18 September 2024

ਮਾਇਆ ਸਾਥ ਨਾ ਜਾਵਣੀ – ਮਲਵਿੰਦਰ ਸਿੰਘ ਪੰਧੇਰ

ਮਾਇਆ ਸਾਥ ਨਾ ਜਾਵਣੀ

ਮਲਵਿੰਦਰ ਸਿੰਘ ਪੰਧੇਰ

ਜਦੋਂ ਦੀ ਪੰਜਾਬੀ ਗਾਇਕ ਬੱਬੂ ਮਾਨ ਦੀ ਨਵੀਂ ਕੈਸੇਟ ਆਈ ਹੈ, ਉਸ ਵਿਚਲੇ ਗਾਣੇ ਸੁਣਨ ਤੋਂ ਬਾਅਦ ਅੱਜਕੱਲ ਅਖੌਤੀ ਬਾਬਿਆਂ ਦੇ ਲੱਛਣਾਂ ਅਤੇ life style ਬਾਰੇ ਖੂਬ ਚਰਚਾ ਹੋ ਰਹੀ ਹੈ। ਇੱਕ ਗੀਤ ਵਿੱਚ ਕਹੀਆਂ ਸੱਚੀਆਂ ਤੇ ਖਰੀਆਂ ਗੱਲਾਂ ਕਿਸੇ ਬਾਬੇ ਦੇ ਗਿੱਟੇ ਲੱਗੀਆਂ ਤੇ ਕਿਸੇ ਬਾਬਾ ਪ੍ਰੇਮੀ ਦੇ ਗੋਡੇ ਲੱਗੀਆਂ। ਤਕਲੀਫ ਦੋਵਾਂ ਨੂੰ ਬਹੁਤ ਜ਼ਿਆਦਾ ਹੋਈ। ਬਾਬਿਆਂ ਬਾਰੇ ਛਿੜੀ ਚਰਚਾ ਦੌਰਾਨ ਮੇਰੇ ਦਿਮਾਗ ਵਿੱਚ ਵੀ ਦੋ ਤਿੰਨ ਵਾਕਿਆਤ ਘੁੰਮ ਗਏ। ਸੋਚਿਆ ਕਿ ਲਿਖ ਕੇ ਪੰਜਾਬੀ ਪਾਠਕਾਂ ਨਾਲ ਵਿਚਾਰ ਸਾਂਝੇ ਕਰਾਂ, ਬਾਬਿਆਂ ਅਤੇ ਬਾਬਾ ਪ੍ਰੇਮੀਆਂ ਦੀ ਬੁੱਧੀ ਅਤੇ ਸੋਚ ਬਾਰੇ।

