19 April 2024

ਭਗਤ ਰਵਿਦਾਸ ਜੀ ਦਾ ਜੀਵਨ ਅਤੇ ਬਾਣੀ ਦਾ ਰੂਹਾਨੀ ਸੰਦੇਸ਼—ਜਸਵਿੰਦਰ ਸਿੰਘ “ਰੁਪਾਲ”

ਉਹ ਮਹਾਂਪੁਰਸ਼ ਸਦੀਆਂ ਤੀਕ ਯਾਦ ਕੀਤੇ ਜਾਂਦੇ ਹਨ, ਜਿਹਨਾਂ ਨੇ ਆਪਣੇ ਸਮੇਂ ਦੇ ਝੱਖੜਾਂ ਅਤੇ ਤੂਫਾਨਾਂ ਨੂੰ ਨਾ ਸਿਰਫ ਝੱਲਿਆ ਹੀ, ਸਗੋਂ ਉਹਨਾਂ ਚੋਂ ਵਿਚਰਦੇ ਹੋਏ ਆਪਣੀ ਮਾਨਵਤਾ-ਪੱਖੀ ਸਮਦ੍ਰਿਸ਼ਟੀ ਵਾਲੀ ਸੋਚ ਜਾਗਦੀ ਰੱਖੀ। ਆਪਣੇ ਵੇਲੇ ਦੇ ਸਥਾਪਿਤ ਨਿਜਾਮ ਨੂੰ ਅਤੇ ਹਰ ਇਨਸਾਨੀਅਤ ਦੇ ਦੁਸ਼ਮਣ ਨੂੰ ਵੰਗਾਰਿਆ। ਅਜਿਹੇ ਵਿਅਕਤੀ, ਵਿਅਕਤੀ ਨਾ ਹੋ ਕੇ ਇੱਕ ਦੈਵੀ ਸ਼ਖਸ਼ੀਅਤ ਬਣ ਜਾਂਦੇ ਹਨ। ਉਹਨਾਂ ਨੂੰ ਸਿਰਫ ਧਾਰਮਿਕ ਵਿਅਕਤੀ ਜਾਂ ਉਹਨਾਂ ਦੇ ਸ਼ਰਧਾਲੂ ਹੀ ਯਾਦ ਨਹੀਂ ਕਰਦੇ ਸਗੋਂ ਯੁੱਗਾਂ ਯੁੱਗਾਂ ਤੱਕ ਉਹਨਾਂ ਦੇ ਜਗਾਏ ਦੀਪ ਤੋਂ ਆਉਣ ਵਾਲੀਆਂ ਪੀੜ੍ਹੀਆਂ ਰੋਸ਼ਨੀ ਲੈਂਦੀਆਂ ਰਹਿੰਦੀਆਂ ਹਨ।ਅਜਿਹੇ ਹੀ ਇੱਕ ਸੰਤ-ਇਨਕਲਾਬੀ ਭਗਤ ਰਵਿਦਾਸ ਜੀ ਹੋਏ ਹਨ ਜਿਹਨਾਂ ਦੇ ਜੀਵਨ ਅਤੇ ਬਾਣੀ ਚੋਂ ਕੁਝ ਸੇਧ ਲੈਣ ਦੀ ਕੋਸ਼ਿਸ਼ ਇਸ ਲੇਖ ਰਾਹੀਂ ਕਰ ਰਹੇ ਹਾਂ।

ਭਗਤ ਰਵਿਦਾਸ ਜੀ ਬਾਰੇ ਜਾਣਕਾਰੀ ਉਹਨਾਂ ਦੀਆਂ ਜਨਮ-ਸਾਖੀਆਂ ਵਿਚੋਂ ਮਿਲਦੀ ਹੈ। ਪਰ ਹੋਰ ਜਨਮ-ਸਾਖੀਆਂ ਵਾਂਗ ਹੀ ਇਹਨਾਂ ਅੰਦਰ ਵੀ ਕਰਾਮਾਤੀ ਅੰਸ਼ ਵਧੇਰੇ ਹੈ ਅਤੇ ਸ਼ਰਧਾ ਨਾਲ ਓਤਪੋਤ ਹਨ। ਇੱਕ ਗੱਲ ਜੋ ਸਪਸ਼ਟ ਹੈ ਅਤੇ ਮੰਨਣਯੋਗ ਵੀ, ਉਹ ਇਹ ਕਿ ਰਵਿਦਾਸ ਜੀ ਉਸ ਵੇਲੇ ਦੀ ਕਹੀ ਜਾਂਦੀ ਸ਼ੂਦਰ ਜਾਤੀ ਵਿੱਚ ਪੈਦਾ ਹੋਏ ਜਿਸ ਕਾਰਨ ਉਹ ਬ੍ਰਾਹਮਣਵਾਦੀ ਸਾਜਿਸ਼ਾਂ ਦਾ ਅਤੇ ਕੁਟਿਲਤਾਵਾਂ ਦੇ ਸ਼ਿਕਾਰ ਹੁੰਦੇ ਰਹੇ। ਇਸੇ ਵਿੱਚੋਂ ਉਹਨਾਂ ਦੀ ਸ਼ਖਸ਼ੀਅਤ ਹੋਰ ਵਧੇਰੇ ਨਿੱਖਰੀ। ਚੌਧਵੀਂ ਸਦੀ ਵਿੱਚ ਜਨਮੇ ਇਸ ਮਹਾਂਪੁਰਸ਼ ਦੇ ਜਨਮ ਬਾਰੇ ਸਾਰੇ ਵਿਦਵਾਨ ਇੱਕ ਮੱਤ ਨਹੀਂ। ਫਿਰ ਵੀ ਅਸੀਂ ਭਗਤ ਰਵਿਦਾਸ ਜੀ ਦਾ ਜਨਮ 1377 ਈਸਵੀ ਵਿੱਚ ਹੋਇਆ ਮੰਨ ਸਕਦੇ ਹਾਂ। ਪਿਤਾ ਸੰਤੋਖ ਦਾਸ, ਜਿਨਾਂ ਨੂੰ ਰਘੂ ਕਰਕੇ ਵੀ ਜਾਣਿਆ ਜਾਂਦਾ ਸੀ, ਦੇ ਘਰ ਅਤੇ ਮਾਤਾ ਕਲਸਾਂ ਦੇਵੀ ਦੀ ਕੁੱਖੋਂ ਸੀਰ ਗੋਵਰਧਨਪੁਰ, ਜਿਲਾ ਬਨਾਰਸ(ਉੱਤਰ ਪ੍ਰਦੇਸ਼) ਵਿੱਚ ਆਪ ਜੀ ਦਾ ਜਨਮ ਹੋਇਆ। ਅਖੌਤੀ-ਛੋਟੀ ਜਾਤ ਦੇ ਲੋਕਾਂ ਨੂੰ ਉਸ ਸਮੇਂ ਵਿਦਿਆ-ਪ੍ਰਾਪਤੀ ਦੇ ਬਰਾਬਰ ਦੇ ਅਧਿਕਾਰ ਨਹੀਂ ਸਨ। ਇਸ ਲਈ ਉਹ ਜ਼ਿਆਦਾ ਰਸਮੀ ਸਿੱਖਿਆ ਨਹੀਂ ਲੈ ਸਕੇ। ਉਹਨਾਂ ਨੇ ਜਾਨਵਰਾਂ ਦੇ ਚੰਮ ਦਾ ਪਿਤਾ ਪੁਰਖੀ ਕੰਮ ਕੀਤਾ। ਉਹਨਾਂ ਨੇ ਇੱਕ ਸਫਲ ਗ੍ਰਹਿਸਥੀ ਜੀਵਨ ਬਤੀਤ ਕੀਤਾ। ਉਹਨਾਂ ਦੀ ਪਤਨੀ ਦਾ ਨਾਂ ਲੋਨਾ ਦੇਵੀ ਅਤੇ ਇੱਕ ਪੁੱਤਰ ਵਿਜੇ ਦਾਸ ਦਾ ਜਿਕਰ ਵੀ ਆਇਆ ਹੈ। ਵਿਆਹ ਉਪਰੰਤ ਆਪ ਮਾਪਿਆਂ ਤੋਂ ਵੱਖਰਾ ਰਹਿਣ ਲੱਗੇ ਅਤੇ ਉਹਨਾਂ ਨੇ ਜੁੱਤੀਆਂ ਗੰਢਣ ਦਾ ਕੰਮ ਕੀਤਾ। ਆਪਣੇ ਕਿੱਤੇ ਬਾਰੇ, ਅਤੇ ਆਪਣੀ ਜਾਤ ਬਾਰੇ ਉਹਨਾਂ ਨੇ ਆਪਣੀ ਬਾਣੀ ਵਿੱਚ ਬੇਬਾਕ ਹੋ ਕੇ ਲਿਖਿਆ ਹੈ।

