24 May 2024

ਕਾਫ਼ਲਾ – ਕਰਮ ਸਿੰਘ ਮਾਨ

ਕਾਫ਼ਲਾ

-ਕਰਮ ਸਿੰਘ ਮਾਨ-

ਕਹਾਣੀਕਾਰ ਕਰਮ ਸਿੰਘ ਮਾਨ ਨੇ 57 ਸਾਲ ਦੀ ਉੱਮਰ ਵਿੱਚ ਲਿਖਣਾ ਸ਼ੁਰੂ ਕਰਕੇ ਅਤੇ ਪੰਜਾਬੀ ਜਗਤ ਦੀ ਝੋਲੀ ਵਿੱਚ ਹੁਣ ਤੱਕ ਦੋ ਕਹਾਣੀ ਸੰਗ੍ਰਹਿ: (1) ‘ਹੰਝੂ ਇੱਕ ਅੱਖ ਦੇ , ਅਤੇ (2) ‘ਵੇਦਣੁ ਕਹੀਐ ਕਿਸੁ’ ਦੇ ਕੇ ਸਾਬਤ ਕਰ ਦਿੱਤਾ ਹੈ ਕਿ ‘ਲਿਖਣ’ ਦੀ ਲਗਨ ਅਤੇ ਲਿਖਣ ਪ੍ਰਤੀ ਬਚਨਬੱਧਤਾ ਹੋਵੇ ਤਾਂ ਕਿਸੇ ਵੀ ਉੱਮਰ ਵਿੱਚ, ਨਾ-ਕੇਵਲ ਲਿਖਣਾ ਹੀ ਆਰੰਭ ਕੀਤਾ ਜਾ ਸਕਦਾ ਹੈ, ਬਲਕਿ ‘ਲਿਖਣ ਬੁਲੰਦੀਆਂ’ ਨੂੰ ਵੀ ਛੋਹਣ ਦੀ ਕੋਸਿ਼ਸ਼ ਕੀਤੀ ਜਾ ਸਕਦੀ ਹੈ। ਭਾਰਤ ਵਿੱਚ ਸੀਨੀਅਰ ਸਕੈਂਡਰੀ ਸਕੁਲ ਵਿੱਚੋਂ ਬਤੌਰ ਲੈਕਚਰਾਰ ਰਾਜਨੀਤਕ ਸ਼ਾਸ਼ਤਰ ਪਰੀਮਚਿਉਰ ਰੀਟਾਇਰਮੈਂਟ ਲੈਕੇ ਕਨੇਡਾ ਵਿੱਚ 1991 ਵਿੱਚ ਪਰਵਾਸ ਧਾਰਨ ਕਰ ਚੁੱਕੇ ਲੇਖਕ ਮਾਨ ਦੀ ਇੱਕ ਕਹਾਣੀ ‘ਲਿਖਾਰੀ’ ਦੇ ਪੰਨਿਆਂ ‘ਤੇ ਪਹਿਲਾਂ ਛੱਪ ਚੁੱਕੀ ਹੈ ਅਤੇ ਹੁਣ ਉਸ ਦੀ ਇੱਕ ਹੋਰ ਨਵੀਂ ਅਣਪ੍ਰਕਾਸਿ਼ਤ ਕਹਾਣੀ ‘ਕਾਫ਼ਲਾ’ ਪਾਠਕਾਂ ਦੇ ਗੋਚਰੇ ਕਰਦਿਆਂ ਖੁਸ਼ੀ ਦਾ ਅਨੁਭੱਵ ਕਰ ਰਹੇ ਹਾਂ।-‘ਲਿਖਾਰੀ’

ਜਿਸ ਦਿਨ ਤੇਜ ਨੇ ਆਪਣੇ ਪਿਉ ਨੂੰ ਡਾਂਗ ਕੱਢੀ, ਉਸ ਦਿਨ ਹਰਮੇਲ ਦੀ ਧੌਣ ਗਿੱਠ ਉੱਚੀ ਹੋ ਗਈ। ਇਸ ਦਿਨ ਦੀ ਤਾਂ ਉਹ ਪੱਚੀ ਸਾਲ ਤੋਂ ਉਡੀਕ ਕਰ ਰਹੀ ਸੀ।

ਪੱਚੀ ਸਾਲ ਪਹਿਲਾਂ, ਪੰਜ ਭਾਦੋਂ ਨੂੰ ਹਰਮੇਲ ਦੀ ਸੁਹਾਗ ਰਾਤ ਸੀ। ਕੱਚੀ ਸਬਾਤ ਦੇ ਸਾਹਮਣੇ ਵਿਹੜੇ ਵਿੱਚ ਉਹ ਪਏ ਸਨ। ਉਸਨੇ ਕੋਠੀ ਦੇ ਉਪਰੋਂ ਜ਼ਾਲੀਦਾਰ ਜੰਗਲੇ ਵਿੱਚ ਦੀ ਅਪਣੇ ਸੱਸ ਤੇ ਸਹੁਰੇ ਨੂੰ ਥੱਲੇ ਅਪਣੇ ਵੱਲ ਝਾਕਦੇ ਵੇਖਿਆ। ਉਹ ਦੰਗ ਰਹਿ ਗਈ। ਮੀਂਹ ਦਾ ਇੱਕ ਛੜਾਕਾ ਆਇਆ। ਉਨ੍ਹਾਂ ਮੰਜ਼ੇ ਖਿੱਚ੍ਹ ਕੇ ਸਬਾਤ ਵਿੱਚ ਕਰ ਲਏ। ਸਬਾਤ ਜਿਸ ਵਿੱਚ ਨਾਂ ਕੋਈ ਤਾਕੀ ਸੀ ਨਾਂ ਰੋਸ਼ਨਦਾਨ। ਸਬਾਤ ਦੇ ਵਿਚਕਾਰ ਮੰਜੇ ਤੇ ਸੰਦੂਖ ਖੜ੍ਹੇ ਕਰਕੇ ਦੋ ਹਿੱਸਿਆਂ ਵਿੱਚ ਵੰਡੀ ਹੋਈ ਸੀ। ਇੱਕ ਹਿੱਸੇ ਵਿੱਚ ਇੰਨ੍ਹਾਂ ਦੇ ਮੰਜੇ ਸਨ ਤੇ ਦੂਜੇ ਹਿੱਸੇ ਵਿੱਚ ਉਸਦੀ ਜੇਠ ਜਠਾਣੀ ਦੇ। ਉਹ ਪੱਖੇ ਦੀ ਸੁੱਚ ਮਰੋੜਨ ਲੱਗੀ ਤਾਂ ਤੇਜ ਨੇ ਉਸਦਾ ਹੱਥ ਫੜ ਲਿਆ। “ਪੱਖਾਂ ਨੀ ਲਾਉਣਾ। ਬਾਪੂ ਪਰਾਣੀਆਂ ਨਾਲ ਕੁੱਟੂਗਾ।” ਇਹ ਸੁਣ ਕੇ ਉਹ ਸੁੰਨ ਹੋ ਗਈ। ਜਿ਼ੰਦਗੀ ਵਾਰੇ, ਵਿਆਹ ਵਾਰੇ ਉਸਦੇ ਸੁਪਨੇ ਰੀਝਾਂ, ਆਸਾਂ ਸਭ ਕੁਝ ਅੰਦਰੇ ਈ ਮਰੁੰਡ ਹੋ ਗਿਆ।

ਸੁਹਾਗ ਦੀ ਰਾਤ ਦੇ ਇਹ ਦੋਵੇਂ ਹਾਦਸੇ ਸਾਰੀ ਉਮਰ ਉਸਦੇ ਨਾਲ ਪਰਛਾਵੇਂ ਵਾਂਗ ਚਿੰਬੜੇ ਰਹੇ। ਸਾਰੀ ਉਮਰ ਅਤੀਤ ਦਾ ਇਹ ਅਜਗਰ ਉਸਦੀ ਰੂਹ ਦੁਆਲੇ ਵਲੈਟਾ ਪਾਕੇ ਬੈਠਾ ਰਿਹਾ।

ਸਵੇਰ ਵੇਲੇ ਜਦ ਉਸਨੇ ਅਪਣੀ ਸੱਸ ਤੇ ਸਹੁਰੇ ਨੂੰ ਅੰਗੜਾਈਆਂ ਲੈਂਦੇ ਪੌੜੀਆ ਉੱਤਰਦੇ ਵੇਖਿਆ, ਉਸਦਾ ਜੀਅ ਕੀਤਾ ਕਿ ਦੋ ਲਾਲ ਸੁਰਖ ਤੋੜ ਉਨ੍ਹਾਂ ਦੀਆਂ ਅੱਖਾਂ ਵਿੱਚ ਫੇਰ ਦੇਵੇ। ਸਿੱਕਾ ਢਾਲ ਕੇ ਉਨ੍ਹਾਂ ਦੇ ਕੰਨਾਂ ਵਿੱਚ ਪਾ ਦੇਵੇ। ਉਸ ਨੇ ਸਵੇਰ ਵੇਲੇ ਨਾਂ ਹੀ ਸੱਸ ਦੇ ਪੈਰੀਂ ਹੱਥ ਲਾਏ ਤੇ ਨਾਂ ਹੀ ਉਸਨੇ ਸਹੁਰੇ ਨੂੰ ਸਿਰ ਪਲੋਸਣ ਦਾ ਮੌਕਾ ਦਿੱਤਾ।

“ਗੋਡੇ ਜਿੱਡਾ ਦਿਨ ਚੜ੍ਹ ਗਿਆ। ਖੇਤ ਜਾਣਾ ਈ ਭੁੱਲ ਗਿਆਂ।” ਤੇਜ ਦੀ ਸਵੇਰ ਦਾ ਅਗਾਜ਼ ਸਹੁਰੇ ਦੀ ਗਾਲ ਵਰਗੇ ਹੁਕਮ ਨਾਲ ਹੋਇਆ। ਉਹ ਹੁਕਮ ਸੁਣਨ ਸਾਰ ਖੇਤ ਨੂੰ ਤੁਰ ਗਿਆ। ਉਹ ਇਸੇ ਦਿਨ ਵਾਪਸ ਅਪਣੇ ਭਰਾ ਨਾਲ ਪੇਕੀਂ ਆ ਗਈ।

ਹਰਮੇਲ ਦੇ ਉਦਾਸ ਚਿਹਰੇ ਨੂੰ ਵੇਖ ਕੇ-ਜਿਸ ਤੇ ਨਾਂ ਕੋਈ ਭਾਅ ਸੀ, ਨਾਂ ਚਾਅ, ਖੁਸ਼ੀ ਦੀ ਕੋਈ ਝਲਕ ਸੀ। ਨਾਂ ਨਵ-ਵਿਆਹੀ ਕੁੜੀ ਵਾਲਾ ਰੂਪ ਚੜ੍ਹਿਆ ਸੀ-ਮਾਂ ਦੇੇ ਸੀਨੇ ਦਾ ਰੁੱਗ ਭਰਿਆ ਗਿਆ। ਭਰਜਾਈਆਂ ਵੀ ਹੈਰਾਨ ਸਨ। ਉਸਨੇ ਇਕੱਠੀਆਂ ਹੋ ਕੇ ਮਿਲਣ ਆਈਆਂ ਕੁੜੀਆਂ-ਚਿੜੀਆਂ ਦੇ ਵਿੰਗੇ-ਟੇਢੇ ਸਵਾਲਾਂ ਦਾ ਕੋਈ ਉੱਤਰ ਨਾਂ ਦਿੱਤਾ। “ਛੱਡੋ ਨੀਂ ਪਰਾਂ। ਫੁਕਰੀ। ਸੁਹਣੇ ਪਰਾਹੁਣੇ ਤੇ ਵੱਡੇ ਘਰ ਦਾ ਗੁਮਾਨ ਕਰਦੀ ਆ। ਫੁਕਰੀ।” ਇਹ ਕਹਿਕੇ ਉਹ ਚਲੀਆਂ ਗਈਆਂ।

ਮਾਂ ਦੇ ਵਾਰ ਵਾਰ ਪੁੱਛਣ ਤੇ ਉਸ ਨੇ ਇੰਨ੍ਹਾਂ ਹੀ ਕਿਹਾ,“ਬਹੁਤ ਸਾਊ ਐ ਜਮਾਈ ਤੇਰਾ। ਬਹੁਤ ਈ ਚੰਗੇ ਨੇ ਸਾਰੇ। ਧਰ ਧਰ ਭੁੱਲੂੰਗੀ।” ਇਹ ਸੁਣ ਕੇ ਮਾਂ ਨੇਂ ਲੰਬਾ ਹਉਕਾ ਲੈਂਦੀ ਨੇ ਉਹੀ ਕਿਹਾ ਜੋ ਮਾਵਾਂ ਕਹਿੰਦੀਆਂ ਈ ਆਈਆਂ ਨੇ,“ਕੋਈ ਨਾਂ ਸਮੇਂ ਨਾਲ ਸਭ ਠੀਕ ਹੋ ਜਾਂਦਾ।”

