“ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ” ਦੀ ਮਨ-ਮਸਤਕ ਵਿੱਚ ਜੋਤ ਜਗਾ ਕੇਕਲਾ ਨੂੰ ਪਰਨਾਈ ਸੰਦੀਪ ਕੌਰ ਧਨੋਆ-ਕਿਰਪਾਲ ਸਿੰਘ ਪੰਨੂੰ- |
ਸੰਦੀਪ ਧਨੋਆ ਇੱਕ ਚਿੱਤਰਕਾਰ ਹੈ, ਇੱਕ ਕਵੀ ਹੈ, ਇੱਕ ਚਿੰਤਕ ਹੈ, ਅਤੇ ਹੈ ਹੋਰ ਬੜਾ ਕੁੱਝ। ਅਸਲ ਵਿੱਚ ਉਹ ਇੱਕ ਖਿਡਾਰਨ ਹੈ, ਰੰਗਾਂ ਦੀ, ਵਿਚਾਰਾਂ ਦੀ, ਸ਼ਬਦਾਂ ਦੀ, ਜਿਮਨਾਸਟਕ ਦੀ, ਖੋਹ-ਖੋਹ ਦੀ, ਅਤੇ ਪਤਾ ਨਹੀਂ ਹੋਰ ਕਿਸ ਕਿਸ ਕਲਾ ਦੀ। ਜੋ ਸ਼ਾਇਦ ਸਮਾਂ ਹੀ ਜਾਣਦਾ ਹੈ।
ਉਸਦੇ ਚਿੱਤਰਾਂ ਨੂੰ ਦੇਖਦੇ ਹਾਂ ਤਾਂ ਦਿਲ ਕਰਦਾ ਹੈ ਕਿ ਉਨ੍ਹਾਂ ਨੂੰ ਦੇਖੀ ਜਾਈਏ, ਦੇਖੀ ਜਾਈਏ, ਦੇਖੀ ਹੀ ਜਾਈਏ। ਉਸਦੀ ਕਵਿਤਾ ਨੂੰ ਪੜ੍ਹਦੇ ਹਾਂ ਤਾਂ ਰੂਹ ਕਰਦੀ ਹੈ ਕਿ ਉਸ ਨੂੰ ਪੜ੍ਹੀ ਜਾਈਏ, ਪੜ੍ਹੀ ਜਾਈਏ, ਪੜ੍ਹੀ ਹੀ ਜਾਈਏ। ਉਸਦੇ ਵਿਚਾਰ ਅਤੇ ਉਨ੍ਹਾਂ ਦੇ ਵਿਸਥਾਰ ਸੁਣਦੇ ਹਾਂ ਤਾਂ ਮਨ ਕਰਦਾ ਹੈ ਕਿ ਉਨ੍ਹਾਂ ਨੂੰ ਸੁਣੀ ਜਾਈਏ, ਸੁਣੀ ਜਾਈਏ, ਸੁਣੀ ਹੀ ਜਾਈਏ। ਇਹ ਸਾਰੀ ਸੋਚ ਮੇਰੇ ਇਕੱਲੇ ਦੀ ਨਹੀਂ, ਸਗੋਂ ਸਾਡੇ ਸਾਂਝੇ ਸੰਪਰਕ ਵਿੱਚ ਆਏ ਹਰ ਚਿੰਤਕ ਦੀ ਹੈ। ਸਿਆਣੇ ਕਹਿੰਦੇ ਹਨ ਕਿ ਤੀਰ ਦੀ ਸਮਰੱਥਾ ਉਸਦੀ ਛੱਡਣ ਵਾਲ਼ੀ ਕਮਾਨ ਅਤੇ ਚਲਾਣ ਵਾਲ਼ੇ ਦੀ ਜਾਨ (ਬਾਹੂ-ਬਲ) ਵਿੱਚ ਹੁੰਦੀ ਹੈ। ਇਸ ਲਈ ਆਓ ਪਹਿਲੋਂ ਸੰਦੀਪ ਦੇ ਪਿਛੋਕੜ ਉੱਤੇ ਇੱਕ ਪੰਛੀ ਝਾਤ ਮਾਰ ਲਈ ਜਾਏ। ਸੰਦੀਪ ਦਾ ਜਨਮ ਫੁੱਟਬਾਲ ਖਿਡਾਰੀਆਂ ਦੀ ਕਰਮ ਭੂਮੀ ਮਾਹਲਪੁਰ ਦੇ ਨੇੜੇ ਇੱਕ ਪਿੰਡ ‘ਬੰਬੇਲੀ’ ਅੰਦਰ 1973 ਵਿੱਚ ਪੰਡਤ ਰੱਖਾ ਰਾਮ ਦੇ ਮਕਾਨ ਵਿੱਚ ਹੋਇਆ। ਕਿਉਂਕਿ ਸੰਦੀਪ ਦੇ ਮਾਤਾ ਪਿਤਾ ਉਸ ਪਿੰਡ ਵਿੱਚ ਟੀਚਰ ਸਨ ਅਤੇ ਪੰਡਤ ਜੀ ਦੇ ਘਰ ਵਿੱਚ ਰਹਿੰਦੇ ਸਨ। ਪੰਡਤ ਜੀ ਦੇ ਘਰ ਸੱਤ ਲੜਕੀਆਂ ਸਨ। ਉਹ ਸੰਦੀਪ ਨੂੰ ਆਪਣੀ ਅੱਠਵੀਂ ਬੇਟੀ ਵਾਂਗ ਮੰਨਦੇ ਸਨ। ਪੰਡਤ ਜੀ ਦਾ ਵੱਡਾ ਪਰਿਵਾਰ ਇਤਨਾ ਸੁਹਿਰਦ ਅਤੇ ਨਿੱਘਾ ਪਰਿਵਾਰ ਹੈ ਕਿ ਉਹ ਅੱਜ ਤੀਕਰ ਸੰਦੀਪ ਨੂੰ ਆਪਣੀ ਸਕੀ ਬੇਟੀ ਜਿਤਨਾ ਨਿੱਘ ਵੰਡਦਾ ਆ ਰਿਹਾ ਹੈ। ਸੰਦੀਪ ਦਾ ਅਸਲ ਵਿੱਚ ਜੱਦੀ ਪਿੰਡ ਬਾੜੀਆਂ ਕਲਾਂ ਹੈ ਜੋ ਬੰਬੇਲੀ ਅਤੇ ਮਾਹਲਪੁਰ ਤੋਂ 5,7 ਕਿਲੋਮੀਟਰ ਦੀ ਦੂਰੀ ਉੱਤੇ ਹੈ। ਉਸ ਦੇ ਮਾਤਾ ਸੁਰਿੰਦਰ ਕੌਰ ਜੀ ਆਰਟ ਐਂਡ ਕਰਾਫਟ ਦੇ ਰਾਟਾਇਟਡ ਟੀਚਰ ਹਨ। ਪਿਤਾ ਸਰਦਾਰ ਰੱਖਾ ਸਿੰਘ ਜੀ ਇੱਕ ਸੀਨੀਅਰ ਸਕੈੰਡਰੀ ਸਕੂਲ ਵਿੱਚ ਟੀਚਰ ਰਹੇ। ਸੰਦੀਪ ਅਜੇ ਕੇਵਲ ਸਾਢੇ ਤਿੰਨ ਕੁ ਸਾਲਾਂ ਦੀ ਬਾਲੜੀ ਹੀ ਸੀ ਕਿ ਉਸ ਦੇ ਪਿਤਾ ਜੀ ਹੜ੍ਹ ਦੇ ਪਾਣੀ ਤੋਂ ਕਿਸੇ ਬਜ਼ੁਰਗ ਨੂੰ ਬਚਾਉਣ ਗਏ ਦਿਲ ਦਾ ਦੌਰਾ ਪੈ ਜਾਣ ਕਾਰਨ ਕੇਵਲ ਅਖੀਰਲੇ ਤੀਹਵਿਆਂ ਦੇ ਸਾਲਾਂ ਦੀ ਉਮਰ ਵਿੱਚ ਹੀ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਸ ਦੁਖਦਾਈ ਵਿਛੋੜੇ ਪਿੱਛੋਂ ਪਰਿਵਾਰ ਦੇ ਸਿਰ ਉੱਤੇ ਹੱਥ ਸੰਦੀਪ ਦੇ ਨਾਨਾ ਨਿਰਮਲ ਸਿੰਘ ਹੋਰਾਂ ਨੇ ਹੀ ਰੱਖਿਆ। ਸੰਦੀਪ ਦੇ ਤਿੰਨ ਮਾਮੇ ਹਨ। ਉਨ੍ਹਾਂ ਤਿੰਨਾਂ ਨੇ ਵੀ ਆਪਣੇ ਮੋਹ ਪਿਆਰ ਵਿੱਚ ਕਿਸੇ ਪਰਕਾਰ ਦੀ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਵਿੱਚੋਂ ਅੱਜ ਕੱਲ੍ਹ ਛੋਟੇ ਮਾਮਾ ਜੀ ਸਰਦਾਰ ਗੁਰਸ਼ਰਨ ਸਿੰਘ ਬੈਂਸ ਇੰਗਲੈਂਡ ਵਿੱਚ ਹਨ, ਵੱਡੇ ਡਾਕਟਰ ਬਲਵਿੰਦਰ ਸਿੰਘ ਬੈਂਸ ਬੀ.