਹੈ। ਪੁਰਾਣੇ, ਉਮਰ ਭੋਗ ਚੁੱਕੇ ਅਤੇ ਸੱਤਿਆ-ਹੀਣ ਮਨੁੱਖਾਂ ਸਮੇਤ ਸਾਰੇ ਹੀ ਜੀਵ-ਜੰਤੂ, ਪਸ਼ੂ-ਪੰਛੀ, ਚੌ-ਪਾਏ, ਦੋ-ਪਾਏ, ਪੇੜ-ਪੌਦੇ ਆਦਿ ਆਪਣੇ ਪਹਿਲਾਂ ਤੋਂ ਹੀ ਨਿਸਚਿਤ ਸਮੇਂ ਅਨੁਸਾਰ ਇਸ ਸੰਸਾਰ ਤੋਂ ਕੂਚ ਕਰੀ ਜਾਂਦੇ ਹਨ ਅਤੇ ਹੋਰ ਨਵੇਂ ਜਨਮ ਲੈ ਕੇ ਆਈ ਜਾਂਦੇ ਹਨ। ਇਹੋ ਹੀ ਸੰਸਾਰ ਦੀ ਕਿਰਿਆ ਹੈ, ਰੀਤ ਹੈ। ਇਹ ਕਿਰਿਆ ਨਿਰੰਤਰ ਸਦੀਵੀ ਕਾਲ ਤੋਂ ਹੀ ਚੱਲੀ ਆ ਰਹੀ ਹੈ ਅਤੇ ਇਹ ਨਿਯਮ ਅਟੱਲ ਹੈ, ਅ-ਰੁੱਕ ਹੈ।

ਉਂਝ ਮਰਨਾ ਕੌਣ ਚਾਹੁੰਦਾ ਹੈ? ਵੱਸ ਲੱਗਦੇ ਕੋਈ ਵੀ ਨਹੀਂ। ਅਸੀਂ ਸਾਰੇ ਹੀ ਜੀਵ-ਜੰਤੂ ਸਿਰਫ਼ ਜੀਣਾ ਹੀ ਲੋਚਦੇ ਹਾਂ। ਕੋਈ ਵੀ ਮਰਨਾ ਨਹੀਂ ਚਾਹੁੰਦਾ। ਪਰ ਗੱਲ ਸਾਡੇ ਚਾਹੁਣ ਜਾਂ ਨਾ-ਚਾਹੁਣ ਦੀ ਨਹੀਂ। ਹਰ ਜਨਮ ਲੈਣ ਵਾਲੇ ਨੂੰ ਇੱਕ ਨਾ ਇੱਕ ਦਿਨ ਆਪਣੇ ਆਏ ਸਮੇਂ ‘ਤੇ ਜ਼ਰੂਰ ਹੀ ਮਰਨਾ ਪਵੇਗਾ। ਇਸ ਸੰਸਾਰ ਵਿੱਚ ਸਾਡਾ ‘ਸੰਜੋਗ’ ਸਾਡਾ ਮੇਲ ਕਰਾਉਂਦਾ ਹੈ ਅਤੇ ‘ਵਿਜੋਗ’ ਕਾਰਨ ਵਿਛੋੜਾ ਹੁੰਦਾ ਹੈ। ਤਾਹੀਉਂ ਤਾਂ ਸਿਆਣੇ ਹੋਕਾ ਦੇਂਦਿਆਂ ਕਹਿੰਦੇ ਹਨ: ‘ਜੀਵਨ, ਨਦੀ ਦੇ ਵਗਦੇ ਪਾਣੀ ਵਾਂਗ ਨਿਰੰਤਰ ਵੱਗ ਰਿਹਾ ਹੈ। ਜਿਹੜਾ ਪਾਣੀ ਇੱਕ ਥਾਂ ਤੋਂ ਵਗ ਕੇ ਅਗ੍ਹਾਂ ਵੱਧ ਗਿਆ ਮੁੜ ਉਸੇ ਥਾਂ ਤੇ ਦੋਬਾਰਾ ਨਹੀਂ ਆਵੇਗਾ।’ ਠੀਕ ਇਵੇਂ ਹੀ ਪਹਿਲਾਂ ਜਿ਼ੰਦਗੀ ਸੀ ਹੁਣ ਨਹੀਂ ਹੈ। ਜੋ ਹੁਣ ਹੈ, ਦੂਜੇ ਪੱਲ ਮੁੜ ਉਹੋ ਨਹੀਂ ਰਹੇਗਾ। ਜੋ ਦਿਨ ਅੱਜ ਦਾ ਸੂਰਜ ਲੈ ਕੇ ਆਇਆ ਫਿਰ ਇਸ ਨੇ ਮੁੜ ਨਹੀਂ ਆਉਣਾ। ਸਰੀਰ ਰੂਪੀ ਭਾਂਡਾ/ਠੀਕਰ ਇੱਕ ਬਾਰ ਟੁੱਟ ਜਾਏ ਫਿਰ ਮੁੜ ਉਸੇ ਹੀ ਰੂਪ ਵਿਚ ਨਜ਼ਰ ਨਹੀ ਆਉਣਾ। ਸਰੀਰ ਨਹੀਂ ਰਹਿਣਾ ਪਰ ਆਤਮਾ?

