25 April 2024

ਬੌਧਿਕ ਗਿਆਨ ਨੂੰ ਹੀ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ—ਗਿਆਨੀ ਅਵਤਾਰ ਸਿੰਘ

ਰੂਹਾਨੀਅਤ ਗਿਆਨ ਅਤੇ ਬੌਧਿਕ ਗਿਆਨ ’ਚ ਅੰਤਰ ਹੁੰਦਾ ਹੈ। ਬੌਧਿਕ ਗਿਆਨ ਦਾ ਸੰਬੰਧ ਬੁੱਧੀ ਨਾਲ਼ ਹੈ ਅਤੇ ਤਰਕ ਆਧਾਰਿਤ ਹੈ ਕਿਉਂਕਿ ਇਸ ਦਾ ਸ੍ਰੋਤ; ਪੰਜ ਗਿਆਨ ਇੰਦ੍ਰੇ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਹੁੰਦੇ ਹਨ ਜਦਕਿ ਰੂਹਾਨੀਅਤ ਗਿਆਨ; ਇੱਕ ਅਨੁਭਵ ਹੈ, ਜੋ ਵਿਸ਼ਵਾਸ ਆਧਾਰਿਤ ਹੈ।  ਰੂਹਾਨੀਅਤ ਗਿਆਨ ਨੂੰ ਸਮਝਾਉਣ ਲਈ ਬੌਧਿਕ ਗਿਆਨ ਦੀ ਮਿਸਾਲ ਦਿੱਤੀ ਜਾ ਸਕਦੀ ਹੈ, ਪਰ ਬੌਧਿਕ ਗਿਆਨ ਲਈ ਰੂਹਾਨੀਅਤ ਗਿਆਨ ਦੀ ਮਿਸਾਲ ਨਹੀਂ ਦਿੱਤੀ ਜਾਂਦੀ ਕਿਉਂਕਿ ਹਰ ਕੋਈ ਬੌਧਿਕ ਗਿਆਨ ਤੋਂ ਜਾਣੂ ਹੁੰਦੈ; ਰੂਹਾਨੀਅਤ ਗਿਆਨ ਤੋਂ ਨਹੀਂ।

ਬੌਧਿਕ ਗਿਆਨ ਦਾ ਭੀ ਆਪਣਾ ਅਨੁਭਵ ਹੈ; ਪਰ ਰੂਹਾਨੀਅਤ ਗਿਆਨ ਵਾਙ ਇਹ ਵਿਸ਼ਾਲ ਨਹੀਂ ਹੁੰਦਾ; ਜਿਵੇਂ ਬੌਧਿਕ ਗਿਆਨ ਰਾਹੀਂ ਬਣਿਆ ਡਾਕਟਰ; ਇੰਜੀਨੀਅਰ ਨਹੀਂ ਹੁੰਦਾ ਅਤੇ ਇੰਜੀਨੀਅਰ; ਤਾਰਾ ਮੰਡਲ ਬਾਰੇ ਨਹੀਂ ਜਾਣਦਾ, ਪਰ ਰੂਹਾਨੀਅਤ ਅਨੁਭਵ ਨੇ ਗੁਰੂ ਨਾਨਕ ਜੀ ਨੂੰ ਡਾਕਟਰ ਭੀ ਸਾਬਤ ਕੀਤਾ, ਤਾਰਾ ਵਿਗਿਆਨੀ ਭੀ। ਸਰੀਰ ਅਤੇ ਬ੍ਰਹਿਮੰਡ ਦੀ ਖੋਜ ਕਰਦਿਆਂ ਉਨ੍ਹਾਂ ਨੇ ਨਿਰਾਕਾਰੀ ਵਜੂਦ ਤੱਕ ਪ੍ਰਗਟ ਕਰ ਦਿੱਤਾ ਕਿਉਂਕਿ ਰੂਹਾਨੀਅਤ ਅਨੁਭਵ ਦਾ ਸ੍ਰੋਤ, ਪੰਜ ਗਿਆਨ ਇੰਦ੍ਰੇ ਨਹੀਂ; ਆਤਮ ਪ੍ਰਕਾਸ਼ ਹੈ, ਧਰਮ ਹੈ, ਕਣ-ਕਣ ’ਚ ਮੌਜੂਦ ਰੱਬੀ ਸ਼ਕਤੀ ਹੈ। ਰੂਹਾਨੀਅਤ ਦਾ ਅੱਖਰੀ ਅਰਥ ਭੀ ਰੂਹ (ਆਤਮਾ, ਜ਼ਿੰਦ) ਨੂੰ ਪ੍ਰਫੁਲਿਤ ਕਰਨਾ ਹੈ।  ਰੂਹ ਨੂੰ ਵੇਖਣਾ ਹੈ। ਰੂਹ ਵਰਗਾ ਨਿਰਮਲ ਨਜ਼ਰੀਆ ਕਰਨਾ ਹੈ। ਰੂਹਾਨੀਅਤ ਅਨੁਭਵ ਦੀ ਵਿਸ਼ਾਲਤਾ; ਸ੍ਰਿਸ਼ਟੀ ਦੀ ਅਰੰਭਤਾ ਯਾਨੀ ਕਿ ਪੂਰਵ ਕਾਲ ‘‘ਅਰਬਦ ਨਰਬਦ ਧੁੰਧੂਕਾਰਾ ॥  ਧਰਣਿ (ਧਰਤੀ) ਨ ਗਗਨਾ (ਅਕਾਸ਼); ਹੁਕਮੁ ਅਪਾਰਾ ॥  ਨਾ ਦਿਨੁ ਰੈਨਿ (ਰਾਤ), ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥’’ (ਮਹਲਾ ੧/੧੦੩੫) ਤੋਂ ਲੈ ਕੇ ਸ੍ਰਿਸ਼ਟੀ ਦੇ ਅੰਤ ਯਾਨੀ ਕਿ ਕਿਆਮਤ ਵਾਪਰਨ ਤੋਂ ਬਾਅਦ ’ਚ ਭੀ ਕਾਇਮ ਰੱਬੀ ਵਜੂਦ ‘‘ਨਾਨਕ  ! ਹੋਸੀ ਭੀ ਸਚੁ ॥੧॥’’  ਤੱਕ ਹੈ ਤਾਹੀਓਂ ਇਸ ਨੂੰ ਵਿਸ਼ਵਾਸ ਆਧਾਰਿਤ ਗਿਆਨ ਕਿਹਾ, ਜਿਸ ’ਤੇ ਯਕੀਨ ਬਣਾਨ ਲਈ ਅਰਦਾਸ ਕਰਦਿਆਂ ‘ਭਰੋਸਾ ਦਾਨ’ ਮੰਗੀਦਾ ਹੈ। ਰੂਹਾਨੀਅਤ ਦੀ ਇਸ ਵਿਸ਼ਾਲਤਾ ਉੱਤੇ ਬੌਧਿਕ ਗਿਆਨ ਤੱਕ ਸੀਮਤ ਬੰਦਾ; ਬਿਲਕੁਲ ਭਰੋਸਾ ਨਹੀਂ ਕਰ ਸਕਦਾ ਭਾਵੇਂ ਕਿ ਰੂਹਾਨੀਅਤ ਅਨੁਭਵ ’ਚੋਂ ਪ੍ਰਗਟਿਆ ਗਿਆਨ ਹੀ ਸਤਿਗੁਰੂ ਦੀ ਸੋਚ ਹੈ, ਗੁਰਮਤਿ ਹੈ। ਗੁਰਬਾਣੀ ’ਚੋਂ ਬੌਧਿਕ ਗਿਆਨ ਅਤੇ ਰੂਹਾਨੀਅਤ ਗਿਆਨ ਦਾ ਅੰਤਰ ਜਾਣਨਾ; ਇਸ ਹਥਲੇ ਲੇਖ ਦਾ ਵਿਸ਼ਾ ਹੈ।

ਗੁਰਮਤਿ ਦਾ ਮੰਤਵ; ਮਨੁੱਖਤਾ ਅੰਦਰ ਰੂਹਾਨੀਅਤ ਜਿਊਂਦੀ ਰੱਖਣਾ ਹੈ। ਰੂਹਾਨੀਅਤ ਜੀਵਤ ਰੱਖਣ ਤੋਂ ਭਾਵ ‘‘ਲਿਵ ਛੁੜਕੀ, ਲਗੀ ਤ੍ਰਿਸਨਾ.. ॥’’ (ਮਹਲਾ ੩/੯੨੧) ਪਾਸਿਓਂ ਇਨਸਾਨੀਅਤ ਨੂੰ ਬਚਾਉਣਾ ਹੈ। ਇਹ ਅਨੋਖਾ ਮਾਰਗ ਹੈ, ਆਤਮਿਕ ਅਨੰਦ ਹੈ। ਇਸ ਸੂਖਮ ਰਹੱਸ ਨੂੰ ਸਮਝਾਉਣ ਲਈ ਅਕਲ ਨਾਲ਼ ਸੰਬੰਧਿਤ ਗਿਆਨ (ਯਾਨੀ ਕਿ ਬੌਧਿਕ ਗਿਆਨ) ਨੂੰ ਮਿਸਾਲ ਵਜੋਂ ਦਰਜ ਕੀਤਾ ਹੈ; ਜਿਵੇਂ (ੳ). ਮਨ; ਕਾਲ਼ੇ ਸੱਪ ਵਰਗਾ ਹੈ ਜਾਂ ਮਨ; ਕੋਹਲੂ ’ਚ ਫੇਰਨ ਵਾਲ਼ੀ ਲੀਰ (ਖੰਨਲੀ) ਵਰਗਾ ਹੈ, ਜੋ 100 ਵਾਰ ਧੋਤਿਆਂ ਵੀ ਪੂਰਨ ਸਾਫ਼ ਨਹੀਂ ਹੁੰਦੀ। (ਅ). ਭੁਲੇਖੇ ਜਾਂ ਭਰਮ ਕਾਰਨ ਰਾਹ ’ਚ ਪਈ ਰੱਸੀ ਭੀ ਸੱਪ ਜਾਪਦੀ ਹੈ। ਇਨ੍ਹਾਂ ਦੋਵੇਂ ਉਦਾਹਰਨਾਂ ’ਚ ਰੂਹਾਨੀਅਤ ਵਿਸ਼ਾ ‘ਮਨ’ ਅਤੇ ‘ਭਰਮ’ ਹੈ, ਜਿਨ੍ਹਾਂ ਦੀ ਦਸ਼ਾ; ਬੌਧਿਕ ਗਿਆਨ (ਕਾਲ਼ਾ ਰੰਗ, ਖੰਨਲੀ, ਰੱਸੀ ਤੇ ਸੱਪ) ਨੇ ਪ੍ਰਗਟ ਕੀਤੀ। ਸਤਿਗੁਰੂ ਦਾ ਰੂਹਾਨੀਅਤ ਹੀ ਪੈਰੋਕਾਰ-ਸਿੱਖ ਦੇ ਰੂਹਾਨੀਅਤ ਨੂੰ ਬਚਾ ਸਕਦੈ, ਨਾ ਕਿ ਮਿਸਾਲ ਵਜੋਂ ਦਰਜ ਬੌਧਿਕ ਗਿਆਨ। ਗੁਰਮਤਿ ਤੋਂ ਸੱਖਣਾ ਬੌਧਿਕ ਗਿਆਨ; ਕੇਵਲ ਭਾਂਡਾ ਹੈ, ਜਿਸ ਦੀ ਮਹੱਤਤਾ, ਉਸ ਅੰਦਰ ਪਈ ਵਸਤੂ (ਰੂਹਾਨੀਅਤ ਗਿਆਨ) ਕਾਰਨ ਹੈ। ਰੂਹਾਨੀਅਤ; ਜ਼ਿਆਦਾ ਸੂਖਮ ਰਹੱਸ ਹੋਣ ਕਾਰਨ ਮਿਸਾਲ ਵਜੋਂ ਬੌਧਿਕ ਗਿਆਨ ਦੀ ਵਧੇਰੇ ਵਰਤੋਂ ਕੀਤੀ ਮਿਲਦੀ ਹੈ; ਜਿਵੇਂ ਕਿ
(1). ਜਪੁ ਬਾਣੀ ਦੀਆਂ 4 ਪਉੜੀਆਂ ’ਚ ਸੂਖਮ ਨੁਕਤਾ ਹੈ ‘ਸੁਣਿਐ’। ‘ਸੁਣਿਐ’ ਤੋਂ ਭਾਵ ਹੈ ‘ਗੁਰੂ ਦੀ ਸਿੱਖਿਆ ਸੁਣਨ ਨਾਲ਼’; ਇਸ ਦੀ ਮਹੱਤਤਾ ਸਪਸ਼ਟ ਕਰਨ ਲਈ ਬੌਧਿਕ ਗਿਆਨ ‘‘ਸਿਧ ਪੀਰ ਸੁਰਿ ਨਾਥ ॥, ਈਸਰੁ ਬਰਮਾ ਇੰਦੁ ॥, ਅਠਸਠਿ ਕਾ ਇਸਨਾਨੁ ॥’’  ਆਦਿਕ ਸ਼ਾਮਲ ਕਰਨਾ ਪਿਆ । ‘ਸੁਣਿਐ’ ਦੀ ਮਹੱਤਤਾ ਹੈ ਕਿ ‘ਗੁਰੂ ਦੀ ਸਿੱਖਿਆ ਸੁਣਨ ਨਾਲ਼ ਬੌਧਿਕ ਗਿਆਨ ਰਾਹੀਂ ਦਰਸਾਏ ਸਾਰੇ ਸਤਿਕਾਰਮਈ ਰੁਤਬੇ ਪ੍ਰਾਪਤ ਹੋ ਜਾਂਦੇ ਹਨ (ਕਿਉਂਕਿ ਹਿੰਦੂ ਲੋਕਾਂ ਲਈ ਇਹ ਪੂਜਨੀਕ ਸਨ)।

