22 July 2024

ਨਾਨਕ ਸਾਇਰ ਏਵ ਕਹਿਤ ਹੈ – ਉਂਕਾਰਪ੍ਰੀਤ, ਟਰਾਂਟੋ, ਕੈਨੇਡਾ

ਨਾਨਕ ਸਾਇਰ ਏਵ ਕਹਿਤ ਹੈ

-ਉਂਕਾਰਪ੍ਰੀਤ, ਟਰਾਂਟੋ, ਕੈਨੇਡਾ-

ਇਹ ਲੇਖ ‘ਗੁਰੂ ਨਾਨਕ ਬਾਣੀ ਪ੍ਰਕਾਸ਼’ ਦੇ ਸਮੁੱਚੇ ਅਧਿਐਨ ਦੌਰਾਨ ਲਏ ਗਏ ਨੋਟਸਾਂ ਦਾ ਸੰਗ੍ਰਹਿ ਹੈ। ‘ਗੁਰੂ ਨਾਨਕ ਬਾਣੀ ਪ੍ਰਕਾਸ਼’ ਨੂੰ ਪੜਦਿਆਂ ਮੈਂ ਬਾਰ ਬਾਰ ਵਿਸਮਾਦਿਤ ਹੋਇਆ ਹਾਂ। ਮੇਰੇ ਕਈ ‘ਬਜਰ ਕਪਾਟ’ (ਲੋਹੇ ਪੱਥਰ ਦੇ ਬੰਦ ਦਰਵਾਜੇ) ਖੁੱਲੇ ਹਨ, ਕਈਆਂ ਦੇ ਕੁੰਡੇ ਖੜਕੇ ਹਨ, ਕਬਜੇ ਚੀਖੇ ਹਨ। ਕਈ ਸ਼ਬਦਾਂ ਤੇ ਮੇਰਾ ਦਿਲ ਡੁੱਲਾ ਹੈ। ਕਈ ਬਿੰਬਾਂ ਅਤੇ ਸਿੰਮਲੀਆਂ ਨੇ ਮੇਰੀ ਰੂਹ ਛਲੀ ਹੈ। ਇਸ ਨੂੰ ਪੜਦਿਆਂ ਕਈ ਇਤਿਹਾਸਿਕ, ਮਿਥਿਹਾਸਿਕ, ਵੇਦਕ, ਸਾਹਿਤਕ ਗਿਆਨ ਛੁਹਾਵਾਂ ਮੇਰੀ ਚੇਤਨਾ ‘ਚ ਘਰ ਕਰ ਗਈਆਂ ਹਨ। ਇਹਨਾਂ ਚੋਂ ਕੁਝ ਮੈਂ ਏਥੇ ਤੁਹਾਡੇ ਨਾਲ ਸਾਝੀਆਂ ਕਰ ਰਿਹਾ ਹਾਂ:

‘ਗੁਰੂ ਨਾਨਕ ਬਾਣੀ ਪ੍ਰਕਾਸ਼’ ਦਾ ਇਹ ਖਜਾਨਾ 1548 ਪੰਨਿਆਂ ਦਾ ਹੈ। ਪੰਜਾਬ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸਿ਼ਤ ਇਸ ਦੋ ਭਾਗਾਂ ਵਾਲੇ ਗ੍ਰੰਥ ਦੇ ਟੀਕਾਕਾਰ ਡਾ. ਤਾਰਨ ਸਿੰਘ ਹਨ। ਮੈਂ 12 ਮਹੀਨਿਆਂ ‘ਚ ਇਸਨੂੰ ਔਸਤਨ 3 ਘੰਟੇ ਰੋਜ਼ ਪੜ੍ਹਿਆ ਹੈ। ਪਰ ਇਹਨਾਂ 12 ਮਹੀਨਿਆਂ ਦੌਰਾਨ ਇਹ ਮੇਰੇ ਅੰਗ ਸੰਗ ਰਿਹਾ ਹੈ। ਸ਼ਾਇਦ ਮੈਂ ਨਾਲ-ਨਾਲ ਇਸਨੂੰ ਗੁੜ੍ਹਿਆ ਵੀ ਹੈ।ਗੁੜਿਆ ਲਫ਼ਜ਼ ਕਿੰਨਾ ਮੋਹਣਾ ਹੈ…ਘੁਲਾੜੀ ਤੇ ਰਿੱਝ ਰਹੇ ਰਹੁ ਦੀ ਵਾਸ਼ਨਾ ਵਾਂਗ ਮਿੱਠਾ। ਵਾਹ! ਚੇਤੇ ‘ਚ ਕਿਸੇ ਦੀ ਇਕ ਸਤਰ ਉਭਰ ਆਈ ਹੈ: “ਦਾਦੀ ਕਹਿੰਦੀ ਸੀ ਅਸੀਂ ਪੜ੍ਹੇ ਨਹੀਂ, ਗੁੜ੍ਹੇ ਹਾਂ।” “ਦਾਦੀ ਵਾਂਗ ਗੁੜ੍ਹਨ” ਬਾਰੇ ਸੋਚ ਕੇ ਮੈਨੂੰ ਅਪਣੇ ਹੁਣ ਤੀਕ ਪੜ੍ਹੇ ‘ਗੁਰੂ ਨਾਨਕ ਜੀ’ ਨੂੰ ਗੁੜ੍ਹਨ ਦਾ ਦਾਅਵਾ ਝੂਠਾ ਲੱਗਿਆ ਹੈ।

ਗੁਰੂ ਨਾਨਕ ਦੇਵ ਜੀ ਦਾ ਪੰਡਿਤ ਕਿਸਮ ਦੇ ਲੋਕਾਂ ਪ੍ਰਤੀ ਖਾਸ ਕਰਕੇ ਅਤੇ ਆਮ ਲੋਕਾਂ ਪ੍ਰਤੀ ਵੀ ਮੂਲ ਸੰਦੇਹ ਇਹੀ ਹੈ ਕਿ ਅਸੀਂ ਪੜ੍ਹ ਕੇ ਗੁੜ੍ਹਦੇ ਨਹੀਂ। ਗੁੜ੍ਹੇ ਬਿਨਾਂ ਪੜ੍ਹਨਾ ‘ਫੋਕਾ ਕਰਮ ਕਾਂਡ’ ਹੈ। ਗੁਰੂ ਨਾਨਕ ਜੀ ਇਸੇ ਗੁੜ੍ਹੇ ਚੋਂ ‘ਅਮਲ’ ਕੱਢਦੇ ਹਨ। ਫਿਰ ਉਹਨਾਂ ਨੂੰ ‘ਸ਼ੁੱਭ’ ਕਰਨ ਲਈ ਸਦ ਲਾਉਂਦੇ ਹਨ। ਅਤੇ ਗੱਲ ‘ਸ਼ੁੱਭ ਅਮਲਾਂ ਬਾਝੋ ਦੋਨੋ ਰੋਈ’ ਤੀਕ ਲੈ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਲਈ ‘ਚਿੰਤਨ’ ਬੇਅਰਥ ਹੈ ਜੇ ਉਹ ‘ਸ਼ੁੱਭ’ ਨਹੀਂ। ਗੁਰੂ ਨਾਨਕ ‘ਸ਼ੁੱਭਚਿੰਤਨ’ ਦੇ ਸ਼ੈਦਾਈ ਹਨ।ਰਜਨੀਸ਼ ਨੇ ਕਿਹਾ ਸੀ ਕਿ ਗੁਰੂ ਨਾਨਕ ਦਾ ਸਮੁੱਚਾ ਫਲਸਫਾ ਅਤੇ ਸੰਦੇਸ਼ ਉਸਦਾ ਮੂਲਮੰਤਰ (ਇਕਓਂਕਾਰ ਤੋਂ ਲੈ ਕੇ ਗੁਰ ਪ੍ਰਸਾਦਿ ਤੀਕ) ਹੈ। ਬਾਕੀ ਸਾਰੀ ਕਵਿਤਾ ਇਸਦੀ ਵਿਆਖਿਆ ਹੈ। ਜੋ ਮੂਲ ਰੂਪ ‘ਚ ਕਹਿਣਾ ਸੀ ਉਹ ਸਾਰਾ ਮੂਲ ਮੰਤਰ ‘ਚ ਕਹਿ ਦਿੱਤਾ ਹੈ। ਰਜਨੀਸ਼ ਦੇ ਲਫਜ਼ਾ ‘ਚ “ਰੈਸਟ ਇਜ ਕੁਮੈਂਟਰੀ”। ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਪੜ੍ਹ ਕੇ ਮੈਨੂੰ ਰਜਨੀਸ਼ ਦਾ ਇਹ ਕਥਨ ਬਿਲਕੁਲ ਸਹੀ ਜਾਪਦਾ ਹੈ। ਗੁਰੂ ਨਾਨਕ ਅਪਣੀ ਕਵਿਤਾ ‘ਚ ਭਾਵੇਂ ਕਿਸੇ ਵੀ ਖਿੱਤੇ,ਕਿੱਤੇ,ਵਰਨ,ਮਜ਼ਹਬ,ਸ਼ਾਹ,ਭਿਖਾਰੀ,ਪੁੰਨੀ,ਪਾਪੀ,ਪੰਡਿਤ ਜਾਂ ਓਮੀਏ ਨੂੰ ਸੰਬੋਧਤ ਹਨ ਉਸਦੇ ਅੰਤ੍ਰੀਵ ‘ਚ ਇਹੀ ਮੂਲ ਮੰਤਰ ਦੀ ਵਿਆਖਿਆ ਚੱਲ ਰਹੀ ਹੈ। ਉਹ ਇੱਕੋ ਸੁਨੇਹੇ ਨੂੰ ਵੱਖ ਵੱਖ ਰੂਪਾਂ ‘ਚ ਵਿਅਕਤ ਕਰਦੇ ਹਨ: ‘ਇਕ ਓਂਕਾਰ’ ਤੋਂ ਲੈ ਕੇ ‘ਗੁਰਪ੍ਰਸਾਦਿ’ਗੁਰੂ ਨਾਨਕ ਦੀ ਕਵਿਤਾ ਨੂੰ ਨਿਰੋਲ ‘ਕਾਵਿ ਕਲਾ’ ਵਜੋਂ ਵਾਚਿਆਂ ਗੁਰੂ ਨਾਨਕ ਜੀ ਦੀ ਬਾਣੀ ‘ਚ ‘ਦੁਹਰਾਓ’ ਬਹੁਤ ਹੈ। ਪਰ ਏਥੇ ਇਹ ਗੱਲ ਧਿਆਨਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨਿਰੋਲ ਕਵੀ ਨਹੀਂ ਸਨ। ਸਮਾਜਿਕ ਕ੍ਰਾਂਤੀਕਾਰੀ ਵੀ ਸੀ। ਉਹਨਾਂ ਦੀ ਕਵਿਤਾ ਵਿੱਚ ਸੁਨੇਹਾ ਭਾਵੇਂ ਇੱਕੋ ਹੀ ਹੈ, ਪਰ ਜਿਹਨਾਂ ਜਿਹਨਾਂ ਵੱਖੋ ਵੱਖ ਸਮਾਜਿਕ ਹਾਲਤਾਂ ‘ਚ ਉਹਨਾ ਨੇ ਇਹ ਕਵਿਤਾ ਰਚੀ ਹੈ ਉਹ ਵੀ ਮਹੱਤਵਪੂਰਨ ਹਨ। ਮੱਕੇ-ਮਦੀਨੇ, ਸੁਮੇਰ ਤੇ, ਆਸਾਮ ‘ਚ, ਲੰਕਾ ‘ਚ, ਕਾਬੁਲ ‘ਚ, ਕਰਤਾਰਪੁਰ ‘ਚ ਖੇਤੀ ਕਰਦਿਆਂ, ਮੋਦੀਖਾਨਾ ਚਲਾਉਂਦਿਆਂ, ਕਿਸੇ ਪੇਂਡੂ ਦੀ ਮਰਗ ਤੇ (ਅਲਾਹੁਣੀਆਂ), ਕਿਸੇ ਮਿੱਤਰ ਦੇ ਵਿਆਹ ਤੇ (ਛੰਤ), ਜਨੇਊ ਪਾਉਣ ਵੇਲੇ ਦਾ ਸਮਾਂ, ਨਮਾਜ਼ ਪੜ੍ਹਨ ਬਾਰੇ, ਸੈਦਪੁਰ ‘ਚ ਬਾਬਰ ਦਾ ਅੱਖੀਂ ਡਿੱਠਾ ਜਬਰ ਆਦਿ ਵੱਖੋ ਵੱਖ ਦ੍ਰਿਸ਼ਾਂ ਨੂੰ ਚਿੱਤਰਦਿਆਂ ਉਹ ਧੁਰ ਚੋਂ ਇੱਕੋ ਹੀ ਸੁਨੇਹਾ ਦਿੰਦੇ ਹਨ। ਪਰ ਇਸ ਸੁਨੇਹੇ ਦਾ ‘ਜਾਮਾ’ ਬਦਲ ਕੇ। ਇਸ ਪੱਖੋਂ ਵੀਚਾਰਿਆਂ ਗੁਰੂ ਨਾਨਕ ਜੀ ਦੀ ਸਤਰ ਸਤਰ ਨਵੀਂ ਨਰੋਈ ਹੈ।

ਜਿਹੜਾ ਮੂਲ ਸੁਨੇਹਾ ‘ਸਮੁੱਚੀ ਗੁਰੂ ਨਾਨਕ ਰਚਨਾ’ ‘ਚ 99% ਆਇਆ ਹੈ ਉਹ ਹੈ:“ਅਕਾਲ ਪੁਰਖ ਨੇ ਅਪਣੀ ਸੁੰਨ ਸਮਾਧ ਅਵਸਥਾ (ਅਫੁਰ ਸਮਾਧੀ/ਨਿਰਗੁਣ ਅਵਸਥਾ) ਚੋਂ ਅਪਣਾ ਸਰਗੁਣ ਸਰੂਪ ਪ੍ਰਗਟਾਇਆ ਹੈ। ਮੋਹ-ਮਇਆ ਅਤੇ ਪਰਮਾਰਥ ਦੋਨੇ ਰਾਹ ਉਸਨੇ ਹੀ ਸਿਰਜੇ ਹਨ। ਇਹਨਾਂ ਦੋਹਾਂ ‘ਚ ਉਹ ਇੱਕ ਰੂਪ ਵਸ ਰਿਹਾ ਹੈ। ਜਿਹੜਾ ਇਹ ਬੁਝ ਲੈਂਦਾ ਹੈ ਉਹ ਇੱਕ ‘ਚ ਅਭੇਦ ਹੋ ਜਾਂਦਾ ਹੈ। ਇੱਕ ‘ਚ ਅਭੇਦ ਹੋਇਆਂ ਜੀਵ ਨਿਰਭਉ, ਨਿਰਵੈਰ ਹੋ ਜਾਂਦਾ ਹੈ। ਉਸਦਾ ਹੀ ਰੂਪ ਹੋ ਜਾਂਦਾ ਹੈ। ‘ਸਹਿਜ ਸਮਾਵੇ’ ਦੀ ਅਵਸਥਾ। ਅਕਾਲ ਮੂਰਤ ਹੋ ਜਾਂਦਾ ਹੈ। ਪਰ ਇਹ ਰਹੱਸ ਬੁੱਝ ਉਹੀ ਸਕਦਾ ਹੈ ਜਿਸਤੇ ਉਸਦੀ ਕਿਰਪਾ ਹੁੰਦੀ ਹੈ (ਗੁਰਪ੍ਰਸਾਦਿ)।”
ਗੁਰੂ ਨਾਨਕ, ਪੜਦਿਆਂ ਜਿਹੜਾ ਸ਼ਬਦ ਮੈਨੂੰ ਰਤਾ ਵੱਖਰੇ ਸੁਭਾ ਦਾ ਲੱਗਿਆ ਹੈ ਉਹ ਹੈ “ਜੈਸੀ ਮੈ ਆਵੇ ਖਸਮ ਕੀ ਬਾਣੀ” ਆਲਾ। ਰਾਗ ਤਿਲੰਗ ਦੇ ਚਉਪਦੇ ਦਾ ਇਹ ਸ਼ਬਦ ‘ਕਰਾਮਾਤੀ’ ਜਿਹੇ ਸੁਭਾ ਦਾ ਹੈ। ‘ਅੱਧੇ ਗੁਰੂ ਨਾਨਕ’ ਦੀ ਬਾਕੀ ਸਮੁੱਚੀ ਕਵਿਤਾ ‘ਚ ਇਹ ਬਿਲਕੁਲ ਅਲੱਗ ਦਿਸਦਾ ਹੈ।ਕੰਟਰਾਡਿਕਸ਼ਨ ਵਾਂਗ ਮਹਿਸੂਸ ਹੁੰਦਾ ਹੈ। ਮਿਸਾਲ ਵਜੋਂ ਆਹ ਸਤਰਾਂ:‘ਕਾਇਆ ਕਪੁੜ ਟੁਕ ਟੁਕ ਹੋਸੀ, ਹਿਦੁਸਤਾਨ ਸਮਾਲਸੀ ਬੋਲਾ। ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਦ ਕਾ ਚੇਲਾ।’ਅਰਥ: ਇਸ ਦੇਸ਼ ਵਿਚ ਸਰੀਰ ਰੂਪੀ ਕੱਪੜਾ ਅਜੇ ਹੋਰ ਟੁਕੜੇ ਟੁਕੜੇ ਹੋਵੇਗਾ। ਹਿੰਦੁਸਤਾਨ ਮੇਰੇ ਇਸ ਵਚਨ ਨੂੰ ਯਾਦ ਕਰੇਗਾ। ਜੋ 78 ‘ਚ ਆਉਣਗੇ ਉਹ 97 ‘ਚ ਚਲੇ ਵੀ ਜਾਣਗੇ। ਕੋਈ ਹੋਰ ਮਰਦ ਦਾ ਚੇਲਾ ਉਠੇਗਾ।

