21 September 2024

ਪੰਜਾਬੀ ਕੰਪਿਊਟਰ ਦਾ ਭਵਿੱਖ – ਕਿਰਪਾਲ ਸਿੰਘ ਪੰਨੂੰ

ਪੰਜਾਬੀ ਕੰਪਿਊਟਰ ਦਾ ਭਵਿੱਖ

ਕਿਰਪਾਲ ਸਿੰਘ ਪੰਨੂੰ

(ਨੋਟ: ਇਹ ਪੇਪਰ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸੈਮੀਨਾਰ ਵਿੱਚ 24 ਅਪਰੈਲ 2004 ਨੂੰ ਪੜ੍ਹਿਆ ਗਿਆ)

ਜੇ ਇਹ ਕਹਿ ਲਿਆ ਜਾਵੇ ਕਿ ਕੰਪਿਊਟਰ ਦਾ ਭਵਿੱਖ ਹੀ, ਕੌਮਾਂ, ਦੇਸਾਂ ਅਤੇ ਭਾਸ਼ਾਵਾਂ ਦਾ ਭਵਿੱਖ ਹੈ, ਤਾਂ ਕੋਈ ਅੱਤਿਕਥਨੀ ਨਹੀਂ ਹੋਵੇਗੀ। ਇਸ ਲਈ ਪੰਜਾਬੀ ਕੰਪਿਊਟਰ ਦੇ ਭਵਿੱਖ ਨੂੰ ਦੇਖਣਾ ਪਰਖਣਾ ਪੰਜਾਬੀਆਂ ਲਈ ਅਤੀ ਜ਼ਰੂਰੀ ਵੀ ਹੈ ਅਤੇ ਇਸ ਸਬੰਧੀ ਲੋੜੀਂਦੇ ਯਤਨ ਕਰਨੇ ਵੀ।

ਕੰਪਿਊਟਰ ਆਪਣੇ ਆਪ ਵਿੱਚ ਸੋਚ ਅਤੇ ਸੁਪਨੇ ਦਾ ਇੱਕ ਅਜੇਹਾ ਸੁਮੇਲੀ ਮਹਿਲ ਹੈ, ਜਿਸਦੀ ਹਰ ਡਾਟ ਵਿੱਚ ਕਲਪਨਾ ਦਾ ਕੁੰਜੀਪੱਥਰ ਲੱਗਿਆ ਹੋਇਆ ਹੁੰਦਾ ਹੈ। ਸੋ ਇਸ ਦੇ ਕਾਰਜ ਵਿੱਚ ਕਲਪਨਾ ਦਾ ਕੁੰਜੀਵਤ ਰੋਲ ਹੁੰਦਾ ਹੈ।

ਅੱਜ, ਨਿਰਸੰਦੇਹ ਕੰਪਿਊਟਰ ਦੀਆਂ ਗੱਲਾਂ ਪੰਜਾਬ ਦੇ ਘਰ ਘਰ ਵਿੱਚ ਤੁਰ ਪਈਆਂ ਹਨ। ਕੱਲ੍ਹ ਨੂੰ ਇਹ ਅਵੱਸ਼ ਹੀ ਸਾਡੇ ਲੋਕ ਗੀਤਾਂ ਵਿੱਚ ਵੀ ਤੁਰਨ ਗੀਆਂ, ਮਾਹੀਏ ਦੇ ਲੌਂਗ ਘੜਵਾਉਣ ਵਾਂਗ। ਇਹੋ ਹੀ ਇਸ ਯੰਤਰ ਦਾ ਗੁਣ ਹੈ ਤੇ ਇਹੋ ਹੀ ਹੈ ਇਸ ਦੀ ਸ਼ਕਤੀ। ਅਸਲ ਵਿੱਚ ਸਾਂਣ ਉੱਤੇ ਤਾਜ਼ੀ ਲੱਗੀ ਤਲਵਾਰ ਵਾਂਗ ਇਹ ਬਹੁਤ ਹੀ ਤੇਜ਼ ਅਤੇ ਇੱਕ ਸ਼ਕਤੀਸ਼ਲੀ ਯੰਤਰ ਹੈ। ਇਹ ਇੱਕੋ ਸਮੇਂ, ਕਿਸੇ ਵੀ ਦੇਸ ਜਾਂ ਸੰਸਥਾ ਜਾਂ ਵਿਅਕਤੀ ਦੇ ਵਿਕਾਸ ਨੂੰ ਸਿਖਰਲੇ ਗੇਅਰ ਵਿੱਚ ਪਾ ਸਕਦਾ ਹੈ ਤੇ ਉਸਦੇ ਵਿਨਾਸ ਨੂੰ ਅਤੀ ਗਿਰਾਵਟਾਂ ਦੇ ਥੱਲੇ ਵੀ ਲਾ ਸਕਦਾ ਹੈ।

ਅਤੀ ਵਿਕਸਤ ਦੇਸਾਂ, ਕੌਮਾਂ ਨੇ ਕੰਪਿਊਟਰ ਦੇ ਸੰਸਾਰ ਵਿੱਚ ਢੇਰ ਸਾਰੀ ਉੱਨਤੀ ਕਰ ਲਈ ਹੈ। ਅਤੇ ਹੋਰ ਕਰ ਰਹੇ ਹਨ।ਕੰਪਿਊਟਰ ਦੀ ਵਰਤੋਂ ਦਾ ਅਰੰਭ ਇੱਕ ਅਪਾਰਟਮੈੰਟ ਬਿਲਡਿੰਗ ਜਿੰਨੀ ਥਾਂ ਘੇਰਨ ਤੋਂ ਹੋਇਆ। ਪਰ ਅੱਜ ਇਹ ਡੈੱਸਕ ਟਾਪ, ਲੈਪ ਟਾਪ ਤੋਂ ਹੁੰਦਾ ਹੋਇਆ ਪਾਮ ਟਾਪ ਤੀਕਰ ਪਹੁੰਚ ਗਿਆ ਹੈ। ਕੱਲ੍ਹ ਨੂੰ ਇਹ ਕੀ ਹੋਵੇਗਾ ਅਤੇ ਕੀ ਕਰਨ ਦੇ ਯੋਗ ਹੋਵੇਗਾ ਇਸ ਨੂੰ ਸਮਝਣ ਲਈ ਸੋਚ ਦੇ ਸਰਪੱਟ ਘੋੜੇ ਦੁੜਾਏ ਜਾ ਰਹੇ ਹੋਣ ਤੇ ਵੀ ਇਹ ਸਦਾ ਹੀ ਉਨ੍ਹਾਂ ਤੋਂ ਅੱਗੇ ਪਾਇਆ ਗਿਆ ਹੈ।

ਅਰੰਭ ਵਿੱਚ ਕੰਪਿਊਟਰ ਦੀ ਖੋਜ ਕੇਵਲ ਲੜਾਈ ਦੇ ਮੈਦਾਨ ਲਈ ਕੀਤੀ ਗਈ ਸੀ ਪਰ ਅੱਜ ਇਸਦੀ ਸਰਬੰਗਤਾ ਨੇ ਤਰੱਕੀ ਦਾ ਹਰ ਮੈਦਾਨ ਮੱਲ ਲਿਆ ਹੈ। ਅਸਲ ਵਿੱਚ ਪਰਗਤੀ ਦਾ ਕੋਈ ਵੀ ਮੈਦਾਨ ਕੰਪਿਊਟਰ ਦੇ ਸਹਿਯੋਗ ਤੋਂ ਬਿਨਾਂ ਸਰ ਨਹੀਂ ਕੀਤਾ ਜਾ ਸਕਦਾ। ਸਾਡੀ ਭਾਗੋ ਹਰ ਗਲ਼ੀ ਜਾਵੇ ਨਾ ਜਾਵੇ ਪਰ ਕੰਪਿਊਟਰ ਨੇ ਹਰ ਗਲ਼ੀ ਛੱਡੋ ਹਰ ਘਰ ਵਿੱਚ ਇੱਕ ਦਿਨ ਪਰਵੇਸ ਜ਼ਰੂਰ ਕਰਨਾ ਹੈ। ਸਗੋਂ ਹਰ ਕਮਰੇ ਵਿੱਚ ਤੇ ਇੱਕ ਕਮਰੇ ਵਿੱਚ ਕਈ ਕਈ ਦੀ ਗਿਣਤੀ ਵਿੱਚ ਪਰਵੇਸ। ਸੋ ਪੰਜਾਬੀ ਕੰਪਿਊਟਰ ਦੇ ਵਿਦਿਆਰਥੀਆਂ ਨੂੰ ਇਸ ਵਿੱਚ ਪੂਰੀ ਰੁਚੀ ਲੈ ਕੇ ਅਤੇ ਆਪਣੀ ਪੂਰੀ ਸਮਰੱਥਾ ਜੁਟਾਕੇ, ਇਸ ਸਬੰਧੀ ਵੱਧ ਤੋਂ ਵੱਧ ਗੁਣ ਗਿਆਨ ਪਰਾਪਤ ਕਰਨਾ ਚਾਹੀਦਾ ਹੈ।

ਪੰਜਾਬੀ ਕੰਪਿਊਟਰ ਦੇ ਭਵਿੱਖ ਨੂੰ ਸਮਝਣ ਲਈ ਇਸ ਦੇ ਅਤੀਤ ਅਤੇ ਅੱਜ ਨੂੰ ਵਾਚਣਾ ਜ਼ਰੂਰੀ ਹੋ ਜਾਂਦਾ ਹੈ।

ਭਾਵੇਂ ਪੰਜਾਬ ਕੰਪਿਊਟਰ ਦੇ ਖੇਤਰ ਵਿੱਚ ਅਜੇ ਪਛੜਿਆ ਹੋਇਆ ਹੈ। ਪਰ ਇਹ ਸੱਚ ਹੈ ਕਿ ਅੰਗਰੇਜ਼ੀ ਕੰਪਿਊਟਰ ਜਦੋਂ ਵੀ ਕਿਸੇ ਪੰਜਾਬੀ ਦੇ ਘਰ ਵਿੱਚ ਆਇਆ ਹੈ ਤਾਂ ਉਸ ਪੰਜਾਬੀ ਨੇ ਇਸ ਕੋਲ਼ੋਂ ਪੰਜਾਬੀ ਭਾਸ਼ਾ ਵਿੱਚ ਸੇਵਾਵਾਂ ਲੈਣ ਲਈ ਉਸੇ ਵੇਲ਼ੇ ਸੁਪਨੇ ਲੈਣੇ ਅਰੰਭ ਕਰ ਦਿੱਤੇ ਹਨ।

ਕਿਸੇ ਦੇ ਮਨ ਵਿੱਚ ਕਰਤਾਰੀ ਸੁਪਨੇ ਦਾ ਆਉਣਾ ਸਦਾ ਹੀ ਇੱਕ ਸ਼ੁਭ ਸਗਨ ਮੰਨਿਆਂ ਜਾਂਦਾ ਹੈ। ਅਤੇ ਸੁਪਨੇ ਸਾਕਾਰ ਕਰਨਾ ਪੰਜਾਬੀਆਂ ਦਾ ਮੀਰੀ ਗੁਣ ਰਿਹਾ ਹੈ।

ਇਸ ਗੁਣ ਦੀ ਪਰਾਪਤੀ ਵਜੋਂ ਦੇਸ ਵਦੇਸ ਵਿੱਚ, ਥਾਂ ਥਾਂ ਪੰਜਾਬੀ ਦੀਆਂ ਨਵੇਕਲੀਆਂ ਪੰਜਾਬੀ ਫੌਂਟਾ ਦਾ ਜਨਮ ਹੋਣ ਲੱਗਾ। ਇਹ ਵਰਤਾਰਾ ਕੋਈ ਲੱਗ ਪੱਗ 1988 ਦੇ ਨੇੜ ਤੇੜ ਅਰੰਭ ਹੋਇਆ ਜੋ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਤੀਕਰ ਚਾਲੂ ਹੈ ਤੇ ਅੱਗੇ ਚਾਲੂ ਰਹਿਣ ਦੀ ਆਸ ਹੈ। ਕਿਉਂਕਿ ਪੂਰਨਤਾ ਜਾਂ ਸਿਖਰ ਪਲਾਂ ਵਿੱਚ ਹੀ ਨਹੀਂ ਸਗੋਂ ਇਹ ਤਾਂ ਸਦਾ ਸਾਲਾਂ-ਸਦੀਆਂ ਵਿੱਚ ਪਰਾਪਤ ਹੋਇਆ ਕਰਦੀ ਹੈ।

ਪਹਿਲੇ ਪੰਜਾਬੀ ਫੌਂਟ ਨਿਰਮਾਤਾਵਾਂ ਨੂੰ ਕਾਫੀ ਮਿਹਨਤ ਕਰਨੀ ਪਈ। ਉਹ ਪੰਜਾਬੀ ਅੱਖਰਾਂ ਦੇ ਮੋੜ ਘੋੜ ਘੜਨ ਸਮੇਂ ਤਕੜੀ ਘਾਲਣਾ ਅਤੇ ਅਟੁੱਟ ਲਗਨ ਦੇ ਅੰਗ ਸੰਗ ਰਹੇ। ਹੁਣ ਦੇ ਫੌਂਟਾਂ ਬਨਾਉਣ ਵਾਲ਼ਿਆਂ ਨੇ ਨਾ ਕੇਵਲ ਪਹਿਲਿਆਂ ਦੇ ਉਸਾਰੇ ਅੱਖਰ ਉਧਾਰੇ ਲਏ ਸਗੋਂ ਇਸ ਮੰਤਵ ਲਈ ਨਵੇਂ ਆਏ ਪਰੋਗਰਾਮਾਂ ਦੀ ਸੌਖ ਦਾ ਵੀ ਭਰਪੂਰ ਲਾਭ ਉਠਾਇਆ। ਇਸ ਵਿਧੀ ਨਾਲ਼ ਕੋਈ ਵੀ ਨਵੀਂ ਫੌਂਟ ਬਨਾਉਣੀ ਅੱਜ ਇੱਕ ਬੱਚਿਆਂ ਦੀ ਖੇਡ ਬਣ ਗਈ ਹੈ। ਉਹ ਵੀ ਜਦੋਂ ਇਸਦੇ ਨਵੇਂ ਚੱਕਰ ਚਿਹਨ ਉਸਾਰਨ ਦੀ ਥਾਂ ‘ਉਧਾਰੇ ਅੱਖਰਾਂ’ ਦੀ ਥਾਂ ਹੀ ਸੱਜੇ ਖੱਬੇ ਜਾਂ ਉੱਪਰ ਥੱਲੇ ਕਰਨੀ ਹੋਵੇ। ਜਿਸ ਦੇ ਫਲ਼ ਸਰੂਪ ਅੱਜ ਪੰਜਾਬੀ ਫੌਂਟਾਂ ਦੀ ਗਿਣਤੀ ਕਰਨੀ ਵੀ ਲੱਗ ਪੱਗ ਅਸੰਭਵ ਹੋ ਗਈ ਹੈ। ਕੋਈ ਸਾਹਸੀ ਵਿਅਕਤੀ ਆਮ ਪਰਚਲਤ ਪੰਜਾਬੀ ਫੌਂਟਾਂ ਦੀ ਗਿਣਤੀ ਤਾਂ ਕਰ ਸਕਦਾ ਹੈ ਪਰ ਕਿਸੇ ਇੱਕ ਸਮੇਂ ਦੀਆਂ ਕੁੱਲ ਪੰਜਾਬੀ ਫੌਂਟਾਂ ਦੀ ਨਹੀਂ।

