1.ਤੈਨੂੰ ਤੱਕ ਮੈਨੂੰ ਇੰਞ ਲੱਗਦਾ
ਤੈਨੂੰ ਤੱਕ ਮੈਨੂੰ ਇੰਞ ਲੱਗਦਾ।
ਜ਼ਿੱਦਾਂ ਤੈਨੂੰ ਧਰਤੀ ਤੇ ,ਔਰਤ ਨੇ ਜਣਿਆ।
ਗ਼ੁੱਸਾ ਨਾ ਕਰੀਂ ਤੂੰ , ਸਮੁੰਦਰਾ ਪਿਆਰਿਆ।
ਮੈਨੂੰ ਲੱਗਦਾ ਤੂੰ, ਉਹਦੇ ਅੱਥਰੂਆਂ ਤੋਂ ਬਣਿਆਂ।
ਜਦੋਂ ਔਰਤ ਦੇ ਜਾਏ, ਕੁੱਖ ਵਿੱਚ ਧੀ ਨੂੰ ਵੱਢਦੇ ਹੋਣੇ।
ਜਦੋਂ ਕੋਮਲ ਅੰਗ, ਕੈਂਚੀ ਨਾਲ਼ ਕੱਟ, ਬਾਹਰ ਕੱਢਦੇ ਹੋਣੇ।
ਜਦੋਂ ਦੁੱਖਾਂ ਨਾਲ਼ ਭਰਿਆ, ਗ਼ੁਬਾਰ ਵਗਿਆ ਹੋਣਾ।
ਮੈਨੂੰ ਲੱਗਦਾ ਸਮੁੰਦਰਾ, ਤੂੰ ਉਦੋਂ ਬਣਿਆ ਹੋਣਾ।
ਜਦੋਂ ਕਿੱਕਰਾਂ, ਟਾਹਲੀਆਂ ਵੱਢ, ਸੇਜਾਂ ਬਣੀਆਂ ਹੋਣੀਆਂ।
ਜਦੋਂ ਆਰੀਆਂ ਚੱਲਣ ਵੇਲ਼ੇ, ਪੱਤਿਆਂ ਤੇ ਟਾਹਣਿਆਂ ਦੇ,
ਮੁਸੀਬਤਾਂ ਬਣੀਆਂ ਹੋਣੀਆਂ।
ਜਦੋਂ ਰੁੱਖਾਂ ਦੇ ਪੱਤਿਆਂ ‘ਚੋਂ, ਦੁੱਧ ਬਣ ਨੀਰ ਰੁੜਿਆ ਹੋਣਾ।
ਮੈਨੂੰ ਲੱਗਦਾ ਸਮੁੰਦਰਾ, ਤੂੰ ਉਦੋਂ ਬਣਿਆ ਹੋਣਾ।
ਜਦੋਂ ਪੜ੍ਹਨ ਜਾਂਦੀ ਧੀ ਨੂੰ,ਦਰਿੰਦਿਆਂ ਨੇ ਖੋਹਿਆ ਹੋਣਾ।
ਜਿਸ ਮੋਈ ਵੇਖ, ਮਾਂ ਪਿਉ ਤੇ ਭਰਾ ਰੋਇਆ ਹੋਣਾ।
ਤੇਰਾ ਸੀਨਾ ਦੁਸ਼ਮਣ ਦਾ ਪਾਣੀ, ਨਸ਼ਟ ਕਰਨ ਲਈ,
ਜਦੋਂ ਉਹਨਾਂ ਲੂਣੇ,ਅੱਥਰੂਆਂ ਨਾਲ਼ ਮਿਲਿਆ ਹੋਣਾ।
ਮੈਨੂੰ ਲੱਗਦਾ ਸਮੁੰਦਰਾ, ਤੂੰ ਉਦੋਂ ਬਣਿਆ ਹੋਣਾ।
ਜਦੋਂ ਕਾਰਖਾਨਿਆਂ, ਭੱਠਿਆਂ ਨੇ ਧੂੰਆਂ ਕੱਢਿਆ ਹੋਣਾ।
ਜਦੋਂ ਫੈਕਟਰੀਆਂ ਨੇ ਗੰਦਾ ਮੰਦਾ ਪਾਣੀ,
ਨਦੀਆਂ ਤੇ ਨਹਿਰਾਂ ਵੱਲ ਛੱਡਿਆ ਹੋਣਾ।
ਧਰਤੀ ਦੇ ਪਿਆਰ ਵਿੱਚ, ਜਦੋਂ ਤੂੰ ਅੱਗੇ,
