7 December 2024

ਕਹਾਣੀ- ਮੋਮਬੱਤੀ – ਮੇਜਰ ਮਾਂਗਟ

ਕਹਾਣੀ

ਮੋਮਬੱਤੀ

ਮੇਜਰ ਮਾਂਗਟ

ਜਦੋਂ ਕੋਈ ਨਵਾਂ ਨਵਾਂ ਕਨੇਡਾ ਆਂਉਦਾ, ਤਾਂ ਜਾਣੂ ਉਸ ਨੂੰ ਆਉਣ ਸਾਰ ਪੁੱਛਦੇ, ”ਕਿਉਂ ਬਈ ਦੇਖਿਆ ਕਨੇਡਾ ਕਿ ਅਜੇ ਨਹੀਂ?” ਅਗਲਾ ਸੋਚਦਾ ਕਿ ਪੁੱਛਣ ਵਾਲਾ ਸ਼ਾਇਦ ਨਿਆਗਰਾ ਫਾਲਜ਼ ਜਾਂ ਸੀ ਐੱਨ ਟਾਵਰ ਦੀ ਗੱਲ ਕਰ ਰਿਹਾ ਹੈ। ਉਹ ਜਵਾਬ ਦਿੰਦਾ, ”ਹਾਂ ਥੋੜਾ ਬਹੁਤਾ ਦੇਖ ਲਿਆ ਅਜੇ ਵੰਡਰਲੈਂਡ ਰਹਿੰਦੈ” ਪੁੱਛਣ ਵਾਲਾ ਮੂੰਹ ਜਿਹਾ ਮਰੋੜ ਕੇ ਆਖਦਾ, ”ਤੂੰ ਵੀ ਯਾਰ ਬੁੱਧੂ ਈ ਏਂ”

ਜੱਸੀ ਜਦੋਂ ਕਨੇਡਾ ਆ ਕੇ ਨਵਾਂ ਨਵਾਂ ਕੰਮ ਤੇ ਲੱਗਿਆ ਸੀ, ਉਸ ਨੂੰ ਵੀ ਦੋਸਤਾਂ ਨੇ ਏਸੇ ਤਰ੍ਹਾਂ ਦੇ ਸਵਾਲ ਪੁੱਛੇ ਸਨ। ਕੋਈ ਮੋਢੇ ਤੇ ਧੱਫਾ ਜਿਹਾ ਮਾਰਕੇ ਇਹ ਵੀ ਆਖ ਦਿੰਦਾ ”ਉਏ ਬੁੱਧੂਆ ਕਨੇਡਾ ਦੇਖਣ ਦਾ ਮਤਲਬ ਹੈ ‘ਸਟਰਿੱਪ ਡਾਂਸ’। ਜਿੱਥੇ ਕੁੜੀਆਂ ਅਲਫ ਨੰਗੀਆਂ ਨੱਚਦੀਆਂ ਨੇ।ਜਿਵੇਂ ਲੋਕ ਕਹਿੰਦੇ ਨੇ ਕਿ ਜਿਹਨੇ ਲਹੌਰ ਨੀ ਵੇਖਿਆ ਉਹ ਜੰਮਿਆ ਈ ਨੀ। ਤੂੰ ਵੀ ਸਮਝ ਕਿ ਤੂੰ ਵੀ ਅਜੇ ਕਨੇਡਾ ਆਇਆ ਈ ਨੀ” ਮੁੰਡੇ ਮਸ਼ਕੂਲਾ ਕਰਦੇ।

ਹੌਲੀ ਹੌਲੀ ਜੱਸੀ ਦੋਸਤਾਂ ਮਿੱਤਰਾਂ ਨਾਲ ਖੁੱਲਣਾ ਸ਼ੁਰੂ ਹੋ ਗਿਆ। ਘਰਦਿਆਂ ਤਾਂ ਪੰਜ ਦਸ ਦਿਨ ਰਾਈਡ ਦੇਕੇ ਬੱਸ ਦਿਖਾ ਦਿੱਤੀ ਕਿ ਅੱਗੇ ਤੇਰੇ ਭਾਗ ਲੱਛੀਏ। ਹੁਣ ਤਾਂ ਜੱਸੀ ਜਾਣੇ ਕਿ ਕਿ ਬਰਫਾਂ ਅਤੇ ਤੇਜ ਸ਼ੂਕਦੀਆਂ ਹਵਾਵਾਂ ਵਿੱਚ ਉਸ ਨੇ ਕਿੰਨੀਆਂ ਬੱਸਾਂ ਤੇ ਕਿਵੇਂ ਬਦਲਣੀਆਂ ਨੇ।

ਉਹ ਬਰੈਂਪਟਨ ਸਿਟੀ ਸੈਂਟਰ ਤੋਂ ਚੜ੍ਹਦਾ ਫੇਰ ਡੈਰੀ ਅਤੇ ਟੌਰਬ੍ਰਹਬ ਦੇ ਇੰਟਰਸੈਕਸ਼ਨ ਤੋਂ ਅਗਲੀ ਬੱਸ ਫੜਦਾ। ਬੱਸ ਵਿੱਚ ਕਈ ਨਵੇਂ ਦੋਸਤ ਵੀ ਬਣ ਗਏ। ਜੋ ਵੀ ਮਿਲਦਾ ਸਭ ਤੋਂ ਪਹਿਲਾਂ ਇਹ ਹੀ ਸਵਾਲ ਕਰਦਾ, ”ਬਾਈ ਇੰਡੀਆ ਤੋਂ ਕਦੋਂ ਆਇਆ ਏਂ?”  ਜੱਸੀ ਜਾਣਦਾ ਸੀ ਕਿ ਹੁਣ ਉਸਦਾ ਅਗਲਾ ਸਵਾਲ ਹੋਵੇਗਾ ਕਿ ‘ਅਜੇ ਕਨੇਡਾ ਦੇਖਿਆ ਕਿ ਨਹੀਂ।’

ਇੱਕ ਦਿਨ ਜੱਸੀ ਨੇ ਮਨ ‘ਚ ਧਾਰ ਲਈ ਯਾਰ ਇਹ ਵੀ ਦੇਖਣਾ ਹੀ ਪੈਣਾ। ਇੱਕ ਦਿਨ ਨਾਲ ਦੀ ਸੀਟ ਤੇ ਬੈਠਾ ਮੁੰਡਾ ਬੋਲਿਆ, ”ਭਾਅ ਆਹ ਟੌਰਬ੍ਰਹਮ ਦੀ ਨੁੱਕਰ ਤੇ ਜੋ ਏਅਰ ਪੋਰਟ ਸਟਰਿੱਪ ਏਂ। ਮਾਈਂ ਏਥੇ ਆਪਣੇ ਬੜੇ ਮੁੰਡੇ ਕਨੇਡਾ ਵੇਖਣ ਆਂਉਂਦੇ ਨੇ।ਔਹ ਵੇਖ ਖਾਂ ਦੋ ਪੱਗਾਂ ਵਾਲ਼ੇ ਵੀ ਜਾਣ ਡਹੇ ਆ…। ਭਾਊ ਤੂੰ ਗਿਆ ਏਂ ਕਿ ਲੈ ਕੇ ਚੱਲਾਂ?” ਮੁੰਡਾ ਹੱਸਿਆ। ਜੱਸੀ ਦੀ ਚੁੱਪ ਨੂੰ ਸਹਿਮਤੀ ਸਮਝਦਾ ਹੋਇਆ ਉਹ ਫੇਰ ਬੋਲਿਆਂ ”ਚੰਗਾ ਫਰਾਈਡੇਅ ਨੂੰ ਚੱਲਾਂਗੇ।”

ਹੁਣ ਜੱਸੀ ਏਥੋਂ ਲੰਘਦਾ ਤਾਂ ਏਧਰ ਜਰੂਰ ਵੇਖਦਾ। ਸੂਟਾਂ ਬੂਟਾਂ ਵਾਲੇ, ਪਾਟੀਆਂ ਜੀਨਾਂ ਵਾਲੇ, ਗੋਰੇ ਕਾਲ਼ੇ, ਹਿੰਦੂ ਸਿੱਖ, ਅਮੀਰ ਗਰੀਬ ਸਭ ਏਥੇ ਜਾਂਦੇ ਦਿਸ ਪੈਂਦੇ। ਕਈ ਪ੍ਰਸਿੱਧ ਵਿਅੱਕਤੀ ਲਿਮੋਜ਼ੀਨਾਂ ਵਿੱਚ ਮੂੰਹ ਲੁਕਾ ਕੇ ਵੀ ਆਂਉਦੇ। ਕਈ ਪੱਗਾਂ ਦੀ ਜਗਾ ਜੂੜਿਆਂ ਤੋਂ ਟੋਪੀਆਂ ਪਹਿਨ ਕੇ ਆਂਉਦੇ ਤਾਂ ਕਿ ਉਨ੍ਹਾਂ ਦੇ ਸਰਦਾਰ ਹੋਣ ਦਾ ਪਤਾ ਨਾ ਲੱਗੇ।

ਜੱਸੀ ਜਿਸ ਦਿਨ ਦਾ ਬੱਸ ਵਾਲੇ ਇੱਕ ਮਿੱਤਰ ਨਾਲ ਕਲੱਬ ਅੰਦਰ ਜਾ ਆਇਆ ਸੀ ਫੇਰ ਤਾਂ ਹਰ ਤੀਜੇ ਚੌਥੇ ਦਿਨ ਜਾਣ ਲੱਗ ਪਿਆ। ਇਸ ਨਾਲ ਉਸ ਸਾਹਮਣੇ ਕਈ ਗੁੱਝੇ ਭੇਦ ਵੀ ਖੁੱਲਣੇ ਸ਼ੁਰੂ ਹੋ ਗਏ। ਉਸ ਨੇ ਅੰਦਰ ਧਾਰਮਿਕ ਅਤੇ ਰਾਜਨੀਤਕ ਬੰਦੇ ਵੀ ਆਂਉਦੇ ਜਾਂਦੇ ਦੇਖੇ। ਤੇ ਕਈ ਕਮਿਊਨਟੀ ਵਿੱਚ ਉੱਚਾ ਨਾਮ ਰੱਖਣ ਵਾਲੇ ਸਮਾਜ ਸੇਵਕ ਵੀ। ਹੋਰ ਤਾਂ ਹੋਰ ਉਸ ਨੇ ਆਪਣੇ ਨਾਲ ਦੇ ਟੇਬਲ ਤੇ ਭਾਰਤ ਤੋਂ ਆਏ ਪੰਜਾਬੀ ਦੇ ਦੋ ਮਸ਼ਹੂਰ ਲੇਖਕਾਂ ਨੂੰ ਵੀ ਦੇਖਿਆਂ ਸੀ ਜੋ ਪੱਗਾਂ ਦੀ ਥਾਂ ਟੋਪੀਆਂ ਲਈ ‘ਔਰਤ ਦੇ ਹੱਕਾਂ’ ਦਾ ਹੋਕਾ ਭੁੱਲਾ ਨਗਨ ਜਿਸਮਾਂ ਦਾ ਆਨੰਦ ਲੈ ਰਹੇ ਸਨ। ਏਹੋ ਦੋ ਲੇਖਕ ਉਸ ਨੇ ਇੱਕ ਪੰਜਾਬੀ ਟੈਲੀਵੀਯਨ ਪ੍ਰੋਗਰਾਮ ਵਿੱਚ ਅਜੇ ਪਿਛਲੇ ਸ਼ਨਿੱਚਰਵਾਰ ਹੀ ਪੰਜਾਬੀ ਗੀਤਾਂ ਦੇ ਬਣ ਰਹੇ ਵੀਡੀਉਜ਼ ਵਿੱਚ ਵਧ ਰਹੀ ਅਸ਼ਲੀਲਤਾ ਅਤੇ ਲੜਕੀਆਂ ਵਲੋਂ ਘੱਟ ਕੱਪੜੇ ਪਹਿਨਣ ਤੇ ਬੇਹੱਦ ਚਿੰਤਤ ਵੇਖੇ ਸਨ।

ਫਿਲਮਾਂ ਵਿੱਚ ਵਧ ਰਹੇ ਨੰਗੇਜ਼ ਦਾ ਰੌਲਾ ਪਾਉਣ ਵਾਲੇ ਇਸ ਹਮਾਮ ਵਿੱਚ ਡੁਬਕੀਆਂ ਲਾਉਂਦੇ ਸਹਿਜੇ ਹੀ ਵੇਖੇ ਜਾ ਸਕਦੇ ਸਨ। ਕਈ ਵਾਰੀ ਤਾਂ ਅਜਿਹਾ ਵੇਖ ਕੇ ਜੱਸੀ ਦੇ ਮੂੰਹੋ ਨਿੱਕਲ ਵੀ ਜਾਂਦਾ ‘ਸਭ ਸਾਲ਼ੇ ਇੱਕੋ ਥੈਲੀ ਦੇ ਚੱਟੇ ਵੱਟੇ ਆ’।
ਸੰਗ ਤਾਂ ਸਾਰਿਆਂ ਨੂੰ ਸਿਰਫ ਪ੍ਰਵੇਸ਼ ਦੁਆਰ ਤੱਕ ਹੀ ਆਂਉਦੀ ਹੈ, ਅੰਦਰ ਵੜਕੇ ਤਾਂ ਸਭ ਆਪਣੇ ਖੋਲ ‘ਚੋਂ ਬਾਹਰ ਆ ਜਾਂਦੇ ਨੇ। ਜੱਸੀ ਨਾਲ ਵੀ ਏਵੇਂ ਹੋਇਆ ਸੀ। ਕਈ ਵਾਰੀ ਉਹ ਆਪਣੇ ਵਾਰੇ ਸੋਚਦਾ ”ਮੈਂ ਵੀ ਤਾਂ ਐਨਾ ਸ਼ਰੀਫ ਸੀ ਕਿ ਕਦੀ ਕਿਸੇ ਕੁੜੀ ਨੂੰ ਛੂਹਿਆ ਤੱਕ ਨਹੀ ਸੀ ਨੰਗੀ ਦੇਖਣਾ ਤਾਂ ਇੱਕ ਪਾਸੇ ਰਿਹਾ। ਪਰ ਲੋਕ ਕਹਿੰਦੇ ‘ਜੇ ਤੂੰ ਜੇ ਇਹ ਕੁੱਝ ਨਹੀਂ ਵੇਖਿਆ ਤਾਂ ਦੁਨੀਆਂ ਤੇ ਵੇਖਿਆ ਹੀ ਕੀ ਏ?’ ‘ਮੈਂ ਤਾਂ ਇੱਕ ਸਧਾਰਨ ਬੰਦਾ ਹਾਂ ਪਰ ਬਾਕੀਆਂ ਨੂੰ ਕੀ ਮਾਰ ਪਈ ਆ…’ ਉਹ ਸੋਚਦਾ।

ਜੱਸੀ ਹੁਣਾਂ ਨਾਲ ਇੱਕ ਹੋਰ ਮੁੰਡਾ ਬਿੱਲੂ ਵੀ ਸੀ। ਉਹ ਦੱਸਦਾ ਕਿ ਕਿਵੇਂ ਉਸ ਨੂੰ ਵੀ ਨਵੇਂ ਆਏ ਨੂੰ ਪਹਿਲੀ ਵਾਰ ਉਸਦੇ ਵੱਡੇ ਭਰਾ ਨੇ ਏਸੇ ਕਲੱਬ ਵਿੱਚ ਕਨੇਡਾ ਦਿਖਾਇਆ ਸੀ। ਉਸ ਨੇ ਆਪਣੀ ਕਹਾਣੀ ਸੁਣਾਈ ਕਿ ”ਇਸ ਕਲੱਬ ਦੇ ਨਾਲ ਹੀ ਆਪਣਾ ਇੰਡੀਅਨ ਗ੍ਰੌਸਰੀ ਸਟੋਰ ਸੀ। ਦੋਹਾਂ ਦੇ ਦਰਵਾਜੇ ਕੁੱਝ ਦੂਰੀ ਤੇ ਹੋਣ ਕਾਰਨ ਬੰਦੇ ਦੁੱਧ ਦਾ ਬੈਗ ਚੁੱਕਣ ਆਏ ਇੱਕ ਝਾਕਾ ਲੈਣ ਲਈ ਕਲੱਬ ਜਾ ਵੜਦੇ ਸਨ। ਜਦੋਂ ਘਰ ਵਾਲੀਆਂ ਦੇ ਫੋਨ ਉਨ੍ਹਾਂ ਦੀ ਪੈੜ ਨੱਪਦੇ ਤਾਂ ਉਹ ਅੱਗੋਂ ਬਹਾਨਾ ਬਣਾਉਂਦੇ ਪਾਰਕ ਕੀਤੀ ਕਾਰ ਵਲ ਦੌੜਦੇ ”ਉਹ ਫੋਨ ਤਾਂ ਮੈਂ ਗੱਡੀ ਵਿੱਚ ਹੀ ਭੁੱਲ ਗਿਆ ਸੀ” ਆਖਦੇ ਭੁੱਲ ਬਖਸ਼ਾਉਂਦੇ।