ਪੰਜਾਬੀ ਫੌਂਟਾਂ ਦਾ ਇਹ ਇੱਕ ਤਕੜਾ ਦੁਖਾਂਤ ਹੈ ਕਿ ਇਨ੍ਹਾਂ ਦੇ ਰੂਪ ਦੀ ਵਿਲੱਖਣਤਾ ਤਾਂ ਬਹੁਤ ਘੱਟ ਹੈ ਪਰ ਇਨ੍ਹਾਂ ਦੀ ਚਾਲ ਕੁਢਾਲ ਵਿੱਚ ਅੰਤਰ ਜ਼ਰੂਰ ਹੈ। ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ਼’ ਲੋਕ ਗੀਤ ਅਨੁਸਾਰ ਭਾਵੇਂ ਇੱਕ ਫੌਂਟ ਦਾ ਦੂਜੀ ਫੌਂਟ ਨਾਲ਼ੋਂ ਦੋ ਕੁੰਜੀਆਂ ਦਾ ਹੀ ਫਰਕ ਹੋਵੇ ਪਰ ਉਸ ਨਾਲ਼ ਕਰਤਾ, ਜਾਂ ਕਰਤਾ ਦੀ ਸੁਪਤਨੀ ਦਾ ਜਾਂ ਫਿਰ ਉਸ ਦੇ ਬੇਟੇ/ਬੇਟੀ ਦਾ ਨਾਂ ਜ਼ਰੂਰ ਜੁੜਨਾ ਚਾਹੀਦਾ ਹੈ।

ਕਈ ਕਰਤਾਵਾਂ ਨੇ ਆਪਣੀਆਂ ਫੌਂਟਾਂ ਦੇ ਨਾਂ ਧਾਰਮਕ ਸ਼ਬਦਾਂ ਨਾਲ਼ ਵੀ ਰੱਖੇ ਹਨ ਜਿਵੇਂ: ਗੁਰਬਾਣੀ, ਅਨੰਦਪੁਰ ਸਾਹਿਬ, ਸੁਖਮਨੀ, ਧੰਨ ਗੁਰੂ ਨਾਨਕ, ਗੁਰੂ ਅੰਗਦ ਆਦਿ। ਜਿੱਥੇ ਇਨ੍ਹਾਂ ਵਿੱਚੋਂ ਕਰਤਾਵਾਂ ਦੀ ਕਿਸੇ ਧਰਮ ਪ੍ਰਤੀ ਅਥਾਹ ਸਰਧਾ ਟਪਕਦੀ ਹੈ ਉੱਥੇ ਉਹ ਦੂਜੇ ਵਿਸ਼ੇਸ਼ ਗਰੁੱਪ ਲਈ ਘਾਤਕ ਅਲਰਜੀ ਦਾ ਕੰਮ ਵੀ ਕਰਦੀ ਹੈ। ਇਹ ਅਥਾਹ ਸਰਧਾ ਅਤੇ ਘਾਤਕ ਅਲਰਜੀ ਇੱਕ ਨਵਾਂ ਮੈਦਾਨੇ ਜੰਗ ਬਣਕੇ ਉਸ ਖੇਤਰ ਦੀ ਸੋਚ ਨੂੰ ਕਈ ਵੇਰ ਲਹੂ ਲੁਹਾਣ ਵੀ ਕਰ ਦਿੰਦੀ ਹੈ।

ਪੰਜਾਬੀ ਫੌਂਟਾਂ ਨੂੰ ਵਰਤਣ ਵਾਲ਼ੇ ਵਿਚਾਰਕਾਂ ਅਨੁਸਾਰ ਇਨ੍ਹਾਂ ਫੌਂਟਾਂ ਦੀ ਚਾਲ ਢਾਲ ਦੇ ਕੋਡਾਂ ਵਿਚਲਾ ਫਰਕ ਪੰਜਾਬੀ ਕੰਪਿਊਟਰ ਨੂੰ ਕੋਹੜ ਦਾ ਰੋਗ ਬਣ ਕੇ ਚੰਬੜਿਆ ਹੋਇਆ ਹੈ। ਫਿਰ ਦੁਖਾਂਤ ਇਸ ਗੱਲ ਦਾ ਕਿ ਹਰ ਨਿਰਮਾਤਾ ਅਤੇ ਵਰਤੋਂਕਾਰ ਹੀ ਆਪਣੀ ਫੌਂਟ ਨੂੰ ‘ਵਾਰਸ ਸ਼ਾਹ ਦੀ ਹੀਰ ਵਾਂਗ’ ਅਸਲੀ ਅਤੇ ਵੱਡੀ ਸਮਝਦਾ ਹੈ।

ਇਸ ਦੇ ਮੁਕਾਬਲੇ ਉੱਤੇ ਦੇਖੋ ਅੱਜ ਭਾਵੇਂ ਅੰਗਰੇਜ਼ੀ ਦੀਆਂ ਅਨੇਕ ਫੌਂਟਾਂ ਹਨ ਪਰ ਉਨ੍ਹਾਂ ਸਭ ਦੀ ਚਾਲ ਢਾਲ ਇੱਕੋ ਹੀ ਹੈ। ਵਰਤੋਂਕਾਰ ਆਪਣੀ ਮਨ ਪਸੰਦ ਦੇ ਰੂਪ ਰੰਗ ਵਾਲ਼ੀ ਫੌਂਟ ਚੁਣ ਸਕਦਾ ਹੈ ਪਰ ਉਸਦੀ ਚਾਲ ਢਾਲ ਉਹੋ ਹੀ ਰਹਿੰਦੀ ਹੈ। ਨਾਂ ਕੋਈ ਭੰਬਲਭੂਸ਼ਾ ਅਤੇ ਨਾਂ ਹੀ ਦਿਮਾਗ ਉੱਤੇ ਕੋਈ ਅਣਲੋੜਾ ਭਾਰ, ਨਾਂ ਹੀ ਸੂਚਨਾ ਵਿੱਚ ਗੜਬੜ ਦਾ ਡਰ ਅਤੇ ਨਾਂ ਹੀ ਫੌਂਟ ਕਨਵਰਟਰਾਂ ਦੀ ਤਿਗੜਮਬਾਜ਼ੀ। ਅਫਸੋਸ ਕਿ ਅਸੀਂ ਅੰਗਰੇਜ਼ੀ ਦੇ ਮਾਡਲ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ।

ਅੱਜ ਜੇ ਕਿਸੇ ਖੋਜੀ ਨੇ ਜੇ ਕੋਈ ਪੰਜਾਬੀ ਦਾ ਪਰੋਜੈੱਕਟ ਅਰੰਭ ਕਰਨਾ ਹੋਵੇ ਤਾਂ ਉਹ ਸਿੱਧਾ ਹੀ ਦੁਬਿਧਾ ਵਿੱਚ ਫਸ ਜਾਂਦਾ ਹੈ ਕਿ ਇਨ੍ਹਾਂ ਅਨੇਕ ਪੰਜਾਬੀ ਫੌਂਟਾਂ ਵਿੱਚੋਂ ਭਵਿੱਖ ਦੀ ਕਿਹੜੀ ਫੌਂਟ ਹੋਵੇਗੀ? ਤੇ ਉਹ ਕਿਸ ਵਿੱਚ ਆਪਣਾ ਕੰਮ ਕਰੇ। ਪੰਜਾਬੀ ਦੇ ਅਖ਼ਬਾਰ, ਮੈਗਜ਼ੀਨ, ਕਿਤਾਬਾਂ ਆਦਿ ਵੱਖੋ ਵੱਖਰੀਆਂ ਫੌਂਟਾਂ ਵਿੱਚ ਛਪਦੇ ਹਨ। ਲੇਖਕ ਭੰਵਲਭੂਸੇ ਵਿੱਚ ਹਨ ਕਿ ਉਹ ਕਿਸ ਫੌਂਟ ਵਿੱਚ ਕੰਮ ਕਰਨ ਅਤੇ ਕਿਸ ਵਿੱਚ ਭੇਜਣ। ਛਾਪਕਾਂ ਨੂੰ ਵੱਖਰਾ ਪੁਆੜਾ ਪਿਆ ਹੋਇਆ ਹੈ ਕਿ ਉਨ੍ਹਾਂ ਦੀ ਸੰਸਥਾ ਵਿੱਚ ਵੱਖੋ ਵੱਖਰੀਆਂ ਫੌਂਟਾਂ ਵਿੱਚ ਸਮੱਗਰੀ ਆ ਰਹੀ ਹੈ ਉਹ ਉਨ੍ਹਾਂ ਨੂੰ ਕਿਵੇਂ ਇੱਕ ਵਿੱਚ ਬਦਲੀ ਕਰਨ। ਫੌਂਟ ਕਨਵਰਟਰ ਤਿਆਰ ਕਰਨ ਵਾਲ਼ੇ ਢੇਰਾਂ ਦੇ ਢੇਰ ਧਨ ਮੰਗਦੇ ਹਨ। ਕਈ ਵੇਰ ਉਨ੍ਹਾਂ ਦੇ ਪਰੋਗਰਾਮ ਪੂਰਾ ਸਹੀ ਕੰਮ ਵੀ ਨਹੀਂ ਕਰਦੇ।

ਪੰਜਾਬੀ ਭਾਸ਼ਾ ਦੇ ਅੱਖਰਾਂ ਲਈ ਕੰਪਿਊਟਰੀ ਕੋਡਾਂ ਦਾ ਨਿਰਧਾਰਨ ਕਰਨਾ ਕੇਵਲ ਅਤੇ ਕੇਵਲ ਪੰਜਾਬ ਸਰਕਾਰ ਦਾ ਫਰਜ਼ ਹੈ। ਪਰ ਹਰ ਪੰਜਾਬੀ ਸਰਕਾਰ ਫਰਜ਼ਾਂ ਦੀ ਥਾਂ ਆਪਣੀਆਂ ਗਰਜ਼ਾਂ ਵਿੱਚ ਉਲਝੀ ਰਹੀ ਹੈ ਜਾਂ ਫਿਰ ਅਲਗਰਜ਼ਾਂ ਦੇ ਢਹੇ ਚੜ੍ਹੀ ਹੋਈ ਹੈ। ਨਹੀਂ ਤਾਂ ਕੀ ਕਾਰਨ ਹੈ ਕਿ 1988 ਤੋਂ ਲੈ ਕੇ ਅੱਜ ਤੀਕਰ ਕਿਸੇ ਵੀ ਸਾਸ਼ਕ ਨੇ ਇਹ ਨੇਕ ਕੰਮ ਕਰਨ ਸਬੰਧੀ ਨਹੀਂ ਸੋਚਿਆ। ਜਿਸ ਲਈ ਕੋਈ ਬਹੁਤੇ ਧਨ ਦੀ ਵੀ ਲੋੜ ਨਹੀਂ ਹੈ। ਜੇ ਲੋੜ ਹੈ ਤਾਂ ਕੇਵਲ ਇੱਕ ਸੁੱਚੇ ਮਨ ਦੀ ਲੋੜ ਹੈ। ਸਾਡੇ ਲੀਡਰਾਂ ਅਤੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਕੋਲ਼ ਸੁੱਚੇ ਮਨ ਦਾ ਸਦਾ ਟੋਟਾ ਹੀ ਰਿਹਾ ਹੈ।

2003 ਦੇ ਅਰੰਭ ਵਿੱਚ ਵਿੱਦਿਆ ਦੇ ਮੁੱਖ ਸਕੱਤਰ ਐੱਨ ਐੱਸ ਰਤਨ ਅਤੇ ਤਕਨੀਕੀ ਮੁੱਖ ਸਕੱਤਰ ਸਰਦਾਰ ਕਲਸੀ ਦੀ ਹਾਜਰੀ ਵਿੱਚ ਇਸ ਨੇਕ ਕਾਰਜ ਨੂੰ ਸੰਪੂਰਨ ਕਰਨ ਦਾ ਯਤਨ ਕੀਤਾ ਗਿਆ ਸੀ। ਜਿਸ ਨੂੰ ਕੁੱਝ ਕੁ ਖੁਦਗਰਜ਼ ਸਖਸੀਅਤਾਂ ਵੱਲੋਂ ਨਿਜੀ ਹਿਤਾਂ ਕਾਰਨ, ਮਿਲੀ ਭੁਗਤ ਉਸਾਰ ਕੇ ਤਾਰਪੀਡੂ ਕਰ ਦਿੱਤਾ ਗਿਆ। ਜਦੋਂ ਕਿ ਸਮੇਂ ਦੀ ਲੋੜ ਸੀ ਨਿੱਜ ਤੋਂ ਉੱਪਰ ਉੱਠਕੇ ਭਵਿੱਖ ਮੁਖੀ ਨਿਰਨੇ ਲੈਣ ਦੀ।

ਇਸ ਸਿਲਸਿਲੇ ਵਿੱਚ ਕੰਮ ਕਰਦਿਆਂ ਜਾਣਕਾਰੀ ਵਿੱਚ ਆਇਆ ਕਿ ਦਿੱਲੀ ਦਰਬਾਰ ਵੱਲੋਂ ਹਿੰਦੀ ਨਾਲ਼ ਤਾਲ ਮੇਲ ਬਠਾਉਣ ਲਈ ਪੰਜਾਬੀ ਲਈ ਨਿਰਧਾਰਤ ਕੀਤੇ ਗਏ ਕੋਡਾਂ ਉੱਤੇ ਹੀ ਪੰਜਾਬ ਸਰਕਾਰ ਨੇ ਆਪਣੀ ਮਨਜ਼ੂਰੀ ਦੀ ਮੋਹਰ ਲਾਈ ਹੋਈ ਹੈ। ਅਤੇ ਇਸ ਤੋਂ ਕੇਵਲ ਭਾਸ਼ਾ ਵਿਭਾਗ ਹੀ ਜਾਣੂੰ ਹੈ। ਇਸ ਸਬੰਧੀ ਇੱਥੇ ਕੁੱਝ ਨੁਕਤੇ ਧਿਆਨ ਯੋਗ ਹਨ:

1. ਹਰ ਭਾਸ਼ਾ ਦਾ ਹੀ ਵਿਧੀ ਵਿਧਾਨ ਆਪਣਾ ਅਤੇ ਨਿਵੇਕਲਾ ਹੁੰਦਾ ਹੈ। ਕੋਈ ਵੀ ਦੋ ਭਾਸ਼ਾਵਾਂ ਇੱਕ ਦੂਸਰੀ ਦੇ ਸਮਾਨਾਂਤਰ ਨਹੀਂ ਚੱਲਦੀਆਂ। ਜਦੋਂ ਕੰਪਿਊਟਰ ਭਾਰਤ ਦੀ ਹਰ ਭਾਸ਼ਾ ਨੂੰ ਦੂਸਰੀ ਭਾਸ਼ਾ ਵਿੱਚ ਲਿੱਪੀਆਂਤਰ ਕਰਨ ਦੇ ਸਮਰੱਥ ਹੈ, ਫਿਰ ਇਨ੍ਹਾਂ ਨੂੰ ਇੱਕ ਦੂਜੀ ਨਾਲ਼ ਨੂੜਿਆ ਕਿਓਂ ਜਾਵੇ? ਕਿਓਂ ਨਾ ਹਰ ਭਾਸ਼ਾ ਦੀਆਂ ਸਮਰਾਥਾਵਾਂ ਅਤੇ ਸੀਮਾਵਾਂ ਨੂੰ ਧਿਆਨ ਵਿੱਚ ਰਖਦਿਆਂ ਮੂਲ ਵਿੱਚ ਉਸਦਾ ਸ਼ੁਭਾਅ ਕਾਇਮ ਰੱਖਿਆ ਜਾਵੇ।