(2). ਜਪੁ ਜੀ ਸਾਹਿਬ ਦੀਆਂ ਕੁੱਲ 38 ਪਉੜੀਆਂ ਹਨ। ਅਖੀਰਲੀਆਂ 4 ਪਉੜੀਆਂ (34ਵੀਂ, 35ਵੀਂ, 36ਵੀਂ, 37ਵੀਂ) ’ਚ ਰੂਹਾਨੀਅਤ ਨੂੰ 5 ਭਾਗਾਂ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਅਤੇ ਸਚਖੰਡ) ’ਚ ਵੰਡਿਆ ਹੈ। ਅੰਤਮ 2 ਭਾਗ ਯਾਨੀ ਕਿ ਕਰਮਖੰਡ/ਸਚਖੰਡ ਇੱਕੋ 37ਵੀਂ ਪਉੜੀ ’ਚ ਹਨ। ਕਰਮਖੰਡ ਯਾਨੀ ਕਿ ਰੱਬੀ ਮਿਹਰ ਭਰਪੂਰ ਅਵਸਥਾ; ਨਿਰਾਕਾਰੀ ਨਿਵਾਸ-ਸਥਾਨ ਦਾ ਬੂਹਾ ਹੈ ਅਤੇ ਸਚਖੰਡ; ਨਿਰਾਕਾਰ ਦਾ ਨਿਵਾਸ ਸਥਾਨ ਹੈ, ਰੱਬ ਦਾ ਘਰ ਹੈ। ਇਸ ਨੂੰ ‘‘ਸੋ ਦਰੁ ਕੇਹਾ  ! ਸੋ ਘਰੁ ਕੇਹਾ  ! ਜਿਤੁ ਬਹਿ (ਕੇ) ਸਰਬ ਸਮਾਲੇ ॥’’ (ਜਪੁ) ਭੀ ਕਿਹਾ ਹੈ ਭਾਵ ਕਰਮਖੰਡ ਹੀ ‘ਸੋ ਦਰੁ’ ਅਤੇ ਸਚਖੰਡ ਹੀ ‘ਸੋ ਘਰੁ’ ਹੈ।

ਦਿੱਲੀ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਤਾਂਘ ਬਣਾ ਚੱਲਣ ਵਾਲ਼ੇ ਰਾਹਗੀਰ ਨੂੰ ਜੇਕਰ ਕੋਈ ਰਸਤੇ ਤੋਂ ਜਾਣੂ, ਸਮਝਾਵੇ ਕਿ ਰਾਹ ’ਚ ਅੰਬਾਲਾ, ਲੁਧਿਆਣਾ ਤੇ ਜਲੰਧਰ ਆਉਣਗੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅੰਬਾਲਾ, ਲੁਧਿਆਣਾ ਤੇ ਜਲੰਧਰ ਭੀ ਯਾਤਰੀ ਦੀ ਮੰਜ਼ਲ ਹਨ।  ਮੰਜ਼ਲ; ਦਰਬਾਰ ਸਾਹਿਬ ਹੈ, ਜਿਸ ਦੀ ਤਾਂਘ ਨੇ ਹੀ ਪੜਾਅ ਦਰ ਪੜਾਅ ਯਾਨੀ ਕਿ ਅੰਬਾਲਾ, ਲੁਧਿਆਣਾ ਤੇ ਜਲੰਧਰ ਵਿਖੇ ਪਹੁੰਚਦਿਆਂ ਮਨ ਦੀ ਕਠੋਰਤਾ ਨੂੰ ਨਰਮ ਕਰਦੇ ਜਾਣਾ ਹੈ, ਨਾ ਕਿ ਰਸਤੇ ’ਚ ਆਉਣ ਵਾਲ਼ਾ ਕੋਈ ਸ਼ਹਰ; ਇਹ ਤਬਦੀਲੀ ਕਰ ਸਕੇਗਾ। ਵੈਸੇ ਭੀ ਉਨ੍ਹਾਂ ਪ੍ਰਤੀ ਮਨ ’ਚ ਤਾਂਘ ਨਹੀਂ ਸੀ। ਇਸੇ ਤਰ੍ਹਾਂ ਰੂਹਾਨੀਅਤ ਦੀ ਮੰਜ਼ਲ ਭੀ 37ਵੀਂ ਪਉੜੀ ਵਾਲ਼ਾ ਕਰਮਖੰਡ/ਸਚਖੰਡ ਹੈ, ਨਾ ਕਿ ਧਰਮਖੰਡ, ਗਿਆਨਖੰਡ ਜਾਂ ਸਰਮਖੰਡ।  ਮੰਜ਼ਲ-ਸਚਖੰਡ ਨਜ਼ਰੀਏ ਤੋਂ ਗੁਰਬਾਣੀ ਨੂੰ ਵਾਚਿਆਂ ਹੀ ਗੁਰਮਤਿ ਪ੍ਰਤੀ ਮਨ ’ਚ ਪੂਰਨ ਦ੍ਰਿੜ੍ਹਤਾ ਬਣਦੀ ਹੈ। ਇਹੀ ਕਾਰਨ ਹੈ ਕਿ ਸਤਿਗੁਰੂ ਸਾਹਿਬਾਨ; ਗੁਰਮਤਿ ਦੇ ਜਿਸ ਰਹੱਸਵਾਦ ਨੂੰ ਦਿੜ੍ਹਤਾ ਸਹਿਤ ਚਾਹਵਾਨਾਂ ਸਾਮ੍ਹਣੇ ਰੱਖਦੇ ਰਹੇ; ਪੈਰੋਕਾਰ-ਸਿੱਖਾਂ ਅੰਦਰ ਅਜੇ ਉਸ ਸੂਖਮ ਨੁਕਤੇ ਬਾਰੇ ਹੀ ਕਈ ਸੰਦੇਹ ਹਨ। ਉਸ ਨੂੰ ਆਪ ਸਮਝਣਾ ਅਤੇ ਹੋਰਾਂ ਨੂੰ ਸਮਝਾਉਣਾ ਤਾਂ ਬਹੁਤ ਦੂਰ ਰਿਹਾ। ਅਜਿਹੀ ਕਮਜ਼ੋਰੀ ਨੂੰ ਪਹਿਲਾਂ ਤੋਂ ਹੀ ਭਾਂਪਦਿਆਂ ਗੁਰੂ ਸਾਹਿਬਾਨ ਨੇ ਭਵਿੱਖ ਸੂਚਕ ਵਚਨ ਕੀਤੇ ਸਨ ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ॥ (ਮਹਲਾ ੧/੧੪੧੦), ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮਹਲਾ ੫/੩੮੧) ਤਾਂ ਜੋ ਦ੍ਰਿੜ੍ਹਤਾ ਸਹਿਤ ਗੁਰਮਤਿ ਪ੍ਰਤਿ ਲਗਨ ਬਣਾ, ਹੋਰਾਂ ਅੰਦਰ ਭੀ ਲਗਨ ਪੈਦਾ ਕਰਨ ’ਚ ਮਦਦ ਕਰੇ।  ਗੁਰਮਤਿ ਦੇ ਇਸ ਰਹੱਸਵਾਦ ਦੀ ਪਕੜ ਕਰਵਾਉਣ ਲਈ ਭੱਟ ਸਾਹਿਬਾਨ ਅਤੇ ਸੱਤਾ-ਬਲਵੰਡ ਜੀ ਦੀ ਰਚਨਾ ਭੀ ਮਦਦਗਾਰ ਬਣਦੀ ਹੈ। ਦੁਨੀਆਂ ਦੇ ਪਹਿਲੇ ਧਾਰਮਿਕ ਗ੍ਰੰਥ ਹਨ ‘ਗੁਰੂ ਗ੍ਰੰਥ ਸਾਹਿਬ’, ਜਿਨ੍ਹਾਂ ਅੰਦਰ ਗੁਰੂ ਸਾਹਿਬਾਨ ਦੇ ਅਲੌਕਿਕ ਸੁਨੇਹੇ ਦੀ ਪਕੜ ਕਰਾਉਣ ਲਈ ‘ਨਾਨਕ ਜੋਤਿ’ ਨੂੰ ਭੀ ਭੱਟ ਸਾਹਿਬਾਨ ਅਤੇ ਸੱਤਾ-ਬਲਵੰਡ’ ਜੀ ਦੀ ਨਿਗਾਹ ਨਾਲ਼ ਵੇਖਣ ਵੱਲ ਪ੍ਰੇਰਿਆ ਗਿਆ ਹੈ।

ਨਿਰਾਕਾਰ ਦੇ ਸਮਾਨੰਤਰ ਸਚਖੰਡ ਵਿਖੇ ਵਿਰਾਜਮਾਨ ਗੁਰੂ ਨਾਨਕ ਜੀ ਨੇ ਹੇਠਲੇ ਪੜਾਅ (ਧਰਮਖੰਡ/ਗਿਆਨਖੰਡ/ਸਰਮਖੰਡ); ਰਾਹਗੀਰ ਸਿੱਖਾਂ ਲਈ ਹੀ ਨਿਰਧਾਰਿਤ ਕੀਤੇ ਹਨ ਤਾਂ ਜੋ ਸਚਖੰਡ-ਮੰਜ਼ਲ ਵੱਲ ਜਾਂਦਿਆਂ ਭਰੋਸਾ ਨਾ ਡੋਲੇ। ਸਚਖੰਡ ਪੜਾਅ ਦੇ ਸ਼ਾਬਦਿਕ ਅਰਥ ਹਨ ‘ਕੁਦਰਤ ਰਚੇਤਾ ਨਿਰਾਕਾਰ; ਸਚਖੰਡ ’ਚ ਵਸਦਾ ਹੈ। ਆਪਣੀ ਪ੍ਰਸੰਨ-ਚਿਤ ਨਜ਼ਰ ਨਾਲ਼ ਸਭ ਨੂੰ ਪੈਦਾ ਕਰ-ਕਰ ਸੰਭਾਲ਼ਦਾ ਹੈ। ਉਸ ਮੁਤਾਬਕ ਹੀ ਖੰਡ, ਮੰਡਲ, ਬ੍ਰਹਿਮੰਡ, ਆਕਾਸ਼, ਤ੍ਰਿਲੋਕ ਆਦਿਕ ਵਿਚਰਦੇ ਪਏ ਹਨ। ਜਿਵੇਂ ਉਹ ਚਾਹੁੰਦਾ ਹੈ; ਓਵੇਂ ਹੁੰਦਾ ਪਿਐ ਤਾਹੀਓਂ ਸਭ ਨੂੰ ਵੇਖ ਕੇ ਖ਼ੁਸ਼ ਹੁੰਦੈ, ਇਸ ਬਾਰੇ ਹੋਰ ਬਿਆਨ ਕਰਨਾ, ਕਠਿਨ ਹੈ ਕਿਉਂਕਿ ਉਸ ਦੀ ਵਿਸ਼ਾਲਤਾ ਦਾ ਕੋਈ ਅੰਤ ਹੀ ਨਹੀਂ ‘‘ਸਚਖੰਡਿ ਵਸੈ ਨਿਰੰਕਾਰੁ ॥  ਕਰਿ ਕਰਿ ਵੇਖੈ; ਨਦਰਿ ਨਿਹਾਲ ॥  ਤਿਥੈ; ਖੰਡ ਮੰਡਲ ਵਰਭੰਡ ॥  ਜੇ ਕੋ ਕਥੈ; ਤ ਅੰਤ ਨ ਅੰਤ ॥  ਤਿਥੈ, ਲੋਅ ਲੋਅ ਆਕਾਰ ॥  ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥  ਵੇਖੈ, ਵਿਗਸੈ; ਕਰਿ ਵੀਚਾਰੁ ॥  ਨਾਨਕ  ! ਕਥਨਾ ਕਰੜਾ ਸਾਰੁ ॥੩੭॥’’ (ਜਪੁ)
(ਨੋਟ :  ‘ਜਪੁ’ ਬਾਣੀ ਦੀ ਤੀਜੀ ਪਉੜੀ ਦੀ ਸਮਾਪਤੀ ’ਚ ਭੀ ਨਿਰਾਕਾਰ ਬਾਰੇ (ਉਕਤ ‘‘ਵੇਖੈ, ਵਿਗਸੈ’’  ਵਾਙ) ‘‘ਨਾਨਕ  ! ਵਿਗਸੈ ਵੇਪਰਵਾਹੁ ॥੩॥’’  ਦਰਸਾਇਆ ਹੈ। ਇਸ ਬਾਰੇ ਅਗਾਂਹ ਹੋਰ ਸਪਸ਼ਟ ਹੋਣਾ ਹੈ।)

ਸਚਖੰਡ ਦੇ ਉਕਤ ਸ਼ਾਬਦਿਕ ਅਰਥਾਂ ’ਤੇ ਮਨੁੱਖ ਦਾ ਯਕੀਨ ਬਣਨਾ ਮੁਸ਼ਕਲ ਹੈ ਤਾਹੀਓਂ ਮਿਸਾਲ ਵਜੋਂ ਪਹਿਲਾਂ ਬੌਧਿਕ ਗਿਆਨ (ਧਰਮਖੰਡ, ਗਿਆਨਖੰਡ ਤੇ ਸਰਮਖੰਡ ਪੜਾਅ) ਸਥਾਪਿਤ ਕੀਤੇ, ਸਮਝਾਏ ਗਏ। ਇਹ ਤਿੰਨੇ ਪੜਾਅ ਬੌਧਿਕ ਗਿਆਨ ਨਾਲ਼ ਸੰਬੰਧਿਤ ਹੋਣ ਕਾਰਨ ਭਰੋਸਾ ਕਰਨਾ ਆਸਾਨ ਹੈ। ਇਨ੍ਹਾਂ ਦਾ ਜ਼ਿਕਰ ‘ਜਪੁ’ ਬਾਣੀ ’ਚ ਪਹਿਲਾਂ ਭੀ ਆ ਚੁੱਕਿਆ ਹੈ; ਜਿਵੇਂ ਕਿ ‘ਸੁਣਿਐ’ ਵਾਲ਼ੀਆਂ ਪਉੜੀਆਂ ’ਚ ਜਿਨ੍ਹਾਂ ਦੇਵੀ-ਦੇਵਤੇ, ਖੰਡ ਵਰਭੰਡ (ਦੀਪ ਲੋਅ ਪਾਤਾਲ) ਆਦਿ ਬਾਰੇ ਜ਼ਿਕਰ ਹੈ; ਓਵੇਂ ਹੀ ਗਿਆਨਖੰਡ ’ਚ ‘‘ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ..॥੩੫॥’’  ਸ਼ਾਮਲ ਕੀਤਾ ਹੈ ਭਾਵ ਦੋਵੇਂ ਜਗ੍ਹਾ ਬੌਧਿਕ ਗਿਆਨ; ਮਿਸਾਲ ਵਜੋਂ ਦਰਜ ਹੈ।

‘ਮੰਨੈ’ ਪੜਾਅ ਮੁਤਾਬਕ (ਭਾਵ ਗੁਰੂ ਸਿੱਖਿਆ ਅਪਣਾ ਲੈਣ ਨਾਲ਼) ਘੜੇ ਜਾਂਦੇ ਜੀਵਨ ਦੀ ਕੋਈ ਦੁਨਿਆਵੀ ਮਿਸਾਲ (ਜਿਵੇਂ ‘ਸੁਣਿਐ’ ਪਉੜੀਆਂ ’ਚ ਦਿੱਤੀ ਗਈ; ਓਵੇਂ) ਨਹੀਂ ਦਿੱਤੀ ਜਾ ਸਕਦੀ ‘‘ਮੰਨੇ ਕੀ ਗਤਿ; ਕਹੀ ਨ ਜਾਇ ॥  ਜੇ ਕੋ ਕਹੈ; ਪਿਛੈ ਪਛੁਤਾਇ ..॥੧੨॥’’  ਅਜਿਹਾ ਹੀ ਸੰਕੇਤ ਸਰਮਖੰਡ ਪੜਾਅ ’ਚੋਂ ਮਿਲਦਾ ਹੈ; ਜਿਵੇਂ ਕਿ ‘‘ਤਾ ਕੀਆ ਗਲਾ; ਕਥੀਆ ਨਾ ਜਾਹਿ ॥  ਜੇ ਕੋ ਕਹੈ; ਪਿਛੈ ਪਛੁਤਾਇ ..॥੩੬॥’’  ਭਾਵ ‘ਮੰਨੈ’ ਅਤੇ ‘ਸਰਮਖੰਡ’; ਬਿਆਨ ਰਹਿਤ, ਇਕ ਸਮਾਨ ਅਵਸਥਾ ਹੈ ਤਾਹੀਓਂ ਬੌਧਿਕ ਗਿਆਨ ਦੀ ਮਿਸਾਲ ਦੇਣੀ ਉਚਿਤ ਨਹੀਂ ਸਮਝੀ। ਰੂਹਾਨੀਅਤ ਦੇ ਪਹਿਲੇ ਤਿੰਨ ਪੜਾਅ (ਧਰਮਖੰਡ, ਗਿਆਨਖੰਡ ਤੇ ਸਰਮਖੰਡ) ਤੱਕ ਬੌਧਿਕ ਗਿਆਨ ਦੀ ਮਿਸਾਲ ਦਿੱਤੀ ਹੈ ਜਾਂ ਬੌਧਿਕ ਗਿਆਨ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ, ਬਿਆਨ ਕੀਤਾ ਹੈ ਤਾਹੀਓਂ ਇੱਥੋਂ ਤੱਕ ਕੋਈ ਸੰਦੇਹ ਭੀ ਨਹੀਂ ਉਪਜਦਾ, ਪਰ ਰੂਹਾਨੀਅਤ ਦੀ ਅਗਲੀ (ਕਰਮਖੰਡ, ਸਚਖੰਡ/ਸੋ ਦਰੁ, ਸੋ ਘਰੁ) ਵੰਡ, ਜੋ ਰੂਹਾਨੀਅਤ ਦੀ ਮੰਜ਼ਲ ਹੈ; ਨੂੰ ਭੀ ਤਰਕ-ਬੌਧਿਕ ਗਿਆਨ ਨਾਲ਼ ਵਿਚਾਰਿਆਂ ਸਿੱਖ; ਆਪਣੇ ਜੀਵਨ ’ਚ ਗੁਰਬਾਣੀ ਤੋਂ ਕੋਈ ਲਾਭ ਨਹੀਂ ਉਠਾ ਸਕਦਾ ਕਿਉਂਕਿ ਇਹ ਮੰਜ਼ਲ/ਪੜਾਅ ਹੀ ਗੁਰਮਤਿ ਹੈ, ਸਚਖੰਡ ਨਜ਼ਰੀਆ ਹੈ। ਇਸ ਤੱਕ ਪਕੜ ਬਣਾਨ ਲਈ ਹਿਰਦੇ ’ਚ ਵਿਸ਼ਵਾਸ ਹੋਣਾ ਲਾਜ਼ਮੀ ਹੈ। ਇਸ ਭਰੋਸੇ ਨਾਲ਼ ਹੀ ਸ਼ਬਦ-ਵਿਚਾਰ ਕਰਦਿਆਂ ਹਿਰਦੇ ਅੰਦਰ ਗੁਰਮਤਿ ਪ੍ਰਤਿ ਨਿਵੇਕਲੀ ਤਾਂਘ ਉਪਜੇਗੀ। ਬੌਧਿਕ ਤਰਕ ਤਾਂ ਗੁਰਮਤਿ ਤੋਂ ਦੂਰ ਹੀ ਲੈ ਜਾਏਗਾ। ਗੁਰੂ ਨੂੰ ਬੇਦਾਵਾ ਦਿਲਵਾਏਗਾ।