ਬਿੱਲੂ ਦੱਸ ਰਿਹਾ ਸੀ ਕਿ ”ਵੀਰ ਹੁਣੀਂ ਵੀ ਉਥੋਂ ਹੀ ਗ੍ਰੌਸਰੀ ਖਰੀਦਦੇ ਸਨ ਕਿ ਇੱਕ ਦਿਨ ਮੈਂ ਵੀ ਨਾਲ ਆ ਗਿਆ। ਮੈਨੂੰ ਕਲੱਬ ਬਾਰੇ ਪਤਾ ਨਹੀਂ ਸੀ। ਤਾਂ ਆਪਣੇ ਦੋ ਤਿੰਨ ਬਜ਼ੁਰਗ ਪੱਗਾਂ ਵਾਲੇ ਅੰਦਰ ਵੜਦੇ ਦੇਖ ਭਾਬੀ ਬੋਲੀ ”ਦੇਖ ਚੌਰਿਆਂ ਨੂੰ ਸ਼ਰਮ ਨੀ ਔਂਦੀ।”

”ਤਾਂ ਵੀਰ ਬੋਲਿਆ ਚੱਲ ਕੋਈ ਨਾ ਵਿਚਾਰੇ ਕਨੇਡਾ ਦੇਖਣ ਆਏ ਨੇ। ਉਸੇ ਦਿਨ ਮੈਨੂੰ ਪਤਾ ਲੱਗਾ ਕਿ ਕਨੇਡਾ ਦੇਖਣ ਦਾ ਮਤਲਬ ਕੀ ਹੁੰਦੈ। ਫੇਰ ਵੀਰ ਨੇ ਮੈਨੂੰ ਵੀ ਇੱਕ ਦਿਨ ਕਨੇਡਾ ਦਿਖਾ ਦਿੱਤਾ। ਆਪਾਂ ਅੱਗੋਂ ਕਈਆਂ ਨੂੰ ਦਿਖਾਇਆ” ਬਿੱਲੂ ਨੇ ਹਸ ਕੇ ਦੱਸਿਆ।

ਬਿੱਲੂ ਜੱਸੀ ਦੇ ਨਾਲ ਹੀ ਕੰਮ ਕਰਦਾ ਸੀ ਕੰਮ ਤੇ ਲੋਕ ਉਸ ਨੂੰ ਅਜਿਹੇ ਕੰਮਾਂ ਦਾ ਮਾਹਰ ਸਮਝਦੇ ਸਨ। ਉਹ ਆਪਣੇ ਏਹੋ ਜਿਹੇ ਤਜੁਰਬੇ ਮਸਾਲੇ ਲਾ ਲਾ ਸਾਂਝੇ ਕਰਦਾ। ਹੋਰ ਤਾਂ ਹੋਰ ਉਹ ਤਾਂ ਦੋ ਉਨ੍ਹਾਂ ਪਾਕਸਤਾਨੀਆਂ ਨੂੰ ਵੀ ਕਨੇਡਾ ਦਿਖਾ ਲਿਆਇਆ ਸੀ। ਜਿਹੜੇ ਕੰਮ ਤੇ ਵੀ ਨਮਾਜ਼ ਅਦਾ ਕਰਨੀ ਨਹੀਂ ਸੀ ਭੁੱਲਦੇ। ਮੁੜਕੇ ਉਹ ਉਨ੍ਹਾਂ ਦੀਆਂ ਗੱਲਾਂ ਵੀ ਕਈ ਦਿਨ ਸੁਣਾਉਂਦਾ ਰਿਹਾ ਸੀ, ”ਯਾਰ ਪਾਕਿਸਤਾਨ ‘ਚ ਤਾਂ ਇਨ੍ਹਾਂ ਨੂੰ ਔਰਤ ਦਾ ਨੰਗਾ ਮੂੰਹ ਦੇਖਣ ਨੂੰ ਨੀ ਮਿਲਦਾ। ਭਰਾਵਾਂ ਉੱਥੇ ਜਾ ਕੇ ਤਾਂ ਇਨ੍ਹਾਂ ਭੁੱਖੇ ਜੱਟ ਵਾਲੀ ਗੱਲ ਕੀਤੀ ਜੋ ਕਟੋਰਾ ਲੱਭਣ ਤੇ ਪਾਣੀ ਪੀ ਪੀ ਆਫਰ ਗਿਆ ਤੀ। ਇਹ ਤਾਂ ਪਤੰਦਰ ਇਉਂ ਨਜ਼ਰਾਂ ਗੱਡ ਕੇ ਬੈਠ ਗੇ ਭਰਾਵਾ ਮੇਰੇ ਵੱਲ ਤਾਂ ਵੇਖਣ ਈ ਨਾਂ। ਇਨ੍ਹਾਂ ਨੂੰ ਵੇਖ ਵੇਖ ਮੇਰਾ ਢਿੱਡ ਹਸੇ” ਫੇਰ ਉਹ ਠਹਾਕਾ ਲਾ ਉੱਚੀ ਉੱਚੀ ਹਸਦਾ।

ਜੱਸੀ ਨੂੰ ਵੀ ਇੱਕ ਗੱਲ ਯਾਦ ਆ ਗਈ ਜਦੋਂ ਉਹ ਨਵਾਂ ਨਵਾਂ ਆਇਆ ਸੀ ਤੇ ਵਰਕ ਏਜੰਸੀ ਵਾਲਿਆਂ ਦੇ ਦਫਤਰ, ਕੰਮ ਦੀ ਭਾਲ ਵਿੱਚ ਚੱਕਰ ਕੱਢ ਰਿਹਾ ਸੀ। ਤਾਂ ਉੱਥੇ ਉਸਦੀ ਜਾਣ ਪਛਾਣ ਵੀ ਇੱਕ ਸ਼ਹਿਜ਼ਾਦ ਨਾਂ ਦੇ ਵਿਅੱਕਤੀ ਨਾਲ ਹੋਈ। ਜੋ ਇੱਕ ਦਿਨ ਰਿਸ਼ੈਪਸ਼ਨ ਤੇ ਬੈਠੀ ਕੁੜੀ ਦੇ ਲੋਅ ਕੱਟ ਗਲ਼ੇ ਵਿੱਚ ਅੱਖਾਂ ਪਾੜ ਪਾੜ ਵੇਖ ਰਿਹਾ ਸੀ। ਏਸ ਤਰ੍ਹਾਂ ਕੋਈ ਅੱਧ ਨੰਗੀ ਕੁੜੀ ਉਸ ਨੇ ਪਹਿਲੀ ਵਾਰ ਵੇਖੀ ਸੀ। ਉੱਚਾ ਜਿਹਾ ਟੌਪ ਤੇ ਨਿੱਕੀ ਜਿਹੀ ਸਕਰਟ। ਉਹ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ।

ਕੁੜੀ ਉਸ ਦੀ ਅਸ਼ਲੀਲ ਤੱਕਣੀ ਨੂੰ ਵੇਖ ਭੜਕ ਉੱਠੀ ਸੀ, ”ਵੱਟ ਏ ਨਾਨਸੈਂਸ…ਵੱਟ ‘ਜ਼ ਯੂਅਰ ਪ੍ਰਾਬਲਮ ਮਿਸਟਰ..।’ ਸ਼ਹਿਜ਼ਾਦ ਘਬਰਾ ਗਿਆ। ਉਸਦੀ ਡਰਦੇ ਮਾਰੇ ਦੀ ਇੰਗਲਿਸ਼ ਵੀ ਮੁੱਕ ਗਈ ਤੇ ਸੌਰੀ ਸੌਰੀ ਕਰਦਾ ਦਫਤਰ ‘ਚੋਂ ਬਾਹਰ ਹੋ ਗਿਆ।

ਪਰ ਬਾਹਰ ਆ ਕੇ ਜੱਸੀ ਕੋਲ ਉਹ ਆਪਣੀ ਗਲਤੀ ਨਹੀਂ ਸੀ ਮੰਨ ਰਿਹਾ। ਅਖੇ ”ਸਾਡੇ ਮੁਲਕ ‘ਚ ਤਾਂ ਔਰਤਾਂ ਨੂੰ ਏਨੀ ਹਯਾ ਹੁੰਦੀ ਆ ਕਿ ਉਹ ਪਰਦੇ ਤੋਂ ਬਾਹਰ ਨਹੀਂ ਨਿੱਕਲਦੀਆਂ। ਤੇ ਏਹਨੇ ਸਭ ਸੰਗ ਸ਼ਰਮ ਛਿੱਕੇ ਟੰਗੀ ਹੋਈ ਆ…।ਉੱਤੋਂ ਮੈਨੂੰ ਆਂਹਦੀ ਆ ਕਿ ਮੈਂ ਅੱਖਾਂ ਪਾੜ ਪਾੜ ਕਿਉਂ ਵੇਹਨਾ ਵਾਂ। ਆਖਰ ਮਰਦ ਆਂ ਕੋਈ ਖੁਸਰਾ ਤੇ ਨਹੀਂ ਨਾ…”

ਤਾਂ ਕੋਲ ਖੜਾ ਇੱਕ ਮੁੰਡਾ ਬੋਲਿਆ ”ਜੇ ਐਨਾਂ ਈ ਨੰਗੀ ਔਰਤ ਦੇਖਣ ਨੂੰ ਜੀ ਲਲਚਾਉਂਦੈ ਤਾਂ ਕਲੱਬ ਘੁੰਮ ਆ।” ਤੇ ਇੱਕ ਦਿਨ ਫੇਰ ਉਹ ਵੀ ਸਹਿਮਤ ਹੋ ਗਿਆ ਸੀ। ਉਸੇ ਮੁੰਡੇ ਨਾਲ ਇੱਕ ਸ਼ਾਮ ਏਜੰਸੀ ਤੋਂ ਸਿੱਧੇ ਉਹ ਕਨੇਡਾ ਦੇਖਣ ਸਟਰਿੱਪ ਕਲੱਬ ਚਲੇ ਗਏ। ਉੱਥੇ ਜਾ ਕੇ ਜੋ ਕੁੱਝ ਹੋਇਆ, ਉਹ ਉਸ ਤੋਂ ਵੀ ਦਿਲਚਸਪ ਸੀ। ਜਿਸ ਦੀ ਸਟੋਰੀ ਨਾਲ ਦੇ ਮੁੰਡੇ ਨੇ ਦੂਸਰੇ ਦਿਨ ਆ ਕੇ ਕਈ ਹੋਰਾਂ ਨੂੰ ਸੁਣਾਈ।

ਜਿਸ ਸ਼ਾਮ ਉਹ ਕਲੱਬ ਗਏ ਸਨ ਉਨ੍ਹਾਂ ਦਾ ਇੱਕ ਹੋਰ ਦੋਸਤ ਮਜ਼ਹਰ ਚੌਧਰੀ ਜੋ ਨਵਾਂ ਨਵਾਂ ਪਾਕਿਸਤਾਨੋਂ ਪੁੰਆਇੰਟ ਸਿਸਟਮ ਤੇ ਆਇਆ ਸੀ ਵੀ ਨਾਲ ਜਾਣ ਲਈ ਰਾਜੀ ਹੋ ਗਿਆ। ਅੰਦਰ ਜਾ ਉਸ ਨੇ ਸ਼ਰਾਬ ਤੇ ਸ਼ਬਾਬ ਦੋਨਾਂ ਦਾ ਚਸਕਾ ਲੈਣ ਦੀ ਸੋਚੀ।

ਮਜ਼ਹਰ ਦੋ ਕੁ ਬੀਅਰਾਂ ਲਾ ਬਹਿਕ ਗਿਆ ਸੀ। ਜਦੋਂ ਇੱਕ ਨੰਗ ਧੜੰਗ ਕੁੜੀ ਨੇ ਉਸ ਨੂੰ ਟੇਬਲ ਡਾਂਸ ਲਈ ਪੁੱਛਿਆ ਤਾਂ ਉਹ ਵੇਖਦਾ ਹੀ ਰਹਿ ਗਿਆ। ਉਸ ਨੂੰ ਕਹਿੰਦਾ ‘ਹਾਂ ਕਰਦੇ।’  ਕੁੜੀ ਨੇ ਉਸਦੇ ਟੇਬਲ ਉੱਤੇ ਸੰਗੀਤ ਦੀ ਧੁਨ ‘ਤੇ ਇੱਕ ਡਾਂਸ ਕੀਤਾ, ਦੋ ਕੀਤੇ ਪਰ ਉਹ ਬੱਸ ਹੀ ਨਾ ਕਹੇ ਜਦੋਂ ਪੰਜ ਹੋਏ ਤਾਂ ਕੁੜੀ ਕਹਿੰਦੀ ‘ਪਹਿਲਾਂ ਹੋ ਚੁੱਕੇ ਡਾਂਸਾਂ ਦਾ ਸੌ ਡਾਲਰ ਪੇਅ ਕਰ ਅਗਲਾ ਡਾਂਸ ਤਾਂ ਕਰੂੰ। ਤਾਂ ਉਹ ਜੇਬ ‘ਚ ਹੱਥ ਮਾਰ ਕੇ ਕਹਿੰਦਾ ”ਮੇਰੇ ਕੋਲ ਤਾਂ ਸਿਰਫ ਵੀਹ ਡਾਲਰ ਨੇ।”

ਅੱਗੋਂ ਨਾਚੀ ਕੁੜੀ ਭੜਕ ਪਈ, ਉਸ ਨੇ ਫੱਕ ਫੱਕ ਕਰਦੀ ਨੇ ਤੁਰੰਤ ਸਕਿਉਰਟੀ ਬੁਲਾ ਲਈ। ਜਿਨ੍ਹਾਂ ਮਜ਼ਹਰ ਨੂੰ ਮੁਰਗ਼ੇ ਆਂਗੂੰ ਧੌਣ ਮਰੋੜ ਕੇ ਅੱਗੇ ਲਾ ਲਿਆ। ਉਸ ਦੀਆਂ ਸਾਰੀਆਂ ਆਈਡੀਜ਼ ਲੈ ਲਈਆਂ। ਤੇ ਕਹਿਣ ਲੱਗੇ ਤੇਰੇ ਘਰ ਫੋਨ ਕਰ ਦਿੰਦੇ ਆ ਪੈਸੇ ਪੇਅ ਕਰਕੇ ਤੈਨੂੰ ਉਹ ਪੁਲੀਸ ਸਟੇਸ਼ਨ ਤੋਂ ਛੁਡਾ ਕੇ ਲੈ ਜਾਣਗੇ।

ਮਜ਼ਹਰ ਆਖੇ ”ਰੱਬ ਦਾ ਵਾਸਤਾ ਇਹ ਕੰਮ ਨਾ ਕਰਿਉ ਜੇ ਮੇਰੀ ਬੇਗ਼ਮ ਨੂੰ ਪਤਾ ਲੱਗਾ ਤਾਂ ਸਾਡਾ ਤਲਾਕ ਹੋ ਜਾਊ।” ਜਦੋਂ ਭਰਾਵਾਂ ਨੂੰ ਪਤਾ ਲੱਗਾ ਕਿ ਪੰਗਾ ਪੈ ਗਿਆ ਹੈ ਤਾਂ ਉਹ ਦੌੜੇ ਆਏ। ਸ਼ਹਿਜ਼ਾਦ ਨੇ ਆਪਣੇ ਕਾਰਡ ਤੇ ਸੌ ਡਾਲਰ ਦੇ ਕੇ ਮਸਾਂ ਖਹਿੜਾ ਛੁਡਾਇਆ। ਤੇ ਬਾਅਦ ‘ਚ ਉਹਦੇ ਨਾਲ ਪੂਰੀ ਕੁੱਤੇ ਖਾਣੀ ਕੀਤੀ। ਕਿ ‘ਉਦੋਂ ਤਾਂ ਮੋਮਬੱਤੀਆਂ ਦੇ ਚਾਨਣ ਵਿੱਚ ਟੇਬਲ ਤੇ ਸੱਪ ਵਾਂਗ ਮੇਹਲਦੀ ਨੰਗੀ ਕੁੜੀ ਵੇਖ ਕੇ ਲੱਟੂ ਹੋਇਆ ਪਿਆ ਸੀ, ਪੈਸੇ ਤੇਰੇ ਪਿਉ ਨੇ ਦੇਣੇ ਸੀ। ਸਾਲਿਆ ਜੇ ਜੇਬ ‘ਚ ਸਿਰਫ ਵੀਹ ਡਾਲਰ ਸੀ ਇੱਕ ਡਾਂਸ ਤੇ ਸਬਰ ਕਰ ਲੈਂਦਾ। ਇੱਕੋ ਚੀਜ ਨੂੰ ਬਾਰ ਬਾਰ ਦੇਖਣ ਦਾ ਕੀ ਮਤਲਬ ਹੋਇਆ? ਨਾਲੇ ਸਾਡੀ ਵੀ ਬੇਇੱਜਤੀ ਕਰਵਾਈ।…ਅਜੇ ਤਾਂ ਬਚ ਗਏ, ਜੇ ਫੋਨ ਘਰ ਚਲਾ ਜਾਂਦਾ…।