ਬਚਪਨ ਤੋਂ ਹੀ ਉਹ ਬੈਰਾਗੀ ਤਬੀਅਤ ਦੇ ਮਾਲਿਕ ਸਨ। ਇਤਿਹਾਸ ਵਿੱਚ ਉਹਨਾਂ ਨੂੰ ਰਾਮਾਨੰਦ ਜੀ ਦੇ ਮੁਰੀਦ ਲਿਖਿਆ ਮਿਲਦਾ ਹੈ। ਉਹ ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਜੀ, ਰਾਮਾਨੰਦ ਜੀ, ਪੀਪਾ ਜੀ, ਸੈਣ ਜੀ, ਧੰਨਾ ਜੀ, ਭੀਖਣ ਜੀ ਅਤੇ ਬੇਣੀ ਜੀ ਦੇ ਸਮਕਾਲੀ ਹੋਏ ਹਨ। ਉਹਨਾਂ ਦੀ ਆਯੂ ਕਾਫੀ ਲੰਮੀ ਸੀ। ਗੁਰੂ ਨਾਨਕ ਜੀ ਨਾਲ ਤਾਂ ਉਹਨਾਂ ਦੀ ਮੁਲਾਕਾਤ ਦਾ ਬਿਰਤਾਂਤ ਵੀ ਹੈ। 1481 ਈਸਵੀ ਵਿੱਚ ਜਦੋਂ ਭਗਤ ਜੀ 105 ਸਾਲ ਦੇ ਅਤੇ ਗੁਰੁ ਨਾਨਕ ਜੀ 12 ਸਾਲ ਦੇ ਸਨ, ਉਦੋਂ ਉਹਨਾਂ ਦੇ ਮੇਲ ਹੋਣ ਦਾ ਜ਼ਿਕਰ ਆਉਂਦਾ ਹੈ। ਕਈ ਥਾਂ ਇੱਕ ਤੋਂ ਵੱਧ ਵਾਰੀ ਮਿਲਣ ਦੀ ਗੱਲ ਵੀ ਹੈ, ਜਿਸ ਵਿੱਚ ਚੂਹੜਕਾਣਾ ਵਿਖੇ, ਸੁਲਤਾਨਪੁਰ ਵਿਖੇ ਅਤੇ ਗੋਪਾਲ ਦਾਸ ਦੀ ਸਰਾਂ ਬਨਾਰਸ, ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਸੁਸ਼ੋਭਿਤ ਹੈ, ਵਿਖੇ ਮੁਲਾਕਾਤ ਹੋਈ ਦੱਸੀ ਗਈ ਹੈ। ਇਤਿਹਾਸ ਵਿੱਚ ਮਿਥਿਹਾਸ ਅਕਸਰ ਹੀ ਸ਼ਾਮਿਲ ਹੋ ਜਾਂਦਾ ਹੈ ਇਸ ਲਈ ਅਸੀਂ ਇਸ ਦੀ ਅਸਲੀਅਤ ਦੇ ਵਿਵਾਦ ਵਿੱਚ ਨਹੀਂ ਪਵਾਂਗੇ। ਇਤਿਹਾਸ ਉਥੋਂ ਤੱਕ ਹੀ ਠੀਕ ਹੈ ਜਿੱਥੇ ਤੱਕ ਉਹ ਸਾਨੂੰ ਅੱਗੇ ਵਧਣ ਲਈ, ਕਿਸੇ ਵਿਅਕਤੀ ਜਾਂ ਘਟਨਾ ਤੋਂ ਕੁਝ ਸਿੱਖਣ ਦੀ ਪ੍ਰੇਰਨਾ ਦਿੰਦਾ ਹੈ। ਅਸੀਂ ਭਗਤ ਰਵਿਦਾਸ ਜੀ ਦੇ ਜੀਵਨ ਤੋਂ ਅਤੇ ਉਹਨਾਂ ਦੀ ਬਾਣੀ ਤੋਂ ਪ੍ਰੇਰਨਾ ਹੀ ਲੈਣੀ ਹੈ।