ਗੱਲ 1997 ਦੀ ਹੈ ਕਿ ਚੰਡੀਗੜ੍ਹ ਪੜ੍ਹਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਮੁੰਡੇ ਨੇ ਬਾਬਿਆਂ ਦੇ ਬਾਰੇ ਆਪ ਦੇਖੀ ਸੁਣੀ ਬਿਆਨ ਕੀਤੀ ਕਿ ਉਸਦੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਰਹੇਜ਼ ਕਰਨ ਲਈ ਪ੍ਰੇਰਨਾ ਦੇਣ ਲਈ ਇਲਾਕੇ ਦੇ ਮਸ਼ਹੂਰ ਸੰਤਾਂ ਦੇ ਦੀਵਾਨ ਲਗਾਉਣ ਦਾ ਪ੍ਰਬੰਧ ਕਰਨ ਦੀ ਸੋਚੀ। ਦੋ ਚਾਰ ਜਣੇ ਬਾਬਾ ਪ੍ਰੇਮੀ ਡੇਰੇ ਪਹੁੰਚੇ, ਹਾੜੀ ਤੋਂ ਬਾਅਦ ਦਾ ਸਮਾਂ ਲੈਣ ਲਈ। ਗਰਮੀ ਤੋਂ ਚਲਦੇ ਸੰਤਾਂ ਦੇ ਚੇਲਿਆਂ ਨੇ ਕਹਿ ਦਿੱਤਾ ਕਿ ਉਨ੍ਹਾਂ ਦਿਨਾਂ ਵਿੱਚ ਤਾਂ ਵਿਦੇਸ਼ ਪ੍ਰਚਾਰ ਕਰਨ ਜਾਣਾ ਤੈ ਹੋਇਆ ਹੈ, ਹੁਣੇ ਤਿੰਨ ਕੁ ਹਫਤੇ ਤੱਕ ਸਮਾਂ ਹੈ। ਚੇਲਿਆਂ ਦੇ ਮੋਹਤਬਰ (Manager) ਨੇ ਸ਼ਰਤਾਂ ਵੀ ਸੁਣਾ ਦਿੱਤੀਆਂ, “25-30 ਪਿੰਡਾਂ ਵਿੱਚ ਪੋਸਟਰ ਲੱਗੇ ਹੋਣ, ਅਖਬਾਰ ਵਿੱਚ ਵੱਡਾ ਇਸ਼ਤਿਹਾਰ ਹੋਵੇ, 20 ਕਿੱਲਿਆਂ ਵਿੱਚ ਟੈਂਟ, ਪੱਖੇ, ਕੂਲਰ ਤੇ ਸਭ ਤੋਂ ਜਰੂਰੀ 20 ਲੱਖ ਰੁਪਏ ਤਿੰਨ ਦਿਨਾਂ ਦੇ ਦੀਵਾਨਾਂ ਦੇ ਡੇਰੇ ਨੂੰ ਚੜ੍ਹਾਵਾ ਦੇਣਾ ਪਵੇਗਾ।”

‘20 ਲੱਖ’ ਸੁਣ ਕੇ ਪ੍ਰਬੰਧਕਾਂ ਦੇ ਬੁੱਲ੍ਹਾਂ ਤੇ ਸਿੱਕਰੀ ਆ ਗਈ। ਉਨ੍ਹਾਂ ਨੇ ਅੰਦਾਜ਼ਾ ਲਾਇਆ ਕਿ ਜੇਕਰ 20 ਹਜ਼ਾਰ ਦਾ ਇਕੱਠ ਹੋਇਆ, ਹਰ ਰੋਜ਼ ਪੰਜ ਰੁਪਏ ਮੱਥਾ ਵੀ ਟੇਕਿਆ ਤਾਂ ਵੀ ਤਿੰਨ ਲੱਖ ਤੋਂ ਉੱਪਰ ਨਹੀਂ ਹੋਣਾ। ਪਰ ਅਖੀਰ ਸੌਦਾ ਇਹ ਹੋਇਆ ਕਿ ਗੋਲਕ ਦਾ ਚੜ੍ਹਾਵਾ ਪਿੰਡ ਦੇ ਗੁਰਦੁਆਰੇ ਨੂੰ ਜਾਵੇਗਾ, ਕੀਰਤਨ ਭੇਟਾ ਤੇ ਹੋਰ ਸਪਾਂਸਰਸ਼ਿੱਪਸ ਸਭ ਡੇਰੇ ਭੇਜ ਦਿੱਤੇ ਜਾਣਗੇ।