”ਹੁਣ ਘਰੇ ਪੰਜੇ ਵਕਤ ਨਮਾਜ਼ ਪੜ੍ਹਨ ਲਈ ਕਹਿੰਦੇ ਆ ਫੇਰ ਬੇਗ਼ਮਾਂ ਅੱਗੇ ਸਾਡੀ ਕੀ ਰਹਿੰਦੀ ? ਦੂਜਾ ਦੋਸਤ ਬੋਲਿਆ ”ਚੱਲ ਛੱਡ ਯਾਰ ਪੈਸੇ ਤੇਰੇ ਇਹ ਮੋੜ ਦੂ ਬੰਦੇ ਡਿੱਗ ਡਿੱਗ ਕੇ ਈ ਸਵਾਰ ਹੁੰਦੇ ਆ।” ਹੁਣ ਮਜ਼ਹਰ ਵੀ ਬੋਲਿਆ ”ਮੰਨੂੰ ਕੀ ਪਤਾ ਸੀ ਡਾਂਸ ਦੇ ਪੈਸੇ ਲੱਗਣਗੇ” ਤਾਂ ਸ਼ਹਿਜ਼ਾਦ ਬੋਲਿਆ ”ਵੇਖ ਖਾਂ ਕਿੱਦਾਂ ਭੋਲ਼ਾ ਬਣਦੈ। ਤੂੰ ਕੋਈ ‘ਗੂਠਾ ਚੁੰਘਦਾ ਨਿਆਣਾ ਏਂ ਬਈ ਤੈਨੂ ਪਤਾ ਨਹੀ। ਪਾਕਿਸਤਾਨੋਂ ਇੰਜਨੀਅਰਿੰਗ ਕਰਕੇ ਆਇਆ ਏਂ। ਨਾਲੇ ਕਨੇਡਾ ਵਿੱਚ ਤਾਂ ਮੁਫਤ ਮੰਗਿਆ ਮੌਤ ਵੀ ਨਾ ਮਿਲੇ?”

ਮੇਰੇ ਇੱਕ ਇੰਡੀਅਨ ਦੋਸਤ ਨੇ ਗੱਲ ਸੁਣਾਈ ਸੀ ਕਿ ਕਨੇਡਾ ਆ ਕੇ ਤਾਂ ਸਰਵਣ ਪੁੱਤਰ ਵੀ ਵਹਿੰਗੀ ਰੱਖ ਕੇ ‘ਬੀਚਰ’ ਗਿਆ ਸੀ ਕਿ ਇਹ ਕਨੇਡਾ ਹੈ ਹੁਣ ਤਾਂ ਘੰਟਿਆਂ ਦੇ ਹਿਸਾਬ ਨਾਲ ਡਾਲਰ ਲੱਗਣਗੇ। ਤਾਂ ਕਿਤੇ ਜਾ ਕੇ ਗੱਲ ਹਾਸੇ ‘ਚ ਪਈ।

ਜੱਸੀ ਤੇ ਬਿੱਲੂ ਹਫਤੇ ਦੋ ਹਫਤੇ ਬਾਅਦ ਕਲੱਬ ਚਲੇ ਹੀ ਜਾਂਦੇ। ਦੋ ਦੋ ਬੀਅਰਾਂ ਲਾ ਕੇ ਆਪਣੇ ਪਿੰਡਾਂ ਦੀਆਂ, ਕੰਮ ਦੀਆਂ ਤੇ ਘਰ ਪਰਿਵਾਰ ਦੀਆਂ ਗੱਲਾਂ ਕਰਦੇ। ਭਾਵੇਂ ਕਲੱਬ ਸਿਗਰਟਾਂ ਦੀ ਹਵਾੜ ਅਤੇ ਬੀਅਰ ਦੇ ਮੁਸ਼ਕ ਨਾਲ ਭਰਿਆ ਹੁੰਦਾ ਪਰ ਤਾਂ ਵੀ ਉਨਾਂ ਨੂੰ ਚੰਗਾ ਲੱਗਦਾ। ਏਥੇ ਆਕੇ ਉਨ੍ਹਾਂ ਸਿਰਫ ਔਰਤ ਦਾ ਨੰਗ ਹੀ ਨਹੀਂ ਸੀ ਵੇਖਿਆ ਕਈ ਬੀਬੀਆਂ ਦਾੜੀਆਂ ਦੇ ਨੰਗ ਵੀ ਵੇਖੇ ਸਨ। ਨੰਗੀਆਂ ਨੱਚਣ ਵਾਲੀਆਂ ਕੁੜੀਆਂ ਤਾਂ ਜੋ ਸਨ ਸਭ ਦੇ ਸਾਹਮਣੇ ਸਨ ਬੇਪਰਦ। ਪਰ ਕਮਿਊਨਟੀ ਲੀਡਰ, ਧਾਰਮਿਕ ਅਖਵਾਉਣ ਵਾਲੇ, ਔਰਤਾਂ ਦੇ ਹਮਾਇਤੀ ਅਤੇ ਅਸ਼ਲੀਲਤਾ ਦੇ ਵਿਰੋਧੀ ਅਗਾਂਹ ਵਧੂ ਅਖਵਾਉਣ ਵਾਲੇ ਏਦੋਂ ਵੀ ਕਿਤੇ ਵੱਡੇ ਕੰਜਰ ਸਨ। ਜੋ ਸਭ ਕੁੱਝ ਚੋਰੀ ਚੋਰੀ ਕਰਦੇ। ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਂਦੇ।ਉਨ੍ਹਾਂ ਦੇ ਮੂੰਹਾਂ ਤੇ ਲਏ ਮਖੌਟੇ ਏਥੇ ਆ ਕੇ ਸਰਕ ਜਾਂਦੇ। ਤੇ ਕਹਾਵਤ ਯਾਦ ਆਂਉਦੀ ‘ਉੱਤੋਂ ਬੀਬੀਆਂ ਦਾੜੀਆਂ ਵਿੱਚੋਂ ਕਾਲ਼ੇ ਕਾਂ…।’

ਇੱਕ ਦਿਨ ਉਹ ਏਸੇ ਤਰ੍ਹਾਂ ਬੈਠੇ ਬੀਅਰ ਦੀਆਂ ਚੁਸਕੀਆਂ ਲੈਂਦੇ ਕੰਨ ਪਾੜਵੇਂ ਸੰਗੀਤ ਵਿੱਚ ਹੋ ਰਹੇ ਡਾਂਸ ਦਾ ਲੁਤਫ ਲੈ ਰਹੇ ਸਨ। ਸਟੇਜ ਤੇ ਅਠਾਰਾਂ ਵੀਹ ਵਰਿੵਆਂ ਦੀ ਅਲਫ ਨੰਗੀ ਗੋਰੀ ਲੜਕੀ ਮੌਂਕੀ ਬਾਰ ਦੁਆਲੇ ਪੁੱਠੀ ਸਿੱਧੀ ਹੋ ਹੋ ਝੂਲ ਰਹੀ ਸੀ। ਉਸ ਦੇ ਗਲ਼ ਫਰ ਦੀ ਪੂਛ ਜਿਹੀ ਤੇ ਲੱਕ ਦੁਆਲੇ ਗੋਲਡਨ ਚੇਨ ਵਾਲਾ ਕਰਾਸ ਪਹਿਨਿਆ ਹੋਇਆ ਸੀ। ਫੇਰ ਉਹ ਇੱਕ ਹੋਰ ਪੋਲ ਦੁਆਲੇ ਘੁੰਮਣ ਲੱਗੀ। ਖਚਾ ਖਚ ਭਰੇ ਹਾਲ ਵਿੱਚ ਉਸਦੇ ਪਿਉੇ ਵਰਗੇ, ਚਾਚਿਆਂ, ਤਾਇਆਂ, ਮਾਮਿਆ, ਭਰਾਵਾਂ ਵਰਗੇ ਕਿੰਨੇ ਹੀ ਲੋਕ ਹੋਣਗੇ। ਪਰ ਉਸ ਨੂੰ ਕਿਸੇ ਦੀ ਪਰਵਾਹ ਨਹੀਂ ਸੀ। ਉਹ ਬੜੀ ਸੁਚੱਜਤਾ ਨਾਲ ਆਪਣੀ ਜੌਬ ਕਰ ਰਹੀ ਸੀ ਸਭ ਕਾਸੇ ਤੋਂ ਬੇਖਬਰ। ਤਾਂ ਕਿ ਦਰਸ਼ਕਾਂ ਦੇ ਮਨੋਰੰਜਨ ਵਿੱਚ ਕੋਈ ਕਮੀ ਨਾ ਰਹਿ ਜਾਵੇ।ਕਿਉਂਕਿ ਉਸ ਨੂੰ ਏਸੇ ਗੱਲ ਦੇ ਪੈਸੇ ਮਿਲਦੇ ਸਨ।

ਜੱਸੀ ਸੋਚ ਰਿਹਾ ਸੀ ਪਤਾ ਨਹੀਂ ਏਹਦੇ ਮਾਂ ਬਾਪ ਕਿੱਥੇ ਹੋਣਗੇ। ਤੇ ਪਤਾ ਨਹੀਂ ਕਿਹੜੀ ਮਜ਼ਬੂਰੀ ਏਹਨੂੰ ਏਥੇ ਖਿੱਚ ਲਿਆਈ ਹੋਊ। ਹੋ ਸਕਦੈ ਇਹਨੇ ਏਹ ਸੀਜ਼ਨ ਲਾ ਕੇ ਅਗਲੇ ਸਾਲ ਯੂਨੀਵਰਸਿਟੀ ਦੀ ਪੜ੍ਹਾਈ ਲਈ ਜਾਣਾ ਹੋਵੇ। ਇਹ ਲੋਕ ਆਪਣੀ ਮੰਜ਼ਿਲ ਪ੍ਰਾਪਤੀ ਲਈ ਕੁੱਝ ਵੀ ਕਰ ਸਕਦੇ ਨੇ। ਉਨੇ ਮਹਿਸੂਸ ਕੀਤਾ ਸੀ ਕਿ ਗੋਰੀ ਕਮਿਊਨਟੀ ਕਿਹੋ ਜਿਹਾ ਵੀ ਕੰਮ ਕਰੇ ਉਨ੍ਹਾਂ ਨੂੰ ਝੂਠ ਤੇ ਦੋਗਲੇ ਪਣ ਤੋਂ ਸਖਤ ਨਫਰਤ ਹੈ ਜਦ ਕਿ ਸਾਡੇ ਲੋਕਾਂ ਦੀ ਇਹ ਜਰੂਰਤ ਨੇ।

ਬਿੱਲੂ ਬੋਲਿਆ ”ਜਰੂਰ ਤੂੰ ਹੁਣ ਇਸ ਕੁੜੀ ਬਾਰੇ ਸੋਚਦਾ ਹੋਵੇਗਾ। ਤੈਨੂੰ ਪਹਿਲਾ ਵੀ ਸਮਝਾਇਆ ਕਿ ਅੰਬ ਖਾਈਦੇ ਨੇ ਗੁਠਲੀਆਂ ਨਹੀ ਗਿਣੀਦੀਆਂ। ਪਰ ਤੈਨੂੰ ਇਹ ਭੈੜੀ ਵਾਦੀ ਆ ਤੂੰ ਹਟ ਨਹੀਂ ਸਕਦਾ। ਇਹ ਏਹਦੀ ਜੌਬ ਆ ਘੱਟੋ ਘੱਟ ਘੰਟੇ ਦੇ ਸੱਠ ਡਾਲਰ ਲੈਂਦੀ ਹੋਊ। ਜਿੰਨੇ ਆਪਾਂ ਹਫਤੇ ‘ਚ ਹੱਡ ਤੋੜ ਕੇ ਬਣਾਉਂਦੇ ਆ, ਇਹ ਇੱਕ ਰਾਤ ਵਿੱਚ ਬਣਾ ਲੈਂਦੀ ਆ। ਉੱਤੋਂ ਟਿੱਪ ਅਤੇ ਗੁੱਡ ਟਾਈਮ ਤੇ ਅੱਡ। ਡਾਂਸ ਬਾਰ ਪਿੱਛੇ ਬਣੇ ਹਨੇਰੇ ਕਮਰਿਆਂ ‘ਚ ਇਹ ਸਾਰੀਆਂ ਈ ਗੁੱਡ ਟਾਈਮ ਕਰਦੀਆਂ ਨੇ। ਇੱਕ ਵਾਰ ਦੇ ਸੌ ਡਾਲਰ ਲੈਦੀਆਂ ਨੇ। ਟੇਬਲ ਡਾਂਸ ਕਰਨ ਆਈਆਂ ਇਹ ਬੰਦੇ ਨੂੰ ਉਕਸਾ ਕੇ ਨਾਲ ਲੈ ਜਾਂਦੀਆਂ ਨੇ। ਅਗਲੀ ਵਾਰ ਤੇਰਾ ਵੀ ਗੁੱਡ ਟਾਈਮ ਕਰਵਾ ਦਵਾਂਗੇ। ਇਕੱਲਾ ਕਨੇਡਾ ਦੇਖਣ ਨਾਲ ਗੱਲ ਥੋੜੋ ਬਣਦੀ ਆ ਮਾਨਣਾ ਵੀ ਚਾਹੀਦਾ ਆ।” ਉਹ ਹੱਸਿਆ।

ਜੱਸੀ ਅੱਜ ਕੁੱਝ ਜਿਆਦਾ ਹੀ ਬੀਅਰ ਪੀ ਰਿਹਾ ਸੀ। ਕੋਈ ਮਨ ਦੀ ਗੱਲ ਸੀ ਜੋ ਉਹ ਬਿੱਲੂ ਨੂੰ ਦੱਸਣੀ ਚਾਹੁੰਦਾ ਸੀ। ਸ਼ਾਇਦ ਕਹਿਣਾ ਚਾਹੁੰਦਾ ਸੀ ਇਹ ਨੰਗੇਜ਼ ਅਤੇ ਸੈਕਸ ਤੋਂ ਪਰੇ ਹਟ ਕੇ ਇੱਕ ਇਸ਼ਕ ਵੀ ਹੁੰਦਾ ਹੈ। ਉਹ ਇਸ਼ਕ ਜੋ ਉਸ ਨੇ ਆਪਣੇ ਨਾਲ ਕਾਲਜ ਪੜ੍ਹਦੀ ਕੁੜੀ ਦੀਪੀ ਨੂੰ ਕੀਤਾ ਸੀ। ਜਿਸ ਦੀ ਇੱਕ ਤੱਕਣੀ ਵਿੱਚ ਹੀ ਅਕਿਹ ਆਨੰਦ ਸੀ। ਉਹ ਦੀਪੀ ਜਿਸ ਨੇ ਪਤਾ ਨਹੀਂ ਕਿੱਥੋਂ ਐਡਰੈੱਸ ਲੈ ਕੇ ਜੱਸੀ ਨੂੰ ਚਿੱਠੀ ਵੀ ਲਿਖੀ ਸੀ ਕਿ ‘ਹੁਣ ਆਪਣੇ ਇਸ਼ਕ ਦੀ ਲਾਜ ਰੱਖੀਂ, ਕਿਤੇ ਕਨੇਡਾ ਜਾਕੇ ਭੁੱਲ ਹੀ ਨਾ ਜਾਈਂ। ਵਿਆਹ ਮੈਂ ਤੇਰੇ ਨਾਲ ਹੀ ਕਰਵਾਉਣਾ ਆ। ਊਂ ਮੈਨੂੰ ਕਨੇਡਾ ਆਂਉਣ ਦਾ ਲਾਲਚ ਵੀ ਕੋਈ ਨਹੀਂ ਬੱਸ ਤੇਰੇ ਕਰਕੇ।”