ਉਹਨਾਂ ਦੇ ਜੀਵਨ ਵਿੱਚ 2-3 ਘਟਨਾਵਾਂ ਖਾਸ ਵਰਣਨਯੋਗ ਹਨ। ਜਦੋਂ ਉਹ ਪਿਤਾ ਤੋਂ ਅਲੱਗ ਹੋ ਕੇ ਆਪਣੀ ਝੁੱਗੀ ਵਿੱਚ ਰਹਿ ਰਹੇ ਸਨ ਅਤੇ ਮੋਚੀ ਦਾ ਕੰਮ ਕਰ ਰਹੇ ਸਨ, ਉਹਨਾਂ ਦੇ ਇੱਕ ਅਮੀਰ ਹਮਦਰਦ ਨੇ ਉਹਨਾਂ ਨੂੰ ਪਾਰਸ ਦੇ ਦਿੱਤਾ, ਜੋ ਭਗਤ ਜੀ ਨੇ ਉੱਪਰ ਪੜਛੱਤੀ ਵਿੱਚ ਰੱਖ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਹ ਵਿਅਕਤੀ ਭਗਤ ਜੀ ਨੂੰ ਮਿਲਣ ਆਇਆ, ਉਹਨਾਂ ਨੂੰ ਉਸੇ ਹਾਲ ਵਿੱਚ ਦੇਖ ਕੇ ਹੈਰਾਨ ਹੋਇਆ। ਪੁੱਛੇ ਜਾਣ ਤੇ ਭਗਤ ਜੀ ਨੇ ਉਹ ਪਾਰਸ ਉਸੇ ਥਾਂ ਤੇ ਹੀ ਪਿਆ ਦਿਖਾ ਦਿੱਤਾ। ਕਿਉਂਕਿ ਉਹ ਈਮਾਨਦਾਰੀ ਦੀ ਕਿਰਤ ਨੂੰ ਮਾਣ ਦਿੰਦੇ ਸਨ। ਇਸੇ ਤਰਾਂ ਇੱਕ ਹੋਰ ਸਾਖੀ ਵਿੱਚ ਚਿਤੌੜ ਦੀ ਰਾਣੀ ਝਾਲਾਂ ਬਾਈ, ਜੋ ਆਪ ਦੀ ਮੁਰੀਦ ਸੀ ਨੇ ਬ੍ਰਹਮ-ਭੋਜ ਕੀਤਾ ਅਤੇ ਰਵਿਦਾਸ ਜੀ ਨੂੰ ਵੀ ਸੱਦਾ ਦਿੱਤਾ। ਪਰ ਇਹ ਜਾਣ ਕੇ ਜਾਤ ਅਭਿਮਾਨੀ ਪੰਡਿਤਾਂ ਨੇ ਬ੍ਰਹਮ-ਭੋਜ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਫੈਸਲਾ ਇਹ ਹੋਇਆ ਕਿ ਬ੍ਰਾਹਮਣ ਪਹਿਲਾਂ ਭੋਜਨ ਛਕਣਗੇ ਅਤੇ ਭਗਤ ਰਵਿਦਾਸ ਜੀ ਉਹਨਾਂ ਤੋਂ ਬਾਅਦ। ਕੁੱਲ 118 ਪੰਡਤਾਂ ਨੂੰ ਭੋਜਨ ਪਰੋਸਿਆ ਗਿਆ, ਪਰ ਹਰ ਪੰਡਤ ਨੂੰ ਆਪਣੀ ਥਾਲੀ ਵਿੱਚ ਭਗਤ ਰਵਿਦਾਸ ਜੀ ਭੋਜਨ ਕਰਦੇ ਨਜਰ ਆਏ। ਪੰਡਤਾਂ ਨੇ ਭਗਤ ਜੀ ਤੋਂ ਮੁਆਫੀ ਮੰਗੀ ਅਤੇ ਰਾਣੀ ਨੇ ਭਗਤ ਜੀ ਨੂੰ ਹਾਥੀ ਤੇ ਬੈਠਾ ਕੇ ਨਗਰ ਦਾ ਚੱਕਰ ਲਵਾਇਆ ਅਤੇ ਸਨਮਾਨਿਤ ਕੀਤਾ। ਬ੍ਰਾਹਮਣਾਂ ਨੇ ਭਗਤ ਜੀ ਦਾ ਜੱਸ ਵੱਧਦਾ ਦੇਖ ਕੇ ਉਹਨਾਂ ਤੇ ਇੱਕ ਸਭਿਆਚਾਰਕ ਹਮਲਾ ਕੀਤਾ। ਉਹਨਾਂ ਇਹ ਪ੍ਰਚਾਰਿਆ ਕਿ ਰਵਿਦਾਸ ਜੀ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ ਅਤੇ ਉਹ ਜਨੇਊ ਵੀ ਪਾਉਂਦੇ ਸਨ। ਇਹ ਸਿਰਫ ਉਹਨਾਂ ਆਪਣੀ ਉੱਚਤਾ ਨੂੰ ਜਾਇਜ ਦਰਸਾਉਣ ਲਈ ਕੀਤਾ ਕਿਉਂਕਿ ਉਹਨਾਂ ਨੂੰ ਇਹ ਮੰਨਣ ਵਿੱਚ ਤਕਲੀਫ ਹੋ ਰਹੀ ਸੀ ਕਿ ਕੋਈ ਅਖੌਤੀ ਨੀਵੀਂ ਜਾਤ ਦਾ ਵਿਅਕਤੀ ਭਗਤੀ ਕਰੇ ਅਤੇ ਹਰਮਨ-ਪਿਆਰਾ ਹੋਵੇ। ਭਗਤ ਜੀ ਦੀ ਪ੍ਰਸਿੱਧੀ ਇੱਥੋਂ ਪਤਾ ਲੱਗਦੀ ਹੈ ਕਿ ਉਹਨਾਂ ਦੇ ਮੁਰੀਦ ਉਸ ਸਮੇਂ ਦੇ ਵੱਡੇ ਵੱਡੇ ਰਾਜੇ ਰਾਣੀਆਂ ਸਨ ਜਿਹਨਾਂ ਵਿੱਚ ਮੀਰਾਂ ਬਾਈ, ਝਾਲਾਂ ਬਾਈ, ਰਾਣੀ ਰਤਨ ਕੁੰਵਰ, ਰਾਜਾ ਨਾਗਰ ਮੱਲ, ਰਾਜਾ ਪੀਪਾ, ਰਾਜਾ ਬਹਾਦਰ ਸ਼ਾਹ, ਰਾਜਾ ਸਿਕੰਦਰ ਲੋਧੀ, ਰਾਜਾ ਚੰਦ੍ਰਹਾਂਸ, ਰਾਜਾ ਸਾਂਗਾ, ਪੰਡਤ ਸ਼ਰਧਾ ਰਾਮ, ਰਾਮ ਲਾਲ, ਰਾਜਾ ਬੈਨ ਸਿੰਘ, ਪੰਡਤ ਗੰਗਾ ਰਾਮ, ਬੀਬੀ ਭਾਨਮਤੀ, ਰਾਜਾ ਚੰਦ੍ਰ ਪ੍ਰਤਾਪ ਆਦਿ ਵਿਸੇਸ਼ ਸਨ।

ਆਪ ਜੀ ਨੇ ਕਾਫੀ ਯਾਤਰਾਵਾਂ ਵੀ ਕੀਤੀਆਂ। ਜਿਹਨਾਂ ਦਾ ਜ਼ਿਕਰ ਗੁਰੂ ਨਾਨਕ ਜੀ ਦੀਆਂ ਉਦਾਸੀਆਂ ਵਰਗਾ ਹੀ ਹੈ। ਆਪ ਜੀ ਬਨਾਰਸ ਤੋਂ ਨਾਗਪੁਰ, ਬੀਜਾਪੁਰ, ਭੁਪਾਲ, ਬਹਾਵਲਪੁਰ, ਝਾਂਸੀ, ਉਦੇਪੁਰ, ਜੋਧਪੁਰ, ਅਜਮੇਰ, ਅਯੁੱਧਿਆ, ਹੈਦਰਾਬਾਦ, ਕਾਠੀਆਵਾੜ, ਬੰਬਈ, ਕਰਾਚੀ, ਜਲਾਲਾਬਾਦ, ਸ਼੍ਰੀ ਨਗਰ, ਡਲਹੌਜੀ, ਗੋਰਖਪੁਰ ਗਏ। ਦੂਸਰੀ ਯਾਤਰਾ ਗੋਰਖਪੁਰ, ਪਰਤਾਪਗੜ ਅਤੇ ਸ਼ਾਹਜਹਾਨਪੁਰ ਦੀ। ਤੀਸਰੀ ਹਿਮਾਚਲ ਪ੍ਰਦੇਸ਼ ਦੀ। ਛੌਥੀ ਹਰਿਦੁਆਰ, ਗੋਦਾਵਰੀ ਅਤੇ ਕੁਰੂਕਸ਼ੇਤਰ ਦੀ ਮੰਨੀ ਗਈ ਹੈ। ਪੰਜਵੀਂ ਗਾਜੀਪੁਰ ਦੇ ਰਾਜਾ ਰੂਪ-ਪਰਤਾਪ(ਚੰਦਰ ਪ੍ਰਤਾਪ) ਦੇ ਸੱਦੇ ਤੇ ਅਤੇ ਛੇਵੀਂ ਯਾਤਰਾ ਪੰਜਾਬ ਦੀ ਜਿਸ ਵਿੱਚ ਲੁਧਿਆਣਾ, ਫਗਵਾੜਾ, ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਮੁਲਤਾਨ ਸ਼ਾਮਲ ਹਨ। ਆਪ 1515 ਈਸਵੀ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜਿਲੇ ਵਿੱਚ ਖੁਰਾਲਗੜ੍ਹ ਵਿੱਚ ਆਏ ਅਤੇ 4 ਸਾਲ ਦੇ ਕਰੀਬ ਰਹੇ। 1528 ਈਸਵੀ ਨੂੰ ਬਨਾਰਸ ਵਿਖੇ ਆਪ ਜੋਤੀ ਜੋਤ ਸਮਾ ਗਏ। ਆਪ ਜੀ ਦੀ ਉਮਰ 140 ਸਾਲ ਦੇ ਕਰੀਬ ਸੀ। ਕੁਝ ਨੇ 115 ਸਾਲ ਤੇ ਕੁਝ ਨੇ 150 ਸਾਲ ਵੀ ਲਿਖੀ ਹੈ।

ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭੱਟ ਕਲਸਹਾਰ ਜੀ ਨੇ ਆਪਣੀ ਬਾਣੀ ਵਿੱਚ ਭਗਤ ਜੀ ਦਾ ਵਿਸ਼ੇਸ਼ ਜਿਕਰ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀ ਬਾਣੀ ਨੂੰ ਗੁਰੁ ਗਰੰਥ ਸਾਹਿਬ ਜੀ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਬਾਕੀ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਦੇ ਬਰਾਬਰ ਦਾ ਮਾਣ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਵੀ ਬਹੁਤ ਸਤਿਕਾਰ ਨਾਲ ਆਪ ਜੀ ਬਾਰੇ ਲਿਖਿਆ ਹੈ। ਆਪ ਜੀ ਦੀ ਬਾਣੀ ਦਾ ਵਿਸ਼ਾ ਗੁਰਮਤਿ ਦੇ ਅਨੁਸਾਰ ਹੈ। ਹੁਣ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਬਾਰੇ ਚਰਚਾ ਕਰਦੇ ਹਾਂ-

ਰਵਿਦਾਸ ਬਾਣੀ: ਭਗਤ ਰਵਿਦਾਸ ਜੀ ਰਚਿਤ ਬਾਣੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ- ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਬਾਣੀ। ਜੋ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਮਿਲਦੀ ਹੈ, ਉਸ ਦੀ ਪ੍ਰਮਾਣਿਕਤਾ ਦਾ ਕੋਈ ਸਬੂਤ ਸਾਨੂੰ ਨਹੀਂ ਮਿਲਦਾ। ਡਾ.ਧਰਮ ਪਾਲ ਸਿੰਗਲ ਨੇ ਬਾਹਰਲੀ ਬਾਣੀ ਬਾਰੇ ਲਿਖਿਆ ਹੈ-