ਆਪਣਾ ਸੀਨਾ ਕਰਿਆ ਹੋਣਾ।
ਮੈਨੂੰ ਲੱਗਦਾ ਸਮੁੰਦਰਾਂ, ਤੂੰ ਉਦੋਂ ਬਣਿਆ ਹੋਣਾ।
ਹੰਝੂ ਰੋਕ ਕੇ ,ਕਲਮ ਚੁੱਕ ਲਈ
**
(ਸਰਬਜੀਤ ਕੌਰ ਪੀਸੀ) |
2. ਹਾਂ ਮੈਂ ਰੀਝ ਹੈ ਪਾਲ਼ੀ
ਹਾਂ ਮੈਂ ਰੀਝ ਹੈ ਪਾਲ਼ੀ,ਸੱਜਣ ਨੂੰ ਨੇੜਿਓਂ ਤੱਕਣ ਦੀ।
ਕੀਤੀ ਹੈ ਫੁੱਲ ਤਿਆਰੀ ਮੈਂ,ਓਸ ਲੁਕੇ ਨੂੰ ਲੱਭਣ ਦੀ।
ਲੁਕੇ ਨੂੰ ਲੱਭਣ ਦੀ ਤੇ ਲੱਭ ਲੁਕਾ ਕੇ ਰੱਖਣ ਦੀ।
ਲੁਕਾ ਕੇ ਰੱਖਣ ਦੀ ਤੇ ਕੱਲੀ ਬਹਿ ਕੇ ਤੱਕਣ ਦੀ।
ਬਹਿ ਕੇ ਤੱਕਣ ਦੀ ਤੇ ਦਿਲ ਦੀ ਗੱਲ ਰੱਖਣ ਦੀ।
ਦਿਲੇ ਦੀ ਗੱਲ ਰੱਖਣ ਦੀ, ਜ਼ਰਾ ਨਾ ਵਲ਼ ਰੱਖਣ ਦੀ।
ਵਲ਼ ਰੱਖਣ ਦੀ, ਨਾ ਵਲ਼ ਵਿੱਚ ਛਲ਼ ਰੱਖਣ ਦੀ।
ਹਾਂ ਮੈਂ ਰੀਝ ਹੈ ਪਾਲ਼ੀ, ਸੱਜਣ ਨੂੰ ਨੇੜਿਓਂ ਤੱਕਣ ਦੀ।
ਨੇੜਿਓਂ ਤੱਕਣ ਦੀ, ਤੇ ਤੱਕ ਤੱਕ ਨਾ ਥੱਕਣ ਦੀ।
ਤੱਕ ਨਾ ਥੱਕਣ ਦੀ, ਵੇਖ ਨੈਣੀ ਹੰਝੂ ਡੱਕਣ ਦੀ।
ਹੰਝੂ ਡੱਕਣ ਦੀ ,ਪਿਆਰ ਨਾ ਉ੍ਹਦੇ ਗਲ਼ ਲੱਗਣ ਦੀ।
ਗਲ਼ ਲੱਗ ਕੇ ਤੇ ,ਦਿਲ ਦੀ ਧੜਕਣ ਰੋਕਣ ਦੀ।
ਹਉਕਾ ਵੱਡਾ ਲੈ ਕੇ ਤੇ , ਰੱਜ ਰੱਜ ਰੋ ਕੇ ਹੱਸਣ ਦੀ।
ਰੋ ਕੇ ਹੱਸਣ ਦੀ ਤੇ ਉਸਦੇ ਨਾਮ ਨਾਲ਼ ਜਚਣ ਦੀ।
ਗੱਲ ਕਰ ਲੱਗਗੀ ਫੱਬਣ ਜੀ, ਸਰਬ ਕਮਲ਼ੀ ਹੋ ਸੱਜਣ ਦੀ।
** |
3. ਦੁਨੀਆਂ ਤੇ ਸੁੱਚਾ ਦੁੱਧ ਹੈ ਮਿਲਦਾ ਮਾਂ ਕੋਲ਼ੋਂ
ਦੁਨੀਆਂ ਤੇ ਸੁੱਚਾ ਦੁੱਧ ਹੈ ਮਿਲਦਾ ਮਾਂ ਕੋਲ਼ੋਂ।
ਸੁੱਚੀ ਜਾਗ ਜੋ ਲਾਉਂਦੀ, ਲੈ ਸਾਡੇ ਪਿਓ ਕੋਲ਼ੋਂ।