ਪ੍ਰਬੰਧਕਾਂ ਨੇ ਜ਼ੋਰਦਾਰ ਇਸ਼ਤਿਹਾਰਬਾਜ਼ੀ ਕੀਤੀ। ਦੀਵਾਨਾਂ ਵਾਲੇ ਦਿਨ ਪਿੰਡ ਦੇ ਟਰੈਕਟਰ ਟਰਾਲੀਆਂ ਲਾਗਲੇ ਪਿੰਡਾਂ ਤੋਂ ਬੁੜ੍ਹੀਆਂ ਢੋਣ ਲਈ ਤਿਆਰ ਕੀਤੀਆਂ। ਪਹਿਲੇ ਦਿਨ ਸੋਹਣਾ ਇਕੱਠ ਹੋ ਗਿਆ। ਬਾਬਿਆਂ ਨੇ ਸੰਗਤਾਂ ਨੂੰ ਕਈ ਉਪਦੇਸ਼ ਦਿੱਤੇ। ਉਹ ਬੁੜ੍ਹੀਆਂ ਜਿਨ੍ਹਾਂ ਤੋਂ ਘਰੇ ਕੰਮ ਨਹੀਂ ਸੀ ਹੁੰਦਾ, ਨੂੰਹਾਂ ਤੇ ਰੋਹਬ ਚਾੜ੍ਹਦੀਆਂ ਸਨ, “ਤੇਰੇ ਵਰਗੀ ਹੁੰਦੀ ਮੈਂ 10 ਵਜੇ ਸਭ ਕੰਮ ਨਿਬੇੜ ਦਿੰਦੀ ਸੀ। ਤੇਰੇ ਕੰਮ ਵਿੱਚ ਤਾਂ ਬਰਕਤ ਹੀ ਨਹੀਂ ਹੈ। ਹੁਣ ਵੀ ਮੈਂ ਨਾ ਜਾਣਾ ਕੰਮ ਨੂੰ, ਪਰ ਆਹ ਜੈ ਖਾਣੀ ਢੂਹੀ ਤੇ ਗੋਡੇ ਜਵਾਬ ਦੇ ਗਏ …।” ਉਹ ਦੀਵਾਨਾਂ ਵਿੱਚ ਘੋੜੇ ਵਾਂਗ ਫਿਰਦੀਆਂ ਸਨ। ਮੱਥਾ ਟੇਕਣ ਲੱਗੀਆਂ, ਗੋਡੇ ਹੱਥ ਲਾਉਣ ਲੱਗੀਆਂ ਨੂੰ ਢੂਹੀ ਵਿੱਚ ਕੋਈ ਤਕਲੀਫ ਨਹੀਂ ਸੀ ਹੋ ਰਹੀ।

ਦੂਸਰੇ ਦਿਨ ਸ਼ਾਮ ਵੇਲੇ ਬਾਬਿਆਂ ਨੇ ਧਾਰਨਾ ਤੇ ਚਿਮਟੇ, ਢੋਲਕੀਆਂ ਖੜਕਾਉਣੇ ਆਰੰਭ ਕੀਤੇ, “ਮਾਇਆ ਸਾਥ ਨਾ ਜਾਵਣੀ, ਜਪ ਲੈ ਤੂੰ ਨਾਮ ਪ੍ਰੇਮੀਆ” ਇਸਦਾ ਇੱਕ ਸਿੱਧੇ ਜਿਹੇ ਇਨਸਾਨ ਤੇ ਅਜਿਹਾ ਅਸਰ ਹੋਇਆ ਕਿ ਉਸ ਨੇ ਬਾਬੇ ਦੇ ਮੂਹਰੇ ਲੱਗੇ ਪੈਸਿਆਂ ਦੇ ਢੇਰ ਨੂੰ ਆਪਣੇ ਕੁੜਤੇ ਦੇ ਪੱਲੇ ਵਿੱਚ ਪਾਇਆ ਤੇ ਗੋਲਕ ਵਿੱਚ ਪਾ ਆਇਆ ਤੇ ਮੁੜ ਬੈਠ ਕੇ ਬਾਬਿਆਂ ਦੇ ਨਾਲ ਦੁਹਰਾਉਣ ਲੱਗ ਪਿਆ। ਅੱਖਾਂ ਖੋਲ੍ਹਦਿਆਂ ਹੀ ਬਾਬਿਆਂ ਦੇ ਵਾਜੇ ਦੀ ਸੁਰ ਬਦਲ ਗਈ। ਸੁਰਾਂ ਰਾਗ ਦਾ ਸਾਥ ਦੇਣੋ ਹਟ ਗਈਆਂ। ਇਸ ਤੋਂ ਬਾਅਦ ਬਾਬਿਆਂ ਨੇ ਛੇਤੀ ਹੀ ਭੋਗ ਪਾ ਦਿੱਤੇ, ਲੰਗਰ ਛਕੇ ਬਿਨਾਂ ਕਾਰ ਵਿੱਚ ਬਿਰਾਜੇ ਤੇ ਧੂੜਾਂ ਉਡਾਉਂਦੇ ਡੇਰੇ ਜਾ ਪਹੁੰਚੇ। ਚੇਲੇ ਪ੍ਰਬੰਧਕਾਂ ਨਾਲ ਬਹਿਸ ਰਹੇ ਸਨ, ਪਰ ਉਨ੍ਹਾਂ ਦਾ ਫੈਸਲਾ ਹੋ ਗਿਆ ਸੀ। ਤੀਸਰੇ ਦਿਨ ਬਾਬਾ ਜੀ ਦਾ ਜੂਨੀਅਰ ਹੀ ਪਹੁੰਚਿਆ ਤੇ ਖਾਨਾ ਪੂਰਤੀ ਕਰ ਦੀਵਾਨਾਂ ਦੀ ਸਮਾਪਤੀ ਕਰ ਗਿਆ।

ਦੂਸਰਾ ਵਾਕਿਆ ਰਾੜੇ ਵਾਲੇ ਸੰਤ ਈਸ਼ਰ ਸਿੰਘ ਦੀ ਪਹਿਲੀ ਬਰਸੀ ਸਮੇਂ ਦਾ ਹੈ। ਬਹੁਤ ਬੁੜ੍ਹੀਆਂ ਦੂਰੋਂ-ਦੂਰੋਂ ਪਹੁੰਚੀਆਂ। ਮੱਥਾ ਟੇਕ ਕੇ ਸੰਗਤ ਆਪਣੀ-ਆਪਣੀ ਜਗਾਹ ਬੈਠ ਰਹੀ ਸੀ। ਬਾਬਿਆਂ ਦੀ ਕੈਸਿਟ ਵੱਜ ਰਹੀ ਸੀ ਕਿ ਇੱਕ ਬੁੜ੍ਹੀ ਦੂਜੀ ਨੂੰ ਕਹਿੰਦੀ, “ਭੈਣੇ ਦੇਖ ਲਾ, ਸੁਰਗ ਸਧਾਰਿਆਂ ਨੂੰ ਸਾਲ ਹੋ ਗਿਐ, ਵਾਜ ’ਚ ਭੋਰਾ ਫਰਕ ਨੀ ਪਿਆ।” ਸੇਵਾਦਾਰ ਦੇ ਡਾਂਟਣ ਤੇ ‘ਸਾਰੇ ਜਪੋ’ ਕਹਿਣ ’ਤੇ ਬੁੜ੍ਹੀਆਂ ਬਾਬਿਆਂ ਦੀ ਗਾਈ ਜਾ ਰਹੀ ਧਾਰਨਾ “ਮੈਂ ਬਲਿਹਾਰੇ ਜਾਵਾਂ, ਬਾਬੇ ਨੇ ਮੱਕਾ ਫੇਰਿਆ” ਨੂੰ ਦੁਹਰਾ ਰਹੀਆਂ ਸਨ ਕਿ “ਮੈਂ ਹਲਵਾਰੇ ਜਾਵਾਂ, ਬਾਬੇ ਨੇ ਯੱਕਾ ਜੋੜਿਆ”। ਕੋਈ ਬਾਂਹ ਤੋਂ ਫੜ ਕੇ ਪੁੱਛੇ ਬਈ ਦੱਸ ਬਾਬਾ ਨਾਨਕ ਕੀ ਲੁਧਿਆਣੇ ਢੋਲੇਵਾਲ ਚੌਂਕ ਤੋਂ ਹਲਵਾਰੇ ਕਿਤੇ ਯੱਕਾ ਵਾਹੁੰਦਾ ਹੁੰਦਾ ਸੀ? ਪਰ ਇਨ੍ਹਾਂ ਬੁੜ੍ਹੀਆਂ ਦੀ ਇਸੇ ਸੋਚ ਵਿੱਚੋਂ ਕਈ ਅਖੌਤੀ ਬਾਬੇ ਉਪਜੇ ਜਿਨ੍ਹਾਂ ਨੇ ਇਨ੍ਹਾਂ ਦੀ ਸੋਚ ਦਾ ਫਾਇਦਾ ਉਠਾ ਕੇ ਖੂਬ ਲੁੱਟਿਆ।

ਮੇਰੀ ਤੁੱਛ ਬੁੱਧੀ ਮੁਤਾਬਕ ‘ਸੰਤ’ ਕੋਈ ਤਕੀਆ ਕਲਾਮ ਜਾਂ ਤਖੱਲਸ ਨਹੀਂ ਹੈ ਜੋ ਨਾਮ ਦੇ ਅੱਗੇ ਲਗਾਇਆ ਜਾ ਸਕੇ। ਗੁਰਬਾਣੀ ਮੁਤਾਬਕ ਕੋਈ ਵਿਸ਼ੇਸ਼ ਵਿਅਕਤੀ, ਜਿਹੜਾ ਮੋਹ ਮਾਇਆ ਤਿਆਗ, ਦੁਨਿਆਵੀ ਪਦਾਰਥਾਂ ਤੋਂ ਨਿਜਾਤ ਪਾ ਰੱਬ ਦੀ ਉਪਮਾ ਵਿੱਚ ਲੀਨ ਹੋ ਜਾਵੇ, ਉਹ ਸੰਤ ਹੈ। ਪਰ 20ਵੀਂ ਸਦੀ ਵਿੱਚ ਤਾਂ ਮਹਿੰਗੀਆਂ ਕਾਰਾਂ, ਮਹਿੰਗਾ ਰਹਿਣ ਸਹਿਣ, ਸੰਤ ਤੋਂ ਉੱਪਰ ‘ਸ਼੍ਰੀ ਮਾਨ 1008’ (ਪਤਾ ਨਹੀਂ ਕਿਹੜੀ ਡਿਗਰੀ ਦਾ ਨੰਬਰ ਹੈ) ਲਗਾ ਹੇੜਾਂ ਵਾਂਗ ਫਿਰ ਰਹੇ ਹਨ।

ਰਾੜਾ ਸਾਹਿਬ ਗੁਰਦੁਆਰੇ ਜਾ ਕੇ ਦੇਖਿਆ ਜਾ ਸਕਦਾ ਹੈ ਲੋਕਾਂ ਦੀ ਅਕਲ ਦਾ ਜਨਾਜਾ ਨਿਕਲਦਾ ਕਿ ਕਈ ਸੰਤ ਪ੍ਰੇਮੀ ਤਾਂ ਦਰਬਾਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਾਈਪਾਸ ਕਰ ਸਿੱਧੇ ਪਿਛਲੇ ਪਾਸੇ ਬਣੇ ਭੋਰੇ ਵਿੱਚ ਸੰਤ ਈਸ਼ਰ ਸਿੰਘ ਦੀਆਂ ਵਰਤੀਆਂ ਸੈਂਕੜੇ ਜੁੱਤੀਆਂ ਨੂੰ ਮੱਥੇ ਟੇਕਦੇ, ਤਲਵੇ ਚੱਟਣ ਤੱਕ ਜਾਂਦੇ ਹਨ। ਇੱਕ ਤੋਂ ਇੱਕ ਉਸ ਸਮੇਂ ਦੀ ਜੁੱਤੀ ਭੋਰੇ ਦੀ ਸ਼ਾਨ ਹੈ। ਬਾਬੇ ਦੀਆਂ ਫੋਟੋਆਂ ਨਾਲ ਭੋਰਾ ਭਰਿਆ ਪਿਆ ਹੈ।