ਆਤਮਾ ਤਾਂ ਅਮਰ ਹੈ। ਸਦ ਰਹਿਣੀ ਹੈ। ਸਦਾ ਬਹਾਰ ਹੈ। ਆਤਮਾ, ਪਰਮਾਤਮਾ ਦੀ ਅੰਸ਼ ਹੈ। ਪਰਮਾਤਮਾ ਹੈ, ਸਦਾ ਹੈ। ਪਰਮਾਤਮਾ ਹੈ ਤਾ ਆਤਮਾ ਵੀ ਸਦ-ਰਹਿਣੀ ਹੈ। ਭਗਤ ਕਬੀਰ ਜੀ ਦਾ ਫੁਰਮਾਨ ਹੈ: ‘ਕਹੁ ਕਬੀਰ ਇਹ ਰਾਮ ਕੀ ਅੰਸ਼।’ ਸਰੀਰ ਮਰਦਾ ਹੈ। ਆਤਮਾ ਜਨਮ-ਮਰਨ ਦੋਹਾਂ ਤੋਂ ਹੀ ਮੁੱਕਤ ਹੈ, ਅਬਿਨਾਸ਼ੀ ਪ੍ਰਭੂ ਦੀ ਅੰਸ਼ ਹੈ। ਜਦੋਂ ਉਸ ਅਕਾਲ ਪੁਰਖ ਦਾ ਹੁਕਮ ਆਉਂਦਾ ਹੈ ਤਾਂ ‘ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ’ ਦੀ ਪਾਲਣਾ ਹੁੰਦੀ ਹੈ। ਆਤਮਾ, ਪੰਜ ਤੱਤਾਂ ਦੇ ਬਣੇ ਸਰੀਰ ਦੀ ਪਰਵਾਹ ਨਾ ਕਰਦੀ ਹੋਈ, ਆਪਣੇ ‘ਅਮਰਾਪਦ’ ਦੇ ਸੁਭਾ ਨੂੰ ਨਹੀ ਤਿਆਗਦੀ। ਇਸ ਕਿਰਿਆ ਨੂੰ ਸਮਝਣ ਲਈ ਅਸੀਂ ਚਾਨਣ, ਰੌਸ਼ਨੀ ਜਾਂ ਪ੍ਰਕਾਸ਼ ਦਾ ਸਹਾਰਾ ਲੈ ਸਕਦੇ ਹਾਂ। ਇਸ ਪ੍ਰਕਾਸ਼ ਦਾ ਸਰੋਤ ਕੀ ਹੈ? ਸੂਰਜ? ਹਨੇਰੇ ਵਿਚ ਚਾਨਣ ਦੀ ਇਕੱ ਛਿੱਟ ਵੀ ਆਕਾਰ ਪੈਦਾ ਕਰ ਦਿੰਦੀ ਹੈ। ਸਰੂਪ ਬਣਾ ਕੇ ਸਾਡੇ ਸਾਹਮਣੇ ਲਿਆ ਦਿੰਦਾ ਹੈ ਇਹ ਪ੍ਰਕਾਸ਼। ਪ੍ਰਕਾਸ਼ ਦਾ ਪਤਾ ਅਤੇ ਮਹੱਤਤਾ ਹਨੇਰੇ ਕਾਰਨ ਹੀ ਹੈ। ਆਤਮਾ ਵੀ ਉਸ ਵੱਡ ਪ੍ਰਕਾਸ਼ ਪਰਮਾਤਮਾ ਦੀਆਂ ‘ਚਾਨਣ ਕਿਰਣਾਂ’ ਹੀ ਹਨ। ਸਰੀਰ ਵਿਚ ਆਤਮਾ ਰੂਪੀ ਪਰਕਾਸ਼ ਹੈ, ਜੀਵਨ ਹੈ। ਜੀਵਨ-ਜੋਤ ਬੁਝੀ ਨਹੀਂ ਕਿ ਆਤਮਾ ਵੀ ਸਰੀਰ ਤੋਂ ਵੱਖ ਹੋ ਕੇ ਸੁਤੰਤਰ ਹੋ ਜਾਂਦੀ ਹੈ। ਸਰੀਰ ਹਰਕਤ ਰਹਿਤ ਹੋ ਜਾਂਦਾ ਹੈ। ਆਤਮਾ ਦਾ ਸਰੀਰ ਤੋਂ ਵਿਛੜਨਾ, ਇਕ ਪਾਸੇ ਜੁਦਾਈ ਦਾ ‘ਭਰਮ’ ਦਿੰਦਾ ਹੈ ਦੂਜੇ ਪਾਸੇ ‘ਆਤਮਾ ਦਾ ਪਰਮਾਤਮਾ’ ਨਾਲ ਮਿਲਣ, ਮਿਲਾਪ ਬਣ ਜਾਂਦਾ ਹੈ।