ਦੁਨੀਆਂ ਤੇ ਨਹੀਂ ਤੱਕਿਆ, ਮਾਂ ਜਿਹਾ ਮੈਂ ਮੰਦਿਰ।
ਤੱਕੀਆਂ ਮਜਬੂਤ ਮੈਂ ਕੰਧਾਂ,ਮਾਂ ਦੇ ਢਿੱਡ ਅੰਦਰ।
ਛੱਤ ਮਾਂ ਦੀ ਮਿੱਟੀ ਦੀ, ਕਦੇ ਨਾ ਚੋਂਦੀ ਸੀ।
ਦੁਨੀਆਂ ਤੋਂ ਮੈਨੂੰ ਮਾਂ, ਫਿਰਦੀ ਲੁਕਾਉਂਦੀ ਸੀ।
ਧੁੰਨੀਂ ਸੁਹਣੀ ਮਾਂ ਦੀ, ਰੱਜ ਰੱਜ ਮਾਣ ਲਈ।
ਰਿੱਝੀ-ਰਝਾਈ ਮਿਲਦੀ, ਜਿੱਥੇ ਖਾਣ ਲਈ।
ਰੁੱਖੀ ਮਿੱਸੀ ਖਾ, ਢਿੱਡ ਚਾਹੇ ਭਰਦੀ ਸੀ।
ਮੇਰੇ ਅੱਗੇ ਨਿੱਤ, ਮਾਂ ਮੇਵੇ ਧਰਦੀ ਸੀ।
ਮਾਂ ਨੇ ਮੈਨੂੰ ਜਦ, ਦੁਨੀਆਂ ਤੇ ਘੱਲਿਆ ਸੀ।
ਮੌਤ ਜਿਹੀ ਪੀੜਾ ਤਦ,ਉਸਨੇ ਝੱਲਿਆ ਸੀ।
ਖੂਨ ਨਾਲ ਜਿਸ ਮੇਰੀ, ਕੀਤੀ ਘੜ੍ਹਾਈ ਸੀ।
ਖੂਨੋ ਖੂਨ ਜਨਮ ਵੇਲ਼ੇ, ਤੱਕੀ ਮੈਂ ਮਾਈ ਸੀ।
ਏਸੇ ਲਈ ਤੇ ਮਾਂ ਜਿਹਾ, ਕੋਈ ਨਾ ਹੋਰ ਵਿਖੇ।
ਮਾਂ ਨੇ ਜੰਮੀ ਸਰਬ, ਤੇ ਕਲਮ ਕਲਾਮ ਲਿਖੇ।
ਪਹਿਲਾ ਰੁਤਬਾ ਮਾਂ ਦਾ, ਦੂਜਾ ਰੱਬ ਦਾ ਏ।
ਮਾਂ ਦੇ ਨਾਲ਼ ਦਾ ਹਾਣੀ, ਕਦੇ ਨਾ ਲੱਭਦਾ ਏ
** |
4. ਸੱਪਾਂ ਤੋਂ ਡਰਨਾ ਛੱਡ ਦਿੱਤਾ ਏ
ਸੱਪਾਂ ਤੋਂ ਡਰਨਾ ਛੱਡ ਦਿੱਤਾ ਏ।
ਅੰਦਰੋਂ ਡਰ ਇਹ ਕੱਢ ਦਿੱਤਾ ਏ।
ਅੰਬਰ ਕਾਲੇ ਕਰਨ ਵਾਲ਼ਿਆਂ
ਤੇ ਨਜ਼ਰਾਂ ਨੂੰ ਗੱਡ ਦਿੱਤਾ ਏ।
ਬੰਦੇ ਰੂਪੀ ਸੱਪ ਜੋ ਆ ਗਏ।
ਉਹਨਾਂ ਦੀ ਗੱਲ ਕਰਦੀ ਹਾਂ।
ਅੱਜ ਕੱਲ ਲੋਕੋ ਮੈਂ ਤਾਂ ਇਹਨਾਂ,
ਨਾਗਾਂ ਕੋਲ਼ੋਂ ਡਰਦੀ ਹਾਂ।
ਜੀਅ ਕਰਦਾ ਜੋਗੀ ਬਣ ਜਾਵਾਂ।
ਬੀਨ ਵਜਾ ਸੱਪ ਨੱਚਣ ਲਾਵਾਂ।
ਐਸੇ ਬੀਨ ਨਾਲ਼ ਸੁਰ ਵਜਾਵਾਂ।
ਕੀਲ ਕੀਲ ਸੱਪ ਝੋਲ਼ੀ ਪਾਵਾਂ।