(3). ਮਨ ਦੇ ਫੁਰਨਿਆਂ ਨੂੰ ਸ਼ਾਂਤ ਕਰਨ ਲਈ ਸਨਾਤਨੀ ਧਰਮ ਅਨੁਸਾਰ ਮੌਨ ਧਾਰਨਾ ਜ਼ਰੂਰੀ ਹੈ। ਜਪੁ ਜੀ ਸਾਹਿਬ ਵਿਖੇ ਇਸ ਦੀ ਮਿਸਾਲ ਤਿੰਨ ਤਰ੍ਹਾਂ ਦਿੱਤੀ ਗਈ :

(ੳ. ਪਹਿਲੀ ਪਉੜੀ). ਮੂੰਹ ਬੰਦ ਰੱਖਣ ਨਾਲ਼ ਮਨ ਸ਼ਾਂਤ ਨਹੀਂ ਹੁੰਦਾ ਭਾਵੇਂ ਸਾਰੀ ਉਮਰ ਇਕਾਗਰਤਾ ਬਣਾ ਰੱਖੀਏ ‘‘ਚੁਪੈ ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ ..॥੧॥’’ (ਜਪੁ)
(ਅ. 17ਵੀਂ ਪਉੜੀ). ਹੇ ਨਿਰਾਕਾਰ ਮਾਲਕ  ! (ਤੇਰੇ ਆਕਾਰ ਯਾਨੀ ਕਿ ਕੁਦਰਤ ’ਚ) ਅਨੇਕਾਂ ਹੀ ਮੌਨਧਾਰੀ ਹਨ, ਜੋ ਮਨ ਨੂੰ ਸ਼ਾਂਤ ਰੱਖਣ ਲਈ ਇਕਾਗਰ ਚਿੱਤ ਬੈਠੇ ਹਨ ‘‘ਅਸੰਖ ਮੋਨਿ; ਲਿਵ ਲਾਇ ਤਾਰ ..॥੧੭॥ (ਜਪੁ)
(ੲ. 33ਵੀਂ ਪਉੜੀ). ਚੁੱਪ ਰਹਿਣ ’ਚ ਅਤੇ ਬੜਬੋਲਾ ਬਣਨ ’ਚ ਕਿਸੇ ਦੀ ਆਪਣੀ ਸਮਰੱਥ ਨਹੀਂ ਯਾਨੀ ਕਿ ਹਰ ਕੋਈ ਮਾਲਕ ਦੀ ਰਜ਼ਾ ’ਚ ਵਿਚਰਦਾ ਪਿਆ ਹੈ ‘‘ਆਖਣਿ ਜੋਰੁ; ਚੁਪੈ ਨਹ ਜੋਰੁ ..॥੩੩॥’’ (ਜਪੁ)
ਵਿਚਾਰ :  ‘ਜਪੁ’ ਬਾਣੀ ਦੀ ਉਕਤ 33ਵੀਂ ਪਉੜੀ ਸਚਖੰਡ ਨਜ਼ਰੀਆ ਹੈ, ਨਿਰੋਲ ਗੁਰਮਤਿ ਹੈ ਕਿਉਂਕਿ ‘ਜਪੁ’ ਬਾਣੀ ਅੰਦਰ ਪਹਿਲਾਂ ਆ ਚੁੱਕੇ ਸਾਰੇ ਨੁਕਤਿਆਂ (ਚੁਪ ਰਹਿਣਾ ‘‘ਚੁਪੈ ਚੁਪ ਨ ਹੋਵਈ.. ॥੧॥’’ ਬਨਾਮ ਜ਼ਿਆਦਾ ਬੋਲਣਾ, ਮੰਗਣਾ ਬਨਾਮ ਦੇਣਾ ‘‘ਆਖਹਿ, ਮੰਗਹਿ; ਦੇਹਿ ਦੇਹਿ.. ॥੪॥’’,  ਲੰਬੀ ਉਮਰ ‘‘ਜੇ ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ ॥੭॥’’  ਬਨਾਮ ਜਲਦੀ ਮਰਨਾ ਆਦਿਕ) ਨੂੰ ਤਰਤੀਬਵਾਰ ਇਸ ਪਉੜੀ ’ਚ ਸਮੇਟਿਆ ਹੈ; ਜਿਵੇਂ ‘‘ਆਖਣਿ (’ਚ) ਜੋਰੁ; ਚੁਪੈ (’ਚ) ਨਹ ਜੋਰੁ ॥  ਜੋਰੁ ਨ ਮੰਗਣਿ (’ਚ); ਦੇਣਿ (’ਚ) ਨ ਜੋਰੁ ॥  ਜੋਰੁ ਨ ਜੀਵਣਿ (’ਚ); ਮਰਣਿ (’ਚ) ਨਹ ਜੋਰੁ .. ॥੩੩॥’’ ਤਾਹੀਓਂ ਇਸ ਨੂੰ ਅੰਤਮ ਪਉੜੀ ਕਹਾਂਗੇ। ਵੈਸੇ ਭੀ ਅਗਾਂਹ 34 ਤੋਂ 37ਵੀਂ ਪਉੜੀ ਤੱਕ ਰੂਹਾਨੀਅਤ ਦੀ ਵਿਆਖਿਆ ਹੈ। ਗੁਰਬਾਣੀ ਦੀ ਹਰ ਲੰਬੀ ਰਚਨਾ ਦੀ ਸਮਾਪਤੀ ਭੀ ਇਸ 33ਵੀਂ ਪਉੜੀ ਵਾਙ ਸਚਖੰਡ ਨਜ਼ਰੀਆ ਹੈ, ਨਿਰੋਲ ਗੁਰਮਤਿ ਹੈ।

ਜੇਕਰ ਸਮੁੱਚੀ ਗੁਰਬਾਣੀ ਨੂੰ ਵਾਚਣ ਸਮੇਂ ਉਕਤ 33ਵੀਂ ਪਉੜੀ ਵਾਲ਼ਾ ਨਜ਼ਰੀਆ ਨਾ ਬਣਿਆ ਤਾਂ ‘ਜਪੁ’ ਦੀ ਪਹਿਲੀ ਪਉੜੀ ਦਾ ਪਾਠ ਕਰਦਿਆਂ ਮੌਨਧਾਰੀ ਆਦਿਕ ਨੂੰ ਕਰਮਕਾਂਡੀ ਸਮਝ-ਸਮਝ ਜਿੱਥੇ ਉਨ੍ਹਾਂ ਪ੍ਰਤਿ ਮਨ ’ਚ ਘਿਰਨਾ ਉਪਜੇਗੀ ਓਥੇ ਖ਼ੁਦ ਨੂੰ ਧਰਮੀ ਅਖਵਾ ਆਪਣਾ ਅਹੰਕਾਰ ਹੋਰ ਉਤੇਜਿਤ ਹੋਵੇਗਾ। ਗੁਰੂ ਅਮਰਦਾਸ ਜੀ; ਅਜਿਹੇ ਜੀਵਨ ਦਾ ਹੀ ਸਿੱਟਾ ਕੱਢਦੇ ਪਏ ਹਨ‘‘ਆਪਣਾ ਆਪੁ ਨ ਪਛਾਣੈ ਮੂੜਾ; ਅਵਰਾ ਆਖਿ ਦੁਖਾਏ ॥’’ (ਮਹਲਾ ੩/੫੪੯)

ਗੁਰਮਤਿ; ਹਰ ਉਸ ਧਾਰਮਿਕ ਕਰਮ ਨੂੰ ਕਰਮਕਾਂਡ ਮੰਨਦੀ ਹੈ, ਜਿਸ ਦੇ ਕੀਤਿਆਂ ਮਨੁੱਖ; ਰੂਹਾਨੀਅਤ ਮੰਜ਼ਲ ਵੱਲ ਨਾ ਵਧੇ। ਦਰਅਸਲ ਉਹ ਚੌਰਾਹੇ ’ਚ ਖੜ੍ਹਾ ਹੁੰਦੈ। ਇੱਥੋਂ ਕਿੱਧਰ ਜਾਣੈ, ਉਸ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਅਜਿਹੇ ਕਰਮਕਾਂਡੀ ਨੂੰ ਮੰਜ਼ਲ ਦੀ ਜਾਣਕਾਰੀ ਦੇਣੀ ਪੈਂਦੀ ਹੈ, ਮਾਰਗ ਦੀ ਨਹੀਂ ਕਿਉਂਕਿ ਬੰਦਾ; ਮੰਜ਼ਲ ਨੂੰ ਸਮਝ ਕੇ ਮਾਰਗ ਅਪਣਾਉਂਦੈ, ਨਾ ਕਿ ਮਾਰਗ ਨੂੰ ਸਮਝ ਕੇ ਮੰਜ਼ਲ ਵੱਲ ਜਾਂਦੈ।  ਜਪੁ ਜੀ ਦੀ ਪਹਿਲੀ ਪਉੜੀ ’ਚ ਤੀਰਥ ਯਾਤ੍ਰੀ, ਮੌਨਧਾਰੀ, ਤ੍ਰਿਸ਼ਨਾਲੂ ਆਦਿਕ ਨੂੰ ਚੌਰਾਹੇ ’ਚ ਖੜ੍ਹਾ ਸਾਬਤ ਕਰ ਇਸੇ ਪਉੜੀ ਦੇ ਅੰਤ ’ਚ ਰੂਹਾਨੀਅਤ ਮੰਜ਼ਲ (ਸਚਖੰਡ ਯਾਨੀ ਕਿ ਸਚਿਆਰ ਬਣਨ ਲਈ ਰੱਬੀ ਰਜ਼ਾ ’ਚ ਚੱਲਦੇ ਪਏ ਹਾਂ, ਨੂੰ ਸਵੀਕਾਰਨ) ਬਾਰੇ ਜਾਣਕਾਰੀ ਦਿੱਤੀ ਹੈ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ॥੧॥’’;  ਇੰਨੇ ਕੁ ਸ਼ਬਦਾਂ ’ਚ ਇਹ ਰਹੱਸ ਸਪਸ਼ਟ ਹੋਣ ਵਾਲ਼ਾ ਨਹੀਂ ਸੀ ਤਾਹੀਓਂ ਦੂਸਰੀ ਪਉੜੀ ’ਚ ਰੱਬੀ ਰਜ਼ਾ/ਹੁਕਮ ਦੀ ਹੋਰ ਵਿਆਖਿਆ ਕੀਤੀ ਗਈ ‘‘ਹੁਕਮੀ ਹੋਵਨਿ ਆਕਾਰ; ਹੁਕਮੁ ਨ ਕਹਿਆ ਜਾਈ ॥  ਹੁਕਮੀ ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ ॥  ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ॥  ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥ ਨਾਨਕ  ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥’’  ਇਸ ਪਉੜੀ ਦੀ ਸਮਾਪਤੀ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’  ਸਪਸ਼ਟ ਕਰਦੀ ਪਈ ਹੈ ਕਿ ਹਰ ਕੋਈ ਰਜ਼ਾ ’ਚ ਵਿਚਰਦਾ ਹੈ, ਜੋ ਇਹ ਭੇਤ ਜਾਣ ਲਏਗਾ, ਉਹ ਚੰਗੇ ਕੰਮ ਦਾ ਮਹੱਤਵ ਆਪਣੇ ’ਤੇ ਲੈ ਕੇ ਆਪਣੇ ਅਹੰਕਾਰ ਨੂੰ ਹੋਰ ਉਤੇਜਿਤ ਨਹੀਂ ਕਰੇਗਾ ‘‘ਤ ਹਉਮੈ ਕਹੈ ਨ ਕੋਇ॥’’