ਹੁਣ ਵਾਲੇ ਇਕ ਸੰਤ ਦੀ ਹੀ ਗੱਲ ਕਰ ਲਉ ਕਿ ਕੈਨੇਡਾ ਦੇ ਰੇਡੀਉ ਲਿਸ਼ਕਾਰਾ ਤੋਂ ਢੰਡਰੀਆਂ ਵਾਲੇ ਦਾ ਤਵਾ ਲੱਗਣ ਲੱਗ ਪਿਆ ਕਿ ਸੰਤ ਮੱਥਾ ਟਕਾਉਂਦਾ ਹੈ। ਸੰਤ ਨੇ ਰੇਡੀਉ ਤੇ ਤੁਰੰਤ ਇੰਟਰਵਿਊ ਕਰਕੇ ਕਹਿ ਦਿੱਤਾ ਕਿ ਸੰਗਤ ਦੇ ਕੁਝ ਹਿੱਸੇ ਨੂੰ ਵੀ ਇਤਰਾਜ਼ ਸੀ ਸੋ ਹੁਣ ਉਸ ਨੇ ਮੱਥਾ ਟਿਕਾਉਣਾ ਬੰਦ ਕਰ ਦਿੱਤਾ ਹੈ। ਫਿਰ ਦੂਸਰੀ ਗੱਲ ਤੇ ਤਵਾ ਲੱਗਣਾ ਸ਼ੁਰੂ ਹੋਇਆ ਕਿ ਸੰਤ ਆਪਣਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਉਂਦਾ ਹੈ ਤੇ ਮਹਿੰਗੇ ਤੋਹਫੇ ਪ੍ਰਾਪਤ ਕਰਦਾ ਹੈ। ਫਿਰ ਇਸ ਬਾਰੇ ਵੀ ਸਫਾਈ ਦੇ ਦਿੱਤੀ ਕਿ ਹੁਣ ਬੰਦ ਕਰ ਦਿੱਤਾ ਗਿਆ ਹੈ, ਉਹ ਸੰਤ ਵੀ ਨਹੀਂ ਅਖਵਾਉਣਾ ਚਾਹੁੰਦਾ ਪਰ ਸੰਗਤ ਪ੍ਰੇਮ ਨਾਲ ਕਹਿ ਦਿੰਦੀ ਹੈ। ਪਰ ਸੀਡੀਜ਼ ਤੇ ਕੈਸਿਟ ਕੰਪਨੀ ਵਾਲਿਆਂ ਨੂੰ ਤਾਂ ਪੈਸੇ ਤੋਂ ਵੱਧ ਬਾਬੇ ਨਾਲ ਪ੍ਰੇਮ ਹੋ ਹੀ ਨਹੀਂ ਸਕਦਾ, ਜਿੱਥੇ ਪੋਜ਼ ਬਣਾ-ਬਣਾ ਫੋਟੋਆਂ ਲਾ ਸੰਤ ਸ਼ਬਦ ਘੋਟ ਕੇ ਲਿਖਿਆ ਹੁੰਦਾ ਹੈ। ਕੰਪਨੀਆਂ ਬਾਬੇ ਦੀ ਮਰਜ਼ੀ ਤੋਂ ਬਿਨਾਂ ਸੰਤ ਕਿਵੇਂ ਲਿਖ ਸਕਦੀਆਂ ਹਨ?