1.ਬੈਲਵੀਡੀਅਰ ਪ੍ਰੈਸ ਵਲੋਂ ਛਾਪੀ “ਰੈਦਾਸ ਜੀ ਦੀ ਬਾਣੀ” ਜਿਸ ਵਿੱਚ 87 ਪਦ ਹਨ।
2. ਯੋਗੇਂਦ੍ਰ ਸਿੰਘ ਵਲੋਂ ਛਾਪੀ “ਸੰਤ ਰੈਦਾਸ” ਵਿਚ ਸੰਕਲਿਤ ਬਾਣੀ।
3. ਆਚਾਰੀਆ ਪ੍ਰਿਥਵੀ ਸਿੰਘ ਆਜਾਦ ਦੀ “ਰਵਿਦਾਸ ਦਰਸ਼ਨ” ਵਿੱਚ ਸੰਕਲਿਤ 194 ਸਾਖੀਆਂ(ਦੋਹੇ)
4.ਡਾ.ਬੀ.ਪੀ ਸ਼ਰਮਾ ਵਲੋਂ “ਸੰਤ ਗੁਰੂ ਰਵਿਦਾਸ ਬਾਣੀ” ਵਿਚ ਸੰਕਲਿਤ 177 ਪਦ ੳਤੇ 41 ਸਾਖੀਆਂ
6. ਬੀ.ਪੀ.ਸਰਮਾ ਕ੍ਰਿਤ “ਸੰਤ ਰਵਿਦਾਸ ਕੀ ਭਕਤਿ ਸਾਧਨਾ ‘ ਵਿਚ ਰਖੀ “ਗਿਆਨ ਗੋਸਟੀ।” ਇਸ ਸਾਰੀ ਬਾਣੀ ਨੂੰ ਭਾਵੇਂ ਵਿਦਵਾਨਾਂ ਨੇ ਰਵਿਦਾਸ-ਬਾਣੀ ਮੰਨ ਲਿਆ ਹੈ ਪਰ ਅਸੀਂ ਸਮੇਂ ਅਤੇ ਸਥਾਨ ਦੀ ਸੀਮਾ ਨੂੰ ਮੁੱਖ ਰੱਖ ਕੇ ਭਗਤ ਰਵਿਦਾਸ ਜੀ ਰਚਿਤ ਸਿਰਫ ਉਸ ਬਾਣੀ ਦੀ ਹੀ ਗੱਲ ਕਰਾਂਗੇ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹੈ ਅਤੇ ਪ੍ਰਮਾਣਿਕ ਵੀ ਹੈ।

ਗੁਰੁ ਗਰੰਥ ਸਾਹਿਬ ਜੀ ਦੇ 31 ਵਿੱਚੋਂ 16 ਰਾਗਾਂ ਵਿੱਚ ਦਰਜ ਰਵਿਦਾਸ ਜੀ ਦੀ ਬਾਣੀ ਦੇ ਸ਼ਬਦ ਇਸ ਤਰਾਂ ਹਨ:
ਸਿਰੀ-1,ਗਉੜੀ-5,ਆਸਾ-6,ਗੁਜਰੀ-1,ਸੋਰਠਿ-7,ਧਨਾਸਰੀ-3,ਜੈਤਸਰi-1,ਸੁਹੀ-3,ਬਿਲਾਵਲ-2,ਗੋਂਡ-2,ਰਾਮਕਲੀ-1,ਮਾਰੂ-2,ਕੇਦਾਰਾ-1,ਭੈਰਉ-1,ਬਸੰਤ-1,ਮਲਾਰ-1.ਇਸ ਤਰਾਂ ਕੁੱਲ 40 ਸ਼ਬਦ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਮਲ ਹਨ। ਉਹਨਾਂ ਦੀ

ਬਾਣੀ ਦਾ ਵਿਸਾ ਪੱਖ ਵਿਚਾਰਦੇ ਹਾਂ:

1. ਪ੍ਰਭੂ-ਭਗਤੀ ਅਤੇ ਪ੍ਰਭੂ–ਪ੍ਰੇਮ:- ਭਗਤ ਰਵਿਦਾਸ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਪ੍ਰਭੂ-ਪ੍ਰੇਮ ਹੀ ਹੈ। ਪਰਮਾਤਮਾ ਦਾ ਪਿਆਰ ਅਤੇ ਉਸਦੀ ਨੇੜਤਾ ਪ੍ਰਾਪਤ ਕਰਨ ਲਈ ਹੀ ਉਸ ਦੀ ਭਗਤੀ ਕਰਨੀ ਹੈ ਕਿਉਂਕਿ ਸਿਰਫ ਪਰਮਾਤਮਾ ਹੀ ਹੈ ਜੋ ਸਮਦ੍ਰਿਸ਼ਟੀ ਰੱਖਦਾ ਹੈ, ਦਿਆਲੂ ਹੈ, ਕ੍ਰਿਪਾਲੂ ਹੈ, ਸਰਬ-ਸ਼ਕਤਮਿਾਨ ਹੈ ਅਤੇ ਨੀਵਿਆਂ ਨੂੰ ਉੱਚਾ ਕਰਦਾ ਹੈ।

* ਸਗਲ ਭਵਨ ਕੇ ਨਾਇਕਾ, ਇਕੁ ਛਿਨੁ ਦਰਸੁ ਦਿਖਾਇ ਜੀ।
ਪ੍ਰੇਮਿ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ।।…. (ਗਉੜੀ ਪੂਰਬੀ, ਪੰਨਾ 346)
ਪ੍ਰੇਮ ਭਗਤਿ ਨਹੀ ਉਪਜੈ ਤਾ ਤੇ ਰਵਿਦਾਸ ਉਦਾਸ।…..(ਗਉੜੀ ਬੈਰਾਗਣਿ,ਪੰਨਾ 346 )

ਜਦੋਂ ਪਰਮਾਤਮਾ ਨਾਲ ਪ੍ਰੇਮ ਪੈ ਜਾਂਦਾ ਹੈ, ਤਾਂ ਭਗਤ ਵਿੱਚ ਅਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਭਗਤ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਰਵਿਦਾਸ ਜੀ ਆਪਣਾ ਆਪਾ ਪੂਰਾ ਸਮਰਪਣ ਕਰ ਦਿੰਦੇ ਹਨ। ਉਦੋਂ ਸਾਰੇ ਜੱਗ ਨੂੰ ਵਿਸਾਰ ਕੇ ਸਿਰਫ ਅਤੇ ਸਿਰਫ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੇ ਹਨ।

ਸਾਚੀ ਪ੍ਰੀਤ ਹਮ ਤੁਮ ਸਿਉ ਤੋਰੀ।
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ।……(ਸੋਰਠਿ,ਪੰਨਾ 659)
ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ।
ਕਨਕ ਕਟਿਕ ਜਲ ਤਰੰਗ ਜੈਸਾ।……(ਸਿਰੀ ਰਾਗੁ,ਪੰਨਾ 93)
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੈ ਬਾਸਾ।
ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ।।…..((ਆਸਾ,ਪੰਨਾ 486)