2. ਜੇ ਪੰਜਾਬੀ ਲਈ ਇਹ ਕੋਡ ਨਿਰਧਾਰਨ ਦਿੱਲੀ ਦਰਬਾਰ ਨੇ ਆਪਣੀ ਸ਼ਕਤੀ ਦੀ ਵਰਤੋਂ ਕਰਦਿਆਂ ਕਰ ਹੀ ਦਿੱਤਾ ਹੈ। ਅਤੇ ਪੰਜਾਬ ਨੇ ਆਪਣੀ ਕਿਸੇ ਮਜਬੂਰੀ ਬਸ ਇਸ ਨੂੰ ਸਵੀਕਾਰ ਵੀ ਕਰ ਲਿਆ ਹੈ। ਫਿਰ ਇਸ ਨੂੰ ਖੁੱਲ੍ਹਕੇ ਲੋਕਾਂ ਸਾਹਮਣੇ ਕਿਓਂ ਨਹੀਂ ਲਿਆਂਦਾ ਜਾਂਦਾ? ਇਸ ਦਾ ਲੋੜੀਂਦਾ ਪਰਚਾਰ ਕਿਓਂ ਨਹੀਂ ਕੀਤਾ ਗਿਆ। ਚੋਰ ਦੀ ਮਾਂ ਕੋਠੀ ਵਿੱਚ ਮੂੰਹ ਕਿਓਂ ਰੱਖਿਆ ਗਿਆ? ਸਰਕਾਰ ਆਪਣੇ ਗੁਣ ਗਾਣ ਲਈ ਤਾਂ ਕਰੋੜਾਂ ਰੁਪਏ ਐਡਾਂ ਤੇ ਖਰਚ ਕਰ ਸਕਦੀ ਹੈ ਕੀ ਉਹ ਇਸ ਅਤੀ ਜ਼ਰੂਰੀ ਜਾਣਕਾਰੀ ਨੂੰ ਲੋਕਾਂ ਤੀਕਰ ਪਹੁੰਚਾਉਣ ਲਈ ਥੋੜਾ ਬਹੁਤਾ ਧਨ ਨਹੀਂ ਸੀ ਖਰਚ ਕਰ ਸਕਦੀ?

3. ਇਹ ਠੀਕ ਹੈ ਕਿ ਨਿੱਜੀ ਖੇਤਰ ਵਿੱਚ ਹਰ ਕਿਸੇ ਨੂੰ ਆਪਣੀ ਇੱਛਾ ਦਾ ਯੰਤਰ ਵਰਤਣ ਦੀ ਖੁੱਲ੍ਹ ਹੋ ਸਕਦੀ ਹੈ। ਅਤੇ ਆਪਣੇ ਘਰ ਵਿੱਚ ਕੋਈ ਕੁੱਝ ਵੀ ਕਰੇ। ਪਰ ਸਰਕਾਰ ਨੇ ਆਪਣੇ ਸਰਕਾਰੀ ਅਦਾਰਿਆਂ ਵਿੱਚ ਇਨ੍ਹਾਂ ਫੈਸਲਾਏ ਗਏ ਕੋਡਾਂ ਨੂੰ ਲਾਗੂ ਕਿਓਂ ਨਹੀਂ ਕੀਤਾ? ਜਿਸ ਵਿੱਚ ਸ਼ਾਮਿਲ ਹਨ ਸਰਕਾਰ ਦੇ ਉੱਪਰ ਤੋਂ ਲੈ ਕੇ ਹੇਠਾਂ ਤੀਕਰ ਸਾਰੇ ਸਰਕਾਰੀ ਦਫਤਰ, ਸਾਰੀਆਂ ਯੂਨੀਵਰਸਿਟੀਆਂ, ਭਾਸ਼ਾ ਵਿਭਾਗ, ਭਾਵ ਸਕੱਤਰੇਤ ਤੋਂ ਲੈ ਕੇ ਮਾਲ ਪਟਵਾਰੀ ਦੇ ਦਫਤਰ ਤੱਕ। ਅਸਲ ਵਿੱਚ ਸਾਡਾ ਬਾਬਾ ਆਦਮ ਹੀ ਨਿਰਾਲਾ ਹੈ। ਸਾਡੀ ਸਰਕਾਰੀ ਵਿਧੀ ਵਿੱਚ ਕੋਈ ਵੀ ਕਿਸੇ ਲਈ ਜੁਆਬ ਦੇਹ ਨਹੀਂ ਹੈ। ਹਰ ਪਾਸੇ ਹੀ ਖਾਓ ਅਤੇ ਖਾਣ ਦਿਓ ਦਾ ਸੂਤਰ ਚੱਲ ਰਿਹਾ ਹੈ।

4. ਸਰਕਾਰੀ ਪਰਾਪਤ ਐਡਾਂ ਵਾਲ਼ੇ ਅਖ਼ਬਾਰਾਂ ਅਦਾਰਿਆਂ ਤੱਕ ਇਹ ਕੋਡ ਕਿਓਂ ਨਹੀਂ ਲਾਗੂ ਕੀਤੇ ਗਏ? ਟਾਈਪ ਦੇ ਸਾਰੇ ਸਰਕਾਰੀ ਟੈੱਸਟਾਂ ਵਿੱਚ ਇਹ ਕੋਡ ਵਰਤਣੇ ਜ਼ਰੂਰੀ ਕਿਓਂ ਨਹੀਂ ਕੀਤੇ ਗਏ।

ਜੇ ਇਸ ਨਿਰਨੇ ਉੱਤੇ ਵੀ ਪੰਜਾਬ ਸਰਕਾਰ ਸਹੀ ਕਦਮ ਚੁੱਕ ਲੈਂਦੀ ਤਾਂ ਅੱਜ ਪੰਜਾਬੀ ਦੇ ਅੱਖਰ ਕੋਡ ਇੱਕ ਹੋਏ ਹੁੰਦੇ ਅਤੇ ਪੰਜਾਬੀ ਕੰਪਿਊਟਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਗਈਆਂ ਹੁੰਦੀਆਂ। ਜੇ ਕੋਈ ਇਨ੍ਹਾਂ ਵਿੱਚ ਕਮੀਆਂ ਹਨ, ਜੋ ਅਸਲ ਵਿੱਚ, ਬਹੁਤ ਹਨ, ਉਹ ਵੀ ਹੁਣ ਤੀਕਰ ਦੂਰ ਹੋ ਗਈਆਂ ਹੁੰਦੀਆਂ।

ਸੋ ਇਸ ਬਹਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬੀ ਕੋਡਾਂ ਦੇ ਨਿਰਧਾਰਨ ਵਿੱਚ ਸਵਾਰਥੀ ਲਾਵੀ ਕਿਤਨੀ ਸ਼ਕਤੀਸ਼ਾਲੀ ਹੈ ਅਤੇ ਅਸਾਡੇ ਆਗੂ ਅਤੇ ਅਧਿਕਾਰੀ ਇਸ ਬਹੁਤ ਹੀ ਜ਼ਰੂਰੀ ਮੁੱਦੇ ਸਬੰਧੀ ਕਿਓਂ ਇਤਨੇ ਲਾਪਰਵਾਹ ਹਨ ਜਾਂ ਕਿਓਂ ਉਹ ਜਾਣ ਬੁੱਝ ਕੇ ਇਸ ਉੱਤੇ ਅੱਖਾਂ ਮੀਟੀਂ ਬੈਠੇ ਹਨ? ਜੋ ਅਸਿੱਧੇ ਰੂਪ ਵਿੱਚ ਉਸ ਵਿਸ਼ੇਸ਼ ਲਾਬੀ ਦਾ ਪੱਖ ਪੂਰਨ ਵਾਲ਼ੀ ਹੀ ਗੱਲ ਹੈ।

ਯਾਦ ਰਹੇ ਕਿ ਕਿਸੇ ਵੀ ਫੌਂਟ ਦੇ ਜਿੰਨੇ ਵੀ ਵੱਖਰੇ ਵੱਖਰੇ ਸਰੂਪ ਹੋਣਗੇ ਉਹ ਉਸਦਾ ਮੀਰੀ ਗੁਣ ਹੈ। ਅਤੇ ਕਿਸੇ ਭਾਸ਼ਾ ਦੇ ਕੋਡਾਂ ਦਾ ਵਖਰੇਵਾਂ ਉਸ ਲਈ ਇੱਕ ਕੋਹੜ ਦਾ ਕੰਮ ਕਰਦਾ ਹੈ। ਜੋ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕਿਸੇ ਸੌ ਮੀਟਰ ਦੇ ਸਪਰਿੰਟਰ ਦੇ ਪੈਰਾਂ ਵਿੱਚ ਭਾਰੀ ਬੇੜੀਆਂ ਪਾ ਕੇ ਫਿਰ ਉਸਨੂੰ ਦੌੜਾਂ ਵਿੱਚ ਸ਼ਾਮਲ ਕਰ ਦਿੱਤਾ ਜਾਵੇ। ਨਿਸਚੇ ਹੀ ਇਸ ਹਾਲਤ ਵਿੱਚ ਉਹ ਭਾਸ਼ਾ ਨਾਂ ਤਾਂ ਉੱਨਤੀ ਦੀ ਦੌੜ ਵਿੱਚ ਸ਼ਾਮਲ ਹੋ ਸਕਦੀ ਹੈ ਅਤੇ ਨਾਂ ਹੀ ਕੋਈ ਮਾਣ ਕਰਨ ਯੋਗ ਪਰਾਪਤੀ ਹੀ ਕਰ ਸਕਦੀ ਹੈ। ਤੇਜ਼ ਤੋਂ ਤੇਜ਼ ਵਿਅਕਤੀ ਨੂੰ ਵੀ ਜੇ ਕਿਸੇ ਮੁਰਦੇ ਨਾਲ਼ ਨੂੜ ਦਿੱਤਾ ਜਾਵੇ, ਮੁਰਦਾ ਤਾਂ ਉਸਦੇ ਬਰਾਬਰ ਉੱਠਕੇ ਦੌੜਨ ਤੋਂ ਰਿਹਾ। ਸਗੋਂ ਅਤੀ ਤੇਜ ਵਿਅਕਤੀ ਵੀ ਆਪਣੀ ਗਤੀ ਘਟਾਉਂਦਾ ਘਟਾਉਂਦਾ ਗਤੀ ਹੀਣ ਹੋ ਜੀਵਤ ਮੁਰਦਾ ਹੋ ਜਾਵੇਗਾ।

ਸੋ ਜੇ ਅਸੀਂ ਪੰਜਾਬੀ ਕੰਪਿਊਟਰ ਲਈ ਕਿਸੇ ਇੱਕ ਮਿਆਰੀ ਕੋਡਾਂ ਦਾ ਨਿਰਨਾ ਛੇਤੀ ਨਾ ਕੀਤਾ ਤਾਂ ਸਾਡੇ ਪੰਜਾਬੀ ਕੰਪਿਊਟਰ ਦਾ ਪਿਛੜੇਵਾਂ ਪੱਥਰ ਉੱਤੇ ਲੀਕ ਹੈ।

ਪੰਜਾਬੀ ਕੰਪਿਊਟਰ ਦੇ ਭਵਿੱਖ ਦੇ ਚਿੰਤਕਾਂ ਨੂੰ ਇਸ ਮੁੱਦੇ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨਾ ਹੋਵੇਗਾ। ਸਵਾਰਥੀ ਅਤੇ ਅਖੌਤੀ ਪੰਜਾਬੀ ਦੇ ਮੁਦਈ ਜੋ ਸਮਰਥਾ ਦੇ ਕਿਸੇ ਨਾ ਕਿਸੇ ਡੰਡੇ ਨੂੰ ਹੱਥ ਪਾਈ ਬੈਠੇ ਹਨ ਜਾਂ ਜਿਨ੍ਹਾਂ ਦੀ ਕਿਸੇ ਪੱਧਰ ਤੀਕਰ ਨਿੱਜੀ ਪਹੁੰਚ ਹੈ, ਨਾਲ਼ੋਂ ਪੰਜਾਬੀ ਕੰਪਿਊਟਰ ਦਾ ਵੱਡਾ ਵੈਰੀ ਹੋਰ ਕੋਈ ਨਹੀਂ ਹੋ ਸਕਦਾ।

ਇੱਕ ਇਹ ਵੀ ਜ਼ਰੂਰੀ ਨੁਕਤਾ ਪਛਾਨਣ ਦੀ ਲੋੜ ਹੈ ਕਿ ਪੰਜਾਬੀ ਭਾਸ਼ਾ ਦੇ ਅੱਖਰਾਂ ਦੇ ਕੋਡਾਂ ਨੂੰ ਮਿਆਰੀ ਕਰਨਾ ਅਤੀ ਅਵੱਸ਼ਕ ਹੈ। ਤਾਂ ਹੀ ਉਹ ਟਕਸ਼ਾਲੀ ਫੌਂਟ ਅਖਵਾ ਸਕੇਗੀ ਅਤੇ ਭਵਿੱਖ ਦੇ ਮਾਅਰਕਾ ਮਾਰਨ ਵਾਲ਼ੇ ਹਿੰਮਤੀ ਵਿਅਕਤੀ ਬੇਝਿਜਕ ਉਸ ਵਿੱਚ ਆਪਣਾ ਕੰਮ ਕਰ ਸਕਣਗੇ। ਰਿਹਾ ਉਸ ਲਈ ਕੀਅ ਬੋਰਡ ਬਨਾਉਣ ਦਾ ਕੰਮ ਉਹ ਤੇ ਕਿਸੇ ਦਾ ਵੀ ਖੱਬੇ ਹੱਥ ਦਾ ਕੰਮ ਹੈ। ਚਾਹੇ ਤੁਸੀਂ ਉਸਨੂੰ ਰਮਿੰਗਟਨ ਦੇ ਹਿਸਾਬ ਟਾਈਪ ਕਰ ਲਵੋ ਚਾਹੇ ਸਭ ਤੋਂ ਢੁਕਵੇਂ ਫੋਨੈੱਟਕ ਦੇ ਹਿਸਾਬ। ਉਹ ਫੌਂਟ ਰਹੇਗੀ ਆਪਣੀ ਇੱਕੋ ਹੀ ਸੁਖਾਵੀਂ ਚਾਲ ਉੱਤੇ, ਚਾਹੋ ਉਸਨੂੰ ਇੰਗਲੈਂਡ ਵਿੱਚ ਪੜ੍ਹ ਲਵੋ ਤੇ ਚਾਹੇ ਪੋਲੈਂਡ ਵਿੱਚ, ਅਤੇ ਚਾਹੇ ਪੰਜਾਬ, ਪਾਕਿਸਤਾਨ, ਅਮਰੀਕਾ, ਕਨੇਡਾ, ਆਸਟਰੇਲੀਆ ਵਿੱਚ।