ਤੀਸਰਾ ਮੌਕਾ ਹੁਣ ਬਣਿਆ ਜਦੋਂ ਬੱਬੂ ਮਾਨ ਨੇ ਮਹਿੰਗੀ Audi ਗੱਡੀ ਤੇ ਲਾਲ ਬੱਤੀ ਲਾਉਣ ਦਾ ਤਵਾ ਲਾਇਆ। ਪਹਿਲਾਂ ਤਾਂ ਬਾਬੇ ਨੇ ਗਰਮਜੋਸ਼ੀ ਦਿਖਾਈ, ‘ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ’ ਸ਼ਬਦ ਵਰਤੇ, ਗੁੱਸਾ ਜ਼ਾਹਿਰ ਕੀਤਾ। ਪਰ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੇ ਇਸ ਵਿਸ਼ੇ ਤੇ ਦਰਸ਼ਾਕਾਂ/ਸਰੋਤਿਆਂ ਦੀ ਰਾਏ ਲੈ ਲਈ, ਜਿਸ ਦੇ ਨਤੀਜੇ ਵਿੱਚ 94% ਲੋਕਾਂ ਨੇ ਬੱਬੂ ਮਾਨ ਤੇ 6% ਨੇ ਬਾਬਿਆਂ ਦਾ ਸਾਥ ਜਾਹਰ ਕੀਤਾ। ਥੋੜ੍ਹਾ ਦਿਮਾਗ ਟਿਕਾਉਣੇ ਆਉਣ ਤੋਂ ਬਾਅਦ ਤੇ ਦੇਖ ਕੇ ਕਿ ਨੌਜਵਾਨ ਪੀੜ੍ਹੀ ਬਾਬਿਆਂ ਨੂੰ ਕੋਈ ਮਹੱਤਤਾ ਨਹੀਂ ਦਿੰਦੀ ਤੇ ਨਾ ਹੀ ਦੇਵੇਗੀ, ਬਾਬਿਆਂ ਨੇ ਬਿਆਨ ਦੇ ਦਿੱਤਾ ਕਿ ਸੰਗਤ ਦੇ ਕੁਝ ਹਿੱਸੇ ਨੇ ਪਹਿਲਾਂ ਵੀ ਤੇ ਹੁਣ ਵੀ ਢੰਡਰੀਆਂ ਵਾਲੇ ਨੂੰ ਸਾਦਾ ਜੀਵਨ ਬਤੀਤ ਕਰਨ ਤੇ ਲਾਲ ਬੱਤੀ ਗੱਡੀ ਤੇ ਨਾ ਲਾਉਣ ਦੀ ਸਲਾਹ ਦਿੱਤੀ ਹੈ ਤੇ ਅਖੀਰ ਉਨ੍ਹਾਂ ਸੰਗਤ ਦੀ ਮੰਨ ਬੱਤੀ ਲਾਹ ਲਈ ਹੈ ਤੇ ਹੁਣ ਉਹ ਸਫਰ ਬਿਨਾਂ ਲਾਲ ਬੱਤੀ ਤੋਂ ਕਰਦੇ ਹਨ।

ਕੀ ਇਹ ਸਭ ਠੀਕ ਹੈ? ਤੁਸੀਂ ਆਪ ਅੰਦਾਜਾ ਲਾ ਲਵੋ। ਜਿਸ ‘ਬਾਬੇ’ ਨੂੰ ਸੰਗਤ ਪੈਰ-ਪੈਰ ਤੇ ਕੀ ਕਰਨਾ ਠੀਕ ਹੈ ਤੇ ਕੀ ਨਹੀਂ, ਦੱਸ ਰਹੀ ਹੈ, ਉਹ ਆਪ ਕਿੰਨਾ ਕੁ ਸਿਆਣਾ ਹੈ? ਤੇ ਕਿਸ-ਕਿਸ ਦੀ ਬੇੜੀ ਤਾਰ ਸਕਦਾ ਹੈ? ਜਿਸ ਨੂੰ ਆਪਣੇ ਬਾਰੇ ਨਹੀਂ ਪਤਾ ਕਿ ਉਸ ਲਈ ਕੀ ਠੀਕ ਹੈ, ਕੀ ਗਲਤ, ਉਸ ਮੂਹਰੇ ਮੱਥੇ ਟੇਕਣੇ, ‘ਸੰਤ’ ਕਹਿਣਾ, ਮੂਰਖਮੱਤ ਨਹੀਂ ਤਾਂ ਹੋਰ ਕੀ ਹੈ?

