20 April 2024

ਪ੍ਰਗਤੀਵਾਦੀ ਕਵਿਤਾ ਦਾ ਸੰਜੀਦਾ ਕਵੀ-ਬਾਵਾ ਬਲਵੰਤ -ਬਲਜਿੰਦਰ ਪਾਲ

ਪ੍ਰਗਤੀਵਾਦੀ ਕਵਿਤਾ ਦਾ ਸੰਜੀਦਾ ਕਵੀ-ਬਾਵਾ ਬਲਵੰਤ

-ਬਲਜਿੰਦਰ ਪਾਲ-

ਕਦੋਂ ਤੱਕ ਤੁਰੋਂਗੇ ਕਿਨਾਰੇ ਕਿਨਾਰੇ,
ਨਾ ਸਮਝੋਗੇ ਲਹਿਰਾ ਦੇ ਕਦੋਂ ਤੱਕ ਇਸਾਰੇ,
ਇਹ ਕੰਡਾ ਉਮੰਗਾ ਦਾ ਚੁਭਦਾ ਰਹੇਗਾ,
ਕਦੋਂ ਖਿੜਨਗੇ ਫੁੱਲ ਸਾਰੇ ਦੇ ਸਾਰੇ।

ਬਾਵਾ ਬਲਵੰਤ ਪੰਜਾਬੀ ਪ੍ਰਗਤੀਵਾਦੀ ਕਾਵਿਧਾਰਾ ਦਾ ਮੁੱਖ ਕਵੀ ਹੈ। ਭਾਵੇਂ ਕਿ ਮੋਹਨ ਸਿੰਘ ਨੂੰ ਇਸ ਧਾਰਾ ਦਾ ਮੋਢੀ ਕਵੀ ਮੰਨਿਆ ਜਾਂਦਾ ਹੈ, ਪਰ ਪ੍ਰਗਤੀਵਾਦ ਦਾ ਪੱਕਾ ਠੱਕਾ ਕਵੀ ਬਾਵਾ ਬਲਵੰਤ ਹੈ। ਉਸ ਨੇ ਸ਼ੁਰੂ ਤੋਂ ਲੈ ਕੇ ਆਪਣੀਆਂ ਅੰਤਲੀਆਂ ਸਤਰਾਂ ਤੱਕ ਪ੍ਰਗਤੀਵਾਦ, ਇਨਕਲਾਬ ਤੇ ਸਮਾਜਵਾਦ ਦੀ ਗੱਲ ਕੀਤੀ ਹੈ। ਬਾਵਾ ਬਲਵੰਤ-ਅਮ੍ਰਿਤਾ ਪ੍ਰੀਤਮ ਦਾ ਸਮਾਂ ਪ੍ਰਗਤੀਵਾਦੀ ਧਾਰਾ ਦਾ ਜੋਬਨ ਕਿਹਾ ਜਾਂਦਾ ਹੈ ਜਿਸ ਨੇ ਪ੍ਰਗਤੀਵਾਦੀ ਕਾਵਿਧਾਰਾ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਜਿਸ ਕਾਰਨ ਕਈ ਲੇਖਕਾਂ ਨੇ ਪ੍ਰਗਤੀਵਾਦੀ ਕਵਿਤਾ ਤੇ ਹੱਥ ਅਜਮਾਈ ਕੀਤੀ। ਬਾਵਾ ਬਲਵੰਤ ਨੇ ਜੋ ਵੀ ਪੰਕਤੀਆ ਲਿਖੀਆਂ ਉਹ ਪ੍ਰਗਤੀਵਾਦ ਨੂੰ ਸਮਰਪਿਤ ਹਨ,ਉਸ ਦੇ ਨਾ ਕਦੇ ਆਪਣੇ ਰਾਹ ਤੋਂ ਪੈਰ ਥਿੜਕੇ, ਨਾ ਮੰਜਿਲ ਤੋਂ ਨਿਗਾ ਹਟੀ। ਮਹਾਂਨਾਚ ਤੋਂ ਲੈ ਕੇ ਸੁਗੰਧ ਸਮੀਰ ਤੱਕ ਉਹ ਆਪਣੇ ਅਸੂਲਾਂ ਤੇ ਪੱਕਾ ਰਿਹਾ। ਉਸ ਨੇ ਨਿੱਜੀ ਤੰਗ-ਤੁਰਸ਼ੀਆਂ ਨੂੰ ਝੱਲਦਿਆਂ ਪ੍ਰਗਤੀਵਾਦੀ ਕਾਵਿ ਧਾਰਾ ਦੀ ਆਵਾਜ਼ ਨੂੰ ਬੁਲੰਦ ਰੱਖਿਆ। ਜਿਵੇਂ ਕਿ ਉਹ ਲਿਖਦਾ ਹੈ ;ਬਣਦਾ ਹੈ ਜ਼ਿੰਦਗੀਵਿੱਚ ਕੁਝ ,ਲਾਇਆ ਸਿਰ ਦੀ ਬਾਜੀ,
ਏਸੇ ਤਰ੍ਹਾਂ ਨੇ ਹੂੰਦੇ ਜੀਵਨ ਦੇ ਰਾਹ ਸੁਖਾਲੇ।

ਬਾਵਾ ਬਲਵੰਤ ਦੇ ਛੇ ਕਾਵਿ ਸੰਗ੍ਰਹਿ, ਮਹਾਂਨਾਚ, ਜਵਾਲਾਮੁੱਖੀ, ਬੰਦਰਗਾਹ, ਅਮਰਗੀਤ, ਕਾਵਿ-ਸਾਗਰ ਤੇ ਸੁਗੰਧ ਸਮੀਰ ਪ੍ਰਕਾਸ਼ਿਤ ਹੋਏ ਹਨ। ਬਾਵਾ ਬਲਵੰਤ ਦੀ ਰਚਨਾ ਵਿਚ ਨਿਰੰਤਰ ਵਿਕਾਸ ਹੁੰਦਾ ਰਿਹਾ ਹੈ। ਉਹ ਪ੍ਰਗਤੀਵਾਦੀ ਵਿਚਾਰਧਾਰਾ ਤੇ ਸਮਾਜਵਾਦ ਨਾਲ ਪ੍ਰਤੀਬੱਧ ਰੂਪ ਵਿਚ ਜੁੜਿਆ ਹੋਇਆ ਸੀ। ਉਸ ਦੀ ਪ੍ਰਤੀਬੱਧਤਾ ਬਾਰੇ ਡਾ.ਐਸ.ਤਰਸੇਮ ਲਿਖਦੇ ਹਨ, “ਬਾਵਾ ਬਲਵੰਤ ਪ੍ਰਗਤੀਵਾਦੀ ਵਿਚਾਰਧਾਰਾ ਦਾ ਸ਼ਰੋਮਣੀ ਕਵੀ ਕਿਹਾ ਜਾ ਸਕਦਾ ਹੈ। ਉਸ ਨੇ ਇਸ ਪ੍ਰਵਿਰਤੀ ਨੂੰ ਇਕ ਫੈਸ਼ਨ ਵਜੋਂ ਗ੍ਰਹਿਣ ਨਹੀਂ ਕੀਤਾ ਸਗੋਂ ਇਸ ਪ੍ਰਤੀ ਉਸ ਦੀ ਪ੍ਰਤੀਬੱਧਤਾ ਠੋਸ ਮਾਰਕਸਵਾਦੀ ਚਿੰਤਨ ਉਤੇ ਅਧਾਰਿਤ ਜਾਪਦੀ ਹੈ।”

ਸੋਵੀਅਤ ਯੁਨੀਅਨ ਦੇ ਟੁੱਟਣ ਤੋ ਂਬਾਦ ਕਈ ਸਮਾਲੋਚਕਾਂ ਨੇ ਬੜੇ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਕਿ ਪ੍ਰਗਤੀਵਾਦੀ ਕਾਵਿਧਾਰਾ ਦੇ ਦਿਨ ਪੁੱਗ ਚੁੱਕੇ ਹਨ। ਹੁਣ ਦੁਨੀਆਂ ਅੰਦਰ ਪ੍ਰਗਤੀਵਾਦ ਜਾਂ ਸਮਾਜਵਾਦ ਲਈ ਕੋਈ ਸਥਾਨ ਨਹੀਂ। ਇਸੇ ਕਾਰਨ ਬਹੁਤ ਸਾਰੇ ਲੇਖ਼ਕ ਉਲਟਬਾਜ਼ੀਆਂ ਖਾਕੇ ਇਸ ਧਾਰਾ ਤੋਂ ਕਿਨਾਰਾ ਕਰ ਗਏ, ਪਰ ਬਾਵਾ ਬਲਵੰਤ ਵਰਗੇ ਕਵੀਆਂ ਦੀ ਰਚਨਾਤਮਕ ਦ੍ਰਿੜਤਾ ਦੇ ਕਾਰਨ ਪ੍ਰਗਤੀਵਾਦੀ ਕਾਵਿ ਧਾਰਾ ਦੇ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਮਿਲ ਸਕਿਆ ਅਤੇ ਪ੍ਰਗਤੀਵਾਦੀ ਕਾਵਿ ਧਾਰਾ ਦੀ ਚੜ੍ਹਦੀ ਕਲਾ ਬਰਕਰਾਰ ਰਹੀ। 