ਅੱਗੇ ਗੱਲ ਤੋਰੀ ਜਾਂਦੀ ਹੈ ਪੰਜਾਬੀ ਵਰਡ ਪਰੋਸੈੱਸਰ ਦੀ। ਇਸ ਦਾ ਹੋਣਾ ਵੀ ਉਤਨਾ ਹੀ ਜ਼ਰੂਰੀ ਹੈ। ਇਸਦੀ ਲੋੜ ਇਸ ਕਰਕੇ ਨਹੀਂ ਅਨੁਭਵ ਕੀਤੀ ਜਾ ਰਹੀ ਕਿਉਂਕਿ ਸਾਡੇ ਕੋਲ਼ ਮਾਈਕਰੋ ਸੌਫਟ ਦਾ ਵਿਸ਼ਵੀ ਵਰਡ ਪਰੋਸੈੱਸਰ ਹੈ। ਜਿਸ ਕਰਕੇ ਬਹੁਤੇ ਇਸ ਵਿੱਚ ਕੰਮ ਕਰਦੇ ਹਨ। ਨਹੀਂ ਤਾਂ ਜਦੋਂ ਕੋਈ ‘ਪੇਜ਼ ਮੇਕਰ’ ਵਿੱਚ ਕੰਮ ਕਰਕੇ ਕਿਸੇ ਦੂਸਰੇ ਨੂੰ ਭੇਜਦਾ ਹੈ ਤਾਂ ਵਸੂਲੀ ਕੋਲ਼ ਵੀ ‘ਪੇਜ਼ ਮੇਕਰ’ ਦਾ ਹੋਣਾ ਜ਼ਰੂਰੀ ਹੋ ਜਾਂਦਾ ਹੈ। ਉਸਦੀ ਗੈਰ ਹਾਜ਼ਰੀ ਵਿੱਚ ਮਸੌਦਾ ਠੀਕ ਨਹੀਂ ਪੜ੍ਹਿਆ ਜਾਂਦਾ। ਪਰ ਅਜੇਹੇ ਪਬਲਿਸ਼ਿੰਗ ਪਰੋਸੈੱਸਰ ਹਨ ਕੁੱਝ ਕੁ ਹੀ ਜਿਵੇਂ ਕਿ ‘ਪੇਜ਼ ਮੇਕਰ’, ‘ਕੁਆਰਕ ਐੱਕਸਪ੍ਰੈੱਸ’, ‘ਕੋਰਲ ਡਰਾ’, ਓਪਨ ਆਫਿਸ ਆਦਿ। ਵੈਸੇ ਤਾਂ ਇਹ ਪਰੋਗਰਾਮ ਵਰਡ ਪਰੋਸੈੱਸਿੰਗ ਲਈ ਨਹੀਂ ਬਣੇ। ਸਗੋਂ ਇਹ ਤਾਂ ਪਬਲਿਸ਼ਿੰਗ ਲਈ ਹਨ। ਫਿਰ ਵੀ ਇਨ੍ਹਾਂ ਵਿੱਚ ਕੰਮ ਵੀ ਹੋ ਰਿਹਾ ਹੈ ਅਤੇ ਆਦਾਨ ਪਰਦਾਨ ਵੀ।

ਲੋੜੀਂਦੀ ਇਸ ਦਿਸ਼ਾ ਵਿੱਚ ਕੰਮ ਗੁਰਦੁਆਰਾ ਰਾੜਾ ਸਾਹਿਬ (ਕਰਮਸਰ) ਦੇ ਭਾਈ ਸਾਹਿਬ ਬਲਜਿੰਦਰ ਸਿੰਘ ਹੋਰਾਂ ਨੇ ਵੀ ਕੀਤਾ ਹੈ। ਪਰ ਵਰਤੋਂ ਯੋਗ ਉੱਤਮ ਕਾਰਜ ਕਰਨ ਦਾ ਸਿਹਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਉਸਦੇ ਪਰੋਫੈੱਸਰ ਗੁਰਪ੍ਰੀਤ ਸਿੰਘ ਲਹਿਲ ਨੂੰ ਜਾਂਦਾ ਹੈ। ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ‘ਅੱਖਰ’ ਪੰਜਾਬੀ ਵਰਡ ਪਰੋਸੈੱਸਰ, ਸੱਚ ਮੁੱਚ ਹੀ ਪੰਜਾਬੀ ਭਾਸ਼ਾ ਲਈ ਇੱਕ ਵਰਦਾਨ ਸਿੱਧ ਹੋ ਸਕਦਾ ਹੈ। ਉਹਨੂੰ ਨਿਰਖ ਪਰਖ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਰਦਾਰ ਲਹਿਲ ਦੇ ਸਤਿਕਾਰ ਵਿੱਚ ਮੱਲੋ ਮੱਲੀ ਸਿਰ ਝੁਕ ਜਾਂਦਾ ਹੈ। ਕਾਸ਼ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਵੀ ਅਜੇਹੇ ਹੰਭਲੇ ਮਾਰਨ। ਇਸ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚ ਵਰਤਣ ਦਾ ਛੇਤੀ ਹੀ ਸਰਕਾਰੀ ਹੁਕਮ ਜਾਰੀ ਹੋ ਜਾਣਾ ਚਾਹੀਦਾ ਹੈ। ਇਹ ਮੇਰੀ ਇੱਛਾ ਹੈ। ਇਸ ਵਿੱਚ ਸੁਬਿਧਾ ਹੈ:

1. ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਲਿਖਣ ਦੀ।

2. ਪੰਜਾਬੀ ਅੰਗਰੇਜ਼ੀ ਦੇ ਸ਼ਬਦ ਜੋੜ ਚੈੱਕ ਕਰਨ ਦੀ।

3. ਪੰਜਾਬੀ ਅੰਗਰੇਜ਼ੀ ਅਰਥ ਅਤੇ ਸ਼ਬਦਜੋੜ ਕੋਸ਼।

4. ਅੰਗਰੇਜ਼ੀ ਪੰਜਾਬੀ ਅਰਥ ਅਤੇ ਸ਼ਬਦਜੋੜ ਕੋਸ਼।

5. ਪੰਜਾਬੀ ਦੇ ਸਮ ਅਰਥੀ ਅੱਖਰਾਂ ਦਾ ਭੰਡਾਰ।

6. ਬਹੁ ਵਰਤੋਂ ਵਾਲ਼ੀਆਂ ਫੌਂਟਾ ਦੇ ਇੱਕ ਦੂਜੇ ਵਿੱਚ ਪਰੀਵਰਨ ਦਾ ਪਰਬੰਧ।

7. ਸੂਚੀਆਂ ਨੂੰ ਪੰਜਾਬੀ ਭਾਵ ੳ, ਅ, ੲ ਆਦਿ ਅਨੁਸਾਰ ਛਾਂਟਣ ਦਾ ਪਰਬੰਧ।

ਭਾਵੇਂ ਕਿ ਇਸ ਵਰਡ ਪਰੋਸੈੱਸਰ ਵਿੱਚ ਅਜੇ ਕੁੱਝ ਕੁ ਛੋਟੇ ਮੋਟੇ ਸੁਧਾਰਾਂ ਦੀ ਲੋੜ ਹੈ। ਜੋ ਪੰਜਾਬੀ ਯੂਨੀਵਰਸਿਟੀ ਨੇ ਸੌਖਿਆਂ ਹੀ ਕਰਵਾ ਲੈਣੇ ਹਨ, ਫਿਰ ਵੀ ਇਹ ਪੰਜਾਬੀ ਦੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੈ। ਵੱਡੀ ਗੱਲ ਇਹ ਕਿ ਸੰਸਾਰ ਪਰਸਿੱਧ ਮਾਈਕਰੋ ਸੌਫਟ ਵਰਡ ਪਰੋਸੈੱਸਰ ਨਾਲ ਇਹ ‘ਅੱਖਰ’ ਆਢਾ ਨਹੀਂ ਲਾਉਂਦਾ ਸਗੋਂ ਉਸ ਨਾਲ਼ ਪੂਰੇ ਤਾਲ ਮੇਲ ਵਿੱਚ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪਰੋਫੈੱਸਰ ਗੁਰਪ੍ਰੀਤ ਸਿੰਘ ਲਹਿਲ ਦੇ ਇਸ ਸ਼ੁਭ ਯਤਨ ਅਤੇ ਸਹੀ ਦਿਸ਼ਾ ਵੱਲ ਪਹਿਲੇ ਕਦਮ ਨੂੰ ਸੌ ਸੌ ਪਰਨਾਮ।

ਬੇਸ਼ੱਕ ਵੱਖੋ ਵੱਖਰੀਆਂ ਫੌਂਟਾਂ ਦੇ ਨਿਰਮਾਤਾਵਾਂ ਦੇ ਯਤਨ ਅੱਜ ਇੱਕ ਦੂਜੇ ਦੇ ਵਿਰੋਧ ਵਿੱਚ ਡਟ ਖੜੋੜੇ ਹਨ ਫਿਰ ਵੀ ਉਨ੍ਹਾਂ ਦੀ ਕੀਤੀ ਮੁਢਲੀ ਘਾਲਣਾ ਦੀ ਪਰਸ਼ੰਸਾ ਕੀਤੀ ਹੀ ਬਣਦੀ ਹੈ। ਅੱਜ ਜੋ ਕੁੱਝ ਵੀ ਅਸੀਂ ਕੰਪਿਊਟਰ ਨਾਲ਼ ਪੰਜਾਬੀ ਵਿੱਚ ਕਰ ਰਹੇ ਹਾਂ ਇਹ ਸਾਰਾ ਉਨ੍ਹਾਂ ਦੀ ਕੀਤੀ ਕੀਮਤੀ ਕਮਾਈ ਦਾ ਹੀ ਸਿੱਟਾ ਹੈ। ਇਸ ਦਿਸਾ ਵੱਲ ਜਿਸ ਇਕੱਲੇ ਵਿਅਕਤੀ ਨੇ ਸਭ ਤੋਂ ਵੱਧ ਅਤੇ ਮਹਾਨ ਯੋਗਦਾਨ ਪਾਇਆ ਹੈ ਉਹ ਹੈ ਡਾਕਟਰ ਕੁਲਬੀਰ ਸਿੰਘ ਥਿੰਦ ਐੱਮ. ਡੀ. (ਕੈਲੇਫੋਰਨੀਆਂ)। ਉਨ੍ਹਾਂ ਨੇ ਆਪਣੇ ਅਤੇ ਆਪਣੀ ਸਰਦਾਰਨੀ ਦੀ ਵਰਤੋਂ ਲਈ ਪਹਿਲੋਂ ਪੰਜਾਬੀ ਦੀ ‘ਅੰਮ੍ਰਿਤ ਲਿੱਪੀ’ ਤਿਆਰ ਕੀਤੀ ਅਤੇ ਇਸ ਨੂੰ ਕਰਮ ਖੇਤਰ ਵਿੱਚ ਉਤਾਰਿਆ। ਫਿਰ ਉਨ੍ਹਾਂ ਨੇ ਇਸ ਨੂੰ ਸੁਵਰਤੋਂ ਦੇ ਯੋਗ ਅਤੇ ਇਸ ਵਿੱਚ ਰਹਿ ਗਈਆਂ ਕਮੀਆਂ ਦੂਰ ਕਰਨ ਲਈ ਇਸ ਵਿੱਚ ਅੱਜ ਤੀਕਰ ਨਿਰੰਤਰ ਸੁਧਾਰ ਕੀਤਾ ਤੇ ਹੁਣ ਵੀ ਕਰ ਰਹੇ ਹਨ। ਸੁਧਾਰਾਂ ਦਾ ਪੈਂਡਾ ਤਹਿ ਕਰਦੀ ਹੋਈ ਉਨ੍ਹਾਂ ਦੀ ‘ਅੰਮ੍ਰਿਤ ਲਿੱਪੀ’, ਅੰਮ੍ਰਿਤ ਲਿੱਪੀ 2, ਅਮਰ ਬੋਲੀ, ਗੁਰਬਾਣੀ, ਅਨਮੋਲ, ਸਮਤੋਲ ਆਦਿ ਰਾਹੀਂ ਡੀ ਆਰ ਚਾਤਰਿਕ (ਭਾਈ ਵੀਰ ਸਿੰਘ ਦੇ ਵਜ਼ੀਰ ਪਰੈੱਸ ਅੰਮ੍ਰਿਤਸਰ ਵਿੱਚ ਸਿੱਕੇ ਦੇ ਪਹਿਲੇ ਪੰਜਾਬੀ ਸ਼ਬਦ ਬਨਾਉਣ ਵਾਲ਼ੇ ਮਸ਼ਹੂਰ ਕਵੀ ਧਨੀ ਰਾਮ ਚਾਤਰਿਕ ਦੇ ਨਾਂ ਤੇ ਤਿਆਰ ਕੀਤੀ ਗਈ ਫੌਂਟ।) ਤੀਕਰ ਪਹੁੰਚੀ ਹੈ। ਜੋ ਵੈੱਬ ਸਾਈਟਾਂ ਲਈ ਬਹੁਤ ਹੀ ਢੁਕਵੀਂ ਅਤੇ ਪਰਚੱਲਤ ਹੈ।

ਪੰਜਾਬੀ ਦੀਆਂ ਬਹੁਤ ਸਾਰੀਆਂ ਵੈੱਬ ਸਾਈਟਾਂ ਨੇ ਵੀ ਪੰਜਾਬੀ ਕੰਪਿਊਟਰ ਦੀ ਲੋੜ ਅਤੇ ਸਮਰੱਥਾ ਵਿੱਚ ਢੇਰ ਸਾਰਾ ਵਾਧਾ ਕੀਤਾ ਹੈ। ਜੋ ਮੇਰੇ ਗਿਆਨ ਧਿਆਨ ਵਿੱਚ ਪੰਜਾਬੀ ਦੀਆਂ ਵੈੱਬ ਸਾਈਟਾਂ ਹਨ, ਉਨ੍ਹਾਂ ਦੇ ਨਾਂ ਹਨ: ਲਿਖਾਰੀ ਡਾਟ ਔਰਗ/ਲਿਖਾਰੀ ਡਾਟ ਕਾਮ, 5ਆਬੀ ਡਾਟ ਕਾਮ, ਬੱਧਨੀ ਡਾਟ ਕਾਮ, ਨਿਸੋਤ ਡਾਟ ਕਾਮ, ਸਿੱਖ ਨੈੱਟ ਡਾਟ ਕਾਮ, ਇੰਡੋ ਕੈਨੇਡੀਅਨ ਡਾਟ ਕਾਮ, ਅਜੀਤ ਵੀਕਲੀ ਡਾਟ ਕਾਮ, ਸਾਂਝ ਸਵੇਰਾ ਡਾਟ ਕਾਮ, ਖ਼ਬਰਨਾਮਾ ਡਾਟ ਕਾਮ, ਪੰਜਾਬੀ ਪੋਸਟ ਡਾਟ ਸੀਏ, ਹਮਦਰਦ ਡਾਟ ਕਾਮ, ਅਜੀਤ ਜਲੰਧਰ ਡਾਟ ਕਾਮ, ਗਲੋਬਲ ਪੰਜਾਬੀ ਡਾਟ ਕਾਮ, ਰਾੜਾ ਸਾਹਿਬ ਡਾਟ ਕਾਮ ਅਤੇ ਬਹੁਤ ਸਾਰੀਆਂ ਹੋਰ।