(ਨੋਟ :  ਸਵਾਲ ਪੈਦਾ ਹੋ ਸਕਦੈ ਕਿ ਜੇਕਰ ਸਾਰੇ ਰੱਬ ਦੀ ਰਜ਼ਾ ’ਚ ਚਲਦੇ ਪਏ ਹਨ ਤਾਂ ਚੌਰਾਹੇ ’ਚ ਖੜ੍ਹੇ ਨੂੰ ਰਜ਼ਾ ’ਚ ਚੱਲਣ ਲਈ ਕਹਿਣਾ; ਸਚਖੰਡ ਨਜ਼ਰੀਆ ਕਿਵੇਂ ਹੋਇਆ ? ਜਵਾਬ : ਭਾਵੇਂ ਸਾਰੇ ਰੱਬ ਦੀ ਰਜ਼ਾ ’ਚ ਚਲਦੇ ਪਏ ਹਨ, ਪਰ ਇਹ ਸਮਝ ਕੇਵਲ ਮਨੁੱਖ ਜਾਤੀ ਨੂੰ ਗੁਰੂ ਦੁਆਰਾ ਹੀ ਹੁੰਦੀ ਹੈ। ਇਸ ਰਜ਼ਾ ਨੂੰ ਸਵੀਕਾਰਨਾ ਹੀ ਰਜ਼ਾ ’ਚ ਚੱਲਣਾ ਹੈ। ਇਹ ਰਜ਼ਾ; ਬੰਦੇ ਦੇ ਜਨਮ ਲੈਂਦਿਆਂ ਨਸੀਬ ਵਜੋਂ ਲਿਖੀ ਭੀ ਹੈ। ਪਹਿਲੀ ਪਉੜੀ ’ਚ ਦਰਜ ‘‘ਲਿਖਿਆ ਨਾਲਿ’’  ਦਾ ਇਹੀ ਮਤਲਬ ਹੈ। ‘ਜਪੁ’ ਬਾਣੀ ਦੀ 31ਵੀਂ ਪਉੜੀ ’ਚ ‘‘ਲਿਖਿਆ ਨਾਲਿ’’  ਨੂੰ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ .. ॥੩੧॥’’  ਕਿਹਾ ਹੈ।)

ਮਾਲਕ ਦੇ ਗੁਣ ਗਾਉਣੇ ਭੀ ਰਜ਼ਾ ’ਚ ਚੱਲਣਾ ਹੁੰਦਾ ਹੈ ਕਿਉਂਕਿ ਰਜ਼ਾ ਨੂੰ ਸਵੀਕਾਰਨਾ ਭੀ ਉਸ ਦੀ ਉਸਤਤਿ ਹੈ, ਉਸ ਦੀ ਹੋਂਦ ਤੋਂ ਪ੍ਰਭਾਵਤ ਹੋਣਾ ਹੈ ਤਾਹੀਓਂ ‘‘ਹੁਕਮਿ ਰਜਾਈ ਚਲਣਾ ’’ ਦੀ ਅਗਾਂਹ ਹੋਰ ਵਿਆਖਿਆ ਤੀਜੀ ਪਉੜੀ ਤੱਕ (ਗਾਵੈ ਕੋ, ਗਾਵੈ ਕੋ’ ਸ਼ਬਦਾਂ ਰਾਹੀਂ) ਕੀਤੀ ਗਈ। ਸਮਾਪਤੀ ’ਚ ‘ਗਾਵੈ ਕੋ, ਗਾਵੈ ਕੋ’ ਭੀ ਅਸੀਮ-ਅਸੀਮ ਬਣ ਗਿਆ ‘‘ਕਥਨਾ ਕਥੀ; ਨ ਆਵੈ ਤੋਟਿ ॥  ਕਥਿ ਕਥਿ ਕਥੀ; ਕੋਟੀ ਕੋਟਿ ਕੋਟਿ ॥’’ ਇਸ ਤੀਜੀ ਪਉੜੀ ਦੀ ਸਮਾਪਤੀ ਹੈ‘‘ਹੁਕਮੀ ਹੁਕਮੁ; ਚਲਾਏ ਰਾਹੁ ॥  ਨਾਨਕ ! ਵਿਗਸੈ ਵੇਪਰਵਾਹੁ ॥੩॥’’ ਜਿਵੇਂ ਕਿ ਸਚਖੰਡ ਪਉੜੀ ਦੀ ਸਮਾਪਤੀ ਹੈ ‘‘ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥  ਵੇਖੈ, ਵਿਗਸੈ, ਕਰਿ ਵੀਚਾਰੁ .. ॥੩੭॥’’  ਤਾਹੀਓਂ ਉਕਤ ਭੀ ਇਨ੍ਹਾਂ ਦੋਵੇਂ ਪਉੜੀਆਂ ’ਚ ਨਿਰੋਲ ਗੁਰਮਤਿ (ਸਚਖੰਡ ਨਜ਼ਰੀਆ) ਇਕ ਸਮਾਨ ਹੋਣ ਦਾ ਮਿਲਾਣ ਕੀਤਾ ਗਿਆ ਸੀ।

‘ਜਪੁ’ ਬਾਣੀ ਦੀ ਪਹਿਲੀ ਪਉੜੀ ਦੇ ਸਵਾਲ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ  ? ॥’’  ਰਾਹੀਂ ਉਕਤ ਤਿੰਨ ਪਉੜੀਆਂ ਤੱਕ ਸਚਖੰਡ-ਮੰਜ਼ਲ ਦੀ ਪੂਰਨ ਵਿਆਖਿਆ ਹੁੰਦਿਆਂ ਹੀ ਚੌਥੀ ਪਉੜੀ ’ਚ ਅਗਲਾ ਸਵਾਲ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ  ? ॥’’  ਰਾਹੀਂ ਇਸ ਮੰਜ਼ਲ ਵੱਲ ਜਾਂਦੇ ਮਾਰਗ (ਅੰਮ੍ਰਿਤ ਵੇਲੇ ਦੀ ਸੰਭਾਲ਼, ਗੁਰੂ ਅੱਗੇ ਅਰਦਾਸ, ਗੁਰੂ ਦੀ ਸਿੱਖਿਆ ਸੁਣਨਾ ਅਤੇ ਮੰਨਣਾ ਆਦਿ) ਦਾ ਵਰਣਨ ਸ਼ੁਰੂ ਹੁੰਦਾ ਹੈ।

ਤੀਰਥ ਯਾਤ੍ਰੀ, ਮੌਨਧਾਰੀ ਆਦਿ ਸਭ ਇਕੱਠੇ ਹੋ ਕੇ ਗੁਰੂ ਨਾਨਕ ਜੀ ਨੂੰ ਮਿਲਣ ਨਹੀਂ ਆਏ ਸਨ ਬਲਕਿ ਗੁਰਮਤਿ ਦੀ ਵਿਲੱਖਣਤਾ ਨੂੰ ਦਰਸਾਉਂਦਾ ਸਚਖੰਡ ਨਜ਼ਰੀਆ ਸਪਸ਼ਟ ਕਰਨ ਲਈ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਇਸ ਸਮਾਜਿਕ ਕੁਰੀਤ (ਬੌਧਿਕ ਗਿਆਨ) ਨੂੰ ਮਿਸਾਲ ਬਣਾਇਆ ਗਿਆ ਹੈ। ਵੈਸੇ ਭੀ ਕਰਮਕਾਂਡ, ਜਾਤ-ਪਾਤ ਆਦਿਕ ਨਿਖਿੱਧ (ਖੰਡਨ ਕੀਤੇ) ਵਿਤਕਰਿਆਂ ਨੂੰ ਸਿੱਖਾਂ ਦਾ ਨਿਤਨੇਮ ਨਹੀਂ ਬਣਾਇਆ ਗਿਆ ਤਾਂ ਤੇ ‘‘ਅਸੰਖ ਮੋਨਿ; ਲਿਵ ਲਾਇ ਤਾਰ ॥’’  ਪਾਠ ਕਰਦਿਆਂ ਭੀ ਮੌਨਧਾਰੀ ਆਦਿ ਸ਼ਬਦਾਂ ਨੂੰ ਮਿਸਾਲ ਮਾਤਰ ਵੇਖਣਾ ਹੈ ਤਾਂ ਜੋ ਆਪਣੇ ਅੰਦਰ ਧਰਮੀ ਹੋਣ ਦਾ ਭਰਮ ਅਤੇ ਦੂਜੇ ਪ੍ਰਤਿ ਨਫ਼ਰਤ ਪੈਦਾ ਨਾ ਹੋਵੇ।