ਜੱਸੀ ਨੂੰ ਅੱਜ ਵੀ ਦੀਪੀ ਦੀ ਬਹੁਤ ਯਾਦ ਆ ਰਹੀ ਸੀ, ਪਰ ਬਿੱਲੂ ਹੋਰ ਹੀ ਉੱਘ ਦੀਆਂ ਪਤਾਲ ਮਾਰੀ ਜਾਂਦਾ ਸੀ ਕਿ ”ਗੋਰੇ ਤਾਂ ਸਾਲੇ ਪੈਸੇ ਦੇ ਪੁੱਤ ਹੁੰਦੇ ਨੇ ਪੈਸੇ ਲਈ ਆਪਣੀਆਂ ਕੁੜੀਆਂ ਪਤਨੀਆਂ ਤੇ ਗਰਲ ਫਰੈਂਡਾਂ ਨੂੰ ਏਹੋ ਜਿਹੇ ਕੰਮਾਂ ਤੇ ਭੇਜ ਦਿੰਦੇ ਨੇ। ਕਈ ਤਾਂ ਖੁਦ ਆ ਕੇ ਛੱਡ ਕੇ ਜਾਂਦੇ ਨੇ। ਇਹਦਾ ਬੁਆਏ ਫਰੈਂਡ ਵੀ ਏਹਨੂੰ ਛੱਡਣ ਆਂਉਦਾ ਹੋਊ। ਆਪਣੇ ਤਾਂ ਅਗਲਾ ਮਰ ਜਾਊ ਪਰ ਅਗਲੀ ਵਲ ਕਿਸੇ ਨੂੰ ਦੇਖਣ ਤੱਕ ਨਾ ਦਊ। ਜੱਸੀ ਕਹਿਣਾ ਤਾਂ ਚਾਹੁੰਦਾ ਸੀ ‘ਬਾਈ ਘੱਟ ਹੁਣ ਆਪਣੇ ਵਾਲੇ ਵੀ ਨਹੀਂ ਉਹ ਵੀ ਕੁੜੀਆਂ ਜਾਂ ਪਤਨੀਆਂ ਨੂੰ ਕਨੇਡਾ ਭੇਜਣ ਲਈ ਸਾਰਾ ਕੁੱਝ ਕਰ ਸਕਦੇ ਨੇ। ਰੋਜ ਹੁੰਦਾ ਈ ਐ…। ਅਸੀਂ ਜਾਣੀ ਮਖੌਟੇ ਪਾ ਕੇ ਕਰਦੇ ਹਾਂ ਇਹ ਨੰਗੇ ਮੂੰਹ ਕਰੀ ਜਾਂਦੇ ਨੇ’। ਪਰ ਉਹ ਨਸ਼ੇ ਦੀ ਲੋਰ ਵਿੱਚ ਕਹਿ ਨਾ ਸਕਿਆ।

ਏਨੇ ਨੂੰ ਇੱਕ ਹੋਰ ਨੰਗ ਧੜੰਗ ਕੁੜੀ ਨੇ ਆ ਕੇ ਜੱਸੀ ਨੂੰ ਟੇਬਲ ਡਾਂਸ ਕਰਵਾਉਣ ਲਈ ਪੁੱਛਿਆ। ਤੇ ਬਿੱਲੂ ਨੇ ਧੱਕੇ ਨਾਲ ਹੀ ਜੱਸੀ ਨੂੰ ਉਸਦੇ ਨਾਲ ਤੋਰ ਦਿੱਤਾ।
ਕੁੜੀ ਡਾਂਸ ਕਰਦੀ ਅਤੇ ਜੱਸੀ ਬੀਅਰ ਪੀਂਦਾ ਰਿਹਾ। ਉਸ ਨੂੰ ਜਲਦੀ ਹੀ ਕਾਫੀ ਨਸ਼ਾ ਹੋ ਗਿਆ। ਕੁੜੀ ਨੱਚਦੀ ਨੱਚਦੀ ਉਸ ਨਾਲ ਗੱਲਾਂ ਵੀ ਕਰ ਰਹੀ ਸੀ। ਪਰ ਜੱਸੀ ਦੀ ਅੰਗਰੇਜੀ ਕੁੱਝ ਫਿਕਰਿਆਂ ਬਾਅਦ ਹੀ ਮੁੱਕ ਜਾਂਦੀ। ਡਾਂਸ ਮੁੱਕਣ ਤੇ ਜੱਸੀ ਤੋਂ ਚੰਗੀ ਤਰ੍ਹਾਂ ਉੱਠਿਆ ਵੀ ਨਹੀਂ ਸੀ ਜਾ ਰਿਹਾ ਸੀ। ਉਸਦੇ ਮਨ ਵਿੱਚ ਤਾਂ ਉਸਦੀ ਪੰਜਾਬ ਰਹਿ ਗਈ ਦੀਪੀ ਹੀ ਘੁੰਮਦੀ ਰਹੀ ਸੀ।

ਡਾਂਸਰ ਕੁੜੀ ਨੇ ਪਹਿਲੀ ਵਾਰ ਆਪਣੇ ਜਿਸਮ ਪ੍ਰਤੀ ਕਿਸੇ ਦੀ ਐਨੀ ਬੇਧਿਆਨੀ ਦੇਖੀ ਸੀ ਤੇ ਉਹ ਵੀ ਕਿਸੇ ਪੰਜਾਬੀ ਦੀ। ਜੋ ਹਮੇਸ਼ਾਂ ਸੈਕਸ ਲਈ ਹਾਬੜੇ ਰਹਿੰਦੇ ਸਨ। ਕੁੜੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਪੰਜਾਬੀ ਵਿੱਚ ਕਹਿਣ ਲੱਗੀ, ”ਤੁਸੀਂ ਹੁਣ ਪੈਸੇ ਪੇਅ ਕਰਕੇ ਜਾਉ ਨਹੀ ਤਾਂ ਜੇ ਸਕਿਉਰਟੀ ਵਾਲੇ ਆ ਗਏ ਤਾਂ ਤੁਹਾਨੂੰ ਧੱਕੇ ਮਾਰਨਗੇ”। ਕੁੜੀ ਦੀ ਪੰਜਾਬੀ ਸੁਣ ਕੇ ਜੱਸੀ ਦੀ ਜਿਵੇਂ ਸਾਰੀ ਪੀਤੀ ਲਹਿ ਗਈ ਤੇ ਉਹ ਸੁੰਨ ਹੋ ਗਿਆ।

ਕੀ ਇਹ ਪੰਜਾਬੀ ਕੁੜੀ ਆ…ਦੇਖਣ ਨੂੰ ਤਾਂ ਜਮਾਂ ਗੋਰੀ ਲੱਗਦੀ ਆ। ਜੱਸੀ ਹੈਰਾਨ ਪਰੇਸ਼ਾਨ ਸੀ।
ਉਸ ਨੂੰ ਹੈਰਾਨ ਹੁੰਦਿਆਂ ਵੇਖਦੀ ਕੁੜੀ ਖੁਦ ਹੀ ਬੋਲੀ, ”ਹਾਂ ਮੈਂ ਪੰਜਾਬੀ ਹਾਂ ਅੱਗੇ ਕੁਛ ਨਾਂ ਪੁੱਛੀਂ।”

ਪਰ ਜੱਸੀ ਤੋਂ ਰਿਹਾ ਨਾ ਗਿਆ ”ਅੱਗੇ ਤੋਂ ਮੈਂ ਤੈਨੂੰ ਕਿਵੇਂ ਚੂਜ਼ ਕਰਾਂਗਾ ਜੇ ਤੇਰਾ ਨਾਂ ਹੀ ਨਹੀਂ ਪਤਾ ਹੋਵੇਗਾ”
”ਮੈਨੂੰ ਕੈਂਡਲ ਕਹਿੰਦੇ ਆ। ਏਥੇ ਮੇਰਾ ਏਹ ਹੀ ਨਾਂ ਏਂ। ਪਲੀਜ਼ ਇਹ ਗੱਲ ਕਿਸੇ ਹੋਰ ਨੂੰ ਨਾਂ ਦੱਸੀਂ” ਕੁੜੀ ਮੁਸਕਰਾਂਉਦੀ ਹੋਈ ਤੁਰ ਗਈ।

ਜਸਵੀਰ ਇਸ ਘਟਨਾ ਤੋਂ ਬਾਅਦ ਦੀਪੀ ਨੂੰ ਭੁੱਲ ਗਿਆ। ਲੱਤਾਂ ਘਸੀਟਦਾ ਉਹ ਮਸਾਂ ਬਿੱਲੂ ਤੱਕ ਪਹੁੰਚਿਆ। ਉਸਦੇ ਦਿਮਾਗ ਵਿੱਚ ਜਿਵੇਂ ਕੋਈ ਝੋਟਾ ਖੌਰੂ ਪਾ ਰਿਹਾ ਹੋਵੇ। ਪਰ ਬਿੱਲੂ ਨੂੰ ਜਾਪਿਆ ਕਿ ਉਸ ਨੂੰ ਸ਼ਰਾਬ ਵੱਧ ਚੜ ਗਈ ਹੈ ਤੇ ਉਹ ਉਸ ਨੂੰ ਗੱਡੀ ‘ਚ ਬਿਠਾ ਘਰ ਤੱਕ ਛੱਡ ਆਇਆ।
ਘਰ ਜਾ ਕੇ ਵੀ ਜੱਸੀ ਨੂੰ ਨੀਂਦ ਨਾ ਆਈ। ਇਹ ਪੰਜਾਬੀ ਕੁੜੀ ਕਿਸ ਜਿੱਲਣ ਵਿੱਚ ਫਸ ਗਈ ਤੇ ਕਿਉਂ? ਕੀ ਹੋਰ ਕੋਈ ਰਸਤਾ ਨਹੀਂ ਸੀ ਬਚਿਆ। ਇਹਦੇ ਮਾਪਿਆਂ ਨੂੰ ਪਤਾ ਲੱਗੂ ਤਾਂ ਜੀਂਦੇ ਹੀ ਮਰ ਜਾਣਗੇ। ਕਿੰਨੇ ਚਾਹਵਾਂ ਨਾਲ ਕਨੇਡਾ ਭੇਜੀ ਹੋਊ। ਅਗਰ ਇਸਦੇ ਭਰਾਵਾਂ ਨੂੰ ਪਤਾ ਲੱਗ ਜਾਵੇ ਤਾਂ ਉਹ ਪਤਾ ਨਹੀਂ ਕੀ ਕਰਨਗੇ। ਜਾਂ ਇਸ ਨੂੰ ਹੀ ਮਾਰ ਦੇਣਗੇ। ਜੱਸੀ ਦਾ ਦਿਮਾਗ ਫਟ ਰਿਹਾ ਸੀ। ਪਰ ਉਹ ਕੁੜੀ ਨਾਲ ਕੀਤੇ ਵਾਹਦੇ ਨੂੰ ਵੀ ਪਾਲ਼ ਰਿਹਾ ਸੀ। ਬਾਹਰ ਆ ਕੇ ਉਸ ਨੇ ਇਹ ਗੱਲ ਕਿਸੇ ਨੂੰ ਵੀ ਨਹੀਂ ਸੀ ਦੱਸੀ।

ਉਸਦੀ ਕੈਂਡਲ ਵਿੱਚ ਦਿਲਚਸਪੀ ਵਧਦੀ ਚਲੀ ਗਈ। ਫੇਰ ਉਹ ਇਕੱਲਾ ਹੀ ਕਲੱਬ ਜਾਣ ਲੱਗ ਪਿਆ।ਤੇ ਫੇਰ ਕਈ ਦਿਨ ਉਸ ਨੂੰ ਕੈਂਡਲ ਕਲੱਬ ਵਿੱਚ ਦਿਸੀ ਹੀ ਨਾ। ਉਹ ਬੇਹੱਦ ਉਦਾਸ ਰਹਿਣ ਲਗ ਪਿਆ।
ਇੱਕ ਦਿਨ ਉਸ ਨੂੰ ਅਚਾਨਕ ਹੀ ਕੈਂਡਲ ਬੀਅਰ ਬਾਰ ਵਿੱਚ ਗਲਾਸ ਚੁੱਕੀ ਫਿਰਦੀ ਦਿਸ ਪਈ। ਸ਼ਾਇਦ ਟੇਬਲ ਡਾਂਸ ਦੀ ਕੋਈ ਔਫਰ ਭਾਲ ਰਹੀ ਹੋਵੇ। ਜੱਸੀ ਨੇ ਇਹ ਮੌਕਾ ਖੁੰਝਣ ਨਾ ਦਿੱਤਾ। ਤੇ ਕੋਲ ਜਾਕੇ ਬੁਲਾ ਲਿਆਇਆ। ਕੈਂਡਲ ਤੁਰੰਤ ਜੱਸੀ ਦੇ ਟੇਬਲ ਤੇ ਆ ਬੈਠੀ। ਅੱਜ ਉਹ ਸਿਰਫ ਅੰਗਰੇਜੀ ਬੋਲ ਰਹੀ ਸੀ।

ਡੀਲ ਤਹਿ ਹੋਣ ਤੋਂ ਬਾਅਦ ਉਹ ਜਸਵੀਰ ਨੂੰ ਲੈ ਕੇ ਹਨੇਰੇ ਕਮਰੇ ਵਲ ਤੁਰ ਪਈ। ਜੱਸੀ ਚਾਹੁੰਦਾ ਸੀ ਕਿ ਉਹ ਪੰਜਾਬੀ ਬੋਲੇ। ਉਸ ਨੇ ਕਿਹਾ ਵੀ ”ਆਪਾਂ ਪੰਜਾਬੀ ਹਾਂ ਕੁੱਝ ਪੰਜਾਬੀ ‘ਚ ਕਹਿ।”
ਕੁੜੀ ਬੋਲੀ ”ਚੁੱਪ ਉਹ ਮੇਰੇ ਤੇ ਨਜ਼ਰ ਰੱਖ ਰਹੇ ਨੇ। ਬੌਸ ਵਲੋਂ ਕੰਮ ਤੇ ਏਹੋ ਜਿਹੀ ਕਿਸੇ ਵੀ ਗੱਲ ਦੀ ਆਗਿਆ ਨਹੀਂ।”
”ਕੈਂਡਲ ਤੇਰਾ ਅਸਲੀ ਨਾਂ ਹੈ?” ਜੱਸੀ ਨੇ ਪੁੱਛਿਆ।
ਸਿਗਰਟ ਦਾ ਕਸ਼ ਖਿੱਚ੍ਹਦੀ ਉਹ ਬੋਲੀ ”ਤੂੰ ਕੀ ਲੈਣਾ ਹੈ ਮੇਰੇ ਨਾਂ ਤੋਂ ਆਪਣੇ ਕੰਮ ਤੱਕ ਮਤਲਬ ਰੱਖ”
”ਏਨੇ ਦਿਨ ਮੈਂ ਤੇਰੇ ਲਈ ਹੀ ਕਲੱਬ ਆਂਉਦਾ ਰਿਹਾ ਹਾਂ ਤੂੰ ਕਿੱਥੇ ਚਲੀ ਗਈ ਸੀ?”