ਉਸਦੀ ਸਹੇਲੀ ਹਰਮੀਤ ਤੇ ਉਸਦਾ ਬਚਪਨ ਤੋਂ ਬਹੁਤ ਹੀ ਪਿਆਰ ਸੀ। ਹਰਮੇਲ ਨੌਵੀਂ ਵਿੱਚੋਂ ਫੇਲ ਹੋਕੇ ਹਟ ਗਈ ਸੀ। ਹਰਮੀਤ ਹੁਣ ਐਮ.ਏ ਦੀ ਵਿਦਿਆਰਥੀ ਸੀ। ਉਨ੍ਹਾਂ ਦੇ ਘਰਾਂ ਦੀ ਕੰਧ ਸਾਂਝੀ ਸੀ। ਉਹ ਜਦ ਵੀ ਕਾਲਜ ਤੋਂ ਮੁੜਦੀ ਹਰਮੇਲ ਨੂੰ ਅਪਣੇ ਕੋਲ ਬੁਲਾ ਲੈਂਦੀ। ਉਹ ਕਈ ਰਾਤਾਂ ਇਕੱਠੀਆਂ ਰਹਿੰਦੀਆਂ। ਜਿਧਰੋਂ ਜੀਅ ਕਰਦਾ ਖਾ ਪੀ ਲੈਂਦੀਆ। ਉਸਨੇ ਅਵਾਜ ਦੇਕੇ ਹਰਮੀਤ ਨੂੰ ਉੱਪਰ ਅਪਣੇ ਚੁਬਾਰੇ ਵਿੱਚ ਬੁਲਾ ਲਿਆ। ਉਹ ਆਉਂਦੀ ਈ ਉਸ ਦੇ ਗੱਲ ਨੂੰ ਚਿੰਬੜ ਕੇ ਭੁੱਬਾਂ ਮਾਰ ਕੇ ਰੋਣ ਲੱਗੀ। ਕਿੰਨ੍ਹਾਂ ਈ ਚਿਰ ਉਹ ਉਸਦੇ ਪੱਟਾਂ ਤੇ ਪਈ ਰੋਂਦੀ ਰਹੀ। ਉੱਪਰੋਂ ਹਰਮੀਤ ਦੇ ਗਰਮ ਹੰਝੂ ਉਸਦੀਆਂ ਗੱਲਾਂ ਤੇ ਡਿੱਗ ਡਿੱਗ ਕੇ ਨਿੱਘੇ ਪਿਆਰ ਦਾ ਅਹਿਸਾਸ ਕਰਾਉਂਦੇ ਰਹੇ।

ਹਰਮੇਲ ਦੇ ਜ਼ਜ਼ਬਾਤ ਪਾਣੀ ਦੀਆਂ ਛੱਲਾਂ ਵਾਂਗ ਵਹਿੰਦੇ ਰਹੇ। ਛੱਲਾਂ ਜਿਹੜੀਆਂ ਮੁੱਕਣ ਵਿੱਚ ਹੀ ਆ ਨਹੀਂ ਰਹੀਆਂ ਸਨ। ਆਖਰ ਉਸਨੇ ਰੁਕ ਰੁਕ ਕੇ ਅਪਣੀ ਗੱਲ ਦੱਸੀ। ਉਸ ਨੇ ਉਸ ਤੋਂ ਵੀ ਵੱਧ ਸਿ਼ੱਦਤ ਨਾਲ ਉਸਦਾ ਦੁੱਖ ਮਹਿਸੂਸ ਕੀਤਾ।

“ਨਿੱਕੀ ਜੀ ਗੱਲ ਨੂੰ ਦਿਲ ਲਾਕੇ ਇਉਂ ਬੂਥਾ ਬਣਾਇਆ।” ਹਰਮੀਤ ਨੇ ਉਸਦੀ ਗੱਲ ਦੇ ਟੋਏ ਵਿੱਚ ਉਂਗਲੀ ਖਭੋ ਕੇ ਬੁੱਲ੍ਹਾਂ ਤੇ ਮੁਸਕਰਾਹਟ ਲਿਆਉਂਦੇ ਕਿਹਾ।

“ਧੁੱਖ ਕੇ ਮਰਨ ਨਾਲੋਂ ਤਾ ਇੱਕ ਦਿਨ ਈਂ–।” ਕਹਿੰਦੀ ਦੇ ਉਸ ਦੇ ਬੁੱਲ੍ਹ ਫਰਕਦੇ ਰਹੇ।

“ਇਉਂ ਨੀ ਸੋਚੀਦਾ। ਸਭ ਠੀਕ ਹੋ ਜਾਣਾ।” ਇਹ ਕਹਿੰਦੀ ਹਰਮੀਤ ਨੇ ਉਸਦਾ ਮੱਥਾ ਚੁੰਮਿਆਂ।

“ਮੈਂ ਨੀ ਰਹਿਣਾ। ਤੈਨੂੰ ਈ ਜਾਂਦੀ ਵਾਰ ਮਿਲਣਾ ਸੀ।”

“ਮਰੂ। ਮਾਂ ਦੀ ਧੀ। ਮੇਰੀ ਸਹੇਲੀ। ਕਿਸੇ ਦਾ ਕੀ ਜਾਊ। ਅਸੀਂ ਵੀ ਦੋ ਚਾਰ ਦਿਨ ਰੋ ਕੇ ਮਰ ਜਾਂਗੇ।“

“ਬੱਸ। ਮੈਂ ਨੀ ਰਹਿਣਾ। ਮੈਨੂੰ ਜਮਾ ਈ ਨਾਂ ਰੋਈਂ।”

“ਮਰਨਾਂ, ਮਰਜਾ। ਹਰ ਰੋਜ ਘੰਟੇ, ਚ ਚਾਰ ਪੰਜ ਮਰਦੀਆ ਨੇ ਤੇਰੇ ਵਰਗੀਆਂ ਡਰਪੋਕ।”

“ਮਰਕੇ ਦਿਖਾਦੂੰ। ਕਰਦੂੰ ਸਭ ਨੂੰ ਸੌਖਾ।”

“ਸ਼ਮਝਦੀ ਐਂ ਮਰ ਕੇ ਵੱਡੀ ਹੀਰੋ ਬਣਜੇਂਗੀ। ਤੇਰੇ ਮਰੀ ਤੋਂ ਨੀ ਕਿਸੇ ਨੇ ਤੇਰਾ ਬੁੱਤ ਲਾਉਣਾ। ਲੋਕ ਤਾਂ ਸੱਥਰ ਤੇ
ਬੈਠੇ ਹੱਸ ਪੈਂਦੇ ਆ।”

“ਮਰਨਾਂ ਈ ਆ। ਜਦੋਂ ਕੋਈ ਰਾਹ ਨਾਂ ਹੋਵੇ।”

“ਰਾਹ ਬਥੇਰੇ। ਲੜ। ਹਰ ਰੋਜ਼ ਕਾਲੀ ਸਿਆਹ ਰਾਤ ਦੀ ਕੁੱਖ ਵਿੱਚੋਂ ਸੂਰਜ ਚੜ੍ਹਦਾ। ਪਰ ਮਨੁੱਖ ਨੂੰ ਅਪਣਾ ਸੂਰਜ ਆਪ ਚਾੜ੍ਹਨਾਂ ਪੈਂਦਾ। ਸੂਰਜ ਦੇ ਚੜ੍ਹਨ ਦੀ ਉਡੀਕ ਤੱਕ ਤਾਂ ਸਭ ਕੁਝ ਬੀਤ ਗਿਆ ਹੁੰਦਾ।”

“ਗੱਲਾਂ ਕਰਨੀਆਂ ਸੌਖੀਆਂ। ਜੇ ਤੇਰੇ ਨਾਲ ਹੋਵੇ ਫਿਰ ਪਤਾ ਲੱਗੇ।”

“ਤੇਰੇ ਭਾਦਾ ਮੈਂ ਮਰੂੰਗੀ? ਰਾਮ ਰਾਮ ਕਰੂੰਗੀ? ‘ਤੈਨੂੰ ਦਿਮਾਗ ਦਿੱਤਾ। ਹੱਥ ਪੈਰ ਦਿੱਤੇ ਆ। ਅਪਣੀ ਲੜਾਈ ਆਪ ਲੜ। ਅਪਣੀ ਤਕਦੀਰ ਆਪ ਘੜ੍ਹ।”

“ਲੜਾਂ ਕੀਦੇ ਸਿਰ ਤੇ। ਗਿੱਲੀ ਮਿੱਟੀ ਦੇ ਸਿਰ ਤੇ। ਗੋਹੇ ਦੇ ਫੋਸ ਤੇ। ਜੀਦੇ’ਚ ਭੋਰਾ ਵੀ ਕਣ ਨੀ। ਅਣਖ ਵਾਲਾ ਹੁੰਦਾ। ਉਦੇ ਡਕਰੇ ਨਾ ਕਰ ਦਿੰਦਾ।”

“ਗੋਹੇ ਦੇ ਸੇਕ ਨਾਲ ਗਿੱਲੀ ਮਿੱਟੀ ਪੱਕੀ ਇੱਟ ਬਣ ਜਾਂਦੀ ਆ। ਧਰਤੀ ਹੇਠਲੇ ਸੇਕ ਨਾਲ ਚੂਨਾ ਸੰਗਮਰਮਰ ਬਣ ਜਾਂਦਾ। ਬੁੱਤ ਘਾੜਾ ਪੱਥਰ ਤਰਾਸ਼ ਕੇ ਕਿੰਨੀਂ ਸੁਹਣੀ ਮੂਰਤੀ ਬਣਾ ਲੈਂਦਾ। ਧਰਤੀ ਤੇ ਔਰਤ ਦੀ ਤਸੀਰ ਇੱਕ ਆ। ਦੋਵਾਂ ਦਾ ਵੱਡਾ ਜੇਰਾ। ਦੋਵਾਂ ਦੇ ਅੰਦਰ ਦੀ ਅੱਗ’ਚ ਜਵਾਲਾ ਮੁੱਖੀ ਦੀ ਸ਼ਕਤੀ ਆ।”ਹਰਮੀਤ ਨੇ ਅਪਣੇ ਗਿਆਨ ਦੀ ਸਾਰੀ ਗੁੜਤੀ ਉਸਨੂੰ ਘੋਲ ਕੇ ਪਿਆ ਦਿੱਤੀ। ਉਹ ਦਸ ਪਂਦਰਾਂ ਦਿਨਾਂ ਦੇ ਸਬਕਾਂ ਪਿੱਛੋਂ ਨਵੀਂ ਨਰੋਈ ਹੋਕੇ ਸਹੁਰੀਂ ਆ ਗਈ।

ਉਹ ਤੇ ਉਸਦੀ ਦਰਾਣੀ ਭਾਗੋ ਬਹੁਤ ਯਤਨ ਕਰਦੀਆਂ। ਉਨ੍ਹਾ ਨੂੰ ਮਾਵਾ ਲਾਕੇ ਖੜ੍ਹਾ ਕਰਨ ਦਾ। ਪਰ ਮਾਵਾ ਤਾਂ ਚਾਰ ਪਾਣੀ ਦੇ ਛਿਟਿਆ ਨਾਲ ਜਾਂ ਇੱਕ ਦੋ ਵਾਰੀ ਮਿੱਧਣ ਨਾਲ ਈ ਟੁੱਟ ਜਾਂਦਾ।

“Eਇ ਸੀਰੀ ਕਦੋਂ ਦਾ ਖੇਤ ਗਿਆ। ਤੁਸੀਂ ਸੁੱਤੇ ਪਏ ਉੱਠਣ ਦਾ ਨਾਉਂ ਈ ਨੀਂ ਲੈਂਦੇ। ਭੁੱਖੇ ਮਰੋਂਗੇ। ਭੁੱਖੇ।” ਹਰ ਰੋਜ ਉਹ ਸਵੇਰ ਵੇਲੇ ਘਰ ਉਨ੍ਹਾਂ ਨੂੰ ਕਹਿੰਦਾ।” ਖੇਤ ਤੁਸੀਂ ਡੱਕਾ ਦੂਹਰਾ ਨੀਂ ਕਰਦੇ। ਘਰੇ ਉਹ ਹੱਥ ਤੇ ਹੱਖ ਰੱਖ ਕੇ ਵਿਹਲੀਆਂ ਬੈਠੀਆਂ ਰਹਿੰਦੀਆਂ।” ਉਹ ਖੇਤ ਜਾਕੇ ਉਨ੍ਹਾਂ ਨੂੰ ਕਹਿੰਦਾ।

“ਖੇਤ ਅਸੀਂ ਦਿਨ ਰਾਤ ਮਰਦੇ ਆ। ਘਰੇ ਉਨ੍ਹਾਂ ਨੂੰ ਸਿਰ ਖੁਰਕਣ ਦੀ ਵਿਹਲ ਨੀਂ ਮਿਲਦੀ।” ਉਨ੍ਹਾਂ ਵਿੱਚ ਇੰਨੀਂ ਕਹਿਣ ਦੀ ਵੀ ਜ਼ੁਰਅਤ ਨਾ ਪੈਂਦੀ। ਪਰ ਉਹ ਕੁਝ ਕਹਿੰਦੇ ਤਾਂ ਤਾਂਈ ਜੇ ਉਹ ਕੁਝ ਕਹਿਣ ਯੋਗੇ ਛੱਡੇ ਹੁੰਦੇ।