ਵਿਦਵਾਨਾ ਨੇ ਇਸਦੀ ਵਿਆਖਿਆ ਗੁਰੂ ਨਾਨਕ ਦੇਵ ਦੇ ਜੀਵਨ ਕਾਲ ਦੌਰਾਨ ਵਰਤੇ ਇਤਹਾਸ ਅਨੁਸਾਰ ਇਸਦੀ ਪੁਸ਼ਟੀ ਇਹ ਕੀਤੀ ਹੈ ਕਿ ਬਾਬਰ ਸੰਮਤ 1577-78 ‘ਚ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਅਤੇ ਉਸਨੇ ਜ਼ਬਰ ਜੁਲਮ ਕਰਕੇ ਅਪਣਾ ਰਾਜ ਸਥਾਪਿਤ ਕੀਤਾ। ਫਿਰ ਸੰਮਤ 1597 ‘ਚ ਉਸ ਦੇ ਸਥਾਪਿਤ ਰਾਜ ਦੀ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਹੋਈ। ਜੇ ਇਸਨੂੰ ਸਹੀ ਮੰਨੀਏ ਤਾਂ ਗੁਰੂ ਨਾਨਕ ਦਾ ਸਮੁੱਚਾ ‘ਰਹੱਸਵਾਦੀ’ ਫਲਸਫਾ ਇਸਦੇ ਵਿਰੋਧ ‘ਚ ਖੜਾ ਦਿਸਣ ਲੱਗਦਾ ਹੈ। ਜੋ ਕਹਿੰਦਾ ਹੈ ਕਿ ਉਸਦੇ ਹੁਕਮ ਦਾ ਕੋਈ ਭੇਦ ਨਹੀਂ ਪਾਇਆ ਜਾ ਸਕਦਾ। ਅਪਰ-ਅਪਾਰ, ਅਗੰਮ-ਅਗੋਚਰ, ਅਲਖ, ਵਾਲੇ ਫਲਸਫੇ ‘ਚ ਇਹ ਸ਼ਬਦ ਨਿੱਕੀ ਜਿਹੀ ‘ਮੋਰੀ’ ਵਾਂਗ ਜਾਪਦਾ ਹੈ। ਜਿੱਥੇ ਗੁਰੂ ਨਾਨਕ 19 ਸਾਲ ਬਾਦ ਵਰਤਣ ਵਾਲੇ ਵਰਤਾਰੇ ਦੀ ਪੇਸ਼ਨਗੋਈ ਕਰਦਾ ਹੈ। ਜਦ ਕਿ ਬਾਕੀ ਸਾਰੀ ਬਾਣੀ ‘ਚ ਉਹ ਖੁਦ ਨੂੰ ਅਤੇ ਸਮੁੱਚੇ ਜੀਵਾਂ ਨੂੰ ‘ਇਕ ਸਾਹ ਜਿੰਨਾ’ ਜਾਨਣ ਵਾਲੇ ਮੰਨ ਕੇ ਤੁਰਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਅਕਸਰ ਜੀਵਾਂ ਨੂੰ ‘ਚੌਪੜ ਦੀਆਂ ਨਰਦਾਂ’ ਵਾਂਗ ਵੇਖਿਆ ਹੈ। ਪ੍ਰਭੂ ਨੇ ਚੌਪੜ ਦੀ ਖੇਡ (ਆਧੁਨਿਕ ਸ਼ਤਰੰਜ) ਚਲਾਈ ਹੈ। ਇਹ ਸਾਰੀ ਸਰਗੁਣ (ਅੱਖ ਨਾਲ ਦਿਸ ਰਹੀ) ਅਵਸਥਾ ਮਾਨੋ ਚੌਪੜ ਹੈ। ਫਿਰ ਮੋਹ ਮਾਇਆ ਲਬ ਲੋਭ ਹੰਕਾਰ ਕਾਮ ਰਿਸ਼ਤੇ ਨਾਤੇ ਆਦਿ ਨਰਦਾਂ(ਗੋਟੀਆਂ/ਚਾਲਾਂ) ਸਿਰਜੀਆਂ ਹਨ। ਕਮਾਲ ਦੀ ਗੱਲ ਇਹ ਕਿ ਦੋਹਾਂ ਪਾਸੀਂ ਉਹ ਹੀ ਖੇਲ ਰਿਹਾ ਹੈ। ਕਿਸੇ ਨੂੰ ਜਿਤਾ ਕੇ ਖੁਸ਼ ਹੁੰਦਾ ਹੈ ਕਿਸੇ ਨੂੰ ਹਰਾ ਕੇ। ਹਾਰਨ ਵਾਲਾ ਜਿੱਤਣ ਲਈ ਅਰਦਾਸ ਕਰੇ ਤਾਂ ਜੇ ਉਸਦੀ ਮਿਹਰ ਹੋਵੇ (ਨਦਰਿ ਨਿਹਾਲ) ਤਾਂ ਪਾਸਾ ਪਲਟ ਜਾਂਦਾ ਹੈ (ਸੁਲਤਾਨਾ ਘਾਹੁ ਕਰਾਂਇਦਾ)। ਤਦ ਹੀ ਗੁਰੂ ਨਾਨਕ ਦੇਵ ਜੀ ਜ਼ਾਲਮ ਦੇ ਖਿਲਾਫ਼ ਨਹੀਂ ਬੋਲੇ ਸਿਰਫ਼ ‘ਜ਼ੁਲਮ’ ਦਾ ਦ੍ਰਿਸ਼-ਚਿਤਰ੍ਰਣ ਕਰਦੇ ਹਨ। ਅੰਤ ਗੱਲ ਏਸ ਨੁਕਤੇ ਤੇ ਮੁਕਾਉਂਦੇ ਹਨ ਕਿ ‘ਇਹ ਸਭ ਉਸਦੀ ਰਜ਼ਾ ‘ਚ’ ਹੋਇਆ ਹੈ। ਜ਼ੁਲਮ ਹੁੰਦਾ ਵੇਖ ਕੇ ਗੁਰੂ ਨਾਨਕ ਦੇਵ ਜੀ ਦੀ ਕਲਮ ਜੋ ਲਿਖਦੀ ਹੈ ਉਸ ਲਿਖਤ ਦੇ ਹਿਰਦੇ ‘ਚ ਸਿਰਫ਼ ਤੇ ਸਿਰਫ਼ ‘ਸ਼ੁਕਰਾਨਾ’ ਹੀ ਹੈ। ਜ਼ੁਲਮ ਦਾ ਸਿ਼ਕਾਰ ਹੋਏ ਜੀਵ ਉਹਨਾਂ ਨੂੰ ਰੱਬ ਦੇ ਭਾਣੇ ‘ਚ ਮਿਟ ਰਹੇ ਹੀ ਜਾਪਦੇ ਹਨ ਅਤੇ ਉਹ ਭੋਗ ਰਹੇ ਹਨ ਜੋ ‘ਲੇਖ’ ਉਹ ਸੱਚੀ ਦਰਗਾਹ ਚੋਂ ਲਿਖਾ ਕੇ ਲਿਆਏ ਹਨ।

ਗੁਰੂ ਨਾਨਕ ਦੇਵ ਜੀ ਅਨੁਸਾਰ ਜੋ ਅਸੀਂ ਕਰ/ਭੋਗ ਰਹੇ ਹਾਂ ਉਹ ਸਾਡੇ ਧੁਰੋਂ ਲਿਖੇ ਭਾਗ ਹਨ। ਪਰ ਅਗਲੇ ਸਫ਼ਰ ਲਈ ਰਾਹ ਦੀ ਪੂੰਜੀ/ਤੋਸਾ ਜੋੜਨਾ ਸਾਡਾ ਅਸਲੀ ਕੰਮ ਹੈ ਜੋ ਅਸੀਂ ਇਸ ਜਨਮ ‘ਚ ਕਰਨਾ ਹੈ। ਇਹ ਪੂੰਜੀ ਉਹਨਾਂ ਨੇ ‘ਨਾਮ’ ਦੀ ਦੱਸੀ ਹੈ। ਪਰ ਇਹ ਜੋੜ ਅਸੀਂ ਤਾਂ ਸਦਕੇ ਹਾਂ ਜੇ ਉਸਦੀ ਕ੍ਰਿਪਾ ਹੋਵੇ। ਸੋ ਗੱਲ ਮੁੜ ‘ਮਾਨਸ ਕੇ ਕਿਛੁ ਨਾਹੀਂ ਹਾਥੁ ‘ ਤੇ ਆ ਜਾਂਦੀ ਹੈ। ਗੁਰੂ ਨਾਨਕ ਜੀ ਦੀ ਕਵਿਤਾ ਦਾ ਸਮੁੱਚਾ ਪਾਸਾਰਾ ਜੇ ਰੇਖਾਕਿੰਤ ਕਰੀਏ ਤਾਂ ‘ਗੋਲ ਚੱਕਰ’ ਬਣ ਜਾਵੇ।

ਛੇਅ ਘਰ ਛੇਅ ਗੁਰ:
6-ਘਰ = 6 ਫਲਸਫੇ = ਸਾਂਖ, ਨਿਆਇ, ਵਿਸ਼ੇਸ਼ਕ, ਮੀਮਾਂਸਾ, ਜੋਗ, ਵੇਦਾਂਤ
6-ਗੁਰ = 6 ਗੁਰੂ = ਕਪਲ, ਗੌਤਮ, ਕਨਾਦ, ਜੈਮਨੀ, ਪਤੰਜਲੀ, ਵਿਆਸ
ਮਨ ਦਾ ਲੱਛਣ ਇਹ ਹੈ ਕਿ ਇਹ ਧਿਆਨ ਜੋੜਨ ਲਈ ਸਹਾਰੇ ਦੇ ਤੌਰ ਤੇ ਕੋਈ ਠੋਸ ਚੀਜ਼ ਮੰਗਦਾ ਹੈ। ਇਸ ਲਈ ਸਰਗਣ ਸਰੂਪ ‘ਚ ਮਨ ਦਾ ਟਿਕਾਣਾ ਵਧੇਰੇ ਆਸਾਨ ਹੈ। ਤਦ ਹੀ ਪ੍ਰਮਾਤਮਾ ਨੇ ‘ਸੰਤ’ ਬਣਾਉਣ ਲਈ ਤਿੰਨ ਲੋਕ ਸਾਜੇ ਹਨ। ‘ਸੰਤ ਹੇਤਿ ਪ੍ਰਭ ਤ੍ਰਿਭਵਣ ਧਾਰੈ’। ਅਤੇ ਆਪ ਇਹਨਾਂ ‘ਚ ਰੂਹ ਵਾਂਗ ਸਮਾ ਗਿਆ ਹੈ।

ਨਾਮ ਜਾਪੀ ਕ੍ਰਾਂਤੀਕਾਰੀ ਹੈ। ਉਹ ਸਭ ਮਨੁੱਖਾਂ ‘ਚ ਪ੍ਰਭੂ ਨੂੰ ਦੇਖਦਾ ਹੈ। ਸੋ ਕਿਸੇ ਨਾਲ ਧੱਕਾ/ਬੇਇਨਸਾਫੀ ਨਾ ਕਰ ਸਕਦਾ ਹੈ ਨਾ ਸਹਿ ਸਕਦਾ ਹੈ।

‘ਵਾਰਿਆ ਨਾ ਜਾਵਾਂ ਏਕ ਵਾਰ’ = ਮੈਂ ਤੈਥੋਂ ਇੱਕ ਵਾਰ ਕੁਰਬਾਨ ਹੋਣ ਜੋਗਾ ਵੀ ਨਹੀਂ। (ਵਾਹ!!)

‘ਦ੍ਰਿਸਟੀਮਾਨ ਅੱਖਰ ਹੈ ਜੇਤਾ।’ – ਧਰਤੀ,ਸੂਰਜ,ਚੰਦ,ਬਨਸਪਤੀ,ਕੁਦਰਤ ਸਭ ਕੁਝ ਜੋ ਦਿਸ ਰਿਹਾ ਹੈ। ਉਸਦੇ ਲਿਖੇ ਅੱਖਰ ਹਨ। (ਆਹਾ!!)