ਧੂੰਐਂ ਡਿੱਠਾਂ ਜਦ ਅਸਮਾਨੀਂ।
ਵੇਖ ਮੈਂ ਹਉਕੇ ਭਰਦੀ ਹਾਂ।
ਅੰਬਰ ਜਿੰਨ੍ਹਾਂ ਕਾਲੇ ਕਰਤੇ,
ਨਾਗਾਂ ਦੀ ਗੱਲ ਕਰਦੀ ਹਾਂ।
ਡੰਗ ਮਾਰਨ ਦੀ ਹਨ ਤਿਆਰੀ।
ਫੰਨ ਬੈਠੇ ਆਪਣੀ ਖਿਲਾਰੀ।
ਪਿਆਰ ਦੇ ਸੁਰ ਨਹੀਂ ਸਮਝਦੇ।
ਤਗ਼ੜੇ ਪਾਪੀ ਬਣੇ ਖਿਡਾਰੀ।
ਜੀਭਾਂ ਕੱਢ ਡਰਾਉਂਦੇ ਜੋ,
ਖੱਟੇ ਦੰਦ ਇਹਨਾਂ ਕਰਦੀ ਹਾਂ।
ਅੰਬਰ ਜਿੰਨਾਂ ਕਾਲ਼ੇ ਕਰਤੇ
ਨਾਗਾਂ ਦੀ ਗੱਲ ਕਰਦੀ ਹਾਂ।
ਸੁਧਰ ਜਾਣ ਤਾਂ ਚੰਗਾ ਏ।
ਦਾਰੂ ਬੰਦੇ ਦਾ ਬੰਦਾ ਏ।
ਜ਼ਹਿਰ, ਜਿਸਨੂੰ ਆਖਣ ਧੰਦਾ ਏ।
ਪੁੱਤ ਆਪਣਾ ਮਰੇ ਦੁੱਖ ਹੁੰਦਾ ਏ।
ਸਰਬ ਨਹੀਂ ਚਾਹੁੰਦੀ ਦੋਸਤੋ,
ਕੋਈ ਸ਼ਬਦ ਬੋਲਣਾ ਮੰਦਾ ਏ।
ਹੱਥ ਜੋੜ ਬੇਨਤੀ ਕਰਦੀ ਹਾਂ।
ਅੰਬਰਾਂ ਜਿੰਨਾਂ ਕਾਲੇ ਕਰਤੇ,
ਉਹਨਾਂ ਨਾਲ਼ ਗੱਲ ਕਰਦੀ ਹਾਂ।
** |
5. ਇਸਨੂੰ ਕੀ ਕਹੋਗੇ?
ਪਹਿਲਾਂ ਜੋੜ ਜੋੜ ਕੇ ਜੋੜਦੇ।
ਫਿਰ ਮੋੜ ਮੋੜ ਕੇ ਮੋੜਦੇ।
ਫਿਰ ਮਰੋੜ ਮਰੋੜ ਮਰੋੜਦੇ।
ਫਿਰ ਤੋੜ ਤੋੜ ਕੇ ਤੋੜਦੇ।
ਇਸਨੂੰ ਕੀ ਕਹੋਗੇ?
ਦੱਸਣਾ ਮੈਂ ਸਮਝੀ ਨਹੀਂ।
ਪਹਿਲਾਂ ਕੋਰਟ ਕਚਿਹਰੀ ਭੰਡਦੇ।
ਫੇਰ ਥੱਕ ਹਾਰ ਕੇ ਗੰਢਦੇ।
ਫਿਰ ਕੰਮ ਕਰਾਉਂਦੇ ਰੱਜ ਕੇ।
ਫੇਰ ਦਾਸ ਸਮਝ ਕੇ ਵੰਡਦੇ।
ਇਸ ਨੂੰ ਕੀ ਕਹੋਗੇ?
ਦੱਸਣਾ ਮੈਂ ਸਮਝੀ ਨਹੀਂ।
ਕੀ ਲਿਖਾਂ ਕਿਸ ਤੇ ਲਿਖਾਂ।
ਕੀ ਕਹਾਂ ਕਿਸ ਨੂੰ ਕਹਾਂ।
ਲਿਖਾਂ ਤੇ ਲਿਖ ਮਿਟਾ ਦਿਆਂ।
ਪੜ੍ਹਾਂ ਤੇ ਪੜ੍ਹ ਕੇ ਰੋ ਪਵਾਂ।
ਇਸ ਨੂੰ ਕੀ ਕਹੋਗੇ?
ਦੱਸਣਾ ਮੈਂ ਸਮਝੀ ਨਹੀਂ।
ਬੇਕਸੂਰ ਨੂੰ ਦੇਣ ਸਜ਼ਾ।
ਪਾਪੀ ਕਰਦੇ ਫਿਰਨ ਮਜ਼ਾ।
ਗੱਲ ਕਰਨ ਸਭ ਬੇ ਵਜ੍ਹਾ।
ਕਰਦੇ ਫਿਰਨ ਜੋ ਖੁਦ ਗ਼ਜ਼ਾ।
ਇਸ ਨੂੰ ਕੀ ਕਹੋਗੇ?
ਦੱਸਣਾ ਸਰਬ ਬੇਸਮਝੀ ਨਹੀਂ?
** |
6. ਐਵੇਂ ਥੋੜਾ……
ਹੌਲ਼ੀ ਹੌਲ਼ੀ, ਸਬਰ ਕਰਨਾ, ਸਿੱਖ ਰਹੀ ਹਾਂ ਮੈਂ।
ਸਬਰ ਨਾਲ਼ , ਲੋਟੇ ਨੂੰ ਭਰ ਕੇ, ਢਾਕੇ ਲਾ ਰੱਖਿਆ।
ਸਦਾ ਬਹਾਰੀ, ਰੋਜ ਨਜ਼ਮ, ਇੱਕ ਲਿਖ ਰਹੀ ਹਾਂ ਮੈਂ।
ਐਵੇਂ ਥੋੜਾ, ਏਨੀਂ ਸੁਹਣੀ, ਦਿਖ ਰਹੀ ਹਾਂ ਮੈਂ।
ਛਲਕ ਨਾ ਵੱਜਣ ਦੇਵਣੀ, ਜਿੰਨੇਂ ਫਾਕੇ ਕੱਢੇ ਸੀ।
ਨਾਮ ਨਹੀਂ ਦੱਸਣਾ, ਓਨਾਂ ਦਾ, ਜਿੰਨਾਂ ਅੱਧ ‘ਚੋਂ ਛੱਡੇ ਸੀ।
ਤਾਂ ਚੁੱਕ, ਕਲਮ ਦਵਾਤ, ਕਾਗਜ਼ ਤੇ, ਲਿਖ ਰਹੀ ਹਾਂ ਮੈਂ।
ਏਵੇਂ ਥੋੜਾ, ਏਡੀ ਸੁਹਣੀ, ਦਿਖ ਰਹੀ ਹਾਂ ਮੈਂ।
ਹਉਕਾ ਨਿਕਲ ਗਿਆ ਤਾਂ, ਲੋਕੀਂ ਵੇਖ ਕੇ ਹੱਸਣਗੇ।
ਸੱਜਣਾ ਨੂੰ, ਲਾਜ ਆਊ, ਜਦ ਤਾਹਨੇ ਕੱਸਣਗੇ।
ਝੀਕ ਲਗਾ, ਸਬਰਾਂ ਪੀ ਨੱਚਣਾ, ਸਿੱਖ ਰਹੀ ਹਾਂ ਮੈਂ।
ਏਵੇਂ ਥੋੜਾ, ਏਨੀ ਸੁਹਣੀ, ਦਿਖ ਰਹੀ ਹਾਂ ਮੈਂ।
ਚੂੜੀਆਂ ਤੇ ਗਾਨੀਆਂ,ਬਥੇਰੀਆਂ ਨੇ ਪਹਿਨੀਆਂ।
ਪੈਰੀਂ ਪਾ ਪਾ ਝਾਂਜਰਾਂ, ਨੱਚਦੀਆਂ ਕਈ ਰਹਿੰਦੀਆਂ।
ਸਰਬ ਚੱਜ ਹੈ,ਵੱਖਰਾ ਜਚਣ ਦਾ, ਦੱਸ ਹੱਸ ਰਹੀ ਹਾਂ ਮੈਂ।
ਐਵੇਂ ਥੋੜਾ, ਏਨੀ ਸੁਹਣੀ, ਜਚ ਰਹੀ ਹਾਂ ਮੈਂ।
** |
|