2. ਪਰਮਾਤਮਾ ਦਾ ਨਿਰਗੁਣ ਰੂਪ :– ਭਾਵੇਂ ਗੁਰਬਾਣੀ ਵਿੱਚ ਸਰਗੁਣ ਨਿਰਗੁਣ ਦੋਵਾਂ ਦਾ ਜਿਕਰ ਹੈ। ਪਰ ਨਿਰਗੁਣ ਪ੍ਰਭੂ ਨੂੰ ਭਗਤ ਅਤੇ ਗੁਰੂ-ਜਨ ਵਧੇਰੇ ਵਡਿਆਈ ਦਿੰਦੇ ਹਨ। ਡਾ. ਜਸਬੀਰ ਸਿੰਘ ਸਾਬਰ ਰਵਿਦਾਸ ਜੀ ਬਾਬਤ ਲਿਖਦੇ ਹਨ: ” ਉਹਨਾਂ ਦਾ ਗੁਰੂ ਪਾਰਬ੍ਰਹਮ ਪਰਮੇਸ਼ਵਰ ਸੀ”। ਭਗਤ ਰਵਿਦਾਸ ਜੀ ਦੀ ਆਪਣੀ ਬਾਣੀ ਵਿੱਚ ਵੀ ਨਿਰਗੁਣ-ਬ੍ਰਹਮ ਦੇ ਹੀ ਦਰਸ਼ਨ ਹੁੰਦੇ ਹਨ। ਆਪਣੀ ਆਰਤੀ ਵਿੱਚ ਉਹ “ਨਾਮ” ਨੂੰ ਹੀ ਸਭ ਤੋਂ ਉੱਚਾ ਕਹਿੰਦੇ ਹਨ:

* ਨਾਮੁ ਤੇਰੋ ਆਰਤੀ, ਮਜਨੁ ਮੁਰਾਰੇ ।।
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ।।…..(ਧਨਾਸਰੀ,ਪੰਨਾ 694)
ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ।
ਜੈਸਾ ਤੂ ਤੈਸਾ ਤੂਹੀ ਕਿਆ ਉਪਮਾ ਦੀਜੈ।।…….(ਬਿਲਾਵਲੁ, ਪੰਨਾ 858)

3. ਜਾਤ-ਪਾਤ ਦਾ ਜ਼ਿਕਰ ਅਤੇ ਵਿਰੋਧ:- ਸਭ ਨਾਲੋਂ ਵੱਧ ਭਗਤ ਜੀ ਨੂੰ ਇਸ ਜਾਤ ਕਾਰਨ ਹੀ ਤ੍ਰਿਸਕਾਰ ਦਾ ਸਾਹਮਣਾ ਕਰਨਾ ਪਿਆ। ਉਚ-ਜਾਤ-ਅਭਿਮਾਨੀ ਤਾਂ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨੂੰ ਭਗਤੀ ਕਰਨ ਦਾ ਹੱਕ ਵੀ ਨਹੀਂ ਸਨ ਦਿੰਦੇ। ਮੰਦਰਾਂ ਵਿੱਚ ਜਾਣ ਦੀ ਉਹਨਾਂ ਨੂੰ ਆਗਿਆ ਨਹੀਂ ਸੀ । ਧਾਰਮਿਕ ਅਤੇ ਸਮਾਜਿਕ ਥਾਵਾਂ ਤੇ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ। ਭਗਤ ਜੀ ਨੂੰ ਖੁਸ਼ੀ ਹੈ ਕਿ ਉਹ ਇਸ ਜਾਤ ਵਿੱਚੋਂ ਹੋ ਕੇ ਵੀ ਪਰਮਾਤਮਾ ਦੇ ਨੇੜੇ ਹਨ। ਜਦੋਂ ਉਹ ਆਪਣੀ ਬਾਣੀ ਵਿੱਚ ਆਪਣੀ ਜਾਤ ਦਾ ਜਿਕਰ ਖੁੱਲ੍ਹ ਕੇ ਕਰਦੇ ਹਨ-ਜਿਵੇਂ “ਮੇਰੀ ਜਾਤ ਕਮੀਨੀ”, “ਕਹੁ ਰਵਿਦਾਸ ਚਮਾਰ”, “ਖਲਾਸ ਚਮਾਰਾ”, “ਨਾਗਰ ਜਨਾ ਮੇਰੀ ਜਾਤਿ ਬਿਖਿਆਤ ਚਮਾਰੰ”,“ਚਮਰਟਾ ਗਾਂਠਿ ਨ ਜਨਈ” ਆਦਿ, ਤਾਂ ਇੱਕ ਤਰਾਂ ਨਾਲ ਉਹ ਉਚ-ਜਾਤ-ਅਭਿਮਾਨੀਆਂ ਦੇ ਚਪੇੜ ਹੀ ਤਾਂ ਮਾਰ ਰਹੇ ਹਨ। ਜਦੋਂ ਪ੍ਰਭੂ ਦੀ ਸ਼ਰਨ ਲਈ ਜਾਂਦੀ ਹੈ ਤਾਂ ਸਭ ਬੰਧਨ ਟੁੱਟ ਜਾਂਦੇ ਹਨ ਅਤੇ ਉਹ ਪ੍ਰੀਤਮ ਆਪਣੀਆਂ ਬਾਹਾਂ ਵਿੱਚ ਲੈ ਲੈਂਦਾ ਹੈ।

* ਐਸੀ ਲਾਲ ਤੁਝ ਬਿਨੁ ਕਉਨੁ ਕਰੈ ।
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰ ਧਰੈ।।
ਨੀਚਹੁ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਡਰੇ।।…..(ਮਾਰੂ,ਪੰਨਾ 1106)
ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰ ਅਉਰੁ ਨ ਕੋਇ।
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗ ਓਇ।।(ਬਿਲਾਵਲੁ,ਪੰਨਾ 858)

ਭਗਤ ਜੀ ਸਮਾਜਿਕ ਅਸਮਾਨਤਾ ਦੇ ਜਿੰਮੇਵਾਰ ਬ੍ਰਾਹਮਣ ਵਰਗ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਇਹ ਠੀਕ ਹੈ ਕਿ ਮੈਂ ਚਮਾਰ ਜਾਤੀ ਦਾ ਹਾਂ, ਪਰ ਮੇਰੇ ਅੰਦਰ ਗੋਬਿੰਦ ਦਾ ਨਾਮ ਹੈ ।ਜਦੋਂ ਨਾਲੇ ਦਾ ਪੳਣੀ ਗੰਗਾ ਵਿੱਚ ਮਿਲ ਜਾਂਦਾ ਹੈ, ਤਾਂ ਉਹ ਵੀ ਗਮਗਾ-ਜਲ ਹੀ ਅਖਵਾਉਂਦਾ ਹੈ। ਤਾੜ ਦੇ ਭੈੜੇ ਮੰਨੇ ਜਾਂਦੇ ਰੁੱਖ ਤੋਂ ਬਣੇ ਕਾਗਜ ਤੇ ਪ੍ਰਭੂ ਦੇ ਗੁਣ ਲਿਖੇ ਜਾਣ ਤਾਂ ਓਹੀ ਗ੍ਰੰਥ ਪੂਜਣਯੋਗ ਹੋ ਜਾਂਦਾ ਹੈ।