ਉਦੋਂ ਬਲਤੇਜ ਤਿੰਨ ਸਾਲ ਦਾ ਸੀ। ਗੁਰਮੇਜ ਮਸਾਂ ਇੱਕ ਸਾਲ ਦਾ ਸੀ। ਜਦੋਂ ਉਨ੍ਹਾਂ ਦੀ ਮਾਂ ਜਗੀਰ ਕੌਰ ਅਚਾਨਕ ਧੁਣਖਵਾ ਹੋਣ ਨਾਲ ਮਰ ਗਈ। ਇੱਕ ਦਮ ਘਰ ਵਿੱਚ ਹਨੇਰ ਪੈ ਗਿਆ। ਉਸਦੀ ਭੈਣ ਬਲਬੀਰ ਕੌਰ ਤੇ ਮਾਂਮੀ ਗੁਰਨਾਮ ਕੌਰ ਵਾਰੀ ਵਾਰੀ ਆਕੇ ਬੱਚੇ ਸਾਂਭਦੀਆ ਰਹੀਆਂ। ਇੱਕ ਜਾਣੀ ਮਹੀਨਾਂ ਰਹਿ ਕੇ ਚਲੀ ਜਾਂਦੀ। ਦੂਜੀ ਆ ਜਾਂਦੀ। ਅਜੇ ਉਸਦਾ ਸਿਵਾ ਠੰਢਾ ਈ ਨਹੀਂ ਸੀ ਹੋਇਆ ਛੇ ਮਹੀਨੇ ਬਾਅਦ ਈ ਉਸਦਾ ਵਿਆਹ ਹੋ ਗਿਆ। ਜੱਟ ਦੇ ਚਾਰ ਖੁੱਲੇ ਸਿਆੜ ਹੋਣ। ਫਿਰ ਨੀਂ ਕੋਈ ਦੁਹਾਜੂ-ਬਿਹਾਜੂ ਪੁਛਦਾ।

ਜਦ ਅੰਗਰੇਜ ਕੌਰ ਪਹਿਲੀ ਵਾਰ ਆਈ। “ਲੈ ਪੁੱਤ। ਕਹਿੰਦਾ ਸੀ ਨਾਂ ਮੇਰੀ ਬੀਬੀ ਕਦੋਂ ਆਊ। ਲੈ ਤੇਰੀ ਬੀਬੀ ਆ ਗਈਆ।” ਇਹ ਕਹਿੰਦੀ ਭੂਆ ਨੇ ਗੁਰਮੇਜ ਨੂੰ ਉਸਦੀ ਬੁੱਕਲ ਵਿੱਚ ਬਿਠਾ ਦਿੱਤਾ। ਉਹ Eਦਰਿਆ ਜਿਆ ੳਸਦੀ ਬੁੱਕਲ ਵਿੱਚ ਬੈਠਾ ਈ ਸੀ। ਉਹ ਨੱਕ ਜਾ ਸੁਕੇੜਦੀ, ਮਖਮਲੀ ਸੂਟ ਝਾੜਦੀ ਅੰਦਰ ਨੂੰ ਚਲੀ ਗਈ।

ਦੂਜੀ ਵਾਰ ਆਈ ਆਉਂਦੀ ਨੂੰ ਵੱਡਾ ਭੱਜ ਕੇ ਉਸਦੀਆਂ ਲੱਤਾਂ ਨੂੰ ਚਿੰਬੜ ਗਿਆ। ਉਸ ਨੇ ਇਉਂ ਤੋੜਕੇ ਸੁੱਟ ਦਿੱਤਾ ਜਿਵੇਂ ਲੱਤ ਨੂੰ ਸਪੋਲੀਆਂ ਚਿੰਬੜ ਗਿਆ ਹੋਵੇ। ਉਹ ਕੰਧੋਲੀ ਉਹਲੇ ਬੈਠਾ ਕਿੰਨ੍ਹਾਂ ਚਿਰ ਰੋਂਦਾ ਰਿਹਾ।

ਉਹ ਸਵੇਰ ਵੇਲੇ ਇੱਕ ਮੰਜੀ ਤੇ ਪਿਆ ਨੂੰ ਬਾਂਹ ਖਿੱਚ ਕੇ ਬੈਠਾ ਕਰਦੀ। ਚਪੇੜ ਮਾਰ ਕੇ ਚਾਹ ਦਾ ਕੱਪ ਫੜਾਉਂਦੀ। ਬੋਲਦੀ,“ਮੰਜੀ ਤੇ ਪਿਆਂ ਨੂੰ ਚਾਹ ਫੜਾਉ। ਰਾਜ ਕੁਮਾਰਾਂ ਨੂੰ। ਜੰਮ ਕੇ ਸੁਟਗੀ ਮੇਰੇ ਚੰਦਰੇ ਕਰਮਾਂ ਨੂੰ।”

ਉਹ ਸਾਰਾ ਦਿਨ ਅਵਾਰਾ ਪਿੰਡ ਵਿੱਚ ਘੁੰਮਦੇ ਫਿਰਦੇ। ਕਿਸੇ ਨੇ ਚਾਹ ਪੁੱਛਣੀ ਪੀ ਲੈਂਦੇ। ਕਿਸੇ ਘਰੋਂ ਰੋਟੀ ਮਿਲਦੀ ਖਾ ਲੈਂਦੇ। ਲੋਕ ਤਰਸ ਵੀ ਕਰਦੇ। ਪਤੀ ਪਤਨੀ ਤੋਂ ਡਰਦੇ। ਖਾਸ ਤੌਰ ਤੇ ਅੰਗਰੇਜ ਕੌਰ ਤੋਂ। ਜਿਹੜੀ ਉੱਤੋਂ ਹਸਦੀ। ਅੰਦਰੋਂ ਸੱਪ ਵਾਂਗ ਜ਼ਹਿਰ ਘੋਲਦੀ ਰਹਿੰਦੀ।

ਪਿੰਡ ਦੇ ਹੋਰ ਬੱਚਿਆ ਵਾਂਗ ਉਹ ਵੀ ਸਕੂਲ ਗਏ । ਲਾਜਮੀ ਵਿੱਦਿਆ ਕਰਕੇ ਸਕੂਲ ਜਾਣਾ ਜਰੂਰੀ ਸੀ। ਮਾਸਟਰ ਘਰ ਘਰ ਫਿਰਕੇ ਨਾਉਂ ਲਿਖ ਕੇ ਲੈ ਜਾਂਦੇ ਸੀ। “ਇਨ੍ਹਾਂ ਨੇ ਕੀ ਪੜ੍ਹਨਾਂ। ਤਿੰਨ ਸਾਲ ਵਿੱਚ ਤਾਂ ਪੈਂਤੀ ਯਾਦ ਨੀਂ ਹੋਈ। ਮਾਸਟਰ ਬਿਹਾਰੀ ਲਾਲ ਕਹਿੰਦਾ।” ਅੰਗਰੇਜ ਕੌਰ ਚਾਰ ਪੰਜ ਦਿਨ ਬਾਅਦ ਇਹੀ ਮੁਹਾਰਨੀ ਪੜ੍ਹਦੀ। ਮਾਸਟਰ ਬਿਹਾਰੀ ਲਾਲ ਨੇ ਕਿਹਾ ਸੀ ਜਾਂ ਨਹੀਂ। ਪਤੀ ਜਰਨੈਲ ਸਿੰਘ ਨੇ ਇਹ ਜਾਨਣ ਦੀ ਲੋੜ ਨਾਂ ਸਮਝੀ। ਜੇ ਉਹ ਦਿਨ ਨੂੰ ਰਾਤ ਕਹਿੰਦੀ ਉਹ ਰਾਤ ਕਹਿ ਦਿੰਦਾ। ਜੇ ਉਹ ਰਾਤ ਨੂੰ ਦਿਨ ਕਹਿੰਦੀ, ਉਹ ਵੀ ਦਿਨ ਕਹਿ ਦਿੰਦਾ।

ਉਹ ਸਕੂਲੋਂ ਹਟਾ ਕੇ ਡੰਗਰ ਚਾਰਨ ਲਾ ਦਿੱਤੇ। ਉਹ ਘਰ ਆਕੇ ਡੰਗਰਾਂ ਨੂੰ ਪੱਠੇ ਪਾਉਂਦੇ। ਬਾਕੀ ਸਮਾਂ ਅਵਾਰਾ ਡੰਗਰਾਂ ਵਾਂਗੂੰ ਘੁੰਮਦੇ ਰਹਿੰਦੇ। ਰਾਤ ਪਈ ਤੋਂ ਕੰਧ’ਚ ਗੱਡੀ ਕਿੱਲੀ ਤੋਂ ਪੋਣੇ’ਚ ਬੰਨ੍ਹੀਆ ਰੋਟੀਆਂ ਲਾਹ ਕੇ ਖਾ ਲੈਂਦੇ।

“ਸਰਦਾਰਾ! ਖੇਤੀ ਕਰਨੀ ਆ ਕਰ । ਛੱਡਣੀ ਆ ਛੱਡ ਦੇ। ਮੈਂ ਨੀਂ ਖੇਤ ਰੋਟੀ ਲੈਕੇ ਜਾਣੀ। ਮੈਂ ਨੀ ਗਿੱਟੇ ਗਰਦ ਨਾਲ ਭਰਨੇ।” ਅੰਗਰੇਜ ਕੌਰ ਨੇ ਫੈਸਲਾ ਸੁਣਾ ਦਿੱਤਾ। ਜਰਨੈਲ ਵੀ ਕਿਹੜਾ ਹਲ ਵਾਹੁੰਦਾ ਸੀ। ਕਿਤੇ ਕਤਾਈ ਖੇਤ ਗੇੜਾ ਮਾਰਦਾ ਸੀ। ਪਰ ਅੰਗਰੇਜ ਕੌਰ ਦਾ ਫੈਸਲਾ ਤਾਂ ਫੈਸਲਾ ਸੀ।

ਵੱਡਾ ਡੰਗਰ ਚਾਰਨ ਤੋਂ ਹਟਾ ਕੇ ਖੇਤੀ ਕਰਨ ਲਾ ਲਿਆ। ਦੋ ਸਾਲ ਬਾਅਦ ਇੱਕ ਪਾਲੀ ਰੱਖਕੇ ਛੋਟਾ ਵੀ ਖੇਤੀ ਕਰਨ ਲਾ ਲਿਆ।

ਅੰਗਰੇਜ ਕੌਰ ਦੇ ਆਉਣ ਤੋਂ ਤਿੰਨ ਸਾਲ ਬਾਅਦ ਈ ਰੌਣਕੀ ਚੁਮਿਆਰ ਦਾ ਮੁੰਡਾ, ਸੀਸਾ ਸੀਰੀ ਰਲ ਗਿਆ ਸੀ। ਸੁਹਣਾ ਭਰਵਾਂ ਜੁਆਨ ਸੀ। ਕੰਮ ਕਾਰ ਨੂੰ ਵੀ ਤਕੜਾ ਸੀ। ਉਦੋਂ ਤੋਂ ਈ ਸੀਰੀ ਸੀ। ਘਰੇ ਅੰਗਰੇਜ ਕੌਰ ਦਾ ਹੁਕਮ ਚਲਦਾ ਸੀ। ਬਾਹਰ ਸੀਸੇ ਦਾ। ਜਿਸ ਦਿਨ ਜੀਅ ਕਰਦਾ ਉਹ ਉਸਤੋਂ ਜਰਨੈਲ ਦੇ ਕੰਨ ਭਰਵਾ ਦਿੰਦੀ। “ਸਾਰਾ ਦਿਨ ਵਿਹਲਾ ਰਹਿੰਦੇ ਆ। ਦਾਣਾ-ਫੱਕਾ ਚੋਰੀ ਕਰ ਲੈਂਦੇ ਆ। ਲਾਗੀਆਂ ਨੂੰ ਕੱਖ ਪੱਠਾ ਲੁਟਾਈ ਜਾਂਦੇ ਆ।” ਉਹ ੳਨ੍ਹਾਂ ਤੇ ਇਲਜ਼ਾਮ ਥੱਪ ਦਿੰਦਾ। ਕਈ ਵਾਰ ਉਹ ਉਨ੍ਹਾਂ ਤੋਂ ਗਲਤ ਕੰਮ ਕਰਾ ਲੈਂਦਾ। ਸ਼ਰਾਬ ਕੱਢਣ ਲਈ ਲਾਹਣ ਦੇ ਤੌੜੇ ਪੁਆ ਲੈਂਦਾ। ਖੇਤ ਵਿੱਚ ਪਈ ਦੱਬੀ ਸ਼ਰਾਬ ਦੀਆਂ ਬੋਤਲਾਂ ਉਨ੍ਹਾਂ ਦੇ ਪਿਉ ਨੂੰ ਵਿਖਾ ਦਿੰਦਾ।

ਜਰਨੈਲ ਦੀ ਗੁਆਢਣ ਸੱਤਿਆ ਦੇਵੀ ਅੰਗਰੇੇਜ ਕੌਰ ਦੀ ਗੈਰਹਾਜ਼ਰੀ ਵਿੱਚ ਹਰਮੇਲ ਕੌਰ ਹੋਰਾਂ ਕੋਲ ਆ ਜਾਂਦੀ। ਦੁੱਖ ਸੁੱਖ ਵੀ ਕਰ ਜਾਂਦੀ। ਗੁੱਝੀਆਂ ਰਮਜ਼ਾਂ ਵੀ ਸੁੱਟਦੀ ਰਹਿੰਦੀ। ਇੱਕ ਦਿਨ ਉਸਦੀ ਗੈਰਹਾਜ਼ਰੀ ਵਿੱਚ ਘਰੇ ਆ ਗਈ।