ਹੁਣ ਤੱਕ ਸਿੱਖ ਕੌਮ ਦੇ ਸੰਤਾਂ ਪ੍ਰਤੀ ਹੋਏ ਤਜਰਬੇ ਕੋਈ ਜਿਆਦਾ ਵਧੀਆ ਨਹੀਂ ਰਹੇ। ਸਗੋਂ ਇਨ੍ਹਾਂ ਦੇ ਰੰਗ ਰਲੀਆਂ ਦੇ ਕਿੱਸਿਆਂ ਨੇ ਕੌਮ ਨੂੰ ਕਈ ਬਾਰ ਨਮੋਸ਼ੀ ਹੀ ਦਿੱਤੀ ਹੈ। ‘ਸੰਤ’ ਸ਼ਬਦ ਬਹੁਤ ਪਵਿੱਤਰ ਸ਼ਬਦ ਹੈ ਪਰ ਵਿਹਲੜ ਤੇ ਫਰੇਬੀ ਲੋਕਾਂ ਨੇ ਆਪਣੇ ਨਾਮ ਦੇ ਅੱਗੇ ਲਗਾ ਅਪਵਿੱਤਰ ਕਰ ਦਿੱਤਾ ਹੈ। ਰਾਜਨੀਤਿਕ ਨੇਤਾਵਾਂ ਨੂੰ ਇਹ ਆਪੂੰ ਬਣੇ ਸੰਤ ਬਹੁਤ ਫਿੱਟ ਬਹਿੰਦੇ ਹਨ। ਦੋ ਚਾਰ ਗੇੜੇ ਡੇਰੇ ਮਾਰ ਇਨ੍ਹਾਂ ਨੂੰ ਚੰਭਲਾ ਕੇ ਵੋਟਾਂ ਪਵਾ ਲੈਂਦੇ ਹਨ। Money Laundering ਇਨ੍ਹਾਂ ਦਾ ਆਪਸ ਦਾ ਗੂੜਾ ਰਿਸ਼ਤਾ ਹੈ। ਵਿਦੇਸ਼ਾਂ ਦੇ ਵੀਜ਼ੇ ਲਗਵਾਉਣਾ ਵੀ part of game ਹੀ ਹੈ।

ਆਸਟਰੇਲੀਆ ਦੇ ਪੰਜਾਬੀ ਹੋਰਨਾਂ ਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲੋਂ ਵੱਧ ਪੜ੍ਹੇ ਲਿਖੇ ਸਮਝੇ ਜਾਂਦੇ ਹਨ। ਆਪਣੀ ਸੂਝ ਦਾ ਪ੍ਰਗਟਾਵਾ ਕਰਦੇ ਆਸਟਰੇਲੀਆ ਆਉਂਦੇ ਸੰਤਾਂ ਦੇ ਵਿਚਾਰ ਜਰੂਰ ਸੁਣੋ, ਪਰ ਪੈਸੇ ਦੀ ਭੇਟਾ ਨਾ ਚੜ੍ਹਾ, ਫੁੱਲ ਜਾਂ ਗਿਫਟ ਵਗੈਰਾ ਭੇਟ ਕਰਕੇ ਅਜਮਾ ਕੇ ਦੇਖ ਲੈਣਾ ਜੇ ਦੁਬਾਰਾ ਆਸਟਰੇਲੀਆ ਆਉਣ ਦਾ ਨਾਂ ਵੀ ਲੈਣ। ਨੌਜਵਾਨ ਪੀੜ੍ਹੀ ਕਾਫੀ ਹੱਦ ਤੱਕ ਜਾਗਰੂਕ ਹੋ ਗਈ ਹੈ, ਛੇਤੀ ਵਿਹਲੜਾਂ ਦੇ ਛਲਾਵੇ ਵਿੱਚ ਨਹੀਂ ਆਉਂਦੀ ਪਰ ਅਕਲੋਂ ਖਾਲੀ ਕਈ ਬੁੜ੍ਹੀਆਂ ਅਜੇ ਮੰਨਣ ਲਈ ਤਿਆਰ ਨਹੀਂ ਹਨ। ਬਾਬਿਆਂ ਨੂੰ ਆਪਣੇ ਭਵਿੱਖ ਦਾ ਪਤਾ ਹੈ, ਇਸੇ ਲਈ ਉਹ future income ਲਈ ਸਕੂਲ, ਹਸਪਤਾਲ ਖੋਲ੍ਹ ਰਹੇ ਹਨ।
*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 8 ਮਾਰਚ 2010)
(ਦੂਜੀ ਵਾਰ ਨਵੰਬਰ 2021)

***
475
***

malwinder_pandher@hotmail.com

ਮਲਵਿੰਦਰ ਸਿੰਘ ਪੰਧੇਰ

malwinder_pandher@hotmail.com

View all posts by ਮਲਵਿੰਦਰ ਸਿੰਘ ਪੰਧੇਰ →