ਕੈਲਗਰੀ (ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਦੀ ਮਾਸਕ ਮੀਟਿੰਗ 19 ਮਾਰਚ ਨੂੰ ਹੋਈ। ਇਹ ਮੀਟਿੰਗ ਦੇਸ਼ ਦੀ ਆਜ਼ਾਦੀ ਦੇ ਪ੍ਰਵਾਨਿਆਂ (ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ) ਨੂੰ ਸਮਰਪਿਤ ਕੀਤੀ ਗਈ। ਸਤਨਾਮ ਸਿੰਘ ਢਾਹ ਨੇ ਸਭ ਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਵਧਾਈਆਂ ਦਿੱਤੀਆਂ, ਪੰਜਾਬ ਦੇ ਲੋਕਾਂ ਨੂੰ ਇਤਿਹਾਸਕ ਸਿਆਸੀ ਤਬਦੀਲੀ ਲਿਆਉਣ ਤੇ ਮੁਬਾਰਕਬਾਦ ਦਿੱਤੀ ਅਤੇ ਆਖਿਆ ਕਿ ਐਤਕੀ ਲੋਕ-ਤਾਕਤ ਦਾ ਸਹੀ ਦਿਖਾਵਾ ਹੋਇਆ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮਹੱਤਵ ਬਾਰੇ ਚਾਨਣਾ ਪਾਇਆ, ਲੋਕ-ਨਾਇਕ ਅਮਰ ਸ਼ਹੀਦ ਪਾਸ਼ ਨੂੰ ਯਾਦ ਕੀਤਾ।
ਰਚਨਾਵਾਂ ਦੀ ਸ਼ੁਰੂਆਤ ਬੁਲੰਦ ਅਵਾਜ਼ ਦੇ ਮਾਲਕ ਸਰੂਪ ਸਿੰਘ ਮੰਡੇਰ ਦੀ ਕਵੀਸ਼ਰੀ ਨਾਲ ਹੋਈ। ਉਸ ਨੇ ਰਵਾਇਤੀ ਅੰਦਾਜ਼ ਵਿਚ ਕਲੀ ਪੇਸ਼ ਕੀਤੀ ‘ਕੈਸਾ ਸਮਾਂ ਆ ਗਿਆ ਬਦਲੀ ਚਾਲ ਜ਼ਮਾਨੇ ਦੀ, ਆਪਣੇ ਮਤਲਬ ਦੀ ਇਹ ਹੋਗੀ ਦੁਨੀਆਂ ਸਾਰੀ। ਆਦਮਖੋਰ ਡਾਕੂਆਂ ਭੇਸ ਬਣਾ ਲਏ ਸੰਤਾਂ ਦੇ, ਮੁੱਖ ਵਿਚ ਰਾਮ ਰਾਮ ਤੇ ਹੱਥ ਵਿਚ ਖ਼ੂਨ ਕਟਾਰੀ’। ਹਮੇਸ਼ਾਂ ਦੀ ਤਰ੍ਹਾਂ ਜਗਜੀਤ ਰਹਿਸੀ ਦੇ ਸ਼ੇਅਰ ਜ਼ਿੰਦਗੀ ਦੀਆਂ ਰਮਜ਼ਾਂ ਦੀ ਬਾਤ ਪਾ ਗਏ ‘ਸੱਚ ਕੋ ਤਮੀਜ਼ ਹੀ ਨਹੀਂ ਬਾਤ ਕਰਨੇ ਕੀ, ਝੂਠ ਕੋ ਦੇਖੋ ਕਿਤਨਾ ਮੀਠਾ ਬੋਲਤਾ ਹੈ’। ਡਾ. ਮਨਮੋਹਨ ਸਿੰਘ ਬਾਠ ਦੇ ਗੀਤ ਨੇ ਸੰਗੀਤਕ ਤਰੰਗਾਂ ਛੇੜ ਦਿੱਤੀਆਂ ‘ਹੁਸਨ ਸੇ ਚਾਂਦ ਭੀ ਸ਼ਰਮਾਇਆ ਹੈ, ਤੇਰੀ ਸੂਰਤ ਨੇ ਗ਼ਜ਼ਬ ਢਾਇਆ ਹੈ’। ਸੁਰੀਲੀ ਅਵਾਜ਼ ਵਾਲੇ ਸੁਖਵਿੰਦਰ ਤੂਰ ਨੇ ਨਾਮਵਰ ਕਵੀਸ਼ਰ ਜਸਵੰਤ ਸਿੰਘ ਸੇਖੋਂ ਦਾ ਔੜਾ ਛੰਦ ਗਾ ਕੇ ਖ਼ਾਲਸਾ ਸਾਜਨਾ ਦੀ ਤਸਵੀਰ ਪੇਸ਼ ਕਰ ਦਿੱਤੀ ‘ਸਿੱਖੋ ਸਾਨੂੰ ਸੀਸ ਚਾਹੀਦਾ ਕੋਈ ਸੂਰਮਾ ਮੈਦਾਨ ਵਿਚ ਨਿੱਤਰੇ’ ਸੁਣਾਂ ਕੇ ਸਿਰੋਤਿਆਂ ਨੂੰ ਕੀਲਿਆ। ਤੇਜਾ ਸਿੰਘ ਥਿਆੜਾ ਨੇ ਧਨੀ ਰਾਮ ਚਾਤ੍ਰਿਕ ਦੀ ਗਰੀਬ ਕਿਸਾਨ ਨਾਂ ਦੀ ਲਾਸਾਨੀ ਕਵਿਤਾ ਸੁਣਾਈ ‘ਬੱਤੀ ਦੰਦੀਓਂ ਜੀਭ ਨੂੰ ਜੇ ਰੱਬ ਲਏ ਬਚਾਏ, ਚਾਈਂ ਚਾਈਂ ਗਾਹ ਕੇ ਧੜ ਦੇਵੇਂ ਤੂੰ ਲਾਏ’। ਇਕਬਾਲ ਖ਼ਾਨ ਨੇ ਮਹਾਨ ਕਵਿੱਤਰੀ ਮਹਾਂ ਦੇਵੀ ਵਰਮਾ ਦੀ ਕਵਿਤਾ ਮਹਿਲਾ ਦਿਵਸ ਨੂੰ ਸਮਰਪਿਤ ਕੀਤੀ ‘ਮੈਂ ਹੈਰਾਨ ਹਾਂ ਇਹ ਸੋਚ ਕੇ ਕਿ ਕਿਸੇ ਔਰਤ ਨੇ ਕਿਉਂ ਨਹੀਂ ਉਠਾਈ ਉਂਗਲੀ ਤੁਲਸੀ ਦਾਸ ‘ਤੇ ਜਿਸ ਨੇ ਕਿਹਾ ਢੋਰ ਗੰਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ’। ਉਸ ਨੇ ਆਪਣੀ ਪਾਸ਼ ਨਾਲ ਰਹੀ ਸਾਂਝ ਨੂੰ ਵਿਸਥਾਰ ਵਿਚ ਦੱਸ ਕੇ ਪਾਸ਼ ਦੇ ਇਨਕਲਾਬੀ, ਮਾਨਵੀ ਅਤੇ ਰੋਮਾਂਚਿਕ ਪਹਿਲੂਆਂ ਨੂੰ ਉਜਾਗਰ ਕੀਤਾ। ਸੰਘਰਸ਼, ਜੇਲ੍ਹ ਅਤੇ ਮਗਰੋਂ ਦੇ ਸਮੇਂ ਪਾਸ਼ ਨਾਲ ਬਿਤਾਏ ਪਲਾਂ ਨੂੰ ਸਾਕਾਰ ਕੀਤਾ। ਇਹ ਦਾਸਤਾਨ ਕ੍ਰਾਂਤੀਕਾਰੀ ਇਤਿਹਾਸ ਦਾ ਗੌਰਵਮਈ ਹਿੱਸਾ ਹੈ। ਜਗਦੇਵ ਸਿੱਧੂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਰੌਸ਼ਨੀ ਵਿਚ ਕਿਸਾਨ ਅੰਦੋਲਨ ਅਤੇ ਚੋਣਾਂ ਸਮੇਂ ਆਈ ਤਬਦੀਲੀ ਦਾ ਲੇਖਾ-ਜੋਖਾ ਕੀਤਾ। ਉਨ੍ਹਾਂ ਤੌਖਲਾ ਪ੍ਰਗਟ ਕੀਤਾ ਕਿ ਮੌਜੂਦਾ ਸਮੇਂ ਪਹਿਨੀਆਂ ਬਸੰਤੀ ਪੱਗਾਂ, ਪਰਨੇ ਅਤੇ ਚੁੰਨੀਆਂ ਕਿਤੇ ਸਿਆਸੀ ਲਾਹਾ ਲੈਣ ਦਾ ਸਾਧਨ ਬਣ ਕੇ ਹੀ ਨਾ ਰਹਿ ਜਾਣ। ਉਨ੍ਹਾਂ ਆਖਿਆ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੋਕਾਂ ਦੇ ਮਨਾਂ ਨੂੰ ਉਸ ਦੇ ਵਿਚਾਰਾਂ ਵਿਚ ਰੰਗ ਕੇ ਅਸਲੀ ਕ੍ਰਾਂਤੀ ਲਿਆਉਣ ਦੀ ਲੋੜ ਹੈ। ਅਜਾਇਬ ਸਿੰਘ ਸੇਖੋਂ ਨੇ ਖੂਬਸੂਰਤ ਅੰਦਾਜ਼ ਵਿਚ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਸਤਨਾਮ ਸਿੰਘ ਢਾਹ ਨੇ, ਜੇਲ੍ਹ ਵਿਚ ਸ੍ਰ. ਭਗਤ ਸਿੰਘ ਵੱਲੋਂ ਭਾਈ ਰਣਧੀਰ ਸਿੰਘ ਨੂੰ ਆਪਣੇ ਮਨ ਦੀ ਤਮੰਨਾ ਦੱਸਦਿਆਂ ਦੀ ਗੱਲਬਾਤ ਨੂੰ ਮਹਾਨ ਕਵੀਸ਼ਰ ਜੋਗਾ ਸਿਘ ਦੀ ਲਿਖੀ ਕਵੀਸ਼ਰੀ ਗਾ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਆਖਿਆ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਇਹ ਹੀ ਹੋਵੇਗੀ ਕਿ ਜੇਕਰ ਅੱਜ ਅਸੀਂ ਸਾਰੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚਲੀਏ। ਆਪਣੇ ਸੁਆਰਥਾਂ ਨੂੰ ਛੱਡ ਕੇ ਹੋ ਰਹੇ ਜ਼ਬਰ ਦੇ iਖ਼ਲਾਫ਼ ਅਵਾਜ਼ ਉਠਾਈਏ। ਅਖ਼ੀਰ ਤੇ ਢਾਅ ਨੇ ਪੇਸ਼ਕਾਰੀਆਂ ਨੂੰ ਸਲਾਹਿਆ, ਸਾਰਿਆਂ ਦਾ ਧੰਨਵਾਦ ਕੀਤਾ। 9 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ। |
*** 712 |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com