ਸੀ. ਕੈਨੇਡਾ ਵਿੱਚ ਹੋਮਿਓਪੈਥੀ ਦੇ ਮਾਹਰ ਡਾਕਟਰ ਹਨ ਅਤੇ ਵਿਚਕਾਰਲੇ ਸਰਦਾਰ ਗੁਰਬੰਸ ਸਿੰਘ ਅਮਰੀਕਾ ਵਿੱਚ ਹਨ। ਸੰਦੀਪ ਨੂੰ, ਇਸ ਦੇ ਭੈਣ ਭਰਾਵਾਂ ਨੂੰ, ਉਸਾਰਨ ਤੇ ਨਿਖਾਰਨ ਵਿੱਚ ਅਸਲ ਦੇਣ ਤਾਂ ਇਨ੍ਹਾਂ ਦੇ ਮਾਤਾ ਸੁਰਿੰਦਰ ਕੌਰ ਜੀ ਦੀ ਹੈ। ਜਿਨ੍ਹਾਂ ਨੇ ਆਪਣੀ 35 ਸਾਲ ਦੀ ਉਮਰ ਤੋਂ ਲੈ ਕੇ ਅੱਜ ਤੱਕ ਸਿਰੜੀ ਘਾਲਣਾ ਘਾਲ਼ ਕੇ ਪਰਿਵਾਰ ਦੀ ਹਰ ਆਰਥਿਕ ਲੋੜ ਨੂੰ ਪੂਰਿਆਂ ਕੀਤਾ ਹੈ। ਇਸ ਦੇ ਨਾਲ਼ ਨਾਲ਼ ਉਸ ਇਕੱਲੀ ਨੇ ਮਾਤਾ ਅਤੇ ਪਿਤਾ ਦੋਹਾਂ ਦਾ ਰੱਜਵਾਂ ਪਿਆਰ ਵੀ ਬੱਚਿਆਂ ਨੂੰ ਦਿੱਤਾ ਹੈ। ਸਮੇਂ ਨਾਲ਼ ਭਾਵੇਂ ਲੱਖ ਔਕੜਾਂ ਆਈਆਂ ਪਰ ਉਸ ਨੇ ਕਿਸੇ ਹਾਲ ਵੀ ਆਪਣੇ ਮੱਥੇ ਵੱਟ ਨਹੀਂ ਪੈਣ ਦਿੱਤਾ ਅਤੇ ਆਪਣੇ ਬੱਚਿਆਂ ਦੇ ਭਵਿੱਖ ਦੀ ਕਿਸੇ ਵੀ ਜ਼ਰੂਰੀ ਲੋੜ ਨੂੰ ਥੋੜ ਦਾ ਮੂੰਹ ਨਹੀਂ ਦੇਖਣ ਦਿੱਤਾ। ਸੰਦੀਪ ਜਦੋਂ ਵੀ ਉਨ੍ਹਾਂ ਵੱਲੋਂ ਇਨ੍ਹਾਂ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦੀ ਹੈ ਤਾਂ ਇਸ ਦਾ ਤਨ ਮਨ ਮਾਤਾ ਜੀ ਦੇ ਪਿਆਰ ਤੇ ਸਤਿਕਾਰ ਵਿੱਚ ਗੂੜ੍ਹਾ ਰੰਗਿਆ ਜਾਂਦਾ ਹੈ। ਇਹੋ ਜਿਹੀ ਵਿਰਲੀ ਮਾਂ ਹੀ, ਸੱਚ ਮੁੱਚ ਧਰਤੀ ਜਿਤਨੀ ਮਹਾਨ ਹੋਇਆ ਕਰਦੀ ਹੈ। ਸੰਦੀਪ ਹੋਰੀ ਤਿੰਨ ਭੈਣ ਭਰਾ ਹਨ। ਵੱਡਾ ਵੀਰ ਕਰਨਵੀਰ ਸਿੰਘ ਸਹੋਤਾ ਆਪਣੇ ਪਰਿਵਾਰ ਅਤੇ ਮਾਤਾ ਜੀ ਨਾਲ਼ ਮਾਹਲਪੁਰ ਹੀ ਰਹਿੰਦਾ ਹੈ। ਜੋ ਆਪਣੀਆਂ ਭੈਣਾਂ ਨੂੰ ਵੀਰ ਵਾਲ਼ਾ ਭਰਮਾਂ ਪਿਆਰ ਵੀ ਦਿੰਦਾ ਰਿਹਾ ਹੈ ਅਤੇ ਪਿਤਾ ਵਾਲ਼ੀ ਛਤਰ ਛਾਇਆ ਅਤੇ ਸੇਧ ਵੀ। ਉਸ ਦੀ ਛੋਟੀ ਭੈਣ ਹਰਅੰਜਨ ਕੌਰ ਲਾਲੀ ਪਰਿਵਾਰ ਸਮੇਤ ਬਰੈੰਪਟਨ ਵਿੱਚ ਹੀ ਰਹਿੰਦੀ ਹੈ। ਜੋ ਅੱਜ ਕੱਲ੍ਹ ਟੀਵੀ ਪਰੋਗਰਾਮ ‘ਪੰਜਾਬੀ ਧੜਕਨ’ ਦੀ ਹੋਸਟ ਹੈ। ਸੰਦੀਪ ਨੇ ਆਪਣੀ ਮੁਢਲੀ ਵਿੱਦਿਆ ਮਾਹਲ ਪੁਰ ਦੇ ਇੱਕ ਕਾਨਵੈੰਟ ਸਕੂਲ ਤੋਂ ਪਰਾਪਤ ਕੀਤੀ ਅਤੇ ਉਹ ਆਪਣੇ ਇਲਾਕੇ ਦੀ ਇੱਕ ਵਧੀਆ ਜਿਮਨਾਸਟ ਰਹੀ। ਇਸ ਵਿੱਚ ਉਹ ਜ਼ਿਲ੍ਹਾ ਪੱਧਰ ਤੀਕਰ ਭਾਗ ਲੈਂਦੀ ਰਹੀ। ਫਿਰ ਉਸ ਦੀ ਰੁਚੀ ਖੋਹ-ਖੋਹ ਵੱਲ ਹੋ ਗਈ ਅਤੇ ਉਸ ਨੇ ਇਸ ਵਿੱਚ ਸਟੇਟ ਪੱਧਰ ਤੱਕ ਭਾਗ ਲਿਆ। ਇਸ ਵਿੱਚ ਉਸ ਨੇ ਅੱਠ ਨੌਂ ਕੈੰਪ ਵੀ ਲਗਾਏ। ਪਰ ਦਸਵੀਂ ਤੀਕਰ ਜਾਂਦੇ-ਜਾਂਦੇ ਇੱਕ ਲੜਕੀ ਹੋਣ ਕਾਰਨ ਸੰਦੀਪ ਦਾ ਖੇਡਾਂ ਦਾ ਖੇਤਰ ਬੰਦ ਹੀ ਹੋ ਗਿਆ। ਪਰ ਇਸ ਸਮੇਂ ਤੀਕਰ ਸਵੈ ਪਰਗਟਾਵੇ ਦੀ ਪੁਰਜ਼ੋਰ ਸੋਚ ਅਤੇ ਲੋਚ ਉਸ ਦੇ ਲੂੰਅ ਲੂੰਅ ਵਿੱਚ ਸਮਾ ਚੁੱਕੀ ਸੀ। ਮਾਤਾ ਜੀ ਦੀ ਬਤੌਰ ਇੱਕ ਵਧੀਆ ਆਰਟ ਐਂਡ ਕਰਾਫਟ ਟੀਚਰ ਦੀ ਵਡਿਆਈ ਸੁਣ ਸੁਣ ਕੇ ਸਵੈ ਪਰਗਟਾਵੇ ਲਈ ਉਸ ਦੀਆਂ ਰੁਚੀਆਂ ਨੇ ਚਿੱਤਰਕਾਰੀ ਵੱਲ ਗੌਰਵਮਈ ਮੋੜ ਕੱਟਿਆ। ਇਸ ਵਿੱਚ ਸੰਦੀਪ ਨੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੀ ਸਾਰੀ ਕਰਤਾਰੀ ਸ਼ਕਤੀ ਝੋਕ ਦਿੱਤੀ। ਉਹ ਇਸ ਕਲਾ ਨਾਲ਼ ਆਪਣੀ ਰੂਹ ਤੀਕਰ ਪਰਨਾਈ ਗਈ। ਉਸਨੇ ਆਪਣੀ ਸਾਰੀ ਲਗਨ ਅਤੇ ਦਰਿੜ੍ਹਤਾ ਇੰਤਹਾ ਦੀ ਹੱਦ ਤੀਕਰ ਇਸ ਕਲਾ ਨਾਲ਼ ਜੋੜ ਲਈ। ਕਈ ਵੇਰ ਇਸ ਤਰ੍ਹਾਂ ਦਾ ਇਤਫਾਕ ਵੀ ਹੋਇਆ ਕਿ ਸੰਦੀਪ ਨੂੰ ਆਰਟ ਦਾ ਕੰਮ ਕਰਦਿਆਂ ਛੱਡ ਕੇ ਇਸ ਦੇ ਮਾਤਾ ਜੀ ਸਕੂਲ ਪੜ੍ਹਾਉਣ ਚਲੇ ਜਾਂਦੇ ਅਤੇ ਆਪਣਾ ਸਕੂਲ ਦਾ ਸਾਰ ਕੰਮ ਕਾਰ ਕਰ ਕੇ ਜਦੋਂ ਘਰ ਆਉਂਦੇ ਤਾਂ ਸੰਦੀਪ ਉਸੇ ਆਰਟ ਨਾਲ਼ ਇੱਕ ਮਿੱਕ ਹੋਈ ਕਾਰਜਸ਼ੀਲ ਮਿਲ਼ਦੀ। ਮਾਤਾ ਜੀ ਨੂੰ ਹੈਰਾਨ ਹੁੰਦਿਆਂ ਇਹ ਨਿਰਨਾ ਕਰਨਾ ਔਖਾ ਹੋ ਜਾਂਦਾ ਕਿ ਕੀ ਸੰਦੀਪ ਕਲਾ ਸਿਰਜ ਰਹੀ ਹੈ ਜਾਂ ਕਲਾ ਸੰਦੀਪ ਨੂੰ। ਕਦੀ ਕਦੀ ਇਸ ਤਰ੍ਹਾਂ ਵੀ ਵਾਪਰਿਆ ਕਿ ਮਾਤਾ ਜੀ ਨੇ ਸੰਦੀਪ ਦੇ ਨੇੜੇ ਪੀਣ ਲਈ ਗਰਮ-ਗਰਮ ਚਾਹ ਦਾ ਪਿਆਲਾ ਰੱਖ ਜਾਣਾ ਤੇ ਕੁੱਝ ਸਮੇਂ ਪਿੱਛੋਂ ਜਦੋਂ ਖਾਲੀ ਪਿਆਲੇ ਨੂੰ ਚੁੱਕਣ ਲਈ ਆਉਣਾ ਤਾਂ ਦੇਖਣਾ ਕਿ ਪੀਣ ਦੀ ਥਾਂ ਤੇ ਸੰਦੀਪ ਨੇ ਚਾਹ ਨੂੰ ਪੇਂਟਿੰਗ ਵਾਲ਼ਾ ਤੇਲ ਸਮਝ ਕੇ ਉਸ ਭਰੇ ਪਿਆਲੇ ਵਿੱਚ ਆਪਣੀ ਕਲਾ ਦੇ ਸੱਤੇ ਰੰਗ ਘੋਲ਼ ਦਿੱਤੇ ਹੁੰਦੇ। ਉਸ ਨੇ ਆਪਣੀ ਚਿੱਤਰਕਲਾ ਅਤੇ ਫੈਬਰਿਕ ਪੇਟਿੰਗ ਅੰਦਰ ਪਾਣੀ ਰੰਗਾਂ, ਤੇਲ ਰੰਗਾਂ, ਆਦਿ ਦਾ ਪਰਯੋਗ ਕੀਤਾ। ਟਿਕਾਊ ਦੀ ਥਾਂ ਟਰਕਾਊ ਕੰਮ ਕਰਨਾ ਉਸ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ। ਜੋ ਵੀ ਕੰਮ ਕੀਤਾ ਪੂਰੇ ਤਨ-ਮਨ ਨਾਲ਼, ਸੰਪੂਰਨ ਸਮਰਪਿਤ ਹੋ ਕੇ ਕੀਤਾ ਅਤੇ ਵਧੀਆ ਕੀਤਾ। ਅਗਲੀ ਪੜ੍ਹਾਈ ਵਿੱਚ ਪਹਿਲੋਂ ਉਸ ਨੇ ਨਾਨ ਮੈਡੀਕਲ ਦੀ ਪੜ੍ਹਾਈ ਚੁਣ ਲਈ। ਪਰ ਛੇਤੀ ਹੀ ਉਹ ਇਸ ਚੋਣ ਨਾਲ਼ ਬਹੁਤ ਪਰੇਸ਼ਾਨ ਹੋ ਗਈ। ਉਸ ਨੂੰ ਜਾਪਦਾ ਸੀ ਕਿ ਉਸਦੀ ਮੰਜ਼ਿਲ ਇੱਕ ਇੰਜਨੀਅਰ ਬਣਨ ਦੀ ਨਹੀਂ ਸਗੋਂ ਕਿਸੇ ਹੋਰ ਦਿਸ਼ਾ ਦੀ ਹੈ। ਸੋਚ ਸੋਚ ਕੇ ਇੱਕ ਦੇਰ ਰਾਤ ਗਈ ਉਸ ਨੇ ਆਪਣੀ ਇਹ ਦੋ ਚਿੱਤੀ ਵੀਰ ਜੀ ਨੂੰ ਦੱਸੀ ਤੇ ਉਨ੍ਹਾਂ ਕੁੱਝ ਦੇਰ ਸੋਚ ਕੇ ਕਿਹਾ ਕਿ ਠੀਕ ਹੈ ਤੂੰ ਆਪਣੀ ਚੋਣ ਬਦਲੀ ਕਰ ਲੈ। ਫਿਰ ਉਸ ਨੇ ਆਪਣੀ 10 + 2, ਮੈਥ, ਇਕਨਾਮਿਕਸ ਵਿੱਚ, ਅਤੇ ਗਰੈਜੂਏਸ਼ਨ ਆਰਟ ਵਿੱਚ ਪਾਸ ਕੀਤੀ। ਅਜੇ ਸੰਦੀਪ ਦੀ ਬੀ.ਏ. ਦੀ ਪੜ੍ਹਾਈ ਚੱਲ ਹੀ ਰਹੀ ਸੀ ਕਿ ਹੁਸ਼ਿਆਰਪੁਰ ਵਿੱਚ ਚਿੱਤਰਕਾਰੀ ਦਾ ਇੱਕ ਖੁੱਲ੍ਹਾ ਮੁਕਾਬਲਾ ਹੋਇਆ। ਉਸ ਵਿੱਚ ਇਸ ਦੀ ਇੱਕ ਪੇਟਿੰਗ ਬਹੁਤ ਹੀ ਸਲਾਹੀ ਗਈ ਅਤੇ ਉਹ ਪਹਿਲੇ ਦਰਜੇ ਤੇ ਰਹੀ। ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪਰੋਫੈੱਸਰ ਅਜੀਤ ਸਿੰਘ ਜਬਲ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਲਪੁਰ ਦੇ ਪਰੋਫੈੱਸਰ ਅਜੀਤ ਸਿੰਘ ਨੇ ਇਸ ਪੇਂਟਿੰਗ ਦੀ ਭਰਪੂਰ ਸਰਾਹਨਾ ਕਰਨ ਦੇ ਨਾਲ਼ ਨਾਲ਼ ਉਸ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਆਪਣੀ ਮਾਸਟਰ ਫਾਈਨ ਆਰਟ ਵਿੱਚ ਹੀ ਕਰੇ। ਇਸ ਨਾਲ਼ ਸੰਦੀਪ ਦੀ ਸੋਚ ਨੂੰ ਇੱਕ ਪਰਬਲ ਪਰੇਰਨਾ ਮਿਲ਼ੀ ਅਤੇ ਉਸ ਨੂੰ ਇਹ ਪੱਕਾ ਵਿਸ਼ਵਾਸ਼ ਹੋ ਗਿਆ ਕਿ ਉਸ ਦੇ ਆਰਟ ਵਰਕ ਵਿੱਚ ਕੋਈ ਨਾ ਕੋਈ ਦਮ ਜ਼ਰੂਰ ਹੈ। ਇਸੇ ਪਰੇਰਨਾ ਸਦਕਾ ਉਸ ਦੇ ਭਵਿੱਖ ਦੇ ਪੈਂਡੇ ਵੀ ਡੂੰਘੇ ਉਲੀਕੇ ਗਏ। ਲੋੜੀਂਦਾ ਐਡੀਸ਼ਨਲ ਫਾਈਨ ਆਰਟ ਦਾ ਕੋਰਸ ਜੋ ਤਿੰਨ ਸਾਲ ਦਾ ਸੀ ਇੱਕ ਸਾਲ ਵਿੱਚ ਪਾਸ ਕਰ ਲੈਣ ਪਿੱਛੋਂ, ਜਿਸ ਵਿੱਚ ਉਸ ਦੇ 85% ਨੰਬਰ ਸਨ, ਜਦੋਂ ਉਹ ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਦਾਖਲੇ ਲਈ ਗਈ ਤਾਂ ਸਾਰੀਆਂ ਸੀਟਾਂ ਪੂਰੀਆਂ ਹੋ ਚੁੱਕੀਆਂ ਸਨ। ਸੁਝਾਅ ਮਿਲਣ ਉੱਤੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਨੂੰ ਜਾ ਕੇ ਮਿਲ਼ੀ। ਸੰਦੀਪ ਦੇ ਐਡੀਸ਼ਨਲ ਫਾਈਨ ਆਰਟ ਦੇ ਇਸ ਕੋਰਸ ਦਾ ਰੀਜਲਟ ਦੇਖ ਕੇ ਉਹ ਬਹੁਤ ਹੀ ਪਰਭਾਵਤ ਹੋਏ ਅਤੇ ਉਨ੍ਹਾਂ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਫਾਈਨ ਆਰਟ ਦੀ ਇੱਕ ਹੋਰ ਵਾਧੂ ਸੀਟ ਉਸ ਲਈ ਦੇ ਦਿੱਤੀ। ਜਿਸ ਵਿੱਚ ਸੰਦੀਪ ਨੇ ਦਾਖਲਾ ਲੈ ਲਿਆ ਤੇ ਮਾਸਟਰ ਦੀ ਡਿਗਰੀ 80% ਨੰਬਰ ਲੈ ਕੇ ਪਹਿਲੇ ਦਰਜੇ ਵਿੱਚ ਪਾਸ ਕਰ ਲਈ। ਫਿਰ ਉਸ ਨੇ ਐਪਟਿਕ ਇੰਸਟੀਚਿਊਸ਼ਨ ਹੁਸ਼ਿਆਰਪਰ ਵਿੱਚ ਕੰਪਿਊਟਰ ਸਾਫਟਵੇਅਰ ਦਾ ਕੋਰਸ ਕਰਨਾ ਅਰੰਭ ਕਰ ਦਿੱਤਾ। ਉਸੇ ਸਮੇਂ ਵਿੱਚ ਮਾਰਚ 1998 ਨੂੰ ਕੈਨੇਡਾ ਤੋਂ ਆਏ ਮਨਜੀਤ ਸਿੰਘ ਧਨੋਆ ਨਾਲ਼ ਉਸ ਦਾ ਵਿਆਹ ਹੋ ਗਿਆ ਤੇ ਉਹ ਕੈਨੇਡਾ ਆ ਗਈ। ਧਨੋਆ ਪਰਿਵਾਰ ਕੋਈ 40 ਕੁ ਸਾਲਾਂ ਤੋਂ ਹੌਂਗਕੌਗ ਵਿੱਚ ਰਹਿੰਦਾ ਆਇਆ ਸੀ ਅਤੇ ਮਨਜੀਤ ਦਾ ਜਨਮ ਵੀ ਉੱਥੇ ਹੀ ਹੋਇਆ। ਇਸ ਵਾਤਾਵਰਨ ਵਿੱਚ ਕੁਦਰਤੀ ਹੀ ਹੈ ਉਸ ਦੇ ਅਤੇ ਮਨਜੀਤ ਦੇ ਸੱਭਿਆਚਾਰਕ, ਭਾਈਚਾਰਕ, ਪੰਜਾਬੀ ਬੋਲੀ ਸਬੰਧੀ ਕਦਰਾਂ ਕੀਮਤਾਂ ਵਿੱਚ ਅੰਤਰ ਦਾ ਹੋਣਾ। ਫਿਰ ਵੀ ਉਨ੍ਹਾਂ ਦੋਹਾਂ ਵਿੱਚ ਸੰਗੀਤ ਦੀ ਇੱਕ ਵਧੀਆ ਸਾਂਝ ਹੈ, ਅਤੇ ਆਪਸੀ ਸੁਹਿਰਦ ਸੂਝ-ਬੂਝ ਕਰ ਕੇ ਉਨ੍ਹਾਂ ਦਾ ਪਰਿਵਾਰਕ ਜੀਵਨ ਬੜਾ ਹੀ ਸੁਖਾਵਾਂ ਚੱਲ ਰਿਹਾ ਹੈ। ਕੈਨੇਡਾ ਪਹੁੰਚ ਕੇ ਉਸ ਨੇ ਕੁੱਝ ਦਫਤਰਾਂ ਦੀਆਂ ਜੌਬਾਂ ਕੀਤੀਆਂ ਅਤੇ ਇੱਥੋਂ ਦੇ ਰੰਗ ਢੰਗ ਅਨੁਸਾਰ ਚਲਣ-ਢਲਣ ਦੀ ਜਾਚ ਸਿੱਖੀ। ਇਸ ਸਾਰੇ ਸਮੇਂ ਵਿੱਚ ਉਸਦੀ ਕਰਤਾਰੀ ਬਿਰਤੀ ਕਿਧਰੇ ਭੁੱਲੀ ਵਿੱਸਰੀ ਵੀ ਰਹੀ ਤੇ ਉਸ ਨੂੰ ਜੀਵਨ ਦੇ ਬਿਰਥਾ-ਬਿਰਥਾ ਗੁਆਚਣ ਦਾ ਅਹਿਸਾਸ ਵੀ ਕਰਵਾਉਂਦੀ ਰਹੀ। ਉਸ ਨੂੰ ਸਦਾ ਹੀ ਇਹ ਰਹਿ-ਰਹਿ ਕੇ ਯਾਦ ਆਉਂਦਾ ਰਿਹਾ, “ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ’।” ਜਿਸ ਵਿੱਚ ‘ਪ੍ਰਭ ਜੀ’ ਸਭ ਦੇ ਪਾਲਣ ਪੋਸਣ ਵਾਲ਼ਾ ਪ੍ਰਭ ਜੀ ਵੀ ਹੈ ਅਤੇ ਜਿਸ ਵਿੱਚ ‘ਪ੍ਰਭ ਜੀ’ ਆਪ ਇੱਕ ਕਰਤਾਰੀ ਕੰਮ ਵੀ ਹੈ, ਕਲਾ ਵੀ ਹੈ, ਸਿਰਜਣਾ ਵੀ ਹੈ। ਅਸਲ ਵਿੱਚ ਜਿਉਣ ਜੋਗਿਆਂ ਦੇ ਪਰਾਣਾਂ ਦਾ ਆਧਾਰ ਹੋਇਆ ਹੀ ਇਹੋ ਕਰਤਾਰੀ ਕੰਮ ਕਰਦਾ ਹੈ। ਜੋ ਉਨ੍ਹਾਂ ਦੇ ਤਨ ਅਤੇ ਮਨ ਨੂੰ ਆਹਰੇ ਵੀ ਲਾਈ ਰੱਖਦਾ ਹੈ ਅਤੇ ਉਨ੍ਹਾਂ ਨੂੰ ਖੁਮਾਰੀ ਦੇ ਲੋਰ ਵਿੱਚ ਉੱਚੇ ਅੰਬਰੀਂ ਉਡਾਈ ਵੀ ਰੱਖਦਾ ਹੈ। ਇਸੀ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਵਿੱਚ ਦੋ ਬੱਚਿਆਂ ਦਾ ਵਾਧਾ ਹੋਇਆ। ਅੱਜ ਵੱਡਾ ਮਨਤਾਬ ਸਿੰਘ ਧਨੋਆ, 3 ਸਾਲ, ਅਤੇ ਛੋਟਾ ਵੀਰਪਰਤਾਪ ਸਿੰਘ ਧਨੋਆ, 2 ਸਾਲ ਦਾ ਹੈ। ਬੱਚਿਆਂ ਨੂੰ ਜਨਮ ਦੇਣ ਲਈ ਅਤੇ ਉਨ੍ਹਾਂ ਦੇ ਪਾਲਣ ਪੋਸਣ ਲਈ, ਸੰਦੀਪ ਲਈ ਜ਼ਰੂਰੀ ਸੀ ਕਿ ਉਹ ਜੌਬ ਤੋਂ ਛੁੱਟੀ ਲੈ ਕੇ ਘਰ ਬਹਿੰਦੀ। ਇਨ੍ਹਾਂ ਦਿਨਾਂ ਵਿੱਚ ਘਰ ਰਹਿਣ ਦੇ ਸੰਖੇਪ ਜਿਹੇ ਘੇਰੇ ਦੇ ਖਲਾਅ ਅੰਦਰ ਉਸ ਦੀ ਚਿੱਤਰ ਕਲਾ ਨੇ ਫਿਰ ਅੰਗੜਾਈ ਲਈ। ਸੰਦੀਪ ਦੇ ਇਸ ਸਥਿਤੀ ਵਿੱਚ ਪਹੁੰਚਦਿਆਂ ਹੀ ਉਸ ਦੀ ਕਲਾ ਦੀ ਪਹਿਚਾਣ ਵੀ ਕੀਤੀ ਅਤੇ ਕਦਰ ਵੀ ਪਾਈ ਟੋਰਾਂਟੋ ਤੋਂ ਛਪਦੇ ‘ਟੋਰਾਂਟੋ ਟ੍ਰਿਬਿਊਨ’ ਨੇ, ਉਸ ਦੇ ਸੰਪਾਦਕ ਡਾਕਟਰ ਬਲਵਿੰਦਰ ਸਿੰਘ ਅਤੇ ਸਹਾਇਕ ਸੰਪਾਦਕ ਬੀਬੀ ਰਾਜ ਘੁੰਮਣ ਨੇ। ‘ਟੋਰਾਂਟੋ ਟ੍ਰਿਬਿਊਨ’ ਦੇ ਛੇਵੇਂ ਪੰਨੇ ਉੱਤੇ ਸੰਦੀਪ ਦੀ ਸੋਚ ਦਾ ਚਿੱਤਰ ਅਤੇ ਉਸ ਨੂੰ ਪਰਗਟਾਉਂਦੇ ਹੋਏ ਕਾਵਿਕ ਵਿਚਾਰ ਨਿਰੰਤਰ ਹਰ ਹਫਤੇ ਛਪਣ ਲੱਗੇ ਜੋ ਹੁਣ ਤੀਕਰ ਲੱਗ ਪੱਗ 26 ਕੁ ਬਾਰ ਛਪ ਚੁੱਕੇ ਹਨ। ਜਿਨ੍ਹਾਂ ਦੀ ਬਹੁਤੀ ਵੇਰ ਪਰਸੰਸਾ ਕੀਤੀ ਜਾਂਦੀ ਹੈ ਅਤੇ ਕਿਸੇ ਕਿਸੇ ਵੱਲੋਂ ਵਿਚਾਰਾਂ ਦਾ ਵਖਰੇਵਾਂ ਹੋਣ ਕਾਰਨ ਉਨ੍ਹਾਂ ਦੀ ਅਲੋਚਨਾ ਵੀ ਕੀਤੀ ਜਾਂਦੀ ਹੈ। ਇਸ ਵਰਤਾਰੇ ਨਾਲ਼ ਉਸ ਨੂੰ ਬਹੁਤ ਹੀ ਉਤਸ਼ਾਹ ਮਿਲ਼ਿਆ ਹੈ ਅਤੇ ਉਸ ਦੇ ਮਨ ਵਿੱਚ ਸਿਰਜਣਾ ਦਾ ਉਮਾਹ ਉਗਮਿਆ ਹੈ। ਸੰਦੀਪ ਦੇ ਇਹ ਵਿਲੱਖਣ ਚਿੱਤਰ ਅਤੇ ਭਾਵ ਪਰਗਟਾਉਂਦੇ ਸ਼ਬਦੀ ਤਿੱਤਰ ਸੂਝਵਾਨ ਪਾਠਕਾਂ ਨੂੰ ਕਲਾ ਨਾਲ਼ ਜੋੜ ਦੇ ਹਨ ਅਤੇ ਉਨ੍ਹਾਂ ਦੀ ਜਾਣਕਾਰੀ ਨੂੰ ਨਿੱਤ ਅੱਗੇ ਤੋਰ ਦੇ ਹਨ। ਇਨ੍ਹਾਂ ਦਾ ਸਭ ਤੋਂ ਵੱਡਾ ਲਾਭ ਇਹ ਹੋ ਰਿਹਾ ਹੈ ਕਿ ‘ਟੋਰਾਂਟੋ ਟ੍ਰਿਬਿਊਨ’ ਦਾ ਹਰ ਪਾਠਕ ਥੋੜ੍ਹਾ ਜਾਂ ਬਹੁਤਾ ਅੱਜ ਚਿੱਤਰ ਕਲਾ ਦੇ ਅੰਗ ਸੰਗ ਹੋ ਤੁਰਿਆ ਹੈ। ਸੰਦੀਪ ਦਾ ਕਹਿਣਾ ਹੈ ਕਿ ਆਮ ਤੌਰ ਉੱਤੇ ਉਹ ਚਿੱਤਰ ਪਹਿਲੋਂ ਤਿਆਰ ਕਰਦੀ ਹੈ ਅਤੇ ਫਿਰ ਉਸ ਸਬੰਧੀ ਕਵਿਤਾ ਲਿਖਦੀ ਹੈ। ਪਰ ਕਦੀ ਕਦੀ ਕਵਿਤਾ ਪਹਿਲੋਂ ਲਿਖੀ ਜਾਂਦੀ ਹੈ ਅਤੇ ਉਸ ਦਾ ਚਿੱਤਰ ਪਿੱਛੋਂ ਤਿਆਰ ਹੁੰਦਾ ਹੈ। ਅੱਜ ਕੱਲ੍ਹ ਉਸ ਦਾ ਮੁੱਖ ਕਾਰਜ ਆਪਣੇ ਬੱਚਿਆਂ ਦੀ ਦੇਖ ਭਾਲ ਕਰਨਾ ਹੈ। ਇਸ ਦੇ ਨਾਲ਼-ਨਾਲ਼ ਉਹ ਪੈਨਸਿਲ ਸਕੈਚ ਬਣਾਉਂਦੀ ਹੈ, ਤੇਲ ਰੰਗਾਂ ਨਾਲ਼ ਪੇਂਟਿੰਗਜ਼ ਤਿਆਰ ਕਰਦੀ ਹੈ, ਕਵਿਤਾ ਲਿਖਦੀ ਹੈ ਅਤੇ ਫੈਬਰਿਕ (ਕੱਪੜਿਆਂ) ਉੱਤੇ ਡੀਜਾਈਨ ਕਰਦੀ ਹੈ। ਜੋ ਉਸ ਦੀ ਆਮਦਨ ਦਾ ਸਾਧਨ ਵੀ ਹੈ। ਉਸ ਨਾਲ਼ ਗੱਲ ਬਾਤ ਕਰਨ ਪਿੱਛੋਂ ਉਸ ਦੇ ਸ਼ੁਭਾਅ ਦੇ ਕਈ ਵਿਸ਼ੇਸ਼ ਪੱਖ ਉਘੜ ਕੇ ਸਾਹਮਣੇ ਆਉਂਦੇ ਹਨ। ਜਿਵੇਂ ਕਿ ਉਹ ਕਿਸੇ ਦੇ ਵਿਚਾਰਾਂ ਪਿੱਛੇ ਅੱਖਾਂ ਮੀਚ ਕੇ ਨਹੀਂ ਤੁਰਦੀ। ਸੋਚ ਸਮਝ ਕੇ ਆਪਣੇ ਵਿਚਾਰ ਪੇਸ਼ ਕਰਦੀ ਹੈ ਅਤੇ ਦੂਸਰੇ ਦੇ ਵਿਚਾਰ ਧਿਆਨ ਨਾਲ਼ ਸੁਣਦੀ ਹੈ। ਉਸ ਪਿੱਛੋਂ ਜਿਹੜੇ ਪਾਸੇ ਤਰਕ ਪਰਧਾਨ ਹੋਵੇ ਉਸਨੂੰ ਖਿੜੇ ਮੱਥੇ ਸਵੀਕਾਰ ਕਰਦੀ ਹੈ। ਉਹ ਆਪਣੇ ਵਿਚਾਰਾਂ ਉੱਤੇ ਐਵੇਂ ਨਹੀਂ ਅੜੀ ਰਹਿੰਦੀ। ਤਰਕ ਨਾਲ਼ ਉਨ੍ਹਾਂ ਵਿੱਚ ਬਦਲਾਓ ਲਿਆਉਣ ਲਈ ਉਹ ਸਦਾ ਤਤਪਰ ਰਹਿੰਦੀ ਹੈ। ਫੋਨ ਉੱਤੇ ਵਿਚਾਰ ਵਟਾਂਦਰੇ ਸਮੇਂ ਜਦੋਂ ਉਸ ਦੇ ਮਨ ਵਿੱਚ ਕੋਈ ਨਵਾਂ ਖਿਆਲ ਉਗਮਦਾ ਹੈ ਤਾਂ ਉਸ ਦੇ ਕੀਅ ਬੋਰਡ ਦੇ ਟਾਈਪ ਦਾ ਮਿੱਠਾ-ਮਿੱਠਾ ਮਿਊਜ਼ਿਕ ਸੁਣਾਈ ਦਿੰਦਾ ਹੈ। ਆਪਣੀ ਕਲਾ ਦੀ ਉੱਤਮਤਾ ਸਬੰਧੀ ਉਸ ਨੂੰ ਕੋਈ ਭੁਲੇਖਾ ਨਹੀਂ ਹੈ। ਉਹ ਆਪ ਕਹਿੰਦੀ ਹੈ ਕਿ ਅਜੇ ਉਸ ਨੇ ਬੜਾ ਕੁੱਝ ਹੋਰ ਸਿੱਖਣਾ ਹੈ ਅਤੇ ਅਜੇ ਬੜਾ ਕੁੱਝ ਹੋਰ ਕਰਨਾ ਹੈ। ਹਾਂ ਇਹ ਜ਼ਰੂਰ ਹੈ ਕਿ ਉਹ ਆਪਣੀ ਕਲਾ ਨੂੰ ਆਪਣੇ ਪਰਾਣਾਂ ਦਾ ਆਧਾਰ ਮੰਨਦੀ ਹੈ। ਕਲਾ …? ਆਓ ਸੰਦੀਪ ਦੇ ‘ਪਰਾਣਾਂ ਦੀ ਆਧਾਰ, ਕਲਾ’ ਸਬੰਧੀ ਵੀ ਕੁੱਝ ਸੋਚ ਵਿਚਾਰ ਹੋ ਜਾਏ: ਕਲਾ ਦੇ ਇਤਿਹਾਸ ਨੂੰ 30,000 ਸਾਲ ਪੁਰਾਣਾ ਮੰਨਿਆਂ ਗਿਆ ਹੈ। ਇਸ ਲੰਮੇ ਸਮੇਂ ਵਿੱਚ ਕਲਾ ਦੇ ਰੂਪ, ਕਲਾ ਦੇ ਆਸੇ ਅਤੇ ਕਲਾ ਦੀ ਪਰੀਭਾਸ਼ਾ ਬਦਲਦੀ ਰਹੀ ਹੈ ਜਾਂ ਵਿਕਾਸ਼ ਕਰਦੀ ਰਹੀ ਹੈ। ਇਸ ਰਚਨਾ ਦੇ ਲੇਖਕ ਦੇ ਆਪਣੇ ਵਿਚਾਰ ਅਨੁਸਾਰ ਕਲਾ ਕਿਸੇ ਅਦਿੱਖ ਨੂੰ ਦਿੱਖ, ਕਿਸੇ ਅਛੋਹ ਨੂੰ ਛੋਹ, ਕਿਸੇ ਅਪਹੁੰਚ ਨੂੰ ਪਹੁੰਚ, ਕਿਸੇ ਵਿਚਾਰ ਨੂੰ ਸੰਚਾਰ ਦਾ ਰੂਪ ਦਿੰਦੀ ਹੈ। ਕਲਾ ਕਿਸੇ ਮਾਣੇ ਵਿਚਾਰ ਨੂੰ ਅਮਰ ਕਰਦੀ ਹੈ। ਜਿਸ ਨਾਲ਼ ਕਲਾਕਾਰ ਆਪ ਵੀ ਅਮਰ ਹੋ ਜਾਂਦਾ ਹੈ। ਕਲਾ ਕਾਲ ਤੋਂ ਵੀ ਮੁਕਤ ਹੁੰਦੀ ਹੈ ਅਤੇ ਕਈ ਵੇਰ ਦੂਰੀਆਂ ਦੀਆਂ ਮਜਬੂਰੀਆਂ ਵੀ ਤੋੜਦੀ ਹੈ। ਆਓ ਕਲਾ ਸਬੰਧੀ ਪਰਮਾਣਿਤ ਵਿਅਕਤੀਆਂ ਦੇ ਵਿਚਾਰ ਵੀ ਵਾਚੀਏ: ਮੈਰੀਲਿਨ ਸਟੈਕਸਟੈਡ ਨਾਮੀ ਇੱਕ ਇਤਿਹਾਸਕਾਰ ਆਪਣੇ ਇੱਕ ਰੂਬਰੂ ਵਿੱਚ ਦੱਸਦਾ ਹੈ ਕਿ “ਸੁਰੰਗਾਂ ਦੀ ਸਭ ਤੋਂ ਵਧੀਆ ਉਹ ਚਿੱਤਰਕਾਰੀ ਬਚੀ ਰਹਿ ਸਕੀ ਹੈ ਜੋ ਕਿ ਡੂੰਘੀਆਂ ਸੁਰੰਗਾਂ ਦੀਆਂ ਕੰਧਾਂ ਉੱਤੇ ਹੈ। ਇਸ ਲਈ ਕਿ …, ਸਾਰਾ ਸਾਲ ਉੱਥੇ ਤਾਪਮਾਨ ਅਤੇ ਨਮੀ ਇੱਕੋ ਰਹਿੰਦੀ ਹੈ। ਇਹ ਕੇਵਲ ਇਸ ਤਰ੍ਹਾਂ ਹੈ ਜਿਵੇਂ ਕਿ ਤੁਹਾਡੇ ਕਿਸੇ ਅਜਾਇਬ ਘਰ ਵਿੱਚ ਕਮਾਲ ਦਾ ਅਨੁਕੂਲ ਵਾਤਾਵਰਨ ਹੋਵੇ। ਉਹ ਵੀ ਇੱਕ ਕੁਦਰਤੀ ਅਜਾਇਬ ਘਰ ਹਨ।” ” … ਚਿੱਤਰਕਾਰ ਅਸਲ ਵਿੱਚ ਪਤਝੜ ਦੇ ਦਿਨਾਂ ਵਿੱਚ ਜੰਗਲ਼ੀ ਸਾਨ੍ਹਾਂ ਦੇ ਇੱਜੜ ਦੀ ਦਿੱਖ ਨੂੰ ਦਰਸਾਉਣ ਦੇ ਯਤਨ ਕਰਦਾ ਹੈ। ਇਹ ਉਹ ਮੌਸਮ ਹੁੰਦਾ ਹੈ ਜਦੋਂ ਕਿ ਜੰਗਲ਼ੀ ਸਾਨ੍ਹ ਇਕੱਠੇ ਹੋ ਜਾਂਦੇ ਹਨ ਅਤੇ ਅਜੇਹੇ ਕਾਰਜ ਕਰਦੇ ਹਨ, ਜਿਨ੍ਹਾਂ ਨੂੰ ਪਸ਼ੂਆਂ ਦਾ ਗਿਆਨ ਰੱਖਣ ਵਾਲ਼ੇ ਧੂਲ ਜਾਂ ਚਿੱਕੜ ਵਿੱਚ ਲਿਟਣਾ, ਬੜ੍ਹਕਾਂ ਮਾਰਨੀਆਂ ਅਤੇ ਮੌਜ ਮੇਲਾ ਕਰਨਾ ਕਹਿੰਦੇ ਹਨ। ਇਸ ਵਿੱਚ ਉਹ ਮਿੱਟੀ ਚਿੱਕੜ ਵਿੱਚ ਲਿਟਦੇ ਹਨ ਅਤੇ ਬੜ੍ਹਕਾਂ ਮਾਰਦੇ ਹਨ। ਅਤੇ ਇਹ ਹੈ … ਇਹ ਹੈ ਸਾਨ੍ਹਾਂ ਦੇ ਨਸਲ ਵਾਧੇ ਦੀ ਕਿਰਿਆ। ਅਤੇ ਇਹੋ ਹੀ ਹੈ ਜੋ ਅਸਲ ਵਿੱਚ ਸੁਰੰਗ-ਚਿਤਰਾਂ ਦੇ ਕਲਾਕਾਰਾਂ ਵੱਲੋਂ ਇਹੋ ਹੀ ਸੁਰੰਗ ਛੱਤਾਂ ਅੰਦਰ ਮੁੜ ਦਰਸਾਇਆ ਜਾਂਦਾ ਹੈ।” ਇਤਿਹਾਸਕਾਰ ਜੀਨ-ਲਿਊਸ ਕਲਿਊਮੀਊ ਆਪਣੇ ਇੱਕ ਰੂਬਰੂ ਵਿੱਚ ਦੱਸਦਾ ਹੈ ਕਿ, “ਯੂਨਾਨੀਆਂ ਨੇ (ਆਪਣੀ ਕਲਾ ਲਈ) ਸੁੰਦਰ ਲੜਕੀਆਂ ਅਤੇ ਨੌਜਵਾਨ ਚੁਣੇ। ਉਨ੍ਹਾਂ ਦੇ ਮਾਡਲ ਸਦਾ ਹੀ ਨੌਜਵਾਨ ਹੁੰਦੇ ਸਨ। ਪੌਲੀਕਲਾਟਸ ਦੀ ਇਹ ਕਲਾ ਕਿਰਤੀ ਕੇਵਲ ਇੱਕ ਮੰਨਿਆਂ ਪਰਮੰਨਿਆਂ ਨੰਗੇਜ ਨਹੀਂ ਹੈ। ਇਸ ਵਿੱਚ ਇੱਕ ਲੈਅ ਹੈ। ਇਸ ਵਿੱਚ ਮੋਢੇ, ਪਿੱਠਾਂ, ਗੋਡੇ ਅਤੇ ਪੈਰ ਇਹ ਸਾਰੇ ਇੱਕ ਸੁਰ ਵਿੱਚ ਹਨ, ਜੋ ਉਚਾਈਆਂ, ਗਹਿਰਾਈਆਂ ਅਤੇ ਗੁਲਾਈਆਂ ਨੂੰ ਸਮਤੋਲ ਬਣਾਉਂਦੇ ਹਨ। ਇਸ ਵਿੱਚ ਕੁੱਝ ਟੋਏ ਟਿੱਬੇ ਹਨ, ਮੋੜ ਹਨ ਜੋ ਪਧਰਾਈਆਂ ਦਾ ਵਿਗਿਆਨ ਕਹਾਉਂਦਾ ਹੈ।” ਸਮਾਜ ਵਿਗਿਆਨੀ ਵੇਰਾ ਯੋਲਵਰਗ ਕਹਿੰਦਾ ਹੈ ਕਿ, “… ਕੈਥੋਲਿਕ ਚਰਚ ਦੀ ਚਰਚ ਕਾਂਊਂਸਲ ਨੇ ਇਹ ਨਿਯਮ ਬਣਾ ਦਿੱਤਾ ਕਿ (ਕਲਾ ਵਿੱਚ) ਸਰੀਰ ਦੇ ਕੁੱਝ ਹਿੱਸੇ ਨਾ ਦਰਸਾਏ ਜਾਣ। ਉਸ ਕਲਾ ਨੂੰ ਕੇਵਲ ਇਹੋ ਹੀ ਦਰਸਾਉਣਾ ਪਇਗਾ … ਜਿਵੇਂ ਕਿ ਕੇਵਲ ਮੈਡੋਨਾ … ਤੁਸੀਂ ਕੇਵਲ ਉਸ ਦਾ ਚਿਹਰਾ ਹੀ ਦੇਖ ਸਕਦੇ ਹੋ, ਤੁਸੀਂ ਉਸ ਦੇ ਕੰਨ ਨਹੀਂ ਦੇਖ ਸਕਦੇ। ਉਸ ਦਾ ਪਹਿਰਾਵਾ (ਅੱਜ ਦੀ) ਇੱਕ ਨਨ ਵਾਂਗ ਹੋਣਾ ਚਾਹੀਦਾ ਹੈ। ਫਿਰ ਇਸੇ ਤਰ੍ਹਾਂ ਹੀ ਨਨ ਦਾ ਪਹਿਰਾਵਾ ਹੋਂਦ ਵਿੱਚ ਆਇਆ। ਅਤੇ ਇਹੋ ਵਿਧੀ, ਇਹੋ ਇੱਕੋ ਇੱਕ ਵਿਧੀ ਬਣ ਗਈ ਜਿਸ ਨਾਲ਼ ਪਵਿੱਤਰ ਪਰਿਵਾਰ ਦੇ ਵਿਅਕਤੀ ਦਰਸਾਏ ਜਾ ਸਕਦੇ ਸਨ। ਇਹ ਯੂਨਾਨੀਆਂ ਦੇ ਦੇਵਤਿਆਂ ਨੂੰ ਪਰਗਟਾਉਣ ਦੀ ਪੁਰਾਣੀ ਵਿਧੀ, ਜਿਸ ਵਿੱਚ ਦੇਵਤੇ ਬਿਲਕੁਲ ਨੰਗੇ ਹੁੰਦੇ ਸਨ, ਦੇ ਸਿੱਧੀ ਹੀ ਵਿਰੋਧੀ ਸੀ।” ਜੀਨ-ਲਿਊਸ ਕਲਿਊਮੀਊ ਇਤਿਹਾਸ ਨੂੰ ਅੱਗੇ ਤੋਰਦਾ ਹੋਇਆ ਦੱਸਦਾ ਹੈ ਕਿ ਗਿਓਟੋ ਪਹਿਲੀ ਨਵਿਚੇਤਨਾ ਦੀ ਚਿੱਤਰ-ਕਲਾ ਦਾ ਮਹਾਂਰਥੀ ਸੀ। ਉਹਦੇ ਕੋਲ਼ ਕਮਾਲ ਦੀ ਦਿੱਭ ਦਰਿਸ਼ਟੀ ਸੀ। ਉਸ ਨੇ ਪਹਿਲੋਂ ਬਣੇ ਚਿੱਤਰ-ਕਲਾ ਦੇ ਨਿਯਮਾਂ ਨੂੰ ਠੁਕਰਾਇਆ ਪਰ ਨਾਂ ਤਾਂ ਆਪ ਉਸਨੇ ਉਨ੍ਹਾਂ ਨੂੰ ਤਰਕਪੂਰਨ ਬਣਾਇਆ ਅਤੇ ਨਾ ਹੀ ਕਿਸੇ ਸਿਧਾਂਤ ਵਿੱਚ ਬੰਨ੍ਹਿਆਂ। ਗਿਓਟੋ ਤੋਂ ਪਹਿਲੋਂ ਦੇਖੋ ਵਿਚਾਰ ਕਿਵੇਂ ਚਿੱਤਰੇ ਜਾਂਦੇ ਸਨ? ਤੁਸੀਂ ਚਰਚ ਦਿਆਂ ਕੰਧ ਚਿੱਤਰਾਂ ਨੂੰ ਦੇਖੋ। ਜੇ ਰੱਬ ਦਾ ਚਿੱਤਰ ਬਣਾਇਆ ਗਿਆ ਤਾਂ ਉਹ ਬਹੁਤ ਲੰਮਾਂ ਹੋਣਾ ਜ਼ਰੂਰੀ ਸੀ; ਸੰਤ ਦਰਮਿਆਨੇ ਕੱਦ ਦੇ, ਅਤੇ ਸਾਧਾਰਨ ਲੋਕ ਬਹੁਤ ਛੋਟੇ ਕੱਦ ਦੇ। ”ਗੁਰੂਆਂ ਪਰੋਹਤਾਂ ਦੀਆਂ ਤਸਵੀਰਾਂ ਵਿੱਚ, ਰੁਹਾਨੀਅਤ ਵਾਲ਼ੀਆਂ ਸਨ। ਗਿਓਟੋ ਨੇ ਕਰੀਸਟ ਤੋਂ ਕਲੰਕ ਖੱਟਦਿਆਂ ਸੇਂਟ ਫਰਾਂਕਿਸ ਨੂੰ ਸੱਚ ਮੁੱਚ ਚਿਤਰਿਆ। ਪਰ ਹੈਰਾਨੀ ਹੈ ਕਿ ਇਸ ਵਿੱਚ ਕਰੀਸਟ ਅਤੇ ਸੇਂਟ ਫਰਾਂਕਿਸ ਇੱਕੋ ਨਾਪ ਦੇ ਹਨ।” ਕਹਿੰਦੇ ਹਨ ਕਿ ਕਿਓਟੋ ਫਲੋਰੈੰਸ ਨਿਵਾਸੀ ਸੀ। ਜੋ ਇੱਕ ਐਸੀ ਸ਼ਹਿਰੀ ਰਿਆਸਤ ਸੀ ਜਿਸ ਨੂੰ ਅਮੀਰ ਪਰਿਵਾਰ ਚਲਾਉਂਦੇ ਸਨ। 14ਵੀਂ ਸਦੀ ਵਿੱਚ, ਫਲੋਰੈੰਸ ਨਿਵਾਸੀ ਪੁਰਾਣੀਆਂ ਕਲਾ ਕਿਰਤੀਆਂ ਨੂੰ ਪਰਾਪਤ ਕਰਨ ਦੀ ਭਾਰੀ ਰੁਚੀ ਰਖਦੇ ਸਨ। ਸਾਰੀ ਇਟਲੀ ਵਿੱਚ ਹੀ ਯੂਨਾਨੀ-ਰੋਮਨ ਕਲਾ ਦੇ ਮਹਾਨ ਆਰਟ ਨੂੰ ਲੋਕਾਂ ਵੱਲੋਂ ਲੱਭਿਆ ਜਾ ਰਿਹਾ ਸੀ। ਫਿਰ ਲਿਉਨਾਰਡ ਦ ਵਿਨਸੀ ਜੋ ਕਿ ਚਿੱਤਰ-ਕਲਾ ਦੇ ਪੁਨਰ ਜੀਵਨ, ਵਿਗਿਆਨਿਕ ਅਤੇ ਤਕਨੀਕੀ ਕਾਰੀਗਰੀ ਦਾ ਉਸਤਾਦ ਹੈ, ਨੇ ਅਦਿੱਖ ਨੂੰ ਚਿਤਰਨ ਦਾ ਸੁਪਨਾ ਲਿਆ। ਇੱਕ ਇਤਿਹਾਸਕਾਰ ਮੈਰੀਲਿਨ ਸਟੋਕਸਟਡ ਮੰਨਦਾ ਹੈ ਕਿ, ”ਉਦਾਹਰਨ ਵਜੋਂ, ਅਸੀਂ ਜਾਣਦੇ ਹਾਂ ਕਿ ਰੂਬਨਜ਼ ਕੋਲ਼ ਇੱਕ ਨੇਮਬਧ ਚਿੱਤਰਕਾਰੀ ਦੀ ਫੈਕਟਰੀ ਸੀ … ਅਤੇ ਉਸਨੇ ਆਪਣੇ ਨਾਲ਼ ਕੰਮ ਕਰਨ ਲਈ ਬਹੁਤ ਸਾਰੇ ਚੰਗੇ ਕਾਰੀਗਰ ਰੱਖੇ ਹੋਏ ਸਨ। ਉਨ੍ਹਾਂ ਵਿੱਚੋਂ ਕੋਈ ਕੱਪੜਾ ਅਤੇ ਕੋਈ ਫਲ਼ਾਂ-ਫੁੱਲਾਂ ਦੀ ਚਿਤਰਾਈ ਕਰਨ ਦਾ ਮਾਹਰ ਸੀ। ਇਸ ਪਰਕਾਰ ਉਸ ਕੋਲ਼ ਹਰ ਪਰਕਾਰ ਦਾ ਮਾਹਰ ਸੀ। ਫਿਰ ਰੂਬਨਜ਼ ਉਨ੍ਹਾਂ ਦੇ ਕੀਤੇ ਕੰਮ ਨੂੰ ਥਾਂਓਂ ਥਾਂਈਂ ਟਿਕਾ ਕੇ ਚਿੱਤਰ ਬਣਾ ਲੈਂਦਾ ਸੀ।” ਇਹ ਵੀ ਧਰਨਾ ਹੈ ਕਿ ਮਾਈਕਲਐਂਜਲੋ ਇੱਕ ਹੋਰ ਕਲਾਕਾਰ ਸੀ ਜਿਸ ਨੂੰ ਉਸ ਦੇ ਜਿਉਂਦਿਆਂ ਹੀ ਮਾਣਤਾ ਪਰਾਪਤ ਹੋਈ। ਉਹ ਬਹੁਤ ਹੀ ਡੂੰਘਾ ਰਹੱਸਵਾਦੀ ਆਦਮੀ ਸੀ। ਉਸਦਾ ਵਿਸ਼ਵਾਸ ਸੀ ਕਿ ਇੱਕ ਸੁਹੱਪਣ ਹੀ ਹੈ ਜਿਸ ਦੇ ਰਾਹੀਂ ਮਾਨਵਤਾ ਪਰਮਾਤਮਾ ਨਾਲ਼ ਸੰਪਰਕ ਬਣਾ ਸਕਦੀ ਹੈ। ਸਿਸਟਾਈਨ ਚਰਚ ਦੀ ਛੱਤ ਦੀ ਚਿੱਤਰਕਾਰੀ ਉਸ ਦੀ ਇਸ ਉੱਤਮ ਪ੍ਰਤਿਭਾ ਨੂੰ ਉਜਾਗਰ ਕਰਦੀ ਹੈ। ਵੇਰਾ ਜ਼ੋਲਵਰਗ ਦਾ ਵਿਚਾਰ ਹੈ ਕਿ, “ਸੰਸਾਰ ਵਿੱਚ ਅੱਜ ਇੱਕ ਇਹ ਸਮੱਸਿਆ ਹੈ ਕਿ ਜਦੋਂ ਕੋਈ ਕਲਾ ਜਾਂ ਕਲਾਕਾਰਾਂ ਨਾਲ਼ ਜੁੜਦਾ ਹੈ, ਤਾਂ ਇਹ ਇੱਕ ਚੰਗੀ ਵਿੱਦਿਆ ਪਰਾਪਤੀ ਮੰਗ ਕਰ ਦੇ ਹਨ। ਬਹੁਤੇ ਲੋਕਾਂ ਲਈ ਕਿਸੇ ਕਲਾ ਨੂੰ ਮਾਨਣਾਂ ਇੱਕ ਵੰਗਾਰ ਵਾਂਗ ਹੈ। ਬਹੁਤ ਸਾਰੀ ਕਲਾ ਐਸੀ ਹੈ ਜੋ ਆਪਣੇ ਆਪ ਸਮਝ ਨਹੀਂ ਪੈਂਦੀ। ਇਸ ਨੂੰ ਸਮਝਾਉਣਾ ਪੈਂਦਾ ਹੈ। ਉਦਾਹਰਣ ਵਜੋਂ 20ਵੀਂ ਸਦੀ ਵਿੱਚ ਇਹੋ ਜਿਹੇ ਕਈ ਵਿਸ਼ੇਸ਼ ਕਲਾਕਾਰ ਹਨ, ਜਿਵੇਂ ਕਿ ਇਟਲੀ ਦਾ ਗਿਆਕੋਮੇਟੀ, ਸਵਿਸ-ਇਟਲੀ ਦਾ ਗਿਆਕੋਮੇਟੀ, ਜਿਸ ਦੇ ਬਣਾਏ ਹੋਏ ਲੋਕਾਂ ਦੇ ਬੁੱਤ ਬਹੁਤ ਹੀ ਅਜੀਬ ਪਰਕਾਰ ਦੇ ਹਨ। ਉਸ ਦੇ ਸਾਰੇ ਬੁੱਤਾਂ ਵਿੱਚ ਸਾਰੀਆਂ ਕਿਸਮਾਂ ਦੇ ਅਰਥ ਲੁਕੇ ਹੋਏ ਹਨ। ਅਤੇ ਤੁਸੀਂ ਉਨ੍ਹਾਂ ਨੂੰ ਕਿਵੇਂ ਬਿਆਨ ਕਰ ਸਕਦੇ ਹੋ ਜਦੋਂ ਕਿ ਤੁਸੀਂ ਕਲਾ ਦੇ ਖੇਤਰ ਵਿੱਚ ਅਨਪੜ੍ਹ ਹੋ।” ਜੀਨ-ਲਿਊਸ ਕਲਿਊਮੀਊ ਕਹਿੰਦਾ ਹੈ ਕਿ, ” … ਉਹ ਕੀ ਹੈ ਜੋ ਇਸ ਨੂੰ ਕਲਾ ਬਣਾਉਂਦਾ ਹੈ? ਜਦੋਂ ਕੋਈ ਵਿਅਕਤੀ ਕਿਸੇ ਰੂਹਾਨੀ, ਅਮੂਰਤ ਚੀਜ਼ ਨੂੰ ਅਰਥ ਪੂਰਨ ਬਣਾ ਕੇ ਉਜਾਗਰ ਕਰ ਦਿੰਦਾ ਹੈ ਤਾਂ ਇਹ ਕਲਾ ਹੈ।” ਬਿਨਾ ਸ਼ੱਕ ਮਿਸ਼ਰੀ ਲੋਕਾਂ ਦਾ ਇਹ ਕਥਨ ਸਹੀ ਹੈ ਕਿ ਤਸਵੀਰਾਂ ਨੇ ਇਨਸਾਨਾਂ ਨੂੰ ਜੀਵਤ ਰੱਖਿਆ ਹੈ। ਕਲਾ ਹੀ ਸਾਨੂੰ ਆਪਣਾ ਬਹੁਤਾ ਇਤਿਹਾਸ ਮੁੜ ਲੱਭਣ ਵਿੱਚ ਸਹਾਈ ਹੋਈ ਹੈ। ਅਤੇ ਵਿਸ਼ਵਾਸ ਕਰਨ ਲਈ ਹਰ ਦਲੀਲ ਮਿਲ ਜਾਂਦੀ ਹੈ ਕਿ ਇਹ ਮਹਾਨ ਅਤੇ ਸਾਹਸੀ ਕੰਮ ਅੱਗੇ ਨੂੰ ਵੀ ਚਲਦਾ ਰਹੇਗਾ। ਇਨਸਾਨੀ ਵਿਚਾਰਵਾਨ ਸੰਸਾਰ ਸਬੰਧੀ ਆਪਣੇ ਵਿਚਾਰ ਪਰਗਟ ਕਰਨ ਲਈ ਸਦਾ ਸਦਾ ਹੀ ਉਤੇਜਿਤ ਹੁੰਦੇ ਰਹਿਣਗੇ। ਕਲਾ ਅਤੇ ਕਲਾ ਦੇ ਇਤਿਹਾਸ ਸਬੰਧੀ ਇਹ ਪੰਛੀ ਝਾਤ ਮਾਰਨ ਪਿੱਛੋਂ ਅਸੀਂ ਇਸ ਵਿਚਾਰ ਦੇ ਧਾਰਨੀ ਹੋ ਜਾਂਦੇ ਹਾਂ ਕਿ ਚਿੱਤਰ ਕਲਾ ਵੀ ਸੰਗੀਤ ਕਲਾ ਵਾਂਗ ਇੱਕ ਬਹੁਤ ਹੀ ਬਹੁ ਪਸਾਰੀ ਕਲਾ ਹੈ। ਇਸ ਵਿੱਚ ਕਿਸੇ ਕਲਾਕਾਰ ਦਾ ਪਰੀਪੂਰਨ ਹੋਣਾ ਕੇਵਲ ਸੁਪਨਾ ਹੀ ਹੋ ਸਕਦਾ ਹੈ ਸੱਚ ਨਹੀਂ। ਸੋ ਸੰਦੀਪ ਕੌਰ ਧਨੋਆ ਆਪਣੇ ਬਾਰੇ ਆਪ ਠੀਕ ਹੀ ਕਹਿੰਦੀ ਹੈ ਕਿ ਉਸ ਨੇ ਅਜੇ ਬੜਾ ਕੁੱਝ ਸਿੱਖਣਾ ਹੈ। ਪਰ ਜੋ ਵੀ ਹੈ ਉਹ ਆਪਣੀ ਕਲਾ ਨੂੰ ਕੇਵਲ ਕਲਾਕਾਰਾਂ ਜਾਂ ਇਸ ਕਲਾ ਦੇ ਵਿੱਦਵਾਨਾਂ ਤੀਕਰ ਹੀ ਸੀਮਤ ਨਹੀਂ ਰੱਖਣਾ ਚਾਹੁੰਦੀ। ਇਸੇ ਲਈ ਉਹ ਆਪਣੀ ਕਲਾ ਦੇ ਸਿਰਲੇਖ ਦੇ ਨਾਲ਼ ਨਾਲ਼ ਉਸ ਨੂੰ ਪਰਗਟ ਕਰਨ ਦੇ ਯਤਨਾਂ ਵਿੱਚ ਸਾਹਿਤਕ ਕਲਾ ਦੇ ਅੰਗ ਸੰਗ ਹੋ ਕੇ ਆਪਣੇ ਕਾਵਿਕ ਵਿਚਾਰ ਵੀ ਉਲੀਕਦੀ ਹੈ। ਭਾਵੇਂ ਕਿ ਕਈ ਵੇਰ ਉਸ ਦੇ ਸ਼ਬਦ ਉਸ ਦੀ ਚਿੱਤਰ ਕਲਾ ਤੋਂ ਪਿੱਛੇ ਰਹਿ ਗਏ ਅਨੁਭਵ ਹੁੰਦੇ ਹਨ। ਕਿਧਰੇ ਕਿਧਰੇ ਸ਼ਬਦਾਂ ਨਾਲ਼ ਹੋਇਆ ਅਨਰਥ ਵੀ ਅਨੁਭਵ ਹੁੰਦਾ ਹੈ ਜਿਸ ਨੂੰ ਸ਼ਬਦਾਂ ਦੇ ਨਵੇਂ (ਮੇਰੇ ਆਪਣੇ) ਅਰਥ ਕਹਿ ਕੇ ਸੰਦੀਪ ਉਨ੍ਹਾਂ ਨੂੰ ਇਨਸਾਫ ਦੇਣ ਦੇ ਯਤਨ ਕਰਦੀ ਹੈ। ਸੰਦੀਪ ਦੀ ਕਲਾ, ਵਿਸ਼ੇਸ਼ ਕਰ ਕੇ ਅੱਜ ਦੀ ਪੰਜਾਬੀ ਇਸਤਰੀ ਦੀ ਅਮੂਰਤ ਆਵਾਜ਼ ਦੀ ਪਰਤੱਖ ਪਰਦਰਸ਼ਨੀ ਹੈ। ਜੇ ਕਿਸੇ ਪਰਵਾਸੀ ਪੰਜਾਬੀ ਇਸਤਰੀ ਦੀ ਰੂਹ ਦੀ ਥਾਹ ਪਾਉਣ ਦਾ ਯਤਨ ਕਰਨਾ ਹੋਵੇ ਤਾਂ ਉਹ ਸੰਦੀਪ ਧਨੋਆ ਦੇ ਚਿੱਤਰ ਪੜ੍ਹ ਲਵੇ ਅਤੇ ਉਸ ਦੇ ਉਲੀਕੇ ਸ਼ਬਦ ਗੁੜ੍ਹ ਲਵੇ। ਉੱਥੋਂ ਅਭਿਲਾਸੀ ਨੂੰ ਸਭ ਕੁੱਝ ਨਾ ਹੀ ਸਹੀ ਪਰ ਬਹੁਤ ਕੁੱਝ ਪਰਾਪਤ ਹੋ ਜਾਇਗਾ, ਸਣੇ ਰੂਹ ਦੇ ਸੁੱਖ-ਸਾਂਨਤੀ ਦੇ। ਸ਼ਾਲਾ! ਸੰਦੀਪ ਦੀ ਚਿੱਤਰ ਕਲਾ ਸਦਾ ਆਪਣੇ ਅਮੁੱਕ ਪਰੇਰਨਾ ਸਰੋਤ ਨਾਲ਼ ਜੁੜੀ ਰਹੇ ਅਤੇ ਇਹ ਨਿੱਤ ਨਵੀਂ ਨਵੇਲੀ ਰਹੇ। ਪਾਠਕਾਂ ਦੀ ਜਾਣਕਾਰੀ ਲਈ ਪੇਸ਼ ਹਨ ਸੰਦੀਪ ਦੇ ਬਣਾਏ ਕੁੱਝ ਚਿੱਤਰ ਅਤੇ ਉਸਦੀਆਂ ਕੁਝ ਕਵਿਤਾਵਾਂ: |
