19 April 2024

ਕੁਲਦੀਪ ਨੀਲਮ ਦੀਆਂ ਪੰਜ ਕਵਿਤਾਵਾਂ

ਪੇਸ਼ ਹਨ

ਕੁਲਦੀਪ ਨੀਲਮ ਦੀਆਂ ਪੰਜ ਕਵਿਤਾਵਾਂ

1.ਬਹੁਰੂਪੀਆ

2. ਇੱਕ ਖਿ਼ਆਲ, 3. ਲੱਖਾਂ ਜ਼ਮੀਨ ਤੇ ਆਏ,

4. ਜ਼ੁਰਮ ਦੀ ਸਜ਼ਾ ਅਤੇ 5. ਕੀ ਕਰੇਂਗਾ ਯਾਰਾ ਜਾਣਕੇ

1. ਬਹੁਰੂਪੀਆ

ਮੈਨੂੰ ਬੜਾ ਹੈ ਨਾਜ਼ ਕਾਦਰ ਦੀ ਕਾਇਨਾਤ ਤੇ
ਪਰ ਨਹੀਂ ਯਕੀਨ ਆਉਂਦਾ ਬੰਦੇ ਦੀ ਜ਼ਾਤ ਤੇ

ਦਿਨ ਵਿਚ ਹਜ਼ਾਰ ਚੇਹਰੇ ਬਦਲਦਾ ਬਹੁਰੂਪੀਆ
ਫਿਰ ਕੇਹੜਾ ਕਰੇ ਇਹਤਬਾਰ ਇਸ ਕਮਜਾਤ ਤੇ

ਇਸ ਦਾ ਕੋਈ ਅਸੂਲ ਹੈ ਨਾ ਧਰਮ ਤੇ ਈਮਾਨ
ਕਰਦਾ ਫਰੇਬ ਹੈ ਬੰਦਾ ਹਰ ਬਾਤ ਬਾਤ ਤੇ

ਜੀਵਾਂ ਦੇ ਇਸ ਸਿਰਮੋਰ ਤੋਂ ਤਾਂ ਜਾਨਵਰ ਭਲੇ
ਜੋ ਦੇ ਰਹੇ ਹਨ ਪਹਿਰਾ ਆਪੋ- ਅਪਣੀ ਜ਼ਾਤ ਤੇ

ਰੱਬ ਨੇ ਬਣਾਈ ਦੁਨੀਆਂ ਸਭ ਜੀਵਾਂ ਦੇ ਲਈ
ਇਹ ਮੱਲ ਮਾਰ ਬੈਠਾ ਰੱਬ ਦੀ ਸੁਗਾਤ ਤੇ

ਬੰਦੇ ਨੇ ਹਰ ਜਗਾਹ ਪਾਈਆਂ ਨੇ ਭੰਡੀਆਂ
ਕਰਦਾ ਏ ਸ਼ਕ ਬੰਦਾ ਰੱਬ ਦੀ ਕਰਾਮਾਤ ਤੇ

ਖੁਦ ਈਰਖਾ ਦੀ ਅਗ ਵਿਚ ਆਪ ਸੜ ਰਿਹਾ
ਹੋਰਾਂ ਨੂੰ ਦੇਂਦਾ ਭਾਸ਼ਨ ਇਹ ਭਾਂਤ ਭਾਂਤ ਦੇ

ਬੰਦੇ ਨੇ ਵੰਡੀ ਧਰਤੀ ਤੇ ਅਕਾਸ਼ ਵੰਡ ਲਏ
ਧਰਮਾਂ ‘ਚ ਵੰਡੀ ਮਾਨੁਖਤਾ ਇਸ ਬਦਜ਼ਾਤ ਨੇ

ਵੇਖੋ! ਹੁਣ ਬੰਦਾ ਕੇਹੜੇ ਤਾਰੇ ਹੈ ਤੋੜਦਾ-
ਇਹਦਾ ਨਾ ਰੱਜ ਹੋਇਆ ਧਰਤੀ ਦੀ ਦਾਤ ਤੇ

ਧਰਤੀ ਹਵਾ ਤੇ ਜਲ ‘ਚ ਬੰਦੇ ਜ਼ਹਿਰ ਘੋਲਿਆ
ਕੁਦਰਤ ਵੀ ਪ੍ਰੇਸ਼ਾਨ ਹੈ ਇਹਦੀ ਵਾਹਿਯਾਤ ਤੇ

ਲਾਲਿਚ ਤੇ ਤੋੜ ਫੋੜ ‘ਚ ਛੱਡੀ ਨਾ ਇਸ ਕਸਰ
ਮਾਤਿਮ ਹੁਣ ਛਾ ਰਿਹਾ ਹੈ ਇਸ ਦੇ ਬਾਗਾਤ ਤੇ

ਛੱਡ ਹੂੜ ਮਤ ਬੰਦੇ ਕੁਝ ਚੰਗੇ ਕੰਮ ਕਰ
ਕਿੳਂ ਪੋਚਨਾ ਹੈਂ ਕਾਲਿਖ ਮਾਨੁਖ ਦੀ ਜਾਤ ਤੇ?