”ਬਿਮਾਰ ਸੀ।ਫਲੂ ਹੋ ਗਿਆ ਸੀ।ਕੰਮ ਵਾਲੇ ਸੋਚਦੇ ਨੇ ਕਿ ਬਿਮਾਰ ਕੁੜੀ ਗਾਹਕਾਂ ਨੂੰ ਖੁਸ਼ ਨਹੀਂ ਕਰ ਸਕਦੀ। ਉਨ੍ਹਾਂ ਮੈਨੂੰ ਜਬਰਦਸਤੀ ਇੱਕ ਹਫਤੇ ਦੀਆਂ ਛੁੱਟੀਆਂ ਤੇ ਭੇਜ ਦਿੱਤਾ ਖੈਰ ਛੱਡ ਇਹ ਗੱਲਾਂ।”
ਉਹ ਫੇਰ ਬੋਲੀ ”ਅੱਜ ਪਹਿਲਾਂ ਟੇਬਲ ਡਾਂਸ ਦੇ ਦੋ ਸ਼ੈਸ਼ਨ ਲੈ ਲਾ ਤੇ ਗੁੱਡ ਟਾਈਮ ਤਾਂ ਹੈ ਹੀ ਪਲੀਜ਼…। ਮੈਨੂੰ ਪੈਸੇ ਦੀ ਬਹੁਤ ਲੋੜ ਆ। ਪਿਛਲੇ ਹਫਤੇ ਕੰਮ ਨਹੀਂ ਮਿਲਿਆ”।
ਜੱਸੀ ਚੁੱਪ ਹੀ ਰਿਹਾ।

ਫੇਰ ਉਹ ਜੱਸੀ ਨੂੰ ਇੱਕ ਹਲਕੀ ਨੀਲੀ ਰੌਸ਼ਨੀ ਵਾਲੇ ਕੈਬਨ ਵਿੱਚ ਲੈ ਗਈ। ਉਨਾਂ ਕੁੱਝ ਪ੍ਰਸਨਲ ਗੱਲਾਂ ਵੀ ਕੀਤੀਆਂ। ਤੇ ਜੌਬ ਵੀ। ਇਸ ਵਾਰ ਉਹ ਜੱਸੀ ਦੇ ਹੋਰ ਨੇੜੇ ਹੋ ਗਈ। ਜੱਸੀ ਫੇਰ ਹਰ ਦੂਜੇ ਤੀਜੇ ਦਿਨ ਹੀ ਕਲੱਬ ਜਾਣ ਲੱਗ ਪਿਆ।
ਕੈਂਡਲ ਇੱਕ ਦਿਨ ਕਹਿਣ ਲੱਗੀ, ”ਜੱਸੀ ਮੇਰਾ ਕਨੇਡਾ ਵਿੱਚ ਹੋਰ ਕੋਈ ਨਹੀਂ ਹੈ। ਬੱਸ ਜਦੋਂ ਕਦੇ ਬਹੁਤ ਉਦਾਸ ਹੋ ਜਾਂਦੀ ਹਾਂ ਤਾਂ ਰੋਣ ਲੱਗ ਪੈਂਦੀ ਹਾਂ। ਪਰ ਜਿਸ ਦਿਨ ਦਾ ਤੂੰ ਮਿਲਿਆਂ ਏਂ….” ਉਹ ਗੱਲ ਅਧੂਰੀ ਛੱਡ ਗਈ।

ਪਤਾ ਨਹੀਂ ਉਸ ਦਿਨ ਜੱਸੀ ਨੂੰ ਕਿਉਂ ਉਸ ਵਿੱਚੋਂ ਸਾਊ ਜਿਹੀ ਪੇਂਡੂ ਕੁੜੀ ਦਾ ਭੁਲੇਖਾ ਪਿਆ ਸੀ। ਜੱਸੀ ਨੇ ਉਸ ਨੂੰ ਹੋਰ ਕੁਰੇਦਣ ਲਈ ਕਿਹਾ ”ਕਿਤੇ ਕਲੱਬ ਤੋਂ ਬਾਹਰ ਨਹੀਂ ਮਿਲ ਸਕਦੀ…” ਪਹਿਲਾਂ ਤਾਂ ਉਹ ਨਾਂਹ ਨੁੱਕਰਾਂ ਕਰਦੀ ਰਹੀ ਫੇਰ ਮੰਨ ਗਈ ਤੇ ਬੋਲੀ ”ਕਦੀ ਅਜਿਹਾ ਹੋਇਆ ਤਾਂ ਨਹੀਂ ਪਰ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਕੰਮ ਤੇ ਤਾਂ ਬਿੱਲਕੁੱਲ ਹੀ ਨਹੀਂ। ਕਿਸੇ ਪਬਲਿਕ ਪਲੇਸ ਤੇ ਵੀ ਨਹੀਂ। ਸ਼ਹਿਰ ਤੋਂ ਸੌ ਦੋ ਸੌ ਕਿਲੋਮੀਟਰ ਬਾਹਰ ਜਿੱਥੇ ਮੈਨੂੰ ਕੋਈ ਨਾਂ ਪਹਿਚਾਣਦਾ ਹੋਵੇ।”

ਫੇਰ ਇੱਕ ਦਿਨ ਉਸ ਨੇ ਜੱਸੀ ਨੂੰ ਆਪਣੀ ਰਿਹਾਇਸ਼ ਦਾ ਪਤਾ ਵੀ ਦੇ ਦਿੱਤਾ। ਜਿੱਥੇ ਉਹ ਇੱਕ ਲਗਜ਼ਰੀ ਅਪਾਰਟਮੈਂਟ ਵਿੱਚ ਦੋ ਕੁੜੀਆਂ ਨਾਲ ਰਹਿ ਰਹੀ ਸੀ।ਤੇ ਉਸ ਨੇ ਜੱਸੀ ਨੂੰ ਆਪਣੀ ਰਿਹਾਇਸ਼ ਤੇ ਆਉਣ ਦਾ ਸੱਦਾ ਵੀ ਦੇ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਦੂਜੀਆਂ ਕੁੜੀਆਂ ਦੇ ਬੁਆਏ ਫਰੈਂਡ ਵੀ ਤਾਂ ਉਨ੍ਹਾਂ ਨੂੰ ਮਿਲਣ ਆਂਉਂਦੇ ਈ ਨੇ। ਪਰ ਅਸੀਂ ਗਾਹਕ ਨੂੰ ਘਰ ਨਹੀਂ ਬੁਲਾਉਂਦੀਆਂ। ਮੈਂ ਵੀ ਤੈਨੂੰ ਆਪਣਾ ਫਰੈਂਡ ਕਹਿ ਦਵਾਂਗੀ। ਪਰ ਜਿਸ ਮਾਫੀਆ ਗ੍ਰੋਹ ਦੇ ਅੰਡਰ ਇਹ ਕਲੱਬ ਹੈ ਜੇ ਉਸ ਨੂੰ ਪਤਾ ਲੱਗ ਗਿਆ ਤੈਨੂੰ ਤੇ ਮੈਨੂੰ ਜਾਨੋ ਮਾਰ ਦੇਣਗੇ। ਬੰਦਾ ਵੱਢਣਾ ਉਨ੍ਹਾਂ ਲਈ ਗਾਜਰਾਂ ਮੂਲੀਆਂ ਵਾਂਗੂੰ ਹੀ ਅਸਾਨ ਕੰਮ ਹੈ।”  ਕੈਂਡਲ ਨੇ ਠੰਢਾ ਹੌਕਾ ਭਰ ਕੇ ਸੋਮਵਾਰ ਦੀ ਦੁਪਹਿਰ ਉਸ ਨੂੰ ਮਿਲਣ ਦਾ ਸਮਾਂ ਦੇ ਦਿੱਤਾ।
ਕੰਮ ਤੋਂ ਬਿਮਾਰ ਹੋਣ ਦਾ ਬਹਾਨਾ ਕਰ ਉਹ ਮਿੱਥੇ ਸਮੇਂ ਤੇ ਕਾਰ ਲੈ ਕੈਂਡਲ ਦੇ ਬੂਹੇ ਤੇ ਜਾਂ ਪਹੁੰਚਾ। ਉਹ ਨੀਲੀ ਜ਼ੀਨ ਤੇ ਲਾਲ ਟੀ ਸ਼ਰਟ ਪਹਿਨੀਂ ਚਿਹਰੇ ਤੇ ਮੁਸਕਰਾਹਟ ਲਈ ਉਸ ਨੂੰ ਉਡੀਕ ਰਹੀ ਸੀ। ਉਹ ਪੜ੍ਹੀ ਲਿਖੀ, ਫੈਸ਼ਨੇਬਲ ਤੇ ਖੂਬਸੂਰਤ ਕੁੜੀ ਜਾਪ ਰਹੀ ਸੀ। ਉਸ ਨੇ ਕਿਹਾ ”ਘਰ ਕੋਈ ਨਹੀਂ ਹੈ ਅੰਦਰ ਲੰਘ ਆ” ਉਸ ਨੇ ਜੱਸੀ ਨੂੰ ਜੂਸ ਦਾ ਗਿਲਾਸ ਦਿੱਤਾ ਤੇ ਗੱਲੀਂ ਜੁਟ ਪਈ। ”ਮੇਰੇ ਨਾਲ ਦੋ ਹੋਰ ਕੁੜੀਆਂ ਰਹਿੰਦੀਆਂ ਨੇ। ਜਾਸਮੀਨ ਪਾਕਿਸਤਾਨ ਤੋਂ ਏਂ। ਮਿਲੀਅਨ ਡਾਲਰ ਕਲੱਬ ਵਿੱਚ ਡਾਂਸਰ ਏਂ। ਮਨੀ ਜਿਸ ਦਾ ਨਾਂ ਮਨੋਰਮਾਂ ਹੈ ਕੇਰਲਾ ਤੋਂ ਹੈ ਜੋ ਫੁੱਲ ਟਾਈਮ ਸੈਕਸ ਵਰਕਰ ਆ। ਅਸੀਂ ਪਹਿਲਾਂ ਤਿੰਨੋਂ ਵੁੱਡ ਬਰਿੱਜ ਵਿੱਚ ਕੰਮ ਕਰਦੀਆਂ ਸੀ। ਫੇਰ ਉਹ ਹੀ ਲੋਕ ਸਾਨੂੰ ਏਥੇ ਲੈ ਆਏ। ਰਹਾਇਸ਼ ਅਸੀਂ ਖੁਦ ਹੀ ਲੱਭੀ ਹੈ। ਉਹ ਤਾਂ ਆਪ ਲੱਭ ਕੇ ਦਿੰਦੇ ਸੀ ਪਰ ਅਸੀਂ ਇਨਕਾਰ ਕਰ ਦਿੱਤਾ।”

ਕੁੱਝ ਦੇਰ ਚੁੱਪ ਰਹਿ ਕੇ ਉਹ ਫੇਰ ਬੋਲੀ, ”ਵੁੱਡਬਰਿੱਜ ਇਟਾਲੀਅਨ ਮਾਫੀਏ ਦਾ ਗੜ੍ਹ ਹੈ। ਉੱਥੇ ਸਾਰੀਆਂ ਸਟਰਿੱਪ ਕਲੱਬਾਂ ਉਨ੍ਹਾ ਦੇ ਹੀ ਅੰਡਰ ਨੇ। ਏਸ ਏਰੀਏ ਨੂੰ ਪਹਿਲਾਂ ‘ਕੇ ਕੇ’ ਵਾਲੇ ਕੰਟਰੋਲ ਕਰਦੇ ਸੀ, ਹੁਣ ਇਹ ਭਾਰੂ ਹੋ ਗਏ ਨੇ। ਮਨੀ ਨੂੰ ਕਲੱਬ ਤੋਂ ਲੇਅ ਆਫ ਹੋ ਗਈ ਸੀ ਤਾਂ ਉਸ ਨੇ ਇਨ੍ਹਾਂ ਦੇ ਕਹਿਣ ਤੇ ਹੀ ਫੁੱਲ ਟਾਈਮ ਸੈਕਸ ਵਰਕਰ ਦਾ ਕੰਮ ਸ਼ੁਰੂ ਕਰ ਲਿਆ। ਦਰਅਸਲ ਉਸ ਦਾ ਭਾਰ ਥੋੜਾ ਵਧ ਗਿਆ ਸੀ।

ਸੈਕਸ ਵਰਕਰ ਦਾ ਕੰਮ ਕਰ ਤਾਂ ਉਹ ਇਨਡਵਿਯੂਅਲੀ ਵੀ ਸਕਦੀ ਸੀ ਪਰ ਸ਼ਹਿਰ ਵਿੱਚ ਅੱਜ ਕੱਲ ਕ੍ਰਾਈਮ ਬਹੁਤ ਹੈ। ਜੇ ਤੁਹਾਡੇ ਪਿੱਛੇ ਕੋਈ ਤਾਕਤ ਨਹੀਂ ਤਾਂ ਤੁਸੀਂ ਸੇਫ ਵੀ ਨਹੀਂ…” ਉਸ ਨੇ ਲੰਬਾ ਸਾਹ ਭਰਿਆ।
”ਜਾਸਮੀਨ ਅੱਜ ਕੰਮ ਤੇ ਹੈ ਮਿਲੀਅਨ ਡਾਲਰ ਮੰਡੇ ਨੂੰ ਵੀ ਬਿਜ਼ੀ ਰਹਿੰਦੈ। ਉੱਥੇ ਏਅਰ ਪੋਰਟ ਤੋਂ ਅਮਰੀਕਣ ਬਿਜਨਸਮੈਂਨ ਬਹੁਤ ਆਉਂਦੇ ਨੇ”।

ਜੱਸੀ ਨੂੰ ਕੈਂਡਲ ਦੀਆਂ ਗੱਲਾਂ ਸੁਣ ਕੇ ਅਜੀਬ ਲੱਗਿਆ। ਉਹ ਇਸ ਧੰਦੇ ਨੂੰ ਕੰਮ ਦੱਸ ਰਹੀ ਸੀ। ਉਸ ਨੇ ਇਹ ਤਾਂ ਸੁਣਿਆ ਸੀ ਕਿ ਕਨੇਡਾ ਵਿੱਚ ਕੰਮ ਦੀ ਰਿਸਪੈਕਟ ਹੈ ਤੇ ਕੰਮ ਕੋਈ ਵੀ ਮਾੜਾ ਨਹੀ। ਪਰ ਜਦੋਂ ਤੋਂ ਜਿਸਮ ਫਰੋਸ਼ ਔਰਤਾਂ ਨੂੰ ਸੈਕਸ ਵਰਕਰ ਕਹਿ ਕੇ ਸਰਕਾਰ ਨੇ ਬਾਕੀ ਕਾਮਿਆਂ ਦੇ ਬਰਾਬਰ ਹੀ ਅਧਿਕਾਰ ਦੇ ਦਿੱਤੇ ਸਨ ਤਾਂ ਉਹ ਵੀ ਇਸ ਨੂੰ ਕੰਮ ਸਮਝ ਕੇ ਕਰਨ ਲੱਗ ਪਈਆਂ ਸਨ।
ਬਾਕੀ ਕਾਮਿਆਂ ਵਾਂਗੂੰ ਹੀ ਤਿਆਰ ਹੋ ਕੇ ਕੰਮ ਤੇ ਜਾਂਦੀਆਂ। ਥੱਕ ਹਾਰ ਕੇ ਮੁੜਦੀਆਂ। ਆਮ ਵਰਕਰਾਂ ਵਾਂਗੂੰ ਹੀ ਲੇਅ ਆਫ ਜਾਂ ਕੰਮ ਤੋਂ ਕੱਢੇ ਜਾਣ ਦਾ ਡਰ ਉਨ੍ਹਾਂ ਨੂੰ ਸਤਾਉਂਦਾ ਰਹਿੰਦਾ।

ਜੱਸੀ ਨੇ ਘਰ ਵਿੱਚ ਨਜ਼ਰ ਦੌੜਾਈ। ਤਿੰਨ ਬੈਡਾਂ ਦਾ ਅਪਾਰਟਮੈਂਟ ਕੀਮਤੀ ਸਮਾਨ ਨਾਲ ਸਜਿਆ ਹੋਇਆ ਸੀ। ਜੱਸੀ ਜਾਣਦਾ ਸੀ ਕਿ ਡਾਂਸਰ ਕੁੜੀਆਂ ਦੇ ਘੰਟੇ ਦੇ ਪੈਸੇ ਉਸ ਤੋਂ ਪੰਜ ਗੁਣਾ ਜਿਆਦਾ ਹੋਣਗੇ। ਬਵੰਜਾ ਇੰਚ ਐੱਚ ਡੀ ਟੀਵੀ ਤੇ ਉਸ ਦੇ ਨਾਲ ਹੋਮ ਥੀਏਟਰ। ਕੰਧਾਂ ਤੇ ਖੂਬਸੂਰਤ ਲੈਂਡ ਸਕੇਪ ਵਾਲੇ ਚਿੱਤਰ। ਕੀਮਤੀ ਸ਼ੈਂਡਲੀਅਰ ਤੇ ਬੇਹੱਦ ਮਹਿੰਗੇ ਪਰਦੇ। ਜੱਸੀ ਸੋਚਣ ਲੱਗਿਆ ਕਿ ‘ਕਈ ਕੁੜੀਆਂ ਨੂੰ ਤਾਂ ਇਹ ਸ਼ਾਨੋ ਸ਼ੌਕਤ ਅਤੇ ਚਮਕ ਦਮਕ ਹੀ ਇਸ ਧੰਦੇ ‘ਚ ਖਿੱਚ ਲਿਆਂਉਦੀ ਹੋਅੂ।’

