ਰੰਗ ਤਮਾਸ਼ੇ
ਇਹ ਦੁਨੀਆਂ ਰੰਗ ਤਮਾਸ਼ਾ ਹੈ
ਸੱਭ ਆਏ ਕਲਾ ਦਿਖਾਵਣ ਲਈ
ਸੱਭ ਦਾ ਵੱਖਰਾ ਕਿਰਦਾਰ ਏਥੇ
ਆਪਣੇ ਕਿਰਦਾਰ ਨਿਭਾਵਣ ਲਈ
ਕੁੱਝ ਕਰਨ ਲੜਾਈਆਂ ਝਗੜੇ ਤੇ
ਕੁੱਝ ਹਰ ਮਸਲਾ ਸੁਲਝਾਵਣ ਲਈ
ਕੁੱਝ ਜਿੱਤਣ ਲਈ ਕੁੱਝ ਹਾਰਨ ਲਈ
ਕੁੱਝ ਵਿਗੜੇ ਕੰਮ ਬਣਾਵਣ ਲਈ
ਕੁੱਝ ਦਾਨ-ਪੁੰਨ ਤੇ ਦਇਆ ਲਈ
ਕੁੱਝ ਲੁੱਟਾਂ – ਖੋਹਾਂ, ਮਾਰਣ ਲਈ
ਕੁੱਝ ਧਰਮ ਦੇ ਨਾਂਅ ਤੇ ਲੁੱਟਣ ਲਈ
ਕੁੱਝ ਸੱਚਾ ਧਰਮ ਨਿਭਾਵਣ ਲਈ
ਕੁੱਝ ਦੂਜਿਆਂ ਨੂੰ ਦੁੱਖ ਦੇਵਣ ਲਈ
ਕੁੱਝ ਦੁੱਖ ‘ਤੇ ਦਰਦ ਵੰਡਾਵਣ ਲਈ
ਕੁੱਝ ਪਰਉਪਕਾਰੀ ਕੰਮਾਂ ਲਈ
ਕੁੱਝ ਆਪਣੇ ਕੰਮ ਕਢਾਵਣ ਲਈ
ਕੁੱਝ ਫਿਕਰਾਂ ਦੇ ਵਿੱਚ ਮਰਨੇ ਲਈ
ਕੁੱਝ ਆਏ ਐਸ਼ ਕਮਾਵਣ ਲਈ
ਕੁੱਝ ਖਾਣ ਜਿਓੂਂਦੇ ਰਹਿਣ ਲਈ
ਕੁੱਝ ਜਿਊਂਦੇ ਨੇ ਬਸ ਖਾਵਣ ਲਈ
ਕੁੱਝ ਸੱਚ ‘ਤੇ ਸੂਲ਼ੀ ਚੜ੍ਹਨ ਲਈ
ਕੁੱਝ ਝੂਠ ਨੂੰ ਸੱਚ ਬਣਾਵਣ ਲਈ
ਕੁੱਝ ਚੋਰੀ, ਚੁਗਲੀ ਨਿੰਦਿਆ ਲਈ
ਕੁੱਝ ਸੱਚ ਦਾ ਬਿਗਲ ਬਜਾਵਣ ਲਈ
ਕੁੱਝ ਸਮਝਣ ਲਈ ਇਸ ਦੁਨੀਆਂ ਨੂੰ
ਕੁੱਝ ਦੁਨੀਆਂ ਨੂੰ ਸਮਝਾਵਣ ਲਈ
ਕੁੱਝ ਜਨਮੇਂ ਲੈ ਕੇ ਸੁਖ ਸਾਰੇ
ਕੁੱਝ ਉਮਰਾਂ ਦਰਦ ਹੰਢਾਵਣ ਲਈ
ਕੁੱਝ ਵੇਖ ਵੇਖ ਕੇ ਸੜਨੇ ਲਈ
ਕੁੱਝ ਖੁਸ਼ੀ ‘ਚ ਖੁਸ਼ੀ ਜਿਤਾਵਣ ਲਈ
ਹਰ ਇੱਕ ਦੀ ਵੱਖਰੀ ਸੋਚ ਏਥੇ
ਸੱਭ ਆਪਣੇ ਕਰਮ ਕਮਾਵਣ ਲਈ
ਕੋਈ ਦੁਖੀ ਹੋਵੇ, ਜਾਂ ਸੁਖੀ ‘ਖੁਸ਼ੀ’
ਏਥੋਂ ਚਾਹੁੰਦਾ ਨਹੀਂ ਕੋਈ ਜਾਵਣ ਲਈ
ਇਹ ਦੁਨੀਆਂ ਰੰਗ ਤਮਾਸ਼ਾ ਹੈ
ਸੱਭ ਆਏ ਕਲਾ ਦਿਖਾਵਣ ਲਈ
***
709 |