ਇਕ ਰੋਜ ਖਾਲੀ ਹਥੀਂ ਜਾਣਾ ਪਏਗਾ ਤੈਨੂੰ
ਐਂਵੇਂ ਨਾ ਫੁਲਿਆ ਫਿਰ ਤੂੰ ਅਪਣੀ ਔਕਾਤ ਤੇ

ਨਾ ਦੇ ਜ਼ਬਾਨ ਮੈਨੂੰ ਯਾਂ ਬੰਦੇ ਨੂੰ ਅਕਲ ਦੇ
ਮੈਂ ਸ਼ਰਮਸਾਰ ਹਾਂ ਰੱਬਾ ਖੁਦ ਅਪਣੇ ਆਪ ਤੇ।

2. ਇਕ ਖਿ਼ਆਲ

ਐਵਂੇ ਦਮ ਦਾ ਦਮ ਨਾ ਮਾਰ ਜੀਵੇਂ
ਇਸ ਦਮ ਲਈ ਦਮ ਦਾ ਵਾਸਤਾ ਏ

ਆਇਆ ਦਮ ਤਾਂ ਕਹਿਣ ਨੂੰ ਆਦਮੀਂ ਤੂੰ
ਅਸਲ ਵਿਚ ਕੀ ਚਮ ਦਾ ਵਾਸਤਾ ਏ?

ਤੇਰੇ ਸੁੰਦਰ ਸੁਨਖੇ ਜਿਹੇ ਚਮ ਕੋਲੋਂ
ਦੁਨੀਆਂਦਾਰ ਨੂੰ ਕੰਮ ਦਾ ਵਾਸਤਾ ਏ

ਚੰਨਾਂ ਕੰਮ ਵੀ ਉਨਾ ਚਿਰ ਮੁਲ ਪਾਵੇ
ਜਿਚਰ ਹਮ ਨਾਲ ਹਮ ਦਾ ਵਾਸਤਾ ਏ

ਹੋਜਾ ਇਸ ਬਿਖੇੜੇ ਤੋਂ ਬਾਹਰ ‘ਨੀਲਮ’
ਤੈਨੂੰ ਦਮ ਦੇ ਗੰਮ ਦਾ ਵਾਸਤਾ ਏ

3. ਲੱਖਾਂ ਜ਼ਮੀਨ ਤੇ ਆਏ

ਲਖਾਂ ਇਸ ਜ਼ਮੀਨ ਤੇ ਹੋਏ ਰਾਜੇ
ਨਾਲੇ ਪੀਰ ਫਕੀਰ ਕਈ ਪਾਕ ਜੀਵੇਂ

ਲਖਾਂ ਸੋਹਣੀਆਂ ਹੁਸਨ ਦੇ ਨਾਲ ਭਰੀਆਂ
ਉਹ ਵੀ ਮਿਲ ਗਈਆਂ ਵਿਚ ਖਾਕ ਜੀਵੇਂ

ਕਈ ਸਸੀਆਂ ਥਲਾਂ ਵਿਚ ਧੱਸ ਮੋਈਆਂ
ਨਾਲੇ ਹੀਰ ਸਲੇਟੀ ਦੇ ਚਾਕ ਜੀਵੇਂ

ਫੌਜਾਂ ਖੂਣੀਆਂ ਤਖਤ ਹਵੇਲੀਆਂ ਦੇ
ਇਥੇ ਲਭਦੇ ਨਹੀ ਚਟਾਕ ਜੀਵੇਂ

ਹੋਏ ਕਾਰਵਾਂ ਕਾਰੂੰ ਜਿਹੇ ਬਾਦਸ਼ਾ ਵੀ
ਹਥੀਂ ਲਾ ਖਜ਼ਾਨੇ ਨੂੰ ਤਾਕ ਜੀਵੇ

ਦੁਨੀਆਂ ਵਾਸਤੇ ਦੀਨ ਗਵਾ ਨਾਹੀਂ
ਤੇ ਨਾ ਕੌਡੀਆਂ ਭਾ ਇਖਲਾਕ ਜੀਵੇ।

4. ਜੁਰਮ ਦੀ ਸਜ਼ਾ

ਅੱਖਾਂ ਨੇ ਜੁਰਮ ਕੀਤਾ ਦਿਲ ਨੂੰ ਹੈ ਭੁਗਤਣਾ ਪੈਂਦਾ
ਖਿਜ਼ਾਂ ਨੇ ਲੁਟਿਆ ਗੁਲਸ਼ਨ ਬੁਲਬੁਲ ਨੂੰ ਤੜਪਣਾ ਪੈਂਦਾ