(4). ਗੁਰਬਾਣੀ ਅੰਦਰ 22 ਵਾਰਾਂ ਹਨ, ਜਿਨ੍ਹਾਂ ’ਚੋਂ 9 ਵਾਰਾਂ ਨੂੰ ਯੋਧਿਆਂ ਦੀਆਂ ਪ੍ਰਚਲਿਤ ਧੁਨੀਆਂ ’ਤੇ ਗਾਉਣ ਦੀ ਹਦਾਇਤ ਭੀ ਦਰਜ ਹੈ ਯਾਨੀ ਕਿ ਰੂਹਾਨੀਅਤ ਵਾਰਾਂ ਅੰਦਰ ਵੀ ਦੋ ਪਾਤਰਾਂ ਦਾ ਸੰਘਰਸ਼ ਮਿਸਾਲ ਮਾਤਰ ਹੈ। ਇਹ ਪਾਤਰ ਹਨ ‘ਗੁਰਮੁਖ-ਮਨਮੁਖ, ਮੂਰਖ-ਸਿਆਣਾ, ਅਹੰਕਾਰੀ-ਨਿਮਰਤਾ’ ਆਦਿਕ। ‘ਜਪੁ’ ਬਾਣੀ ਦੀ 33ਵੀਂ ਪਉੜੀ ਵਾਙ ਹਰ ਵਾਰ ਦੀ ਅੰਤਮ ਪਉੜੀ ’ਚ ਦਰਜ ਸਚਖੰਡ ਦ੍ਰਿਸ਼ਟੀਕੋਣ ਨੂੰ ਜੇਕਰ ਮੈਲ਼ੇ ਮਨ ਨੇ ਨਜ਼ਰ-ਅੰਦਾਜ਼ ਕਰ ਲਿਆ ਤਾਂ ਪਾਠ ਕਰਦਿਆਂ ਹਰ ਕੋਈ ਆਪਣੇ ਆਪ ਨੂੰ ਚੰਗਾ ਪਾਤਰ (ਗੁਰਮੁਖ, ਸਿਆਣਾ) ਸਮਝਦਾ ਜਾਏਗਾ ਅਤੇ ਨਿਖਿੱਧ ਪਾਤਰ (ਮਨਮੁਖ, ਮੂਰਖ) ਹੋਰਾਂ ਨੂੰ ਮੰਨੇਗਾ। ਅਜਿਹੀ ਜੀਵਨ ਘਾੜਤ; ਇੱਕ ਭੀ ਵਾਰ ਦਾ ਟੀਚਾ ਨਹੀਂ ਸਗੋਂ ਗੁਰਬਾਣੀ ਦਰਪਣ (ਸ਼ੀਸ਼ਾ) ਬਣ; ਮਨ ਦਾ ਮੈਲ਼ਾਪਣ ਸਿੱਖ ਦੇ ਸਾਮ੍ਹਣੇ ਲਿਆਉਂਦੀ ਹੈ ਤਾਂ ਤੇ ਹੇਠਲਾ ਸਚਖੰਡ ਨਜ਼ਰੀਆ (ਰੂਹਾਨੀਅਤ ਅਨੁਭਵ) ਅਤੇ ਬੌਧਿਕ ਗਿਆਨ ਦਾ ਅੰਤਰ ਵਾਚਣਾ ਜ਼ਰੂਰੀ ਹੈ :

(ੳ). ਆਸਾ ਕੀ ਵਾਰ ਦੀ ਅੰਤਮ ਪਉੜੀ 24ਵੀਂ ਹੈ, ਜਿਸ ਅੰਦਰ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ ‘ਗੁਰਮੁਖ-ਮਨਮੁਖ ਜਾਂ ਮੂਰਖ-ਸਿਆਣਾ’ ਬਣਨਾ, ਵੱਡੇ ਮਾਲਕ ਕਰਤਾਰ ਦੀ ਰਜ਼ਾ/ਖੇਡ ਹੈ। ਉਹ ਕਿਉਂ ਕਰਦਾ ਹੈ ? ਇਸ ਬਾਰੇ ਕੁੱਝ ਨਹੀਂ ਕਹਿ ਸਕਦੇ। ਉਹ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਮਿਹਰ ਕਰਨ ਵਾਲ਼ਾ ਹੈ। ਸਾਰੇ ਜੀਵਾਂ ਨੂੰ ਰਿਜ਼ਕ ਪਹੁੰਚਾਉਂਦਾ ਹੈ। ਜੀਵ ਨੇ ਉਹੀ ਕਿਰਤ ਕਰਨੀ ਹੁੰਦੀ ਹੈ, ਜੋ ਬਚਪਨ ਤੋਂ ਉਸ (ਮਾਲਕ) ਨੇ ਨਸੀਬ ਵਿੱਚ ਪਾਈ (ਲਿਖਿਆ ਨਾਲਿ) ਹੈ। ਉਸ ਇਕਲੌਤੇ ਮਾਲਕ ਤੋਂ ਇਲਾਵਾ ਜੀਵਾਂ ਨੂੰ ਹੋਰ ਕੋਈ ਆਸਰਾ ਭੀ ਨਹੀਂ। ਉਸ ਮਾਲਕ ਨੂੰ ਜੋ ਪਸੰਦ ਹੈ, ਉਹੀ ਜਗਤ ’ਚ ਕਰਦਾ ਹੈ ‘‘ਪਉੜੀ ॥  ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥  ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥  ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ (ਉਸ ਨੇ ਪਾ ਕੇ)॥  ਨਾਨਕ  ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ॥  ਸੋ ਕਰੇ; ਜਿ ਤਿਸੈ ਰਜਾਇ ॥ ੨੪॥ ੧॥’’  ਸੁਧੁ (ਆਸਾ ਕੀ ਵਾਰ/ਮਹਲਾ ੧/੪੭੫)  ਹੁਣ ਇਸ ਨਜ਼ਰੀਏ ਨੂੰ ਅਣਡਿੱਠ ਕਰ ਵੇਖੀਏ ਤਾਂ ਇਸੇ ਵਾਰ ਦੀ 8ਵੀਂ ਪਉੜੀ ’ਚ ਦਰਜ ਹੈ ਕਿ ਮੂਰਖ ਲੋਕ ਸੱਚੇ ਮਾਲਕ ਦੀ ਹਸਤੀ ਨੂੰ ਨਹੀਂ ਮੰਨਦੇ। ਇਸ ਮਨਮਤ ਕਾਰਨ ਮਨੁੱਖਾ ਜਨਮ ਅਜਾਈਂ ਗਵਾ ਲੈਂਦੇ ਹਨ ‘‘ਮੂਰਖ ਸਚੁ ਨ ਜਾਣਨ੍ੀ; ਮਨਮੁਖੀ ਜਨਮੁ ਗਵਾਇਆ .. ॥੮॥’’ (ਆਸਾ ਕੀ ਵਾਰ/ ਮਹਲਾ ੧/੪੬੭) ਇਹ ਪਾਠ ਕਰਦਿਆਂ ਕਿਹੜਾ ਬੰਦਾ ਆਪਣੇ ਆਪ ਨੂੰ ਮੂਰਖ ਜਾਂ ਮਨਮੁਖ ਸਮਝੇਗਾ ? ਉਹ ਤਾਂ ਖ਼ੁਦ ਨੂੰ ਗੁਰਮੁਖ ਮੰਨਦਾ ਪਿਐ। ਜਾਗਰੂਕਾਂ ਲਈ ਟਕਸਾਲੀ ਅਤੇ ਟਕਸਾਲੀਆਂ ਲਈ ਮਿਸ਼ਨਰੀ; ਮੂਰਖ ਹਨ, ਮਨਮੁਖ ਹਨ, ਨਾ ਕਿ ਆਪਣੇ ਆਪ ਨੂੰ ਕੋਈ ਗੁਰਮਤਿ ਦਰਪਣ ਨਾਲ਼ ਵੇਖਦਾ ਮਹਿਸੂਸ ਕਰਦਾ ਪਿਐ ਕਿ ‘‘ਸਭਿ ਸਹੀਆ ਸਹੁ ਰਾਵਣਿ ਗਈਆ; ਹਉ ਦਾਧੀ, ਕੈ ਦਰਿ ਜਾਵਾ  ?॥’’ (ਮਹਲਾ ੧/੫੫੮) ਅਰਥ : ਸਾਰੀਆਂ ਸਤਿਸੰਗੀ ਜੀਵ ਇਸਤ੍ਰੀਆਂ (ਯਾਨੀ ਕਿ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ..॥’’ (ਮਹਲਾ ੫/੬੧੧) ਵਾਲ਼ੀ ਆਪਸੀ ਏਕਤਾ ਕਾਇਮ ਕਰ ਚੁੱਕੀਆਂ) ਪਤੀ ਦੇ ਮਿਸਾਲ ਦਾ ਅਨੰਦ ਮਾਣਦੀਆਂ ਪਈਆਂ ਹਨ, ਪਰ ਮੈਂ ਅੰਦਰੋਂ ਨਫ਼ਰਤ ਆਦਿ ਨਾਲ਼ ਸੜੀ ਹੋਈ ਕਿਹੜੇ ਦਰ ’ਤੇ ਜਾ ਆਪਣਾ ਦੁਖੜਾ ਰੋਵਾਂ।

(ਅ). ਗੁਰੂ ਰਾਮਦਾਸ ਜੀ ਦੁਆਰਾ ਰਚਿਤ ਗਉੜੀ ਕੀ ਵਾਰ ’ਚ ਅੰਤਮ ਪਉੜੀ 33ਵੀਂ ਹੈ ‘‘ਪਉੜੀ ॥  ਤੂੰ ਸਚਾ ਸਾਹਿਬੁ ਅਤਿ ਵਡਾ; ਤੁਹਿ ਜੇਵਡੁ ਤੂੰ ਵਡ ਵਡੇ ॥  ਜਿਸੁ ਤੂੰ ਮੇਲਹਿ, ਸੋ ਤੁਧੁ ਮਿਲੈ; ਤੂੰ ਆਪੇ ਬਖਸਿ ਲੈਹਿ, ਲੇਖਾ ਛਡੇ ॥  ਜਿਸ ਨੋ ਤੂੰ ਆਪਿ ਮਿਲਾਇਦਾ; ਸੋ ਸਤਿਗੁਰੁ ਸੇਵੇ, ਮਨੁ ਗਡ ਗਡੇ ॥  ਤੂੰ ਸਚਾ ਸਾਹਿਬੁ ਸਚੁ ਤੂ; ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥  ਜਿਉ ਭਾਵੈ, ਤਿਉ ਰਖੁ ਤੂੰ ਸਚਿਆ ! ਨਾਨਕ ਮਨਿ ਆਸ ਤੇਰੀ, ਵਡ ਵਡੇ ! ॥ ੩੩॥ ੧॥  ਸੁਧੁ ॥  (ਗਉੜੀ ਕੀ ਵਾਰ/ਮਹਲਾ ੪/੩੧੭) ਇਸ ਸਚਖੰਡ ਨਜ਼ਰੀਏ ਨੂੰ ਧਿਆਨ ’ਚੋਂ ਵਿਸਾਰ ਕੇ ਇਸੇ ਵਾਰ ਦੀ 17ਵੀਂ ਪਉੜੀ ਦਾ ਪਾਠ ਕਰਦਿਆਂ ਕੋਈ ਭੀ ਸਿੱਖ ਆਪਣੇ ਆਪ ਨੂੰ ਮਨਮੁਖ ਅਖਵਾ ਕੇ ਜੀਵਨ ਬਾਜ਼ੀ ਹਾਰਦਾ ਨਹੀਂ ਵੇਖੇਗਾ ‘‘ਗੁਰਮੁਖਿ ਜਿਤਾ; ਮਨਮੁਖਿ ਹਾਰਿਆ ॥ ੧੭॥’’ (ਗਉੜੀ ਕੀ ਵਾਰ/ਮਹਲਾ ੪/੩੧੦)  ਜਦਕਿ ਆਪਣੇ ਆਪ ਨੂੰ ਮਨਮੁਖ ਬਣ ਬਿਰਹਾ (ਰੱਬ ਤੋਂ ਪਏ ਵਿਛੋੜੇ ਦੀ ਪੀੜਾ) ਧਾਰਨ ਕੀਤਿਆਂ ‘ਕਰਮਖੰਡ’ ਵਾਲ਼ੀ ਮਿਹਰ ਪ੍ਰਾਪਤ ਹੋਣੀ ਹੈ, ਜੋ ਸਚਖੰਡ (ਸੋ ਘਰੁ) ਵਿਖੇ ਪਹੁੰਚਣ ਲਈ ਬੂਹਾ (ਸੋ ਦਰੁ) ਹੈ।