ਗੁਰਮੁਖੀ ਸ਼ਾਹਮੁਖੀ ਪਰੀਵਰਤਨ ਦਾ ਕੰਮ ਮੇਰੇ (ਕਿਰਪਾਲ ਸਿੰਘ ਪੰਨੂੰ) ਵੱਲੋਂ ਦੋ ਕੁ ਸਾਲ ਦੀ ਮਿਹਨਤ ਪਿੱਛੋਂ 2000 ਦੇ ਕਰੀਬ ਹੋਂਦ ਵਿੱਚ ਲਿਆਂਦਾ ਗਿਆ ਸੀ। ਅਤੇ ਇਸ ਦੀ ਪਰਦਰਸ਼ਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਸ਼ਾ ਵਿਭਾਗ ਪਟਿਆਲਾ, ਪੰਜਾਬ ਟੈੱਕਸਟ ਬੁੱਕ ਬੋਰਡ ਚੰਡੀਗੜ੍ਹ ਆਦਿ ਵਿੱਚ ਕੀਤੀ ਗਈ। ਜੋ ਹੁਣ ਲੱਗ ਪੱਗ ਸੰਪੂਰਨਤਾ ਨੂੰ ਪਹੁੰਚ ਗਿਆ ਹੈ। ਇਸ ਉੱਤੇ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਨੇ ਵੀ ਕੰਮ ਕੀਤਾ ਹੈ ਅਤੇ ਹੁਣ ਇੰਗਲੈਂਡ ਦੀ ਇੱਕ ਯੂਨੀਵਰਸਿਟੀ ਵਿੱਚ ਵਰਿੰਦਰ ਕਾਲੀਆ ਅਤੇ ਗੁਲਾਮ ਅੱਵਾਸ ਵੀ ਕਰ ਰਹੇ ਹਨ। ਇਸ ਸਬੰਧੀ ਲਾਹੌਰ ਦੇ ਵਿੱਚ ਵੀ ਇੱਕ ਸੰਸਥਾ ਸਥਾਪਤ ਹੋ ਚੁੱਕੀ ਹੈ। ਸੋ ਇਸ ਪਾਸੇ ਹੁਣ ਇੱਕ ਨਿੱਗਰ ਕੰਮ ਹੋ ਰਿਹਾ ਹੈ। ਮੇਰੇ ਵੱਲੋਂ ਚਾਰ ਕਿਤਾਬਾਂ (‘ਸੁਰਾਂ ਦੇ ਸੌਦਾਗਰ’ ਇਕਬਾਲ ਮਾਹਲ, ‘ਦੋ ਟਾਪੂ’ ਜਰਨੈਲ ਸਿੰਘ ਕਹਾਣੀਕਾਰ, ‘ਰੂਹ ਦਾ ਅਨੁਵਾਦ’ ਤੇ ‘ਲੋਹਿਓਂ ਪਾਰਸ’ ਦੋਵੇਂ ਕਾਨਾ ਸਿੰਘ ਪੋਠੋਹਾਰਨ) ਸ਼ਾਹਮੁਖੀ ਵਿੱਚ ਕਨਵਰਟ ਕਰਕੇ ਪਾਕਿਸਤਾਨ ਭੇਜੀਆਂ ਜਾ ਚੁੱਕੀਆਂ ਹਨ। ਕੇ ਆਸਿਫ ਸ਼ਾਹਕਾਰ ਵੱਲੋਂ ਭੇਜੇ ਗਏ ਕਈ ਲੇਖ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਮੇਰੇ ਵੱਲੋਂ ਬਦਲ ਕੇ ਕਈ ਪੰਜਾਬੀ ਅਖ਼ਬਾਰਾਂ ਜਿਵੇਂ ਅਜੀਤ ਵੀਕਲੀ ਟੋਰਾਂਟੋ, ਪੰਜਾਬੀ ਟ੍ਰਿਬਿਊਨ ਚੰਡੀਗੜ੍ਹ, ਅਜੀਤ ਜਲੰਧਰ ਵਿੱਚ ਛਪ ਚੁੱਕੇ ਹਨ। ਗੁਰੂ ਗਰੰਥ ਸਾਹਿਬ ਸ਼ਾਹਮੁਖੀ ਵਿੱਚ ਕਨਵਰਟ ਕੀਤਾ ਗਿਆ ਹੈ। ਮਹਾਨ ਕੋਸ਼ ਨੂੰ ਕਨਵਰਟ ਕਰਨ ਦੀ ਕਾਗ਼ਜੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ।

ਮੈਨੂੰ ਪੂਰਨ ਨਿਸ਼ਚਾ ਹੈ ਕਿ ਛੇਤੀ ਹੀ ਗੁਰਮੁਖੀ ਸ਼ਾਹਮੁਖੀ ਦੀਆਂ ਰਚਨਾਵਾਂ ਦਾ ਕੰਪਿਊਟਰ ਰਾਹੀਂ ਅਦਲ ਬਦਲ ਵਪਾਰਕ ਪੱਧਰ ਉੱਤੇ ਆਮ ਹੋਣ ਲੱਗ ਪਇਗਾ।

ਪੰਜਾਬੀ ਕੰਪਿਊਟਰ ਉੱਤੇ ਕਈ ਪਰਕਾਰ ਦੇ ਰਿਸਰਚ ਟੂਲ ਬਣਾਏ ਅਤੇ ਪਾਏ ਗਏ ਹਨ ਅਤੇ ਹੋਰ ਪਾਏ ਜਾ ਰਹੇ ਹਨ। ਗੁਰੂ ਗਰੰਥ ਸਾਹਿਬ ਦੀ ਵਿਆਖਿਆ ਅਤੇ ਅਰਥਾਂ ਸਬੰਧੀ, ਗੁਰੂ ਗਰੰਥ ਸਾਹਿਬ ਵਿੱਚ ਹਵਾਲਾ ਦੇਣ ਲਈ ਸਮੱਗਰੀ ਤਿਆਰ ਕਰਨ ਲਈ ਡਾਕਟਰ ਕੁਲਬੀਰ ਸਿੰਘ ਥਿੰਦ ਨੇ ਮਹਾਨ ਕੰਮ ਕੀਤਾ ਹੈ। ਜੋ ਸ੍ਰੀਗਰੰਥ ਡਾਟ ਕਾਮ ਉੱਪਰ ਦੇਖਿਆ ਜਾ ਸਕਦਾ ਹੈ।

ਰਾੜਾ ਸਾਹਿਬ ਵਾਲ਼ੇ ਭਾਈ ਬਲਬਿੰਦਰ ਸਿੰਘ ਨੇ ਮਹਾਨ ਕੋਸ਼ ਨੂੰ ਕੰਪਿਊਟਰ ਦੇ ਹਾਣ ਦਾ ਕੀਤਾ। ਹੁਣ ਉਸ ਵਿੱਚ ਬਹੁਤ ਸਾਰੇ ਵਾਧੇ ਕਰਕੇ ਅਜੇਹਾ ਸਰਚ ਇੰਜਣ ਤਿਆਰ ਕੀਤਾ ਹੈ ਜਿਸ ਨਾਲ਼ ਗੁਰੂ ਗਰੰਥ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਕਬਿੱਤਾਂ ਦੀ ਸ਼ਬਦ ਅਤੇ ਪੰਕਤੀ ਤਲਾਸ਼ ਬਹੁਤ ਹੀ ਸੌਖੀ ਹੋ ਗਈ ਹੈ। ਇਹ ਸਾਰੇ ਪਰੋਗਰਾਮ ਕਿਸੇ ਵੀ ਕੀਮਤ ਤੋਂ ਬਿਨਾਂ ਹੀ ‘ਇੱਕ ਤੇਰਾਂ ਡਾਟ ਕਾਮ’ ਤੋਂ ਡਾਊਨ ਲੋਢ ਕੀਤੇ ਜਾ ਸਕਦੇ ਹਨ। ਇਸਦਾ ਵਿਗਿਆਪਨ ਅਦਾਰਾ ‘ਅਜੀਤ ਜਲੰਧਰ’ ਨੇ 15% ਦੀ ਰਿਆਇਤੀ ਦਰ ਉੱਤੇ ਦੋ ਹਫਤੇ ਲਈ ਆਪਣੀ ਵੈੱਬ ਸਾਈਟ ਉੱਤੇ ਲਾਇਆ ਹੈ।

ਵੈਨਕੂਵਰ (ਸਰੀ) ਵਾਲ਼ੇ ਡਾਕਟਰ ਰਘਬੀਰ ਸਿੰਘ ਬੈਂਸ ਜੀ ਨੇ ਦਹਾਕੇ ਦੀ ਮਿਹਨਤ ਕਰਕੇ ਸਿੱਖ ਇਨਸਾਈਕਲੋਪੀਡੀਆ ਤਿਆਰ ਕੀਤਾ ਹੈ। ਜੋ ਪੰਜਾਬੀ ਕੰਪਿਊਟਰ ਵਿੱਚ ਅਥੱਕ ਘਾਲਣਾ ਅਤੇ ਆਰਥਕ ਕੁਰਬਾਨੀ ਦੀ ਨਿਵੇਕਲੀ ਉਦਾਹਰਨ ਹੈ।

ਡਾਕਟਰ ਨਿਰਮਲ ਸਿੰਘ ਲਾਂਬੜਾਂ ਤੋਂ ਜਾਣਕਾਰੀ ਪਰਾਪਤ ਹੋਈ ਹੈ ਕਿ ਖਡੂਰ ਸਾਹਿਬ ਵਿਖੇ ਬਾਬਾ ਸੇਵਾ ਸਿੰਘ ਅਤੇ ਡਾਕਟਰ ਰਘਬੀਰ ਸਿੰਘ ਸਰੀ ਨੇ ਮਿਲ ਕੇ ਇੱਕ ਸਿੱਖ ਮਿਊਜੀਅਮ ਤਿਆਰ ਕੀਤਾ ਹੈ। ਜੋ ਸਮੁੱਚੇ ਤੌਰ ਉੱਤੇ ਕੰਪਿਊਟਰਾਈਜ਼ਡ ਹੈ। ਜਿਸ ਵਿੱਚ ਇੱਕ ਰੋਬੋ ਭਾਈ ਸਾਹਿਬ ਆਪ ਤੁਰ ਫਿਰਕੇ ਸਿੱਖ ਇਤਹਾਸ ਸਬੰਧੀ ਲੋੜੀਂਦੀ ਜਾਣਕਾਰੀ ਦਰਸ਼ਕਾਂ ਨੂੰ ਦਿੰਦੇ ਹਨ। ਡਾਕਟਰ ਨਿਰਮਲ ਸਿੰਘ ਦੀ ਸੂਚਨਾ ਅਨੁਸਾਰ ਇਹ ਸਿੱਖ ਮਿਊਜ਼ਮ ਦੇ ਦਰਸ਼ਨ ਕਰਨੇ ਆਪਣੇ ਆਪ ਵਿੱਚ ਵਡਭਾਗੀ ਹੋਣਾ ਹੈ।

ਪਟਿਆਲਾ ਦੇ ਪਰੋਫੈੱਸਰ ਪ੍ਰੀਤਮ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਅਮਰੀਕਾ ਵਿੱਚ ਸਰਦਾਰ ਜੋਗਿੰਦਰ ਸਿੰਘ ਆਹਲੂਵਾਲੀਆ ਹੋਰਾਂ ਨੇ ਇੱਕ ਸੰਸਥਾ ਬਣਾਈ ਹੋਈ ਹੈ। ਜੋ ਸਿੱਖ ਇਤਹਾਸ ਦੇ ਖਰੜਿਆਂ ਨੂੰ ਸੰਭਾਲਣ ਲਈ ਲੋੜੀਂਦੀ ਆਰਥਿਕ ਸਹਾਇਤਾ ਜੁਟਾ ਸਕਦੀ ਹੈ। ਉਨ੍ਹਾਂ ਨੇ ਪਰੋਫੈੱਸਰ ਸਾਹਿਬ ਦੇ ਘਰ ਵਿੱਚ ਇੱਕ ਵਰਕਸ਼ਾਪ ਚਾਲੂ ਵੀ ਕੀਤੀ ਹੋਈ ਹੈ। ਜਿੱਥੇ ਇੱਕ ਕੁੱਲ ਵਕਤੀ ਸਟੈਨੋਗਰਾਫਰ ਹੱਥ ਲਿਖਤਾਂ ਨੂੰ ਸਕੈਨ ਕਰਕੇ ਸੀਡੀਆਂ ਉੱਤੇ ਸੰਭਾਲ ਰਿਹਾ ਹੈ। ਪਰੋਫੈੱਸਰ ਪ੍ਰੀਤਮ ਸਿੰਘ ਹੋਰਾਂ ਦੀ ਨਿੱਜੀ ਅਤੇ ਕੀਮਤੀ ਲਾਇਬਰੇਰੀ ਕਿਸੇ ਸੰਸਥਾ ਦੀ ਸੰਭਾਲ਼ ਲਈ ਕਿਸੇ ਕਦਰਦਾਨ ਦੀ ਉਡੀਕ ਕਰ ਰਹੀ ਹੈ।

ਡਾਕਟਰ ਗੁਰਚਰਨ ਸਿੰਘ ਪਟਿਆਲਾ ਨੇ ਗੁਰੂ ਗਰੰਥ ਸਾਹਿਬ ਦੇ ਦਸ ਹੱਥ ਲਿਖਤੀ ਸਰੂਪਾਂ ਨੂੰ ਤਿੰਨ ਸੀਡੀਆਂ ਵਿੱਚ ਸੰਭਾਲ਼ ਲਿਆ ਹੈ ਜਿਨ੍ਹਾਂ ਨੂੰ ਉਹ ਪਹਿਲੀ ਮਈ 2004 ਨੂੰ ਰੀਲੀਜ਼ ਕਰ ਰਹੇ ਹਨ।

ਸੰਸਾਰ ਪਰਸਿੱ ਅਰਥ ਸਾਸ਼ਤਰੀ ਸਰਦਾਰ ਸਰਦਾਰਾ ਸਿੰਘ ਜੀ ਦੇ ਲੜਕੇ ਜਨਮੇਜਾ ਸਿੰਘ ਜੌਹਲ ਨੇ ਵੀ ਪੰਜਾਬੀ ਕੰਪਿਊਟਰ ਦੀ ਪਰਗਤੀ ਸਬੰਧੀ ਕਾਫੀ ਕੰਮ ਕੀਤਾ ਹੈ।

ਅੱਜ ਕੱਲ੍ਹ ਲੱਗਪੱਗ ਹਰ ਅਜੋਕੇ ਅਗਾਂਹਵਧੂ ਸਕੂਲ ਵਿੱਚ ਕੰਪਿਊਟਰ ਦੀ ਪੜ੍ਹਾਈ ਜ਼ਰੂਰੀ ਕਰ ਦਿੱਤੀ ਗਈ ਹੈ। ਬਹੁਤ ਸਾਰੇ ਕਾਲਜ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ। ਅਮਰਵੀਰ ਸਿੰਘ ਸ਼ੇਰਗਿੱਲ ਯਾਦਗਾਰੀ ਕਾਲਜ ਮੁਕੰਦਪੁਰ ਦੇ ਪੇਂਡੂ ਕਾਲਜ ਵਿੱਚ ਇੱਕ ਦਰਸਣੀ ਕੰਪਿਊਟਰ ਬਲਾਕ ਉਸਾਰਿਆ ਗਿਆ ਹੈ। ਆਸ ਹੈ ਕਿ ਇਹ ਕਾਲਜ ਆਪਣੀ ਰਵਾਇਤ ਦੇ ਅਨੁਸਾਰ ਅਤੇ ਆਪਣੇ ਸੁਹਿਰਦ ਪਰਬੰਧਕਾਂ ਦੀ ਮਾਨਵੀ ਦੇਖ ਰੇਖ ਵਿੱਚ ਕੰਪਿਊਟਰ ਦੀ ਪੜ੍ਹਾਈ ਵਿੱਚ ਵੀ ਮਾਣ ਕਰਨਯੋਗ ਪਿਰਤਾਂ ਪਾਇਗਾ।