ਇਹ ਮਰਨ-ਜੰਮਣ ਦਾ ਅਟੱਲ ਨਿਯਮ ਲਗਾਤਾਰ ਚੱਲਦਾ ਰਹਿੰਦਾ ਹੈ। ਬਦਲਦਾ ਨਹੀਂ। ਹਾਂ ਇਹ ਗੱਲ ਵੱਖਰੀ ਹੈ ਕਿ ਕਦੇ ਕਦੇ ਅਸੀਂ ਅਨਜਾਣ ਮਨੁੱਖ ਅਕਸਰ ਇਸ ਨਿਯਮ ਨੂੰ ਸਮਝਣ ਤੋਂ ਅਸਮਰਥ ਰਹਿ ਜਾਂਦੇ ਹਾਂ। ਤਬਦੀਲੀ ਤਾਂ ਪੈਰ ਪੈਰ ਤੇ ਹੋ ਰਹੀ ਹੁੰਦੀ ਹੈ। ਬੱਚਾ ਪੈਦਾ ਹੋਇਆ, ਮਾਤਾ-ਪਿਤਾ ਦੀ ਗੋਦੀ ਵਿਚ ਬਚਪਨ ਪਲਿਆ। ਬਚਪਨ ਲੰਘਿਆ, ਜਵਾਨੀ ਆ ਗਈ। ਵਿਆਹ ਦੇ ਰੰਗ-ਤਮਾਸਿ਼ਆਂ ਵਿਚ ਜਵਾਨੀ ਖਿਸਕੀ, ਮੁੜ ਹੱਥ ਨਾ ਆਈ, ਬੁਢਾਪੇ ਨੇ ਥਾਂ ਲੈ ਲਈ। ਫਿਰ ਸਮਾਂ ਆਇਆ ਬੁਢਾਪਾ ਵੀ ਨਾ ਰਿਹਾ। ਅੰਗ ਜਵਾਬ ਦੇ ਗਏ। ਕਦੇ ਅਸਾਧ ਰੋਗਾਂ ਦਾ ਚੱਕਰ ਅਤੇ ਕਦੇ ਘਟਨਾਵਾਂ-ਦੁਰਘਟਨਾਵਾਂ ਦੀਆਂ ਘੁੰਮਣ-ਘੇਰੀਆਂ। ਪੈਰ ਪੈਰ ‘ਤੇ ਜੀਵਨ ਬਦਲੀ ਜਾ ਰਿਹਾ ਹੈ। ਪਰੀਵਰਤਣ ਹੋ ਰਿਹਾ ਹੈ। ਪਾਣੀ ਦਾ ਪਰਵਾਹ ਨਿਰੰਤਰ ਜਾਰੀ ਹੈ। ਸਰੀਰ ਦੀ ਲੀਲਾ ‘ਆਰੰਭ-ਸਮਾਪਤੀ’ ਦਾ ਚੱਕਰ ਕੱਟਦੀ ਜਾ ਰਹੀ ਹੈ। ਆਤਮਾ ਤੁਰੀ ਜਾ ਰਹੀ ਹੈ।

ਆਤਮਾ ਸਬੰਧੀ ਵੀ ਥੋੜੀ ਜਿਹੀ ਵਿਚਾਰ ਕਰ ਲੈਣੀ ਬਣਦੀ ਹੈ। ਧਾਰਮਿਕ ਸੰਸਾਰ ਅੰਦਰ ਮਹਾਂ-ਪੁਰਖ, ਵਿਚਾਰਵਾਨ, ਤੱਤਵੇਤਾ ਪੁਰਖ ਅਤੇ ਵਿਗਿਆਨਕ, ਸਭ ਹੀ ਆਤਮਾ ਦੀ ਹੋਂਦ ਨੂੰ ਪਰਵਾਨ ਕਰਦੇ ਹਨ। ਸਭਨਾਂ ਦਾ ਵਿਚਾਰ ਵੀ ਇਹੀ ਹੈ ਕਿ ਆਤਮਾ ਸਰੀਰ ਤੋਂ ਵੱਖਰੀ ਹੈ। ਆਤਮਾ ਹੈ ਤਾਂ ਹੀ ਸਰੀਰ ਕਿਰਿਆ-ਸ਼ੀਲ ਹੈ। ਆਤਮਾ ਸਰੀਰ ਤੋਂ ਵੱਖ ਹੋਈ ਨਹੀਂ ਕਿ ਸਰੀਰ ਤਾਂ ਨਕਾਰਾ ਹੋ ਗਿਆ ਪਰ ਆਤਮਾ ਨਹੀਂ ਮਰਦੀ। ਕੁਝ ਕੁ ਨਾਸਤਕਾਂ/ਤਰਕ-ਵੇਤਾਵਾਂ ਅਤੇ ਵਿਗਿਆਨਿਕਾਂ ਦਾ ਵਿਚਾਰ ਇੰਝ ਵੀ ਹੈ ਕਿ ਆਤਮਾ ‘ਚੇਤੰਨਤਾ’ ਦਾ ਸੰਮੂਹ ਹੈ। ਆਤਮਾ ਜਾਂ ਚੇਤੰਨਤਾ ਤੱਤਾਂ ਦਾ ਹੀ ਮੇਲ ਹੈ। ਹਿੰਦੂ ਧਾਰਮਿਕ ਗ੍ਰੰਥ ਗੀਤਾ ਵਿਚ ਲਿਖਿਆ ਹੈ:

‘ਯਿਹ ਆਤਮਾ ਅਮਰ ਹੈ, ਮਾਰੇ ਸੇ ਮਰ ਸਕਤਾ ਨਹੀਂ।
ਨਾਸ਼ ਇਸਕਾ ਅਸਤ੍ਰ ਯਾ ਹਥਿਆਰ ਕਰ ਸਕਤਾ ਨਹੀਂ।
ਆਗ ਸੇ ਜਲਤਾ ਨਹੀਂ, ਜਲ ਡਬੋ ਸਕਤਾ ਨਹੀਂ।
ਦੇਹ ਬਦਲਤਾ ਹੈ ਮਗਰ ਨਾਸ਼ ਹੋ ਸਕਤਾ ਨਹੀਂ।

ਉਪਨਿਸ਼ਦ ਵਿਚ ਲਿਖਿਆ ਹੈ ਕਿ ਯਮ ਨੇ ‘ਨਿਚਿਕੇਤਾ’ ਨੂੰ ਸਿੱਖਿਆ ਦਿੰਦਿਆਂ ਕਿਹਾ: ਮਨੁੱਖ ਬਾਹਰੀ ਗਿਆਨ ਨਾਲ ਆਤਮਾ ਨੂੰ ਨਹੀਂ ਵੇਖ ਸਕਦਾ। ਨਾ ਹੀ ਅਕਲ ਜਾਂ ਕਿਸੇ ਹੁਨਰ ਨਾਲ ਹੀ ਵੇਖ ਸਕਦਾ ਹੈ। ਆਤਮਾ ਦੀ ਹੋਂਦ ਨੂੰ ਆਤਮਾ ਹੀ ਵੇਖ ਅਤੇ ਪਹਿਚਾਣ ਸਕਦੀ ਹੈ। ਨਿਆਇ ਸ਼ਾਸ਼ਤਰ ਨੇ ਜੀਵ ਨੂੰ ਅਨਾਦੀ ਮੰਨਿਆ ਹੈ। ‘ਸਾਂਖ’ ਦੇ ਖਿਆਲ ਅਨੁਸਾਰ ਦੋ ਕਿਸਮ ਦੇ ਸਰੀਰ ਹਨ: ਸੂਖਮ ਅਤੇ ਸਥੂਲ। ਜਦ ‘ਸੂਖਮ’ ਦੇਹ ਇਸ ‘ਵਜੂਦ’ ਵਿਚ ਆਉਂਦੀ ਹੈ ਤਾਂ ਉਸ ਕਿਰਿਆ ਨੂੰ ‘ਜਨਮ’ ਕਹਿੰਦੇ ਹਾਂ। ਜਿਸ ਸਮੇਂ ‘ਸੂਖਮ’ ਸਥੂਲ ਨਾਲੋਂ ਵੱਖ ਹੋ ਜਾਂਦੀ ਹੈ ਤਾਂ ਇਸ ਕਿਰਿਆ ਨੂੰ ‘ਮੌਤ’ ਦਾ ਨਾਮ ਦੇ ਦਿੱਤਾ ਜਾਂਦਾ ਹੈ।

ਪਰ ਆਤਮਾ ਦੀ ਕਦੇ ਮੌਤ ਨਹੀਂ ਹੁੰਦੀ। ਉਸ ਨੂੰ ਇਕ ਸਰੀਰ ਵਿਚੋਂ ਕੱਢਕੇ ਦੂਸਰੇ ਵਿਚ ਪਾ ਦਿੱਤਾ ਜਾਂਦਾ ਹੈ। ਮੋਤ ਦਾ ਸਿ਼ਕਾਰ ਤਾਂ ‘ਜੀਵ’ ਹੀ ਹੁੰਦਾ ਹੈ। ਸਿੱਖ ਧਰਮ ਅਨੁਸਾਰ ਮਨੁੱਖਾ ਜਨਮ ਪ੍ਰਭੂ ਦੀ ਦਇਆ ਨਾਲ ਹੀ ਮਿਲਦਾ ਹੈ ਅਤੇ ਮੌਤ ਉਸਦੇ ਭਾਣੇ ਅਨੁਸਾਰ ਹੀ ਹੁੰਦੀ ਹੈ:

‘ਜੰਮਣੁ ਮਰਣਾ ਹੁਕਮ ਹੈ, ਭਾਣੈ ਆਵੈ ਜਾਇ।’

ਹੁਣ ‘ਮੌਤ’ ਨੂੰ ਵੀ ਕਈ ਰੂਪ ਦਿੱਤੇ ਗਏ ਹਨ। ‘ਜੋ ਜਨਮ ਲੈਂਦਾ ਹੈ ਉਹ ਇਕ ਦਿਨ ਆਪਣੇ ਨਿਸਚਤ ਸਮੇਂ ਮੌਤ ਦੀ ਗੋਦ ਵਿਚ ਜ਼ਰੂਰ ਹੀ ਜਾਵੇਗਾ। ਪਰ ਆਮ ਮਨੁੱਖ ਮੌਤ ਦੇ ਕਾਰਨ ਲੱਭਣ ਤੁੱਰ ਪੈਂਦਾ ਹੈ। ਇੰਝ ਕਰਦਿਆਂ ਮੌਤ ਦੀਆਂ ਕਿਸਮਾਂ ਵੀ ਲੱਭਣ ਲੱਗਦਾ ਹੈ। ਕੋਈ ਜਨਮ ਲੈਣ ਉਪਰੰਤ ਹੀ ਮਰ ਜਾਂਦਾ ਹੈ, ਕੋਈ ਬਾਲਪਨ ਵਿਚ, ਜਵਾਨੀ ਵਿਚ ਜਾਂ ਬੁਢਾਪੇ ਵਿਚ ਟੁੱਰ ਜਾਂਦਾ ਹੈ। ਕੋਈ ਬਿਮਾਰੀ ਨਾਲ ਮਰਦਾ ਹੈ ਤਾਂ ਕੋਈ ਉਮਰ ਭੋਗ ਕੇ, ਕੰਬਦੇ ਅੰਗੀਂ। ਕੋਈ ਸੰਸਾਰ ਤੋਂ ਦੁਖੀ ਹੋ ਕੇ ਜਾਂ ਮਾਨਸਿਕ ਤੌਰ ਤੇ ਬਿਮਾਰ ਹੋਕੇ ਮਰਦਾ ਹੈ ਅਤੇ ਕੋਈ ਥੋੜ ਦਿਲਾ ਆਤਮਘਾਤ ਕਰਕੇ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ। ਕੋਈ ਹਾਦਸੇ ਦਾ ਸਿ਼ਕਾਰ ਹੁੰਦਾ ਹੈ ਅਤੇ ਕੋਈ ਤਜਰਬਿਆਂ ਦੀ ਮਾਰ ਹੇਠ ਆ ਕੇ ਜੀਵਨ ਤਿਆਗ ਦਿੰਦਾ ਹੈ। ਧਰਮ ਜਾਂ ਵਿਸ਼ਵਾਸ਼ ਦੇ ਪ੍ਰਭਾਵ ਹੇਠ ਜਾਂ ਸੱਚੇ-ਸੁੱਚੇ ਕਾਰਜਾਂ ਦੀ ਸਿੱਧੀ ਲਈ ਸ਼ਹਾਦਤ ਪਾ ਜਾਣੀ ਵੀ, ਮੌਤ ਦਾ ਕਾਰਣ ਬਣ ਜਾਂਦੀ ਹੈ। ਇੱਕ ਗੱਲ ਤਾਂ ਜ਼ਰੂਰ ਹੈ ਕਿ ਮੌਤ ਯਕੀਨੀ ਹੈ, ਮਾਲਕ ਦੇ ਹੁਕਮ ਅਨੁਸਾਰ ਹੈ, ਫਿਰ ਵੀ ਮੌਤ ਦੀ ਜਿ਼ੰਮੇਵਾਰੀ ਸਿੱਧੀ ‘ਮਾਲਕ’ ਆਪਣੇ ਉੱਪਰ ਨਹੀਂ ਲੈਂਦਾ। ਸਗੋਂ ਮਨੁੱਖ ਆਖਦਾ ਹੈ: ‘ਔਹ ਕੈਂਸਰ ਦੇ ਕਾਰਨ ਮਰ ਗਿਆ।’ ਜਾਂ ‘ਕੋਈ ਕਾਰ ਦੁਰਘਟਨਾ ਵਿਚ ਮਾਰਿਆ ਗਿਆ।’

ਮੌਤ ਨੂੰ ਇੱਕ ਹੋਰ ਢੰਗ ਨਾਲ ਵੀ ਵਿਚਾਰਿਆ ਜਾ ਸਕਦਾ ਹੈ ਜਿਵੇਂ ਕਿ ਆਰਥਿਕ ਮੌਤ, ਸਮਾਜਕ ਮੌਤ, ਮਾਨਸਿਕ ਮੌਤ, ਬੌਧਿਕ ਮੌਤ, ਰਾਜਨੀਤਕ ਮੌਤ ਅਤੇ ਆਤਮਿਕ ਮੌਤ ਆਦਿ। ਵਿਸਥਾਰ ਵਿਚ ਨਾ ਜਾਂਦਿਆਂ ਕੇਵਲ ਸੰਕੇਤ ਮਾਤਰ ਹੀ ਦੇ ਰਹੇ ਹਾਂ।

ਬੰਦੇ ਕੋਲ ਪੈਸਾ ਕਮਾਉਣ ਦਾ ਕੋਈ ਵਸੀਲਾ ਨਾ ਹੋਵੇ। ਰੋਟੀ-ਰੋਜ਼ੀ ਕਮਾਉਣ ਦੇ ਸਾਰੇ ਹੀ ਰਸਤੇ ਬੰਦ ਹੋ ਜਾਣ। ਬੰਦੇ ਦੇ ਸਿਰ ਲੋੜਾਂ-ਥੋੜਾਂ ਕਾਰਨ ਕਰਜ਼ਾ ਚੜ੍ਹ ਜਾਏ। ਕਰਜ਼ਾ ਦੇ ਨਾ ਸਕੇ। ਦੇਣਾ ਹੀ ਦੇਣਾ ਬਾਕੀ ਹੋਵੇ। ਲੈਣਾ ਕਿਸੇ ਤੋਂ ਵੀ ਨਾ ਹੋਵੇ। ਬੰਦਾ ਮਜ਼ਬੂਰਨ ‘ਦੀਵਾਲਾ’ ਦੇਣ ਲਈ ਮਜ਼ਬੂਰ ਹੋ ਜਾਵੇਗਾ। ਅਜਿਹੀ ਹਾਲਤ ਵਿਚ, ਸਰੀਰਕ ਤੌਰ ਤੇ ਤਾਂ ਭਾਵੇਂ ਬੰਦਾ ਜਿਉਂਦਾ ਹੀ ਨਜ਼ਰ ਆਉਂਦਾ ਹੈ ਪਰ ਆਰਥਕ ਪੱਖੋਂ ਉਸਦੀ ਮੌਤ ਹੋ ਚੁੱਕੀ ਹੁੰਦੀ ਹੈ। ਇੰਝ ਆਤਮਾ ਭਾਵੇਂ ਸਰੀਰ ਨੂੰ ਤਿਆਗਦੀ ਨਹੀਂ ਪਰ ਬੰਦਾ ਆਰਥਿਕ ਪੱਖੌਂ ਮਰਿਆ ਹੋਇਆ ਹੀ ਹੁੰਦਾ ਹੈ।