1. ਚੁੱਪ ਤੋੜ ਦਿੱਤੀ‘ਚੁੱਪ ਤੋੜ ਦਿੱਤੀ’ ਹਾਂ! ਚੁੱਪ ਤੋੜ ਦਿੱਤੀ ਕਾਗਜ਼ ਦੀ ਕੋਰੀ ਨੀਝ ਨੇ ਚੁੱਪ ਤੋੜ ਦਿੱਤੀ… ਤਾਂਘਦੀਆਂ ਸਤਰਾਂ ਨੇ ਚੁੱਪ ਤੋੜ ਦਿੱਤੀ… ਅੱਖ ਪੁੱਟੀ, ਮੈਨੂੰ ਘੂਰਿਆ ਹਵਾ ਨੇ ਕਾਗਜ਼ ਨੂੰ ਬੋਲ ਦੇ ਦਿੱਤੇ ਉਸ ਕਿਹਾ- “ਮੰਨਿਆਂ ਮੈਂ ਅੱਖਰਾਂ ਤੋਂ ਵਾਂਝਾ ਹਾਂ, ਮੇਰੇ ਅੱਖਰ ਤੇਰੀ ਮੁਹਲਤ ਦੇ ਮੁਹਤਾਜ ਨੇ, ਮੈ ਤੇਰੇ ਰਾਹਾਂ ਵਿੱਚ ਵਿਛ ਜਾਂਦਾ ਹਾਂ ਧੂੜ ਬਣ, ਮੰਨਿਆ ਮੈਂ ਤੇਰੇ ਹਿੱਸੇ ਦੀ ਸਿਆਹੀ ਜਾਂ ਲਾਲੀ ਵਿੱਚੋਂ ਚੁੰਝ ਨਹੀਂ ਭਰੀ, ਤੇਰੇ ਦੁੱਖ ਨੂੰ ਘਟਾ ਨਾ ਸਕਿਆ, ਤੇਰੇ ਹਾਸਿਆਂ ਨੂੰ ਵਧਾ ਨਾ ਸਕਿਆ, ਮੰਨਿਆਂ ਮੈਂ ਚੁੱਪ ਹੀ ਰਿਹਾ।
“ਪਰ, ਹਾੜਾ! ਮੈਂ ਉੱਥੇ ਨਹੀਂ ਜਾਣਾ, ਮੈਨੂੰ ਉੱਥੇ ਨਾ ਭੇਜ ਜਿੱਥੇ ਲਿਖਿਆ ਹੈ- ‘ਇੱਥੇ ਕਿਸੇ ਨੂੰ ਖਤ ਦੀ ਉਡੀਕ ਨਹੀਂ’।”
2. ਮੇਰੀ ਹਰ ਕਵਿਤਾਮੇਰੀ ਹਰ ਕਵਿਤਾ … ਮੇਰੀ ਹਰ ਕਵਿਤਾ ਦੀ ਰੂਹ ਅੰਦਰ, ਇੱਕ ਯਾਦ ਪਈ ਕੁਰਲਾਉਂਦੀ ਏ। ਖਾਲੀ ਝੋਲੀ, ਮੁੰਹ ਲਟਕਾਈ, ਹਰ ਰੋਜ਼ ਹੀ ਵਾਪਸ ਆਉਂਦੀ ਏੇ। ਲੱਖ ਕਹਾਂ ਉਸ ਦਰ ਨਾਂ ਜਾਵੀਂ, ਨਾ ਮੰਨੇਂ ਬਹੁਤ ਸਤਾਉਂਦੀ ਏ।
ਕਦੇ ਕਦਾਈਂ ਵਿਹੜੇ ਦੇ ਵਿੱਚ, ਲੰਮ-ਸਲੰਮੀ ਨੀਂਦੋਂ ਜਾਗੀ, ਹੀਰ-ਸਲੇਟੀ ਰੰਗ-ਰੂਹ ਵਰਗੀ, ਰਾਹਾਂ ਦੇ ਤਰਲੇ ਪਾਉਂਦੀ ਏ, ਰੋ-ਰੋ ਕੇ ਪਿਆਰ ਮਨਾਉਂਦੀ ਏ।
ਆਪ-ਬੰਸਰੀ ਦੇ ਵਿੱਚ ਬਹਿ ਕੇ, ਮੀਰਾਂ ਵਰਗੀ ਨਾਰ ਵੈਰਾਗਣ, ਸੁੱਧ-ਬੁੱਧ ਭੁੱਲ ਕੇ, ਰਾਜ ਗਵਾ ਕੇ, ਸਾਹਾਂ-ਸੰਗ ਪਈ ਧਿਆਉਂਦੀ ਏ, ਵੰਜਲੀ ਬਣਕੇ ਗਾਉਂਦੀ ਏ। ਕਦੇ ਲੱਗੇ ਕੋਈ ਠੰਡੜੀ ਛਾਂ ਏ, ‘ਯਾਦ’ ਨਹੀਂ ਇਹ ਮੇਰੀ ਮਾਂ ਏ, ਪਾਲ-ਪੋਸ ਕੇ ਹੱਥੀਂ ਤੋਰੀ, ਧੀ ਦੀ ਯਾਦ ਨੂੰ ਚੋਰੀ-ਚੋਰੀ, ਬੁੱਕਲ ਵਿੱਚ ਲਕਾਉਂਦੀ ਏ, ਘੁੱਟ ਹੰਝੂਆਂ ਦੇ ਪੀ ਜਿਉਂਦੀ ਏ।
ਕਦੇ ਕਦਾਈਂ ਅੰਬਰਾਂ ਦੇ ਵਿੱਚ, ਕੂਕੇ, ਚੀਕੇ, ਰੋ-ਰੋ ਹੂਕ, ਡਾਰੋਂ ਵਿਛੜੀ ਕੂੰਜ ਦੇ ਖੰਭ ‘ਤੇ, ਬਹਿ ਕੇ ਸਾਥ ਲਭਾਉਂਦੀ ਏ, ਦਿਨ-ਰਾਤ ਪਈ ਕੁਰਲਾਉਂਦੀ ਏ।
ਨਵ-ਵਿਆਹੀ ਦੀ ਸੰਗ ਅੰਦਰ, ਬਹਿ ਵਿਹੜੇ ਪੈਰ ਜੋ ਪਾਉਂਦੀ ਏ, ਕਰਮਾਂ ਵਾਲੀ ਰੰਗ-ਸੰਗ ਖੇਡੇ, ਬਿਨ-ਕਰਮਾਂ ਤੋਂ ਘਬਰਾਉਂਦੀ ਏ, ਸੌੜੇ ਵਿਹੜੇ ਦੀ ਮਿੱਟੀ ਨੂੰ, ਹੱਥੀਂ ਚੁੱਕ ਮੱਥੇ ‘ਤੇ ਲਾਉਂਦੀ ਏ।
3. ਨੀਲੋਫ਼ਰਨੀਲੋਫ਼ਰ ਪਲਕਾਂ ਨੂੰ ਭੇੜ ਆਪਣ ਹੀ ਅੰਦਰ, ਜਦ ਝਾਤ ਪਾਈ…, ਨਿਵਾਜ਼ਸ਼ ਹੀ ਨਿਵਾਜ਼ਸ਼ ਹਰ ਪਾਸੇ ਨਜ਼ਰ ਆਈ। ਇਹ ਨਿਵਾਜ਼ਸ਼ ਕਿਸ ਦੀ ਹੈ? ਤੇਰੀ … ਮੇਰੀ … ਜਾਂ ‘ਉਸ’ ਦੀ ਹੈ…। ਸੋਚ-ਸੋਚ ਅੱਜ ਅੰਦਰ-ਬਾਹਰ ਭਰਦਾ ਰਿਹਾ…। ਬਣ ਗਿਆ ‘ਨੀਲੋਫ਼ਰ’ ਆਪਣਾ ਹੀ ਅੰਤਹਕਰਣ…। ‘ਸੂਰਜ’ ਦੇ ਸਨਮੁਖ, ਧੁੱਪ ਚੋਰੀ ਕਰਦਾ, ਪੱਤੀ ਪੱਤੀ ਖ੍ਹੋਲਦਾ, ਆਪਣੇ ਹੀ ਅੰਦਰ, ਚੁੱਪ-ਚੁਪੀਤਾ, ਤਰਦਾ ਰਿਹਾ…ਤਰਦਾ ਰਿਹਾ, ਬੱਸ ਤਰਦਾ ਰਿਹਾ…!
4. ਖੁਆਬਖੁਆਬ ਗੀਤ ਬੇਗਾਨਾ, ਬੋਲ ਪਰਾੲ ਬੱਸ ਇੱਕ ਸਾਜ਼ ਦੀ ਤਰ੍ਹਾਂ ਹਾਂ ਮੈਂ। ਅੱਖਰਾਂ ਤੋਂ ਅਰਥਾਂ ਤੱਕ ਦੀ ਇੱਕ ਆਵਾਜ਼ ਦੀ ਤਰ੍ਹਾਂ ਹਾਂ ਮੈਂ। ਤੇਰਾ ਵੀ ਕੀ ਦੋਸ਼ ਹੈ ਤੂੰ ਕੀ ਕੀ ਸਮਝਿਆ ਮੈਨੂੰ ਸੁੱਤੀ ਸਦੀ ਦੀ ਹਿੱਕ ਅੰਦਰ ਇੱਕ ਰਾਜ਼ ਦੀ ਤਰ੍ਹਾਂ ਹਾਂ ਮੈਂ। ਸਾਜ਼ਾਂ ਦੀ ਭੀੜ ਵਿੱਚ ਰਹਿ ਗਈ ਗੁਆਚ ਕੇ ਬੇਮਤਲਬ ਤੇ ਅਣਗੌਲੀ ਇੱਕ ਰਬਾਬ ਦੀ ਤਰ੍ਹਾਂ ਹਾਂ ਮੈਂ। ਇੱਕ ਚੁੱਪ ਤੋਂ ਦੂਜੀ ਚੁੱਪ ਤੱਕ ਇੱਕ ਰੂਹ ਤੋਂ ਦੂਜੀ ਰੂਹ ਤੱਕ। ਆਉਂਦ ਜਾਂਦੇ ਸਾਹਾਂ ਦੀ ਇੱਕ ਰਫਤਾਰ ਦੀ ਤਰ੍ਹਾਂ ਹਾਂ ਮੈਂ। ਨਹੀਂ ਮਨਜ਼ੂਰ ਮੈਨੂੰ ਅੱਜ ਕਿ ਉਹ ਕੀ ਕੀ ਸੋਚਦੇ। ਤੇਰੇ ਸੁੱਚੇ ਬੋਲਾਂ ਦੀ ਇੱਕ ਆਬ ਦੀ ਤਰ੍ਹਾਂ ਹਾਂ ਮੈਂ। ਕੀ ਸੋਚਦਾ ਏਂ ਸੱਜਣਾ ਬੱਸ ਇੰਨਾ ਹੀ ਰਹਿਣ ਦੇ। ਮੈਂ ਜਾਣਦੀ ਹਾਂ ਤੇਰੇ ਲਈ ਭੁੱਲ ਚੁੱਕੇ ਖੁਆਬ ਦੀ ਤਰ੍ਹਾਂ ਹਾਂ ਮੈਂ। ਇਨਗਰੌਸਡ (ਮਖ਼ਮੂਰ)ਉਡੀਕਾਂਫੈਬਰਿਕ ਵਰਕ |
***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 30 ਸਤੰਬਰ 2006) *** |