ਯਾਦ ਰਹੇ ਕਿ ਪੰਜਾਬੀ ਕੰਪਿਊਟਰ ਨੂੰ ਆਪਣੇ ਅਗਲੇ ਪੈਂਡੇ ਉਲੀਕਣ ਲਈ ਉਸ ਕੋਲ਼ ਇੱਕ ਬਹੁਤ ਵਧੀਆ ਰੋਲ ਮਾਡਲ ਹੈ ਅੰਗਰੇਜ਼ੀ ਦਾ ਕੰਪਿਊਟਰ।

ਪੰਜਾਬੀ ਸਾਹਿਤਕਾਰ ਵੀ ਕੰਪਿਊਟਰ ਦੀ ਵਰਤੋਂ ਕਰਨ ਵੱਲ ਹੁਣ ਕਾਫੀ ਰੁਚਿਤ ਹੋ ਰਹੇ ਹਨ। ਕਿਉਂਕਿ ਭਵਿੱਖ ਵਿੱਚ ਕੋਈ ਵੀ ਸਾਹਿਤਕਾਰ ਕੰਪਿਊਟਰ ਅਪਨਾਏ ਬਿਨਾਂ ਸਮੇਂ ਦਾ ਹਾਣੀ ਸਾਹਿਤਕਾਰ ਨਹੀਂ ਰਹਿ ਸਕਦਾ।

ਪੰਜਾਬੀ ਦੇ ਲੱਗ ਪੱਗ ਸਾਰੇ ਦੇ ਸਾਰੇ ਅਖ਼ਬਾਰ ਅਤੇ ਪਰਚੇ ਅੱਜ ਕੱਲ੍ਹ ਕੰਪਿਊਟਰ ਉੱਤੇ ਤਿਆਰ ਹੋ ਰਹੇ ਹਨ। ਅਜੇਹੇ ਵਾਤਾਵਰਨ ਨੇ ਕੰਪਿਊਟਰ ਜਾਨਣ ਵਾਲ਼ਿਆਂ ਲਈ ਬਹੁਤ ਸਾਰੀਆਂ ਜੌਬਾਂ ਖੋਹਲ ਦਿੱਤੀਆਂ ਹਨ। ਅਜੀਤ ਜਲੰਧਰ ਦੇ ਦਫਤਰ ਵਿੱਚ ਕੰਪਿਊਟਰਾਂ ਅਤੇ ਉਨ੍ਹਾਂ ਉੱਤੇ ਕੰਮ ਕਰਨ ਵਾਲਿਆਂ ਦੀ ਇੱਕ ਵੱਡੀ ਗਿਣਤੀ ਦੇਖ ਕੇ, ਪੰਜਾਬੀ ਕੰਪਿਊਟਰ ਦਾ ਭਵਿੱਖ ਕਾਫੀ ਉਜਲਾ ਦਿਖਾਈ ਦਿੱਤਾ। ਬਹੁਤ ਸਾਰੇ ਵਿਅਕਤੀ ਕੰਪਿਊਟਰ ਰਾਹੀਂ ਆਪਣੇ ਘਰ ਬੈਠ ਕੇ ਹੀ ਨਿੱਜੀ ਕਾਰ ਵਿਹਾਰ ਚਲਾ ਰਹੇ ਹਨ। ਟੋਰਾਂਟੋ ਵੈਨਕੂਵਰ ਦੇ ਹਰ ਪੰਜਾਬੀ ਅਖਬਾਰ ਨੇ ਪੰਜਾਬ ਵਿੱਚ ਆਪਣਾ ਨਿੱਜੀ ਦਫਤਰ ਖੋਹਲਿਆ ਹੋਇਆ ਹੈ।

ਕੰਪਿਊਟਰ ਦੇ ਕੰਮ ਕਰਨ ਦੀ ਗਤੀ ਹਰ ਦਿਨ ਹੋਰ ਤੇਜ਼ ਅਤੇ ਹੋਰ ਤੇਜ਼ ਹੋ ਰਹੀ ਹੈ। ਕਹਿੰਦੇ ਹਨ ਕਿ ਹਰ ਡੇਢ ਸਾਲ ਪਿੱਛੋਂ ਇਸ ਦੀ ਰਫਤਾਰ ਪਹਿਲਾਂ ਨਾਲ਼ੋਂ ਦੁੱਗਣੀ ਹੋ ਜਾਂਦੀ ਹੈ। ਇਸ ਦਾ ਸਾਈਜ ਘਟ ਰਿਹਾ ਹੈ। ਇਸ ਦੀ ਕੀਮਤ ਵਿੱਚ ਕਮੀ ਹੋ ਰਹੀ ਹੈ। ਜਾਪਦਾ ਇਹ ਹੈ ਕਿ ਛੇਤੀ ਹੀ ਕੰਪਿਊਟਰ ਹਰ ਆਮ ਖਾਸ ਦੀ ਪਹੁੰਚ ਵਿੱਚ ਆ ਜਾਇਗਾ। ਇਸ ਨਾਲ਼ ਹਰ ਘਰ ਵਿੱਚ ਕੰਪਿਊਟਰ ਹੋਵੇਗਾ ਅਤੇ ਹਰ ਗਲ਼ੀ ਮੋੜ ਉੱਤੇ ਕੰਪਿਊਟਰ ਨਾਲ਼ ਸਬੰਧਤ ਕੋਈ ਨਾ ਕੋਈ ਦੁਕਾਨ ਹੋਵੇਗੀ। ਇਸ ਨਾਲ਼ ਅਨੇਕ ਨੌਜੁਆਨ ਕੰਮ ਨਾਲ਼ ਜੁੜ ਸਕਣਗੇ ਅਤੇ ਦੇਸ ਬਦੇਸ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਣਗੇ।

ਪੰਜਾਬੀ ਕੰਪਿਊਟਰ ਸਬੰਧੀ ਹੋਏ ਪਿਛਲੇ ਕੰਮ ਵੱਲ ਜੇ ਝਾਤ ਮਾਰੀਏ ਤਾਂ ਸਪਸ਼ਟ ਦਿਖਾਈ ਦੇ ਜਾਂਦਾ ਹੈ ਕਿ ਇਸ ਵਿੱਚ ਬਹੁਤਾ ਯੋਗਦਾਨ ਨਿੱਜੀ ਹਿੰਮਤੀਆਂ ਦਾ ਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੀ ਸੇਧ ਜਾਂ ਸੋਚ ਨਾਂਹ ਦੇ ਬਰਾਬਰ ਹੈ। ਇਸੇ ਕਾਰਨ ਕਰਕੇ ਪੰਜਾਬ ਵਿੱਚ ਅੱਜ ਪੰਜਾਬੀ ਕੰਪਿਊਟਰ ਦੀ ਕੋਈ ਤਕੜੀ ਸੰਸਥਾ ਅਤੇ ਕਾਰੋਬਾਰ ਉੱਭਰ ਕੇ ਨਹੀਂ ਆਇਆ। ਪੰਜਾਬ ਵਿੱਚ ਕੰਪਿਊਟਰ ਦੀ ਸਿਖਲਾਈ ਪਰਾਪਤੀਆਂ ਨੂੰ ਜਾਂ ਤਾਂ ਬਾਹਰਲੇ ਮੁਲਕ ਕੰਮ ਦੇ ਰਹੇ ਹਨ ਜਾਂ ਫਿਰ ਲੋੜਵੰਦ ਦਿੱਲੀ, ਬੰਗਲੌਰ ਅਤੇ ਹੈਦਰਾਬਾਦ ਵੱਲ ਦੇਖ ਰਹੇ ਹਨ। ਸਾਡੇ ਰਾਜਨੀਤਕ, ਧਾਰਮਿਕ ਆਦਿ ਆਗੂਆਂ ਦਾ ਸਹੀ ਅਰਥਾਂ ਵਿੱਚ ਲੋਕਾਂ ਨੂੰ ਲੁੱਟਣ ਜਾਂ ਫਿਰ ਆਪਣੇ ਸਕੇ ਸੋਧਰਿਆਂ ਨੂੰ ਗੱਫੇ ਬਖਸ਼ਣ ਅਤੇ ਉਨ੍ਹਾਂ ਨੂੰ ਲੁੱਟਣ ਕੁੱਟਣ ਦੀ ਰਾਜਨੀਤੀ ਵਿੱਚ ਸਥਾਪਤ ਕਰਨ ਵੱਲ ਹੀ ਧਿਆਨ ਹੈ। ਉਨ੍ਹਾਂ ਨਾਂ ਤੇ ਪੰਜਾਬ ਨੂੰ ਦੂਸਰਾ ਕੈਲੇਫੋਰਨੀਆਂ ਬਣਾਇਆ ਹੈ ਤੇ ਨਾਂ ਹੀ ਮਹਾਰਾਜਾ ਰਣਜੀਤ ਸਿੰਘ ਵਰਗਾ ਸਾਫ ਸੁਥਰਾ, ਪਾਰਦਰਸੀ ਰਾਜ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਰੰਗੀਨ ਸੁਪਨਿਆਂ ਵਿੱਚ ਉਲਝਾ ਕੇ ਆਪਣੇ ਸਵਾਰਥੀ ਅਤੇ ਭਰਪੂਰ ਲੁੱਟ ਮਚਾਉਣ ਦੇ ਸੁਪਨੇ ਸਾਕਾਰ ਕੀਤੇ ਹਨ। ਉਨ੍ਹਾਂ ਕੋਲ਼ੋਂ ਪੰਜਾਬੀ ਕੰਪਿਊਟਰ ਸਬੰਧੀ ਉਸਾਰੂ ਨਿਰਨਿਆਂ ਦੀ ਆਸ ਕਰਨਾ ਇੱਲ੍ਹ ਦੇ ਆਲ੍ਹਣੇ ਵਿੱਚ ਮਾਸ ਦੀ ਆਸ ਰੱਖਣ ਦੇ ਤੁੱਲ ਹੈ।

ਨਿੱਜੀ ਸੈਕਟਰ ਵੀ ਇਸ ਤਾਕ ਵਿੱਚ ਹੈ ਕਿ ਪੰਜਾਬੀ ਕੰਪਿਊਟਰ ਉੱਤੇ ਕੰਮ ਕੋਈ ਹੋਰ ਕਰੇ ਅਤੇ ਉਸਦਾ ਲਾਭ ਉਹ ਉਠਾ ਲਵੇ। ਉਹ ਸਮਰੱਥਾ ਹੋਣ ਤੇ ਵੀ ਇਸ ਪਾਸੇ ਧਨ ਲਾਉਣ ਲਈ ਤਿਆਰ ਨਹੀਂ ਹਨ।

ਪੰਜਾਬੀ ਕੰਪਿਊਟਰ ਦਾ ਭਵਿੱਖ ਅੱਗੇ ਲਿਖੇ ਚਾਰ ਮੁੱਖ ਧਿਰਾਂ ਦੇ ਹੱਥ ਸੋਚਿਆ ਜਾ ਸਕਦਾ ਹੈ:

1. ਪੰਜਾਬ ਸਰਕਾਰ ਜਾਂ ਇਸ ਦੇ ਅੰਗ

2. ਸਿੱਖੀ ਨਾਲ਼ ਸਬੰਧਤ ਆਦਾਰੇ

3. ਪੰਜਾਬੀ ਨਾਲ਼ ਪਿਆਰ ਕਰਨ ਵਾਲ਼ੇ ਸਰਮਾਏਦਾਰ।

4. ਨਿੱਜੀ ਯਤਨ।

ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਪੰਜਾਬੀ ਕੰਪਿਊਟਰ ਨੂੰ ਭਵਿੱਖ ਦਾ ਹਾਣੀ ਬਨਾਉਣ ਦੇ ਪੰਜਾਬ ਸਰਕਾਰ ਪੂਰਨ ਤੌਰ ਉੱਤੇ ਸਮਰੱਥ ਹੈ। ਉਸ ਕੋਲ਼ ਲੋੜੀਂਦੇ ਸਾਧਨ ਵੀ ਹਨ ਅਤੇ ਸ਼ਕਤੀ ਵੀ। ਪੰਜਾਬ ਸਰਕਾਰ ਇਹ ਕੰਮ ਕਰ ਸਕਦੀ ਹੈ:

ਸਭ ਤੋਂ ਪਹਿਲੋਂ ਪੰਜਾਬੀ ਕੰਪਿਊਟਰ ਦੇ ਹਿਤ ਵਿੱਚ ਜਾਣ ਵਾਲ਼ੇ ਨਿਰਨੇ ਲੈ ਸਕਦੀ ਹੈ ਅਤੇ ਉਨ੍ਹਾਂ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰ ਸਕਦੀ ਹੈ। ਕਿਉਂਕਿ ਅਤੀਤ ਵਿੱਚ ਪੰਜਾਬ ਸਰਕਾਰ ਨੇ ਇਸ ਸਬੰਧੀ ਕੁੱਝ ਵੀ ਨਹੀਂ ਕੀਤਾ ਸੋ ਅੱਜ ਦੀਆਂ ਹਾਲਤਾਂ ਵਿੱਚ ਉਸ ਵੱਲੋਂ ਅੱਗੇ ਨੂੰ ਕੀਤੇ ਜਾਣ ਦੀ ਵੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਕੱਲ੍ਹ ਨੂੰ ਪੰਜਾਬ ਦੀਆਂ ਰਾਜਨੀਤਕ, ਆਰਥਕ, ਸਮਾਜਕ ਆਦਿ ਹਾਲਤਾਂ ਅੱਜ ਨਾਲ਼ੋਂ ਹੋਰ ਵੀ ਬਿਗੜਨ ਦੀ ਸੰਭਾਵਨਾਂ ਬਣੀ ਹੋਈ ਹੈ। ਇਸ ਦੇ ਨਾਲ਼ ਨਾਲ਼ ਜੋ ਲੋਕ ਸਰਕਾਰ ਦਹਾਕਿਆਂ ਤੋਂ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਲਈ, ਬਾਬਜੂਦ ਧਰਨਿਆਂ ਮਰਨਿਆਂ ਦੇ, ਕੁੱਝ ਨਹੀਂ ਕਰ ਸਕੀ ਉਸ ਵੱਲੋਂ ਪੰਜਾਬੀ ਕੰਪਿਊਟਰ ਦੇ ਭਵਿੱਖ ਲਈ ਕੁੱਝ ਕਰਨ ਦੀ ਕਿਵੇਂ ਆਸ ਰੱਖੀ ਜਾ ਸਕਦੀ ਹੈ। ਅਜੇਹਿਆਂ ਮੁੱਦਿਆਂ ਵਿੱਚ ਪੰਜਾਬ ਸਰਕਾਰ ਨੂੰ ਉਸਦੇ ਹੇਠਲੇ ਅਧਿਕਾਰੀ ਵੀ ਦਬਕਾ ਮਾਰ ਦਿੰਦੇ ਹਨ ਅਤੇ ਉੱਪਰਲਾ ਦਿੱਲੀ ਦਰਬਾਰ ਵੀ। ਸਵਾਰਥੀ ਪੰਜਾਬ ਸਰਕਾਰ ਇਨ੍ਹਾਂ ਦੋਹਾਂ ਦੇ ਦਬਕਿਆਂ ਤੋਂ ਦਬਕਦੀ ਹੈ। ਸਰਕਾਰ ਵਿੱਚ ਕੋਈ ਇੱਕਾ ਦੁੱਕਾ ਉੱਚ ਅਧਿਕਾਰੀ, ਜੋ ਆਪਣੇ ਲੋਕਾਂ ਦੇ ਹਿਤਾਂ ਨੂੰ ਪਰਨਾਇਆ ਹੋਇਆ ਹੋਵੇ, ਜ਼ਰੂਰ ਆਪਣੇ ਪੱਧਰ ਉੱਤੇ ਪੰਜਾਬੀ ਕੰਪਿਊਟਰ ਦੇ ਭਵਿੱਖ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਸਾਡੇ ਕੋਲ਼ ਜਿਸਦੀ ਇੱਕ ਵਧੀਆ ਉਦਾਹਰਣ, ਪੰਜਾਬੀ ਯੂਨੀਵਰਸਿਟੀ ਦਾ ਇਸ ਪਾਸੇ ਵੱਲ ਪਾਇਆ ਗਿਆ ਮਹਾਨ ਯੋਗਦਾਨ ਹੈ।

ਨੇਕ ਕੰਮਾਂ ਲਈ ਵਸੀਲਿਆ ਦੀ ਕਦੀ ਵੀ ਘਾਟ ਨਹੀਂ ਹੋਇਆ ਕਰਦੀ। ਜੇ ਹੋਇਆ ਕਰਦੀ ਹੈ ਤਾਂ ਕੇਵਲ ਅਟੱਲ ਇੱਛਾ ਸ਼ਕਤੀ ਦੀ ਘਾਟ ਹੋਇਆ ਕਰਦੀ ਹੈ। ਯੂਨੀਵਰਸਿਟੀਆਂ ਵਿੱਚ ਉਚੇਰੀ ਵਿੱਦਿਆ ਪਰਾਪਤ ਕਰਨ ਵਾਲ਼ਿਆਂ ਦਾ ਇੱਕ ਨਿਰੰਤਰ ਪਰਵਾਹ ਚੱਲਿਆ ਰਹਿੰਦਾ ਹੈ। ਉਨ੍ਹਾਂ ਦੇ ਥੀਸਸ ਲਈ ਪੰਜਾਬੀ ਕੰਪਿਊਟਰ ਸਬੰਧੀ ਉਸਾਰੂ ਵਿਸ਼ੇ ਦੇ ਕੇ ਪੰਜਾਬੀ ਕੰਪਿਊਟਰ ਦੇ ਭਵਿੱਖ ਨੂੰ ਰੌਸ਼ਨ ਬਣਾਇਆ ਜਾ ਸਕਦਾ ਹੈ।

ਕਿਸੇ ਵੀ ਮਿਸ਼ਨ ਦਾ, ਉਸ ਦੇ ਅੰਦਰ ਭੇੜੀਏ ਦਾ ਭੇਸ਼ ਬਣਾਈ ਬੈਠੇ ਸ਼ੁਭਚਿੰਤਕ, ਉਸ ਦਾ ਸਭ ਤੋਂ ਵੱਧ ਨੁਕਸਾਨ ਕਰਿਆ ਕਰਦੇ ਹਨ। ਸੋ ਨਿਗਰਾਨਾਂ ਨੂੰ ਅਜੇਹੇ ਸਵਾਰਥੀ ਤੱਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਪੰਜਾਬੀ ਕੰਪਿਊਟਰ ਨਾਲ਼ ਸਬੰਧਤ ਕਾਰਜਾਂ ਨੂੰ ਲਾਹੇਵੰਦ ਬਨਾਉਣਾ ਚਾਹੀਦਾ ਹੈ। ਤਾਂ ਕਿ ਉਹ ਲੋਕਾਂ ਦੀ ਰੋਜੀ ਰੋਟੀ ਦਾ ਸਾਧਨ ਵੀ ਬਣ ਸਕਣ ਅਤੇ ਕਲਿਆਣਕਾਰੀ ਵੀ ਹੋਣ। ਇਹ ਨਾਂ ਹੋਵੇ ਕੇ ਕੰਪਿਊਟਰ ਸਿੱਖਿਅਤਾਂ ਦੀਆਂ ਹੇੜ੍ਹਾਂ ਦੀਆਂ ਹੇੜ੍ਹਾਂ ਹੱਥਾਂ ਵਿੱਚ ਡਿਗਰੀਆਂ ਫੜੀ ਫਿਰਦੀਆਂ ਹੋਣ ਪਰ ਉਨ੍ਹਾਂ ਦੇ ਮੱਥੇ ਵਿੱਚ ਕੁੱਝ ਵੀ ਨਾ ਹੋਵੇ। ਇਸ ਨਾਲ਼ ਪੰਜਾਬੀ ਕੰਪਿਊਟਰ ਦੀ ਬਦਨਾਮੀ ਹੀ ਹੋਵੇਗੀ। ਜਿਵੇਂ ਕਿ ਅੱਜ ਕੱਲ੍ਹ ਐੱਮ ਏ, ਪੀ ਐੱਚ ਡੀ, ਦੀਆਂ ਡਿਗਰੀਆਂ ਦੀ ਹੋ ਰਹੀ ਹੈ।

2. ਧਾਰਮਕ ਅਦਾਰਿਆਂ ਦੀ ਲੀਲਾ ਵੀ ਤਿੰਨ ਲੋਕ ਤੋਂ ਨਿਆਰੀ ਹੈ। ਮੇਰੇ ਸਾਹਮਣੇ ਅੱਜ ਤੀਕਰ ਕੋਈ ਇੱਕ ਅੱਧ ਵੀ ਅਜੇਹੀ ਉਦਾਹਰਣ ਨਹੀਂ ਜਿਸ ਵਿੱਚ ਕਿਸੇ ਧਾਰਮਕ ਅਦਾਰੇ, ਜਿਸ ਕੋਲ਼ ਆਮ ਲੋਕਾਂ ਦੇ ਦਾਨ ਦਾ ਅਥਾਹ ਵਰਤਾਰਾ ਹੈ, ਨੇ ਪੰਜਾਬੀ ਕੰਪਿਊਟਰ ਨੂੰ ਅੱਗੇ ਤੋਰਨ ਵਿੱਚ ਕੋਈ ਯੋਗਦਾਨ ਪਾਇਆ ਹੋਵੇ। ਪੰਜਾਬ ਦੀ ਸ਼੍ਰੋਮਣੀ ਧਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ, ਜਿਸ ਦਾ ਬੱਜਟ ਪੰਜਾਬ ਦੇ ਮਿਨੀ ਬੱਜਟ ਜਿਤਨਾ ਹੁੰਦਾ ਹੈ ਅਤੇ ਕਰੋੜਾਂ ਵਿੱਚ ਹੁੰਦਾ ਹੈ, ਕੋਈ ਪੰਜਾਬੀ ਕੰਪਿਊਟਰ ਦੀ ਭਲਾਈ ਲਈ ਯਤਨ ਕੀਤਾ ਹੋਵੇ, ਦਿਖਾਈ ਨਹੀਂ ਦਿੰਦਾ।

ਆਪਣੇ ਨਿੱਜੀ ਹਿਤਾਂ ਲਈ ਕੰਪਿਊਟਰ ਰਾਹੀਂ ਕੀਤੇ ਪਰਾਪੇਗੰਡੇ ਨੂੰ ਅਸੀਂ ਯੋਗਦਾਨ ਨਹੀਂ ਕਹਿ ਸਕਦੇ। ਫਿਰ ਪੰਜਾਬ ਦੇ ਹਰ ਨਗਰ ਵਿੱਚ ਕੋਈ ਨਾ ਕੋਈ ਸੰਤ ਮਹਾਤਮਾਂ ਸਿੱਖੀ ਦੇ ਪਰਚਾਰ ਲਈ ਅਤੇ ਲੋਕਾਂ ਦੇ ਅਧਾਰ ਲਈ ਯਤਨਸ਼ੀਲ ਹੈ। ਉਨ੍ਹਾਂ ਵੱਲੋਂ ਉਸਾਰੀਆਂ ਗਈਆਂ ਇਮਾਰਤਾਂ ਅਤੇ ਉਨ੍ਹਾਂ ਵਿੱਚ ਲੱਗੇ ਸੰਗਮਰਮਰ ਦੀ ਚਮਕ ਦਮਕ ਤੇ ਉਨ੍ਹਾਂ ਕੋਲ਼ ਟੌਪ ਕਲਾਸ ਦੀਆਂ ਘੂਕਦੀਆਂ ਕਾਰਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਉਨ੍ਹਾਂ ਦਿਆਂ ਸੇਵਕਾਂ ਦੀ ਉਨ੍ਹਾਂ ਉੱਤੇ ਫੁੱਲ ਕਿਰਪਾ ਹੈ। ਉਨ੍ਹਾਂ ਸਾਧਾਂ, ਸੰਤਾਂ, ਫਕੀਰਾਂ ਨੇ ਵੀ ਸਿਵਾਏ ਆਪਣੇ ਮੁੱਖ ਸੇਵਾਦਾਰਾਂ ਨੂੰ ਮਾਇਆ ਦੇ ਗੱਫੇ ਬਖਸ਼ਣ ਦੇ ਪੰਜਾਬੀ ਕੰਪਿਊਟਰ ਦੀ ਉੱਨਤੀ ਲਈ ਕਦੀ ਇੱਕ ਦਮੜੀ ਵੀ ਨਹੀਂ ਖਰਚੀ।

ਇਸਦਾ ਇਹ ਭਾਵ ਨਹੀਂ ਕਿ ਧਰਮ ਦੇ ਪਰਭਾਵ ਥੱਲੇ ਪੰਜਾਬੀ ਕੰਪਿਊਟਰ ਨੇ ਕੋਈ ਪੈਰ ਅੱਗੇ ਨਹੀਂ ਪੁੱਟਿਆ। ਇਸ ਨੇ ਬੜੇ ਪੈਰ ਅੱਗੇ ਪੁੱਟੇ ਹਨ ਪਰ ਉਹ ਸਾਰੇ ਦੇ ਸਾਰੇ ਨਿੱਜੀ ਯਤਨਾਂ ਨਾਲ਼ ਸਬੰਧਤ ਹਨ। ਜਿਵੇਂ ਕਿ:

ਕੈਲੇਫੋਰਨੀਆਂ ਦੇ ਡਾਕਟਰ ਕੁਲਬੀਰ ਸਿੰਘ ਥਿੰਦ ਨੇ ਗੁਰੂ ਗਰੰਥ ਸਾਹਿਬ ਨੂੰ ਕੰਪਿਊਟਰ ਵਿੱਚ ਪਾਉਣ, ਉਨ੍ਹਾਂ ਦੇ ਅਰਥ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਦੇਣ। ਗੁਰਬਾਣੀ ਨੂੰ ਸਹੀ ਰੂਪ ਵਿੱਚ ਪੇਸ਼ ਕਰਨ ਲਈ ਮਹਾਨ ਯਤਨ ਕੀਤਾ ਗਿਆ ਹੈ। ਉਨ੍ਹਾਂ ਨੇ ਸਹਿਯੋਗੀਆਂ ਦੇ ਸਾਥ ਸਦਕਾ ਲੱਖਾਂ ਹੀ ਗੁਰਬਾਣੀ ਦੀਆਂ ਸੀਡੀਆਂ ਮੁਫਤ ਵੰਡੀਆਂ ਹਨ।

ਰਾੜੇ ਵਾਲੀ ਸੰਸਥਾ ਦੇ ਪਰਚਾਰਕ ਭਾਈ ਬਲਜਿੰਦਰ ਸਿੰਘ ਜੀ ਨੇ ਨਿੱਜੀ ਰੁਚੀ ਲੈ ਕੇ ਗੁਰਬਾਣੀ, ਭਾਈ ਗੁਰਦਾਸ ਦੀਆਂ ਬਾਰਾਂ ਅਤੇ ਕਬਿੱਤ ਦਾ ਤੇ ਹੋਰ ਪੁਰਾਤਨ ਦਸਤਾਵੇਜ਼ਾਂ ਸਮੇਤ ਮਹਾਨ ਕੋਸ਼ ਦਾ ਮਹਾਨ ਸਰਚ ਇੰਜਨ ਤਿਆਰ ਕੀਤਾ ਹੈ। ਤੇ ਉਸਦੀਆਂ ਸੀਡੀਆਂ ਵੀ ਮੁਫਤ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਭਵਿੱਖ ਵਿੱਚ ਸਿੱਖ ਧਰਮ ਅਤੇ ਇਤਹਾਸ ਨਾਲ਼ ਸਬੰਧਤ ਹੋਰ ਵੀ ਦੁਰਲੱਭ ਗਰੰਥਾਂ ਨੂੰ ਕੰਪਿਊਟਰ ਉੱਤੇ ਲੈ ਆਉਣ ਦਾ ਇਰਾਦਾ ਹੈ।

ਪਟਿਆਲੇ ਦੇ ਢਿੱਲੋਂ ਮਾਰਗ ਉੱਤੇ ਸਥਿਤ ਸਾਹਿਬ ਸਿੰਘ ਟਰਸਟ ਵੱਲੋਂ, ਡਾਕਟਰ ਗੁਰਚਰਨ ਸਿੰਘ ਰਾਹੀਂ ਸਿੱਖ ਧਰਮ ਦੇ ਗੁਆਚ ਰਹੇ ਕੀਮਤੀ ਖ਼ਜ਼ਾਨੇ ਨੂੰ, ਦਿਨ ਰਾਤ ਇੱਕ ਕਰਕੇ, ਨਿਰੰਤਰ ਕੰਪਿਊਟਰ ਉੱਤੇ ਸੰਭਾਲਣ ਦਾ ਕਾਰਜ ਕੀਤਾ ਜਾ ਰਿਹਾ ਹੈ। ਇਹ ‘ਸਾਹਿਬ ਸਿੰਘ ਟਰਸਟ’ ਵੀ ਕੁੱਝ ਕੁ ਮਹਾਂਰਥੀਆਂ ਦਾ ਸਿੱਖ ਧਰਮ ਲਈ ਆਪਣੇ ਵੱਲੋਂ ਕੁੱਝ ਸਾਰਥਕ ਕਰ ਜਾਣ ਦਾ ਇੱਕ ਨਿੱਜੀ ਯਤਨ ਹੈ। ਇਸ ਲਈ ਮਾਇਆ ਸਿੱਖ ਧਰਮ ਦੇ ਪਰੇਮੀਆਂ ਦੀ ਕਮਾਈ ਵਿੱਚੋਂ ਹੀ ਆ ਰਹੀ ਹੈ।