“ਦੇਵੀ ਦੀ ਸਹੁੰ। ਜੇ ਉਹਨੂੰ ਪਤਾ ਲੱਗਿਆ ਮੈਂਨੂੰ ਤਾਂ ਪਿੰਡੋਂ ਕਢਾਦੂ। ਥੋਡੀ ਸੱਸ ਜਗੀਰੋ ਤੇ ਮੈਂ ਚੁੁਨੀਂ ਵੱਟ ਭੈਣਾਂ ਸੀ। ਝੋਟੇ ਆਂਗੂੰ ਖੋਰੀ ਆ। ਮੈਨੂੰ ਤਾਂ ਹਰ ਵੇਲੇ ਸਿੰਗਾਂ ਤੇ ਚੁੱਕਣ ਨੂੰ ਫਿਰਦੀ ਆ। ਬਸ ਮੇਰੇ ਤਾਂ ਹੱਥ ਧੋਕੇ ਪਿੱਛੇ ਪਈ ਆ। ਫੂੰ ਫੂੰ ਕਰਦੀ ਆ। ਪਈ ਕਰੀ ਜਾਵੇ। ਦੇਵੀ ਦੀ ਸਹੁੰ। ਮੈਂ ਵੀ ਨੀ ਡਰਦੀ। ਮੈਂ ਵੀ ਪਰਸ਼ੂ ਰਾਮ ਦੀ ਅੰਸ ਆਂ। ਮੈਂ ਨੀ ਡਰਦੀ ਕਾਲੇ ਕਾਂ ਤੋਂ।” ਕਹਿਕੇ ਸੱਤਿਆ ਦੇਵੀ ਨੇ ਮਨ ਦਾ ਗੁਬਾਰ ਕੱਢ ਲਿਆ।

“ਮਾਂ ਜੀ। ਇਹ ਗੁੰਗਣਵਾਟੇ ਜੇ ਕਣ ਤਾ ਕਰਨ। ਸਾਰੀ ਲੜਾਈ ਸਾਡੇ ਗਲ ਪਾਕੇ ਬਾਹਰ ਨਿਕਲ ਜਾਂਦੇ ਆ।” ਦੋਵੇਂ ਇਕੱਠੀਆ ਬੋਲੀਆਂ।

“ਕਣ ਤਾਂ ਕਰਨ ਜੇ ਕਣ ਛੱਡਿਆ ਹੁੰਦਾ। ਸਿਆਣੇ ਕਹਿੰਦੇ ਆ। ਕਿਸੇ ਦੀ ਮਾਂ ਨਾਂ ਮਰੇ। ਪਿਉ ਮਰਜੂ ਅਗਲੀ ਔਖਾ ਸੌਖਾ ਪਾਲਲੂ। ਮਾਂ ਹੋਊ। ਪਿਆਰ ਦੇਊ। ਮੁਰਗੀ ਆਂਗੂੰ ਖੰਭਾਂ ਹੇਠ ਦੇਕੇ ਰੱਖੂ। ਪਰ ਪਿਉ ਤਾਂ ਨਵੀਂ ਰੰਨ ਦੇ ਇਸ਼ਾਰੇ ਤੇ ਨਚਦਾ ਭੁੱਲ ਜਾਂਦਾ ਬਈ ਇਹ ਮੇਰੇ ਜੁਆਕ ਨੇਂ।” ਇਹ ਚੜੇਲ ਕਿਹੜਾ ਇੰਂਨ੍ਹਾਂ ਦੇ ਮਗਰੋਂ ਲਹੀ ਆ। ਆ ਟੁੱਟ ਪੈਣਾ ਸੀਸ਼ਾ। ਜਿੱਦੇ ਦੀ ਆਈ ਆ। ਉਸੇ ਨੂੰ ਸੀਰੀ ਰੱਖੀ ਬੈਠੀ ਆ।

“ਮਾਂ ਜੀ ਸੀਸਾ ਸੀਰੀ ਨੀਂ। ਮਾਲਕ ਆ। ਕੋਈ ਰੋਕ-ਟੋਕ ਨੀਂ ਉਨ੍ਹੂੰ।” ਸਭ ਕੁਝ ਜਾਣਦੀਆਂ ਨੇ ਉਸਤੋ ਪੁੱਛਿਆ।

“ਕੁੜੇ ਬਹੂE। ਬੋਲਣ ਲਈ ਵੀ ਤਾਂ ਘੜੇ’ਚ ਦਾਣੇ ਚਾਹੀਦੇ ਆ। ਦੁਹਾਜੂ ਤਾ ਛੇਤੀ ਰੋਡਆਜ ਦੀ ਲਾਰੀ ਆਂਗੂੰ ਖੜਕ ਜਾਂਦਾ। ਫਿਰ ਤੀਮੀਂ ਨੂੰ ਕਿਸੇ ਦੀ ਕੀ ਪਰਵਾਹ? ਬੰਦਾ ਅੱਖ ਵਿੱਚ ਪਾਇਆ ਨੀਂ ਰੜਕਦਾ। ਊਂ ਸੋਡਾ ਸਹੁਰਾ ਇਡਾ ਗਿਆ ਗੁਜਰਿਆ ਤਾਂ ਨੀਂ ਲਗਦਾ।” ਸੱਤਿਆ ਦੇਵੀ ਤੇ ਭਾਗੋ ਖਿੜ-ਖੜਾ ਕੇ ਹੱਸ ਪਈਆਂ।

“ਗਿਆ ਗੁਜਰਿਆ? ਨਾਂ ਵੇਖਣ ਲੱਗੇ ਨੂੰ ਸ਼ਰਮ! ਨਾਂ ਸੁਣਨ ਲੱਗਿਆ ਨੂੰ ਸ਼ਰਮ।” ਸੁਹਾਗ ਰਾਤ ਦੀ ਸਾਰੀ ਝਾਕੀ ਉਸਦੀਆਂ ਅੱਖਾਂ ਅੱਗੇ ਆ ਗਈ। ਇਹ ਸੋਚਦੀ ਹਰਮੇਲ ਇੱਕ ਦਮ ਇਕੱਠੀ ਹੋ ਗਈ। ਉਸ ਨੂੰ ਵੇਖ ਕੇ ਭਾਗੋ ਗੰਭੀਰ ਹੋ ਗਈ। ਉਨ੍ਹਾਂ ਦੋਵਾਂ ਨੂੰ ਵੇਖ ਕੇ ਸੱਤਿਆਂ ਦੇਵੀ ਵੀ ਗੰਭੀਰ ਹੋ ਗਈ। ਹਾਸੇ-ਠੱਠੇ ਦਾ ਮਹੌਲ ਇੱਕ ਦਮ ਸੋਗਮਈ ਬਣ ਗਿਆ।

“ਰਹੀਦਾ ਨੀਂ ਸੀ। ਇੰਨ੍ਹਾਂ ਨੂੰ ਵਿਆਹੇ ਬਿਨਾਂ। ਬਿਗਾਨੀਆ ਧੀਆਂ ਤਾਂ ਨਾਂ ਖੂਹ ਵਿੱਚ ਡਿਗਦੀਆਂ।” ਇਸ ਵਾਰ ਭਾਗੋ ਬੋਲੀ।

“ਵਿਆਹ ਤੇ ਲੋਕ ਲੱਜ ਦੇ ਮਾਰੇ। ਸ਼ਰੀਕਾਂ ਦੇ ਤਾਹਨੇ ਮਿਹਣੇ ਸੁਣਕੇ। ਬਾਹਰ ਦੋ ਨੌਕਰ ਮਿਲੇ ਸੀ। ਘਰ ਦਾ ਗੋਲਾ ਧੰਦਾ ਕਰਨ ਲਈ ਦੋ ਮਿਲਗੀਆਂ । ਇੰਨ੍ਹਾਂ ਵਿਚਾਰਿਆ ਨੂੰ ਵੀ ਕੋਈ ਸੁੱਖ ਦਾ ਸਾਹ ਆਉਣਾ ਸੀ ਕੋਈ। ਨਾਲੇ “ਭਾਈ ਦੁੱਖ ਸੁੱਖ ਆਪੋ ਅਪਣੇ ਕਰਮਾਂ ਦਾ। ਲੈਣਾ-ਦੇਣਾ ਪਿਛਲੇ ਜਨਮਾਂ ਦਾ।” ਸੱਤਿਆ ਦੇਵੀ ਹਰ ਗੱਲ ਨੂੰ ਕਰਮਾਂ ਦੀ ਝੋਲੀ ਵਿੱਚ ਪਾ ਦਿੰਦੀ।

“ਤੂੰ ਮੈਥੋਂ ਕੋਈ ਚੀਜ ਖੋਹ ਲੇਂ ਮੋੜੇ ਨਾਂ। ਉਲਟਾ ਕਹੇਂ ਇਹ ਲੇਖਾ-ਜੋਖਾ ਪਿਛਲੇ ਕਰਮਾਂ ਦਾ। ਪਿਛਲੇ ਦਾ ਕਾਹਦਾ? ਇਸੇ ਦਾ। ਇੱਥੇ ਈ ਹਿਸਾਬ ਹੋਊ। ਮੇਰੀ ਚੀਜ ਮੇਰੀ ਆ। ਕਿਉਂ ਛੱਡਾ ਦੂਜੇ ਕੋਲ।” ਹਰਮੇਲ ਜਿੰਦਗੀ ਦੀ ਕਿਤਾਬ ਚੋਂ ਕਿੰਨ੍ਹਾਂ ਪੜ੍ਹ ਗਈ ਸੀ।

“ਮੇਰੀ ਇੱਕ ਗੱਲ ਪੱਲੇ ਬੰਨਲੋ। ਸੋਥਾ ਰੱਖਿਉ। ਜੇ ਮਾੜੀ ਜੀ ਇਹਨੂੰ ਵਿੱਥ ਦੇਤੀ। ਇਹ ਫਾਨਾਂ ਬਣ ਕੇ ਖਲਪਾੜਾ ਬਣਾਦੂ ਸੋਡੀਆਂ।”

“ਹਾਂ, ਮਾਂਜੀ। ਸੱਚੀ ਆ ਤੇਰੀ ਗੱਲ ਇਹ ਤਾਂ ਮੈਨੂੰ ਕਹਿੰਦੀ,’ਜੇ ਤੂੰ ਮੇਰੀ ਬਣਕੇ ਰਹੇਂ ਤਾਂ ਤੈਨੂੰ ਦੋ ਕਮਰੇ, ਇੱਕ ਰਸੋਈ ਤੇ ਗੁਸਲਖਾਨਾਂ ਪੱਕਾ ਬਣਾਦੂ। ਵੱਡੀ ਤਾਂ ਬਥੇਰਾ ਕੱਟੇ-ਵੱਛੇ ਬੰਨਦੀ ਆ। ਮੈਂ ਈਂ ਨੀਂ ਨੇੜੇ ਲੱਗਣ ਦਿੰਦੀ। ਮੈਨੂੰ ਤਾਂ ਜਿਹੋ ਜਿਹੀ ਮੇਰੀ ਧੀ ਗੁਰਮਿੰਦਰ, ਉਹੋ ਜੀ ਤੰੂ।”

ਮੈਂ ਕਿਹਾ,”ਬੀਬੀ! ਨਵੇਂ ਕਮਰੇ ਬਣਾਉਣ ਦੀ ਕੀ ਲੋੜ ਆ। ਕੋਠੀ ਵਿੱਚ ਅੱਗੇ ਈ ਬਥੇਰੇ ਕਮਰੇ ਆ। ਦਾਣਾ ਫੱਕਾ ਤੇ ਸਟੋਰ ਵਾਲਾ ਸਮਾਨ ਤੇ ਹੋਰ ਨਿੱਕਾ ਮੋਟਾ ਸਮਾਨ ਵੀ ਉੱਥੇ ਰੱਖਲੋ। ਪੰਜ ਕਮਰੇ ਤੇ ਖੁੱਲ੍ਹੀ ਡੁੱਲੀ ਬੈਠਕ ਆ। ਬਾਬੇ ਦੀ ਸਵਾਰੀ ਆਲਾ ਕਮਰਾ ਖਾਲ਼ੀ ਕਰਲੋ। ਨਹੀਂ ਤਾਂ ਬਾਬੇ ਨੂੰ ਚੁਬਾਰੇ ਵਿੱਚ ਖੋਲ੍ਹੀ ਰੱਖੋ। ਸਰ ਵੀ ਸਕਦਾ। ਦੁੱਖ ਸੁੱਖ ਵੇਲੇ ਗੁਰਦੁਆਰਿਉਂ ਲਿਆਇਆ ਕਰਾਂਗੇ। ਦੋ ਕਮਰੇ ਸਾਨੂੰ ਦੇ ਦਿਉ।” ਜਦੋਂ ਮੈਂ ਕਿਹਾ ਇੱਕ ਦਮ ਧੌਣ ਅਕੜਾ ਲਈ। ਇੱਕ ਦਮ ਕੁਨੱਖਾ ਜਿਆ ਝਾਕਦੀ ਨੇਂ ਅੱਖਾਂ ਬੰਦ ਕਰ ਲੀਆਂ। ਗੱਲਾਂ ਜੀਆਂ ਫੁਲਾਕੇ ਸਿਰ ਨੂੰ ਥੱਲੇ ਵੱਲ ਹਲਾਇਆ। ਜਿਵੇਂ ਇਹ ਕਹਿ ਰਹੀ ਹੋਵੇ,‘ਇੰਨ੍ਹਾਂ ਮੂੰਹਾਂ ਨੂੰ ਮਸਰਾਂ ਦੀ ਦਾਲ।’ ਦੂਜੇ ਪਲ ਚਿਹਰੇ ਤੇ ਮੁਸਕਰਾਹਟ ਲਿਆਉਂਦੀ ਬੋਲੀ,“ਬਾਬਾ ਜੀ ਤਾਂ ਇਸੇ ਕਮਰੇ’ਚ ਈ ਰਹਿਣਗੇ। ਇਨ੍ਹਾਂ ਦਾ ਦਿੱਤਾ ਈ ਖਾਨੇਂ ਆਂ। ਹੂੰ!ਬਾਬਾ ਚੁਬਾਰੇ’ਚ। ਚੂੜੀਆਂ ਜੀਆਂ!” ਫੂੰ ਫੂੰ ਕਰਦੀ ਅੰਦਰ ਬੜ ਗਈ।