ਬਾਵਾ ਬਲਵੰਤ ਭਾਵੇਂ ਕਿ ਕਵੀ ਸੀ ਪਰ ਉਸ ਨੇ ਬਹੁਤ ਸਾਰੀ ਵਾਰਤਕ ਰਚਨਾ ਵੀ ਕੀਤੀ ਜੋ ਕਿ ਪੰਜਾਬੀ ਵਾਰਤਕਕਾਰਾਂ ਲਈ ਰਾਹ ਦਰਸਾਉਣ ਦਾ ਕੰਮ ਕਰਦੀ ਹੈ। ਉਸ ਦੀ ਵਾਰਤਕ ਰਚਨਾ ‘ਕਿਸ ਕਿਸ ਤਰ੍ਹਾਂ ਦੇ ਨਾਚ’ ਛਪ ਚੁੱਕੀ ਹੈ। ਬਾਵਾ ਦੇ ਲੇਖਾਂ ਨੂੰ ਇਕੱਤਰ ਕਰਕੇ ਛਾਪਣ ਦਾ ਇਕ ਸ਼ਲਾਘਾਯੋਗ ਉਪਰਾਲਾ ਡਾ. ਗੁਰਮੁੱਖ ਸਿੰਘ ਨੇ ਕੀਤਾ ਹੈ, ਜਿਸ ਤੋਂ ਬਾਵਾ ਦੀ ਉਚ ਦਰਜੇ ਦੀ ਵਾਰਤਕ ਰਚਨਾਂ ਬਾਰੇ ਪਤਾ ਚਲਦਾ ਹੈ। ਬਾਵਾ ਬਲਵੰਤ ਦੇ ਬਹੁਤ ਸਾਰੇ ਲੇਖ ਆਰਸੀ, ਜਨ-ਸਾਹਿਤ, ਪੰਜਾਬੀ ਦੁਨੀਆਂ ਅਤੇ ਸੰਕੇਤ ਆਦਿ ਰਸਾਲਿਆਂ ਵਿਚ ਵੀ ਪ੍ਰਕਾਸਿਤ ਹੋ ਚੁੱਕੇ ਹਨ। ਇਸ ਵਾਰਤਕ ਰਚਨਾਂ ਤੋਂ ਪਤਾ ਚਲਦਾ ਹੈ ਕਿ ਬਾਵਾ ਨੇ ਪੂਰੇ ਵਿਸ਼ਵ ਦੇ ਅਗਾਂਹਵਧੂ ਲੇਖਕਾਂ/ਕਲਾਕਾਰਾਂ ਬਾਰੇ ਨਿੱਠ ਕੇ ਪੜ੍ਹਿਆਂ ਅਤੇ ਲਿਖਿਆ। ਜਿਸ ਤੋਂ ਪਾਠਕਾਂ ਨੂੰ ਬਹੁਤ ਅਨਮੋਲ ਜਾਣਕਾਰੀ ਪ੍ਰਾਪਤ ਹੁੰਦੀ ਹੈ ਭਾਵੇਂ ਕਿ ਉਹ ਅੰਗਰੇਜ਼ੀ ਨਹੀਂ ਸੀ ਜਾਣਦਾ ਫਿਰ ਵੀ ਇੰਨ੍ਹੀ ਜਾਣਕਾਰੀ ਉਸ ਨੇ ਅਨੁਵਾਦਿਤ ਪੁਸਤਕਾਂ ਤੋਂ ਪ੍ਰਾਪਤ ਕੀਤੀ ਜੋ ਕਿ ਉਸ ਨੂੰ ਉਚ ਦਰਜੇ ਦਾ ਕਵੀ ਹੋਣ ਦੇ ਨਾਲ ਨਾਲ ਉੱਚ ਦਰਜੇ ਦਾ ਵਾਰਤਕਕਾਰ ਵੀ ਸਿੱਧ ਕਰਦੀ ਹੈ।

ਬਾਵਾ ਬਲਵੰਤ ਨੇ ਮਹਾਤਮਾ ਗਾਂਧੀ, ਚਾਰਲੀ ਚੈਪਲਿਨ, ਫ਼ਿਰਾਕ ਗੋਰਖਪੁਰੀ, ਨਾਨਕ ਸਿੰਘ, ਜਾਨ ਕੇਨੈਡੀ, ਚਿੱਤਰਕਾਰ ਜਸਵੰਤ ਸਿੰਘ ਆਦਿ ਬਾਰੇ ਬਹੁਤ ਹੀ ਉਚ ਦਰਜੇ ਦੇ ਲੇਖ ਲਿਖੇ ਹਨ। ਇਹ ਲੇਖ ਪਾਠਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸੰਦੇਸ਼ ਦਿੰਦੇ ਹਨ ਅਤੇ ਦੁਨੀਆਂ ਅੰਦਰ ਕਲਾਕਾਰਾਂ ਦੀ ਹੋ ਰਹੀ ਬੇਕਦਰੀ ਤੇ ਰੋਸ਼ਨੀ ਪਾਉਂਦੇ ਹਨ। ਬਾਵਾ ਦੀ ਸ਼ੈਲੀ ਵਿਵਰਣਾਤਮਕ, ਵਿਵੇਚਨਾਤਮਕ, ਵਿਆਖਿਆਤਮਕ ਰੰਗ ਰੂਪ ਵਾਲੀ ਅਤੇ ਵਿਸ਼ੇ ਦੀ ਲੋੜ ਮੁਤਾਬਿਕ ਚੁਣੀ ਗਈ ਹੈ ਜੋ ਕਿ ਰਸ ਭਰਪੂਰ ਹੈ। ਬਾਵਾ ਦੇ ਵਿਸ਼ਿਆਂ ਵਿਚ ਵੱਖਰਤਾ ਪਾਈ ਜਾਂਦੀ ਹੈ, ਉਸ ਨੇ ਦੇਸ਼-ਭਗਤੀ, ਭਰਾਤਰੀ-ਭਾਵ, ਇਨਕਲਾਬ ਤੇ ਸਮਾਜਵਾਦ ਵਿਸ਼ੇ ਚੁਣੇ ਹਨ। ਇਸ ਬਾਰੇ ਡਾ.ਗੁਰਮੁੱਖ ਸਿੰਘ ਲਿਖਦੇ ਹਨ, “ਉਹ ਮਾਰਕਸਵਾਦੀ ਸਨ, ਜਿਸ ਕਾਰਨ ਉਨ੍ਹਾਂ ਦੀ ਵਿਚਾਰਧਾਰਾ ਆਸ਼ਾਵਾਦੀ ਹੈ। ਬਾਵਾ ਜੀ ਨੇ ਇਸ ਫਲਸਫੇ ਨੂੰ ਜ਼ਿੰਦਗੀ ਦਾ ਅੰਗ ਬਣਾਇਆ ਤੇ ਫਿਰ ਸਾਰੀ ਜ਼ਿੰਦਗੀ ਇਨ੍ਹਾਂ ਸਵੈ ਸਥਾਪਿਤ ਆਦਰਸ਼ਾਂ ਤੇ ਪਹਿਰਾ ਦਿੱਤਾ। ਇੰਨ੍ਹਾਂ ਆਦਰਸ਼ਾਂ ਕਾਰਨ ਹੀ ਉਨ੍ਹਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ ਆਖਰ ਇਹ ਗਰੀਬੀ ਹੀ ਉਨ੍ਹਾਂ ਦੀ ਜੀਵਨ ਖੇਡ ਖਤਮ ਕਰਨ ਦਾ ਕਾਰਨ ਬਣੀ। ਧੁੱਪ ਵਿਚ ਦਿੱਲੀ ਦੀਆਂ ਅੱਗ ਵਰਗੀਆ ਸੜਕਾਂ ਤੇ ਚਲਦਿਆਂ ਸੰਨਸਟਰੋਕ ਕਾਰਨ ਚੱਲ ਵਸੇ।”