‘ਸਹੁਸ ਅਠਾਰਹ ਕਹਿਨ ਕਤੇਬਾ’ = ਮੁਸਲਮਾਨ ਅਤੇ ਈਸਾਈ 1800 ਦੁਨੀਆਂ ਮੰਨਦੇ ਹਨ ਜਿਹਨਾਂ ਦਾ ਆਰੰਭ ਪ੍ਰਭੂ ਤੋਂ ਹੋਇਆ ਹੈ।

ਸੰਸਾਰ = ਸੰਜੋਗ + ਵਿਯੋਗ = ਪ੍ਰਭੂ ਪ੍ਰੇਮ + ਮੋਹ ਮਾਇਆ।

ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਬਾਣੁ = ਸੰਸਾਰੀ (ਬ੍ਰਹਮਾ/ਰਚੇਤਾ), ਭੰਡਾਰੀ (ਵਿਸ਼ਨੂੰ/ਪਾਲਕ), ਦੀਬਾਣੁ (ਸਿ਼ਵ/ਮੌਤ ਕਚਿਹਰੀ)

ਰੂਹ ਦੇ ਪੰਜ ਪੜਾਅ = ਧਰਮ ਖੰਡ,ਗਿਆਨ ਖੰਡ,ਸਰਮ ਖੰਡ,ਕਰਮ ਖੰਡ,ਸੱਚ ਖੰਡ

‘ਪਾਣੀ ਪਿਤਾ’ = ਧਰਤੀ ਦੇ ਪੇਟ ‘ਚ ਪਾਣੀ ਜਾਣ ਨਾਲ ਬਨਸਪਤੀ ਉਪਜਦੀ ਹੈ। ਹੁਣ ਇਸਨੂੰ ਨਰ ਮਾਦਾ ਜੀਵਾਂ ਦੇ ਮੇਲ ਚੋਂ ਉਪਜਦੀ ਸੰਤਾਨ ਰੂਪ ਸੋਚੋ।

ਸਾਡਾ ਜੀਵਾਂ ਦਾ ਉਸ ਸੰਸਾਰ ਰੂਪੀ ਸਮੁੰਦਰ ‘ਚ ਵਾਸਾ ਹੈ ਜਿਸ ਵਿਚ ਪਾਣੀ ਦੀ ਥਾਂ ਅੱਗ (ਤ੍ਰਿਸ਼ਨਾ) ਹੈ।

ਧੁਪ ਮਲਆਨਲੋ ਚਵਰੌ ਕਰੇ = ਮਲੇਯ ਪਰਬਤ ਨੂੰ ਛੂਹ ਕੇ ਆਈ ਸੁਗੰਧ (ਧੂਫ) ਭਰੀ ਹਵਾ ਚੌਰ ਕਰ ਰਹੀ ਹੈ। ਇਹ ‘ਮਲੇਯ’ ਪਰਬਤ ਦੱਖਣ ਭਾਰਤ ‘ਚ ਮਦਰਾਸ ਕੋਲ ਹੈ ਜਿਸਤੇ ਚੰਦਨ ਦੇ ਰੁੱਖ ਉਗਦੇ ਹਨ। ਇਸਦੀ ਮਹਿਕ ਦੂਰ ਦੂਰ ਤੀਕ ਹਵਾ ਰਾਹੀਂ ਫੈਲਦੀ ਹੈ।

ਜਾਲਿ ਮੋਹੁ ,ਘਸਿ ਮਸੁ ਕਰ, ਮਤਿ ਕਾਗਦ ਕਰ ਸਾਰ। ਭਾਉ ਕਲਮ ਕਰ, ਚਿਤ ਲੇਖਾਰੀ ਗੁਰ ਪੁਛ ਲਿਖ ਬੀਚਾਰ॥
(ਮੋਹ ਨੂੰ ਸਾੜ ਕੇ, ਪੀਸ ਕੇ ਸਿਆਹੀ ਬਣਾ, ਮੱਤ ਨੂੰ ਸ੍ਰੇਸ਼ਟ ਕਾਗਜ਼ ਬਣਾ। ਪ੍ਰੇਮ ਨੂੰ ਕਲਮ ਬਣਾ, ਮਨ ਨੂੰ ਲਿਖਾਰੀ, ਫੇਅ ਗੁਰੂ ਤੋਂ ਪੁੱਛ ਕੇ ਵਿਚਾਰ ਲਿਖ)

ਖਾਣਾ,ਪਹਿਨਣਾ,ਚੜ੍ਹਨਾ (ਸੁਆਰੀ),ਸਉਣਾ (ਐਸ਼ ਆਰਾਮ) – ਉਹੀ ਚੰਗਾ ਹੈ ਜਿਸ ਨਾਲ ਸਰੀਰ ਰੋਗੀ ਨਾ ਹੋਵੇ ਅਤੇ ਮਨ ਵਿਕਾਰੀ ਨਾ ਹੋਵੇ।

‘ਜੀਵਨ ਅਗਨੀ ਸਾਹ ਧੂੰਆਂ’ – ਜਦ ਅੱਗ ਬੁਝ ਗਈ ਧੂੰਆਂ ਵੀ ਨਾ ਰਿਹਾ।

ਗੁਰੂ ਨਾਨਕ ਦੇਵ ਜੀ ਅਨੁਸਾਰ ਉਤਪਤੀ ਇਵੇਂ ਹੋਈ ਹੈ: ਸੱਚ/ਸੱਚੇ ਤੋਂ ਹਵਾ ਬਣੀ (ਪਵੁਣ ਗੁਰੂ) -> ਹਵਾ ਤੋਂ ਜਲ (ਸਾਇੰਟੇਫਿਕ ਤੱਥ)-> ਜਲ ਤੋਂ ਸਮੁਚੀ ਉਤਪਤੀ (ਪਾਣੀ ਪਿਤਾ)। ਜੀਓ-ਫਿਜਿ਼ਕਸ ਅਤੇ ਮੈਟਾ ਫਿਜਿ਼ਕਸ ਸਮੇਤ ਡਾਰਵਿਨ ਦੀ ਥਿਊਰੀ ਦਾ ਮੁਢ ਇਹੀ ਹੈ।

ਗੁਰੂ ਨਾਨਕ ਦੇਵ ਜੀ ਨੇ ‘ਪ੍ਰੀਤ’ 5 ਤਰਾਂ ਦੀ ਮੰਨੀ ਹੈ: 1. ਜਲ ਤੇ ਕਮਲ 2. ਜਲ ਤੇ ਮੱਛੀ 3. ਮੀਂਹ ਤੇ ਚਾਤ੍ਰਿਕ 4. ਸੂਰਜ ਤੇ ਚਕਵੀ 5. ਜਲ ਤੇ ਦੁੱਧ।

ਜਗ ਧੂੰਏ ਕਾ ਧਵਲਹਰੁ = ਸੰਸਾਰ ਧੂੰਏ ਦਾ ਮੰਦਰ ਹੈ। (ਵਾਹ!!)

ਗੁਰੂ ਨਾਨਕ ਅਨੁਸਾਰ ਉਮਰ ਦੀ ਵੰਡ ਇਵੇਂ ਹੈ: 10 ਸਾਲ ਤੱਕ(ਬਾਲਪਨ), 20 ਤੇ ਜਵਾਨੀ ਸ਼ੁਰੂ, 30 ਸਾਲ ਤੇ ਪੂਰਾ ਵਿਅਕਤੀ, 40 ਸਾਲ ਤੇ ਪੂਰਾ ਜਵਾਨ, 50 ਸਾਲ ਤੇ ਕਮਜ਼ੋਰੀ ਸ਼ੁਰੂ, 60 ਸਾਲ ਤੇ ਬੁਢਾਪਾ ਸ਼ੁਰੂ (ਪੈਰ ਖਿਸਕੇ), 70 ਸਾਲ ਤੇ ਮਤ ਖਰਾਬ (ਅਪਲ-ਟਪਲੀਆਂ ਮਾਰਨ ਲੱਗਦਾ ਹੈ), 80 ਸਾਲ ਤੇ ਕੰਮਕਾਰ ਜੋਗਾ ਨਹੀਂ, 90 ਸਾਲ ਤੇ ਮੰਜੇ ਤੇ ਰਹਿਣਾ।

‘ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬ ਡਿਠੁ’ -> ਦਰਿ (ਚੱਕੀ ਦੀ ਕੀਲੀ) -> ਜੋ ਦਾਣੇ ਚੱਕੀ ਦੀ ਕੀਲੀ ਨਾਲ ਲੱਗੇ ਰਹੇ ਉਹ ਪੀਹ ਹੋਣੋ ਬਚ ਗਏ। ‘ਚੱਕੀ ਦੀ ਕੀਲੀ’ -> ਦੋ ਪੁੜ੍ਹਾਂ ਦਾ ਧੁਰਾ (ਉਸ ਨਾਲ ਜੁੜਨਾ) ਰੱਬ ਨਾਲ ਜੁੜਨਾ। ਇਹ ਦੋ ‘ਪੁੜ’ ਹਨ ‘ਜਨਮ ਤੇ ਮੌਤ’।

ਜਿਸ ਜੀਵ ਅੰਦਰ ਮਾਇਆ ਦਾ ਮਿੱਠਾ ਵਸਦਾ ਹੈ ਉਸਨੂੰ ‘ਗੰਨੇ’ ਵਾਂਗ ਕਸ਼ਟ ਚੋਂ ਲੰਘਣਾ ਪੈਂਦਾ ਹੈ।

ਸੰਸਾਰ ‘ਚ ਚਾਰ ਅੱਗ ਦੀਆਂ ਨਦੀਆਂ = ਹਿੰਸਾ, ਲੋਭ, ਮੋਹ, ਕ੍ਰੋਧ

‘ਅਗਨ ਪਾਣੀ ਬੋਲੈ ਭੜ ਵਾਓ’ -> ਜੀਵ ਅੰਦਰੋਂ ਅੱਗ ਅਤੇ ਪਾਣੀ ਦੇ ਮੇਲ ਨਾਲ ਸਵਾਸ ਭੜ-ਭੜ (ਚੰਗਾ ਮੰਦਾ) ਬੋਲਦੇ ਹਨ।

ਰਾਗ ਆਸਾ ‘ਚ ਜਿਹੜੀ ਗੁਰੂ ਨਾਨਕ ਦੇਵ ਜੀ ਨੇ ‘ਪੱਟੀ ਲਿਖੀ’ ਹੈ, ਉਸ ਵਿੱਚ ‘ਪੈਂਤੀ’ ਦੀ ਤਰਤੀਬ ਇਹ ਹੈ:

ਸ ੲ ੳ ਕ ਖ ਗ ਘ ਚ ਛ ਜ ਝ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ ਹ ਅ

ਏਥੇ ਮੇਰੀ ਜਗਿਆਸਾ ਹੈ ਕਿ ‘ਅਸਲੀ/ਪਹਿਲੀ’ ਤਰਤੀਬ ਕੀ ਸੀ? ਕਦੋਂ ਬਦਲੀ ਹੁਣ ਆਲੀ ‘ਚ? ਜਾਂ ਫੇਅ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਕੋਈ ਨਿਸਚਿਤ ਤਰਤੀਬ ਨਹੀਂ ਸੀ??