ਬੰਦੇ ਦਾ ਸੁਭਾਵ ਹੈ ਕਿ ਉਸ ਨੂੰ ਸਮਾਜ ਵਿਚ ਵਿਚਰਦਿਆਂ ਵੱਧ ਤੋਂ ਵੱਧ ਮਾਣ-ਸਨਮਾਣ ਮਿਲੇ। ਉਹ ਨਾਮਣਾ ਖੱਟੇ। ਉਹ ਹਰ ਕਰਮ ਵਿਚ ਆਪਣੇ ਵਲੋਂ ਸਾਵਧਾਨੀ ਵਰਤਦਾ ਹੈ ਪਰ ਫਿਰ ਵੀ ਸਮਾਜ ਵਿਚ ਵਿਚਰਦਿਆਂ ਜੇ ਕਰ ਕਿਸੇ ਦੇ ‘ਆਚਰਣ ਦੀ ਚਿੱਟੀ ਚਾਦਰ ਉਤ’ੇ ਕੋਈ ‘ਦਾਗ਼’ ਲੱਗ ਜਾਵੇ, ‘ਕਾਲਖ’ ਖੱਟੀ ਜਾਵੇ ਤਾਂ ਜਿਉਂਦਿਆਂ ਹੋਇਆਂ ਵੀ ਅਜਿਹੇ ਜੀਵਨ ਸਬੰਧੀ ਸਹਿਜ ਨਾਲ ਆਖ ਦਿੱਤਾ ਜਾਂਦਾ ਹੈ ਕਿ ‘ਉਸਦੀ’ ਸਮਾਜਕ ਮੌਤ ਹੋ ਗਈ। ਕੋਈ ਵੀ ਉਸ ਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਦਾ।

ਮਨ ਨਿਚਲਾ ਹੋ ਕੇ ਨਹੀਂ ਬੈਠਦਾ। ਜੇ ਕਰ ਚੰਗੇ ਭਾਗਾਂ ਨੂੰ ਮਨ ਸਥਿਰ ਹੋ ਜਾਵੇ, ਫੁਰਨੇ ਫੁਟਣੇ ਬੰਦ ਹੋ ਜਾਣ ਤਾਂ ਮਨ ਟਿੱਕ ਜਾਂਦਾ ਹੈ। ਅਜਿਹਾ ਟਿਕਾਉ ਗੁਰਮੁੱਖਾਂ ਦੀ ਰਹਿਣੀ ਦਾ ਹਿੱਸਾ ਹੁੰਦਾ ਹੈ। ਅਜਿਹੇ ਬੰਦੇ ਦੇ ਮਨ ਦੀ ਮੌਤ ਹੋ ਜਾਂਦੀ ਹੈ। ਇਸ ਮੋਤ ਨੂੰ ਬੁਰਾ ਨਹੀਂ ਸਮਝਿਆ ਜਾਂਦਾ ਕਿਉਂਕਿ ਇਸ ਮੋਤ ਕਾਰਨ ਬੰਦਾ ਮਾਲਕ ਦੇ ਨੇੜੇ ਹੋਣ ਦੀ ਅਵਸਥਾ ਵਿਚ ਹੋ ਜਾਂਦਾ ਹੈ।

ਮਨੁੱਖ ਆਪਣੀ ਬੁੱਧੀ ਕਾਰਨ ਹੀ ਸਜੱਗ ਹੈ। ਇਹ ਸਜੱਗਤਾ ਚੰਗੇ-ਮੰਦੇ ਦੀ ਪਹਿਚਾਣ ਕਰਵਾਉਣ ਦੇ ਸਮਰਥ ਹੁੰਦੀ ਹੈ। ਦਿਮਾਗ ਕੰਮ ਕਰਨਾ ਛੱਡ ਦੇਵੇ ਤਾਂ ਬੰਦਾ ਜਿਉਂਦਿਆਂ ਰਹਿੰਦਿਆਂ ਵੀ ਮਰਿਆਂ ਵਾਂਗ ਹੀ ਹੁੰਦਾ ਹੈ ਕਿਉਂਕਿ ਉਹ ਪਾਗਲ ਗਰਦਾਨਿਆ ਜਾਂਦਾ ਹੈ। ਅਜਿਹੇ ਬੰਦੇ ਨੂੰ ਜਿਸਦੀ ਅਕਲ ਕੰਮ ਨਾ ਕਰੇ ‘ਬੌਧਿਕ ਮੌਤ’ ਹੋ ਗਈ ਦਾ ਨਾਮ ਦਿੱਤਾ ਜਾ ਸਕਦਾ ਹੈ।