ਫੁਲਾਂ ਦਾ ਸੀਨਾ ਚਾਕ ਬੇ-ਦਰਦ ਹਾਸਿਆਂ ਕੀਤਾ
ਕਲੀਆਂ ਦੇ ਮੂਹੰ ਚੁੰਮਣ ਲਈ ਸ਼ਬਨਮ ਨੂੰ ਰੋਣਾ ਪੈਂਦਾ

ਇਹ ਹੁਸਨ ਕੀ ਬਲਾ ਏ ਜਿਸਦੀ ਤਾਬ ਅਗੇ?
ਚੰਨ ਨੂੰ ਵੀ ਬਦਲਾਂ ਉਹਲੇ ਮੂੰਹ ਅਪਣਾ ਲੁਕਾਣਾ ਪੈਂਦਾ

ਇਹ ਰੋਗ ਇਸ਼ਕ ਦਾ ਹੈ ਜਗ ਤੇ ਅਵੱਲਾ ਯਾਰੋ!
ਆਸ਼ਿਕ ਨੂੰ ਅਪਣੇ ਪਿਆਰ ਲਈ ਹੰਜੂਆਂ `ਚ ਡੁਬਣਾ ਪੈਂਦਾ

ਰਖਨ ਲਈ ਸ਼ਮ੍ਹਾਂ ਪਿਆਰ ਦੀ ਰੋਸ਼ਨ ਸਦਾ ਜਗ ਤੇ
ਪ੍ਰਵਾਨੇ ਨੂੰ ਬਾਰ ਬਾਰ ਅਗ ਵਿਚ ਹੈ ਸੜਣਾ ਪੈਂਦਾ

ਰਾਤਾਂ ਨੂੰ ਜਾਗ ਜਾਗ ਕੇ ਸ਼਼ਾਇਰ ਨੂੰ ਸੋਚਾਂ ਅੰਦਰ
ਸ਼ੇਰ੍ਹਾਂ `ਚ ਅਪਣੇ ਜਿਗਰ ਦਾ ਲਹੂ ਵੀ ਚੁਆਣਾ ਪੈਂਦਾ

ਜੋ ਸਾਜ਼ ਚੋਂ ਧੁਨ ਨਿਕਲੀ ਉਹ ਹਰ ਕਿਸੇ ਸਲਾਹੀ
ਤਰਬਾਂ ਨੂੰ ਸਾਜ਼ੇ ਯਾਰ ਲਈ ਰੂੰ ਵਾਂਗ ਪਿਝੰਣਾ ਪੈਂਦਾ

ਇਸ ਆਸ਼ਿਕੀ ਦੇ ਜੁਰਮ ਦੀ ਢਾਡੀ ਸਜ਼ਾ ਹੈ `ਨੀਲਮ`
ਮਰ ਮਰ ਕੇ ਜੀਣਾ ਪੈਂਦਾ ਜੀ ਜੀ ਕੇ ਮਰਣਾ ਪੈਂਦਾ ।

5. ਕੀ ਕਰੇਂਗਾ ਯਾਰਾ ਜਾਣਕੇ

ਕੀ ਕਰੇਂਗਾ ਯਾਰਾ ਜਾਣਕੇ ਕਿਉਂ ਦਿਲ ਉਦਾਸ ਹੈ?
ਇਕ ਦਰਦ ਹੈ ਸੀਨੇ ‘ਚ ਬੁਲਾਂ ਤੇ ਪਿਆਸ ਹੈ

ਜਿਸ ਨੂੰ ਕਦੇ ਨਹੀਂ ਵੇਖਿਆ ਨਾ ਸੋਚਿਆ ਨਾ ਸਮਝਿਆ
ਉਸ ਅਜਨਬੀ ਦੀ ਫਿਰ ਕਿਉਂ ਮੈਨੂੰ ਤਲਾਸ਼ ਹੈ?