ਕੈਂਡਲ ਨੇ ਦੱਸਿਆ ਕਿ ਇਹ ਉਸਦਾ ਅਪਣਾ ਕਮਰਾ ਹੈ। ਜੱਸੀ ਨੇ ਸੋਫੇ ਤੋਂ ਉੱਠ ਕੇ ਕਮਰੇ ਅੰਦਰ ਸਰਸਰੀ ਝਾਤ ਮਾਰੀ ਤਾਂ ਵੇਖਿਆ ਕਿ ਉਸ ਨੇ ਦਸ ਗੁਰੂਆਂ ਦੀ ਇੱਕ ਫੋਟੋ ਵੀ ਲਾ ਰੱਖੀ ਸੀ। ਜੱਸੀ ਨੂੰ ਹੈਰਾਨ ਹੁੰਦਿਆਂ ਵੇਖ ਉਹ ਬੋਲੀ ”ਕਦੀ ਕਦੀ ਪਾਠ ਵੀ ਕਰ ਲੈਂਦੀ ਆਂ…। ਆਖਰ ਮੈਂ ਵੀ ਤਾਂ ਇਨਸਾਨ ਹੀ ਹਾਂ।

ਹੌਲੀ ਹੌਲੀ ਉਸ ਨੇ ਇਹ ਵੀ ਦੱਸ ਦਿੱਤਾ ਕਿ ਉਸ ਦੇ ਮਾਂ ਪਿਉ ਪੰਜਾਬ ‘ਚ ਨੇ। ਉਸ ਦੀਆਂ ਦੋ ਭੈਣਾਂ ਵੀ ਨੇ ਤੇ ਇੱਕ ਭਰਾ ਵੀ ਹੈ। ਅਜੇ ਉਹ ਸਾਰੇ ਪੰਜਾਬ ‘ਚ ਹੀ ਹਨ। ਉਹ ਹਰ ਸੋਮਵਾਰ ਛੁੱਟੀ ਕਰਦੀ ਹੈ। ਫੇਰ ਉਸਨੇ ਜੱਸੀ ਨੂੰ ਬੜੇ ਸਲੀਕੇ ਨਾਲ ਚਾਹ ਬਣਾ ਕੇ ਪਿਆਈ। ਅੱਜ ਉਹ ਪੜ੍ਹੀ ਲਿਖੀ ਪੰਜਾਬਣ ਮੁਟਿਆਰ ਲੱਗ ਰਹੀ ਸੀ। ਤੇ ਫੇਰ ਉਹ ਬੋਲੀ ”ਚੱਲੋ ਹੁਣ ਚੱਲੀਏ ਖਾਣਾ ਕਿਤੇ ਬਾਹਰ ਹੀ ਖਾਵਾਂਗੇ।”

ਉਨ੍ਹਾਂ ਦੀ ਕਾਰ ਡਿਕਸੀ ਰੋਡ ਤੇ ਨੌਰਥ ਵਲ ਨੂੰ ਦੌੜਦੀ ਜਾ ਰਹੀ ਸੀ। ਜੱਸੀ ਦਾ ਮਨ ਕਾਹਲਾ ਪੈ ਰਿਹਾ ਸੀ ਕਿ ਕੈਂਡਲ ਤੋਂ ਪੁੱਛੇ ਕਿ ਆਖਰ ਉਹ ਕਿਹੜੀ ਵਜ੍ਹਾ ਸੀ ਜੋ ਉਸਨੂੰ ਇਸ ਦਲਦਲ ਵਿੱਚ ਖਿੱਚ੍ਹ ਲਿਆਈ।ਪਰ ਕੈਂਡਲ ਨੇ ਖੁਦ ਹੀ ਦੱਸਣਾ ਸ਼ੁਰੂ ਕਰ ਦਿਤਾ।

”ਮੇਰਾ ਅਸਲ ਨਾਂ ਕਰਮਜੀਤ ਹੈ ਤੇ ਮੈ ਜਿਲਾ ਹੁਸ਼ਿਆਰਪੁਰ ਤੋਂ ਹਾਂ। ਮੇਰਾ ਪਿਉ ਇੱਕ ਆਮ ਕਿਸਾਨ ਹੈ ਜਿਸ ਕੋਲ ਸਿਰਫ ਦੋ ਏਕੜ ਜ਼ਮੀਨ ਹੈ। 1987 ਜਾਂ 88 ਦੀ ਗੱਲ ਹੈ ਕੋਈ ਖਾੜਕੂ ਸਾਡੇ ਘਰ ਧੱਕੇ ਨਾਲ ਰੋਟੀ ਖਾ ਗਿਆ ਸੀ ਤੇ ਪੁਲੀਸ ਨੂੰ ਪਤਾ ਲੱਗ ਗਿਆ। ਉਨ੍ਹਾਂ ਮੇਰੇ ਪਿੳੇ ਨੂੰ ਐਨਾ ਕੁੱਟਿਆ ਮਾਰਿਆ ਸੀ ਕਿ ਉਹ ਮਾੜਾ ਮੋਟਾ ਕੰਮ ਕਰਨ ਜੋਗਾ ਵੀ ਨਾ ਰਿਹਾ। ਉਦੋਂ ਹੀ ਮੇਰੇ ਪਿਉ ਨੇ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਮੁਲਕ ‘ਚ ਨੀ ਰਹਿਣਾ ਭਾਵੇਂ ਕੁੱਝ ਵੀ ਹੋ ਜਾਵੇ। ਉਦੋਂ ਤਾਂ ਮਸਾਂ ਮੈਂ ਚਾਰ ਕੁ ਵਰਿੵਅਾਂ ਦੀ ਹੋਵਾਂਗੀ। ਮੇਰੇ ਤੋਂ ਦੋ ਸਾਲ ਵੱਡਾ ਭਰਾ ਘਰ ਦੀ ਗਰੀਬੀ ਤੋਂ ਤੰਗ ਆ ਨਸ਼ੇ ਵਾਲੀਆਂ ਗੋਲ਼ੀਆਂ ਖਾਣ ਲੱਗ ਪਿਆ ਸੀ। ਅਜੇ ਅਠਾਰਾਂ ਕੁ ਵਰਿਆਂ ਦਾ ਸੀ ਕਿ ਇੱਕ ਦਿਨ ਪਿੰਡ ਦੇ ਸੂਏ ਤੇ ਕਿਸੇ ਨੇ ਮਰਿਆ ਵੇਖਿਆ। ਮੇਰੇ ਤੋਂ ਜੋ ਛੇ ਸਾਲ ਛੋਟਾ ਹੈ ਉਹ ਅਜੇ ਪੜ੍ਹਦਾ ਏ ਤੇ ਦੋ ਭੈਣਾਂ ਨੇ। ਜਦੋਂ ਮੈਂ ਕਨੇਡਾ ਆਈ ਮਸਾਂ ਅਠਾਰਾਂ ਕੁ ਵਰਿਆਂ ਦੀ ਸੀ…”  ਉਸ ਨੇ ਸੌਰੀ ਕਹਿ ਕੇ ਸਿਗਰਟ ਸੁਲਘਾ ਲਈ। ਤੇ ਧੂੰਏ ਦਾ ਛੱਲਾ ਬਾਹਰ ਛੱਡਿਆ।

ਬਾਹਰ ਦਰਖਤਾਂ ਦੇ ਸੰਘਣੇ ਝੁੰਡ ਸਨ। ਬੱਦਲਾਂ ਦੀਆਂ ਡਾਰਾਂ ਦਰਖਤਾਂ ਉੱਪਰੋਂ ਉਡ ਰਹੀਆਂ ਸਨ। ਰੁਮਕਦੀ ਹਵਾ ਤੇ ਚਮਕਦੀ ਧੁੱਪ ਨੇ ਜੱਸੀ ਨੂੰ ਕਾਲਜ ਸਮੇਂ ਦੌਰਾਨ ਹਿਮਾਚਲ ਦੀਆਂ ਘੁੰਮੀਆਂ ਵਾਦੀਆਂ ਯਾਦ ਕਰਵਾ ਦਿੱਤੀਆਂ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਨਾਲ ਬੈਠੀ ਲੜਕੀ ਨੂੰ ਉਹ ਕਰਮਜੀਤ ਕਹੇ ਜਾਂ ਕੈਂਡਲ। ਜੋ ਅਜੇ ਵੀ ਧੂੰਏ ਦੇ ਸੰਘਣੇ ਛੱਲੇ ਹਵਾ ਵਿੱਚ ਉਡਾ ਰਹੀ ਸੀ। ਪਤਝੜ ਦਾ ਮੌਸਮ ਬਰੂਹਾਂ ਤੇ ਹੋਣ ਕਾਰਨ ਦਰਖਤਾਂ ਨੇ ਪੱਤਿਆਂ ਦੇ ਰੰਗ ਬਦਲਣੇ ਸ਼ੁਰੂ ਕਰ ਦਿੱਤੇ ਸਨ। ਜੋ ਅੱਜ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ।

ਕੈਂਡਲ ਵੀ ਸ਼ਾਇਦ ਸੋਚ ਰਹੀ ਹੋਵੇ ਕਿ ਜੇ ਕਦੇ ਅਜਿਹੇ ਮੌਸਮ ਵਿੱਚ ਉਹ ਆਪਣੇ ਸੁਪਨਿਆਂ ‘ਚ ਸਿਰਜੇ ਹਸਬੈਂਡ ਜਾਂ ਬੁਆਏ ਫਰੈਂਡ ਨਾਲ ਆਉਂਦੀ। ਜੱਸੀ ਤਾਂ ਉਸ ਦਾ ਕੁੱਝ ਵੀ ਨਹੀਂ ਸੀ ਲੱਗਦਾ। ਉਸਦਾ ਇੱਕ ਗਾਹਕ ਸੀ ਆਮ ਗਾਹਕਾਂ ਵਰਗਾ ਹੀ। ਫੇਰ ਉਹ ਇਸ ਦੇ ਏਨੀ ਨੇੜੇ ਕਿਵੇਂ ਹੋ ਗਈ ਸੀ, ਕਿ ਉਸ ਨਾਲ ਲੌਂਗ ਡਰਾਈਵ ਤੇ ਵੀ ਨਿੱਕਲ ਆਈ ਸੀ। ਕਹਿੰਦੇ ਕਹਾਉਂਦੇ ਲੋਕ ਉਸ ਨੂੰ ਭੋਗਣਾ ਤਾਂ ਹਰ ਰੋਜ ਚਾਹੁੰਦੇ ਸਨ ਪਰ ਵਿਆਹ ਕਰਵਾਕੇ ਆਪਣੀ ਬਣਾਉਣ ਲਈ ਕੋਈ ਵੀ ਤਿਆਰ ਨਹੀਂ ਸੀ।

ਸੋਚਾਂ ਵਿੱਚ ਡੁੱਬੀ ਕੈਂਡਲ ਨੂੰ ਵੇਖ ਜੱਸੀ ਬੋਲਿਆ ”ਕਿਤੇ ਕੌਫੀ ਪੀਈਏ ਔਹ ਵੇਖ ਸਾਹਮਣੇ ਰੈਸਟੋਰੈਂਟ”। ਉਸ ਨੇ ਇਸ਼ਾਰਾ ਕੀਤਾ।

ਨਾਲ ਹੀ ਇੱਕ ਖੂਬਸੂਰਤ ਪਾਰਕ ਸੀ ਜਿਸ ਦੇ ਨਾਲ ਇੱਕ ਕਰੀਕ ਵਗਦੀ ਸੀ। ਪਾਰਕ ਵਿੱਚ ਅਨੇਕਾਂ ਸੁੰਦਰ ਕਿਸਮ ਦੇ ਫੁੱਲ ਖਿੜੇ ਹੋਏ ਸਨ। ਜਿਵੇਂ ਕਸ਼ਮੀਰ ਦੀ ਕੋਈ ਵਾਦੀ ਹੋਵੇ।ਕਸ਼ਮੀਰ ਤਾਂ ਉਹ ਕਦੇ ਜਾ ਹੀ ਨਹੀਂ ਸੀ ਸਕਿਆ। ਉੱਧਰ ਬੰਬ ਬੰਦੂਕਾਂ ਦੇ ਮਹੌਲ ਨੇ ਕਦੀ ਮੂੰਹ ਹੀ ਨਹੀਂ ਸੀ ਕਰਨ ਦਿੱਤਾ। ਤੇ ਫੇਰ ਬੇਰੁਜਗਾਰੀ ਦਾ ਝੰਬਿਆ ਉਹ ਪਰਿਵਾਰ ਸਮੇਤ ਵੱਡੇ ਭਰਾ ਸਪੌਂਸਰ ਕੀਤਾ ਕਨੇਡਾ ਆ ਗਿਆ ਸੀ। ਉਨ੍ਹਾਂ ਕਾਰ ਪਾਰਕ ਕੀਤੀ ਤੇ ਰੈਸਟੋਰੈਂਟ ਤੋਂ ਕੌਫੀ ਲੈ ਕੇ ਪਾਰਕ ਵਿੱਚ ਬਣੇ ਇੱਕ ਬੈਂਚ ਤੇ ਜਾ ਬੈਠੇ। ਜੱਸੀ ਨੇ ਸੁਅਲ ਦਾਗ ਦਿੱਤਾ ”ਫੇਰ ਕਰਮਜੀਤ ਤੋਂ ਕੈਂਡਲ ਕਿਵੇਂ ਬਣ ਗਈ?”

”ਮੈਂ ਇਸ ਧੰਦੇ ਵਿੱਚ ਕਿਤੇ ਇਕੱਲੀ ਹਾਂ…। ਕਦੇ ਟੋਰਾਂਟੋ ਸਨ ‘ਚ ਅਲਡਟ ਐਂਟਰਟੇਨਮੈਂਟ ਦੇ ਕਾਲਮ ਪੜ੍ਹ ਕੇ ਨਹੀਂ ਵੇਖੇ। ਕਿੰਨੀਆਂ ਏਸ਼ੀਅਨ ਖਾਸ ਕਰਕੇ ਪੰਜਾਬੀ ਕੁੜੀਆਂ ਦੇ ਇਸ਼ਤਿਹਾਰ ਲੱਗਦੇ ਨੇ ਉਹ ਸਾਰੀਆਂ ਨੇ ਵੀ ਨਾਂ ਹੀ ਬਦਲੇ ਹੋਏ ਨੇ। ਹਰ ਕੁੜੀ ਦੇ ਪਿੱਛੇ ਕੋਈ ਨਾ ਕੋਈ ਦੁੱਖ ਭਰੀ ਕਹਾਣੀ ਹੈ। ਏਸੇ ਤਰ੍ਹਾਂ ਦੀ ਮੇਰੀ ਵੀ ਇੱਕ ਕਹਾਣੀ ਹੈ।” ਉਸ ਨੇ ਇੱਕ ਹੋਰ ਸਿਗਰਟ ਸੁਲਘਾ ਲਈ।

”ਮੈਂ ਵੀ ਸਧਾਰਨ ਜਿਹੀ ਪੇਂਡੂ ਕੁੜੀ ਸੀ ਤੇ ਬੀ ਏ ਪਾਰਟ ਦੂਜਾ ਦੀ ਸਟੂਡੈਂਟ। ਪਿਉ ਮੇਰਾ ਗਰੀਬ ਸੀ ਦੋ ਕਿੱਲੇ ਜ਼ਮੀਨ ਦਾ ਮਾਲਕ। ਛੋਟਾ ਭਰਾ ਗੋਲੀਆਂ ਖਾਣ ਲੱਗ ਪਿਆ ਤੇ ਇੱਕ ਦਿਨ ਆਪਣੀ ਜਾਨ ਗੁਆ ਬੈਠਾ। ਮੇਰੇ ਪਿਉ ਦੀ ਹਾਲਤ ਹੋਰ ਵੀ ਤਰਸਯੋਗ ਹੋ ਗਈ। ਪੰਜਾਬ ‘ਚ ਉਦਾਂ ਵੀ ਕੰਮ ਧੰਦਾ ਛੱਡ ਕੇ ਹਰ ਬੰਦਾ ਬਾਹਰਲੇ ਮੁਲਕ ਜਾਣ ਲਈ ਅਟੈਚੀ ਬੰਨ੍ਹੀ ਬੈਠਾ ਹੈ। ਅਗਰ ਕਿਸੇ ਮੇਰੇ ਵਰਗੀ ਦੀ ਬਲੀ ਦੇਕੇ ਇਹ ਕੰਮ ਹੋ ਸਕਦਾ ਹੋਵੇ ਤਾਂ ਵੀ ਲੋਕ ਸਭ ਤੋਂ ਮੂਹਰੇ ਹੁੰਦੇ ਨੇ। ਬਾਕੀ ਕੁੜੀਆਂ ਵਾਂਗ ਮੈਂ ਵੀ ਪੌੜੀ ਬਣ ਗਈ। ਆਪਣੇ ਘਰ ਦੀ ਬੁੱਝ ਰਹੀ ਰੌਸ਼ਨੀ ਨੂੰ ਫੇਰ ਤੋਂ ਜਗਾਉਣ ਲਈ।”