“ਕੀੜੇ ਪੈਣੀਏ! ਦੋ ਬਹੂਆ ਇੱਕ ਸਬਾਤ ਵਿੱਚ। ਕੋਈ ਨਾਂ ਬਾਬਾ ਸ਼ਭ ਕੁਝ ਜਾਣਦਾ। ਨਰਕਾਂ’ਚ ਨਾਂ ਡਿੱਗੀ ਮੈਂਨੂੰ ਬਾਂਮਣ ਦੀ ਧੀ ਨਾ ਕਿਹੋ। ਕੋਈ ਨਾਂ ਬਾਬਾ ਸੋਡੀ ਵੀ ਕਿਤੇ ਤਾਂ ਸੁਣੂ।”

ਘਰ ਵਿੱਚ ਹਰ ਰੋਜ ਈ ਗਿੱਲੀ ਅੱਗ ਧੁਖਦੀ ਰਹਿੰਦੀ। ਉਹ ਲੜਦੀਆਂ ਤੇ ਢਲਕ ਵੀ ਬੋਚਦੀਆਂ। ਅੱਗ ਕਿਤੇ ਇੱਕ ਪਾਸੇ ਤੋਂ ਛਿੜਦੀ ਕਿਤੇ ਦੂਜੇ ਪਾਸੇ ਤੋਂ। ਉਹ ਸਹੁਰੇ ਦੀ ਗੈਰਹਾਜਰੀ ਵਿੱਚ ਸੱਸ ਨੂੰ ਛੇੜਦੀਆਂ। “ਭੈਣੇ ਸਾਡੇ ਪਿੰਡ ਆਲੀ ਲੰਬੋ ਪਰੀਤੋ ਹਰ ਰੋਜ ਬਣ ਠਣ ਕੇ ਬੱਸ ਤੇ ਚੜ੍ਹ ਜਾਂਦੀ ਆ। ਦਿਨ ਵਿੱਚ ਤਿੰਨ ਚਾਰ ਵਾਰ ਸੂਟ ਬਦਲੂ। ਮੁਕਲਾਵੇ ਆਈ ਕੁੜੀ ਆਗੂੰ।“ ਉਹ ਇਹ ਤੇ ਅਜਿਹੀਆ ਹੋਰ ਕਈ ਗੱਲਾਂ ਕਹਿ ਕਹਿ ਕੇ ਹਸਦੀਆਂ। ਉਹ ਘਰ ਵਾਲੇ ਨੂੰ ਚੁੱਕ ਦਿੰਦੀ। “ਚਮਲਾਈ ਜਾਨੇ ਉ। ਦੋ ਡਾਂਗਾਂ ਮਾਰ ਕੇ ਸਿੱਧੀਆਂ ਨੀਂ ਕੀਤੀਆਂ ਜਾਂਦੀਆਂ। ਰੰਨਾਂ ਦੇ ਮੁਰੀਦ ਹੋਣ ਤਾਂ।” ਉਹ ਪੁੱਤਾਂ ਨੂੰ ਘੂਰਦਾ। ਲੋਹਾ ਲਾਖਾ ਹੋਇਆ ਕਿੰਨਾਂ ਕੁਝ ਕਹਿ ਜਾਂਦਾ।

ਇੱਕ ਦਿਨ ਤੇਜ ਨੇ ਜਕਦੇ ਜਕਦੇ ਨੇਂ ਕਹਿ ਦਿੱਤਾ,“ਬਾਪੂ ਸਾਨੂੰ ਤਾਂ ਕਹੀ ਜਾਂਨਾਂ, ਮਾਸੀ ਨੂੰ ਕੈਂਦਾ ਨੀਂ।” ਉਹ ਇਨ੍ਹੀਂ ਗੱੱਲ ਸੁਣਕੇ ਕੁਹਾੜੀ ਲੈ ਕੇ ਉਸਦੇ ਮਗਰ ਪੈ ਗਿਆ। ਉਹ ਭੱਜ ਕੇ ਗੁਆਂਢੀ ਨੰਬਰਦਾਰ ਦੇ ਖੇਤ ਜਾ ਬੜਿਅ। “ਹੋਸ਼ ਕਰ! ਜਰਨੈਲ ਸਿੰਆਂ, ਜਦੋਂ ਪਿਉ ਦੀ ਜੁੱਤੀ ਪੁੱਤ ਦੇ ਮੇਚ ਆਜੇ। ਜਦੋਂ ਧੀ ਪੱੁਤ ਵਿਆਹਿਆ ਜਾਵੇ। ਉਦੋਂ ਹੱਥ ਚੁੱਕਣਾ ਨੀ ਚਾਹੀਦਾ। ਕੀ ਰਹੂੂ ਤੇਰੀ ਜੇ ਬਰਾਬਰ ਹੱਥ ਚੱਕ ਲਿਆ।” ਉਸ ਤੋਂ ਪਿੱਛੋਂ ਕਿੰਨਾਂ ਈ ਚਿਰ ਉਹ ਨੰਬਰਦਾਰ ਨਾਲ ਨਾ ਬੋਲਿਆ।

ਅਗਲੇ ਦਿਨ ਉਨ੍ਹਾਂ ਨੂੰ ਇੱਕ ਮੱਝ, ਮੱਝ ਲਈ ਖਲ-ਵੜੇਵੇਂਂ ਤੇ ਖਾਣ ਪੀਣ ਦਾ ਬੱਝਵਾਂ ਸਮਾਨ ਦੇਕੇ ਰੋਟੀ ਅੱਡ ਕਰ ਦਿੱਤੀ। ਪਹਿਲਾਂ ਕਿਹੜਾ ਉਹ ਇਕੱਠੇ ਸੀ। ਉਨ੍ਹਾਂ ਲਈ ਸਿਰਫ ਰੋਟੀਆਂ ਹੀ ਕੱਚੀ ਰਸੋਈ ਵਿੱਚ ਬਣਦੀਆ ਸਨ। ਕੋਠੀ ਦੀ ਸੁੰਭਰ ਸੰਵਰਾਈ ਤੇ ਫਰਸ਼ ਤੇ ਪੋਚੇ ਲਾਉਣ ਤੋਂ ਵੱਧ ਉਨ੍ਹਾਂ ਦਾ ਕੌਠੀ ਨਾਲ ਕੋਈ ਵਾਸਤਾ ਨੀਂ ਸੀ। ਪਰ ਅੰਗਰੇਜ ਕੌਰ ਤਾਂ ਅੰਗਰੇਜ ਕੌਰ ਈ ਸੀ। ਉਹ ਲਿਆਂਦੇ ਸਮਾਨ ਵਿੱਚੋਂ ਅੱਧਾ ਸਮਾਨ ਚੋਰੀ ਕਰ ਲੈਂਦੀ।

“ਬਾਪੂ ਜੀ! ਬੀਬੀ ਸਾਨੂੰ ਅੱਧਾ ਸਮਾਨ ਈ ਦਿੰਦੀ ਆ। ਕਈ ਵਾਰ ਜੁਆਕ ਬੀਮਾਰ-ਠਮਾਰ ਹੋ ਜਾਂਦੇ ਆ। ਤੁਸੀਂ ਘਰ ਨੀਂ ਹੁੰਦੇ। ਸਾਨੂੰ ਸੌ ਰੁਪਈਆ ਮਹੀਨਾਂ ਬੱਝਵਾਂ ਦੇ ਦਿਆ ਕਰੋ।” ਹਰਮੇਲ ਨੇਂ ਮੰਗ ਕੀਤੀ।

“ਬੈਂਕ ਨਾ ਲੁਆ ਦਿਆ ਸੋਡੇ ਨਾਂ ਭੈਣ-ਚੋ—।” ਉਹ ਅੱਗ ਭੰਬੂਕਾ ਹੋਇਆ ਹਰਮੇਲ ਵੱਲ ਕਚੀਚੀ ਵੱਟ ਕੇ ਅੱਗੇ ਨੂੰ ਹੋਇਆ। ਗੁਰਤੇਜ ਤੇ ਗੁਰਮੇਜ ਠਠੰਬਰ ਗਏ।

“ਆ ਲਾ ਹੱਥ। ਸਾਨੂੰ ਵੀ ਗੁੰਗੀਆਂ ਈ ਸਮਝ ਲਿਆ। ਫਿਰ ਕੱਢ ਗਾਲ। ਆ ਮਾਰ ਘਸੁੰਨ।” ਹਰਮੇਲ ਨੇ ਬਿਨਾ ਕਿਸੇ ਘਬਰਾਹਟ ਦੇ ਕਿਹਾ। ਸਹੁਰੇ ਦਾ ਵੱਟਿਆ ਘਸੁੰਨ ਥੱਲੇ ਆ ਗਿਆ।

“ਨਾ ਨੂੰਹਾਂ ਸਹੁਰੇ ਮੂਰੇ ਸੋਡੇ ਵਾਂਗੂੰ ਬੋਲਦੀਆਂ। ਜੱਗ ਜਹਾਨ ਦੀ ਸ਼ਰਮ ਆ ਸੋਨੂੰ।” ਅੰਗਰੇਜ ਕੌਰ ਬੋਲੀ। “ਨੂੰਹਾਂ! ਸਹੁਰਾ! ਸ਼ਰਮ? ਸ਼ਰਮ ਤਾਂ ਉਦੇ ਈਂ ਲਹਿਗੀ ਸੀ। ਜਿਦੇਂ ਇਸ ਕੰਜਰਾਂ ਦੇ ਘਰ ਪੈਰ ਪਾਇਆ ਸੀ।” ਮੇਲੋ ਦੀਆਂ ਅੱਖਾਂ ਵਿੱਚੋਂ ਲਹੂ ਚੋਣ ਲੱਗਿਆ।“ਸ਼ਰਮ! ਸ਼ਰਮ!!” ਗੁੱਸੇ ਵਿੱਚ ਕੰਬਦੀ ਨੂੰ ਭਾਗੋ ਫੜ੍ਹ ਕੇ ਅੰਦਰ ਲੈ ਗਈ।

ਦੋਵੇਂ ਦਰਾਣੀ ਤੇ ਜਠਾਣੀ ਬੱਸ ਚੜ੍ਹਕੇ ਪੇਕੇ ਚਲੀਆਂ ਗਈਆਂ। ਅਗਲੇ ਦਿਨ ਉਨ੍ਹਾਂ ਦੇ ਮਾਂ ਪਿਉ ਉਨ੍ਹਾਂ ਨੂੰ ਨਾਲ ਲੈ ਆਏ।

“ਪਹਿਲੀ ਤਾਂ ਗੱਲ ਐ ਬਈ ਤੁਸੀਂ ਕੱਠੇ ਰਹੋ। ਕੱਠ’ਚ ਈ ਬਰਕਤ ਆ। ਜੇ ਭਾਈ ਕੱਠ ਨੀਂ ਨਿਭਦਾ ਅੱਡ ਹੋ ਜੋ। ਨਿੱਤ ਨਿੱਤ ਦਾ ਕਲੇਸ਼ ਮਾੜਾ। ਜੀਹਦੇ ਹੋਣਗੇ ਉਹਦੇ ਈ ਅੱਡ ਹੋਣਗੇ।” ਮਾਪੇ ਤੇ ਪਿੰਡ ਦੇ ਕਈ ਸਿਆਣੇ ਬੋਲੇ।

“ਕਰ ਦਿੰਨਾਂ ਅੱਡ। ਮੇਰੇ ਪੁੱਤ ਕਹਿਣ ਤਾਂ। ਦੱਸ ਬਈ ਤੇਜ ਅੱਡ ਹੋਣਾ। ਦੱਸ ਬਈ ਮੇਜਿਆ ਅੱਡ ਹੋਣਾ।“ ਜਰਨੈਲ ਨੇ ਕਿਹਾ।
ਉਹ ਚੁੱਪ ਰਹੇ। ਦੂਜੀ ਵਾਰ ਕਿਹਾ । ਉਹ ਚੁੱਪ। ਤੀਜੀ ਵਾਰ ਕਿਹਾ। ਉਨ੍ਹਾ ਨੇ ਸਿਰ ਫੇਰ ਦਿੱਤਾ।

“ਅਸੀਂ ਕਦ ਕਿਹਾ ਸਾਨੂੰ ਅੱਡ ਕਰੋ। ਗੱਲ ਤਾਂ ਗਾਲਾਂ ਤੇ ਕੁੱਟ ਮਾਰ ਦੀਆ। ਅਸੀਂ ਸੌ ਰਪਈਆ ਮਹੀਨੇ ਦਾ ਮੰਗਿਆ। ਇਹ ਭੈਣ ਦੀ ਗਾਲ ਕਢਦਾ। ਘਸੁੰਨ ਮਾਰਨ ਲੱਗਿਆ। ਨੂੰਹਾਂ ਨੂੰ ਗਾਲਾਂ ਕਢਦਾ ਬੰਦਾ ਚੰਗਾ ਲਗਦਾ।” ਉਹ ਨਿਧੜਕ ਹੋ ਕੇ ਬੋਲੀ:“ਇਹ ਬੋਲਣ ਜੋਗੇ ਛੱਡੇ ਹੁੰਦੇ, ਤਾਂ ਹੀਂ ਬੋਲਦੇ।” ਇਹ ਵਾਕ ਉਹ ਅਪਣੇ ਮਨ ਵਿੱਚ ਕਹਿ ਗਈ।