(ੲ). ਗੁਰਬਾਣੀ ਅੰਦਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਚੰਦ ਅਤੇ ਬਾਬਾ ਪ੍ਰਿਥੀਚੰਦ ਦੇ ਵਿਅਕਤਿਤਵ ਬਾਰੇ ਜ਼ਿਕਰ ਆਉਂਦਾ ਹੈ। ਪ੍ਰਿਥੀਚੰਦ ਜੀ ਬਾਰੇ ਖ਼ੁਦ ਪਿਤਾ ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ ‘‘ਕਾਹੇ ਪੂਤ  ! ਝਗਰਤ ਹਉ ਸੰਗਿ ਬਾਪ ॥  ਜਿਨ ਕੇ ਜਣੇ (ਪੈਦਾ ਕੀਤਿਆਂ) ਬਡੀਰੇ ਤੁਮ ਹਉ; ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥’’ (ਮਹਲਾ ੪/੧੨੦੦) ਅਤੇ ਗੁਰੂ ਨਾਨਕ ਜੀ ਦੇ ਸਪੁੱਤਰਾਂ ਬਾਰੇ ਸੱਤਾ-ਬਲਵੰਡ ਜੀ ਆਪਣੀ ਵਾਰ ਦੀ ਦੂਜੀ ਪਉੜੀ ਰਾਹੀਂ ਸਮਝਾਉਂਦੇ ਹਨ ‘‘ਪੁਤ੍ਰੀ ਕਉਲੁ ਨ ਪਾਲਿਓ; ਕਰਿ ਪੀਰਹੁ ਕੰਨ੍ ਮੁਰਟੀਐ ॥  ਦਿਲਿ ਖੋਟੈ ਆਕੀ ਫਿਰਨਿ੍; ਬੰਨਿ੍ ਭਾਰੁ ਉਚਾਇਨਿ੍ ਛਟੀਐ ॥’’  ਇਸ ਪੰਕਤੀ ਨੂੰ ਕਈ ਵਾਰ ਪ੍ਰਚਾਰਕਾਂ ਪਾਸੋਂ ਸੁਣਿਆ ਹੈ ਕਿ ਗੁਰੂ ਨਾਨਕ ਜੀ ਦੇ ਪੁੱਤਰਾਂ ਨੇ ਉਨ੍ਹਾਂ ਦਾ ਕਹਿਣਾ ਨਹੀਂ ਮੰਨਿਆ ਯਾਨੀ ਕਿ ਉਹ ਮਨਮੁਖ ਸਨ, ਪਰ ਇਸੇ ਪਉੜੀ ਦੀ ਸਮਾਪਤੀ ਵੱਲ ਧਿਆਨ ਨਹੀਂ ਦਿੱਤਾ ਜਾਂਦਾ; ਜਿੱਥੇ ਬਲਵੰਡ ਜੀ ਕਹਿੰਦੇ ਹਨ ‘‘ਜਿਨਿ ਆਖੀ ਸੋਈ ਕਰੇ; ਜਿਨਿ ਕੀਤੀ, ਤਿਨੈ ਥਟੀਐ ॥  ਕਉਣੁ ਹਾਰੇ ? ਕਿਨਿ ਉਵਟੀਐ  ?॥੨॥ (ਰਾਮਕਲੀ ਕੀ ਵਾਰ/ਬਲਵੰਡ ਸਤਾ/੯੬੭) ਅਰਥ : ਜਿਸ ਸਿਰਜਣਹਾਰ ਨੇ ਗੁਰੂ ਨਾਨਕ ਜੀ ਰਾਹੀਂ ਰੱਬੀ ਰਜ਼ਾ (’ਚ ਸਭ ਚਲਦੇ ਹਨ) ਬਾਰੇ ਸਮਝਾਇਆ ਹੈ ਉਹ ਆਪ ਹੀ ਸਭ ਕੁੱਝ ਕਰਦਾ ਪਿਆ ਹੈ। ਜਿਸ ਮਾਲਕ ਨੇ ਇਹ ਰਜ਼ਾ ਰੂਪ ਖੇਡ ਚਲਾਈ ਉਸ ਨੇ ਹੀ (ਗੁਰੂ ਨਾਨਕ ਜੀ ਰਾਹੀਂ ਬਾਬਾ ਲਹਿਣਾ ਜੀ ਨੂੰ) ਗੁਰੂ ਥਾਪਿਆ ਹੈ (ਤਾਂ ਫਿਰ ਕਿਵੇਂ ਕਹੀਏ ਕਿ ‘‘ਪੁਤ੍ਰੀ ਕਉਲੁ ਨ ਪਾਲਿਓ ’’ ਕਾਰਨ ਪੁੱਤਰਾਂ ਦੀ ਇੱਥੇ) ਹਾਰ ਹੋਈ ‘‘ਕਉਣੁ ਹਾਰੇ ?’’ ਅਤੇ (ਗੁਰੂ ਨਾਨਕ ਜੀ ਦਾ ਭਾਣਾ ਮੰਨਣ ਕਾਰਨ ਬਾਬਾ ਲਹਿਣਾ ਜੀ ਦੀ ਇੱਥੇ) ਜਿੱਤ ਹੋਈ (ਕਿਨਿ ਉਵਟੀਐ ?)  ਭਾਵ ਨਾ ਕੋਈ ਜਿੱਤਿਆ ਹੈ, ਨਾ ਕੋਈ ਹਾਰਿਆ ਹੈ, ਇਹ ਹਾਰ-ਜਿੱਤ ਤਾਂ ਰਜ਼ਾ ਮੁਤਾਬਕ ਹੁੰਦੀ ਪਈ ਹੈ। ਕਿਸੇ ਹੋਰ ਦੇ ਹੱਥ ਸਮਰੱਥਾ ਨਹੀਂ ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ ॥  ਨਾਨਕ  ! ਉਤਮੁ ਨੀਚੁ; ਨ ਕੋਇ ॥੩੩॥’’ (ਜਪੁ), ਇਸ ਨਿਰੋਲ ਗੁਰਮਤਿ ਨੂੰ ਅਣਡਿੱਠ ਕਰ ਮਿਸਾਲ ਮਾਤਰ ਵਜੋਂ ਸ਼ਾਮਲ ਕੀਤੇ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ ਨੂੰ ਮੌਨਧਾਰੀ, ਤੀਰਥ ਇਸ਼ਨਾਨੀਆਂ ਵਾਙ ‘ਨੀਚੁ’ ਬਣਾ ਦਿੱਤਾ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ‘ਉਤਮੁ’ ਜਦਕਿ ਉਕਤ ਵਚਨ ’ਚ ਗੁਰੂ ਨਾਨਕ ਜੀ ਖ਼ੁਦ ਕਹਿ ਰਹੇ ਹਨ ‘‘ਉਤਮੁ ਨੀਚੁ; ਨ ਕੋਇ’’ ।

(ਨੋਟ : ਧਿਆਨ ਰਹੇ ਕਿ ਗੁਰਮਤਿ; ਸਮੂਹਿਕ ਜਾਤੀ ਨੂੰ ਉਪਦੇਸ਼ ਤਾਂ ਕਰਦੀ ਹੈ, ਪਰ ਵਿਅਕਤੀ ਵਿਸ਼ੇਸ਼ ’ਤੇ ਟਿੱਪਣੀ ਨਹੀਂ ਕਰਦੀ ਤਾਹੀਓ ਗੁਰੂ ਰਾਮਦਾਸ ਜੀ ਨੇ ਭੀ ਪ੍ਰਿਥੀਚੰਦ ਲਈ ਕੋਈ ਨਿਖਿੱਧ ਸ਼ਬਦ ਨਹੀਂ ਵਰਤਿਆ। ਉਕਤ ਵਿਚਾਰ ਤੁਲਨਾਤਮਿਕ (ਦੋ ਸ਼ਖ਼ਸੀਅਤਾਂ ਵਿਚਕਾਰ) ਚਲਦੀ ਪਈ ਹੈ। ਜੇ ਕੇਵਲ ਭਾਈ ਲਹਿਣਾ ਜੀ ਬਾਰੇ ਵਿਚਾਰ ਹੁੰਦੀ ਤਾਂ ਭੱਟ ਸਾਹਿਬਾਨ ਦੇ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਨੂੰ ‘ਉਤਮੁ’ (ਰੱਬੀ ਰੂਪ) ਹੀ ਕਿਹਾ ਜਾਂਦਾ।)