‘ਵੈਸੇ ਮੇਰਾ ਪਿਉ ਹੋਰ ਕਰਦਾ ਵੀ ਕੀ? ਤਿੰਨ ਕੁੜੀਆਂ ਵਿਆਹਉਣ ਲਈ ਐਨਾ ਕਰਜਾ ਕਿਵੇਂ ਤੇ ੱਿਕਥੋਂ ਚੁੱਕਦਾ।ਤੇ ਚੁੱਕ ਵੀ ਲੈਂਦਾ ਤਾਂ ਇੱਕ ਦਿਨ ਉਸ ਨੇ ਵੀ ਅਖਬਾਰ ਦੀ ਖਬਰ ਬਣ ਜਾਣਾ ਸੀ ਕਿ ਇੱਕ ਹੋਰ ਕਰਜਈ ਕਿਸਾਨ ਵਲੋਂ ਖੁਦਕਸ਼ੀ।ਕਿਸੇ ਨੂੰ ਤਾਂ ਮਰਨਾ ਪੈਣਾ ਹੀ ਸੀ।ਬੱਸ ਕਰਮਜੀਤ ਮਰ ਗਈ।”

ਮੈਂ ਕਾਲਜ ਦੀ ਗਿੱਧੇ ਦੀ ਟੀਮ ਵਿੱਚ ਸੀ। ਸੋਹਣਾ ਨੱਚ ਲੈਂਦੀ ਸੀ। ਮੇਰੇ ਪਾਪਾ ਦੇ ਮਾਮੇ ਦਾ ਪੋਤਾ ਏਜੰਟੀ ਕਰਦਾ ਸੀ। ਜਲੰਧਰ ਇੱਕ ਵਾਰ ਉਸ ਦੀ ਮੇਰੇ ਤੇ ਨਜ਼ਰ ਪੈ ਗਈ। ਬੱਸ ਪਾਪਾ ਦੇ ਮਗਰ ਹੀ ਪੈ ਗਿਆ ਕਿ ‘ਕੁੜੀ ਨੂੰ ਬਾਹਰ ਭੇਜ ਦਵੋ ਸਾਰਾ ਕੁੱਝ ਮੈ ਕਰਾਂਗਾ’। ਪਾਪਾ ਤਾਂ ਚਾਹੁੰਦੇ ਹੀ ਸਨ।

ਉਹ ਕਾਗਜ਼ ਪੱਤਰ ਬਣਾਉਣ ਦੇ ਬਹਾਨੇ ਮੈਨੂੰ ਕਦੇ ਚੰਡੀਗੜ ਤੇ ਕਦੀ ਦਿੱਲੀ ਲਈ ਫਿਰਦਾ ਰਿਹਾ। ਏਹੋ ਆਖਦਾ ‘ਜੋ ਮੈਂ ਕਹਾਂਗਾ ਤੈਨੂੰ ਸਾਰਾ ਕੁੱਝ ਕਰਨਾ ਪਊ।’ ਕੰਮ ਬਣ ਜਾਵੇਗਾ। ਉਸ ਹਰਾਮ ਦੇ ਨੇ ਮੇਰਾ ਜਿਸਮ ਹੀ ਨਹੀਂ ਨੋਚਿਆ ਸਾਡੀ ਦੋ ਏਕੜ ਜ਼ਮੀਨ ਵਿਕਵਾ ਕੇ ਪੈਸੇ ਵੀ ਹੜੱਪ ਗਿਆ।

ਉਹ ਤਾਂ ਜਦੋਂ ਮੈਂ ਸਿੱਧੀ ਹੋ ਗਈ ਕੇ ਜੇ ਹੁਣ ਵੀ ਮੈਨੂੰ ਨਾ ਭੇਜਿਆ ਤਾਂ ਤੇਰਾ ਸਾਰਾ ਚਿੱਠਾ ਤੇਰੀ ਪਤਨੀ ਤੇ ਪੁਲਿਸ ਅੱਗੇ ਖੋਹਲ ਦਵਾਂਗੀ ਤਾਂ ਉਸ ਨੇ ਕਿਤੇ ਮੈਨੂੰ ਡਾਂਸਰ ਬਣਾ ਕੇ ਇੱਕ ਗਾਇਕ ਨਾਲ ਭੇਜਿਆ। ਇਹ ਗਾਇਕ ਵੀ ਕਬੂਤਰ ਬਾਜੀ ਵਿੱਚ ਬਾਕੀਆਂ ਦੀ ਤਰ੍ਹਾਂ ਹੀ ਸਰਗਰਮ ਸੀ। ਜੋ ਕਈ ਰਾਜਨੀਤਕਾਂ ਲੀਡਰਾ ਦੇ ਬੰਦੇ ਕੱਢ ਕੇ ਚੰਗੇ ਪੈਸੇ ਬਣਾ ਚੁੱਕਾ ਸੀ। ਫੇਰ ਮੈਂ ਉਸ ਗਾਇਕ ਲਈ ਢਾਬੇ ਦੀ ਤੁੜਕੀ ਹੋਈ ਦਾਲ਼ ਬਣ ਗਈ। ਪਹਿਲਾਂ ਇਹ ਮੈਨੂੰ ਅਮਰੀਕਾ ਲੈ ਗਿਆ ਤੇ ਇੱਕ ਦੋ ਸ਼ੋਅ ਕਰਕੇ ਫੇਰ ਕਨੇਡਾ ਛੱਡ ਗਿਆ।

ਮਾਂਟਰੀਅਲ ਜਿੱਥੇ ਉਹ ਮੈਨੂੰ ਛੱਡ ਕੇ ਗਿਆ ਸੀ ਉਸ ਬੰਦੇ ਦਾ ਰੈਸਟੋਰੈਂਟ ਸੀ। ਉਨ੍ਹਾਂ ਮੈਨੂੰ ਰੋਟੀ ਪਾਣੀ ਅਤੇ ਥੋੜੇ ਕੁ ਪੈਸੇ ਤੇ ਕੰਮ ਦੇ ਦਿੱਤਾ। ਤੇ ਫੇਰ ਮੈਨੂੰ ਇਮੀਗਰੇਸ਼ਨ ਦਾ ਡਰ ਦੇਕੇ ਮੇਰੀ ਇੱਜਤ ਲੁੱਟਦੇ ਰਹੇ। ਪਹਿਲਾਂ ਆਪ ਤੇ ਫੇਰ ਉਨ੍ਹਾਂ ਦੇ ਦੋਸਤ ਮਿੱਤਰ। ਮੈਂ ਪਿੱਛੇ ਤਾਂ ਮੁੜ ਨਹੀਂ ਸੀ ਸਕਦੀ। ਮਾਂ ਪਿਉ ਭੈਣ ਭਰਾ ਸਭ ਮੇਰੇ ਤੇ ਆਸਾਂ ਲਾਈ ਬੈਠੇ ਸਨ, ਮਰ ਵੀ ਨਹੀਂ ਸੀ ਸਕਦੀ। ਇਹ ਡਾਂਸ ਵੀ ਸਭ ਤੋਂ ਪਹਿਲਾਂ ਉਨ੍ਹਾਂ ਮੈਨੂੰ ਆਪਣੇ ਲਈ ਤੇ ਕੁੱਝ ਦੋਸਤਾਂ ਲਈ ਬੇਸਮੈਂਟ ਵਿੱਚ ਕਰਨ ਲਈ ਮਜ਼ਬੂਰ ਕੀਤਾ ਸੀ। ਤੇ ਫੇਰ ਇਸ ਸਿਲਸਲਾ ਰੋਜ ਹੀ ਚੱਲ ਪਿਆ। ਦਰਅਸਲ ਉਹ ਡਰੱਗ ਦਾ ਧੰਦਾ ਕਰਦੇ ਸਨ। ਪੁਲਿਸ ਤੇ ਵੱਡੇ ਲੋਕ ਵਕੀਲ ਜੱਜ ਸਭ ਉਨ੍ਹਾਂ ਤੋਂ ਡਰਦੇ ਸਨ।

ਫੇਰ ਉਨ੍ਹਾਂ ਮੈਨੂੰ ਪੱਕੀ ਕਰਵਾਉਣ ਲਈ ਮੇਰਾ ਵਿਆਹ ਇੱਕ ਪੰਜਾਹ ਸਾਲ ਦੇ ਬੰਦੇ ਨਾਲ ਕਰਵਾ ਦਿੱਤਾ। ਮੈਂ ਪੱਕੀ ਤਾਂ ਹੋ ਗਈ ਪਰ ਉਹ ਮੈਂਨੂੰ ਬਹੁਤ ਕੁੱਟਿਆ ਮਾਰਿਆ ਕਰੇ। ਉਹ ਪਹਿਲਾਂ ਵੀ ਤਲਾਕ ਸ਼ੁਦਾ ਸੀ। ਰੈਸਟੋਰੈਂਟ ਦਾ ਪਿਛੋਕੜ ਜਾਨਣ ਤੇ ਉਸ ਨੇ ਮੈਨੂੰ ਧੰਦਾ ਕਰਨ ਲਈ ਮਜ਼ਬੂਰ ਕੀਤਾ। ਉੱਥੋਂ ਭੱਜ ਕੇ ਮੈਂ ਆਪਣੇ ਇੱਕ ਰਿਸ਼ਤੇਦਾਰ ਮਾਸੀ ਮਾਸੜ ਕੋਲ ਚਲੀ ਗਈ। ਪਹਿਲਾਂ ਤਾਂ ਉਨ੍ਹਾਂ ਮੈਨੂੰ ਪਛਾਨਣੋਂ ਹੀ ਇਨਕਾਰ ਕਰ ਦਿੱਤਾ ਫੇਰ ਪਤਾ ਨਹੀਂ ਕੀ ਸੋਚ ਕੇ ਰੱਖ ਲਿਆ। ਉਹ ਮੇਰੇ ਮਾਸੀ ਮਾਸੜ ਲੱਗਦੇ ਤਾਂ ਸੀ ਪਰ ਦੂਰੋਂ।

ਇੱਕ ਦਿਨ ਮਾਸੀ ਕੰਮ ਤੇ ਸੀ ਤਾਂ ਮਾਸੜ ਨੇ ਮੈਨੂੰ ਹੱਥ ਪਾ ਲਿਆ। ਮੈਂ ਮਾਸੀ ਨੂੰ ਦੱਸਿਆ। ਉਹ ਕਹਿੰਦੀ ਮੈਂ ਜਾਣ ਕੇ ਉਨਾਂ ਨੂੰ ਬਲੈਕ ਮੇਲ ਕਰਦੀ ਹਾਂ। ਮੈਂ ਉਥੋਂ ਵੀ ਭੱਜ ਕੇ ਆ ਗਈ।
ਫੇਰ ਮੈਂ ਸੋਚਣ ਲੱਗੀ ਕਿ ਮੈਂ ਹੁਣ ਇਕੱਲੀ ਰਹਾਂਗੀ। ਨਾਲੇ ਮੈਨੂੰ ਹੁਣ ਕਿਸ ਚੀਜ ਦਾ ਡਰ ਹੈ। ਮੈਂ ਤਾਂ ਪਹਿਲਾਂ ਹੀ ਬਥੇਰੀ ਲੁੱਟੀ ਗਈ ਸੀ। ਮੈਂ ਮਾਂਟਰੀਅਲ ਤੋਂ ਟੋਰਾਂਟੋ ਆ ਗਈ। ਪਰ ਕੰਮ ਕਿਤੇ ਵੀ ਨਾ ਮਿਲੇ। ਜਿਸ ਕੋਲ ਰਹਿੰਦੀ ਸੀ ਉਸ ਨੂੰ ਕਰਾਇਆ ਵੀ ਤਾਂ ਦੇਣਾ ਸੀ।

ਪਾਪਾ ਦਾ ਹਰ ਹਫਤੇ ਫੋਨ ਆੳਂਦਾ ਕਿ ਪੈਸੇ ਭੇਜ। ਫੇਰ ਮੈਂ ਮਾਂਟਰੀਅਲ ਰੈਸਟੋਰੈਂਟ ਵਾਲੇ ਜੱਗੇ ਭਾਜੀ ਨੂੰ ਫੋਨ ਕੀਤਾ ਤੇ ਉਨ੍ਹਾਂ ਹੀ ਕਹਿ ਕੇ ਮੈਨੂੰ ਵੁੱਡਬਰਿੱਜ ਦੇ ਇੱਕ ਮਸਾਜ ਪਾਰਲਲ ਤੇ ਲਗਾ ਦਿੱਤਾ। ਇਹ ਅਡਲਟ ਪਾਰਲਲ ਸੀ। ਇੱਥੋਂ ਕਸਟਮਰਾਂ ਨਾਲ ਬਾਹਰ ਵੀ ਜਾਣਾ ਪੈਂਦਾ ਸੀ। ਮੈਂ ਸੋਚਿਆ ਜੇ ਹੁਣ ਨੱਚਣਾ ਹੀ ਐ ਤਾਂ ਸ਼ਰਮ ਕਾਹਦੀ। ਕੰਮ ਤਾਂ ਕੰਮ ਹੀ ਹੈ। ਸ਼ਰਾਫਤ ਦੀਆਂ ਗੱਲਾਂ ਕਰਨ ਵਾਲੇ ਬਹੁਤੇ ਮਕਾਰ ਹੀ ਹੁੰਦੇ ਨੇ ਜਦੋਂ ਵਕਤ ਮਿਲ ਜਾਵੇ ਘੱਟ ਉਹ ਵੀ ਨਹੀਂ ਗੁਜਾਰਦੇ। ਦੁਨੀਆਂ ਵਿੱਚ ਕੋਈ ਕਿਸੇ ਦਾ ਸਕਾ ਨਹੀਂ।” ਉਸ ਦੀਆਂ ਅੱਖਾਂ ‘ਚੋਂ ਅੰਗਿਆਰ ਵਰੵ ਰਹੇ ਸਨ।

ਉੱਥੋਂ ਉਸੇ ਹੀ ਕੰਪਨੀ ਨਾਲ ਏਅਰਪੋਰਟ ਸਟਰਿੱਪ ਤੇ ਕੰਮ ਮਿਲ ਗਿਆ। ਤੇ ਥੋਨੂੰ ਮਿਲ ਪਈ। ਬੱਸ ਐਨੀ ਕੁ ਮੇਰੀ ਕਹਾਣੀ ਹੈ। ਹਾਂ ਹੁਣ ਮੈਂ ਪੈਸੇ ਬਹੁਤ ਬਣਾਏ ਨੇ। ਪਾਪਾ ਨੂੰ ਦੋ ਏਕੜ ਜ਼ਮੀਨ ਵੀ ਲੈ ਦਿੱਤੀ ਆ। ਦੋ ਚਾਰ ਲੱਖ ਹੋਰ ਵੀ ਭੇਜ ਦਿੱਤਾ। ਪਾਪਾ ਰਿਸ਼ਤੇਦਾਰਾਂ ਕੋਲ ਕਹਿੰਦੇ ਨੇ ”ਕੰਮੀ ਮੇਰੀ ਧੀ ਨਹੀਂ ਮੇਰਾ ਪੁੱਤ ਹੈ। ਪਰ ਉਹ ਮੈਨੂੰ ਮੋਮਬੱਤੀ ਵਾਂਗੂੰ ਮੱਚਦੀ ਪਿਘਲਦੀ ਨੂੰ ਤਾਂ ਨਹੀਂ ਵੇਖ ਸਕਦੇ ਨਾ” ਕੈਂਡਲ ਰੋ ਰਹੀ ਸੀ। ਜਿਵੇਂ ਮੱਚ ਰਹੀ ਹੋਵੇ ਤੇ ਮੋਮ ਢਲ ਰਿਹਾ ਹੋਵੇ।