ਗੁਰੂ ਨਾਨਕ ਦੇਵ ਜੀ ਨੇ ਸਾਰੇ ਅੱਖਰਾਂ ਚੋਂ ‘ਮੰਮੇ’ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਹੈ। ਮੰਮਾ-ਮੋਹ; ਮੰਮਾ-ਮਰਨ; ਮੰਮਾ-ਮਧੂਸੂਦਨ (ਪ੍ਰਭੂ)। ਗੁਰੂ ਨਾਨਕ ਅਨੁਸਾਰ ‘ਮੋਹ’ ਵਿੱਚ ਪੈ ਕੇ ਜੀਵ ਨੂੰ ‘ਮਰਨ’ ਤੀਕ ‘ਮਧੂਸੂਦਨ’ ਭੁੱਲਿਆ ਰਹਿੰਦਾ ਹੈ। ਆਦਿ।

ਆਸਾ ਦੀ ਵਾਰ ‘ਚ ਗੁਰੂ ਨਾਨਕ ਨੇ ਸਮੁੱਚੇ ਜੀਵਨ ਵਰਤਾਰੇ ਨੂੰ ਇਕ ‘ਰਾਸ’(ਨਾਟਕ) ਦੇ ਰੂਪ ‘ਚ ਵੇਖਿਆ ਹੈ:
ਪਾਤਰ=ਘੜੀਆਂ,ਪਹਿਰ; ਗਹਿਣੇ= ਹਵਾ, ਪਾਣੀ, ਅੱਗ; ਪਹਿਰਵਾ/ਸਾਂਗ = ਚੰਦ, ਸੂਰਜ ਅਵਤਾਰ
ਨਾਟਕ ਦਾ ਸਮਾਨ = ਧਰਤੀ ਦੀਆਂ ਕੁੱਲ ਚੀਜ਼ਾਂ; ਝਾਕੀਆਂ = ਸੰਸਾਰਿਕ ਧੰਦੇ

ਚਾਰ ਵੇਦਾਂ ਨੇ ਜਿਹਨਾਂ ਨੂੰ ਸਮੇਂ ਦੇ ਅਵਤਾਰ ਜਾਣਿਆ ਹੈ ਗੁਰੂ ਨਾਨਕ ਦੇਵ ਜੀ ਅਨੁਸਾਰ ਹੇਠ ਲਿਖੇ ਹਨ:
ਸਾਮ ਵੇਦ = ਸ਼ਵੇਤਾਂਬਰ ਜਾਂ ਸੱਚ ਦੀ ਮਹਿਮਾ
ਰਿਗ ਵੇਦ = ਰਾਮ ਚੰਦਰ ਦੀ ਮਹਿਮਾ
ਯਜੁਰ ਵੇਦ = ਕ੍ਰਿਸ਼ਨ ਦੀ ਮਹਿਮਾ
ਅਥਰਵ ਵੇਦ = ਖੁਦਾ/ਅੱਲਾ ਦੀ ਮਹਿਮਾ

ਗੁਰੂ ਨਾਨਕ ਜੀ ਅਨੁਸਾਰ ਚਾਰੇ ਵੇਦ, ਬ੍ਰਹਿਮੰਡ ‘ਚ ਵਰਤੀ ‘ਤ੍ਰੈਗੁਣੀ-ਮਾਇਆ’ (ਰਜੋ,ਤਮੋ,ਸਤੋ) ਨੂੰ ਸਮਝਣ ਅਤੇ ਵਿਚਾਰਨ ਲਈ ਹੋਂਦ ‘ਚ ਆਏ ਹਨ। ਇਸ ‘ਮਾਇਆ’ ਦੀਆਂ ਜੜ੍ਹਾਂ ‘ਪ੍ਰਭੂ’ ‘ਚ ਹਨ। ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ ਉਹ ਰੁੱਖ ਦੱਸਿਆ ਹੈ ਜਿਸ ਦੀਆਂ ਜੜਾਂ ਉੱਪਰ ਨੂੰ ਹਨ (ਪ੍ਰਭੂ)। ਚਾਰ ਵੇਦ ਮਾਨੋ ਇਸ ਰੁੱਖ ਦੇ ਪੱਤੇ ਹਨ।

‘ਕਲੀ ਅੰਦਰ ਨਾਨਕਾ ਜਿੰਨਾਂ ਦਾ ਅਉਤਾਰ। ਪੂਤ ਜਿਨੂਰਾ ਧੀਅ ਜਿਨੂੰਰੀ ਜੋਰੂ ਜਿੰਨਾਂ ਦੀ ਸਿਕਦਾਰੁ॥’
(ਕਲੀ=ਕਲਯੁੱਗ; ਜਿੰਨ=ਦੈਂਤ/ਜਿਨ; ਸਿਕਦਾਰੁ=ਜਿੰਨਾਂ ਦੀ ਸਰਦਾਰ) ਇਹ ਜਿੰਨ ਜਰਾ ਡੂੰਘਾਈ ‘ਚ ਵਾਚਿਆਂ ‘ਸਤੋ ਗੁਣ’ ਮਾਇਆ ਦਾ ਰੂਪ ਵੀ ਹਨ।

ਗੁਰੂ ਨਾਨਕ ਨੇ,ਮਾਇਆਧਾਰੀ ਜੀਵ ਦਾ ਚਿੱਤਰ ਇਉਂ ਵੀ ਖਿੱਚਿਆ ਹੈ-> ਮੱਕੜੀ ਸਿਰ ਦੇ ਭਾਰ ਰਹਿ ਕੇ ਜਾਲ ਤਣਦੀ ਹੈ ਅਤੇ ਉਸੇ ‘ਚ ਹੀ ਅੰਤ ਫਸ ਕੇ ਮਰ ਜਾਂਦੀ ਹੈ।

ਗੁਰੂ ਨਾਨਕ ਨੇ ‘ਧੰਨ ਲਿਖਾਰੀ’ ਉਸਨੂੰ ਕਿਹਾ ਹੈ ਜੋ ਲਿਖਾਰੀ: ਤਨ ਨੂੰ ਕਾਗਜ਼,ਮਨ ਨੂੰ ਦਵਾਤ,ਜੀਭ ਨੂੰ ਕਲਮ ਬਣਾ ਕੇ ਸੱਚ ਨੂੰ ਹਿਰਦੇ ‘ਚ ਟਿਕਾ ਕੇ ਲਿਖਦਾ ਹੈ।

ਅਸਟ ਸਾਜ = 8 ਸਾਜ ਜੋ ਮਨੁੱਖੀ ਸਰੀਰ ‘ਚ ਵਜਦੇ ਹਨ (ਕੰਠ,ਹਿਰਦਾ,ਸਿਰ,ਜੀਭ,ਦੰਦ,ਨੱਕ,ਹੋਂਠ,ਤਾਲੂ)
ਗੁਰੂ ਨਾਨਕ ਨੂੰ ਫਾਰਸੀ ਵੀ ਆਉਂਦੀ ਸੀ। ਰਾਗ ਤਿਲੰਗ, ‘ਚ ਇਕ ਪੂਰਾ ‘ਚਉਪਦਾ’ ਫਾਰਸੀ ‘ਚ ਹੈ।

ਗੁਰੂ ਨਾਨਕ ਦੇਵ ਜੀ ਨੂੰ ਪਿੰਗਲ(ਬਹਿਰ-ਵਜਨ) ਦਾ ਪੂਰਾ ਗਿਆਨ ਸੀ। ਪੜ੍ਹਦੇ ਪੜ੍ਹਦੇ ਮੈਂ ਪਉੜੀ, ਸਲੋਕ, ਅਸ਼ਟਪਦੀ ਆਦਿ ਨੂੰ ਪਿੰਗਲ (ਤਕਨੀਕ) ਦੀ ਦ੍ਰਿਸ਼ਟੀ ਤੋਂ ਘੋਖਿਆ ਤਾਂ ਧੰਨ-ਧੰਨ ਹੋਈ ਪਈ ਹੈ।

ਗੁਰੂ ਨਾਨਕ ਦੇਵ ਜੀ ਨਾਮ ਵਿਹੂਣੇ ਮਨੁੱਖ ਦੀ ਮਨੁੱਖਾ-ਹਸਤੀ ਤੋਂ ਹੀ ਇਨਕਾਰੀ ਹਨ। ਉਹ ਉਸਨੂੰ ਮੂਰਖ ਜਾਂ ਸਿਆਣਾ ਪਰਖਣ ਦੀ ਲੋੜ ਨਹੀਂ ਮਹਿਸੂਸਦੇ। ਕਿਊਂਕਿ ਉਹ ਕੁਝ ‘ਹੈ ਹੀ ਨਹੀਂ’ ਜਿਸ ਬਾਰੇ ਵਿਚਾਰ ਕੀਤਾ ਜਾ ਸਕੇ। ਜਿਹਨਾਂ ਨੇ ਨਾਮ ਵਿਸਾਰਿਆ ਹੋਇਆ ਹੈ ਉਹ ਮਨੁੱਖ ਨਹੀਂ ‘ਸੁਆਹ ਨਾਲ ਭਰੇ ਗੱਡੇ’ ਹਨ। ਅਜਿਹੇ ਮਨੁੱਖ (ਮਨਮੁਖ) ਅਜਿਹੀ ਖੇਤੀ ਕਰ ਰਹੇ ਹਨ ਕਿ ਉਹਨਾਂ ਦੀ:

ਸਉਣੀ = ਰਾਤ; ਹਾੜੀ = ਦਿਨ; ਖੇਤ= ਕਾਮ,ਕ੍ਰੋਧ; ਵੱਤਰ= ਲੋਭ; ਬੀਜ=ਝੂਠ; ਹਾਲੀ=ਮੋਹ; ਹਲ=ਵਿਕਾਰਾਂ ਦਾ ਵੀਚਾਰ; ਅਤੇ ਬੋਹਲ=ਵਿਕਾਰਾਂ ਦਾ ਇਕੱਠ ਹੈ।

ਇਸਤੋਂ ਉਲਟ ਨਾਮ ਵਾਲੇ ਮਨੁੱਖਾਂ (ਗੁਰਮੁਖ) ਦੀ ਖੇਤੀ ਵਿੱਚ:

ਪੈਲੀ = ਪ੍ਰਭੂ ਡਰ; ਵਾੜ= ਗਰੀਬੀ; ਪਾਣੀ = ਪਵਿੱਤਰ ਜੀਣਾ; ਬਲਦ= ਸੱਤ; ਸੁਹਾਗਾ=ਸੰਤੋਖ; ਵੱਤਰ= ਸਿਮਰਨ; ਬੀਜਣ ਵੇਲਾ= ਪ੍ਰਭੂ ਮਿਲਾਪ ਵੇਲਾ; ਬੀਜ=ਨਾਮ; ਹਾਲੀ=ਚਿੱਤ; ਹਲ=ਨਿਮਰਤਾ; ਅਤੇ ਬੋਹਲ=ਪ੍ਰਭੂ ਦੀ ਬਖਸਿ਼ਸ਼ ਹੈ।

‘ਸਿੱਧ ਗੋਸ਼ਟ’ ਵਿੱਚ ਗੁਰੂ ਨਾਨਕ ਇਕ ਜਗਿਆਸੂ ਹਨ। ਸ਼ੁਰੂ ਵਿੱਚ ਹੀ ਉਹ ਸਿੱਧਾਂ ਦੀ ਸਭਾ ਨੂੰ ਸੰਤਾਂ ਦੇ ਰੂਪ ਜਾਣਕੇ ਪ੍ਰਣਾਮ ਕਰਦੇ ਹਨ। ਸਮੁੱਚੇ ‘ਸਿੱਧ ਗੋਸ਼ਟ’ ਦਾ ਸਾਰ ਇਹ ਹੈ:

ਕਿਆ ਭਵੀਏ ਸਚੁਸੂਚਾ ਹੋਇ
ਸਾਚ ਸ਼ਬਦ ਬਿਨ ਮੁਕਤ ਦਾ ਕੋਇ॥

ਹੇ ਜੋਗੀਓ ਸੱਚੇ ਤੀਕ ਅੱਪੜਨ ਕਈ ਬਾਹਰ ਭਉਣ ਦੀ ਕੀ ਲੋੜ ਹੈ। ਸੁੱਚਾ ਹੋ ਕੇ ਹਰ ਕੋਈ ਹਰ ਥਾਂ ਉਸ ਨੂੰ ਪਾ ਸਕਦਾ ਹੈ।

ਕਰਮ ਕਾਂਡਾਂ ਅਤੇ ਧਾਰਮਿਕਤਾ ਦੇ ਨਾਮ ਹੇਠ ਪਾਖੰਡਾਂ ਬਾਰੇ ਬਾਬਾ ਨਾਨਕ ਖੁੱਲ ਕੇ ਬੋਲਿਆ ਹੈ। ਪਰ ਇਸ ਪ੍ਰਤੀ ਉਸਦੀ ਪਹੁੰਚ ਕਿਤੇ ਵੀ ਸਿੱਧੀ ਹਮਲਾਅਵਰ ਨਹੀਂ ਸਗੋਂ ਵਿਅੰਗਾਤਮਿਕ ਦਲੀਲ ਵਾਲੀ ਹੈ। ਜਿਵੇਂ ਕਿ ਜੇਕਰ ਮਿੱਟੀ ਦੀਆਂ ਮੂਰਤੀਆਂ (ਠਾਕਰਾਂ/ਸਾਲਗਰਾਮ) ਨੂੰ ਨੁਹਾਇਆਂ ਧੁਆਇਆਂ ਧੂਫ ਬੱਤੀ ਕਰਿਆਂ ਪ੍ਰਭੂ ਖੁਸ਼ ਹੋ ਜਾਂਦਾ ਹੈ ਤਾਂ ਫਿਰ ਪੰਡਿਤ ਨੂੰ ਅਪਣੇ ਲਈ ਰੋਟੀ ਦਰ ਦਰ ਜਾ ਕੇ ਮੰਗਣ ਦੀ ਲੋੜ ਕਿਉਂ ਹੈ? ਇਵੇਂ ਹੀ ਵੱਖ ਵੱਖ ਜੋਗੀ ਪੰਥਾਂ ਬਾਰੇ ਗੁਰੂ ਨਾਨਕ ਨੇ ਨਿਠ ਕੇ ਵਿਅੰਗਾਤਮਿਕ ਦਲੀਲਾਂ ਦਿੱਤੀਆਂ ਹਨ।

ਦੁਨੀਆ ਦੀ ਉਤਪਤੀ ਸਬੰਧੀ ਬਾਬਾ ਨਾਨਕ ‘ਡਾਰਵਿਨ’ ਦੇ ਨੇੜੇ ਤੇੜੇ ਹੀ ਹੈ। ਜੇ ਇਸ ਦਲੀਲ (ਮਨੌਤ) ਨੂੰ ਛੱਡ ਦੇਈਏ ਕਿ ਕਰਤਾਪੁਰਖ ਪਹਿਲਾਂ ਸੁੰਨ ਸਮਾਧੀ ‘ਚ ਬੈਠਾ ਸੀ ਅਤੇ ਉਸਨੇ 36 ਯੁੱਗ ਹਨੇਰਾ ਹੀ ਵਰਤਾਈ ਰੱਖਿਆ। ਫਿਰ ਉਸਨੇ ਪੰਜ ਤੱਤ ਪ੍ਰਗਟ ਕੀਤੇ (ਪਾਣੀ, ਹਵਾ, ਅੱਗ, ਮਿੱਟੀ, ਆਕਾਸ਼) ਫਿਰ ਇਹਨਾਂ ਤੋਂ ਸਭ ਪਾਸਾਰਾ ਸ਼ੁਰੂ ਹੋਇਆ। ਗੁਰੂ ਨਾਨਕ ਦੇਵ ਜੀ ਦਾ ‘ਵਿਕਾਸਵਾਦ ਸਿਧਾਂਤ’ ਇਸ ਉਤਪਤੀ ਪਿੱਛੇ ਇਕਰਸ ਸ਼ਕਤੀ (ਲੌਜਿਕ) ਨੂੰ ਮੰਨਦਾ ਹੈ। ਜੋ ਇਸਨੂੰ ਬਣਾ ਬਣਾ ਕੇ ਵਿਗਾੜਦੀ ਤੇ ਮੁੜ ਨਵੇਂ ਰੂਪਾਂ ‘ਚ ਘੜਦੀ ਰਹਿੰਦੀ ਹੈ। ‘ਕਰ ਕਰ ਵੇਖੈ ਕੀਤਾ ਅਪਣਾ’ ਦੇ ਧੁਰ ‘ਚ ਉਹਨਾਂ ਇਹੀ ਰਹੱਸ ਖੋਹਲਿਆ ਹੈ। ਇਸ ਪੱਖੋਂ ਗੁਰੂ ਨਾਨਕ ਦਾ ਮੱਤ ਧਰਮ ਨੂੰ ਆਧੁਨਿਕ ਅਤੇ ਵਿਗਿਆਨਿਕ ਬਣਾਉਂਦਾ ਹੈ:

ਨਓ ਸਤ ਚਉਦਹ ਤੀਨ ਚਾਰ ਕਰਿ ਮਹਲਤਿ ਚਾਰਿ ਬਹਾਲੀ
ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ।

( ਨਓ = 9 ਖੰਡ; ਸਤ= 7 ਦੀਪ; ਚਉਦਹ= 14 ਭਵਨ; ਤੀਨ= 3 ਲੋਕ; ਚਾਰ= 4 ਯੁੱਗ; ਮਹਲਤਿ= ਵੱਡੀ ਹਵੇਲੀ/ਸ੍ਰਿਸ਼ਟੀ; ਚਾਰਿ ਬਹਾਲੀ = 4 ਖਾਣੀਆਂ ਖਾਣ ਲਈ ਸ੍ਰਿਸ਼ਟੀ ‘ਚ ਬਿਠਾਈਆਂ (ਅੰਡਜ,ਜੇਰਜ,ਸੇਤਜ,ਉਤਭੁਜ); ਚਾਰੇ ਦੀਵੇ= 4 ਵੇਦ; ਚਹੁ ਹੱਥ= ਚਾਰ ਯੁੱਗਾਂ ਦੇ ਹੱਥੀਂ ਇੱਕ ਇੱਕ)