“ਨੂੰਹਾਂ ਧੀਆਂ ਵੱਡਿਆਂ ਮੂਰੇ ਬੋਲਦੀਆ ਚੰਗੀਆ ਨੀਂ ਲਗਦੀਆਂ।” ਸਾਰੇ ਇੱਕ ਮੱਤ ਹੋ ਕੇ ਬੋਲੇ।

“ਅਪਣੇ ਹੱਕ ਲਈ ਨੂੰਹ ਧੀ ਕਿਉਂ ਨਾਂ ਬੋਲੇ। ਉਨ੍ਹਾਂ ਚਿਰ ਬੇ ਸਨਾਂਫੀ ਰਹੂ, ਗਾਲੀ ਗਲੋਚ ਰਹੂ, ਜਿੰਂਨ੍ਹਾਂ ਚਿਰ ਨੂੰਹ ਧੀ ਨੀਂ ਬੋਲਦੀ।” ਹਰਮੇਲ ਬੋਲੀ।

ਉਹ ਪੰਜਾਹ ਕਿੱਲੇ ਜਮੀਨ ਵਿੱਚੋਂ ਦਸ ਕਿੱਲੇ ਜਮੀਨ ਤੇ ਦਸ ਮਰਲੇ ਬਾਹਰਲਾ ਘਰ ਦੇਕੇ ਅੱਡ ਕਰ ਦਿੱਤੇ। ਇਹ ਉਨ੍ਹਾਂ ਦੇ ਹੱਕ ਤੋਂ ਕਿਤੇ ਘੱਟ ਸੀ। ਹਰਮੇਲ ਤੇ ਭਾਗੋ ਦਾ ਕੀ ਬਸ ਚਲਦਾ। ਜਦ ਹੱਕ ਮੰਗਣ ਵਾਲੇ ਈ ਕਿਸੇ ਯੋਗੇ ਨੀਂ ਸੀ।

“ਹੁਣ ਤਾਂ ਖੁਸ਼ Eਂ।” ਜਰਨੈਲ ਨੇ ਪੁੱਤਾਂ ਨੂੰ ਕਿਹਾ। ਦੋਵੇਂ ਭਰਾ ਇਉਂ ਬੋਲੇ ਜਿਵੇਂ ਮਿੱਟੀ ਦੀ ਢਿੱਗ ਥੱਲਿਉਂ ਬਚ ਕੇ ਨਿਕਲ ਗਏ ਹੋਣ।

ਦੋ ਦਹਾਕੇ ਬੀਤ ਗਏ। ਬੈਰਿੰਗ ਘਸਦੇ ਘਸਦੇ ਚੀਕਦੇ ਰਹੇ। ਸਮੇਂ ਨੇ ਹਰਮੇਲ ਤੇ ਭਾਗੋ ਦੇ ਬਥੇਰੇ ਲਫੇੜੇ ਮਾਰੇ। ਸਮੇਂ ਨਾਲ ਉਨ੍ਹਾਂ ਦਾ ਪਰਚੰਡ ਜੋਸ਼ ਮੱਠਾ ਹੁੰਦਾ ਗਿਆ। ਦਿਨ-ਬਦਿਨ ਉਹ ਨਿਰਾਸਤਾ ਦੀ ਡੂੰਘੀ ਖੱਡ ਵਿੱਚ ਧਸਦੀਆਂ ਗਈਆਂ।

ਉਨ੍ਹਾਂ ਦੀ ਇੱਕੋ ਇੱਕ ਆਸ ਬੱਚਿਆਂ ਦਾ ਭਵਿੱਖ ਰਹਿ ਗਿਆ ਸੀ। ਉਹ ਪੜ੍ਹ ਲਿਖ ਜਾਣ। ਚੰਗੇ ਕੰਮਾ ਤੇ ਲੱਗ ਜਾਣ। ਵੱਡਿਆ ਆਂਗੂੰ ਮਿੱਟੀ ਘੱਟਾ ਨਾਂ ਛਾਨਣ। ਪਰ ਭਵਿੱਖ ਵੀ ਤਾਂ ਸੋਨੇ ਦਾ ਹਿਰਨ ਬਣਿਆ ਖੜਾ ਸੀ।

ਪਰਵਾਰ ਦੇ ਦਸ ਜੀਅ ਹੋ ਗਏ। ਚਾਰੇ ਉਹ। ਦੋਵਾਂ ਦੇ ਤਿੰਨ ਤਿੰਨ ਬੱਚੇ। ਵੱਡੇ ਦੋ ਮੁੰਡੇ। ਵਿਚਕਾਰਲੀਆਂ ਦੋ ਕੁੜੀਆਂ। ਫਿਰ ਦੋ ਛੋਟੇ ਮੁੰਡੇ। ਜ਼ਮੀਨ ਕੁੱਲ ਅੱਠ ਕਿਲੇ ਸੀ। ਖੇਤੀ ਤੇ ਖਰਚਾ ਹਰ ਸਾਲ ਵਧਦਾ ਗਿਆ। ਉਹ ਦੋ ਮੱਝਾਂ ਰਖਦੇ। ਡੇਰੀ ਵਿੱਚ ਦੁੱਧ ਪਾਉਂਦੇ । ਹਰ ਸਾਲ ਕੋਈ ਕੱਟੀ ਵੱਛੀ ਪਾਲ ਲੈਂਦੇ। ਸਾਰੇ ਹੱਥੀਂ ਕੰਮ ਕਰਦੇ।

ਪੜ੍ਹਾਈ ਦਾ ਖਰਚਾ। ਉੱਤੋਂ ਬੇਰੁਜਗਾਰੀ। ਚੰਗੇ ਪੜ੍ਹੇ ਲਿਖੇ ਵੀ ਧੱਕੇ ਖਾਦੇ ਫਿਰਦੇ ਸਨ। ਨੌਕਰੀ ਵੀ ਤਾ ਰਿਸ਼ਵਤ ਨਾਲ ਮਿਲਦੀ ਸੀ। ਵੱਡੇ ਮੁੰਡੇ ਦੋਵੇਂ ਹਟਾ ਕੇ ਖੇਤੀ ਦੇ ਕੰਮ ਵਿੱਚ ਪਾ ਲਏ। ਅਪਣੀ ਜਮੀਨ ਦੇ ਨਾਲ ਕੁਝ ਹੋਰ ਜਮੀਨ ਠੇਕੇ ਤੇ ਲੈ ਲੈਂਦੇ । ਥੋੜਾ ਬਹੁਤ ਬਚ ਜਾਂਦਾ। ਉਸ ਨਾਲ ਪਰਵਾਰ ਦੀ ਮੁਸ਼ਕਲ ਨਾਲ ਗੱਡੀ ਰੁੜਦੀ।

ਇੱਕ ਸਾਲ ਉਨ੍ਹਾਂ ਤੀਹ ਏਕੜ ਜਮੀਨ ਦਸ ਹਜਾਰ ਏਕੜ ਦੇ ਹਿਸਾਬ ਨਾਲ ਠੇਕੇ ਤੇ ਲੈ ਲਈ। ਝੋਨੇ ਦੀ ਫਸਲ ਚੰਗੀ ਹੋ ਗਈ। ਰਣਵੀਰ ਨੇ ਆੜਤੀਆਂ ਨਾਲ ਹਿਸਾਬ ਕੀਤਾ। ਰਸਾਇਣਕ ਖਾਦਾਂ, ਕੀੜੇ ਮਾਰ ਦਵਾਈਆ ਤੇ ਹੋਰ ਖਰਚੇ ਕੱਟ ਕੇ ਸਾਲ ਭਰ ਦਾ ਠੇਕਾ ਤੇ ਕੁਝ ਰੁਪਈਏ ਆਈ ਚਲਾਈ ਯੋਗੇ ਬਚੇ ਸਨ। ਆੜਤੀਏ ਨੱਥੂ ਰਾਮ ਨੇਂ ਰਣਬੀਰ ਤੋਂ ਦਸਖਤ ਕਰਾਕੇ ਗੁਰਤੇਜ ਤੋਂ ਵਹੀ ਤੇ ਅੰਗੂਠਾ ਲੁਆ ਲਿਆ। ਸੌ ਰੁਪਈਏ ਵਾਲੀਆਂ ਸੌ ਸੌ ਦੀਆਂ ਤੀਹ ਗੁੱਟੀਆਂ ਗੁਰਤੇਜ ਦੀ ਝੋਲੀ ਪਾ ਦਿੱਤੇ। ਰਣਬੀਰ ਨੇ ਉਸਨੂੰ ਦੁਪੱਟੇ ਦੇ ਲੜ੍ਹ ਬੰਂਨ੍ਹ ਦਿੱਤਾ। ਇਸ ਨੂੰ ਵੇਖ ਕੇ ਗੁਰਤੇਜ ਦੀਆਂ ਅੱਖਾ ਫੁੱਲ ਗਈਆਂ।

ਉਹ ਠੇਕਾ ਲੈਕੇ ਸਰਦਾਰ ਜਗਰੂਪ ਸਿੰਘ ਦੇ ਘਰ ਗਏ। ਜਗਰੂਪ ਸਿੰਘ ਕਮਰੇ ਵਿੱਚ ਪੱਖਾ ਲਾਕੇ ਸੁੱਤਾ ਪਿਆ ਸੀ। ਉਹ ਉੱਠਿਆ। ਗੁਰਤੇਜ ਨੇ ਕੰਬਦੇ ਹੱਥਾਂ ਨਾਲ ਦੁਪੱਟਾ ਖੋਲ ਕੇ ਪੈਸੇ ਉਸਦੇ ਅੱਗੇ ਢੇਰੀ ਕਰ ਦਿੱਤੇ।

ਮੁੰਡੇ ਧੁੱਪੇ ਸੜਦੇ ਰਹੇ। ਗਰਮੀ ਨਾਲ ਉਨ੍ਹਾਂ ਦੀ ਚਮੜੀ ਮੱਚ ਗਈ। ਇਹ ਕੋਠੀ ਬੈਠਾ ਤਿੰਨ ਲੱਖ ਲੈ ਗਿਆ। ਉਹ ਡੌਰ ਭੌਰ ਹੋਇਆ ਹੋਰ ਤਰ੍ਹਾ ਝਾਕਿਆ। ਉਸ ਤੋਂ ਪਿੱਛੋਂ ਜਭਲੀਆਂ ਜੀਆਂ ਮਾਰਨ ਲੱਗ ਪਿਆ।

ਪਹਿਲਾਂ ਬਾਹਰ ਪਿਉ ਨੇ ਘੂਰਨਾਂ। ਨੀਵੀਂ ਪਾਕੇ ਸੁਣੀ ਜਾਂਦਾ। ਪੈਰਾਂ ਹੇਠੋਂ ਮਿੱਟੀ ਜੀ ਖੁਰਚੀ ਜਾਂਦਾ। ਘਰ ਤੀਮੀਆਂ ਤੇ ਜੁਆਕ ਝਿੜਕਦੇ। ਕੰਨਾਂ ਤੇ ਜੂੰ ਵੀ ਨਾ ਸਰਕਦੀ। ਪਰ ਤਿੰਨ ਲੱਖ ਠੇਕੇ ਦਾ ਤਾਰਨ ਪਿੱਛੋਂ ਕਿਵੇਂ ਗੋਹਾ ਲੋਹਾ ਬਣਨ ਜਾ ਰਿਹਾ ਸੀ।

“ਸਾਰੀ ਉਮਰ ਆਪਦੀ ਸੜੀ ਚਮੜੀ ਦਾ ਤਾਂ ਪਤਾ ਨੀਂ ਲੱਗਿਆ। ਸ਼ੁਕਰ ਐ ਮੁੰਡਿਆ ਦੀ ਸੜੀ ਚਮੜੀ ਦਾ ਦੁੱਖ ਤਾਂ ਹੋਇਆ।” ਹਰਮੇਲ ਹਸਦੀ। ਖੁਸ਼ ਹੁੰਦੀ। ਪਰ ਉਸਦੀ ਜਭਲੀਆ ਜੀਆਂ ਸੁਣ ਕੇ ਚਿੰਤਾ ਵੀ ਕਰਦੀ।

ਇੱਕ ਦਿਨ ਗੁਰਤੇਜ ਨਂੰਬਰਦਾਰ ਸੋਹਣ ਸਿੰਘ ਤੇ ਘਰਾਂ ਦੇ ਚਾਰ ਪੰਜ ਬੰਦੇ ਹੋਰ ਲੈਕੇ ਪਿਉ ਦੇ ਘਰ ਚਲਿਆ ਗਿਆ। ਜਰਨੈਲ ਨੇ ਉਨ੍ਹਾਂ ਨੂੰ ਰਸਮੀ ਚਾਹ ਪਾਣੀ ਪੁੱਛ ਕੇ ਆਉਣ ਦਾ ਕਾਰਨ ਪੁੱਛਿਆ।

“ਕਰ ਗੱਲ ਬਈ ਤੇਜਿਆ।”ਨੰਬਰਦਾਰ ਨੇ ਕਿਹਾ।

“ਤੂੰ ਹੀ ਦਸਦੇ। ਮੇਰਾ ਇਦੇ ਨਾਲ ਕੀ ਲਾਕਾ-ਦੇਕਾ।”

“ਲਾਕਾ ਦੇਕਾ ਕਿਉਂ ਨੀਂ। ਤੂੰ ਇੰਨ੍ਹਾਂ ਦਾ ਪਿਉ ਆਂ। ਇਹ ਤੇਰੇ ਪੁੱਤ।”