ਸੋ ਉਕਤ ਸਮੁੱਚੀ ਵਿਚਾਰ ਤੋਂ ਜਾਪਦਾ ਹੈ ਕਿ ਬਹੁਤਾਤ ਸਿੱਖ; ਬੌਧਿਕ ਗਿਆਨ, ਜੋ ਮਿਸਾਲ ਮਾਤਰ ਸੀ; ਨੂੰ ਹੀ ਰੂਹਾਨੀਅਤ ਗਿਆਨ (ਸਤਿਗੁਰੂ ਜੀ ਦਾ ਆਪਣਾ ਅਨੁਭਵ) ਮੰਨਦੇ ਪਏ ਹਨ। ਸਮੁੱਚੀ ਗੁਰਬਾਣੀ ਨੂੰ ਸਚਖੰਡ ਨਜ਼ਰੀਏ ਤੋਂ ਨਾ ਵਾਚਣਯੋਗ ਕਿਰਦਾਰ; ਗੁਰਬਾਣੀ ਦੇ ਮਨਮਤੀ ਅਰਥ ਕਰਦੇ ਪਏ ਹਨ; ਜਿਵੇਂ ਕਿ
(1). ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥  ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ॥  ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥  ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ ॥੨॥ (ਆਸਾ ਕੀ ਵਾਰ/ ਮਹਲਾ ੧/੪੭੨) ਇਸ ਪਾਵਨ ਉਪਦੇਸ਼ ਅੰਦਰ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’  ਬੌਧਿਕ ਗਿਆਨ ਹੈ, ਜੋ ਮਿਸਾਲ ਮਾਤਰ ਹੈ। ਜਿਉਂ ਦਾ ਅਰਥ ਹੀ ਹੈ ‘ਜਿਵੇਂ’ ਭਾਵ ਇਹ, ਸ਼ਬਦ ਦਾ ਵਿਸ਼ਾ (ਗੁਰਮਤਿ) ਹੀ ਨਹੀਂ। ਸਚਖੰਡ ਨਜ਼ਰੀਆ ਇਹ ਕਹਿੰਦਾ ਪਿਆ ਹੈ ਕਿ ਝੂਠੇ ਬੰਦੇ ਦਾ ਕਿਰਦਾਰ ਹੀ ਝੂਠਾ ਹੋ ਜਾਂਦਾ ਹੈ। ਵਾਰ-ਵਾਰ ਝੂਠ ਹੀ ਮੂੰਹੋਂ ਟਪਕਦਾ ਹੈ। ਬਾਹਰੋਂ ਸਰੀਰ ਧੋਤਿਆਂ ਇਹ ਬੰਦ ਨਹੀਂ ਹੋਣਾ ਬਲਕਿ ਮਨ ਅੰਦਰ ਸੱਚੇ ਦਾ ਨਿਵਾਸ ਹੋਣ ਤੋਂ ਬਾਅਦ ਹੀ ਝੂਠ ਕਿਰਨਾ ਬੰਦ ਹੋਏਗਾ, ਪਰ ਗੁਰਮਤਿ ਤੋਂ ਸੱਖਣੇ ਸਿੱਖਾਂ ਨੇ ਇੱਥੇ ਬੌਧਿਕ ਗਿਆਨ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’  ਨੂੰ ਹੀ ਰੂਹਾਨੀਅਤ ਗਿਆਨ ਸਮਝ ਕੇ ਔਰਤ ਜਾਤੀ ਨਾਲ਼ ਵਿਤਕਰਾ ਕਰਨਾ, ਸ਼ੁਰੂ ਕਰ ਲਿਆ।

(2).  ਰਾਮਦਾਸ ਸਰੋਵਰਿ ਨਾਤੇ ॥  ਸਭਿ ਉਤਰੇ ਪਾਪ ਕਮਾਤੇ ॥  ਨਿਰਮਲ ਹੋਏ ਕਰਿ ਇਸਨਾਨਾ ॥  ਗੁਰਿ+ਪੂਰੈ (ਰਾਹੀਂ) ਕੀਨੇ ਦਾਨਾ ॥੧॥  ਸਭਿ ਕੁਸਲ ਖੇਮ; ਪ੍ਰਭਿ (ਨੇ) ਧਾਰੇ ॥  ਸਹੀ ਸਲਾਮਤਿ ਸਭਿ ਥੋਕ ਉਬਾਰੇ; ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥  ਸਾਧ ਸੰਗਿ ਮਲੁ ਲਾਥੀ ॥  ਪਾਰਬ੍ਰਹਮੁ ਭਇਓ ਸਾਥੀ ॥  ਨਾਨਕ  ! ਨਾਮੁ ਧਿਆਇਆ ॥  ਆਦਿ ਪੁਰਖ ਪ੍ਰਭੁ ਪਾਇਆ ॥੨॥ (ਮਹਲਾ ੫/੬੨੫) ਇਸ ਪਾਵਨ ਉਪਦੇਸ਼ ਵਿੱਚ ਸਾਫ਼ ਦਰਜ ਹੈ ‘‘ਸਾਧ ਸੰਗਿ ਮਲੁ ਲਾਥੀ’’  ਤਾਂ ਤੇ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਦਾ ਅਰਥ ਹੈ ‘ਰਾਮ ਦੇ ਦਾਸਾਂ ਵਾਲ਼ੇ ਸਰੋਵਰ ਯਾਨੀ ਕਿ ਸੰਗਤ ’ਚ ਇਸ਼ਨਾਨ ਕੀਤਿਆਂ ਇਕੱਠੇ ਕੀਤੇ ਪਾਪ ਧੌਤੇ ਜਾਂਦੇ ਹਨ, ਮਿਟ ਜਾਂਦੇ ਹਨ ‘‘ਭਰੀਐ ਮਤਿ; ਪਾਪਾ ਕੈ ਸੰਗਿ ॥  ਓਹੁ ਧੋਪੈ; ਨਾਵੈ ਕੈ ਰੰਗਿ (ਨਾਲ਼) .. ॥੨੦॥’’ (ਜਪੁ) ਇੱਥੇ ਭੀ ਗੁਰਮਤਿ ਨੂੰ ਬੌਧਿਕ ਗਿਆਨ (ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੀਰਥ-ਇਸ਼ਨਾਨ) ਵੱਲ ਉਲਥਾਇਆ ਜਾਂਦਾ ਹੈ।

(3). ਆਦਿ ਪੂਰਨ, ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ॥  ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ ! ਅਘ ਨਾਸਨ ਜਗਦੀਸੁਰਹ ॥੧॥ (ਜੈਤਸਰੀ ਕੀ ਵਾਰ/ਮਹਲਾ ੫/੭੦੫) ਅਰਥ : ਜੋ ਜਗਤ ਦਾ ਮਾਲਕ, ਪਾਪਾਂ ਦਾ ਨਾਸ਼ ਕਰਨ ਵਾਲ਼ਾ ਤੇ ਸਰਵ ਵਿਆਪਕ ਪਰਮੇਸ਼ਰ ਹੈ, ਉਹ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਭੀ ਵਿਆਪਕ ਸੀ, ਹੁਣ ਭੀ ਸ੍ਰਿਸ਼ਟੀ ਅੰਦਰ ਵਿਆਪਕ ਹੈ ਅਤੇ ਸ੍ਰਿਸ਼ਟੀ ਦੇ ਵਿਨਾਸ਼ ਉਪਰੰਤ ਵੀ ਸਭ ਥਾਈਂ ਭਰਪੂਰ ਰਹੇਗਾ। ਅਸਲ ਸੰਤ-ਜਨ ਉਸ ਨੂੰ ਹੀ ਸਿਮਰਦੇ ਹਨ, ਯਾਦ ਕਰਦੇ ਹਨ। ਇਸ ਗੁਰਮਤਿ ਨੂੰ ਭੀ ਕਈ ਸਿੱਖ; ਬੌਧਿਕ ਗਿਆਨ (ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ, ਮਧਿ, ਅੰਤ) ਵੱਲ ਉਲਥਾਉਂਦੇ ਵੇਖੇ ਜਾ ਸਕਦੇ ਹਨ।

ਸੋ ਅਜੋਕੇ ਸਿੱਖਾਂ ਅੰਦਰ ਹਰ ਵਿਵਾਦ ਦੀ ਜੜ੍ਹ; ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ (ਗੁਰਮਤਿ) ਮੰਨਣਾ ਹੈ। ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਚ ਜ਼ਿਆਦਾਤਰ ਉਹ ਸੱਜਣ ਸੇਵਾਵਾਂ ਨਿਭਾ ਰਹੇ ਹਨ, ਜਿਨ੍ਹਾਂ ਕੋਲ਼ ਸਮੁੱਚੀ ਗੁਰਬਾਣੀ ਦਾ ਕੋਈ ਇੱਕ ਭੀ ਟੀਕਾ; ਅਰਥਾਂ ਸਹਿਤ ਵਾਚਣ ਦਾ ਸਮਾਂ ਨਹੀਂ। ਸਿੱਖ ਸੰਗਤਾਂ ਆਪ ਭੀ ਗੁਰਬਾਣੀ ਨੂੰ ਵਾਚਣ ਪੱਖੋਂ ਅਵੇਸਲੀਆਂ ਹਨ ਭਾਵੇਂ ਕਿ ਗੁਰਬਾਣੀ; ਪੜ੍ਹੀ ਬਹੁਤ ਜਾ ਰਹੀ ਹੈ ਤਾਹੀਓਂ ਅਕਸਰ ਕਿਹਾ ਜਾਂਦੈ ਕਿ ਗੁਰਮਤਿ ਪ੍ਰਚਾਰਕ; ਕਿਰਤੀ ਹੋਣੇ ਚਾਹੀਦੇ ਹਨ, ਜੋ ਆਪਣੀ ਉਪਜੀਵਕਾ ਦਾ ਆਪ ਪ੍ਰਬੰਧ ਕਰ ਬਾਕੀ ਸਮਾਂ ਗੁਰਮਤਿ ਪ੍ਰਚਾਰ ਲਈ ਕੱਢਣ। ਅਜਿਹੀ ਸੋਚ; ਗੁਰਮਤਿ ਦੇ ਖੋਜੀ ਪ੍ਰਚਾਰਕ ਤਿਆਰ ਨਹੀਂ ਕਰ ਸਕਦੀ ਅਤੇ ਨਾ ਹੀ ਗੁਰਮਤਿ ਤੋਂ ਜਾਣੂ ਸਰੋਤੇ ਪੈਦਾ ਹੋਣ ਦੇਵੇਗੀ।  ਗੁਰੂ ਗ੍ਰੰਥ ਸਾਹਿਬ ਜੀ ਦਾ ਕੇਵਲ ਬਾਹਰੀ ਸਤਿਕਾਰ ਕਰਵਾਉਣਾ; ਪ੍ਰਚਾਰਕਾਂ ਦੀ ਮਜਬੂਰੀ ਜਿਹਾ ਬਣਿਆ, ਜਾਪਦਾ ਹੈ ਕਿਉਂਕਿ ਇਸ ਤੋਂ ਵਧ ਕੇ ਸਮਝਣ/ਸਮਝਾਉਣ ਯੋਗ ਸਮਰੱਥਾ ਹੀ ਨਹੀਂ ਹੁੰਦੀ। ਸੰਗਤਾਂ ਦਾ ਦਸਵੰਧ ਭੀ ਆਲੀਸ਼ਾਨ ਗੁਰੂ ਘਰ ਬਣਾਉਣ ਜਾਂ ਸਿਆਸਤ ਨੂੰ ਧਰਮ ’ਤੇ ਕਾਬਜ਼ ਕਰਾਉਣ ਲਈ ਖ਼ਰਚ ਹੁੰਦਾ, ਵੇਖੀਦਾ ਹੈ ਜਦਕਿ ਚਾਹੀਦਾ ਇਹ ਹੈ ਕਿ ਦਸਵੰਧ ਭੇਟਾ ’ਚੋਂ ਸਰਬ ਧਰਮਾਂ ਦੇ ਗਿਆਤਾ-ਵਿਦਵਾਨ ਪੈਦਾ ਕਰਨ ਨੂੰ ਪਹਿਲ ਦਿੱਤੀ ਜਾਂਦੀ, ਜੋ ਸੰਗਤਾਂ ਨੂੰ ਗੁਰਮਤਿ ਦੀ ਵਿਲੱਖਣਤਾ ਤੋਂ ਜਾਣੂ ਕਰਵਾ ਸਕਦੇ।
***
289

***
ਗਿਆਨੀ ਅਵਤਾਰ ਸਿੰਘ
(https://www.gurparsad.com)

 

About the author

ਗਿਆਨੀ ਅਵਤਾਰ ਸਿੰਘ
Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