ਗੁਰਬਾਣੀ ਦਾ ਫੁਰਮਾਨ ਹੈ: ‘ਆਖਾ ਜੀਵਾ ਵਿਸਰੈ ਮਰਿ ਜਾਉ॥’

ਅਕਾਲ ਪੁਰਖ ਦੀ ਯਾਦ ਟੁੱਟ ਜਾਵੇ, ਵਾਹਿਗੁਰੂ ਦਾ ਸਿਮਰਨ ਛੁੱਟ ਜਾਵੇ, ਅਕਾਲ ਪੁਰਖ ਦੀ ਪਿਆਰੀ ਯਾਦ ਭੁੱਲ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਬੰਦੇ ਦੀ ਆਤਮਿਕ ਜਾਂ ਰੂਹਾਨੀ ਮੌਤ ਹੋ ਗਈ। ਸੰਸਾਰ ਨੂੰ ਵੇਖਣ ਦਾ ਨਜ਼ਰੀਆ ਸਭ ਦਾ ਆਪੋ ਆਪਣਾ ਹੀ ਹੁੰਦਾ ਹੈ ਪਰ ਰੂਹਾਨੀ ਤੌਰ ਤੇ ਵਿਚਾਰਿਆਂ ਸਤਿਗੁਰੂ ਨਾਨਕ ਦੇਵ ਜੀ ਦਾ ਇਹ ਕਥਨ ‘ਨਾਨਕ ਦੁਖੀਆ ਸਭਿ ਸੰਸਾਰ’ ਬਹੁਤ ਹੀ ਰਹਿਨੁਮਾਈ ਕਰਨ ਵਾਲਾ ਹੈ। ਮਨੁੱਖ ਇਸ ਸੰਸਾਰ ਵਿਚ ਵਿਚਰਦਿਆਂ ਕਿਸੇ ਨਾ ਕਿਸੇ ਕਾਰਨ ਥੋੜਾ ਬਹੁਤ ਦੁੱਖੀ ਜ਼ਰੂਰ ਹੈ। ਇਹ ਵੀ ਵਿਧੀ ਦਾ ਹੀ ਅਸੂ਼ਲ ਹੈ। ਦੁੱਖ-ਸੁੱਖ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਫਿਰ ਵੀ ਹਰ ਤਰ੍ਹਾਂ ਦੀਆਂ ਸਹੂਲਤਾਂ ਹੋਣ ਦੇ ਬਾਵਜ਼ੂਦ ਦੁੱਖ ਆਉਣ ‘ਤੇ ਬੰਦਾ ਆਤਮਿਕ ਤੌਰ ਤੇ ਹੀਣਾ ਹੀ ਮਹਿਸੂਸ ਕਰਦਾ ਹੈ। ਆਪਣੇ ਆਪ ਨੂੰ ਬਲਹੀਨ ਸਮਝਦਿਆਂ ਮੌਤ ਤੋਂ ਭੈ-ਭੀਤ ਹੁੰਦਾ ਹੈ। ਕਿਸੇ ਦੀ ਮੌਤ ਹੋ ਜਾਏ ਤਾਂ ਡਰਦਿਆਂ ‘ਮਰ ਗਿਆ’ ਕਹਿਣ ਤੋਂ ਬਹੁਤ ਸੰਕੋਚ ਕਰਦਾ ਹੈ ਸਗੋਂ ਸੁਹਣੇ ਸੁਹਣੇ ਸ਼ਬਦ ਢੂੰਢਦਾ ਹੈ ‘ਮਰ ਗਿਆ’ ਕਹਿਣ ਲਈ। ਜਿਵੇਂ ਕਿ ‘ਅਕਾਲ ਚਲਾਣਾ ਕਰ ਗਿਆ’, ਚੜ੍ਹਾਈ ਕਰ ਗਿਆ, ਸੁਵਰਗਵਾਸ ਹੋ ਗਿਆ ਆਦਿ। ਬੰਦਾ ਮਰਨਾ ਨਹੀ, ਜੀਣਾ ਹੀ ਲੋਚਦਾ ਹੈ।