“ਹਾਂ ਬਈ ਤੇਜਿਆ। ਕਰ ਗੱਲ।“ ਨਾਲ ਆਏ ਦੋ ਬੋਲੇ।

“ਬਾਪੂ ਸਾਡਾ ਹਿਸਾ ਸਾਨੂੰ ਦੇਦੇ। ਸਾਡਾ ਵੀ ਟੱਬਰ ਵਧ ਗਿਆ।” ਇਸ ਵਾਰ ਉਹ ਸਿੱਧਾ ਝਾਕਦਾ ਰਿਹਾ। ਨੀਵੀਂ ਪਾਕੇ ਮਿੱਟੀ ਜੀ ਨੀਂ ਖੁਰਚੀ ।

“ਮੈਥੋਂ ਕੀ ਭਾਲਦਾਂ। ਉਨ੍ਹਾਂ ਤੋਂ ਲੈ ਲ਼ੈ ਜਿੰਨ੍ਹਾਂ ਦੇ ਮਗਰ ਤੁਰਿਆ ਫਿਰਦਾਂ।”

“ਕਿਸੇ ਦੇ ਮਗਰ ਨੀਂ ਲੱਗਿਆ ਮੈਂ ਤਾਂ।” ਉਹ ਧੌਣ ਅਕੜਾ ਕੇ ਬੋਲਿਆ।

“ਅਸੀਂ ਕੀ ਕੱਢਣਾ ਪਾਉਣਾ।” ਇਹ ਕਹਿੰਦਾ ਪੰਚਾਇਤ ਮੈਂਬਰ ਨੱਥਾ ਸਿੰਘ ਗੁਸਾ ਖਾ ਕੇ ਤੁਰਨ ਈ ਲੱਗਿਆ ਸੀ ਪਰ ਨੰਬਰਦਾਰ ਨੇ ਰੋਕ ਦਿੱਤਾ।

“ਸਿੱਧੇ ਮੂੰਹ ਬੁਲਾਏ ਤੋਂ ਤਾਂ ਬੋਲਦੇ ਨੀਂ ਉੱਤੋਂਂ ਮੁਰੱਬੇ ਭਾਲਦਾ। ਜਮੀਨ ਵਾਰੀ ਅੱਜ ਬਾਪੂ ਯਾਦ ਆ ਗਿਆ।” ਉਹ ਗੁਰਤੇਜ ਨੂੰ ਘੁਰਕੀ ਲੈਕੇ ਪਿਆ।ਉਹ ਗੁੱਸਾ ਖਾ ਕੇ ਤੁਰਨ ਲੱਗਿਆ। ਪਰ ਸੋਹਣ ਸਿੰਘ ਦੇ ਇਸ਼ਾਰੇ ਨਾਲ ਰੁੱਕ ਗਿਆ।

ਇੰਨੇ ਚਿਰ ਨੂੰ ਅੰਗਰੇਜ ਕੌਰ ਚਾਹ ਦੇ ਗਲਾਸ ਮੇਜ ਤੇ ਧਰਦੀ, ਮੁਗਰਾਈ ਵਰਗੀ ਸਿੱਧੀ ਧੌਣ ਅਕੜਾ ਕੇ ਬੋਲੀ: “ਮੈਂ ਤਾਂ ਕਿਦੇ ਦੀ ਕਹਿਨੀਂ ਆ। ਨਿਬੇੜ ਕੇ ਪਰੇ ਕਰ। ਮੇਰਾ ਤੇ ਮੇਰੀਆਂ ਧੀਆਂ ਦਾ ਹਿੱਸਾ ਮੈਂਨੂੰ ਦੇਦੇ। ਇਹ ਗੌਲਦਾ ਈ ਨੀਂ।”

ਕਹਿਣੇ ਤਾਂ ਸਾਰੇ ਈ ਚਾਹੁੰਦੇ ਸਨ, ਬਈ ਧੀਆਂ ਤੇਰੀਆਂ ਪੜ੍ਹ ਲਿਖ ਕੇ ਵਿਆਹੀਆਂ ਗਈਆਂ। ਚੰਗੇ ਕੰਮਾਂ ਕਾਰਾਂ ਤੇ ਲੱਗੀਆਂ। ਇਹ ਪਸ਼ੂਆਂ ਵਰਗੀ ਜੂਨ ਭੋਗਦੇ ਆ। ਪਰ ਕਿਸੇ ਨੇ ਨਾ ਕਿਹਾ।

“ਚੰਗਾ ਸੋਚ ਲਾਂਗੇ।” ਕਹਿਕੇ ਉਸਨੇ ਸਾਰੀ ਪੰਚਾਇਤ ਚਾਹ ਪਿਆ ਕੇ ਮੋੜ ਦਿੱਤੀ।

‘ਮੁੰਡੇ ਧੁੱਪੇ ਮਚਦੇ ਰਹੇ। ਜਗਰਾਜ ਸਿੰਘ ਕੋਠੀ ਵਿੱਚ ਬੈਠਾ ਤਿੰਨ ਲੱਖ ਕਾਹਦਾ ਲੈ ਗਿਆ। ਆਪਦਾ ਹੱਕ ਲੈ ਕੇ ਛੱਡਣਾ।’ ਇਹ ਗੱਲ ਤੇਜ ਦੇ ਮਨ ਤੇ ਸਵਾਰ ਹੀ ਰਹੀ।

ਉਹ ਇੱਕ ਮਹੀਨੇ ਬਾਅਦ ਫਿਰ ਪੰਚਾਇਤ ਇਕੱਠੀ ਕਰ ਕੇ ਪਿਉ ਦੇ ਘਰ ਪਹੁੰਚ ਗਿਆ।

“ਜਮੀਨ ਲ਼ੇਣ ਵਾਰੀ ਇੰਂਨ੍ਹਾਂ ਦੇ ਬਾਪੂ ਯਾਦ ਆ ਗਿਆ। ਪਹਿਲਾਂ ਪਿਉ ਦੀ ਸਿਆਣ ਨੀਂ ਕੱਢੀ।” ਕਿਸੇ ਦੇ ਗੱਲ ਕਰਨ ਤੋਂ ਪਹਿਲਾਂ ਈ ਅੰਗਰੇਜ਼ ਕੌਰ ਨੇ ਸੁੱਕੇ ਬਾਲਣ ਤੇ ਅੱਗ ਦਾ ਫਲੂਹਾ ਸੁੱਟ ਦਿੱਤਾ।

“ਲੈਣੀ ਨੀਂ! ਸਾਡੇ ਬਾਬੇ ਆਲੀ ਆ। ਤੈਂ ਤਾਂ ਨੀ ਖਰੀਦੀ। ਸਾਡਾ ਹਿੱਸਾ ਬਣਦਾ।” ਤੇਜ ਵੀ ਤੈਸ਼ ਵਿੱਚ ਬੋਲਿਆ।

“ਪੜ੍ਹਾ ਕੇ ਭੇਜਿਆ ਤੋਤਾ। ਕਿਵੇਂ ਭੁੱਟ ਭੁੱਟ ਬੋਲਦਾ।” ਅੰਗਰੇਜ ਕੌਰ ਬੋਲੀ। ਜਰਨੈਲ ਬੈਠਾ ਈ ਵੱਟ ਖਾ ਗਿਆ।

“ਕਿਸੇ ਦੇ ਸਖਾਏ ਤੇ ਕੌਣ ਬੋਲਦਾ? ਜੀਨੂੰ ਦੁੱਖ ਹੋਊ। ਉਹੀ ਬੋਲੂ, ਭਾਬੀ।” ਜਰਨੈਲ ਦੇ ਚਾਚੇ ਦਾ ਪੁੱਤ ਬੋਲਿਆ।

“ਮੈਂ ਤੈਨੂੰ ਥੋੜੋ ਕਿਹਾ। ਤੈਨੂੰ ਐਮੇਂ ਭਾਸਰਦੀਆਂ।”

“ਔਖੇ ਹੋਉਗੇ, ਤੇਜਿਆ!” ਜਰਨੈਲ ਨੇ ਪੰਚਾਇਤ ਦੀ ਕੋਈ ਪਰਵਾਹ ਨਾ ਕੀਤੀ।

“ਪਹਿਲਾਂ ਤਾਂ ਅਸੀਂ ਬੜੇ ਸੌਖੇ ਆ। ਵੱਡਾ ਨਗੌਰੀ। ਕਹਿੰਦਾ ਔਖੇ ਹੋਜੋਂਗੇ।”

“ਨਿਕਲ ਜਾ ਮੇਰੇ ਘਰੋਂ। ਮੈਂ ਨੀ ਸੋਡਾ ਪਿਉ।“ ਉਹ ਘੁਰਕੀ ਲੈਕੇ ਪਿਆ।

“ਨਹੀਂ ਨਿਕਲਦਾ ਜਾ। ਜਿੜਾ ਸਾਡਾ ਪਿਉ ਆ। ਉਦੀ ਬਾਂਹ ਫੜਾ।” ਤੇਜ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ।
ਜਰਨੈਲ ਨੇ ਘਸੁੰਨ ਵੱਟ ਲਿਆ।

“ਅੱਗੇ ਈ ਕੁੱਟ ਲੈਂਦਾ ਸੀ। ਹੋ ਗਾਂਹ ਮਾੜਾ ਜਾ।”

“ਵਾਹਲੀਂ ਫਿਰ ਜਮੀਨ। ਧੱਕੇ ਨਾਲ। ਪੁਲਸ ਤੋਂ ਚਿੱਤੜ ਨਾਂ ਕੁਟਾਤੇ, ਲੱਤਾਂ ਨਾਂ ਤੁੜਾਤੀਆਂ।”

“ਲਿਆਈਂ ਪੁਲਸ। ਤੜਾਦੀ ਲੱਤਾਂ। ਮੈਂ ਨੀਂ ਡਰਦਾ ਕਿਸੇ ਤੋਂਂ।“ ਤੇਜ ਨੇ ਕੁਰਤੇ ਦੀਆਂ ਬਾਹਾਂ ਚੜ੍ਹਾ ਲਈਆਂ।

‘ਨਿਕਲ ਜਾ ਮੇਰੇ ਘਰੋਂ।”

“ਨਹੀਂ ਨਿਕਲਦਾ!”

“ਖੜਜਾ ਤੇਰੀ ਮਾਂਦੀ।” ਕਹਿਕੇ ਜਰਨੈਲ ਉਸਨੂੰ ਘਸੁੰਨ ਵੱਟ ਕੇ ਮਾਰਨ ਪਿਆ। ਤੇਜ ਵੀ ਗੁੱਸੇ ਨਾਲ ਦੰਦ ਕਰੀਚਦਾ ਅੱਗੇ ਨੂੰ ਹੋਇਆ। ਦੋਵਾਂ ਦੇ ਗੱਥਮ-ਗੁੱਥਾ ਹੋਣ ਤੋਂ ਪਹਿਲਾਂ ਦੋ ਜਾਣੇ ਤੇਜ ਨੁੰ ਪਿੱਛੇ ਨੂੰ ਧੱਕ ਕੇ ਲੈ ਗਏ। ਦੋ ਜਾਣੇ ਪਿਉ ਨੂੰ ਫੜ ਕੇ ਖੜ੍ਹ ਗਏ। ਅੰਗਰੇਜ ਕੌਰ ਭੱਜ ਕੇ ਸਬਾਤ ਅੰਦਰ ਚਲੀ ਗਈ। ਉਹ ਉੱਥੇ ਖੜ੍ਹੀ ਬੁੜ ਬੁੜ ਕਰਦੀ ਰਹੀ। “ਵਾਹਾਂਗੇ। ਨਾਲੇ ਤੂੰ ਆਜੀਂ।ਏਨੂੰ ਵੀ ਲਿਆਈਂ।” ਲਲਕਾਰੇ ਮਾਰਦੇ ਗੁਰਤੇਜ ਨੂੰ ਪੰਚਾਇਤ ਵਾਲੇ ਬਾਹਰ ਲੈ ਗਏ।

“ਕਸਰ ਰਹਿਗੀ ਜੇ ਸੁਆਰ ਕੇ ਦਾੜੀ ਪਟਦਾ। ਫਿਰ ਲੱਜਤ ਆਉਂਦੀ। ਦਾੜੀ੍ਹ ਪੁਟਾਏ ਬਿਨਾਂ ਇਹ ਡੱਕਾ ਦਬਾਲ ਨੀਂ।” ਜਰਨੈਲ ਦੇ ਚਾਚੇ ਦਾ ਪੁੱਤ ਠਹਾਕਾ ਮਾਰ ਕੇ ਹੱਸਿਆ।

ਤੇਜ ਦੇ ਬੋਲਣ ਦੀ ਚਰਚਾ ਖੁੰਢਾਂ ਤੇ ਛਿੜ ਗਈ। ਇਸ ਗੱਲ ਦੀ ਚਰਚਾ ਘਰ ਘਰ ਹੋਣ ਲੱਗੀ। ਸਾਰੇ ਹਰਾਨ ਸਨ। ਗੁੰਗੇ ਨੂੰ ਜਬਾਨ ਕਿੱਥੋਂ ਲੱਗ ਗਈ ਸੀ।

ਪਿਉ ਨਾਲ ਲੜਨ ਤੋਂ ਪਿੱਛੋਂ ਉਹ ਅਰਧ ਪਾਗਲ ਹੋ ਗਿਆ। ਜੋ ਵੀ ਮੂਹਰੇ ਆਉਂਦਾ। ਉਸ ਨੂੰ ਪੁੱਠਾ ਈ ਬੋਲਦਾ। ਮੁੰਡਿਆਂ ਨੂੰ ਵੀ ਕਹਿ ਦਿੰਦਾ,“ਚੱਲੋ ਖੇਤ। ਵੱਢੂ ਸੋਡੀਆਂ ਲੱਤਾਂ।”