ਬਾਵਾ ਦਾ ਅਧਿਐਨ ਬਹੁਪੱਖੀ ਸੀ ਤੇ ਉਸ ਦੀ ਵਿਸ਼ੇ ਨੂੰ ਪ੍ਰਸਤੁਤ ਕਰਨ ਦੀ ਸਮਰੱਥਾ ਕਮਾਲ ਦੀ ਹੈ। ਵਿਸ਼ਾ ਕੋਈ ਵੀ ਹੈ ਉਸ ਨੂੰ ਨਿਵੇਕਲੇ ਰੰਗ ਢੰਗ ਨਾਲ ਪ੍ਰਸਤੁਤ ਕੀਤਾ ਗਿਆ ਤੇ ਆਦਿ ਤੋ ਅੰਤ ਤੱਕ ਦਿਲਚਸਪੀ ਕਾਇਮ ਰਹੀ। ਐਮ.ਅਬਦੁੱਲ ਰਹਿਮਾਨ ਚੁਗਤਾਈ ਬਾਵਾ ਦੇ ਵਿਸ਼ੇ ਪੱਖ ਬਾਰੇ ਲਿਖਦਾ ਹੈ, “ਕਹਿੰਦੇ ਹਨ ਅਵਤਾਰ ਈਸ਼ਵਰ ਦਾ ਰੂਪ ਧਾਰਨ ਕਰਕੇ ਆਉਂਦਾ ਹੈ, ਪਰ ਸਾਡਾ ਇਹ ਕਵੀ, ਪੰਜਾਂ ਦਰਿਆਵਾਂ ਦਾ ਕਵੀ ਐਨੇ ਰੂਪ ਬਦਲਦਾ ਹੈ ਕਿ ਇਸ ਦੇ ਹਰ ਰੂਪ ਤੋਂ ਇਕ ਨਵੇਂ ਅਵਤਾਰ ਦਾ ਧੋਖਾ ਹੁੰਦਾ ਹੈ। ਕਦੇ ਉਹ ਸ਼ਿਵ ਬਣ ਕੇ ਨੱਚ ਉੱਠਦਾ ਹੈ, ਕਦੇ ਉਹ ਸ਼ਹਿਰਾਂ ਨੂੰ ਗਾਹਦਾ ਹੋਇਆ ਬੱਦਲਾਂ ਵਿਚ ਸ਼ਫ਼ਕ ਬਣਕੇ ਜਹਾਨ ਤੇ ਛਾ ਜਾਂਦਾ ਹੈ, ਕਦੇ ਉਹ ਬਾਗੀ ਨਜ਼ਰ ਆਉਂਦਾ ਹੈ।” 

ਬਾਵਾ ਬਲਵੰਤ ਦੇ ਪਹਿਲੇ ਕਾਵਿ ਸੰਗ੍ਰਹਿ ਤੋਂ ਹੀ ਉਸ ਦੇ ਦ੍ਰਿਸ਼ਟੀਕੋਣ ਦਾ ਪਤਾ ਚੱਲ ਜਾਂਦਾ ਹੈ। ਉਸ ਦੀ ਸੰਪੂਰਨ ਰਚਨਾ ਪ੍ਰਗਤੀਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਉਸ ਦੇ ਕਾਵਿ ਸੰਗ੍ਰਹਿ ਦਾ ਵਿਸ਼ਾ ਹੀ ਪੂੰਜੀਪਤੀਆਂ ਦੀ ਲੁੱਟ ਦੇ ਖਿਲਾਫ ਕਿਸਾਨਾਂ, ਮਜ਼ਦੂਰਾਂ ਦਾ ਤਾਂੜਵ ਹੈ, ਜਿਸ ਨੂੰ ਮਹਾਂਨਾਚ ਕਿਹਾ ਗਿਆ ਹੈ। ਇਸ ਸੰਗ੍ਰਹਿ ਦੀ ਦੂਜੀ ਰਚਨਾਂ ‘ਮੈਂ ਬਾਗੀ ਮੈਂ ਬਾਗੀ’ ਉਸ ਦੀ ਅਸਲ ਇੱਛਾ ਨੂੰ ਜ਼ਾਹਰ ਕਰ ਦਿੰਦੀ ਹੈ ਜੋ ਕਿ ਸਾਮਰਾਜਵਾਦੀ ਨਿਜ਼ਾਮ ਦੇ ਖਿਲਾਫ ਬਗਾਵਤ ਦਾ ਪ੍ਰਤੀਕ ਹੈ। ਜਦੋਂ ਉਹ ਲਿਖਦਾ ਹੈ:

ਮੈਂ ਬਾਗੀ ,ਮੈਂ ਬਾਗੀ, ਮੈਂ ਆਕੀ, ਮੈਂ ਆਕੀ,
ਮੈਂ ਇਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ,
ਮੈਂ ਦੁਨੀਆਂ ਦੀ ਹਰ ਇਕ ਬਗ਼ਾਵਤ ਦਾ ਬਾਨੀ,
ਮੈਂ ਹਰਕਤ, ਮੈਂ ਸੱਤਾ, ਮੈਂ ਚੇਤਨ ਜਵਾਨੀ।
ਮੇਰੇ ਸਾਹਮਣੇ ਕੀ ਹੈ ਜ਼ਾਲਮ ਦਾ ਟੋਲਾ,
ਮੈਂ ਪਰਚੰਡ ਅਗਨੀ, ਮੈਂ ਬੇਰੋਕ ਸ਼ੁਹਲ਼ਾ।

ਬਾਵਾ ਨੇ ਆਪਣੀ ਕਵਿਤਾ ਵਿਚ ਪਿਆਰ ਨੂੰ ਵੀ ਵਿਸ਼ਾ ਬਣਾਇਆ ਹੈ। ਉਹ ਪਿਆਰ ਨੂੰ ਇਕ ਆਦਰਸ਼ ਮੰਨਦੇ ਹਨ ਜੋ ਕਿ ਮਨੁੱਖ ਨੂੰ ਰਸਤਾ ਦਿਖਾਉਂਦਾ ਹੈ। ਪਿਆਰ ਦਰਦ ਪੈਦਾ ਕਰਦਾ ਹੈ, ਇਹ ਦਰਦ ਸਾਰੀ ਮਨੁੱਖਤਾ ਪ੍ਰਤੀ ਹਮਦਰਦੀ ਪੈਦਾ ਕਰਦਾ ਹੈ। ਜਿਵੇਂ ਕਿ ਉਹ ‘ਕ੍ਰਿਸ਼ਨਾ ਦੇ ਆਉਂਣ ਤੇ’ ਕਵਿਤਾ ਵਿਚ ਲਿਖਦਾ ਹੈ:

ਤਸੱਬਰ ਨੇ ਤੇਰੇ ਬਣਾਇਆ ਦੇਵਤਾ ਮੈਨੂੰ ਖੁਦਾਈ ਦਾ,
ਤਸੱਬਰ ਵਿਚ ਤੇਰੇ ਮੈਂ ਕੌਣ ਹਾਂ,ਕੀ ਹੁੰਦਾ ਜਾਂਦਾ ਹਾਂ;
ਤਸੱਬਰ ਵਿਚ ਤੇਰੇ ਬਹਿਮੰਡ ਨੂੰ ਗੋਦੀ ਖਿਡਾਦਾ ਹਾਂ;
ਤਸੱਬਰ ਨੇ ਤੇਰੇ ਦਰਦੀ ਬਣਾਇਆ ਹੈ ਖੁਦਾਈ ਦਾ।

ਬਾਵਾ ਬਲਵੰਤ ਭਾਵੇਂ ਕਿ ਪਿਆਰ ਨੂੰ ਮੰਜ਼ਿਲ ਦਿਖਾਉਣ ਦਾ ਜ਼ਰੀਆ ਸਮਝਦਾ ਹੈ, ਪਰ ਉਸ ਅਨੁਸਾਰ ਮੰਜ਼ਿਲ ਪਾਉਣ ਲਈ ਕਰਮ ਦਾ ਕਰਨਾ ਬੜਾ ਹੀ ਜ਼ਰੂਰੀ ਕਾਰਜ ਹੈ ਬਿਨਾਂ ਕਰਮ ਕਰੇ ਕੁਝ ਵੀ ਹਾਸਿਲ ਨਹੀਂ ਕੀਤਾ ਜਾ ਸਕਦਾ। ਉਹ ਆਪਣੀ ਰਚਨਾ ‘ਮੰਜ਼ਿਲ ਦੂਰੋ ਦੂਰ’ ਵਿਚ ਲਿਖਦਾ ਹੈ;

ਖ਼ਿਆਲ ਹੀ ਨਹੀਂ ਕਾਫੀ,ਹੇ ਬੇੜੀਆਂ ਦੇ ਮਲਾਹ।
ਕਰਮ ਦਾ ਜ਼ੋਸ ਬਣਾ ਦੇ ਜਗਣ ਬੁੱਝਣ ਮੇਰਾ

ਵਿਸ਼ਵ-ਭਾਈਚਾਰਾ ਤੇ ਸਾਝੀਵਾਲਤਾ ਉਸ ਦੀ ਕਵਿਤਾ ਦਾ ਇਕ ਹੋਰ ਗੁਣ ਹੈ ਜੋ ਕਿ ਪ੍ਰਗਤੀਵਾਦ ਦੀ ਇਕ ਲਾਜ਼ਮੀ ਸ਼ਰਤ ਹੈ। ਪ੍ਰਗਤੀਵਾਦੀ ਸਿਰਫ਼ ਨਿੱਜ ਲਈ ਨਹੀਂ ਸੋਚਦੇ ਉਹ ਸਮੁੱਚੀ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੇ ਹਨ। ਸਮੁੱਚੀ ਮਨੁੱਖਤਾ ਦੀ ਖੁਸ਼ੀ ਨੂੰ ਹੀ ਉਹ ਮੁਕਤੀ ਪ੍ਰਾਪਤੀ ਦਾ ਸਾਧਨ ਮੰਨਦੇ ਹਨ। ਜਿਵੇਂ ਕਿ ਬਾਵਾ ਬਲਵੰਤ ਲਿਖਦਾ ਹੈ:

ਦਿਲ ਵਿਸ਼ਵ-ਸਾਂਝਤਾ ਦੀ ਉਹ ਗੰਢ ਪੈ ਗਈ ਹੈ,
ਛੁਟਕਾਰਿਆਂ ਦੀ ਮੈਨੂੰ ਕੀ ਲੋੜ ਰਹਿ ਗਈ ਹੈ।

ਬਾਵਾ ਬਲਵੰਤ ਅਨੁਸਾਰ ਅੰਨ੍ਹਾਂ ਰਹੱਸਵਾਦ ਅਤੇ ਅੰਨ੍ਹੀ ਦੇਸ਼-ਭਗਤੀ ਵਿਸ਼ਵ-ਸ਼ਾਂਤੀ ਤੇ ਭਾਈਚਾਰੇ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਹੈ। ਜੋ ਲੋਕਾਂ ਨੂੰ ਇਕ ਦੂਜੇ ਨਾਲ਼ ਜੋੜਨ ਨਾਲ਼ੋਂ ਤੋੜਦਾ ਵਧੇਰੇ ਹੈ ਅਤੇ ਵਿਸ਼ਵ ਸ਼ਾਂਤੀ ਲਈ ਇਕ ਖਤਰਾ ਪੈਦਾ ਕਰਦਾ ਹੈ। ਬਾਵਾ ਅਨੁਸਾਰ ਸਰਮਾਏ ਦਾਰੀ ਕਦੇ ਵੀ ਵਿਸ਼ਵ ਸ਼ਾਂਤੀ ਦੇ ਪੱਖ ਵਿਚ ਨਹੀਂ ਰਹੀ। ਉਸਦਾ ਮੁੱਖ ਨਿਸ਼ਾਨਾ ਵਿਸ਼ਵ ਭਾਈਚਾਰੇ ਨੂੰ ਵੰਡਣਾ ਅਤੇ ਮਨੁੱਖਤਾ ਨੂੰ ਸੰਗਠਿਤ ਹੋਣ ਤੋਂ ਰੋਕਣਾ ਹੈ। ਇਸੇ ਲਈ ਬਾਵਾ ਬਲਵੰਤ ਅੰਧ ਰਾਸ਼ਟਰਵਾਦ ਬਾਰੇ ਲਿਖਦਾ ਹੈ:

ਐਲਾਨ-ਏ-ਜੰਗ ਹੈ ਜ਼ਾਲਮ ਸ਼ਬਦ ‘ਵਤਨ ਮੇਰਾ’।

ਬਾਵਾ ਬਲਵੰਤ ਕਈ ਵਾਰੀ ਪੂੰਜੀਵਾਦੀ ਜਮਾਤ ਦੀਆਂ ਧੱਕੇਸ਼ਾਹੀਆਂ ਅਤੇ ਗਲਤ ਸਮਾਜਿਕ ਕਦਰਾਂ ਕੀਮਤਾਂ ਤੋਂ ਇੰਨਾ ਦੁੱਖੀ ਹੋ ਜਾਂਦਾ ਹੈ ਕਿ ਉਹ ਸਾਰੀ ਦੁਨੀਆਂ ਦੇ ਤਬਾਹ ਹੋਣ ਦੀ ਦੁਆ ਕਰਦਾ ਹੈ ਤਾਂ ਕਿ ਬਾਦ ਵਿਚ ਨਵੀਂ ਦੁਨੀਆਂ ਦਾ ਨਿਰਮਾਣ ਕੀਤਾ ਜਾ ਸਕੇ। ਇਸ ਲਈ ਉਹ ਕਿਸੇ ਦੈਵੀ ਸ਼ਕਤੀ ਤੋਂ ਵੀ ਉਮੀਦ ਕਰਦਾ ਜਾਪਦਾ ਹੈ। ਪਰ ਇਸਦੇ ਪਿੱਛੇ ਵੀ ਉਸਦਾ ਉਦੇਸ਼ ਸਮਾਜਵਾਦੀ ਸਮਾਜ ਦੀ ਸਿਰਜਣਾ ਹੀ ਹੈ। ਉਹ ਕਿਰਤੀ ਜਮਾਤ ਨੂੰ ਦੁਨੀਆਂ ਬਦਲਣ ਦਾ ਹੋਕਾ ਦਿੰਦਾ ਹੈ। ਜਿਵੇਂ ਕਿ ਉਹ ਲਿਖਦਾ ਹੈ:

ਸੂਰਜ ਦਾ ਮੋਘਾ ਖੋਲ੍ਹ ਦੇ ਜਿੰਨੀ ਹੈ ਅਗਨੀ ਡੋਲ੍ਹਦੇ।
ਕੋਈ ਸਹਾਰਾ ਨਾ ਰਹੇ ਕੋਈ ਕਿਨਾਰਾ ਨਾ ਰਹੇ।
ਸਾਰਾ ਜ਼ਮਾਨਾ ਮੁੜ ਬਣਾ…
ਆ, ਇਨਕਲਾਬੀ ਜੋਸ਼ ਆ।

ਇਸੇ ਤਹਿਤ ਉਹ ਸਮਾਜ ਸੁਧਾਰਕਾਂ ਅਤੇ ਇਨਕਲਾਬੀ ਕਰਾਂਤੀ ਦੇ ਵਿਸ਼ਵ ਨੇਤਾਵਾਂ ਨਾਲ਼ ਆਪਣੀ ਸਾਂਝ ਪ੍ਰਗਟ ਕਰਦਾ ਹੈ। ਉਸ ਅਨੁਸਾਰ ਸਮਾਜਵਾਦੀ ਕਰਾਂਤੀ ਦੀ ਪਹਿਲੀ ਕੜੀ ਪੂੰਜੀਵਾਦੀ ਨਿਜ਼ਾਮ ਤੋਂ ਬਾਗ਼ੀ ਹੋਣਾ ਹੈ ਜੋ ਸਮੇਂ ਦੀ ਮੰਗ ਵੀ ਹੈ। ਦੁਨੀਆਂ ਵਿਚ ਸਮਾਜ ਬਦਲਣ ਵਾਲ਼ਿਆਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ। ਉਹ ਸਮਾਜਵਾਦੀ ਕਰਾਂਤੀ ਪ੍ਰਤਿ ਆਪਣੀ ਸੱਚੀ ਨਿਸ਼ਠਾ ਪ੍ਰਗਟ ਕਰਦਿਆਂ ਲਿਖਦਾ ਹੈ:

ਮੈਂ ਗੌਤਮ, ਮੈਂ ਰੂਸੋ, ਮੈਂ ਲੈਨਿਨ ਦੀ ਚਾਹਤ।
ਮੈਂ ਹਾਂ ਮਾਰਕਸ ਦੀ ਖੁਦਾਈ ਦੀ ਦੌਲਤ।
ਮੇਰੇ ਨਾਂ ਤੋਂ ਕੰਬਣ ਪੈਗੰਬਰ ਤਿਆਗੀ।
ਮੈਂ ਆਕੀ ਮੈਂ ਆਕੀ, ਮੈਂ ਬਾਗੀ ਮੈਂ ਬਾਗੀ।

ਬਾਵਾ ਬਲਵੰਤ ਔਰਤ ਦੀ ਤਰਸਯੋਗ ਅਵਸਥਾ ਨੂੰ ਵੀ ਆਪਣੀ ਕਵਿਤਾ ਦਾ ਵਿਸ਼ਾ ਬਣਾਉਂਦਾ ਹੈ। ਪੂੰਜੀਵਾਦੀਆਂ ਲਈ ਔਰਤ ਭਾਵੇਂ ਮਨੋਰੰਜਨ ਜਾਂ ਵਿਕਰੀ ਦੀ ਇਕ ਵਸਤੂ ਤੋਂ ਜ਼ਿਆਦਾ ਕੁਝ ਨਹੀਂ, ਪਰ ਪ੍ਰਗਤੀਵਾਦੀਆਂ ਨੇ ਹਮੇਸ਼ਾਂ ਹੀ ਔਰਤ ਤੇ ਹੁੰਦੇ ਜ਼ੁਲਮ ਨੂੰ ਰੋਕਣ ਲਈ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਔਰਤ ਨੂੰ ਬਰਾਬਰ ਦਰਜਾ ਦੁਆਉਣ ਦੀ ਵਕਾਲਤ ਕੀਤੀ ਹੈ। ਬਾਵਾ ਬਲਵੰਤ ਹੇਠ ਲਿਖੀਆਂ ਸਤਰਾਂ ਵਿਚ ਔਰਤ ਬਾਰੇ ਲਿਖਦਾ ਹੈ:

ਅਜ਼ਲ ਤੋਂ ਹੀ ਆਦਮੀ ਜ਼ਾਲਿਮ ਰਿਹਾ।
ਲੈ ਕੇ ਖੁਸ਼ੀਆਂ-ਸੁਹਲ ਦੇਂਦਾ ਗਮ ਰਿਹਾ।
ਨਜ਼ਰ ਵਿਚ ਔਰਤ ਸਦਾ ਦਾਸੀ ਰਹੀ।
ਇਸ ਲਈ ਔਰਤ ਦੀ ਰੂਹ ਪਿਆਸੀ ਰਹੀ।

ਪ੍ਰਗਤੀਵਾਦੀ ਕਵਿਤਾ ਹਮੇਸ਼ਾ ਹੀ ਤਰਕ ਤੇ ਵਿਗਿਆਨ ਦੀ ਹਿਮਾਇਤੀ ਰਹੀ ਹੈ। ਹਰ ਸਮੇਂ ਕੁਝ ਨਵਾਂ ਕਰਨ ਦੀ ਲੋਚਾ ਪ੍ਰਗਤੀਵਾਦੀ ਕਵੀਆ ਅੰਦਰ ਹੁੰਦੀ ਹੈ। ਬਾਵਾ ਬਲਵੰਤ ਵੀ ਵਿਗਿਆਨਕ ਕਾਢਾਂ ਤੋਂ ਬਹੁਤ ਖੁਸ਼ ਹੈ ਪਰ ਉਹ ਇੰਨ੍ਹਾਂ ਵਿਗਿਆਨਕ ਕਾਢਾਂ ਦਾ ਹਿਮਾਇਤੀ ਨਹੀ,ਂ ਜੋ ਆਦਮੀ ਨੂੰ ਵਿਹਲਾ ਕਰ ਰਹੀਆਂ ਹਨ। ਇੰਨ੍ਹਾਂ ਦੀ ਰੋਜ਼ੀ-ਰੋਟੀ ਖੋਹ ਰਹੀਆਂ ਹਨ। ਜਿਨ੍ਹਾਂ ਕਾਢਾਂ ਕਾਰਣ ਬੇ ਰੁਜ਼ਗਾਰਾਂ ਦੀ ਲੰਬੀ ਕਤਾਰ ਵੱਧਦੀ ਜਾ ਰਹੀ ਹੈ। ਬਾਵਾ ਇਸ ਤਰੱਕੀ ਨੂੰ ਸਰਮਾਏਦਾਰਾਂ ਦੀ ਇਕ ਚਾਲ ਮੰਨਦਾ ਹੈ। ਉਹ ਆਪਣੀ ਕਲਪਨਾ ਵਿਚ ਸਰਮਾਏਦਾਰਾਂ ਦੀ ਅਸਲ ਇੱਛਾ ਬਾਰੇ ਸੋਚਦਾ ਹੋਇਆ ਲਿਖਦਾ ਹੈ:

ਤੂੰ ਮਿੱਟੀ ਵਿੱਚੋਂ ਐਸੇ ਬਣਾ ਕੋਈ ਬੰਦੇ।
ਜੋ ਕਰਦੇ ਫਿਰਨ ਮੇਰੀ ਦੁਨੀਆਂ ਦੇ ਧੰਧੇ।
ਜੋ ਨਿਸ ਦਿਨ ਮੇਰੇ ਕਾਰਖਾਨੇ ਚਲਾਵਣ।
ਕਰਨ ਮੇਰੀ ਪੂਜਾ ਖਜ਼ਾਨੇ ਭਰਾਵਣ।
ਕਦੀ ਨਾ ਮਰਨ ਜੋ ਕਦੀ ਵੀ ਨਾ ਜੀਵਣ।
ਕਰਨ ਕੰਮ ਸਾਰੇ ਨਾ ਖਾਵਣ ਨਾ ਪੀਵਣ।
ਮਸ਼ੀਨਾਂ ਦੀ ਕੋਠੀ ਨੂੰ ਸੰਸਾਰ ਜਾਨਣ।
ਕਦੀ ਜੋ ਨਾ ਮੰਗਣ ਹਵਾ ਧੁੱਪ ਚਾਨਣ।
ਕਦੀ ਵੀ ਨਾ ਮੰਗਾਂ ਤੇ ਹੜਤਾਲ ਹੋਵੇ।
ਕਈ ਨਾ ਮੇਰਾ ਰਾਗ ਬੇਤਾਲ ਹੋਵੇ।

ਬਾਵਾ ਬਲਵੰਤ ਕਲਾ ਤੇ ਕਲਾਕਾਰ ਨੂੰ ਸਮਾਜ ਦੀ ਭਲਾਈ ਦਾ ਸਾਧਨ ਸਮਝਦਾ ਹੈ। ਉਸ ਅਨੁਸਾਰ ਕਲਾਕਾਰ ਨੂੰ ਹਮੇਸ਼ਾਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ ਅਤੇ ਸਮਾਜਿਕ ਤਬਦੀਲੀ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਕਲਾ ਨੂੰ ਹਮੇਸ਼ਾ ਮਨੁੱਖੀ ਆਜ਼ਾਦੀ ਦੀ ਗੱਲ ਕਰਨੀ ਚਾਹੀਦੀ ਹੈ। ਜਿਵੇਂ ਕਿ ਉਹ ਲਿਖਦਾ ਹੈ:

ਤੁਰਾਗੇ ਦੋਵੇ ਤਾਂ ਦੁਨੀਆਂ ਆਬਾਦ ਹੋਵੇਗੀ,
ਹਨੇਰਿਆਂ ਤੋਂ ਹਰ ਆਸ਼ਾ ਆਜ਼ਾਦ ਹੋਵੇਗੀ।

ਕਲਾ ਮਨੁੱਖਤਾ ਦੀ ਆਜ਼ਾਦੀ ਲਈ ਹੈ, ਜਿਸ ਦੇਸ਼ ਵਿਚ ਕਲਾਕਾਰ ਉਤੇ ਪਾਬੰਦੀ ਹੋਵੇ ਬਾਵਾ ਉਸ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹੈ। ਭਾਵੇ ਕਿੰਨਾ ਵੱਡਾ ਪੂੰਜੀਵਾਦੀ ਦੇਸ਼ ਕਿਉਂ ਨਾ ਹੋਵੇ ਉਸ ਅੰਦਰ ਜੇ ਕਲਾ ਲਈ ਕੋਈ ਥਾਂ ਨਹੀਂ ਤਾਂ ਉਹ ਦੇਸ਼ ਪੱਥਰਾਂ ਦੀ ਇਮਾਰਤ ਤੋਂ ਜਿਆਦਾ ਕੁਝ ਨਹੀਂ। ਇਸ ਬਾਰੇ ਆਪਣੀ ਕਵਿਤਾ ‘ਚਾਰਲੀ ਚੈਪਲਿਨ’ ਵਿਚ ਉਹ ਲਿਖਦਾ ਹੈ:

ਉਹ ਹੋਵੇ ਕੋਈ ਚਾਂਦੀ ਦਾ ਸ਼ਹਿਰ,
ਚਾਹੇ ਹੋਣ ਉਸ ਦੇ ਸੋਨੇ ਦੇ ਬਾਜ਼ਾਰ,
ਹੁਨਰ ਤੇ ਹੁੰਦਾ ਹੈ ਜੇ ਉਸ ਥਾਂ ਤੇ ਕਹਿਰ,
ਤੇਰੇ ਵੱਸਣ ਲਈ ਉਹ ਥਾਂ ਨਹੀਂ
ਚਾਹੇ ਉਸ ਥਾਂ ਮੁੱਲ ਮਿਲ ਜਾਵੇ ਪਿਆਰ,
ਚਾਹੇ ਉਹ ਹੋਵੇ ਕੋਈ ਪਰੀਆਂ ਦਾ ਦੇਸ਼।

ਬਾਵਾ ਬਲਵੰਤ ਇਸ ਗੱਲ ਨੂੰ ਭਲੀ ਭਾਂਤ ਜਾਣਦਾ ਸੀ,ਕਿ ਸਮਾਜਿਕ ਤਬਦੀਲੀ ਕੋਈ ਇਕੱਲਾ ਵਿਆਕਤੀ ਨਹੀਂ ਕਰ ਸਕਦਾ, ਇਸ ਲਈ ਸਾਮੂਿਹਕ ਯਤਨ ਦੀ ਲੋੜ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਆਪਣੀ ਅਧਿਆਤਮਿਕ ਆਰਤੀ (ਗਗੁਨ ਮੇਂ ਥਾਲੁ, ਰਵੀ ਚੰਦੁ ਦੀਪਕੁ) ਵਿਚ ਪੂਰੀ ਸ੍ਰਿਸ਼ਟੀ ਨੂੰ ਸਾਮਿਲ ਦੇਖਦੇ ਹਨ ,ਉਸੇ ਤਰਜ਼ ਤੇ ਬਾਵਾ ਬਲਵੰਤ ਆਪਣੀ ਰਚਨਾ ‘ਮਹਾਨਾਚ’ ਵਿਚ ਸਮਾਜਿਕ ਤਬਦੀਲੀ, ਗਲਤ ਸਮਾਜਿਕ ਕਦਰਾਂ ਕੀਮਤਾਂ ਨੂੰ ਨਸ਼ਟ ਕਰਨ, ਮਜ਼ਦੂਰ ਜਮਾਤ ਵੱਲੋ ਸਮਾਜਵਾਦੀ ਕ੍ਰਾਂਤੀ ਵਿਚ ਪੂਰੀ ਕੁਦਰਤ, ਬ੍ਰਹਿਮੰਡ ਅਤੇ ਦੁਨੀਆਂ ਦੀ ਹਰ ਇਕ ਸ਼ੈਅ ਨੂੰ ਸਾਮਿਲ ਸਮਝਦਾ ਹੈ। ਉਹ ਹੇਠ ਲਿਖੀਆਂ ਸਤਰਾਂ ਵਿਚ ਲਿਖਦਾ ਹੈ: 

ਸੂਰਜ ਚੰਦ ਛਣਾ ਛਣ ਛੇਣੈ,ਸ਼ਕਤੀ ਰਿਸ਼ਮਾ ਉਸ ਦੇ ਗਹਿਣੇ।
ਖੜਕ ਰਹੀ ਮਰਦੰਗ ਹਵਾ ਦੀ, ਬੋਲੇ ਮਧੁਰ ਸਿਤਾਰ ਨਿਸ਼ਾ ਦੀ।
ਤਾਰੇ ਘੁੰਗਰੂ ਹਨ ਪੈਰਾ ਦੇ, ਵੱਜਣ ਤੁਰਮ ਮਹਾਂ-ਲਹਿਰਾਂ ਦੇ।
ਜੀਵਨ ਮੌਤ ਪਕੜ ਖੜਤਾਲ਼ਾਂ, ਤ੍ਰੈ-ਲੋਚਨ ਨੱਚੇ ਸੰਗ ਤਾਲ਼ਾ।
ਨਾਨਾ ਸੁਰ ਰਾਗਾਂ ਵਿਚ ਘਿਰਿਆ, ਸੱਚ ਸਹੰਸਰ ਰਾਗਾਂ ਵਾਲ਼ਾ।
ਸੁਨਤਾਈ ਵਿਚ ਛਿਣਕਦਾ ਜੀਵਨ, ਨਾਚ ਕਰੇ ਮਤਵਾਲ਼ਾ।

ਡਾ. ਅਮਰ ਸਿੰਘ ‘ਸੁਗੰਧ ਸਮੀਰ ਦੇ ਮੁੱਖ ਬੰਦ ਵਿਚ ਲਿਖਦੇ ਹਨ, “ਬਾਵਾ ਬਲਵੰਤ ਦੀ ਰਚਨਾ ਹਰ ਪੱਖ ਤੋਂ ਅਸੀਮਤਾ ਤੇ ਅਨੰਤਤਾ ਵੱਲ ਪ੍ਰਸਾਰ ਦੀ ਰਚਨਾ ਹੈ। ਇਹ ਇਕ ਅਨੰਤ ਕਰਤਾਰੀ ਸੌਦਰਯ ਪ੍ਰਬੰਧ ਹੈ। ਰੂਪ, ਰੰਗ, ਸੁਗੰਧ, ਨੂਰ ਤੇ ਗਿਆਨ ਦਾ, ਅਨੁਭਵ ਤੇ ਚਿੰਤਨ ਦਾ, ਜਿਸ ਵਿਚ ਪਹੁੰਚ ਕੇ ਆਤਮਾ ਸਰਵ ਮਾਨਵ, ਸਰਵ ਬ੍ਰਹਿਮੰਡ ਨਾਲ ਇਕ ਸੁਰ ਹੋਈ ਮਾਲੂਮ ਹੂੰਦੀ ਹੈ।” 

ਸੁਹਜ ਦੇ ਪੱਖ ਤੋਂ ਬਾਵਾ ਬਲਵੰਤ ਦੀ ਰਚਨਾ ਉਚ ਪਾਏ ਦੀ ਹੈ। ਬਾਵਾ ਨੂੰ ਕਵਿਤਾ ਦੇ ਨਿਯਮਾਂ ਤੇ ਬੰਧੇਜਾਂ ਦਾ ਪੂਰਨ ਗਿਆਨ ਹੈ ਉਸ ਨੇ ਆਪਣੀ ਰਚਨਾਂ ਨੂੰ ਕਲਪਨਾ, ਛੰਦਾਂ, ਰਾਗਾਂ, ਅਲੰਕਾਰਾਂ ਤੇ ਬਿੰਬਾਂ ਨਾਲ ਖੂਬ ਸ਼ਿੰਗਾਰਿਆਂ ਹੈ। ਕਲਪਨਾ ਦੀ ਉੱਚੀ ਉਡਾਰੀ ਦੇ ਨਮੂਨੇ ਬਾਵਾ ਜੀ ਦੀ ਕਵਿਤਾ ਵਿਚ ਥਾਂ-ਥਾਂ ਮਿਲਦੇ ਹਨ। ਜਿਵੇਂ ਕਿ:

ਪਾਂਧੀ ਸ਼ੌਕ ਦਾ ਸਰਵਤਮ ਪਾਰ ਹੋ ਗਿਆ,
ਦਿਨ ਕੰਡਿਆਂ ਤੇ ਕੱਪੜੇ ਉਤਾਰਦਾ ਰਿਹਾ।

ਬਾਵਾ ਬਲਵੰਤ ਦੀ ਕਲਪਨਾ ਬਾਰੇ ਡਾ. ਸੁਜਾਨ ਸਿੰਘ ਲਿਖਦੇ ਹਨ, ” ਬਾਵਾ ਜੀ ਕਈ ਵਾਰੀ ਇਕ ਸ਼ਬਦ ਦੀ ਵਰਤੋਂ ਨਾਲ ਕਲਪਣਾ ਨੂੰ ਪਾਠਕ ਅੰਦਰ ਜਾਗ੍ਰਿਤ ਕਰ ਦਿੰਦੇ ਹਨ। ਸ਼ਬਦ ਚਿਤ੍ਰਕਾਰੀ ਤੇ ਸਾਕਾਰਤਾ ਕਲਪਨਾ ਹੈ ਅਤੇ ਬਾਵਾ ਜੀ ਕਈ ਵਾਰੀ ਸ਼ਬਦਾਂ ਦੇ ਦੋ-ਦੋ ਬੁਰਸ਼ਾਂ ਨਾਲ ਪੂਰੀਆਂ ਤਸਵੀਰਾਂ ਬਣਾ ਦਿੰਦੇ ਹਨ।”ਜਿਵੇਂ:

ਜਗੇ ਦੀਵੇ, ਧੂੰਏ ਨਿਕਲੇ, ਤੇਰਾ ਇਕਰਾਰ ਹੈ ਆ ਜਾ,
ਕਿ ਤੁਧ ਬਿਨ ਜ਼ਿੰਦਗੀ ਦੀ ਜ਼ਿੰਦਗੀ ਬੇਕਾਰ ਹੈ ਆ ਜਾ।

ਬਾਵਾ ਬਲਵੰਤ ਦੀ ਕਵਿਤਾ ਵਿਚ ਰਾਗ ਵੀ ਦੇਖਣ ਨੂੰ ਮਿਲਦਾ ਹੈ, ਛੰਦਾਂ ਵਿਚ ਖੁੱਲ ਦਾ ਪ੍ਰਗਟਾਵਾ ਮਿਲਦਾ ਹੈ। ਛੰਦ ਭਾਂਤ ਭਾਂਤ ਦੇ ਵਰਤੋਂ ਵਿਚ ਲਿਆਂਦੇ ਗਏ ਹਨ। ਬਾਵਾ ਲੇਖਣੀ ਦੀ ਕਲਾ ਦਾ ਮਾਹਿਰ ਤੇ ਪਾਰਖੂ ਲ਼ੇਖਕ ਹੈ। ਉਸ ਅਨੁਸਾਰ ਸਿਰਫ ਤੁਕਬੰਦੀ ਕਵਿਤਾ ਨਹੀਂ ਹੋ ਸਕਦੀ। ਕਵਿਤਾ ਲਿਖਣ ਲਈ ਕਵੀ ਅੰਦਰ ਰਾਗਾਂ, ਛੰਦਾਂ ਅਤੇ ਅਲੰਕਾਰਾਂ ਦੀ ਸਮਝ ਦਾ ਹੋਣਾ ਬੜਾ ਜਰੂਰੀ ਗੁਣ ਹੈ। ਜਿਵੇਂ ਕਿ ਬਾਵਾ ਦੀਆਂ ਹੇਠ ਲਿਖੀਆ ਸਤਰਾ ਤੋਂ ਪਤਾ ਲਗਦਾ ਹੈ:

ਸ਼ਾਇਰ ਨਹੀਂ ਜੋ ਜੀਵੇ, ਦਿਲ ਨੂੰ ਦਿਮਾਗ ਕਰਕੇ।
ਸ਼ਾਇਰ ਨਹੀਂ ਜੋ ਖੋਲ਼ੇ , ਮੂੰਹ ਨੂੰ ਬੇਰਾਗ ਕਰਕੇ।

ਬਾਵਾ ਦੀ ਕਵਿਤਾ ਦੀ ਭਾਸ਼ਾ ਠੇਠ ਪੰਜਾਬੀ ਹੈ। ਇਸ ਵਿਚ ਹਿੰਦੀ ਤੇ ਉਰਦੂ ਦਾ ਮਿਸ਼ਰਣ ਵੀ ਹੈ। ਕਈ ਥਾਂ ਤੇ ਉਨ੍ਹਾਂ ਨੇ ਹਿੰਦੀ ਤੇ ਉਰਦੂ ਦੇ ਸਮਾਸ ਵੀ ਬਣਾਏ ਹਨ। ਬਾਵਾ ਨੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਉਨ੍ਹਾ ਸ਼ਬਦਾਂ ਦਾ ਹੀ ਪ੍ਰਯੋਗ ਕੀਤਾ ਜਾਵੇ ਜੋ ਪੂਰੀ ਤਰ੍ਹਾਂ ਨਾਲ ਪੰਜਾਬੀ ਵਿਚ ਰਚ ਮਿਚ ਚੁੱਕੇ ਹਨ, ਨਵੇ ਸ਼ਬਦਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਗਿਆ ਹੈ।

ਬਾਵਾ ਬਲਵੰਤ ਦੀ ਕਾਵਿ ਰਚਨਾ ਵਿਚ ਸੰਗੀਤਾਤਮਿਕਤਾ ਹੈ। ਉਸਦੀ ਰਚਨਾ ਨੂੰ ਗਾਇਆ ਜਾ ਸਕਦਾ ਹੈ ਤੇ ਗਾਇਆ ਵੀ ਗਿਆ ਹੈ। ਬਾਵਾ ਕਵਿਤਾ ਨੂੰ ਮਨ ਪ੍ਰਚਾਵੇ ਦਾ ਸਾਧਨ ਮਾਤਰ ਨਹੀਂ ਮੰਨਦਾ। ਉਸ ਅਨੁਸਾਰ ਕਵਿਤਾ ਕਿਸੇ ਨਾ ਕਿਸੇ ਸਮੱਸਿਆ ਦਾ ਹੱਲ ਲੱਭ ਰਹੀ ਹੁੰਦੀ ਹੈ। ਉਸ ਲਈ ਕਵਿਤਾ ਜੀਵਨ ਲਈ ਹੈ। ਆਤਮਿਕ ਅਤੇ ਬਾਹਰ ਮੁਖੀ ਜੀਵਨ ਦੋਨਾਂ ਲਈ।

ਕੁਝ ਆਲੋਚਕਾਂ ਅਨੁਸਾਰ ਬਾਵਾ ਬਲਵੰਤ ਨੇ ਅਧਿਆਤਮਿਕ ਵਿਚਾਰਾਂ ਦੇ ਪ੍ਰਭਾਵ ਨੂੰ ਵੀ ਕਬੂਲਿਆ ਹੈ। ਉਸਨੇ ਅਧਿਆਤਮਿਕ ਆਦਰਸ਼ਾਂ ਉਪਰ ਪਹਿਰਾ ਦਿੱਤਾ ਹੈ। ਇਨ੍ਹਾਂ ਲਈ ਜਗਿਆਸਾ ਦਾ ਇਜ਼ਹਾਰ ਕੀਤਾ ਹੈ। ਉਸਨੇ ਇਨ੍ਹਾਂ ਦੇ ਪਰਮ ਤੱਤਾਂ ਦੇ ਰਹੱਸ ਉਪਰ ਪਹੁੰਚਣ ਦਾ ਉਪਰਾਲਾ ਕੀਤਾ ਹੈ। ਵੇਦਕ ਰਿਸ਼ੀਆਂ ਮੁਨੀਆਂ ਵਾਂਗ ਉਸਦੀ ਆਤਮਾ ਸਵੱਛ ਤੇ ਅਛੋਹ ਰਹਿੰਦੀ ਹੈ। ਉਹ ਊਸ਼ਾ ਤੇ ਪ੍ਰਕਿਰਤੀ ਦੇ ਹੋਰ ਸਰੋਤਾਂ ਤੋਂ ਪ੍ਰਕਾਸ਼ ਤੇ ਸ਼ਾਂਤੀ ਦੀ ਮੰਗ ਕਰਦਾ ਹੈ। ਇਨਂਾਂ ਆਲੋਚਕਾਂ ਅਨੁਸਾਰ ‘ਅਮਰਗੀਤ’ ਕਾਵਿ ਸੰਗ੍ਰਹਿ ਦੀ ਕਵਿਤਾ ‘ਦੂਰ ਨਹੀਂ’, ‘ਨਵੇਂ ਗੀਤ’, ਮਹਾਂ ਨਾਚ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ‘ਇਕ ਪੰਛੀ ਲਈ ਲਹਿਰਾਂ’, ‘ਤਾਰਿਆਂ ਭਰੀ ਰਾਤ’ ਅਤੇ ‘ਆਸ ਨਗਰ’; ਬੰਦਰਗਾਹ ਸੰਗ੍ਰਹਿ ਦੀਆਂ ‘ਕਨੇਰ ਦਾ ਫੁੱਲ’ ਆਦਿ ਕਵਿਤਾਵਾਂ ਇਸੇ ਰੰਗ ਦੀਆਂ ਧਾਰਨੀ ਹਨ। ਬਾਵਾ ਬਲਵੰਤ ਲਿਖਦਾ ਹੈ:

ਨਾ ਕੋਈ ਉਸਦੇ ਪੰਧ ਅੱਵਲੇ
ਨਾ ਕੋਈ ਬੰਦ ਦੁਆਰੇ।
ਜੋ ਗੰਗਾ ਦੀਆਂ ਲਹਿਰਾਂ ਅੰਦਰ,
ਉਹ ਹੈ ਖੂਨ ਕਿਨਾਰੇ।

ਇਸ ਤੋਂ ਇਲਾਵਾ ਕਈ ਆਲੋਚਕ ਬਾਵਾ ਬਲਵੰਤ ਦੀ ਰਚਨਾ ਨੂੰ ਪ੍ਰਗਤੀਵਾਦ ਤੇ ਅਧਿਆਤਮਵਾਦ ਦੀ ਸੰਧੀ ਮੰਨਦੇ ਹਨ। ਉਨ੍ਹਾਂ ਅਨੁਸਾਰ ਉਸ਼ਾ ਸ਼ਿਵਨਾਚ, ਪਾਰੋ ਨੇ ਕਿਹਾ ਆਦਿ ਕਵਿਤਾਵਾਂ ਅਧਿਆਤਮਵਾਦ ਤੇ ਪ੍ਰਗਤੀਵਾਦ ਦਾ ਸਜੀਵ ਨਮੂਨਾ ਹੈ। ਇਥੇ ਉਸ਼ਾ ਨਾਂ ਦੀ ਕਵਿਤਾ ਉਦਾਹਰਣ ਵਜੋਂ ਪੇਸ਼ ਕੀਤੀ ਜਾਂਦੀ ਹੈ:

ਵਿਸ਼ਵ ਜੋਤ ਦੇ ਖਿਲਾਰ, ਦਿਨ ਤੇ ਰਾਤ ਦੇ ਪਿਆਰ।
ਚੰਦ ਤਾਰਿਆਂ ਦੇ ਰੰਗ ਵਿਚ ਘੁਲ ਰਹੇ ਹਾਜ਼ਾਰ ਰੰਗ।
ਸ਼ਿਵ ਆਕਾਸ਼ ਤੇ ਨੇਤਰਾਂ ਵਿੱਚੋਂ ਵਗਦੀ ਗੰਗ।
ਹੇ ਚਿੰਤਨ ਹੇ ਉਸ਼ੇ, ਹੇ ਸੂਰਜਾ ਰੱਥ ਸਵਾਰ।
ਮੇਟ ਮੇਰਾ ਅੰਧਕਾਰ।

ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਬਾਵਾ ਬਲਵੰਤ ਪੰਜਾਬੀ ਪ੍ਰਗਤੀਵਾਦੀ ਕਾਵਿ ਦਾ ਪਹਿਲਾ ਪੱਕਾ ਠੱਕਾ ਕਵੀ ਹੈ। ਉਸ ਦਾ ਮੁੱਖ ਨਿਸ਼ਾਨਾ ‘ਸਮਾਜਵਾਦ’ ਦੀ ਪ੍ਰਾਪਤੀ ਲਈ ਯਤਨਸ਼ੀਲਤਾ ਹੈ। ਇਸੇ ਲਈ ਉਸ ਦੀ ਹਰ ਇਕ ਕਵਿਤਾ ਪ੍ਰਗਤੀਵਾਦ ਨਾਲ ਸੰਬੰਧਿਤ ਹੈ। ਉਸ ਨੇ ਕੁਦਰਤੀ ਨਜ਼ਾਰਿਆਂ, ਦ੍ਰਿਸਾਂ, ਮਿਥਿਹਾਸਕ ਹਵਾਲਿਆਂ, ਹਿੰਦੂ ਦੇਵੀ ਦੇਵਤਿਆਂ ਆਦਿ ਨੂੰ ਆਪਣੀ ਕਵਿਤਾ ਅੰਦਰ ਬਿੰਬ ਰੂਪ ਵਿਚ ਵਰਤਿਆ ਹੈ ਤਾਂ ਕਿ ਉਸ ਦੀ ਗੱਲ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੋ ਜਾਵੇ। ਉਹ ਸਾਰੀ ਲੋਕਾਈ ਦੇ ਬਰਾਬਰ ਹੱਕਾਂ ਦੀ ਗੱਲ ਕਰਦਾ ਹੈ। ‘ਸ਼ਿਵ ਨਾਚ’ ਜਿਸ ਵਿਚ ਉਸ ਨੇ ਸ਼ਿਵਜੀ ਦੇ ਤਾੜਵ ਨੂੰ ਬਿੰਬ ਰੂਪ ਵਿਚ ਵਰਤਿਆਂ ਹੈ ਉਸ ਨੂੰ ਅਧਿਆਤਮਿਕ ਰਚਨਾਂ ਮੰਨ ਲੈਣਾ ਬਹੁਤ ਵੱਡੀ ਮੂਰਖਤਾ ਹੋਵੇਗੀ। ਕਿਉਂ ਕਿ ਬਾਵਾ ਬਲਵੰਤ ਸਰਮਾਏਦਾਰੀ, ਸ਼ੋਸ਼ਨ ਅਤੇ ਨਾ-ਬਰਾਬਰੀ ਨੂੰ ਖਤਮ ਕਰਨ ਲਈ ਮਜ਼ਦੂਰਾਂ ਤੇ ਸ਼ੋਸਿਤ ਲੋਕਾਂ ਦੁਆਰਾ ਸੰਗਠਿਤ ਹੋ ਕੇ ਇਨਕਲਾਬ ਕਰਨ ਨੂੰ ਤਾਂੜਵ ਰੂਪ ਵਿਚ ਦੇਖਦਾ ਹੈ। ਕਈ ਵਾਰ ਕਥਿਤ ਦੈਵੀ ਸ਼ਕਤੀਆਂ ਨੂੰ ਵੀ ਆਪਣੀ ਕਵਿਤਾ ਵਿਚ ਬਿੰਬ ਰੂਪ ਵਿਚ ਵਰਤਦਾ ਹੈ। ਪ੍ਰਗਤੀਵਾਦ ਹਮੇਸ਼ਾਂ ਹੀ ਪੁਰਾਣੇ ਢਾਚੇ ਨੂੰ ਖਤਮ ਕਰਕੇ ਨਵੇਂ ਢਾਂਚੇ ਦੀ ਨੀਂਹ ਰੱਖਣ ਦੀ ਗੱਲ ਕਰਦਾ ਹੈ ਇਸੇ ਤਰ੍ਹਾਂ ਬਾਵਾ ਬਲਵੰਤ ਵੀ ‘ਪੁਰਾਣੇ ਤੇ ਨਵੇਂ ਦੇ ਉਸਾਰ’ ਵਿਚ ਵਿਸ਼ਵਾਸ ਰੱਖਦਾ ਹੈ। ਜਿਵੇਂ ਕਿ ਉਹ ਹੇਠ ਲਿਖੀਆਂ ਸਤਰਾਂ ਵਿਚ ਲਿਖਦਾ ਹੈ:

ਸੈਂਕੜੇ ਸਦੀਆਂ ਪੁਰਾਣਾ ਫ਼ਲਸਫਾ,
ਆਦਮੀ ਦੇ ਵਹਿਮ ਦੀ ਸਰਹੱਦ ਖ਼ੁਦਾ,
ਧਾਤ ਤੇ ਪੱਥਰ ਦੇ ਵੇਲੇ ਦੇ ਕਿਆਸ,
ਕੁਝ ਡਰਾਉਣੇ ਕੁਝ ਹਸਾਉਣੇ ਦੇਵਤੇ,
ਭੋਜ਼ ਪੱਤਰਾਂ ਦੇ ਸਮੇਂ ਵਾਲਾ ਧਰਮ,ਮੁਰਝਾ ਗਏ।

ਕਿਰਪਾਲ ਸਿੰਘ ਕਸੇਲ ਅਨੁਸਾਰ, “ਬਾਵਾ ਬਲਵੰਤ ਨੂੰ ਪੰਜਾਬੀ ਕਵਿਤਾ ਦੀ ਆਧੁਨਿਕ ਪਰੰਪਰਾ ਦੀ ਦੂਜੀ ਪੀੜ੍ਹੀ ਦਾ ਸ੍ਰੋਮਣੀ ਪ੍ਰਤੀਨਿਧ ਕਵੀ ਕਿਹਾ ਜਾ ਸਕਦਾ ਹੈ। ਅਸੀਂ ਉਸ ਨੂੰ ਪੰਜਾਬੀ ਦਾ ਤੀਜਾ ਚਿੰਤਕ ਕਵੀ ਵੀ ਕਹਿ ਸਕਦੇ ਹਾਂ। ਉਸ ਵਿਚ ਭਾਈ ਵੀਰ ਸਿੰਘ ਤੇ ਪ੍ਰੋ.ਪੂਰਨ ਸਿੰਘ ਵਰਗੀ ਲਗਨ, ਚਿੰਤਨ ਤੇ ਸਾਧਨਾ ਮੌਜੂਦ ਹੈ।”

ਭਾਵੇਂ ਕਿ ਬਾਵਾ ਬਲਵੰਤ ਵਿਚ ਵੀ ਕਈ ਕਮੀਆਂ ਹੋ ਸਕਦੀਆਂ ਹਨ ਪਰ ਉਹ ਆਪਣੇ ਪ੍ਰਗਤੀਵਾਦੀ ਰਸਤੇ ਤੋਂ ਨਾ ਕਦੀ ਭਟਕਿਆ ਤੇ ਨਾ ਕਦੀ ਪਿੱਛੇ ਹੱਟਿਆ। ਉਸ ਨੇ ਆਪਣੀ ਪੂਰੀ ਜ਼ਿੰਦਗੀ ਤੰਗੀ-ਤੁਰਸ਼ੀਆਂ ਵਿਚ ਗੁਜ਼ਾਰ ਕੇ ਪ੍ਰਗਤੀਵਾਦੀ ਵਿਚਾਰਧਾਰਾ ਤੇ ਪਹਿਰਾ ਦਿੱਤਾ। ਬਾਵਾ ਇਕ ਮਹਾਨ ਕਵੀ ਸੀ ਅਤੇ ਉਹ ਨਵੇਂ ਪ੍ਰਗਤੀਵਾਦੀ ਕਵੀਆਂ ਲਈ ਹਮੇਸ਼ਾ ਪਥ-ਪ੍ਰਦਰਸ਼ਕ ਰਹੇਗਾ।

[ਬਲਜਿੰਦਰ ਪਾਲ, ਪਿੰਡ ਤੇ ਡਾਕਖਾਨਾ ਖੀਵਾ ਕਲਾਂ, ਵਾਇਆ ਭੀਖੀ, ਜ਼ਿਲਾ ਮਾਨਸਾ, ਪੰਜਾਬ (ਇੰਡੀਆ)]

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 10 2004)
(ਦੂਜੀ ਵਾਰ 27 ਸਤੰਬਰ 2021)

***
397
***

About the author

ਬਲਜਿੰਦਰ ਪਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਬਲਜਿੰਦਰ ਪਾਲ,
ਪਿੰਡ ਤੇ ਡਾਕਖਾਨਾ ਖੀਵਾ ਕਲਾਂ,
ਵਾਇਆ ਭੀਖੀ,
ਜ਼ਿਲਾ ਮਾਨਸਾ,
ਪੰਜਾਬ (ਇੰਡੀਆ)

ਬਲਜਿੰਦਰ ਪਾਲ

ਬਲਜਿੰਦਰ ਪਾਲ, ਪਿੰਡ ਤੇ ਡਾਕਖਾਨਾ ਖੀਵਾ ਕਲਾਂ, ਵਾਇਆ ਭੀਖੀ, ਜ਼ਿਲਾ ਮਾਨਸਾ, ਪੰਜਾਬ (ਇੰਡੀਆ)

View all posts by ਬਲਜਿੰਦਰ ਪਾਲ →