ਸਰੀ (ਵੈਨਕੂਵਰ, ਕੈਨੇਡਾ) ਦੇ ਰਘਬੀਰ ਸਿੰਘ ਬੈਂਸ ਨੂੰ ਕੌਣ ਨਹੀਂ ਜਾਣਦਾ ਜਿਸ ਨੇ ਨਿੱਜੀ ਤੌਰ ਤੇ ਆਪਣੇ ਇਸ਼ਟ ਅਤੇ ਮਿਸ਼ਨ ਲਈ ਆਪਣੇ ਸਾਰੇ ਸਰੋਤ ਨਿਛਾਵਰ ਕਰ ਦਿੱਤੇ। ਭਾਵੇਂ ਕਿ ਕਦੇ ਕਦੇ ਸਾਦਾ ਦਾਲ਼ ਫੁਲਕੇ ਲਈ ਵੀ ਉਸ ਦੇ ਪਰਵਾਰ ਨੂੰ ਆਤਰ ਹੋਣਾ ਪਿਆ ਪਰ ਉਨ੍ਹਾਂ ਨੇ ਆਪਣਾ ਨਵੇਕਲਾ ਤੇ ਕੰਡਿਆਲਾ ਰਾਹ ਨਹੀਂ ਤਿਆਗਿਆ ਤੇ ਉਨ੍ਹਾਂ ਨੇ ਸਿੱਖ ਇਨਸਾਈਕਲੋਪੀਡੀਆ ਕੰਪਿਊਟਰ ਉੱਤੇ ਤਿਆਰ ਕੀਤਾ। (ਨੋਟ: ਉਨ੍ਹਾਂ ਦੇ ਸ਼ੁਭਚਿੰਤਕਾਂ ਵੱਲੋਂ ਉਨ੍ਹਾਂ ਦੇ ਆਰਥਕ ਖਸਾਰੇ ਪੂਰਨ ਦੀ ਸਖ਼ਤ ਲੋੜ ਹੈ ਤਾਂ ਕਿ ਇਸ ਮਹਾਨ ਯੱਗ ਵਿੱਚ ਉਠਾਏ ਗਏ ਬਕਾਇਆ ਕਰਜਿਆਂ ਦਾ ਵੀ ਭੁਗਤਾਨ ਕਰਕੇ ਉਹ ਸੁਰਖੁਰੂ ਹੋ ਸਕਣ।)

ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਵਿਅਕਤੀ ਹਨ ਜਿਨ੍ਹਾਂ ਨੇ ਧਰਮ ਕਰਮ ਲਈ ਆਪਣੇ ਧਨ ਅਤੇ ਯੋਗਤਾ ਦਾ ਯੋਗਦਾਨ ਨਿਸਵਾਰਥ ਹੋ ਕੇ ਪਾਇਆ ਹੈ। ਜਿਨ੍ਹਾਂ ਸਬੰਧੀ ਜਾਣਕਾਰੀ ਸਾਨੂੰ ਅਜੇ ਨਹੀਂ ਹੈ। ਪਰ ਇਹ ਸਭ ਕੁੱਝ ਨਿੱਜੀ ਤੌਰ ਉੱਤੇ ਜਾਂ ਕੁੱਝ ਵਿਚਾਰਵਾਨਾਂ ਦੇ ਇਕੱਠੇ ਹੋ ਕੇ ਆਪਣੇ ਵੱਲੋਂ ਪਾਏ ਯੋਗਦਾਨ ਸਦਕਾ ਹੀ ਹੋਇਆ ਹੈ। ਪਰ ਕਿਸੇ ਪੂਰੀ ਦੀ ਪੂਰੀ ਸੰਸਥਾ ਨੇ ਪੰਜਾਬੀ ਕੰਪਿਊਟਰ ਦੀ ਕਮਾਈ ਵਿੱਚ ਕੋਈ ਗੌਲਣਯੋਗ ਕਾਰਜ ਕੀਤਾ ਹੋਵੇ, ਇਹ ਕਿਧਰੇ ਦਿਖਾਈ ਨਹੀਂ ਦਿੰਦਾ।

ਕੁੱਝ ਕੁ ਦਿਨ ਹੋਏ ਇੱਕ ਚੰਡੀਗੜ੍ਹ ਦੇ ਪਰਕਾਸ਼ਕ ਨੇ ਇਹ ਮੁੱਦਾ ਉਠਾਇਆ ਕਿ ਪੰਜਾਬੀ ਕੰਪਿਊਟਰ ਬਹੁਤ ਪਛੜਿਆ ਹੋਇਆ ਹੈ। ਇਸ ਵਿੱਚ ਪਰੋਗਰਾਮ ਕਰਨ ਵਾਲ਼ੀ ਕੋਈ ਵੀ ਭਾਸ਼ਾ ਨਹੀਂ ਮਿਲਦੀ। ਉਸਨੇ ਇਹ ਵੀ ਨਹਿਲੇ ਉੱਤੇ ਦਹਿਲਾ ਦੇ ਮਾਰਿਆ ਕਿ ਕੰਪਿਊਟਰ ਦੀ ਪਰੋਗਰਾਮ ਕਰਨ ਵਾਲ਼ੀ ਸਭ ਤੋਂ ਯੋਗ ਭਾਸ਼ਾ ਸੰਸਕਰਿੱਤ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਪੰਜਾਬੀ ਵਿੱਚ ਪਰੋਗਰਾਮਿੰਗ ਕਰਨ ਲਈ ਕੋਈ ਕੰਪਿਊਟਰੀ ਭਾਸ਼ਾ ਹੋਣੀ ਵੀ ਚਾਹੀਦੀ ਹੈ ਜਾਂ ਕਿ ਨਹੀਂ? ਮੇਰੀ ਸੋਚ ਅਨੁਸਾਰ ਇਸ ਦੀ ਕੇਵਲ ਲੋੜ ਉਸ ਸਥਿਤੀ ਵਿੱਚ ਹੀ ਪੈ ਸਕਦੀ ਹੈ ਜਦੋਂ ਸਾਡੇ ਪਰੋਗਰਾਮ ਕਰਨ ਵਾਲ਼ੇ ਬੱਚੇ ਅੰਗਰੇਜ਼ੀ ਨੂੰ ਬਿਲਕੁੱਲ ਹੀ ਸਮਝਣੋਂ ਹਟ ਜਾਣਗੇ। ਹੁਣ ਤਾਂ ਗਲ਼ੀ ਗਲ਼ੀ ਅਤੇ ਨੁੱਕਰ ਨੁੱਕਰ ਉੱਤੇ ਅੰਗਰੇਜ਼ੀ ਸਕੂਲਾਂ ਦੀ ਭਰਮਾਰ ਹੈ। ਜਿਨ੍ਹਾਂ ਵਿੱਚ ਸਕੂਲ ਦੀਆਂ ਲੁਭਾਉਣੀਆਂ ਡਰੈੱਸਾਂ ਪਾਈ ਬੱਚੇ ਅੰਗਰੇਜ਼ੀ ਸਿੱਖ ਰਹੇ ਹਨ।

ਅਗਲੀ ਗੱਲ ਤਾਂ ਇਹ ਹੈ ਕਿ ਕੰਪਿਊਟਰ ਕੇਵਲ ਸਿਫਰ ਅਤੇ ਇੱਕ, ਜਾਂ ਹਾਂ ਜਾ ਨਾਂਹ ਦੀ ਭਾਸ਼ਾ ਹੀ ਸਮਝਦਾ ਹੈ। ਲਿੰਕ ਭਾਸ਼ਾ ਭਾਵੇਂ ਅੰਗਰੇਜੀ ਵਿੱਚ ਹੋਵੇ ਜਾਂ ਫਿਰ ਹਿੰਦੀ, ਸੰਸਕਰਿੱਤ, ਪੰਜਾਬੀ ਆਦਿ ਵਿੱਚ ਹੋਵੇ ਉਸ ਲਈ ਕੋਈ ਫਰਕ ਨਹੀਂ ਪੈਂਦਾ। ਸਾਡੇ ਪਰੋਗਰਾਮਰ ਜੋ ਅੰਗਰੇਜ਼ੀ ਵਿੱਚ ਪਰੋਗਰਾਮ ਕਰਨ ਵਾਲ਼ੀਆਂ ਭਾਸ਼ਾਵਾਂ ਵਰਤ ਰਹੇ ਹਨ ਉਨ੍ਹਾਂ ਲਈ ਪੰਜਾਬੀ ਵਿੱਚ ਕੋਡ ਲਿਖ ਲੈਣਾ ਕੋਈ ਔਖਾ ਕੰਮ ਨਹੀਂ। ਪਰ ਉਸ ਲਈ ਧਨ ਕੌਣ ਜੁਟਾਇਗਾ? ਜਿਸ ਲਈ ਨਾਂ ਉਹ ਪਰਕਾਸ਼ਕ ਤਿਆਰ ਹੈ ਅਤੇ ਨਾਂ ਹੀ ਕੋਈ ਸਰਮਾਇਦਾਰ। ਪੰਜਾਬ ਸਰਕਾਰ ਦੀ ਤਾਂ ਗੱਲ ਹੀ ਛੱਡੋ।

ਮੇਰੇ ਪੰਜਾਬੀ ਕੰਪਿਊਟਰ ਸਬੰਧੀ ਦਿੱਤੇ ਇੱਕ ਲੈਕਚਰ ਸਮੇਂ, ਮੈਨੂੰ ਕੁਰੂਕੇਸ਼ੇਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੋ ਸਵਾਲ ਉਠਾਏ ਸਨ ਕਿ ਕੀ ਪੰਜਾਬੀ ਵਿੱਚ ਪਰੋਗਰਾਮਿੰਗ ਹੋ ਸਕਦੀ ਹੈ? ਅਤੇ ਕੀ ਕੰਪਿਊਟਰ ਦੇ ਸੁਝਾ ਪੰਜਾਬੀ ਵਿੱਚ ਸਕਰੀਨ ਤੇ ਆ ਸਕਦੇ ਹਨ? ਹਾਂ ਇਹ ਸਭ ਕੁੱਝ ਹੋ ਸਕਦਾ ਹੈ। ਉਤਨਾ ਹੀ ਯੋਗਤਾ ਨਾਲ਼ ਹੋ ਸਕਦਾ ਹੈ ਜਿਤਨਾ ਅੰਗਰੇਜ਼ੀ ਵਿੱਚ। ਪਰ ਇਸ ਲਈ ਧਨ ਚਾਹੀਦਾ ਹੈ। ਕੀ ਕੋਈ ਸਰਕਾਰ, ਸ਼੍ਰੋਮਣੀ ਪਰਬੰਧਕ ਕਮੇਟੀ, ਸੰਤ ਮਹਾਤਮਾ ਦੀ ਸੰਸਥਾ, ਕੋਈ ਸਰਮਾਇਦਾਰ ਇਹ ਧਨ ਜੁਟਾਣ ਲਈ ਤਿਆਰ ਹੈ। ਜੋ ਘੱਟੋ ਘੱਟ ਲੱਖਾਂ ਵਿੱਚ ਹੋਵੇਗਾ। ਉੱਤਰ ਜ਼ਰੂਰ ਹੀ ਨਹੀਂ ਵਿੱਚ ਮਿਲੇਗਾ। ਸਰਮਾਇਦਾਰ ਤਾਂ ਧਨ ਲਾਕੇ ਧਨ ਕਮਾਉਣ ਦੇ ਵਿਸ਼ਵੀ ਸੂਤਰ ਉੱਤੇ ਹੀ ਚੱਲਦੇ ਹਨ।

ਸੋ ਲਾ ਪਾ ਕੇ ਜੇ ਕੋਈ ਪੰਜਾਬੀ ਕੰਪਿਊਟਰ ਦੀ ਉੱਨਤੀ ਦੀ ਆਸ ਹੈ ਤਾਂ ਉਹ ਨਿੱਜੀ ਯਤਨਾਂ ਉੱਤੇ ਹੀ ਹੈ। ਉਨ੍ਹਾਂ ਵਿਅਕਤੀਆਂ ਦੇ ਨਿੱਜੀ ਯਤਨਾਂ ਉੱਤੇ ਜਿਨ੍ਹਾਂ ਕੋਲ਼ ਆਪਣੀ ਰੋਜੀ ਰੋਟੀ ਦਾ ਸਵੈ ਨਿਰਭਰ ਪਰਬੰਧ ਹੈ। ਜੋ ਆਪਣੀ ਪਛਾਣ ਬਨਾਉਣ ਇਸ ਨੂੰ ਫੈਲਾਉਣ ਦੇ ਯਤਨਾਂ ਵਿੱਚ ਹਨ। ਜਿਨ੍ਹਾਂ ਦੇ ਦਿਲਾਂ ਵਿੱਚ ਪੰਜਾਬੀ, ਗੁਰਬਾਣੀ ਅਤੇ ਲੋਕ ਭਲਾਈ ਲਈ ਚਿਣਗ ਹੈ।

ਇੱਕ ਸਹਿਜ ਤਰੱਕੀ ਵੀ ਹੋਇਆ ਕਰਦੀ ਹੈ। ਜਿਸ ਲਈ ਕਿਸੇ ਵੀ ਯਤਨਾਂ ਦੀ ਲੋੜ ਨਹੀਂ ਹੁੰਦੀ। ਅਤੇ ਉਸਦੀ ਲੋੜ ਹੀ ਉਸਦੀ ਤਰੱਕੀ ਦਾ ਕਾਰਨ ਬਣ ਜਾਂਦੀ ਹੈ। ਇਹ ਤਾਂ ਹਰ ਫੁੱਲ ਬੂਟੇ ਦੇ ਉੱਗਣ ਵਾਂਗ ਹੋ ਹੀ ਜਾਣਾ ਹੁੰਦਾ ਹੈ। ਇਹ ਕੁਦਰਤੀ ਸੂਤਰ ਹੈ ਪਰ ਅਜੋਕਾ ਮਾਨਵੀ ਸੂਤਰ ਨਹੀਂ। ਜੋ ਕਹਿੰਦਾ ਹੈ ‘ਹਿੰਮਤ ਕਰ ਪੰਜਾਬੀਆ, ਤੇ ਰੱਖਲੈ ਸ਼ਾਨ ਪੰਜਾਬ ਦੀ। ਤੇਰੀ ਮਿਹਨਤ ਦੂਣੀ ਹੋਵੇ ਲਾਲੀ ਏਸ ਗੁਲਾਬ ਦੀ’। ਸੋ ਸਾਨੂੰ ਹੱਥਾਂ ਉੱਤੇ ਹੱਥ ਧਰਕੇ ਨਹੀਂ ਬੈਠਣਾ ਚਾਹੀਦਾ। ਇਹ ਤਾਂ ਅਵੇਸਲੀਆਂ ਕੌਮਾਂ ਦਾ ਕੰਮ ਹੁੰਦਾ ਹੈ। ਪੰਜਾਬੀ ਤਾਂ ਸਦਾ ਬਿਖਿਮ ਮਾਰਗਾਂ ਦੇ ਬੀੜੇ ਉਠਾਂਉਂਦੇ ਆਏ ਅਤੇ ਉਨ੍ਹਾਂ ਨੂੰ ਤੋੜ ਨਿਭਾਉਂਦੇ ਆਏ।

ਸੋ ਸਾਨੂੰ ਸਹਿਜ ਜਾਂ ਮਹਿਜ ਤਰੱਕੀ ਸਵੀਕਾਰ ਨਹੀਂ। ਸਗੋਂ ਆਪਣੀ ਹਿੰਮਤ ਨਾਲ਼ ਪਰਾਪਤ ਕੀਤੀ ਅਹਿਮ ਤਰੱਕੀ ਸਵੀਕਾਰ ਹੈ। ਇਸ ਨਾਲ਼ ਸਾਨੂੰ ਚੰਗਾ ਨਾਂ ਵੀ ਪਰਾਪਤ ਹੋਵੇਗਾ ਅਤੇ ਉੱਚਾ ਥਾਂ ਵੀ ਪਰਾਪਤ ਹੋਵੇਗਾ।

ਆਮੀਨ!

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 24 ਅਪਰੈਲ 2004)
(ਦੂਜੀ ਵਾਰ 3 ਨਵੰਬਰ 2021)

***
480
***

ਕਿਰਪਾਲ ਸਿੰਘ ਪੰਨੂੰ

View all posts by ਕਿਰਪਾਲ ਸਿੰਘ ਪੰਨੂੰ →