ਬਾਅਦ ਵਿੱਚ ਕੈਂਡਲ ਤੇ ਜੱਸੀ ਨੇ ਇੱਕ ਰੈਸਟੋਰੈਂਟ ਵਿੱਚ ਖਾਣਾ ਵੀ ਖਾਧਾ। ਉਹ ਜਿਆਦਾ ਚੁੱਪ ਹੀ ਰਹੀ। ਉਸ ਨੂੰ ਪਤਾ ਨਹੀਂ ਕਿਉਂ ਲੱਗਦਾ ਸੀ ਕਿ ਜੱਸੀ ਉਸ ਨੂੰ ਕਿਸੇ ਹੋਟਲ ਦੇ ਕਮਰੇ ਵਿੱਚ ਆਪਣੀ ਹਵਸ ਪੂਰਤੀ ਲਈ ਲੈ ਜਾਵੇਗਾ। ਪਰ ਜੱਸੀ ਅਜਿਹਾ ਨਾ ਕਰ ਸਕਿਆ।

ਜੱਸੀ ਨੂੰ ਤਾਂ ਆਪਣੇ ਪੰਜਾਬ ਦੀ ਯਾਦ ਆਈ ਸੀ ਤੇ ਜਿਸਮ ਨੂੰ ਕੰਬਣੀ ਜਿਹੀ ਛਿੜੀ ਸੀ। ੱਿਜਥੇ ਕੁੜੀਆਂ ਦਾ ਵਿਉਪਾਰ ਕਰ ਰਹੇ ਉਨਾਂ ਦੇ ਆਪਣੇ ਹੀ ਸਕੇ ਸਬੰਧੀ। ਕੰਜ ਕੁਆਰੀਆਂ ਨੂੰ ਪੌੜੀਆਂ ਬਣਾ ਕੇ ਬਾਹਰ ਭੇਜਣ ਵਾਲੇ ਲਾਲਚੀ ਮਾਪੇ। ਧੀਆਂ ਦੇ ਮਾਸ ਦੀਆਂ ਬੋਟੀਆਂ ਨੂੰ ਵਹਿਸ਼ੀ ਬਘਿਆੜਾਂ ਅੱਗੇ ਪਰੋਸਣ ਵਾਲੇ। ਬਾਹਰ ਭੇਜਣ ਲਈ ਏਜੰਟਾਂ ਮਨਿਸਟਰਾਂ ਨਾਲ ਧੀਆਂ ਨੂੰ ਸਲਾਉਣ ਵਾਲੇ ਲੋਕ। ਸਕੀ ਭੈਣ ਨੂੰ ਪਤਨੀ ਸਿੱਧ ਕਰਨ ਲਈ ਉਸ ਨਾਲ ਸੁਹਾਗ ਰਾਤ ਤੱਕ ਮਨਾਉਣ ਵਾਲੇ ਲੋਕ। ਮੈਰਿਜ਼ ਪੈਲਿਸਾਂ ਵਿੱਚ ਧਾਰਮਿਕ ਗਰੰਥਾਂ ਅੱਗੇ ਹੋ ਰਹੇ ਝੂਠੇ ਵਿਆਹ ਤੇ ਝੂਠੀਆਂ ਕਸਮਾਂ ਖਾਣ ਵਾਲੇ ਲੋਕ। ਹੱਦ ਦਰਜੇ ਦੇ ਸੁਆਰਥੀ, ਕਮੀਨੇ, ਦੰਭੀ ਤੇ ਧਰਮ ਦਾ ਵਿਖਾਵਾ ਕਰਨ ਵਾਲੇ ਲੋਕ। ਇਹ ਕਿਸੇ ਇੱਕ ਕਰਮਜੀਤ ਦੀ ਕਹਾਣੀ ਨਹੀਂ ਸੀ ਇਹੋ ਜਿਹੀਆਂ ਹਿਰਨੀਆਂ ਤਾਂ ਮੈਰਿਜ਼ ਪੈਲਿਸਾਂ ਵਿੱਚ ਰੋਜ ਜਿਬਾਹ ਹੁੰਦੀਆਂ ਸਨ। ਹਰ ਤੀਸਰੀ ਪੰਜਾਬਣ ਮੁਟਿਆਰ ਦੀ ਏਹੋ ਕਹਾਣੀ ਸੀ। ਪਰ ਤਾਂ ਵੀ ਪੰਜਾਬੀ ਗਾਇਕ ਪੰਜਾਬੀਆਂ ਅਤੇ ਜੱਟਾਂ ਦੇ ਕਿੱਲ੍ਹ ਕਿੱਲ੍ਹ ਕੇ ਕਸੀਦੇ ਗਾਉਂਦੇ।

ਬਿਦੇਸ਼ ਭੇਜਣ ਲਈ ਕੁੜੀਆਂ ਨੂੰ ਕੰਜਰੀਆਂ ਬਣਾਉਣ ਵਾਲੇ। ਇਨ੍ਹਾਂ ਕੰਜਰੀਆਂ ਦੇ ਤਾਂ ਪੈਰਾਂ ਵਰਗੇ ਵੀ ਨਹੀਂ ਸਨ। ਜੋ ਦਿਨੇ ਉਪਦੇਸ਼ ਕਰਦੇ ਤੇ ਰਾਤ ਨੂੰ ਨੰਗੇ ਜਿਸਮਾਂ ਦੀ ਲਾਟ ਵਿੱਚ ਮੱਚਣਾ ਚਾਹੁੰਦੇ। ਪੌੜੀ ਵਜੋਂ ਵਰਤੀਆਂ ਗਈਆਂ ਇਹ ਕੁੜੀਆਂ ਆਪਣਾ ਤਨ ਮਨ ਬਾਲ ਭੈਣਾਂ ਭਰਾਵਾਂ ਦਾ ਜੀਵਨ ਰੌਸ਼ਨ ਕਰਦੀਆਂ। ਉਨ੍ਹਾਂ ਵਿੱਚੋਂ ਹੀ ਜੱਸੀ ਦੇ ਸਾਹਮਣੇ ਇੱਕ ਮੋਮਬੱਤੀ ਜਲ ਰਹੀ ਸੀ ਜਿਸ ਦਾ ਨਾਂ ਹੁਣ ਕੈਂਡਲ ਸੀ।

ਪੰਜਾਬ ਤਾਂ ਹੁਣ ਇਨਾਂ ਮੋਮਬੱਤੀਆਂ ਨੂੰ ਵੀ ਮਸਲ ਦੇਣਾ ਚਾਹੁੰਦਾ ਸੀ। ਇੱਕ ਹਜ਼ਾਰ ਬੰਦਿਆਂ ਪਿੱਛੇ ਸੱਤ ਸੌਂ ਪੈਂਹਟ ਕੁੜੀਆਂ। ਅਖਬਾਰਾਂ ਦੇ ਅੰਕੜੇ ਬੋਲਦੇ। ਇੱਕ ਹੋਰ ਸੁਰਖੀ ‘ਕੁੜੀ ਮਾਰਾਂ ਦਾ ਸੂਬਾ ਪੰਜਾਬ। ਜਦੋਂ ਭਰੂਣ ਹੱਤਿਆਂ ਨਹੀਂ ਸੀ ਕਰਦੇ ਤਾਂ ਜੰਮਦੀ ਨੂੰ ਹੀ ਮਾਰ ਦਿੰਦੇ ਸੀ। ਜੇ ਫੇਰ ਬਚ ਗਈ ਤਾਂ ਉਸਦੇ ਪੜ੍ਹਾਈ ਲਿਖਾਈ ਦੇ ਸਾਰੇ ਹੱਕ ਖੋਹ, ਜ਼ਮੀਨ ਜਾਇਦਾਦ ਤੋਂ ਬੇਦਖਲ ਕਰ ਜੀਂਦੀ ਨੂੰ ਹੀ ਮਾਰ ਦਿੰਦੇ। ਬਚੀ ਖੁਚੀ ਕਸਰ ਉਸ ਦੇ ਵਿਆਹ ਵੇਲੇ ਪੂਰੀ ਕਰ ਲੈਂਦੇ। ਸੋਚਦੇ ਕਿ ‘ਜੇ ਇੱਕ ਨੂੰ ਖੂਹ ‘ਚ ਧੱਕਾ ਦੇਣ ਨਾਲ ਸਾਰਾ ਟੱਬਰ ਤਰਦਾ ਹੈ ਤਾਂ ਕੀ ਫਰਕ ਪੈਂਦਾ ਹੈ। ਪੰਜਾਬੋਂ ਧੱਕੀਆਂ ਗਈਆਂ ਇਨਾਂ ਹੀ ਕੁੜੀਆਂ ‘ਚੋਂ ਕਈ ਮੋਮਬੱਤੀਆਂ ਰਾਤਾਂ ਨੂੰ ਜਗਦੀਆਂ। ਮੀਟ ਦੀਆਂ ਦੁਕਾਨਾਂ ਵਾਂਗੂੰ ਅੱਜ ਕੱਲ ਸ਼ਹਿਰ ਵਿੱਚ ਮੈਰਿਜ ਬਿਊਰੋ ਵੀ ਬਹੁਤ ਖੁੱਲ ਰਹੇ ਸਨ। ਰਿਸ਼ਤੇ ਰੋਜ ਖਰੀਦੇ ਵੇਚੇ ਤੇ ਵੱਟੇ ਜਾਂਦੇ। ਉਧਰੋਂ ਮੁੱੰਡੇ ਕੁੜੀਆਂ ਕੱਢਣ ਲਈ ਵੱਟੇ ਸੱਟੇ ਹੁੰਦੇ। ਕਈ ਕਹਿੰਦੇ ਮੈਂ ਤੇਰੀ ਭੈਣ ਰੱਖ ਲੈਂਦਾ ਹਾਂ ਤੂੰ ਮੇਰੀ ਰੱਖ ਲੈ। ਮੈਂ ਵੀ ਕਮੀਨਾ ਤੂੰ ਵੀ ਕਮੀਨਾ। ਦੋਨੋ ਬਰਾਬਰ।

ਜੱਸੀ ਸੋਚਦਾ ਸੋਚਦਾ ਹੁਣ ਚੁੱਪ ਸੀ। ਕੈਂਡਲ ਨੂੰ ਉਸ ਦੀ ਚੁੱਪ ਚੁਭ ਰਹੀ ਸੀ। ਜੋ ਪਤਾ ਨਹੀਂ ਕਿਹੜੇ ਵਹਿਣੀ ਬਹਿ ਗਿਆ ਸੀ।
ਦੂਜੇ ਪਾਸੇ ਕੈਂਡਲ ਆਪਣੀ ਸੁਸਾਇਟੀ ਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਲੀਡਰਾਂ ਅਤੇ ਧਾਰਮਿਕ ਸਖਸ਼ੀਅਤਾਂ ਦੇ ਨੰਗ ਨੂੰ ਇਨ੍ਹਾਂ ਕੁੜੀਆਂ ਤੋਂ ਵੱਧ ਹੋਰ ਜਾਣ ਵੀ ਕੌਣ ਸਕਦਾ ਹੈ। ਅਨੇਕਾਂ ਨਾਮਵਰ ਸਖਸ਼ੀਅਤਾਂ ਨੂੰ ਉਹ ਸੈਸ਼ਨ ਦੇ ਚੁੱਕੀ ਸੀ।
ਜੱਸੀ ਉਸ ਨੂੰ ਕੁੱਝ ਵੱਖਰਾ ਵੱਖਰਾ ਲੱਗਦਾ ਸੀ। ਉਹ ਉਸ ਨਾਲ ਕੋਈ ਤੰਦ ਜੋੜਨਾ ਚਾਹੁੰਦੀ ਸੀ।
ਜਕਦੀ ਜਕਦੀ ਕੈਂਡਲ ਬੋਲੀ ”ਵੈਸੇ ਮੇਰਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਚੁੱਕਾ ਹੈ। ਮੇਰੇ ਪਿਉ ਨੂੰ ਢੇਰ ਸਾਰੇ ਪੈਸੇ ਚਾਹੀਦੇ ਨੇ ਤੇ ਭੈਣਾਂ ਭਰਾਵਾਂ ਨੂੰ ਕਨੇਡਾ ਚੰਗਾ ਲੱਗਦਾ ਹੈ। ਤੈਨੂੰ ਵੀ ਬਾਕੀ ਲੋਕਾਂ ਵਾਂਗ ਸ਼ਾਇਦ ਮੇਰਾ ਜਿਸਮ ਹੀ ਚਾਹੀਦਾ ਹੋਊ। ਪਰ ਤੂੰ ਤਾਂ ਮੇਰੇ ਵਲ ਧਿਆਨ ਹੀ ਨਹੀਂ ਦਿੰਦਾ?”

”ਕੈਂਡਲ! ਤੇਰੀ ਕਹਾਣੀ ਸੁਣ ਕੇ ਮੈਂ ਹਿੱਲ ਗਿਆ ਹਾਂ। ਪਹਿਲੀ ਵਾਰੀ ਮੈਂ ਕਿਸੇ ਨੂੰ ਧੁਰ ਆਤਮਾ ਤੋਂ ਬੋਲਦੇ ਹੋਏ ਸੁਣਿਆ ਹੈ। ਸ਼ਾਇਦ ਇਹ ਤੇਰੇ ਰੂਹ ਦੀ ਆਵਾਜ਼ ਸੀ। ਮਖੌਟਾ ਰਹਿਤ।” ਜੱਸੀ ਬਲਿਆ।
”ਲੋਕ ਸ਼ਾਇਦ ਇਹ ਹੀ ਸੋਚਦੇ ਨੇ ਕਿ ਸੈਕਸ ਵਰਕਰ ਕੋਲ ਸਿਰਫ ਜਿਸਮ ਹੀ ਹੁੰਦੈ ਰੂਹ ਤਾਂ ਹੁੰਦੀ ਨੀ। ਮੇਰੀ ਰੂਹ ਅਜੇ ਵੀ ਕੰਜਕ ਹੈ ਉਹ ਕਿਸੇ ਨੂੰ ਵੀ ਨਹੀਂ ਚਾਹੀਦੀ।” ਕੈਂਡਲ ਹੱਸੀ।
ਜੱਸੀ ਨੇ ਉਸ ਵਲ ਵੇਖਿਆ।ਉਸ ਨੂੰ ਕੈਂਡਲ ਇੱਕ ਪਾਕ ਪਵਿੱਤਰ ਕੁੜੀ ਨਜ਼ਰ ਆਈ।

”ਆਪਾਂ ਦੋਨੋ ਦੋਸਤ ਬਣ ਜਾਈਏ” ਜੱਸੀ ਨੇ ਪੁੱਛਿਆ।
”ਹਾਂ ਕਿਉਂ ਨਹੀਂ…”। ਉਹ ਉੱਛਲ ਪਈ।

ਮੈਂ ਵੀ ਮਨ ਨੂੰ ਧਰਵਾਸ ਦੇ ਲਿਆ ਕਰੂੰ ਕਿ ਇਸ ਦੁਨੀਆਂ ਵਿੱਚ ਮੇਰਾ ਵੀ ਕੋਈ ਹੈ ਮੈਨੂੰ ਸੁਣਨ ਵਾਲਾ।”
ਉਸ ਨੇ ਨਜ਼ਰਾਂ ਸਾਹਮਣੇ ਗੱਡ ਲਈਆਂ। ਜਿੱਥੇ ਦਰਖਤਾਂ ਦੇ ਝੁੰਡ ਪਿੱਛੇ ਸੂਰਜ ਛਿਪ ਰਿਹਾ ਸੀ। ਉਹ ਰੋ ਰਹੀ ਸੀ ਜਿਵੇਂ ਜਗ਼ ਰਹੀ ਮੋਮਬੱਤੀ ਦਾ ਮੋਮ ਢਲਦਾ ਹੈ। ਤੇ ਫੇਰ ਹੌਲੀ ਹੌਲੀ ਹਨੇਰਾਂ ‘ਪ੍ਰਾਕਿਰਤੀ’ ਨੂੰ ਅਪਣੇ ਪਰਾਂ ਹੇਠ ਦਬੋਚਣ ਲੱਗਾ।
***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 12 ਅਕਤੂਬਰ 2008)
(ਦੂਜੀ ਵਾਰ 17 ਅਕਤੂਬਰ 2021)

***
448
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