ਸੁਰਾ ਅਪਵਿਤ੍ਰਿ ਨਤ ਅਵਰ ਜਲ ਕੇ, ਸੁਰਸਰੀ ਮਿਲਤ ਨਹਿ ਹੋਇ ਆਨੰ ।।
ਤਰ ਤਾਰਿ ਅਪਵਿਤ੍ਰ ਕਤਿ ਮਾਨਇੇ ਹੈ, ਜੈਸੇ ਕਾਰਾਗ ਕਰ ਬੀਚਾਰੰ।।
ਭਗਤਿ ਭਗਉਤੁ ਲਿਖੀਏ ਤਿਹ ਉਪਰੇ,ਪੂਜੀਏ ਕਰ ਨਮਸਕਾਰੰ।।——(ਮਲਾਰ,ਪੰਨਾ 1293)

4. ਸੁੱਚ-ਜੂਠ ਦਾ ਵਿਰੋਧ:-ਬ੍ਰਾਹਮਣ ਨੇ ਕਈ ਤਰਾਂ ਦੀ ਸੁੱਚ-ਜੂਠ ਦੇ ਭਰਮ ਭੁਲੇਖੇ ਪੈਦਾ ਕੀਤੇ ਹੋਏ ਸਨ। ਉਸਨੇ ਪਰਮਾਤਮਾ ਦੀ ਭਗਤੀ ਅਤੇ ਹੋਰ ਕਰਮ-ਕਾਂਡਾਂ ਵਿੱਚ ਰੱਬ ਪ੍ਰਤੀ ਵੀ ਸੁੱਚ-ਜੂਠ, ਸੂਤਕ ਪਾਤਕ ਆਦਿ ਦੇ ਬਖੇੜੇ ਖੜੇ ਕੀਤੇ ਹੋਏ ਸਨ।ਭਗਤ ਰਵਿਦਾਸ ਜੀ ਦਾ ਕਹਿਣਾ ਸੀ ਕਿ ਪ੍ਰਭੂ ਨਾ ਤਾਂ ਜਾਤ ਪਾਤ ਦੇਖਦਾ ਹੈ, ਨਾ ਦਿਖਾਵੇ ਦੀ ਸੁੱਚ ਜੂਠ ਜਾਂ ਕਰਮ-ਕਾਂਡ। ਉਹ ਤਾਂ ਪ੍ਰੇਮ-ਭਗਤੀ ਦਾ ਭੁੱਖਾ ਹੈ। ਗੁਜਰੀ ਰਾਗੁ ਦੇ ਇੱਕ ਸ਼ਬਦ ਵਿੱਚ ਭਗਤ ਜੀ ਤਿੱਖਾ ਵਿਅੰਗ ਕਰਦੇ ਹੋਏ ਬ੍ਰਾਹਮਣ ਨੂੰ ਕਹਿੰਦੇ ਹਨ ਕਿ ਤੇਰਾ ਦੁੱਧ ਵੱਛਰੇ ਨੇ ਜੂਠਾ ਕਰ ਦਿੱਤਾ ਹੈ, ਫੁੱਲ ਭੌਰੇ ਨੇ ਜੂਠੇ ਕੀਤੇ ਹੋਏ ਹਨ, ਪਾਣੀ ਨੂੰ ਮੱਛੀ ਨੇ ਜੂਠਾ ਕਰ ਦਿੱਤਾ ਹੈ। ਤੂੰ ਕਿਸ ਸੁੱਚਮ ਨਾਲ ਪੂਜਾ ਕਰ ਰਿਹਾ ਹੈਂ-

* ਦੂਧੁ ਤ ਬਛਰੈ ਥਨਹੁ ਬਿਟਾਰਿਓ ।।
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ।।…….(ਗੂਜਰੀ, ਪੰਨਾ 525)

5. ਵਿਕਾਰਾਂ ਦਾ ਖੰਡਨ :- ਆਪਣੀ ਬਾਣੀ ਵਿੱਚ ਪ੍ਰਭੂ-ਭਗਤੀ ਤੇ ਜੋਰ ਦਿੰਦੇ ਹੋਏ ਰਵਿਦਾਸ ਜੀ ਨੇ ਮਨੁੱਖ ਨੂੰ ਗੁਣ ਧਾਰਨ ਕਰਨ ਅਤੇ ਔਗਣਾਂ ਦਾ ਤਿਆਗ ਕਰਨ ਦੀ ਸਿੱਖਿਆ ਦਿੱਤੀ ਹੈ।ਉਹਨਾਂ ਅਨੁਸਾਰ ਇਨਸਾਨ ਮਾਇਆ ਦੇ ਲੋਭ ਵਿੱਚ ਫਸ ਕੇ ਵਿਕਾਰੀ ਹੋ ਜਾਂਦਾ ਹੈ ਅਤੇ ਆਪਣਾ ਜੀਵਨ-ਮਨੋਰਥ ਭੁੱਲ ਜਾਂਦਾ ਹੈ।

* ਦੇਵ ਸੰਸੇ ਗਾਂਠਿ ਨ ਛੂਟੇ।।
ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੁਟੇ।।…..(ਰਾਮਕਲੀ, ਪੰਨਾ 974 )
* ਜਬ ਕਛੁ ਪਾਵੈ ਤਬ ਗਰੁਬ ਕਰਤ ਹੈ।।
ਮਾਇਆ ਗਈ ਤਬ ਰੋਵਨ ਲਗਤ ਹੈ।।…..(ਆਸਾ,ਪੰਨਾ 487)
ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ।।
ਝੂਠੇ ਬਨਜਿ ਉਠਿ ਹੀ ਗਈ ਹਾਟਿਓ।।……(ਮਲਾਰ, ਪੰਨਾ 1293)

6. ਨਿਮਰਤਾ :-ਭਗਤੀ ਲਈ ਨਿਮਰਤਾ ਪਹਿਲੀ ਪਉੜੀ ਹੈ।ਜਦੋਂ ਭਗਤ ਅਤੇ ਪ੍ਰਭੂ ਇੱਕ ਹੁੰਦੇ ਹਨ, ਤਾਂ ਉਸ ਦੇ ਹਿਰਦੇ ਵਿੱਚ ਜਰਾ ਜਿੰਨੀ ਵੀ ਮੈਂ ਨਹੀਂ ਰਹਿੰਦੀ ।ਉਹ ਸਿਰਫ ਅਤੇ ਸਿਰਫ ਤੂੰ ਦਾ ਹੀ ਰੂਪ ਹੋ ਜਾਂਦਾ ਹੈ।