ਇਹੋ ਹੀ ਕਾਰਨ ਹੈ ਕਿ ਗੁਰਬਾਣੀ ਸਾਨੂੰ ਪੈਰ ਪੈਰ ਤੇ ਸਿੱਖਿਆ ਦਿੰਦੀ ਹੈ, ਸੁਮੱਤ ਬਖਸ਼ਦੀ ਹੈ। ਗੁਰੂ ਦੇ ਪਿਆਰੇ ਗੁਰਮੁੱਖ-ਜਨ ਇਸ ਜਗਤ ਨੂੰ ‘ਮੁਸਾਫਰਖਾਨੇ’ ਨਾਲ ਸਹੀ ਤੁਲਨਾ ਦਿੰਦੇ ਹਨ। ਬੰਦਾ ਇਸ ਸੰਸਾਰ ਰੂਪੀ ਮੁਸਾਫਰ ਖਾਨੇ ਵਿਚ ਕੇਵਲ ਇੱਕ ਨਿਸਚਿਤ ਉੱਮਰ ਭਾਵ ਰਾਤ ਰਹਿਣ ਲਈ ਹੀ ਆਉਂਦਾ ਹੈ, ਠਹਿਰਦਾ ਹੈ। ਸਵੇਰਾ ਹੋਇਆ ਨਹੀਂ ਹਰ ਇੱਕ ਮੁਸਾਫਰ ਆਪਣੇ ਆਪਣੇ ਰਾਹ ਟੁੱਰ ਜਾਂਦੇ ਹਨ। ਜੇ ਕਰ ਮੁਸਾਫਰ, ਮੁਸਾਫਰ ਖਾਨੇ ਨੂੰ ਹੀ ਆਪਣਾ ਪੱਕਾ ਘਰ ਸਮਝ ਬੈਠੇ ਤਾਂ ਇਸ ਵਿਚ ‘ਮੁਸਾਫਰ ਖਾਨੇ’ ਦਾ ਤਾਂ ਕੋਈ ਕਸੂਰ ਨਹੀਂ। ਕਸੂਰ ਤਾਂ ਖੁੱਦ ਮੁਸਾਫਰ ਦਾ ਹੀ ਗਰਦਾਨਿਆ ਜਾਵੇਗਾ।

ਇੰਝ ਅਸੀਂ ਵੇਖਦੇ ਹਾਂ ਕਿ ਜੀਵਨ-ਮੌਤ ਦਾ ਸਫਰ ਤਾਂ ਆਦਿ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ। ਜਨਮ, ਤਨ ਦਿੰਦਾ ਹੈ। ਇਸ ਤਨ ਵਿਚ ਆਤਮਾ ਆ ਵਸਦੀ ਹੈ। ਮੌਤ, ਆਤਮਾ ਨੂੰ ਮੁੱਕਤ ਕਰਦੀ ਹੈ। ਇੱਕ ਸਰੀਰ ਛੱਡ ਕੇ ਫਿਰ ਨਵੇਂ ਸਰੀਰ ਵਿਚ ਪ੍ਰਵੇਸ਼ ਕਰਦੀ ਹੈ। ਜੁਗਾਂ ਜੁਗਾਂ ਤੋਂ ਨਿਰੰਤਰ ਇਹੋ ਹੀ ਹੋ ਰਿਹਾ ਹੈ। ਇਸ ਤੱਥ ਨੂੰ ਸਮਝ ਕੇ ਇਸ ਜੀਵਨ ਦਾ ਲਾਹਾ ਲੈਣਾ ਬਣਦਾ ਹੈ। ਮੌਤ ਤੋਂ ਡਰਨ ਦੀ ਲੋੜ ਨਹੀ ਸਗੋਂ ਮੌਤ ਦੇ ਭੈ ਨੂੰ ਢਾਲ ਬਣਾ ਕੇ ਇਸ ਜੀਵਨ ਸਫ਼ਰ ਨੂੰ ਸਹੀ ਢੰਗ ਨਾਲ ਜਾਰੀ ਰੱਖਣ ਦੀ ਲੋੜ ਹੈ। ਸਾਡੀਆਂ ਰਵਾਇਤਾਂ, ਰਹੁ-ਰੀਤਾਂ, ਸਾਡੇ ਤਿਉਹਾਰ, ਸਾਡੇ ਧਾਰਮਕ ਅਤੇ ਰੂਹਾਨੀ ਵਿਚਾਰ, ਅਸਾਂ ਮਨੁੱਖਾਂ ਦੀ ਸੇਧ ਦੇ ਸਾਧਨ ਬਣਦੇ ਹਨ। ਇਹਨਾਂ ਸਾਧਨ-ਸਰੋਤਾਂ ਦਾ ਪੱਲਾ ਫੜਨਾ ਬਣਦਾ ਹੈ। ਪਰਮਾਤਮਾ ਨੂੰ ਚੇਤੇ ਰੱਖਦਿਆਂ, ਸੰਸਾਰ ਵਿਚ ਰਹਿੰਦਿਆਂ ਅਤੇ ਵਿਚਰਦਿਆਂ, ਗੁਰਬਾਣੀ ਦੇ ਲੜ ਲੱਗ ਕੇ, ਗੁਰਮੁਖਾਂ ਦੀ ਸੰਗਤ ਕਰਦਿਆਂ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਲੀਨ ਕਰਨ ਦੇ ਯਤਨ ਕਰਨੇ ਚਹੀਦੇ ਹਨ। ਇੰਝ ਕੀਤਿਆਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ ਅਤੇ ਫਿਰ ਸਹਿਜ ਨਾਲ ਇਹ ਗੱਲ ਸਮਝ ਪੈ ਜਾਂਦੀ ਹੈ ਕਿ ‘ਨਿਤ ਚੋਲਾ ਬਦਲਦੀ ਆਤਮਾ ਮਰਦੀ ਨਹੀਂ’।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001-2006)
(ਦੂਜੀ ਵਾਰ 15 ਨਵੰਬਰ 2021)

***
498
***

About the author

ਅਜੀਤ ਸਿੰਘ 'ਸੁੰਦਰ'
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