ਸੋ ਇਹ ਉਤਪਤੀ ਤੋਂ ਬਾਅਦ ਫਿਰ ਸਮੇਂ ਸਮੇਂ ਗਿਆਨ ਦਾ ਪ੍ਰਕਾਸ਼ (ਲੋੜ ਮੁਤਾਬਿਕ) ਉਸ ਸਿਰਜਕ ਸ਼ਕਤੀ ਨੇ ਵਿਧੀ-ਵਤ (ਲੋਜਿਕ/ਵਿਕਾਸਵਾਦ) ਨਾਲੋ ਨਾਲ ਸਿਰਜਿਆ। ਇਸ ‘ਚ ਜੀਵਾਂ ਦੀ ਬੌਧਿਕਤਾ ਦਾ ਵਿਕਾਸ ਲੋੜ/ਸਮੇ/ਸਥਾਨ ਅਨੁਸਾਰ ਵਿਕਸਿਤ ਹੋਣ ਦਾ ਅਹਿਮ ਨੁਕਤਾ ਹੈ।

ਆਪਾਂ ਆਮ ਹੀ ਵੇਖਦੇ ਹਾਂ ਕਿ ਧਾਰਮਿਕ ਲੋਕ ਮਾਸ ਖਾਣ ਜਾ ਨਾ ਖਾਣ ਬਾਰੇ ਕਾਫੀ ਬਹਿਸਦੇ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਮੁਤਾਬਿਕ ਇਹ ਗੱਲ ਬੜੀ ਹਾਸੋਹੀਣੀ ਹੈ। ਕਿਉਂਕਿ ਅਜਿਹੇ ਲੋਕ ਅਕਸਰ ਅਪਣੀ ਰੋਟੀ ਲਈ ‘ਕਮਾਈ’ ਜਿਸ ਤੋਂ ਲੈਂਦੇ ਹਨ ਉਹਨਾਂ ਧਨਾਡਾਂ, ਮਾਲਿਕਾਂ ਦੀ ਪੁਣ ਛਾਣ ਤਾਂ ਨਹੀਂ ਕਰਦੇ? ਉਹਨਾ ਦਾ ਇਸ਼ਾਰਾ ਏਥੇ ਪੰਡਤਾਂ ਵੱਲ ਹੈ। ਜਿਹਨਾਂ ਦੇ ਜਜਮਾਨ ਅਕਸਰ ਵੱਡੇ ਵੱਡੇ ਸ਼ਾਹ, ਨਵਾਬ ਅਤੇ ਅਮੀਰ ਲੋਕੀਂ ਸਨ।
ਗੁਰੂ ਨਾਨਕ ਦੇਵ ਜੀ ਮਾਸ ਖਾਣ ਜਾਂ ਵਰਤੌਣ ਦੇ ਖਿਲਾਫ਼ ਨਹੀਂ। ਉਹ ਇਸਨੂੰ ਆਮ ਇਨਸਾਨੀ ਖਾਣ ਪੀਣ ਦੇ ਵਰਤਾਰੇ ਦਾ ਹਿੱਸਾ ਹੀ ਸਮਝਦੇ ਹਨ। ਸਗੋਂ ਉਹਨਾਂ ਨੇ ਇਤਹਾਸਕ ਸਭਿਆਚਾਰ ਦੀ ਰੌਸ਼ਨੀ ‘ਚ ਇਸ ਦੀ ਪ੍ਰੋੜ੍ਹਤਾ ਕੀਤੀ ਹੈ। ਗੁਰੂ ਨਾਨਕ ਨੇ ਇਸ ਮਸਲੇ ਤੇ ਇਕ ਪੂਰੀ ਅਸ਼ਟਪਦੀ ਲਿਖੀ ਹੈ ‘ਮਾਸੁ ਮਾਸੁ ਕਰਿ ਮੂਰਖੁ ਝਗੜੇ..’। ਜਿਸ ਵਿਚ ਉਹਨਾ ਸਾਫ਼ ਤੌਰ ਤੇ ਇਸ ਮਸਲੇ ਤੇ ਅਪਣੀ ਦੋ ਟੁੱਕ ਰਾਏ ਦਿੱਤੀ ਹੈ:

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸ ਕੇ ਭਾਂਡੇ (ਪਿਤਾ ਦਾ ਮਾਸ ਮਾਤਾ ‘ਚ ਜਾਂਦਾ ਹੈ ਅਤੇ ਅਸੀਂ ਬਣਦੇ ਹਾਂ, ਮਾਸ ਦੇ ਸਰੀਰ)
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸ (ਜਦੋਂ ਜੰਮਦੇ ਹਾਂ ਤਾਂ ਪਹਿਲੀ ਭੋਜਨ ਦੀ ਗਿਰਾਹੀ ਮਾਂ ਦੇ ਮਾਸ ਨੂੰ ਮੂੰਹ ‘ਚ ਪਾ ਕੇ ਹੀ ਮਿਲਦੀ ਹੈ।)

ਫਿਰ ਇਸੇ ਅਸਟਪਦੀ ‘ਚ ਉਹਨਾਂ ਅੱਗੇ ਲਿਖਿਆ ਹੈ:

ਮਾਸੁ ਪੁਰਾਣੀ ਮਾਸ ਕਤੇਬੀਂ ਚਹੁ ਜੁਗਿ ਮਾਸ ਕਮਾਣਾ
ਜਜਿ ਕਾਜਿ ਵੀਆਹਿ ਸੁਹਾਵੇ ਓਥੇ ਮਾਸ ਸਮਾਣਾ
ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ
ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ ਕਾ ਦਾਨ ਨਾ ਲੈਣਾ
ਦੇਂਦੇ ਨਰਕੀ ਲੈਂਦੇ ਸੁਰਗੀ ਦੇਖਹੁ ਇਹ ਧਿੰਗਾਣਾ।

ਗੁਰੂ ਜੀ ਅਨੁਸਾਰ ਕਲਯੁੱਗ ਦੀ ਨਿਸ਼ਾਨੀ:

“ਹੋਵੈ ਪਰਵਾਣਾ ਕਰਿਹ ਧਿੰਗਾਣਾ ਕਲਿ ਲਖਣ ਵੀਚਾਰ”
(ਕਲਯੁੱਗ ਦੀ ਨਿਸ਼ਾਨੀ ਇਹ ਹੈ ਕਿ ਕਈ ਦੂਜਿਆਂ ਨਾਲ ਧੱਕਾ ਕਰਦੇ ਹਨ ਪਰ ਉਹਨਾਂ ਦਾ ਧੱਕਾ ਵੀ ਪਰਵਾਨ ਚੜ੍ਹਦਾ ਹੈ।॥

‘ਗੁਰਮਤਿ ਮਿਲੀਐ ਬੀਸ ਇਕੀਸ’ = ਗੁਰੂ ਦੀ ਸਿੱਖਿਆ ਦੁਆਰਾ ਯਕੀਨਨ (20 ਵਿਸਵੇ) ਇਕ-ਈਸ਼ਵਰ ਨੂੰ ਮਿਲ ਪਈਦਾ ਹੈ।

ਪੰਚ-ਭੂ = ਪੰਜ ਤੱਤਾਂ ਦੇ ਦੈਵੀ ਗੁਣ:

ਆਕਾਸ਼ = ਨਿਰਲੇਪਤਾ; ਅਗਨੀ = ਮੈਲ ਸਾੜਨਾ; ਧਰਤੀ = ਧੀਰਜ; ਪਾਣੀ = ਸ਼ੀਤਲਤਾ; ਹਵਾ = ਸਮਦ੍ਰਿਸ਼ਟੀ

ਗੁਰੂ ਨਾਨਕ ਨੇ ਸਮੁੱਚੀ ਬਾਣੀ ‘ਚ ‘ਸੱਚਾ ਗੁਰੂ’ ਅਤੇ ਫਿਰ ਉਸ ਰਾਹੀਂ ‘ਸੱਚਾ ਪ੍ਰਭੂ’ ਪ੍ਰਾਪਤ ਕਰਨ ਤੇ ਜ਼ੋਰ ਦਿੱਤਾ ਹੈ। ‘ਗੁਰੂ’ ਬਾਰੇ ਉਹ ਕਹਿੰਦੇ ਹਨ ਕਿ ਸੱਚਾ ਪ੍ਰਭੂ ਪਹਿਲਾਂ ‘ਗੁਰੂ’ ਨੂੰ ਸੱਚ ਸਰੂਪ ‘ਚ ਲੀਨ ਕਰਕੇ ‘ਸੱਚਾ ਗੁਰੂ’ ਬਣਾਉਂਦਾ ਹੈ। ਫਿਰ ਜਿਸ ਨੂੰ ਓਸ ਸੱਚੇ ਗੁਰੂ ਦੀ ਸੰਗਤ ਮਿਲ ਜਾਂਦੀ ਹੈ ‘ਸੱਚਾ ਗੁਰੂ’ ਉਸ ਸਿੱਖ ਨੂੰ ‘ਸੱਚੇ ਪ੍ਰਭੂ’ ਦੇ ਦਰਸ ਕਰਵਾ ਦਿੰਦਾ ਹੈ। ਇਸ ਸਭ ਚੋਂ ਇਹ ਜਾਨਣ ਦੀ ਇੱਛਾ ਹੁੰਦੀ ਹੈ ਕਿ “ਗੁਰੂ ਨਾਨਕ ਦਾ ‘ਗੁਰੂ’ ਕੌਣ ਸੀ?” ਇਸਦਾ ਉੱਤਰ ਗੁਰੂ ਨਾਨਕ ਇਵੇਂ ਦਿੰਦੇ ਹਨ:

ਸਬਦੁ ਗੁਰੂ ਸੁਰਤਿ ਧੁਨਿ ਚੇਲਾ = ਸ਼ਬਦ ਮੇਰਾ ਗੁਰੂ ਹੈ। ਮੇਰੀ ਸੁਰਤ ਚੇਲਾ ਹੈ, ਉਸ ਸ਼ਬਦ ਦੀ ਧੁਨੀ ਦਾ ਜੋ ਮੇਰੀ ਸੁਰਤ ‘ਚ ਵਜਦੀ ਹੈ।

ਗੁਰੂ ਨਾਨਕ ਨੇ ਚਾਰ ਯੁੱਗਾਂ ਨੂੰ ਧਰਮ ਪੱਖੋਂ ਪ੍ਰੀਭਾਸ਼ਤ ਕੀਤਾ ਹੈ। ‘ਧੌਲ ਧਰਮ’= ਧਰਮ ਰੂਪ ਬਲਦ। ਅਤੇ ਫਿਰ ਚਾਰੇ ਯੁੱਗਾਂ ‘ਚ ਇਸ ਧੌਲ ਦੇ ਚਾਰੇ ਪੈਰ ਬਿਆਨੇ ਹਨ ਕਿ ਉਹ ਕਿਸ ਆਸਰੇ ਤੁਰਦਾ ਹੈ:
ਸੱਤਯੁਗ= ਧਰਮ + ਧਰਮ +ਧਰਮ +ਧਰਮ
ਤ੍ਰੇਤਾ= ਧਰਮ + ਧਰਮ +ਧਰਮ + ਦੁਬਿਧਾ
ਦੁਆਪਰ= ਧਰਮ + ਧਰਮ +ਨਿਰਦਇਤਾ + ਦੁਬਿਧਾ
ਕਲਯੁੱਗ= ਧਰਮ + ਕੂੜ +ਨਿਰਦਇਤਾ + ਦੁਬਿਧਾ

ਆਹ, ਦਲੀਲ ਮਾਨਣਯੋਗ ਹੈ ‘ਮਨਮੁੱਖ’ ਦੀ ਮਾਇਆ-ਬਿਰਤੀ ਬਾਰੇ:
ਕੁਦਰਤ ‘ਥਣ ਦੇ ਦੁੱਧ’ ਵਿਚ ਅੰਮ੍ਰਿਤ, ਖੰਡ, ਅਤੇ ਸ਼ਹਿਦ ਭਰਦੀ ਹੈ। ਪਰ ਥਣ ਨਾਲ ਚੰਬੜੇ ਚਿੱਚੜ ਦੀ ਪ੍ਰੀਤ ਲਹੂ ਨਾਲ ਹੈ। ਉਹ ਦੁੱਧ ਨਹੀਂ ਪੀਂਦਾ।

ਪੰਜ ਭੂਤਕ ਸਰੀਰ = ਅਪੁ ਤੇਜ ਵਾਇ ਪ੍ਰਿਥਮੀ ਆਕਾਸ਼
(ਪਾਣੀ) (ਅੱਗ) (ਹਵਾ) (ਮਿੱਟੀ) (ਆਕਾਸ਼)
{ਰਸ} {ਰੂਪ} {ਸਪਰਸ਼} {ਗੰਧ} {ਸ਼ਬਦ}

‘ਵੈਸਾਖ ਭਲਾ ਸ਼ਾਖਾ ਵੇਸ ਕਰੇ’= ਵੈਸਾਖ ਦਾ ਮਹੀਨਾ ਹੈ। ਰੁੱਖਾਂ ਦੀਆਂ ਸ਼ਾਖਾਂ ਨਵੇਂ ਪੱਤਿਆਂ ਦਾ ਸਿ਼ੰਗਾਰ ਕਰਦੀਆਂ ਹਨ।

ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਚ ਮੈਂ ਪਹਿਲੀ ਵੇਰ ਵੇਖਿਆ ਹੈ ਕਿ ‘ਬੋਦੀ ਵਾਲੇ ਤਾਰੇ’ ਨੂੰ ਕਿਸੇ ਨੇ ਪੋਜਿਟਿਵ ਰੂਪ ‘ਚ ਲਿਆ ਹੈ। ਨਹੀਂ ਤਾਂ ਇਸਨੂੰ ਹਮੇਸ਼ਾ ਮੁਸੀਬਤ ਦੀ ਤਸ਼ਬੀਹ ਵਜੋਂ ਹੀ ਵਰਤੀਂਦਾ ਵੇਖਿਆ ਹੈ। ਗੁਰੂ ਨਾਨਕ ਨੇ ਇਸਦੇ ਅਰਥ ‘ਪ੍ਰਕਾਸ਼ ਸਰੂਪ ਹਰੀ’ ਵਜੋਂ ਕੀਤੇ ਹਨ।

ਗੁਰੂ ਨਾਨਕ ਨੇ ਇਕ ਲਫ਼ਜ਼ ਵਰਤਿਆ ਹੈ “ਸੂਲਾਕ” ਮਤਲਬ ‘ਸੁਲਾਖ’ (ਲੋਹੇ ਦੀ ਸੀਖ)। ਇਸ ਬਾਰੇ ਕਿਹਾ ਹੈ ਕਿ ਖਰੇ ਖੋਟੇ ਸੋਨੇ ਨੂੰ ਪਰਖਣ ਲਈ ਉਸ ਵਿਚ ਤਿੱਖੇ ਨੋਕ ਵਾਲੇ ਲੋਹੇ (ਸੂਲਾਕ) ਨਾਲ ਛੇਦ ਕੀਤਾ ਜਾਂਦਾ ਹੈ।

‘ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ’ = ਬਨਾਸਪਤੀ ਅੰਦਰ ਅੱਗ ਹੈ। ਫਿਰ ਵੀ ਉਹ ਹਰੀ ਭਰੀ ਹੈ। ਸਮੁੰਦਰ ਇਤਨਾ ਬੇਅੰਤ ਹੈ ਪਰ ਫਿਰ ਵੀ ਜਿਵੇਂ ਠਹਿਰਾ ਦੀ ਪੰਡ ‘ਚ ਬੱਝਾ ਪਿਆ ਹੈ। ਮੇਰੇ ਸਰੀਰ ਅੰਦਰ ਵੀ ਅੱਗ ਹੈ ਪਰ ਮੇਰੇ ਪਾਸ ਸ਼ਾਂਤੀ (ਹਰਿਆਲੀ) ਕਿਉਂ ਨਹੀਂ। ਮੇਰਾ ਖਾਹਿਸ਼ਾਂ ਦਾ ਸਾਗਰ ਠਹਿਰਿਆ ਕਿਉਂ ਨਹੀਂ।

ਸਭ ਤੋਂ ਵੱਡੀ ਦੇਗ = ਧਰਤੀ {ਵਾਹ! ਵਾਹ!!}

‘ਨਵ(9-ਵਿਆਕਰਣਾਂ )ਛਿਅ (6-ਸ਼ਾਸਤਰ) ਖਟ (6-ਵੇਦਾਂਗ) ਕਾ ਕਰੇ ਬੀਚਾਰ ਭਾਰ ਅਠਾਰ (18 ਚੈਪਟਰੀ ਮਹਾਂਭਾਰਤ ਗ੍ਰੰਥ)’

‘ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਏ। ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ॥’

‘ਨਾਨਕ ਸੇ ਨਰ ਅਸਲ ਖਰ (ਖੋਤੇ) ਜੁ ਬਿਨ ਗੁਣ ਗਰੁਬ ਕਰੰਤਿ’

ਸੂਰਜ ਦੇ ਰੱਥ ਤੇ ਚੜ੍ਹਿਆਂ ਪਰਛਾਵਾਂ ਮਿਟ ਜਾਂਦਾ ਹੈ। {ਵਾਹ!!}

ਸੰਸਾਰ ਕਾਗਜ਼ ਦਾ ਕਿਲ੍ਹਾ ਹੈ। ਜਿਸ ਤੇ ਮਨਮੋਹਣੇ ਰੰਗ ਚੜੇ ਹੋਏ ਹਨ। ਚਿੱਤਰ ਚਿੱਤਰੇ ਹੋਏ ਹਨ।

‘ਚੂਹਾ ਖੁਡ ਨਾ ਮਾਵਈ ਤਿਕਲਿ ਬੰਨੈ ਛਜ’ = ਚੂਹਾ ਆਪ ਤਾਂ ਖੁਡ ‘ਚ ਸਮਾਉਂਦਾ ਨਹੀਂ ਉੱਤੋਂ ਲੱਕ ਨਾਲ ਛੱਜ ਬੰਨੀ ਫਿਰਦਾ ਹੈ।

‘ਅਉਹਠਿ ਹਸਤ ਮਹਿ ਭਿਖਿਆ ਜਾਚੀ’ = ਹਿਰਦੇ ਰੂਪ ਹੱਥ ਨਾਲ ਭਿਖਿਆ ਮੰਗੀ।

‘ਵਾਤੀ ਕਾਤੀ’ = ਮੂੰਹ ਵਿੱਚ ਕੈਂਚੀ = ਜੀਭ

ਘੁੰਮਣਵਾਣੀ = ਸਮੁੰਦਰ ਦਾ ਭੰਵਰ; ਮੀਰਾ= ਮਾਲਕ; ਲਾਲ= ਮਾਲਕ; ਲਾਲਾ= ਗੁਲਾਮ/ਸੇਵਕ; ਛੰਦਾ ਬੰਦੀ= ਬੰਦਿਸ਼ ਦੀ ਮੁਥਾਜੀ; ਛੰਦਾ ਬੰਦਾ= ਮਨੁੱਖਾਂ ਦੀ ਮੁਥਾਜੀ; ਪਪੀਹਾ= ਚਿੱਤ; ਕੋਇਲ= ਜੀਭ; ਦਾਰਾ= ਇਸਤ੍ਰੀ

“ਗੁਰ ਬਿਨ ਗਿਆਨ
ਧਰਮ ਬਿਨ ਧਿਆਨ
ਸੱਚ ਬਿਨ ਸਾਖੀ
ਮੂਲੋ ਨਾ ਬਾਕੀ॥”

ਉਮੀਦ ਹੈ ਆਪ ਸਭ ਨੂੰ ਮੇਰੇ ਇਹ ਨੋਟਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਡੂੰਘੇ ਰੂਪ ‘ਚ ਅਤੇ ਵੱਖਰੇ ਰੂਪ ‘ਚ ਵੇਖਣ, ਨਿਰਖਣ ਅਤੇ ਪਰਖਣ। ਸਮਝਣ ਅਤੇ ਬੁੱਝਣ ‘ਚ ਕੁਝ ਸਹਾਈ ਹੋਣਗੇ।

ਭੁੱਲਾਂ ਚੁੱਕਾਂ ਦੀ ਖਿਮ੍ਹਾ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 19 ਅਗਸਤ 2007)
(ਦੂਜੀ ਵਾਰ 20 ਮਾਰਚ 2022)

***
696