“ਤੇਰੀਆਂ ਵੀ ਲੱਤਾਂ ਵੱਢਦੂ ।ਚਪੇੜਾਂ ਨਾਲ ਮੂੰਹ ਰੰਗਦੂ।” ਹਰਮੇਲ ਨੂੰ ਵੀ ਕਹਿ ਦਿੰਦਾ।

“ਸਾਰੀ ਉਮਰ ਤਾਂ ਤੇਰੀਆਂ ਚਪੇੜਾਂ ਨੂੰ ਤਰਸਦੀ ਰਹੀ। ਸ਼ੁਕਰ ਹੈ ਹੁਣ ਚਪੇੜਾ ਮਾਰਨ ਯੋਗਾ ਹੋਇਆਂ। ਲੱਤਾਂ ਵੱਢਣ ਯੋਗਾ ਹੋਇਆਂ।” ਉਹ ਗਿੱਠ ਉੱਚੀ ਧੌਣ ਕਰਕੇ ਗੱਲਾਂ ਕਰਦੀ। ਜੇ ਉਹ ਖੇਤ ਜਾਣ ਨੂੰ ਕਹਿੰਦਾ,“ਚਲਿਆ ਜਾਈਂ।ੲੈਡੀ ਕਾਹਲੀ ਵੀ ਕਾਦੀ ਆ।ਹੈਗੇ ਨੇਂ ਮੁੰਡੇ ਕੰਮ ਕਰਨ ਆਲੇ।”

“ਬੀਬੀ! ਅੱਗੇ ਤਾਂ ਭਾਪੇ ਨੂੰ ਭੱਜ ਭੱਜ ਪੈਂਦੀ ਸੀ। ਹੁਣ ਬਾਹਲਾ ਈ ਪਿਆਰ ਆਉਣ ਲੱਗ ਪਿਆ। ਸਿਰ’ਚ ਤੇਲ ਝੱਸਣੋਂ ਈ ਨੀਂ ਹਟਦੀ।”ਮੁੰਡੇ ਹਸਦੇ ਰਹਿੰਦੇ।

“ਝੱਸਾਂ ਨਾਂ। ਜਾਇ ਖਣਿਉ। ਮੇਰੇ ਪਿਉ ਦੀ ਸਹੇੜ ਆ।ਚਾਰ ਭੁਆਟਣੀਆ ਲਈਆਂ ਨੇ ਇਦੇ ਨਾਲ। ਨਿਕਲ ਕੇ ਤਾਂ ਨੀ ਆਈ।” ਉਹ ਧੌਣ ਉੱਚੀ ਕਰਕੇ ਕਹਿੰਦੀ।

“ਅੱਗ’ਚ ਪੈਕੇ ਲੋਹਾ ਵੀ ਫੁਲਾਦ ਬਣ ਜਾਂਦਾ।“ ਸਹੇਲੀ ਦੀ ਕਹੀ ਗੱਲ ਉਸਨੂੰ ਸੱਚੀ ਲੱਗੀ ਸੀ।

ਕਈ ਵਾਰੀ ਗੱਲ ਤੁਰੀ। ਕਿਸੇ ਤਣ ਪੱਤਣ ਨਾਂ ਲੱਗੀ। ਪਰਨਾਲਾ ਉੱਥੇ ਦਾ ਉੱਥੇ ਈ ਰਿਹਾ।

“ਬੀਬੀ! ਭਾਪੇ ਨੂੰ ਬਾਬਾ ਡੱਕਾ ਦਬਾਲ ਨੀਂ। ਉਹ ਨੀਂ ਦੇਣ ਦਿੰਦੀ ਇੱਕ ਵੀ ਸਿਆੜ। ਅਸੀਂ ਭੰਨਾਂਗੇ ਬਾਬੇ ਦੇ ਪਾਸੇ। ਦਾੜੀ ਪੁਟਾਏ ਬਿਨਾਂ ਉਸ ਨੇ ਸਿਆੜ ਨੀਂ ਦੇਣਾ। ਸਾਡਾ ਹੱਕ ਐ। ਭੀਖ ਨੀਂ ਮੰਗਣੀ।”

“ਬੇ ਰਹਿਣ ਦਿਉ। ਜਿਹੜੇ ਦੋ ਕਿੱਲੇ ਦਿੱਤੇ ਆ। ਉਹ ਮੁਕੱਦਮੇਂ ਤੇ ਲੱਗ ਜਾਣਗੇ।“

ਹਰਮੇਲ ਨਹੀਂ ਸੀ ਚਾਹੁੰਦੀ, ਗੱਲ ਮਾਰ ਮਰਾਈ ਤੱਕ ਪਹੁੰਚੇ। ਉਹ ਡਰਦੀ ਸੀ ਬਈ ਮੁੰਡੇ ਕਿੱਤੇ ਗਲਤ ਰਾਹ ਤੇ ਨਾਂ ਪੈ ਜਾਣ। ਬਦਮਾਸ਼ਾਂ ਦੇ ਅਡਿੱਕੇ ਨਾ ਚੜ੍ਹ ਜਾਣ। ਭੂਸਰੇ ਮੁੰਡਿਆ ਨਾਲ ਨਾ ਰਲ ਜਾਣ। ਕੁੜੀਆਂ ਕੋਠੇ ਜਿੱਡੀਆਂ ਹੋ ਗਈਆ ਹਨ। ਉਨ੍ਹਾਂ ਦੇ ਹੱਥ ਵੀ ਤਾਂ ਪੀਲੇ ਕਰਨੇ ਹਨ। ਤਰ੍ਹਾਂ ਤਰ੍ਹਾਂ ਦੇ ਫਿਕਰ ਉਸਨੂੰ ਵੱਢ ਕੇ ਖਾ ਰਹੇ ਸਨ।

“ਬੀਬੀ! ਹੁਣ ਤੱਕ ਤਾਂ ਤੂੰ ਹੱਕ ਹੱਕ ਕਰਦੀ ਆਈ ਸੀ। ਹੁਣ ਟੱਟੀਆਂ ਲੱਗੀਆਂ ਪਈਆਂ ਨੇ।”

“ਚੰਗਾ! ਸੋਡੀ ਮਰਜੀ। ਇੱਕ ਵਾਰ ਬਾਬੇ ਤੋਂ ਹੋਰ ਮੰਗ ਕੇ ਵੇਖ ਲੋ, ਕੀਆ ਅਕਲ ਆ ਈ ਜਾਵੇ।”

ਇਸ ਵਾਰ ਮੁੰਡਿਆ ਦੇ ਨਾਲ ਪੰਚਾਇਤ ਤੇ ਪਿੰਡ ਦੇ ਹੋਰ ਮੁੰਡੇ-ਖੁੰਡੇ ਵੀ ਗਏ।

“ਬਾਬਾ ਅਸੀਂ ਤੇਰੇ ਪੋਤੇ ਆਂ। ਅਸੀਂ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਦੇ ਆਂ। ਉਹ ਟਿੱਚਰਾਂ ਕਰਦੇ ਆ। ਬਈ ਘਰ ਦੀ ਜਮੀਨ ਤਾਂ ਵਾਹੀ ਦੀ ਨੀਂ। ਲੋਕਾਂ ਦੀਆਂ ਵੱਟਾਂ ਮਿਧਦੇ ਫਿਰਦੇ ਆ।”

ਦਾਦਾ ਪੋਤਿਆ ਦੀ ਗੱਲ ਸੁਣ ਕੇ ਥੋੜਾ ਜਿਹਾ ਸੋਚਣ ਲੱਗਿਆ। ਅੰਗਰੇਜ ਕੌਰ ਬੋਲ ਪਈ:“ਅੱਗੇ ਪਿਉ ਦਬਾ ਦੇਕੇ ਗਿਆ। ਹੁਣ ਪੁੱਤ ਭੇਜਤੇ।”

“ਬਾਬਾ ਦੱਸ ਤੇਰੇ ਮੂਹਰੇ ਕਦੇ ਬੋਲੇ ਆਂ ।ਬੱਸ ਆਪਦਾ ਹਿੱਸਾ ਈ ਮੰਗਦੇ ਆਂ।”

“ਹਿੱਸਾ ਭਾਲਦੇ E ਡਾਂਗਾਂ ਚੁੱਕ ਚੁੱਕ ਕੇ ਡਰਾਉਂਦੇ ਉਂ।” ਅੰਗਰੇਜ ਕੌਰ ਨੇਂ ਮੁੰਡਿਆਂ ਨੂੰ ਉਕਸਾਇਆ।

“ਬੀਬੀ! ਸਾਨੂੰ ਡਾਂਗਾਂ ਚੱਕਣ ਦਾ ਚਾਅ ਨੀਂ। ਡਾਂਗਾਂ ਕੀਹਨੂੰ ਚੁਕਣੀਆਂ? ਅਸੀਂ ਤਾਂ ਅਪਣਾ ਬਣਦਾ ਹਿੱਸਾ ਮੰਗਣ ਆਏ ਆਂ।” ਰਣਬੀਰ ਪੂਰੇ ਤਹੱਮਲ ਨਾਲ ਬੋਲਿਆ।

“ਤੁਸੀਂ ਜਮੀਨ ਸਾਂਭੋ। ਮੈਂ ਠੂਠਾ ਫੜ ਕੇ ਚੁਰੱਸਤੇ ਵਿੱਚ ਬਹਿ ਜਾਨਾਂ।”

“ਕੋਠੀਆਂ ਵਿੱਚ ਰਹਿਣ ਵਾਲਿਆਂ ਨੂੰ ਚੁਰੱਸਤੇ ਵਿੱਚ ਨਹੀਂ ਬਹਾ ਸਕਦੇ।”

“ਮਰਨ ਲੱਗਿਆਂ ਸਿਆੜ ਸਿਆੜ ਦੇ ਦੂੰ। ਥੋਡਾ ਹੱਕ ਨੀਂ ਰਖਦਾ।”

“ਸਿੱਧੀ ਉਂਗਲ ਨਾਲ ਘਿਉ ਨੀਂ ਨਿਕਲਣਾ।” ਰਣਬੀਰ ਤੇ ਉਸਦੇ ਸ਼ਾਥੀ ਕਹਿਕੇ ਤੁਰ ਆਏ।

ਮੈਂ ਹਿੱਕ ਡਾਹਕੇ ਮੂਹਰੇ ਜਾਊਂਗਾ।” ਗੁਰਤੇਜ ਲੜਨ ਮਰਨ ਲਈ ਤਿਆਰ ਸੀ।

“ਜੋ ਹੁੰਦਾ ਹੋ ਜੇ।” ਸਾਰੇ ਲੜਨ ਮਰਨ ਲਈ ਤਿਆਰ ਹੋ ਗਏ।

“ਕੱਲੇ ਕਹਿਰੇ ਦੇ ਲੜਨ ਦਾ ਯੁੱਗ ਨੀਂ। ਫੋਕੀ ਬਹਾਦਰੀ ਵੀ ਕੀ ਕਰੂ। ਪਿੰਡ ਦੇ ਲੋਕਾਂ ਨੂੰ ਵੀ ਨਾਲ ਲ਼ੇਣਾ ਪਊ। ਹੋਰ ਬਥੇਰੇ ਨੇਂ ਅਪਣੇ ਵਰਗੇ। ਨਹੀਂ ਤਾਂ ਕਿਸੇ ਨੂੰ ਸਸਤੇ ਭਾਅ ਠੇਕੇ ਤੇ ਜਮੀਨ ਦੇ ਕੇ ਆਪਾਂ ਨੂੰ ਉਨ੍ਹਾਂ ਨਾਲ ਲੜਾਦੂ। ਆਪ ਪਾਸੇ ਨਿਕਲਜੂ।” ਹਰਮੇਲ ਦਾ ਤਰਕ ਸੀ।

“ਜਿੰਨਾਂ ਚਿਰ ਸਾਡਾ ਕੋਈ ਵੰਡਾਰਾ ਨੀਂ ਹੁੰਦਾ। ਕੋਈ ਜਮੀਨ ਹਿੱਸੇ ਠੇਕੇ ਤੇ ਨਾ ਲਿਉ।” ਉਨ੍ਹਾਂ ਪਿੰਡ ਸਪੀਕਰ ਤੇ ਹੋਕਾ ਦੇ ਦਿੱਤਾ।

ਪੰਜ ਚਾਰ ਦਿਨ ਬਾਅਦ ਈ ਮੁੰਡਿਆਂ ਦਾ ਕਾਫਲਾ ਟਰੈਕਟਰਾਂ ਦੀ ਧੁੱਕ ਧੁੱਕ ਕਰਦਾ, ਕੱਚੇ ਰਾਹ ਤੇ ਮਿੱਟੀ ਉਡਾਉਂਦਾ ਜਾ ਰਿਹਾ ਸੀ। ਪੁਲੀਸ ਦੀਆਂ ਵੈਨਾਂ ਕਿਤੇ ਪਿੱਛੇ ਰਹਿ ਗਈਆਂ ਸਨ।
**

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ 17 ਨਵੰਬਰ, 2005 ਛਪਿਆ )
(ਦੂਜੀ ਵਾਰ 13 ਅਕਤੂਬਰ, 2021)

***
437
***

About the author

ਕਰਮ ਸਿੰਘ ਮਾਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