* ਜਬ ਹਮ ਹੋਤੇ ਤਬ ਤੂ ਨਾ ਹੀ, ਅਬ ਤੂਹੀ ਮੈ ਨਾਹੀ ।।
ਅਨਲ ਅਗਮ ਜੈਸੇ ਲਹਿਰ ਮਹਿ ਓਦਧਿ ਜਲ ਕੇਵਲ ਜਲ ਮਾਹੀ ।।……(ਸੋਰਠਿ, ਪੰਨਾ 658)

7. ਨਾਸ਼ਮਾਨਤਾ :-ਰਵਿਦਾਸ ਬਾਣੀ ਵਿੱਚ ਮਨੁੱਖ ਦੀ ਨਾਸ਼ਮਾਨਤਾ ਦਾ ਜਿਕਰ ਬਹੁਤ ਖੂਬਸੂਰਤੀ ਨਾਲ ਆਇਆ ਹੈ।ਕਿਸੇ ਵੀ ਮ੍ਰਿਤਕ ਦੇ ਭੋਗ ਤੇ ਪੜ੍ਹਿਆ ਜਾਣ ਵਾਲਾ ਇਹ ਸ਼ਬਦ ਬਹੁਤ ਬੈਰਾਗਮਈ ਵਾਤਾਵਰਣ ਸਿਰਜਦਾ ਹੈ;-

* ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ ।।
ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਬਿਚਾਰਾ ।।
ਪ੍ਰਾਨੀ ਕਿਆ ਮੇਰਾ ਕਿਆ ਤੇਰਾ ।। ਜੈਸੇ ਤਰਵਰ ਪੰਖਿ ਬਸੇਰਾ।।…..(ਸੋਰਠਿ,ਪੰਨਾ 659)
ਇਹ ਤਨ ਐਸਾ ਜੈਸੇ ਘਾਸੁ ਕੀ ਟਾਟੀ।।
ਜਲਿ ਗਇਓ ਘਾਸੁ ਰਲਿ ਗਇਓ ਮਾਟੀ।।……(ਸੂਹੀ, ਪੰਨਾ 794)

8. ਨਵੇਂ ਸਮਾਜਿਕ-ਰਾਜਨiਤਿਕ ਪ੍ਰਬੰਧ ਦਾ ਢਾਂਚਾ:- ਭਗਤ ਰਵਿਦਾਸ ਜੀ ਨੇ ਪਰਮਾਤਮਾ ਦੀ ਭਗਤੀ ਕਰ ਕੇ ਨਿਰਭਉ ਅਤੇ ਨਿਰਵੈਰ ਮਨੁੱਖਾਂ ਦਾ ਇੱਕ ਆਦਰਸ਼ ਸਮਾਜਿਕ-ਰਾਜਨੀਤਿਕ ਢਾਂਚਾ ਆਪਣੀ ਬਾਣੀ ਵਿੱਚ ਖਿੱਚਿਆ ਹੈ। ਜਿਸ ਨਿਜਾਮ ਵਿੱਚ ਸਾਰੇ ਮਨੁੱਖ ਬਰਾਬਰ ਹੋਣਗੇ।ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਹੋੇਏਗੀ। ਕਿਸੇ ਨੂੰ ਕੋਈ ਡਰ ਨਹੀਂ ਹੋੇੲਗਾ। ਕੋਈ ਟੈਕਸ ਨਹੀਂ ਦੇਣਾ ਹੋੇੲਗਾ।ਅਜਿਹੀ ਪਾਤਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੋੇਏਗੀ। ਇਸ ਨੂੰ ਉਹਨਾਂ ਨੇ ਬੇਗਮਪੁਰਾ ਦਾ ਨਾਮ ਦਿੱਤਾ ਹੈ।

* ਬੇਗਮਪੁਰਾ ਸਹਰ ਕੋ ਨਾਉ ।।
ਦੂਖੁ ਅੰਦੋਹੁ ਨਹੀ ਕੋ ਠਾਉ ।।
ਨਾ ਤਸਵੀਸ ਖਿਰਾਜ ਨ ਮਾਲੁ ।।
ਖਉਫੁ ਨ ਖਤਾ ਨ ਤਰਸੁ ਜੁਆਲੁ ।।
ਅਬ ਮੋਹਿ ਖੂਬ ਵਤਨ ਗਹ ਪਾਈ ।।
ਊਹਾਂ ਖੈਰਿ ਸਦਾ ਮੇਰੇ ਭਾਈ ।।…….(ਗਉੜੀ,ਪੰਨਾ 345)

ਆਓ, ਅਸੀਂ ਸਾਰੇ ਰਲ-ਮਿਲ ਕੇ ਭਗਤ ਰਵਿਦਾਸ ਜੀ ਦੇ ਸਿਰਜੇ ਹੋਏ ਆਦਰਸ਼ਕ ਬੇਗਮ-ਪੁਰਾ ਦੇ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ।ਉਹਨਾਂ ਦੀ ਬਾਣੀ ਅਨੁਸਾਰ ਚੱਲੀਏ, ਜਾਤ-ਪਾਤ ਦੇ ਵਿਤਕਰੇ ਚੋਂ ਬਾਹਰ ਨਿਕਲ ਕੇ ਸਿਰਫ ਜੋਤ ਨੂੰ ਪਛਾਣੀਏ ੳਤੇ ਸਾਂਝ ੳਤੇ ਭਾਈਵਾਲਤਾ ਵਾਲਾ ਨਰੋਆ ਸਮਾਜ ਸਿਰਜੀਏ।
***
-9814715796

***
593
***

About the author

ਜਸਵਿੰਦਰ ਸਿੰਘ 'ਰੁਪਾਲ'
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796

 

ਜਸਵਿੰਦਰ ਸਿੰਘ 'ਰੁਪਾਲ'

ਜਸਵਿੰਦਰ ਸਿੰਘ 'ਰੁਪਾਲ' -ਲੈਕਚਰਾਰ ਅਰਥ-ਸ਼ਾਸ਼ਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਟਾਣੀ ਕਲਾਂ( ਲੁਧਿਆਣਾ)-141113 +91 9814715796  

View all posts by ਜਸਵਿੰਦਰ ਸਿੰਘ 'ਰੁਪਾਲ' →