ਵਾਟਰਲੂ ਦਾ ਮੇਵਾ – ਸਾਲਿਗਰਾਮ ਪੋਖਾਰਿਲਕਿਰਪਾਲ ਸਿੰਘ ਪੰਨੂੰ |
ਸਾਲਿਗਰਾਮ ਸਾਡਾ ਪੰਜਵਾਂ ਪੁੱਤਰ ਹੈ। ਤਿੰਨ ਢਿੱਡੋਂ ਜਾਏ ਪੁੱਤਰ, ਚੌਥਾ ਪੁੱਤਰ ਸਾਡੀ ਧੀ ਪਵਨਜੀਤ ਮਾਂਗਟ ਦਾ ਪਤੀ – ਅੰਮ੍ਰਿਤ ਮਾਂਗਟ ਅਤੇ ਪੰਜਵਾਂ ਇਹ ਧਰਮ ਪੁੱਤਰ ਸਾਲਿਗਰਾਮ।
ਕਹਿੰਦੇ ਹਨ ਕਿ ਪੁੱਤਰ ਮਿੱਠੇ ਮੇਵੇ ਹੁੰਦੇ ਹਨ ਅਤੇ ਇਹ ਮੇਵੇ ਮਾਵਾਂ ਰਾਹੀਂ ਹੀ ਪਰਾਪਤ ਹੁੰਦੇ ਹਨ। ਸਾਲਿਗਰਾਮ ਸਾਡੀ ਵਾਟਰਲੂ ਦੀਆਂ ਪਰਾਪਤੀਆਂ ਵਿੱਚੋਂ ਸਰਬੋਤਮ ਪਰਾਪਤੀ ਹੈ। ਯੂਨੀਵਰਸਿਟੀ ਵਾਟਰਲੂ ਦੇ ਪਰਿਵਾਰਕ ਕੁਆਰਟਰਾਂ ਦੀ ਸੀਗਰਾਮ ਦੀ ਪੂਰੀ ਸੌ ਨੰਬਰ ਬਿਲਡਿੰਗ ਵਿੱਚ ਅਸੀਂ ਆਪਣੇ ਛੋਟੇ ਸਪੁੱਤਰ ਹਰਵੰਤ ਪਾਲ ਨਾਲ਼ ਰਹਿ ਰਹੇ ਸਾਂ। ਇੱਕ ਅਨਜਾਣੀ ਲੜਕੀ ਨੇ ਮੇਰੀ ਸੁਪਤਨੀ ਨੂੰ ‘ਨਮਸਕਾਰ’ ਕੀਤੀ, ਤਾਂ ਉਸ ਨੂੰ ਪਤਾ ਚੱਲਿਆ ਕਿ ਉਹ ਲੜਕੀ ਹਿੰਦੀ ਬੋਲ ਅਤੇ ਸਮਝ ਸਕਦੀ ਸੀ। ਪਰਦੇਸਾਂ ਵਿੱਚ ਅਤੇ ਫਿਰ ਉਨ੍ਹਾਂ ਦੀ ਵੀ ਦੂਰ-ਦੁਰਾਡੇ ਦੀ ਇਕਾਂਤ ਵਿੱਚ ਕਿਸੇ ਹਮ-ਬੋਲੀ ਤੇ ਹਮ-ਵਤਨੀ ਦਾ ਮਿਲ਼ ਜਾਣਾ ਕਿਸੇ ਵੀ ਪਰਕਾਰ ਦੀ ਕੁਦਰਤ ਦੀ ਅਪਾਰ ਕਿਰਪਾ ਤੋਂ ਘੱਟ ਨਹੀਂ ਹੁੰਦਾ। ਤੇ ਉਹ ਮਿਲਣ ਵਾਲ਼ੀ ਲੜਕੀ ਸਰੀਜਾ ਸੀ, ਸਰੀਜਾ – ਸਾਲਿਗਰਾਮ ਦੀ ਸੁਪਤਨੀ। ਉਨ੍ਹਾਂ ਦੀ ਇਹ ਮੁਢਲੀ ਜਾਣ ਪਛਾਣ ਸਾਡੀ ਪੱਕੀ ਪਰਿਵਾਰਕ ਸਾਂਝ ਬਣ ਗਈ ਅਤੇ ਆਪਣੱਤ ਦੀਆਂ ਗੰਢਾਂ ਵਿੱਚ ਬੱਝ ਗਈ। ਸਾਲਿਗਰਾਮ ਪੋਖਾਰਿਲ ਦਾ ਜਨਮ ਨਿਪਾਲ ਦੀ ਰਾਜਧਾਨੀ ਕਠਮੰਡੂ ਅੰਦਰ 24 ਅਕਤੂਬਰ 1960 ਵਿੱਚ ਹੋਇਆ। ਮੇਰੇ ਵੱਡੇ ਲੜਕੇ ਨਰਵੰਤ ਦੇ ਜਨਮ ਤੋਂ ਲੱਗ ਪੱਗ ਸਾਲ ਕੁ ਪਿੱਛੋਂ। ਸਾਲਿਗਰਾਮ ਦੇ ਮਾਤਾ ਕ੍ਰਿਸ਼ਨਾ ਕੁਮਾਰੀ ਜੀ ਦੀ ਸਾਰੀ ਕਰਾਮਾਤ ਘਰੇਲੂ ਉਸਾਰੀ ਵਿੱਚ ਰੂਪਮਾਨ ਹੋਈ ਹੈ। ਅਤੇ ਪੋਖਾਰਿਲ ਦੇ ਪਿਤਾ ਸ਼੍ਰੀ ਮਨੀਰਾਮ ਜੀ ਬਹੁਪੱਖੀ ਸ਼ਖਸੀਅਤ ਦੇ ਸਵਾਮੀ ਹਨ। ਉਨ੍ਹਾਂ ਨੇ ਲੱਗ ਪੱਗ ਵੀਹ ਸਾਲ ਸਰਕਾਰੀ ਸੇਵਾ ਕੀਤੀ। ਉਸ ਪਿੱਛੋਂ ਉਹ ਸਤਰਕ ਰਾਜਨੀਤੀ ਵਿੱਚ ਚਲੇ ਗਏ। ਸਾਲਿਗਰਾਮ ਦਾ ਭਰਾ ਰਾਮੇਸ਼ਵਰ ਮੈਡੀਸ਼ਨ ਦੀ ਪੀ. ਐੱਚ. ਡੀ. ਹੈ ਅਤੇ ਕਠਮੰਡੂ ਦੀ ਕਰੂਬੀਅਨ ਯੂਨੀਵਰਸਿਟੀ ਵਿੱਚ ਡਾਕਟਰਾਂ ਨੂੰ ਪੜ੍ਹਾਉਂਦਾ ਹੈ ਅਤੇ ਉਹ ਬੱਚਿਆਂ ਦਾ ਮਾਹਰ ਡਾਕਟਰ ਹੈ। ਉਨ੍ਹਾਂ ਦੀ ਛੋਟੀ ਭੈਣ ਸ਼ੋਭਾ ਆਪਣੇ ਸਹੁਰੇ ਪਰਿਵਾਰ ਦੀ ਪੂਰੀ ਸ਼ੋਭਾ ਬਣੀ ਹੋਈ ਹੈ। ਆਪਣੇ ਬਚਪਨ ਵਿੱਚ ਸਾਲਿਗਰਾਮ ਨਾਲ਼ ਉਸ ਦੇ ਜੀਵਨ ਦੀ ਸਭ ਤੋਂ ਵੱਡੀ ਦੁਰਘਟਨਾ ਉਸ ਦੀ ਛੇ ਸਾਲ ਦੀ ਉਮਰ ਵਿੱਚ ਵਾਪਰ ਗਈ। ਉਹ ਜੀਪ ਵਿੱਚੋਂ ਉੱਤਰ ਕੇ ਉਸੇ ਪਾਸੇ ਇੱਕ ਕੰਧ ਨਾਲ਼ ਸੁਰੱਖਇਤ ਖਲੋ ਗਿਆ। ਸਾਹਮਣਿਓਂ ਜੀਪ ਤੋਂ ਭੂਤਰੀ ਹੋਈ ਇੱਕ ਗਾਂ ਦੌੜਦੀ ਹੋਈ ਆਈ ਅਤੇ ਬੱਚੇ ਸਾਲਿਗਰਾਮ ਦੇ ਮੱਥੇ ਵਿੱਚ ਸਿੰਗ ਮਾਰ ਕੇ ਦੌੜ ਗਈ। ਉਹ ਹਸਪਤਾਲ ਵਿੱਚ ਦੋ ਦਿਨ ਬੇਹੋਸ਼ ਰਿਹਾ। ਫਿਰ ਹੌਲ਼ੀ-ਹੌਲ਼ੀ ਉਹ ਠੀਕ ਹੋ ਗਿਆ। ਪਰ ਲੱਗੇ ਡੂੰਘੇ ਘਾਤ ਦਾ ਨਿਸ਼ਾਨ ਅੱਜ ਵੀ ਉਸ ਦੇ ਮੱਥੇ ਵਿੱਚ ਇੱਕ ਭੈੜੀ ਨਿਸ਼ਾਨੀ ਵਜੋਂ ਉਸੇ ਤਰ੍ਹਾਂ ਹੈ। ਇਸ ਦੇ ਪਿੱਛੋਂ ਉਸਦਾ ਜੀਵਨ ਸੁਖਾਵਾਂ ਹੀ ਚੱਲਦਾ ਗਿਆ। ਜੋ ਅੱਜ ਸਾਰੀਆਂ ਹੀ ਆਪਣੇ ਘਰ ਸੁਖੀ ਜੀਵਨ ਬਤੀਤ ਕਰ ਰਹੀਆਂ ਹਨ। ਅਤੇ ਜਿਨ੍ਹਾਂ ਦੇ ਪਤੀ ਇੱਕ ਤੋਂ ਵੱਧ ਇੱਕ ਲਾਇਕ ਹਨ ਅਤੇ ਚੰਗੀਆਂ ਨੌਕਰੀਆਂ ਕਰਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਸੁਰੇਸ਼ ਰਾਜ ਸ਼ਰਮਾ ਜੀ ਦੀ ਇੱਕ ਪੰਜਵੀ ਬੇਟੀ ਵੀ ਹੈ, ਤੇ ਉਹ ਹੈ ਕਠਮੰਡੂ ਯੂਨੀਵਰਸਟੀ। ਸ਼੍ਰੀ ਸ਼ਰਮਾ ਜੀ ਇੰਗਲੈਂਡ ਤੋਂ ਉੱਚ ਸਿੱਖਿਆ ਪਰਾਪਤ ਹਨ ਅਤੇ ਉਨ੍ਹਾਂ ਦਾ ਸਾਰਾ ਹੀ ਕੈਰੀਅਰ ਵਿੱਦਿਆ ਅਤੇ ਸਿੱਖਿਆ ਨਾਲ਼ ਜੁੜਿਆ ਰਿਹਾ ਹੈ। ਉਨ੍ਹਾਂ ਨੇ ਹੀ ਨਿਪਾਲ ਦੇ ਰਾਜੇ ਬਿਰਿੰਦਰਾ ਨੂੰ ਕਠਮੰਡੂ ਯੂਨੀਵਰਸਟੀ ਖੋਹਲਣ ਲਈ ਪਰੇੇਰਤ ਕੀਤਾ। ਰਾਜੇ ਵੱਲੋਂ ਇਹ ਸਾਰੀ ਸਕੀਮ ਮਨਜ਼ੂਰ ਹੋ ਜਾਣ ਤੇ ਆਪ ਜੀ ਨੇ 1992 ਵਿੱਚ ਕਠਮੰਡੂ ਯੂਨੀਵਰਸਟੀ ਦਾ ਅਰੰਭ ਕੀਤਾ ਅਤੇ ਉਸ ਸਮੇਂ ਤੋਂ ਹੀ ਇਸ ਦੇ ਵਾਈਸ ਚਾਂਸਲਰ ਦੇ ਫਰਜ਼ਾਂ ਨੂੰ ਇੱਕ ਸੂਝਵਾਨ ਪਿਤਾ ਵਾਂਗ ਨਿਭਾ ਰਹੇ ਹਨ। ਸਰੀਜਾ ਪੋਖਾਰਿਲ ਦੇ ਮਾਤਾ ਉਰਮਿਲਾ ਜੀ ਸਦਾ ਆਪਣੀ ਘਰੇਲੂ ਉਸਾਰੀ ਵਿੱਚ ਜੁਟੇ ਰਹੇ ਹਨ। ਅੱਜ ਇਸ ਪੋਖਾਰਿਲ ਪਰਵਾਰ ਦੇ ਦੋ ਬੱਚੇ ਹਨ। ਵੱਡੇ ਬੇਟੇ ਸ਼ਾਮਿਲ ਦਾ 21 ਦਸੰਬਰ 1990, ਖਟਮੰਡੂ ਅਤੇ ਛੋਟੀ ਬੇਟੀ ਸ਼ਲਿਨੀ ਦਾ 30 ਜੁਲਾਈ 1996 ਨੂੰ ਵਾਟਰਲੂ ਵਿਖੇ ਜਨਮ ਹੋਇਆ। ਜਨਮ ਦੇ ਮੁਢਲੇ ਦਿਨਾਂ ਵਿੱਚ ਕੀਤੀ ਦੇਖਭਾਲ਼ ਕਾਰਨ ਮੇਰੀ ਸੁਪਤਨੀ ਦਾ ਉਸ ਨਾਲ਼ ਆਪਣੀ ਔਲਾਦ ਵਰਗਾ ਮੋਹ ਹੈ। ਜਦੋਂ ਦੇਖਿਆ ਫਰਿੱਜ ਖੋਹਲ ਲਿਆ ਅਤੇ ਜੋ ਦਿਲ ਕੀਤਾ ਛਕ-ਛਕਾ ਲਿਆ। ਉਹ ਹਰ ਕੰਮ ਨੂੰ ਹਿੰਮਤ ਨਾਲ਼ ਹੱਥ ਪਾਉਂਦੀ ਹੈ ਅਤੇ ਉਸ ਨੂੰ ਆਪੇ ਹੀ ਕਰਕੇ ਅਨੰਦ ਪਰਾਪਤ ਕਰਦੀ ਹੈ। ਆਪਣੀ ਪੜ੍ਹਾਈ ਵਿੱਚ ਪੂਰੀ ਰੁਚੀ ਰੱਖਦੀ ਹੈ ਅਤੇ ਦਿਲ ਲਾ ਕੇ ਆਪਣਾ ਹੋਮ ਵਰਕ ਕਰਦੀ ਹੈ। ਉਹ ਹਰ ਆਏ ਗਏ ਦਾ ਦਿਲ ਮੋਹ ਲੈਂਦੀ ਹੈ ਅਤੇ ਉਸ ਨਾਲ਼ ਆਪਣਿਆਂ ਵਾਂਗ ਹੀ ਚੰਗੀ ਤਰ੍ਹਾਂ ਘੁਲ਼ ਮਿਲ਼ ਜਾਂਦੀ ਹੈ। ਚੱਲਣ ਫਿਰਨ, ਨੱਚਣ ਕੁੱਦਣ ਵਿੱਚ ਉਹ ਅਥੱਕ ਹੈ। ਸਿੰਘਾਪੁਰ ਵਿੱਚ ਬਦੇਸ਼ੀ ਸੰਸਥਾਵਾਂ ਨੇ ਆਪਣੇ ਨਿੱਜੀ ਸਕੂਲ ਖੋਹਲੇ ਹੋਏ ਹਨ ਅਤੇ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਮਾਨਤਾ ਪਰਵਾਨਤ ਹੈ। ਜਿਵੇਂ ਕਨੇਡਾ, ਅਮਰੀਕਾ, ਜਾਪਾਨ, ਜਰਮਨੀ ਸਕੂਲ ਆਦਿ। ਪੋਖਾਰਿਲ ਪਰਵਾਰ ਦੇ ਇਹ ਦੋਵੇਂ ਬੱਚੇ ਕਨੇਡਾ ਸਕੂਲ ਵਿੱਚ ਪੜ੍ਹਦੇ ਹਨ। ਸ਼ਲਨੀ ਦੇ ਸਾਰੇ ਟੀਚਰ ਉਸ ਵਾਂਗ ਕਨੇਡੀਅਨ ਸਿਟੀਜ਼ਨ ਹਨ। ਸਾਲਿਗਰਾਮ ਪੋਖਾਰਿਲ ਨੇ ਵੀ ਆਪਣੀ ਸਿਖਲਾਈ ਵਿੱਚ ਕਈ ਪਰਤਾਂ ਜੋੜੀਆਂ ਹੋਈਆਂ ਹਨ। ਉਸ ਨੇ ਆਪਣੀ ਮੁਢਲੀ ਦਸਵੀਂ ਤੱਕ ਦੀ ਵਿੱਦਿਆ ਉੱਥੋਂ ਦੇ ਸਕੂਲ ਸਿੱਖਿਆ ਬੋਰਡ ਰਾਹੀਂ ਪਰਾਪਤ ਕੀਤੀ। ਅੱਗੇ 12 ਤੀਕਰ ਸਾਇੰਸ ਦੀ ਪੜ੍ਹਾਈ ਕ੍ਰੀਬੂਬਨ ਯੂਨੀਵਰਿਸਟੀ ਨਿਪਾਲ ਵਿੱਚ ਕਰ ਕੇ 1985 ਵਿੱਚ ਮਕੈਨੀਕਲ ਇੰਜਨੀਅਰਿੰਗ ਲਈ ਦਾਖਲਾ ਕਸ਼ਮੀਰ ਯੂਨੀਵਰਿਸਟੀ ਸ਼੍ਰੀਨਗਰ ਵਿੱਚ ਲੈ ਲਿਆ। ਉੱਥੋਂ ਆਪਣੀ ਸਿੱਖਿਆ ਪੂਰੀ ਕਰ ਲੈਣ ਪਿੱਛੋਂ ਸਾਲਿਗਰਾਮ ਨੇ ਇੱਕ ਸਾਲ ਇੱਕ ਪਰਾਈਵੇਟ ਕੰਪਨੀ ਵਿੱਚ ਕੰਮ ਕੀਤਾ ਅਤੇ ਫਿਰ ਉਹ ਚੌਦਾਂ ਸਾਲਾਂ ਲਈ ਨਿਪਾਲ ਸਰਕਾਰ ਦੇ ਇਨਰਜ਼ੀ ਪਲੈਨਿੰਗ ਵਿਭਾਗ ਵਿੱਚ ਚਲਾ ਗਿਆ। ਇਸ ਸਮੇਂ ਵਿੱਚ ਹੀ ਕਨੇਡਾ ਸਰਕਾਰ ਨੇ ਨਿਪਾਲ ਲਈ ਕੁੱਝ ਸਕਾਲਰਸ਼ਿੱਪ ਦਿੱਤੇ ਅਤੇ ਇੰਜਨੀਅਰਿੰਗ ਦੀ ਮਾਸਟਰਜ਼ ਲਈ ਸਾਲਿਗਰਾਮ ਪੋਖਾਰਿਲ ਦੀ ਚੋਣ ਹੋ ਗਈ। ਉਸ ਨੇ ਆਪਣੀ ਇਹ ਪੜ੍ਹਾਈ ਵਾਟਰਲੂ ਯੂਨੀਵਰਸਟੀ ਵਿੱਚ 1990 ਤੋਂ 1992 ਤੀਕਰ ਕੀਤੀ। ਇੱਥੇ ਹੀ ਸੁਭਾਗਵਸ ਉਸ ਦਾ ਮੇਲ ਆਪਣੇ ਸੁਪਰਵਾਈਜ਼ਰ ਡਾਕਟਰ ਚੰਦਰ ਸ਼ੇਖਰ ਨਾਲ਼ ਹੋਇਆ। ਜੋ ਪੋਖਾਰਿਲ ਦੇ ਸਾਹਸੀ ਮਨ ਉੱਤੇ ਉਮਰ ਭਰ ਲਈ ਆਪਣੀਆਂ ਸਤਿਕਾਰੀ ਪੈੜਾਂ ਉਕਰ ਗਿਆ। ਫਿਰ ਇਸ ਮਦਰਾਸੀ ਪਿੱਠਭੂਮੀ ਅਤੇ ਕਾਂਸੀ ਦੇ ਜੰਮਪਲ਼ ਡਾਕਟਰ ਸ਼ੇਖਰ ਨੇ ਪੋਖਾਰਿਲ ਲਈ ਕਨੇਡਾ ਸਰਕਾਰ ਵੱਲੋਂ ਪੀ. ਐੱਚ. ਡੀ. ਕਰਨ ਲਈ ਸ਼ਕਾਲਰਸ਼ਿੱਪ ਦਾ ਪਰਬੰਧ ਕੀਤਾ। ਪਰ ਸਾਲਿਗਰਾਮ ਆਪਣੀ ਸਰਕਾਰੀ ਜੌਬ ਵਿੱਚ ਪੂਰੀ ਤਨਦੇਹੀ ਨਾਲ਼ ਜੁਟਿਆ ਹੋਇਆ ਸੀ ਅਤੇ ਉਸ ਦੀ ਪੀ. ਐੱਚ. ਡੀ. ਕਰਨ ਵਿੱਚ ਕੋਈ ਵੀ ਰੁਚੀ ਨਹੀਂ ਸੀ। “ਤੂੰ ਇਹ ਕਰ ਸਕਦਾ ਹੈਂ ਅਤੇ ਤੈਨੂੰ ਇਹ ਜ਼ਰੂਰ ਕਰਨੀ ਚਾਹੀਦੀ ਹੈ।” ਉਸ ਦੇ ਪਹਿਲੋਂ ਰਹਿ ਚੁੱਕੇ ਮਾਪਿਆਂ ਵਰਗੇ ਸੁਪਰਵਾਈਜ਼ਰ ਨੇ ਉਸ ਨੂੰ ਹੁਕਮ ਚਾੜ੍ਹਨ ਵਰਗੀ ਸਲਾਹ ਦਿੱਤੀ। ਤੇ ਆਗਿਆਕਾਰੀ ਸਾਲਿਗਰਾਮ ਨੇ 1994 ਤੋਂ ਲੈ ਕੇ 1997 ਤੀਕਰ ਆਪਣੇ ਪਰਵਾਰ ਸਮੇਤ ਵਾਟਰਲੂ ਯੂਨੀਵਰਸਟੀ ਵਿੱਚ ਆ ਕੇ ਆਪਣੀ ਪੀ. ਐੱਚ. ਡੀ. ਕੀਤੀ। ਇਹੋ ਹੀ ਸਮਾਂ ਸੀ ਜਦੋਂ ਸਾਡੀਆਂ ਪਰਿਵਾਰਕ ਸੁਰਾਂ ਆਪਿਸ ਵਿੱਚ ਇੱਕ ਸੁਰ ਹੋਈਆਂ। ਮੁੜ ਡਾਕਟਰ ਚੰਦਰ ਸ਼ੇਖਰ ਦੇ ਜੋਰ ਦੇਣ ਅਤੇ ਲੋੜੀਂਦੇ ਪਰਬੰਧ ਕਰ ਦੇਣ ਉਪਰੰਤ 1997 ਵਿੱਚ ਪੋਖਾਰਿਲ ਇਕੱਲਾ ਹੀ ਪੋਸਟ ਡਾਕਟਰੇਟ ਵਿੱਦਿਆ ਪਰਾਪਤ ਕਰਨ ਲਈ ਵਾਟਰਲੂ ਪਹੁੰਚ ਗਿਆ। ਇਸ ਵੇਰ ਉਹ ਸਾਡੇ ਪਰਵਾਰ ਦੇ ਨਾਲ਼ ਹੀ ਰਿਹਾ। ਪਰਵਾਰ ਦੇ ਬਾਕੀ ਮੈੰਬਰਾਂ ਵਾਂਗ। ਇਸ ਸਾਲ ਕੁ ਦੇ ਸਮੇਂ ਵਿੱਚ ਸਾਡੇ ਸਬੰਧ ਹੋਰ ਵੀ ਗੂਹੜੇ ਹੋ ਗਏ। ਸਮੇਂ ਦਾ ਵਿਅੰਗ ਵੀ ਦੇਖੋ 31 ਦਿਸੰਬਰ 1997 ਨੂੰ ਡਾਕਟਰ ਚੰਦਰ ਸ਼ੇਖਰ ਨੇ ਆਪਣੇ ਸੁਹਿਰਦ ਸ਼ਾਗਿਰਦ ਡਾਕਟਰ ਸਾਲਿਗਰਾਮ ਨੂੰ ਆਪਣੇ ਘਰ ਆਉਣ ਲਈ ਸੱਦਾ ਦਿੰਦਿਆਂ ਕਿਹਾ, “ਕਦੀਂ ਸਮਾਂ ਕੱਢ ਕੇ ਆਵੀਂ। ਤੇਰੇ ਨਾਲ਼ ਮੈਂ ਢੇਰ ਸਾਰੀਆਂ ਗੱਲਾਂ ਕਰਨੀਆਂ ਹਨ।” ਕਿਸੇ ਵੀ ਟੈਲੀਫੋਨ ਦਾ ਉੱਤਰ ਨਾ ਮਿਲ਼ਣ ਉੱਤੇ ਦੋ ਜਨਵਰੀ 1998 ਨੂੰ ਸਾਲਿਗਰਾਮ ਆਪਣੇ ਗੁਰੂ ਦੇ ਘਰ ਗਿਆ ਤਾਂ ਉਹ ਇੱਕ ਜਨਵਰੀ ਨੂੰ ਹੀ ਦਿਲ ਦੇ ਹਮਲੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕਿਆ ਸੀ। ਪਰ ਇਹ ਸੰਸਾਰ ਉਸ ਨੂੰ ਇਤਨੀ ਛੇਤੀ ਤਿਆਗਣ ਵਾਲ਼ਾ ਨਹੀਂ ਹੈ। ਉਹ ਆਪਣੇ ਵਿਦਿਆਰਥੀਆਂ ਦੀਆਂ ਮਾਨਵੀ ਸੇਵਾਵਾਂ ਵਿੱਚ ਅੱਜ ਵੀ ਜੀਵਤ ਹੈ। ਉਸ ਦੇ ਇਕੱਲੇ ਹੀ ਰਹਿਣ ਕਾਰਨ ਉਸਦੇ ਸੁਰਗਵਾਸ ਹੋਣ ਦਾ ਪਤਾ ਵੀ ਸਭ ਤੋਂ ਪਹਿਲਾਂ ਸਾਲਿਗਰਾਮ ਨੂੰ ਹੀ ਲੱਗਾ। ਗੁਰੂ ਦੀਆਂ ਅਣਦੱਸੀਆਂ ਗੱਲਾਂ ਦਾ ਝੋਰਾ ਡਾਕਟਰ ਸਾਲਿਗਰਾਮ ਨੂੰ ਅੱਜ ਤੀਕਰ ਖਾਈ ਜਾਂਦਾ ਹੈ। ਸਾਲਿਗਰਾਮ ਦੇ ਪਰੇਰਨਾ ਸਰੋਤ ਅਨੇਕ ਹਨ। ਜੋ ਉਸ ਨੂੰ ਅੱਜ ਆਪ ਇੱਕ ਵਿਸ਼ਵ ਵਿਦਿਆਲੇ ਦੇ ਸਫਲ ਅਤੇ ਸਨਮਾਨਯੋਗ ਪਰੋਫੈੱਸਰ ਦੇ ਅਹੁਦੇ ਉੱਤੇ ਲੈ ਗਏ ਹਨ। ਉਨ੍ਹਾਂ ਦੇ ਸਨਮੁੱਖ ਹੋਣਾ ਵੀ ਲਾਹੇਵੰਦਾ ਹੀ ਰਹੇਗਾ। ਸਭ ਤੋਂ ਪਹਿਲਾਂ ਉਸ ਉੱਤੇ ਪਰਭਾਵ ਉਸ ਦੇ ਪਿਤਾ ਜੀ ਦਾ ਹੀ ਹੋਇਆ ਹੈ। ਜਿਸ ਨੇ ਆਪਣੇ ਜੀਵਨ ਵਿੱਚ ਤਰੱਕੀ ਕਰ ਕੇ ਬੱਚੇ ਸਾਲਿਗਰਾਮ ਦੇ ਮਨ ਵਿੱਚ ਵੀ ਨਵੀਆਂ ਸਿਖਰਾਂ ਛੋਹਣ ਦੀ ਇੱਛਾ ਦਾ ਦੀਵਾ ਵਾਲ਼ਿਆ। ਉਸ ਦੀ ਸਭ ਤੋਂ ਵੱਡੀ ਦੇਣ ਆਪਣੇ ਪੁੱਤਰ ਨੂੰ ਵਧਣ ਫੁੱਲਣ ਲਈ ਦਿੱਤੀ ਅਥਾਹ ਆਜ਼ਾਦੀ ਦੀ ਹੈ। ਦੂਸਰਾ ਪਰਭਾਵ ਹੈ ਉਸਨੂੰ ਪਰਾਪਤ ਹੋਈ ਅਮੁੱਲੀ ਸੰਯੁਕਤੀ ਲੁਕਣਮੀਟੀ ਦੀ ਸੇਧ ਦਾ। ਉਸ ਦੇ ਸਕੂਲੀ ਜੀਵਨ ਵਿੱਚ ਪੰਜ ਸੱਤ ਸਾਥੀਆਂ ਦਾ ਇੱਕ ਦੂਜੇ ਨੂੰ ਤਰੱਕੀ ਲਈ ਉਤਸਾਹਤ ਕਰਨ ਦਾ ਮਹਾਨ ਯੋਗਦਾਨ ਹੈ। ਪੋਖਾਰਿਲ ਦੱਸਦਾ ਹੈ ਕਿ ਉਨ੍ਹਾਂ ਵਿੱਚ ਬਹੁਤ ਹੀ ਸੁਹਿਰਦ ਅਤੇ ਸਦਭਾਵਨਾ ਵਾਲ਼ ਮੁਕਾਬਲਾ ਸੀ ਅਤੇ ਉਸ ਵਿੱਚ ਸ਼ਰੀਕਪਣੇ ਵਾਲ਼ੀ ਰੁਚੀ ਦਾ ਰੀਣ ਭਰ ਵੀ ਅੰਸ਼ ਨਹੀਂ ਸੀ। ਉਸ ਦੇ ਇਹ ਸਾਥੀ ਹਨ: ਚੰਦਰ ਪ੍ਰਕਾਸ਼ ਸਟੌਟ – ਹੁਣ ਅਮਰੀਕਾ ਵਿੱਚ, ਦਲੀਪ – ਨਿਪਾਲ, ਪ੍ਰਿਥਵੀ ਗੋਪਾਲ – ਨਿਪਾਲ, ਕਮਲ ਰੈਗਮੀ – ਡਾਕਟਰ, ਨਿਪਾਲ ਆਦਿ। ਇਹ ਸਾਰੇ ਆਪਣੇ ਸਕੂਲ ਦੇ ਟੌਪ ਦੇ ਵਿਦਿਆਰਥੀ ਅਤੇ ਸਾਲਿਗਰਾਮ ਦੇ ਸਹਿਪਾਠੀ ਰਹੇ ਹਨ। ਸਾਲਿਗਰਾਮ ਆਪਣੀ ਪੀ. ਐੱਚ. ਡੀ. ਅਤੇ ਪੋਸਟ ਪੀ. ਐੱਚ. ਡੀ. ਪੜ੍ਹਾਈ ਦਾ ਸਾਰੇ ਦਾ ਸਾਰਾ ਸਿਹਰਾ ਆਪਣੇ ਸੁਪਰਵਾਈਜ਼ਰ ਡਾਕਟਰ ਚੰਦਰ ਸੇਖਰ ਨੂੰ ਦਿੰਦਾ ਹੈ। ਸੇਖਰ ਵਿੱਚ ਦੂਸਰੇ ਦੇ ਦਿਲ ਨੂੰ ਸਮਝਣ ਦੀ ਅਥਾਹ ਸ਼ਕਤੀ ਸੀ। ਉਸ ਕੋਲ਼ ਦੂਸਰੇ ਵਿਅਕਤੀ ਕੋਲ਼ੋਂ ਵਿਸ਼ੇਸ਼ ਕੰਮ ਕਰਵਾ ਲੈਣ ਦਾ ਗੁਣ ਸੀ। ਉਹ ਦੂਸਰੇ ਨੂੰ ਹਿਪਨੋਟਾਈਜ਼ ਕਰ ਕੇ ਉਸ ਦੇ ਅੰਦਰਲੀਆਂ ਸੁੱਤੀਆਂ ਸ਼ਕਤੀਆਂ ਨੂੰ ਸੁਕਾਰਥੀ ਰਾਹਾਂ ਉੱਤੇ ਤੋਰਨਾ ਜਾਣਦਾ ਸੀ। ਜਦੋਂ ਕਿ ਯੂਨੀਵਰਸਟੀ ਦੇ ਦੂਸਰੇ ਸੁਪਰਵਾਈਜ਼ਰ ਪੰਜ ਤੋਂ ਲੈ ਕੇ ਦਸ ਤੀਕਰ ਵਿਦਿਆਰਥੀ ਆਪਣੀ ਨਿਗਰਾਨੀ ਵਿੱਚ ਲੈ ਲੈਂਦੇ ਸਨ। ਪਰ ਡਾ: ਚੰਦਰ ਸੇਖਰ ਕਦੀ ਵੀ ਦੋ ਜਾਂ ਤਿੰਨ ਵਿਦਿਆਰਥੀਆਂ ਤੋਂ ਵੱਧ ਆਪਣੀ ਨਿਗਰਾਨੀ ਹੇਠ ਨਹੀਂ ਸੀ ਲੈਂਦਾ। ਉਸ ਦੇ ਸਾਰੇ ਦੇ ਸਾਰੇ ਵਿਦਿਆਰਥੀ ਉਸ ਦਾ ਬੜਾ ਹੀ ਮਾਣ ਸਤਿਕਾਰ ਕਰਦੇ ਹਨ। ਡਾ: ਸਾਲਿਗਰਾਮ ਆਪਣੀ ਇਸ ਸਿੰਘਾਪੁਰ ਦੀ ਨਾਨਯੰਗ ਟੈਕਨੌਲੀਜਕਲ ਯੂਨੀਵਰਸਟੀ ਦੀ ਪੋਸਟਿੰਗ ਦਾ ਸਿਹਰਾ ਵੀ ਡਾ: ਚੰਦਰ ਸੇਖਰ ਨੂੰ ਦਿੰਦਾ ਹੈ। ਇਸ ਯੂਨੀਵਰਸਟੀ ਵਿੱਚ ਡਾ: ਸੇਖਰ ਇੱਕ ਸਾਲ ਤੱਕ ਜੌਬ ਉੱਤੇ ਰਿਹਾ ਸੀ ਅਤੇ ਇੱਥੋਂ ਦੇ ਅਧਿਕਾਰੀਆਂ ਵਿੱਚ ਉਸ ਦਾ ਬੜਾ ਸਤਿਕਾਰ ਸੀ। ਉਨ੍ਹਾਂ ਨੇ ਉਸ ਦੀਆਂ ਦੋ ਸਾਲ ਦੀਆਂ ਸੇਵਾਵਾਂ ਹੋਰ ਮੰਗੀਆਂ ਸਨ। ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜੂਰ ਸੀ। ਡਾ: ਸਾਲਿਗਰਾਮ ਦੀ ਸਿੰਘਾਪੁਰ ਵਿੱਚ ਚੋਣ ਕਰਨ ਵਾਲ਼ੇ ਡਾ: ਸੇਖਰ ਦੇ ਹੀ ਦੋ ਵਿਦਿਆਰਥੀ ਸਨ। ਡਾ: ਸਾਲਿਗਰਾਮ ਨੂੰ ਇਹ ਮਾਣ ਪਰਾਪਤ ਹੈ ਕਿ ਉਸਨੇ ਨਿਪਾਲ ਦੇ ਮਨਿਸਟਰ ਫਾਰ ਵਾਟਰ ਰਿਸੋਰਸਿਜ਼ ਨਾਲ਼ ਇੱਕ ਡੈਲੀਗੇਟ ਵਜੋਂ ਜਾਪਾਨ, ਅਮਰੀਕਾ ਅਤੇ ਕਨੇਡਾ ਦਾ ਦੌਰਾ ਕੀਤਾ। ਇਸ ਡੈਲੀਗੇਸ਼ਨ ਨੇ ਆਟਵਾ ਵਿਖੇ ਕਨੇਡਾ ਦੀ ਪਾਰਲੀਮੈੰਟ ਦਾ ਚਲ ਰਿਹਾ ਸ਼ੈਸ਼ਨ ਵੀ ਦੇਖਿਆ। ਪੋਖਾਰਿਲ ਦੱਸਦਾ ਹੈ ਕਿ ਜਦੋਂ ਪਾਰਲੀਮੈੰਟ ਦੇ ਸਪੀਕਰ ਨੇ, “ਸਾਨੂੰ ਅੱਜ ਵਿਸ਼ੇਸ਼ ਮਾਣ ਪਰਾਪਤ ਹੈ ਕਿ ਨਿਪਾਲ ਦਾ ਇੱਕ ਸਰਕਾਰੀ ਡੈਲੀਕੇਸ਼ਨ, ਗੈਲਰੀ ਵਿੱਚ ਸਾਡੇ ਨਾਲ਼ ਹੈ।” ਦਾ ਐਲਾਨ ਕੀਤਾ ਤਾਂ ਨਿਪਾਲੀ ਡੈਲੀਗੇਸ਼ਨ ਧੰਨਵਾਦ ਕਰਨ ਲਈ ਖੜਾ ਹੋ ਗਿਆ ਅਤੇ ਸਾਰੀ ਕਨੇਡੀਅਨ ਪਾਰਲੀਮੈੰਟ ਨੇ ਖੜ੍ਹੇ ਹੋ ਕਿ ਤਾੜੀਆਂ ਨਾਲ਼ ਇਸ ਡੈਲੀਗੇਸ਼ਨ ਨੂੰ ਜੀ ਆਇਆਂ ਨੂੰ ਕਿਹਾ ਤਾਂ ਉਹ ਇਨ੍ਹਾਂ ਰੁਮਾਂਟਿਕ ਪਲਾਂ ਨਾਲ਼ ਹੁਲਾਰੇ ਗਏ। ਇੱਥੇ ਉਨ੍ਹਾਂ ਨੇ ਮਨਿਸਟਰ ਫਾਰ ਇੰਟਰਨੈਸ਼ਨਲ ਕਾਰਪੋਰੇਸ਼ਨ , ਮੈਡਮ ਮਾਰੀਆ ਮੋਨਾ ਅਤੇ ਸਟੇਟ ਮਨਿਸਟਰ ਰੇਮੰਡਸ਼ਨ ਨਾਲ਼ ਨਿਪਾਲ ਦੀ ਉਸਾਰੀ ਸਬੰਧੀ ਗੱਲਬਾਤ ਕੀਤੀ। ਪੋਖਾਰਿਲ ਦੀ ਮਨੋਰੰਜਨੀ ਰੁਚੀ ਬਾਲੀਬਾਲ ਅਤੇ ਬੈਡਮਿੰਟਨ ਖੇਡਣ ਵਿੱਚ ਹੈ। ਉਹ ਗਿਟਾਰ ਵੀ ਵਧੀਆ ਬਜਾ ਲੈਂਦਾ ਹੈ। ਡਾ: ਸਾਲਿਗਰਾਮ ਪੋਖਾਰਿਲ ਵੱਲੋਂ ਪਾਠਕਾਂ ਲਈ ‘ਸਖਤ ਮਿਹਨਤ’ ਕਰਨ ਦਾ ਸੁਨੇਹਾ ਹੈ। ਇਸ ਨਾਲ਼ ਯਕੀਨਨ ਹਰ ਮੰਜ਼ਿਲ ਤੁਹਾਡੇ ਕਦਮ ਚੁੰਮੇਗੀ। ਉਸ ਦੇ ਵਿਚਾਰ ਅਨੁਸਾਰ ‘ਸਖਤ ਮਿਹਨਤ’ ਦਾ ਇਸ ਸੰਸਾਰ ਉੱਤੇ ਹੋਰ ਕੋਈ ਵੀ ਬਦਲ ਨਹੀਂ ਹੈ। ਇਸ ਮਿਹਨਤ ਤੋਂ ਬਿਨਾਂ ਬਹੁਤ ਹੀ ਹੁਸ਼ਿਆਰ ਵਿਅਕਤੀ ਅਸਫਲ ਹੁੰਦੇ ਦੇਖੇ ਗਏ ਹਨ। ਕਿਸੇ ਲੰਮੇ ਸਮੇ ਦੇ ਗੋਲ਼ ਮਿਥਣ ਦੇ ਨਾਲ਼-ਨਾਲ਼ ਉਸ ਵਿੱਚ ਕਈ ਛੋਟੇ ਸਮੇਂ ਦੇ ਗੋਲ਼ ਮਿਥਣੇ ਵੀ ਬਹੁਤ ਜ਼ਰੂਰੀ ਹਨ। ਨਿਰੰਤਰਤਾ ਕੇਵਲ ਉਪਰੇਟਿਵ ਗੋਲ਼ ਤੀਕਰ ਹੀ ਬਣਾ ਕੇ ਰੱਖੀ ਜਾ ਸਕਦੀ ਹੈ। ਅਤੇ ਕਿਸੇ ਵੀ ਗੋਲ਼ ਦੀ ਪਰਾਪਤੀ ਲਈ ਨਿਰੰਤਰਤਾ ਬਹੁਤ ਜ਼ਰੂਰੀ ਹੈ। ਡਾ: ਸਾਲਿਗਰਾਮ ਪੋਖਾਰਿਲ ਦੀ ਸੋਚ ਅਨੁਸਾਰ ਸਿਖਲਾਈ ਤਾਂ ਜੀਵਨ ਭਰ ਚੱਲਦੀ ਰਹਿੰਦੀ ਹੈ। ਸਿੱਖਿਆ ਦੇਣੀ ਵੀ ਸਿੱਖਿਆ ਸਾਂਝੀ ਕਰਨ ਦਾ ਹੀ ਇੱਕ ਕਰਮ ਹੈ। ਜਦੋਂ ਤੀਕਰ ਉਹ ਸਿੰਘਾਪੁਰ ਵਿੱਚ ਹੈ ਉਹ ਉੱਥੇ ਦਾਖਲਾ ਲੈਣ ਵਾਲ਼ੇ ਦੀ ਹਰ ਪਰਕਾਰ ਦੀ ਸੇਧ ਅਤੇ ਸਹਾਇਤਾ ਕਰਨ ਲਈ ਬਚਨਬੱਧ ਹੈ। |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 2001-2007) *** |