ਕੈਸਾ ਜ਼ਮਾਨਾ ਆਇਆ ਸਭ ਕੁਝ ਬਦਲ ਗਿਆ ਏ?
ਕਾਗਜ਼ ਦੇ ਫੁਲਾਂ ਵਾੰਗੂ ਨਾ ਖ਼ੁਸ਼ਬੂ ਨਾ ਮਿਠਾਸ ਹੈ

ਬਾਹਰ ਦੀ ਸਜ ਸਜਾਵਟ ਅੱਜ ਬਣ ਗਈ ਦਿਖਾਵਾ
ਇਕ ਬੂੰਦ ਨੂੰ ਤਰਸਦੀ ਰੂਹ ਦੀ ਪਿਆਸ ਹੈ

ਨਿਤ ਨਵੀਂ ਰੋਸ਼ਨੀ ਦਾ ਵੱਧ ਰਿਹਾ ਏ ਚਾਨਣ
ਮਨ ਦੇ ਹਨੇਰਿਆਂ ਦੀ ਕਿਸ ਨੂੰ ਕਿਆਸ ਹੈ?

ਹਰ ਪਾਸੇ ਭੁਖਮਰੀ ਹੈ ਬਿਮਾਰੀ ਤੇ ਲਾਚਾਰੀ
ਸਹਮੀਂ ਹੈ ਬਸਤੀ ਬਸਤੀ ਬੱਚਾ ਬੱਚਾ ਉਦਾਸ ਹੈ

ਫਿਰ ਉਹੀ ਬੰਬ ਧਮਾਕੇ ਦਹਸ਼਼ਤ ਤੇ ਗੁੰਡਾ-ਗਰਦੀ
ਜੀਣਾ ਹੋਇਆ ਹੈ ਮੁਸ਼ਿਕਲ ਔਖੀ ਹਰ ਸਾਸ ਹੈ

ਕਾਨੂਨ ਦੇ ਜੋ ਰਾਖੇ ਖੁਦ ਜ਼਼਼ੁਲਮ ਕਰ ਰਹੇ ਨੇ
ਠੰਡੀ ਨਾ ਹੋਈ ਜਿਨ੍ਹਾਂ ਦੇ ਦਿਲ ਦੀ ਭੜ੍ਹਾਸ ਹੈ

ਅਪਣੇ ਸੀ ਜੋ ਬਣਾਏ ਖੰਜਰ ਉਨਾਂ੍ਹ ਚਲਾਏੇ
ਮੇਰਾ ਕਸੂਰ ਕੀ ਏ ਪੁਛਦੀ ਹਰ ਲਾਸ਼ ਹੈ?

ਖੁਦਗਰਜ਼਼ ਨੇਤਾ ਦੇਸ਼ ਦੇ ਕੁਰਸੀ ਦੇ ਕੇਵਲ ਭੁਖੇ
ਜਿਨ੍ਹਾਂ ਦੇ ਕਾਰਣ ਦੇਸ਼ ਦਾ ਰੁਕਿਆ ਵਿਕਾਸ ਹੈ

ਖੁਲੀ ਦੁਕਾਨ ਝੂਠ ਦੀ ਸਭ ਕੁਝ ਵਿਕ ਰਿਹਾ ਏ
ਇਨਸਾਨ ਧਰਮ ਪਿਆਰ ਹੁਸਨ ਪੈਸੇ ਦਾ ਦਾਸ ਹੈ

ਅਣਭੋਲ ਜੰਤਾ ਪਏ ਲੁਟਦੇ ਥਾਂ ਥਾਂ ਅਖੌਤੀ ਬਾਬੇ
ਜਿਨ੍ਹਾਂ ਦੇ ਆਪ ਸੱਚ ਦੀ ਕੌਡੀ ਨਾ ਪਾਸ ਹੈ

ਅੱਜ ਤੀਰਥਾਂ ਤੇ ਲਾਏ ਪਾਖੰਡੀਆਂ ਨੇ ਡੇਰੇ
ਠਗੀ ਤੇ ਚੋਰੀ ਯਾਰੀ ਜਿਨ੍ਹਾਂ ਦੀ ਰਾਸ ਹੈ

ਫਿਰ ਜਾਗੋ ਸੂਰ ਬੀਰੋ ਭਾਰਤ ਦੇ ਨੌਜਵਾਨੋਂ!
ਦੁਸ਼ਮਨ ਖੜਾ ਤੁਹਾਡੀ ਅੱਜ ਚੌਖਟ ਦੇ ਪਾਸ ਹੈ

ਇਸ ਦੇਸ਼ ਨੂੰ ਹਰ ਕੀਮਤ ਬਰਬਾਦੀ ਤੋਂ ਬਚਾ ਲੌ
ਆਪ ਸਭ ਦੀ ਸਫ਼ਲਤਾ ਲਈ ਮੇਰੀ ਅਰਦਾਸ ਹੈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 30 ਸਤੰਬਰ 2006)
(ਦੂਜੀ ਵਾਰ 7 ਅਪਰੈਲ 2022)
***
722

About the author

ਕੁਲਦੀਪ ਨੀਲਮ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